ਬੇਲਿਬਾਸ ਮੁਹੱਬਤ

ਡੋਨਾ ਪਾਉਲਾ ਦੀ ਅਮਰ ਪ੍ਰੇਮ ਕਥਾ



ਬੇਲਿਬਾਸ ਮੁਹੱਬਤ


ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.

ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ। ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ ਹਨ। 
ਕਿਸ਼ਤੀ ਜਿਉਂ-ਜਿਉਂ ਸਮੁੰਦਰੀ ਤਟ ਦੇ ਕਰੀਬ ਆਉਂਦੀ ਜਾਂਦੀ ਹੈ। ਤਿਉਂ-ਤਿਉਂ ਉਸਦਾ ਅਕਾਰ ਵੱਡਾ ਹੁੰਦਾ ਜਾਂਦਾ ਹੈ।ਜਦੋਂ ਕਿਸ਼ਤੀ ਆ ਕੇ ਧਰਤੀ ਦੀ ਸਤਹ ਨਾਲ ਟਕਰਾਉਂਦੀ ਹੈ ਤਾਂ ਵਿਚ ਸਵਾਰ ਤਿੰਨੋਂ ਮਛੇਰੇ ਛਾਲਾਂ ਮਾਰ ਕੇ ਬਾਹਰ ਆ ਜਾਂਦੇ ਹਨ ਤੇ ਕਿਸ਼ਤੀ ਨੂੰ ਸਮੁੰਦਰ ਤੋਂ ਬਾਹਰ ਧੱਕਣ ਲੱਗ ਜਾਂਦੇ ਹਨ।ਕਿਸ਼ਤੀ ਦੇ ਦੋਨੇ ਪਾਸੇ ਦੋ ਬਿਰਧ ਮਛੇਰੇ ਹਨ ਤੇ ਪਿੱਛੇ ਇਕ ਹੱਟਾ-ਕੱਟਾ ਨੌਜ਼ਵਾਨ, ਜਿਸ ਦਾ ਧੜ ਨੰਗਾ ਤੇ ਤੇੜ੍ਹ ਸਿਰਫ ਧੋਤੀ ਹੈ ਜੋ ਭਿੱਜ ਕੇ ਉਸਦੀਆਂ ਲੱਤਾਂ ਨਾਲ ਚਿਪਕੀ ਪਈ ਹੈ।

ਅਚਨਚੇਤ ਡੋਨਾ ਦੀ ਨਿਗਾਹ ਉਸ ਨੌਜ਼ਵਾਨ ਮਛੇਰੇ 'ਤੇ ਪੈਂਦੀ ਹੈ। ਡੋਨਾ ਨੀਝ ਲਾ ਕੇ ਉਸ ਵੱਲ ਦੇਖਣ ਲੱਗਦੀ ਹੈ। ਉਸਦੇ ਬੇੜੀ ਧੱਕਦੇ ਦੇ ਜ਼ੋਰ ਲਾਉਣ ਨਾਲ ਡੌਲੇ ਪਹਿਲਾਂ ਨਾਲੋਂ ਵੀ ਵਧੇਰੇ ਫੁੱਲ ਜਾਂਦੇ ਹਨ ਤੇ ਇਉਂ ਜਾਪਦਾ ਹੈ ਜਿਵੇਂ ਉਸਦੇ ਡੌਲੇ 'ਤੇ ਬਨ੍ਹਿਆ ਹੋਇਆ ਕਾਲਾ ਤਾਵੀਜ਼ ਕਿਸੇ ਸਮੇਂ ਵੀ ਟੁੱਟ ਸਕਦਾ ਹੈ।