ਫੁੱਲ ਅਤੇ ਗੋਰੀਆਂ


ਦਫ਼ਤਰ ਦੀ ਭੀੜ ਵਿੱਚ ਮੋਢੇ ਭੰਨ੍ਹਾਉਂਦਾ ਕੇਤਨ, ਬਾਹਰ ਜਾਣ ਲਈ ਧੀਰੇ-ਧੀਰੇ ਪੌੜੀਆਂ ਉਤਰ ਕੇ ਹੇਠਾਂ ਆਇਆ ਤਾਂ ਉਸਦਾ ਧਿਆਨ ਸਾਹਮਣੇ ਬਗੀਚੇ ਵਿੱਚ ਕੰਮ ਕਰਦੇ ਮਾਲੀ ਵੱਲ ਚਲਿਆ ਗਿਆ। 
ਮਾਲੀ ਨੇ ਰੰਭੇ ਨਾਲ ਕਿਆਰੀ ਵਿੱਚ ਟੋਆ ਪੱਟਿਆ ਤੇ ਨਰਸਰੀ ਤੋਂ ਲਿਆਂਦੇ ਗਮਲੇ ਵਿੱਚੋਂ ਕੱਢ ਕੇ ਗੁਲਾਬ ਦਾ ਬੂਟਾ ਉਸ ਖੱਡੇ ਵਿੱਚ ਧਰ ਦਿੱਤਾ। ਉਸ ਤੋਂ ਮਗਰੋਂ ਬੂਟੇ ਦੀਆਂ ਜੜ੍ਹਾਂ ਢਕਣ ਲਈ ਤਣੇ ਦੇ ਇਰਦ-ਗਿਰਦ ਰਿਉ-ਰਲ੍ਹੀ ਮਿੱਟੀ ਪਾ ਕੇ ਡੂੰਘ ਨੂੰ ਪੂਰ ਦਿੱਤਾ। ਫਿਰ ਮਾਲੀ ਫੁਹਾਰਾ ਚੁੱਕ ਕੇ ਬੂਟੇ ਉੱਤੇ ਪਾਣੀ ਛਿੜਕਣ ਲੱਗ ਗਿਆ।
ਇੱਕ ਇਸ ਸਜਰੇ ਬੀਜੇ ਬੂਟੇ ਤੋਂ ਬਿਨਾਂ ਉਥੇ ਉਗੇ ਹੋਏ ਬਾਕੀ ਸਾਰੇ ਪੌਦੇ ਸੁੱਕੇ ਪਏ ਹਨ। ਬਾਕੀ ਬੂਟਿਆਂ ਦੇ ਸੁੱਕ ਜਾਣ ਕਾਰਨ ਸ਼ਾਇਦ ਇਹ ਪਲਿਆ-ਪਲਾਇਆ ਬੂਟਾ ਲਾਇਆ ਗਿਆ ਹੈ। ਅਕਸਰ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਥਾਂ ਲਗਾਇਆ ਬੂਟਾ ਹਰਾ ਨਹੀਂ ਹੁੰਦਾ। ਖੁਰਾਕ ਦੀ ਕਮੀ ਅਤੇ ਉਪਰੀ ਮਿੱਟੀ ਦੇ ਰਾਸ ਨਾ ਆਉਣ ਕਾਰਨ ਮਰ ਜਾਂਦਾ ਹੈ। ਕਈ ਦਫਾ ਇਸਦੇ ਉਲਟ ਵੀ ਹੋ ਜਾਂਦਾ ਹੈ। ਨਵੀਂ ਧਰਤੀ ਵਿਚਲੇ ਖਣਿਜ ਪਦਰਾਥ ਅਤੇ ਪੌਣ-ਪਾਣੀ ਐਨੇ ਸਾਜ਼ਗਾਰ ਸਾਬਤ ਹੁੰਦੇ ਹਨ ਕਿ ਮੌਲਦਾ ਹੋਇਆ ਪੌਦਾ ਦਿਨਾਂ ਵਿੱਚ ਹੀ ਫੈਲਰ ਕੇ ਰੁੱਖ ਬਣ ਜਾਂਦਾ ਹੈ। 
"ਭਗਵਾਨ ਦੀ ਮਰਜ਼ੀ ਰਹੀ ਤਾਂ ਅਗਲੀ ਫੇਰੀ ਨੂੰ ਇਹ ਬੂਟਾ ਫੁੱਲਾਂ ਨਾਲ ਲੱਦਿਆ ਪਿਆ ਹੋਵੇਗਾ।" ਬੂਟੇ ਦੇ ਭਵਿੱਖ ਬਾਰੇ ਪੇਸ਼ਨਗੋਈ ਕਰਦਾ ਹੋਇਆ ਕੇਤਨ ਉਥੋਂ ਤੁਰ ਪਿਆ। 
ਐਡੀ ਛੇਤੀ ਕੰਮ ਭੁਗਤਾ ਕੇ ਵਿਹਲਾ ਹੋ ਜਾਣ ਦੀ ਕੇਤਨ ਨੂੰ ਉੱਕਾ ਹੀ ਆਸ ਨਹੀਂ ਸੀ। ਅੱਗੇ ਵੀ ਜਦੋਂ ਕਦੇ ਵੀ ਉਹ ਆਪਣੀ ਨੌਕਰੀ ਦੇ ਕੰਮ ਚੰਡੀਗੜ੍ਹ ਆਉਂਦਾ ਹੈ, ਤਾਂ ਹਰ ਵਾਰ ਉਸਨੂੰ ਇੱਥੇ ਹੀ ਸ਼ਾਮ ਹੋ ਜਾਇਆ ਕਰਦੀ ਹੈ ਤੇ ਘਰ ਉਹ ਰਾਤ ਪਈ ਤੋਂ ਪਹੁੰਚਦਾ ਹੁੰਦਾ ਹੈ। ਇਸ ਲਈ ਉਹ ਅੱਜ ਵੀ ਘਰੋਂ ਪੰਜ ਵਜੇ ਵਾਲੀ ਬੱਸ ਮੁੜਨ ਦੇ ਅੰਦਾਜ਼ੇ ਨਾਲ ਆਪਣਾ ਪ੍ਰੋਗਰਾਮ ਉਲੀਕ ਕੇ ਤੁਰਿਆ ਸੀ। ਇਹ ਤਾਂ ਕੁਦਰਤੀ ਇਮਾਨਦਾਰ ਤੇ ਮਿਹਨਤੀ ਅਫਸਰ ਦੇ ਹੱਥ ਫਾਈਲ ਆ ਗਈ ਤੇ ਬਿਚਾਰੇ ਨੇ ਆਉਂਦੇ ਨੇ ਹੀ ਕੰਮ ਮੁੱਕਾ ਕੇ ਪਰ੍ਹਾਂ ਮਾਰਿਆ ਸੀ।
ਸੈਕਟਰੀਏਟ ਦੀ ਇਮਾਰਤ ਨੂੰ ਕਾਫ਼ੀ ਪਿੱਛੇ ਛੱਡ ਆਉਣ ਬਾਅਦ ਸੜਕ ਦੇ ਕਿਨਾਰੇ ਖੜ੍ਹ ਕੇ ਕੇਤਨ ਨੇ ਘੜੀ ਦੇਖੀ। ਬਾਰਾਂ, ਅਜੇ ਵੱਜੇ ਹੀ ਸਨ। ਘਰ
ਵਾਪਸ ਮੁੜਣ ਲਈ ਉਸ ਕੋਲ ਖੁੱਲ੍ਹਾ-ਡੁੱਲਾ ਟਾਈਮ ਪਿਆ ਹੈ। ਕੋਈ ਤੇਜ਼ੀ ਕਰਨ ਦੀ ਜ਼ਰੂਰਤ ਨਹੀਂ। ਪੰਜ-ਚਾਰ ਘੰਟੇ ਚੰਡੀਗੜ੍ਹ ਵਿੱਚ ਘੁੰਮ-ਫਿਰ ਕੇ, ਉਹ ਬੜੇ ਅਰਾਮ ਨਾਲ ਪੰਜ ਵਾਲੀ ਬੱਸ ਫੜ੍ਹ ਸਕਦਾ ਹੈ। ਸ਼ਿਵਾਲਕ ਪਹਾੜੀਆਂ ਦੇ ਚਰਨਾਂ 'ਚ ਵਸੇ ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਅਤੇ ਇਸ ਵਿਚਲੀਆਂ ਦੇਖਣਯੋਗ ਥਾਵਾਂ ਬਾਰੇ ਕੇਤਨ ਨੇ ਸਿਰਫ਼ ਸੁਣ ਹੀ ਰੱਖਿਆ ਹੈ। ਅਨੇਕਾਂ ਵਾਰ ਚੰਡੀਗੜ੍ਹ ਆਉਣ ਦੇ ਬਾਵਜੂਦ ਵੀ ਉਸਨੇ ਅਜੇ ਤੱਕ ਸਿਗਰਟਾਂ ਦੀ ਬੋਅ ਮਾਰਦੇ ਬਾਬੂਆਂ ਦੇ ਘਸਮੈਲੇ ਚਿਹਰਿਆਂ ਅਤੇ ਉਹਨਾਂ ਦੇ ਹਰ ਸਮੇਂ ਪਾਨ ਚਬਾਉਂਦੇ ਰਹਿਣ ਵਾਲੇ ਬਦਤਮੀਜ਼ ਚਪੜਾਸੀਆਂ ਤੋਂ ਸਿਵਾਏ ਕੁੱਝ ਨਹੀਂ ਦੇਖਿਆ। ਹਮੇਸ਼ਾਂ ਕੇਤਨ ਅੱਗ ਬੁਝਾਉਣ ਵਾਲੇ ਫਾਇਰਬ੍ਰਗੇਡ ਵਾਂਗੂੰ ਚੰਡੀਗੜ੍ਹ ਆਉਂਦਾ, ਦਿਨ ਭਰ ਰਿਸ਼ਵਤਖੋਰ ਸਰਕਾਰੀ ਮੁਲਾਜ਼ਮਾਂ ਤੋਂ ਸਿਰ ਖਪਾ ਕੇ ਆਪਣੇ ਕੰਮ-ਧੰਦੇ ਕਰਵਾਉਂਦਾ ਤੇ ਹਫੜਾ-ਦਫੜੀ ਵਿੱਚ ਵਾਪਸ ਪਰਤ ਜਾਂਦਾ। ਮੋਗੇ ਤੋਂ ਚੰਡੀਗੜ੍ਹ ਦਾ ਸਫ਼ਰ ਵੀ ਕਿਹੜਾ ਥੋੜ੍ਹਾ ਹੈ? ਅੱਧੀ ਦਿਹਾੜੀ ਤਾਂ ਰਾਹ ਵਿੱਚ ਹੀ ਗੁੱਲ ਹੋ ਜਾਂਦੀ ਹੈ।
ਵਿਹਲਾ ਵਕਤ ਪੱਲੇ ਹੋਣ ਕਰਕੇ ਕੇਤਨ ਨੇ ਆਪਣੇ ਆਪ ਨਾਲ ਰਾਏ ਕੀਤੀ, "ਘਰੇ ਹੀ ਜਾਣੈ। ਕਿਉਂ ਨਾ ਘੁੰਮੀਏ? ਉਚੇਚਾ ਕਿਰਾਏ ਪੱਟ ਕੇ ਕਿਹੜਾ ਆ ਹੁੰਦੈ? ਕਿੰਨਾ ਕੁੱਝ ਐ ਦੇਖਣ ਨੂੰ ਏਸ ਸ਼ਹਿਰ 'ਚ ਸੁਖਨਾ ਝੀਲ, ਸ਼ਿਵਾਲਕ ਪਹਾੜ, ਪਿੰਜ਼ੌਰ ਗਾਰਡਨ, ਛੱਤ ਬੀੜ, ਨੇਕ ਚੰਦ ਦਾ ਬਣਾਇਆ ਹੋਇਆ ਰੌਕ ਗਾਰਡਨ, ਚੰਡੀ ਮੰਦਰ ਜਿਸਦੇ ਨਾਂ 'ਤੇ ਚੰਡੀਗੜ੍ਹ ਦਾ ਨਾਮ ਪਿਆ ਹੈ। ਤੇ ਅਮ੍ਰਿਤਸਰੀ ਵੜੀਆਂ ਵਰਗੀਆਂ ਕਰਾਰੀਆਂ ਚੰਡੀਗੜ੍ਹ ਦੀਆਂ ਬੁੜ੍ਹੀਆਂ! ਜਿਹੜੀਆਂ ਕਿ ਕੋਹਲਾਪੁਰੀ ਚੱਪਲਾਂ ਵਾਂਗ ਸਾਰੇ ਭਾਰਤ ਵਿੱਚ ਮਸ਼ਹੂਰ ਹਨ। ਨਾਲੇ ਰੋਜ਼ ਗਾਰਡਨ!..."
ਰੋਜ਼ ਗਾਰਡਨ ਤੋਂ ਕੇਤਨ ਨੂੰ ਆਪਣੀ ਪੁਰਾਣੀ ਮਹਿਬੂਬਾ ਰੋਜ਼ੀ ਦਾ ਚੇਤਾ ਆ ਗਿਆ। ਰੋਜ਼ੀ ਮੋਗੇ ਕੇਤਨ ਦੀ ਕਾਲੋਨੀ ਵਿੱਚ ਹੀ ਰਹਿੰਦੀ ਹੁੰਦੀ ਸੀ। ਦੋਨੋਂ ਦਾ ਕਈ ਵਰ੍ਹੇ ਇਸ਼ਕ ਚਲਿਆ ਸੀ। ਫਿਰ ਰੋਜ਼ੀ ਦਾ ਵਿਆਹ ਚੰਡੀਗੜ੍ਹ ਦੇ ਇੱਕ ਵਪਾਰੀ ਨਾਲ ਹੋ ਗਿਆ ਸੀ। ਧੂਣੀ ਦੀ ਅੱਗ ਬੁੱਝੀ ਤੋਂ ਮਗਰੋਂ ਵੀ ਜਿਵੇਂ ਗਿੱਲੀਆਂ ਲੱਕੜਾਂ ਚੋਂ ਕਾਫ਼ੀ ਦੇਰ ਤੱਕ ਧੂੰਆਂ ਨਿਕਲਦਾ ਰਹਿੰਦਾ ਹੈ, ਉਵੇਂ ਵਿਆਹ ਤੋਂ ਕਈ ਵਰ੍ਹੇ ਬਾਅਦ ਤੱਕ ਰੋਜ਼ੀ ਨੇ ਕੇਤਨ ਨਾਲ ਆਪਣੇ ਸ਼ਰੀਰਕ ਸੰਬੰਧ ਮੱਠੇ-ਮੱਠੇ ਸੂਲਗਦੇ ਰੱਖੇ ਸਨ। ਬੇਸ਼ੱਕ ਉਸ ਰਿਸ਼ਤੇ ਵਿੱਚ ਭਾਬੜਾਂ ਵਾਲਾ ਸੇਕ ਤਾਂ ਨਹੀਂ ਰਿਹਾ ਸੀ। ਪਰ ਅਜਿਹੇ ਨਾਤੇ ਦਾ ਕੋਲਿਆਂ ਵਾਂਗੂੰ ਬਰਕਰਾਰ ਧੁੱਖਦੇ ਰਹਿਣਾ ਹੀ ਬੜਾ ਹੁੰਦਾ ਹੈ। ਅੰਗਾਰਿਆਂ ਦੀਆਂ ਲਾਟਾਂ ਠੰਡੀਆਂ ਹੋ ਕੇ ਚੰਗੀਆੜੀ ਤੇ ਪਲੂਹਾ ਭੜਕ ਕੇ ਕਦੇ ਵੀ ਭਾਂਬੜ ਬਣ ਸਕਦਾ ਹੈ। ਵਿਆਹੀ ਔਰਤ ਲਈ ਸਮਾਜ਼ ਦੀਆਂ ਬੰਦਸਾਂ ਕਾਰਨ ਭਾਵੇਂ ਉਹਨਾਂ (ਕੇਤਨ ਅਤੇ ਰੋਜ਼ੀ) ਤੋਂ ਘੱਟ-ਵੱਧ ਹੀ ਮਿਲ ਹੁੰਦਾ। ਪਰ ਜਦੋਂ ਕਦੇ ਉਹ ਮਿਲਦੇ ਤਾਂ ਪੂਰੇ ਚਾਅ ਲਾਹੁੰਦੇ! 
ਫੇਰ ਕੇਤਨ ਦਾ ਵਿਆਹ ਵੀ ਹੋ ਗਿਆ ਸੀ। ਸਿਰ 'ਤੇ ਰੱਖੀ ਗਈ ਕਬੀਲਦਾਰੀ ਦੀ ਭਾਰੀ ਪੰਡ ਨੇ ਉਹਦੀ ਧੌਣ ਮਚੋ ਕੇ ਰੱਖ ਦਿੱਤੀ ਸੀ। ਉਹਨੂੰ ਆਟੇ ਦਾਲ ਦਾ ਭਾਅ ਪਤਾ ਲੱਗ ਗਿਆ ਸੀ। ਸਾਲ ਮਗਰੋਂ ਕੁੜੀ ਹੋਈ 'ਤੇ ਤਾਂ ਕੇਤਨ ਦੀ ਉਈਂ ਸੁਰਤ ਭੁੱਲ ਗਈ। ਰੋਜ਼ੀ-ਰੋਟੀ ਦਾ ਫਿਕਰ ਤਾਂ ਵੱਡੇ-ਵੱਡਿਆਂ ਦੇ ਦਿਮਾਗੋਂ ਇਸ਼ਕ ਦਾ ਭੂਤ ਲਾਹ ਦਿੰਦਾ ਹੈ। ਕੇਤਨ ਤਾਂ ਸੀ ਹੀ ਕੀ? 
ਉਧਰ ਰੋਜ਼ੀ ਤਾਂ ਭਲਾਂ ਸੀ ਹੀ ਖੂਹ ਦਾ ਡੋਲ। ਜੀਹਨੂੰ ਪਿਆਸ ਲੱਗੀ 'ਤੇ ਪਾਣੀ ਪੀਣ ਲਈ ਜੇ ਕੇਤਨ ਖਿੱਚਦਾ ਸੀ ਤਾਂ ਉਹਨੇ ਉੱਤੇ ਆਉਣਾ ਹੁੰਦਾ ਸੀ। ਨਹੀਂ, ਲੱਜ ਛੱਡਦਿਆਂ ਹੀ ਆਪੇ ਫੇਰ ਵਾਪਸ ਖੂਹ ਵਿੱਚ ਡਿੱਗ ਪੈਣਾ ਹੁੰਦਾ ਸੀ। 
ਆਪੋ-ਆਪਣੇ ਘਰ-ਪਰਿਵਾਰ ਵਿੱਚ ਰੁੱਝੇ ਹੋਏ ਉਹ ਦੋਨੋਂ ਪ੍ਰੇਮੀ ਇੱਕ ਦੂਏ ਨੂੰ ਧੂੜ ਵਿੱਚ ਲੁੱਕੇ ਸ਼ਿਲਾਲੇਖਾਂ ਵਾਂਗ ਭੁੱਲ ਹੀ ਗਏ ਸਨ। 
ਤੇ ਹੁਣ ਰੋਜ਼ ਗਾਰਡਨ ਦਾ ਨਾਮ ਲਿਆਂ ਕੇਤਨ ਨੂੰ ਫੇਰ ਰੋਜ਼ੀ ਇਸ ਲਈ ਯਾਦ ਆ ਗਈ ਕਿਉਂਕਿ ਰੋਜ਼ੀ ਫੁੱਲਾਂ ਦੀ ਸ਼ੌਕੀਨ ਹੁੰਦੀ ਸੀ ਤੇ ਕੇਤਨ ਹਮੇਸ਼ਾਂ ਮਿਲਣ ਵੇਲੇ ਰੋਜ਼ੀ ਨੂੰ ਫੁੱਲ ਦਿੰਦਾ ਹੁੰਦਾ ਸੀ। ਇੱਕ ਵਾਰੀ ਉਹ ਤੇ ਰੋਜ਼ੀ ਵਿਸ਼ਨੂੰ ਦੇ ਹੋਟਲ 'ਚ ਬੈਠੇ ਆਈਸ ਕਰੀਮ ਖਾਹ ਰਹੇ ਸਨ। ਉਹਨੇ ਸਾਹਮਣੇ ਬੈਠੀ ਰੋਜ਼ੀ ਦੇ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਸੀ, "ਇੱਕ ਹੌਟ  ਜਿਹੀ ਕਿੱਸ  ਤਾਂ ਦੇ ਦੇ?"
"ਕਿਉਂ ਅੱਗੇ ਗਰਮੀ ਥੋੜ੍ਹੀ ਪੈਂਦੀ ਆ ਜਿਹੜੀ ਗਰਮਾ-ਗਰਮ ਚੁੰਮੀ ਭਾਲਦੈਂ?"
"ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੁੰਦੈ, ਉਵੇਂ ਗਰਮੀ ਨੂੰ ਗਰਮੀ ਹੀ ਮਾਰਦੀ ਆ ਸੋਹਣੀਏ।"
"ਉਂਅ… ਤੇਰਾ ਤਾਂ ਸੀਰੀਅਸ ਕੇਸ ਆ। ਸੈਂਡਲ ਲਾਹਾਂ? ਭੋਰਾ ਕਸਰ ਨ੍ਹੀਂ ਰਹਿਣੀ। ਸਾਰੀ ਗਰਮੀ ਕੱਢ ਕੇ ਜੇ ਕੰਬਣ ਨਾ ਲਾ ਦਵਾ ਤਾਂ ਕਹਿ 'ਦੀਂ।"
"ਹਮ ਪਿਆਰ ਕਾ ਇਜ਼ਾਹਰ ਕਰੇਂ। ਵੋਹ ਤਲਵਾਰ ਕਾ ਵਾਰ ਕਰੇਂ।" ਕੇਤਨ ਨੇ ਰੋਜ਼ੀ ਦੀਆਂ ਬਾਹਾਂ ਖਿੱਚ ਕੇ ਉਹਨੂੰ ਮੇਜ਼ 'ਤੇ ਧੂੰਹਦਿਆਂ ਜ਼ਬਰਦਸਤੀ ਚੁੰਮਣ ਲੈਣਾ ਚਾਹਿਆ ਸੀ। 
"ਨਾ ਨਾ… ਹੱਟ ਮੈਂ ਫੇਰ ਤੇਰੇ ਕੋਲ ਆਇਆ ਨ੍ਹੀਂ ਕਰਨਾ? ਲੁੱਚੇ ਲਫੰਗੇ।" ਰੋਜ਼ੀ ਨੇ ਕਈ ਖੇਖਣ ਜਿਹੇ ਕੀਤੀ ਸਨ। 
ਖਿੱਚਾਤਾਨੀ ਵਿੱਚ ਉਹ ਕਈ ਮਰਤਬਾ ਕੈਬਨ ਦੀ ਚਾਰਦਿਵਾਰੀ ਨਾਲ ਟਕਰਾਏ ਸਨ। ਇਸ ਲਈ ਕੈਬਿਨ ਵਿੱਚ ਹੁੰਦਾ ਖੜਕਾ ਸੁਣ ਕੇ ਬਹਿਰਾ ਉਹਨਾਂ ਨੂੰ ਲੜਦੇ ਸਮਝ ਕੇ ਭੱਜਿਆ-ਭੱਜਿਆ ਆਇਆ ਸੀ। ਬਹਿਰੇ ਨੂੰ ਦੇਖ ਕੇ ਉਹ ਆਪਣੀ ਆਪਣੀ ਜਗ੍ਹਾ ਉੱਤੇ ਟਿਕ ਕੇ ਬੈਠ ਗਏ ਸਨ। ਕੇਤਨ ਜਾਣ ਗਿਆ ਸੀ ਕਿ ਸਰਵਜਨਕ ਸਥਾਨ 'ਤੇ ਪਬਲਿਕ ਦੇ ਨਜ਼ਦੀਕ ਹੁੰਦਿਆਂ ਉਹ ਆਪਣੀ ਮਾਸ਼ੂਕ ਨਾਲ ਧੱਕਾ ਨਹੀਂ ਸੀ ਕਰ ਸਕਦਾ। ਕੇਤਨ ਇਹ ਵੀ ਜਾਣਦਾ ਸੀ ਕਿ ਰੋਜ਼ੀ ਮੂਡੀ ਜਿਹੀ ਹੈ। ਜੀਅ ਕਰਕੇ ਤਾਂ ਖਹਿੰਦੀ ਫਿਰਦੀ ਹੁੰਦੀ ਹੈ। ਨਾ ਚਿੱਤ ਕਰੇ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਹੁੰਦੀ। 
ਕੇਤਨ ਨੇ ਰੋਜ਼ੀ ਨੂੰ ਰਜ਼ਾਮੰਦ ਕਰਨ ਲਈ ਨਰਮੀ ਵਾਲਾ ਰਾਹ ਚੁਣਿਆ ਸੀ, "ਤੂੰ ਫੁੱਲ ਮੰਗਦੀ ਹੁੰਦੀ ਏਂ। ਮਜ਼ਾਜਣੇ, ਉਹ ਤੈਨੂੰ ਮੈਂ ਆਉਂਦੇ ਨੇ ਹੀ ਦੇ ਦਿੱਤਾ। -ਤੇਰੀ ਚੀਜ਼ ਤੈਨੂੰ ਮਿਲਗੀ ਐ। ਹੁਣ ਮੇਰੀ ਚੀਜ਼ ਵੀ ਮੈਨੂੰ ਦੇ ਦੇ?"
  "ਆਹ ਕਿਹੜੇ ਫੁੱਲਾਂ ਚੋਂ ਫੁੱਲ ਦਿੱਤੈ ਤੂੰ? ਗੇਂਦੇ ਦਾ! ਹੂੰ!! ਚੁੱਕ ਆਪਣਾ ਸੜਿਆ ਜਿਹਾ ਫੁੱਲ।" ਰੋਜ਼ੀ ਨੇ ਨੱਕ ਇਕੱਠਾ ਕਰਦਿਆਂ ਵਗਾਹ ਕੇ ਫੁੱਲ ਕੇਤਨ ਦੇ ਮੂੰਹ 'ਤੇ ਮਾਰਿਆ ਸੀ। 
"ਉਹ ਸੋਨੇ ਦੀਏ ਡਲੀਏ, ਮੋਗੇ ਦੀਏ ਕਲੀਏ। ਅੱਜ ਰੂਹ ਰਾਜ਼ੀ ਕਰਦੇ? ਕੱਲ੍ਹ ਤੋਂ ਮਹਾਂ-ਬਦੌਲਤ ਆਪਣੀ ਮਲਕਾ ਨੂੰ ਮਾਮੂਲੀ ਨਹੀਂ। ਸਗੋਂ ਉਹ ਖਾਸ-ਮ-ਖਾਸ ਫੁੱਲ ਲਿਆ ਕੇ ਦਿਆ ਕਰਨਗੇ, ਜਿਹੜਾ ਸਾਰਿਆਂ ਫੁੱਲਾਂ ਤੋਂ ਸਰਵਉਤਮ ਹੈ। ਫੁੱਲਾਂ ਦਾ ਬਾਦਸ਼ਾਹ ਹੈ। ਦੇਸੀ ਨਹੀਂ ਬਲਕਿ ਇਮਪੋਰਟਡ  ਫੁੱਲ।"
"ਉਹ ਕਿਹੜਾ ਫੁੱਲ ਐ?"
"ਗੋਭੀ ਦਾ! -ਐਨਾ ਵੀ ਨਹੀਂ ਪਤਾ? ਮੈਂ ਗੁਲਾਬ ਦੇ ਫੁੱਲ ਦੀ ਗੱਲ ਕਰਦਾਂ। ਮੇਰਾ ਖਿਆਲ ਹੈ ਗੁਲਾਬੋ ਤੈਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਗੁਲਾਬ ਦਾ ਨਾਮ ਗੁਲਾਬ ਕਿਵੇਂ ਪਿਐ?"
ਰੋਜ਼ੀ ਨੇ ਮੋਡੇ ਛੰਡਦਿਆਂ ਨਾਂਹ ਵਿੱਚ ਸਿਰ ਹਿਲਾਇਆ ਸੀ।
"ਬਲਰਾਜ ਸਿੱਧੂ ਕਹਿੰਦੈ ਅਗਿਆਨਤਾ ਇੱਕ ਡੁੰਗੀ ਖੱਡ ਹੈ, ਜੀਹਦੇ ਵਿੱਚ ਡਿੱਗਣ ਤੋਂ ਇੰਨਸਾਨ ਨੂੰ ਬਚਣਾ ਚਾਹੀਦਾ ਹੈ ਤੇ ਪਹਿਲਾਂ ਹੀ ਡਿੱਗੇ ਵਿਅਕਤੀ ਨੂੰ ਜਲਦ ਤੋਂ ਜਲਦ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।" ਕੇਤਨ ਨੇ ਰੋਹਬ ਪਾਉਣ ਲਈ ਫਲਾਸਫੀ ਝਾੜੀ ਸੀ।
ਰੋਜ਼ੀ ਨੇ ਟਕੋਰ ਮਾਰੀ, "ਤੂੰ ਤਾਂ ਜਿਵੇਂ ਪਹੁੰਚਿਆ ਹੋਇਆ ਬ੍ਰਹਮਗਿਆਨੀ ਐ ਨਾ? ਸਾਰੇ ਗ੍ਰੰਥ, ਉਪਨਿਸ਼ਦ ਅਤੇ ਸ਼ਾਸ਼ਤਰ ਪੜ੍ਹ ਕੇ ਆਲਮ-ਫ਼ਾਜਲ ਬਣਿਆ ਬੈਠਾ ਹੋਵੇਂਗਾ?" 
"ਵੇਦ-ਕਤੇਬ ਪੜ੍ਹਨ ਨਾਲ ਗਿਆਨ ਹਾਸਲ ਨਹੀਂ ਹੁੰਦਾ। ਪੋਥੀ ਪੜ੍ਹ-ਪੜ੍ਹ ਜੱਗ ਮੂਆ, ਪੰਡਤ ਭਇਉ ਨਾ ਕੋਇ। ਢਾਈ ਅਕਸ਼ਰ ਪ੍ਰੇਮ ਕੇ, ਪੜ੍ਹੇ ਸੋ ਪੰਡਤ ਹੋਏ।"  
"ਅੱਛਾ ਪੰਡਤ ਜੀ, ਫਿਰ ਤੁਸੀਂ ਹੀ ਦੱਸੋ ਗੁਲਾਬ ਨੂੰ ਗੁਲਾਬ ਕਿਉਂ ਕਹਿੰਦੇ ਹਨ?"
"ਸੁਣ ਫੇਰ ਗੁਲਾਬ ਭਾਰਤ ਵਿੱਚ ਨਹੀਂ ਸੀ ਹੁੰਦਾ। ਇਹ ਇੱਕ ਵਿਦੇਸ਼ੀ ਫੁੱਲ ਹੈ। ਪਹਿਲੀ ਵਾਰ ਕਿਸੇ ਬਾਹਰਲੇ ਹਾਕਮ ਨੇ ਯਾਕੂਤ ਨਾਮਕ ਭਾਰਤੀ ਰਾਜੇ ਨੂੰ ਤੋਹਫੇ ਦੇ ਤੌਰ 'ਤੇ ਟਾਹਣੀ ਸਮੇਤ ਪੇਸ਼ ਕੀਤਾ ਸੀ। ਉਸ ਮਿੱਤਰ ਹਾਕਮ ਤੋਂ ਯਕੂਤ ਨੇ ਆਪਣੇ ਗੁਆਂਡੀ ਰਾਜੇ ਨਾਲ ਲੜ੍ਹਨ ਲਈ ਮਦਦ ਮੰਗੀ ਸੀ। ਉਸ ਹਾਕਮ ਵੱਲੋਂ ਕੰਢਿਆਂ ਦੀ ਟਾਹਣੀ 'ਤੇ ਲੱਗਿਆ ਫੁੱਲ ਯਾਕੂਤ ਦੀ ਨਜ਼ਰ ਕਰਨ ਦਾ ਮਤਲਵ ਸੀ ਕਿ ਗੁਲਾਬ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਕੰਡਾ ਇਸ ਗੱਲ ਦਾ ਪ੍ਰਤੀਕ ਸੀ ਕਿ ਉਸਦੇ ਬਦਲੇ ਵਿੱਚ ਤਹਾਨੂੰ ਸਾਡਾ ਖਰਚ ਉਠਾਉਣਾ ਪਵੇਗਾ ਤੇ ਆਪਣੀ ਸਲਤਲਤ ਚੋਂ ਅੱਧ ਦੇਣਾ ਪਵੇਗਾ। ਯਾਨੀ ਕੁੱਝ ਪਾਉਣ ਲਈ ਤੁਹਾਨੂੰ ਕੁੱਝ ਗਵਾਉਣਾ ਵੀ ਪਵੇਗਾ। ਯਾਕੂਤ ਨੇ ਫੁੱਲ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ, ਇਤਨਾ ਸੁੰਦਰ ਫੁੱਲ! ਜਿਸਦੇ ਨਾਲ ਹਿਫਾਜ਼ਤ ਲਈ ਕੰਢਾ ਵੀ ਹੈ! ਕੀ ਨਾਮ ਹੈ ਇਸਦਾ?"
"ਨਾਮ ਨੂੰ ਛੱਡੋ, ਰਾਜਨ। ਤੁਸੀਂ ਇਸ ਨਵਾਬ-ਏ-ਗੁੱਲ ਵਿੱਚ ਛੁੱਪੇ ਰਹਿਸ ਨੂੰ ਸਮਝੋ।" ਹਾਕਮ ਨੇ ਯਾਕੂਤ ਨੂੰ ਆਖਿਆ।
ਫੁੱਲ ਦੀ ਖੂਬਸੂਰਤੀ 'ਤੇ ਮੋਹਿਤ ਹੋਇਆ ਯਾਕੂਤ ਮਾਇਆ ਜਾਲ ਵਿੱਚ ਫਸ ਗਿਆ ਤੇ ਉਹਨੇ ਹਾਕਮ ਤੋਂ ਕਲਮਾਂ ਮੰਗਵਾ ਕੇ ਬਹੁਤ ਸਾਰੇ ਗੁਲਾਬ ਆਪਣੀ ਰਿਆਸਤ ਦੇ ਬਾਗੀਚਿਆਂ ਵਿੱਚ ਲਵਾ ਲਏ। ਨਵਾਂ ਹੋਣ ਕਰਕੇ ਲੋਕਾਂ ਨੇ ਯਾਕੂਤ ਤੋਂ ਫੁੱਲ ਦਾ ਨਾਮ ਪੁੱਛਿਆ ਤਾਂ ਯਾਕੂਤ ਨੇ ਡੰਗ ਸਾਰਨ ਲਈ ਆਖ ਦਿੱਤਾ ਕਿ ਇਹ ਗੁੱਲ-ਏ-ਨਵਾਬ, ਯਾਨੀ ਫੁੱਲਾਂ ਦਾ ਨਵਾਬ ਹੈ। ਲੋਕ ਉਸ ਫੁੱਲ ਨੂੰ ਗੁੱਲ-ਨਵਾਬ ਕਹਿ ਕੇ ਪੁਕਾਰਨ ਲੱਗ ਗਏ। ਹੌਲੀ-ਹੌਲੀ ਗੁੱਲ-ਨਵਾਬ ਤੋਂ ਬਿਗੜ ਕੇ ਇਸਦਾ ਨਾਮ ਗੁਲਾਬ ਪੱਕ ਗਿਆ। ਅੱਜ ਵੀ ਜਦੋਂ ਕੋਈ ਕੰਡੇ ਸਮੇਤ ਗੁਲਾਬ ਦਾ ਫੁੱਲ ਭੇਂਟ ਕਰੇ ਤਾਂ ਇਸਦਾ ਭਾਵ ਹੈ ਕਿ ਅਗਲਾ ਕਹਿ ਰਿਹਾ ਹੈ, ਇੱਕ ਹੱਥ ਲਉ ਤੇ ਦੂਜੇ ਹੱਥ ਦਿਉ। ਗਿਵ ਐਂਡ ਟੇਕ।  ਏਸੇ ਲਈ ਬਹੁਤੇ ਪ੍ਰੇਮੀ-ਪ੍ਰੇਮੀਕਾਵਾਂ ਵੱਲੋਂ ਗੁਲਾਬ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ। -ਲੱਗਿਆ ਰੋਜ਼ੀ ਜੀ ਕੁੱਝ ਪਤਾ?"
"ਵਾਹ ਵਈਂ। ਬੜੀ ਨੌਲੇਜ਼ ਐ ਤੈਨੂੰ। ਐਮ ਇਮਪਰੈਸਡ।"  ਰੋਜ਼ੀ ਨੇ ਦਾਦ ਦੇਣ ਲਈ ਤਾੜੀ ਵਜਾਈ ਸੀ। 
"ਹੁਣ ਤੋਂ ਜਦੋਂ ਮੈਂ ਆਪਣੀ ਫੂਲਨ ਦੇਵੀ ਨੂੰ ਕੰਡੇਦਾਰ ਗੁਲਾਬ ਦੇਵਾਂ ਤਾਂ ਜਾਣਦੀ ਏਂ ਨਾ ਕਿ ਉਸਦਾ ਕੀ ਮੀਨਿੰਗ ਹੋਊ?"
"ਤੁਸੀਂ ਕੀ ਗੁਲਾਬ ਦਿਉਂਗੇ, ਜਨਾਬ? ਹੁਣ ਤਾਂ ਰਾਕੇਸ਼ ਸਾਹਿਬ ਫੁੱਲਾਂ ਦੇ ਗ਼ਜ਼ਰੇ ਦਿਆ ਕਰਨਗੇ। ਉਹਨੇ ਦੇ ਸ਼ਹਿਰ 'ਚ ਤਾਂ ਰੋਜ਼ ਗਾਰਡਨ ਹੈ, ਇੱਕ ਬਹੁਤ ਵੱਡਾ ਪਾਰਕ ਜਿਸ ਵਿੱਚ ੧੬੦੦ ਕਿਸਮਾਂ ਦੇ ਗੁਲਾਬ ਹਨ। ਚਿੱਟੇ ਤੇ ਕਾਲੇ ਰੰਗ ਦੇ ਵੀ।"
ਕੇਤਨ ਨੇ ਹਾਰ ਕੇ ਢਿੱਲਾ ਜਿਹਾ ਮੂੰਹ ਕਰ ਲਿਆ ਸੀ। 
"ਮਾਯੂਸ ਕਿਉਂ ਹੁੰਦੇ ਹੋ, ਕੇਤਨ ਜੀ? ਅਜੇ ਤਾਂ ਮਹੀਨਾ ਪਿਐ। ਸ਼ਾਦੀ ਹੋਣ ਵਿੱਚ। ਲਉ ਹੁਣ ਤੋਂ ਤੁਹਾਨੂੰ ਮਨ੍ਹਾ ਨਹੀਂ ਕਰਨਾ ਚਾਹੇ ਤੱਤੀਆਂ-ਤੱਤੀਆਂ ਪੱਪੀਆਂ ਲੈ ਕੇ ਬੁੱਲ੍ਹ ਮਚਾ ਲਵੋਂ।" ਰੋਜ਼ੀ ਨੇ ਆਪਣਾ ਚਿਹਰਾ ਕੇਤਨ ਦੇ ਨਜ਼ਦੀਕ ਲਿਜਾ ਕੇ ਚੁੰਮਣ ਦੀ ਪੇਸ਼ਕਸ਼ ਕਰ ਦਿੱਤੀ ਸੀ। 
ਰੋਜ਼ੀ ਨੂੰ ਯਾਦ ਕਰਕੇ ਕੇਤਨ ਦੇ ਸਾਰੇ ਸ਼ਰੀਰ ਵਿੱਚ ਗੁਦਗੁਦੀ ਜਿਹੀ ਹੋਣ ਲੱਗ ਗਈ। ਚਿਰ ਵੀ ਬਹੁਤ ਹੋ ਗਿਆ ਹੈ ਉਹਨਾਂ ਨੂੰ ਮਿਲਿਆ ਹੋਇਆਂ। ਹੁਣ ਤਾਂ ਕੇਤਨ ਨੂੰ ਰੋਜ਼ੀ ਦੀ ਸ਼ਕਲ ਵੀ ਭੁੱਲੀ ਪਈ ਹੈ। ਚੰਡੀਗੜ੍ਹ ਦੇਖਣ ਦਾ ਵਿਚਾਰ ਤਿਆਗ ਕੇ ਕੇਤਨ ਨੇ ਰੋਜ਼ੀ ਨੂੰ ਮਿਲਣ ਦਾ ਮਨ ਬਣਾ ਲਿਆ। 
ਸਵੱਖਤੇ ਦਾ ਭੁੱਖਣ-ਭਾਣਾ ਘਰੋਂ ਨਿਕਲਿਆ ਹੋਣ ਕਰਕੇ ਭੁੱਖ ਉਹਦੇ ਢਿੱਡ ਵਿੱਚ ਢੁੱਡਾਂ ਮਾਰਨ ਲੱਗ ਗਈ ਸੀ। ਹੁਣ ਤੱਕ ਪਾਣੀ ਦੀ ਬੂੰਦ ਵੀ ਉਸਨੇ ਮੂੰਹ ਨੂੰ ਲਾ ਕੇ ਨਹੀਂ ਸੀ ਦੇਖੀ। ਅੰਨ੍ਹ ਦੇ ਦਾਣੇ ਨੂੰ ਠੁੰਗ ਤਾਂ ਮਾਰਨੀ ਹੀ ਕੀ ਸੀ? ਉਂਝ ਕੇਤਨ ਦੀ ਘਰਵਾਲੀ ਕਮਲਾ ਨੇ ਆਲੂਆਂ ਵਾਲੇ ਪਰਾਉਂਠੇ ਦੇਸੀ ਘੀਉ ਨਾਲ ਚੋਪੜ ਕੇ ਉਹਦੇ ਲੜ੍ਹ ਬੰਨ੍ਹ ਦਿੱਤੇ ਸਨ। ਕੇਤਨ ਜਦ ਵੀ ਕਿਧਰੇ ਬਾਹਰ ਜਾਵੇ ਉਹ ਘਰੋਂ ਉਹਨੂੰ ਰੋਟੀ ਦੇ ਕੇ ਤੋਰਦੀ ਹੈ। ਬਾਹਰ ਦੇ ਚਟਪਟੇ ਭੋਜਨ ਕੇਤਨ ਨੂੰ ਰਾਸ ਨਹੀਂ ਆਉਂਦੇ। ਬਦਹਜ਼ਮੀ ਅਤੇ ਗੈਸ ਹੋ ਜਾਂਦੀ ਹੈ ਉਹਨੂੰ ਹੱਟੀਆਂ-ਭੱਠੀਆਂ 'ਤੇ ਮੂੰਹ ਮਾਰਨ ਨਾਲ। ਗੰਦੇ-ਮੰਦੇ ਹੋਟਲਾਂ ਤੋਂ ਲੈ ਕੇ ਖਾਣਾ-ਪੀਣਾ ਤਾਂ ਰੋਗਾਂ ਨੂੰ ਜੀ ਆਇਆਂ  ਨੂੰ  ਆਖ ਕੇ ਸੱਦਾ ਦੇਣ ਵਾਲੀ ਗੱਲ ਹੈ। ਕਈ ਹੋਟਲਾਂ ਦੇ ਬਾਵਰਚੀ ਤਾਂ ਹੱਥ ਵੀ ਚੱਜ ਨਾਲ ਨਹੀਂ ਧੋਂਦੇ, ਮਣ-ਮਣ ਮੈਲ ਹੁੰਦੀ ਹੈ ਉਹਨਾਂ ਦੇ ਨੌਹਾਂ ਵਿੱਚ। ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਜਦੋਂ ਉਹ ਉਗਲਾਂ ਘੋਲਦੇ ਨੇ ਤਾਂ ਉਹ ਮੈਲ ਗਾਹਕਾਂ ਦੇ ਪੇਟ ਵਿੱਚ ਹੀ ਜਾਣੀ ਹੈ। ਨਾਲੇ ਫੇਰ ਘਰਵਾਲੀ ਦੀ ਪਿਆਰ ਨਾਲ ਬਣਾਈ ਰੋਟੀ ਦੀ ਬਜ਼ਾਰੂ ਨਿੱਕ-ਸੁੱਕ ਕੀ ਰੀਸ ਕਰ ਲਉ? ਪੰਜਾਬੀ ਦੀ ਤਾਂ ਇੱਕ ਅਖਾਣ ਵੀ ਹੈ, 'ਦਾਲ ਰੋਟੀ ਘਰ ਦੀ ਦਿਵਾਲੀ ਅਮ੍ਰਿਤਸਰ ਦੀ।'  
ਕਿਸੇ ਦੇ ਘਰੇ ਬੰਦਾ ਸੁੱਚੇ ਮੂੰਹ ਜਾਵੇ ਤਾਂ ਅੱਗੋਂ ਵੀ ਮੂੰਹ ਜੂਠਾ ਕਰਨਾ ਨਸੀਬ ਨਹੀਂ ਹੁੰਦਾ। ਪਹਿਲੇ ਪੇਟ ਪੂਜਾ ਫਿਰ ਕਾਮ ਦੂਜਾ  ਦੀ ਨੀਤੀ ਤੇ ਅਮਲ ਕਰਕੇ ਕੇਤਨ ਨੇ ਰੋਜ਼ੀ ਦੇ ਘਰ ਜਾਣ ਤੋਂ ਪਹਿਲਾਂ ਰੋਟੀ ਖਾਹ ਕੇ ਆਪਣੇ ਡੱਬੇ ਵਿਚਲਾ ਭਾਰ ਹੌਲਾ ਕਰ ਲੈਣਾ ਚਾਹਿਆ।
ਕੇਤਨ ਜਿਸ ਫੁੱਟਪਾਥ 'ਤੇ ਜਾ ਰਿਹਾ ਸੀ ਉਥੋਂ ਥੋੜ੍ਹਾ ਅੱਗੇ ਜਾ ਕੇ ਇੱਕ ਦਰਖਤ ਹੇਠ ਪੱਥਰ ਪਏ ਸਨ। ਕੁੱਝ ਵਿਅਕਤੀ ਉਹਨਾਂ ਪੱਥਰਾਂ ਉੱਤੇ ਬੈਠੇ ਅਖਬਾਰ ਪੜ੍ਹ ਰਹੇ ਸਨ। ਕੇਤਨ ਵੀ ਉਹਨਾਂ ਦੇ ਕੋਲ ਇੱਕ ਵੇਹਲੇ ਪੱਥਰ 'ਤੇ ਬਿਰਾਜ ਕੇ ਰੋਟੀ ਖਾਣ ਲੱਗ ਪਿਆ, "ਕਿੰਨਾ ਖਿਆਲ ਰੱਖਦੀ ਐ ਕਮਲਾ ਮੇਰਾ। ਬਥੇਰਾ ਕਿਹਾ ਸੀ, ਨਾ ਉੱਠ, ਨਾ ਉੱਠ। ਮੈਨੂੰ ਤਾਂ ਮਜ਼ਬੂਰਨ ਲੰਮੀ ਵਾਟ ਹੋਣ ਕਰਕੇ ਤੜਕੇ ਉਠਣਾ ਪੈ ਰਿਹਾ ਹੈ। ਤੈਨੂੰ ਕੋਈ ਸਜ਼ਾ ਥੋੜ੍ਹਾ ਲੱਗੀ ਆ ਬਈ ਮੇਰੇ ਨਾਲ ਹੀ ਤੂੰ ਵੀ ਚੁੱਲੇ-ਚੌਂਕੇ 'ਚ ਵੜ੍ਹ ਜਾਵੇ। -ਅੱਗੋਂ ਬੜੇ ਪਿਆਰ ਨਾਲ ਕਹਿਣ ਲੱਗੀ, ਨਾ ਜੀ ਸਵੇਰ ਦੇ ਗਿਆਂ ਨੇ ਤੁਸੀਂ ਆਥਣ ਨੂੰ ਮੁੜਨੈ। ਸਾਰਾ ਦਿਨ ਭੁੱਖੇ ਰਹੋਂਗੇ? ਮੈਂ ਰੋਟੀ ਬਣਾ ਦਿੰਦੀ ਆਂ। ਦੋ ਮੰਨੀਆਂ ਲਾਉਂਦੀ ਘਸਣ ਤਾਂ ਨ੍ਹੀਂ ਲੱਗੀ? ਤੁਸੀਂ ਰੇੜੀਆਂ-ਰੂੜੀਆਂ ਤੋਂ ਸੁਆਹ-ਖੇਹ ਲੈ ਕੇ ਨਾ ਖਾਇਉ।" 
ਪਤਾ ਨਹੀਂ ਕਿਹੜੇ ਵੇਲੇ ਕਮਲਾ ਨੇ ਆਲੂ ਉਬਾਲੇ ਤੇ ਕਦੋਂ ਆਟਾ ਗੁੰਨ੍ਹਿਆ। ਬਸ ਉਹਦੋਂ ਹੀ ਪਤਾ ਲੱਗਿਆ ਸੀ ਜਦੋਂ ਤੁਰਨ ਲੱਗੇ ਦੇ ਝੋਲੇ ਵਿੱਚ ਲਿਆ ਕੇ ਡੱਬਾ ਪਾਉਂਦੀ ਹੋਈ ਕਹਿੰਦੀ, "ਸੁਣੋ ਜੀ। ਛੇਤੀ ਮੁੜ ਆਇਉ। ਕਿਸੇ ਨਾਲ ਪੀਣ ਨਾ ਲੱਗ ਜਿਉ। ਰਾਤ ਅੱਧੀ ਰਾਤੋਂ ਤੁਸੀਂ ਆਏ ਸੀ। ਮੈਨੂੰ ਉਠਾ ਕੇ ਆਪ ਤਾਂ ਘੁਰਾੜੇ ਮਾਰਨ ਲੱਗ ਗਏ ਤੇ ਮੇਰੀ ਐਸੀ ਨੀਂਦ ਖੁੰਝੀ ਮੈਂ ਸਾਰੀ ਰਾਤ ਨਹੀਂ ਸੁੱਤੀ। ਅੱਜ ਤੁਹਾਤੋਂ ਬਦਲਾ ਲੈਣੈ। ਜੇ ਸਾਰੀ ਰਾਤ ਨਾ ਜਗਾਇਆ ਤਾਂ ਮੈਂ ਵੀ ਕਮਲਾ ਨਹੀਂ।"
"ਵਿਆਹ ਨੂੰ ਦਸ ਸਾਲ ਹੋ ਚੱਲੇ ਹਨ। ਦੋ ਬੱਚਿਆਂ ਦੀ ਮਾਂ ਹੈ। ਲੇਕਿਨ ਅਜੇ ਵੀ ਸੱਜ-ਵਿਆਹੀਆਂ ਵਾਂਗੂੰ ਮੇਰਾ ਤਿਉ ਕਰਦੀ ਆ। ਰੱਬ ਸਭ ਨੂੰ ਇਹੋ ਜਿਹੀ ਪਤਨੀ ਦੇਵੇ।" ਕਮਲਾ ਬਾਰੇ ਸੋਚਦਿਆਂ ਕੇਤਨ ਨੂੰ ਰੋਟੀ ਹੋਰ ਵੀ ਸੁਆਦ ਲੱਗਣ ਲੱਗੀ।
ਵਿਆਹ ਦੇ ਮੁਢਲੇ ਦਿਨਾਂ ਵਿੱਚ ਰੋਜ਼ੀ ਦੇ ਪਿਆਰ ਵਿੱਚ ਗ੍ਰੱਸਿਆ ਹੋਣ ਕਰਕੇ ਕੇਤਨ ਕਮਲਾ ਵੱਲ ਬਿਲਕੁੱਲ ਧਿਆਨ ਨਹੀਂ ਸੀ ਦਿੰਦਾ ਹੁੰਦਾ। ਉਹ ਕਮਲਾ ਦੇ ਕੰਮਾਂ ਵਿੱਚ ਨੁਕਸ ਕੱਢਦਾ ਰਹਿੰਦਾ ਹੁੰਦਾ ਸੀ। ਕਈ ਵਾਰ ਤਾਂ ਉਹ ਕਮਲਾ ਨੂੰ ਕੁੱਟ-ਮਾਰ ਕੇ ਪੇਕੀਂ ਵੀ ਡੱਕਰ ਦਿੰਦਾ ਹੁੰਦਾ ਸੀ। ਪਰ ਕਮਲਾ ਦੇ ਪਿਤਾ ਜੀ ਕਮਲਾ ਨੂੰ ਸਮਝਾ-ਬੁਝਾਅ ਕੇ ਵਾਪਸ ਲਿਆਉਂਦੇ ਤੇ ਕੇਤਨ ਦੀਆਂ ਮਿੰਨਤਾਂ-ਤਰਲੇ ਕਰਕੇ ਬੇਟੀ ਨੂੰ ਛੱਡ ਜਾਂਦੇ। ਬਸ ਇਉਂ ਆਪੇ ਹੀ ਕੇਤਨ ਤੇ ਕਮਲਾ ਦੀ ਸੁਲਾਹ ਹੋ ਜਾਂਦੀ। 
ਯਕਵਾਰ ਕੇਤਨ ਤੇ ਕਮਲਾ ਵਿਚਾਲੇ ਝਗੜਾ ਐਨਾ ਵੱਧ ਗਿਆ ਸੀ ਕਿ ਕੇਤਨ ਆਪਣੇ ਸਾਹੁਰੇ ਨਾਲ ਵੀ ਗਾਲੀ-ਗਲੋਚ ਤੇ ਉਤਰ ਆਇਆ ਸੀ ਤੇ ਉਸਨੇ ਕਮਲਾ ਨੂੰ ਆਪਣੇ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਕਮਲਾ ਦਾ ਪਿਉ ਆਪਣੀ ਗਲੀ-ਮੁਹੱਲੇ ਦੇ ਮੋਹਤਬਰ ਬੰਦਿਆਂ ਨੂੰ ਇਕੱਠੇ ਕਰਕੇ ਨਾਲ ਲਿਆਇਆ ਸੀ। ਪੰਚਾਇਤ ਨੇ ਕੇਤਨ 'ਤੇ ਜ਼ੋਰ ਪਾਇਆ ਸੀ। ਪਰ ਕੇਤਨ ਦੇ ਕਿਸੇ ਦੀ ਨਹੀਂ ਸੁਣੀ ਸੀ। ਤੇ ਫਿਰ ਇੱਕ ਡਾਢਾ ਜਿਹਾ ਮੁੰਡਾ ਬਾਹਾਂ ਉਤਾਂਹ ਚਾੜ੍ਹ ਕੇ ਉੱਠ ਖੜਿਆ ਸੀ, "ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ।"  ਉਸ ਮੁੰਡੇ ਨੇ ਕੇਤਨ ਨੂੰ ਡਰਾ-ਧਮਕਾ ਕੇ ਐਸੀ ਡਾਂਟ ਡਪਟ ਕੀਤੀ ਸੀ ਕਿ ਕੇਤਨ ਨੇ ਕਮਲਾ ਨੂੰ ਡਰਦੇ ਮਾਰੇ ਨੇ ਰੱਖ ਲਿਆ ਸੀ। ਕੇਤਨ ਦੇ ਸਾਹੁਰਿਆਂ ਦੇ ਪਿੰਡਾਂ ਵੱਲ ਉਸ ਮੁੰਡੇ ਦੀ ਚੰਗੀ ਚਲਦੀ ਸੀ ਤੇ ਉਹ ਕੁਸ਼ਤੀਆਂ ਵੀ ਲੜਦਾ ਹੁੰਦਾ ਸੀ। ਕੇਤਨ ਨੇ ਕਈਆਂ ਤੋਂ ਉਸ ਮੁੰਡੇ ਦੀ ਮਹਿੰਮਾ ਸੁਣੀ ਹੋਈ ਸੀ। ਜੇ ਉਹ ਮੁੰਡਾ ਆਪਣੀ ਗੁੰਡਾ-ਗਰਦੀ ਨਾ ਦਿਖਾਉਂਦਾ ਤਾਂ ਉਦਣ ਉਹਨਾਂ ਦਾ ਪੱਕਾ ਤਲਾਕ ਹੋਇਆ ਪਿਆ ਸੀ। ਹੌਲੀ-ਹੌਲੀ ਕਮਲਾ ਨੇ ਆਪਣੇ ਗੁਣਾਂ ਨਾਲ ਕੇਤਨ ਦਾ ਦਿਲ ਜਿੱਤ ਕੇ ਉਸਨੂੰ ਅਹਿਸਾਸ ਕਰਵਾ ਦਿੱਤਾ ਸੀ ਖੂਬਸੂਰਤੀ ਚੀਜ਼ਾਂ ਵਿੱਚ ਨਹੀਂ ਸਗੋਂ ਦੇਖ ਵਾਲੇ ਦੀਆਂ ਅੱਖਾਂ ਵਿੱਚ ਹੁੰਦੀ ਹੈ। ਇਹ ਤਾਂ ਸੀ ਹੋਈ ਬੀਤੀ। ਲੜਾਈ, ਝਗੜੇ ਕਿਹੜੇ ਤੀਵੀਂ ਆਦਮੀ ਵਿੱਚ ਨਹੀਂ ਹੁੰਦੇ? ਪਾਸਟ ਇਜ਼ ਪਾਸਟ।  ਹੁਣ ਉਹੀ ਕਮਲਾ ਕੇਤਨ ਲਈ ਮਿਸ ਯੂਨੀਵਰਸ ਹੈ। ਐਨੀ ਮੁਹੱਬਤ ਹੈ ਉਹਨਾਂ ਵਿੱਚ ਕਿ ਪੁੱਛੋਂ ਹੀ ਕੁੱਝ ਨਾ?
ਕੇਤਨ ਨੇ ਪਹਿਲਾ ਪਰੌਠਾਂ ਮੁਕਾ ਕੇ ਦੂਜੇ ਨੂੰ ਵਾਢਾ ਧਰਿਆ ਹੀ ਸੀ ਕਿ ਦਰਖਤ ਉੱਤੇ ਬੈਠੇ ਕਿਸੇ ਪੰਛੀ ਨੇ ਉਸਦੀ ਬਾਂਹ 'ਤੇ ਬਿੱਠ ਕਰ ਦਿੱਤੀ। ਪਰੌਂਠਾ ਡੱਬੇ  ਵਿੱਚ ਰੱਖ ਕੇ ਕੇਤਨ ਨੇ ਪੰਛੀ ਨੂੰ ਹੱਥ ਮਾਰਿਆ ਹਾਅਤ ਕਰਕੇ ਉਡਾਇਆ ਤੇ ਭੁੰਜਿਉਂ ਡੱਕਾ ਚੁੱਕ ਕੇ ਬਿੱਠ ਸਾਫ਼ ਕੀਤੀ। 
"ਸ਼ੁਕਰ ਕਰੋ ਪੰਛੀ ਦਾ ਨਿਸ਼ਾਨਾ ਉਕ ਗਿਐ। ਗਿੱਠ ਕੁ ਦਾ ਫ਼ਰਕ ਰਹਿ ਗਿਆ। ਨਹੀਂ ਤਾਂ ਮੱਖਣੀ ਵਾਂਗੂੰ ਪਰੌਂਠੇ 'ਤੇ ਬਿੱਠ ਪਈ ਹੋਣੀ ਸੀ।" ਕੇਤਨ ਦੇ ਕੋਲ ਬੈਠਾ ਇੱਕ ਬਜ਼ੁਰਗ ਬੋਲਿਆ।
ਦੁਬਾਰਾ ਡੱਬਾ ਪੱਟਾਂ ਵਿੱਚ ਧਰਕੇ ਕੇਤਨ ਨੇ ਖਾਣਾ ਸ਼ੁਰੂ ਕੀਤਾ। ਜਦ ਨੂੰ ਮਿਉਂਸੀਪਲਟੀ ਦਾ ਜਮਾਦਾਰ ਫੁਟਪਾਥ ਸਾਫ਼ ਕਰਨ ਲਈ ਝਾੜੂ ਨਾਲ ਧੂੜ ਉਡਾਉਂਦਾ ਉਧਰ ਆ ਗਿਆ। ਕੇਤਨ ਨੇ ਗਰਦ ਤੋਂ ਆਪਣੀ ਰੋਟੀ ਢੱਕ ਕੇ ਜਮਾਦਾਰ ਨੂੰ ਦਬਕਾ ਮਾਰਿਆ, "ਕਿਹੜੈ ਵੇਲੈ ਐ ਤੇਰਾ, ਉਏ? ਬਿੰਦ ਅੜਕ ਕੇ ਆ ਜਾਂਦਾ? ਦੀਸਦਾ ਨ੍ਹੀਂ ਮੈਂ ਰੋਟੀ ਖਾਨਾਂ? ਮਿੱਟੀ ਨਾ ਉਡਾ।"
"ਤੂੰ ਅਪਨਾ ਕਾਮ ਕਰ ਬਾਬੂ। ਮੁਝੇ ਅਪਨਾ ਕਰਨੇ ਦੇ। ਯੇਹ ਤੇਰੇ ਬਾਪ ਕਾ ਹੋਟਲ ਨਹੀਂ ਹੈ ਜਹਾਂ ਬੈਠ ਕਰ ਤੂੰ ਖਾਹ ਰਹਾ ਹੈ।"
ਜਮਾਦਰ ਦੇ ਜ਼ਿਆਦਾ ਮੂੰਹ ਲੱਗਣ ਨਾਲੋਂ ਕੇਤਨ ਉਥੋਂ ਚੱਲ ਪਿਆ।
ਅਰਾਮ ਨਾਲ ਬੈਠ ਕੇ ਖਾਣਾ ਖਾਣ ਲਈ ਕੇਤਨ ਜਗ੍ਹਾ ਤਲਾਸ਼ਦਾ ਹੋਇਆ ਇੱਕ ਢਾਬੇ ਨੁਮਾ ਰੈਸਟੋਰੈਂਟ ਮੂਹਰੇ ਆ ਗਿਆ। ਉਹਨੇ ਅੰਦਰ ਨਜ਼ਰ ਮਾਰੀ ਇੱਕ ਮੇਜ਼ ਤੇ ਦੋ ਤਿੰਨ ਬੰਦੇ ਮਿਠਆਈ ਨਾਲ ਚਾਹ ਪੀ ਰਹੇ ਸਨ। ਬਾਕੀ ਮੇਜ਼ ਕੁਰਸੀਆਂ ਖਾਲੀ ਸਨ।  
ਅੰਦਰ ਬੈਠਣ ਲਈ ਇੱਕ ਤਾਂ ਚਾਹ ਦਾ ਪੱਜ ਬਣ ਜਾਏਗਾ। ਦੂਜਾ ਰੋਟੀ ਦੇ ਉਤੋਂ ਦੀ ਚਾਹ ਪੀਣ ਨਾਲ ਰੋਟੀ ਹਜ਼ਮ ਹੋ ਜਾਏਗੀ। ਆਪਣੇ ਆਪ ਨਾਲ ਸਲਾਹ ਕਰਕੇ ਕੇਤਨ ਅੰਦਰ ਲੰਘ ਗਿਆ।
"ਇੱਕ ਕੱਪ ਦੁੱਧ 'ਚ ਮਿੱਠਾ ਰੋਕ ਕੇ ਤੇ ਪੱਤੀ ਠੋਕ ਕੇ ਲਿਆ ਵਈ ਓਏ ਛੋਟੇ।" ਮੁੰਡੂ ਨੂੰ ਆਡਰ ਦੇ ਕੇ ਉਹਨੇ ਮੇਜ਼ ਮੱਲ ਲਿਆ।
ਅਜੇ ਕੇਤਨ ਆਪਣਾ ਟਿਫਿੰਨ ਖੋਲ੍ਹ ਹੀ ਰਿਹਾ ਸੀ ਕਿ ਹੋਟਲ ਦਾ ਮਾਲਕ ਆ ਗਿਆ, "ਭਾਈ ਸਾਹਿਬ ਕਿਆ ਕਰਤੇ ਹੈਂ? ਜਹਾਂ ਨਹੀਂ ਖਾਹ ਸਕਤੇ ਆਪ।"
"ਕਿਉਂ? ਮੈਨੇ ਤੁਮ ਸੇ ਚਾਏ ਲੇਨੀ ਹੈ?"
"ਤੋ ਰੋਟੀ ਭੀ ਹਮੀ ਸੇ ਖਰੀਦ ਕੇ ਖਾਉ।"
 "ਮੇਰੇ ਪਾਸ ਤੋ ਅਪਨੀ ਹੈ। ਮੈਂ ਘਰ ਸੇ ਸਾਥ ਲਾਇਆ ਥਾ।"
"ਫਿਰ ਘਰ ਮੇ ਜਾ ਕਰ ਹੀ ਖਾਹ ਨਾ? ਜਹਾਂ ਕਿਉਂ ਆ ਗਿਆ ਹੈ?"
 "ਮਗਰ…?"
"ਅਗਰ ਮਗਰ ਕੁੱਝ ਨਹੀਂ। ਮੇਰਾ ਸਰ ਮੱਤ ਚਾਟ। ਜੈਸਾ ਮੈਂ ਕਹਿਤਾ ਤੂੰ ਵੈਸਾ ਕਰ। ਵਰਨਾ ਚੱਲ ਫੂਟ।"
ਕੇਤਨ ਵੀ ਗਰਮੀ ਵਿੱਚ ਆ ਗਿਆ, "ਠੀਕ ਹੈ। ਚਾਏ ਕਾ ਆਡਰ ਭੀ ਕੈਂਸਲ।"
"ਜਾਨੇ ਕਹਾਂ-ਕਹਾਂ ਸੇ ਮੂੰਹ ਉੱਠਾ ਕਰ ਆ ਜਾਤੇ ਹੈਂ। ਨਮੂਨੇ ਕਹੀਂ ਕੇ।"
ਟਿਫਿੰਨ ਬੰਦ ਕਰਕੇ ਕੇਤਨ ਨੇ ਝੋਲੇ ਵਿੱਚ ਪਾਇਆ ਤੇ ਉਥੋਂ ਉੱਠ ਕੇ ਤੁਰ ਪਿਆ, "ਚੱਲ ਬਈ ਕੇਤਨਾ, ਰੋਜ਼ੀ ਕੋਲ ਹੀ ਚਲਦੇ ਹਾਂ। ਉਹੀ ਮਿਤਰਾਂ ਦੇ ਫੁੱਲਕੇ ਨੂੰ ਖੰਡ ਦਾ ਪ੍ਰੇਥਣ ਲਾਊ। ਨਹੀਂ ਹੋਰ ਕਿਸੇ ਨੇ ਨਹੀਂ ਤੈਨੂੰ ਸੁਆਦ ਨਾਲ ਲੰਗਰ ਝੁਲਸਣ ਦੇਣਾ।"
ਸੜਕ 'ਤੇ ਆ ਕੇ ਕੇਤਨ ਨੇ ਆਟੋ-ਰਿਕਸ਼ਾ ਨੂੰ ਹੱਥ ਮਾਰ ਕੇ ਬੁਲਾਇਆ ਤੇ ਰੋਜ਼ੀ ਦਾ ਸਿਰਨਾਵਾਂ ਦੱਸ ਕੇ ਉਸ ਵਿੱਚ ਬੈਠ ਗਿਆ। ਰਸਤੇ ਵਿੱਚ ਸਤਾਰਾਂ ਸੈਕਟਰ ਦੇ ਸ਼ਾਪਿੰਗ ਪਲਾਜ਼ਾ ਵਿੱਚ ਰੁੱਕ ਕੇ ਇੱਕ ਮਿਠਿਆਈ ਦੀ ਦੁਕਾਨ ਤੋਂ ਬਰਫੀ ਅਤੇ ਇੱਕ ਫੁੱਲ ਵੀ ਖਰੀਦਿਆ। ਲੈਣਾ ਤਾਂ ਕੇਤਨ ਫੁੱਲਾਂ ਦਾ ਗੁੱਛਾਂ ਹੀ ਚਾਹੁੰਦਾ ਸੀ। ਪਰ ਮਹਿੰਗਾ ਹੋਣ ਕਰਕੇ ਉਹਦੀ ਹਿੰਮਤ ਨਹੀਂ ਪਈ। 
ਸੜਕਾਂ, ਬਜ਼ਾਰਾਂ ਨੂੰ ਪਾਰ ਕਰਕੇ ਗਲੀਆਂ ਮੁਹੱਲਿਆਂ ਵਿੱਚ ਦੀ ਹੁੰਦੀ ਹੋਈ ਆਟੋ ਇੱਕ ਆਲੀਸ਼ਾਨ ਕੋਠੀ ਮੂਹਰੇ ਆ ਕੇ ਰੁੱਕੀ ਤਾਂ ਕੇਤਨ ਦੀਆਂ ਰੁਕੀਆਂ ਧੜਕਣਾਂ ਚੱਲ ਪਈਆਂ। ਆਟੋ ਵਾਲੇ ਨੂੰ ਬਣਦਾ ਭਾੜਾ ਦੇ ਕੇ ਫ਼ਾਰਗ ਕਰਦਿਆਂ ਉਹਨੇ ਕੋਠੀ ਦੀ ਬੈਲ ਜਾ ਖੜਕਾਈ। 
ਖਾਸੇ ਚਿਰ ਤੱਕ ਕੋਈ ਦਰਵਾਜ਼ਾ ਖੋਲ੍ਹਣ ਨਾ ਆਇਆ। ਕੇਤਨ ਅੱਡੀਆਂ ਚੁੱਕ ਕੇ ਗੇਟ ਉੱਪਰ ਦੀ ਅੰਦਰ ਝਾਕਿਆ। ਉਹਨੂੰ ਅੰਦਰ ਕੋਈ ਦਿਖਾਈ ਨਾ ਦਿੱਤਾ। ਸਵਿੱਚ ਵਿੱਚ ਅੰਗੂਠਾ ਖਭੋਅ ਕੇ ਉਹਨੇ ਘੰਟੀ ਦੀ ਚੰਗੀ ਸ਼ਾਮਤ ਲਿਆਂਦੀ। ਜਦ ਫੇਰ ਵੀ ਕੋਈ ਨਾ ਨਿਕਲਿਆ ਤਾਂ ਉਸਨੂੰ ਯਕੀਨ ਹੋ ਗਿਆ ਕਿ ਘਰੇ ਕੋਈ ਵੀ ਨਹੀਂ ਹੈ, "ਲਉ ਅੱਜ ਸ਼ਿਕਾਰ ਨਿਕਲਿਐ ਤਾਂ ਕੁੱਤੀ ਨੂੰ ਮੂਤ ਆ ਗਿਐ। ਹੋ ਸਕਦੈ ਰੋਜ਼ੀ ਮੋਗੇ ਨੂੰ ਚਲੀ ਗਈ ਹੋਵੇ? ਕਈ ਵਰ੍ਹੇ ਹੋ ਗਏ ਹਨ ਉਹਨੇ ਕਦੇ ਗੇੜਾ ਵੀ ਤਾਂ ਨਹੀਂ ਮਾਰਿਆ।"
ਨਿਰਾਸ਼ ਹੋ ਕੇ ਕੇਤਨ ਮੁੜਨ ਹੀ ਲੱਗਿਆ ਸੀ ਕਿ ਉਹਦੇ ਦਿਮਾਗ ਵਿੱਚ ਆਇਆ ਕਿ ਜੇ ਘਰਵਾਲੇ ਕਿਤੇ ਲਾਮ-ਸ਼ਾਮ ਗਏ ਹੁੰਦੇ ਤਾਂ ਬਾਹਰ ਜ਼ਿੰਦਾ ਲਟਕਦਾ ਹੋਣਾ ਸੀ। ਜੇ ਰੋਜ਼ੀ ਘਰੇ ਨਹੀਂ ਤਾਂ ਉਹਦੀ ਸੱਸ ਤਾਂ ਹੋਣੀ ਚਾਹੀਦੀ ਹੈ? ਰਾਕੇਸ਼ ਤਾਂ ਮੰਨਿਆ ਦਿਨ ਵੇਲੇ ਆਪਣਾ ਕਾਰੋਬਾਰ ਸਾਂਭਦਾ ਹੈ ਤੇ ਬੱਚੇ ਡਲਹੌਜੀ ਹੋਸਟਲ ਵਿੱਚ ਪੜ੍ਹਦੇ ਹਨ।
ਕੇਤਨ ਨੇ ਉਮੀਦ ਲੈ ਕੇ ਦੁਬਾਰਾ ਘੰਟੀ ਦਾ ਬਟਨ ਦਬਾਇਆ। ਇਸ ਵਾਰ ਅੰਦਰੋਂ ਇੱਕ ਬਿਰਧ ਇਸਤਰੀ ਨਿਕਲੀ। ਰੋਜ਼ੀ ਦੀ ਸੱਸ ਨੂੰ ਉਹ ਪਹਿਚਾਣਦਾ ਸੀ। ਪਰ ਉਹ ਕੇਤਨ ਨੂੰ ਨਹੀਂ ਸੀ ਜਾਣਦੀ। 
ਬੁੜ੍ਹੀ ਦੇ ਗੇਟ ਖੋਲ੍ਹਣ ਸਾਰ ਕੇਤਨ ਨੇ ਨਮਸਕਾਰ ਕੀਤੀ, "ਮਾਤਾ ਜੀ, ਪੈਰੀਂ ਪੈਨਾਂ।"
"ਕਿੱਥੇ ਰਹਿਨੈਂ? ਨਿਗਾਹ ਹੈਨੀ ਮੇਰੀ। -ਸਿਆਣਿਆ ਨ੍ਹੀਂ। -ਕੀਹਨੂੰ ਮਿਲਣੈ?" ਅੱਖਾਂ 'ਤੇ ਹੱਥ ਰੱਖੀ ਬੁੜ੍ਹੀ ਉੱਚੀ-ਉੱਚੀ ਬੋਲ ਰਹੀ ਸੀ।
ਕੇਤਨ ਨੇ ਮਨ ਵਿੱਚ ਆਇਆ, "ਠੀਕ ਹੈ, ਨਹੀਂ ਦੀਹਦਾਂ। ਪਰ ਧੀਮਾ ਨਹੀਂ ਬੋਲ ਸਕਦੀ? ਕਿੱਲਦੀ ਕਿਉਂ ਐ? ਮੈਂ ਕਿਤੇ ਬੋਲ੍ਹਾਂ?" 
ਕੇਤਨ ਆਪਣੀ ਜਾਣ-ਪਹਿਚਾਣ ਕਰਵਾਉਣ ਹੀ ਲੱਗਿਆ ਸੀ ਕਿ ਅੰਦਰੋਂ ਹੱਥ ਵਿੱਚ ਲਿੱਬੜੀ ਹੋਈ ਕੜਸ਼ੀ ਫੜ੍ਹੀ ਰੋਜ਼ੀ ਬਾਹਰ ਆ ਗਈ। ਕੇਤਨ ਨੂੰ ਦੇਖ ਕੇ ਬਾਗੋਬਾਗ ਹੋਈ ਰੋਜ਼ੀ ਦਾ ਮੂੰਹ ਇੰਝ ਲੱਗਦਾ ਸੀ ਜਿਵੇਂ ਡੋਡੀ ਵਿੱਚੋਂ ਕੋਈ ਕਲੀ ਹੁਣੇ-ਹੁਣੇ ਬਾਹਰ ਨਿਕਲੀ ਹੋਵੇ। 
ਨਮਸਤੇ ਕਰਕੇ ਰੋਜ਼ੀ ਆਪਣੀ ਸੱਸ ਨਾਲ ਕੇਤਨ ਦਾ ਤਾਰੁਫ ਕਰਵਾਉਣ ਲੱਗੀ, "ਇਹ ਵੀਰ ਜੀ ਮੋਗੇ ਤੋਂ ਨੇ। ਮੇਰੇ ਪੇਕਿਆਂ ਦੇ ਘਰ ਨੇੜੇ ਰਹਿੰਦੇ ਨੇ।" 
"ਓ ਅੱਛਾ ਅੱਛਾ। ਜੀਉਂਦਾ ਰਹਿ ਪੁੱਤ। ਦਰਾਂ 'ਚ ਕਿਉਂ ਖੜ੍ਹੈਂ? ਅੰਦਰ ਆ ਜਾਹ।" ਬੁੜ੍ਹੀ ਨੇ ਕੇਤਨ ਦਾ ਸਿਰ ਪਲੋਸਿਆ।
ਇੱਕ ਪਲ ਲਈ ਤਾਂ ਕੇਤਨ ਨੂੰ ਰੋਜ਼ੀ ਦੇ ਵੀਰ ਜੀ ਕਹਿਣ 'ਤੇ ਗੁੱਸਾ ਆਇਆ। --"ਹੋਰ ਉਹ ਆਪਣੀ ਸੱਸ ਨੂੰ ਕੀ ਦੱਸਦੀ, ਬਈ ਤੂੰ ਉਹਦਾ ਆਸ਼ਕ ਐਂ?" ਕੇਤਨ ਦੇ ਅੰਦਰੋਂ ਕੋਈ ਬੋਲਿਆ ਤੇ ਜਿਵੇਂ ਉਹਨੂੰ ਗੁੱਸਾ ਚੜਿਆ ਸੀ ਉਵੇਂ ਹੀ ਲੱਥ ਗਿਆ। ਸਦਾਚਾਰ ਕਾਇਮ ਰੱਖਣ ਲਈ ਸਮਾਜ ਨੇ ਰਿਸ਼ਤੇ ਬਣਾਏ ਹਨ। ਪਰ ਬਦਕਾਰ ਬੰਦੇ ਦੁਰਾਚਾਰ ਫੈਲਾਉਣ ਲਈ ਝੂਠੇ ਰਿਸ਼ਤੇ ਫੜ੍ਹ ਲੈਂਦੇ ਹਨ।  ਨਜਾਇਜ਼ ਸੰਬੰਧਾਂ ਨੂੰ ਜਾਇਜ਼ ਦਿਖਾਉਣ ਲਈ ਪਵਿੱਤਰ ਰਿਸ਼ਤੇ ਦਾ ਨਕਾਬ ਤਾਂ ਪਹਿਨਾਉਣਾ ਹੀ ਪੈਣਾ ਸੀ।
ਕੇਤਨ ਨੂੰ ਅੰਦਰ ਵਾੜ ਕੇ ਰੋਜ਼ੀ ਨੇ ਦਰਵਾਜ਼ਾ ਬੰਦ ਕਰ ਦਿੱਤਾ, "ਮੈਂ ਸਬਜ਼ੀ ਬਣਾਉਂਦੀ ਸੀ। ਹੋਰ ਕੋਈ ਘਰ ਨਹੀਂ ਸੀ। ਮਾਂ ਜੀ ਦਾ ਬੋਲ ਸੁਣਿਆ। ਮੈਂ ਕਿਹਾ ਦੇਖਾਂ, ਕਿਸੇ ਨਾਲ ਲੜ੍ਹ ਹੀ ਨਾ ਪਏ ਹੋਣ। ਮਾਂ ਜੀ ਨੂੰ ਥੋੜ੍ਹਾ ਜਿਹਾ ਉੱਚਾ ਸੁਣਦੈ।" 
"ਹੋਰ ਕੀ ਚਾਹੀਦੈ? ਮੌਜ਼ ਲੱਗ ਗਈ ਆਪਾਂ ਨੂੰ। ਜਿਹੜੀ ਬੁੜ੍ਹੀ ਨੂੰ ਨਾ ਚੱਜ ਨਾਲ ਸੁਣਦੈ ਤੇ ਨਾ ਦੀਂਹਦੈ। ਇਹੋ ਜਿਹੀ ਤਾਂ ਹੋਈ, ਨਾ ਹੋਈ ਇੱਕ ਬਰੋਬਰ ਆ।" ਚਿੱਤ ਵਿੱਚ ਵਿਉਂਤਾਂ ਲਾਉਂਦਿਆਂ ਕੇਤਨ ਨੇ ਥੈਲੇ ਵਿੱਚੋਂ ਮਠਿਆਈ ਦਾ ਡੱਬਾ ਕੱਢਿਆ।
"ਇਹ ਕੀ?" ਰੋਜ਼ੀ ਨੇ ਮਠਿਆਈ ਫੜ੍ਹਨ ਵਿੱਚ ਝਿਜਕ ਮਹਿਸੂਸ ਕੀਤੀ। ਅਜੇ ਉਹ ਸੌਗਾਤ ਕਬੂਲਣ ਜਾਂ ਅਸਵਿਕਾਰਨ ਦਾ ਫੈਸਲਾ ਕਰ ਹੀ ਰਹੀ ਸੀ ਕਿ ਉਹਦੀ ਸੱਸ ਨੇ ਕੇਤਨ ਦੇ ਹੱਥੋਂ ਡੱਬਾ ਝਪਟ ਕੇ ਖੋਹ ਲਿਆ, "ਖੇਚਲ ਕਰਨ ਦੀ ਕੀ ਲੋੜ੍ਹ ਸੀ?"
"ਖੇਚਲ ਨੂੰ ਤਾਂ ਕੀ ਐ ਮਾਤਾ ਜੀ। ਭੈਣ ਦੇ ਘਰੇ ਖਾਲੀ ਹੱਥ ਆਉਂਦਾ ਕਿਤੇ ਚੰਗਾ ਲੱਗਦਾ ਸੀ?"
ਬੁੜ੍ਹੀ ਅੰਦਰ ਨੂੰ ਤੁਰ ਪਈ। ਕੇਤਨ ਨੇ ਮੌਕਾ ਤਾੜਦਿਆਂ ਬਰਾਬਰ ਜਾਂਦੀ ਰੋਜ਼ੀ ਨੂੰ ਫੱਟਾਫੱਟ ਕੱਢ ਕੇ ਫੁੱਲ ਫੜਾਉਂਦਿਆ ਬਿਨਾਂ ਬੋਲਿਆਂ ਮੂਕ ਰੂਪ ਵਿੱਚ ਕਿਹਾ, "ਰੋਜ਼ ਫਾਰ ਰੋਜ਼।"
ਕੁੱਝ ਵਰ੍ਹੇ ਪਹਿਲਾਂ ਇਹੀ ਫਿਕਰਾ ਸੁਣਨ ਦੀ ਆਦੀ ਹੋਣ ਕਰਕੇ ਰੋਜ਼ੀ ਨੂੰ ਕੇਤਨ ਦੇ ਹਿੱਲਦੇ ਬੁੱਲ੍ਹ ਦੇਖ ਕੇ ਸਮਝਣ ਵਿੱਚ ਕੋਈ ਕਠਿਨਾਈ ਨਾ ਆਈ। ਉਹਨੇ ਝੱਟ ਦੇਣੇ ਫੜ੍ਹ ਕੇ ਫੁੱਲ੍ਹ ਆਪਣੀ ਸਾੜੀ ਦੇ ਲਮਕਦੇ ਪੱਲੇ ਵਿੱਚ ਲੁਕਾਅ ਲਿਆ। 
ਬੁੜ੍ਹੀ ਦੀ ਪਿੱਠ ਹੋਣ ਕਰਕੇ ਕੇਤਨ ਨੇ ਫੁੱਲ ਪਕੜਾਉਣ ਬਾਅਦ ਵਿਹਲਾ ਹੋਇਆ ਹੱਥ ਰੋਜ਼ੀ ਦੀ ਕਮਰ ਵਿੱਚ ਪਾ ਕੇ ਉਸਨੂੰ ਆਪਣੇ ਕਰੀਬ ਖਿਚਿਆ। 
"ਮਾਂ ਜੀ ਦੇਖ ਲੈਣਗੇ।" ਮੱਧਮ ਜਿਹੇ ਬੋਲਾਂ ਨਾਲ ਸੂਚੇਤ ਕਰਨ ਬਾਅਦ ਕੇਤਨ ਦੇ ਹੱਥਾਂ ਨੂੰ ਝਟਕ ਕੇ ਰੋਜ਼ੀ ਉਸਦੀ ਬਗਲ ਚੋਂ ਇਉਂ ਪਰ੍ਹਾਂ ਹੋਈ ਜਿਵੇਂ ਕੋਈ ਸਪਰਿੰਗ ਘੁੱਟਣ ਪਸਚਾਤ ਛੱਡੇ ਤੋਂ ਖੁੱਲ੍ਹ ਕੇ ਬੁੜਕਦਾ ਹੁੰਦਾ ਹੈ। ਲੱਕ ਤੋਂ ਹੱਥ ਚੁਕਾਉਣ ਲਈ ਕੇਤਨ ਦੀ ਬਾਂਹ ਉੱਤੇ ਧੱਫਾ ਮਾਰਨ ਵਕਤ ਰੋਜ਼ੀ ਦੀਆਂ ਚੂੜੀਆਂ ਛਣਕੀਆਂ ਤਾਂ ਬੁੜ੍ਹੀ ਨੇ ਇੱਕਦਮ ਪਿੱਛੇ ਮੁੜ ਕੇ ਇਉਂ ਦੇਖਿਆ, ਜਿਵੇਂ ਉਹ ਚੂੜੀਆਂ ਦੇ ਸ਼ੋਰ ਪੈਦਾ ਕਰਨ ਦੀ ਵਜ੍ਹਾ ਦੀ ਤਫਤੀਸ਼ ਕਰਨੀ ਚਾਹੁੰਦੀ ਹੋਵੇ।
ਰੋਜ਼ੀ ਸਭ ਤੋਂ ਅੱਗੇ ਨਿਕਲ ਕੇ, ਮਹਿਮਾਨ ਕਮਰੇ ਦਾ ਦਰਵਾਨਾ ਵਾਂਗ ਬੂਹਾ ਖੋਲ੍ਹ ਕੇ ਖੜ੍ਹ ਗਈ। ਬੁੜ੍ਹੀ ਦੇ ਲੰਘ ਜਾਣ ਬਾਅਦ ਜਦ ਕੇਤਨ ਲੰਘਣ ਲੱਗਿਆ ਤਾਂ ਰੋਜ਼ੀ ਨੇ ਉਹਦੇ ਕੰਨ ਵਿੱਚ ਕਾਨਾਫੂਸੀ ਕੀਤੀ, "ਮਰਵਾ ਦੇਣਾ ਸੀ ਨਾ ਹੁਣੇ ਹੀ?"
ਕੇਤਨ ਮੁਸਕਰਾ ਕੇ ਅੰਦਰ ਲੰਘ ਗਿਆ। ਬੁੜ੍ਹੀ ਕੋਲ ਸੋਫਾ ਕੁਰਸੀ ਤੇ ਕੇਤਨ ਨੂੰ ਬੈਠਾ ਕੇ ਰੋਜ਼ੀ ਉਥੋਂ ਚਲੀ ਗਈ।
ਬੁੜ੍ਹੀ ਕੇਤਨ ਵੱਲ ਦੇਖਦੀ ਰਹੀ ਤੇ ਕੇਤਨ ਨੀਵੀਂ ਪਾ ਕੇ ਇੰਝ ਬੈਠਾ ਰਿਹਾ ਜਿਵੇਂ ਉਹਨੂੰ ਸੰਗ ਲੱਗਦੀ ਹੋਵੇ। ਕੇਤਨ  ਨੂੰ ਘਬਰਾਹਟ ਹੋ ਰਹੀ ਸੀ। ਉਹ ਬੁੜ੍ਹੀ ਤੋਂ ਇਉਂ ਡਰ ਰਿਹਾ ਸੀ ਜਿਵੇਂ ਕੋਈ ਜੇਬ ਕਤਰਾਂ ਕੋਤਵਾਲ ਤੋਂ ਤ੍ਰਹਿਦਾ ਹੁੰਦਾ ਹੈ। ਕੇਤਨ ਨੂੰ ਕਮਰੇ ਵਿੱਚ ਐਨੀ ਘੁੱਟਨ ਮਹਿਸੂਸ ਹੁੰਦੀ ਸੀ ਕਿ ਉਹਦਾ ਚਿੱਤ ਕਰੇ ਉਹ ਕਮਰੇ ਤੋਂ ਬਾਹਰ ਭੱਜ ਜਾਵੇ। ਉਹ ਚਾਹੁੰਦਾ ਸੀ ਕਿ ਬੁੜ੍ਹੀ ਉਹਦੇ ਨਾਲ ਕੋਈ ਗੱਲ ਕਰੇ। ਕੋਈ ਵੀ। ਹੋਰ ਨਹੀਂ ਤਾਂ ਰੋਜ਼ੀ ਦੇ ਮਾਂ, ਪਿਉ, ਭੈਣਾਂ, ਭਰਾਵਾਂ ਬਾਰੇ ਹੀ ਕੁੱਝ ਪੁੱਛੇ। ਪਰ ਬੁੜ੍ਹੀ ਸ਼ਾਇਦ ਆਪ ਖਾਮੋਸ਼ ਰਹਿ ਕੇ ਕੇਤਨ ਨੂੰ ਬੋਲਣ ਦਾ ਮੌਕਾ ਦੇ ਰਹੀ ਸੀ।
"ਚੰਡੀਗੜ੍ਹ ਆਇਆ ਸੀ ਸੋਚਿਆ ਮਿਲਦਾ ਚੱਲਾਂ।" ਕੇਤਨ ਨੇ ਆਪਣੇ ਆਉਣ ਦਾ ਸਬੱਬ ਦੱਸਿਆ ਤਾਂ ਬੁੜ੍ਹੀ ਨੇ ਕੋਈ ਪ੍ਰਭਾਵ ਨਾ ਦਿੱਤਾ। ਗੋਇਆ ਉਹਨੂੰ ਕੁੱਝ ਸੁਣਿਆ ਹੀ ਨਾ ਹੋਵੇ। ਕੇਤਨ ਨੂੰ ਕਮਰੇ ਵਿਚਲੀ ਹੁੰਮਸ ਹੋਰ ਵੀ ਵੱਧ ਗਈ ਪ੍ਰਤੀਤ ਹੋਈ। 
ਰੋਜ਼ੀ ਨੂੰ ਕੋਕਾ-ਕੋਲਾ ਲਈ ਆਉਂਦੀ ਦੇਖ ਕੇ ਕੇਤਨ ਨੂੰ ਸੁਖਾਲਾ ਸਾਹ ਆਉਣ ਲੱਗਿਆ।
"ਜਦ ਤਕ ਚਾਹ ਬਣਦੀ ਹੈ, ਠੰਡਾ ਪੀਉ।" ਇੱਕ ਗਿਲਾਸ ਕੇਤਨ ਨੂੰ ਦੇ ਕੇ ਰੋਜ਼ੀ ਨੇ ਦੂਜਾ ਆਪਣੀ ਸੱਸ ਅੱਗੇ ਕਰ ਦਿੱਤਾ।
"ਨਾ। ਮੈਂ ਨe੍ਹੀਂ ਪੀਣਾ। ਮੇਰੀਆਂ ਤਾਂ ਨਾਸਾਂ ਨੂੰ ਇਹਦੀ ਗੈਸ ਜਿਹੀ ਚੜ੍ਹਦੀ ਰਹਿੰਦੀ ਹੈ।"
 ਸੱਸ ਦੇ ਠੁਕਰਾਉਣ ਬਾਅਦ ਰੋਜ਼ੀ ਉਹੀ ਗਿਲਾਸ ਆਪ ਪੀਣ ਦੇ ਬਹਾਨੇ ਨਾਲ ਬੈਠਣ ਬਾਰੇ ਸੋਚ ਰਹੀ ਸੀ ਕਿ ਬੁੜ੍ਹੀ ਨੇ ਉੱਠ ਕੇ ਟਰੈਅ ਚੋਂ ਗਿਲਾਸ ਚੁੱਕ ਲਿਆ, "ਕਿੱਥੇ ਮੋੜ ਕੇ ਲਿਜਾਂਦੀ ਫਿਰੇਂਗੀ? ਦੋ ਘੁੱਟਾਂ ਤਾਂ ਹੈਨ- ਚੱਲ ਪੀ ਕੇ ਕੰਮ ਨਿਬੇੜਦੀ ਆਂ।" 
ਖਾਲੀ ਗਿਲਾਸ ਚੁੱਕਣ ਦੇ ਇੰਤਜ਼ਾਰ ਵਿੱਚ ਰੋਜ਼ੀ ਉਥੇ ਹੀ ਟਰੈਅ ਫੜ੍ਹ ਕੇ ਖੜ੍ਹੀ ਰਹੀ। ਬੁੜ੍ਹੀ ਤਾਂ ਗਿਲਾਸ ਮੂੰਹ ਨੂੰ ਲਾ ਕੇ ਗਟਾਗਟ ਪੀ ਗਈ। ਪਰ ਕੇਤਨ ਬੜੀ ਸਹਿਜਤਾ ਨਾਲ ਇਉਂ ਤੁਪਕਾ-ਤੁਪਕਾ ਕਰਕੇ ਪੀ ਰਿਹਾ ਸੀ ਜਿਵੇਂ ਉਹ ਠੰਡਾ-ਠਾਰ ਕੋਕਾ-ਕੋਲਾ ਨਹੀਂ ਬਲਕਿ ਕੋਈ ਤੱਤੀ ਚਾਹ ਜਾਂ ਦੁੱਧ ਹੋਵੇ। 
ਕੇਤਨ ਟੇਡੀ ਜਿਹੀ ਅੱਖ ਨਾਲ ਝਾਕਦਾ ਹੋਇਆ ਰੋਜ਼ੀ ਨੂੰ ਨਿਹਾਰ ਕੇ ਉਸ ਵਿੱਚ ਆਏ ਬਦਲਾਉ ਦਾ ਲੇਖਾ-ਜੋਖਾ ਕਰਨ ਲੱਗ ਪਿਆ, "ਹੂੰਅ! ਸਾੜੀ ਲਾਈ, ਵਾਲ ਕਟਾਈ ਇੰਦਰਾ ਗਾਂਧੀ ਈ ਬਣੀ ਖੜ੍ਹੀ ਆ। ਰਾਜੀਵ-ਸੋਨੀਆਂ ਦੀ ਬੁੜ੍ਹੀ, ਪ੍ਰਿਅੰਕਾ ਗਾਂਧੀ ਵਰਗੀ ਛਮਕ ਜਿਹੀ ਹੁੰਦੀ ਸੀ। ਕਿੰਨਾ ਅੰਤਰ ਆ ਗਿਆ ਹੈ ਇਸ ਰੋਜ਼ੀ ਤੇ ਉਸ ਰੋਜ਼ੀ ਵਿੱਚ। ਕਲੀ ਤੋਂ ਪੂਰਣਰੂਪ ਵਿੱਚ ਖਿੜਿਆ ਹੋਇਆ ਫੁੱਲ ਬਣੀ ਪਈ ਆ। ਪਤਲੀ-ਪਤੰਗ ਜਿਹੀ ਹੁੰਦੀ ਸੀ। ਹੁਣ ਤਾਂ ਊਈਂ ਫੁੱਲ ਕੇ ਥੁੱਲਥਲਾ ਜਿਹੀ ਬਣੀ ਪਈ ਆ। ਗੱਲ੍ਹਾਂ ਅਤੇ ਠੋਡੀ ਹੇਠੋਂ ਕਿਵੇਂ ਮਾਸ ਢਿਲਕਿਆ ਪਿਐ? ਜਮਾਂ ਈ ਜੈ ਲੀਲਤਾ ਅਰਗੀ ਲੱਗਦੀ ਐ। ਹਾਂ ਰੰਗ ਜ਼ਰੂਰ ਅੱਗੇ ਨਾਲੋਂ ਗੋਰਾ ਨਿਕਲਿਆ ਵਿਐ। ਅੰਤਾਂ ਦੀ ਹੁਸੀਨ ਹੁੰਦੀ ਸੀ। ਨਾਸ ਈ ਮਾਰਿਆ ਪਿਐ ਰਾਕੇਸ਼ ਨੇ। ਨਹੀਂ ਰਾਕੇਸ਼ ਨਹੀਂ। ਰਾਖਸ਼ਿਸ਼ ਹੀ ਹੈ ਰਾਖਸ਼ਿਸ਼, ਜਿਹੜਾ ਮੇਰੀ ਰਾਜਕੁਮਾਰੀ ਨੂੰ ਆਪਣੀ ਕੈਦ 'ਚ ਤਾੜੀ ਬੈਠੈ।" 
ਕੇਤਨ ਦਾ ਜੀਅ ਕਰਦਾ ਸੀ ਉਹ ਰੋਜ਼ੀ ਨੂੰ ਕਹੇ, "ਤੂੰ ਖਿਆਲ ਰੱਖਿਆ ਕਰ ਆਪਣਾ। ਪੇਂਡੂ ਤੀਵੀਂਆਂ ਵਾਂਗੂੰ ਰੁਲੀ ਪਈ ਏਂ। ਪੜ੍ਹੀ- ਲਿੱਖੀ ਹੋਈ ਏਂ। ਬਣ-ਠਣ ਕੇ ਰਿਹਾ ਕਰ। ਜਿਵੇਂ ਮੱਝ ਖਰੀਦਣ ਵੇਲੇ ਵਪਾਰੀ ਵੱਡਾ ਚੱਡਾ ਤੇ ਬਹੁਤੇ ਦੁੱਧ ਦੇ ਨਾਲ-ਨਾਲ ਕਿੱਲੇ 'ਤੇ ਖੜ੍ਹੀ ਸੋਹਣੀ ਲੱਗਣ ਵਾਲੀ ਮੈਸ ਨੂੰ ਹੀ ਚੁਣਦੇ ਹਨ, ਉਵੇਂ ਆਦਮੀ ਵੀ ਘਰ-ਬਾਰ ਸਾਂਭਣ ਤੇ ਸੇਜ ਦੇਣ ਤੋਂ ਬਿਨਾਂ ਜਨਾਨੀ ਦਾ ਸੁਹੱਪਣ ਵੀ ਦੇਖਦੈ। ਹਾਂ ਸੱਚ, ਨਾਲੇ ਤਿੱਖੇ ਕੱਪ ਵਾਲਾ ਸਹੀ ਅਕਾਰ ਦਾ ਬਰੈਜ਼ੀਅਰ ਪਾਇਆ ਕਰ। ਉਹਦੇ ਨਾਲ ਤੇਰੇ ਸਤਨਾਂ ਦੀ ਸ਼ੇਪ ਆਕਾਰਸ਼ਕ ਬਣੂੰਗੀ। ਦੇਖ ਕਿਵੇਂ ਊਠ ਦੇ ਬੁੱਲ੍ਹਾਂ ਵਾਂਗਰ ਤੇਰੇ ਥਣ ਢਿਲਕੇ ਪਏ ਨੇ। -ਮੌਸਚਰਾਈਜਰ ਲੋਸ਼ਨ ਜਾਂ ਕਰੀਮ ਵਰਤਿਆ ਕਰ। ਦੇਖ ਕਿੰਨੀ ਖੁਸ਼ਕ ਹੋਈ ਪਈ ਆ ਤੇਰੀ ਚਮੜੀ। ਨਹੁੰਦਰ ਮਾਰੀ 'ਤੇ ਮਾਸ ਉੱਪਰ ਚਿੱਟੀ ਲੀਕ ਛਪ ਜਾਂਦੀ ਆ। ਕਦੇ ਐਨੀ ਚਿਕਨੀ ਹੁੰਦੀ ਸੀ ਕਿ ਤੇਰੇ ਅੰਗਾਂ ਤੋਂ ਨਿਗਾਹ ਤਿਲਕ ਜਾਂਦੀ ਹੁੰਦੀ ਸੀ। -ਨਿਆਣੇ ਨੂੰ ਦੁੱਧ ਚੁੰਘਾਉਣ ਨਾਲ ਛਾਤੀਆਂ ਦਾ ਆਕਾਰ ਵਿਗੜ ਜਾਂਦੈ। ਕੰਮ-ਧੰਦਿਆਂ 'ਚ ਤੇਰੀ ਤਾਂ ਮੱਤ ਮਾਰੀ ਪਈ ਹੈ।  ਆਪਣਾ ਆਪ ਸਵਾਰ ਕੇ ਰੱਖਿਆ ਕਰ।" ਪਰ ਉਹ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਾ ਹੋਇਆ ਕੁੱਝ ਵੀ ਨਾ ਕਹਿ ਸਕਿਆ। 
"ਹੋਰ ਮੋਗੇ ਸਾਰੇ ਕਿਵੇਂ ਆਂ?" ਰੋਜ਼ੀ ਨੇ ਸੁਆਲ ਕਰਕੇ ਕੇਤਨ ਦੀਆਂ ਸੋਚਾਂ ਦੀ ਸੰਗਲੀ ਨੂੰ ਤੋੜ ਦਿੱਤਾ।
"ਹਾਂ ਹਾਂ ਸਭ ਨੌ-ਬਰ-ਨੌ ਨੇ।" ਹਾਬੜ ਕੇ ਗਿਲਾਸ ਚੋਂ ਵੱਡੀਆਂ-ਵੱਡੀਆਂ ਘੁੱਟਾਂ ਭਰਦਿਆਂ ਕੇਤਨ ਨੇ ਗਿਲਾਸ ਖਾਲੀ ਕਰਕੇ ਮੋੜ ਦਿੱਤਾ।
ਗਿਲਾਸ ਲੈ ਕੇ ਜਾਂਦੀ ਹੋਈ ਰੋਜ਼ੀ ਦੀ ਪਿੱਠ ਨੂੰ ਕੇਤਨ ਨਿਧੜਕ ਹੋ ਕੇ ਉਦੋਂ ਤੱਕ ਦੇਖਦਾ ਰਿਹਾ ਜਦ ਤੱਕ ਉਹ ਉਹਨੂੰ ਦਿਸਦੀ ਰਹੀ, "ਅੱਡੀਆਂ ਨਾਲ ਪਤਾਸੇ ਭੋਰਦੀ ਜਾਂਦੀ ਆਂ। ਰੰਨ ਦੀ ਤੋਰ 'ਚ ਅਜੇ ਵੀ ਉਹੀ ਮੜਕ ਐ। ਚੱਕ ਲੈ-ਚੱਕ ਲੈ ਕਰਦੀ ਫਿਰਦੀ ਆ।"
 ਬੁੜ੍ਹੀ ਨੇ ਖੰਘੂਰਾ ਮਾਰ ਕੇ ਕੇਤਨ ਨੂੰ ਆਪਣੀ ਹੋਂਦ ਦਾ ਗਿਆਨ ਕਰਵਾਇਆ। ਕੇਤਨ ਨੇ ਨੀਵੀਂ ਪਾ ਲਈ ਤੇ ਜੱਕ ਦੂਰ ਕਰਨ ਲਈ ਬੁੜ੍ਹੀ ਨਾਲ ਨਿੱਕੀਆਂ-ਮੋਟੀਆਂ ਰਸਮੀ ਜਿਹੀਆਂ ਗੱਲਾਂ ਮਾਰਨ ਲੱਗ ਗਿਆ। 
ਕੁੱਝ ਦੇਰ ਬਾਅਦ ਰੋਜ਼ੀ ਤਿੰਨ ਪਿਆਲੀਆਂ ਚਾਹ ਲੈ ਆਈ। ਕੇਤਨ ਅਤੇ ਆਪਣੀ ਸੱਸ ਨੂੰ ਇੱਕ-ਇੱਕ ਕੱਪ ਦੇਣ ਬਾਅਦ ਰੋਜ਼ੀ ਆਪਣਾ ਕੱਪ ਚੁੱਕ ਕੇ ਕੋਲ ਸੋਫੇ 'ਤੇ ਬੈਠ ਗਈ, "ਕੋਈ ਨਵੀਂ ਤਾਜ਼ੀ?"
"ਠੀਕ-ਠਾਕ ਰਾਜ਼ੀ-ਬਾਜ਼ੀ।" ਕੇਤਨ ਬੁੜ੍ਹੀ ਵੱਲ ਤੱਕਦਿਆਂ ਬੋਲਿਆ।
ਸਮਾਂ ਬਰਬਾਦ ਕਰਨ ਲਈ ਕੁੱਝ ਸੁਆਲ ਰੋਜ਼ੀ ਕਰਦੀ ਤੇ ਕੇਤਨ ਉਹਨਾਂ ਦਾ ਜੁਆਬ ਦਿੰਦਾ। ਕੁੱਝ ਪ੍ਰਸ਼ਨ ਕੇਤਨ ਪੁੱਛਦਾ ਤੇ ਰੋਜ਼ੀ ਉਹਨਾਂ ਦਾ ਉੱਤਰ ਦਿੰਦੀ। ਕੋਈ ਹੋਰ ਵੇਖਣ ਜਾਂ ਸੁਣਨ ਵਾਲਾ ਹੁੰਦਾ ਤਾਂ ਉਹਨੂੰ ਲੱਗਦਾ ਜਿਵੇਂ ਉਹ ਆਪਸ ਵਿੱਚ ਬਹੁਤ ਗੱਲਾਂ ਕਰ ਰਹੇ ਹੋਣ। ਪਰ ਹਕੀਕਤ ਵਿੱਚ ਉਹਨਾਂ ਦੇ ਬਹੁਤੇ ਸਵਾਲਾਂ ਦਾ ਮਤਲਵ ਇੱਕ ਹੀ ਹੁੰਦਾ। ਫ਼ਰਕ ਸਿਰਫ਼ ਐਨਾ ਹੀ ਹੁੰਦਾ ਕਿ ਉਹਨਾਂ ਦੇ ਵਾਕ ਵੱਖੋ-ਵੱਖਰੇ ਹੁੰਦੇ। ਮਿਸਾਲ ਦੇ ਤੌਰ 'ਤੇ ਰੋਜ਼ੀ ਪਹਿਲਾਂ ਪੁੱਛਦੀ, "ਬਾਬੂ ਜੀ ਦੀ ਸਿਹਤ ਦਾ ਕੀ ਹਾਲ ਹੈ?" ਤੇ ਫਿਰ ਪੁੱਛਦੀ, "ਬਾਬੂ ਜੀ ਦੀ ਤਬੀਅਤ ਕਿਵੇਂ ਐ ਹੁਣ?" ਉਵੇਂ ਹੀ ਕੇਤਨ ਪਹਿਲਾਂ ਆਖਦਾ, "ਬਾਬੂ ਜੀ ਤੰਦਰੁਸਤ ਨੇ।" ਤੇ ਫਿਰ ਅਗਲੀ ਵਾਰੀ ਕਹਿੰਦਾ, "ਬਾਬੂ ਜੀ? ਉਹ ਤਾਂ ਬਿਲਕੁਲ ਰਿਸ਼ਟ-ਪੁਸ਼ਟ ਨੇ।" ਕਾਫ਼ੀ ਦੇਰ ਤੱਕ ਉਹ ਇਸ ਕਿਸਮ ਦੀ ਭਕਾਈ ਮਾਰਦੇ ਧੂੜ ਵਿੱਚ ਟੱਟੂ ਭਜਾਉਂਦੇ ਰਹੇ। ਇੱਕ ਮੁੱਦਤ ਬਾਅਦ ਮਿਲੇ ਹੋਣ ਕਰਕੇ ਕਰਨ ਲਈ ਉਹਨਾਂ ਕੋਲ ਗੱਲਾਂ ਦੀ ਤਾਂ ਕੋਈ ਕਮੀ ਨਹੀਂ ਸੀ। ਉਹਨਾਂ ਦੇ ਦਿਲ-ਓ-ਦਿਮਾਗ ਵਿੱਚ ਸਾਂਝੇ ਕਰਨ ਵਾਲੇ ਵਿਚਾਰਾਂ ਦੇ ਅੰਬਾਰ ਲੱਗੇ ਪਏ ਸਨ। ਬਸ ਢੁੱਕਵੀਂ ਜਗ੍ਹਾ, ਹਾਲਾਤ ਅਤੇ ਮੌਕਾ ਹੀ ਨਹੀਂ ਸੀ। ਕੇਤਨ ਨੂੰ ਰਹਿ-ਰਹਿ ਕੇ ਬੁੜ੍ਹੀ 'ਤੇ ਗੁੱਸਾ ਆ ਰਿਹਾ ਸੀ। ਜਦੋਂ ਦਾ ਉਹ ਆਇਆ ਸੀ ਉਦੋਂ ਦੀ ਹੀ ਉਹ ਚੇਪੀ ਲਾਈ ਬੈਠੀ ਸੀ। ਰੋਜ਼ੀ ਨੇ ਕਈ ਵਾਰ ਆਨੀ-ਬਹਾਨੀ ਸੱਸ ਨੂੰ ਕਮਰਿਉਂ ਬਾਹਰ ਕੱਢਣਾ ਚਾਹਿਆ ਸੀ। ਪਰ ਉਹ ਜਿਵੇਂ ਫੈਵੀਕੋਲ ਲਾ ਕੇ ਜੋੜੀ ਹੁੰਦੀ ਹੈ। ਇੰਝ ਸੋਫੇ ਤੋਂ ਹਿੱਲੀ ਤੱਕ ਨਹੀਂ ਸੀ।
ਬਾਹਰ ਗਲੀ ਵਿੱਚ ਸਬਜ਼ੀ ਵੇਚਣ ਵਾਲੇ ਦਾ ਹੋਕਾ ਸੁਣ ਕੇ ਰੋਜ਼ੀ ਨੇ ਸੱਸ ਨੂੰ ਕਿਹਾ, "ਮਾਂ ਜੀ, ਜਿਹੜੀ ਖਾਣੀ ਐ ਆਪਣੇ ਪਸੰਦ ਦੀ ਸਬਜ਼ੀ ਜਾ ਕੇ ਰੇੜ੍ਹੀ ਵਾਲੇ ਤੋਂ ਲੈ ਲਉ।"
"ਸੁਆਦਾਂ ਦੀ ਉਮਰ ਕਿੱਥੇ ਰਹੀ ਐ ਮੇਰੀ। ਮੂੰਹ 'ਚ ਦੰਦ ਤਾਂ ਕੋਈ ਸਾਬਤਾ ਬਚਿਆ ਨਹੀਂ। -ਪੇਟ ਭਰਨ ਲਈ ਖਾਣਾ ਪੈਂਦੈ। -ਚਿੱੜੀ ਦੇ ਬੋਟ ਜਿੰਨੀ ਤਾਂ ਮੇਰੀ ਭੁੱਖ ਐ। -ਇੱਕ, ਫੁਲਕਾ ਲਬੇੜਣ ਲਈ ਦੋ ਚਮਚੇ ਸਬਜ਼ੀ-ਦਾਲ ਦੇ ਲੈਣੇ ਹੁੰਦੇ ਆ ਮੈਂ ਤਾਂ। -ਬਹੂ, ਤੂੰ ਆਪੇ ਹੀ ਜਾ ਕੇ ਤੁਲਵਾ ਲਿਆ ਜੋ ਤੈਨੂੰ ਚੰਗਾ ਲੱਗਦੈ। ਮੈਨੂੰ ਅੰਨ੍ਹੀ ਨੂੰ ਤਾਂ ਦਾਦਣੇ ਰੇੜੀਆਂ ਵਾਲੇ ਬੇਹੀਆਂ ਸਬਜ਼ੀਆਂ ਪਾ ਜਾਂਦੇ ਨੇ। ਜਾਹ ਤਾਜ਼ੀ ਲਈਂ, ਜੋ ਵੀ ਲਿਆ। ਊਂ ਬਤਾਊਂ ਖਾਧਿਆਂ ਨੂੰ ਕਈ ਦਿਨ ਹੋ ਗਏ। ਬੈਂਗਣ ਲੈ ਲਵੀਂ ਭੁੜਥਾ ਬਣਾ ਲਵਾਂਗੇ।"
"ਭੁੜਥਾ ਤਾਂ ਬੁੜ੍ਹੀਏ ਤੇਰਾ ਬਣਾਉਣਾ ਪਉ, ਜਿਹੜੀ ਮੇਰੇ ਸਿਰ 'ਤੇ ਸੱਗੀ-ਫੁੱਲ ਆਂਗੂੰ ਬੈਠੀ ਏਂ।" ਬੁੱਲ੍ਹਾਂ ਵਿੱਚ ਬੁੜਬੜਾਉਂਦੀ ਹੋਈ ਰੋਜ਼ੀ ਨਾ ਚਾਹੰਦਿਆਂ ਹੋਇਆਂ ਵੀ ਉਥੋਂ ਉੱਠ ਕੇ ਤਰਕਾਰੀ ਲੈਣ ਚਲੀ ਗਈ। 
ਰੋਜ਼ੀ ਨੂੰ ਮੁੜ ਆ ਕੇ ਬੈਠੀ ਨੂੰ ਬਹੁਤੀ ਦੇਰ ਨਹੀਂ ਸੀ ਹੋਈ ਕਿ ਧੋਬੀ ਆ ਗਿਆ। ਆਮ ਤੌਰ 'ਤੇ ਧੋਬੀ ਨਾਲ ਹਿਸਾਬ-ਕਿਤਾਬ ਬੁੜ੍ਹੀ ਆਪ ਕਰਦੀ ਹੁੰਦੀ ਸੀ। ਪਰ ਅੱਜ ਪਰਤਿਆਈ ਹੋਈ ਨੇ ਰੋਜ਼ੀ ਨੂੰ ਮੁਖਤਿਆਰੀ ਸੌਂਪ ਦਿੱਤੀ, "ਲੈ ਨੂੰਹੇਂ ਪੈਸੇ। ਤੈਹਾਂ ਖੋਲ੍ਹ ਕੇ ਕੱਲਾ-ਕੱਲਾ ਨਗ ਪੂਰਾ ਕਰ ਲਵੀਂ ਤੇ ਜਿੰਨੇ ਬਣਦੇ ਹੋਏ ਪੈਸੇ, ਗਿਣ ਕੇ ਦੇਈਂ। ਹੋਰ ਮੈਥੋਂ ਕਮਲੀ ਤੋਂ ਵੱਧ ਘੱਟ ਨਾ ਦਿੱਤੇ ਜਾਣ। ਠੀਕ ਢੰਗ ਨਾਲ ਇਸਤਰੀ ਕੀਤੇ ਹੋਣ। ਉਵੇਂ ਵਲ ਪਏ ਹੀ ਨਾ ਫੜ੍ਹਾ ਜਾਵੇ। ਸੁਧਾ ਕੇ ਜਗਰਾਤੇ 'ਤੇ ਮੇਰੀ ਸਾੜੀ ਵਲਾਂ ਨਾਲ ਭਰੀ ਪਈ ਸੀ।" 
ਰੋਜ਼ੀ ਫੇਰ ਉੱਠ ਕੇ ਹੁਕਮ ਬਜਾਉਣ ਚਲੀ ਗਈ।
ਕੇਤਨ ਅੱਕਿਆ ਬੈਠਾ ਸੀ। ਬੜ੍ਹੇ ਅਰਮਾਨ ਲੈ ਕੇ ਉਹ ਆਇਆ ਸੀ। ਸਭ ਬੁੜ੍ਹੀ ਨੇ ਘਰਾਟਾਂ ਦੇ ਆਟੇ ਵਾਂਗੂੰ ਪੀਸ ਕੇ ਰੱਖ ਦਿੱਤੇ ਸਨ। ਕੇਤਨ ਨੇ ਦਾਲ ਨਾ ਗੱਲਦੀ ਦੇਖ ਕੇ ਚਲੇ ਜਾਣ ਦਾ ਨਿਰਣਾ ਕਰ ਲਿਆ। ਸਮਾਂ ਖਰਾਬ ਕਰਨ ਦਾ ਕੀ ਫਾਇਦਾ? ਵੈਸੇ ਵੀ ਉਹ ਰੋਜ਼ੀ ਨੂੰ ਮਿਲ-ਗਿਲ ਲਿਆ ਹੈ। ਹਾਲ-ਚਾਲ ਦਾ ਪਤਾ ਲੱਗ ਗਿਆ ਹੈ।  ਕੀ ਹੋਇਆ, ਜੇ ਉਹ ਅੱਜ ਰੋਜ਼ੀ ਨੂੰ ਹੱਥ ਨਹੀਂ ਪਾ ਸਕਿਆ ਤਾਂ? ਫੇਰ ਕਿਸੇ ਦਿਨ ਦਾਅ ਲੱਗ ਜਾਵੇਗਾ। ਚੋਰਾਂ, ਮੱਲਾਂ ਤੇ ਆਸ਼ਕਾਂ ਨੂੰ ਤਾਂ ਯੋਗ ਮੌਕਾ ਮਿਲਣ ਤੱਕ ਸਬਰ ਰੱਖਣਾ ਪੈਂਦਾ ਹੈ, ਕਿਉਂਕਿ ਮਾੜੀ ਜਿਹੀ ਗਲਤੀ ਹੀ ਸਾਰਾ ਖੇਲ ਚੌਪਟ ਕਰਕੇ ਰੱਖ ਦਿੰਦੀ ਹੈ।
ਰੋਜ਼ੀ ਦੇ ਵਾਪਸ ਮੁੜੀ ਤੋਂ ਕੇਤਨ ਨੇ ਆਪਣੇ ਜਾਣ ਬਾਰੇ ਐਲਾਨ ਕੀਤਾ ਤਾਂ ਰੋਜ਼ੀ ਇਸਰਾਰ ਕਰਨ ਲੱਗੀ, "ਮਸਾਂ-ਮਸਾਂ ਤਾਂ ਤੁਸੀਂ ਆਏ ਹੋ। ਅਜੇ ਤਾਂ ਕੋਈ ਗੱਲ ਵੀ ਨਹੀਂ ਹੋਈ। ਰੋਟੀ ਬਣਦੀ ਆ।" ਰੋਜ਼ੀ ਨੇ ਗੱਲ ਸ਼ਬਦ 'ਤੇ ਜ਼ੋਰ ਦਿੰਦਿਆਂ ਵੱਖਰੇ ਅੰਦਾਜ਼ ਵਿੱਚ ਉਚਾਰਨ ਕਰਕੇ ਇਸ ਵਿੱਚ ਦੂਹਰੇ ਅਰਥ ਭਰ ਦਿੱਤੇ ਸਨ।
ਕੇਤਨ ਆਪਣਾ ਫੈਸਲਾ ਬਦਲਣ ਲਈ ਸੋਚਣ ਲੱਗਿਆ, "ਭੁੱਖ ਤਾਂ ਲੱਗੀ ਹੀ ਹੈ। ਥੋੜੀ ਦੇਰ ਰੁਕਣ ਵਿੱਚ ਕੀ ਹਰਜ਼ ਹੈ? ਹੋ ਸਕਦੈ ਬੁੜ੍ਹੀ ਸਾਨੂੰ ਰੋਟੀ ਖਾਣ ਵੇਲੇ ਤਨਹਾ ਛੱਡ ਦੇਵੇ?"
"ਹਾਂ…ਹਾਂ। ਰੋਟੀ ਦਾ ਤਾਂ ਵੇਲਾ ਹੀ ਹੈ। ਰੋਟੀ ਖਾਹ ਕੇ ਜਾਈਂ, ਪੁੱਤ।" ਬੁੜ੍ਹੀ ਨੇ ਵੀ ਸੁਲ੍ਹਾ ਮਾਰੀ।
ਕੇਤਨ ਨੇ ਝੂਠੀ-ਮੁੱਠੀ ਇੰਨਕਾਰ ਕੀਤਾ, "ਨਹੀਂ ਰੋਟੀ ਦੀ ਤਾਂ ਜ਼ਰੂਰਤ ਨਹੀਂ।" 
"ਅਸੀਂ ਨਹੀਂ ਜਾਣ ਦੇਣਾ। ਖਾਣਾ ਬਣਿਆ ਪਿਐ।" ਰੋਜ਼ੀ ਨੇ ਹੱਕ ਜਤਾਇਆ।
ਜਾਣਾ ਤਾਂ ਕੇਤਨ ਵੀ ਨਹੀਂ ਚਾਹੁੰਦਾ ਸੀ। ਉਹਦਾ ਤਨ ਅਤੇ ਮਨ, ਦੋਨੋਂ ਭੁੱਖੇ ਸਨ। ਅਹਿਸਾਨ ਜਿਹਾ ਕਰਨ ਵਾਂਗ ਉਹ ਬੋਲਿਆ, "ਜਿਵੇਂ ਤੁਹਾਡੀ ਮਰਜ਼ੀ।"
ਰੋਜ਼ੀ ਰਸੋਈ ਵਿੱਚੋਂ ਖਾਣਾ ਲੈਣ ਚਲੀ ਗਈ। ਉਹਦੇ ਮਗਰੇ ਹੀ ਕੇਤਨ ਹੱਥ ਧੋਣ ਲਈ ਕਮਰੇ ਤੋਂ ਬਾਹਰ ਚਲਿਆ ਗਿਆ। ਵਾਸ਼ਵੇਸਨ ਰਸੋਈ ਦੇ ਬਿਲਕੁੱਲ ਮੁੱਢ ਇਸ ਹਿਸਾਬ ਨਾਲ ਲੱਗਿਆ ਸੀ ਕਿ ਉਥੇ ਖੜ੍ਹ ਕੇ ਬਾਰੀ ਰਾਹੀਂ ਰਸੋਈ ਵਿੱਚ ਝਾਕਿਆ ਜਾ ਸਕਦਾ ਸੀ। ਰੋਜ਼ੀ ਨੂੰ ਤੱਕ ਕੇ ਕੇਤਨ ਨੇ ਚਟਕਾਰੀ ਮਾਰੀ। ਰੋਜ਼ੀ ਨੇ ਸਾਰੇ ਕੰਮ ਵਿੱਚੇ ਛੱਡ ਕੇ ਬਾਰੀ ਕੋਲ ਆਉਂਦਿਆਂ ਆਹ ਭਰੀ, "ਹਾਏ! ਮੇਰੇ ਕੇਤਨੂ! -ਦੇਖਿਐ? ਬੁੜ੍ਹੀ ਜਮਾਂ ਈ ਵਸਾਹ ਨ੍ਹੀਂ ਕਰਦੀ ਮੇਰਾ। ਮੇਰੇ ਨਾਲ ਇੰਝ ਚਿਪਕੀ ਹੋਈ ਐ ਜਿਵੇਂ ਫੁੱਲ ਨਾਲ ਕੰਡਾ ਹੁੰਦੈ।"
"ਮੈਨੂੰ ਤਾਂ ਲੱਗਦੈ ਤੇਰੀ ਸੱਸ ਮੇਰੇ 'ਤੇ ਲਾਇਨ ਮਾਰ ਰਹੀ ਹੈ। ਤਾਂ ਹੀ ਡੂਮਣੇ ਵਾਂਗੂੰ ਚਿੰਬੜੀ ਬੈਠੀ ਆ।"
"ਆਹੋ ਬਹੁਤ ਸੁਨੱਖੈਂ ਨਾ ਤੂੰ?"
"ਜੇ ਮੈਂ ਸੋਹਣਾ ਨ੍ਹੀਂ ਸੀ ਤਾਂ ਐਵੇਂ ਈ ਐਨੇ ਵਰ੍ਹੇ ਮੇਰੇ ਨਾਲ ਫਸੀ ਰਹੀ?"
"ਸੁਹੱਪਣ ਪਿੱਛੇ ਤਾਂ ਮਰਦ ਭੱਜਦੈ। ਔਰਤ ਤਾਂ ਮੂਰਖ ਆਦਮੀ ਨੂੰ ਪਹਿਲ ਦਿੰਦੀ ਹੈ, ਮਿਸਟਰ।"
"ਤਦੇ ਈ ਮੇਰੀ ਬਜਾਏ ਤੂੰ ਰਾਕੇਸ਼ ਨਾਲ ਵਿਆਹ ਕਰਵਾਇਐ?"
ਕੇਤਨ ਦੀ ਹਾਜਰ ਜੁਆਬੀ ਤੋਂ ਰੋਜ਼ੀ ਹੱਸ ਪਈ, "ਪਹਿਲਾਂ ਦੀ ਤਰ੍ਹਾਂ ਅੱਜ ਵੀ ਗੱਲਾਂ 'ਚ ਤੈਨੂੰ ਕੋਈ ਜਿੱਤ ਨ੍ਹੀਂ ਸਕਦੈ।"
"ਮੇਰੀ ਜਾਨ ਅਸੀਂ ਤਾਂ ਹਾਰੇ ਪਏ ਆਂ ਤੈਥੋਂ। -ਆਜਾਂ ਮੈਂ ਵੀ ਅੰਦਰੇ ਈ?" 
"ਦੇਖ ਲੈ? ਮਾਂ ਜੀ ਨੇ ਵੀ ਮਗਰੇ ਹੀ ਆ ਜਾਣੈ।"
"ਬੰਦੂਕ ਹੈਨ੍ਹੀਂ? ਮਾਂ ਯਾਵ੍ਹੀ ਤੇਰੀ ਮਾਂ ਜੀ ਨੂੰ ਈ ਪਹਿਲਾਂ ਮਾਂਝ ਦੇਇਏ। ਰੋਟੀ-ਰਾਟੀ ਫੇਰ ਹੀ ਖਾਵਾਂਗੇ। ਅਹੈ ਜਿਹੀ ਬੁੜ੍ਹੀ ਦੀ ਤਾਂ ਮੋਟੇ ਪੱਟ ਕੋਲੋਂ ਲੱਤ ਭੰਨ੍ਹ ਕੇ ਪੀ ਜੀ ਆਈ ਅਰਗੇ ਕਿਸੇ ਹਸਪਤਾਲ ਵਿੱਚ ਸਿੱਟੀ ਹੋਵੇ।" ਵਗਦੇ ਪਾਣੀ ਹੇਠ ਹੱਥ ਕਰੀ ਖੜ੍ਹਾ ਕੇਤਨ ਰੋਜ਼ੀ ਨਾਲ  ਦੰਦੀਆਂ ਕੱਢਣ ਲੱਗਿਆ।
ਬੁੜ੍ਹੀ ਅੰਦਰੋਂ ਤੌਲੀਆ ਲੈ ਕੇ ਕਣੱਖੀ ਜਿਹੀ ਝਾਕਦੀ ਹੋਈ ਕੇਤਨ ਕੋਲ ਆ ਗਈ, "ਲੈ ਪੁੱਤ ਹੱਥ ਪੂੰਝ ਲੈ।"
ਟੂਟੀ ਦੀ ਧੌਣ ਮਰੋੜ ਕੇ, ਹੱਥ ਪੂੰਝਦਿਆਂ ਕੇਤਨ ਨੇ ਬੁੜ੍ਹੀ ਦਾ ਸ਼ੱਕ ਮਿਟਾਉਣ ਲਈ ਬਹਾਨਾ ਮਾਰਿਆ, "ਮੈਂ ਵੀ ਰੋਜ਼ੀ ਦੀਦੀ ਤੋਂ ਤੌਲੀਆ ਹੀ ਮੰਗ ਰਿਹਾ ਸੀ।" 
"ਦੇਖ, ਤੇਰੇ ਮੂਹਰੇ ਲਟਕਦੈ ਤੌਲੀਆ ਤਾਂ ਸੀਗਾ ਅਈਥੇ। ਮੈਂ ਤਾਂ ਆਹ ਊਈਂ ਅੰਦਰੋਂ ਬਾਹਰ ਸੁਕਣਾ ਪਾਉਣ ਲਈ ਲੈ ਆਈ।"
 ਜਿੱਥੇ ਕੇਤਨ ਨੇ ਹੱਥ ਧੋਤੇ ਸਨ ਉਸ ਸਿੰਕ ਦੇ ਕੋਲ ਹੀ ਕਿੱਲੇ ਉੱਤੇ ਇੱਕ ਹੋਰ ਲਟਕਦੇ ਤੋਲੀਏ ਵੱਲ ਇਸ਼ਾਰਾ ਕਰਕੇ ਬੁੜ੍ਹੀ ਨੇ ਕੇਤਨ ਨੂੰ ਝੂਠਾ ਕਰ ਦਿੱਤਾ। ਕੇਤਨ ਨੂੰ ਭੱਜਣ ਨੂੰ ਵਾਹਣ ਨਾ ਥਿਆਵੇ। 
"ਓਹੋ, ਮੈਂ ਤਾਂ ਦੇਖਿਆ ਈ ਨ੍ਹੀਂ ਸੀ।" ਨੀਵੀਂ ਪਾ ਕੇ ਕੇਤਨ ਨੇ ਉਥੋਂ ਖਿਸਕ ਕੇ ਅੰਦਰ ਕਮਰੇ ਵਿੱਚ ਵੜਨ ਦੀ ਕੀਤੀ।
ਰੋਜ਼ੀ ਤੇ ਬੁੜ੍ਹੀ, ਸੱਸ ਨੂੰਹ ਖਾਣਾ ਲਿਆ ਕੇ ਕਮਰੇ ਵਿੱਚ ਟਿਕਾਉਣ ਲੱਗ ਗਈਆਂ। 
ਜਦੋਂ ਰੋਜ਼ੀ ਕੋਈ ਚੀਜ਼ ਲੈ ਕੇ ਆਉਂਦੀ ਬੁੜ੍ਹੀ ਉਹਦੇ ਨਾਲ ਹੀ ਕੁੱਝ ਨਾ ਕੁੱਝ ਚੁੱਕ ਲਿਆਉਂਦੀ। ਜੇ ਕਿਤੇ ਰੋਜ਼ੀ ਰੁੱਕ ਕੇ ਮੇਜ਼ 'ਤੇ ਪਏ ਡੌਂਗਿਆਂ ਨੂੰ ਜਗ੍ਹਾ ਬਣਾਉਣ ਲਈ ਹਿਲਾਉਣ-ਚਲਾਉਣ ਲੱਗ ਜਾਂਦੀ ਤਾਂ ਬੁੜ੍ਹੀ ਵੀ ਪਲੇਟਾਂ-ਕੌਲੀਆਂ ਨੂੰ ਸਾਫ਼ ਕਰਨ ਦਾ ਦਿਖਾਵਾ ਕਰਕੇ ਖੜ੍ਹ ਜਾਂਦੀ ਤੇ ਰੋਜ਼ੀ ਦੇ ਤੁਰਿਆਂ ਹੀ ਉਥੋਂ ਹਿੱਲਦੀ। ਰੋਜ਼ੀ ਨੇ ਇੱਕ ਦੋ ਵਾਰ ਸਮਗਰੀ ਢੋਂਹਦਿਆਂ ਵੱਡੀਆਂ ਉਲਾਘਾਂ ਪੱਟ ਕੇ ਬੁੜ੍ਹੀ ਤੋਂ ਵਿਛੜਣਾ ਚਾਹਿਆ। ਪਰ ਬੁੜ੍ਹੀ ਰੋਜ਼ੀ ਦੇ ਖੁਰ ਵੱਢਦੀ ਇਉਂ ਮਗਰ-ਮਗਰ ਰਹੀ ਜਿਵੇਂ ਕਿਸੇ ਅਫ਼ਸਰ ਦੀ ਕਾਰ  ਪਿੱਛੇ ਸੁਰੱਖਿਆ ਬਲਾਂ ਦੀ ਜਿਪਸੀ ਲੱਗੀ ਹੁੰਦੀ ਹੈ। ਆਖੀਰ ਬੁੜ੍ਹੀ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਚੋਰ ਭਲਾਈ ਦੇ ਕੇ ਰੋਜ਼ੀ ਉਸ ਤੋਂ ਪਹਿਲਾਂ ਖਾਣੇ ਵਾਲੀ ਮੇਜ਼ ਕੋਲ ਆ ਗਈ। ਰੋਜ਼ੀ ਨੂੰ ਇਕੱਲੀ ਦੇਖ ਕੇ ਕੇਤਨ ਨੇ ਬੋਲਿਆ, "ਯਾਰ ਤੇਰੀ ਸੱਸ ਤਾਂ ਬੜੀ ਚਾਲੂ ਚੀਜ਼ ਨਿਕਲੀ। ਮੈਂ ਤਾਂ ਭੋਲੀ ਭਾਲੀ ਸਮਝਦਾ ਸੀ।"
 "ਪੁੱਛ ਨਾ! ਕੋਈ ਐਸੀ ਵੈਸੀ ਬੁੜ੍ਹੀ ਥੋੜੈ? ਨਿਰੀ ਆਫਤ ਦੀ ਪੁੜੀ ਆ ਆਫਤ ਦੀ। ਸਾਰੀ ਦਿਹਾੜੀ ਮੇਰੀ ਜ਼ਿੰਦ ਸੂਲੀ 'ਤੇ ਪੁੱਠੀ ਟੰਗੀ ਰੱਖਦੀ ਐ। ਰੋਜ਼ੀ ਨੇ ਚੌਲਾਂ ਵਾਲਾ ਡੌਂਗਾ ਰੱਖਦਿਆਂ ਦੱਸਿਆ।" 
"ਅਹੇ ਜਿਹੀ ਖਤਰਨਾਕ ਬੁੜ੍ਹੀ ਫੇਰ ਖੁੱਲ੍ਹੀ ਕਾਸ ਨੂੰ ਛੱਡੀ ਐ? ਅਹੇ ਜਿਹੀ ਭੂਸਰੀ ਝੋਟੀ ਦਾ ਪਤਾ ਨ੍ਹੀਂ ਹੁੰਦਾ ਕਿਹੜੇ ਵੇਲੇ ਢੁੱਡ ਮਾਰ ਦੇਵੇ। ਇਹਦੇ ਸਿੰਗ-ਸੁੰਗ ਦਾਗ ਕੇ, ਧਲਿਆਰਾ ਪਾ ਕੇ ਕਿਸੇ ਕਿੱਲ੍ਹੇ ਨਾਲ ਬੰਨ੍ਹੋ। ਜੇ ਇੱਥੇ ਥੋਡੇ ਸ਼ਹਿਰ 'ਚ ਕੋਈ ਛੜਾ ਬੁੜ੍ਹਾ-ਠੇਰਾ ਨਹੀਂ ਰਿਹਾ ਤਾਂ ਮੈਂ ਆਪਣੇ ਮਹੱਲੇ ਆਲੇ ਬਾਬੇ ਗਿਰਧਾਰੀ ਨੂੰ ਘੁੱਲਾਂ? ਉਹ ਪਾਊ ਤੇਰੀ ਮਾਂ ਜੀ ਦੇ ਨੱਕ 'ਚ ਨਕੇਲ। ਹੁਣ ਤਾਂ ਤੂੰ ਆਹਨੀ ਏਂ ਬੁੜ੍ਹੀ ਤੇਰੇ ਅੰਗ-ਸੰਗ ਰਹਿੰਦੀ ਆ। ਫੇਰ ਬੁੜ੍ਹੀ ਕਿਹਾ ਕਰੂ, ਮੇਰੇ ਨਾਲ ਨਾਲ ਚੱਲੇ ਨ੍ਹੀਂ ਗਿਰਧਾਰੀ ਲਾਲ।"
ਜਦੇ ਹੀ ਬੁੜ੍ਹੀ ਵੀ ਆ ਧਮਕੀ। ਕੇਤਨ ਨੇ ਇਉਂ ਇਕੋਦਮ ਬੁੱਲ੍ਹ ਮੀਚ ਲਏ ਜਿਵੇਂ ਉਹ ਚਿਰ ਤੋਂ ਉਵੇਂ ਹੀ ਬੰਦ ਹੋਣ ਤੇ ਉਹ ਕੁੱਝ ਬੋਲਿਆ ਹੀ ਨਾ ਹੋਵੇ।
ਰੋਜ਼ੀ ਵਿਚਕਾਰਲੇ ਸੋਫੇ 'ਤੇ ਬੈਠ ਗਈ। ਉਹਦੇ ਇੱਕ ਪਾਸੇ ਕੁਰਸੀ 'ਤੇ ਕੇਤਨ ਅਤੇ ਦੂਜੇ ਪਾਸੇ ਉਹਦੀ ਸੱਸ ਬੈਠੀ ਸੀ। ਉਹ ਤਿੰਨੋ ਜਣੇ ਚੁੱਪਚਾਪ ਰੋਟੀ ਖਾਣ ਲੱਗ ਗਏ। ਰੋਟੀ ਖਾਂਦੇ ਵਕਤ ਬੁੜ੍ਹੀ ਦੇ ਪਚਾਕਿਆ ਤੋਂ ਸਿਵਾਏ ਕਮਰੇ ਵਿੱਚ ਕੋਈ ਹੋਰ ਆਵਾਜ਼ ਨਾ ਪੈਦਾ ਹੋਈ। ਬੁੜ੍ਹੀ ਨੇ ਇੱਕ ਫੁਲਕਾ ਤੇ ਮੁੱਠੀ ਭਰ ਚੌਲ, ਦਾਲ ਦੀ ਅੱਧੀ ਕੁ ਕੌਲੀ ਲਈ ਸੀ, ਜੋ ਉਸਨੇ ਉਹਨਾਂ ਦੋਨਾਂ ਤੋਂ ਪਹਿਲਾਂ ਲਵੇਟ ਲਈ। ਰੋਜ਼ੀ ਨੂੰ ਰੋਟੀ ਖਾਣ ਵਿੱਚ ਵਕਤ ਲੱਗਦਾ ਦੇਖਕੇ ਬੁੜ੍ਹੀ ਆਪਣੇ ਭਾਂਡੇ ਚੁੱਕ ਕੇ ਰਸੋਈ ਵਿੱਚ ਰੱਖਣ ਚਲੀ ਗਈ।
ਬੁੜ੍ਹੀ ਦੇ ਕਮਰੇ ਚੋਂ ਨਿਕਲਣਸਾਰ ਰੋਜ਼ੀ ਨਖਰੇ ਜਿਹੇ ਨਾਲ ਬੋਲੀ, "ਅੱਜ ਸਾਡੀ ਕਿਵੇਂ ਯਾਦ ਆ ਗਈ?"
"ਤੈਨੂੰ ਭੁਲੇ ਹੀ ਕਦੋਂ ਸੀ ਮੇਰੀ ਜਾਨ। ਸੁਆਸ-ਗਿਰਾਸ ਤੈਨੂੰ ਹੀ ਧਿਆਈਦੈ।" ਕੇਤਨ ਆਪਣੀ ਰੋਟੀ ਵਿੱਚੇ ਹੀ ਛੱਡ ਕੇ ਉਠਿਆ ਤੇ ਜਾ ਕੇ ਰੋਜ਼ੀ ਦੇ ਨਾਲ ਲੱਗ ਕੇ ਉਸਦੇ ਸੋਫੇ 'ਤੇ ਬੈਠ ਗਿਆ। 
ਰੋਜ਼ੀ ਨੇ ਦਾਲ ਨਾਲ ਭਰੀ ਹੋਈ ਆਪਣੀ ਬੁਰਕੀ ਉਥੇ ਹੀ ਪਲੇਟ ਵਿੱਚ ਸੁੱਟ ਕੇ ਕੇਤਨ ਨੂੰ ਬਾਹਾਂ ਵਿੱਚ ਲੈ ਲਿਆ, "ਹੁਣ ਤਾਂ ਦਹਾਕੇ ਈ ਲੰਘਗੇ ਤੈਨੂੰ ਮਿਲਿਆਂ। ਮੈਂ ਤਾਂ ਕਈ ਵਾਰ ਰਾਕੇਸ਼ ਨਾਲ ਲੜ੍ਹ ਹੱਟੀ ਆ ਬਈ ਮੈਨੂੰ ਪੇਕੀਂ ਜਾਣ ਦੇਵੇ।"
ਕੇਤਨ ਦਾ ਇੱਕ ਹੱਥ ਤਾਂ ਪਹਿਲਾਂ ਹੀ ਰੋਜ਼ੀ ਦੀ ਧੌਣ ਦੇ ਉਤੋਂ ਦੀ ਉਸ ਦੇ ਮੋਡੇ 'ਤੇ ਸੀ। ਦੂਜਾ ਹੱਥ ਉਹਨੇ ਰੋਜ਼ੀ ਦੇ ਗੋਡੇ ਹੇਠਲੇ ਜੋੜ ਕੋਲ ਪਾ ਕੇ ਉਹਦੀ ਦੂਰ ਵਾਲੀ ਲੱਤ ਆਪਣੇ ਕਰੀਬ ਖਿੱਚ ਲਈ। ਦੋਨੋਂ ਜਾਣੇ ਇੱਕ ਦੂਜੇ ਨੂੰ ਇੰਝ ਵਾਹੋ-ਦਾਹੀ ਚੁੰਮਣ ਲੱਗ ਗਏ, ਜਿਵੇਂ ਕੋਈ ਮਮਤਾ ਦੀ ਬਹਿਕਾਈ ਹੋਈ ਮਾਂ ਚਿਰਾਂ ਬਾਅਦ ਆਪਣੇ ਵਿਛੜੇ ਹੋਏ ਬੱਚੇ ਨੂੰ ਮਿਲ ਕੇ ਪਿਆਰ ਕਰਦੀ ਹੈ।
"ਮਾਂ ਜੀ ਆਉਂਦੇ ਆ।" ਬੁੜ੍ਹੀ ਦੀਆਂ ਚੱਪਲਾਂ ਦਾ ਖੜਾਕ ਸੁਣ ਕੇ ਇਉਂ ਰੋਜ਼ੀ ਨੇ ਕੇਤਨ ਨੂੰ ਆਪਣੇ ਤੋਂ ਨਿਖੇੜਿਆ, ਜਿਵੇਂ ਕੋਈ ਸ਼ਰੀਰ 'ਤੇ ਚੜਿਆ ਠੂਹਾਂ ਪਕੜ ਦੇ ਪਰ੍ਹਾਂ ਸਿੱਟੀਦਾ ਹੈ। 
ਬੁੜ੍ਹੀ ਨੂੰ ਕੁਰਲੀ ਕਰਕੇ ਵਾਪਸ ਆਉਂਦੀ ਦੇਖ ਕੇ ਕੇਤਨ ਆਪਣੀ ਸੀਟ 'ਤੇ ਜਾ ਕੇ ਪਹਿਲਾਂ ਦੀ ਤਰ੍ਹਾਂ ਖਾਣਾ ਖਾਣ ਲੱਗ ਗਿਆ। ਕੇਤਨ ਦੇ ਮੂੰਹ 'ਚ ਇਹੋ ਜਿਹਾ ਸੁਆਦ ਘੁੱਲ ਗਿਆ ਸੀ ਜਿਵੇਂ ਉਹਨੇ ਸੋਨੀਪਤ ਦਾ ਆਚਾਰ ਚੱਟ ਲਿਆ ਹੁੰਦਾ ਹੈ। ਰੋਜ਼ੀ ਨੇ ਆਪਣਾ ਆਪ ਲੋਟ ਜਿਹਾ ਕੀਤਾ। ਕਿਤੂੰ ਵਕਤ ਦੀ ਕਮੀ ਹੋਣ ਕਾਰਨ ਉਹ ਆਪਣਾ ਢਿੱਲਾ ਹੋਇਆ ਜੂੜਾ ਨਾ ਕਸ ਸਕੀ। 
ਬੁੜ੍ਹੀ ਦਰ ਵੜ੍ਹਦਿਆਂ ਹੀ ਸੋਫੇ ਵੱਲ੍ਹ ਝਾਕਦੀ ਹੋਈ ਬੋਲੀ, "ਬਹੂ ਆਹ ਤੇਰੀ ਸੂਈ ਡਿੱਗੀ ਪਈ ਆ। ਚੁੱਕ ਕਿਸੇ ਨਿਆਣੇ-ਸਿਆਣੇ ਦੇ ਵੱਜੂ।"
ਰੋਜ਼ੀ ਨੇ ਝੂਠੀ ਜਿਹੀ ਹੁੰਦਿਆਂ ਆਪਣੀ ਹੇਅਰ-ਪਿੰਨ ਚੁੱਕ ਕੇ ਜੂੜੇ ਵਿੱਚ ਅੜਾਈ।
ਰੋਜ਼ੀ ਅਤੇ ਕੇਤਨ ਨੇ ਲੱਗਭੱਗ ਇਕੋ ਵੇਲੇ ਭੋਜਨ ਸਮਾਪਤ ਕੀਤਾ। ਜਿੰਨੇ ਕੁ ਬਰਤਨ ਰੋਜ਼ੀ ਤੋਂ ਚੁੱਕ ਹੋਏ ਉਹਨੇ ਖੜ ਲਏ। ਬਾਕੀ ਬਚਦੇ ਕੇਤਨ ਨੇ ਚੁੱਕ ਲਿੱਤੇ। ਬੁੜ੍ਹੀ ਕੇਤਨ ਦੇ ਹੱਥੋਂ ਭਾਂਡੇ ਛੁਟਾਉਣ ਅਹੁਲੀ, "ਨਾ ਪੁੱਤ ਤੂੰ ਰਹਿਣ ਦੇ। ਮਹਿਮਾਨ ਤੋਂ ਕੰਮ ਨ੍ਹੀਂ ਕਰਾਈਦਾ ਹੁੰਦਾ। ਪਾਪ ਲੱਗਦੈ।"
"ਕੋਈ ਨ੍ਹੀਂ ਮਾਤਾ ਜੀ ਮੈਂ ਕੋਈ ਉਪਰਾਂ ਥੋੜੈਂ? ਮੇਰਾ ਆਪਣਾ ਘਰ ਹੈ ਇਹ।"
ਬੁੜ੍ਹੀ ਨੂੰ ਕੋਈ ਗੱਲ ਨਾ ਔਹੜੀ ਤੇ ਉਹਨੇ ਕੇਤਨ ਨੂੰ ਜ਼ਿੱਦ ਪੁਗਾਉਣ ਦੇ ਦਿੱਤੀ।
ਰੋਜ਼ੀ ਨਾਲ ਖਹਿ ਕੇ ਤੁਰਦਾ ਹੋਇਆ ਕੇਤਨ ਫੁਟਿਆ, "ਮਾਂ ਯਾਵ੍ਹੀ ਬੁੜ੍ਹੀ ਦੀਆਂ ਇੱਲ ਅਰਗੀਆਂ ਅੱਖਾਂ ਤੇ ਸੱਪ ਅਰਗੇ ਕੰਨ ਨੇ, ਅਜੇ ਇਹਦੀ ਨਿਗਾਹ ਕਮਜ਼ੋਰ ਆ? ਮੈਂ ਕਹਿਨਾਂ ਜੇ ਕਿਤੇ ਇਹਦੀ ਭੋਰਾ ਕੁ ਹੋਰ ਨਜ਼ਰ ਤੇਜ਼ ਹੋ ਜਾਵੇ ਤਾਂ ਇਹਨੂੰ ਸਣੇ ਕਪੜੀਂ ਬੰਦੇ ਦੇ ਕਛਿਹਰੇ ਵਿਚਲਾ ਸਮਾਨ ਦਿਸਣ ਲੱਗ ਜੂ।"
ਉਹਦੀ ਗੱਲ ਸੁਣ ਕੇ ਰਸੋਈ ਵਿੱਚ ਪਹੁੰਚਦਿਆਂ ਹੀ ਰੋਜ਼ੀ ਹੱਸਣ ਲੱਗ ਗਈ। ਰੋਜ਼ੀ ਨੇ ਹਸਦੀ ਹੋਈ ਨੇ ਆਪਣੇ ਮੂੰਹ ਉੱਤੇ ਇੰਝ ਹੱਥ ਰੱਖਿਆ ਹੋਇਆ ਸੀ ਯਾਨੀ ਉਹਨੂੰ ਡਰ ਹੋਵੇ ਕਿ ਕੇਤਨ ਉਹਦੇ ਮੋਤੀਆਂ ਵਰਗੇ ਦੰਦਾਂ ਦੀ ਗਿਣਤੀ ਨਾ ਕਰਨ ਲੱਗ ਜਾਵੇ।
ਰਸੋਈ ਵਿੱਚ ਖੁਰੇ 'ਤੇ ਜਿੱਥੇ ਜੂਠੇ ਭਾਂਡਿਆਂ ਦੇ ਢੇਰ ਕੋਲ ਰੋਜ਼ੀ ਨੇ ਭਾਂਡੇ ਧਰੇ ਸਨ, ਉਥੇ ਹੀ ਕੇਤਨ ਨੇ ਰੱਖ ਦਿੱਤੇ।
ਰੋਜ਼ੀ ਨੇ ਨੇੜੇ ਹੋ ਕੇ ਕੇਤਨ ਦੇ ਉੱਠੇ ਹੋਏ ਕਮੀਜ਼ ਦੇ ਕਾਲਰ ਨੂੰ ਮੋੜ ਕੇ ਠੀਕ ਕਰਿਆ, "ਲੱਗਦੈ ਭਾਬੀ ਜੀ ਰਜਾਉਂਦੇ ਨਹੀਂ? ਜਨਾਬ ਦੀ ਭੁੱਖ ਅੱਗੇ ਨਾਲੋਂ ਵਧੀ ਹੋਈ ਆ।"
"ਇਹ ਗੱਲ ਨ੍ਹੀਂ ਰੋਜ਼ੀ। ਸ਼ੇਰ ਬੱਕਰੀ ਖਾਹ ਕੇ ਲੱਖ ਰਜਿਆ ਹੋਵੇ। ਹਿਰਨੀ ਦੇਖ ਕੇ ਉਹਦੇ ਤੋਂ ਸ਼ਿਕਾਰ ਕਰੇ ਬਿਨਾਂ ਰਹਿ ਨਹੀਂ ਹੁੰਦਾ। -ਹੁਣ ਤਾਂ ਮੇਰੇ ਚੰਡੀਗੜ੍ਹ ਗੇੜੇ ਵੱਜਦੇ ਹੀ ਰਹਿੰਦੇ ਨੇ। ਮੈਂ ਤੇਰੇ ਕੋਲ ਛੇਤੀ ਚੱਕਰ ਮਾਰਿਆ ਕਰੂੰ। ਤੂੰ ਬੁੜ੍ਹੀ ਦਾ ਬੰਨ੍ਹ-ਸੁੱਭ ਕਰ। ਇਹੀ ਆਪਣੇ ਰਾਹ ਦਾ ਰੋੜੈ।"
"ਅੱਗੇ ਤਾਂ ਕੰਜ਼ਰੀ ਕਦੇ ਮੰਦਰ ਕਥਾ ਸੁਣਨ ਚਲੀ ਜਾਂਦੀ ਹੁੰਦੀ ਆ ਜਾਂ ਔਹ ਪਿਛਲੇ ਅੰਦਰ ਬੈਠੀ ਪੂਜਾ-ਪਾਠ ਕਰੀ ਜਾਊ। ਅੱਜ ਪਤਾ ਨਹੀਂ ਕਿਉਂ ਇਹ ਕੇਰਾ ਈ ਨਾਸਤਿਕ ਬਣ'ਗੀ।"
ਕੇਤਨ ਰੋਜ਼ੀ ਨੂੰ ਸਬਕ ਪੜ੍ਹਾਉਣ ਲੱਗਿਆ, "ਸਾਰਾ ਤੇਰਾ ਕਸੂਰ ਆ। ਤੂੰ ਮਾਂ ਜੀ-ਮਾਂ ਜੀ ਕਰਕੇ ਸਿਰ ਚੜਾਈ ਹੋਈ ਆ। ਅੱਜ ਤੋਂ ਬੁੜ੍ਹੀ ਜਦੋਂ ਬੁਲਾਵੇ, ਰੁੱਖਾ ਬੋਲੀਂ। ਦੇਖ ਲੀਂ ਫੇਰ ਕਿਵੇਂ ਚਲਦੀ ਆ, ਕਦੇ ਨ੍ਹੀਂ ਤੇਰੇ ਕੋਲ ਖੜਦੀ। ਤੂੰ ਕਪੱਤੀ ਬਣ ਕੇ ਰਹਿ ਤੇ ਬੁੜ੍ਹੀ ਨੂੰ ਆਨੇ ਆਲੀ ਥਾਂ ਰੱਖ।"
"ਵੇ ਕਿਹਨੂੰ ਆਨੇ ਵਾਲੀ ਥਾਂ ਲਿਉਨੇ ਓ?"
ਬੁੜ੍ਹੀ ਦੇ ਉਤੋਂ ਆ ਕੇ ਛਾਪਾ ਮਾਰਨ 'ਤੇ ਰੋਜ਼ੀ ਤੇ ਕੇਤਨ ਦੋਨੋਂ ਘਬਰਾ ਗਏ।
"ਕਿਸੇ ਨੂੰ ਨ੍ਹੀਂ ਮਾਂ ਜੀ, ਮੈਂ ਤਾਂ ਉਈਂ ਕੇਤਨ ਨੂੰ ਪੁੱਛਦੀ ਸੀ ਬਈ ਟਿਕਾਣੇ ਆਉਣ ਨੂੰ ਜਾਂ ਸਹੀ ਜਗ੍ਹਾ ਆਉਣ ਨੂੰ, ਆਨੇ ਵਾਲੀ ਥਾਂ ਆਉਣਾ ਕਿਉਂ ਕਹਿੰਦੇ ਨੇ?"
"ਆਹੋ ਆਂਹਦੇ ਤਾਂ ਹੁੰਦੇ ਵਾ। ਆ ਪੁੱਤ ਅੰਦਰ ਬਹਿ ਕੇ ਦੱਸ ਏਸ ਲੋਟ ਕਾਹਤੇ ਆਖਦੇ ਆ?"
ਕੇਤਨ ਬੁੜ੍ਹੀ ਨਾਲ ਅੰਦਰ ਕਮਰੇ ਵੱਲ ਨੂੰ ਚਲਾ ਗਿਆ। ਬੁੜ੍ਹੀ ਆਪਣੀ ਪਹਿਲਾਂ ਵਾਲੀ ਥਾਵੇਂ ਬੈਠਦੀ ਹੋਈ ਬੋਲੀ, "ਹੂੰ! ਹੁਣ ਦੱਸ। ਮੈਨੂੰ ਵੀ ਅਨਪੜ ਨੂੰ ਕੁਸ਼ ਪਤਾ ਲੱਗੇ।"
ਕੇਤਨ ਨੂੰ ਰੋਜ਼ੀ ਨੇ ਕਸੂਤਾ ਫਸਾ ਦਿੱਤਾ ਸੀ। ਭਾਵੇਂ ਉਹਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਸੀ ਪਰ ਆਨੇ ਵਾਲੀ ਥਾਂ  ਦੇ ਪਿਛੋਕੜ ਬਾਰੇ ਉਸਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਇੱਕ ਦੋ ਮਿੰਟ ਉਹਨੇ ਆਲਾ-ਟਾਲਾ ਕਰਕੇ ਗੱਲ ਆਈ-ਗਈ ਕਰਨੀ ਚਾਹੀ। ਲੇਕਿਨ ਬੁੜ੍ਹੀ ਨੇ ਗੱਲ ਟਲਣ ਨਾ ਦਿੱਤੀ। ਫਟਾਫਟ ਕੇਤਨ ਨੇ ਕਹਾਣੀ ਘੜੀ ਤੇ ਸੁਣਾਉਣ ਲੱਗ ਪਿਆ, "ਕਿਸੇ ਜੁਆਕ ਨੇ ਮੇਲੇ ਜਾਣ ਵਾਸਤੇ ਆਪਣੇ ਪਿਉ ਤੋਂ ਖਰਚ ਮੰਗਦਿਆਂ। ਪਿਉ ਨੇ ਕੋਈ ਧਿਆਨ ਨਾ ਦਿੱਤਾ। ਮੁੰਡੇ ਨੇ ਪਿਉ ਦੇ ਕੰਨ ਕੋਲ ਮੂੰਹ ਕਰਕੇ ਕਿਹਾ, ਬਾਪੂ ਮੈਨੂੰ ਆਨਾ ਦੇ?"
ਪਿਉ ਕਹਿੰਦਾ, "ਹੈਂ ਪੁੱਤ? ਮੈਨੂੰ ਕੁੱਝ ਸੁਣਿਆ ਨ੍ਹੀਂ?" 
ਮੁੰਡੇ ਨੇ ਥੋੜਾ ਹੋਰ ਉੱਚੀ ਆਵਾਜ਼ ਵਿੱਚ ਆਖਿਆ, "ਬਾਪੂ ਮੈਨੂੰ ਆਨਾ ਚਾਹੀਦੈ?" 
ਪਿਉ ਫੇਰ ਬੋਲਿਆ, "ਜਮਾਂ ਨ੍ਹੀਂ ਸੁਣਿਆ ਪੁੱਤ ਕੀ ਕਹਿਨੈ?" 
ਮੁੰਡੇ ਨੇ ਸੋਚਿਆ ਮੇਰਾ ਪਿਉ ਤਾਂ ਬੋਲ੍ਹਾ ਹੋ ਗਿਐ। ਕਿੱਥੇ ਨਿੱਤ ਐਨੀ ਭਕਾਈ ਮਾਰ-ਮਾਰ ਆਨੇ ਮੰਗਿਆ ਕਰੂੰ? ਮੁੰਡੇ ਨੇ ਜੀ ਆਪਣੇ ਪਿਉ ਦੇ ਖੱਬੇ ਕੰਨ 'ਚ ਪੂਰਾ ਕਿੱਲ ਕੇ ਕਿਹਾ, "ਬਾਪੂ ਮੈਂ ਰੁਪਈਆ ਲੈਣੈ?" 
ਉਹਦਾ ਪਿਉ ਖਿਸੇ ਵਿੱਚ ਹੱਥ ਪਾਉਂਦਾ ਹੋਇਆ ਬੋਲਿਆ, "ਪੁੱਤ 'ਤਾਹਾਂ ਨਾ ਚੜ੍ਹ। ਤੂੰ ਆਨੇ ਆਲੀ ਥਾਂ 'ਤੇ ਹੀ ਆਜਾ।" 
ਸੋ ਮਾਤਾ ਜੀ ਉਹਦੋਂ ਤੋਂ ਇਸ ਮਹਾਵਰੇ ਦਾ ਜਨਮ ਹੋਇਐ।"
"ਕੇਤਨ ਬੇਟਾ ਤੂੰ ਪੜਿਆ-ਲਿਖਿਆ ਜ਼ਰੂਰ ਐਂ। ਪਰ ਮੈਨੂੰ ਤੂੰ ਆਨੇ ਵਾਲੀ ਥਾਂ ਤੋਂ ਹਿੱਲਿਆ ਹੋਇਆ ਲੱਗਦੈਂ। ਬੜੀ ਪੁਰਾਣੀ ਗੱਲ ਆ। ਦੋ ਸਾਧੂ ਤਪੱਸਿਆ ਕਰਨ ਲਈ ਯੋਗ ਸਥਾਨ ਦੀ ਤਲਾਸ਼ ਵਿੱਚ ਭਟਕਦੇ-ਭਟਕਦੇ ਇੱਕ ਕਿਸਾਨ ਦੇ ਖੂਹ ਕੋਲ ਆ ਗਏ। ਉਥੋਂ ਨੇੜੇ ਹੀ ਇੱਕ ਦੂਜੇ ਤੋਂ ਥੋੜੇ-ਥੋੜੇ ਫਾਸਲੇ 'ਤੇ ਦੋ ਦਰੱਖਤ ਲੱਗੇ ਹੋਏ ਸਨ। ਇੱਕ ਨਿੰਮ ਦਾ ਤੇ ਦੂਜਾ ਪਿੱਪਲ। ਸਾਧਾਂ ਨੇ ਸੋਚਿਆਂ ਉਹਨਾਂ ਦਰੱਖਤਾਂ ਦੀ ਸੰਘਣੀ ਛਾਂਹ ਨਾਲੋਂ ਵਧੀਆ ਕੋਈ ਹੋਰ ਜਗ੍ਹਾ ਨਹੀਂ ਮਿਲਣੀ। ਕਿਉਂ ਨਾ ਉਥੇ ਬੈਠ ਕੇ ਹੀ ਭਗਤੀ ਕਰਨ। ਉਹਨਾਂ ਨੇ ਖੇਤ ਦੇ ਮਾਲਕ ਕਿਸਾਨ ਤੋਂ ਉਹਨਾਂ ਦਰਖਤਾਂ ਹੇਠ ਬੰਦੇ ਦੇ ਬੈਠਣ ਜੋਗੀ ਧਰਤੀ ਖਰੀਦਣ ਲਈ ਮੰਗੀ। ਪਹਿਲਾ ਸਾਧੂ ਕਹਿੰਦਾ, "ਨਿੰਮ ਵਾਲੀ ਥਾਂ ਮੈਨੂੰ ਦੇ ਦੇ। ਬੋਲ ਕੀ ਲਵੇਂਗਾ?" 
ਕਿਸਾਨ ਨੇ ਆਨਾ ਮੰਗਿਆ। ਸਾਧੂ ਨੇ ਕਿਹਾ, "ਠੀਕ ਹੈ, ਮੈਨੂੰ ਸੌਦਾ ਮੰਨਜ਼ੂਰ ਹੈ।" 
ਕਿਸਾਨ ਦੇ ਮਨ ਵਿੱਚ ਲਾਲਚ ਆ ਗਿਆ। ਉਹਨੇ ਦੂਜੇ ਸਾਧੂ ਤੋਂ ਦੋ ਆਨੇ ਮੰਗੇ। ਉਹ ਵੀ ਮੰਨ ਗਿਆ। ਦੋਨੋਂ ਸਾਧੂ ਕਿਸਾਨ ਨੂੰ ਅਗਲੇ ਦਿਨ ਜਗ੍ਹਾ ਦਾ ਮੁੱਲ ਤਾਰਨ ਦਾ ਵਾਅਦਾ ਕਰਕੇ ਚਲੇ ਗਏ। 
ਰਾਤ ਨੂੰ ਲੇਟਿਆਂ ਹੋਇਆਂ ਪਹਿਲੇ ਸਾਧੂ ਦੇ ਮਨ ਵਿੱਚ ਆਇਆ ਕਿ ਜ਼ਰੂਰ ਪਿੱਪਲ ਵਾਲੀ ਥਾਂ ਨਿੰਮੀ ਵਾਲੀ ਨਾਲੋਂ ਵਧੀਆ ਤੇ ਅਰਾਮਦਾਇਕ ਹੋਵੇਗੀ, ਤਦੇ ਹੀ ਕਿਸਾਨ ਨੇ ਉਹਦੀ ਜ਼ਿਆਦੇ ਕੀਮਤ ਮੰਗੀ ਹੈ। ਅਗਲੇ ਦਿਨ ਉਹ ਸਾਧੂ ਆਪਣੇ ਸਾਥੀ ਤੋਂ ਪਹਿਲਾਂ ਕਿਸਾਨ ਕੋਲ ਚੱਲਿਆ ਗਿਆ ਤੇ ਕਿਸਾਨ ਨੂੰ ਦੋ ਆਨੇ ਦੇ ਕੇ ਆਪਣੇ ਸਾਥੀ ਵਾਲੀ ਜਗ੍ਹਾ ਲੈਣ ਲਈ ਮਨਾਉਣ ਲੱਗਿਆ। ਕਿਸਾਨ ਨੇ ਸਾਧੂ ਨੂੰ ਸਮਝਾਇਆ, "ਤੇਰੀ ਨਿੰਮ ਵਾਲੀ ਥਾਂ ਹੈ। ਤੂੰ ਮੈਨੂੰ ਇੱਕ ਆਨਾ ਦੇ ਤੇ ਆਪਣੀ ਜਗ੍ਹਾ ਮੱਲ। ਇਹ ਦੋ ਆਨੇ ਵਾਲੀ ਲਈ ਤਾਂ ਮੈਂ ਤੇਰੇ ਸਾਥੀ ਨਾਲ ਵਾਅਦਾ ਕੀਤੈ।" 
ਸਾਧੂ ਕਹਿਣ ਲੱਗਿਆ, "ਮੇਰੇ ਆਨੇ ਖੋਟੇ ਨੇ? ਤੂੰ ਮੈਥੋਂ ਦੋ ਆਨੇ ਫੜ੍ਹ ਤੇ ਜਗ੍ਹਾ ਮੈਨੂੰ ਬਖਸ਼?" 
ਕਾਫ਼ੀ ਚਿਰ ਬਹਿਸਣ ਬਾਅਦ ਜਦ ਸਾਧੂ ਨਾ ਮੰਨਿਆ ਤਾਂ ਕਿਸਾਨ ਨੇ ਕਿਹਾ, "ਅੱਛਾ ਮੈਂ ਇੱਕ ਆਨੇ ਵਾਲੀ ਥਾਂ ਤੇਰੇ ਸਾਥੀ ਨੂੰ ਦੇ ਦਿਊਂ।" 
ਸਾਧੂ ਜਦ ਪਿੱਪਲ ਥੱਲੇ ਆਸਣ ਲਾ ਕੇ ਬੈਠਾ ਤਾਂ ਉਹਦੇ ਰੋੜ ਚੁੱਭੇ। ਉਹਨੇ ਉੱਠ ਕੇ ਥਾਂ ਸਾਫ਼-ਸੁਫ਼ ਕੀਤਾ। ਪਰ ਰੋੜ ਚੁੱਭਣੋਂ ਨਾ ਹਟੇ ਤੇ ਜਗ੍ਹਾ ਵੀ ਪੱਧਰੀ ਨਹੀਂ ਸੀ, ਸਗੋਂ ਉੱਚੀ-ਨੀਵੀਂ ਸੀ। ਸਾਧੂ ਕਿਸਾਨ ਨੂੰ ਹਾਕ ਮਾਰ ਕੇ ਉਲਾਂਭਾ ਦੇਣ ਲੱਗਿਆ, "ਤੂੰ ਦੋ ਆਨੇ ਤਾਂ ਲੈ ਲਏ। ਤੇਰੀ ਇਹ ਜਗ੍ਹਾ ਦੋ ਆਨੇ ਦੀ ਨਹੀਂ।" 
ਕਿਸਾਨ ਉਹਨੂੰ ਕਹਿਣ ਲੱਗਿਆ, "ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ, ਇਹ ਤੇਰੇ ਵਾਲੀ ਜਗ੍ਹਾ ਨਹੀਂ। ਅਜੇ ਵੀ ਚੰਗੈ ਤਾਂ ਆਨੇ ਵਾਲੀ ਥਾਂ 'ਤੇ ਆ ਜਾ। ਨਹੀਂ ਤੇਰੇ ਮਿੱਤਰ ਦੇ ਆਏ ਤੋਂ ਤੇਰੇ ਹੱਥੋਂ ਉਹ ਜਗ੍ਹਾ ਵੀ ਜਾਉ।" 
ਸਾਧੂ ਝੱਟ-ਪੱਟ ਬੋਲਿਆ, "ਭਰਾਵਾ ਮੇਰਾ ਇੱਕ ਆਨਾ ਮੋੜ? ਮੈਂ ਤਾਂ ਆਪਣੀ ਆਨੇ ਵਾਲੀ ਥਾਂ 'ਤੇ ਹੀ ਜਾਨਾਂ।" 
ਕੇਤਨ, ਇਉਂ ਹੋਈ ਸੀ ਇਸ ਮੁਹਾਵਰੇ ਦੀ ਉਤਪਤੀ।"
 "ਵਾਹ ਮਾਤਾ ਜੀ ਸੁਆਦ ਆ ਗਿਐ। ਤੁਹਾਨੂੰ ਤਾਂ ਕਿਸੇ ਕਾਲਜ਼ ਜਾਂ ਯੂਨੀਵਰਸਟੀ ਵਿੱਚ ਲੈਕਚਰਾਰ ਹੋਣਾ ਚਾਹੀਦਾ ਸੀ। ਅਸੀਂ ਸਕੂਲਾਂ, ਕਾਲਜ਼ਾਂ ਵਿੱਚ ਐਨੇ ਵਰ੍ਹੇ ਗਾਲ ਕੇ ਮਾਸਟਰਾਂ ਤੋਂ ਓਨਾ ਕੁੱਝ ਸਿੱਖ ਨਹੀਂ ਸਕੇ, ਜਿੰਨਾ ਤੁਸੀਂ ਰਸੋਈ ਵਿੱਚ ਰਹਿੰਦਿਆਂ ਸਿੱਖ ਲਿਆ ਹੈ।" ਕੇਤਨ ਨੇ ਬੁੜ੍ਹੀ ਨੂੰ ਖੁੱਲ੍ਹੇ ਦਿਲ ਨਾਲ ਮੱਖਣ ਮਾਰਿਆ।
"ਮਾਸਟਰ ਕੁੱਝ ਘੋਲ ਕੇ ਨਹੀਂ ਪਿਲਾ ਸਕਦੇ। ਜੇ ਬੰਦਾ ਮਿਹਨਤੀ ਤੇ ਉਹਦੇ ਵਿੱਚ ਸਿੱਖਣ ਲਈ ਲਗਨ ਹੋਵੇ ਤਾਂ ਉਹ ਸਕੂਲਾਂ, ਕਾਲਜ਼ਾਂ ਵਿੱਚ ਜਾਏ ਬਿਨਾਂ ਵੀ ਬਥੇਰਾ ਕੁੱਝ ਸਿੱਖ ਸਕਦੈ। ਇੱਕਲਵਯ ਨੇ ਦਰੋਣਾਚਾਰੀਆ ਨੂੰ ਦੂਰੋਂ ਦੇਖ-ਦੇਖ ਕੇ ਹੀ ਅਰਜ਼ਨ ਨਾਲੋਂ ਵਧੀਆ ਤੀਰਅੰਦਾਜ਼ੀ ਸਿੱਖ ਲਈ ਸੀ।" ਬੁੜ੍ਹੀ ਦੇ ਅਨਮੋਲ ਵਿਚਾਰਾਂ ਦੇ ਦਿਵਿਆ ਅਸਤਰਾਂ ਨਾਲ ਕੇਤਨ ਚਿੱਤ ਹੋ ਚੁੱਕਿਆ ਸੀ।
ਗੋਡਿਆਂ 'ਤੇ ਹੱਥ ਧਰ ਕੇ ਬੁੜ੍ਹੀ ਖੜੋਣ ਦਾ ਯਤਨ ਕਰਨ ਲੱਗੀ, "ਮੈਂ ਬਹੂ ਨੂੰ ਕਹਿੰਦੀ ਆਂ, ਚਾਹ ਦੀ ਘੁੱਟ ਧਰ ਲਵੇ।"
 ਕੇਤਨ ਚਾਹੁੰਦਾ ਸੀ ਕਿ ਰੋਜ਼ੀ ਜਲਦੀ ਤੋਂ ਜਲਦੀ ਭਾਂਡੇ ਧੋਹ ਕੇ ਉਸ ਕੋਲ ਆ ਬੈਠੇ, "ਕੌਫੀ ਤਾਂ ਪੀ ਲਈ ਸੀ ਉਦੋਂ। ਹੁਣ ਤਾਂ ਰੋਟੀ ਖਾ ਕੇ ਬਿਲਕੁਲ ਜ਼ਰੂਰਤ ਨਹੀਂ ਰਹੀ ਕਿਸੇ ਚੀਜ਼ ਦੀ। ਐਵੇਂ ਖੇਚਲ ਨਾ ਕਰੋ।" 
"ਕੋਸੇ ਪਾਣੀ ਨੂੰ ਬਣਾਉਣ ਦੀ ਖੇਚਲ ਕਾਹਦੀ ਆ। ਖੋਆ ਥੋੜੈ ਮਾਰਨੈ। ਸਾਡੇ ਤਾਂ ਭੋਰਾ-ਭੋਰਾ ਕੱਪੀਆਂ ਨੇ। ਥੋਡੇ ਅਲਾਂ ਤਾਂ ਲੋਕ ਛੱਨੇ ਬਾਟੇ ਭਰ-ਭਰ ਪੀ ਜਾਂਦੇ ਨੇ, ਤਾਂ ਹੀ ਤਾਂ ਅਖਾਣ ਵੀ ਆ ਇੱਕ, ਮੋਗਾ ਚਾਹ ਜੋਗਾ।" 
ਕੇਤਨ ਨੂੰ ਬੁੜ੍ਹੀ ਤੇ ਹਿਰਖ ਆਇਆ ਤੇ ਚਿੱਤ ਵਿੱਚ ਉਹਨੇ ਬੁੜ੍ਹੀ ਨੂੰ ਕਈ ਗਾਲਾਂ ਕੱਢੀਆਂ, "ਮਾਈ ਤੂੰ ਕੀ ਜਾਣੇ ਸਾਡੀਆਂ ਪਾਵਰਾਂ? ਅੰਨ੍ਹਾਂ ਕੀ ਜਾਣੇ ਬਸੰਤ-ਬਹਾਰ ਕੀ ਹੁੰਦੀ ਆ? ਬੁੜ੍ਹੀਏ ਜਵਾਨ ਹੁੰਦੀ ਤਾਂ ਤੈਨੂੰ ਦੱਸਦਾ ਅਸੀਂ ਕਾਹਦੇ ਜੋਗੇ ਆਂ। ਆਪਦੀ ਨੂੰਹ ਨੂੰ ਪੁੱਛੀਂ।" 
ਰੋਜ਼ੀ ਲੈਮਨ ਟੀ ਲੈ ਆਈ ਤੇ  ਕੱਪ ਫੜਾਉਂਦੀ ਹੋਈ ਕੇਤਨ ਨੂੰ ਸੰਬੋਧਨ ਹੋਈ, "ਦੁਪਹਿਰ ਐ, ਚਾਹ ਪੀ ਕੇ ਹੁਣ ਬਿੰਦ ਅਰਾਮ ਕਰ ਲਿਓ- ਪੈ ਜਾਇਉ।"
ਕੇਤਨ ਦਾ ਦਿਲ ਕਰੇ ਉਹ ਪੁੱਛੇ, "ਤੂੰ ਵੀ ਨਾਲ ਪਵੇਂਗੀ?" ਤੇ ਅੱਖਾਂ ਅੱਖਾਂ ਵਿੱਚ ਉਹ ਇਹ ਗੱਲ ਰੋਜ਼ੀ ਨੂੰ ਸਮਝਾ ਵੀ ਗਿਆ। ਇਸ 'ਤੇ ਰੋਜ਼ੀ ਨੇ ਨਕਲੀ ਇਤਰਾਜ਼ ਦਿਖਾਉਂਦਿਆਂ ਆਪਣੇ ਮੱਥੇ ਉੱਤੇ ਇਉਂ ਤਿਉੜੀਆਂ ਪਾ ਲਈਆਂ ਜਿਵੇਂ ਆਲੂ ਬੀਜਣ ਲਈ ਖੱਤਿਆਂ ਵਿੱਚ ਵੱਟਾਂ ਪਾਈਆਂ ਹੁੰਦੀਆਂ। 
ਚਾਹ ਫੜਾਉਣ ਲਈ ਜਿਉਂ ਹੀ ਉਹ ਝੁੱਕੀ ਤਾਂ ਕੇਤਨ ਨੇ ਉਹਦੀ ਛਾਤੀ ਵਿਚਾਲੇ ਬਣਦੇ ਡੂੰਗ ਵਿੱਚ ਇੱਲਤ ਕਰਨ ਲਈ ਫੂਕ ਮਾਰੀ।
"ਖੁਸ਼ੀ ਫੂਕਾਂ ਮਾਰ। ਏਸ ਸੀਨੇ ਵਿੱਚ ਮੱਚਣ ਵਾਲੀ ਅੱਗ ਫੂਕਾਂ ਨਾਲ ਨਈਂ ਬੁੱਝਣੀ।" ਰੋਜ਼ੀ ਫੁਸਫਸਾਈ।
"ਬੁਝਾਉਂਦਾ ਨ੍ਹੀਂ ਮੈਂ ਤਾਂ ਭਖਾਉਂਦਾਂ।" ਕੇਤਨ ਨੇ ਵੀ ਆਪਣੇ ਦੰਦਾਂ ਨਾਲ ਹੇਠਲਾ ਬੁੱਲ੍ਹ ਚੱਬਦਿਆਂ ਧੀਮੇ ਸੁਰ ਵਿੱਚ ਜੁਆਬ ਦਿੱਤਾ।
ਬੁੜ੍ਹੀ ਪਰ੍ਹੇ ਬੈਠੀ ਹੋਣ ਕਰਕੇ ਉਸਨੂੰ ਕੁੱਝ ਵੀ ਪਤਾ ਨਹੀਂ ਸੀ ਚੱਲਿਆ। ਦੂਜਾ ਚਾਹ ਦਾ ਕੱਪ ਆਪਣੀ ਸੱਸ ਨੂੰ ਦੇ ਕੇ ਰੋਜ਼ੀ ਬਾਹਰ ਚਲੀ ਗਈ।  ਕੇਤਨ ਦਾ ਧਿਆਨ ਰੋਜ਼ੀ ਵੱਲ ਹੀ ਰਿਹਾ। ਰੋਜ਼ੀ ਪਤਾ ਨਹੀਂ ਕਿਧਰ ਚਲੀ ਗਈ ਸੀ। ਉਸਨੂੰ ਬਿਲਕੁੱਲ ਨਜ਼ਰ ਨਾ ਆਈ। ਕੇਤਨ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਉਹ ਰੋਜ਼ੀ ਬਾਰੇ ਬੁੜ੍ਹੀ ਨੂੰ ਪੁੱਛ ਸਕਦਾ। 
ਪੂਰੇ ਢੇਡ ਦੋ ਘੰਟੇ ਬਾਅਦ ਰੋਜ਼ੀ ਪੂਰਾ ਪਹਿਨ-ਪੱਚਰ ਕੇ ਉਸ ਕੋਲ ਆਈ ਤਾਂ ਇੰਝ ਲੱਗਦੀ ਸੀ ਜਿਵੇਂ ਪਾਲਿਸ਼ ਕੀਤੀ ਜੁੱਤੀ ਲਿਸ਼ਕਦੀ ਹੁੰਦੀ ਹੈ। ਸੈਂਟ ਦੀਆਂ ਲਪਟਾ ਰੋਜ਼ੀ ਤੋਂ ਪਹਿਲਾਂ ਕਮਰੇ ਵਿੱਚ ਦਾਖਲ ਹੋ ਗਈਆਂ ਸਨ। ਬੜੇ ਸਲੀਕੇ ਨਾਲ ਕੀਤਾ ਹੋਇਆ ਮੇਅਕੱਪ ਉਸਦੇ ਹੁਸਨ ਦੀ ਆਭਾ ਵਧਾ ਰਿਹਾ ਸੀ। ਕੇਤਨ ਸਮਝ ਗਿਆ ਸੀ ਕਿ ਰੋਜ਼ੀ ਨੇ ਸਾਰਾ ਹਾਰ-ਸ਼ਿੰਗਾਰ ਉਹਦੇ ਲਈ ਹੀ ਕੀਤਾ ਸੀ ਫਿਰ ਵੀ ਜਾਣ ਕੇ ਕੇਤਨ ਨੇ ਖੁੰਦਕ ਛੇੜੀ, "ਕਿਤੇ ਜਾਣ ਦੀ ਤਿਆਰੀ ਐ?"
"ਓ ਨਹੀਂ ਨਹੀਂ ਰਾਕੇਸ਼ ਆਫਿਸ ਤੋਂ ਆਉਣ ਵਾਲੇ ਨੇ।" ਰੋਜ਼ੀ ਨੇ ਹੱਥ ਫੇਰ ਕੇ ਆਪਣੇ ਵਾਲਾਂ ਨੂੰ ਸਵਾਰਿਆ।
ਐਨੇ ਨੂੰ ਰਾਕੇਸ਼ ਵੀ ਆ ਗਿਆ। ਉਹ ਕੇਤਨ ਨੂੰ ਉੱਡ ਕੇ ਮਿਲਿਆ, "ਬੱਲੇ ਬੱਲੇ ਸਾਲਾ ਸਾਹਿਬ ਆਏ ਹੋਏ ਨੇ।"
ਰਾਕੇਸ਼ ਜੇ ਕੇਤਨ ਦੀ ਪੁੜਪੁੜੀ ਵਿੱਚ ਗੋਲੀ ਮਾਰਦਾ ਤਾਂ ਉਹਨੂੰ ਓਨੀ ਸੱਟ ਨਹੀਂ ਸੀ ਲੱਗਣੀ ਜਿੰਨੀ ਆਪਣੇ ਲਈ ਵਰਤੇ ਗਏ ਸਾਲਾ ਸ਼ਬਦ ਦੀ ਲੱਗੀ। 
ਰਾਕੇਸ਼ ਦੇ ਆਏ ਤੋਂ ਬੁੜ੍ਹੀ ਉੱਠ ਕੇ ਆਪਣੇ ਕਮਰੇ ਵਿੱਚ ਜਾ ਕੇ ਰਮਾਇਣ ਪੜ੍ਹਨ ਲੱਗ ਗਈ।
ਰਾਕੇਸ਼ ਤੇ ਕੇਤਨ ਇਧਰ ਉਧਰ ਦੀਆਂ ਗੱਲਾਂ ਮਾਰਨ ਲੱਗ ਪਏ। ਹਰ ਵਾਰ ਜਦੋਂ ਰਾਕੇਸ਼ ਸਾਲਾ ਜੀ-ਸਾਲਾ ਜੀ ਆਖਦਾ ਤਾਂ ਕੇਤਨ ਨੂੰ ਲੱਗਦਾ ਜਿਵੇਂ ਉਹ ਉਹਦੀ ਮਿੱਥ ਕੇ ਬੇਇਜ਼ਤੀ ਕਰ ਰਿਹਾ ਹੋਵੇ। ਉਹਦਾ ਜੀਅ ਕਰਦਾ ਕਿ ਰਾਕੇਸ਼ ਨੂੰ ਐਸੇ ਠੋਕ-ਠੋਕ ਕੇ ਜੁਆਬ ਦੇਵੇ ਤੇ ਦੱਸੇ ਕਿ ਰਾਕੇਸ਼ ਉਹਦੀ ਜੂਠ ਖਾਹ ਰਿਹਾ ਹੈ। ਪਰ ਫੇਰ ਕੇਤਨ ਰੋਜ਼ੀ ਵੱਲ ਦੇਖਕੇ ਆਪਣੇ ਆਪ 'ਤੇ ਕਾਬੂ ਪਾ ਲੈਂਦਾ। ਉਹ ਰੋਜ਼ੀ ਦਾ ਵਸਦਾ-ਰਸਦਾ ਘਰ ਨਹੀਂ ਸੀ ਪੱਟਣਾ ਚਾਹੁੰਦਾ।
ਕੁੱਝ ਦੇਰ ਰਾਕੇਸ਼ ਦੀ ਸੰਗਤ ਦਾ ਆਨੰਦ ਮਾਨਣ ਬਾਅਦ ਕੇਤਨ ਨੇ ਘੜੀ ਦੇਖੀ, "ਚੰਗਾ ਜੀ, ਦਿਉ ਇਜ਼ਾਜਤ ਮੈਂ ਚੱਲਦਾਂ?"
"ਬੈਠੋ ਜਨਾਬ ਮੂਰਗਾ-ਸੁਰਗਾ ਮੰਗਾਉਂਦੇ ਆਂ। ਘੁੱਟ-ਘੁੱਟ ਲਾਉਂਦੇ ਹਾਂ। ਅਜੇ ਤਾਂ ਤੁਹਾਡੀ ਕੋਈ ਸੇਵਾ ਈ ਨਹੀਂ ਕਰੀ।"
"ਸੇਵਾ ਕਰਨਾ ਤਾਂ ਸਾਡਾ ਫਰਜ਼ ਐ।"
"ਨਹੀਂ ਤੁਸੀਂ ਸਾਡੇ ਘਰੇ ਆਏ ਹੋ। ਇਸ ਲਈ ਸਾਡਾ ਹੱਕ ਐ। ਨਾਲੇ ਕਹਿੰਦੇ ਹੁੰਦੇ ਨੇ ਜ਼ੋਰੂ ਕਾ ਭਾਈ ਇੱਕ ਤਰਫ਼, ਸਾਰੀ ਲੁਕਾਈ ਇੱਕ ਤਰਫ਼।"
"ਬੱਸ ਲੰਘ ਜਾਣੀ ਐ?" ਕੇਤਨ ਝੋਲਾ ਚੁੱਕ ਕੇ ਤਿਆਰ ਹੋਇਆ।
"ਅੱਜ ਦੀ ਰਾਤ ਤਾਂ ਸਾਡੇ ਕੋਲ ਰਹੋ?"
"ਜੀ ਪਿੱਛੇ ਬੀਵੀ ਬੱਚੇ ਫਿਕਰ ਕਰਨਗੇ। ਨਾਲੇ ਪਿਤਾ ਜੀ ਤਾਂ ਵੈਸੇ ਬਲੱਡ-ਪਰੈਸ਼ਰ ਦੇ ਮਰੀਜ਼ ਨੇ।"
"ਓ ਹੋ ਬਈ ਫੋਨ ਕਰਕੇ ਕਹਿ ਦਿਉ ਨਾ ਕਿ ਚਿੰਤਾ ਨਾ ਕਰਨ। ਤੁਸੀਂ ਕੱਲ੍ਹ ਆਉਗੇ।" ਰਾਕੇਸ਼ ਨੇ ਉੱਠ ਕੇ ਕੇਤਨ ਨੂੰ ਬੈਠਣ ਦਾ ਇਸ਼ਾਰਾ ਕੀਤਾ।
ਕੇਤਨ ਜੱਕੋ-ਤੱਕੀ ਕਰਦਾ ਬੈਠ ਗਿਆ, "ਤੁਸੀਂ ਐਵੇਂ ਹੀ ਜ਼ਿੱਦ ਕਰਨ ਲੱਗ ਗਏ।" 
"ਹਾਂ ਹਾਂ, ਇਹ ਠੀਕ ਕਹਿੰਦੇ ਨੇ ਕੇਤਨ, ਘੱਟੋ-ਘੱਟ ਇੱਕ ਰਾਤ ਲਈ ਵੀ ਭਰਜਾਈ ਜੀ ਤੋਂ ਤੁਹਾਡੇ ਬਿਨਾਂ ਨਾ ਸਾਰ ਹੋਊ। ਏਧਰ ਤੁਹਾਡੇ ਜੀਜਾ ਜੀ ਤਾਂ ਦਿੱਲੀ ਗਏ ਹਫਤਾ-ਹਫਤਾ ਨਹੀਂ ਮੁੜਦੇ ਹੁੰਦੇ।" ਰਾਕੇਸ਼ ਨਾਲ ਨਜ਼ਰਾਂ ਮਲਾ ਕੇ ਰੋਜ਼ੀ ਹੱਸੀ।
"ਅੱਛਾ ਜੀਜਾ ਜੀ?"
"ਹਾਂ ਕੇਤਨ, ਬਿਜ਼ਨੈਸ ਦੇ ਸਿਲਸਿਲੇ ਵਿੱਚ ਦੁਰ-ਦਰਾਜ਼ ਤਾਂ ਜਾਣਾ ਹੀ ਪੈਂਦੇ।" 
"ਦਿੱਲੀ ਕਿਹੜੀ ਜਗ੍ਹਾ ਜਾਂਦੇ ਹੁੰਦੇ ਹੋ?"
"ਪਹਾੜ-ਗੰਜ।"
"ਲਉ ਕਰ ਲਉ ਗੱਲ। ਰੋਜ਼ੀ ਤੂੰ ਜੀਜਾ ਜੀ ਨੂੰ ਦੱਸਿਆ ਨਹੀਂ? ਪਹਾੜਗੰਜ ਮੇਰੇ ਚਾਚਾ ਜੀ ਰਹਿੰਦੇ ਨੇ। ਹੁਣ ਤੋਂ ਜੀਜਾ ਜੀ ਜਦੋਂ ਤੁਸੀਂ ਦਿੱਲੀ ਜਾਵੋਂ, ਸਿੱਧਾ ਚਾਚਾ ਜੀ ਕੋਲ ਜਾਣਾ। ਸਾਡੇ ਹੁੰਦੇ ਹੋਏ ਹੋਟਲਾਂ ਵਿੱਚ ਰੁੱਲਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ। ਬੇਸ਼ੱਕ ਮਹੀਨਾ-ਮਹੀਨਾ ਰਹਿ ਪਿਆ ਕਰਨਾ। ਤੁਹਾਡਾ ਆਪਣਾ ਘਰ ਏ। ਮੈਂ ਚਾਚਾ ਜੀ ਨੂੰ ਦੱਸ ਦਿਆਗਾਂ। ਆਹ ਲਉ ਐਡਰੈਸ ਲਿਖੋਂ ਮੈਂ ਲਿਖਵਾਉਂਦਾ।" ਕੇਤਨ ਜੇਬ ਵਿੱਚੋਂ ਡਾਇਰੀ ਕੱਢ ਕੇ ਵਰਕੇ ਫਰੋਲਣ ਲੱਗ ਗਿਆ।
"ਸਾਲਾ ਸਾਹਿਬ ਸ਼ੁਕਰਿਆ? ਕੋਈ ਜ਼ਰੂਰਤ ਨਹੀਂ। ਹੋਟਲਾਂ-ਸ਼ੋਟਲਾਂ ਵਿੱਚ ਕਿਹੜਾ ਭੜੂਆ ਰਹਿੰਦੈ? ਆਹ ਆਪਣੇ ਸਾਹਮਣੀ ਕੋਠੀ ਵਾਲੇ ਮਹਿਤਾ ਸਾਹਿਬ ਹੈ ਨਾ? ਇਹਨਾਂ ਦੀ ਭੈਣ, ਚੰਪਾ ਵਿਆਹੀ ਹੋਈ ਆ ਉਥੇ? ਆਪਾਂ ਤਾਂ ਉਹਦੇ ਘਰ ਹੀ ਠਹਿਰੀਦੈ। ਜਿਹੋ-ਜਿਹੀ ਉਹਨਾਂ ਦੀ ਭੈਣ ਉਹੀ ਜਿਹੀ ਆਪਣੀ। ਹੋਟਲਾਂ ਦੇ ਤਾਂ ਖਰਚ ਹੀ ਤੁਹਾਨੂੰ ਪਤੈ ਅਸਮਾਨਾਂ ਨੂੰ ਛੂੰਹਦੇ ਨੇ ਅੱਜ ਕੱਲ੍ਹ। ਆਪਾਂ ਜਦੋਂ ਜਾਇਏ ਖਾਲੀ ਹੱਥ ਨਹੀਂ ਜਾਈਦਾ। ਸੂਟ-ਸਾੜੀ ਤੇ ਫੁੱਲਾਂ ਦਾ ਗੁਲਦਸਤਾ ਜ਼ਰੂਰ ਲੈ ਜਾਈਦੈ। ਛੱਡ ਇਹਨਾਂ ਗੱਲਾਂ ਨੂੰ ਮੂੰਹ ਕਰਾਰਾ ਕਰੀਏ। -ਰੋਜ਼ੀ ਭੱਜ ਕੇ ਗਿਲਾਸ ਲਿਆ ਤੇ ਲੱਗਦੇ ਹੱਥ ਚਿੱਲੀ-ਚਿਕਨ ਲਈ ਵੀ ਹੋਟਲ ਵਾਲੇ ਨੂੰ ਕਹਿ ਦੇ ਭੇਜ ਦੇਵੇ।"
ਰਾਕੇਸ਼ ਨੇ ਅਲਮਾਰੀ ਵਿੱਚੋਂ ਕੱਢ ਕੇ ਬੋਤਲ ਮੇਜ਼ 'ਤੇ ਰੱਖ ਦਿੱਤੀ। ਰੋਜ਼ੀ ਗਿਲਾਸ ਅਤੇ ਪਾਣੀ ਮੇਜ਼ 'ਤੇ ਧਰ ਕੇ ਮੁੜਨ ਲੱਗੀ, ਰਕੇਸ਼ ਨੇ ਉਹਦੀ ਬਾਂਹ ਫੜ੍ਹ ਲਈ।
"ਆ ਬਈ ਰੋਜ਼ੀ ਤੂੰ ਵੀ ਜੋਆਇੰਨ ਕਰ।" ਰਾਕੇਸ਼ ਨੇ ਰੋਜ਼ੀ ਲਈ ਵੀ ਸ਼ਰਾਬ ਪਾ ਦਿੱਤੀ।
"ਰੋਜ਼ੀ ਵੀ ਪੀ ਲੈਂਦੀ ਏ?" ਕੇਤਨ ਨੇ ਹੈਰਾਨ ਹੁੰਦਿਆਂ ਪੁੱਛਿਆ।
"ਹਾਂ ਕੇਤਨ, ਹਾਈ ਸੋਸਾਈਟੀ ਵਿੱਚ ਰਹਿਣ ਲਈ ਪੀਣੀ ਹੀ ਪੈਂਦੀ ਹੈ। ਇੱਥੇ ਤਾਂ ਕਿਸੇ ਨਾ ਕਿਸੇ ਦੇ ਘਰ ਕਿੱਟੀ ਪਾਰਟੀ ਹੁੰਦੀ ਹੀ ਰਹਿੰਦੀ ਹੈ। ਨਾ ਪੀਂਦੇ ਹੋਵੋ ਤਾਂ ਇਨਫਿਅਰਟੀ ਕਾਮਪਲੈਕਸ ਜਿਹਾ ਫੀਲ ਕਰਦੇ ਰਹੀਦੈ। ਨਾਲੇ ਫੇਰ ਮਾੜਾ ਮੋਟਾ ਮਦਹੋਸ਼ ਹੋਏ ਬਿਨਾਂ ਪਰਾਏ ਮਰਦਾਂ ਦੀਆਂ ਬਾਹਾਂ ਵਿੱਚ ਨੱਚ ਵੀ ਕਿਹੜਾ ਹੁੰਦੈ।" ਰੋਜ਼ੀ ਬੇਬਾਕੀ ਨਾਲ ਬੋਲੀ।
"ਤੂੰ ਨੱਚ ਦੀ ਵੀ ਹੁੰਦੀ ਏਂ? ਬੜੀ ਸ਼ਰਮੀਲੀ ਹੁੰਦੀ ਸੀ ਪਹਿਲਾਂ ਤਾਂ। ਯਾਦ ਐ, ਸਕੂਲ ਦੇ ਸਲਾਨਾ ਕਲਚਰਲ ਫਕਸ਼ਨ ਵੇਲੇ ਬੁੜ੍ਹੀਆਂ ਦੀ ਗਿਣਤੀ ਪੂਰੀ ਕਰਨ ਲਈ ਮੈਡਮਾਂ ਨੇ ਤੈਨੂੰ ਧੱਕੇ ਨਾਲ ਗਿੱਧੇ ਦੀ ਟੀਮ ਵਿੱਚ ਸ਼ਾਮਲ ਕਰ ਲਿਆ ਸੀ ਤੇ ਤੂੰ ਡਰਦੀ ਮਾਰੀ ਫੰਕਸ਼ਨ ਵਾਲੇ ਦਿਨ ਸਕੂਲ ਹੀ ਨਹੀਂ ਸੀ ਆਈ?"
"ਉਹ ਬਚਪਨ ਸੀ। ਹੁਣ ਮੈਂ ਜੁਆਨ ਹਾਂ। ਜੁਆਨੀ ਤਾਂ ਹੁੰਦੀ ਹੀ ਦਿਵਾਨੀ, ਮਸਤਾਨੀ ਐ। ਨਾਲੇ ਫੇਰ ਪਾਰਟੀਆਂ 'ਚ ਭਜਨ ਸੁਣਨ ਥੋੜੈ ਜਾਈਦੈ। ਇੰਨਜੋਆਏ ਤਾਂ ਕਰਨਾ ਹੀ ਹੋਇਆ ਨਾ। ਖਾਣਾ ਪੀਣਾ ਹੱਸਣਾ ਤੇ ਨੱੱਚਣਾ ਹੀ ਤਾਂ ਇਹਨਾਂ ਪਾਰਟੀਆਂ ਦਾ ਮਕਸਦ ਹੁੰਦਾ ਹੈ। ਨੱਚਣ ਕੁੱਦਣ ਮਨ ਕਾ ਚਾਓ।  ਮੈਂ ਤਾਂ ਪੰਦਰਾਂ ਹਜ਼ਾਰ ਖਰਚ ਕੇ ਬੈਲੇਅਰਡ ਸਿੱਖਿਐ। ਉੱਚੀ-ਉੱਚੀ ਜਦੋਂ ਸੰਗੀਤ ਵੱਜਦੈ ਤਾਂ ਅੰਗ ਮੱਲੋ-ਮੱਲੀ ਥਿਰਕਣ ਲੱਗ ਜਾਂਦੇ ਨੇ। ਇੱਕ ਵਾਰ ਨੱਚਣ ਲੱਗ ਜਾਇਏ ਤਾਂ ਫੇਰ ਕਿੱਥੇ ਹੱਟ ਹੁੰਦੈ? ਬਸ ਸਾਰੀ-ਸਾਰੀ ਰਾਤ ਨੱਚ ਬੇਬੀ -ਨੱਚ ਬੇਬੀ  ਹੁੰਦੀ ਰਹਿੰਦੀ ਹੈ। ਸੱਚ! ਮਜ਼ਾਂ ਆ ਜਾਂਦੈ। ਦਿਲ ਤਾਂ ਇਸੇ ਸ਼ਹਿਰ ਦਾ ਧੜਕਦਾ ਦੇਖਿਐ ਮੈਂ। ਆਪਣੇ ਸ਼ਹਿਰ ਨੂੰ ਤਾਂ ਮੈਂ ਐਵੇਂ ਮਰਿਆ 'ਚ ਹੀ ਗਿਣਦੀ ਆਂ। ਇਸ ਸ਼ਹਿਰ ਦੀਆਂ ਰੰਗੀਨੀਆਂ ਨੂੰ ਛੱਡ ਕੇ ਹੋਰ ਕਿਧਰੇ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ। ਇਸੇ ਲਈ ਤਾਂ ਐਨੇ ਚਿਰ ਤੋਂ ਕਦੇ ਮੋਗੇ ਨਹੀਂ ਆਈ।-ਇਹਨਾਂ ਦੇ ਇੱਕ ਕਲਾਇੰਟ ਨੇ ਸ਼ਰਮਾ ਸਾਹਿਬ ਉਹ ਮੇਰੇ ਬਿਨਾਂ ਤਾਂ ਕਿਸੇ ਹੋਰ ਨਾ ਨੱਚਦੇ ਈ ਨਹੀਂ। ਪਿਛਲੇ ਹਫਤੇ ਖੰਨਾ ਸਾਹਿਬ ਦੀ ਪਾਰਟੀ 'ਤੇ ਪਤੈ ਕੀ ਕਹਿਣ ਲੱਗੇ, ਕਹਿੰਦੇ ਜਿਸ ਪਾਰਟੀ ਵਿੱਚ ਦਲੇਰ ਮਹਿੰਦੀ ਦੇ ਗਾਣੇ ਨਾ ਹੋਣ ਤੇ ਦੂਜਾ ਰੋਜ਼ੀ ਮੈਡਮ ਜੀ ਤੁਸੀਂ ਡਾਸਿੰਗ ਪਾਟਨਰ ਨਾ ਹੋਵੋ ਤਾਂ ਉਹ ਪਾਰਟੀ ਮੈਨੂੰ ਪਾਰਟੀ ਨਹੀਂ ਲੱਗਦੀ। ਇੰਝ ਲੱਗਦੈ ਹੁੰਦੈ ਜਿਵੇਂ ਮੈਂ ਕਿਸੇ ਦੀ ਮਈਅਤ 'ਤੇ ਆਇਆ ਹੋਵਾਂ।"
ਰਾਕੇਸ਼ ਨੇ ਕਚੀਚੀ ਵੱਟੀ, "ਅੱਛਾ, ਇੰਝ ਕਿਹਾ ਬਦਮਾਸ਼ ਨੇ? ਕੋਈ ਗੱਲ ਨਹੀਂ, ਪਰਸੋਂ ਮਿਸਜ਼ ਸ਼ਰਮਾਂ ਨਾਲ ਕਰਨੈ ਲੰਚ। ਸਾਲੀ ਨੂੰ ਮੈਂ ਵੀ ਠੋਕ-ਠੋਕ ਕੇ ਐਸੇ ਕਾਮਪਲੀਮੈਂਟ ਦੇਊਂ, ਜਿਨ੍ਹਾਂ ਨੂੰ ਸੁਣਨ ਬਾਅਦ ਜੇ ਉਹ ਸ਼ਰਮੇ ਨੂੰ ਹੱਥ ਵੀ ਲਾਉਣ ਦੇ ਜੇ ਤਾਂ ਮੇਰਾ ਨਾਂ ਵਟਾ ਦਿਉ। -ਇੱਕ ਦਿਨ ਮੈਂ ਮਾੜਾ ਜਿਹਾ ਹੀ ਕਿਹਾ ਸੀ, ਮਿਸਜ਼ ਸ਼ਰਮਾ ਤੁਹਾਡੀ ਸ਼ਕਲ ਸੁਸ਼ਮਿਤਾ ਸੇਨ ਨਾਲ ਮਿਲਦੀ ਆਂ। ਫੂਕ 'ਚ ਆਈ, ਆਏਂ ਰਾਕੇਸ਼-ਰਾਕੇਸ਼ ਕਰਦੀ ਫਿਰਦੀ ਸੀ ਜਿਵੇਂ ਮੀਰਾ ਬਾਈ ਕ੍ਰਿਸ਼ਨ ਨੂੰ ਧਿਆਉਂਦੀ ਹੁੰਦੀ ਸੀ।"
"ਤੁਹਾਨੂੰ ਰੋਜ਼ੀ ਦਾ ਸ਼ਰਾਬ ਪੀਣਾ ਬੁਰਾ ਨਹੀਂ ਲੱਗਦਾ? ਸਾਡੀ ਸਭਿਅਤਾ ਔਰਤ ਨੂੰ ਅਜਿਹੀਆਂ ਖੁੱਲ੍ਹਾਂ ਦੇਣ ਤੋਂ ਵਰਜਦੀ ਹੈ।" ਕੇਤਨ ਨੇ ਰਾਕੇਸ਼ ਨੂੰ ਪੁਛਿਆ।
"ਬਈ ਮੈਂ ਤਾਂ ਖੁਦ ਜੀਉ ਔਰੋਂ ਕੋ ਭੀ ਜੀਨੇ ਦੋ  ਦੇ ਫਲਸਫੇ ਵਿੱਚ ਵਿਸ਼ਵਾਸ ਰੱਖਦਾਂ। ਬੁਰਾ ਲੱਗਣ ਵਾਲੀ ਕਿਹੜੀ ਗੱਲ ਹੈ? ਇਹ ਤਾਂ ਰੰਗਦਾਰ ਪਾਣੀ ਹੈ। ਜੇ ਮਰਦ ਪੀ ਸਕਦਾ ਹੈ ਤਾਂ ਔਰਤ ਕਿਉਂ ਨਹੀਂ? ਅਸੀਂ ਇੱਕਵੀ ਸਦੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਤੇ ਤੁਸੀਂ ਮੰਨੂਵਾਦ ਤੋਂ ਆਪਣਾ ਪਿੱਛਾ ਨਹੀਂ ਛੁਡਾ ਸਕੇ? ਇਹਨਾਂ ਪਿਛਾਂਹ ਖਿੱਚੂ ਖਿਆਲ ਨੂੰ ਛੱਡ ਕੇ ਬਰੋਡ ਮਾਇੰਡਡ ਬਣੋ।"
"ਤੁਸੀਂ ਬਰੋਡ ਮਾਇੰਡਡ ਹੋ?"
"ਹਾਂ ਬਿਲਕੁੱਲ। ਕੋਈ ਸ਼ੱਕ ਹੈ?" ਰਾਕੇਸ਼ ਨੇ ਛਾਤੀ ਠੋਕੀ।
"ਗੁਸਤਾਖੀ ਮਾਫ਼! ਮੈਨੂੰ ਗਲਤ ਨਾ ਸਮਝਿਉ। ਫਰਜ਼ ਕਰੋ ਮੈਂ ਤੁਹਾਨੂੰ ਕਹਾਂ ਕਿ ਅੱਜ ਦੀ ਰਾਤ ਮੈਨੂੰ ਤੇ ਰੋਜ਼ੀ ਨੂੰ ਇਕੱਠੇ ਸੌਂ ਲੈਣ ਦੋ, ਤਾਂ ਕੀ ਤੁਸੀਂ ਅਜਿਹਾ ਕਰਨ ਦੇ ਦੇਵੋਗੇ?"
"ਬਈ ਮੈਂ ਐਨਾ ਬਰੋਡ ਮਾਇੰਡਡ ਵੀ ਨਹੀਂ ਹੋਇਆ ਅਜੇ, ਜੋ ਗਿਰਿਆਂ ਵਾਲੀਆਂ ਹਰਕਤਾਂ 'ਤੇ ਉਤਰ ਆਵਾਂ।"
"ਤਾਂ ਤੁਸੀਂ ਮੰਨਦੇ ਹੋ ਕਿ ਅਗਾਂਹ ਵਧੂ ਹੋਣ ਦਾ ਮਤਲਬ ਇਖਲਾਕ ਤੋਂ ਡਿੱਗਣਾ ਹੈ?"
ਰਾਕੇਸ਼ ਨੂੰ ਕੇਤਨ ਮੂਹਰੇ ਕੋਈ ਗੱਲ ਨਾ ਆਈ। ਕੇਤਨ ਨੇ ਰੋਜ਼ੀ ਵੱਲ ਨੀਝ ਲਾ ਕੇ ਦੇਖਿਆ, ਇਹ ਉਹ ਰੋਜ਼ੀ ਨਹੀਂ ਸੀ, ਜਿਸਨੂੰ ਕਦੇ ਉਸਨੇ ਪਿਆਰ ਕੀਤਾ ਸੀ। ਕੇਤਨ ਨੂੰ ਰੋਜ਼ੀ ਤੋਂ ਕੋਫਤ ਹੋਈ ਤੇ ਜਾਪਿਆ ਜਿਵੇਂ ਮੁਰਝਾਏ ਫੁੱਲ ਚੋਂ ਬੋਅ ਮਾਰਨ ਲੱਗ ਗਈ ਹੋਵੇ।  ਉਹਨੂੰ ਰੋਜ਼ੀ ਗੁਲਦਸਤੇ ਵਿੱਚ ਪਿਆ ਉਹ ਗੁਲਾਬ ਲੱਗਿਆ ਜਿਸਨੂੰ ਹਰ ਐਰਾ-ਗੈਰਾ ਸੁੰਘ ਰਿਹਾ ਹੋਵੇ। ਉਸ ਵਿੱਚੋਂ ਕੇਤਨ ਨੂੰ ਖੁਸ਼ਬੂ ਦੀ ਬਜਾਏ ਮੁਰਝਾਏ ਫੁੱਲਾਂ ਵਰਗੀ ਬਦਬੂ ਤੇ ਸੜਿੰਆਂਦ ਆਉਂਦੀ ਪ੍ਰਤੀਤ ਹੋਈ। ਉਹਨੇ ਸੋਚਿਆ ਵਿਦੇਸ਼ੀ ਗੁਲਾਬ ਨਾਲੋਂ ਤਾਂ ਸਾਡਾ ਦੇਸੀ ਕੰਵਲ ਕਈ ਗੁਣਾਂ ਚੰਗੈ, ਜੋ ਚਿੱਕੜ ਨੂੰ ਵੀ ਮਹਿਕਾ ਦਿੰਦੈ। ਜੋ ਜਖਮ ਨਹੀਂ ਦਿੰਦਾ ਜਿਸਨੂੰ ਹਰ ਲੱਲੀ-ਛੱਲੀ ਸੁੰਘ ਨਹੀਂ ਸਕਦਾ। ਸਵੇਰੇ ਪੰਖੜੀਆਂ ਖੋਲ੍ਹ ਕੇ ਸ਼ਾਮ ਨੂੰ ਬੰਦ ਕਰ ਲੈਂਦਾ ਹੈ। ਭੌਰੇ ਨੂੰ ਵਾਸ਼ਨਾ ਸੁੰਘ ਕੇ ਉੱਡਣ ਨਹੀਂ ਦਿੰਦਾ ਸਗੋਂ ਆਪਣੇ ਵਿੱਚ ਸਮੇਟ ਲੈਂਦਾ ਹੈ।
ਰੋਜ਼ੀ ਆਪਣੇ ਪਾਸੇ ਬਜ਼ੁਰਗ ਇੱਕ ਅਖਾਣ ਸੁਣਾਉਂਦੇ ਹੁੰਦੇ ਨੇ, "ਧੀਏ ਤੇਰੀ ਨੱਥ ਮੱਛਲੀ ਰਲ੍ਹਗੀ ਰੂਪ ਦੇ ਨਾਲੇ। ਉਹੀ ਗੱਲ ਤੇਰੀ ਐ, ਜੀਜਾ ਜੀ ਨੇ ਤੈਨੂੰ ਆਪਣੇ ਰੰਗ ਵਿੱਚ ਰੰਗ ਲਿਐ।"
"ਸਾਲਾ ਸਾਹਿਬ, ਔਰਤ ਤਾਂ ਪਾਣੀ ਵਰਗੀ ਹੁੰਦੀ ਹੈ, ਜੀਹਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਜਿਹੋ ਜਿਹੇ ਮਰਦ ਨਾਲ ਜਾ ਕੇ ਮਿਲਦੀ ਹੈ ਉਹੇ ਜਿਹੀ ਹੋ ਜਾਂਦੀ ਹੈ।"
ਡੋਰਬੈਲ ਖੜਕੀ ਤੇ ਹੋਟਲ ਵਾਲਾ ਰੋਸਟਡ ਮੁਰਗਾ ਫੜ੍ਹਾ ਗਿਆ। ਕੁਕੜ ਦੇ ਮੁਸ਼ਕ ਨਾਲ ਕੇਤਨ ਦੀਆਂ ਵੀ ਲਾਲ੍ਹਾਂ ਚੋਣ ਲੱਗ ਪਈਆਂ ਉਸਨੇ ਮਨ ਹੀ ਮਨ ਠਹਿਰ ਜਾਣ ਦੀ ਸਲਾਹ ਬਣਾਈ।  
"ਠੀਕ ਐ ਮੈਂ ਜ਼ਰ੍ਹਾ ਘਰੇ (ਮੋਗੇ) ਫੋਨ ਕਰ ਲਵਾਂ?" ਕੇਤਨ ਨੇ ਆਗਿਆ ਮੰਗੀ।
"ਹਾਂ-ਹਾਂ, ਕਿਉਂ ਨਹੀਂ? ਨਾਲ ਦੇ ਕਮਰੇ ਵਿੱਚ ਐ ਫੋਨ? ਚੱਲੋ ਮੈਂ ਦਿਖਾਉਂਦਾ ਹਾਂ।" ਰਾਕੇਸ਼ ਕੇਤਨ ਨੂੰ ਫੋਨ ਕੋਲ ਛੱਡ ਗਿਆ।
ਰਾਕੇਸ਼ ਕੁਕੜ ਪਲੇਟ ਵਿੱਚ ਸਜਾ ਕੇ ਕੇਤਨ ਦੇ ਇੰਤਜ਼ਾਰ ਵਿੱਚ ਬੈਠਾ ਸੀ ਕਿ ਕੇਤਨ ਬੜ੍ਹਾ ਘਰਬਾਇਆ ਹੋਇਆ ਵਾਪਸ ਆਇਆ।
ਰਾਕੇਸ਼ ਨੇ ਕੇਤਨ ਨੂੰ ਦੇ ਪਸੀਨੋ-ਪਸੀਨਾ ਹੋਏ ਮੱਥੇ ਨੂੰ ਦੇਖ ਕੇ ਪੁੱਛਿਆ, "ਸਭ ਖੈਰੀਅਤ ਹੈ ਨਾ?"
 "ਮਾਫ਼ ਕਰਨਾ ਜੀਜਾ ਜੀ, ਮੈਂ ਅੱਜ ਰੁੱਕ ਨਹੀਂ ਸਕਦਾ। ਮੈਨੂੰ ਹੁਣੇ ਹੀ ਐਸੇ ਵਕਤ ਜਾਣਾ ਪਵੇਗਾ।" 
"ਕੋਈ ਐਮਰਜੈਂਸੀ ਆ ਪਈ?"
"ਜੀ ਹਾਂ, ਮੇਰੇ ਮਾਮਾ ਜੀ ਮਰ ਗਏ ਨੇ।"
"ਉਅ… ਆਈ ਸੀ। ਬੜਾ ਮਾੜਾ ਹੋਇਆ ਇਹ ਤਾਂ।" ਅਫਸੋਸ ਵਿੱਚ ਰਾਕੇਸ਼ ਨੇ ਸਿਰ ਝੁਕਾ ਲਿਆ।
"ਮੈਂ ਚੱਲਾਂ। ਕਿਤੇ ਸੱਤ ਵਜੇ ਵਾਲੀ ਆਖਰੀ ਬੱਸ ਹੀ ਨਾ ਲੰਘ ਜਾਵੇ।"
"ਠੀਕ ਐ ਸਾਲਾ ਸਾਹਿਬ, ਫੇਰ ਕਦੇ ਚੱਕਰ ਮਾਰਿਉ।"
"ਹੁਣ ਤਾਂ ਤੁਹਾਡੀ ਵਾਰੀ ਐ। ਤੁਸੀਂ ਆਇਉ।"
ਫਤਿਹ ਬੁਲਾ ਕੇ ਕੇਤਨ ਉਥੋਂ ਤੁਰ ਪਿਆ। ਤੁਰੇ ਜਾਂਦੇ ਨੂੰ ਉਹਨੂੰ ਫੋਨ 'ਤੇ ਕਮਲਾ ਨਾਲ ਹੋਈ ਵਾਰਤਾ ਦੁਬਾਰਾ ਚੇਤੇ ਆਉਣ ਲੱਗੀ। 
ਕੇਤਨ ਨੇ ਨੰਬਰ ਡਾਇਲ ਕਰਕੇ ਕਾਫ਼ੀ ਦੇਰ ਤੱਕ ਫੋਨ ਕੰਨ ਨੂੰ ਲਾਈ ਰੱਖਿਆ ਸੀ। ਬਹੁਤ ਸਾਰੀਆਂ ਘੰਟੀਆਂ ਵੱਜਣ ਬਾਅਦ ਕਿਤੇ ਜਾ ਕੇ ਕਮਲਾ ਨੇ ਫੋਨ ਚੁੱਕਿਆ ਸੀ, "ਹੈਲੋ?"
"ਹੈਲੋ, ਬਈ ਕਮਲਾ ਐਨੀ ਦੇਰ ਕਿਉਂ ਲਾ ਦਿੱਤੀ ਫੋਨ ਚੁੱਕਣ ਨੂੰ? ਸਭ ਠੀਕ ਐ ਨਾ?"
"ਹਾਂ। ਤੁਸੀਂ ਕਿੱਥੇ ਓ?"
"ਮੈਂ ਤਾਂ ਅਜੇ ਚੰਡੀਗੜ੍ਹ ਹੀ ਆਂ- ਆ ਪਿੱਛੇ ਕੌਣ ਰੋ ਰਿਹੈ?"
"ਤੁਹਾਡੀ ਬੇਟੀ ਸ਼ਾਲੂ ਆ।-ਚੁੱਪ ਕਰ ਕੁੜ੍ਹੀਏ। ਕੁਸ਼ ਨਈਂ ਹੋਇਆ। ਕਿਧਰੇ ਨ੍ਹੀਂ ਤੇਰੀ ਜਾਨ ਨਿਕਲਦੀ।" ਸ਼ਾਲੂ ਨੂੰ ਝਿੜਕਣ ਬਾਅਦ ਕਮਲਾ ਫੇਰ ਕੇਤਨ ਨਾਲ ਗੱਲਾਂ ਕਰਨ ਲੱਗ ਪਈ ਸੀ, "ਸ਼ਾਲੂ ਦੀ ਉਂਗਲ ਵਿੱਚ ਕੰਡਾ ਚੁੱਭ ਗਿਐ। ਗੁਲਾਬ ਦੀ ਟਾਹਣੀ ਨਾਲ ਕੰਡਾ ਸੀ ਕਿਤੇ। ਕੋਈ ਨਹੀਂ ਫਿਕਰ ਨਾ ਕਰੋ ਤੁਸੀਂ। ਕੰਡਾ ਹੀ ਹੈ। ਬੰਬ ਨਹੀਂ ਫਟਿਆ ਕੋਈ।" 
"ਕੰਡਾ ਆਪਣੇ ਘਰੇ ਕਿਥੋਂ ਆ ਗਿਐ?"
"ਓ ਹੋ, ਮੈਂ ਤਾਂ ਦੱਸਣਾ ਹੀ ਭੁੱਲਗੀ, ਲੁਧਿਆਣਿਉਂ ਰੋਹਿਤ ਵੀਰ ਜੀ ਆਏ ਹੋਏ ਨੇ। ਫੁੱਲਾਂ ਦਾ ਬੁੱਕੇ ਲਿਆਏ ਸੀ ਉਹ।"
"ਸੁਣਦੀ ਨ੍ਹੀਂ? ਤੂੰ ਤਾਂ ਆਪਣੇ ਮਾਂ ਪਿਉ ਦੀ ਇਕਲੌਤੀ ਔਲਾਦ ਐਂ। ਤੇਰੇ ਚਾਚਿਆਂ ਤਾਇਆਂ ਦੇ ਵੀ ਕੁੜ੍ਹੀਆਂ ਹੀ ਨੇ ਮੁੰਡਾ ਨਹੀਂ ਕੋਈ। ਫੇਰ ਇਹ ਰੋਹਿਤ ਵੀਰ ਜੀ ਕਦੋਂ ਜੰਮ ਪਏ?"
"ਦੁਰ ਫਿਟੇ ਮੂੰਹ ਤੁਸੀਂ ਵੀ ਬੜੇ ਭੁਲੱਕੜ ਹੋ। ਰੋਹਿਤ ਨੂੰ ਨਹੀਂ ਜਾਣਦੇ? ਮੇਰੇ ਪੇਕਿਆਂ ਦੇ ਘਰ ਨਾਲ ਜੀਹਨਾਂ ਦਾ ਕੱਪੜਿਆਂ ਦਾ ਸ਼ੋਅਰੂਮ ਐ? ਤੁਹਾਨੂੰ ਕਿੰਨੀ ਵਾਰ ਤਾਂ ਮੈਂ ਹੈਅਰ ਸਟਾਇਲ ਬਦਲ ਕੇ ਰੋਹਿਤ ਵਾਂਗੂੰ ਚੀਰ ਕੱਢ ਕੇ ਵਾਲ ਵਾਹੁਣ ਲਈ ਕਿਹੈ?"
 ਕੇਤਨ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੋਇਆ ਬੋਲਿਆ, "ਅੱਛਾ, ਜਿਹੜਾ ਭਲਵਾਨ ਜਿਹੈ, ਉਹ ਰੋਹਿਤ ਆਇਐ?"
"ਆਹੋ ਉਹੀ ਆਪਣਾ ਰੋਹਿਤ। ਫਰੋਜ਼ਪੁਰੋਂ ਆਇਆ ਸੀ। ਰਸਤੇ ਵਿੱਚ ਇੱਥੇ ਉਤਰ ਗਿਐ। ਕਹਿੰਦਾ ਦੀਦੀ ਨੂੰ ਮਿਲੇ ਬਿਨਾਂ ਨਹੀਂ ਜਾਣਾ। ਆਂਹਦੈ ਦੇਖਾਂ ਜੀਜਾ ਜੀ ਅਜੇ ਵੀ ਭੈਣ ਨਾਲ ਲੜਦੇ ਨੇ ਕਿ ਹੱਟਗੇ?"
ਐਨੀ ਗੱਲ ਕਰਕੇ ਕੇਤਨ ਨੇ ਫੋਨ ਕੱਟਦਿਆਂ ਰਸੀਵਰ ਪਟਕਾ ਕੇ ਰੱਖ ਦਿੱਤਾ ਸੀ। ਉਹਦਾ ਸਾਰਾ ਸ਼ਰੀਰ ਤਰੇਲੀਓ-ਤਰੇਲੀ ਹੋ ਗਿਆ ਸੀ। ਇੱਕ ਕਿਸਮ ਦੇ ਖੌਫ਼ ਦੀ ਉਹਦੇ ਅੰਦਰ ਭਾਜੜ ਪੈ ਗਈ ਸੀ। ਉਹਨੂੰ ਆਪਣੇ ਤਸੱਵਰ ਵਿੱਚ ਰੋਹਿਤ ਉਸ ਸਭ ਕੁੱਝ ਕਮਲਾ ਨਾਲ ਕਰਦਾ ਨਜ਼ਰ ਆਇਆ ਜੋ ਉਹ ਰੋਜ਼ੀ ਨਾਲ ਕਰਦਾ ਰਿਹਾ ਸੀ ਜਾਂ ਅੱਜ ਕਰਨਾ ਚਾਹੁੰਦਾ ਸੀ। ਹੁਣ ਉਹ ਫਟਾਫਟ ਆਪਣੇ ਘਰੇ ਪਹੁੰਚ ਜਾਣਾ ਚਾਹੁੰਦਾ ਸੀ।
ਅਵਾਰਾ ਭੌਰੇ ਤਾਂ ਸਦਾ ਇਸੇ ਤਾਕ ਵਿੱਚ ਰਹਿੰਦੇ ਨੇ ਕਿ ਕਦੋਂ ਫੁੱਲ ਵਿਹਲਾ ਹੋਵੇ ਤੇ ਕਦੋਂ ਉਹ ਬੈਠਣ। ਇਹ ਸੋਚਦਾ ਹੋਇਆ ਕੇਤਨ ਮੋਗੇ ਨੂੰ ਜਾਣ ਵਾਲੀ ਬੱਸ ਚੜ੍ਹਨ ਲਈ ਤੁਰਨ ਦੀ ਬਜਾਏ ਨੱਸ ਪਿਆ।

****

1 comment: