ਭੋਲੀ ਦੇ ਡੈਡੀ ਦੀ, ਘਰੋਂ ਜਾਂਦਿਆਂ ਦੀ ਮੈਂ ਪਿੱਠ ਨੂੰ ਦੇਖਦੀ ਰਹਿ ਗਈ ਸੀ। ਤੇ ਇਹ, ਔਹ ਗਏ -ਔਹ ਗਏ। ਫੂਰਕ ਦੇਣੇ, ਬਿੰਦ ਵਿੱਚ ਦੀ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਸਾਡੀ ਬੇਟੀ ਭੋਲੀ ਸਾਡੇ ਨਜ਼ਦੀਕ ਹੀ ਰਹਿੰਦੀ ਹੈ। ਮੈਂ ਸੋਚਿਆ ਸੀ ਇਹਦੇ ਕੋਲ ਆ ਗਏ ਹੋਣਗੇ। ਪਰ ਹੁਣ ਇੱਥੇ ਆਈ ਤੋਂ ਪਤਾ ਚੱਲਿਆ ਹੈ ਕਿ ਉਹ ਇੱਥੇ ਵੀ ਨਹੀਂ ਆਏ। ਸ਼ਾਇਦ ਫਿਰ ਕਿਸੇ ਕੋਲ, ਹੋਰ ਦਾਰੂ ਪੀਣ ਚਲੇ ਗਏ ਹੋਣਗੇ।
ਹਾਏ ਰੱਬਾ! ਇਹ ਮੈਂ ਕੀ ਕਰ ਬੈਠੀ। ਮੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਭੋਲੀ ਦੇ ਡੈਡੀ ਜੇ ਮੈਨੂੰ ਉੱਚੀ-ਉੱਚੀ ਗੰਦੀਆਂ-ਗੰਦੀਆਂ ਗਾਲ੍ਹਾਂ ਬਕ ਰਹੇ ਸਨ ਤਾਂ ਮੈਨੂੰ ਚੁੱਪ ਕਰਕੇ ਸੁਣੀ ਜਾਣੀਆਂ ਚਾਹੀਦੀਆਂ ਸਨ। ਮੇਰਾ ਕੀ ਨੂਣ ਟਰਕਦਾ ਸੀ? ਪਤੀ ਦੇ ਮੂਹਰੇ ਨਹੀਂ ਸੀ ਬੋਲਣਾ ਚਾਹੀਦਾ। ਜੇ ਉਹ ਨਸ਼ੇ ਨਾਲ ਧੁੱਤ ਸਨ। ਮੈਂ ਤਾਂ ਸੋਫੀ ਸੀ। ਜਦੋਂ ਉਹ ਮੇਰੇ ਚਪੇੜ ਮਾਰਨ ਆਏ ਸਨ, ਮੈਨੂੰ ਉਹਨਾਂ ਦਾ ਹੱਥ ਤਾਂ
ਹਰਗਿਜ਼-ਹਰਗਿਜ਼ ਨਹੀਂ ਸੀ ਰੋਕਣਾ ਚਾਹਦਾ। ਮੇਰੇ ਟੁੱਟ ਜਾਣ ਅੱਗ ਲੱਗਣੇ ਹੱਥ। ਭਾਵੇਂ ਮੈਂ ਉਹਨਾਂ ਦਾ ਗੁੱਟ ਆਪਣੇ ਬਚਾਅ ਲਈ ਹੀ ਫੜ੍ਹਿਆ ਸੀ। ਪਰ ਹੈ ਤਾਂ ਇਹ ਵਿਦਰੋਹ, ਹਨਾ? ਖੌਰੇ ਉਹਨਾਂ ਨੂੰ ਕਿੰਨਾ ਕੁ ਬੁਰਾ ਲੱਗਿਆ ਹੋਊ। ਮੈਂ ਭੋਲੀ ਦੇ ਡੈਡੀ ਦੀ ਤਣੀ ਹੋਈ ਬਾਂਹ ਖਾਸੀ ਦੇਰ ਤੱਕ ਮਜ਼ਬੂਤੀ ਨਾਲ ਪਕੜੀ ਰੱਖੀ ਸੀ। ਉਹ ਮੇਰੇ ਵੱਲ ਘੂਰ-ਘੂਰ ਤੱਕਦੇ ਰਹੇ ਸਨ ਤੇ ਆਪਣੀ ਬਾਂਹ ਛੁਡਾ ਕੇ ਮੂੰਹ ਵਿੱਚ ਮੈਨੂੰ ਭਲਾ-ਬੁਰਾ ਕਹਿੰਦੇ ਹੋਏ ਬਾਹਰ ਚਲੇ ਗਏ ਸਨ। ਕਿੱਥੇ ਜਾ ਰਹੇ ਸਨ? ਇਹ ਵੀ ਦੱਸ ਕੇ ਨਹੀਂ ਸੀ ਗਏ।
ਇਉਂ ਹੀ ਮੈਨੂੰ ਆਪਣੇ ਬਾਪੂ ਜੀ ਦੀ ਘਰੋਂ ਬਾਹਰ ਜਾਂਦਿਆਂ ਦੀ ਢੂਹੀ ਦਿੱਸਦੀ ਹੁੰਦੀ ਸੀ। ਮੇਰਾ ਪਿਉ ਵੀ ਸ਼ਰਾਬ ਪੀ ਕੇ ਲਫੇੜਿਆਂ ਨਾਲ ਮੇਰੀ ਮਾਂ ਦਾ ਮੂੰਹ-ਮੱਥਾ ਭੁੰਨ੍ਹ ਦਿੰਦਾ ਹੁੰਦਾ ਸੀ। ਬੀਬੀ ਦੇ ਕੁੱਟ-ਕੱਟ ਕੇ ਹੱਢ ਪੋਲੇ ਕਰਨ ਮਗਰੋਂ ਬਾਪੂ ਬਾਹਰ ਨੂੰ ਚਲਿਆ ਜਾਂਦਾ ਹੁੰਦਾ ਸੀ ਤੇ ਪੰਜਾਂ-ਸੱਤਾਂ ਘੰਟਿਆਂ ਬਾਅਦ ਜਦ ਵਾਪਸ ਮੁੜਦਾ ਹੁੰਦਾ ਸੀ ਤਾਂ ਬੀਬੀ-ਬਾਪੂ ਦੋਨਾਂ ਦਾ ਗੁੱਸਾ ਢੈਲਾ ਹੋ ਚੁੱਕਿਆ ਹੁੰਦਾ ਸੀ। ਬੀਬੀ ਜਮ੍ਹਾਂ ਨ੍ਹੀਂ ਸੀ ਕੁਸਦੀ ਹੁੰਦੀ ਬਾਪੂ ਮੂਹਰੇ। ਪਰ ਮੈਂ ਜੋ ਕੀਤੈ, ਪਤਾ ਨਹੀਂ ਸਹੀ ਹੈ ਜਾਂ ਗਲਤ?
ਮੈਨੂੰ ਬੈਠਾ ਕੇ ਭੋਲੀ ਆਪ ਰਸੋਈ ਵਿੱਚ ਚਲੀ ਗਈ ਹੈ। ਚਲਾਂ? ਮੈਂ ਇੱਥੇ ਬੈਠ ਕੇ ਕੀ ਕਰਨਾ ਹੈ?
“ਟਿੰਗ-ਟੜਿੰਗ-ਟਿੰਗ ਟਿੰਗ।” ਘੰਟੀ ਵੱਜਦੀ ਹੈ। ਭੋਲੀ ਨੂੰ ਕੰਮ ਕਰਨੋਂ ਕਾਹਨੂੰ ਹਟਾਉਣੈ? ਮੈਂ ਹੀ ਉੱਠ ਕੇ ਦਰਵਾਜ਼ਾ ਖੋਲ੍ਹਦੀ ਹਾਂ। ਨਹੀਂ। ਹੋ ਸਕਦਾ ਹੈ, ਭੋਲੀ ਦੇ ਡੈਡੀ ਹੀ ਹੋਣ? ਬੈਠੀ ਰਹਿੰਦੀ ਹਾਂ। ਆਪੇ ਹੀ ਭੋਲੀ ਖੋਲ੍ਹਗੀ। ਮੈਂ ਕੰਧ ਨਾਲ ਕੰਨ ਲਾ ਕੇ ਸੁਣਦੀ ਹਾਂ, ਕੀ ਮੇਰੀਆਂ ਚੁਗਲੀਆਂ ਕਰਦੇ ਨੇ ਇਹ ਧੀ ਕੋਲ।
ਹੈਂ! ਇਹ ਕੌਣ ਹੋਇਆ? ਜੀਹਦੇ ਦਰ ਵੜ੍ਹਦੇ ਨਾਲ ਹੀ ਭੋਲੀ ਲੜਨ ਲੱਗ ਗਈ ਹੈ। ਬੂ ਨੀ ਭਾਈਆਂ ਦੀਓ! ਕਿਹੋ ਜਿਹੀਆਂ ਗਾਲ੍ਹਾਂ ਕੱਢੀ ਜਾ ਰਹੀ ਹੈ ਇਹ ਬੇਸ਼ਰਮ ਕੁੜੀ।
“ਆਹ ਗਿਐਂ ਕੰਜਰਾ? ਅਜੇ ਵੀ ਕੀ ਲੋੜ੍ਹ ਸੀ ਆਉਣ ਦੀ। ਬੈਠਾ ਰਹਿੰਦਾ ਉਥੇ ਈ। ਹਰਾਮਜ਼ਾਦਿਆ ਮੈਂ ਬੀਹ ਵਾਰੀ ਕਿਹੈ ਬਈ ਸ਼ਰਾਬ ਪੀਤੀ ਹੁੰਦੀ ਐ ਤਾਂ ਮੇਰੇ ਘਰੇ ਨਾ ਪੈਰ ਪਾਇਆ ਕਰ। ਕਿੱਥੇ ਸੁਣਦੈ ਤੈਨੂੰ। ਖੜ੍ਹ ਜਾਹ, ਮੈਂ ਬਣਾਉਂਦੀ ਆ ਅੱਜ ਤੈਨੂੰ ਚੰਗੀ ਤਰ੍ਹਾਂ ਬੰਦਾ।” (ਤੜਾਕ)(ਤੜਾਕ)।
ਆਹ! ਭੋਲੀ ਤਾਂ ਥੱਪੜ ਮਾਰਨ ਲੱਗ ਗਈ। ਉਹਨੂੰ ਦਰੋਂ ਬਾਹਰ ਕੱਢ ਕੇ ਭੋਲੀ ਨੇ ਬਾਰ ਭੇੜ ਲਿਆ ਹੈ। ਬਾਰੀ ਵਿੱਚੋਂ ਮੈਨੂੰ ਬਾਹਰ ਮੁੜੇ ਜਾ ਰਹੇ ਆਪਣੇ ਜਵਾਈ ਦੀ ਕੰਡ ਨਜ਼ਰ ਆ ਰਹੀ ਹੈ।
***
ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
No comments:
Post a Comment