ਮਾਮੂਲੀ ਨਾਚੀ ਤੋਂ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਵਾ ਕੇ ਮੋਰਾਂ ਕੰਚਨੀ ਤੋਂ ਮੋਰਾਂ ਦੇ 'ਮੋਰਾਂ ਸਰਕਾਰ' ਬਣਨ ਦੀ ਗਾਥਾ
ਮੋਰਾਂ ਸਰਕਾਰ
MORAN SARKAR |
ਮੋਰਾਂ ਦੇ ਇਸ਼ਕ ਦਾ ਨਸ਼ਾ ਮਹਾਰਾਜੇ ਨੂੰ ਫਰੰਗੀਆਂ ਦੀ ਸ਼ਰਾਬ ਵਾਂਗ ਦਿਨਾਂ ਵਿਚ ਹੀ ਚੜ੍ਹ ਗਿਆ ਹੈ। ਅੰਮ੍ਰਿਤਸਰ ਦੇ ਰੰਡੀ ਬਜ਼ਾਰ ਅਤੇ ਲਾਹੌਰ ਦੀ ਹੀਰਾ ਮੰਡੀ ਵਿਚ ਨੱਚਣ ਵਾਲੀ ਇਸ ਨਾਚੀ ਮੋਰਾਂ ਦੇ ਇਸ਼ਕ ਵਿਚ ਅੰਨ੍ਹਾਂ ਹੋ ਕੇ ਉਸਨੇ ਕੀ ਕੀ ਨਹੀਂ ਕੀਤਾ ਹੈ? ਮੋਰਾਂ ਦੇ ਨਾਮ 'ਤੇ ਮੋਰਾਂਸ਼ਾਹੀ ਗਜ਼ ਚਲਾਏ ਜੋ ਪ੍ਰਚਲਤ ਗਜ਼ਾਂ ਨਾਲੋਂ ਗਿੱਠ ਵੱਡੇ ਹਨ ਤੇ ਮੋਰਾਂਸ਼ਾਹੀ ਨਾਪਤੋਲ ਜੋ ਆਮ ਨਾਪ-ਤੋਲ ਤੋਂ ਭਾਰੇ ਹੋਣ ਕਰਕੇ ਦਿਨਾਂ ਵਿਚ ਹੀ ਮਸ਼ਹੂਰ ਹੋ ਗਏ ਹਨ। ਮੋਰਾਂ ਦੇ ਨਾਮ 'ਤੇ ਬਾਗ ਲਵਾਏ। ਦੋ, ਸੋਨੇ ਤੇ ਚਾਂਦੀ ਦੇ ਸਿੱਕੇ ਚਲਾਏ। ਇਹ ਗੱਲ ਵੱਖਰੀ ਹੈ ਕਿ ਹਾਲੇ ਤੱਕ ਮਹਾਰਾਜੇ ਨੇ ਆਪਣੇ ਨਾਮ ਦਾ ਇਕ ਵੀ ਸਿੱਕਾ ਜਾਰੀ ਨਹੀਂ ਕੀਤਾ ਹੈ। ਇਥੋਂ ਤੱਕ ਕੇ ਕਈ ਪਿੰਡਾਂ ਦਾ ਨਾਮਕਰਨ ਮਹਾਰਾਜੇ ਨੇ ਮੋਰਾਂ ਦੇ ਨਾਮ 'ਤੇ ਕੀਤਾ ਹੈ। ਕੀ ਹੈ ਅਜਿਹਾ ਜੋ ਨਹੀਂ ਕੀਤਾ ਮਹਾਰਾਜੇ ਨੇ ਮੋਰਾਂ ਦਾ ਸਾਥ ਪਾਉਣ ਅਤੇ ਉਸਨੂੰ ਖੁਸ਼ ਰੱਖਣ ਲਈ? ਐਨਾ ਤਾਂ ਕੋਈ ਰਾਜਾ ਆਪਣੀ ਰਾਣੀ ਲਈ ਨਹੀਂ ਕਰਦਾ ਜਿੰਨਾ ਮਹਾਰਾਜੇ ਨੇ ਨੱਚਣ ਵਾਲੀ ਇਕ ਕੰਜਰੀ ਤੇ ਆਪਣੀ ਰਖੇਲ ਮੋਰਾਂ ਲਈ ਕੀਤਾ ਹੈ। ਇਥੋਂ ਤੱਕ ਕੇ ਜਦੋਂ ਮੋਰਾਂ ਨੂੰ ਮਿਲਣਾ ਕਠਿਨ ਹੋ ਗਿਆ ਸੀ ਤਾਂ ਮਹਾਰਾਜੇ ਨੇ ਮੋਰਾਂ ਦੇ ਘਰ ਨੂੰ ਜਾਂਦੀ ਸੁਰੰਗ ਪੱਟ ਲਈ ਸੀ। ਇਸ ਨੂੰ ਲੈ ਕੇ ਭੰਡਾਂ, ਮਰਾਸੀਆਂ ਦੇ ਕਵੀਆਂ ਨੇ ਤਾਂ ਕਬੀਤ ਵੀ ਜੋੜ ਲਏ ਹਨ:-
"ਹੋਇਆ ਹਨੇਰਾ ਨਿੱਤ ਨੇ ਮਿਲਦੇ ਮਹਾਰਾਜ ਤੇ ਮੋਰਾਂ
ਧਰਤੋਂ ਸਰੁੰਗ ਕੱਢ ਲਈ ਹੁਸ਼ਨ ਇਸ਼ਕ ਦਿਆਂ ਚੋਰਾਂ"
"ਹੋਇਆ ਹਨੇਰਾ ਨਿੱਤ ਨੇ ਮਿਲਦੇ ਮਹਾਰਾਜ ਤੇ ਮੋਰਾਂ
ਧਰਤੋਂ ਸਰੁੰਗ ਕੱਢ ਲਈ ਹੁਸ਼ਨ ਇਸ਼ਕ ਦਿਆਂ ਚੋਰਾਂ"