ਹੋਣੀ


ਅਖਬਾਰ  ਨੂੰ ਸਰਸਰੀ ਫਰੋਲਦੀ ਨਸੀਬ  ਕੌਰ  ਦੀ  ਨਿਗਾਹ  ਅਚਾਨਕ  ਇੱਕ ਪੰਨੇ 'ਤੇ ਜਾ ਕੇ ਅੜਕ ਗਈ।  ਡੀ ਐਸ ਪੀ ਬਾਜਵਾ ਦੇ ਕਾਤਲ ਪੁਲਿਸ ਹਿਰਾਸਤ ਵਿੱਚ ਇਸ ਸੁਰਖ਼ੀ ਹੇਠ  ਚਾਰ  ਨਰਮ ਜਿਹੀ  ਉਮਰ ਦੇ  ਸੋਹਣੇ  ਨੌਜਵਾਨਾਂ  ਦੀਆਂ  ਫੋਟੋਆਂ ਲੱਗੀਆਂ ਸਨ।   ਖਬਰ ਨੂੰ ਪੜ੍ਹਦਿਆਂ  ਹੀ  ਉਸ  ਦਾ  ਸਾਰਾ  ਸ਼ਰੀਰ ਝੰਜੋੜਿਆ ਗਿਆ।  ਉਹ  ਚਾਰਾਂ ਵਿੱਚੋਂ ਜਿਹੜੀ ਵੀ ਤਸਵੀਰ ਤੱਕਦੀ, ਉਸੇ ਵਿੱਚੋਂ ਹੀ ਉਸ ਨੂੰ ਆਪਣੇ ਪੁੱਤਰ ਤੇਜਵੰਤ ਦਾ ਝਾਉਲਾ ਪੈਂਦਾ। ਉਸ ਨੂੰ ਹਰ ਮੁੰਡਾ ਆਪਣੇ ਤੇਜ ਵਰਗਾ ਲੱਗਦਾ।
ਜਦੋਂ ਦੇ ਪੰਜਾਬ ਦੇ ਹਾਲਾਤ ਵਿਗੜੇ ਹਨ। ਅਖਬਾਰਾਂ ਦੀਆਂ ਖਬਰਾਂ ਤਾਂ ਉਹ ਹੀ ਰਹਿੰਦੀਆਂ ਹਨ। ਪਰ ਗਭਰੂਆਂ ਦੀਆਂ ਤਸਵੀਰਾਂ ਰੋਜ਼ ਬਦਲ ਜਾਂਦੀਆਂ ਹਨ। ਕੋਈ ਪੁਲਿਸ ਤਸ਼ਦੱਦ ਨੂੰ ਨਾ ਸਹਾਰਦੇ  ਹੋਏ  ਦਮ ਤੋੜ ਗਿਆ,  ਕਿਸੇ ਦੀ ਗ੍ਰਿਫਤਾਰੀ, ਕੋਈ  ਮੁਕਾਬਲੇ ਵਿੱਚ ਮਾਰਿਆ ਗਿਆ,  ਕਿਸੇ ਦੇ ਸਿਰ 'ਤੇ ਇਨਾਮ ਅਤੇ ਕੋਈ ਭਗੌੜਾ ਹੋ ਗਿਆ।
ਅਜਿਹੀਆਂ ਖਬਰਾਂ ਨੂੰ ਪੜ੍ਹਦਿਆਂ ਹੀ ਨਸੀਬ ਕੌਰ ਦਾ ਵਜੂਦ ਕੰਬ ਜਾਂਦਾ ਹੈ।  ਹਾਲਾਤ ਦਿਨੋਂ ਦਿਨ ਵਿਗੜਦੇ  ਜਾ ਰਹੇ ਹਨ।  ਰੋਜ਼ਾਨਾ ਹੁੰਦੇ  ਰਕਤਨਾਚ ਕਾਰਨ  ਯੁਵਾ ਮੁੰਡਿਆਂ ਦਾ ਪਿੰਡ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਹੋਰਨਾਂ ਮਾਪਿਆਂ ਵਾਂਗ ਨਸੀਬ ਕੌਰ ਅਤੇ ਸਵਰਨ ਸਿੰਘ ਵੀ ਚਿੰਤਾਗ੍ਰਸਤ ਸਥਿਤੀ ਵਿੱਚ ਹਨ। ਉਹਨਾਂ ਨੂੰ ਆਪਣੇ ਇਕਲੌਤੇ ਪੁੱਤਰ ਦੇ ਭਵਿੱਖ ਦੀ ਕੋਈ ਉਂਂੱਜਲੀ ਕਿਰਨ ਨਜ਼ਰ ਨਹੀਂ ਆ ਰਹੀ।
ਕੁੱਝ ਦਿਨ ਪਹਿਲਾਂ ਹੀ ਪੁਲਿਸ ਨੇ ਪਿੰਡ ਦੇ ਸਰਪੰਚਾਂ ਦਾ ਮੁੰਡਾ ਚੁੱਕ ਲਿਆ ਸੀ। ਧਨ ਦੌਲਤ ਅਤੇ ਅਸਰ-ਰਸੂਖ  ਸਦਕਾ ਉਹਨਾਂ  ਨੇ ਆਪਣੇ  ਮੁੰਡੇ ਨੂੰ ਰਿਹਾਅ  ਕਰਵਾ ਕੇ ਅਮਰੀਕਾ ਭੇਜ ਦਿੱਤਾ ਸੀ। ਇਸ ਘਟਨਾ ਤੋਂ ਮਗਰੋਂ ਪਿੰਡ ਵਿੱਚ ਅਜੀਬ ਜਿਹੀ  ਦਹਿਸ਼ਤ ਫੈਲ ਗਈ ਸੀ।  ਸਭਨਾਂ ਨੇ ਆਪਣੇ ਨੌਜਵਾਨ ਮੁੰਡਿਆਂ ਨੂੰ ਬਾਹਰ ਭੇਜਣ ਦੇ ਹੀਲੇ ਕਰ ਲਏ ਸਨ। ਜਿਨ੍ਹਾਂ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਉਹਨਾਂ ਨੇ ਦੇਸ਼ ਦੇ ਦੂਜੇ ਅਮਨਪ੍ਰਸਤ ਸੂਬਿਆਂ  ਵਿੱਚ ਆਪੋ ਆਪਣੇ ਮੁੰਡਿਆਂ ਨੂੰ ਘੱਲ ਦਿੱਤਾ ਸੀ।  ਕੋਈ ਦਿੱਲੀ, ਕੋਈ ਬੰਬੇ, ਕੋਈ ਕਲਕੱਤੇ, ਪੰਜਾਬ ਤੋਂ ਦੂਰ ਜਿੱਥੇ ਕਿਤੇ ਵੀ ਕਿਸੇ ਦੀ ਰਿਸ਼ਤੇਦਾਰੀ ਜਾਂ ਲਿਹਾਜ਼ ਸੀ।  ਪਿੰਡ ਦੇ ਸਭ ਮੁੰਡੇ ਖਿੰਡ-ਪੁੰਡ ਗਏ ਸਨ।
ਸਵਰਨ  ਸਿੰਘ  ਦੀਆਂ  ਤਾਂ  ਸਾਰੀਆਂ  ਰਿਸ਼ਤੇਦਾਰੀਆਂ  ਤੇ  ਜਾਣ ਪਹਿਚਾਣ  ਲਾਗੇ   ਦੇ  ਪਿੰਡਾਂ ਤੱਕ ਹੀ ਮਹਿਦੂਦ ਸੀ।  ਤੇਜ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਤਸੱਵਰ ਕਰਨਾ ਵੀ ਉਸ ਲਈ ਦੂਰ ਦੀ ਗੱਲ ਸੀ।
ਦਸ ਕੁ ਸਾਲ ਪਹਿਲਾਂ ਸਵਰਨ ਸਿੰਘ ਦੀ ਭੂਆ ਦਾ ਪੁੱਤ ਅਮਰੀਕ ਇੰਗਲੈਂਡ ਜਾ ਕੇ ਵੱਸ ਗਿਆ ਸੀ। ਅਮਰੀਕ ਦਾ ਖਿਆਲ ਆਉਂਦਿਆ ਹੀ  ਉਸ ਦੇ ਮਨ ਅੰਦਰ ਉਮੀਦ ਦੀ ਇੱਕ ਜੋਤ ਜਗੀ।
ਸਵਰਨ ਸਿੰਘ ਨੇ ਨਸੀਬ ਕੌਰ ਨਾਲ ਮਸ਼ਵਰਾ ਕਰਿਆ, "ਆਪਾਂ ਕਿਉਂ ਨਾ ਤੇਜ ਨੂੰ ਬਾਹਰਲੇ ਮੁਲਖ ਭੇਜ ਦਈਏ ।"  "ਬਾਹਰ ਕੀ ਪਿਐ? ਦਿਹਾੜੀਆਂ ਹੀ ਕਰਦੇ ਆ ਲੋਕ ਉੱਧਰ ਤਾਂ।" ਪਤੀ ਦੇ ਅਸਲ ਮਨੋਰਥ ਤੋਂ ਬੇਖਬਰ ਨਸੀਬ ਕੌਰ ਨੇ ਸਹਿਜ ਸੁਭਾਅ ਉੱਤਰ ਦਿੱਤਾ। 
"ਜੇਲ੍ਹਾਂ ਵਿੱਚ ਜਵਾਨੀ ਗਾਲਣ ਨਾਲੋਂ ਤਾਂ ਚੰਗਾ ਹੈ।" ਉਸ ਨੇ ਪਤਨੀ ਦੇ ਜੁਆਬ ਨੂੰ ਤਾੜ ਕੇ, ਗੱਲ ਦਾ  ਰੁਖ਼ ਅਸਲੀ ਮੁੱਦੇ ਵੱਲ ਮੋੜਦਿਆਂ ਕਿਹਾ। 
"ਉਂਝ ਤਾਂ ਮੇਰਾ ਦਿਲ ਵੀ ਡਰਦਾ ਹੈ।  ਬਈ ਜੇ ਕੱਲ੍ਹ ਨੂੰ ਕੋਈ ਅਣਹੋਣੀ ਹੋ ਗਈ ਤਾਂ ਆਪਾਂ  ਕਿੱਧਰ ਨੂੰ ਜਾਵਾਂਗੇ।  - ਚੰਗਾ ਹੀ ਹੈ ਜੇ ਇਹ ਕਿਤੇ ਬਾਹਰ  ਨਿਕਲ ਜਾਵੇ।"  ਨਸੀਬ  ਕੌਰ  ਨੇ  ਆਪਣੇ ਮਨ  ਅੰਦਰ  ਪਲਦੇ ਖੌਫ਼  ਦਾ  ਇਜ਼ਹਾਰ ਕਰਦਿਆਂ ਮਨਜ਼ੂਰੀ ਦੇ ਦਿੱਤੀ।
ਉਹਨਾਂ ਦਾ ਇੱਕੋ ਇੱਕ ਮੁੰਡੇ ਨੂੰ ਘਰੋਂ ਕੱਢਣ ਦਾ ਜੀਅ ਤਾਂ ਨਹੀਂ ਕਰਦਾ। ਪਰ ਹਾਲਾਤ ਆਦਮੀ ਨੂੰ ਕਈ ਵਾਰ ਨਿਹੱਥਾ ਤੇ ਲਾਚਾਰ ਬਣਾ ਦਿੰਦੇ ਹਨ। ਤੇਜ ਨੂੰ ਵੀ ਬਾਹਰ ਜਾਣ ਦੀ ਕੋਈ ਵਿਸ਼ੇਸ਼ ਰੁਚੀ  ਨਹੀਂ,  ਤਾਂ ਹੀ ਮਾਪਿਆਂ  ਦੇ ਮਨਸੂਬੇ  ਦਾ ਇਲਮ ਹੁੰਦਿਆਂ ਹੀ  ਉਸ ਨੇ  ਇਨਕਾਰ ਕਰ ਦਿੱਤਾ।
"ਤੁਸੀਂ ਵੀ ਤਾਂ ਇੱਥੇ ਹੋ?"  ਬਾਹਰ ਜਾਣ ਤੋਂ ਬਚਣ ਲਈ ਤੇਜ ਨੇ ਬਹਾਨਾ ਲਾਇਆ।
"ਅਸੀਂ ਤਾਂ ਆਪਣੀ ਖਾਈ ਹੰਢਾਈ ਬੈਠੇ ਹਾਂ। ਸਾਡਾ ਬੁੜਿਆਂ ਦਾ ਕੀ ਆ? ਤੇਰੇ ਅੱਗੇ ਤਾਂ ਸਾਰੀ ਉਮਰ ਪਈ ਹੈ।" ਮੁਨਕਰ ਹੋਏ ਪੁੱਤ ਨੂੰ ਰਜ਼ਾਮੰਦ ਕਰਨ ਲਈ ਸਵਰਨ ਸਿੰਘ ਨੇ ਸਮਝਾਇਆ।
"ਪਰ ਤੁਹਾਨੂੰ ਛੱਡ ਕੇ ਮੈਂ ਕਿਵੇਂ ਜਾ ਸਕਦਾਂ?" ਤੇਜ ਨੇ ਆਪਣੇ ਦਿਲ ਦੀ ਦੱਸੀ।
"ਆਪਣੇ ਡੈਡੀ ਦੇ ਆਖੇ ਲੱਗ। ਸਾਡਾ ਬੁਢਾਪਾ ਨਾ ਰੋਲ। ਸਾਨੂੰ ਤੇਰੇ ਤੋਂ ਬਹੁਤ ਆਸਾਂ ਨੇ। ਅਸੀਂ ਕੀ ਕਰਾਂਗੇ?" ਮਮਤਾ ਨੇ ਤਰਲਾ ਕਰਿਆ।
"ਨਹੀਂ ਮੰਮੀ, ਮੈਂ ਨਹੀਂ।" ਅਜੇ ਵੀ ਤੇਜ ਅੜਿਆ ਰਿਹਾ।
"ਪੁੱਤ ਮੈਂ ਨਹੀਂ ਚਾਹੁੰਦੀ ਕਿ ਤੇਰਾ ਹਸ਼ਰ ਵੀ ਹੋਰਨਾਂ ਮੁੰਡਿਆਂ ਵਾਲਾ ਹੋਵੇ। ਘਰੋਂ ਭੱਜ ਕੇ  ਤੂੰ ਵੀ ਅੱਤਵਾਦੀ  ਬਣੇ।  ਅਖਬਾਰਾਂ ਵਿੱਚ ਤੇਰੀ ਫੋਟੋ ਛਪੇ।  ਲੋਕ ਤੈਨੂੰ ਕਾਤਲ ਕਹਿਣ।  ਪੁਲਿਸ ਤੈਨੂੰ ਕੁੱਟੇ, ਮਾਰੇ ਜਾਂ  ਫਿਰ  ਮੁਕਾਬਲੇ  ਵਿੱਚ।  ਅੱਖਾਂ  ਰਾਹੀ  ਬੇਵਸੀ ਦਰਸਾਉਂਦਿਆਂ ਨਸੀਬ  ਕੌਰ  ਚਿੰਤਾਤੁਰ  ਧੁੰਨੀ  ਵਿੱਚ ਕਿੰਨਾ ਕੁੱਝ ਕਹਿ ਗਈ।  ਉਸ ਦੀਆਂ ਅੱਖਾਂ ਵਿੱਚ ਤੈਰਦੇ  ਹੰਝੂਆਂ ਨੇ ਉਸ ਦੀਆਂ ਪਲਕਾਂ ਸਿਲੀਆਂ ਕਰ ਦਿੱਤੀਆਂ।"
"ਚਲੋ  ਜਿਵੇਂ  ਤੁਸੀਂ ਠੀਕ  ਸਮਝੋ  ਮੰਮੀ।"  ਮਾਪਿਆਂ ਦੇ  ਜ਼ਿੱਦੀ-ਖੋਰ  ਸੁਭਾਅ ਤੋਂ ਜਾਣੂ ਤੇਜ ਨੇ ਜਿਰਹਾ ਕਰਨੀ ਮੁਨਾਸਬ ਨਾ ਸਮਝੀ।  ਉਹਨੇ ਆਤਮਜ਼ਿੱਦ ਦੀ ਸੰਘੀ ਘੁੱਟ ਕੇ  ਮਾਪਿਆਂ ਦੀ ਖ਼ਾਹਸ਼ 'ਤੇ ਫੁੱਲ ਚੜ੍ਹਾਉਣੇ ਸਵੀਕਾਰ ਲਏ।
ਸਵਰਨ ਸਿੰਘ ਨੇ ਦਿੱਲੀ ਦੇ ਇੱਕ ਏਜੰਟ ਨਾਲ ਗੰਢ-ਤੁਪ ਕਰ ਲਈ। ਉਸ ਏਜੰਟ ਨੇ ਪਹਿਲਾਂ ਵੀ ਇਲਾਕੇ ਦੇ ਕਈ ਬੰਦੇ ਬਾਹਰ ਭੇਜੇ ਸਨ। ਤੇਜ ਨੂੰ ਬਾਹਰ ਭੇਜਣ ਦੇ ਇਵਜ਼ ਵਿੱਚ ਏਜੰਟ ਨੇ ਪੰਜ ਲੱੱਖ ਮੰਗਿਆ। ਇੱਕ ਪਲ ਲਈ ਤਾਂ ਸਵਰਨ ਸਿੰਘ ਨੂੰ ਪੰਜ ਲੱਖ ਰੁਪਈਏ ਬਹੁਤ ਜ਼ਿਆਦਾ ਲੱਗੇ। ਪਰ ਜਦੋਂ ਆਪਣੇ ਪੁੱਤਰ ਦੀ  ਜਾਨ ਨਾਲ ਤਸਬੀਹ ਕਰਿਆ  ਤਾਂ ਉਸ ਨੂੰ ਇਹ ਨਿਹਾਇਅਤ ਹੀ ਮਾਮੂਲੀ ਜਿਹੀ ਰਕਮ ਲੱਗੀ।
"ਜੱਦੀ ਜ਼ਮੀਨ ਜਾਇਦਾਦ ਕਦੋਂ ਕੰਮ ਆਊਗੀ? ਪੈਸਾ ਤਾਂ ਹੱਥਾਂ ਦੀ ਮੈਲ ਹੈ। ਕਰਮਾਂ 'ਚ ਹੋਊ ਤਾਂ ਫੇਰ ਜੁੜ ਜੂ।" ਸਵਰਨ ਸਿੰਘ ਨੇ ਆਪਣੇ ਡੋਲ ਰਹੇ ਮਨ ਨੂੰ ਧਰਵਾਸਾ ਦਿੱਤਾ।
ਕੁੱਝ  ਦਿਨਾਂ  ਬਾਅਦ  ਵਤਨ  ਦੀ  ਸਰਜ਼ਮੀਨ ਤੇ ਆਪਣਿਆਂ ਨੂੰ ਅਲਵਿਦਾ  ਕਹਿ ਕੇ ਤੇਜ ਨੇ ਯਾਤਰਾ ਆਰੰਭ ਦਿੱਤੀ। ਉਹ ਦੋ ਮਹੀਨੇ ਰਸ਼ੀਆ ਰਿਹਾ। ਫਿਰ ਮਹੀਨਾ ਜਰਮਨ ਫਰੈਂਕਫਰਟ ਵਿਖੇ ਹੋਟਲ ਵਿੱਚ ਕੰਮ ਕਰਨਾ ਪਿਆ। ਕੁੱਝ ਅਰਸਾ ਫਰਾਂਸ  ਹੁੰਦਾ ਹੋਇਆ, ਯੂਰਪ ਦੇ ਕਿੰਨੇ ਹੀ ਮੁਲਖਾਂ ਵਿੱਚ ਧੱਕੇ ਖਾਣ ਉਪਰੰਤ ਕਿਤੇ ਜਾ ਕੇ ਉਹ ਇੰਗਲੈਂਡ ਅੱਪੜਿਆ।
ਇੰਗਲੈਂਡ ਪਹੁੰਚੇ ਤੇਜ ਨੂੰ ਅਮਰੀਕ ਤਾਏ ਨੇ ਸਾਂਭਣਾ ਤਾਂ ਕੀ ਸੀ? ਪਹਿਚਾਨਣ ਤੋਂ ਵੀ ਜੁਆਬ ਦੇ ਦਿੱਤਾ। ਤਾਏ  ਦੇ  ਵਰਤਾਉ  ਤੋਂ ਤੇਜ  ਦੇ  ਮਨ ਨੂੰ ਕਾਫ਼ੀ ਠੇਸ ਲੱਗੀ। ਹੁਣ ਇੱਕਦਮ ਉਸ ਦੇ ਫ਼ਿਕਰਾਂ ਵਿੱਚ, ਰਹਿਣ ਦਾ ਮਸਲਾ, ਪੇਟ ਦੀ ਚਿੰਤਾ, ਫੜੇ ਜਾਣ ਦਾ ਤੌਖਲਾ ਜਮ੍ਹਾਂ ਹੋ ਗਏ।
ਬੇਦਿਲ ਤੇ ਮਾਯੂਸ ਸੜਕਾਂ 'ਤੇ ਭਟਕਦੇ ਫਿਰਦੇ ਤੇਜ ਦੀ ਅਚਾਨਕ ਸੁਜਾਨ ਸਿੰਘ ਨਾਮੀ  ਇੱਕ ਵਿਅਕਤੀ ਨਾਲ ਮੁਲਾਕਾਤ ਹੋਈ। ਤੇਜ ਨੇ ਆਪਣੀ ਸਾਰੀ ਵਿਥਿਆ ਉਸ ਨੂੰ ਸੁਣਾਈ। ਸੁਜਾਨ ਸਿੰਘ ਤੇਜ ਲਈ ਮਸੀਹਾ ਬਣ ਕੇ ਬਹੁੜਿਆ ਸੀ।  ਸੁਜਾਨ  ਸਿੰਘ ਨੇ ਤਰਸ  ਖਾਹ ਕੇ  ਤੇਜ ਨੂੰ ਕੰਮ 'ਤੇ ਲੁਆ ਦਿੱਤਾ।  ਕਿਰਾਏ ਦਾ ਘਰ ਲੈਣ ਵਿੱਚ ਮਦਦ ਕੀਤੀ।
ਤੇਜ ਦੇ ਸਾਹਮਣੇ ਪੱਕੇ ਹੋਣ ਦਾ ਮਸਲਾ ਜਿਉਂ ਦਾ  ਤਿਉਂ  ਖੜ੍ਹਾ  ਸੀ।  ਵਿਆਹ  ਬਿਨਾਂ  ਇਹ ਸੰਭਵ ਨਹੀਂ ਸੀ। ਸੁਜਾਨ ਸਿੰਘ ਹੁਣ ਤੱਕ ਤੇਜ ਬਾਰੇ ਕਾਫ਼ੀ ਕੁੱਝ ਜਾਣ ਚੁੱਕਾ ਸੀ। ਸੁਜਾਨ ਸਿੰਘ ਨੇ ਆਪਣੀ ਇੱਕ ਕੁੜੀ ਦਾ ਰਿਸ਼ਤਾ ਵੀ ਤੇਜ ਨੂੰ ਕਰ ਦਿੱਤਾ।
ਸਤਵਿੰਦਰ (ਸੱਤੀ) ਦੇਖਣ ਪਰਖਣ ਨੂੰ ਸੋਹਣੀ ਸੀ। ਵਿਆਹ ਹੋ ਗਿਆ। ਦੋ ਚਾਰ ਹਫ਼ਤੇ ਸੋਹਣੇ ਗੁਜ਼ਰੇ।  ਵਿਆਹ ਹੋਣ ਸਾਰ ਲੋੜੀਂਦੀ  ਕਾਰਵਾਈ  ਕਰ ਕੇ ਵਕੀਲ ਨੇ ਅਪਲਾਈ ਕਰ ਦਿੱਤਾ। ਰੱਬ ਨੇ ਤੇਜ ਦੀ ਸੁਣ ਲਈ। ਉਸ ਨੂੰ ਇੱਕ ਸਾਲ ਵਾਸਤੇ ਸਟੈਂਪ ਲੱਗ ਗਈ।
ਜੇ ਇੱਕ ਸਾਲ ਦੇ ਅਰਸੇ ਦੇ  ਖਤਮ ਹੋਣ  ਦੇ ਬਾਅਦ  ਵੀ  ਤੁਸੀਂ ਇੱਕ  ਦੂਸਰੇ ਦੇ  ਸੰਗ  ਪਤੀ ਪਤਨੀ ਦੀ ਹੈਸੀਅਤ ਨਾਲ ਰਹਿਣਾ ਚਾਹੋਂਗੇ,  ਤਾਂ ਤੈਨੂੰ ਪੱਕਾ ਕਰ ਦਿੱਤਾ ਜਾਵੇਗਾ। ਵਕੀਲ ਨੇ ਤੇਜ ਨੂੰ ਸਭ ਸਮਝਾ ਦਿੱਤਾ।  ਤੇਜ ਦਾ ਲੂੰ-ਲੂੰ ਸੁਜਾਨ ਸਿੰਘ ਦੇ ਅਹਿਸਾਨਾਂ ਹੇਠ ਕਰਜ਼ਾਈ ਹੋ ਗਿਆ ਸੀ।
ਤੇਜ ਨੇ ਸੁੱਖ ਦੇ ਸਾਹ ਤੇ ਚੈਨ ਦੀ ਨੀਂਦ ਬਾਰੇ ਸੋਚਣਾ ਸ਼ੁਰੂ ਹੀ ਕੀਤਾ ਸੀ। ਪਰ ਬਦਕਿਸਮਤੀ ਨੇ ਅਜੇ ਵੀ ਉਹਦਾ  ਪਿੱਛਾ ਨਹੀਂ ਸੀ ਛੱਡਿਆ।  ਵਿਆਹ ਉਸ ਦੇ ਹਾਲਾਤ  ਖੁਸ਼ਗਵਾਰ ਕਰਨ ਵਿੱਚ ਕਰਾਮਾਤੀ ਸਿੱਧ ਨਾ ਹੋਇਆ। ਨਾ ਤੇਜ ਦੇ ਚਿਹਰੇ 'ਤੇ ਰੌਣਕਾਂ ਆਈਆਂ ਤੇ ਨਾ ਹੀ ਸੱਤੀ ਦਾ ਰੂਪ ਖਿੜਿਆ।  ਉਹਨਾਂ ਪਤੀ ਪਤਨੀ  ਦੇ ਵਿਚਾਰਾਂ  ਦਾ ਕਿਤੇ ਵੀ  ਸਗੰਮ ਨਹੀਂ ਸੀ ਹੁੰਦਾ। ਖਿਆਲਾਂ ਦੀ  ਨਿਰੰਤਰ  ਟੱਕਰ ਤੇ  ਨਿੱਤ ਦੀ  ਬਹਿਸ ਕਾਰਨ  ਘਰ ਨੇ ਜੰਗੀ ਅਖਾੜੇ ਦਾ ਰੂਪ ਅਖ਼ਤਿਆਰ ਕਰ ਲਿਆ।
ਪੱਛਮੀ ਸੱਭਿਅਤਾ ਦੇ ਰੰਗਾਂ ਵਿੱਚ ਰੰਗੀ, ਮਾਡਰਨਿਜ਼ਮ ਦੀ ਦੀਵਾਨੀ ਸੱਤੀ, ਤੇਜ ਨੂੰ ਟਿੱਚ ਕਰਕੇ ਜਾਣਦੀ।  ਸੱਤੀ  ਨੂੰ  ਤੇਜ  ਦੀਆਂ  ਆਦਤਾਂ  ਚੰਗੀਆਂ  ਨਾ  ਲੱਗਦੀਆਂ  ਤੇ  ਉਸ  ਦੀਆਂ   ਗੱਲਾਂ ਦਕਿਆਨੂਸੀ ਜਾਪਦੀਆਂ। ਕੁੱਝ ਦੇਰ ਬਾਅਦ ਉਹਨਾਂ ਵਿੱਚ ਤਨਾਓ ਆ ਗਿਆ।
ਸੱਤੀ ਬੈਕਲੈਸ ਡਰੈਸਾਂ,  ਸਲੀਵਲੈਸ ਬਲਾਊਜ਼ ਤੇ ਸੀ ਥਰੂਅ ਕਮੀਜ਼ ਆਦਿ ਹਰ ਤਰ੍ਹਾਂ ਦੇ ਇਤਰਾਜ਼ਯੋਗ  ਵਸਤਰ ਹੀ ਜ਼ਿਆਦਾਤਰ ਧਾਰਨ ਕਰਦੀ।  ਇੱਕ ਦਿਨ ਉਸ ਨੂੰ ਤੇਜ ਨੇ ਜਦੋਂ ਅਜਿਹੀਆਂ ਪੁਸ਼ਾਕਾਂ ਪਹਿਨਣ ਤੋਂ ਵਰਜਿਆ ਤਾਂ ਉਹ ਲੜਨ 'ਤੇ ਉਤਰ ਆਈ, "ਡੌਂਟ ਯੂ ਟੈੱਲ ਮੀ ਵੱਟ ਟੂ ਡੂ ਐਂਡ ਵੱਟ ਨਾਟ। ਮਿਸਟਰ, ਇਹ ਫਰੀ ਕੰਟਰੀ ਹੈ। ਇੱਥੇ ਕੋਈ ਜੋ ਮਰਜ਼ੀ ਕਰੇ। ਮੇਰੀ ਅਜ਼ਾਦੀ ਵਿੱਚ ਖਲਨ ਬਣਨ ਦੀ ਕੋਸ਼ਿਸ਼ ਨਾ ਕਰ। -ਮੈਂ ਚਾਹੇ ਨੰਗੀ ਫਿਰਾਂ। ਤੂੰ ਕੌਣ ਹੁੰਨੈਂ ਮੈਨੂੰ ਰੋਕਣ-ਟੋਕਣ ਵਾਲਾ?"
"ਸਤਵਿੰਦਰ ਮੈਂ ਚਾਹੁੰਨਾਂ ਆਪਣੇ ਵਿੱਚ ਅੰਡਰਸਟੈਡਿੰਗ ਹੋਵੇ। ਕੁੱਝ ਮੈਂ ਆਪਣੇ ਆਪ ਨੂੰ ਤੇਰੇ ਅਨੁਸਾਰ  ਬਦਲਦਾ  ਹਾਂ,  ਕੁੱਝ ਤੂੰ  ਆਪ  ਨੂੰ ਮੇਰੇ  ਮੁਤਾਬਕ  ਢਾਲ।   ਆਪਾਂ  ਖੂਬ  ਲਾਇਫ਼ ਇੰਨਜੁਆਏ ਕਰੀਏ।" ਤੇਜ ਨੇ ਆਪਣੀ ਕਲਪਨਾ ਦਾ ਪ੍ਰਗਟਾਵਾ ਕੀਤਾ।
"ਮੈਂ ਤਾਂ ਪਹਿਲਾਂ ਹੀ ਬਹੁਤ ਇੰਨਜੁਆਏ ਕਰਦੀ ਸੀ।  ਵਿਆਹ ਕਰਵਾ ਕੇ ਤਾਂ ਫਾਹਾ ਗਲ ਪਾ ਲਿਆ।" ਸੱਤੀ ਨੇ ਆਪਣਾ ਪਛਤਾਵਾ ਜ਼ਾਹਰ ਕਰਿਆ।
"ਜੇ  ਮੇਰੇ ਬਾਰੇ  ਤੇਰੇ  ਇਹੀ ਵਿਚਾਰ ਸੀ ਤਾਂ ਵਿਆਹ ਹੀ ਕਿਉਂ ਕਰਾਉਣਾ ਸੀ?  ਇੰਨਜੁਆਏ ਕਰੀ ਜਾਂਦੀ।" ਤੇਜ ਨੇ ਅੱਕ ਕੇ ਕਿਹਾ।
"ਵਿਆਹ ਤਾਂ ਮੈਂ ਡੈਡੀ ਹੋਰਾਂ ਦੇ ਕਹਿਣ 'ਤੇ ਹੀ ਕਰਵਾਇਐ। ਸ਼ੁਕਰ ਕਰ ਤੈਨੂੰ ਪੱਕਾ ਕਰਵਾ'ਤਾ। ਵੱਟ ਮੋਰ ਯੂ ਵਾਂਟ। ਸੱਤੀ ਦਾ ਹਰ ਇੱਕ ਸ਼ਬਦ ਕੁੜੱਤਣ ਤੇ ਨਫ਼ਰਤ ਨਾਲ ਲਬਰੇਜ਼ ਸੀ।"
"ਦੇਅਰ ਇਜ਼ ਲੌਟ  ਮੋਰ ਦੈਟ ਆਈ ਵਾਂਟ।  ਮੈਂ ਵਿਆਹ ਸਿਰਫ਼ ਪੱਕੇ ਹੋਣ ਲਈ ਹੀ ਤਾਂ ਨਹੀਂ ਕਰਵਾਇਆ।  ਮੈਨੂੰ  ਸਿਰਫ਼  ਇੰਗਲੈਂਡ  ਨਹੀਂ,  ਇੱਕ ਪਤਨੀ ਵੀ ਚਾਹੀਦੀ ਹੈ।" ਤੇਜ ਦੇ ਧੁਰ ਅੰਦਰੋਂ ਆਵਾਜ਼ ਨਿਕਲੀ।
"ਓ ਗਾਡ,  ਕਿਹੋ ਜਿਹੇ ਇਡਿਅਟ  ਨਾਲ ਮੈਨੂੰ ਵਿਆਹ ਦਿੱਤਾ।  ਯੂ ਮੇਡ ਮਾਈ ਲਾਇਫ਼ ਸੱਚ ਏ ਹੈੱਲ। - ਜੱਸਟ ਮਾਈਂਡ ਯੂਅਰ ਓਨ ਬਿਜ਼ਨੈੱਸ ਐਂਡ ਲੀਵ ਮੀ ਅਲੋਨ।" ਗੁੱਸੇ ਨੇ ਉਸ ਨੂੰ ਅੱਗ ਬਗੋਲਾ ਬਣਾ ਦਿੱਤਾ ਤੇ ਉਹ ਗਾਲਾਂ ਕੱਢਦੀ ਦੂਜੇ ਕਮਰੇ ਵਿੱਚ ਚਲੀ ਗਈ।
ਦਿਨ ਲੰਘਣ ਨਾਲ ਉਹਨਾਂ ਵਿੱਚਲੀ ਦੂਰੀ ਵੀ ਵੱਧਦੀ  ਜਾਂਦੀ।  ਤੇਜ  ਨੇ ਹਰ ਉਪਰਾਲਾ ਕੀਤਾ। ਉਹਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ ਸੱਤੀ ਪੂਰੀ ਕੁੱਤੇ ਦੀ ਪੂਛ ਸੀ। ਵਾਰਿਸ ਸ਼ਾਹ ਦੇ ਕਥਨ 'ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਵੱਢੀਏ ਪੋਰੀਆਂ ਪੋਰੀਆਂ ਜੀ' ਨੂੰ ਸਹੀ ਸਾਬਤ ਕਰਦੀ ਸੀ। ਉਸ ਨੇ ਕੀ ਸੁਧਰਨਾ ਸੀ?
ਤੇਜ ਅਜੀਬ ਜਿਹੇ ਸੰਕਟ ਵਿੱਚ ਫੱਸਿਆ ਪਿਆ ਸੀ। ਗੁਪਤ ਰੋਗ ਦੇ ਸ਼ਿਕਾਰ ਰੋਗੀ ਵਾਂਗ ਆਪਣਾ ਮਰਜ਼ ਨਾ ਛੁਪਾ ਸਕਦਾ ਸੀ ਨਾ ਖੁੱਲ੍ਹ ਕੇ  ਬਿਆਨ ਕਰ ਸਕਦਾ ਸੀ।  ਉਹ ਹਮੇਸ਼ਾ ਉਦਾਸੀ ਦੇ ਆਲਮ ਵਿੱਚ ਫੱਸਿਆ ਰਹਿੰਦਾ।
ਵਿਆਹ ਤਾਂ  ਪੂਰੀ  ਜ਼ਿੰਦਗੀ ਦੀ  ਸਾਂਝ ਨੂੰ  ਕਿਹਾ ਜਾਂਦਾ ਹੈ।  ਪਰ ਉਹਨਾਂ  ਦਰਮਿਆਨ  ਤਾਂ  ਨਾ ਦਿਲ ਦੀ,  ਨਾ ਬਿਸਤਰੇ ਦੀ,  ਕੋਈ ਵੀ ਸਾਂਝ ਨਹੀਂ ਸੀ।  ਹਰ ਚੀਜ਼ ਵੱਖੋ ਵੱਖਰੀ ਸੀ।
ਤੇਜ ਲਈ ਆਪਹੁਦਰੀਆਂ  ਕਰਦੀ ਸੱਤੀ ਨੂੰ ਜਰਨਾ ਬਹੁਤ ਔਖਾ ਸੀ।  ਇੱਕ ਵਾਰ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਕੁੱਟਣ ਦੀ ਕੋਸ਼ਿਸ਼ ਕੀਤੀ। ਪਰ ਸੱਤੀ ਨੇ ਨਾ ਸਿਰਫ਼ ਹੱਥੋ-ਪਾਈ ਦਾ ਮੁਕਾਬਲਾ ਕੀਤਾ,  ਸਗੋਂ  ਕਈ  ਖਰੀਆਂ  ਖੋਟੀਆਂ  ਵੀ  ਸੁਣਾਈਆਂ, "ਇਹ  ਇੰਡੀਆ ਨਹੀਂ ਬਈ ਤੁਸੀਂ ਜਨਾਨੀਆਂ ਨੂੰ ਕੁੱਟੀ ਜਾਵੋਂ ਤੇ ਅੱਗੋਂ ਉਹ ਸੀਲ  ਬਣ  ਕੇ  ਛਿੱਤਰ  ਖਾਈ ਜਾਣ।  ਅੱਗੇ ਤੋਂ ਮੈਨੂੰ ਹੱਥ  ਲਾਉਣ  ਦੀ ਜੁਰਅਤ ਕੀਤੀ ਤਾਂ ਪੁਲਿਸ ਨੂੰ ਫੜਾ ਦੇਊਂਗੀ।"
ਸੱਤੀ  ਦਾ  ਜੁਆਬ  ਸੁਣ  ਕੇ ਤੇਜ  ਤ੍ਰਭਕ  ਗਿਆ।   ਉਸ  ਨੂੰ  ਬਰਫ਼ਾਨੀਆਂ  ਰਾਤਾਂ ਨੂੰ ਤਸੀਹੇ ਝਲਦਿਆਂ ਬਾਰਡਰ ਪਾਰ ਕਰਨੇ,  ਕਈ ਕਈ  ਦਿਨ ਫਾਕੇ  ਕੱਟਣੇ ਅਜੇ  ਵਿਸਰੇ ਨਹੀਂ ਸਨ। ਅਨੇਕਾਂ ਦੁੱਖ, ਦਰਦ, ਤਕਲੀਫ਼ਾਂ ਸਹਿ ਕੇ ਦੋਜ਼ਖ਼ਾਂ ਨਾਲ ਉਹ ਇੱਥੇ ਆਇਆ ਸੀ। ਖੁਦ ਦੀ ਅਤੇ ਆਪਣੇ  ਪਰਿਵਾਰ   ਦੀ  ਕੁਰਬਾਨੀ  ਉਹ  ਅਜਾਈਂ  ਨਹੀਂ ਸੀ  ਗਵਾਉਣੀ ਚਾਹੁੰਦਾ।  ਉਸ ਨੇ ਮਜਬੂਰੀ ਵਿੱਚ ਦੜ ਵੱਟਣਾਂ ਹੀ ਅਕਲਮੰਦੀ ਸਮਝੀ।
ਤੇਜ ਨੇ ਆਪਣੇ ਸਾਹੁਰੇ ਨੂੰ ਵੀ ਆਪਣਾ ਦੁੱਖੜਾ ਦੱਸਿਆ ਤੇ ਸੱਤੀ ਨੂੰ ਸੁਧਾਰਨ ਦੀ ਫ਼ਰਿਆਦ ਕੀਤੀ। ਸੁਜਾਨ ਸਿੰਘ ਆਪਣੀ ਜਗ੍ਹਾ ਦੁੱਖੀ ਸੀ।
"ਕੀ ਕਹੀਏ ਗੰਦੀ ਔਲਾਦ ਨੂੰ? ਇਹ ਨਿਰਮੋਹੀ ਧਰਤੀ ਹੀ ਇਹੋ ਜਿਹੀ ਹੈ। ਇੱਥੇ ਤਾਂ ਮਾਵਾਂ ਪੁੱਤ ਨਹੀਂ ਸਾਂਭਦੀਆਂ।  ਛੱਡ ਕੇ ਕੰਮਾਂ 'ਤੇ ਤੁਰ ਜਾਂਦੀਆਂ ਨੇ - ਪੁੱਤ  ਤੂੰ ਹੀ ਸਿਆਣਾ ਬਣ।" ਤੇਜ ਨੂੰ ਸਮਝਾਉਂਦਾ ਉਹ ਆਪ ਰੋ ਪਿਆ।
ਉਹ ਸੁਜਾਨ ਸਿੰਘ ਦੀ ਹਾਲਤ  ਸਮਝਦਾ  ਸੀ।  ਉਸ  ਦੇ ਪਰਉਪਕਾਰਾਂ  ਹੇਠ ਦੱਬਿਆ,  ਪਿਉ ਬਰਾਬਰ ਸਾਹੁਰੇ ਨੂੰ ਹੋਰ ਕੁੱਝ ਨਹੀਂ ਆਖ ਸਕਦਾ ਸੀ।
ਤੇਜ ਅੰਦਰੋਂ ਅੰਦਰ ਕੁੜਦਾ ਰਹਿੰਦਾ।  ਕਦੇ ਕਦੇ ਤਾਂ  ਉਸ ਦਾ ਜੀਅ ਕਰਦਾ ਆਤਮਹੱਤਿਆ ਕਰ ਲਏ।  ਤੇਜ ਨੇ ਆਪਣਾ ਗ਼ਮ ਗਲਤ ਕਰਨ ਲਈ ਆਪਣੇ ਆਪ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਬੋ ਲਿਆ।
ਨਿਰਾਸ਼ਾ ਦੇ ਸਾਇਕਲੋਨ (ਤੁਫਾਨ) ਵਿੱਚ  ਘਿਰਿਆ  ਤੇਜ  ਇੱਕ  ਸ਼ਾਮ  ਘਰ  ਤੋਂ  ਦੂਰ  ਇੱਕ ਪੰਜਾਬੀ  ਵੱਸੋਂ ਵਾਲੇ ਇਲਾਕੇ ਦੀ ਪੱਬ ਅੰਦਰ ਜਾ ਬੈਠਾ। ਜਾਮ-ਦਰ-ਜਾਮ ਪੀਂਦਾ, ਉਹ ਮੁੱਠੀ ਵਿੱਚ ਘੁੱਟੀ ਰੇਤ ਵਾਂਗ ਕਿਰਦੀ ਜ਼ਿੰਦਗੀ ਨੂੰ ਸਾਂਭਣ ਦੀਆਂ ਯੋਜਨਾਵਾਂ ਸੋਚਣ ਲੱਗਾ।
ਪੱਬ ਵਿੱਚ ਰੇਡਿਉ 'ਤੇ ਕੋਈ ਪੰਜਾਬੀ ਲੋਕ ਗੀਤ ਵੱਜ ਰਿਹਾ ਸੀ। 'ਅਸੀਂ ਗੱਭਰੂ ਦੇਸ਼ ਪੰਜਾਬ ਦੇ, ਸਾਡੇ ਡੌਲਿਆਂ ਵਿੱਚ ਭੁਚਾਲ। ਅਸੀਂ ਤੁਰੀਏ ਦੋ ਪੈਰ ਘੱਟ ਨੀ , ਪਰ ਤੁਰੀਏ ਮੜਕ ਦੇ ਨਾਲ।'
ਤੇਜ ਨੇ ਬੀਤੇ ਸਮੇਂ 'ਤੇ ਝਾਤ ਮਾਰੀ। ਇਹ ਇੱਕ ਸਾਲ ਉਸ ਨੂੰ ਜਾਪਿਆ ਜਿਵੇਂ ਉਸ ਨੇ ਇੰਗਲੈਂਡ ਵਿੱਚ ਨਹੀਂ ਕਿਸੇ ਦੋਜਖ ਵਿੱਚ ਬਿਤਾਇਆ ਹੋਵੇ।  ਇਸ ਅਰਸੇ ਦੌਰਾਨ ਪਤਾ  ਨਹੀਂ ਕਿੰਨੀ ਕੁ ਵਾਰ ਉਸ ਨੇ ਆਪਣੇ ਆਪ ਨੂੰ ਅਤੇ ਆਪਣੀ ਅਣਖ ਨੂੰ ਮਾਰਿਆ ਸੀ। ਉਸ ਨੂੰ ਲੱਗਿਆ ਜਿਵੇਂ ਗਾਣਾ ਉਸ ਨੂੰ ਲਾਹਨਤਾਂ ਪਾ ਰਿਹਾ ਹੋਵੇ।  ਉਸ ਦੀ  ਅਣਖ ਨੂੰ ਵੰਗਾਰ  ਰਿਹਾ ਹੋਵੇ।  ਗੀਤ ਦੇ ਬੋਲਾਂ ਨੇ ਉਸ ਦੀ ਮੁਰਸ਼ਿਤ ਹੋਈ ਗੈਰਤ ਨੂੰ  ਹੋਸ਼-ਓ-ਹਵਾਸ ਵਿੱਚ ਲੈ ਆਂਦਾ।  ਉਸ ਵਿੱਚ ਹੋਰ ਮਾਨਸਿਕ ਤਸ਼ਦੱਦ ਸਹਿਣ ਦੀ ਸਮਰੱਥਾ ਮੁੱਕ ਗਈ ਸੀ।  ਉਸ ਦੇ ਜ਼ਿਹਨ 'ਤੇ ਅਜੀਬ ਕਿਸਮ ਦਾ ਜਨੂੰਨ ਸਵਾਰ ਹੋਇਆ ਤੇ ਰੋਹ ਵਿੱਚ ਉਹ ਉਥੋਂ ਉੱਠ ਤੁਰਿਆ।
ਤੇਜ ਸ਼ਰਾਬ  ਦੇ  ਨਸ਼ੇ ਵਿੱਚ ਧੁੱਤ ਹੋ ਕੇ ਘਰ ਪਰਤਿਆ ਸੀ। ਜਿਉਂ ਹੀ ਉਸ ਨੇ ਘਰ ਅੱਗੇ ਬਣੀ ਪਾਰਕਿੰਗ   ਸਪੇਸ  ਵਿੱਚ  ਆ   ਕੇ  ਗੱਡੀ  ਪਾਰਕ  ਕੀਤੀ।  ਅੰਦਰੋਂ ਉੱਚੀ  ਸੁਰ ਵਿੱਚ  ਵੱਜਦੇ ਅੰਗਰੇਜ਼ੀ ਗਾਣਿਆਂ  ਦੀ ਗੂੰਜ  ਉਸ ਦੇ ਕੰਨਾਂ ਵਿੱਚ ਪਈ।  ਉਹ  ਸਮਝ  ਗਿਆ ਕਿ ਜ਼ਰੂਰ ਸੱਤੀ ਆਪਣੇ ਯਾਰਾਂ ਬੇਲੀਆਂ ਨਾਲ ਰੰਗ-ਰਲੀਆਂ ਮਨਾ ਰਹੀ ਹੋਵੇਗੀ। ਇੱਕ ਵਾਰ ਤਾਂ ਉਸ ਦੇ ਮਨ ਵਿੱਚ ਖਿਆਲ ਆਇਆ ਉਹ ਕਿਤੇ ਦੂਰ ਭੱਜ ਜਾਵੇ। ਪਰ ਕਿੱਥੇ? ਫਿਰ ਸੋਚਿਆ, ਕਦੋਂ ਤੱਕ ਉਹ ਹਲਾਤਾਂ ਤੋਂ  ਭੱਜਦਾ  ਰਹੇਗਾ?   ਕਿਹੜਾ   ਕਿਹੜਾ  ਦੇਸ਼  ਛੱਡੇਗਾ  ਉਹ  ਚੰਗੇ  ਹਾਲਾਤ ਅਤੇ ਅਰਾਮਦਾਇਕ  ਜ਼ਿੰਦਗੀ ਦੀ ਤਲਾਸ਼ ਵਿੱਚ? ਉਸ ਨੇ ਹੁਣ ਤੱਕ  ਜਿੰਨੇ  ਵੀ  ਮੁਲਖ  ਤੱਕ  ਸਨ। ਕਿਸੇ ਵਿੱਚ ਵੀ ਉਸ  ਲਈ  ਹਾਲਾਤ  ਸੰਤੋਸ਼ਜਨਕ ਨਹੀਂ ਸਨ।  ਹਰ ਥਾਂ ਕੋਈ-ਨਾ-ਕੋਈ ਮਸਲਾ ਉਸ ਨੂੰ ਦਬੋਚੀ ਰੱਖਦਾ ਸੀ। ਉਸ ਨੇ ਗੁੱਸੇ ਵਿੱਚ ਗੱਡੀ ਵਿੱਚੋਂ ਹੈਵੀ ਡਿਊਟੀ ਬਾਰਾਂ ਇੰਚੀ ਪੇਚਕਸ ਚੁੱਕਿਆ ਤੇ ਘਰ ਵੱਲ ਵੱਧਿਆ।
ਅੰਦਰ ਵੜਦਿਆਂ ਹੀ ਤੇਜ ਨੇ ਦੇਖਿਆ  ਸਾਰਾ ਰਿਸੈਪਸ਼ਨ-ਰੂਮ ਸਿਗਰਟਾਂ ਨਾਲ ਧੂੰਆਂ-ਧਾਰ ਹੋਇਆ ਪਿਆ ਸੀ। ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਦਸ ਬਾਰਾਂ ਹਿੰਦੁਸਤਾਨੀ ਤੇ ਪਾਕਿਸਤਾਨੀ ਕੁੜੀਆਂ ਗੋਰਿਆਂ ਕਾਲਿਆਂ ਨਾਲ ਨੱਚ ਰਹੀਆਂ ਸਨ। ਕੈਫ਼ ਨਾਲ ਗੁੱਟ, ਆਪੇ ਤੋਂ ਬੇਖਬਰ, ਉੱਚੀ ਉੱਚੀ ਵਜਦੇ ਰਾਗਾ ਸੰਗੀਤ ਦੀਆਂ ਧੁੰਨਾ 'ਤੇ  ਥਿਰਕਦੇ ਅੰਧਨੰਗੇ ਜਿਸਮ ਦੇਖ ਤੇਜ ਦੀ ਸਾਰੀ ਪੀਤੀ ਲਹਿ ਗਈ। ਸੱਤੀ ਇੱਕ ਹੋਰ ਮੁੰਡੇ ਦੀਆਂ ਬਾਹਵਾਂ ਵਿੱਚ ਬੀਨ 'ਤੇ ਮਸਤ ਹੋਈ ਨਾਗਣ ਵਾਂਗ ਨੱਚ ਰਹੀ ਸੀ। ਭਾਵੇਂ ਸੱਤੀ ਨੂੰ ਤੇਜ ਦੇ ਆਉਣ ਦਾ ਗਿਆਨ ਹੋ ਗਿਆ ਸੀ। ਫਿਰ ਵੀ ਉਹ ਤੇਜ ਨੂੰ ਅਣਗੌਲਿਆ ਕਰਕੇ ਉਵੇਂ ਹੀ ਨੱਚਦੀ ਤੇ ਸਿਗਰਟ ਦੇ ਲੰਬੇ ਲੰਬੇ ਕਸ਼ ਖਿੱਚਦੀ ਰਹੀ।
ਇਹ ਦ੍ਰਿਸ਼ ਦੇਖਦਿਆਂ ਹੀ ਤੇਜ ਨੂੰ ਅੱਗ ਲੱਗ ਗਈ।  ਉਸ ਦਾ ਖੂਨ ਖੌਲ ਉੱਠਿਆ, ਡੌਲੇ ਫਰਕੇ ਅਤੇ ਅੱਖਾਂ ਭੱਖ ਕੇ ਅੰਗਾਰ ਹੋ ਗਈਆਂ।   ਉਹ ਦੇ ਅੰਗ-ਅੰਗ ਵਿੱਚੋਂ ਬੀਰ ਰਸ ਚੋਅ ਰਿਹਾ ਸੀ। ਗੱਲ  ਬਰਦਾਸ਼ਤ  ਦੀ  ਹੱਦ ਤੋਂ ਟੱਪ ਗਈ ਸੀ।  ਤੇਜ ਆਪਣੇ ਗੁੱਸੇ 'ਤੇ ਕਾਬੂ ਨਾ ਰੱਖ ਸਕਿਆ। ਉਸ ਨੇ ਜਾਂਦਿਆਂ ਹੀ ਹਾਈਫਾਈ 'ਤੇ ਲੱਤ ਮਾਰੀ। ਸ਼ੋਰ ਸ਼ਰਾਬੇ ਦੀ ਥਾਂ ਇੱਕਦਮ ਸਨਾਟਾ ਛਾ ਗਿਆ। ਉਸ ਨੇ ਖੱਬੇ ਹੱਥ ਨਾਲ ਸੱਤੀ ਦੇ ਵਾਲ ਗਿੱਚੀ ਕੋਲੋਂ ਰੁਗ ਭਰ ਕੇ ਫੜ ਲਏ ਤੇ ਸੱਜੇ ਹੱਥ ਨਾਲ ਉਸ ਦੇ ਪੇਟ  ਵਿੱਚ ਲਗਾਤਾਰ  ਪੂਰੇ ਜ਼ੋਰ ਦੀ ਪੇਚਕਸ  ਮਾਰਨਾ ਸ਼ੁਰੂ ਕਰ ਦਿੱਤਾ।  ਇੱਕ ਵਾਰ, ਦੋ ਵਾਰ, ਤਿੰਨ ਵਾਰ ਉਹ ਉਸ ਵਕਤ ਤੱਕ ਮਾਰਦਾ ਰਿਹਾ ਜਦ ਤੱਕ ਉਸ ਨੂੰ ਸੱਤੀ ਦੇ ਮਰਨ ਦਾ ਯਕੀਨ ਨਹੀਂ ਹੋਇਆ।
ਅੱਖਾਂ ਵਿੱਚੋਂ ਖੂਨ  ਉਤਰਨ  ਕਾਰਨ  ਤੇਜ ਦੇ  ਡੇਲਿਆਂ  ਦਾ ਰੰਗ  ਸਫ਼ੈਦ ਤੋਂ  ਲਾਲ ਹੋ  ਗਿਆ ਸੀ।  ਸੱਤੀ ਦੇ  ਜਿਸਮ  ਵਿੱਚ ਹੋਏ ਸੁਰਾਖਾਂ ਵਿੱਚੋਂ ਲਹੂ ਦੀਆਂ ਤਤੀਰੀਆਂ ਵਹਿ ਤੁਰੀਆਂ। ਕਿਸੇ ਨੇ ਵੀ  ਸੱਤੀ ਨੂੰ  ਬਚਾਉਣ ਬਾਰੇ  ਨਾ ਸੋਚਿਆ।  ਉਸ ਦੇ ਸਾਥੀ  ਸਾਥਣਾਂ ਨੂੰ ਆਪੋ ਆਪਣੀਆਂ ਜਾਨਾਂ ਦੀ ਪੈ ਗਈ। ਹਫੜਾ-ਦਫੜੀ ਵਿੱਚ ਕੋਈ ਗਾਰਡਨ (ਬਗੀਚੇ) ਵੱਲ ਦੀ, ਕੋਈ ਫਰੰਟ ਡੋਰ (ਮੁੱਖ ਦਰਵਾਜਾ) ਵੱਲ ਦੀ  ਆਪੋ ਆਪਣੀਆਂ  ਜਾਨਾਂ ਬਚਾਉਣ ਲਈ ਸਭ ਭੱਜੇ।  ਜਿਹੜਾ ਏਸ਼ੀਅਨ ਮੁੰਡਾ ਸੱਤੀ ਨਾਲ ਨੱਚਦਾ ਸੀ, ਤੇਜ ਨੇ ਉਸ ਵੱਲ ਘੂਰ ਕੇ ਦੇਖਿਆ।
"ਰੱਨ ਮੈਨ ਰੱਨ।" ਦੌੜੇ ਜਾਂਦੇ ਇੱਕ ਜਮੀਕੇ ਨੇ ਉਸ  ਮੁੰਡੇ ਨੂੰ ਐਕਸਿਟ  ਵੱਲ ਖਿੱਚਦਿਆਂ ਕਿਹਾ। ਜਮੀਕੇ  ਨੂੰ ਉਹ ਮੁੰਡਾ ਤੇਜ ਦਾ ਅਗਲਾ ਨਿਸ਼ਾਨਾ ਜਾਪਿਆ।
ਖ਼ਲਾਅ ਵਿੱਚ ਕਬਰਸਤਾਨ ਵਰਗੀ ਚੁੱਪ  ਤੇ ਤਪਅਸਥਾਨ ਜਿਹੀ ਸ਼ਾਂਤੀ ਛਾ ਗਈ ਸੀ।  ਸੱਤੀ ਦੇ ਲਹੂ ਨਾਲ ਭਿੱਜੀ ਭੂਰੀ ਕਾਰਪੈਟ ਲਾਲ ਸੁਰਖ ਹੋ ਗਈ ਸੀ।
ਅਗਲੇ ਕੁੱਝ ਪਲਾਂ  ਵਿੱਚ ਘਰ ਦੁਆਲੇ ਨੀਲੀਆਂ  ਬੱਤੀਆਂ  ਤੇ  ਸਾਇਰਨ ਵਾਲੀਆਂ ਕਾਰਾਂ ਦਾ ਘੇਰਾ ਸੀ। ਤੇਜ ਨੂੰ ਹੱਥਕੜੀਆਂ ਵਿੱਚ ਜਕੜ ਕੇ ਦੋ ਪੁਲਿਸ ਅਫ਼ਸਰ ਹਵਾਲਾਤ ਨੂੰ ਲੈ ਗਏ।
ਅਗਲੇ ਦਿਨ ਬੇਰਹਿਮ ਕਾਤਲ ਦੀਆਂ ਸੁਰਖ਼ੀਆਂ ਅਧੀਨ ਤੇਜ ਦੀ ਫੋਟੋ ਇੰਗਲੈਂਡ ਵਿੱਚ ਛਪਦੇ ਤਕਰੀਬਨ ਸਾਰੇ ਹੀ ਅਖਬਾਰਾਂ ਦੇ ਮੁੱਖ ਪੰਨਿਆਂ ਦਾ ਸ਼ਿੰਗਾਰ ਬਣ ਗਈ। ਤੇਜ ਆਪਣੇ ਅੰਜ਼ਾਮ ਤੋਂ ਭਲੀ ਭਾਂਤ ਜਾਣੂ ਸੀ। ਉਸ ਨੂੰ ਅਦਾਲਤ ਦੇ ਫੈਸਲੇ ਉਪਰੰਤ ਮਿਲਣ ਵਾਲੀ ਉਮਰ-ਕੈਦ ਦੀ ਸਜ਼ਾ ਦਾ ਕੋਈ ਖੌਫ਼ ਨਹੀਂ ਸੀ। ਕੋਈ ਅਫ਼ਸੋਸ ਦਾ ਚਿੰਨ ਉਸ ਦੇ ਚਿਹਰੇ ਉੱਤੇ ਨਹੀਂ ਸੀ। ਉਸ ਅੰਦਰ  ਸਮਝਣ  ਦੀਆਂ,   ਪਛਤਾਉਣ  ਦੀਆਂ,  ਮਹਿਸੂਸ  ਕਰਨ  ਦੀਆਂ, ਹਰ  ਤਰ੍ਹਾਂ ਦੀਆਂ ਭਾਵਨਾਵਾਂ ਮਰ ਚੁੱਕੀਆਂ ਸਨ।  ਉਹ ਇੱਕ ਤਰੰਗਹੀਣ ਪਦਾਰਥ,  ਇੱਕ ਪੱਥਰ ਦਾ ਬੁੱਤ ਬਣ ਕੇ ਰਹਿ ਗਿਆ ਸੀ। ਉਸ ਦਾ ਜ਼ਿੰਦਗੀ ਨਾਲੋਂ ਮੋਹ ਬਿਲਕੁਲ ਟੁੱਟ ਗਿਆ ਸੀ।
ਜੇਲ੍ਹ ਵਿੱਚੋਂ ਤੇਜ ਨੇ ਆਪਣੇ ਮਾਂ-ਬਾਪ ਨੂੰ ਕਾਫ਼ੀ ਭਾਵੁਕ ਚਿੱਠੀ ਲਿਖੀ।  ਉਸ ਨੇ ਘਰ ਛੱਡਣ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬਿਰਤਾਂਤ  ਵੇਰਵੇ  ਸਹਿਤ ਲਿਖਿਆ, "ਮੰਮੀ  ਤੁਸੀਂ ਮੇਰੀ  ਚਿੰਤਾ ਨਾ ਕਰਿਉ।  ਮੇਰੀ ਕਿਸਮਤ ਵਿੱਚ ਹੀ  ਇਵੇਂ ਲਿਖਿਆ ਸੀ। ਹੋਣੀ  ਨੂੰ ਕੌਣ ਟਾਲ ਸਕਦਾ ਹੈ! ਤੁਸੀਂ ਨਹੀਂ ਚਾਹੁੰਦੇ ਸੀ ਨਾ ਕਿ ਮੇਰੇ ਹੱਥ  ਕਿਸੇ ਦੇ ਖੂਨ ਨਾਲ ਰੰਗ ਹੋਣ। ਲੋਕ ਮੈਨੂੰ ਕਾਤਲ ਕਹਿਣ।  ਜ਼ਿੰਦਗੀ  ਮੈਨੂੰ ਬੇਦਾਵਾ  ਦੇਵੇ।  ਜੇਲ੍ਹਖਾਨਿਆਂ ਦੇ ਟੁੱਕਰ  ਮੇਰਾ ਖਾਜਾ  ਬਣਨ।  ਲੇਖਾਂ ਦੀਆਂ ਲਿਖੀਆਂ ਕੌਣ ਮੇਟ ਸਕਦਾ ਹੈ?  ਪਰਮਾਤਮਾ  ਅੱਗੇ  ਕਿਹੜਾ ਜ਼ੋਰ  ਚਲਦਾ  ਹੈ?  ਬਸ ਹੁਣ ਉਹਦੇ ਭਾਣੇ ਨੂੰ ਮਿੱਠਾ ਮੰਨ ਕੇ ਸਬਰ ਕਰ ਲੈਣਾ…।" ਕੁੱਝ ਇਸ ਪ੍ਰਕਾਰ ਦੇ ਖ਼ਤ ਵਿੱਚ ਤੇਜ ਨੇ ਮਾਂ ਨੂੰ ਦਿਲਾਸਾ ਦੇਣ ਲਈ ਕਈ ਸ਼ਬਦ ਲਿਖੇ ਸਨ।  ਭਾਵੇਂ ਉਹਨਾਂ ਵਿੱਚੋਂ ਕੋਈ ਵੀ ਧਾਰਸ ਨਹੀਂ ਬਨ੍ਹਾ ਸਕਦਾ ਸੀ।
ਚਿੱਠੀ ਪੜ੍ਹਦਿਆਂ ਸਾਰ ਹੀ ਨਸੀਬ ਕੌਰ ਸੁੰਨ ਜਿਹੀ ਹੋ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਅੱਥਰੂਆਂ ਕਾਰਣ ਉਸ ਨੂੰ ਚਿੱਠੀ ਦੇ ਅੱਖਰ ਧੁੰਦਲੇ ਦਿਸਣ ਲੱਗੇ। ਪਰ ਪਤਾ ਨਹੀਂ ਕਿਉਂ ਹੋਣੀ ਸ਼ਬਦ ਉਸ ਦੇ ਤਰ ਨੇਤਰਾਂ ਨੂੰ ਪਹਿਲਾਂ ਵਾਂਗ ਹੀ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ ਸੀ।   


****

No comments:

Post a Comment