ਮਰਾਠਾ ਸਾਮਰਾਜ ਦੇ ਪੇਸ਼ਵਾ ਬਾਜ਼ੀ ਰਾਓ ਤੇ ਨ੍ਰਿਤਕੀ ਮਸਤਾਨੀ ਦੇ ਇਸ਼ਕ ਦੀ ਦਾਸਤਾਨ

ਮਸਤਾਨੀ
-ਬਲਰਾਜ ਸਿੰਘ ਸਿੱਧੂ



ਜੈਤਪੁਰ (ਮੌਜੂਦਾ ਸਮੇਂ ਜ਼ਿਲ੍ਹਾ ਲਕਸ਼ੀਸਰਾਏ, ਬਿਹਾਰ ਵਿਚ ਪੈਂਦਾ ਨਗਰ) ਦੇ ਸ਼ਾਹੀ ਕਿਲ੍ਹੇ 'ਤੇ ਖੜ੍ਹੇ ਬਿਰਧ ਰਾਜਪੂਤ, ਮਹਾਰਾਜੇ ਛਤਰਸਾਲ ਨੇ ਦੂਰਬੀਨ ਅੱਖਾਂ ਨੂੰ ਲਗਾ ਕੇ ਦੇਖਿਆ ਤਾਂ ਦੂਰੋਂ ਹਵਾਂ ਵਿਚ ਉੱਡਦੀ ਧੂੜ , ਭਾਰੀ ਗਿਣਤੀ ਵਿਚ ਘੋੜ-ਸਵਾਰ ਅਤੇ ਪਲ ਪਲ ਕਰੀਬ ਆ ਰਿਹਾ ਮੱਛੀ ਦੀ ਪੂਛ ਵਰਗੇ ਅਕਾਰ ਦਾ ਕੇਸਰੀ ਰੰਗਾ ਲਹਿਰਾਉਂਦਾ ਮਰਾਠਾ ਪ੍ਰਚਮ ਤੱਕਦਿਆਂ ਹੀ ਪ੍ਰਸੰਨਤਾ ਨਾਲ ਉਸਦੀਆਂ ਬਰਾਛਾਂ ਖਿੜ ਗਈਆਂ। 



ਖੁਸ਼ੀ ਵਿਚ ਖੀਵੇ ਹੋਏ, ਚੰਮਪਤ ਰਾਏ ਅਤੇ ਲਾਲ ਕੁੰਵਰ (ਕੰਵਰ, ਸੰਸਕ੍ਰਿਤ ਦੇ ਸ਼ਬਦ ਦਾ ਅਰਥ ਸ਼ਾਹੀ ਹੁੰਦਾ ਹੈ ਤੇ ਇਸ ਨੂੰ ਕੁਵੰਰ ਪੁਕਾਰਿਆ ਜਾਂਦਾ ਹੈ। ਰਾਜਪੂਤ ਇਸ ਲਫਜ਼ ਦਾ ਪ੍ਰਯੋਗ ਰਾਜਕੁਮਾਰਾਂ ਅਤੇ ਰਾਣੀਆਂ ਲਈ ਕਰਿਆ ਕਰਦੇ ਸਨ। ਜਿਵੇਂ ਮੁਗਲ ਆਪਣੀਆਂ ਰਖੇਲਾਂ ਲਈ ਮਹਿਲ ਸ਼ਬਦ ਦਾ ਇਸਤੇਮਾਲ ਕਰਿਆ ਕਰਦੇ ਸਨ।)  ਦੇ ਪੁੱਤਰ, ਬੁੰਦੇਲਖੰਡ ਨਰੇਸ਼, ਮਹਾਰਾਜਾ ਛਤਰਸਾਲ ਨੇ ਸੱਜੇ ਹੱਥ ਵਿਚ ਫੜ੍ਹੀ ਤਿੰਨ ਫੁੱਟ ਦੀ ਦੂਰਬੀਨ ਨੂੰ ਖੱਬੇ ਹੱਥ ਦੀ ਤਲੀ ਉੱਤੇ ਮਾਰ ਕੇ ਇਕੱਠਾ ਕੀਤਾ, "ਹੁਣ ਆਏਗਾ ਮਜ਼ਾ! ਇਲਾਹਾਬਾਦ ਦੇ ਸੂਬੇਦਾਰ ਮੁਹੰਮਦ ਖਾਨ ਬੰਗਸ਼ ਅਤੇ ਉਸਦੇ ਪਿਆਦੇ ਦਲੇਲ ਖਾਨ ਦੀ ਅਟੱਲ ਮੌਤ ਨੂੰ ਉਹਨਾਂ ਦਾ ਖੁਦਾ ਵੀ ਨਹੀਂ ਰੋਕ ਸਕਦਾ। ਖੁਰਮ ਘਾਟੀ ਦੇ ਬੰਸ਼ੀਦੇ ਇਸਮਾਇਲ ਬੰਕੇਸ਼ ਦੇ ਵੰਸਜ਼ ਇਹ ਬੰਗਸ਼ ਅਫਗਾਨੀ ਪਠਾਨ ਸੋਚਦੇ ਨੇ ਦੁਨੀਆਂ ਉੱਤੇ ਇਹਨਾਂ ਦਾ ਰਾਜ ਹੀ ਚੱਲੇਗਾ ਤੇ ਬਾਕੀ ਸਭ ਦਾ ਇਹ ਨਾਮ-ਓ-ਨਿਸ਼ਾਨ ਮਿਟਾ ਦੇਣਗੇ। ਬੰਗਸ਼ ਦਾ ਪਸ਼ਤੋ ਵਿਚ ਮਤਲਬ ਹੁੰਦੈ ਜੜ੍ਹ ਪੱਟਣ ਵਾਲਾ। ਇਹ ਆਪਣੀ ਜੜ੍ਹ ਪੱਟਣ ਨੂੰ ਫਿਰਦੇ ਹਨ। ਇਹ ਜਾਣਦੇ ਨਹੀਂ ਅਸੀਂ ਬੁੰਦੇਲੀ ਤਾਂ ਇਹਨਾਂ ਦਾ ਬੀਜ਼ਨਾਸ ਕਰ ਦੇਵਾਂਗੇ।... ਨਾਲੇ ਦਿੱਲੀ ਦੇ ਸ਼ਹਿਨਸ਼ਾਹ ਨਸੀਰ-ਉਦ-ਦੀਨ ਮੁਹੰਮਦ ਸ਼ਾਹ (ਰੌਸ਼ਨ ਅਖਤਰ) ਨੂੰ ਵੀ ਸਬਕ ਮਿਲ ਜਾਵੇਗਾ ਤੇ ਮੁੜ ਕੇ ਉਹ ਬੁੰਦੇਲਖੰਡ 'ਤੇ ਹਮਲਾ ਕਰਨ ਬਾਰੇ ਸੁਪਨੇ ਵਿਚ ਵੀ ਨਹੀਂ ਸੋਚੇਗਾ।... ਅਸੀਂ ਬੁੰਦੇਲਾਂ ਨੇ ਤਾਂ ਔਰੰਗਜ਼ੇਬ ਆਲਮਗੀਰ ਤੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਈਨ ਨ੍ਹੀਂ ਮੰਨੀ।... ਹੂੰਅ!"