ਚੂੜੀਆਂ

ਦਿਲਗੀਰ ਹੋਈ ਨਿੰਮੀ ਨੇ ਚਮਚੇ ਨਾਲ ਖੰਡ ਖੋਰ ਕੇ, ਆਥਣ ਦੀ ਚਾਹ ਦਾ ਇੱਕ ਕੱਪ, ਉਦਾਸ ਬੈਠੀ ਵੀਡੀਓ ਫਿਲਮ ਦੇਖ ਰਹੀ, ਆਪਣੀ ਵੱਡੀ ਭੈਣ ਦਲਬੀਰ ਵੱਲ ਵਧਾਇਆ ਤਾਂ ਨਿੰਮੀ ਦੀਆਂ ਚੂੜੀਆਂ ਦੀ ਇੱਕ ਖਣਕ ਪੈਦਾ ਹੋਈ।  ਉਸ ਖਣਕਾਹਟ ਨੂੰ ਨਿੰਮੀ ਦੇ ਕੰਨਾਂ ਦੇ ਸਿਵਾਏ, ਦਲਬੀਰ, ਕਮਰੇ ਦੇ ਸਾਰੇ ਕੋਨਿਆਂ ਅਤੇ ਉਥੇ ਪਈਆਂ ਸਭ ਚੀਜ਼ਾਂ ਨੇ ਸੁਣਿਆ।

ਚਾਹ ਫੜ੍ਹਨ ਲੱਗੀ ਦਲਬੀਰ ਦੇ ਪਹਿਨੀਆਂ ਨਵੀਂਆਂ-ਨਕੋਰ ਸਵਰਨ ਚੂੜੀਆਂ ਲਿਸ਼ਕੀਆਂ। ਉਸ ਲਿਸ਼ਕੋਰ ਨੂੰ ਦਲਬੀਰ ਦੀਆਂ ਅੱਖਾਂ ਤੋਂ ਬਿਨਾਂ, ਨਿੰਮੀ, ਕਮਰੇ ਦੀਆਂ ਸਾਰੀਆਂ ਨੁੱਕਰਾਂ ਅਤੇ ਉਥੇ ਮੌਜ਼ੂਦ ਸਭਨਾਂ ਸ਼ੈਆਂ ਨੇ ਵੇਖਿਆ।

ਪੁੱਛਣ ਦੀ ਪਹਿਲ ਤਾਂ ਦਲਬੀਰ ਕਰਨਾ ਚਾਹ ਰਹੀ ਸੀ, ਕਿਤੂੰ ਨਿੰਮੀ ਦੀ ਉਤਸੁਕਤਾ ਵਧੇਰੇ ਹੋਣ ਪਾਰੋਂ ਪਹਿਲਾਂ ਉਹਦੇ ਦੋਨੋਂ ਹੋਂਠ ਇੱਕ ਦੂਜੇ ਤੋਂ ਵਿਛੜ ਗਏ, “ਵਾਹ! ਦੀਦੀ, ਐਹ ਚੂੜੀਆਂ ਕਦੋਂ ਕਰਵਾਈਆਂ ਨੇ? ਪਹਿਲਾਂ ਤਾਂ ਕਦੇ ਨ੍ਹੀਂ ਦੇਖੀਆਂ?”

ਪੂਰੀਆਂ ਬਾਹਾਂ ਵਾਲੇ ਸੂਟ ਦੇ ਕਫ਼ਾਂ ਹੇਠ ਲਕੋਣ ਲਈ ਦਲਬੀਰ ਨੇ, ਬੋਲਟ ’ਤੇ ਨੱਟ ਦੀਆਂ ਚੂੜੀਆਂ ਕਸਣ ਵਾਂਗ ਆਪਣੀਆਂ ਵੰਗਾਂ ਨੂੰ ਬਾਂਹ ’ਤੇ ਗੇੜਾ ਦਿੰਦਿਆਂ, ਉਤਾਂਹ ਚਾੜ੍ਹਿਆ, “ਅੱਜ ਹੀ ਤੇਰੇ ਜੀਜਾ ਜੀ ਨੇ ਮੇਰੇ ਮੱਥੇ ਇਹ ਮਾਰ ਕੇ ਉਲਾਂਭਾ ਲਾਹੁਣ ਵਾਲੀ ਗੱਲ ਕੀਤੀ ਹੈ। ਅਖੇ, ਮੁੰਡਾ ਹੋਏ ਤੋਂ ਜਿਹੋ ਜਿਹੀਆਂ ਕਹੇਂਗੀ, ਉਹੋ ਜਿਹੀਆਂ ਲਿਆ ਦੇਊਂ।”

“ਅੱਛਾ… ਅ?” ਆਪਣਾ ਪਿਆਲਾ ਚੁੱਕ ਕੇ ਨਿੰਮੀ ਪਰ੍ਹਾਂ ਸੋਫੇ ’ਤੇ ਬੈਠ ਗਈ।

“ਆ ਹੋਅ।” ਦਲਬੀਰ ਨੇ ਨੱਕ ਚਿੜਾਇਆ।

“ਜੇ ਕੁੜੀ ਹੋ ਗਈ ਫੇਰ? ਨਿੰਮੀ ਨੇ ਆਪਣੀ ਆਸ਼ੰਕਾ ਜ਼ਾਹਰ ਕੀਤੀ।

“ਸੌ ਫੀਸਦੀ ਮੁੰਡਾ ਹੋਊ। -ਅਸੀਂ ਅਲਟਰਾ ਸਾਊਂਡ ਸਕੈਨਿੰਗ ਕਰਾਈ ਹੋਈ ਵਾ।”

“ਲੈਅ? ਫੇਰ ਤਾਂ ਤੁਹਾਡੀਆਂ ਮਨਪਸੰਦ ਚੂੜੀਆਂ ਵੀ ਵੱਟ ’ਤੇ ਪਈਆਂ ਨੇ?”  

“ਹੋਰ ਕਿਤੇ ਨਹੀਂ? -ਜੇ ਕੁੜੀ ਹੋਣੀ ਹੁੰਦੀ ਤਾਂ ਮੈਂ ਕਿੱਦਣ ਦਾ ਗਰਭਪਾਤ ਕਰਵਾ ਦੇਣਾ ਸੀ।”

ਇਹ ਸੁਣ ਕੇ ਨਿੰਮੀ ਤਿਲਮਿਲਾ ਉੱਠੀ, “ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਆਪ ਔਰਤ ਹੋ ਕੇ ਕੁੜੀਆਂ ਬਾਰੇ ਤੁਹਾਡੇ ਅਜਿਹੇ ਵਿਚਾਰ ਨੇ?”  

“ਔਰਤ ਹਾਂ, ਤਦੇ ਤਾਂ ਅਜਿਹਾ ਸੋਚਦੀ ਹਾਂ। -ਮੈਂ ਨਹੀਂ ਚਾਹੁੰਦੀ ਮੇਰੇ ਵਾਂਗੂੰ ਚੂੜੀਆਂ ਲਈ ਮੇਰੀ ਧੀ ਨੂੰ ਵੀ ਸਮਝੌਤੇ ਕਰਨੇ ਪੈਣ।” ਦਲਬੀਰ ਦਾ ਚਿਹਰਾ ਗ਼ਮ ਵਿੱਚ ਲਪੇਟਿਆ ਗਿਆ।  

ਸੋਗ਼ਵਾਰ ਮਾਹੌਲ ਨੂੰ ਬਦਲਣ ਦੇ ਮਕਸਦ ਨਾਲ ਨਿੰਮੀ ਨੇ ਬੋਲ ਕੱਢੇ, “ਖੈਰ, ਛੱਡੋ ਇਹਨਾਂ ਗੱਲਾਂ ਨੂੰ ਦੀਦੀ। ਪਰ ਇੱਕ ਗੱਲ ਐ। ਤੁਹਾਡੀਆਂ ਚੂੜੀਆਂ ਹੈ ਬੜੀਆਂ ਵਧੀਆ।”

ਨਾ ਚਾਹੁੰਦਿਆਂ ਹੋਇਆਂ ਵੀ ਦਲਬੀਰ ਨੇ ਢਿਲਕ ਕੇ ਕਫ਼ਾਂ ਤੋਂ ਬਾਹਰ ਆਈਆਂ ਆਪਣੀਆਂ ਚੂੜੀਆਂ ਵੱਲ ਤੱਕਿਆ, “ਜਾਣਦੇ ਨੀ, ਤੂੰ ਐਵੇਂ ਈ ਕਰੀ ਜਾਨੀਂ ਏਂ। ਇਹ ਵੀ ਕੋਈ ਚੂੜੀਆਂ ਨੇ? ਹੂੰ! ਸੁਆਹ ਦੀ ਖੇਹ। -ਚੂੜੀਆਂ ਤਾਂ ਨਾਲ ਦੀ ਕੋਠੀ ਵਾਲੀ ਮਿਸਿਜ਼ ਗਰੇਵਾਲ ਦੀਆਂ ਨੇ। ਉਂਗਲ-ਉਂਗਲ ਮੋਟੀਆਂ ਬਰੀਕ-ਬਰੀਕ ਹੀਰੇ ਮੋਤੀ ਜੜ੍ਹ ਕੇ ਉਹਨਾਂ ਉੱਤੇ ਕਮਾਲ ਦੀ ਮੀਨਾਕਾਰੀ ਕਰੀ ਹੋਈ ਹੈ। ਆਹਾ, ਕਿਆ ਕਹਿਣੇ ਉਹਨਾਂ ਚੂੜੀਆਂ ਦੇ! ਵਜ਼ਨੀ ਵੀ ਐਨੀਆਂ ਨੇ ਕਿ ਕਿਸੇ ਮਾੜੀ-ਮੋਟੀ ਤੀਵੀਂ ਦੀਆਂ ਬਾਹਾਂ ਤੋਂ ਤਾਂ ਉਹਨਾਂ ਦਾ ਭਾਰ ਹੀ ਨਾ ਚੁੱਕ ਹੋਵੇ, ਗੁੱਟ ਦੁੱਖਣ ਲੱਗ ਜਾਣ। ਬਈ ਆਪਾਂ ਤਾਂ ਕਹਿਨੇ ਆਂ, ਧੰਨ ਦੀ ਐ ਗਰੇਆਲਣੀ ਜਿਹੜੀ ਰੋਜ਼ ਪਾਈ ਫਿਰਦੀ ਰਹਿੰਦੀ ਹੈ। ਮੋਚ ਨ੍ਹੀਂ ਆਉਂਦੀ ਉਹਦੀਆਂ ਬਾਹਾਂ ਨੂੰ। -ਉਹੋ ਜਿਹੀਆਂ ਚੂੜੀਆਂ ਪਾਉਣ ਨੂੰ ਤਾਂ ਮੇਰੇ ਅਰਗੀ ਤਕੜੀ ਜਨਾਨੀ ਚਾਹੀਦੀ ਐ।”
“ਰਹਿਣਦਿਆ ਕਰੋ ਦੀਦੀ। ਗਪੌੜ ਮਾਰਨ ਲੱਗੇ ਤੁਸੀਂ ਵੀ ਆਸਾ-ਪਾਸਾ ਨ੍ਹੀਂ ਦੇਖਦੇ। -ਚੂੜੀਆਂ ਨਾ ਹੋਈਆਂ, ਦੀਦੀ ਫੇਰ ਤਾਂ ਦਾਦਣੀ ਮੂੰਗਲੀ ਈ ਹੋ ਗੀ।” ਨਿੰਮੀ ਵਿਅੰਗਮਈ ਹਾਸਾ ਹੱਸੀ।

“ਜੇ ਨਹੀਂ ਯਕੀਨ ਆਉਂਦਾ ਤਾਂ ਮੈਂ ਹੁਣੇ ਮੰਗਾ ਕੇ ਦਿਖਾ ਦਿੰਦੀ ਆਂ ਤੈਨੂੰ? ਦੇਖੀਂ ਤੂੰ ਤਾਂ ਦੇਖਦੀ ਰਹਿ ਜੇਂਗੀ। -ਮੈਂ ਤਾਂ ਸਾਰਾ ਸਰਾਫ਼ਾਂ ਬਜ਼ਾਰ ਗਾਹ ਮਾਰਿਐ। ਪੀਰ ਦੀ ਸੌਂਹ, ਮੈਨੂੰ ਨਈਂ ਉਹੋ ਜੀਆਂ ਚੂੜੀਆਂ ਕਿਤੋਂ ਮਿਲੀਆਂ। -ਹਾਰ ਕੇ ਮੈਂ ਤਾਂ ਵੇਲੇ-ਕਵੇਲੇ ਜਦੋਂ ਕਿਤੇ ਲੋੜ੍ਹ ਹੋਵੇ ਮਿਸਿਜ਼ ਗਰੇਵਾਲ ਦੀਆਂ ਨਾਲ ਹੀ ਡੰਗ ਸਾਰ ਲੈਨੀਂ ਵਾਂ।”

ਨਿੰਮੀ ਨੂੰ ਅਜੇ ਵੀ ਦਲਬੀਰ ਦੇ ਕਹੇ ਉੱਤੇ ਵਿਸ਼ਵਾਸ ਨਹੀਂ ਸੀ ਆ ਰਿਹਾ। ਮਨ ਹੀ ਮਨ ਉਹ ਸੋਚ ਰਹੀ ਸੀ ਚਲੋ ਮਿਸਿਜ਼ ਗਰੇਵਾਲ ਦੀਆਂ ਚੂੜੀਆਂ ਤਾਂ ਜਿਹੋ ਜਿਹੀਆਂ ਮਰਜ਼ੀ ਹੋਣ। ਉਹਨਾਂ ਤੋਂ ਉਹਨੇ ਕੀ ਲੈਣੈ? ਉਹਨੂੰ ਤਾਂ ਐਨਾ ਪਤਾ ਹੈ ਕਿ ਦਲਬੀਰ ਦੀਆਂ ਚੂੜੀਆਂ ਵੀ ਕਿਸੇ ਤੋਂ ਘੱਟ ਨਹੀਂ। ਚੌਵੀ ਕੈਰਟ ਸੋਨੇ ਦੀਆਂ ਨੇ। ਜੇ ਕਿਧਰੇ ਤਕਦੀਰ ਧੋਖਾ ਨਾ ਕਰਦੀ ਤਾਂ ਇਹੀ ਚੂੜੀਆਂ ਅੱਜ ਦਲਬੀਰ ਦੀ ਜਗ੍ਹਾ ਉਸ ਦੇ ਪਹਿਨੀਆਂ ਹੋਣੀਆਂ ਸਨ। ਇਸ ਹਵੇਲੀ ਵਿੱਚ ਮਹਿਮਾਨ ਬਣਨ ਦੀ ਥਾਂ ਉਸ ਨੇ ਮਾਲਕਣ ਹੋਣਾ ਸੀ। ਅੱਜ ਉਸ ਦੀ ਬਜਾਏ ਦਲਬੀਰ ਉਸਦਾ ਛਿੱਲਾ ਕਟਾਉਣ ਵਾਸਤੇ ਆਈ ਹੁੰਦੀ। ਏਸ ਲੱਖਾਂ ਰੁਪਈਆਂ ਦੀ ਸਾਰੀ ਜਾਇਦਾਦ ਦਾ ਵਾਰਿਸ ਅੱਜ ਉਸ ਦੇ ਪੇਟ ਵਿੱਚ ਹੋਣਾ ਸੀ। ਪਰ ਇਹ ਸਭ ਤਾਂ ਹੀ ਹੁੰਦਾ ਜੇਕਰ ਕੁੱਝ ਵਰ੍ਹੇ ਪਹਿਲਾਂ ਚੂੜੀਆਂ ਵਰਗੀ ਸੋਹਲ ਕਿਸਮਤ ਨਾ ਫੁੱਟਦੀ ਤਾਂ…।  
ਨਿੰਮੀ ਆਪਣੇ ਕਰਮਾਂ ਦਾ ਲੇਖਾ-ਜੋਖਾ ਕਰ ਹੀ ਰਹੀ ਸੀ ਕਿ ਉਸਨੂੰ ਚਾਹ ਦਾ ਖਿਆਲ ਆ ਗਿਆ। ਜਿਉਂ ਹੀ ਉਹ ਘੁੱਟ ਭਰਨ ਲਈ ਚਾਹ ਮੂੰਹ ਵੱਲ ਲਿਜਾਣ ਲੱਗੀ ਤਾਂ ਉਸਦੀਆਂ ਨਜ਼ਰਾਂ ਆਪਣੀਆਂ ਬਾਹਾਂ ਵਿੱਚ ਪਈਆਂ ਕੱਚ ਦੀਆਂ ਲਾਲ ਚੂੜੀਆਂ ’ਤੇ ਕੇਂਦ੍ਰਿਤ ਹੋ ਗਈਆਂ। ਮਾਮੂਲੀ ਅਤੇ ਘਟੀਆ ਜਿਹੀਆਂ ਆਪਣੀਆਂ ਚੂੜੀਆਂ ਦੇਖ ਕੇ ਉਹ ਹੋਰ ਦੁੱਖੀ ਹੋ ਗਈ।

ਮਾਯੂਸ ਅਤੇ ਅੰਤਾਂ ਦੀ ਉਦਾਸ ਹੋਈ ਨਿੰਮੀ ਆਪਣੀਆਂ ਸਿਮਰਤੀਆਂ ਵਿੱਚ ਰੁਲਦੀਆਂ  ਯਾਦਾਂ ਨੂੰ ਫਰੋਲਦੀ ਹੋਈ ਝਾੜ-ਪੂੰਝ ਕਰਨ ਲੱਗੀ। ਕਿਸੇ ਚੱਲ-ਚਿੱਤਰ ਦੀ ਤਰ੍ਹਾਂ ਸਭ ਕੁੱਝ ਉਸਦੀਆਂ ਅੱਖਾਂ ਮੂਹਰਿਉਂ ਗੁਜ਼ਰਨ ਲੱਗਾ।

ਪੁੱਜ ਕੇ ਗਰੀਬ ਪਿਉ ਦੀਆਂ ਉਹ ਦੋ ਧੀਆਂ ਗਲੀ ਵਿੱਚੋਂ ਲੰਘਦੇ ਵਣਜਾਰੇ ਦਾ ਹੋਕਾ ਸੁਣ ਕੇ ਆਪਣੇ ਕੰਨਾਂ ’ਤੇ ਹੱਥ ਰੱਖ ਲੈਂਦੀਆਂ ਹਨ। ਤਾਂ ਜੋ, ਨਾ ਤਾਂ ਵਣਜਾਰੇ ਦੇ ਬੋਲ ਉਹਨਾਂ ਦੇ ਕੰਨੀਂ ਪੈਣ ਤੇ ਨਾ ਹੀ ਚੂੜੀਆਂ ਦੀ ਛਣਕਾਰ। ਉਹਨਾਂ ਦੀਆਂ ਹਮਉਮਰ ਕੁੜੀਆਂ ਨੂੰ, ਵਣਜਾਰਾ ਦੇਖ ਕੇ ਗੋਡੇ-ਗੋਡੇ ਚਾਅ ਚੜ੍ਹ ਜਾਂਦਾ ਹੈ ਤੇ ਉਹਨਾਂ ਦੇ ਮੂੰਹ ਉਤਰ ਜਾਂਦੇ ਹਨ। ਉਹਨਾਂ ਦੋਨਾਂ ਭੈਣਾਂ ਤੋਂ ਛੁੱਟ ਸਭ ਕੁੜੀਆਂ ਚੂੜੀਆਂ ਖਰੀਦਦੀਆਂ, ਪਹਿਨਦੀਆਂ, ਹੰਢਾਉਂਦੀਆਂ ਅਤੇ ਤੋੜ੍ਹਦੀਆਂ। ਪਰ ਜਿੱਥੇ ਭੰਗ ਭੁੱਜਦੀ ਹੋਵੇ, ਉਸ ਘਰ ਵਿੱਚ ਚੂੜੀਆਂ ਜਿਹੀ ਮਹਿੰਗੀ ਸ਼ੈਅ ਖਰੀਦਣ ਦੀ ਸਮਰੱਥਾ ਕਿਥੋਂ ਹੋ ਸਕਦੀ ਹੈ? ਸਦਾ ਉਹਨਾਂ ਨੂੰ ਚੂੜੀਆਂ ਦਾ ਤਰਸੇਵਾਂ ਰਹਿੰਦਾ ਹੈ। ਤੇ ਨਾਲ ਇੱਕ ਇਹ ਆਸ ਵੀ ਰਹਿੰਦੀ ਹੈ ਕਿ ਚੂੜੀਆਂ ਦੀ ਖਾਹਸ਼ ਜੋ ਬਚਪਨ ਵਿੱਚ ਪੂਰੀ ਨਹੀਂ ਹੋ ਸਕੀ, ਉਹ ਜਵਾਨੀ ਵਿੱਚ ਜ਼ਰੂਰ ਪੂਰੀ ਹੋ ਜਾਵੇਗੀ, ਜਦੋਂ ਉਹਨਾਂ ਦੇ ਸੁਪਨਿਆਂ ਦੇ ਰਾਜਕੁਮਾਰ ਉਹਨਾਂ ਦੋਨਾਂ ਭੈਣਾਂ ਨੂੰ ਵਿਆਹ ਕੇ ਚੂੜੀਆਂ ਦੇ ਦੇਸ਼ ਲੈ ਜਾਣਗੇ। ਵਾਰੋ-ਵਾਰੀ ਉਹਨਾਂ ਦੀਆਂ ਸਭ ਸਹੇਲੀਆਂ ਆਪੋ ਆਪਣੇ ਘਰੀ ਤੁਰ ਗਈਆਂ। ਲੇਕਿਨ ਉਹਨਾਂ ਦਾ ਕਿਸੇ ਸ਼ਹਿਜ਼ਾਦੇ ਨੇ ਤਾਂ ਕੀ, ਭਿਖਾਰੀ ਨੇ ਵੀ ਬਿਨਾਂ ਦਹੇਜ਼ ਲਿਆਂ ਵਰ ਬਣਨਾ ਸਵਿਕਾਰ ਨਾ ਕਰਿਆ। ਜੱਗ ਦੀ ਖੁਸ਼ਕ ਅਤੇ ਪਥਰੀਲੀ ਧਰਤੀ ’ਤੇ ਗੁਰਬਤ ਦਾ ਭੰਨ੍ਹਿਆ ਉਹਨਾਂ ਦਾ ਬਿਰਧ ਤੇ ਕਮਜ਼ੋਰ ਪਿਉ ਦਾਜ ਦਾ ਡੂੰਘਾ ਖੂਹ ਕਿਵੇਂ ਪੱਟਦਾ?

ਬਾਪ ਨੂੰ ਨਿੰਮੀ ਨਾਲੋਂ ਦਲਬੀਰ ਦੀ ਚਿੰਤਾ ਜ਼ਿਆਦਾ ਸੀ। ਦਲਬੀਰ ਦੀ ਉਮਰ ਢਲਦੀ ਜਾ ਰਹੀ ਸੀ।

ਰੱਬ ਬਹੁੜਿਆ। ਇੱਕ ਅਮੀਰਜ਼ਾਦਾ, ਜਿਸ ਨੇ ਅਯਾਸ਼ੀਆਂ ਵਿੱਚ ਆਪਣੀ ਵਿਆਹ ਦੀ ਉਮਰ ਲੰਘਾ ਲਈ ਸੀ, ਉਹਨਾਂ ਦੇ ਬਾਪ ਨੂੰ ਮਿਲਿਆ। ਤੇ ਉਸਨੇ ਉਹਨਾਂ ਦੋਹਾਂ ਭੈਣਾਂ ਲਈ ਚੂੜੀਆਂ ਦੇ ਹਰ ਵਾਰ ਅੱਧ ਵਿਚਕਾਰੋਂ ਟੁੱਟਣ ਵਾਲੇ ਅਧੂਰੇ ਖਾਬ ਨੂੰ ਪੂਰਾ ਹੋਣ ਦੀ ਉਮੀਦ ਉਹਨਾਂ ਦੇ ਬਾਪ ਨੂੰ ਫੜ੍ਹਾਈ। ਸੋਚ ਵਿਚਾਰ ਕਰਦਿਆਂ ਉਹਨਾਂ ਦਾ ਬੇਬਸ ਪਿਉ ਇੱਕ ਨਜ਼ਰ ਉਹਨਾਂ ਵੱਲ ਦੇਖਦਾ ਤੇ ਦੂਜੀ ਨਜ਼ਰ ਉਹਨਾਂ ਦੀਆਂ ਸੁੰਨ-ਮ-ਸੁੰਨੀਆਂ ਕਲਾਈਆਂ ਵੱਲ।  ਇੱਕ ਧੀ ਨੂੰ ਉਸ ਅਮੀਰ ਦੇ ਲੜ੍ਹ ਲਾਉਣ ਨਾਲ ਜੋ ਪੈਸੇ ਮਿਲਣੇ ਨੇ, ਉਹਨਾਂ ਨਾਲ ਦੂਜੀ ਦਾ ਡੋਲਾ ਤੋਰਿਆ ਜਾ ਸਕੇਗਾ। ਪਰ ਇਸ ਕਾਰਜ ਲਈ ਉਹ ਕਿਸ ਨੂੰ ਬਲੀ ਚਾੜੇ? ਵੱਡੀ ਕੁੜੀ ਦਲਬੀਰ ਨੂੰ? ਜਾਂ ਨਿੱਕੀ ਲੜਕੀ ਨਿੰਮੀ ਨੂੰ? ਬਾਪ ਲਈ ਤਾਂ ਦੋਨੋਂ ਪੁਤਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ।  

ਬਾਪ ਨੂੰ ਕਿਸੇ ਨਤੀਜੇ ਉੱਤੇ ਨਾ ਉਪੜਦਾ ਦੇਖ ਕੇ ਦਲਬੀਰ ਨੇ ਸੀਸ ਨਿਵਾਇਆ, “ਜੇ ਮੇਰੀ ਕੁਰਬਾਨੀ ਨਾਲ ਮੇਰੀ ਛੋਟੀ ਭੈਣ ਨੂੰ ਚੂੜੀਆਂ ਹਾਸਲ ਹੋ ਸਕਦੀਆਂ ਹਨ ਤਾਂ ਇਸ ਵਿੱਚ ਕੀ ਹਰਜ਼ ਹੈ? ਮੈਂ ਬਲਿਦਾਨ ਦੇਣ ਲਈ ਤਿਆਰ ਹਾਂ।”  

ਨਿੰਮੀ ਦਾ ਰੰਗ ਸਾਫ਼ ਸੀ ਤੇ ਉਮਰ ਵੀ ਅੱਲੜ ਸੀ। ਦੂਜੇ ਪਾਸੇ ਦਲਬੀਰ ਲਾਖੀ ਸੀ ਤੇ ਉਸਦੀ ਉਮਰ ਵੀ ਨਿੰਮੀ ਨਾਲੋਂ ਕੁੱਝ ਵਰ੍ਹੇ ਵੱਡੀ ਸੀ। ਧਨਵਾਨ ਮੁੱਲ ਪਾਉਣ ਆਇਆ ਤਾਂ ਉਹਨੂੰ ਕੱਚੀ-ਕੈਲ ਨਿੰਮੀ ਪਸੰਦ ਆ ਗਈ ਤੇ ਉਹਨੇ ਸਿਰਫ ਨਿੰਮੀ ਦੇ ਸੌਦੇ ਦੀ ਗੱਲ ਕੀਤੀ। ਲੇਕਿਨ ਉਹਨਾਂ ਦਾ ਬਾਪ ਸਮਝਦਾਰ ਸੀ। ਉਹ ਜਾਣਦਾ ਸੀ ਕਿ ਜੇ ਨਿੰਮੀ ਨੂੰ ਉਸ ਦੌਲਤਮੰਦ ਨਾਲ ਵਿਆਹ ਦਿੱਤਾ ਤਾਂ ਵੱਡੀ ਦਲਬੀਰ ਦਾ ਲਗਨ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਲਈ ਬਾਪ ਅੜ੍ਹ ਗਿਆ ਤੇ ਉਸਨੇ ਅਮੀਰ ਕਾਕੇ ਦੇ ਪੈਰਾਂ ਵਿੱਚ ਆਪਣਾ ਫੈਸਲਾ ਚਲਾ ਕੇ ਮਾਰਿਆ, “ਵੱਡੀ ਦਾ ਸਾਕ ਲੈਣੈ ਤਾਂ ਠੀਕ ਹੈ? ਛੋਟੀ ਦਾ ਰਿਸ਼ਤਾ ਨਹੀਂ ਕਰਨਾ।”

ਰਈਸ ਨੇ ਇਤਰਾਜ਼ ਕਰਨ ਦੀ ਬਜਾਏ ਫੈਸਲਾ ਪ੍ਰਵਾਨ ਕਰ ਲਿਆ। ਉਸਦੀ ਅਸਲ ਸਮੱਸਿਆ ਤਾਂ ਫਿਰ ਵੀ ਹੱਲ ਹੁੰਦੀ ਸੀ ਤੇ ਉਹ ਵੀ ਸਸਤੇ ਵਿੱਚ।   ਦਲਬੀਰ ਦੇ ਪਰਾਉਣੇ ਨੇ ਆਪਣੇ ਸਾਹੁਰੇ ਨੂੰ ਕੁੱਝ ਪੈਸੇ ‘ਹਮ ਘਰ ਸਾਜਨ ਆਏ’ ਤੋਂ ਪਹਿਲਾਂ ਦਿੱਤੇ ਤੇ ਕੁੱਝ ‘ਵਿਆਹੁ ਹੋਆ ਮੇਰੇ ਬਾਬਲਾ’ ਤੋਂ ਮਗਰੋਂ ਤੇ ਅਗਾਂਹ ਤੋਂ ਵੀ ਅਜਿਹੀ ਮਾਇਕ ਸਹਾਇਤਾ ਦਿੰਦੇ ਰਹਿਣ ਦਾ ਵਾਅਦਾ ਵੀ।

ਤੇ ਇੰਝ ਰੱਤੇ-ਚੂੜੇ ਵਿੱਚ ਦਲਬੀਰ ਨੂੰ ਉਸ ਨਾਲੋਂ ਉਮਰੋਂ ਡੂਹਢਾ ਉਹ ਮਿਹਰਬਾਂ ਲੈ ਗਿਆ, ਤੇ ਦਲਬੀਰ ਆਪਣੇ ਸਸੁਰਾਲ ਜਾ ਕੇ ਚੂੜੀਆਂ ਨਾਲ ਖੇਲਣ ਲੱਗ ਗਈ।

ਵੱਡੀ ਭੈਣ ਦੀ ਕੀਮਤ ਨਾਲ ਛੋਟੀ ਦਾ ਰਿਸ਼ਤਾ ਤਾਂ ਹੋ ਗਿਆ, ਪਰ ਨਿੰਮੀ ਦੇ ਦੁਲਹੇ ਦੀ ਹੈਸੀਅਤ ਉਸਦੇ ਪਿਤਾ ਤੋਂ ਜ਼ਿਆਦਾ ਨਹੀਂ ਸੀ। ਨਿੰਮੀ ਨੇ ਉਮਰ-ਭਰ ਬਾਪ ਅੱਗੇ ਚੂੜੀਆਂ ਦੀ ਫਰਮਾਇਸ਼ ਨਹੀਂ ਸੀ ਕਰੀ, ਕਿਉਂਕਿ ਉਹ ਜਾਣਦੀ ਸੀ ਕਿ ਚੂੜੀਆਂ ਲੈ ਕੇ ਦੇ ਸਕਣ ਦੀ ਉਸਦੇ ਬਾਪ ਵਿੱਚ ਹਿੰਮਤ ਨਹੀਂ ਸੀ। ਇਸ ਲਈ ਨਿੰਮੀ ਆਪਣੇ ਮਨ ਨੂੰ ਇਹ ਦਿਲਾਸਾ ਦੇ ਲਿਆ ਕਰਦੀ ਹੁੰਦੀ ਸੀ ਕਿ ਉਸਦਾ ਪੀਆ ਉਸ ਲਈ ਰੋਜ਼ ਨਵੇਂ-ਨਵੇਂ ਰਿਵਾਜ਼ਾਂ ਦੀਆਂ ਰੰਗ-ਬਰੰਗੀਆਂ ਚੂੜੀਆਂ ਲਿਆ ਕੇ ਦਿਆ ਕਰੇਗਾ। ਹਨੇਰ ਸਾਈਂ ਦਾ! ਦੇਖੋ ਕੈਸੀ ਵਿਡੰਬਨਾ ਹੈ? ਨਿੰਮੀ ਨੂੰ ਤਾਂ ਸਈਂਆਂ ਵੀ ਐਸਾ ਕੰਗਾਲ ਮਿਲਿਆ ਹੈ, ਜੋ ਆਪ ਨੰਗ, ਬਾਪ ਨੰਗ ਤੇ ਅੱਗੋਂ ਜਿਸਦੇ ਨਾਨਕੇ ਵੀ ਨੰਗ ਹਨ। ਨਿੰਮੀ ਦੇ ਬਚਪਨ ਦੇ ਚਾਅ ਮਲਾਰ ਤਾਂ ਸ਼ਹੀਦ ਹੋਏ ਹੀ ਸਨ। ਜਵਾਨੀ ਦੀਆਂ ਸਧਰਾਂ ਅਤੇ ਰੀਝਾਂ ਵੀ ਕਤਲ ਹੋ ਗਈਆਂ। ਚੂੜੀਆਂ ਬਿਨਾਂ ਉਹ ਸੁਹਾਗਣ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਵਿਧਵਾ ਮਹਿਸੂਸ ਕਰਦੀ। ਨਿੰਮੀ ਦੀਆਂ ਚੂੜੀਆਂ ਬਿਨਾਂ ਸਖਣੀਆਂ ਬਾਹਾਂ ਉਸਦੇ ਸ਼ੋਹਰ ਨੂੰ ਵੀ ਭਾਉਂਦੀਆਂ ਤਾਂ ਨਹੀਂ ਸਨ। ਪਰ ਉਹ ਵੀ ਮਜ਼ਬੂਰ ਸੀ। ਦਿਨ ਭਰ ਦੇਹ ਤੋੜ ਕੇ ਮਜ਼ਦੂਰੀ ਦਾ ਜੋ ਇਵਜ਼ਾਨਾ ਉਸਨੂੰ ਮਿਲਦਾ ਸੀ ਉਸ ਨਾਲ ਮਸਾਂ ਦੋ ਜੀਆਂ ਦੇ ਇੱਕ ਡੰਗ ਪੇਟ ਝੂਲਸਣ ਜੋਗੀ ਸਮਗਰੀ ਹੀ ਆਉਂਦੀ ਸੀ। ਨਿੰਮੀ ਲਈ ਚੂੜੀਆਂ ਫਿਰ ਉਹ ਕਾਹਦੇ ਨਾਲ ਲੈਂਦਾ?

ਦਿਹਾੜੀ ਲਾ ਕੇ ਜਦੋਂ ਉਹ ਰੋਜ਼ ਸ਼ਾਮ ਨੂੰ ਘਰ ਆਉਂਦਾ ਤਾਂ ਚੂੜੀਆਂ ਨਾ ਮਿਲਣ ਕਰਕੇ ਨਿੰਮੀ ਦੇ ਮੱਥੇ ਪਏ ਵੱਟਾਂ ’ਤੇ ਦਿਲਜ਼ੋਈ ਦੀ ਪਰੈਸ ਮਾਰਦਾ, “ਕਰਮਾਂ ਵਾਲੀਏ ਰੱਬ ਤੇ ਡੋਰੀ ਰੱਖ। ਕਦੇ-ਨਾ-ਕਦੇ ਆਪਣੇ ਦਿਨ ਫਿਰਨਗੇ। ਫਿਰ ਮੈਂ ਤੈਨੂੰ ਚੂੜੀਆਂ ਦੀ ਸਾਰੀ ਹੱਟੀ ਹੀ ਲੈ ਦੇਊਂ, ਹੌਂਸਲਾ ਰੱਖ।”

ਨਿੰਮੀ ਉਮੀਦ ਦਾ ਪੁਰਾਣਾ ਡੱਕਾ ਤੋੜ ਕੇ ਨਵਾਂ ਤੀਲਾ ਚੁੱਕ ਲੈਂਦੀ।  

ਤੇ ਛੇਕੜੋਂ ਇੱਕ ਦਿਨ ਚਮਤਕਾਰ ਹੀ ਹੋ ਗਿਆ। ਨਿੰਮੀ ਦੇ ਪਤੀ ਨੇ ਨਿੰਮੀ ਨੂੰ ਅੱਖਾਂ ਬੰਦ ਕਰਨ ਲਈ ਕਿਹਾ। ਨਿੰਮੀ ਨੇ ਅੱਖਾਂ ਮੀਚੀਆਂ ਹੀ ਸਨ ਕਿ ਉਸਦੇ ਸੰਧੂਰ ਨੇ ਪਰਨੇ ਦੀ ਪੋਟਲੀ ਖੋਲ੍ਹ ਕੇ ਝੱਟ-ਪੱਟ ਕੁੱਝ ਉਸਦੇ ਹੱਥਾਂ ਵਿੱਚ ਪਾ ਦਿੱਤਾ।

“ਆਹ! ਚੂੜੀਆਂ!!” ਅੱਖਾਂ ਖੁੱਲ੍ਹਦਿਆਂ ਹੀ ਨਿੰਮੀ ਦੰਗ ਰਹਿ ਗਈ।  

ਖਾਸੇ ਦਿਨ ਨਿੰਮੀ ਅੰਬਰਾਂ ਵਿੱਚ ਉਡਾਰੀਆਂ ਲਾਉਂਦੀ ਰਹੀ।

ਨਿੰਮੀ ਦੀਆਂ ਆਢਣਾਂ-ਗੁਆਢਣਾਂ ਸਵੇਰੇ ਹਰੀਆਂ ਚੂੜੀਆਂ ਪਹਿਨਦੀਆਂ ਤੇ ਦੁਪਹਿਰੇ ਪੀਲੀਆਂ। ਜੇ ਸ਼ਾਮ ਨੂੰ ਕਾਲੀਆਂ ਤਾਂ ਰਾਤ ਨੂੰ ਨੀਲੀਆਂ। ਜਦੋਂ ਚਿੱਤ ਕਰਦਾ ਚੂੜੀਆਂ ਬਦਲ ਲੈਂਦੀਆਂ। ਨਿੰਮੀ ਨੂੰ ਤਾਂ ਵਰ੍ਹਿਆਂ ਦੀ ਉਡੀਕ ਬਾਅਦ ਮਸਾਂ ਕਿਤੇ ਜਾ ਕੇ ਉਹ ਲਾਲ ਚੂੜੀਆਂ ਨਸੀਬ ਹੋਈਆਂ ਸਨ। ਨਿੱਤ ਨਵੀਆਂ ਚੂੜੀਆਂ ਬਦਲਨਾ ਨਿੰਮੀ ਦੇ ਵਿੱਤੋਂ ਬਾਹਰ ਸੀ। ਕੁੱਝ ਦੇਰ ਤਾਂ ਨਿੰਮੀ ਨੇ ਉਹਨਾਂ ਚੂੜੀਆਂ ਨਾਲ ਹੀ ਸਬਰ, ਸ਼ੁਕਰ ਕਰੀ ਰੱਖਿਆ। ਪਰ ਹੌਲੀ-ਹੌਲੀ ਉਸ ਦੀ ਦਿਲਚਸਪੀ ਉਹਨਾਂ ਚੂੜੀਆਂ ਵਿੱਚੋਂ ਘਟਣ ਲੱਗ ਗਈ ਤੇ ਸਤਰੰਗੀਆਂ ਚੂੜੀਆਂ ਪਹਿਨਣ ਦੀ ਇੱਛਾ ਵਧਣ ਲੱਗ ਗਈ।  

ਇੱਕ ਦਿਹਾੜੇ ਗੋਲੇ-ਧੰਦੇ ਕਰਦੀ ਨਿੰਮੀ ਦੀ ਇੱਕ ਚੂੜੀ ਟੁੱਟ ਵੀ ਗਈ। ਤੇ ਉਸ ਦੀ ਵੀਣੀ ਵਿੱਚੋਂ ਕਾਫ਼ੀ ਖੂਨ ਵੀ ਵਗਿਆ। ਬਾਂਹ ਲਹੂ-ਲੁਹਾਣ ਹੋ ਗਈ ਤੇ ਸਾਰੀਆਂ ਚੂੜੀਆਂ ਵੀ ਰੱਤ ਨਾਲ ਲਿਬੜ ਗਈਆਂ। ਉਦਣ ਤੋਂ ਨਿੰਮੀ ਨੂੰ ਨਫਰਤ ਹੋ ਗਈ ਉਹਨਾਂ ਚੂੜੀਆਂ ਨਾਲ। ਆਪਣੇ ਜ਼ਖਮ ਵੱਲ ਦੇਖ ਕੇ ਉਹਨੇ ਤਾਂ ਮਿਥ ਲਿਆ ਕਿ ਉਹ ਹੁਣ ਉਹਨਾਂ ਚੂੜੀਆਂ ਨੂੰ ਲਾਹ ਕੇ ਸੁੱਟ ਦੇਵੇਗੀ।  

ਖੌਰੇ ਨਿੰਮੀ ਦੇ ਮਨ ’ਚ ਕੀ ਆ ਜਾਂਦਾ ਜੋ ਉਹਨੂੰ ਕਈ ਵਾਰ ਚੂੜੀਆਂ ਉਤਾਰਨ ਲੱਗੀ ਨੂੰ ਹਟਕ ਦਿੰਦਾ।

ਨਿੰਮੀ ਉਹਨਾਂ ਲਾਲ ਚੂੜੀਆਂ ਤੋਂ ਬੁਰੀ ਤਰ੍ਹਾਂ ਅੱਕ ਗਈ। ਕਈ ਦਿਨ ਉਹ ਪਤੀ ਨੂੰ ਨਵੀਆਂ ਚੂੜੀਆਂ ਲਿਆਉਣ ਲਈ ਆਖਦੀ ਰਹੀ। ਜਦ ਉਹ ਨਿਰਧਨ ਮਨੁੱਖ ਨਾ ਲਿਆ ਸਕਿਆ ਤਾਂ ਨਿੰਮੀ ਮੂੰਹ ਫੁਲਾ ਕੇ ਬਾਪ ਦੇ ਘਰ ਆ ਗਈ। ਇਹੋ ਜੇ ਬੰਦੇ ਦੇ ਰਹਿਣ ਦਾ ਕੀ ਫਾਇਦਾ? ਜਿਹੜਾ ਤੀਵੀਂ ਨੂੰ ਢੰਗ ਦੀਆਂ ਚੂੜੀਆਂ ਵੀ ਨਾ ਲਿਆ ਕੇ ਦੇ ਸਕੇ। ਨਿੰਮੀ ਦੀ ਮਹਿੰਗੀਆਂ ਅਤੇ ਬਦਲਵੀਆਂ ਚੂੜੀਆਂ ਵਾਲੀ ਤਮੰਨਾ ਹਸਰਤ ਬਣ ਕੇ ਹੀ ਰਹਿ ਗਈ।

ਏਧਰ ਨਿੰਮੀ ਕੱਖੋਂ ਹੌਲੀ ਹੋਈ ਪੇਕੇ ਬੈਠੀ ਸੀ ਤੇ ਉੱਧਰ ਦਲਬੀਰ ਦੇ ਆਪਣੇ ਸਹੁਰੀਂ ਅੱਠਾਂ ਮਹੀਨਿਆਂ ਤੋਂ ਪੈਰ ਭਾਰੀ ਸਨ। ਦਲਬੀਰ ਨੇ ਨਿੰਮੀ ਨੂੰ ਆਪਣੀ ਦੇਖ-ਭਾਲ ਲਈ ਬੁਲਾ ਲਿਆ। ਨਿੰਮੀ ਨੇ ਵੀ ਸੋਚਿਆ, ਚਲੋ ਚਾਰ ਦਿਨ ਧਿਆਨ ਕਿਸੇ ਹੋਰ ਪਾਸੇ ਲਗਣ ਨਾਲ ਦੁੱਖਾਂ ਤੋਂ ਛੁੱਟਕਾਰਾ ਮਿਲੇਗਾ। ਤੇ ਉਹ ਭੈਣ ਕੋਲ ਆ ਗਈ।

ਖਾਲੀ ਕੱਪ ਰੱਖਣ ਵੇਲੇ ਬਾਂਹ ਹਿਲਣ ਕਾਰਨ ਦਲਬੀਰ ਦੀਆਂ ਚੂੜੀਆਂ ਛਣਕੀਆਂ ਤਾਂ ਨਿੰਮੀ ਦੀਆਂ ਸੋਚਾਂ ਦੀ ਗੱਡੀ ਨੇ ਵੀ ਬਰੇਕਾਂ ਮਾਰੀਆਂ। “ਓ ਮਾਫ ਕਰਨਾ ਦੀਦੀ, ਜੀਜਾ ਜੀ ਨੂੰ ਤਾਂ ਭੁੱਲ ਹੀ ਗਈ ਸੀ। -ਮੈਂ ਹੁਣੇ ਹੀ ਉਹਨਾਂ ਨੂੰ ਚਾਹ ਦੇ ਕੇ ਆਈ।”

ਨਿੰਮੀ ਕੇਤਲੀ ਚੁੱਕ ਕੇ ਤੀਸਰਾ ਕੱਪ ਭਰਨ ਲੱਗੀ ਹੀ ਸੀ ਕਿ ਦਲਬੀਰ ਨੇ ਹਟਾ ਦਿੱਤਾ, “ਨਾ, ਉਹਨਾਂ ਨੇ ਚਾਹ ਨ੍ਹੀਂ ਪੀਣੀ। ਚੂਹ ਪੀਣਗੇ। -ਫਰਿਜ਼ ਚੋਂ ਬਰਫ਼ ਤੇ ਪਾਣੀ ਦੇ ਆ ਭੱਜ ਕੇ।”

ਦਲਬੀਰ ਗੁਆਂਢੀਆਂ ਦਿਉਂ ਚੂੜੀਆਂ ਲੈਣ ਚਲੀ ਗਈ।

ਸਬਾਤ ਵਿੱਚ ਵੜਦਿਆਂ ਹੀ ਬੋਤਲ ਖੋਲ੍ਹੀ ਬੈਠੇ ਭਣੋਇਏ ਨੂੰ ਦੇਖ ਕੇ ਨਿੰਮੀ ਮੁਸਕਰਾਈ, “ਜੀਜਾ ਜੀ ਬੜੇ ਖਰਾਬ ਹੋ ਤੁਸੀਂ ਵੀ ਦੀਦੀ ਦੀਆਂ ਬਾਹਾਂ ਤਾਂ ਸੋਨੇ ਦੀਆਂ ਚੂੜੀਆਂ ਨਾਲ ਬਾਜ਼ੀਗਰਨੀਆਂ ਮਾਂਗੂੰ ਤਾਂਹ ਤਾਈਂ ਭਰੀ ਜਾਨੇ ਓ। ਸਾਨੂੰ ਕਦੇ ਚਾਂਦੀ ਦੀਆਂ ਚੂੜੀਆਂ ਨੂੰ ਵੀ ਸੁਲਾਹ ਨ੍ਹੀਂ ਮਾਰੀ।”

ਪਾਣੀ ਦੀ ਉਡੀਕ ਵਿੱਚ ਬੇਜ਼ਾਰ ਹੋ ਕੇ ਸੁੱਕੀ ਸ਼ਰਾਬ ਦਾ ਹਾੜਾ ਲਾ ਚੁੱਕਿਆ ।ਜੀਜਾ, ਮੱਛੀ ਵਾਲਾ ਪਕੌੜਾ ਮੂੰਹ ਵਿੱਚ ਚਬਾਉਂਦਾ ਹੋਇਆ ਸਾਲੀ ਦੇ ਚੁੱਗਲਖੋਰੇ ਨੈਣਾਂ ਵਿੱਚ  ਝਾਕਿਆ, “ਤੂੰ ਆਖ ਤਾਂ ਸਹੀ। ਚੂੜੀਆਂ ਛੱਡ, ਤੈਨੂੰ ਤਾਂ ਗਜ਼ਰਿਆਂ ਨਾਲ ਲੱਧ ਦੂੰ।”

ਮੇਜ਼ ’ਤੇ ਜੱਗ ਰੱਖਣ ਲੱਗੀ ਸਾਲੀ ਦਾ ਜੀਜੇ ਨੇ ਗੁੱਟ ਫੜ੍ਹ ਲਿਆ। ਨਿੰਮੀ ਇੱਕਦਮ ਇਉਂ ਡਰ ਗਈ ਜਿਵੇਂ ਮੱਛਰ ਕਿਰਲੀ ਨੂੰ ਦੇਖ ਕੇ ਡਰਦਾ ਹੈ। ਉਸਨੇ ਆਪਣੀ ਕੋਮਲ ਕਲਾਈ ਛੁਡਾਉਣ ਲਈ ਖਿੱਚ-ਧੂਹ ਕੀਤੀ ਤਾਂ ਜੀਜੇ ਦੀਆਂ ਖੁੱਭੀਆਂ ਉਂਗਲਾਂ ਦੀ ਕਰੀਗੜੀ ਹੋਰ ਘੁੱਟ ਕੇ ਪੀਚੀ ਗਈ। ਨਿੰਮੀ ਨੇ ਭਣੋਇਏ ਵੱਲ ਅੱਖਾਂ ਕੱਢ ਕੇ ਦੇਖਦਿਆਂ ਕਰੋਧ ਦੇ ਚੰਗਿਆੜੇ ਛੱਡੇ ਤਾਂ ਜੀਜੇ ਨੇ ਮੌਕਾ ਬੋਚਿਆ, ਸਾਲੀ ਸਾਹਿਬਾ, ਚੂੜੀਆਂ ਲਈ ਮੇਚਾ ਤਾਂ ਲੈਣਾ ਈ ਪਊ!” 

“ਓ, ਅੱਛਾ ਅੱਛਾ। ਮੈਂ ਸਮਝ’ਗੀ।” ਨਿੰਮੀ ਨੇ ਮਨ ਨੂੰ ਧਰਵਾਸਾ ਜਿਹਾ ਮਿਲਿਆ ਤੇ ਉਹਨੇ ਪਹਿਲਾਂ ਤਾਂ ਆਪਣੀਆਂ ਗੁਸਤਾਖ ਅੱਖਾਂ ਨੂੰ ਡੱਕਿਆ। ਫਿਰ ਬੁੱਲ੍ਹਾਂ ’ਚ ਹਸਦੀ ਹੋਈ ਨੇ ਸਹਿਮਤੀ ਵਜੋਂ ਪਿਉ ਵਰਗੇ ਭਣੋਈਏ ਨੂੰ ਦੂਜਾ ਹੱਥ ਵੀ ਪੇਸ਼ ਕਰਿਆ, “ਲਉ ਜੀਜਾ ਜੀ, ਦੋਨਾਂ ਹੱਥਾਂ ਦਾ ਚੱਜ ਨਾਲ ਨਾਪ ਲੈ ਲਉ। ਫੇਰ ਨਾ ਕਿਹੋ ਪਤਾ ਨ੍ਹੀਂ ਸੀ। ਚੂੜੀਆਂ ਖੁੱਲ੍ਹੀਆਂ ਹੋਣ ਤਾਂ ਲਹਿ ਕੇ ਡਿੱਗਦੀਆਂ ਰਹਿੰਦੀਆਂ ਨੇ ਤੇ ਜੇ ਤੰਗ ਹੋਣ ਤਾਂ ਪਾਉਣ ਲੱਗਿਆਂ ਹੱਥ ਛਿੱਲੇ ਜਾਂਦੇ ਨੇ।”

ਜੀਜਾ ਸਾਲੀ ਦੇ ਸ਼ਰੀਰ ਦਾ ਰੂਹ ਨਾਲ ਅਕਾਰ ਮਾਪਣ ਲੱਗ ਗਿਆ।  

ਨੱਚਦੀ-ਕੁੱਦਦੀ ਪੈਲਾਂ ਪਾਉਂਦੀ ਨਿੰਮੀ ਚੂੜੀਆਂ ਨਾਲ ਭਰੀਆਂ ਬਾਹਾਂ ਲੈ ਕੇ ਜੀਜੇ ਦੇ ਕਮਰੇ ਚੋਂ ਨਿਕਲੀ।

ਅੱਗੋਂ ਦਲਬੀਰ ਆਪਣੇ ਕਮਰੇ ਵਿੱਚ ਪਹਿਲਾਂ ਹੀ ਪਹੁੰਚੀ ਬੈਠੀ ਸੀ, “ਬੜਾ ਚਿਰ ਲਾ ਤਾ? ਤੇਰੇ ਨਾਲ ਦੀ ਗਈ ਹੋਈ ਮੈਂ ਗਰੇਵਾਲਾਂ ਦੇਉਂ ਕਦੋਂ ਦੀਆਂ ਚੂੜੀਆਂ ਲੈ ਕੇ ਆ ਵੀ ਗਈ। ਪਾਣੀ ਫੜ੍ਹਾਉਣ ਗਈ ਮੁੜੀ ਹੀ ਨ੍ਹੀਂ ਤੂੰ ਤਾਂ? ਉੱਥੇ ਹੀ ਪਿਛੋੜੀ ਪਾ ਕੇ ਬੈਠ ’ਗੀ। ਹਾਰ ਕੇ ਮੈਂ ਹੁਣ ਆਉਣ ਲੱਗੀ ਸੀ ਤੇਰੇ ਮਗਰ।”  ਅੱਧ-ਪਚੱਧੀ ਪਾਈ ਹੋਈ ਜੁੱਤੀ ਨੂੰ ਲਾਹ ਕੇ ਦਲਬੀਰ ਲੱਤਾਂ ਮਖਮਲੀ ਬਿਸਤਰੇ ਵਾਲੇ ਮੰਜੇ ਉੱਤੇ ਰੱਖ ਕੇ ਪਟਰਾਣੀ ਬਣ ਕੇ ਬੈਠ ਗਈ।

“ਜੀਜਾ ਜੀ ਮੇਰੇ ਲਈ ਵੀ ਚੂੜੀਆਂ ਲਿਆਏ ਸੀ।  -ਕਿਤੇ ਧਰ ਕੇ ਭੁੱਲਗੇ ਸੀ ਉਹ। ਬਸ ਇਹਨਾਂ ਚੰਦਰੀਆਂ ਨੂੰ ਲੱਭਣ ’ਚ ਹੀ ਟੈਮ ਲੱਗ ਗਿਆ।” ਖੱਬੀ ਬਾਂਹ ਦੀਆਂ ਚੂੜੀਆਂ ਨੂੰ ਸੱਜੇ ਹੱਥ ਨਾਲ ਪਲੋਸ ਕੇ ਨਿੰਮੀ ਨੇ ਮੋਹ ਨਾਲ ਚੂੜੀਆਂ ਆਪਣੀ ਸੱਜੀ ਗੱਲ੍ਹ ਨਾਲ ਛੁਹਾਈਆਂ।

“ਲਿਆ ਖਾਂ, ਉਰੇ ਕਰ ਦੇਖੀਏ?” ਚਿੰਤਾ ਨਾਲ ਦਲਬੀਰ ਦਾ ਅੰਦਰ ਕੰਬ ਗਿਆ।  

ਨਿੰਮੀ ਨੇ ਚੂੜੀਆਂ ਦਲਬੀਰ ਨੂੰ ਨੇੜੇ ਹੋ ਕੇ ਦਿਖਾਈਆਂ। ਚੂੜੀਆਂ ਦੇਖ ਕੇ ਦਲਬੀਰ ਦੀ ਜ਼ਬਾਨ ਬੰਦ ਤੇ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਦਲਬੀਰ ਨੂੰ ਪਲਕਾਂ ਝਮਕਣ ਦਾ ਵੀ ਚੇਤਾ ਨਾ ਆਇਆ।

“ਕਿਹੋ ਜਿਹੀਆਂ ਲੱਗੀਆਂ? ਮੈਨੂੰ ਤਾਂ ਪਾਉਣ ਦਾ ਵੀ ਚੱਜ਼ ਨ੍ਹੀਂ, ਪਹਿਲੀ ਵਾਰ ਪਾ ਕੇ ਦੇਖੀਆਂ ਸੋਨੇ ਦੀਆਂ ਚੂੜੀਆਂ। ਕਿਵੇਂ ਠੀਕ ਐ?” ਝੂਮਦੀ ਹੋਈ ਨਿੰਮੀ ਨੇ ਵੀਣੀ ਵਿਚਲੀਆਂ ਚੂੜੀਆਂ ਛਣਕਾਉਂਦਿਆਂ ਅੱਡੀ ਉੱਤੇ ਘੁੰਮ ਕੇ ਗੇੜਾ ਦਿੱਤਾ। ਜ਼ਖਮੀ ਸੱਪਣੀ ਦੇ ਫਨ ਚੁੱਕ ਕੇ ਫੁੰਕਾਰਾ ਮਾਰਨ ਵਾਂਗ ਦਲਬੀਰ ਨੇ ਮੰਜੇ ਤੋਂ ਉੱਠ ਕੇ ਦਬਕਾ ਮਾਰਿਆ, “ਚੂੜੀਆਂ ਤਾਂ ਠੀਕ ਆ, ਤੂੰ ਸੂਟ ਲੋਟ ਕਰ।”  

ਨਿੰਮੀ ਨੇ ਡਰੈਸਿੰਗ-ਟੇਬਲ ਦੇ ਵੱਲ ਪਿੱਠ ਕਰਕੇ ਸ਼ੀਸ਼ੇ ਵਿੱਚੋਂ ਆਪਣੇ ਜੈਂਪਰ ’ਤੇ ਨਿਗਾਹ ਮਾਰੀ ਤਾਂ ਘੇਰੇ ਦੀ ਲੇੜੀ ਪਿਛਿਉਂ ਸਲਵਾਰ ਦੇ ਨੇਫੇ ਵਿੱਚ ਅੜ੍ਹੀ ਹੋਈ ਸੀ। ਨਾਲੇ ਦੁਆਰਾ ਘੁੱਟੇ ਹੋਏ ਸੂਟ ਨੂੰ ਛਡਾਉਂਦਿਆਂ ਹੋਇਆਂ ਸਹਿਮ ਕੇ ਨਿੰਮੀ ਨੇ ਆਪਣੀ ਭੈਣ ਵੱਲ ਦੇਖਿਆ। ਇਸ ਤੋਂ ਪਹਿਲਾਂ ਕੇ ਦਲਬੀਰ ਉਹਨੂੰ ਗਾਲਾਂ ਅਤੇ ਧੱਕੇ ਦੇ ਕੇ ਆਪਣੇ ਘਰੋਂ, ਦਰੋਂ ਬਾਹਰ ਕੱਢਦੀ। ਨਿੰਮੀ ਨੇ ਆਪ ਹੀ ਲਾਹੁਣ ਲਈ ਚੂੜੀਆਂ ਨੂੰ ਹੱਥ ਪਾ ਲਿਆ।  

ਚੂੜੀਆਂ ਲਾਹੁਣ ਲੱਗੀ ਨਿੰਮੀ ਦੀਆਂ ਅੱਖਾਂ ਦੇ ਕੋਇਆਂ ਵਿੱਚ ਆ ਕੇ ਰੁੱਕੇ ਹੋਏ ਹੰਝੂ ਤੱਕ ਕੇ ਦਲਬੀਰ ਦਾ ਮਨ ਪਸੀਜ਼ ਗਿਆ। ਉਸਨੇ ਛੋਟੀ ਭੈਣ ਦੇ ਚੂੜੀਆਂ ਵਾਲੇ ਲਰਜ਼ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪਿਆਰ ਸਹਿਤ ਆਪਣੀਆਂ ਉਂਗਲਾਂ ਨਾਲ ਘੁੱਟਿਆ। ਅੱਖਾਂ ਪਲ ਭਰ ਲਈ ਬੰਦ ਕਰਕੇ ਸਿਰ ਮਾਰ-ਮਾਰ ਇਸ਼ਾਰੇ ਨਾਲ ਨਿੰਮੀ ਨੂੰ ਚੂੜੀਆਂ ਉਤਾਰਨ ਤੋਂ ਵਰਜ਼ ਦਿੱਤਾ।

ਚੂੜੀਆਂ ਪ੍ਰਾਪਤ ਕਰਨ ਲਈ ਨਿੰਮੀ ਨੂੰ ਕਿੰਨਾ ਕੁ ਡੁੱਬਣਾ ਪਿਆ? ਇਹ ਜਾਨਣ ਲਈ ਦਲਬੀਰ ਨੇ ਚਾਲ ਚੱਲੀ, “ਰਾਤ ਨੂੰ ਜੀਜੇ ਲਈ ਰੋਟੀ ਵੀ ਤੂੰ ਹੀ ਲੈ ਕੇ ਜਾਈਂ। ਸੂਟ ਤੋਂ ਘੱਟ ਨਾ ਮੰਨੀਂ।”

“ਲੈ ਮੈਨੂੰ ਤੂੰ ਨਿਆਣੀ ਸਮਝਦੀ ਏਂ? ਐਨੀ ਕੱਚੀ ਨ੍ਹੀਂ ਮੈਂ। ਗਰਾਰੇ ਅਤੇ ਰਾਣੀ-ਹਾਰ ਦਾ ਲੱਗਦੇ ਹੱਥ ਹੁਣੇ ਹੀ ਮੇਚਾ ਦੇ ਆਈ ਹਾਂ।” ਨਿੰਮੀ ਹੁੱਭ ਕੇ ਬੋਲੀ।

“ਵਾਹ, ਅੜੀਏ ਬੜੀ ਛੁੱਪੀ ਰੁਸਤਮ ਨਿਕਲੀ ਤੂੰ ਤਾਂ ਫੇਰ?”

ਦੋਨੋਂ ਭੈਣਾਂ ਇੱਕ ਸੁਰ ਹੋ ਕੇ ਉੱਚੀ-ਉੱਚੀ ਹੱਸਣ ਲੱਗ ਪਈਆਂ। ਉਹ ਐਨੀ ਜ਼ੋਰ-ਜ਼ੋਰ ਦੀ ਹੱਸ ਰਹੀਆਂ ਸਨ ਜਿਵੇਂ ਬਚਪਨ ਤੋਂ ਜਵਾਨੀ ਤੱਕ ਦੇ ਸਾਂਭੇ ਹੋਏ ਹਾਸਿਆਂ ਦੀ ਉਹਨਾਂ ਨੇ ਲੁੱਟ ਪਾ ਦਿੱਤੀ ਹੋਵੇ।

ਦਲਬੀਰ ਨੇ ਪਲੰਘ ’ਤੇ ਲਿਆ ਕੇ ਰੱਖਿਆ ਹੋਇਆ ਚੂੜੀਦਾਨ ਖੋਲ੍ਹਿਆ ਤੇ ਉਸ ਵਿੱਚੋਂ ਕੱਢ ਕੇ ਚੂੜੀਆਂ ਦਿਖਾਈਆਂ।

ਨਿੰਮੀ ਨੇ ਆਪਣੇ ਹੱਥਾਂ ਵਿੱਚ ਪਕੜ ਕੇ ਚੂੜੀਆਂ ਨਿਰਖ ਨਾਲ ਘੋਖੀਆਂ। ਉਹਨਾਂ ਚੂੜੀਆਂ ਉੱਤੇ ਪਾਣੀ ਰੰਗੇ ਦਮਕੜੇ-ਦਮਕੜੇ ਨਗੀਨੇ ਜੜ੍ਹੇ ਹੋਏ ਸਨ, ਜਿਨ੍ਹਾਂ ਸਦਕਾ ਚੂੜੀਆਂ ਦਾ ਅਸਲ ਰੰਗ ਨਹੀਂ ਸੀ ਦਿਸਦਾ ਬਲਕਿ ਉਹ ਸਫੈਦ ਹੀ ਪ੍ਰਤੀਤ ਹੁੰਦੀਆਂ ਸਨ। 

“ਬੋਲ? ਕੀ ਖਿਆਲ ਆ?” ਪ੍ਰਸੰਸਾ ਸੁਣਨ ਲਈ ਦਲਬੀਰ ਦੇ ਕੰਨ ਉਤਾਵਲੇ ਹੋ ਰਹੇ ਸਨ।

“ਊਂ… ਉਹ ਗੱਲ ਨ੍ਹੀਂ ਜੋ ਤੁਸੀਂ ਕਹਿ ਰਹੇ ਸੀ। ਮੈਂ ਉਦੋਂ ਦੀ ਸੋਚਦੀ ਸੀ ਪਤਾ ਨਈ ਕਿਹੋ ਜਿਹੀਆਂ ਹੋਣਗੀਆਂ ਤੁਹਾਡੀ ਗਰੇਵਾਲਣੀ ਦੀਆਂ ਚੂੜੀਆਂ?”

“ਤੂੰ ਧਿਆਨ ਨਾਲ ਦੇਖ ਲਿਆ ਮੈਂ ਪਾ ਕੇ ਦਖਾਉਂਦੀ ਆ ਤੈਨੂੰ? ਆਏਂ ਕੀ ਦਿਸਦੈ?” ਬੜੀ ਰੀਝ ਨਾਲ ਦਲਬੀਰ ਨੇ ਚੂੜੀਆਂ ਚੜਾਈਆਂ।

“ਦੀਦੀ ਬੁਰਾ ਨਾ ਮਨਾਵੋਂ ਤਾਂ ਇੱਕ ਗੱਲ ਕਵਾਂ?”

“ਲੈ ਇਹ ਕੀ ਤੂੰ ਓਪਰਿਆਂ ਆਂਗਰ ਅੱਡ ਹੋਣ ਵਾਲੀਆਂ ਗੱਲਾਂ ਕਰਦੀ ਏਂ? ਆਪਣੀ ਅੰਮਾ-ਜਾਈ ਦਾ ਮੈਂ ਕਿਉਂ ਬੁਰਾ ਮਨਾਉਂਗੀ?”

ਨਿੰਮੀ ਝਿਜਕ ਕੇ ਕਹਿਣ ਲੱਗੀ, “ਤੁਹਾਡੇ ਪੱਕੇ ਰੰਗ ਦੇ ਮਾਸ… ਮੇਰਾ ਮਤਲਵ ਤੁਹਾਡੇ ਸਾਂਵਲੇ ਰੰਗ ’ਤੇ ਇਹ ਚਿੱਟੀ ਭਾਅ ਮਾਰਦੀਆਂ ਚੂੜੀਆਂ ਉੱਕਾ ਈ ਨਹੀਂ ਫਬਦੀਆਂ। ਇਹਨਾਂ ਨਾਲ ਤਾਂ ਸਗੋਂ ਤੁਹਾਡੀਆਂ ਬਾਹਾਂ ਵੀ ਹੋਰ ਕਾਲੀਆਂ ਲੱਗਦੀਆਂ ਨੇ। ਲਾਹੋ ਪਰ੍ਹੇ ਇਹ ਜਲੂਸਖਾਨਾ।”

“ਊਂਹ ਹੁੰਅ?” ਦਲਬੀਰ ਨੂੰ ਨਿੰਮੀ ਉੱਤੇ ਯਕੀਨ, ਆ ਤਾਂ ਨਹੀਂ ਸੀ ਰਿਹਾ, ਪਰ ਫੇਰ ਵੀ ਉਸਨੇ ਕਰ ਲਿਆ ਤੇ ਸਣੇ ਆਪਣੀਆਂ ਸੋਨੇ ਵਾਲੀਆਂ ਚੂੜੀਆਂ ਦੇ, ਸਾਰੀਆਂ ਚੂੜੀਆਂ ਲਾਹ ਦਿੱਤੀਆਂ। ਨਿੰਮੀ ਦਲਬੀਰ ਨਾਲ ਨਿੰਮਾ ਜਿਹਾ ਹੱਸੀ।

“ਚੰਗਾ ਹੋਇਆ ਤੈਂ ਦੱਸ ਤਾ। ਪੁੱਛੇ ਦੱਸੇ ਬਿਨਾਂ ਕੀ ਪਤਾ ਲੱਗਦੈ? ਨਹੀਂ ਮੈਂ ਤਾਂ ਐਵੇਂ ਹੀ ਚੌੜੀ ਹੋਈ ਫਿਰਦੀ ਸੀ। ਉੱਤੋਂ ਜਿਹੜਾ ਮੰਗ ਕੇ ਅਗਲੇ ਦਾ ਅਹਿਸਾਨ ਕਰਵਾਉਣਾ ਉਹ ਵਾਧੂ ਦਾ। ਮੇਰੀ ਤਾਂ ਮੱਤ ਹੀ ਮਾਰੀ ਗਈ ਸੀ। ਕੀ ਜ਼ਰੂਰਤ ਹੈ ਇਹੋ ਜਿਹੀਆਂ ਚੂੜੀਆਂ ਦੀ, ਜੋ ਪਾਈਆਂ ਸੁੰਦਰ ਹੀ ਨਾ ਲੱਗਣ? ਚੂੜੀਆਂ ਤਾਂ ਚੂੜੀਆਂ ਹੁੰਦੀਆਂ ਨੇ ਸੋਨੇ ਦੀਆਂ ਹੋਈਆਂ ਕੇ ਚਾਂਦੀ ਦੀਆਂ। ਹੁਣ ਦੱਸ ਇਹ ਕੱਚ ਦੀਆਂ ਚੂੜੀਆਂ ਕਿਹੜਾ ਮਾੜੀਆਂ ਨੇ?” ਐਨਾ ਕਹਿ ਕੇ ਦਲਬੀਰ ਨੇ ਮੇਜ਼ ’ਤੇ ਪਈਆਂ ਨਿੰਮੀ ਦੀਆਂ ਚੂੜੀਆਂ ਚੁੱਕ ਕੇ ਪਾ ਲਈਆਂ। 

ਦਲਬੀਰ ਦੀਆਂ ਕਲਾਈਆਂ ਵਿੱਚ ਖੇਡਦੀਆਂ, ਆਪਣੀਆਂ ਵੰਗਾਂ ਦੇਖ ਕੇ ਨਿੰਮੀ ਨੂੰ ਬੜਾ ਗੁੱਸਾ ਚੜ੍ਹਿਆ। ਉਹਦਾ ਜੀਅ ਕੀਤਾ ਕਿ ਵੱਡੀ ਭੈਣ ਦੇ ਵੱਟ ਕੇ ਚਪੇੜ ਮਾਰੇ, ਮੂੰਹ ਵਿੱਚ ਜੋ ਗੰਦ ਆਵੇ ਉਹ ਬਕੇ ਤੇ ਪੁੱਛੇ ਕਿ ਉਸ ਨੇ ਕਿਸ ਤੋਂ ਪੁੱਛ ਕੇ ਉਸਦੀਆਂ ਚੂੜੀਆਂ ਪਹਿਨੀਆਂ ਨੇ। ਪਰ ਤਹਿਯੀਬ ਨੇ ਨਿੰਮੀ ਦੀ ਜ਼ਬਾਨ ਅਤੇ ਹੱਥਾਂ ਨੂੰ ਬੰਨ੍ਹ ਲਿਆ।

ਦਲਬੀਰ ਦੀਆਂ ਪ੍ਰਸ਼ਨਵਾਚਕ ਨਜ਼ਰਾਂ ਦਾ ਨਿੰਮੀ ਜੁਆਬ ਦੇਣ ਲੱਗੀ, “ਨਹੀਂ ਦੀਦੀ  ਇਹ ਲਾਲ ਚੂੜੀਆਂ ਤਾਂ ਹੋਰ ਵੀ ਬੁਰੀਆਂ ਲਗਦੀਆਂ ਨੇ। ਤੁਹਾਡੀ ਚਮੜੀ ਦੀ ਰੰਗਤ ਨਾਲ ਤਾਂ ਸੁਨਿਹਰੀ ਲਿਸ਼-ਲਿਸ਼ ਕਰਦੀਆਂ ਚੂੜੀਆਂ ਹੀ ਮੇਲ ਖਾਂਦੀਆਂ ਨੇ।”  

“ਹੱਛਾ? ਤੂੰ ਕਹਿੰਦੀ ਏਂ ਤਾਂ ਮੰਨ ਲੈਨੀ ਆਂ। ਵੈਸੇ ਮੈਨੂੰ ਤਾਂ ਇਹ ਲਾਲ ਗੁਲਾਲ ਚੂੜੀਆਂ ਬੜੀਆਂ ਪਸੰਦ ਆਈਆਂ ਨੇ। ਸੋਨੇ ਦੀਆਂ ਚੂੜੀਆਂ ਹੰਢਾਉਂਦਿਆ-ਹੰਢਾਉਂਦਿਆਂ ਤਾਂ ਮੈਂ ਅੱਕ ਗਈ ਹਾਂ। ਭੈਣੇ ਸੱਚ ਪੁੱਛੇਂ ਮੇਰਾ ਤਾਂ ਜੀਅ ਲਿਹਾ ਪਿਐ ਇਹਨਾਂ ਤੋਂ।”  

ਨਿੰਮੀ ਤੋਂ ਆਪਣੀਆਂ ਚੂੜੀਆਂ ਬਾਬਤ ਆਲੋਚਨਾ ਸੁਣ ਕੇ ਦਲਬੀਰ ਦਾ ਵੀ ਨਿੰਮੀ ਦੀਆਂ ਚੂੜੀਆਂ ਬਾਰੇ ਤਨਕੀਦ ਕਰਨ ਨੂੰ ਚਿੱਤ ਕਰਿਆ, “ਵੈਸੇ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਵੀ ਇੱਕ ਦਿਲ ਦੀ ਤੇਰੇ ਕੋਲ ਕਰ ਦੇਵਾਂ?”

ਨਿੰਮੀ ਨੇ ਹਰੀ ਝੱਡੀ ਦਿਖਾਉਂਦਿਆਂ ਗੌਰ ਫਰਮਾਉਣ ਦਾ ਆਸ਼ਵਾਸਨ ਦਿੱਤਾ, “ਲੈ ਇਹ ਵੀ  ਕੋਈ ਪੁੱਛਣ ਦੀ ਗੱਲ ਏ? ਤੁਸੀਂ ਮੇਰੇ ਵੱਡੇ ਭੈਣ ਜੀ ਹੋ, ਨਿਧੜਕ ਹੋ ਕੇ ਕਹੋ ਕੀ ਕਹਿਣਾ ਚਾਹੁੰਦੇ ਹੋ?”

“ਅਸਲ ਵਿੱਚ ਤੇਰੀਆਂ ਮਲਾਈ ਵਰਗੀਆਂ ਕਲਾਈਆਂ ਵਿੱਚ ਆਹ ਸੋਨੇ ਦੀਆਂ ਚੂੜੀਆਂ ਸੋਹਦੀਆਂ ਨਹੀਂ। ਮੇਰੇ ਕਹਿਣ ਦਾ ਭਾਵ ਗੋਰੇ ਰੰਗ ਉੱਤੇ ਸੁਨਿਹਰੀ ਰੰਗ ਕੋਈ ਬਹੁਤਾ ਉੱਠਦਾ ਨਹੀਂ। ਇਹ ਜੋ ਲਾਲ ਚੂੜੀਆਂ ਨੇ ਨਾ? ਤੇਰੇ ਪਾਈਆਂ ਐਨੀਆਂ ਜ਼ਿਆਦਾ ਫਬਦੀਆਂ ਸਨ ਕਿ ਦੂਰੋਂ ਹੀ ਦੇਖਣ ਵਾਲੇ ਦਾ ਧਿਆਨ ਖਿੱਚ ਲੈਂਦੀਆਂ ਸਨ।” ਦਲਬੀਰ ਨੇ ਵੀ ਆਪਣੀ ਸਲਾਹ ਦਿੱਤੀ।

“ਸੱਚੀ ਦੀਦੀ?” “ਹਾਂ, ਬਿਲਕੁੱਲ ਸੱਚ। ਇਸ ਹੋਣ ਵਾਲੇ ਬੱਚੇ ਦੀ ਕਸਮ।”  ਦਲਬੀਰ ਨੇ ਆਪਣੇ ਪੇਟ ’ਤੇ ਦੋਨੋਂ ਹੱਥ ਰੱਖੇ।

ਨਿੰਮੀ ਨੂੰ ਫਿਰ ਵੀ ਯਕੀਨ ਨਾ ਆਇਆ। ਉਹਨੇ ਆਪਣੇ ਚਿੱਤ ਵਿੱਚ ਸੋਚਿਆ ਇਹ ਕਿਵੇਂ ਹੋ ਸਕਦਾ ਹੈ? ਗੋਰੇ ਰੰਗ ਨਾਲ ਤਾਂ ਹਰੇਕ ਰੰਗ ਮੇਲ ਖਾ ਜਾਂਦੈ, ਫਿਰ ਇਹ ਸਵਰਨ ਚੂੜੀਆਂ ਨਾ ਸਜਣ? ਨਿੰਮੀ ਨੇ ਆਪਣੇ ਪਾਈਆਂ ਚੂੜੀਆਂ ਨੂੰ ਗਹੁ ਨਾਲ ਦੇਖਿਆ। ਪਰ ਉਹ ਕੋਈ ਨਿਰਣਾ ਨਾ ਲੈ ਸਕੀ। ਉਸ ਨੇ ਆਰਸੀ ਤੋਂ ਤਸਦੀਕ ਕਰਵਾਉਣੀ ਚਾਹੀ।

“ਹੈਂ ਆਹ ਕੀ?” ਦਰਪਨ ਨੇ ਵੀ ਉਹੋ ਕੁੱਝ ਕਿਹਾ ਜੋ ਦਲਬੀਰ ਨੇ ਆਖੀਆ ਸੀ। ਇਹਨਾਂ ਸੋਨੇ ਦੀਆਂ ਚੂੜੀਆਂ ਨੇ ਤਾਂ ਉਸਦੇ ਹੁਸਨ ਨੂੰ ਰੋਲਿਆ ਪਿਆ ਹੈ।

ਨਿੰਮੀ ਨੇ ਸੋਨੇ ਦੀਆਂ ਚੂੜੀਆਂ ਲਾਹ ਕੇ ਦਲਬੀਰ ਦੇ ਹਵਾਲੇ ਕਰਦਿਆਂ ਕਿਹਾ, “ਲੈ ਐਹ ਲਉ ਦੀਦੀ, ਸੋਨੇ ਦੀਆਂ ਚੂੜੀਆਂ ਤੁਹਾਨੂੰ ਹੀ ਮੁਬਾਰਕ ਹੋਣ। -ਲਿਆਉ ਮੈਨੂੰ ਤਾਂ ਮੇਰੀਆਂ ਚੂੜੀਆਂ ਮੋੜੇ। ਮੈਂ ਤਾਂ ਉਹੀ ਚੂੜੀਆਂ ਪਾਉਣੀਆਂ ਨੇ ਜਿਨ੍ਹਾਂ ਨੂੰ ਪਾ ਕੇ ਮੈਂ ਸੋਹਣੀ ਤੇ ਸੈਕਸੀ ਲੱਗਾਂ।”

ਦਲਬੀਰ ਨੇ ਨਿੰਮੀ ਦੀਆਂ ਚੂੜੀਆਂ ਨਿੰਮੀ ਨੂੰ ਮੋੜ ਦਿੱਤੀਆਂ ਤੇ ਨਿੰਮੀ ਦੀਆਂ ਲਾਹੀਆਂ ਚੂੜੀਆਂ ਅਤੇ ਆਪਣੀ ਚੂੜੀਆਂ, ਸਾਰੀਆਂ ਸੋਨੇ ਵਾਲੀਆਂ ਚੂੜੀਆਂ ਇਕੱਠੀਆਂ ਕਰਕੇ ਪਹਿਨ ਲਈਆਂ।

ਦੋਨੋਂ ਭੈਣਾਂ ਆਪਣੀ ਕਰੀ ਹੋਈ ਨਾਦਾਨੀ ਅਤੇ ਹੋਛੇਪਨ ਕਾਰਨ ਸ਼ਰਮ ਦੇ ਟੋਬੇ ਵਿੱਚ ਗਰਕ ਹੁੰਦੀਆਂ ਜਾ ਰਹੀਆਂ ਸਨ। ਉਹਨਾਂ ਨੂੰ ਸਮਝ ਆ ਗਈ ਸੀ ਕਿ ਉਹ ਭਰਮ ਵਿੱਚ ਫਸੀਆਂ ਚਾਅ ਨਾਲ ਉਹ ਚੂੜੀਆਂ ਪਾਉਣ ਲਈ ਮਰਦੀਆਂ ਸਨ, ਜਿਹੜੀਆਂ ਉਹਨਾਂ ਦੀ ਦਿੱਖ ਨੂੰ ਚਾਰ ਚੰਨ ਲਾਉਣ ਦੀ ਬਜਾਏ ਕੋਝਾ ਬਣਾ ਰਹੀਆਂ ਸਨ। ਕੀ ਲੋੜ ਸੀ ਉਹਨਾਂ ਨੂੰ ਅਜਿਹੀਆਂ ਚੂੜੀਆਂ ਪਹਿਨਣ ਦੀ? ਜੋ ਚੂੜੀਆਂ ਹਕੀਕਤਨ ਉਹਨਾਂ ਦੇ ਹੁਸਨ ਵਿੱਚ ਵਾਧਾ ਕਰ ਰਹੀਆਂ ਸਨ, ਉਹ ਚੂੜੀਆਂ ਉਹਨਾਂ ਦੇ ਨਖਰੇ ਹੇਠ ਨਹੀਂ ਸਨ। ਆਪਣੀ ਮੁਰਖਤਾ ਉੱਪਰ ਉਹ ਆਪ ਹੀ ਤਾੜੀਆਂ ਮਾਰ-ਮਾਰ ਕੇ ਹੱਸਣ ਲੱਗੀਆਂ। ਉਹਨਾਂ ਦੇ ਕਹਿਕਹੇ ਨਾਲ ਉਹਨਾਂ ਦੀਆਂ ਚੂੜੀਆਂ ਦਾ ਛਣਕਾਟਾ ਵੀ ਕਿਕਲੀ ਪਾ ਰਿਹਾ ਸੀ। ਆਪੋ ਆਪਣੀਆਂ ਖੂਬਸੂਰਤ ਵੰਗਾਂ ਵੱਲ ਦੇਖ-ਦੇਖ ਉਹਨਾਂ ਨੂੰ ਅਕਹਿ ਖੁਮਾਰੀ ਚੜ੍ਹ ਰਹੀ ਸੀ। ਨਿੰਮੀ ਜਾਣ-ਜਾਣ ਬਾਹਾਂ ਝੂਣਨ ਕੇ ਚੂੜੀਆਂ ਛਣਕਾਉਂਦੀ ਤੇ ਛਣਕਾਟਾ ਸੁਣ ਕੇ ਉਹਨੂੰ ਅਨੋਖੀ ਜਿਹੀ ਤਸੱਲੀ ਮਿਲਦੀ। ਆਈਨੇ ਵਿੱਚੋਂ ਚਮਕਦੀਆਂ ਚੂੜੀਆਂ ਦੇਖ ਕੇ ਦਲਬੀਰ ਨੂੰ ਵੀ ਗਜ਼ਬ ਦਾ ਸਕੂਨ ਮਿਲ ਰਿਹਾ ਸੀ। ਦੋਨਾਂ ਭੈਣਾਂ ਦੇ ਖਿੜੇ ਮੁਖੜਿਆਂ ਉੱਤੇ ਸੰਤੁਸ਼ਟੀ ਦੀ ਝਲਕ ਸੀ ਤੇ ਮਨਾਂ ਵਿੱਚ ਇਹ ਵਿਚਾਰ, “ਕਿਸੇ ਕੋਲ ਮੇਰੇ ਨਾਲ ਦੀਆਂ ਚੂੜੀਆਂ ਨਹੀਂ ਹਨ। ਸਾਰੀ ਦੁਨੀਆਂ ਤੋਂ ਸੋਹਣੀਆਂ ਨੇ ਮੇਰੀਆਂ ਚੂੜੀਆਂ…।”   

****

No comments:

Post a Comment