ਬਿੱਲ ਕਲਿੰਟਨ ਅਤੇ ਮੌਨਿਕਾ ਲੂਵਿੰਸਕੀ ਦੇ ਰਿਸ਼ਤੇ ਉੱਤੇ ਅਧਾਰਿਤ ਕਹਾਣੀ



ਵਾਇਟ ਹਾਉਸ

-ਬਲਰਾਜ ਸਿੰਘ ਸਿੱਧੂ
੨੩ ਜੁਲਾਈ ੧੯੭੩ ਦੀ ਤਪਦੀ ਦੁਪਿਹਰ ਨੂੰ ਸੈਨਫ਼ਰੈਂਸਿਸਕੋ ਦੇ ਹਸਪਤਾਲ ਵਿੱਚ ਮੇਰੀ ਮਾਂ ਮਾਰਸੀਆ ਲੂਵਿੰਸਕੀ ਨੇ ਮੈਨੂੰ ਜਨਮ ਦਿੱਤਾ ਸੀ। ਮੇਰੇ ਘਰਦਿਆਂ ਨੇ ਮੇਰਾ ਨਾਮ ਮੋਨਿਕਾ ਲੂਵਿੰਸਕੀ ਰੱਖਿਆ ਸੀ। ਮੇਰਾ ਪਿਤਾ ਬਾਰਨਰਡ ਲੂਵਿੰਸਕੀ ਉਰਫ ਬਰਨੀ ਪੇਸ਼ੇ ਵਜੋਂ ਲੈਟਰਮੈਨ ਹਸਪਤਾਲ ਵਿੱਚ ਡਾਕਟਰ ਲੱਗਿਆ ਹੋਇਆ ਸੀ। ਮੇਰਾ ਦਾਦਾ ਜੌਰਜ਼ ਜਰਮਨ ਯਹੂਦੀ ਸੀ, ਜੋ ਜਰਮਨ ਨਾਜ਼ੀਆਂ ਤੋਂ ਜਾਨ ਬਚਾਉਣ ਦਾ ਮਾਰਾ ਭੱਜ ਕੇ ੧੯੨੦ ਵਿੱਚ ਅਲ ਸੈਲਵਾਡੋਰ (ਕੇਂਦਰੀ ਅਮਰੀਕਾ) ਆ ਵਸਿਆ ਸੀ। ਮੇਰੀ ਮੁੱਢਲੀ ਪਰਵਰਿਸ਼ ਪੱਛਮੀ ਬਰੰਟਵੁੱਡ, ਲੌਸ ਏਜੰਲਸ ਅਤੇ ਬੈੱਵਰਲੀ ਹਿੱਲਜ਼ ਵਿੱਚ ਹੋਈ ਸੀ।

੧੯੭੬ ਵਿੱਚ ਉਦੋਂ ਮੈਂ ਅਜੇ ਤਿੰਨਾਂ ਸਾਲਾਂ ਦੀ ਸੀ ਕਿ ਸਾਡਾ ਪਰਿਵਾਰ ਲੌਸ ਏਂਜ਼ਲਸ ਆ ਗਿਆ ਸੀ। ਅਸੀਂ ਹਿੱਲਕਰੱਸਟ ਡਰਾਇਵ ਵਿਖੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣ ਲੱਗ ਪਏ। ਇੱਥੇ ਹੀ ਮੇਰੇ ਛੋਟੇ ਭਰਾ ਮਾਇਕਲ ਦਾ ਜਨਮ ਹੋਇਆ ਸੀ। ਮੇਰੇ ਤੇ ਮਾਇਕਲ ਦਰਮਿਆਨ ਚਾਰ ਸਾਲ ਦਾ ਫਾਸਲਾ ਸੀ। ਮੇਰੀ ਮਾਂ ਨੂੰ ਲਿੱਖਣ ਦਾ ਸ਼ੌਂਕ ਸੀ। ਉਹ ਆਪਣੀ ਪਹਿਚਾਣ ਗੁਪਤ ਰੱਖਣ ਲਈ ਆਪਣਾ ਪੈੱਨ ਨਾਮ ਮਾਰਸੀਆ ਲੂਇਸ ਵਰਤ ਕੇ ਹੌਲੀਵੁੱਡ ਰਿਪੋਰਟਰ ਮੈਗਜ਼ੀਨ ਵਿੱਚ ਕਾਲਮ ਲਿੱਖਿਆ ਕਰਦੀ ਸੀ।