ਜ਼ਰਾ ਛੇਤੀ ਕੰਮ ਨਿਬੇੜ ਮਾਏਂ ਮੈਂ ਸੌਣਾ ਨੀ,
ਮੈਨੂੰ ਸੁਪਨੇ ਦੇ ਵਿੱਚ ਮਿਲਣ ਮਾਹੀ ਨੇ ਆਉਣਾ ਨੀ।ਇਹੀ ਨਗ਼ਮਾ ਅੰਮ੍ਰਿਤ ਦੀ ਰਸ-ਭਿੰਨੀ ਆਵਾਜ਼ ਵਿੱਚ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਵੀ ਇਸ ਘਰ ਦੀ ਚਾਰ ਦਿਵਾਰੀ ਵਿੱਚ ਰੋਜ਼ ਸ਼ਾਮ ਨੂੰ ਗੂੰਜਦਾ ਹੁੰਦਾ ਸੀ। ਉਦੋਂ ਉਹਨੂੰ ਖ਼ਿਆਲਾਂ ਵਿੱਚ ਹਰਦਮ ਰਹਿਣ ਵਾਲੇ, ਆਪਣੇ ਹੋਣ ਵਾਲੇ ਲਾੜੇ ਤੇ ਉਸ ਵਕਤ ਦੇ ਪ੍ਰੇਮੀ ਰਾਜੇ ਦਾ ਖ਼ਾਬਾਂ ਵਿੱਚ ਆਉਣ ਲਈ ਇੰਤਜ਼ਾਰ ਰਹਿੰਦਾ ਸੀ। ਗੀਤ ਦੇ ਸਹਾਰੇ ਉਹ ਆਪਣੇ ਦਿਲ ਦੇ ਭੇਤ ਦਾ ਵੀ ਇਉਂ ਸ਼ਰੇਆਮ ਢੰਡੋਰਾ ਪਿੱਟਦੀ ਰਹਿੰਦੀ ਸੀ ਤੇ ਸਾਰੇ ਟੱਬਰ 'ਚ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਉਹਦਾ ਭੋਲਾ ਪਰਿਵਾਰ ਤਾਂ ਇਹ ਹੀ ਸਮਝਦਾ ਸੀ ਕਿ ਉਹ ਕੋਈ ਗੀਤ ਗਾ ਰਹੀ ਹੈ। ਇਹ ਤਾਂ ਸਿਰਫ਼ ਉਹ ਹੀ ਜਾਣਦੀ ਹੁੰਦੀ ਸੀ ਕਿ ਉਹ ਮਹਿਜ਼ ਤਰਾਨਾ ਨਹੀਂ, ਬਲਕਿ ਹਕੀਕਤ ਬਿਆਨ ਕਰ ਰਹੀ ਹੁੰਦੀ ਸੀ।
ਕਿੰਨਾ ਅਹਿਮ ਤੇ ਜ਼ਰੂਰੀ ਹੈ ਸੰਗੀਤ ਜ਼ਿੰਦਗੀ ਲਈ! ਜਿਹੜੀਆਂ ਗੱਲਾਂ ਉਂਝ ਕਹਿਣੀਆਂ ਸਾਡੀ ਜ਼ਬਾਨ ਨੂੰ ਔਖੀਆਂ ਲੱਗਦੀਆਂ ਹਨ, ਉਹ ਹੀ ਗੱਲਾਂ ਕਿੰਨੀ ਅਸਾਨੀ ਨਾਲ ਗੀਤਾਂ ਜ਼ਰੀਏ ਕਹੀਆਂ ਜਾ ਸਕਦੀਆਂ ਹਨ। ਕਿਸੇ ਕੁਆਰੀ ਕੁੜੀ ਲਈ ਆਪਣੀ ਭਾਵਨਾਵਾਂ ਦਾ ਸੱਚੋ-ਸੱਚ ਵਰਣਨ ਕਰਨਾ ਕਿਤੇ ਸੌਖਾ ਥੋੜਾ ਹੈ। ਅੰਮ੍ਰਿਤ ਕਿਹੜਾ ਅੰਮ੍ਰਿਤਾ ਪ੍ਰੀਤਮ ਸੀ। ਸਿਰਫ਼ ਨਾਂ ਅੰਮ੍ਰਿਤ ਹੋਣ ਨਾਲ ਕੀ ਹੁੰਦਾ ਹੈ? ਉਂਜ ਵੀ ਹਰ ਕੁੜੀ ਕਿੱਥੇ ਕਵਿੱਤਰੀ ਬਣਦੀ ਹੈ। ਅੰਮ੍ਰਿਤ ਤਾਂ ਇੰਗਲੈਂਡ ਦੇ ਮੱਧ ਵਿੱਚ ਵਸਦੇ, ਦੇਸ਼ ਦੇ ਦੂਜੇ ਵੱਡੇ ਸ਼ਹਿਰ ਬਰਮਿੰਘਮ ਦੇ ਛੋਟੇ ਜਿਹੇ ਇਲਾਕੇ ਸਮੈਦਿਕ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੇ ਘਰ ਜੰਮੀ-ਪਲੀ ਇੱਕ ਸਧਾਰਨ ਕੁੜੀ ਸੀ। ਜੇਕਰ ਉਸ ਵੇਲੇ ਇਸ ਗੀਤ ਦੀ ਆਡਿਓ ਕੈਸਟ ਉਸ ਕੋਲ ਨਾ ਹੁੰਦੀ ਤਾਂ ਅੰਮ੍ਰਿਤ ਲਈ ਵੀ ਇਹ ਗੱਲ ਇਉਂ ਬੇਬਾਕੀ ਨਾਲ ਕਹਿਣੀ ਨਾਮੁਮਕਿਨ ਸੀ।
ਉਦੋਂ ਅੱਲ੍ਹੜ ਉਮਰੇ ਤਾਂ ਅੰਮ੍ਰਿਤ ਨੂੰ ਮਾਹੀ ਦੀ ਝਾਕ ਸੀ। ਪਰ ਹੁਣ ਵਿਆਹ ਦੇ ਪੰਜ ਸਾਲ ਬਾਅਦ ਫੇਰ ਉਹੀ ਗੀਤ ਛੋਹਣ ਦਾ ਕਾਰਨ? ਹੁਣ ਤਾਂ ਉਹਨੂੰ ਮਾਹੀ ਦੀ ਉਡੀਕ ਮੁੱਕ ਗਈ ਹੈ। ਹੁਣ ਤਾਂ ਉਹਦਾ ਮਾਹੀ ਨਾਲ ਦੇ ਕਮਰੇ ਵਿੱਚ ਉਹਦੇ ਭਰਾ ਨਾਲ ਬੈਠਾ ਸ਼ਰਾਬ ਪੀਂਦਾ ਹੋਇਆ ਮੀਟ ਦੇ ਆਹੂ ਲਾਹ ਰਿਹਾ ਹੈ।
ਮਾਹੀ ਦੇ ਕੋਲ ਹੁੰਦਿਆਂ ਹੋਇਆਂ ਵੀ ਜੇ ਕੋਈ ਮੁਟਿਆਰ ਕਿਸੇ ਦੀ ਉਡੀਕ ਕਰੇ ਤਾਂ ਉਹ ਉਡੀਕਿਆ ਜਾਣ ਵਾਲਾ ਅਨਸਰ ਯਾਰ ਦੇ ਸਿਵਾਏ ਹੋਰ ਦੂਸਰਾ ਕੌਣ ਹੋ ਸਕਦਾ ਹੈ? ਇਹ ਕੁੱਝ ਗਜ਼ਾਂ ਦੀ ਦੂਰੀ 'ਤੇ ਦੂਜੇ ਕਮਰੇ ਵਿੱਚ ਬੈਠਾ ਮਾਹੀਆ ਤਾਂ ਉਹਦੇ ਘਰਵਾਲਿਆਂ ਦਾ ਉਹਦੇ ਲੜ ਲਾਇਆ ਹੋਇਆ ਹੈ। ਇਹਨੂੰ ਅੰਮ੍ਰਿਤ ਨੇ ਦਿਲੋਂ ਥੋੜਾ ਸਵਿਕਾਰਿਆ ਹੈ। ਉਹਨੂੰ ਤਾਂ ਅਜੇ ਵੀ ਮਾਹੀ ਦੇ ਰੂਪ ਵਿੱਚ ਰਾਜਾ ਹੀ ਦਿਖਾਈ ਦਿੰਦਾ ਹੈ। ਉਹ ਤਾਂ ਹੁਣ ਤੱਕ ਕਰਵਾ ਚੌਥ ਦਾ ਬਰਤ ਵੀ ਮਾਹੀ ਦੀ ਬਜਾਏ ਆਸ਼ਿਕ ਰਾਜੇ ਲਈ ਹੀ ਰੱਖਦੀ ਹੈ। ਰਾਜੇ ਦੀ ਲੰਮੀ ਉਮਰ ਦੀਆਂ ਹੀ ਦੁਆਵਾਂ ਮੰਗਦੀ ਹੈ। ਅਜੇ ਵੀ ਰਾਜਾ ਉਸ ਦੀਆਂ ਅੱਖਾਂ ਵਿੱਚ ਵਸਦਾ ਤੇ ਉਹਦੇ ਦਿਲ 'ਚ ਧੜਕਦਾ ਹੈ। ਹਰ ਰਾਤ ਵਾਂਗ ਅੱਜ ਵੀ ਉਹਨੂੰ ਸੁਪਨੇ ਵਿੱਚ ਰਾਜੇ ਦੀ ਪ੍ਰਤਿਕਸ਼ਾ ਹੈ।
ਰੋਟੀ-ਪਾਣੀ ਛੱਕ ਕੇ ਸਭ ਥਾਉਂ-ਥਾਈਂ ਪੈਣ ਚਲੇ ਗਏ। ਸਵੇਰ ਨੂੰ ਸਭਨਾਂ ਨੇ ਕੰਮਾਂ-ਕਾਰਾਂ 'ਤੇ ਜਾਣਾ ਹੈ। ਜੋ ਕਮਰਾ ਵਿਆਹ ਤੋਂ ਪਹਿਲਾਂ ਅੰਮ੍ਰਿਤ ਦਾ ਹੁੰਦਾ ਸੀ। ਹੁਣ ਵੀ ਉਸੇ ਵਿੱਚ ਹੀ ਉਹਨਾਂ ਦੇ ਪੈਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਹ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਘਰਵਾਲੇ ਨੂੰ ਲੈ ਕੇ ਸੌਣ ਚਲੀ ਗਈ।
ਸ਼ਰਾਬ ਜੇ ਬੰਦੇ ਦੀ ਇੱਕ ਤ੍ਰੇਹ ਬੁਝਾਉਂਦੀ ਹੈ ਤਾਂ ਕਈ ਹੋਰ ਪਿਆਸਾਂ ਜਗਾ ਦਿੰਦੀ ਹੈ। ਬੱਤੀ ਬੁਝਾ ਕੇ ਮੰਜ਼ੇ 'ਤੇ ਲੇਟਣ ਸਾਰ ਉਹਦੇ ਸ਼ੌਹਰ ਦੇ ਵੀ ਹੱਥ ਅਤੇ ਬੁੱਲ੍ਹ ਸ਼ਰਾਰਤਾਂ ਕਰਨ ਲੱਗ ਪਏ। ਅੰਮ੍ਰਿਤ ਨੇ ਪਹਿਲਾਂ ਤਾਂ ਹੱਥਾਂ ਨਾਲ ਉਹਨੂੰ ਰੋਕਣ ਦਾ ਯਤਨ ਕੀਤਾ। ਜਦ ਉਹ ਕਾਬੂ ਨਾ ਆਉਂਦਾ ਦਿਸਿਆ ਤਾਂ ਉਹਨੂੰ ਮੂੰਹ ਨਾਲ ਵਰਜਿਆ, "ਬੀਬਾ ਰਾਣਾ ਬਣ ਕੇ ਪਿਆ ਰਹਿ, ਨਹੀਂ ਚੀਕ ਮਾਰੂੰ।ਪਤੈ ਤੈਨੂੰ ਮੇਰਾ ਆਪਣਾ ਭਲਾ-ਬੁਰਾ ਵਿਚਾਰ ਲਵੀਂ।"
ਅੰਮ੍ਰਿਤ ਦੁਆਰਾ ਕਰੀ ਮਾੜੀ ਮੋਟੀ ਖੜਦੁੰਬ-ਚੰਡ ਦਾ ਵੀ ਕੋਈ ਬਹੁਤਾ ਅਸਰ ਨਾ ਹੋਇਆ। ਉਹਦਾ ਅੰਗੂਠੇ ਥੱਲੇ ਲਾ ਕੇ ਰੱਖਿਆ ਹੋਇਆ ਗਿੱਦੜ ਘਰਵਾਲਾ ਅੱਜ ਸ਼ਰਾਬ ਦੀ ਲੋਰ ਵਿੱਚ ਸ਼ੇਰ ਬਣਿਆ ਪਿਆ ਸੀ। ਮਜਬੂਰਨ ਅੰਮ੍ਰਿਤ ਨੇ ਬਿਫਰ ਕੇ ਆਵਾਜ਼ ਵਿੱਚ ਗਰਜ ਪੈਦਾ ਕਰੀ, ਤਾਂ ਕਿਤੇ ਜਾ ਕੇ ਉਹ ਠੰਢਾ ਪਿਆ।
ਅੰਮ੍ਰਿਤ ਦੇ ਵਰ ਦੀ ਜਗ੍ਹਾ ਕੋਈ ਹੋਰ ਮਰਦ ਵੀ ਹੁੰਦਾ ਤਾਂ ਉਸ ਨੇ ਵੀ ਉਵੇਂ ਝੇਪ ਮੰਨ ਜਾਣੀ ਸੀ। ਅਗਲੇ ਨੇ ਕਹਿਣਾ ਸੀ, "ਸਹੁਰਿਆਂ ਨੂੰ ਤਮਾਸ਼ਾ ਕਾਹਨੂੰ ਦਿਖਾਉਣੈ। ਕਰਮ ਹੀ ਮਾੜੇ ਨੇ। ਸਾਲੀ ਠੰਢੀ ਜਨਾਨੀ ਪੱਲੇ ਪੈ ਗਈ।"
ਅੰਮ੍ਰਿਤ ਦਾ ਘਰਵਾਲਾ ਅਣਜਾਣ ਸੀ। ਇਸ ਲਈ ਗੁੱਸੇ ਦਾ ਘੁੱਟ ਜਿਹਾ ਭਰ ਕੇ ਦੂਜੇ ਪਾਸੇ ਕਰਵਟ ਬਦਲ ਕੇ ਪੈ ਗਿਆ। ਅੰਮ੍ਰਿਤ ਨੇ ਵੀ ਉਹਦੇ ਟਲੇ ਤੋਂ ਸ਼ੁਕਰ ਮਨਾਇਆ। ਜੇ ਥੋੜੀਆਂ ਜਿਹੀਆਂ ਹੋਰ ਅੜੀਆਂ ਕਰਦਾ ਤਾਂ ਅੱਕ ਕੇ ਉਹਨੂੰ ਰਾਜੇ ਦਾ ਸਿਖਾਇਆ ਹੋਇਆ ਗੁਰ ਵਰਤਣਾ ਪੈਣਾ ਸੀ।
ਨਵਾਂ ਨਵਾਂ ਵਿਆਹ ਹੋਏ ਤੋਂ ਅੰਮ੍ਰਿਤ ਨੂੰ ਉਹਦਾ ਖ਼ਾਵੰਦ ਉਸ ਨਾਲ ਜ਼ਬਰਦਸਤੀ ਕਰ ਜਾਂਦਾ ਹੁੰਦਾ ਸੀ। ਤੰਗ ਆ ਕੇ ਉਹਨੇ ਰਾਜੇ ਕੋਲ ਇਸ ਦਾ ਜ਼ਿਕਰ ਕੀਤਾ ਸੀ। ਸਾਰੀ ਸ਼ਿਕਾਇਤ ਸੁਣ ਕੇ ਰਾਜੇ ਨੇ ਅੰਮ੍ਰਿਤ ਦੇ ਕੰਨ ਵਿੱਚ ਮਾੜੀ ਜਿਹੀ ਫੂਕ ਮਾਰੀ ਸੀ। ਬਸ ਫੇਰ ਕੀ ਸੀ। ਉਸੇ ਰਾਤ ਨੂੰ ਜਦੋਂ ਘਰਵਾਲੇ ਨੂੰ ਗਰਮ ਹੋਇਆ ਦੇਖਿਆ ਸੀ ਤਾਂ ਰਾਜੇ ਦਾ ਦੱਸਿਆ ਦਾਅ ਖੇਡਦਿਆਂ ਹੋਇਆਂ ਅੰਮ੍ਰਿਤ ਤਿਲਮਿਲਾ ਉੱਠੀ ਸੀ, "ਮੈਂ ਕਿਹਾ ਨਾ ਮੇਰਾ ਜੀਅ ਨ੍ਹੀਂ ਕਰਦਾ। ਆਈ ਡੌਂਟ ਵਾਂਟ ਟੂ ਮੇਕ ਲੱਵ। ਬਿੱਗ ਐੱਨ ਐਂਡ ਫੈਟ ਓ- ਨੋ, ਨਾਟ ਰਾਇਟ ਨਾਓ। ਆਈ ਡੌਂਟ ਫੀਲ ਲਾਇਕ ਇੱਟ। ਮੈਂ ਵੀ ਇਨਸਾਨ ਹਾਂ। ਕੋਈ ਮਸ਼ੀਨ ਨਹੀਂ ਬਈ ਜਿਸ ਦਾ ਤੂੰ ਜਦੋਂ ਚਾਹੇਂ ਬਟਨ ਦੱਬੇਂ ਤੇ ਉਹ ਕੰਮ ਕਰਨ ਲੱਗ ਪਏ। ਮੈਂ ਤਾਂ ਥੱਕੀ ਪਈ ਹਾਂ। ਜੇ ਤੂੰ ਜ਼ਿਆਦਾ ਈ ਡੈਸਪਰਟ ਹੈਂ ਤਾਂ ਆਹ ਚੁੱਕ ਦਸ
ਪੌਂਡ ਕਿਸੇ ਪਰੌਸਟਿਚਯੂਟ(ਕੰਜਰੀ) ਕੋਲ ਭੜਾਸ ਕੱਢ ਆ। ਭੁੱਬਲ ਠੰਢੀ ਹੋਈ 'ਤੇ ਆ ਜਾਵੀਂ। ਪਰਵਰਟ ਸੈਕਸ ਮੈਡ ਹੋਰ ਕੁੱਝ ਆਉਂਦਾ ਈ ਨਈਂ। ਚੌਵੀ ਘੰਟੇ ਸੈਕਸ, ਸੈਕਸ, ਬਸ ਸੈਕਸ।"
ਪੌਂਡ ਕਿਸੇ ਪਰੌਸਟਿਚਯੂਟ(ਕੰਜਰੀ) ਕੋਲ ਭੜਾਸ ਕੱਢ ਆ। ਭੁੱਬਲ ਠੰਢੀ ਹੋਈ 'ਤੇ ਆ ਜਾਵੀਂ। ਪਰਵਰਟ ਸੈਕਸ ਮੈਡ ਹੋਰ ਕੁੱਝ ਆਉਂਦਾ ਈ ਨਈਂ। ਚੌਵੀ ਘੰਟੇ ਸੈਕਸ, ਸੈਕਸ, ਬਸ ਸੈਕਸ।"
ਰਾਜੇ ਦਾ ਰਟਾਇਆ ਹੋਇਆ ਮੰਤਰ ਵਾਕਈ ਹੀ ਅਸਰਦਾਰ ਸਿੱਧ ਹੋਇਆ ਸੀ। ਜਦੇ ਹੀ ਉਹਦਾ ਪਤੀ ਢਿੱਲਾ ਪੈਣਾ ਸ਼ੁਰੂ ਹੋ ਗਿਆ ਸੀ। ਕੁੱਝ ਚਿਰ ਲਈ ਤਾਂ ਉਹ ਟਿਕ ਗਿਆ ਸੀ। ਪਰ ਫੇਰ ਪਤਾ ਨਹੀਂ ਉਹਦੀ ਕਿਧਰੋਂ ਮਰਦਾਨਗੀ ਜਾਗੀ ਸੀ। ਉਹ ਰੋਹ ਵਿੱਚ ਆ ਕੇ ਅੰਮ੍ਰਿਤ ਦੇ ਕੱਪੜਿਆਂ ਨਾਲ ਖਿੱਚ-ਧੂਹ ਕਰਨ ਲੱਗ ਪਿਆ ਸੀ। ਅੰਮ੍ਰਿਤ ਫ਼ੌਰਨ ਅਗਲਾ ਪੈਂਤਰਾ ਖੇਡ ਗਈ ਸੀ।
"ਤੈਨੂੰ ਬੰਦਿਆਂ ਆਂਗੂੰ ਕਹੇ ਦਾ ਅਸਰ ਈ ਨ੍ਹੀਂ… ਸਿੱਧੀ ਤਰ੍ਹਾਂ ਸਲਵਾਰ ਛੱਡ ਦੇ। ਜੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਖ ਲ੍ਹੀਂ। ਮੈਂ ਤੇਰੇ ਵਿਰੁੱਧ ਪਤਨੀ ਬਲਾਤਕਾਰ ਦਾ ਕੇਸ ਦਰਜ ਕਰਵਾ ਦੇਊਂਗੀ। ਤੈਨੂੰ ਪਤਾ ਹੈ ਕਾਨੂੰਨ ਔਰਤ ਨੂੰ ਵੀ ਪੂਰੀ ਅਜ਼ਾਦੀ ਅਤੇ ਮਰਜ਼ੀ ਨਾਲ ਜਿਉਣ ਦਾ ਹੱਕ ਦਿੰਦਾ ਹੈ। ਜੇ ਮੇਰਾ ਦਿਲ ਕਰੂ ਤਾਂ ਮੈਂ ਆਪੇ ਦੱਸ ਦੂੰ। ਬੰਦਾ ਬਣ ਕੇ ਪਿਆ ਰਹਿ, ਨਹੀਂ ਰਾਤ ਲੌਕ-ਅੱਪ (ਜੇਲ੍ਹ) 'ਚ ਕੱਟਣੀ ਪਉ। ਦੇਖ ਲੈ ਸਵੇਰ ਤਾਈਂ ਨਾਨੀ ਚੇਤੇ ਆ ਜੂ। ਉੱਤੋਂ ਬਦਨਾਮੀ ਵਾਧੂ ਦੀ। ਲੋਕਾਂ ਨੇ ਤੇਰੇ ਮੂੰਹ 'ਤੇ ਹੀ ਥੂ-ਥੂ ਕਰਨੀ ਐ।" ਕਾਫ਼ੀ ਦੇਰ ਤੱਕ ਉਹ ਰਾਜੇ ਦੀ ਬੋਲੀ ਬੋਲਦੀ ਰਹੀ ਸੀ।
ਅੰਮ੍ਰਿਤ ਦਾ ਘਰਵਾਲਾ ਸੀ ਹੀ ਸਾਊ। ਉਹਨੂੰ ਕੀ ਪਤਾ ਸੀ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਹਨ। ਉਹ ਝੁੱਡੂ ਤਾਂ ਜਨਾਨੀ ਦੀ ਨਾਂਹ ਦਾ ਮਤਲਬ ਨਾਂਹ ਹੀ ਸਮਝਦਾ ਸੀ। ਉਸ ਤੋਂ ਨਿੰਮ ਨੂੰ ਪਤਾਸੇ ਕੀ ਲੱਗਣੇ ਸਨ? ਉਹ ਸਿਧਰਾ ਤਾਂ ਧਮਕੀ ਸੁਣ ਕੇ ਖੱਸੀ ਜਿਹਾ ਹੋ ਕੇ ਪੈ ਗਿਆ ਸੀ। ਜੇ ਕੋਈ ਕੰਬਾ ਬੰਦਾ ਹੁੰਦਾ ਤਾਂ ਅੰਮ੍ਰਿਤ ਦੇ ਕੰਨਾਂ ਤੇ ਦੋ ਮਾਰਦਾ ਤੇ ਲੈ ਕੇ ਗੋਡਿਆਂ ਥੱਲੇ, ਬਿੰਦ ਵਿੱਚ ਹੀ ਸਾਰੇ ਕਨੂੰਨ, ਸਾਰੀਆਂ ਧਾਰਾਵਾਂ ਪੜ੍ਹਾ ਦਿੰਦਾ। ਉਸ ਤੋਂ ਮਗਰੋਂ ਅੰਮ੍ਰਿਤ ਦੀਆਂ ਤਾਂ ਪੌਂ ਬਾਰਾਂ ਹੋ ਗਈਆਂ ਸਨ। ਉਹਦਾ ਸ਼ੌਹਰ ਉਹਦੀ ਮਰਜ਼ੀ ਬਿਨਾਂ ਕੁੱਝ ਨਹੀਂ ਕਰਦਾ ਸੀ। ਜੇ ਕਿਤੇ ਅੰਮ੍ਰਿਤ ਨੂੰ ਆਪ ਹੀ ਉਸ ਉੱਤੇ ਰਹਿਮ ਆਉਂਦਾ ਤਾਂ ਉਹ ਪੰਜ-ਚਾਰ ਮਿੰਟ ਅੱਖਾਂ ਮੀਚ ਕੇ ਦੰਦਾਂ ਥੱਲੇ ਜੀਭ ਧਰਦੀ ਤੇ ਉਹਦੇ ਹੇਠਾਂ ਲੇਟ ਜਾਂਦੀ ਸੀ। ਨਹੀਂ ਤਾਂ ਉਹ ਬਿਚਾਰਾ ਤਰਸਦਾ ਹੋਇਆ ਤੜਫ-ਤੁੜਫ਼ ਕੇ ਸੌਂ ਜਾਂਦਾ ਸੀ। ਜਾਂ ਜਦੋਂ ਕਦੇ ਅੰਮ੍ਰਿਤ ਨੂੰ ਸੈਕਸਯੁਅਲ-ਇੰਟਰਕੋਰਸ (ਸੰਭੋਗ) ਕੀਤਿਆਂ ਬਹੁਤ ਦਿਨ ਬੀਤ ਗਏ ਹੁੰਦੇ ਤਾਂ ਔੜ ਲੱਗਣ ਨਾਲ ਉਹਦੇ ਅੰਦਰ ਸੋਕਾ ਪੈ ਜਾਂਦਾ। ਉਹਦਾ ਯਬੂਸਤ ਸ਼ਰੀਰ ਦ੍ਰਵਾਂ ਦੇ ਵਹਾਓ ਦੀ ਮੰਗ ਕਰਦਾ। ਉਹਦਾ ਚਿੱਤ ਕਰਨ ਲੱਗ ਜਾਂਦਾ ਤੇ ਉਹ ਆਪ ਆਪਣੇ ਮਾਲਕ 'ਤੇ ਸਵਾਰ ਹੋ ਜਾਂਦੀ। ਕ੍ਰੀੜਾ ਦੌਰਾਨ ਤਾਂ ਉਹਨੂੰ ਪੂਰਾ ਅਨੰਦ ਆਉਂਦਾ। ਕਿਤੂੰ ਖਲਾਸ ਹੋਣ ਮਗਰੋਂ ਅੰਮ੍ਰਿਤ ਨੂੰ ਪਛਤਾਵਾ ਹੁੰਦਾ। ਉਹਨੂੰ ਘਰਵਾਲਾ ਨਿਰਾ ਜ਼ਹਿਰ ਲੱਗਣ ਲੱਗਦਾ। ਅੰਮ੍ਰਿਤ ਨੂੰ ਉਸ ਤੋਂ ਅਲਕਤ ਆਉਂਦੀ ਤੇ ਮਹਿਸੂਸ ਹੁੰਦਾ ਜਿਵੇਂ ਉਹ ਭਿੱਟੀ ਗਈ ਹੋਵੇ।
ਹੁਣ ਵੀ ਉਹਦੇ ਪਤੀ ਦੇਵ ਨੇ ਪਸਮਾਉਣ ਲਈ ਅੰਮ੍ਰਿਤ ਉੱਤੇ ਹੱਥ-ਪੱਲਾ ਤਾਂ ਬਥੇਰਾ ਮਾਰਿਆ ਸੀ। ਪਰ ਜਦ ਦਾਲ ਗਲਦੀ ਨਾ ਦਿਸੀ ਤਾਂ ਉਹ ਤਹਿਜ਼ੀਬਯਾਫ਼ਤਾ ਇਨਸਾਨ, ਆਪਣੀ ਬੀਵੀ ਅੰਮ੍ਰਿਤ ਦੇ ਦਬਕੇ-ਦੁਬਕੇ ਖਾ ਕੇ ਛੂਈ-ਮੂਈ ਜਿਹਾ ਹੋ ਕੇ ਸੌਂ ਗਿਆ।
ਇੱਕ ਵਾਰ ਫੇਰ ਉਸੇ ਪੁਰਾਣੇ ਕਮਰੇ ਵਿੱਚ ਆਉਂਣ ਕਾਰਨ ਅੰਮ੍ਰਿਤ ਨੂੰ ਉਹੀ ਖ਼ਿਆਲ, ਉਹੀ ਸੋਚਾਂ ਮੁੜ ਆਉਣ ਲੱਗੀਆਂ। ਜੋ ਕਿ ਪੰਜ ਵਰ੍ਹੇ ਪਹਿਲਾਂ ਆਇਆ ਕਰਦੀਆਂ ਸਨ।
ਜਦੋਂ ਅੰਮ੍ਰਿਤ ਕਾਲਜ ਪੜ੍ਹਦੀ ਹੁੰਦੀ ਸੀ ਤਾਂ ਸਾਰਾ-ਸਾਰਾ ਦਿਨ ਰਾਜੇ ਨਾਲ ਰਹਿ ਕੇ ਵੀ ਅੱਕਦੀ ਨਹੀਂ ਸੀ ਹੁੰਦੀ। ਦੋਨਾਂ ਦੇ ਸਾਰੇ ਦੇ ਸਾਰੇ ਵਿਸ਼ੇ ਰਲਦੇ ਹੋਣ ਕਰਕੇ ਸਭ ਲੈਸਨ ਇਕੱਠੇ ਲੱਗਦੇ ਸਨ। ਛੇ ਸਾਲ ਪਹਿਲਾਂ ਰਾਜਾ ਨਵਾਂ ਨਵਾਂ ਇੰਡੀਆ ਤੋਂ ਆਇਆ ਸੀ। ਉਹ ਇੰਡੀਆ ਦੇ ਮੁੰਡਿਆਂ ਵਰਗਾ ਮਿੱਟੀ ਦਾ ਮਾਧੋ ਨਹੀਂ ਸੀ। ਸਗੋਂ ਪੂਰਾ ਚੰਟ ਸੀ। ਕਹਿੰਦੇ ਕਹਾਉਂਦਿਆਂ ਦੇ ਵੀ ਕੰਨ ਕੁਤਰਦਾ ਸੀ। ਪਹਿਲੇ-ਪਹਿਲ ਤਾਂ ਅੰਮ੍ਰਿਤ ਨੂੰ ਰਾਜਾ ਦੂਜੇ ਮੁੰਡਿਆਂ ਵਾਂਗ ਆਮ ਜਿਹਾ ਲੱਗਿਆ ਸੀ। ਪਰ ਹੌਲੀ ਹੌਲੀ ਦੂਸਰੇ ਮੁੰਡਿਆਂ ਨਾਲੋਂ ਭਿੰਨ ਲੱਗਣ ਲੱਗ ਪਿਆ ਸੀ। ਫੇਰ ਦਿਨ-ਪ੍ਰਤਿ-ਦਿਨ ਹੋਰ ਮੁਖ਼ਤਲਿਫ਼ ਤੇ ਵਧੇਰੇ ਤੋਂ ਵਧੇਰੇ ਚੰਗਾ ਲੱਗਣ ਲੱਗ ਪਿਆ ਸੀ। ਰਾਜੇ ਦੀ ਖ਼ਾਸੀਅਤ ਇਹ ਸੀ ਕਿ ਉਹ ਆਸ਼ਿਕ ਮਿਜ਼ਾਜ ਹੁੰਦਿਆਂ ਹੋਇਆਂ ਵੀ ਬਾਕੀ ਦੇ ਚੋਬਰਾਂ ਵਾਂਗੂੰ ਕੁੜੀਆਂ ਦੇ ਮਗਰ-ਮਗਰ ਨਹੀਂ ਸੀ ਫਿਰਦਾ। ਅੰਮ੍ਰਿਤ ਵੀ ਉਸ ਦੀ ਇਸ ਗੱਲ ਤੋਂ ਪ੍ਰਭਾਵਤ ਹੋ ਗਈ ਸੀ। ਕਈ ਹਸੀਨਾਵਾਂ ਰਾਜੇ ਨੂੰ ਪਸੰਦ ਕਰਦੀਆਂ ਸਨ। ਪਰ ਉਹਦੀ ਕਿਸੇ ਨਾਲ ਕੁੰਡੀ ਨਹੀਂ ਸੀ ਲੱਗੀ। ਰਾਜਾ ਸੁਭਾਅ ਦਾ ਵੀ ਪੂਰਾ ਰੱਜ ਕੇ ਅੜ੍ਹਬ ਸੀ। ਭਾਵੇਂ ਕੋਈ ਨਰ ਹੋਵੇ ਜਾਂ ਨਾਰੀ ਉਹਦਾ ਰਵੱਈਆ ਹਰੇਕ ਨਾਲ ਖਰ੍ਹਵਾਂ ਜਿਹਾ ਹੀ ਹੁੰਦਾ ਸੀ। ਉਂਝ ਬੰਦਾ ਤਾਂ ਰੋਹਬ ਵਾਲਾ ਹੀ ਚਾਹੀਦਾ ਹੈ। ਉਹ ਵੀ ਕਾਹਦਾ ਮਰਦ ਜਿਹੜਾ ਜਨਾਨੀਆਂ ਮੂਹਰੇ ਮਿਣ-ਮਿਣ ਕਰਦਾ ਫਿਰੇ?
ਅੰਮ੍ਰਿਤ ਨੇ ਘੁਮੰਡੀ ਰਾਜੇ ਦੀ ਆਕੜ ਭੰਨਣ ਦੀ ਮਨ 'ਚ ਧਾਰ ਲਈ ਸੀ। ਉਹਨੇ ਸੋਚਿਆ ਸੀ ਕਿ ਜਿਹੜਾ ਕੰਮ ਹੋਰ ਕੁੜੀਆਂ ਨਹੀਂ ਸੀ ਕਰ ਸਕੀਆਂ, ਉਹ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਪਹਿਲਾਂ ਉਹ ਰਾਜੇ ਨੂੰ ਆਪਣੇ ਜੋਬਨ ਦੇ ਦਰਪਨ ਦੀ ਲਿਸ਼ਕੋਰ ਮਾਰ ਕੇ ਹਿਲਾ ਲਵੇਗੀ ਤੇ ਜਦੋਂ ਰਾਜਾ ਉਹਦੇ ਅੱਗੇ ਪਿੱਛੇ ਸ਼ੁਦਾਈ ਹੋਇਆ ਫਿਰੇਗਾ ਤਾਂ ਉਹ ਉਹਨੂੰ ਅੰਗੂਠਾ ਦਿਖਾ ਕੇ ਉਹਦੀ ਅਕਲ ਟਿਕਾਣੇ ਲਿਆ ਦੇਵੇਗੀ।
ਅੰਮ੍ਰਿਤ ਪੂਰਾ ਵਰ੍ਹਾਂ ਯਤਨਸ਼ੀਲ ਰਹੀ ਸੀ। ਪਰ ਰਾਜੇ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਫੇਰ ਉਹਨਾਂ ਦਿਨਾਂ ਵਿੱਚ ਅਮ੍ਰਿਤ ਨੂੰ ਉਹਦੇ ਮਾਪਿਆਂ ਨੇ ਉਹਦੀ ਸਲਾਹ ਨਾਲ ਹੋਰ ਕਿਤੇ ਮੰਗ ਦਿੱਤਾ ਸੀ। ਦਿਨ ਪੱਕਾ ਹੋ ਗਿਆ ਸੀ। ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਉਹਨੇ ਰਾਜੇ ਦਾ ਖ਼ਿਆਲ ਛੱਡ ਦਿੱਤਾ ਸੀ।
ਐਸੀ ਰੱਬ ਦੀ ਕਰਨੀ ਹੋਈ ਕਿ ਉਦੋਂ ਰਾਜੇ ਦੇ ਮਨ ਮਿਹਰ ਪੈ ਗਈ ਸੀ। ਉਹਨੇ ਅੰਮ੍ਰਿਤ ਕੋਲ ਮੁਹੱਬਤ ਦਾ ਪੈਗਾਮ ਭੇਜ ਦਿੱਤਾ ਸੀ। ਪਹਿਲਾਂ ਤਾਂ ਅੰਮ੍ਰਿਤ ਨੇ ਸੋਚਿਆ ਸੀ ਕਿ ਉਹ ਰਾਜੇ ਨੂੰ ਆਪਣੀ ਸਗਾਈ ਬਾਰੇ ਸਾਫ਼-ਸਾਫ਼ ਦੱਸ ਕੇ ਜੁਆਬ ਦੇ ਦੇਵੇ। ਪਰ ਫੇਰ ਉਹਨੇ ਵਿਆਹੀਆਂ ਚੁੱਲੇ ਡਾਹੀਆਂ, ਬੁੱਲੇ ਲੁੱਟਣ ਕੁਆਰੀਆਂ ਵਾਲਾ ਕੌੜਾ ਸੱਚ ਯਾਦ ਕਰਕੇ ਦੋ ਦਿਨ ਸ਼ੁਗਲ-ਮੇਲਾ ਕਰਨ ਅਤੇ ਰਾਜੇ ਦਾ ਹੱਠ ਤੋੜਣ ਦੇ ਇਰਾਦੇ ਨਾਲ ਹਾਂ ਕਰ ਦਿੱਤੀ ਸੀ। ਉਹਨੂੰ ਕੀ ਪਤਾ ਸੀ ਕਿ ਕੁੱਝ ਦਿਨਾਂ 'ਚ ਰਾਜਾ ਉਸ ਦੇ ਤਨ-ਮਨ ਤੇ ਐਨੀ ਬੁਰੀ ਤਰ੍ਹਾਂ ਛਾ ਜਾਏਗਾ ਕਿ ਉਹਦਾ ਇੱਕ-ਇੱਕ ਪਲ ਵੀ ਰਾਜੇ ਬਿਨਾਂ ਕੱਟਣਾ ਮੁਹਾਲ ਹੋ ਜਾਊਗਾ।
ਜਿਉਂ-ਜਿਉਂ ਵਿਆਹ ਦੇ ਦਿਨ ਕਰੀਬ ਆਉਂਦੇ ਜਾਂਦੇ ਸਨ। ਤਿਉਂ-ਤਿਉਂ ਅੰਮ੍ਰਿਤ ਦੀਆਂ ਚਿੰਤਾਵਾਂ ਵੱਧਦੀਆਂ ਜਾਂਦੀਆਂ ਸਨ। ਉਹਨੂੰ ਕੋਈ ਹੱਲ ਨਹੀਂ ਸੀ ਸੁਝਦਾ। ਉਹਦੀ ਜ਼ਿੰਦਗੀ ਬੜੇ ਹੀ ਨਾਜ਼ਕ ਮੋੜ 'ਤੇ ਖੜ੍ਹੀ ਸੀ। ਉਸ ਕੋਲ ਸਮਾਂ ਥੋੜਾ ਤੇ ਫ਼ਿਕਰ ਜ਼ਿਆਦਾ ਸਨ। ਕਦੇ ਤਾਂ ਉਹ ਖੁਦ ਆਪਣੇ ਘਰਦਿਆਂ ਨੂੰ ਰਾਜੇ ਬਾਰੇ ਦੱਸਣ ਦਾ ਸੋਚਦੀ ਸੀ ਤੇ ਕਦੇ ਰਾਜੇ ਨੂੰ ਆਪਣੇ ਘਰੇ ਆ ਕੇ ਗੱਲ ਕਰਨ ਲਈ ਆਖਦੀ ਸੀ।
ਜੇ ਰਾਜਾ ਅੰਮ੍ਰਿਤ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਸਾਰਾ ਕਿੱਸਾ ਦੱਸ ਦਿੰਦਾ। ਉਹ ਅੰਮ੍ਰਿਤ ਦਾ ਵਿਆਹ ਰਾਜੇ ਨਾਲ ਕਰਨ ਨੂੰ ਮੰਨ ਵੀ ਜਾਂਦੇ। ਫਿਰ ਵੀ ਇੱਕ ਹੋਰ ਉਲਝਣ ਉਹਨਾਂ ਦੇ ਰਾਹ ਵਿੱਚ ਆਉਂਦੀ ਸੀ। ਜਿੱਥੇ ਅੰਮ੍ਰਿਤ ਦੀ ਸ਼ਾਦੀ ਤੈਅ ਹੋਈ ਸੀ, ਐਨ ਵਕਤ ਸਿਰ ਆ ਕੇ ਉਹਨਾਂ ਨਾਲ ਰਿਸ਼ਤਾ ਤੋੜਣ ਉੱਤੇ ਜੋ ਬਦਨਾਮੀ ਅੰਮ੍ਰਿਤ ਦੇ ਘਰਵਾਲੀਆਂ ਦੀ ਹੋਣੀ ਸੀ। ਬਸ ਉਸੇ ਬਾਰੇ ਸੋਚ ਕੇ ਰਾਜਾ ਚੁੱਪ ਕਰ ਗਿਆ ਸੀ। ਉਹ ਅੰਮ੍ਰਿਤ ਨੂੰ ਪਾਉਣ ਲਈ ਕਿਸੇ ਦਾ ਦਿਲ ਨਹੀਂ ਦੁੱਖਾਉਣਾ ਚਾਹੁੰਦਾ ਸੀ।
ਵਿਆਹ ਤੋਂ ਇੱਕ ਦਿਨ ਪਹਿਲਾਂ ਤੱਕ ਜਦ ਅੰਮ੍ਰਿਤ ਸਿਰ-ਤੋੜ ਸੋਚ-ਵਿਚਾਰ ਪਿੱਛੋਂ ਕਿਸੇ ਫੈਸਲੇ ਉੱਤੇ ਨਹੀਂ ਪੁੱਜ ਸਕੀ ਸੀ ਤਾਂ ਉਹ ਅਛੋਪਲੇ ਸਭ ਤੋਂ ਚੋਰੀ ਮਲਕ ਦੇਣੈ ਸਦਾ ਲਈ ਘਰ ਛੱਡ ਕੇ ਰਾਜੇ ਕੋਲ ਚਲੀ ਗਈ ਸੀ।
"ਇਸ਼ਕ ਸ਼ਰੀਰ ਨਾਲ ਨਹੀਂ, ਰੂਹਾਂ ਨੂੰ ਕਰਿਆ ਜਾਂਦੈ। ਇਹ ਤੂੰ ਗ਼ਲਤ ਕਦਮ ਚੁੱਕ ਲਿਆ ਹੈ। ਜਿਹੜੀਆਂ ਕੁੜੀਆਂ ਇਉਂ ਬਾਬਲ ਦੀ ਪੱਗ ਪੈਰਾਂ ਥੱਲੇ ਰੋਲ ਕੇ ਤੁਰ ਆਉਦੀਆਂ ਨੇ ਬਰਬਾਦੀ ਦੌੜ ਕੇ ਉਹਨਾਂ ਦੇ ਸਿਰ 'ਤੇ ਆ ਟਿਕਦੀ ਹੈ। ਕੀ ਬੀਤੇਗੀ ਤੇਰੇ ਪੇਰੈਂਟ ਦੇ ਦਿਲ ਉੱਤੇ ਜਦੋਂ ਤੂੰ ਉਹਨਾਂ ਨੂੰ ਨਜ਼ਰ ਨਾ ਆਈ। ਕਿੰਨੀਆਂ ਦੁਰਅਸੀਸਾਂ ਨਿਕਲਣਗੀਆਂ ਉਹਨਾਂ ਦੇ ਮਨੋਂ ਮੇਰੇ ਲਈ।… ਨਹੀਂ ਅੰਮ੍ਰਿਤ, ਮੇਰੀ ਆਤਮਾ ਐਨਾ ਬੋਝ ਨਹੀਂ ਸਹਿ ਸਕੇਗੀ। ਤੂੰ ਇਸ ਭਾਣੇ ਨੂੰ ਮਿੱਠਾ ਕਰਕੇ ਮੰਨ ਲੈ ਤੇ ਵਾਪਸ ਆਪਣੇ ਘਰ ਚਲੀ ਜਾ। ਏਦੂੰ ਪਹਿਲਾਂ ਕਿ ਦੇਰ ਹੋ ਜਾਏ।" ਰਾਜਾ ਪੁੱਠੀ ਚੱਕੀ ਗੇੜਨ ਲੱਗ ਗਿਆ ਸੀ।
"ਮੈਂ ਤੇਰੇ ਬਿਨਾਂ ਬਿੰਦ ਨਹੀਂ ਰਹਿ ਸਕਦੀ। ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੈਂ? ਜਿਵੇਂ ਕਹਿੰਦੇ ਹੁੰਦੇ ਨੇ ਸੁੰਗਿਆ ਸੀ ਫੁੱਲ ਕਰਕੇ, ਪਿਆਰ ਰੌਂ ਗਿਆ ਹੱਡਾਂ ਵਿੱਚ ਮੇਰੇ ਉਹ ਵਾਲੀ ਮੇਰੇ ਨਾਲ ਹੋਈ ਹੈ। ਤੈਥੋਂ ਜੁਦਾ ਹੋਣਾ ਪੈ ਗਿਆ ਤਾਂ ਮੈਂ ਆਪਣੀ ਜਾਨ ਦੇ ਦੇਊਂਗੀ। ਟਰੱਸਟ ਮੀ ਆਈ ਵੁੱਡ ਕਮਿਟ ਏ ਸੁਇਸਾਇਡ।"
"ਗਰੋਅ ਅੱਪ ਅੰਮ੍ਰਿਤ, ਬੱਚਿਆਂ ਵਾਂਗੂੰ ਹਿੰਡ ਨ੍ਹੀਂ ਕਰੀਦੀ। ਕੋਈ ਨ੍ਹੀਂ ਫ਼ਿਕਰ ਨਾ ਕਰ ਕੋਈ ਹੋਰ ਰਾਹ ਦੇਖਾਂਗੇ।" ਰਾਜੇ ਨੇ ਉਹਦੇ ਜ਼ਿਹਨ ਦੇ ਅੰਬਰ ਵਿੱਚ ਕਿਸੇ ਉਮੀਦ ਦਾ ਪੰਛੀ ਉੱਡਾ ਦਿੱਤਾ ਸੀ।
"ਕੀ ਕਰੇਂਗਾ? ਮੈਨੂੰ ਵੀ ਦੱਸ ਨਾ। ਵੱਟਸ ਐਗਜ਼ੈਕਟਲੀ ਇਨ ਯੂਅਰ ਮਾਈਂਡ।"
"ਘਬਰਾ ਨਾ ਕੋਈ ਤਦਬੀਰ ਕਰਾਂਗੇ। ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਏ। - ਯਾਰ ਹੋਣਗੇ ਮਿਲਣਗੇ ਆਪੇ, ਨੀ ਦਿਲ ਨੂੰ ਟਿਕਾਣੇ ਰੱਖੀਏ।"
ਇੰਝ ਸਮਝਾ-ਬੁਝਾ ਕੇ ਰਾਜੇ ਨੇ ਉਸ ਨੂੰ ਭੁੱਲ ਸੋਧਣ ਲਈ ਮਨਾ ਲਿਆ ਸੀ। ਅੰਮ੍ਰਿਤ ਭਾਵੇਂ ਭੰਬਲਭੂਸੇ ਵਿੱਚ ਪਈ ਹੋਈ ਸੀ। ਪਰ ਉਹਨੂੰ ਪੱਕ ਸੀ ਕਿ ਬਰੇਨ ਔਫ ਬ੍ਰਿਟੇਨ ਰਾਜਾ ਚੁਸਤੀ ਨਾਲ ਕੋਈ ਨਾ ਕੋਈ ਉਪਾਅ ਟੋਲ ਲਵੇਗਾ। ਉਹ ਰਾਜੇ ਨਾਲ ਰਜ਼ਾਮੰਦ ਹੋ ਗਈ ਸੀ।
"ਜਿਵੇਂ ਤੂੰ ਕਹੇਂ ਮੈਂ ਕਰ ਲੈਂਦੀ ਹਾਂ। ਪਰ ਮੇਰੀ ਵੀ ਇੱਕ ਸ਼ਰਤ ਹੈ।ਵੈਲ… ਇਹਨੂੰ ਤੂੰ ਮੇਰੀ ਰਿਕਵੈਸਟ (ਬੇਨਤੀ) ਵੀ ਸਮਝ ਸਕਦਾ ਹੈਂ। ਫਾਂਸੀ ਚਾੜ੍ਹਨ ਤੋਂ ਪਹਿਲਾਂ ਤਾਂ ਕਰੀਮੀਨਲਸ (ਅਪਰਾਧੀਆਂ) ਦੀ ਵੀ ਆਖ਼ਰੀ ਖ਼ਾਹਿਸ਼ ਪੁੱਛ ਕੇ ਪੂਰੀ ਕਰੀ ਜਾਂਦੀ ਹੈ।"
"ਬੋਲ ਤਾਂ ਸਹੀ। ਮੈਂ ਜੋ ਕਰ ਸਕਦਾ ਹੋਊਂ, ਕਰਾਂਗਾ।"
"ਮੈਨੂੰ ਇੱਕ ਘੰਟਾ ਹੋਰ ਰੁੱਕ ਲੈਣ ਦੇ ਆਪਣੇ ਕੋਲ। ਮੈਂ ਘਰੇ ਜਾ ਕੇ ਝੂਠ ਬੋਲ ਕੇ ਕਹਿ ਦੇਊਂਗੀ ਕਿ ਮੈਂ ਬਿਊਟੀ ਪਾਰਲਰ ਗਈ ਸੀ। ਮੇਰੇ ਨਾਲ ਰੱਜ ਕੇ ਸੈਕਸ ਕਰ… ਮੇਰਾ ਬਹੁਤ ਜੀਅ ਕਰਦੈ।"
ਦੇਖਦਿਆਂ ਹੀ ਦੇਖਦਿਆਂ ਅੰਮ੍ਰਿਤ ਨੇ ਆਪਣੇ ਸਾਰੇ ਲੀੜੇ ਲਾਹ ਦਿੱਤੇ ਸਨ। ਰਾਜੇ ਨੇ ਵੀ ਨਿਰਵਸਤਰ ਹੋ ਕੇ ਉਹਦੀ ਤਮੰਨਾ ਪੂਰੀ ਕਰ ਦਿੱਤੀ ਸੀ।
ਉਸ ਤੋਂ ਦੋ ਘੰਟੇ ਬਾਅਦ ਅੰਮ੍ਰਿਤ ਬਰੰਗ ਲਿਫ਼ਾਫ਼ੇ ਵਾਂਗੂੰ ਵਾਪਸ ਪਰਤ ਆਈ ਸੀ। ਕਿਸੇ ਨੂੰ ਵਿਆਹ ਕਾਰਨ ਰਿਸ਼ਤੇਦਾਰਾਂ ਦੀ ਗਹਿਮਾ-ਗਹਿਮੀ ਵਿੱਚ ਪਤਾ ਵੀ ਨਹੀਂ ਸੀ ਚੱਲਿਆ ਕਿ ਵਿਹੁਲੀ ਕਿੱਥੇ ਚੌਂਕੀ ਭਰ ਕੇ ਆਈ ਸੀ।
"ਕੋਈ ਨ੍ਹੀਂ ਫ਼ਿਕਰ ਨਾ ਕਰ ਕੋਈ ਹੋਰ ਰਾਹ ਦੇਖਾਂਗੇ..।"
ਅੰਮ੍ਰਿਤ ਨੂੰ ਵਾਰ ਵਾਰ ਰਾਜੇ ਦਾ ਕਿਹਾ ਹੋਇਆ ਇਹ ਵਾਕ ਚੇਤੇ ਆਉਂਦਾ ਰਹਿੰਦਾ ਸੀ ਤੇ ਉਹ ਸੋਚਦੀ ਰਹਿੰਦੀ ਸੀ ਕਿਹੜਾ ਰਾਹ?... ਕਦੋਂ ਨਿਕਲੂ?... ਨਿਕਲੂ ਵੀ ਜਾਂ ਨਹੀਂ?...
ਹੋਰ ਰਾਹ ਕੀ ਨਿਕਲਣਾ ਸੀ? ਨਾ ਤਾਂ ਰਾਜੇ ਨੇ ਅੰਮ੍ਰਿਤ ਦੇ ਮਾਪਿਆਂ ਕੋਲ ਜਾ ਕੇ ਉਹਦਾ ਹੱਥ ਮੰਗਣ ਦੀ ਹਿੰਮਤ ਕੀਤੀ ਸੀ ਤੇ ਨਾ ਹੀ ਉਸ ਦਾ ਰਾਜੇ ਬਾਰੇ ਦੱਸਣ ਦਾ ਹੌਂਸਲਾ ਪਿਆ ਸੀ। ਸਭ ਪੁਆੜੇ ਪਾਉਣ ਦੀ ਕਿਉਂਕਿ ਅੰਮ੍ਰਿਤ ਖੁਦ ਜ਼ਿੰਮੇਵਾਰ ਸੀ। ਇਸ ਲਈ ਉਹਨੂੰ ਰਾਜੇ 'ਤੇ ਕੋਈ ਗੁੱਸਾ ਨਹੀਂ ਸੀ। ਚੁੱਪ ਕਰਕੇ ਉਹ ਰਿਬਨਾਂ ਨਾਲ ਸਜਾਈ ਸ਼ਿੰਗਾਰੀ ਹੋਈ ਡੋਲੀ ਵਾਲੀ ਜੈਗੂਅਰ ਕਾਰ ਵਿੱਚ ਬੈਠ ਕੇ ਸਾਊਥੈਂਪਟਨ ਆਪਣੇ ਸਹੁਰੇ ਘਰ ਚਲੀ ਗਈ ਸੀ।
ਅਸਲ ਵਿਚ ਸਹੁਰੀ ਤਾਂ ਅੰਮ੍ਰਿਤ ਦਾ ਬੁੱਤ ਹੀ ਆਇਆ ਸੀ। ਰੂਹ ਤਾਂ ਪੇਕੀਂ ਰਾਜੇ ਕੋਲ ਹੀ ਰਹਿ ਗਈ ਸੀ।
ਵਿਆਹ ਪਿੱਛੋਂ ਅੰਮ੍ਰਿਤ ਸਹੁਰਿਆਂ ਤੋਂ ਦੂਜੇ ਤੀਜੇ ਦਿਨ ਬਾਅਦ ਹੀ ਦਨਦਨਾਉਂਦੀ ਹੋਈ ਪੇਕੇ ਆ ਵੜਦੀ ਸੀ। ਇੱਕ ਦਿਨ ਅੱਗੋਂ ਆਉਂਦੀ ਰਾਤ ਰਹਿ ਕੇ ਦੂਜੇ ਦਿਨ ਸ਼ਾਮ ਨੂੰ ਪਰਤ ਜਾਂਦੀ ਸੀ। ਬਾਅਜ਼ ਦਫ਼ਾ ਦੋ-ਦੋ ਤਿੰਨ-ਤਿੰਨ ਦਿਨ ਦਾ ਕਿਆਮ ਵੀ ਕਰ ਲੈਂਦੀ ਸੀ। ਸਹੇਲੀਆਂ ਨੂੰ ਮਿਲਣ ਦੇ ਬਹਾਨੇ ਨਾਲੇ ਆਪਣੀ ਠੰਢ ਲਾਹ ਜਾਂਦੀ ਸੀ ਤੇ ਨਾਲੇ ਯਾਰ ਦਾ ਬਿਸਤਰਾ ਨਿੱਘਾ ਕਰ ਜਾਂਦੀ ਸੀ। ਕੁੱਝ ਅਰਸਾ ਤਾਂ ਉਹ ਇੰਝ ਹੀ ਦਿਨੇ ਰਾਜੇ ਨਾਲ ਤੇ ਰਾਤ ਨੂੰ ਖ਼ਾਵੰਦ ਨਾਲ ਡਬਲ ਸ਼ਿਫਟ ਲਾਉਂਦੀ ਰਹੀ ਸੀ।
ਨਵਾਂ-ਨਵਾਂ ਵਿਆਹ ਹੋਇਆ ਹੋਣ ਕਰਕੇ ਕੁੱਝ ਚਿਰ ਤਾਂ ਅੰਮ੍ਰਿਤ ਦੇ ਸਹੁਰਿਆਂ ਦੇ ਪਰਿਵਾਰ ਨੇ ਉਹਦੇ ਮੂੰਹ ਕੰਨੀ ਦੇਖਿਆ ਸੀ। ਜਦ ਭਾਂਡੇ ਦਾ ਮੂੰਹ ਖੁੱਲ੍ਹਾ ਦੇਖ ਕੇ ਕੁੱਤੇ ਨੂੰ ਸ਼ਰਮ ਨਹੀਂ ਆਈ ਸੀ ਤਾਂ ਆਮ ਲੋਕਾਂ ਵਾਂਗ ਅੰਮ੍ਰਿਤ ਦੀ ਸੱਸ ਨੇ ਵੀ ਸੁਣਾ ਦਿੱਤਾ ਸੀ, "ਨਾ ਧੀਏ, ਸਾਡਾ ਨ੍ਹੀਂ ਸਰਨਾ ਤੇਰੇ ਬਿਨਾਂ। ਮੇਰੇ ਤਾਂ ਅੱਗ ਲੱਗਣੇ ਗੋਡੇ ਨ੍ਹੀਂ ਕੰਮ ਕਰਦੇ। ਸਾਨੂੰ ਮੁੰਡਾ ਵਿਆਹੇ ਦਾ ਕੀ ਸੁੱਖ? ਜੇ ਤੈਂ ਦੂਏ ਕੁ ਦਿਨ ਹੀ ਪੇਕੇ ਥੱਲਾ ਧਰ ਕੇ ਬੈਠੀ ਰਹਿਣੈ। ਅਜੇ ਕੱਲ੍ਹ ਤੂੰ ਵਿਆਹੀ ਆਈ ਏ। ਐਡੀ ਛੇਤੀ ਓਧਰਗੀ? ਅਠਾਰਾਂ ਵਰ੍ਹੇ ਉਥੇ ਹੀ ਰਹੀ ਏ।… ਭਾਈ ਕੁੜੀਏ ਤੂੰ ਗੁੱਸੇ ਰਹਿ ਜਾਂ ਰਾਜ਼ੀ, ਅਸੀਂ ਨ੍ਹੀਂ ਤੈਨੂੰ ਪੇਕੀਂ ਛੱਡ ਸਕਦੇ। ਤੂੰ ਜੀਅ ਸਦਕੇ ਮਿਲਣ-ਗਿਲਣ ਜਾ, ਪਰ ਸ਼ਾਮ ਨੂੰ ਉਨ੍ਹੀਂ ਪੈਰੀਂ ਮੁੜ ਆਵੀਂ। ਮੇਲਾ-ਗੇਲਾ ਥੋੜਾ ਵੀ ਉਹੀ, ਬਹੁਤਾ ਵੀ ਉਹੀ।"
ਕੁੜੀਆਂ ਉੱਤੇ ਵਿਆਹ ਤੋਂ ਪਹਿਲਾਂ ਮਾਪਿਆਂ ਦਾ ਹੁੰਦਾ ਤੇ ਵਿਆਹ ਤੋਂ ਪਿੱਛੋਂ ਸਹੁਰਿਆਂ ਦਾ ਜ਼ੋਰ ਹੋ ਜਾਂਦਾ ਹੈ। ਓਦਣ ਤੋਂ ਅੰਮ੍ਰਿਤ ਦਾ ਪੇਕੇ ਰਹਿਣ ਦਾ ਪੱਤਾ ਤਾਂ ਕੱਟਿਆ ਹੀ ਗਿਆ ਸੀ। ਸਗੋਂ ਪਹਿਲਾਂ ਦੇ ਮੁਕਾਬਲੇ ਆਉਣਾ ਵੀ ਘੱਟ ਗਿਆ ਸੀ। ਇੱਕਲੀ ਨੂੰ ਪੇਕੇ ਆਉਣ ਦੀ ਤਾਂ ਬਿਲਕੁਲ ਹੀ ਇਜਾਜ਼ਤ ਨਹੀਂ ਸੀ। ਉਹਦਾ ਪਤੀ ਮਿਲਾ ਕੇ ਆਥਣ ਨੂੰ ਨਾਲ ਹੀ ਲੈ ਜਾਂਦਾ ਸੀ ਜਾਂ ਉਹਦੇ ਮਾਪੇ ਸਾਊਥੈਂਪਟਨ ਜਾ ਕੇ ਮਿਲ ਆਉਂਦੇ ਸਨ। ਮਾਪਿਆਂ ਨੂੰ ਮਿਲਣ ਦੀ ਅੰਮ੍ਰਿਤ ਨੂੰ ਕੋਈ ਬਹੁਤੀ ਤਾਂਘ ਨਹੀਂ ਸੀ। ਉਹਨੂੰ ਤਾਂ ਰਾਜੇ ਦਾ ਹੀ ਹੇਜ ਮਾਰਦਾ ਸੀ। ਮਾਪੇ ਤਾਂ ਖੁਦ ਆਪ ਆ ਕੇ ਉਹਨੂੰ ਮਿਲ ਸਕਦੇ ਸਨ। ਪੰਗਾਂ ਤਾਂ ਰਾਜੇ ਦੇ ਦਿਦਾਰਾਂ ਦਾ ਸੀ।
ਉਸ ਤੋਂ ਕੁੱਝ ਦਿਨ ਬਾਅਦ ਹੀ ਅੰਮ੍ਰਿਤ ਨੇ ਸਾਊਥੈਂਪਟਨ ਆਪਣੇ ਲਈ ਨੌਕਰੀ ਲੱਭ ਲਈ ਸੀ। ਕੰਮ ਤੋਂ ਹੀ ਉਹ ਰੋਜ਼ ਰਾਜੇ ਨੂੰ ਫੋਨ ਕਰਕੇ ਗੱਲਾਂ ਕਰਨ ਲੱਗੀ ਸੀ ਤਾਂ ਉਹਨੂੰ ਕੁੱਝ ਧਰਵਾਸਾ ਆਇਆ ਸੀ।
ਫੇਰ ਰਾਜਾ ਖੁਦ ਰੋਜ਼ ਇੱਕ ਸੌ ਚੌਂਤੀ ਮੀਲ ਦਾ ਪੈਂਡਾ ਤੈਅ ਕਰਕੇ ਬਰਮਿੰਘਮ ਤੋਂ ਸਾਊਥੈਂਪਟਨ ਅੰਮ੍ਰਿਤ ਨੂੰ ਮਿਲਣ ਆਉਣ ਲੱਗ ਪਿਆ ਸੀ। ਘਰ ਨੂੰ ਕੰਮ ਤੋਂ ਆਉਂਦੇ ਜਾਂਦਿਆਂ ਬਰਬਾਦ ਹੋਣ ਵਾਲਾ ਸਮਾਂ ਫੁਰਤੀ ਨਾਲ ਬਚਾਅ ਕੇ ਉਹ ਰਾਜੇ ਨੂੰ ਦੇਣ ਲੱਗ ਪਈ ਸੀ।
ਅੰਮ੍ਰਿਤ ਨੂੰ ਉਹਦਾ ਸ਼ੌਹਰ ਜਿਹੜੀਆਂ ਖੁਸ਼ੀਆਂ ਸਾਰੀ ਰਾਤ ਵੰਡਦਾ ਰਹਿੰਦਾ ਸੀ। ਉਹ ਉਹਨਾਂ ਨਾਲ ਬਿਲਕੁਲ ਨਹੀਂ ਰੱਜਦੀ ਸੀ। ਉਹਨੂੰ ਤਾਂ ਕੁੱਝ ਪਤਾ ਨਹੀਂ ਚਲਦਾ ਹੁੰਦਾ ਕਿ ਉਹ ਕੀ ਕਰਦਾ ਹੁੰਦਾ ਸੀ, ਕੀ ਨਹੀਂ। ਉਹ ਤਾਂ ਬਸ ਬੇਜਾਨ ਗੁੱਡੀ ਵਾਂਗ ਮੰਜੇ 'ਤੇ ਪਈ ਰਹਿੰਦੀ ਹੁੰਦੀ ਸੀ। ਉਹਦਾ ਪਤੀ ਇਲਤੀ ਬੱਚੇ ਵਾਂਗਰ ਉਹਦੇ ਅੰਗ ਆਪਣੀ ਮਨ-ਮਰਜ਼ੀ ਨਾਲ ਮਰੋੜਦਾ-ਤਰੋੜਦਾ ਖੇਡਦਾ ਰਹਿੰਦਾ ਸੀ ਤੇ ਅੱਕ-ਥੱਕ ਕੇ ਸੌਂ ਜਾਂਦਾ ਹੁੰਦਾ ਸੀ। ਉਦੋਂ ਤੱਕ ਉਹ ਰੋਜ਼ ਰਾਤ ਨੂੰ ਇਉਂ ਹੀ ਕੌਡੀਆਂ ਪਾਉਂਦਾ ਰਿਹਾ ਸੀ, ਜਦੋਂ ਤੱਕ ਰਾਜੇ ਨੇ ਅੰਮ੍ਰਿਤ ਨੂੰ ਕਲਾ- ਬਾਜ਼ੀਆਂ ਤੋਂ ਬਚਣ ਦੀ ਜੁਗਤ ਨਹੀਂ ਦੱਸੀ ਸੀ। ਰਾਜੇ ਦੀ ਘੜੀ ਹੋਈ ਸਕੀਮ 'ਤੇ ਅਮਲ ਕਰਨ ਮਗਰੋਂ ਹੀ ਅੰਮ੍ਰਿਤ ਨੂੰ ਸੁੱਖ ਦਾ ਸਾਹ ਆਉਣ ਲੱਗਿਆ ਸੀ। ਫੇਰ ਤਾਂ ਕਈ ਦਫ਼ਾ ਉਹ ਘਰਵਾਲੇ ਨੂੰ ਨਾਲ ਵੀ ਨਹੀਂ ਪਾਉਂਦੀ ਹੁੰਦੀ ਸੀ। ਉਹਦਾ ਪਰਾਹੁਣਾ ਅੱਡ ਮੰਜੇ 'ਤੇ ਸੂਸਰੀ ਬਣਿਆ ਸੁੱਤਾ ਰਹਿੰਦਾ ਸੀ।
ਜਦੋਂ ਦਿਲਚਸਪੀ ਨਾ ਹੋਵੇ ਤਾਂ ਮਜ਼ੇਦਾਰ ਤੋਂ ਮਜ਼ੇਦਾਰ ਚੀਜ਼ ਵੀ ਬੋਰਿੰਗ ਲੱਗਣ ਲੱਗ ਜਾਂਦੀ ਹੈ ਤੇ ਜੇ ਦਿਲਚਸਪੀ ਹੋਵੇ ਤਾਂ ਬੋਰਿੰਗ ਤੋਂ ਬੋਰਿੰਗ ਵੀ ਮਜ਼ੇਦਾਰ ਜਾਪਦੀ ਹੈ। ਰਾਜਾ ਉਹਨੂੰ ਘੰਟੇ ਅੱਧੇ ਘੰਟੇ ਵਿੱਚ ਹੀ ਅੰਦਰੋਂ-ਬਾਹਰੋਂ ਡੱਕੋ-ਡੱਕ ਭਰ ਜਾਂਦਾ ਹੁੰਦਾ ਸੀ। ਸਮੱਸਿਆਵਾਂ ਦੇ ਹੱਲ ਲੱਭ ਜਾਣ ਨਾਲ ਅੰਮ੍ਰਿਤ ਨੂੰ ਤਸੱਲੀ ਜਿਹੀ ਹੋ ਗਈ ਸੀ। ਉਹਦੀ ਬਿਰਹਾ ਦੀ ਅੱਗ ਵਿੱਚ ਭੁੱਝੀ ਰੂਹ ਨੂੰ ਪੂਰਨ ਸਕੂਨ ਹਾਸਲ ਹੋ ਗਿਆ ਸੀ। ਜੇ ਕਿਸੇ ਦਿਨ ਰਾਜਾ ਆਉਣੋਂ ਖੁੰਝ ਜਾਂਦਾ ਤਾਂ ਉਹ ਦਿਹਾੜਾ ਕਜ਼ਾ ਨਾ ਹੋਣ ਦਿੰਦੀ, ਫੋਨ 'ਤੇ ਰਾਜੇ ਨਾਲ ਗੱਲਬਾਤ ਕਰ ਲੈਂਦੀ ਸੀ।
ਪਰ ਬਰਮਿੰਘਮ ਤੋਂ ਨਿੱਤ ਆ ਕੇ ਮਿਲਣ ਦਾ ਸਿਲਸਿਲਾ ਕਿਤੇ ਕਿੰਨੇ ਕੁ ਦਿਨ ਜਾਰੀ ਰਹਿੰਦਾ? ਇੱਕ ਦਿਨ ਮਿਲਣ ਆਉਂਦੇ ਰਾਜੇ ਦੀ ਰੋਵਰ ਗੱਡੀ ਮੋਟਰਵੇਅ ਤੇ ਐਕਸੀਡੈਂਟ ਹੋ ਕੇ ਟੁੱਟ ਗਈ ਸੀ। ਰਾਜਾ ਰਾਇਟ ਔਫ ਹੋਈ ਗੱਡੀ ਦੁਬਾਰਾ ਬਣਾ ਲੈਂਦਾ ਜਾਂ ਹੋਰ ਵੀ ਲੈ ਸਕਦਾ ਸੀ। ਪਰ ਤੜਕੇ ਪੰਜ ਵਜੇ ਪੀਤੀ ਹੋਈ ਪੌਣੀ ਬੋਤਲ ਸ਼ਰਾਬ ਨੇ ਐਕਸੀਡੈਂਟ ਦਾ ਸਬੱਬ ਬਣਨ ਦੇ ਨਾਲ-ਨਾਲ ਰਾਜੇ ਦਾ ਡਰਾਇਵਿੰੰਗ ਲਾਇੰਸੈਸ ਵੀ ਜ਼ਬਤ ਕਰਵਾ ਦਿੱਤਾ ਸੀ।
ਅੰਮ੍ਰਿਤ ਕੋਲ ਰਾਜੇ ਨਾਲ ਫੋਨ 'ਤੇ ਗੱਲਾਂ ਕਰਨ ਦੇ ਸਿਵਾਏ ਕੋਈ ਚਾਰਾ ਨਹੀਂ ਸੀ ਰਿਹਾ। ਫੋਨ ਰਾਹੀ ਹੀ ਦਿਲ ਨਾਲ ਦਿਲ ਦੀਆਂ ਤਾਰਾਂ ਜੁੜਦੀਆਂ ਸਨ। ਉਹ ਬਿਨ ਨਾਗਾ ਨਿੱਤ ਰਾਜੇ ਨੂੰ ਉਹਦੇ ਮੋਬਾਇਲ 'ਤੇ ਫੋਨ ਕਰਦੀ ਰਹਿੰਦੀ ਸੀ। ਅਚਾਨਕ ਇੱਕ ਦਿਨ ਆਰਥਿਕ ਤੰਗੀਆਂ ਕਾਰਨ ਰਾਜੇ ਨੂੰ ਫੋਨ ਵੀ ਕਟਾਉਣਾ ਪੈ ਗਿਆ ਸੀ। ਉਦੋਂ ਤਾਂ ਅੰਮ੍ਰਿਤ ਲਈ ਹਰ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ ਸੀ। ਰਾਜੇ ਲਈ ਗੱਡੀ ਬਿਨਾਂ ਉਸ ਨੂੰ ਐਨੀ ਦੂਰ ਮਿਲਣ ਆਉਣਾ ਅਸੰਭਵ ਸੀ।
ਮਸਲੇ ਦਾ ਇਕੋ ਹੀ ਤੋੜ ਸੀ ਕਿ ਅੰਮ੍ਰਿਤ ਰਾਜੇ ਨੂੰ ਮਿਲਣ ਆਉਂਦੀ। ਰਾਜਾ ਦੀ ਗੱਲ ਹੋਰ ਸੀ, ਉਹ ਤਾਂ ਮੁੰਡਾ ਸੀ। ਕੁੜੀ ਹੋਣ ਕਾਰਨ ਅਜਿਹਾ ਵੀ ਅੰਮ੍ਰਿਤ ਲਈ ਮੁਮਕਿਨ ਨਹੀਂ ਸੀ। ਰੋਜ਼ ਆਉਣ ਬਾਰੇ ਤਾਂ ਉਹਨੇ ਸੋਚਣਾ ਹੀ ਕੀ ਸੀ। ਉਹ ਤਾਂ ਕਦੇ ਕਦੇ ਵੀ ਨਹੀਂ ਆ ਸਕਦੀ ਸੀ। ਉਸ ਲਈ ਰਾਜੇ ਦਾ ਵਿਛੋੜਾ ਸਹਿਣਾ ਦਿਨੋਂ ਦਿਨ ਔਖਾ ਹੁੰਦਾ ਜਾ ਰਿਹਾ ਸੀ।
ਜਦੋਂ ਬੰਦੇ 'ਤੇ ਇਸ਼ਕ ਦਾ ਭੂਤ ਸਵਾਰ ਹੋਵੇ ਤਾਂ ਉਹਦਾ ਸਾਰਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਔਰਤ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਭਾਵੇਂ ਉਹ ਇਸ਼ਕ 'ਚ ਕਿੰਨੀ ਵੀ ਅੰਨ੍ਹੀ ਕਿਉਂ ਨਾ ਹੋ ਜਾਏ। ਔਰਤ ਨੂੰ ਫੇਰ ਵੀ ਕੁੱਝ ਨਾ ਕੁੱਝ ਦਿਖਾਈ ਦਿੰਦਾ ਰਹਿੰਦਾ ਹੈ। ਉਹਦੇ ਦਿਮਾਗ ਦਾ ਕੁੱਝ ਹਿੱਸਾ ਪੂਰੀ ਚੇਤਨਤਾਂ ਨਾਲ ਆਪਣਾ ਕੰਮ ਕਰਦਾ ਰਹਿੰਦਾ ਹੈ। ਅੰਮ੍ਰਿਤ ਦੇ ਦਿਮਾਗ ਨੇ ਵੀ ਬਹਾਨਾ ਘੜ ਲਿਆ ਸੀ।
ਜੀਉਂਦੇ ਜੀਅ ਬੰਦੇ ਨੂੰ ਖੁਸ਼ੀਆਂ-ਗ਼ਮੀਆਂ, ਦਿਨ, ਤਿਉਹਾਰ ਤਾਂ ਮਨਾਉਣੇ ਹੀ ਪੈਂਦੇ ਹਨ। ਐਨ ਉਸੇ ਮੌਕੇ ਰੱਖੜੀਆਂ ਦਾ ਤਿਉਹਾਰ ਨਜ਼ਦੀਕ ਆ ਰਿਹਾ ਸੀ। ਅੰਮ੍ਰਿਤ ਨੇ ਗਿਣੀ-ਮਿਥੀ ਯੋਜਨਾ ਤਹਿਤ ਆਪਣੇ ਪੇਕਿਆਂ ਨਾਲ ਤਅੱਲਕਾਤ ਘਟਾ ਦਿੱਤੇ ਸਨ। ਰੱਖੜੀਆਂ ਆਈਆਂ ਤੋਂ ਅੰਮ੍ਰਿਤ ਨੇ ਮੌਕੇ ਦਾ ਲਾਹਾ ਲੈਣ ਲਈ ਭਾਈ ਦੇ ਰੱਖੜੀ ਬੰਨ੍ਹਣ ਆਉਣ ਦੇ ਪੱਜ ਨਾਲ ਮਿੰਨਤਾ-ਮੁੰਨਤਾ ਕਰਕੇ ਆਗਿਆ ਮੰਗੀ ਸੀ। ਉਹਨਾਂ ਦਿਨਾਂ ਵਿੱਚ ਉਹਦਾ ਘਰਵਾਲਾ ਕੰਮਕਾਰ ਵਿੱਚ ਮਸਰੂਫ ਸੀ। ਉਹਨੇ ਨਾਂ ਸਿਰਫ਼ ਅੰਮ੍ਰਿਤ ਨੂੰ ਆਉਣ ਦੀ ਪਰਵਾਨਗੀ ਹੀ ਦਿੱਤੀ ਸੀ। ਬਲਕਿ ਇਕੱਲੀ ਨੂੰ ਹੀ ਭੇਜ ਦਿੱਤਾ ਸੀ।
ਅੰਮ੍ਰਿਤ ਬਰਮਿੰਘਮ ਆਉਂਦਿਆਂ ਹੀ ਘਰੇ ਜਾਣ ਤੋਂ ਪਹਿਲਾਂ ਸਿੱਧੀ ਰਾਜੇ ਕੋਲ ਗਈ ਸੀ। ਤਿੰਨ-ਚਾਰ ਘੰਟਿਆਂ ਵਿੱਚ ਕੋਚ ਲੇਟ ਹੋਣ ਦੇ ਬਹਾਨੇ ਦੇ ਸਹਾਰੇ ਨਾਲ ਉਹਨੇ ਆਪਣੀਆਂ ਸਭ ਹਸਰਤਾਂ ਪੂਰੀਆਂ ਕਰ ਲਈਆਂ ਸਨ।
"ਰਾਜੇ ਇਹ ਕਿਹੋ ਜਿਹਾ ਦਸਤੂਰ ਹੈ ਜ਼ਮਾਨੇ ਦਾ ਮੇਰੇ ਅੱਗੇ ਅੱਗੇ ਚਾਰ ਗੇੜੇ ਕੱਢ ਕੇ ਉਹ ਮੇਰੇ ਨਾਲ ਸਭ ਕੁੱਝ ਕਰ ਸਕਦਾ ਹੈ, ਮੈਂ ਉਹਨੂੰ ਹਟਾ ਵੀ ਨਹੀਂ ਸਕਦੀ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ, ਲੱਖਾਂ ਗੇੜੇ ਮੈਂ ਤੇਰੇ ਪਿੱਛੇ ਕੱਢੇ ਸਨ ਤੇ ਮੈਂ ਤੇਰੇ ਨਾਲ ਉਹੀ ਕੁੱਝ ਕਰਨ ਨੂੰ ਤੜਫਦੀ ਰਹਿੰਦੀ ਹਾਂ। ਕਿਉਂ?... ਕਿਉਂ ਰਾਜੇ? ਦੱਸ ਮੈਨੂੰ ਕਿਉਂ ਰੱਬ ਨੇ ਮੇਰੇ ਨਾਲ ਇਸ ਤਰ੍ਹਾਂ ਕੀਤੈ? ਮੈਂ ਕਿਹੜੇ ਪਾਪ ਕੀਤੇ ਸਨ, ਜਿੰਨ੍ਹਾਂ ਦੀ ਉਸ ਉੱਪਰ ਵਾਲੇ ਨੇ ਮੈਨੂੰ ਸਜ਼ਾ ਦਿੱਤੀ ਹੈ।"
ਰਾਜੇ ਨੇ ਪਿਆਰ ਨਾਲ ਉਹਨੂੰ ਬੁਕੱਲ ਵਿੱਚ ਲੈ ਕੇ ਆਪਣੀ ਪੱਥਰ ਵਰਗੀ ਸਖ਼ਤ ਛਾਤੀ ਨਾਲ ਲਾ ਕੇ ਭਾਸ਼ਨ ਝਾੜ ਦਿੱਤਾ ਸੀ, "ਗੇੜੇ ਗੇੜੇ ਵਿੱਚ ਫ਼ਰਕ ਹੈ ਅੰਮ੍ਰਿਤ। ਉਹ ਅਨੇਕਾਂ ਗੇੜੇ ਜਿਹੜੇ ਤੂੰ ਮੇਰੇ ਪਿੱਛੇ ਲਾਏ ਸਨ। ਉਹ ਸਮਾਜ ਤੋਂ ਚੋਰੀ ਸਨ। ਤੇ ਜਿਹੜੇ ਚੱਕਰ ਤੂੰ ਆਪਣੇ ਹਸਬੈਂਡ ਮਗਰ ਕੱਟੇ ਸਨ। ਉਹ ਸਾਰੇ ਸਮਾਜ ਨੂੰ ਆਮਤ੍ਰਿਤ ਕਰਕੇ ਸ਼ਰੇਆਮ ਸਭ ਦੇ ਸਾਹਮਣੇ ਲਗਾਏ ਸਨ।"
ਅੰਮ੍ਰਿਤ ਉਸ ਵੇਲੇ ਪਤੀ ਨੂੰ ਛੱਡ ਕੇ ਰਾਜੇ ਨਾਲ ਘਰ ਵਸਾਉਣ ਦਾ ਨਿਸ਼ਚਾ ਕਰੀ ਬੈਠੀ ਸੀ। ਉਹਦਾ ਘਰਵਾਲਾ ਤਾਂ ਸਗੋਂ ਪਹਿਲਾਂ ਹੀ ਡਾਇਵੋਰਸ ਭਾਲਦਾ ਸੀ। ਤੋਕੜ ਮੱਝ ਵੀ ਜਦੋਂ ਡੰਗ ਭੰਨਣ ਲੱਗ ਜਾਵੇ ਅਗਲਾ ਸੋਚਦਾ ਹੈ, ਇਸ ਲੰਗੇ-ਡੰਗ ਮਿਲਣ ਵਾਲੀ ਨੂੰ ਤਾਂ ਕੱਢੋ ਐਤਕੀ ਦੀ ਮੰਡੀ 'ਚ। ਕੋਈ ਸੱਜਰ ਦੇਖ ਕੇ ਲਿਆਉ। ਪਰ ਜਦੋਂ ਅੰਮ੍ਰਿਤ ਨੇ ਆਪਣਾ ਬਰੂਦੀ ਮਨਸੂਬਾ ਵਿਸਫੋਟ ਕਰਨ ਲਈ ਰਾਜੇ ਅੱਗੇ ਰੱਖਿਆ ਸੀ ਤਾਂ ਰਾਜੇ ਨੇ ਠੰਢੀ ਠੂਠੀ ਫੇਰ ਕੇ ਠੁੱਸ ਕਰ ਦਿੱਤਾ ਸੀ।
"ਹਾਲੇ ਜਿੰਨਾ ਚਿਰ ਇੰਝ ਈ ਚਲਦੈ, ਚਲਣ ਦੇ। ਜਦ ਕੋਈ ਉਨੀ-ਇੱਕੀ ਹੋਈ ਦੇਖੀ ਜਾਊ। ਅਜੇ ਕਾਹਨੂੰ ਪੰਗਾ ਲੈਣਾ ਹੈ। ਮੇਰੀ ਮੰਨ ਬਹੁਤਾ ਨ੍ਹੀਂ ਕਰੀਦਾ ਹੁੰਦਾ, ਬੱਲੀਏ ਲਾਲਚ ਬੁਰੀ ਬਲਾਅ ਹੁੰਦੀ ਏ।… ਮਣਕੇ ਮਣਕੇ ਮਣਕੇ, ਨੀ ਘਰ ਵੱਸ ਮਾਲਕ ਦੇ, ਪਰ ਰਹਿ ਮਿੱਤਰਾਂ ਦੀ ਬਣ ਕੇ।"
ਰਾਜੇ ਨੇ ਸਗੋਂ ਉਹਨੂੰ ਹੋਰ ਹੀ ਸਬਜ਼-ਬਾਗ ਦਿਖਾ ਕੇ ਵਾਪਸ ਘੱਲ ਦਿੱਤਾ ਸੀ।
ਰੱਖੜੀਆਂ ਵੇਲੇ ਘੱਟੋ-ਘੱਟ ਇੱਕ ਦਿਨ ਕੱਢ ਕੇ ਪੇਕੇ ਆਉਣ ਖ਼ਾਤਰ ਅੰਮ੍ਰਿਤ ਮਾਪਿਆਂ ਨਾਲ ਸਾਰਾ ਸਾਲ ਕੋਈ ਵਿਸ਼ੇਸ਼ ਸੰਪਰਕ ਨਾ ਕਰਦੀ। ਨਾ ਫੋਨ, ਨਾ ਉਂਝ ਘਰਦਿਆਂ ਨੂੰ ਮਿਲਣ ਬੁਲਾਉਂਦੀ। ਵਲਾਇਤ ਵਰਗੇ ਮੁਲਖ 'ਚ ਨਿੱਜੀ ਚਿੱਠੀ-ਪੱਤਰ ਦਾ ਤਾਂ ਭਲਾਂ ਕਦੋਂ ਦਾ ਰਿਵਾਜ ਖ਼ਤਮ ਹੋ ਚੁੱਕਿਆ ਹੈ। ਸਾਲ ਵਿੱਚ ਇੱਕ ਏਸ ਦਿਨ ਉਹਦੇ ਸਹੁਰੇ ਉਹਨੂੰ ਆਉਣ ਤੋਂ ਜੁਆਬ ਨਾ ਦਿੰਦੇ। ਇਸ ਤਿਉਹਾਰ ਦੇ ਬਹਾਨੇ ਰਾਜੇ ਨਾਲ ਗੁਜ਼ਾਰੇ ਇੱਕ ਦਿਨ ਦੀਆਂ ਯਾਦਾਂ ਦੀ ਦੌਲਤ ਦੇ ਆਸਰੇ ਉਹਦੇ ਬਾਕੀ ਦੇ ਤਿੰਨ ਸੌ ਚੌਂਹਠ ਦਿਨ ਸੁਖਾਲੇ ਲੰਘ ਸਕਦੇ ਸਨ।
ਦੂਜੇ ਵਰ੍ਹੇ ਰੱਖੜੀਆਂ ਤੋਂ ਪੰਜ ਮਹੀਨੇ ਪਹਿਲਾਂ ਹੀ ਰਾਜਾ ਕਿਸੇ ਦੋਸਤ ਨਾਲ ਗੱਡੀ ਵਿੱਚ ਆ ਕੇ ਉਹਨੂੰ ਮਿਲ ਗਿਆ ਸੀ। ਉਦੋਂ ਰਾਜੇ ਦੇ ਵਿਆਹ ਨੂੰ ਤਿੰਨ ਮਹੀਨੇ ਹੋ ਚੁੱਕੇ ਸਨ। ਅੰਮ੍ਰਿਤ ਨੂੰ ਸੁਣ ਕੇ ਕੋਈ ਦੁੱਖ ਨਹੀਂ ਹੋਇਆ ਸੀ। ਹੁੰਦਾ ਵੀ ਕਿਉਂ? ਉਹ ਖੁਦ ਵੀ ਤਾਂ ਵਿਆਹੀ ਹੋਈ ਸੀ। ਜਦ ਰਾਜੇ ਨੇ ਉਹਦੇ ਵਿਆਹ ਤੋਂ ਬਾਅਦ ਉਹਦੇ ਨਾਲ ਨਾਤਾ ਨਹੀਂ ਤੋੜਿਆ ਸੀ ਤਾਂ ਉਹ ਉਸ ਗੱਲੋਂ ਉਹਦੇ ਸੰਗ ਰਿਸ਼ਤਾ ਕਿਵੇਂ ਮੁਕਾ ਸਕਦੀ ਸੀ।
ਪਰ ਜਦੋਂ ਅੰਮ੍ਰਿਤ ਰੱਖੜੀਆਂ ਨੂੰ ਬਰਮਿੰਘਮ ਆਈ ਸੀ ਤਾਂ ਕੇਪਹਿੱਲ ਤੋਂ ਮਠਿਆਈ ਲੈਣ ਗਈ ਨੂੰ ਇਤਫ਼ਾਕ ਨਾਲ ਰਾਜਾ ਦਿਸ ਪਿਆ ਸੀ। ਅੰਮ੍ਰਿਤ ਨਾਲ ਉਹਦਾ ਪਤੀ ਸੀ ਤੇ ਰਾਜੇ ਨਾਲ ਵੀ ਉਹਦੀ ਪਤਨੀ ਸੀ। ਇਸ ਵਜ੍ਹਾ ਨਾਲ ਉਹ ਦੋਨੋਂ ਇੱਕ ਦੂਸਰੇ ਨੂੰ ਬੁਲਾ ਨਹੀਂ ਸਕੇ ਸੀ। ਰਾਜਾ ਨੀਵੀਂ ਪਾਈ ਚੁੱਪ ਕਰਕੇ ਉਹਦੇ ਕੋਲ ਦੀ ਉਹਨੂੰ ਦੇਖ ਕੇ ਲੰਘ ਗਿਆ ਸੀ। ਉਹਨੂੰ ਰਾਜੇ ਦੇ ਖੜ੍ਹ ਕੇ ਉਸ ਨੂੰ ਨਾ ਬੁਲਾਉਣ ਕਾਰਨ ਤਾਂ ਕੋਈ ਰੋਸ ਨਹੀਂ ਸੀ। ਮਜਬੂਰੀ ਉਹ ਸਮਝਦੀ ਸੀ। ਪਰ ਕੋਈ ਬਿਗਾਨੀ ਔਰਤ ਉਹਦੇ ਰਾਜੇ ਦੇ ਹੱਥਾਂ ਵਿੱਚ ਹੱਥ ਪਾਈ ਉਸਦਿਉਂ ਅੱਗੋਂ ਦੀ ਲੰਘ ਜਾਏ, ਇਹ ਉਹ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਭਾਵੇਂ ਉਹ ਬੇਗਾਨੀ ਔਰਤ ਜੱਗ-ਜਹਾਨ ਦੀਆਂ ਨਜ਼ਰਾਂ ਵਿੱਚ ਰਾਜੇ ਦੀ ਵਹੁਟੀ ਸੀ। ਪਰ ਰਾਜੇ ਉੱਤੇ ਤਾਂ ਅੰਮ੍ਰਿਤ ਦਾ ਹੱਕ ਸੀ, ਨਾ? ਉਹ ਪਰਾਈ ਔਰਤ ਤਾਂ ਰਾਜੇ ਨੂੰ ਵਿਆਹ ਕਰਵਾਉਣ ਪਿੱਛੋਂ ਜਾਨਣ ਲੱਗੀ ਸੀ। ਵਿਆਹ ਪਿੱਛੋਂ ਉਹਦੇ ਨਾਲ ਸੌਣ ਲੱਗੀ ਸੀ। ਵਿਆਹ ਪਿੱਛੋਂ ਉਹਨੂੰ ਹੰਢਾਉਣ ਲੱਗੀ ਸੀ। ਅੰਮ੍ਰਿਤ, ਅੰਮ੍ਰਿਤ ਤਾਂ ਰਾਜੇ ਨੂੰ ਉਹਦੇ ਵੀ ਤੇ ਆਪਣੇ ਦੋਹਾਂ ਵਿਆਹਾਂ ਤੋਂ ਪਹਿਲਾਂ ਦੀ ਜਾਣਦੀ ਸੀ। ਪਹਿਲਾਂ ਦੀ ਭੋਗਦੀ ਸੀ। ਫਿਰ ਅੰਮ੍ਰਿਤ ਦੇ ਅੰਦਰਲਾ ਲਾਵਾ ਕਿਉਂ ਨਾ ਖੌਲਦਾ? ਉਹਨੂੰ ਸਣ-ਕੱਪੜੀਂ ਅੱਗ ਲੱਗ ਗਈ ਸੀ। ਉਹ ਖੜ੍ਹੀ ਖੜੋਤੀ ਮੱਚ ਗਈ ਸੀ। ਉਹਦਾ ਜੀਅ ਕਰਦਾ ਸੀ ਭੱਜ ਕੇ ਜਾਵੇ ਤੇ ਬੋਦੀਆਂ ਤੋਂ ਫੜ ਕੇ ਉਸ ਗੈਰ ਔਰਤ ਨੂੰ ਆਪਣੇ ਰਾਜੇ ਤੋਂ ਵੱਖ ਕਰ ਦੇਵੇ। ਪਰ ਫਿਰ ਅਗਲੇ ਹੀ ਪਲ ਅੰਮ੍ਰਿਤ ਨੇ ਆਪਣੇ ਘਰਵਾਲੇ ਦੀ ਬਾਂਹ ਜਦੋਂ ਆਪਣੀ ਕਮਰ ਦੁਆਲੇ ਵਲੀ ਹੋਈ ਮਹਿਸੂਸ ਕਰੀ ਸੀ ਤਾਂ ਉਹ ਕੁੱਝ ਢੈਲੀ ਹੋਈ ਸੀ। ਉਹਦੇ ਅੰਦਰ ਕਾਹੜਨੀ 'ਚ ਕੜ੍ਹਦੇ ਦੁੱਧ ਵਰਗਾ ਗੁੱਸਾ ਠੰਢੀ ਸ਼ਰਦਾਈ ਬਣ ਕੇ ਰਹਿ ਗਿਆ ਸੀ। ਫਿਰ ਜਦੋਂ ਅਗਲੇ ਦਿਨ ਉਹ ਰਾਜੇ ਕੋਲ ਗਈ ਸੀ ਤਾਂ ਉਹਨੇ ਸਭ ਕੁੱਝ ਭੁਲਾ ਦਿੱਤਾ ਸੀ। ਉਸ ਕੋਲ ਰੰਜਸ਼ਾਂ, ਲੜਾਈਆਂ-ਝਗੜਿਆਂ, ਸ਼ਿਕਵੇ, ਗਿਲਿਆਂ ਲਈ ਸਮਾਂ ਹੀ ਕਿੱਥੇ ਸੀ? ਉਹਦੇ ਕੋਲ ਤਾਂ ਪਿਆਰ ਕਰਨ ਲਈ ਵੀ ਪੂਰਾ ਵਕਤ ਨਹੀਂ ਸੀ। ਬਸ ਗਿਣਤੀ-ਮਿਣਤੀ ਦੇ ਕੁੱਝ ਲਮਹੇ ਹੁੰਦੇ ਸਨ।
ਉਸ ਤੋਂ ਬਾਅਦ ਰਾਜਾ ਸਾਊਥਹੈਂਪਟਨ ਕਿਵੇਂ ਨਾ ਕਿਵੇਂ ਆ ਕੇ ਵਿੱਚ ਵਿਚਾਲੇ ਦੋ ਤਿੰਨ ਮਹੀਨਿਆਂ ਮਗਰੋਂ ਔਖਾ ਸੌਖਾ ਚਾਰ ਕੁ ਹਾਜ਼ਰੀਆਂ ਲਵਾ ਗਿਆ ਸੀ।
ਤੀਜੇ ਸਾਲ ਜਦੋਂ ਉਹ ਫੇਰ ਰੱਖੜੀਆਂ ਨੂੰ ਇਕੱਲੀ ਆਈ ਸੀ ਤਾਂ ਰਾਜਾ ਇੱਕ ਨਿਆਣੇ ਦਾ ਪਿਉ ਬਣ ਚੁੱਕਿਆ ਸੀ। ਜਦ ਤੱਕ ਰਾਜਾ ਉਹਦੇ ਤੋਂ ਮੁਨਕਰ ਨਹੀਂ ਸੀ। ਉਹਨੂੰ ਫ਼ਜ਼ੂਲ 'ਚ ਫ਼ਿਕਰ ਕਰਨ ਦੀ ਕੀ ਲੋੜ ਸੀ। ਉਹਦੇ ਵਨੀਉਂ ਭਾਵੇਂ ਰਾਜਾ ਇੱਕ ਛੱਡ, ਸੌ ਪੁੱਤਾਂ ਦਾ ਬਾਪ ਹੋ ਜਾਂਦਾ। ਉਹਨੂੰ ਇਹਦੇ ਨਾਲ ਕੀ ਮਤਲਬ ਸੀ?
ਚੌਥੇ ਸਾਲ ਅੰਮ੍ਰਿਤ ਫਿਰ ਆਉਣ ਲਈ ਪੂਰੀ ਤਿਆਰ ਸੀ। ਉਦੋਂ ਤਾਂ ਉਹਨੇ ਹਫ਼ਤਾ ਇਕੱਲੀ ਪੇਕੇ ਰਹਿਣ ਨੂੰ ਵੀ ਪਤੀ ਨੂੰ ਮਨਾ ਲਿਆ ਸੀ। ਪਰ ਬਦਕਿਸਮਤੀ ਨਾਲ ਐਨ ਮੌਕੇ 'ਤੇ ਉਹਦਾ ਭਰਾਂ ਸਾਊਥੈਂਪਟਨ ਆਪ ਰੱਖੜੀ ਬਨਾਉਣ ਆ ਗਿਆ ਸੀ। ਜੀਹਨੂੰ ਉਹ ਹਰ ਭੈਣ ਵਾਂਗ ਆਖਦੀ ਹੁੰਦੀ ਸੀ, ਭੈਣਾਂ ਵਰਗਾ ਸਾਕ ਨਾ ਕੋਈ, ਮਿਲਦਾ ਤੂੰ ਰਹੀ ਵੀਰਨਾ। ਉਸੇ ਦਿਨ ਤੋਂ ਉਹਨੂੰ ਉਸੇ ਭਰਾ ਨਾਲ ਵੀ ਨਫ਼ਰਤ ਹੋ ਗਈ ਸੀ। ਹੁੰਦੀ ਵੀ ਕਿਉਂ ਨਾ? ਉਹਨੇ ਰਾਜੇ ਨਾਲ ਕਰਿਆ ਕਰਾਰ ਨਹੀਂ ਸੀ ਪੁਗਾ ਸਕਣਾ। ਉਹ ਸਾਰਾ ਵਰ੍ਹਾ ਜਿਸ ਕੰਮ ਲਈ ਇਸ ਦਿਨ ਦਾ ਇੰਤਜ਼ਾਰ ਕਰਦੀ ਰਹੀ ਸੀ। ਔਸੀਆਂ ਪਾ ਪਾ ਦਿਨ ਲੰਘਾਉਂਦੀ ਰਹੀ ਸੀ ਤੇ ਉਹੀ ਦਿਨ ਆਏ ਤੋਂ ਉਹਦੇ ਕੰਮ 'ਚ ਘੜੱਮ ਪੈ ਗਿਆ ਸੀ। ਵਾਅਦਾ-ਸ਼ਿਕਨ ਬਣਨ ਦੇ ਨਾਲ ਨਾਲ ਉਹਨੇ ਰਾਜੇ ਨੂੰ ਇੱਕ ਸਾਲ ਹੋਰ ਨਹੀਂ ਸੀ ਮਿਲ ਸਕਣਾ। ਉਸ ਵੇਲੇ ਉਹਦੀ ਜੋ ਹਾਲਤ ਸੀ ਉਸ ਨੂੰ ਤਾਂ ਉਹ ਮਾਂ ਹੀ ਸਮਝ ਸਕਦੀ ਹੈ, ਜੀਹਨੇ ਨੌ ਮਹੀਨੇ ਬੱਚੇ ਨੂੰ ਪੇਟ ਵਿੱਚ ਪਾਲਿਆ ਹੋਵੇ ਤੇ ਜਣੇਪੇ ਮਗਰੋਂ ਉਹਨੂੰ ਪਤਾ ਲੱਗੇ ਕਿ ਬੱਚਾ ਮਰਿਆ ਪੈਦਾ ਹੋਇਆ ਹੈ। ਠੀਕ ਉਹੀ ਹਾਲ ਉਦੋਂ ਅੰਮ੍ਰਿਤ ਦਾ ਹੋਇਆ ਸੀ। ਗੁੱਸੇ ਵਿੱਚ ਛੇਤੀ ਛੇਤੀ ਭਾਈ ਦੇ ਰੱਖੜੀ ਬੰਨ੍ਹਣ ਦਾ ਯੱਭ ਮੁਕਾ ਕੇ ਉਹ ਬਿਮਾਰੀ ਦੇ ਬਹਾਨੇ ਕਮਰੇ ਵਿੱਚ ਜਾ ਪਈ ਸੀ। ਉਹਦਾ ਭਰਾ ਤਾਂ ਜੇਬ ਵਿੱਚੋਂ ਨੋਟ ਕੱਢਦਾ ਹੀ ਰਹਿ ਗਿਆ ਸੀ। ਅੰਮ੍ਰਿਤ ਕਮਰੇ ਵਿੱਚ ਪਈ ਲੁੱਕ ਕੇ ਸਾਰਾ ਦਿਨ ਰੋਂਦੀ ਰਹੀ ਸੀ। ਉਹਦੀਆਂ ਨਜ਼ਰਾਂ ਵਿੱਚ ਰਾਜੇ ਨਾਲ ਆਪਣੇ ਯੌਨ ਸੰਬੰਧਾਂ ਤੋਂ ਬਿਨਾਂ ਬਾਕੀ ਸਾਰੇ ਰਿਸ਼ਤੇ ਫਾਲਤੂ, ਬੇਮਤਲਬ, ਫਿੱਕੇ, ਬੇਲੋੜੇ ਅਤੇ ਝੂਠੇ ਹੋ ਗਏ ਸਨ।
ਹੁਣ ਪੰਜਵੇਂ ਵਰ੍ਹੇ ਅੰਮ੍ਰਿਤ ਦਾ ਘਰਵਾਲਾ ਫੇਰ ਨਾਲ ਆਇਆ ਸੀ। ਇਸ ਵਾਰ ਵੀ ਉਹ ਇੱਕ ਦਿਨ ਅੱਗੋਂ ਸੱਤ ਤਾਰੀਖ਼ ਨੂੰ ਹੀ ਆ ਗਏ ਸਨ। ਰਾਜੇ ਨਾਲ ਅੰਮ੍ਰਿਤ ਦਾ ਕੱਲ੍ਹ ਅੱਠ ਤਰੀਕ ਨੂੰ ਰਕਸ਼ਾਂ-ਬੰਧਨ ਵਾਲੇ ਦਿਨ ਮਿਲਣ ਦਾ ਇਕਰਾਰ ਸੀ। ਪਰ ਕੁਦਰਤੀ ਉਹਦਾ ਅੱਜ ਦੁਪਹਿਰੇ ਰਾਜੇ ਨਾਲ ਗੁਰਦੁਆਰੇ ਜਾਂਦੀ ਦਾ ਰਾਹ ਵਿੱਚ ਮੇਲ ਹੋ ਗਿਆ ਸੀ। ਜੈਜ਼ ਆਫ਼ਟਰਸ਼ੇਵ ਦੀ ਖ਼ੁਸ਼ਬੂ ਨੂੰ ਅੰਮ੍ਰਿਤ ਨੇ ਦੂਰੋਂ ਸੁੰਘ ਲਿਆ ਸੀ। ਉਹੀ ਇਤਰ ਜੋ ਉਹ ਖੁਦ ਰਾਜੇ ਨੂੰ ਤੋਹਫ਼ੇ ਵਿੱਚ ਦਿੰਦੀ ਹੁੰਦੀ ਸੀ। ਕਣਕ-ਵੰਨੇ ਮਾਸ ਦੀ ਮਹਿਕ ਵਿੱਚ ਰਲਵੀ ਆਫ਼ਟਰਸ਼ੇਵ ਦੀ ਵਾਸ਼ਨਾ ਨੂੰ ਪਹਿਚਾਨਣ ਵਿੱਚ ਭਲਾਂ ਉਹ ਕਿਵੇਂ ਗ਼ਲਤੀ ਕਰ ਸਕਦੀ ਸੀ। ਅੰਮ੍ਰਿਤ ਖੁਦ ਤਾਂ ਕੱਲਮ-ਕੱਲੀ ਸੀ, ਪਰ ਰਾਜਾ ਤਨਹਾ ਨਹੀਂ ਸੀ। ਉਹਦੇ ਨਾਲ ਉਹਦੀ ਘਰਵਾਲੀ ਤੇ ਦੋ ਨਿਆਣੇ ਸਨ। ਰਾਜੇ ਦੇ ਇੱਕ ਹੋਰ ਬੱਚਾ ਹੋ ਚੁੱਕਿਆ ਸੀ। ਇਸ ਮੁਲਾਕਾਤ ਦੌਰਾਨ ਉਹਨਾਂ ਦਾ ਆਪਸ ਵਿੱਚ ਗੱਲਬਾਤ ਕਰਨ ਦਾ ਹੀਲਾ ਨਹੀਂ ਬਣ ਸਕਿਆ ਸੀ। ਯਾਰ ਦਾ ਝਾਕਾ ਮਿਲ ਜਾਣਾ ਕਿਹੜਾ ਮਾੜੀ-ਮੋਟੀ ਗੱਲ ਹੈ? ਮਹਿਬੂਬ ਦਾ ਦੀਦ ਹੀ ਈਦ ਨਾਲੋਂ ਵੱਧ ਕੇ ਹੁੰਦੈ। 'ਤੇਰੇ ਬੁੱਲ੍ਹ ਨਾ ਫਰਕਦੇ ਦੇਖੇ, ਨੀ ਅੱਖ ਨਾਲ ਗੱਲ ਕਰ'ਗੀ।' ਵਾਲੀ ਬੋਲੀ ਵਾਂਗ ਉਹਨੇ ਵੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਰਾਜੇ ਨਾਲ ਕਈ ਗੱਲਾਂ ਕਰ ਲਈਆਂ ਸਨ। ਵੈਸੇ ਵੀ ਉਹਨਾਂ ਨੇ ਕੱਲ੍ਹ ਨੂੰ ਰੀਝਾਂ ਲਾਹੁਣ ਦਾ ਪ੍ਰੋਗਰਾਮ ਤਾਂ ਪਹਿਲਾਂ ਹੀ ਉਲੀਕਿਆ ਹੋਇਆ ਹੈ।
ਹੁਣ ਰਾਤ ਕਾਫ਼ੀ ਬੀਤ ਚੁੱਕੀ ਸੀ। ਉੱਧਰ ਰਾਜੇ ਨੂੰ ਵੀ ਸ਼ਾਇਦ ਇੰਤਜ਼ਾਰ ਹੋਣਾ ਹੈ। ਇੱਧਰ ਅੰਮ੍ਰਿਤ ਤਾਂ ਬੇਸਬਰੀ ਨਾਲ ਆਉਣ ਵਾਲੇ ਕੱਲ੍ਹ ਨੂੰ ਉਡੀਕ ਰਹੀ ਹੈ। ਕੱਲ੍ਹ ਨੂੰ ਉਹਦੀ ਭਾਬੀ ਅਤੇ ਪਿਉ ਨੇ ਕੰਮ 'ਤੇ ਚਲੇ ਜਾਣਾ ਹੈ। ਮਾਂ ਦੀ ਉਹਨੂੰ ਪਰਵਾਹ ਨਹੀਂ ਹੈ। ਉਹਦੇ ਭਰਾ ਨੇ ਜੀਜੇ (ਅੰਮ੍ਰਿਤ ਦਾ ਘਰਵਾਲਾ) ਨੂੰ ਲੈ ਕੇ ਕਬੱਡੀ ਦੇ ਟੂਰਨਾਮੈਂਟ ਦੇਖਣ ਚਲਿਆ ਜਾਣਾ ਹੈ ਤੇ ਮਗਰੋਂ ਅੰਮ੍ਰਿਤ ਨੇ ਰਾਜੇ ਨਾਲ ਦੰਗਲ ਕਰਨ ਚਲੀ ਜਾਣਾ ਹੈ।
ਅੰਮ੍ਰਿਤ ਦੇ ਦਿਮਾਗ ਵਿੱਚ ਸ਼ੂਕਦੀਆਂ ਖ਼ਿਆਲਾਂ ਦੀਆਂ ਹਵਾਵਾਂ ਉਹਨੂੰ ਰਾਜੇ ਦੇ ਵਸਲ ਦਾ ਚੇਤਾ ਦਿਵਾਉਣ ਲੱਗੀਆਂ। ਕਾਲਜ ਦੇ ਵਿਦਿਆਰਥੀ ਨਾਲ ਅਲਟੌਨ ਟਾਵਰ ਟਰਿੱਪ 'ਤੇ ਗਿਆ ਤੋਂ, ਖ਼ਰਾਬ ਹੋ ਜਾਣ ਕਾਰਨ ਅੱਧ ਵਿੱਚ ਤਿੰਨ ਘੰਟੇ ਲਈ ਖੜ੍ਹੀ ਕੇਬਲ ਕਾਰ ਵਿੱਚ ਮਾਣੀਆਂ ਰੰਗ-ਰੱਲੀਆਂ… ਬਾਰਸ਼ਾਂ ਵਿੱਚ ਸਾਰਾ ਦਿਨ ਜਾਣ-ਬੁੱਝ ਕੇ ਭਿੱਜ ਕੇ ਠਰਨਾ ਤੇ ਫਿਰ ਜਿਸਮਾਂ ਦੇ ਸੇਕ ਨਾਲ ਨਿੱਘੇ ਹੋਣਾ… ਕੈਨਾਲ ਵਿੱਚ ਪੂਰੀ ਦੀ ਪੂਰੀ ਹਾਊਸ-ਬੋਟ ਬੁੱਕ ਕਰਕੇ ਲੁੱਟੇ ਨਜ਼ਾਰੇ… ਮੈਰੀਹਿੱਲ ਦੇ ਮਲਟੀ ਸਟੋਰੀ ਸਿਨਮੇ ਵਿੱਚ ਫੇਵਰਟ(ਮਨਭਾਉਂਦੇ) ਹਾਲੀਵੁੱਡ ਅਭਿਨੇਤਾ ਮਾਇਕਲ ਡੱਗਲਸ ਦੀ ਫਿਲਮ ਬੇਸਕ ਇਨਸਟਿਨਕਟ ਦੇ ਲਗਾਤਾਰ ਚਾਰੇ ਸ਼ੋਅ ਰਾਜੇ ਦੀ ਬੁੱਕਲ ਵਿੱਚ ਬੈਠ ਕੇ ਦੇਖਣੇ-ਤੇ ਫੇਰ ਰਾਜੇ ਦਾ ਮੋਹ ਨਾਲ ਕਹਿਣਾ, "ਅੰਮ੍ਰਿਤ ਜਿਵੇਂ ਇਸ ਫਿਲਮ ਵਿੱਚ ਸ਼ੈਰਨ ਸਟੋਨ ਕਰਦੀ ਸੀ, ਤੂੰ ਵੀ ਮੈਨੂੰ ਉਵੇਂ ਵਿਹਸ਼ੀਆਨਾ ਢੰਗ ਨਾਲ ਪਿਆਰ ਕਰਿਆ ਕਰ। ਮੈਂ ਅਹੇ ਜਿਹੀ ਤੀਵੀਂ ਪਸੰਦ ਕਰਦਾ ਆਂ ਜਿਹੜੀ ਉਂਝ ਤਾਂ ਬਾ-ਸਲੀਕਾ, ਨਰਮ, ਕਲੀਆਂ ਵਰਗੀ ਕੋਮਲ ਹੋਵੇ ਤੇ ਬਿਸਤਰੇ ਵਿੱਚ ਖਰਦੜੀ, ਪੂਰੀ ਜੰਗਲੀ ਕਿਸਮ ਦੀ, ਖ਼ੂੰਖ਼ਾਰ ਜਾਨਵਰ ਬਣ ਜਾਇਆ ਕਰੇ।… ਰੇਅਲੀ ਵਾਇਲਡ ਯੂ ਨੋ।"
ਇਹ ਗੱਲ ਯਾਦ ਆਉਂਦਿਆ ਹੀ ਅੰਮ੍ਰਿਤ ਦਾ ਸਾਰਾ ਸ਼ਰੀਰ ਸ਼ਰਮ ਨਾਲ ਭਿੱਜ ਗਿਆ। ਉਹਨੇ ਖ਼ੁਮਾਰ ਵਿੱਚ ਮਸਤ ਹੋਈ ਨੇ ਆਉਣ ਵਾਲੇ ਕੱਲ੍ਹ ਦਾ ਸੁਪਨਾ ਦੇਖਣਾ ਚਾਹਿਆ।
ਇੱਕ ਵਾਰ ਦਿਨ ਚੜ੍ਹ ਜਾਏ। ਫੇਰ ਮੈਂ ਦਿਖਾਊਂ-ਰਾਜੇ ਤੂੰ ਵੀ ਕੀ ਯਾਦ ਕਰੇਂਗਾ। ਜੇ ਹੱਥ ਨਾ ਖੜ੍ਹੇ ਕਰਾ ਦੇਵਾਂ ਤਾਂ ਮੇਰਾ ਨਾਂ ਵਟਾ ਦੇਈਂ। ਅੰਮ੍ਰਿਤ ਨੇ ਮਨੋਵਿਸ਼ਲੇਸ਼ਣ ਕਰਦਿਆਂ ਆਪਣੇ ਹੀ ਅੰਗਾਂ ਨੂੰ ਆਪਣੇ ਹੱਥਾਂ ਨਾਲ ਸਹਿਲਾ ਕੇ ਸੁਆਦ ਜਿਹਾ ਅਨੁਭਵ ਕੀਤਾ।
ਅੰਮ੍ਰਿਤ ਨੂੰ ਪਿਸ਼ਾਬ ਦੀ ਹਾਜਤ ਹੋਈ। ਉਹ ਉੱਠ ਕੇ ਬਾਥਰੂਮ ਵਿੱਚ ਗਈ। ਬਾਥਰੂਮ ਵਿੱਚ ਪਹੁੰਚ ਕੇ ਅੰਮ੍ਰਿਤ ਨੇ ਦੇਖਿਆ ਬਾਰੀ ਵਿੱਚ ਪਏ ਗਮਲੇ ਦੀ ਵੇਲ ਵੱਧ ਕੇ ਛੱਤ ਨਾਲ ਲੱਗੀ ਪਈ ਸੀ। ਸਾਰੀ ਲਤਾ ਲਾਲ ਰੰਗ ਦੇ ਲੁਭਾਉਣੇ ਫੁੱਲਾਂ ਨਾਲ ਭਰੀ ਪਈ ਸੀ। ਅੰਮ੍ਰਿਤ ਖਿੜੇ ਹੋਏ ਫੁੱਲਾਂ ਨੂੰ ਦੇਖ ਕੇ ਬੜਾ ਖੁਸ਼ ਹੋਈ।
ਅੰਮ੍ਰਿਤ ਨੂੰ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਹੈ। ਉਸ ਦੇ ਵਿਆਹ ਤੋਂ ਪਹਿਲਾਂ ਇਸ ਘਰ ਦੇ ਹਰ ਕੋਨੇ ਵਿੱਚ ਗਮਲਾ ਪਿਆ ਹੁੰਦਾ ਸੀ। ਪਰ ਅੰਮ੍ਰਿਤ ਦੀ ਸ਼ਾਦੀ ਤੋਂ ਬਾਅਦ ਕਿਸੇ ਨੇ ਉਹਨਾਂ ਗਮਲਿਆਂ ਵਿੱਚ ਪਾਣੀ ਨਹੀਂ ਸੀ ਪਾਇਆ। ਜਿਸ ਕਰਕੇ ਸਾਰੇ ਪੌਦੇ ਮਰ ਗਏ ਸਨ। ਦੋ ਸਾਲ ਪਹਿਲਾਂ ਜਦੋਂ ਅੰਮ੍ਰਿਤ ਪੇਕੇ ਆਈ ਸੀ ਤਾਂ ਉਹਨੂੰ ਸਾਰੇ ਘਰ ਵਿੱਚ ਇੱਕ ਵੀ ਗਮਲਾ ਦਿਖਾਈ ਨਹੀਂ ਦਿੱਤਾ ਸੀ। ਉਹ ਸਾਰੇ ਟੱਬਰ ਨਾਲ ਲੜੀ ਸੀ ਅਤੇ ਉਸੇ ਵਕਤ ਹੀ ਦੋ ਇਨਡੋਰ ਪਲਾਂਟ ਖਰੀਦ ਕੇ ਲੈ ਆਈ ਸੀ। ਇੱਕ ਇਹ ਵੇਲ ਉਹਨੇ ਗੁਸਲਖਾਨੇ ਦੀ ਖਿੜਕੀ ਵਿੱਚ ਰੱਖ ਦਿੱਤੀ ਸੀ ਅਤੇ ਦੂਜੀ ਆਪਣੇ ਸੌਣ-ਕਮਰੇ ਵਿੱਚ ਰੱਖ ਕੇ ਆਪਣੇ ਪਰਿਵਾਰ ਨੂੰ ਰੋਜ਼ਾਨਾ ਪਾਣੀ ਦੇਣ ਦੀ ਤਾੜਨਾ ਕਰ ਦਿੱਤੀ ਸੀ।
ਭਾਵੇਂ ਗਮਲੇ ਵਿੱਚ ਪਾਣੀ ਖੜਾ ਸੀ। ਫੇਰ ਵੀ ਹੱਥ ਧੋਣ ਲੱਗਿਆਂ ਅੰਮ੍ਰਿਤ ਨੇ ਚੁੱਲੀ ਭਰ ਕੇ ਉਸ ਵਿੱਚ ਹੋਰ ਪਾਣੀ ਪਾ ਦਿੱਤਾ। ਸ਼ਾਇਦ ਅੰਮ੍ਰਿਤ ਵਾਂਗੂੰ ਪਰਿਵਾਰ ਦੇ ਦੂਜੇ ਜੀਅ ਵੀ ਹਰ ਦਫ਼ਾ ਬਾਥਰੂਮ ਵਿੱਚ ਆਏ ਇੰਝ ਬੁੱਕ ਭਰ-ਭਰ ਵੇਲ ਨੂੰ ਪਾਣੀ ਪਾਉਂਦੇ ਰਹੇ ਸਨ।
ਹੱਥ ਪੂੰਝ ਕੇ ਉਹ ਵਾਪਸ ਬੈਡਰੂਮ ਵਿੱਚ ਆਈ ਤਾਂ ਉਹਨੇ ਆਪਣਾ ਦੂਸਰਾ ਪੌਦਾ ਵੀ ਦੇਖਣਾ ਚਾਹਿਆ। ਦੂਜੀ ਵੇਲ ਬਿਲਕੁਲ ਸੁੱਕੀ ਪਈ ਸੀ ਅਤੇ ਉਸ ਉੱਤੇ ਇੱਕ ਵੀ ਫੁੱਲ ਨਹੀਂ ਸੀ। ਅੰਮ੍ਰਿਤ ਨੇ ਕੋਲ ਜਾ ਕੇ ਡਿਮ ਲਾਈਟ ਦੇ ਚਾਨਣ ਵਿੱਚ ਦੇਖਿਆ, ਗਮਲੇ ਦੀ ਮਿੱਟੀ ਖ਼ੁਸ਼ਕ ਪਈ ਸੀ। ਉਸ ਨੂੰ ਪਾਣੀ ਨਹੀਂ ਸੀ ਪਾਇਆ ਗਿਆ। ਰਾਤ ਕਾਹਲੀ ਵਿੱਚ ਉਸ ਨੇ ਲੇਟਣ ਦੀ ਕੀਤੀ ਸੀ। ਜੇ ਉਸ ਨੇ ਰਾਤ ਹੀ ਵੇਲ ਦਾ ਇਹ ਹਸ਼ਰ ਦੇਖਿਆ ਹੁੰਦਾ ਤਾਂ ਉਸ ਨੇ ਘਰਦਿਆਂ ਨਾਲ ਉਦੋਂ ਹੀ ਜੰਗ ਦਾ ਬਿਗਲ ਵਜਾ ਦੇਣਾ ਸੀ। ਉਹ ਗਮਲਾ ਦੇਖ ਕੇ ਦੁੱਖੀ ਹੋ ਕੇ ਲੇਟ ਗਈ।
ਅੰਮ੍ਰਿਤ ਨੂੰ ਉਸਲਵੱਟੇ ਲੈਂਦਿਆਂ ਡੂੰਘੀ ਰਾਤ ਹੋ ਗਈ ਸੀ। ਅਚਾਨਕ ਸਾਰੇ ਪਾਸਿਆਂ ਤੋਂ ਹਟ ਕੇ ਉਹਦਾ ਧਿਆਨ ਅੱਜ ਦੁਪਹਿਰ ਵਾਲੀ ਮਿਲਣੀ ਵੱਲ ਟਿਕ ਗਿਆ। ਉਹਨੂੰ ਰਾਜੇ ਦੇ ਮੁੰਡਿਆਂ ਦੇ ਹੱਸੂੰ-ਹੱਸੂੰ ਕਰਦੇ ਚਿਹਰੇ ਦਿਸਣ ਲੱਗੇ।
"ਜੇ ਮੇਰੇ ਵੀ ਬੱਚੇ ਹੁੰਦੇ ਤਾਂ ਉਹਨਾਂ ਨਾਲੋਂ ਵੀ ਪਿਆਰੇ ਪਿਆਰੇ ਹੁੰਦੇ। ਪਰ ਮੈਂ ਤਾਂ ਹਰ ਵੇਲੇ ਰਾਜੇ ਬਾਰੇ ਹੀ ਸੋਚਦੀ ਰਹਿੰਦੀ ਆਂ। ਚਕੋਰ ਵਾਂਗੂੰ ਇਹ ਜਾਣਦੇ ਹੋਏ ਕਿ ਚੰਦ ਕਦੇ ਵੀ ਹਾਸਲ ਨਹੀਂ ਹੋ ਸਕਦਾ, ਫਿਰ ਵੀ ਉਸ ਦੀ ਝਾਕ ਵਿੱਚ ਉਮਰ ਗਾਲੀ ਜਾਣਾ ਇਹ ਪਾਗਲਪਨ ਨਹੀਂ ਤਾਂ ਹੋਰ ਕੀ ਹੈ? ਕੀ ਰਾਜਾ ਵੀ ਮੇਰੇ ਬਾਰੇ ਓਨਾ ਸੋਚਦਾ ਹੋਊ ਜਿੰਨਾ ਮੈਂ ਉਹਦੇ ਬਾਰੇ ਸੋਚਦੀ ਰਹਿੰਦੀ ਹਾਂ? ਨਹੀਂ ਉਹ ਯਕੀਨਨ ਨਹੀਂ ਸੋਚਦਾ। ਜੇ ਉਹ ਵੀ ਮੇਰੇ ਬਾਰੇ ਸੋਚਦਾ ਹੁੰਦਾ ਤਾਂ ਉਹਦੇ ਦੋ ਮੁੰਡੇ ਕਿੱਥੋਂ ਆਉਂਦੇ?ਉਹ ਸੋਚੇ ਵੀ ਕਿਉਂ ਜਦ ਉਸ ਕੋਲ ਅਪਸਰਾਵਾਂ ਵਰਗੀ ਆਗਿਆਕਾਰ ਘਰਵਾਲੀ ਤੇ ਹੀਰਿਆਂ ਵਰਗੇ ਦੋ ਬੱਚੇ ਹਨ। ਮਹਿਕਦੇ ਬਗੀਚੇ ਜਿਹੇ ਇੱਕ ਖ਼ੁਸ਼ਹਾਲ ਪਰਿਵਾਰ ਨਾਲ ਉਹ ਦੁਨੀਆਂ ਦੇ ਸਾਰੇ ਸੁੱਖ ਹੰਢਾ ਰਿਹਾ ਹੈ। ਉੱਤੋਂ ਬਿਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਨ ਵਾਲੀ ਆਪਣੀ ਮਰਦਾਨਾ ਆਦਤ ਪੂਰੀ ਕਰੀ ਜਾ ਰਿਹਾ ਹੈ। ਉਸ ਨੂੰ ਤਾਂ ਕੋਈ ਕਮੀ ਨਹੀਂ ਹੈ। ਉਸ ਦੀ ਜ਼ਿੰਦਗੀ ਉੱਤੇ ਤਾਂ ਕੋਈ ਫ਼ਰਕ ਨਹੀਂ ਪਿਆ। ਪਰ ਮੇਰਾ ਜੀਵਨ ਤਾਂ ਇਸ ਇਸ਼ਕ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੈ। ਮੈਂ ਹੀ ਕਿਉਂ ਐਨਾ ਸਫਰ(ਪੀੜਤ) ਕਰ ਰਹੀ ਹਾਂ? ਮੈਂ ਤਾਂ ਕਦੇ ਆਪਣੇ ਪਰਿਵਾਰ ਵੱਲ ਤਵੱਜੋਂ ਹੀ ਨਹੀਂ ਦਿੱਤੀ। ਜੇ ਰਾਜੇ ਤੋਂ ਮੈਂ ਕਿਸੇ ਵਜ੍ਹਾ ਨਾਲ ਮੁਖੜਾ ਮੋੜ ਲਵਾਂ, ਰਾਜਾ ਤਾਂ ਜਿੰਨੀ ਨਹਾਤੀ ਓਨਾ ਹੀ ਪੁੰਨ ਕਹਿ ਕੇ ਮੈਨੂੰ ਵਿਸਾਰ ਦੇਵੇਗਾ, ਕਿਉਂਕਿ ਉਹਦੀ ਆਪਣੀ ਘਰਵਾਲੀ ਹੈ। ਮੈਂ ਤਾਂ ਉਹਦੀ ਪਾਰਟ ਟਾਈਮ ਜੌਬ ਹਾਂ। ਉਹਦੀ ਮੇਨ ਜੌਬ ਤਾਂ ਉਹਦੇ ਘਰੇ ਹੈ। ਜੇ ਰਾਜਾ ਮੇਰੇ ਨਾਲ ਰੁੱਸ ਜਾਵੇ ਤਾਂ ਮੈਂ ਕਿੱਧਰ ਨੂੰ ਜਾਊਂ?"
ਇਹ ਸੋਚਦਿਆਂ ਸੋਚਦਿਆਂ ਹੀ ਅੰਮ੍ਰਿਤ ਨੇ ਆਪਣੇ ਪਤੀ ਵੱਲ ਪਾਸਾ ਪਰਤਿਆ। ਉਹਦੇ ਨਾਲ ਸੁੱਤੇ ਪਏ ਉਹਦੇ ਸੁਹਾਗ ਦਾ ਅਚੇਤ ਹੀ ਹੱਥ ਅੰਮ੍ਰਿਤ ਦੇ ਸਿਰ ਉੱਤੇ ਆ ਟਿਕਿਆ।
ਅੰਮ੍ਰਿਤ ਨੇ ਸੌਂ ਰਹੇ ਉਸ ਨੇਕ ਦਿਲ ਇਨਸਾਨ ਨੂੰ ਤੱਕਿਆ। ਉਸ ਭਗਤ ਬੰਦੇ ਨੂੰ ਜਿਸ ਨੂੰ ਉਹ ਹੁਣ ਤੱਕ ਮੂਰਖ ਬਣਾਉਂਦੀ ਆ ਰਹੀ ਸੀ। ਉਸ ਦੇਵਤੇ ਨੂੰ ਜਿਸ ਨਾਲ ਉਸ ਨੇ ਬੇਵਫ਼ਾਈ ਕੀਤੀ ਸੀ। ਉਸ ਆਦਮੀ ਨੂੰ ਜਿਸ ਨਾਲ ਉਸ ਦਾ ਵਿਧਾਤਾ ਨੇ ਧੁਰੋਂ ਸੰਜੋਗ ਲਿਖਿਆ ਸੀ। ਅੰਮ੍ਰਿਤ ਕਿੰਨਾ ਚਿਰ ਤੱਕ ਉਸ ਫ਼ਰਿਸ਼ਤਾ ਸੀਰਤ ਮਨੁੱਖ ਨੂੰ ਦੇਖਦੀ ਰਹੀ। ਅੰਮ੍ਰਿਤ ਨੂੰ ਉਸ ਉੱਤੇ ਬਹੁਤ ਰਹਿਮ ਆਇਆ। ਜੋ ਵਿਵਹਾਰ ਉਹ ਹੁਣ ਤੱਕ ਪਤੀ ਨਾਲ ਕਰਦੀ ਆਈ ਸੀ, ਉਹ ਬਿਲਕੁਲ ਉਸ ਸਲੂਕ ਦਾ ਹੱਕਦਾਰ ਨਹੀਂ ਸੀ। ਉਹ ਖੁਦ ਦੀ ਗ਼ਲਤੀ ਦੀ ਇੱਕ ਨਿਰਦੋਸ਼ ਨੂੰ ਸਜ਼ਾ ਦਿੰਦੀ ਆਈ ਸੀ। ਉਹਨੇ ਆਪਣੇ ਜੀਵਨਸਾਥੀ ਉੱਤੇ ਕਿੰਨਾ ਜ਼ੁਲਮ ਕੀਤਾ ਸੀ। ਸ਼ੌਹਰ ਨੂੰ ਉਸ ਦੇ ਹੱਕਾਂ ਤੋਂ ਮਹਿਰੂਮ ਰੱਖ ਕੇ, ਸਾਰੇ ਕਾਪੀ ਰਾਈਟ ਰਾਜੇ ਨੂੰ ਦੇ ਰੱਖੇ ਸਨ। ਆਖ਼ਰ ਕਿਉਂ? ਅੰਮ੍ਰਿਤ ਨੂੰ ਆਪਣੇ ਆਪ ਨੂੰ ਦੇਣ ਲਈ ਕੋਈ ਸਫ਼ਾਈ ਨਾ ਲੱਭੀ। ਇਹੋ ਜਿਹੀ ਕਿਹੜੀ ਚੀਜ਼ ਹੈ ਜੋ ਰਾਜੇ ਕੋਲ ਸੀ ਤੇ ਉਸਦੇ ਘਰਵਾਲੇ ਕੋਲ ਨਹੀਂ ਸੀ? ਉਸ ਨੂੰ ਇਸ ਦਾ ਕੋਈ ਜੁਆਬ ਨਾ ਮਿਲਿਆ।
ਸਵੇਰ ਹੋਣ ਵਾਲੀ ਸੀ। ਅੰਮ੍ਰਿਤ ਨੇ ਜ਼ਿੰਦਗੀ ਉੱਪਰ ਪਿਛਲ-ਝਾਤ ਮਾਰ ਕੇ ਲੇਖਾ-ਜੋਖਾ ਕਰਿਆ। ਪਤਾ ਨਹੀਂ ਇਸ ਬੀਤੀ ਇੱਕ ਰਾਤ ਵਾਂਗ ਕਿੰਨੀਆਂ ਕੁ ਰਾਤਾਂ ਉਹਨੇ ਕੰਤ ਨਾਲ ਪਏ ਹੁੰਦਿਆਂ, ਉਸ ਤੋਂ ਸ਼ਰੀਰਕ ਤੌਰ 'ਤੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਦੂਰ ਰਹਿ ਕੇ ਇੰਝ ਹੀ ਅਜਾਈਂ ਗੁਆਈਆਂ ਸਨ। ਖ਼ਾਸੀ ਦੇਰ ਤੱਕ ਵਿਚਾਰ ਉਹਦੇ ਜ਼ਿਹਨ ਵਿੱਚ ਘੁੱਲਦੇ ਰਹੇ।
ਰਾਜੇ ਨੇ ਤਾਂ ਮੈਨੂੰ ਕਵਾਰੀ ਨੂੰ ਵਾਪਸ ਮੋੜ ਦਿੱਤਾ ਸੀ। ਹੁਣ ਵਿਆਹੀ ਨੂੰ ਉਹਨੇ ਕਿੱਥੋਂ ਸਾਂਭਣਾ ਹੈ। ਅੰਮ੍ਰਿਤ ਵਿਚਲੀ ਔਰਤ ਨੇ ਕਾਮ ਦਾ ਬੁਰਕਾ ਪਾੜ ਕੇ ਲੰਗਾਰ ਕਰ ਦਿੱਤਾ।
ਉਦੇੜਬੁਨ ਕਰਦੀ ਅੰਮ੍ਰਿਤ ਦੀ ਬਿਰਤੀ ਪਰਤ ਕੇ ਮੁੜ ਕਮਰੇ ਵਿੱਚ ਆਈ ਤੇ ਸੁੱਕੀ ਵੇਲ ਉੱਤੇ ਟਿਕ ਗਈ। ਫੁੱਲ ਤਾਂ ਉਹਨਾਂ ਵੇਲਾਂ ਨੂੰ ਲੱਗਦੇ ਨੇ ਜਿੰਨ੍ਹਾ ਨੂੰ ਨਿਰੰਤਰ ਪਾਣੀ ਪੈਂਦਾ ਰਹੇ।
ਅੰਮ੍ਰਿਤ ਨੇ ਮੁੜ ਕੇ ਕਦੇ ਰਾਜੇ ਨੂੰ ਮਿਲਣ ਤੋਂ ਕੰਨ ਛੂਹ ਕੇ ਤੋਬਾ ਕਰੀ। ਸਲੀਪਿੰਗ ਸੂਟ ਤੇੜੋਂ ਉਤਾਰ ਕੇ ਕਮਰੇ ਵਿੱਚ ਚਲਾ ਕੇ ਪਰ੍ਹਾਂ ਮਾਰਿਆ ਅਤੇ ਸੁੱਤੇ ਪਏ ਪਤੀ ਨੂੰ ਹਲੂਣ ਕੇ ਜਗਾਉਣ ਲੱਗ ਗਈ।
****
No comments:
Post a Comment