ਬਲਰਾਜ ਸਿੰਘ ਸਿੱਧੂ ਦੇ ਨਾਵਲ ਅੱਗ ਦੀ ਲਾਟ: ਪ੍ਰਿੰਸਸ ਡਾਇਨਾ ਦਾ ਇਕ ਕਾਂਡ

ਬਾਡੀਗਾਰਡ


ਲੇਡੀ ਡਾਇਨਾ ਸਪੈਂਸਰ ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰਿਆਂ ਪੂਰੇ ਵੀਹ ਦਿਨ ਹੋ ਗਏ ਸਨ। ਉਦਣ ਦਾ ਹੀ ਮੈਂ ਮੰਜਾ ਫੜ੍ਹਿਆ ਹੋਇਆ ਸੀ। ਮਹਿਬੂਬਾ ਦੇ ਮਰਨ ਦਾ ਗ਼ਮ ਤਾਂ ਉਹੀ ਸਮਝ ਸਕਦਾ ਹੈ, ਜਿਸਦੀ ਮਰੀ ਹੋਵੇ। ਬੰਦਾ ਮਾਂ ਦੇ ਅਕਾਲ ਚਲਾਣੇ ਦਾ ਉਨਾ ਦੁੱਖ ਨਹੀਂ ਮਨਾਉਂਦਾ, ਜਿੰਨਾ ਮਾਸ਼ੂਕ ਦੇ ਚੜ੍ਹਈ ਕਰ ਜਾਣ ਦਾ ਗਮ ਕਰ ਜਾਂਦਾ ਹੈ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਨਾਲ ਪ੍ਰੇਮ ਦੇ ਦੌਰ ਵਿਚ ਮੈਂ ਉਸਨੂੰ ਜ਼ਿਆਦਾ ਯਾਦ ਕਰਦਾ ਸੀ ਜਾਂ ਉਸਦੀ ਮੌਤ ਤੋਂ ਬਾਅਦ ਵੱਧ ਚੇਤੇ ਕਰਦਾ ਸੀ। 31 ਅਗਸਤ 1997, ਡਾਇਨਾ ਦੀ ਮੌਤ ਵਾਲੇ ਦਿਨ ਤੋਂ ਲੈ ਕੇ ਉਦਣ ਤੱਕ ਗੁਜ਼ਰੇ ਦੋ ਤਿੰਨ ਹਫਤਿਆਂ ਵਿਚ ਮੈਂ ਕੀ ਖਾਧਾ ਸੀ, ਉਹ ਤਾਂ ਚੱਜ ਨਾਲ ਯਾਦ ਨਹੀਂ। ਸ਼ਾਇਦ ਕੁਝ ਵੀ ਨਹੀਂ ਸੀ ਖਾਧਾ। ਬਹਿਰਹਾਲ, ਸ਼ਰਾਬ ਮੈਂ ਦਿਨ ਰਾਤ ਰੱਜ ਕੇ ਪੀਤੀ ਸੀ। ਮੈਂ ਪੀਂਦਾ ਪੀਂਦਾ ਮਦਹੋਸ਼ ਹੋ ਕੇ ਸੌਂ ਜਾਂਦਾ। ਜਦ ਹੋਸ਼ ਆਉਂਦੀ ਟੀਵੀ ਜਾਂ ਅਖ਼ਬਾਰ ਪੜ੍ਹਦਾ ਸ਼ਰਾਬਨੋਸ਼ੀ ਕਰੀ ਜਾਂਦਾ। ਨਸ਼ੇ ਨਾਲ ਟੱਲੀ ਤੇ ਬੇਸੁਰਤ ਹੋ ਕੇ ਫਿਰ ਸੌਂ ਜਾਂਦਾ। ਦਿਨ ਰਾਤ ਇਹੀ ਚੱਕਰ ਚੱਲੀ ਜਾਂਦਾ ਸੀ।