ਰੰਨ ਬਾਬੇ ਦੀ

ਕਹਾਣੀਕਾਰ- ਤੁਹਾਡੇ ਬਾਰੇ ਕਹਾਣੀ ਲਿਖਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਡਮ ਮੈਂ ਤੁਹਾਡਾ ਸ਼ੁਭ ਨਾਮ ਜਾਨਣਾ ਚਾਹੁੰਦਾ ਹਾਂ ਅਤੇ ਕੀ ਮੈਂ ਨਾਂ ਲੈ ਤੁਹਾਨੂੰ ਬੁਲਾ ਸਕਦਾ ਹਾਂ? 

ਪਾਤਰ- ਔਫ ਕੋਰਸ, ਵਾਏ ਨਾਟ? ਨਾਮ ਹੁੰਦੇ ਹੀ ਇਸੇ ਲਈ ਹਨ ਕਿ ਇੰਨਸਾਨ ਨੂੰ ਉਹਨਾਂ ਨਾਲ ਪੁਕਾਰ ਕੇ ਬੁਲਾਇਆ ਜਾ ਸਕੇ। ਮੇਰਾ ਨਾਉਂ ਤਾਂ ਅਮਰਜੀਤ ਕੌਰ ਹੈ। ਪਰ ਤੁਸੀਂ ਬੇਸ਼ੱਕ ਮੈਨੂੰ ਅਮਰ ਆਖ ਲਵੋ।

ਕਹਾਣੀਕਾਰ- ਮਿਹਰਬਾਨੀ ਅਮਰ। ਵੈਸੇ ਤੁਹਾਡੀ ਸ਼ਕਲ ਤੇ ਆਵਾਜ਼ ਦੋਨੋਂ ਅਮਰ ਨੂਰੀ ਵਰਗੀਆਂ ਸੈਕਸੀ ਹਨ।

ਪਾਤਰ- ਥੈਂਕਸ ਫੌਰ ਦਾ ਕੌਪਲੀਮੈਂਟਸ।
ਕੈਮਰਾਮੈਨ- ਕੈਮਰਾ ਰੈਡੀ, ਸਰ।
ਕਹਾਣੀਕਾਰ- ਔਰਾਈਟ, ਲੈਟਸ ਗੈਟ ਔਨ ਵਿੱਦ ਦਾ ਸ਼ੂਟਿੰਗ ਦੈਨ।
ਪਾਤਰ- ਆਹ… ਹਾ… ਹਾ। ਇਹ ਕੀ ਕਰਨ ਲੱਗੇ ਓ? ਬੋਲ ਭਰਨ ਲਈ ਇਹ ਸਟੀਰਿਉ ਤਾਂ ਹੈਗੀ ਆ। ਤੁਹਾਨੂੰ ਆਹ ਤੋਪਾਂ ਜਿਹੀਆਂ ਬੀੜਣ ਦੀ ਤਾਂ ਲੋੜ੍ਹ ਨ੍ਹੀਂ। ਮੂਵੀ ਬਣਾਉਣ ਨੂੰ ਤਾਂ ਰਹਿਣ ਦਿਉ, ਪਲੀਜ਼। -ਮੈਂ ਇਸ ਸਮਾਜ਼ ਵਿੱਚ ਵਿਚਰ ਰਹੀ ਅਤਿਸਧਾਰਨ ਜਿਹੀ ਕੁੜੀ ਹਾਂ। ਕੋਈ ਫਿਲਮੀ ਐਕਟਰੈਸ ਨਹੀਂ। ਮੇਰੇ ਲਈ ਤਾਂ ਇਹੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਆਪਣੀ ਕਹਾਣੀ ਦੀ ਪਾਤਰ ਬਣਨ ਦਾ ਸੁਭਾਗ  ਬਖਸ਼ਿਆ ਹੈ। 
ਕਹਾਣੀਕਾਰ- ਮੈਂ ਤੁਹਾਡੇ ਹਾਵਾਂ-ਭਾਵਾਂ ਦਾ ਮਗਰੋਂ ਅਧਿਐਨ ਕਰਨ ਹਿੱਤ ਵਿਡਿਉ ਰਿਕਾਰਡਿੰਗ ਕਰਨੀ ਚਾਹੁੰਦਾ ਸੀ। ਇਸ ਨਾਲ ਮੈਨੂੰ ਕਹਾਣੀ ਰਚਣ ਵਿੱਚ ਕਾਫ਼ੀ ਅਸਾਨੀ ਹੋਣੀ ਸੀ ਅਤੇ ਮਦਦ ਮਿਲਣੀ ਸੀ। ਖੈਰ ਤੁਹਾਨੂੰ ਇਤਰਾਜ਼ ਹੈ ਤਾਂ ਆਪਾਂ ਸਿਰਫ਼ ਆਡੀਉ ਰਿਕਾਡਿੰਗ ਹੀ ਕਰ ਲੈਂਦੇ ਹਾਂ। ਓ ਕੇ। ਕੈਮਰਾਮੈਨ? -ਸਵਿੱਚ ਇੱਟ ਔਫ ਦਾ ਕੈਮਰਾ ਐਂਡ ਪੈਕਅੱਪ। ਵੂਈ (ਆਰ) ਨਾਟ ਫਿਲਮਿੰਗ।
ਕੈਮਰਾਮੈਨ- ਐਜ ਯੂ ਵਿੱਸ਼, ਰਾਜ।



ਘੋੜੀ ਗਚਰ-ਗਚਰ ਚਰੀ ਜਾ ਰਹੀ ਸੀ… ਘੋੜੀ ਗਚਰ-ਗਚਰ
ਕਹਾਣੀਕਾਰ- ਅੱਛਾ ਅਮਰ, ਇਹ ਦੱਸਣ ਦੀ ਕ੍ਰਿਪਾਲਤਾ ਕਰੋਂਗੇ ਕਿ ਤੁਸੀਂ ਪੰਜਾਬ ਤੋਂ ਇੰਗਲੈਂਡ ਕਦੋਂ ਤੇ ਕਿਵੇਂ ਆਏ?
ਪਾਤਰ- ਦੋ ਸਾਲ ਪਹਿਲਾਂ ਮੈਂ ਇੰਗਲੈਂਡ ਦੇ ਬੌਰਨ ਮੁੰਡੇ ਨਾਲ ਵਿਆਹ ਕਰਵਾ ਕੇ ਇੱਥੇ ਆਈ ਸੀ।
ਕਹਾਣੀਕਾਰ- ਹੂੰ! ਯਾਨੀ ਤੁਸੀਂ ਵਲਾਇਤ ਆਉਣ ਦੀ ਖਾਤਰ ਆਪਣੇ ਪਿਉ ਦੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਹੈ?
ਪਾਤਰ- ਨਹੀਂ-ਨਹੀਂ। ਤੁਹਾਨੂੰ ਕੋਈ ਗਲਤਫ਼ਹਿਮੀ ਹੋਈ ਹੈ। ਜਿਨ੍ਹਾਂ ਬਜ਼ੁਰਗਾਂ ਨਾਲ ਮੈਂ ਰਹਿ ਰਹੀ ਹਾਂ, ਉਹ ਮੇਰੇ ਪਤੀ ਨਹੀਂ। ਬੁਆਏ ਫਰੈਂਡ ਹਨ। ਮੇਰਾ ਪਤੀ ਤਾਂ ਮੇਰੇ ਹਾਣ-ਪਰਵਾਣ ਦਾ ਗੋਰਾ-ਚਿੱਟਾ,  ਸੋਹਣਾ-ਸੁਨੱਖਾ ਨੌਜਵਾਨ ਮੁੰਡਾ ਸੀ। ਪਰ ਬਦਕਿਸਮਤੀ ਨਾਲ ਉਹ ਵਿਆਹ ਛੇਤੀ ਹੀ ਇੰਝ ਟੁੱਟ ਗਿਆ, ਜਿਵੇਂ ਪੱਕੇ ਫ਼ਰਸ਼ 'ਤੇ ਡਿੱਗ ਕੇ ਕੱਚ ਦਾ ਗਿਲਾਸ ਕੀਚਰਾਂ-ਕੀਚਰਾਂ ਹੋ ਜਾਂਦਾ ਹੈ। -ਕਦੇ ਸੁਣਿਆ ਸੀ ਕਿ ਵਿਆਹ ਇੱਕ ਪਵਿਤਰ ਅਤੇ ਪੱਕਾ ਬਾਊਂਡ ਹੁੰਦਾ ਹੈ ਜੋ ਔਰਤ ਅਤੇ ਮਰਦ ਨੂੰ ਸਦਾ ਜੋੜੀ ਰੱਖਦਾ ਹੈ। ਸ਼ਾਸ਼ਤਰਾਂ ਮੁਤਾਬਿਕ ਤਾਂ ਇੱਕ ਵਾਰ ਸ਼ਾਦੀ ਦੇ ਬੰਧਨ ਵਿੱਚ ਬੰਨ੍ਹੇ ਜਾਣ ਬਾਅਦ ਪਤੀ ਪਤਨੀ ਸੱਤ ਜਨਮਾਂ ਤੱਕ ਸਾਥ ਨਿਭਾਉਂਦੇ ਹਨ। ਤੇ ਮੇਰਾ ਇਹ ਰਿਸ਼ਤਾ ਤਲਾਕ ਦੇ ਇੱਕੋ ਹਥੌੜੇ ਨਾਲ ਟੁੱਟ ਕੇ ਖੇਰੂੰ-ਖੇਰੂੰ ਹੋ ਗਿਆ। ਹੂੰ! ਵਾਹ ਨੀ ਕਿਸਮਤੇ!!
ਕਹਾਣੀਕਾਰ- ਉਹ ਕਿਹੜੀ ਵਜ੍ਹਾ ਸੀ ਜਿਸ ਕਰਕੇ ਤੁਹਾਡਾ ਵਿਆਹ ਸਫਲ ਨਹੀਂ ਹੋ ਸਕਿਆ?
ਪਾਤਰ- ਬਲਰਾਜ ਜੀ, ਕਾਰਨ ਤਾਂ ਬਹੁਤ ਸਨ। ਪਰ ਸਭ ਤੋਂ ਪ੍ਰਮੁੱਖ ਕਮੀਉਨੀਕੇਸ਼ਨ ਦੀ ਸਮੱਸਿਆ ਸੀ। ਮੇਰੇ ਪਤੀ ਨਿਰੇ ਅੰਗਰੇਜ਼ ਸਨ ਤੇ ਮੈਂ ਪੱਕੀ ਪੰਜਾਬਣ। ਉਹਨਾਂ ਦੀ ਪੰਜਾਬੀ ਨ੍ਹੀਂ ਸੀ ਤਕੜੀ ਤੇ ਮੇਰੀ ਅੰਗਰੇਜ਼ੀ ਕਮਜ਼ੋਰ ਸੀ। ਅਸੀਂ ਇੱਕ ਦੂਜੇ ਨਾਲ ਆਪਣੇ ਜ਼ਜਬਾਤ ਹੀ ਸਾਝੇ ਨਹੀਂ ਸੀ ਕਰ ਸਕਦੇ। ਮੈਂ ਉਹਨਾਂ ਦੀਆਂ ਇੱਛਾਵਾਂ ਨਹੀਂ ਸੀ ਪੂਰੀਆਂ ਕਰ ਸਕਦੀ ਤੇ ਉਹ ਮੇਰੀਆਂ ਖਾਹਿਸ਼ਾਂ ਨਹੀਂ ਪੂਰ ਸਕਦੇ ਸਨ। ਜਿਵੇਂ ਦੋ ਵੱਖੋ-ਵੱਖਰੀ ਕਿਸਮ ਦੇ ਦੋ ਲੋਹਿਆਂ ਨੂੰ ਵੈਲਡਿੰਗ ਕਰਕੇ ਜੋੜਨ ਦਾ ਯਤਨ ਕਰੀਏ। ਅੱਵਲ ਤਾਂ ਉਹਨਾਂ 'ਤੇ ਟੰਕਾ ਖੜਦਾ ਹੀ ਨਹੀਂ। ਜੇ ਧੱਕੇ ਨਾਲ ਜੋੜ ਲਾ ਵੀ ਦਿੱਤਾ ਜਾਵੇ ਤਾਂ ਉਹ ਬਹੁਤਾ ਹੰਢਦਾ ਨਹੀਂ। ਥੋੜੀ ਦੇਰ ਬਾਅਦ ਕਮਜ਼ੋਰ ਹੋਣ ਕਰਕੇ ਆਪੇ ਹੀ ਟੁੱਟ ਜਾਂਦਾ ਹੈ। ਬਸ ਸਮਝੋ ਇਹੀ ਸਾਡੇ ਵਿਆਹ ਨਾਲ ਸਲੂਕ ਹੋਇਆ ਸੀ। 
ਕਹਾਣੀਕਾਰ- ਤਲਾਕ ਲੈਣ ਲਈ ਵੀ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ?
ਪਾਤਰ- ਨਹੀਂ ਕੋਈ ਖਾਸ ਮੁਸ਼ਕਿਲ ਨਹੀਂ ਸੀ ਹੋਈ। ਕਿਉਂਕਿ ਉਹ ਵਿਆਹ, ਵਿਆਹ ਹੀ ਨਹੀਂ ਸੀ। ਕਾਨੂੰਨੀ ਭਾਸ਼ਾ ਵਿੱਚ ਇਸਨੂੰ ਕਹਿੰਦੇ ਹਨ, ਦੀ ਮੈਰਿਜ ਹੈਜ਼ ਨਾਟ ਬੀਨ ਕਨਸੀਊਮੀਨੇਟਡ। ਪੂਰੇ ਬਾਰਾਂ ਮਹੀਨਿਆਂ ਵਿੱਚ ਇੱਕ ਵਾਰ ਵੀ ਅਸੀਂ ਪਤੀ-ਪਤਨੀ ਇੱਕ ਦੂਸਰੇ ਨਾਲ ਨਹੀਂ ਸੀ ਸੁੱਤੇ। ਇਸੇ ਲਈ ਕਾਨੂੰਨ ਦੀ ਨਿਗਾਹ ਵਿੱਚ ਇਹ ਵਿਆਹ ਸੰਪੂਰਨ ਨਹੀਂ ਸੀ। ਜਿਸ ਕਰਕੇ ਅਦਾਲਤ ਨੇ ਬਿਨਾਂ ਕਿਸੇ ਅੜਚਣ ਦੇ ਤਲਾਕ ਲਈ ਹਰੀ ਝੰਡੀ ਦਿਖਾ ਦਿੱਤੀ ਸੀ।
ਕਹਾਣੀਕਾਰ- ਕੀ ਵਿਆਹ ਤੋਂ ਪਹਿਲਾਂ ਵੀ ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ ਸੀ?
ਪਾਤਰ-ਤੁਸੀਂ ਜਾਣਦੇ ਹੋ ਕਿ ਆਪਣੇ ਭਾਰਤੀਆਂ ਦੇ ਵਿਆਹ ਵਾਲੇ ਦਿਨ ਮੁੰਡੇ ਅਤੇ ਕੁੜੀ ਦੀ ਦੋਨੋਂ ਪਾਸੇ ਨਹਾਈ-ਧੋਈ ਦੀ ਰਸਮ ਹੁੰਦੀ ਹੈ। ਨਹਾਉਣ ਤੋਂ ਬਾਅਦ ਵਿਆਹੰਦੜ ਨੇ ਪੈਰਾਂ ਨਾਲ ਮਿੱਟੀ ਦੀਆਂ ਠੁੱਠੀਆਂ ਭੰਨ੍ਹਣੀਆਂ ਹੁੰਦੀ ਹਨ। ਇਸ ਰਸਮ ਦਾ ਅਰਥ ਹੁੰਦਾ ਹੈ ਕਿ ਵਿਆਹੇ ਜਾਣ ਵਾਲੇ ਵਿਅਕਤੀ ਦੇ ਜੇ ਪਹਿਲਾਂ ਕਿਸੇ ਨਾਲ ਸੰਬੰਧ ਸਨ ਤਾਂ ਠੁੱਠੀਆਂ ਵਾਂਗੂੰ ਫੁੱਟ ਕੇ ਉਹ ਮੁੱਕ ਗਏ ਹਨ। ਅਰਥਾਤ ਵਿਆਹ ਵਾਲਾ ਇੰਨਸਾਨ ਆਪਣੇ ਹੋਣ ਵਾਲੇ ਸਾਥੀ ਨੂੰ ਅਪਨਾਉਣ ਵਾਸਤੇ ਆਜ਼ਾਦ ਅਤੇ ਪਵਿੱਤਰ ਹੈ।
ਕਹਾਣੀਕਾਰ- ਇਹ ਤਾਂ ਉਹੀ ਗੱਲ ਹੋਈ, ਸਵਾਲ ਚਨਾ ਜੁਆਬ ਗੰਦਮ। ਪੁੱਛਿਆ ਮੈਂ ਕੀ ਸੀ ਤੇ ਦੱਸ ਤੁਸੀਂ ਕੀ ਰਹੇ ਹੋਂ?
ਪਾਤਰ- ਮੇਰਾ ਖਿਆਲ ਹੈ ਕਿ ਮੈਂ ਤੁਹਾਡੇ ਪ੍ਰਸ਼ਨ ਦਾ ਹੀ ਉੱਤਰ ਦਿੱਤਾ ਹੈ। ਮਤਲਵ ਕਿ ਮੇਰੇ ਪਹਿਲਾਂ ਕਿਸੇ ਨਾਲ ਸੰਬੰਧ ਨਹੀਂ ਸਨ। ਜੇ ਹੁੰਦੇ ਵੀ ਤਾਂ ਉਹ ਵਿਆਹ ਤੋਂ ਪਹਿਲਾਂ ਹੀ ਮੈਂ ਖਤਮ ਕਰ ਦੇਣੇ ਸਨ।
ਕਹਾਣੀਕਾਰ- ਜੋ ਮੈਂ ਹੁਣ ਕਰਨ ਜਾ ਰਿਹਾ ਹਾਂ, ਅਮਰ ਹੈ ਤਾਂ ਇਹ ਬਦਤਮੀਜ਼ੀ ਹੀ। ਪਰ ਮੈਂ ਕਰਨੀ ਜ਼ਰੂਰ ਹੈ? ਕੀ ਮੈਂ ਪੁੱਛ ਸਕਦਾਂ ਤੁਹਾਡੀ ਉਮਰ ਕੀ ਹੈ?
ਪਾਤਰ- ਉਅ ਹੋ! ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ। ਮੈਂ ਕਿਹਾ, ਪਤਾ ਨਹੀਂ ਕੀ ਕਰੋਂਗੇ! ਉਮਰ ਸਿੱਧੂ ਸਾਹਿਬ ਸਿਰਫ਼ ਉਹੀ ਔਰਤਾਂ ਲਕੋਣ ਦੀ ਕੋਸ਼ਿਸ਼ ਕਰਦੀਆਂ ਨੇ ਜੋ ਬੁੜੀਆਂ ਹੋਣ। ਮੇਰੀ ਐਸ ਵੇਲੇ ਉਮਰ ਪੂਰੇ ਬਾਈ ਸਾਲ ਹੈ। ਸੋਲ੍ਹਾਂ ਮਾਰਚ ਉਨੀ ਸੌ ਛਿਅੱਤਰ ਦਾ ਜਨਮ ਹੈ ਮੇਰਾ।
ਕਹਾਣੀਕਾਰ- ਵਾਹ ਜੀ! ਫਿਰ ਤਾਂ ਆਪਾਂ ਹਮਉਮਰ ਨਿਕਲੇ। ਮੇਰੀ ਵੀ ਇਹੀ ਤੁਹਾਡੇ ਵਾਲੀ ਜਨਮ ਤਾਰੀਕ ਹੈ।ਅੱਛਾ, ਤੁਹਾਨੂੰ ਤਾਂ ਪਤਾ ਹੋਵੇਗਾ ਆਪਣੇ ਪੰਜਾਬ ਵਿੱਚ ਜੇ ਕੋਈ ਕੁੜੀ ਬਹੁਤਾ ਸ਼ਰਮਾਵੇ ਜਾਂ ਨੱਚਣਾ ਨਾ ਜਾਣਦੀ ਹੋਵੇ ਤਾਂ ਉਹਨੂੰ ਗਿੱਧੇ ਵਿੱਚ ਨਚਾਉਣ ਲਈ ਮੁਟਿਆਰਾਂ ਮਿਹਣਾ ਮਾਰਦੀਆਂ ਹੁੰਦੀ ਹਨ, 'ਬੱਗੀ-ਬੱਗੀ ਕਣਕ ਦੁਆਬੇ ਦੀ, ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।'  ਇਸ ਬੋਲੀ ਵਿੱਚੋਂ ਸਾਡੀਆਂ ਔਰਤਾਂ ਦੀ ਮਾਨਸਿਕਤਾ ਸਾਫ਼ ਝਲਕਦੀ ਹੈ। ਮੇਰੇ ਕਹਿਣ ਦਾ ਭਾਵ ਕਿ ਪੰਜਾਬਣਾਂ ਸਦਾ ਹਾਣ ਦਾ ਵਰ ਲੋਚਦੀਆਂ ਹਨ। ਫਿਰ ਤੁਸੀਂ ਆਪਣੇ ਤੋਂ ਦੁਗਣੀ ਉਮਰ ਦੇ ਆਦਮੀ ਨਾਲ ਇਸ਼ਕ ਲੜਾਉਣ ਲੱਗਿਆਂ ਇੱਕੀ ਸਾਲਾਂ ਦਾ ਫ਼ਰਕ ਕਿਉਂ ਨਾ ਦੇਖਿਆ?
ਪਾਤਰ- ਕੋਰੈਕਸ਼ਨ! ਬਲਰਾਜ ਜੀ, ਬੇਸ਼ੱਕ ਔਰਤ-ਮਰਦ ਸੰਬੰਧਾਂ ਉੱਤੇ ਤੁਹਾਡੀ ਪਕੜ ਹੈ ਤੇ ਇਸੇ ਵਿਸ਼ੇ ਨੂੰ ਆਧਾਰ ਬਣਾ ਕੇ ਤੁਸੀਂ ਕਹਾਣੀਆਂ ਲਿੱਖਦੇ ਹੋ। ਪਰ ਇਥੇ ਤੁਸੀਂ ਗਲਤ ਹੋ। ਔਰਤ ਉਮਰ ਦਾ ਨਹੀਂ, ਰੂਹ ਦਾ ਹਾਣੀ ਭਾਲਦੀ ਹੁੰਦੀ ਹੈ। ਇੱਕ ਗਾਣੈ, 'ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ 'ਚ ਕੀ ਰੱਖਿਐ। ਉਮਰਾਂ ਤਾਂ ਪੁੱਛਣ ਨਾਦਾਨ, ਉਮਰਾਂ 'ਚ ਕੀ ਰੱਖਿਐ।' ਉਮਰ ਤਾਂ ਸਿਰਫ਼ ਇੱਕ ਸੰਖਿਆ ਹੈ। ਮਹਿਜ਼ ਹਿੰਦਸੇ, ਜਿਹੜੇ ਇਸ ਗੱਲ ਦੀ ਨਿਸ਼ਾਨਦੇਹੀ ਕਰਦੇ ਹਨ ਕਿ ਸਾਨੂੰ ਧਰਤੀ 'ਤੇ ਆਇਆਂ ਕਿੰਨੇ ਵਰ੍ਹੇ ਹੋ ਗਏ ਹਨ। ਜਨਮ ਤਾਰੀਕ ਕੋਈ ਸਾਡੀ ਐਕਸਪਾਇਰੀ ਡੇਟ ਥੋੜੈ? ਉਮਰ ਦੇ ਫ਼ਰਕ ਨੂੰ ਮੈਂ ਕੋਈ ਅਹਿਮੀਅਤ ਨਹੀਂ ਦਿੰਦੀ। ਮੇਰੀ ਜਾਚੇ ਦਿਲਾਂ ਦੇ ਪਾੜੇ ਅਤੇ ਵਿਚਾਰਾਂ ਦੇ ਅੰਤਰ ਦੀ ਜ਼ਿਆਦਾ ਮਹੱਤਤਾ ਹੈ। ਮੈਂ ਇੱਕ ਕਿੱਸਾ ਸੁਣਾਉਂਦੀ ਹਾਂ। -ਇੱਕ ਤੀਵੀਂ ਹਮੇਸ਼ਾਂ ਆਪਣੇ ਆਦਮੀਂ ਦੇ ਉਲਟ ਚਲਦੀ ਹੁੰਦੀ ਸੀ। ਜੇ ਆਦਮੀ ਨੇ ਕਹਿਣਾ ਕਿ ਸਬਜ਼ੀ ਬਣਾ ਤਾਂ ਉਹਨੇ ਦਾਲ ਬਣਾਉਣੀ। ਜੇ ਪਰਾਉਂਠੇ ਪਕਾਉਣ ਨੂੰ ਕਹਿਣਾ ਤਾਂ ਉਹਨੇ ਫੁਲਕੇ ਲਾਹੁਣੇ। ਜੇ ਬੰਦੇ ਨੇ ਮਿੱਠਾ ਬਣਾਉਣ ਨੂੰ ਕਹਿਣਾ ਤਾਂ ਉਹਨੇ ਖੱਟਾ ਧਰ ਲੈਣਾ। ਯਾਨੀ ਕਿ ਉਹਨਾਂ ਦੇ ਹਰ ਫੈਸਲੇ ਵਿੱਚ ਮਤਭੇਦ ਹੁੰਦਾ ਸੀ। ਅੱਕ ਕੇ ਇੱਕ ਦਿਨ ਬੰਦਾ ਤੀਵੀਂ ਨੂੰ ਡੂੰਘੀ ਨਹਿਰ ਦੇ ਕੰਢੇ ਲਿਜਾ ਕੇ ਕਹਿਣ ਲੱਗਿਆ, ਭਾਗਵਾਨੇ ਦੇਖੀਂ ਕਿਤੇ ਛਾਲ ਨਾ ਮਾਰੀਂ। 
ਉਹ ਬੋਲੀ, ਤੁਸੀਂ ਮੈਨੂੰ ਹਟਾ ਕੇ ਤਾਂ ਦੇਖੋ। ਮੈਂ ਤਾਂ ਮਾਰੂੰਗੀ। ਤੇ ਉਹਨੇ ਛਲਾਂਗ ਮਾਰ ਦਿੱਤੀ। ਆਦਮੀ ਤਾਂ ਪਹਿਲਾਂ ਹੀ ਜਨਾਨੀ ਤੋਂ ਖਹਿੜਾ ਛੁਡਾਉਣ ਨੂੰ ਫਿਰਦਾ ਸੀ।
ਹੁਣ ਤੁਸੀਂ ਆਪ ਦੱਸੋ, ਜੇ ਨਰ-ਨਾਰੀ ਦੇ ਖਿਆਲ ਹੀ ਨਾ ਮਿਲਦੇ ਹੋਣ ਤਾਂ ਉਮਰ ਦੇ ਹਾਣ-ਪਰਵਾਣ ਦਾ ਕੀ ਫ਼ਾਇਦਾ? ਜਿੱਥੇ ਮਾਨਸਿਕ ਸਾਂਝ ਹੋਵੇ, ਉੱਥੇ ਆਯੂ ਦੇ ਫ਼ਰਕ ਦੀ ਕੋਈ ਬਹੁਤੀ ਵੁੱਕਤ ਨਹੀਂ ਰਹਿ ਜਾਂਦੀ। ਗੁਰਬਾਣੀ ਵਿੱਚ ਦਰਜ਼ ਹੈ, 'ਧਨੁ ਪਿਰਿ ਇਹ ਨਾ ਆਖਿਅਨ, ਜੋ ਬਹਿਣ ਇਕਠੈ ਹੋਇ। ਇਕੁ ਜੋਤਿ ਦੋਇ ਮੂਰਤੀ ਧਨੁ ਪਿਰਿ ਕਹੀਐ ਸੋਇ।' -ਦੋ ਗੁਣ ਇੰਨਸਾਨ ਨੂੰ ਸਿਆਣਾ ਬਣਾਉਂਦੇ ਹਨ। ਇੱਕ ਅਕਲ ਅਤੇ ਦੂਜਾ ਗਿਆਨ। ਤੇ ਉਮਰ ਨਾਲ ਇਹਨਾਂ ਦੋਨਾਂ ਚੀਜ਼ਾਂ ਦਾ ਹੀ ਵਾਸਤਾ ਨਹੀਂ। ਕਈ ਲੋਕ ਆਪਣੀ ਉਮਰ ਤੋਂ ਪਹਿਲਾਂ ਹੀ ਸਿਆਣੇ ਹੋ ਜਾਂਦੇ ਹਨ ਤੇ ਕਈ ਪਿਛਲੀ ਉਮਰ ਆਉਣ ਤੱਕ ਵੀ ਨਾਦਾਨ ਰਹਿੰਦੇ ਹਨ। 
ਕਹਾਣੀਕਾਰ- ਅਜਿਹੀ ਕਿਹੜੀ ਆਫਤ ਆ ਗਈ ਸੀ, ਜੋ ਤੁਸੀਂ ਇੱਕੀ-ਬਾਈ ਸਾਲਾਂ ਦੇ ਜਵਾਨ ਤੇ ਖੁਸ਼ਸ਼ਕਲ ਪਤੀ ਨੂੰ ਛੱਡ ਕੇ ਚਾਲੀ-ਪੰਤਾਲੀ ਵਰ੍ਹਿਆਂ ਦੇ ਬੁੱਢੇ ਆਸ਼ਕ ਨਾਲ ਰਹਿਣ ਲੱਗ ਪਏ ਹੋ?
ਪਾਤਰ- ਠੀਕ ਐ, ਮੇਰੇ ਪਤੀ ਜਵਾਨ ਸਨ। ਸੁਨੱਖੇ ਸਨ। ਉਚੇ-ਲੰਮੇ ਅਤੇ ਪੜ੍ਹੇ ਲਿਖੇ ਸਨ। ਹੋਰ ਵੀ ਉਹਨਾਂ ਵਿੱਚ ਬਹੁਤ ਸਾਰੀਆਂ ਖੂਬੀਆਂ ਸਨ ਤੇ ਉਹਨਾਂ ਨੇ ਉਹ ਸਭ ਸੁੱਖ ਅਰਾਮ ਦੀਆਂ ਚੀਜ਼ਾਂ ਮੈਨੂੰ ਮੁਹੱਈਆ ਕੀਤੀਆਂ, ਜਿਨ੍ਹਾਂ ਦੀ ਇੱਛਾ ਇੱਕ ਔਰਤ ਆਪਣੇ ਖਾਵੰਦ ਤੋਂ ਕਰ ਸਕਦੀ ਹੈ। ਪਰ ਉਹ ਮੇਰੇ ਖਸਮ ਨਹੀਂ ਸੀ ਬਣ ਸਕੇ। ਜਦ ਉਹ ਮੇਰੇ ਮਰਦ ਹੀ ਨਾ ਬਣੇ, ਫਿਰ ਉਹਨਾਂ ਦੀਆਂ ਬਖਸ਼ੀਆਂ ਉਹ ਨਿਆਮਤਾਂ ਮੇਰੇ ਲਈ ਬੇਮਾਇਨਾ ਹੋ ਗਈਆਂ ਸਨ। ਮੈਨੂੰ ਅਸ਼ਵਰੀਆ ਨਹੀਂ, ਪਤੀ ਚਾਹੀਦਾ ਸੀ।
ਕਹਾਣੀਕਾਰ- ਤੁਸੀਂ ਕਿਹਾ ਹੈ ਕਿ ਪਤੀ ਨੂੰ ਅਪਨਾਏ ਬਿਨਾਂ ਉਸਦੀਆਂ ਦਿੱਤੀਆਂ ਸਭ ਵਸਤਾਂ ਤੁਹਾਡੇ ਲਈ ਫਜ਼ੂਲ ਸਨ। ਇਸ ਲਈ ਤੁਸੀਂ ਸਭ ਕੁੱਝ ਛੱਡ ਦਿੱਤਾ। ਇਹ ਮੁਲੱਖ ਵੀ ਤੁਹਾਡੇ ਪਤੀ ਦਾ ਹੈ, ਉਹਦੀ ਬਦੌਲਤ ਤੁਸੀਂ ਇੱਥੇ ਆਏ। ਫਿਰ ਜਦੋਂ ਪਤੀ ਨੂੰ ਤਿਆਗਿਆ ਸੀ, ਉਦੋਂ ਇੰਗਲੈਂਡ ਛੱਡ ਕੇ ਇੰਡੀਆਂ ਵਾਪਸ ਕਿਉਂ ਨਾ ਗਏ?
ਪਾਤਰ- ………….।
ਕਹਾਣੀਕਾਰ- ਤੁਹਾਡੇ ਪਤੀ ਵਿੱਚ ਤੁਹਾਡਾ ਖਸਮ ਬਣਨ ਦੀ ਯੋਗਤਾ ਦੇ ਨਾ ਹੋਣ ਬਾਰੇ ਤਾਂ ਵਿਆਹ ਦੇ ਤੁਰੰਤ ਬਾਅਦ ਹੀ ਤੁਹਾਨੂੰ ਗਿਆਨ ਹੋ ਗਿਆ ਹੋਵੇਗਾ। ਫਿਰ ਤੁਸੀਂ ਇੰਡੀਆ ਹੀ ਕਿਸੇ ਯਾਰ ਨਾਲ ਕਿਉਂ ਨਹੀਂ ਦੋੜੇ? ਇੰਗਲੈਂਡ ਆ ਕੇ ਇਹ ਸ਼ਰਮਨਾਕ ਹਰਕਤ ਕਿਉਂ ਕੀਤੀ? ਕੀ ਗੱਲ ਵਲਾਇਤੀ ਦੇ ਰਾਹ ਬਹੁਤੇ ਪੱਧਰੇ ਹਨ?
ਪਾਤਰ- ਦਰਅਸਲ ਗੱਲ ਇਉਂ ਹੈ ਕਿ ਜਦੋਂ ਬਾਹਰਲੇ ਲੋਕ ਆਪਣੇ ਵਤਨ ਵਿੱਚ ਧੀਆਂ-ਪੁੱਤਾਂ ਨੂੰ ਵਿਆਹੁਣ ਜਾਂਦੇ ਹਨ ਤਾਂ ਇਹਨਾਂ ਦੀ ਬੂਥੀ ਉਤਾਂਹ ਕੁਤਬਮੀਨਾਰ ਤੋਂ ਵੀ ਉੱਚੀ ਚੁੱਕੀ ਹੁੰਦੀ ਹੈ। ਇਸ ਲਈ ਮਾੜੀ-ਮੋਟੀ ਕੁੜੀ ਇਹਨਾਂ ਦੀ ਨਿਗਾਹ ਹੇਠ ਹੀ ਨਹੀਂ ਆਉਂਦੀ। ਜਿਸਨੇ ਵਿਆਹ ਕਰਵਾਉਣਾ ਹੁੰਦਾ ਹੈ ਉਸਨੇ ਤਾਂ ਨੱਕ-ਬੁੱਲ੍ਹ ਮਾਰਨੇ ਹੀ ਹੁੰਦੇ ਹਨ। ਸਗੋਂ ਕੁਆਲਟੀ ਕੰਟਰੋਲਰ ਬਣੇ ਮਾਪੇ ਹੀ ਪਹਿਲਾਂ ਆਪ ਦੇਖ-ਦੇਖ ਕੁੜੀਆਂ ਰੱਦ ਕਰਦੇ ਰਹਿੰਦੇ ਹਨ। ਫਿਰ ਇਹਨਾਂ ਲੋਕਾਂ ਦੀਆਂ ਮੰਗਾਂ ਵੀ ਬਹੁਤ ਹੁੰਦੀਆਂ ਹਨ, ਕੁੜੀ ਡਾਕਟਰ ਹੋਵੇ। ਵਕੀਲਣੀ ਹੋਵੇ। ਅਨਪੜ ਤੋਂ ਅਨਪੜ ਵੀ ਬੀ ਏ-ਐਮ ਏ ਤੋਂ ਘੱਟ ਪੜ੍ਹੀ ਕੁੜੀ ਨਾਲ ਗੱਲ ਨਹੀਂ ਕਰਦੇ। ਆਪਣਾ ਮੁੰਡਾ ਭਾਵੇਂ ਝੁੱਡੂ  ਹੋਵੇ। ਪਰ ਕੁੜੀ ਮਿਸ ਵਰਲਡ  ਭਾਲਣਗੇ। ਆਖਣਗੇ ਕੁੜੀ ਗੋਰੀ ਹੋਵੇ। ਪਤਲੀ ਹੋਵੇ। ਉਹਦਾ ਮੁੰਦਰੀ ਦੇ ਛੱਲੇ ਜਿੰਨਾ ਲੱਕ ਹੋਵੇ, ਵਗੇਰਾ-ਵਗੇਰਾ। ਇਹਨਾਂ ਨੂੰ ਪੁੱਛਣ ਵਾਲਾ ਹੋਵੇ। ਤੁਸੀਂ ਕੁੜੀ ਤੋਂ ਮਾਡਲਿੰਗ  ਕਰਵਾਉਣੀ ਆ ਜਾਂ ਫਿਲਮਾਂ ਵਿੱਚ ਕੰਮ ਕਰਨ ਲਾਉਣਾ ਹੈ? ਭਾਂਡੇ ਹੀ ਮੰਜਵਾਉਣ ਹੁੰਦੇ ਨੇ, ਰੋਟੀਆਂ ਪਕਵਾਉਣੀਆਂ ਜਾਂ ਆਪਣੀਆਂ ਦੁਕਾਨਾਂ 'ਤੇ ਸੇਲਜ਼ ਗਰਲ  ਬਣਾ ਕੇ ਖੜਾਉਣਾ ਹੁੰਦਾ ਹੈ। 
ਇਹੀ ਕੇਸ ਮੇਰੇ ਸਾਹੁਰਿਆਂ ਦਾ ਸੀ। ਦੋ ਮਹੀਨੇ ਇਹਨਾਂ ਨੇ ਪੰਜਾਬ ਦਾ ਚੱਪਾ-ਚੱਪਾ ਇੰਝ ਛਾਣ ਮਾਰਿਆ ਜਿਵੇਂ ਪੁਲਸ ਕਿਸੇ ਇਸ਼ਤਿਆਰੀ ਮੁਜ਼ਰਮ ਦੀ ਭਾਲ ਕਰਦੀ ਹੁੰਦੀ ਹੈ। ਇਥੋਂ ਤੱਕ ਕਿ ਚੰਡੀਗੜ੍ਹ, ਦਿੱਲੀ ਅਤੇ ਮੁੰਬਈ ਵਰਗੇ ਮਹਾਂਨਗਰਾਂ ਤੱਕ ਵੀ ਪਹੁੰਚ ਕੀਤੀ। ਪਰ ਇਹਨਾਂ ਦਾ ਕਿਤੇ ਰਿਸ਼ਤਾ ਨਾ ਸਿਰੇ ਚੜ੍ਹ ਸਕਿਆ। ਮੇਰੀ ਕਿਸਮਤ ਫੁੱਟਣੀ ਸੀ! ਮੇਰੇ ਪਤੀ ਦੀ ਫਲਾਇਟ  ਵਿੱਚ ਦੋ ਦਿਨ ਰਹਿੰਦੇ ਸਨ। ਜਦੋਂ ਮੇਰੇ ਸਾਕ ਦੀ ਗੱਲ ਚੱਲੀ। ਨਾ ਕੋਈ ਜੰਝ-ਬਰਾਤੀ, ਨਾ ਕੋਈ ਵਾਜਾ-ਗਾਜਾ। ਬਸ ਮਾਮੂਲੀ ਜਿਹੀ ਤੁੱਥ-ਮੁੱਥ ਵਰਗੀ ਰਸਮ ਕਰਕੇ ਮੈਨੂੰ ਤੋਰ ਦਿੱਤਾ ਗਿਆ। ਮਸਾਂ ਇੱਕ ਡੂਢ ਦਿਨ ਬਚਿਆ ਸੀ ਸਾਡੇ ਕੋਲ ਇਕੱਠੇ ਰਹਿਣ ਲਈ। ਵਿਆਹ ਹੋਣ ਕਰਕੇ ਮੇਰੇ ਸਾਹੁਰੇ ਘਰ ਛਪਾਰ ਦੇ ਮੇਲਾ ਵਰਗਾ ਇਕੱਠ ਸੀ। ਦਿਨ ਰਿਸ਼ਤੇਦਾਰ ਦੇ ਰਸ਼ ਵਿੱਚ ਹੀ ਨਿਕਲ ਗਿਆ ਤੇ ਰਾਤ ਅਟੈਚੀਆਂ ਵਿੱਚ ਸਾਮਾਨ ਪੈਕ  ਕਰਦਿਆਂ ਲੰਘ ਗਈ। ਨਾ ਅਸੀਂ ਰੱਜ ਕੇ ਗੱਲਾਂ ਕੀਤੀਆਂ ਤੇ ਨਾ ਕੋਈ ਚਾਅ ਪੂਰਾ ਕਰਿਆ। ਮੇਰੇ ਹਸਬੈਂਡ ਤੋਂ ਤਾਂ ਮੇਰੀ ਕਿੱਸ  ਵੀ ਨਹੀਂ ਸੀ ਲੈ ਹੋਈ। ਮੈਂ ਹੈਰੀ ਦੀ ਮਜ਼ਬੂਰੀ ਸਮਝਦੀ ਸੀ। ਲਿਹਾਜਾ ਮੈਂ ਕੋਈ ਗੱਲ ਦਿਲ 'ਤੇ ਨਾ ਲਾਈ। ਸੋਚਿਆ ਸੀ ਇੰਗਲੈਂਡ ਪਹੁੰਚ ਕੇ ਪਤੀ ਦਾ ਸਾਰੀ ਉਮਰ ਰੱਜਵਾਂ ਪਿਆਰ ਹੰਢਾਵਾਂਗੀ। ਹੂੰ! ਇੰਨਸਾਨ ਸੋਚਦਾ ਕੀ ਹੈ ਤੇ ਹੋ ਕੀ ਜਾਂਦਾ ਹੈ। 
ਕਹਾਣੀਕਾਰ- ਇੰਗਲੈਂਡ ਆ ਕੇ ਤੁਹਾਡੇ ਨਾਲ ਕੀ ਵਾਪਰਿਆ?
ਪਾਤਰ- ਮਸਾਂ-ਮਸਾਂ ਉਹ ਭਾਗਾਂਵਾਲਾ ਦਿਨ ਆਇਆ ਜਦੋਂ ਮੈਂ ਇੰਗਲੈਂਡ ਆਈ। ਪਹਿਲੇ ਚਾਰ ਦਿਨ ਤਾਂ ਹੈਰੀ ਮੇਰੇ ਨੇੜੇ ਹੀ ਨਹੀਂ ਲੱਗਿਆ। ਪੰਜਵੀਂ ਰਾਤ ਮੇਰੇ ਕੋਲ ਪਿਆ, ਪਰ ਮੈਂ ਡਰਦੀ ਰਹੀ। ਅਸੀਂ ਇੱਕ ਦੂਜੇ ਨੂੰ ਜਮਾਂ ਨਾ ਬੁਲਾਇਆ। ਛੇਵੀਂ ਰਾਤ ਮੈਂ ਸੰਗਦੀ ਰਹੀ। ਸੱਤਵੀਂ ਰਾਤ ਵੀ ਮੈਂ ਅੱਧੀ ਰਾਤ ਤੱਕ ਮੰਜੇ 'ਤੇ ਬੈਠੀ ਉਡੀਕਦੀ ਰਹੀ। ਪੂਰੇ ਇੱਕ ਵਜੇ ਹੈਰੀ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਬੈਠੀ ਦੇਖ ਕੇ ਪੁੱਛਣ ਲੱਗਾ, "ਸੁੱਤੀ ਨ੍ਹੀਂ ਅਜੇ? ਮੈਂ ਤਾਂ ਸਮਝਿਆ ਸੌਂ ਗਈ ਹੋਵੇਂਗੀ?"
ਐਨਾ ਕਹਿ ਕੇ ਹੈਰੀ ਧੜੱਮ ਕਰਕੇ ਮੰਜੇ 'ਤੇ ਡਿੱਗ ਪਿਆ। ਮੈਂ ਉਹਦੇ ਮੂੰਹ ਵੱਲ ਦੇਖਦੀ ਰਹਿ ਗਈ। ਮੈਂ ਸੋਚਿਆ, ਮਨਾ ਇੱਕ ਤਾਂ ਆਉਂਦਾ ਹੀ ਲੇਟ ਹੈ। ਦੂਜਾ ਲੇਟਦਿਆਂ ਹੀ ਸੌਂ ਜਾਂਦੈ। ਇਉਂ ਤਾਂ ਸਾਡੀ ਸਾਰੀ ਜ਼ਿੰਦਗੀ ਫੋਕੀ ਨਿਕਲ ਜਾਊ। ਕੁੱਝ ਦੇਰ ਬਾਅਦ ਮੈਂ ਉਹਨੂੰ ਸੁੱਤੇ ਨੂੰ ਹਲੂਣਿਆਂ, "ਉਠੋ ਨਾ?"
"ਕਿਉਂ ? ਕੀ ਗੱਲ ਆ?"
"ਆਜੋ ਆਪਾਂ ਗੱਲਾਂ ਕਰਦੇ ਆਂ?"
"ਚੁੱਪ ਕਰਕੇ ਪੈ ਜਾ, ਨਾਲੇ ਮੈਨੂੰ ਸੌਣ ਦੇ?" ਹੈਰੀ ਨੇ ਅੱਖਾਂ ਵੀ ਨਾ ਖੋਲ੍ਹੀਆਂ।
"ਸੱਜਰੇ ਵਿਆਹ ਬਾਅਦ ਰਾਤਾਂ ਸੌਣ ਲਈ ਨਹੀਂ ਜਾਗਣ ਲਈ ਹੁੰਦੀਆਂ ਹਨ।"
"ਤੂੰ ਜਾਗ ਫੇਰ? ਮੈਨੂੰ ਤਾਂ ਨੀਂਦ ਆਉਂਦੀ ਆ।"
 "ਕੱਲੀ ਜਾਗ ਕੇ ਕੀ ਕਰੂੰਗੀ? ਮੇਰਾ ਪਤੀ ਵੀ ਨਾਲ ਜਾਗੇ ਫੇਰ ਹੀ ਆ?"
"ਮੈਂ ਕਿਸੇ ਦਾ ਪਤੀ-ਪੁਤੀ ਨਹੀਂ।" ਹੈਰੀ ਮੈਨੂੰ ਖਿਝ ਕੇ ਪਿਆ।
"ਹੈਗੇ ਖਨੀ ਕਿਵੇਂ ਨ੍ਹੀਂ? ਤੁਹਾਡਾ ਮੇਰੇ ਨਾਲ ਵਿਆਹ ਹੋਇਐ।" 
"ਮੇਰੇ ਕੰਨ ਨਾ ਖਾਹ- ਪੈ ਜਾਹ- ਬਹਿ ਜਾਹ, ਜੋ ਮਰਜ਼ੀ ਕਰ।"
"ਜੋ ਮਰਜ਼ੀ?" ਮੈਂ ਸ਼ਰਾਰਤੀ ਸੁਰ ਵਿੱਚ ਪੁੱਛਿਆ।
ਹੈਰੀ ਨੇ ਕੋਈ ਉੱਤਰ ਦਿੱਤੇ ਬਿਨਾ ਆਪਣੀਆਂ ਅੱਖਾਂ ਉੱਪਰ ਬਾਂਹ ਰੱਖ ਲਈ। ਮੈਂ ਪਏ ਹੋਏ ਹੈਰੀ ਦੀ ਕਮੀਜ਼ ਦੇ ਬਟਨ ਖੋਲ੍ਹ ਕੇ ਉਹਦੀ ਨੰਗੀ ਹਿੱਕ ਉੱਤੇ ਆਪਣੀ ਉਂਗਲ ਨਾਲ 'ਆਈ ਲਵ ਯੂ'  ਲਿੱਖ ਦਿੱਤਾ। ਮੇਰੀਆਂ ਉਂਗਲਾਂ ਦੀ ਗੁਦਗੁਦੀ ਹੋਣ ਨਾਲ ਹੈਰੀ ਨੇ ਅੱਖਾਂ ਖੋਲ੍ਹ ਲਿਤੀਆਂ ਤਾਂ ਮੈਂ ਉਹਦੀਆਂ ਅੱਖਾਂ ਵਿੱਚ ਕਾਮ ਉਕਸਾਊ ਨਜ਼ਰਾਂ ਨਾਲ ਦੇਖਦਿਆਂ, ਉਹਦੀ ਛਾਤੀ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਹੈਰੀ ਨੇ ਮੈਨੂੰ ਧੱਕਾ ਮਾਰ ਕੇ ਪਰ੍ਹੇ ਸਿੱਟ ਦਿੱਤਾ। 
"ਤੂੰ ਸੌਣ ਕਿਉਂ ਨਹੀਂ ਦਿੰਦੀ?"
"ਬਈ ਆਪਣਾ ਨਵਾਂ-ਨਵਾਂ ਵਿਆਹ ਹੋਇਆ ਹੈ। ਮੇਰੀਆਂ ਜਿਨ੍ਹਾਂ ਸਹੇਲੀਆਂ ਦੇ ਇੰਡੀਆ ਵਿਆਹ ਹੋਏ ਸੀ, ਉਹ ਦੱਸਦੀਆਂ ਸੀ, ਉਹਨਾਂ ਦੇ ਘਰਵਾਲੇ ਤਾਂ ਰਾਤ ਨੂੰ ਜਾਗ ਕੇ ਸਾਰੀ-ਸਾਰੀ ਰੈਣ ਪਿਆਰ ਕਰਦੇ ਰਹਿੰਦੇ ਹੁੰਦੇ ਸੀ।" 
"ਤਾਂ ਹੀ ਇੰਡੀਆਂ ਦੀ ਅਬਾਦੀ ਜ਼ਿਆਦੇ ਹੈ।" ਹੈਰੀ ਨੇ ਪਾਸਾ ਮਾਰ ਕੇ ਪਰ੍ਹੇ ਨੂੰ ਮੂੰਹ ਫੇਰ ਲਿਆ।
"ਤੈਂ ਮਰਦਮਸ਼ੁਮਾਰੀ ਕੀਤੀ ਐ? ਜਨਾਬ ਇੰਡੀਆ ਨੂੰ ਛੱਡੋ ਤੇ ਇਥੋਂ ਦਾ ਖਿਆਲ ਕਰੋ। ਆਪਾਂ ਵੀ ਇੰਗਲੈਂਡ ਦੀ ਅਬਾਦੀ ਵਧਾਉਣ 'ਚ ਕੋਈ ਯੋਗਦਾਨ ਪੌਣਾ ਹੈ ਕਿ ਨਹੀਂ? ਮੈਂ ਤਾਂ ਤੁਹਾਡੇ ਸਾਥ ਲਈ ਤਰਸੀ ਪਈ ਆਂ!"
"ਬੜੀ ਲੁੱਚੀ ਏਂ ਤੂੰ। ਮੈਂ ਤਾਂ ਸੁਣਿਆ ਸੀ ਇੰਡੀਆ ਦੀਆਂ ਕੁੜੀਆਂ ਸ਼ਰੀਫ ਹੁੰਦੀਆਂ ਨੇ।"
"ਮੈਂ ਵੀ ਸ਼ਰੀਫ ਹੀ ਆਂ। ਤੈਨੂੰ ਮੇਰੇ 'ਚ ਕੀ ਖਰਾਬੀ ਦਿਸ ਗਈ? ਦੱਸ ਕੀਹਦੇ ਨਾਲ ਅੱਖ-ਮਟੱਕਾ ਕਰਦੀ ਨੂੰ ਫੜਿਐ?  ਹਰ ਵਿਅਕਤੀ ਆਪਣੇ ਜੀਵਨ ਸਾਥੀ ਤੋਂ ਜਿਸਮਾਨੀ ਤ੍ਰਿਪਤੀ ਦੀ ਇੱਛਾ ਰੱਖਦੈ? ਪਤੀ ਤੋਂ ਸ਼ਰੀਰਕ ਸੁੱਖ ਅਤੇ ਭੁੱਖ ਪੂਰੀ ਕਰਨੀ ਮੇਰਾ ਹੱਕ ਹੈ। ਤੂੰ ਤਾਂ ਨਾਇਯਾਬ ਵਸਤੂ ਦਾ ਮਹਿੰਗਾ ਮੁੱਲ ਦੇਖ ਕੇ ਡਰੇ ਕੰਗਾਲ ਵਾਂਗੂੰ ਮੈਨੂੰ ਹੱਥ ਵੀ ਨਹੀਂ ਲਾਇਆ।"
"ਮੈਂ ਲਾਉਣਾ ਵ-ਨ੍ਹੀਂ।" ਹੈਰੀ ਬੜਾ ਰੁੱਖਾ ਬੋਲਿਆ।
"ਕਿਉਂ ਮੈਨੂੰ ਕੀ ਕੋਹੜ ਹੋਇਐ? -ਦੱਸੋ ਨਾ ਕੀ ਗੱਲ ਹੈ? -ਕੀ ਮੈਂ ਤੁਹਾਨੂੰ ਸੋਹਣੀ ਨਹੀਂ ਲੱਗਦੀ? -ਕੀ ਤੁਸੀਂ ਕਿਸੇ ਮੇਮ ਨਾਲ ਇਸ਼ਕ ਕਰਦੋ ਹੋ?"
"ਤੋਹਮਤਾਂ ਨਾ ਲਾ। ਮੇਰਾ ਕਿਸੇ ਗੋਰੀ-ਗੁਰੀ ਨਾਲ ਚੱਕਰ ਨ੍ਹੀਂ। ਸਮਝੀ? ਨਾਓ ਸ਼ੱਟ ਅੱਪ ਐਂਡ ਲੈਟ ਮੀ ਸਲੀਪ।"
"ਗੋਰੀ ਨਹੀਂ ਤਾਂ ਕੋਈ ਕਾਲੀ ਤਾਂ ਜ਼ਰੂਰ ਫਸੀ ਹੋਣੀ ਏ? ਤੁਹਾਡੇ ਵਰਗਾ ਲੇਡੀ ਕਿੱਲਰ ਸੋਹਣਾ ਮੁੰਡਾ ਦੇਖ ਕੇ ਕਿਹੜੀ ਜਨਾਨੀ ਆਪਣਾ ਦਿਲ ਕਾਬੂ ਰੱਖ ਸਕਦੀ ਹੈ?" ਮੈਂ ਗੱਲ ਹਾਸੇ ਪਾਉਣੀ ਚਾਹੀ।
"ਕਿੰਨੀ ਵਾਰ ਤੈਨੂੰ ਕਿਹੈ ਕਿ ਤੀਵੀਂ ਵਿੱਚ ਮੈਨੂੰ ਕੋਈ ਦਿਲਚਸਪੀ ਨਹੀਂ। ਤੂੰ ਸਮਝਦੀ ਕਿਉਂ ਨਹੀਂ? ਜਨਾਨੀ ਕੋਈ ਔਕਸੀਜ਼ਨ ਗੈਸ  ਨਹੀਂ ਹੁੰਦੀ ਜੀਹਦੇ ਲਏ ਬਿਨਾਂ ਬੰਦੇ ਦਾ ਸਰਨਾਂ ਹੀ ਨਹੀਂ। -ਆਈ ਹੇਟ ਵੂਮੈਨ।"
ਮੈਨੂੰ ਸੁਣ ਕੇ ਬੜਾ ਅਸਚਰਜ਼ ਹੋਇਆ, "ਕਮਾਲ ਦਾ ਬੰਦੈਂ ਤੂੰ! ਆਖੇ ਤੀਵੀਂ ਦਾ ਨਾਮ ਵੀ ਨਹੀਂ ਸੁਣਨਾ। ਆਦਮੀ ਤਾਂ ਜਨਾਨੀਆਂ ਦੀਆਂ ਪੈੜਾਂ ਸੁੰਗਦੇ ਫਿਰਦੇ ਹੁੰਦੇ ਹਨ। ਜਨਾਨੀਆਂ ਨਾਲ ਨਫਰਤ ਸੀ ਤਾਂ ਕਿਸੇ ਬੰਦੇ ਨਾਲ ਹੀ ਵਿਆਹ ਕਰਵਾ ਲੈਂਦਾ। ਬਥੇਰੇ ਗੇਅ ਬੰਦੇ ਕਰਵਾਉਂਦੇ ਨੇ। ਇੱਥੇ ਦਾ ਤਾਂ ਕਾਨੂੰਨ ਵੀ ਮਰਦ ਨੂੰ ਮਰਦ ਨਾਲ ਵਿਆਹ ਕਰਵਾਉਣ ਦੀ ਇਜ਼ਾਜਤ ਦਿੰਦਾ ਹੈ। ਮੇਰੇ ਨਾਲ ਲਾਵਾਂ ਕਾਸ ਨੂੰ ਲਈਆਂ?"
"ਮੈਂ ਤੇਰੇ ਨਾਲ ਵਿਆਹ ਆਪਣੇ ਘਰਦਿਆਂ ਦੇ ਜ਼ੋਰ ਪਾਉਣ 'ਤੇ ਕਰਵਾਇਐ, ਕਿਉਂਕਿ ਉਹਨਾਂ ਨੂੰ ਨੂੰਹ ਚਾਹੀਦੀ ਸੀ।"
"ਤੇ ਤੈਨੂੰ ਵਾਈਫ ਦੀ ਲੋੜ੍ਹ ਨ੍ਹੀਂ ਸੀ?"
"ਨਹੀਂ!"
"ਆਹ ਗੱਲ ਫੇਰ ਮੈਨੂੰ ਪਹਿਲਾਂ ਉਦੋਂ ਦੱਸਦਾ, ਜਦੋਂ ਅਨੰਦਾਂ 'ਤੇ ਬੈਠੇ ਨੂੰ ਰਾਗੀ ਨੇ ਤੈਨੂੰ  ਚੌਹਾਂ ਲਾਵਾਂ ਦੇ ਅਰਥ ਕਰਕੇ ਦੱਸੇ ਸਨ।"
"ਬਕੀ ਚੱਲ ਕੁੱਤੀਏ ਜੋ ਬਕਦੀ ਐਂ। ਤੈਂ ਕਿਹੜਾ ਦਿਮਾਗ ਚੱਟਣੋਂ ਹੱਟਣੈ।" ਹੈਰੀ ਨੇ ਰਜਾਈ ਮੂੰਹ 'ਤੇ ਤਾਣ ਕੇ ਆਪਣੇ ਸਿਰ ਹੇਠਾਂ ਦੱਬ ਲਈ।
ਮੈਂ ਆਪਣੇ ਕੱਪੜੇ ਉਤਾਰੇ ਤੇ ਹੈਰੀ ਨਾਲ ਰਜਾਈ ਵਿੱਚ ਵੜ੍ਹ ਕੇ ਨਿਰੰਤਰ ਕੋਸ਼ਿਸ਼ਾਂ ਕਰਦੀ ਰਹੀ। ਪਰ ਉਹ ਰੱਬ ਦਾ ਬੰਦਾ ਇਮਾਨ ਤੋਂ ਨਾ ਡੋਲਿਆ। ਮੈਂ ਉਹਦੇ ਹੱਥ ਫੜ੍ਹ-ਫੜ੍ਹ ਕੇ ਆਪਣੇ ਅੰਗਾਂ ਨਾਲ ਵੀ ਛੁਹਾਏ, ਫੇਰ ਵੀ ਉਹਦੀਆਂ ਅੱਖਾਂ ਕੋਟਕਪੂਰੇ ਦੇ ਫਾਟਕਾਂ ਵਾਂਗੂੰ ਜਦੋਂ ਤੱਕਿਆਂ ਕਰਾਂ ਬੰਦ ਦੀਆਂ ਬੰਦ ਹੀ ਹੁੰਦੀਆਂ। ਉਹਦੇ ਸ਼ਰੀਰ ਵਿੱਚ ਕੋਈ ਹਲਚਲ ਨਾ ਹੋਈ। ਜਿਸਮ ਦੀ ਨੁਮਾਇਸ਼ ਕਰਨ ਨਾਲੋਂ ਸਪਸ਼ਟ ਅਤੇ ਖੁੱਲ੍ਹਾ ਸੱਦਾ ਹੋਰ ਕੀ ਹੋ ਸਕਦੈ? ਸਾਰੀ ਰਾਤ ਉਹਦੇ ਨਾਲ ਨਿਰਵਸਤਰ ਪਈ ਰਹਿਣ ਬਾਅਦ ਵੀ ਮੈਂ ਅਣਲੱਗ ਤੇ ਅਣਛੋਹੀ ਉੱਠੀ ਤਾਂ ਦੇਖਿਆ, ਹੈਰੀ ਕਿਧਰੇ ਜਾਣ ਲਈ ਤਿਆਰ ਹੁੰਦਾ ਬੂਟਾਂ ਦੇ ਤਸਮੇ ਬੰਨ੍ਹ ਰਿਹਾ ਸੀ। ਮੰਜੇ ਦੀ ਢੋਹ ਤੋਂ ਆਪਣੇ ਕਪੜੇ ਚੁੱਕ ਕੇ ਪਾਉਂਦੀ ਹੋਈ ਮੈਂ ਰੋ ਪਈ।
ਮੈਨੂੰ ਕੁਰਲਾਉਂਦੀ ਦੇਖ ਕੇ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਣ ਲੱਗਿਆ ਹੈਰੀ ਰੁੱਕ ਗਿਆ, "ਮੈਂ ਤੈਨੂੰ ਕੋਈ ਗਾਲ-ਦੁਪੜ ਦਿੱਤੀ ਜਾਂ ਕੁੱਟਿਆ ਮਾਰਿਐ?"
ਮੈਂ ਆਪਣੇ ਚਿੱਤ 'ਚ ਸੋਚਿਆ ਕਿ ਕਿੰਨਾਂ ਚੰਗਾ ਹੁੰਦਾ ਜੇ ਹੈਰੀ ਤੂੰ ਮੈਨੂੰ ਕੁੱਟਦਾ। ਜਿਹੜੇ ਚਾਪਲੂਸ ਕਿਸਮ ਦੇ ਬੰਦੇ ਤੀਵੀਂ ਦੀ ਹਰ ਵੇਲੇ ਚਮਚਾਗੀਰੀ ਜਿਹੀ ਕਰਦੇ ਰਹਿਣ, ਤੀਵੀਂ ਅਜਿਹੇ ਬੰਦੇ ਨੂੰ ਕਦੇ ਵੀ ਦਿਲੋਂ ਪਸੰਦ ਨਹੀਂ ਕਰਦੀ। ਔਰਤ ਉਤੋਂ-ਉਤੋਂ ਭਲਾਂ ਜਿੰਨਾ ਮਰਜ਼ੀ ਪਖੰਡ ਕਰਦੀ ਰਹੇ ਕਿ ਘਰਵਾਲਾ ਜ਼ਾਲਮ ਹੈ, ਕੁੱਟ-ਕਟਾਪਾ ਕਰਦੈ। ਪਰ ਅੰਦਰੋਂ ਉਹ ਚਾਹੁੰਦੀ ਹੁੰਦੀ ਹੈ ਕਿ ਉਹਦਾ ਪਤੀ ਉਹਦੇ ਉੱਤੇ ਪੂਰਾ ਕਬਜ਼ਾ ਰੱਖੇ। ਜਦੋਂ ਕੋਈ ਗਲਤੀ ਹੋਵੇ, ਘਸੁੰਨ-ਮੁੱਕੀ ਜੜੇ। ਪਤੀ ਤੋਂ ਛਿੱਤਰ ਖਾਣ ਵਿੱਚ ਜਨਾਨੀਂ ਨੂੰ ਵੱਖਰਾ ਸੁਆਦ ਆਉਂਦਾ ਹੁੰਦਾ ਹੈ। ਕਿਉਂਕਿ ਇਸ ਨਾਲ ਬੁੜ੍ਹੀ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਸਦਾ ਮਾਹੀ ਉਸ ਉੱਤੇ ਆਪਣਾ ਹੱਕ ਜਤਾ ਰਿਹਾ ਹੈ। ਕਈ ਔਰਤਾਂ ਤਾਂ ਜਾਣ ਕੇ ਦਾਲ-ਸਬਜ਼ੀ ਵਿੱਚ ਨੂਣ-ਮਿਰਚ ਵੱਧ-ਘੱਟ ਪਾਉਂਦੀਆਂ ਹਨ ਤਾਂ ਕਿ ਉਹਨਾਂ ਦੇ ਪਤੀਆਂ ਨੂੰ ਲੜਣ ਦਾ ਬਹਾਨਾ ਮਿਲ ਸਕੇ। ਲੜਇਆਂ ਪਿਆਰ ਵਧਦੈ। ਛੋਟੇ-ਮੋਟੇ ਘਰੇਲੂ ਝਗੜੇ ਮੀਆਂ-ਬੀਵੀ ਦੇ ਪਿਆਰ ਵਾਲੇ ਬੂਟੇ ਨੂੰ ਵੱਧਣ-ਫੁੱਲਣ ਵਿੱਚ ਗੋਡੀ ਦੀ ਤਰ੍ਹਾਂ ਕੰਮ ਕਰਦੇ ਹਨ। ਪੌਦਿਆਂ ਦੇ ਆਲੇ-ਦੁਆਲਿਉਂ ਖੁਰਪੇ ਨਾਲ ਖੁਦਾਈ ਕਰਕੇ ਅਸੀਂ ਮਿੱਟੀ ਪੋਲੀ ਕਰ ਦਿੰਦੇ ਹਾਂ ਤਾਂ ਕਿ ਪੌਦਾ ਆਪਣੀਆਂ ਜੜ੍ਹਾਂ ਨੂੰ ਉਸ ਪੋਲੀ ਧਰਤੀ ਵਿੱਚ ਦੂਰ ਤੱਕ ਫੈਲਾਅ ਕੇ ਵੱਧ ਤੋਂ ਵੱਧ ਆਹਰ ਹਾਸਲ ਕਰ ਸਕੇ। ਇਸ ਕਾਰਜ ਵਿੱਚ ਸਾਵਧਾਨੀ ਇਹੀ ਰੱਖਣੀ ਪੈਂਦੀ ਹੈ ਕਿ ਰੰਭਾ ਜ਼ੋਰ ਦੀ ਮਾਰ ਕੇ ਬੂਟੇ ਦੀਆਂ ਜੜ੍ਹਾਂ ਨਾ ਵੱਢ ਦਿੱਤੀਆਂ ਜਾਣ। ਨਹੀਂ ਤਾਂ ਮੌਲਣ ਦੀ ਬਜਾਏ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਬਸ ਇਹੀ ਨਿਯਮ ਦੰਪਤੀ ਜੋੜੀ ਦੀ ਤਕਰਾਰ 'ਤੇ ਲਾਗੂ ਹੁੰਦਾ ਹੈ। ਲੜਾਈ ਇੱਕ ਸੀਮਿਤ ਹੱਦ ਵਿੱਚ ਰਹਿਣੀ ਚਾਹੀਦੀ ਹੈ। ਨਹੀਂ ਤਾਂ ਲਮਕੀ ਹੋਈ ਲੜਾਈ ਤੀਵੀਂ ਆਦਮੀ ਨੂੰ ਇਉਂ ਪਾੜ ਕੇ ਰੱਖ ਦਿੰਦੀ ਹੈ, ਜਿਵੇਂ ਕੁਹਾੜੀ ਖਲਪਾੜਾਂ ਨੂੰ। 
ਮੈਂ ਹੈਰੀ ਨੂੰ ਕੁੱਝ ਨਾ ਦੱਸਿਆ ਤੇ ਉਵੇਂ ਰੋਈ ਗਈ। ਹੈਰੀ ਮੇਰੇ ਮੂੰਹ ਵੱਲ ਦੇਖਦਾ ਰਿਹਾ, "ਬੋਲ ਕਿਹੜੀ ਔਖਿਆਈ ਹੈ ਤੈਨੂੰ? ਚੰਗਾ ਖਾਣ ਨੂੰ ਮਿਲਦੈ। ਸੋਹਣਾ ਪਹਿਨਣ ਨੂੰ ਲੈਂਦੀ ਐਂ। ਖੁੱਲ੍ਹਾ ਖਰਚ, ਮੰਗੇ ਬਿਨਾ ਮੈਂ ਤੈਨੂੰ ਦੇ ਦਿੰਦਾਂ। ਸਾਰਾ ਦਿਨ ਡੱਕਾ ਤੋੜ ਕੇ ਤੂੰ ਦੂਹਰਾ ਨਹੀਂ ਕਰਨਾ ਹੁੰਦਾ। ਦੱਸ, ਕੀ ਕਮੀ ਆ ਜੋ ਨਹੀਂ ਮਿਲਦਾ?"
"ਮੈਨੂੰ ਇਹ ਸਭ ਨਹੀਂ ਚਾਹੀਦਾ। ਮੈਨੂੰ ਤੇਰੀ ਲੋੜ੍ਹ ਹੈ। ਤੇਰੇ ਬਿਨਾਂ ਬਾਕੀ ਸਭ ਕੁੱਝ ਮੇਰੇ ਲਈ ਫਾਲਤੂ ਹੈ। ਮੈਂ ਚਾਹੁੰਦੀ ਆਂ ਤੂੰ ਮੇਰੇ ਨਾਲ ਹੱਸੇ-ਖੇਡੇ, ਖਾਵੇਂ-ਪੀਵੇਂ, ਸੌਂਵੇ-ਜਾਗੇਂ। ਅਜੇ ਤੱਕ ਤੂੰ ਮੈਨੂੰ ਨਹੀਂ ਕਬੂਲਿਆ। ਛੇ ਮਹੀਨੇ ਵਿਆਹ ਨੂੰ ਹੋ ਗਏ ਤੇ ਹਫਤਾ ਇੱਥੇ ਆਈ ਨੂੰ। ਤੂੰ ਤਾਂ ਮੈਨੂੰ ਅੰਗ ਲਾ ਕੇ ਪਤੀ ਹੋਣ ਵਾਲਾ ਫਰਜ਼ ਵੀ ਪੂਰਾ ਨਹੀਂ ਕੀਤਾ। ਗਹਿਣਾ-ਗੱਟਾ, ਕੱਪੜੇ-ਲੀੜੇ, ਸੁੱਖ-ਸਾਧਨ ਦਾ ਸਾਮਾਨ ਅਤੇ ਐਸ਼ੋ- ਇਸ਼ਰਤ ਹੀ ਨਹੀਂ। ਵਿਆਹੁਤਾ ਔਰਤ ਸੈਕਸ ਵੀ ਚਾਹੁੰਦੀ ਹੈ! ਹੁਣ ਜੇ ਤੂੰ ਨਾ ਕਰੇਂਗਾ ਤਾਂ ਹੋਰ ਕੌਣ ਕਰੂ? ਬੋਲ ਮੈਂ ਗੁਆਂਢੀਆਂ ਨਾਲ ਜਾ ਕੇ ਕਰਿਆ ਕਰਾਂ?"
ਮੈਨੂੰ ਕਲਪਦੀ ਦੇਖ ਕੇ ਹੈਰੀ ਦੀਆਂ ਅੱਖਾਂ ਵੀ ਭਰ ਆਈਆਂ ਤੇ ਆਪਣੀ ਪੈਂਟ ਖੋਲ੍ਹ ਕੇ ਹੇਠਾਂ ਕਰਦਾ ਹੋਇਆ ਉਹ ਬੋਲਿਆ, ਆਹ ਦੇਖ…!!!"
ਮੇਰਾ ਇੱਕਦਮ ਰੋਣਾ ਥੰਮ ਗਿਆ। ਮੈਂ ਹੈਰੀ ਵੱਲ ਦੇਖਦੀ ਸੁੰਨ ਹੋ ਗਈ। 
ਕਹਾਣੀਕਾਰ- ਮਾਫ਼ ਕਰਨਾ ਅਮਰਜੀਤ ਜੀ ਮੈਂ ਤੁਹਾਨੂੰ ਟੋਕਣ ਦੀ ਗੁਸਤਾਖੀ ਕਰ ਰਿਹਾ ਹਾਂ। ਦਰਅਸਲ ਗੱਲ ਇਹ ਹੈ ਕਿ ਮੇਰੀਆਂ ਸਾਰੀਆਂ ਕਹਾਣੀਆਂ 'ਤੇ ਨੰਗੇਜ਼ਵਾਦ ਦਾ ਇਲਜ਼ਾਮ ਲੱਗਦਾ ਹੈ। ਲੱਚਰਤਾ ਨੂੰ ਮੈਂ ਵੀ ਕੋਹਜ ਅਤੇ ਭੈੜ ਮੰਨਦਾ ਹਾਂ। ਇਸ ਕਹਾਣੀ ਨੂੰ ਆਪਾਂ ਅਸ਼ਲੀਲਤਾ ਦੇ ਦੋਸ਼ ਤੋਂ ਮੁਕਤ ਰੱਖਣਾ ਹੈ। ਇਸ ਲਈ ਤੁਹਾਡੇ ਅੱਗੇ ਗੁਜ਼ਾਰਿਸ਼ ਇਹ ਹੈ ਕਿ ਜੋ ਕੁੱਝ ਬੋਲਣਾ ਹੈ, ਸੋਚ ਸਮਝ ਕੇ ਬੋਲੋ। ਮੈਂ ਹੂ-ਬਾ-ਹੂ ਇਵੇਂ ਹੀ ਸਾਰਾ ਕੁੱਝ ਬਿਨਾਂ ਸੈਂਸਰਕੱਟ ਮਾਰਿਆਂ ਛਪਵਾ ਦੇਣਾ ਹੈ। ਜਿਹੜੀ ਲੁੱਚੀ ਗੱਲ ਕਹੇ ਬਿਨਾਂ ਨਹੀਂ ਸਰਦਾ, ਉਹਨੂੰ ਗੋਲ-ਮੋਲ ਕਰ ਜਾਇਉ।"
ਪਾਤਰ- ਗੋਲ ਕੀ ਮੈਂ ਤਾਂ ਚੌਰਸ ਕਰ ਦੂੰ। ਪਰ ਮੈਨੂੰ ਦੱਸੋ ਤਾਂ ਸਹੀ ਕਿਹੜਾ ਮੇਰੇ ਪਿਉ ਦਾ ਸਾਲਾ ਕਹਿੰਦਾ ਤੁਸੀਂ ਲੱਚਰ ਲਿਖਦੇ ਹੋ? ਕਹਾਣੀ ਵਿੱਚੋਂ ਇਹ ਦੇਖਣਾ ਚਾਹੀਦਾ ਹੈ ਕਿ ਉਹ ਪਾਠਕ ਨੂੰ ਸਿਖਾਉਂਦੀ ਕੀ ਹੈ? ਤੁਹਾਡੀਆਂ ਕਹਾਣੀਆਂ ਦਾ ਸੰਦੇਸ਼ ਕਦੇ ਵੀ ਅਨੈਤਿਕ ਨਹੀਂ ਹੁੰਦਾ। ਜਿਥੋਂ ਤੱਕ ਤੁਹਾਡੀਆਂ ਰਚਨਾਵਾਂ ਵਿੱਚਲੇ ਸੈਕਸ ਦਾ ਸਵਾਲ ਹੈ। ਸੈਕਸ ਤੋਂ ਤਾਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਫੇਰ ਇਸ ਵਿਸ਼ੇ ਤੋਂ ਡਰ-ਡਰ ਕੇ ਕਾਸਤੋਂ ਭੱਜਣਾ? ਕਾਮ ਨਾਲ ਸੰਬੰਧਤ ਸਮੱਸਿਆਵਾਂ ਅੱਜਕੱਲ੍ਹ ਐਨੀਆਂ ਵੱਧ ਗਈਆਂ ਹਨ ਕਿ ਲੋਕੀ ਆਤਮਹੱਤਿਆਵਾਂ ਕਰੀ ਜਾ ਰਹੇ ਹਨ।  ਬਿਮਾਰੀ ਜਿੰਨੀ ਹੀ ਗੰਭੀਰ ਅਤੇ ਪੇਚੀਦਾ ਹੋਵੇ, ਉਹਦੇ ਇਲਾਜ਼ ਦੀ ਦਵਾਈ ਉਨੀ ਹੀ ਕੌੜੀ ਹੁੰਦੀ ਹੈ। ਹੁਣ ਸਮਾਂ ਬਦਲ ਗਿਆ ਹੈ। ਸਾਹਿਤ ਵਿੱਚ ਐਨੀ ਕੁ ਬੇਬਾਕੀ ਤੇ ਸਪਾਟ ਬਿਆਨੀ ਤਾਂ ਸਾਨੂੰ ਪਚਾਉਣੀ ਹੀ ਪਵੇਗੀ। ਬਲਰਾਜ ਜੀ, ਤੁਹਾਡੇ ਵਿਚਾਰ ਨੇਕ ਹਨ। ਮੈਂ ਤਾਂ ਕਹਾਂਗੀ ਕਿ ਤੁਸੀਂ ਔਰਤ-ਮਰਦ ਦੇ ਜਿਣਸੀ ਰਿਸ਼ਤਿਆਂ ਬਾਰੇ ਡੱਟ ਕੇ ਲਿਖੋ। ਕਿਸੇ ਵੀ ਫਨਕਾਰ ਨੂੰ ਨਾ ਤਾਂ ਸਾਰੇ ਪ੍ਰਸ਼ੰਸਕ ਮਿਲਦੇ ਹੁੰਦੇ ਹਨ ਤੇ ਨਾ ਹੀ ਆਲੋਚਕ। ਦੋਨਾਂ ਨੂੰ ਝੱਲਣ ਦੀ ਜਾਚ ਸਿਖੋ। ਆਉ ਅਸਲ ਕਹਾਣੀ ਵੱਲ ਮੁੜੀਏ। ਆਪਾਂ ਕੀ ਗੱਲ ਕਰਦੇ ਸੀ? ਹਾਂ, ਹੈਰੀ ਦਾ ਸ਼ਰੀਰਕ ਵਿਕਾਸ ਅਜੇ ਮੁਕੰਮਲ ਨਹੀਂ ਸੀ ਹੋਇਆ। ਉਹ ਇਮਮੈਚਿਉਰ ਸਨ। ਤਰਸ ਦੀ ਇੱਛਾ ਰੱਖਦੀਆਂ ਹੈਰੀ ਦੀਆਂ ਨਜ਼ਰਾਂ ਅਜੇ ਵੀ ਮੇਰੇ ਵੱਲ ਸਨ। ਮੈਂ ਉਹਦੇ ਕਰੀਬ ਹੋਣ ਲਈ ਆਪਣੀ ਜਗ੍ਹਾ ਤੋਂ ਹਿੱਲੀ ਤਾਂ ਹੈਰੀ ਨੇ ਹੱਥੂ ਲੈ ਕੇ ਲੇਰ ਮਾਰੀ ਤੇ ਪੈਂਟ ਚੜ੍ਹਾ ਕੇ ਜਿੱਪ, ਬਟਨ ਕੱਸਦਾ ਹੋਇਆ ਬਾਹਰ ਭੱਜ ਗਿਆ।
ਮੈਨੂੰ ਆਪਣੇ ਆਪ ਉੱਤੇ ਪਛਤਾਵਾ ਹੋ ਰਿਹਾ ਸੀ। ਕਿੰਨਾ ਦਿਲ ਦੁਖਾਉਂਦੀ ਰਹੀ ਸੀ ਮੈਂ ਹੈਰੀ ਦਾ। ਮੈਂ ਚਾਹੁੰਦੀ ਸੀ ਉਹਦੇ ਮਗਰ ਭੱਜ ਜਾਵਾਂ ਤੇ ਉਹਨੂੰ ਹੀਣਭਾਵਨਾ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਮਝਾਵਾਂ, ਹੈਰੀ ਤੇਰੇ ਮਾਨਸਿਕ ਅਤੇ ਸ਼ਰੀਰਕ, ਦੋਨਾਂ ਰੋਗਾਂ ਦਾ ਇਲਾਜ਼ ਹੋ ਸਕਦਾ ਹੈ। ਕੁੱਝ ਜ਼ਰੂਰੀ ਤੱਤਾਂ ਅਤੇ ਵਿਟਾਮਿਨ ਦੀ ਘਾਟ  ਕਾਰਨ ਤੇਰੇ ਅੰਗ ਦਾ ਵਿਕਾਸ ਰੁੱਕ ਗਿਆ ਹੈ। ਤੈਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਸੀ। ਮਾਮੂਲੀ ਜਿਹੇ ਟੌਨਿਕਾਂ ਅਤੇ ਕੈਪਸੂਲਾਂ ਨਾਲ ਬਿਮਾਰੀ ਠੀਕ ਹੋ ਸਕਦੀ ਹੈ। ਕੁੱਝ ਦੇਰ ਦਵਾਈਆਂ ਖਾਣ ਨਾਲ ਸਭ ਨੌਰਮਲ ਹੋ ਜਾਵੇਗਾ। ਜੇ ਅਜਿਹਾ ਨਾ ਵੀ ਹੋ ਸਕਿਆ ਤਾਂ ਜਿਵੇਂ ਅੰਗਰੇਜ਼ ਕਹਿੰਦੇ ਹੁੰਦੇ ਹਨ,  'ਸਾਇਜ਼ ਡੱਜ ਨਾਟ ਮੈਟਰ।'  ਤੁਹਾਨੂੰ ਮੇਰੇ ਤੋਂ ਸ਼ਰਮਿੰਦਾ ਹੋਣ ਦੀ ਕੋਈ ਜ਼ਰੂਰਤ ਨਹੀਂ। ਕਾਮ ਸੂਤਰ ਦੇ ਰਚੇਤਾ ਰਿਸ਼ੀ ਵਾਤਸਿਆਨ ਨੇ ਵੀ ਮੰਨਿਆ ਹੈ ਕਿ ਇੰਦਰੀ ਆਕਾਰ ਦਾ ਨਰੋਏ ਸੰਭੋਗ ਨਾਲ ਕੋਈ ਸੰਬੰਧ ਨਹੀਂ ਹੈ। ਲਿੰਗ ਪੁਰਾਣ ਵਿੱਚ ਤਾਂ ਸਾਫ਼ ਲਿਖਿਆ ਹੈ ਕਿ ਛੋਟੇ ਤੋਂ ਛੋਟੇ ਲਿੰਗ ਵਾਲਾ ਬੰਦਾ ਵੀ ਔਰਤ ਨੂੰ ਕਾਮ ਅਨੰਦ ਦੀ ਉਸ ਸਿਖਰ ਤੱਕ ਲਿਜਾ ਸਕਦੈ ਜਿੱਥੇ ਤੱਕ ਕੋਈ ਵੱਡੇ ਲਿੰਗ ਵਾਲਾ ਵੀ ਨਹੀਂ ਪਹੁੰਚਾ ਸਕਦਾ। ਵੈਸੇ ਵੀ ਦੁਨੀਆਂ ਦਾ ਕੋਈ ਵੀ ਮਰਦ ਆਪਣੇ ਲਿੰਗ ਦੇ ਅਕਾਰ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਹਰ ਬੰਦਾ ਚਾਹੁੰਦਾ ਹੈ ਕਿ ਕਾਸ਼, ਮੇਰਾ ਕਾਮ ਅੰਗ ਹੋਰ ਵੱਧ ਜਾਵੇ! ਮੈਂ ਹੈਰੀ ਨਾਲ ਗੱਲਾਂ ਕਰਕੇ ਕੋਈ ਰਾਹ ਫੇਰ ਹੀ ਕੱਢ ਸਕਦੀ ਸੀ ਜੇਕਰ ਉਹ ਖੜ੍ਹ ਕੇ ਮੇਰੀ ਗੱਲ ਸੁਣਦਾ। ਉਹ ਤਾਂ ਪਿੰਜਰੇ ਦੀ ਖਿੜਕੀ ਖੁੱਲ੍ਹਣ 'ਤੇ ਉਡਦੇ ਪੰਛੀ ਵਾਂਗ ਭੱਜ ਗਿਆ ਸੀ। ਜੇ ਹੈਰੀ ਮੈਨੂੰ ਸ਼ਰੀਰਕ ਪਿਆਰ ਦੇਣ ਦੇ ਕਾਬਲ ਨਹੀਂ ਸੀ ਤਾਂ ਘੱਟੋ-ਘੱਟ ਮਾਨਸਿਕ ਸਨੇਹ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਕਰ ਸਕਦਾ ਸੀ? ਮੈਂ ਤਦ ਹੀ ਹੈਰੀ ਦੀ ਸਹਾਇਤਾ ਕਰ ਸਕਦੀ ਸੀ ਜੇ ਉਹ ਆਪਣੀ ਖੁਦ ਮਦਦ ਕਰਨੀ ਚਾਹੁੰਦਾ ਹੁੰਦਾ। ਉਦਣ ਤੋਂ ਬਾਅਦ ਮੁੜ ਕੇ ਹੈਰੀ ਘਰ ਨਹੀਂ ਆਇਆ। ਕਿਸੇ ਦੋਸਤ ਦੇ ਫਲੈਟ  ਵਿੱਚ ਰਹਿਣ ਲੱਗ ਗਿਆ ਸੀ। ਮੈਂ ਸੁਣਿਆ ਸੀ ਵਿਆਹ ਤੋਂ ਪਹਿਲਾਂ ਵੀ ਕਦੇ-ਕਦਾਈ ਉਥੇ ਰਹਿੰਦਾ ਹੁੰਦਾ ਸੀ। ਮੈਂ ਤਾਂ ਉਸਨੂੰ ਇੱਕ ਵਾਰ ਮਿਲਣ ਤੇ ਘਰ ਵਾਪਸ ਆਉਣ ਦੇ ਸੁਨੇਹੇ ਭੇਜ-ਭੇਜ ਵੀ ਥੱਕ ਗਈ ਸੀ। ਹਾਰ ਕੇ ਮੈਂ ਉਹਦਾ ਖਹਿੜਾ ਹੀ ਛੱਡ ਦਿੱਤਾ। ਸਾਲ ਭਰ ਮੈਂ ਉਸ ਘਰ ਪੱਕੀ ਹੋਣ ਤੱਕ ਰਹੀ। ਉਦੋਂ ਤੱਕ ਹੈਰੀ ਮੇਰੇ ਮਨੋਂ ਖਾਰਜ ਹੋ ਚੁੱਕਿਆ ਸੀ।
ਕਹਾਣੀਕਾਰ- ਕੀ ਤੁਹਾਡੇ ਸੱਸ-ਸਾਹੁਰੇ ਨੇ ਮਾਮਲੇ ਵਿੱਚ ਦਖਲ ਦੇ ਕੇ ਤੁਹਾਡੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ?
ਪਾਤਰ- ਨਹੀਂ। ਮੇਰੇ ਸਹੁਰੇ ਨੇ ਤਾਂ ਸਾਫ਼ ਕਹਿ ਦਿੱਤਾ ਸੀ, ਜਦ ਮੁੰਡਾ ਨਹੀਂ ਤੈਨੂੰ ਲਾਇਕ ਕਰਦਾ, ਮੈਂ ਕੀ ਕਰ ਸਕਦਾ ਆਂ?
ਮੇਰੀ ਸੱਸ ਨੇ ਕੀ ਦਾਦ- ਫਰਿਆਦ ਸੁਣਨੀ ਸੀ? ਉਸਨੂੰ ਤਾਂ ਪਹਿਲਾਂ ਰੱਜਵਾਂ ਦਾਜ-ਦਹੇਜ਼ ਲੈਣ ਨਾਲ ਸਰੋਕਾਰ ਸੀ। ਫੇਰ ਉਹਨੇ ਮੇਰੀ ਤਨਖਾਹ ਖਾਣ ਲਈ ਮੇਰੇ 'ਤੇ ਕੋਈ ਬਾਹਰ ਜੌਬ ਕਰਨ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਜਾਣਦੀ ਹਾਂ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਹਰ ਇੰਨਸਾਨ ਮਤਲਵਪ੍ਰਸਤ ਹੈ। ਮੱਝ ਵੀ ਜਦੋਂ ਦੁੱਧੋਂ ਭੱਜ ਜਾਵੇ ਤਾਂ ਲੋਕੀ ਉਹਨੂੰ ਸੰਨੀ ਕਰਨੋਂ ਹੱਟ ਜਾਂਦੇ ਹਨ। ਤੋਕੜ ਤੇ ਦੁੱਧੋਂ ਹਟੀਆਂ ਗਾਵਾਂ ਗਊਸ਼ਾਲਾ ਵੱਲ ਹੱਕ ਦਿੱਤੀਆਂ ਜਾਂਦੀਆਂ ਹਨ। ਫਿਰ ਮੈਨੂੰ ਵੇਹਲੀ ਨੂੰ ਕਿਹੜਾ ਮਿੱਠੇ ਪ੍ਰਸ਼ਾਦੇ ਛਕਾਉਂਦਾ? ਰਸੋਈ ਦਾ ਸਾਰਾ ਕੰਮਕਾਰ ਤਾਂ ਮੈਂ ਕਰਦੀ ਹੀ ਸੀ। ਮੈਂ ਅੱਕ ਕੇ ਆਪਣੀ ਸੱਸ ਨੂੰ ਆਖ ਦਿੱਤਾ, "ਤੁਸੀਂ ਕੰਮ ਲੱਭ ਲਉ, ਮੈਂ ਕਰ ਲਵਾਂਗੀ।" -ਮੈਂ ਤਾਂ  ਆਪ ਘਰ ਦੇ ਉਸ ਸਾਹ-ਘੁੱਟਵੇਂ ਮਾਹੌਲ ਤੋਂ ਛੁਟਕਾਰਾ ਚਾਹੁੰਦੀ ਸੀ। ਮੇਰਾ ਸਿਲਾਈ ਦਾ ਕੋਰਸ ਕਰਿਆ ਹੋਇਆ ਸੀ। ਇੱਥੇ ਫੈਕਰੀਆਂ ਵਾਲੇ ਤਾਂ ਮਸ਼ੀਨਿਸਟਾਂ ਭਾਲਦੇ ਫਿਰਦੇ ਹਨ। ਇੰਝ ਮੇਰੀ ਸੱਸ ਨੇ ਮੇਰੇ ਲਈ ਕੱਪੜੇ ਸਿਉਣ ਦੀ ਨੌਕਰੀ ਟੋਲ ਦਿੱਤੀ।
ਕਹਾਣੀਕਾਰ- ਘਰ ਦੇ ਕਿਸੇ ਹੋਰ ਜੀਅ ਨੂੰ ਵੀ ਤਾਂ ਤੁਸੀਂ ਆਪਣੇ ਦੁੱਖ ਵਿੱਚ ਸ਼ਰੀਕ ਕਰ ਸਕਦੇ ਸੀ?
ਪਾਤਰ- ਉਹ ਵੀ ਸੁਣ ਲਉ। ਮੈਨੂੰ ਉਦਾਸ ਦੇਖ ਕੇ ਮੇਰਾ ਜੇਠ ਇੱਕ ਦਿਨ ਹਮਦਰਦੀ ਜਤਾਉਂਦਾ ਹੋਇਆ ਅੱਖਾਂ ਭਰ ਕੇ ਕਹਿਣ ਲੱਗਿਆ, "ਅਮਰਜੀਤ ਮੈਂ ਸਮਝਦਾਂ ਤੇਰੇ ਦੁੱਖ ਨੂੰ। ਜਦੋਂ ਜੀਵਨਸਾਥੀ ਕਦਰ ਨਾ ਕਰੇ। ਸਿੱਧੇ ਮੂੰਹ ਨਾ ਬੁਲਾਵੇ ਤਾਂ ਜ਼ਿੰਦਗੀ ਕਿਵੇਂ ਨਰਕ ਬਣ ਜਾਂਦੀ ਹੈ, ਇਹ ਮੈਥੋਂ ਚੰਗੀ ਤਰ੍ਹਾਂ ਕੌਣ ਜਾਣ ਸਕਦੈ? ਮੈਂ ਤਾਂ ਆਪ ਇੰਡੀਆ ਵਿੱਚ ਵਿਆਹ ਕਰਵਾਉਣਾ ਚਾਹੁੰਦਾ ਸੀ। ਮਾੜੇ ਭਾਗਾਂ ਨੂੰ ਮੇਰੇ ਪੱਲੇ ਤੇਰੀ ਵਲਾਇਤਣ ਜਠਾਣੀ ਪੈ ਗਈ। ਮੈਂ ਆਪ ਇਸ ਮੁਲਕ ਵਿੱਚ ਜੰਮਿਆ-ਪਲਿਆ ਹਾਂ। ਮੈਨੂੰ ਸਾਰਾ ਭੇਤ ਸੀ, ਬਈ ਇੰਗਲੈਂਡ ਦੀਆਂ ਕੁੜੀਆਂ ਘਰਵਾਲੇ ਨੂੰ ਬਸ ਨੌਕਰ ਹੀ ਸਮਝਦੀਆਂ ਨੇ। ਤੁਸੀਂ ਇੰਡੀਆ ਵਾਲੀਆਂ ਤਾਂ ਬੰਦੇ ਦੀ ਦੇਵਤਾ ਸਮਝ ਕੇ ਪੂਜਾ ਕਰਦੀਆਂ ਹੋ। ਐਵੇਂ ਮੰਮੀ ਨੇ ਲੈਣ-ਦੇਣ ਦੇ ਲਾਲਚ ਵਿੱਚ ਮੈਨੂੰ ਏਸ ਚੜੇਲ ਨਾਲ ਨੂੜ ਦਿੱਤਾ। ਇਹ ਦੱਲੀ ਰੰਨ ਕਿਧਰੋਂ ਆਉਂਦੀ ਆ, ਕਿਧਰ ਜਾਂਦੀ ਆ। ਕੀਹਦੇ-ਕੀਹਦੇ ਨਾਲ ਖੇਹ ਖਾਂਦੀ ਹੈ, ਮੈਨੂੰ ਕੁੱਝ ਨ੍ਹੀਂ ਪੁੱਛਦੀ-ਦੱਸਦੀ। ਨਿੱਤ ਕਲੇਸ਼ ਰੱਖਦੀ ਹੈ। ਮੈਂ ਹੀ ਜਾਣਦਾਂ, ਮੈਂ ਕਿਵੇਂ ਰੱਬ-ਰੱਬ ਕਰਕੇ ਟੈਮ ਪਾਸ ਕਰਦਾਂ ਘਰਵਾਲੀ ਨਾਲ।" 
 ਜੇਠ ਦੇ ਮੂੰਹੋਂ ਜਠਾਣੀ ਨਾਲ ਖਟਪਟ ਬਾਰੇ ਸੁਣ ਕੇ ਮੇਰੀ ਹੈਰਾਨੀ ਦੀ ਤਾਂ ਕੋਈ ਹੱਦ ਹੀ ਨਹੀਂ ਰਹੀ ਸੀ, "ਅੱਛਾ! ਮੈਂ ਤਾਂ ਸਮਝਦੀ ਸੀ ਤੁਹਾਡੀ ਤੇ ਭੈਣ ਜੀ ਦੀ ਬਣਦੀ ਹੀ ਬਹੁਤ ਹੈ? ਤੁਸੀਂ ਇੱਕ ਦੂਜੇ ਨੂੰ ਲੋਹੜੇ ਦਾ ਪਿਆਰ ਕਰਦੇ ਹੋ?"
"ਆਹ! ਬਣਦੀ ਸੁਆਹ ਐ। ਪਿਆਰ ਤਾਂ ਕਰਮਾਂ ਵਾਲਿਆਂ ਨੂੰ ਮਿਲਦੈ। ਮੈਂ ਤਾਂ ਆਪ ਤੇਰੇ ਅਰਗਾਂ ਅਮਰਜੀਤ, ਪੰਜ ਸਾਲ ਹੋ ਗਏ ਕਦੇ ਤੇਰੀ ਜਠਾਣੀ ਦੇ ਨੰਗੇ ਪਿੰਡੇ ਨੂੰ ਹੱਥ ਲਾ ਕੇ ਨਹੀਂ ਦੇਖਿਆ।"
ਪਰ ਭੈਣ ਜੀ ਤਾਂ ਸਵੇਰੇ ਕੰਮ 'ਤੇ ਜਾਣ ਲੱਗੀ ਡੋਰ 'ਚ ਖੜ੍ਹ ਕੇ ਤੁਹਾਨੂੰ ਘੰਟਾ-ਘੰਟਾ ਚੁੰਮਦੀ ਰਹਿੰਦੀ ਹੈ। ਅਜੇ ਕੱਲ੍ਹ ਹੀ ਮੈਂ ਆਪ ਤੁਹਾਨੂੰ ਉਹਨਾਂ ਦੇ ਬੁੱਲ੍ਹਾਂ 'ਚ ਬੁੱਲ੍ਹ ਫਸਾਈ ਖੜਿਆਂ ਨੂੰ ਕਿੱਸ ਕਰਦੇ ਆਪਣੇ ਅੱਖੀਂ ਦੇਖਿਐ। ਉਹ ਤਾਂ ਤੁਹਾਡੇ ਮੂੰਹ ਨਾਲੋਂ ਮੂੰਹ ਹਟਾਉਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਤੁਸੀਂ ਹੀ ਉਹਨੂੰ ਦੇਰੀ ਹੋਣ ਦੇ ਡਰੋਂ ਘੜੀ 'ਤੇ ਟਾਇਮ ਦਿਖਾ ਕੇ ਤੋਰਿਆ ਸੀ।"
ਮੈਥੋਂ ਇੱਕ ਦਿਨ ਪਹਿਲਾਂ ਦਾ ਅੱਖੀਂ ਡਿੱਠਾ ਹਾਲ ਸੁਣ ਕੇ ਜੇਠ ਜੀ ਨੂੰ ਤਾਂ ਭਾਜੜ ਪੈ ਗਈ। ਕਹਿਣ ਲਈ ਕੁੱਝ ਨਾ ਅਹੁੜੇ। ਫੇਰ ਖਾਸੇ ਚਿਰ ਮਗਰੋਂ ਦਲੀਲ ਜਿਹੀ ਘੜ ਕੇ ਬੋਲਿਆ, "ਜ਼ਰੂਰੀ ਨਹੀਂ ਜੋ ਅੱਖਾਂ ਦੇਖਦੀਆਂ ਉਹ ਹਕੀਕਤ ਹੋਵੇ। ਕਈ ਵਾਰ ਅੱਖਾਂ ਕੂੜ ਮਾਰ ਜਾਂਦੀਆਂ ਨੇ। ਜੋ ਅਸੀਂ ਦੇਖ ਰਹੇ ਹੁੰਦੇ ਹਾਂ, ਉਹ ਝੂਠ ਹੁੰਦੈ ਤੇ ਅਸਲੀਅਤ ਕੁੱਝ ਹੋਰ ਹੁੰਦੀ ਹੈ। ਜੋ ਤੂੰ ਦੇਖਿਐ ਉਹ ਦਿਖਾਵਾ ਸੀ। ਆਪਣੀ ਇੱਜ਼ਤ ਢਕਣ ਲਈ ਮੈਨੂੰ ਉਹਦੇ ਕਹੇ 'ਤੇ ਕਰਨਾ ਪੈਂਦੈ। ਤੂੰ ਮੇਰਾ ਯਕੀਨ ਕਰ, ਮੈਨੂੰ ਤਾਂ ਬਹੁਤ ਔਖਾ ਕਰਿਆ ਹੋਇਆ ਉਹਨੇ। ਭੂਮੀਹੀਣ ਕਿਸਾਨਾਂ ਵਰਗੀ ਹਾਲਤ ਆ ਮੇਰੀ ਸਾਰਾ ਦਿਨ ਟੁੱਟ-ਟੁੱਟ ਮਰਨ ਬਾਅਦ ਵੀ ਕੁੱਝ ਨਹੀਂ ਮਿਲਦਾ। ਮੇਰੀ ਸਾਰੀ ਤਨਖਾਹ ਆਪ ਸਾਂਭ ਲੈਂਦੀ ਆ।"
"ਫਿਰ ਤੁਸੀਂ ਤਲਾਕ ਕਿਉਂ ਨਹੀਂ ਲੈ ਲੈਂਦੇ?" 
"ਕੀ ਕਰਨੈ ਤਲਾਕ ਲੈ ਕੇ? -ਮੈਂ ਤਾਂ ਤੈਨੂੰ ਵੀ ਕਹਿਨੈ ਤਲਾਕ-ਤਲੁਕ ਬਾਰੇ ਨਾ ਕਦੇ ਸੋਚੀਂ। ਮੈਂ ਤੇਰੇ ਨਾਲ ਆਂ। ਆਪਾਂ ਪਰਦੇ ਨਾਲ ਸਭ ਕੁਸ਼ ਕਰੀ ਜਾਵਾਂਗੇ। ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ। ਘਰ ਦੀ ਗੱਲ ਘਰ 'ਚ ਰਹਿ ਜੂ। -ਕਿੰਨੀ ਸੋਹਣੀ ਐਂ ਤੂੰ? ਪਤਾ ਨਹੀਂ ਹੈਰੀ ਕਿਉਂ ਤੇਰੇ ਨੇੜੇ ਨਹੀਂ ਲੱਗਦਾ। ਜੇ ਕਿਤੇ ਤੇਰਾ ਮੇਰੇ ਨਾਲ ਵਿਆਹ ਹੋਇਆ ਹੁੰਦਾ ਮੈਂ ਤਾਂ ਤੈਥੋਂ ਇੱਕ ਸੈਕਿੰਡ ਲਈ ਵੀ ਦੂਰ ਨਾ ਜਾਂਦਾ। ਤਖਤੇ 'ਤੇ 'ਡੂ ਨਾਟ ਡਿਸਟਰਬ' ਦਾ ਬੋਰਡ ਲਾ ਕੇ ਚੌਵੀ ਘੰਟੇ ਤੇਰੇ ਨਾਲ ਕਮਰੇ ਵਿੱਚ ਰਹਿੰਦਾ।"
ਜੇਠ ਦੀ ਗੱਲ ਸੁਣ ਕੇ ਮੈਨੂੰ ਹੈਰੀ ਯਾਦ ਆ ਗਿਆ ਤੇ ਮੇਰੇ ਹੰਝੂ ਨਿਕਲ ਗਏ। 
"ਹੱਟ ਕਮਲੀ ਨਾ ਹੋਵੇ ਤਾਂ… ਰੋਂਦੀ ਕਾਸ ਤੋਂ ਐਂ? ਕੀ ਹੋਇਆ ਹੈਰੀ ਤੇਰੇ ਨੇੜੇ ਨਹੀਂ ਆਉਂਦਾ, ਮੈਂ ਤਾਂ ਕਦੇ ਤੈਥੋਂ ਦੂਰ ਨ੍ਹੀਂ ਗਿਆ? -ਹੀਰੇ ਦੀ ਪਰਖ ਜੌਹਰੀ ਨੂੰ ਹੀ ਹੁੰਦੀ ਆ। -ਕਿਸੇ ਨੇ ਘੁੰਮਿਆਰ ਨੂੰ ਹੀਰਾ ਦੇ ਤਾ ਤੇ ਉਹਨੇ ਭਾਈ ਧਾਗੇ 'ਚ ਪਰੋ ਕੇ ਆਪਣੀ ਗਧੀ ਦੇ ਗਲ 'ਚ ਟੰਗ ਦਿੱਤਾ ਸੀ। -ਮੈਥੋਂ ਪੁੱਛ ਕੇ ਦੇਖ ਕਿੰਨਾ ਪਿਆਰ ਕਰਦਾਂ ਮੈਂ ਤੈਨੂੰ! ਜਿਹੜੀ ਪਸੰਦ ਕਰਨ ਲਈ ਤੇਰੀ ਇੰਡੀਆ ਤੋਂ ਫੋਟੋ ਆਈ ਸੀ ਨਾ? ਆਹ ਝਾਕ, ਮੈਂ ਹੁਣ ਤਾਈਂ ਬਟੂਏ 'ਚ ਪਾਈ ਫਿਰਦਾਂ। ਰੋਜ਼ ਰਾਤ ਨੂੰ ਨੇਫੇ 'ਚ ਬਟੂਆ ਅੜਾ ਕੇ ਸੌਂਅਦਾਂ। ਜਦੋਂ ਮਰਜ਼ੀ ਰਾਤ ਨੂੰ ਆ ਕੇ ਦੇਖ ਲੀਂ।"
ਐਨਾ ਆਖ ਕੇ ਜੇਠ ਮੇਰੇ ਨੇ ਆਪਣਾ ਖਰਖਰੇ ਵਰਗਾ ਹੱਥ ਮੇਰੀ ਨਰਮ ਢੂਹੀ 'ਤੇ ਫੇਰਨਾ ਸ਼ੁਰੂ ਕਰ ਦਿੱਤਾ। ਮੈਂ ਗੁੱਸੇ ਨਾਲ ਉਹਦਾ ਆਪਣੇ ਸ਼ਰੀਰ ਤੋਂ ਹੱਥ ਚੁੱਕਾ ਕੇ ਪਰ੍ਹਾਂ ਹੋ ਗਈ। 
"ਸਟੌਪ ਇੱਟ! ਬੀਹੇਵ ਯੂਅਰ ਸੈਲਫ, ਭਾਜੀ। -ਸ਼ਰਮ ਆਉਣੀ ਚਾਹੀਦੀ ਐ ਥੋਨੂੰ। ਤੁਹਾਡੀਆਂ ਨਿੱਕੀਆਂ ਭੈਣਾਂ ਵਰਗੀ ਆਂ ਮੈਂ।"
"ਮੈਂ ਤਾਂ ਤੈਨੂੰ ਵਰਾਉਂਦਾ ਸੀ। ਕਿਸੇ ਨੂੰ ਰਵਾਉਣਾ ਪਾਪ ਹੁੰਦੈ ਤਾਂ ਸੁਣਿਆ ਸੀ। ਰੋਂਦੇ ਨੂੰ ਚੁੱਪ ਕਰਾਉਣ ਦੇ ਗੁਨਾਹ ਬਾਰੇ ਅੱਜ ਪਹਿਲੀ ਵਾਰ ਹੀ ਸੁਣਿਐ। ਲੋਕ ਫੱਕਿੰਗ ਗਲਤ ਮਿਨਿੰਗ ਹੀ ਕੱਢਣਗੇ ਹਰੇਕ ਗੱਲ ਦਾ! ਕਿਸੇ ਨਾਲ ਹਮਦਰਦੀ ਜਤਾਉਣ ਦਾ ਤਾਂ ਵੇਲਾ ਹੀ ਨਹੀਂ ਰਿਹਾ। ਇੱਕ ਉਹ ਵੀ ਭਰਜਾਈਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਹੁੰਦੀਆਂ ਬਾਰਾਂ ਚੋਂ ਇੱਕ ਮਹੀਨਾ ਜੇਠ ਦਾ!"
ਮੈਂ ਕਿਹਾ ਜੋਹ ਕੇ ਦੇਖਾਂ ਤਾਂ ਜੇਠ ਕੀ ਕਹਿੰਦੈ, "ਪਹਿਲਾਂ ਆਪਣੀ ਤੀਵੀਂ ਤੇ ਨਿਆਣਿਆਂ ਨੂੰ ਛੱਡ, ਫੇਰ ਮੇਰੀ ਬਾਂਹ ਫੜ੍ਹੀਂ?" 
"ਆਪਣਾ ਪਰਿਵਾਰ ਤਾਂ ਨ੍ਹੀਂ ਮੈਂ ਛੱਡ ਸਕਦਾ। ਆਜਾ ਆਪਾਂ ਇਉਂ ਹੀ ਡੰਗ ਸਾਰੀ ਜਾਨੇ ਆਂ?"
"ਮੈਂ ਨਿਕਲ ਕੇ ਨਹੀਂ ਆਈ ਤੇ ਨਾ ਹੀ ਤੁਸੀਂ ਮੇਰਾ ਮੁੱਲ ਤਾਰਿਐ। ਬਈ ਮੈਂ ਥੋਡੇ ਸਾਰੇ ਟੱਬਰ ਥੱਲੇ ਪੈਂਦੀ ਫਿਰਾਂ। ਤੇਰਾ ਭਾਈ ਮੈਨੂੰ ਵਿਆਹ ਕੇ ਲਿਆਇਐ- ਮੇਰੀ ਪਰਛਾਈਂ ਵੱਲ ਵੀ ਝਾਕਿਐਂ ਤਾਂ ਅੱਖਾਂ ਕੱਢ ਦੂੰ।"
 ਫੇਰ ਜੇਠ ਨੂੰ ਪਤਾ ਲੱਗ ਗਿਆ ਬਈ ਇਹ ਨਹੀਂ ਅੜਿੱਕੇ ਚੜ੍ਹਦੀ, ਤਾਂ ਕਿਤੇ ਜਾ ਕੇ ਕੰਨ ਭੰਨ੍ਹਣ ਲੱਗਿਆ। ਕਈ ਦਿਨਾਂ ਤੱਕ ਤਾਂ ਮੈਂ ਜੇਠ ਨੂੰ ਨਾ ਬੁਲਾਇਆ ਤੇ ਨਾ ਹੀ ਉਹਦੇ ਵੱਲ ਝਾਕੀ। ਇੱਕ ਦਿਨ ਜਠਾਣੀ ਕੰਮ 'ਤੇ ਸੀ। ਮੈਂ ਤੇ ਜੇਠ ਘਰੇ ਇਕੱਲੇ ਸਾਂ। ਮੈਂ ਆਪਣੇ ਕਮਰੇ ਅੰਦਰ ਤਕੀਏ ਵਿੱਚ ਮੂੰਹ ਦੇਈ ਪਈ ਸੀ। ਬਿਨਾਂ ਨੌਕ ਕੀਤਿਆਂ ਜੇਠ ਅੰਦਰ ਆ ਗਿਆ, "ਅਸੀਂ ਮਰ 'ਗੇ ਭਰਜਾਈਏ ਸਿਰਹਾਣੇ ਨੂੰ ਜੱਫੀ ਪਾਈ ਪਈ ਏਂ?" 
ਮੈਂ ਉੱਠ ਕੇ ਬੈਠ ਗਈ। ਉਹਨੇ ਮੈਨੂੰ ਜੱਫਾ ਪਾ ਕੇ ਸਿੱਟ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ। ਮੈਂ ਉਹਦੇ ਢਿੱਡ ਵਿੱਚ ਜ਼ੋਰ ਦੀ ਕੂਹਣੀ ਮਾਰ ਕੇ ਆਪਣੇ ਆਪ ਨੂੰ ਛਡਾਇਆ, ਤੇ ਨਾਲ ਲੱਗਦੀ ਉਹਦੇ ਮੂੰਹ 'ਤੇ ਵੱਟ ਕੇ ਚਪੇੜ ਮਾਰੀ। ਖੜਾ ਨ੍ਹੀਂ ਫੇਰ। ਗੱਲ੍ਹ ਜਿਹੀ ਪਲੋਸਦਾ ਬਾਹਰ ਚਲਿਆ ਗਿਆ।
ਕਹਾਣੀਕਾਰ- ਤੁਹਾਡੇ ਸਾਹੁਰੇ ਘਰ ਦਾ ਜੇ ਇੱਕ ਜਣਾ ਮਾੜਾ ਸੀ, ਬਾਕੀ ਹੋਰ ਮੈਂਬਰ ਤਾਂ ਚੰਗੇ ਹੋਣਗੇ?
ਪਾਤਰ- ਚੰਗਾ ਤਾਂ ਜੀ ਰੱਬ ਦਾ ਨਾਮ ਹੀ ਹੁੰਦੈ। ਉਸ ਘਰ ਵਿੱਚ ਤਾਂ ਹਰ ਕੋਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਸੀ। ਇੱਕ ਛੋਟਾ ਦਿਉਰ ਸੀ। ਉਹ ਹੈਰੀ ਤੋਂ ਵੀ ਪਹਿਲਾਂ ਤੜਾਗੀ ਤੋੜੀ ਫਿਰਦਾ ਸੀ। ਇੱਕ ਦਿਨ ਮੈਂ ਸੌਦੇ-ਪੱਤੇ ਲੈ ਕੇ ਦੋ ਮੀਲ ਤੁਰ ਕੇ ਆਈ। ਉਹ ਟੈਲੀਵਿਜ਼ਨ ਦੇਖਦਾ ਸੀ, ਮੈਂ ਕਿਤੇ ਥੱਕੀ ਹੋਈ ਨੇ ਬਿੰਦ ਦਮ ਲੈਣ ਲਈ ਉਹਦੇ ਕੋਲ ਬੈਠ ਕੇ ਕਹਿ ਦਿੱਤਾ, "ਮੇਰੇ ਤਾਂ ਤੁਰ-ਤੁਰ ਕੇ ਲੱਤਾਂ 'ਚ ਖੱਲੀਆਂ ਪੈ ਗਈਆਂ।"
"ਲਿਆ ਭਾਬੀ ਹੁਣੇ ਈ ਤੇਰੇ ਪੱਟ ਘੁੱਟ ਦਿੰਨੈ। ਪਰ ਇੱਕ ਸ਼ਰਤ ਐ। ਜਿੱਥੋਂ ਘੁਟਾਉਣੈ, ਉਹ ਥਾਂ ਨੰਗਾ ਕਰਨਾ ਪਉ।"
ਮੇਰੇ ਤਾਂ ਦੰਦ ਜੁੜ'ਗੇ। ਮੈਂ ਕੁੱਝ ਨਾ ਬੋਲੀ। ਬੇਸ਼ਰਮ ਨੇ ਮੇਰੀ ਚੁੱਪ ਨੂੰ ਸਹਿਮਤੀ ਸਮਝ ਕੇ ਮੇਰੇ ਨਾਲੇ ਨੂੰ ਹੱਥ ਪਾ ਲਿਆ। ਸ਼ਾਪਿੰਗ ਵਾਲਾ ਬੈਗ ਸੀ ਮੇਰੇ ਹੱਥ। ਮੈਂ ਸਣੇ ਲਿਫਾਫੇ ਦੇ ਦੁੱਧ ਵਾਲੀ ਪੀਪੀ ਉਹਦੇ ਸਿਰ 'ਚ ਮਾਰ ਕੇ ਆਪਣੇ ਆਪ ਨੂੰ ਛੁਡਾਇਆ। ਗੱਲ ਕਰੋ ਪੀਪੀ ਪਲਾਸਟਿਕ ਦੀ ਸੀ। ਕੱਲਾ ਦੁੱਧ ਹੀ ਡੁੱਲਿਆ। ਜੇ ਉਦੋਂ ਮੇਰੇ ਹੱਥ ਦੂਜਾ ਲਿਫਾਫਾ ਆ ਜਾਂਦਾ ਜੀਹਦੇ ਵਿੱਚ ਕੱਚ ਦੀਆਂ ਸੌਸ ਵਾਲੀਆਂ ਸ਼ੀਸ਼ੀਆਂ ਜਾਂ ਬੀਨਜ਼ਾਂ ਵਾਲੇ ਲੋਹੇ ਦੇ ਟੀਨ ਸਨ ਤਾਂ ਉਹਦੇ ਸਿਰ ਵਿੱਚ ਗਲੀ ਹੋ ਜਾਣੀ ਸੀ। ਮੈਂ ਤਾਂ ਤਾੜ ਕੇ ਆਖ ਦਿੱਤਾ ਸੀ, "ਮੈਂ ਕੋਈ ਦਰੋਪਦੀ ਨਹੀਂ ਜੀਹਨੂੰ ਤੁਸੀਂ ਸਾਰੇ ਭਾਈ ਰਗੜੀ ਜਾਵੋਂਗੇ।"
"ਐਵੇਂ ਈ ਭਾਬੀਆਂ ਕਹਿੰਦੀਆਂ ਹੁੰਦੀਆਂ ਬਈ ਲੱਕ ਤੋਂ ਠਾਹਾਂ ਵਾਲੇ ਹਿੱਸੇ 'ਤੇ ਸ਼ੌਹਰ ਦਾ ਤੇ 'ਤਾਹਾਂ ਦਿਉਰ ਦਾ ਹੱਕ ਹੁੰਦੈ?"
"ਸ਼ਰਮ ਕਰ, ਵੱਡੀ ਭਾਬੀ ਮਾਂ ਵਰਗੀ ਹੁੰਦੀ ਹੈ। ਖਬਰਦਾਰ ਜੇ ਮੇਰੇ ਨਾਲ ਅਹੇ ਜਿਹੀਆਂ ਗੱਲਾਂ ਕੀਤੀਆਂ ਤਾਂ ਕੱਚੇ ਨੂੰ ਖਾਹ 'ਜੂੰ।" 
ਫੇਰ ਦਿਉਰ ਨੇ ਕਦੇ ਸਿੱਧੀ ਇਲਤ ਤਾਂ ਨਹੀਂ ਕੀਤੀ। ਊਂ ਵਿੰਗੇ-ਟੇਡੇ ਢੰਗ ਨਾਲ ਚੀਜ਼ਾਂ ਦੇ ਵਿੱਚ ਦੀ ਗੱਲਾਂ ਕੱਢ ਕੇ ਸਣਾਉਂਦਾ ਰਿਹਾ ਕਰੇ। ਮਸਲਨ ਮੈਨੂੰ ਗਾਰਡਨ ਛੈਡ ਵਿੱਚ ਕੁੱਝ ਕੰਮ ਸੀ ਤੇ ਮੈਥੋਂ ਉਹਦਾ ਜਿੰਦਰਾ ਨਾ ਖੁੱਲ੍ਹਿਆ। ਚਿਰ ਹੋ ਗਿਆ ਸੀ ਕਦੇ ਖੋਲ੍ਹਿਆ ਨਾ ਹੋਣ ਕਰਕੇ ਮੀਂਹ ਦਾ ਪਾਣੀ ਪੈਣ ਨਾਲ ਉਹਦੇ ਵਿੱਚ ਜੰਗਾਲ ਲੱਗ ਗਿਆ ਸੀ। ਮੈਂ ਦੇਵਰ ਜੀ ਨੂੰ ਆਖਿਆ, "ਵੀਰ ਬਣ ਕੇ ਜਿੰਦਾ ਈ ਖੋਲ੍ਹ ਦੇ, ਜੇ ਤੈਥੋਂ ਖੁੱਲ੍ਹਦੈ ਤਾਂ?"
ਉਹਨੇ ਤਾਲਾ ਖੋਲ੍ਹ ਤਾਂ ਦਿੱਤਾ। ਪਰ ਮੈਨੂੰ ਪੁੱਠਾ ਜਿਹਾ ਬੋਲਿਆ, "ਨਾ ਵਰਤੀਏ ਤਾਂ ਚੀਜ਼ਾਂ ਦਾ ਆਹੀ ਹਾਲ ਹੁੰਦੈ। ਦੇਖ ਲੈ ਭਾਬੀ, ਲੋਹੇ ਨੂੰ ਵੀ ਜੰਗਾਲ ਲੱਗ ਜਾਂਦੈ। ਜੇ ਰੰਗ-ਰੋਗਨ ਕਰਕੇ ਤੇਲ, ਗਰੀਸ ਦਿੰਦੇ ਰਹੀਏ ਤਾਂ ਹੀ ਚੀਜ਼ ਸਹੀ ਕੰਮ ਦਿੰਦੀ ਆ।" 
ਉਫ! ਮੇਰਿਆ ਰੱਬਾ। ਉਸ ਘਰ ਅੰਦਰ ਮੈਨੂੰ ਬਘਿਆੜਾਂ ਦੇ ਵੱਗ ਵਿੱਚ ਖੜ੍ਹੀ ਭੇਡ ਵਾਂਗੂੰ ਡਰ ਅਤੇ ਦਹਿਸ਼ਤ ਮਹਿਸੂਸ ਹੁੰਦੀ ਸੀ। ਜਿਵੇਂ ਇੰਦਰਾਂ ਗਾਂਧੀ ਮਾਰੀ ਤੋਂ ਦਿੱਲੀ ਦੇ ਸਿੱਖਾਂ ਨੂੰ ਜ਼ਿਬਹਾ ਕੀਤਾ ਗਿਆ ਸੀ, ਉਵੇਂ ਹੀ ਸਾਰੇ ਕਰੋਪ ਟੱਬਰ ਵੱਲੋਂ ਮੇਰੇ 'ਤੇ ਕਹਿਰ ਢਾਹਿਆ ਜਾ ਰਿਹਾ ਸੀ।
ਕਹਾਣੀਕਾਰ- ਤੇ ਫੇਰ ਬੁੜ੍ਹੇ ਦੇ ਸੰਪਰਕ ਵਿੱਚ ਤੁਸੀਂ ਕਿਵੇਂ ਆਏ?
ਪਾਤਰ- ਹੈਰੀ ਨਾਲ ਮੇਰੇ ਰਿਸ਼ਤੇ ਦੀ ਟੁੱਟ-ਭੱਜ ਹੋਣ ਨਾਲ ਮੈਂ ਤਿੜਕਣਾ ਸ਼ੁਰੂ ਹੋ ਗਈ ਸੀ। ਦਿਨ ਰਾਤ ਫਿਕਰਾਂ ਵਿੱਚ ਡੁੱਬੀ ਰਹਿੰਦੀ ਸੀ। ਕਰਜ਼ਿਆਂ ਦੇ ਬੋਝ ਥੱਲੇ ਦੱਬੇ ਪੰਜਾਬ ਦੇ ਜ਼ਿੰਮੀਦਾਰਾਂ ਵਾਂਗ ਮੈਂ ਵੀ ਆਤਮਹੱਤਿਆ ਕਰਨ ਲਈ ਸੋਚਦੀ ਸੀ। ਜਿਵੇਂ ਅੱਸੀਵੇਂ ਦੇ ਦਹਾਕੇ ਵਿੱਚ ਅੱਤਵਾਦੀ ਪੰਜਾਬ 'ਚ ਮੋਨਿਆਂ ਨੂੰ ਚੁਣ-ਚੁਣ ਮਾਰਨ ਵਾਸਤੇ ਇੱਕ ਪਾਸੇ ਕਰ ਦਿੰਦੇ ਹੁੰਦੇ ਸੀ, ਉਵੇਂ ਰੱਬ ਨੇ ਚੁੱਗ-ਚੁੱਗ ਕੇ ਸਾਰੇ ਗ਼ਮ ਮੇਰੀ ਜ਼ਿੰਦਗੀ ਵਿੱਚ ਭਰ ਦਿੱਤੇ ਸਨ। ਦੁੱਖੀ ਰਹਿਣ ਕਰਕੇ ਮੇਰਾ ਕੰਮ ਵਿੱਚ ਧਿਆਨ ਘੱਟ ਹੀ ਲੱਗਦਾ ਹੁੰਦਾ ਸੀ। ਇੰਡੀਆ ਵਿੱਚ ਮੈਂ ਹੱਥਾਂ ਜਾਂ ਪੈਰਾਂ ਨਾਲ ਚਲਾਉਣ ਵਾਲੀਆਂ ਮੈਨੀਉਲ ਸਿਲਾਈ ਮਸ਼ੀਨਾਂ ਹੀ ਵਰਤੀਆਂ ਹੋਈਆਂ ਸਨ। ਮੋਟਰ ਨਾਲ ਚੱਲਣ ਵਾਲੀ ਆਟੋਮੈਟਿਕ, ਡਬਲ ਥਰੈਡ ਮਸ਼ੀਨ ਦੀ ਮੈਨੂੰ ਜਾਚ ਨਾ ਹੋਣ ਕਰਕੇ ਅਕਸਰ ਮੈਥੋਂ ਸੂਈ ਟੁੱਟ ਜਾਂਦੀ ਹੁੰਦੀ ਸੀ। ਸੂਈਆਂ ਬਦਲਣ ਅਤੇ ਹੋਰ ਮਸ਼ੀਨਾਂ ਦੀ ਮੁਰੰਮਤ ਨਾਲ ਸੰਬੰਧਤ ਕੰਮਾਂ ਦੀ ਫੈਕਟਰੀ ਵਾਲਿਆਂ ਨੇ ਗੁਰਦਿੱਤ ਜੀ ਦੀ ਜ਼ਿੰਮੇਵਾਰੀ ਲਾਈ ਹੋਈ ਸੀ। ਇਸ ਤਰ੍ਹਾਂ ਕੰਮ 'ਤੇ ਹੀ ਮੇਰੀ ਗੁਰਦਿਤ ਜੀ ਨਾਲ ਮੁਲਾਕਤ ਹੋਈ ਸੀ ਤੇ ਹੌਲੀ-ਹੌਲੀ ਸਾਡਾ ਮੇਲ-ਜੋਲ ਵਧਦਾ ਗਿਆ। ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਮੂਹਰੇ ਸ਼ੈਮਪੇਨ ਵਾਂਗ ਖੁੱਲ੍ਹ ਗਈ।
ਕਹਾਣੀਕਾਰ- ਤੁਹਾਨੂੰ ਮਰਦ ਨਾਲ ਲਿਹਾਜ਼ ਗੰਢਣ ਦੀ ਕੀ ਜ਼ਰੂਰਤ ਸੀ? ਤੁਸੀਂ ਕਿਸੇ ਔਰਤ ਨਾਲ ਵੀ ਆਪਣਾ ਦੁੱਖ-ਸੁੱਖ ਕਰ ਸਕਦੇ ਸੀ? ਕੀ ਕੰਮ 'ਤੇ ਤੁਹਾਡੀ ਕੋਈ ਸਹੇਲੀ ਨਹੀਂ ਬਣੀ ਸੀ?
ਪਾਤਰ- ਇੱਕ ਫੈਕਟਰੀ 'ਚ ਸੀਗੀ ਅੰਟੀ, ਉਹਦੇ ਕੋਲ ਜਦੋਂ ਮੈਂ ਗੱਲ ਛੇੜਨੀ, ਉਹ ਆਪਣਾ ਰੋਣਾ ਲੈ ਕੇ ਬੈਠ ਜਾਂਦੀ ਸੀ। ਇੱਕ ਦਿਨ ਉਹ ਆਪਣੀ ਕਹਾਣੀ ਦੱਸਣ ਲੱਗ ਪਈ, "ਨੀ ਅਮਰਜੀਤੇ ਕੀ ਦੱਸਾਂ? ਮੈਨੂੰ ਮੇਰੇ ਮਾਪਿਆਂ ਨੇ ਫੋਟੋ ਨਾਲ ਵਿਆਹ ਕੇ ਤੋਰਿਆ ਸੀ। ਮੈਂ ਇੱਥੇ ਆਈ ਤਾਂ ਆਪਣੇ ਹਸਬੈਂਡ ਨੂੰ ਪਹਿਲੀ ਵਾਰ ਦੇਖ ਕੇ ਮੇਰੇ ਹੌਲ ਪੈਣ। ਮੈਂ ਸਤਾਰਾਂ ਵਰ੍ਹਿਆਂ ਦੀ ਅੱਲੜ ਮੁਟਿਆਰ ਤੇ ਉਹ ਬਿਆਲੀ ਵਰ੍ਹਿਆਂ ਦਾ ਬੁੱਢਾ-ਖੁੰਢ। ਸਾਨੂੰ ਤਾਂ ਉਹਦੀ ਜਵਾਨੀ ਦੀ ਫੋਟੋ ਦਿਖਾ ਕੇ ਵਿਚੋਲੇ ਨੇ ਠੱਗ ਲਿਆ ਸੀ। ਮੇਰਾ ਤਾਂ ਜੀਅ ਕਰੇ ਉਥੋਂ ਏਅਰਪੋਰਟ ਤੋਂ ਪਿੱਛੇ ਮੁੜ ਜਾਵਾਂ। ਪਰ ਜੀ, ਮੈਂ ਮਾਪਿਆਂ ਦੀ ਇੱਜ਼ਤ ਰੱਖਣ ਲਈ ਬੁੱਲ੍ਹ ਚਿੱਥ ਲਏ ਤੇ ਉਹਦੇ ਨਾਲ ਤੁਰ ਪਈ। 
ਸਵੱਖਤੇ ਉੱਠ ਕੇ ਸਾਰਾ ਰੋਟੀ ਟੁੱਕ ਕਰਕੇ ਮੈਂ ਕੰਮ 'ਤੇ ਜਾਣਾ। ਸਾਰਾ ਦਿਨ ਆਦਮੀ ਦੇ ਮੋਡੇ ਨਾਲ ਮੋਡਾ ਲਾ ਕੇ ਫੈਕਟਰੀਆਂ ਵਿੱਚ ਲੀੜੇ ਸਿਉਣੇ। ਅੱਧੀ-ਅੱਧੀ ਰਾਤ ਤੱਕ ਰਸੋਈ 'ਚ ਦਾਲ-ਪਾਣੀ ਬਣਾਉਣ ਵੜ੍ਹੀ ਰਹਿਣਾ। ਫੇਰ ਸਾਰੀ ਰਾਤ ਸ਼ਰਾਬ ਨਾਲ ਰੱਜੇ ਹੋਏ ਪਤੀ ਦਾ ਜੀਅ ਖੁਸ਼ ਕਰਨਾ। ਉਹ ਵੀ ਇੰਡੀਆ ਦੀਆਂ ਤੀਮੀਆਂ ਆਂਗੂੰ ਚਲਵਾ ਕੰਮ ਨ੍ਹੀਂ ਸੀ ਮੈਨੂੰ ਕਰਨ ਦਿੰਦਾ ਹੁੰਦਾ। ਕਹਿ ਕੇ ਉਹ ਕੁਸ਼ ਕਰਾਉਂਦਾ ਹੁੰਦਾ ਸੀ ਜੋ ਗੋਰੀਆਂ-ਕਾਲੀਆਂ ਕਰਦੀਆਂ ਨੇ! 
ਇੱਕ ਦਫ਼ਾ ਹੋਣੇ ਨੇ ਘਰੇ ਕੁੱਤਾ ਰੱਖਿਆ ਹੋਇਆ ਹੈ। ਰੋਜ਼ ਉਹਦੇ ਖਾਣੇ ਵਾਲੇ ਡੱਬੇ ਉੱਤੇ ਤਾਂ ਅੱਸੀ ਪੈਨੀਆਂ ਖਰਚ ਕਰ ਦਿੰਦੈ, ਮੈਨੂੰ ਕਦੇ ਪੰਜਾਹ ਪੈਨੀ ਦੇ ਚਿੱਪਸ ਨ੍ਹੀਂ ਲਿਆ ਕੇ ਖੁਵਾਏ। ਮੇਰੀ ਤਾਂ ਭੰਗ ਦੇ ਭਾੜੇ ਉਮਰ ਲੰਘ ਗਈ। ਸੋਨੇ ਵਰਗੀ ਦੇਹ ਹੁੰਦੀ ਸੀ। ਮੈਂ ਜੱਟ ਨੇ ਕੱਖਾਂ ਵਾਂਗੂੰ ਰੋਲ ਕੇ ਰੱਖ 'ਤੀ। ਇੱਕੀ ਵਰ੍ਹੇ ਵਿਆਹ ਨੂੰ ਹੋਗੇ। ਕੁੜੀ ਮੇਰੀ ਬਰਾਬਰ ਦੀ ਵਿਆਹੁਣ ਵਾਲੀ ਹੋਈ ਪਈ ਆ। ਹੁਣ ਵੀ ਕਦੇ ਨਾਗਾ ਨ੍ਹੀਂ ਪਾਉਂਦਾ, ਨਿੱਤ…। ਕਿਸੇ ਰੱਦੀ ਤੋਂ ਰੱਦੀ ਗਸ਼ਤੀ ਕੋਲ ਵੀ ਜਾਵੇ ਤਾਂ ਉਹਨੇ ਵੀ ਕੇਰਾਂ ਕਰਨ ਦੇ ਦੱਸ ਪੌਂਡ ਤੋਂ ਘੱਟ ਨਹੀਂ ਲੈਣੇ। ਮੈਨੂੰ ਕਦੇ ਪੰਜ ਪੌਂਡ ਦਾ ਸੂਟ ਨਹੀਂ ਲਿਆ ਕੇ ਦਿੱਤਾ।"
ਮੈਂ ਅੰਟੀ ਦੀਆਂ ਗੱਲਾਂ ਸੁਣ -ਸੁਣ ਆਪਣੇ ਚਿੱਤ ਵਿੱਚ ਸੋਚਦੀ ਕਿਹਾ ਕਰਾਂ, ਨੀ ਆਂਟੀ ਕਿੰਨੀ ਲੱਕੀ ਐ ਤੂੰ ਜਿਸ ਕੋਲ ਖਸਮ ਤਾਂ ਹੈ। ਮੇਰੇ ਨਿਖਸਮੀ ਵੱਲ ਦੇਖ? -ਸੂਟ-ਪੈਸੇ ਤੈਂ ਚੱਢਿਆਂ 'ਚ ਲੈਣਾ ਆ ਭਲਾਂ? ਰੱਬ ਵੀ ਜੀਹਨੂੰ ਦਿੰਦੈ ਛੱਪਰ ਫਾੜ ਕੇ ਦਿੰਦੈ ਤੇ ਜੀਹਤੋਂ ਖੋਂਹਦੈ ਥੱਪੜ ਮਾਰ ਕੇ ਖੋਂਹਦੈ। ਹੁਣ ਤੁਸੀਂ ਆਪ ਹੀ ਦੱਸੋ, ਇਹੋ ਜਿਹੀ ਜਨਾਨੀ ਕੋਲ ਮੈਂ ਕੀ ਆਪਣਾ ਦੁੱਖੜਾ ਰੋਂਦੀ? ਸ਼ੀ ਔਲਰੈਡੀ ਹੈਡ ਅਨੱਫ ਓਨ ਹਰ ਪਲੇਟ।  
ਕਹਾਣੀਕਾਰ- ਤੁਹਾਡੇ ਯਾਰ ਦਾ ਕੋਈ ਆਰ-ਪਰਿਵਾਰ ਵੀ ਤਾਂ ਹੋਵੇਗਾ? 
ਪਾਤਰ- ਨਹੀਂ ਗੁਰਦਿੱਤ ਜੀ ਦੀ ਪਤਨੀ ਵਿਆਹ ਤੋਂ ਕੁੱਝ ਸਾਲ ਬਾਅਦ ਹੀ ਕੈਂਸਰ ਨਾਲ ਮਰ ਗਈ ਤੇ ਉਹਨਾਂ ਦੇ ਬਾਲ-ਬੱਚਾ ਕੋਈ ਹੋਇਆ ਨਹੀਂ ਸੀ। ਉਹਨਾਂ ਨੇ ਅਨੁਸੂਚਤ ਜਾਤੀ ਦੀ ਕੁੜੀ ਨਾਲ ਲਵ ਮੈਰਿਜ ਕਰਵਾਈ ਸੀ। ਪਤਨੀ ਨੂੰ ਬੇਹੱਦ ਪਿਆਰ ਕਰਦੇ ਹੋਣ ਕਰਕੇ ਉਹਨਾਂ ਨੇ ਦੁਬਾਰਾ ਸ਼ਾਦੀ ਨਹੀਂ ਕੀਤੀ ਸੀ। ਮੈਨੂੰ ਵੀ ਪਹਿਲਾਂ ਹੀ ਉਹਨਾਂ ਨੇ ਆਪਣੀ ਬਚਨ-ਬੱਧਤਾ ਦੀ ਮਜ਼ਬੂਰੀ ਤੋਂ ਜਾਣੂ ਕਰਵਾ ਕੇ ਸ਼ਰਤ ਰੱਖ ਦਿੱਤੀ ਸੀ ਕਿ ਅਸੀਂ ਜੀਵਨ-ਭਰ ਪ੍ਰੇਮੀਆਂ ਦੀ ਹੈਸੀਅਤ ਨਾਲ ਤਾਂ ਰਹਾਂਗੇ, ਪਰ ਵਿਆਹ ਕਦੇ ਨਹੀਂ ਕਰਵਾਵਾਂਗੇ। ਦਲਿਤ ਔਰਤ ਨਾਲ ਵਿਆਹ ਕਰਵਾਉਣ ਕਾਰਨ ਗੁਰਦਿਤ ਦੇ ਮਾਂ-ਪਿਉ ਭੈਣ ਭਰਾਵਾਂ ਨੇ ਉਹਨਾਂ ਨਾਲੋਂ ਨਾਤਾ ਤੋੜ ਲਿਆ ਸੀ। ਮੇਰੇ ਵਾਂਗ ਗੁਰਦਿੱਤ ਜੀ ਵੀ ਇਕੱਲੇ ਸਨ। 
ਕਹਾਣੀਕਾਰ- ਬਿਨਾਂ ਵਿਆਹ ਕੀਤਿਆਂ ਕਿਸੇ ਮਰਦ ਨਾਲ ਦੇਹ-ਸੰਬੰਧ ਰੱਖਣ ਵਿੱਚ ਤੁਹਾਨੂੰ ਕੋਈ ਝਿਜਕ ਨਾ ਹੋਈ?
ਪਾਤਰ- ਇਸ ਵਿੱਚ ਬੁਰਾਈ ਹੀ ਕੀ ਹੈ? ਇੰਗਲੈਂਡ ਦੇ ਸੱਠ ਫੀਸਦੀ ਜੋੜੇ ਵਿਆਹ ਕਰਵਾਏ ਬਿਨਾਂ ਇਕੱਠੇ ਰਹਿੰਦੇ ਹਨ। ਵਿਆਹ ਦਾ ਇੱਕ ਵਾਰੀ ਸੁਆਦ ਚੱਖਣ ਬਾਅਦ ਦੁਬਾਰਾ ਉਸੇ ਸੂਲੀ ਉੱਤੇ ਮੈਂ ਵੀ ਨਹੀਂ ਲਟਕਣਾ ਚਾਹੁੰਦੀ ਸੀ। ਗੁਰਦਿੱਤ ਨੂੰ ਅਪਨਾਉਣ ਨਾਲ ਤਾਂ ਸਗੋਂ ਮੇਰੀ ਪਿਛਲੀ ਸੀਚਉਏਸ਼ਨ ਰਿਵਰਸ ਹੋ ਗਈ ਸੀ। ਪਹਿਲਾਂ ਮੈਂ ਦਿਖਾਵੇ ਵਜੋਂ ਵਿਆਹੀ ਸੀ, ਪਰ ਅਸਲ ਵਿੱਚ ਕੁਆਰੀ ਸਾਂ। ਹੁਣ ਮੈਂ ਸੁਹਾਗਣ ਹਾਂ, ਭਾਵੇਂ ਦੁਨੀਆਂ ਦੀ ਨਜ਼ਰ ਵਿੱਚ ਵਿਆਹੀ ਨਹੀਂ।
ਕਹਾਣੀਕਾਰ- ਘਰ ਛੱਡਣ ਲਈ ਤੁਹਾਨੂੰ ਤੁਹਾਡੇ ਪ੍ਰੇਮੀ ਨੇ ਉਕਸਾਇਆ ਹੋਵੇਗਾ?
ਪਾਤਰ- ਨਹੀਂ ਬਿਲਕੁੱਲ ਨਹੀਂ। ਘਰ ਤਾਂ ਘਰਵਾਲੇ ਨਾਲ ਹੁੰਦੈ। ਉਹ ਤਾਂ ਮੇਰੇ ਲਈ ਕਾਰਾਗ੍ਰਹਿ ਸੀ। ਗੁਰਦਿੱਤ ਜੀ ਤਾਂ ਸਦਾ ਹੈਰੀ ਦਾ ਦਿਲ ਜਿੱਤਣ ਦੀ ਸਲਾਹ ਦਿੰਦੇ ਹੁੰਦੇ ਸੀ। ਉਹਨਾਂ ਦੇ ਮਸ਼ਵਰੇ ਹਮੇਸ਼ਾਂ ਹੋਮੋਪੈਥੀ ਦੀ ਦਵਾਈ ਵਰਗੇ ਹੁੰਦੇ ਸਨ, ਜੀਹਨਾਂ ਦੀ ਵਰਤੋਂ ਨਾਲ ਜੇ ਫਾਇਦਾ ਨਹੀਂ ਹੁੰਦਾ ਸੀ ਤਾਂ ਨੁਕਸਾਨ ਵੀ ਨਹੀਂ ਸੀ। ਵੈਸੇ ਉਹਨਾਂ ਨੇ ਹਮੇਸ਼ਾਂ ਮੈਨੂੰ ਹੈਰੀ ਨਾਲ ਸਮਝੋਤਾ ਕਰਕੇ ਰਹਿਣ ਦਾ ਹੀ ਸੁਝਾਅ ਦਿੱਤਾ ਸੀ। ਇਥੋਂ ਤੱਕ ਕੇ ਹੈਰੀ ਜਿੱਥੇ ਰਹਿੰਦਾ ਸੀ, ਉਸ ਫਲੈਟ ਦਾ ਪਤਾ ਲਗਾ ਕੇ ਗੁਰਦਿੱਤ ਮੇਰੇ ਦੂਤ ਬਣ ਕੇ ਹੈਰੀ ਨੂੰ ਵਾਪਸ ਘਰ ਆਉਣ ਲਈ ਸਮਝਾਉਣ ਵੀ ਗਏ ਸਨ। ਪਰ ਹੈਰੀ ਨੇ ਉਹਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ। ਗੁਰਦਿਤ ਜੀ ਦੀ ਪਿੱਠ ਸੁਣਦੀ ਹੈ ਉਹਨਾਂ ਨੇ ਮੈਨੂੰ ਕਦੇ ਵੀ ਗਲਤ ਕਦਮ ਚੁੱਕਣ ਲਈ ਨਹੀਂ ਪ੍ਰੇਰਿਆਂ ਸੀ। 
ਘਰੋਂ ਪੈਰ ਪੱਟਣ ਦੀ ਗੱਲ ਇਸ ਤਰ੍ਹਾਂ ਹੋਈ ਸੀ ਕਿ ਫੈਕਟਰੀ ਵਾਲੇ ਕਹਿੰਦੇ ਜ਼ਰੂਰੀ ਆਡਰ ਪੂਰਾ ਕਰਨਾ ਹੈ, ਸਾਰੇ ਵਰਕਰਾਂ ਨੂੰ ਸੰਡੇ ਲਾਉਣਾ ਪਊ। ਮੈਂ ਵੀ ਕੰਮ 'ਤੇ ਚਲੀ ਗਈ। ਸ਼ਾਮ ਨੂੰ ਕੰਮ ਤੋਂ ਹਟੀ ਤਾਂ ਬੱਸਾਂ ਨਾ ਚੱਲਦੀਆਂ ਹੋਣ ਕਰਕੇ ਗੁਰਦਿੱਤ ਜੀ ਮੈਨੂੰ ਆਪਣੀ ਕਾਰ ਵਿੱਚ ਘਰ ਛੱਡਣ ਚਲੇ ਗਏ। ਮੈਨੂੰ ਮੇਰੀ ਸੱਸ ਨੇ ਕਿਤੇ ਗੁਰਦਿੱਤ ਜੀ ਦੀ ਕਾਰ ਵਿੱਚੋਂ ਉਤਰਦੀ ਨੂੰ ਦੇਖ ਕੇ ਸਭ ਨੂੰ ਦੱਸ ਦਿੱਤਾ। ਮੈਨੂੰ ਅੰਦਰ ਵੜ੍ਹਦੀ ਨੂੰ ਹੀ ਸੱਸ ਨੇ ਕੁੱਝ ਪੁੱਛਿਆ ਨਾ, ਦੱਸਿਆ ਨਾ। ਬਸ ਗੁੱਤੋਂ ਫੜ੍ਹ ਕੇ ਢਾਅ ਲਿਆ। ਨਾਲ ਹੀ ਮੇਰਾ ਜੇਠ ਤੇ ਦਿਉਰ ਲੱਗ ਪਏ ਮੈਨੂੰ ਖੁੱਲ੍ਹਣ। ਮੇਰੀ ਖੂਬ ਹੱਡੀ-ਪਸਲੀ ਤੋੜ ਕੇ ਇੱਕ ਕੀਤੀ। ਅੱਧਾ ਪੌਣਾ ਘੰਟਾ ਛੁਲਕਣ ਬਾਅਦ ਸੱਸ ਤਾਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਰੋਈ, ਕੁਰਲਾਈ, ਉਹਨਾਂ ਅੱਗੇ ਹੱਥ ਬੰਨ੍ਹ ਕੇ ਵਾਸਤੇ ਪਾਏ ਕਿ ਮੈਨੂੰ ਬਖਸ਼ ਦੇਣ। ਪਰ ਉਹਨਾਂ ਜ਼ਾਲਮਾਂ ਦਾ ਕ੍ਰੋਧ, ਹਵਸ ਵਿੱਚ ਤਬਦੀਲ ਹੋ ਗਿਆ ਤੇ ਉਹ ਮੇਰੇ ਕੱਪੜਿਆਂ ਨਾਲ ਪਾੜ-ਝੀੜ ਕਰਨ ਲੱਗ ਗਏ। ਮੈਂ ਤੜਫੀ, ਚੀਕੀ, ਚਿਲਾਈ। ਮੇਰੀ ਸੱਸ ਤਮਾਸ਼ੇ ਸਮਝ ਕੇ ਸਭ ਸੁਣਦੀ ਰਹੀ। ਉਹਨੇ ਵੀ ਪੁੱਤਾਂ ਨੂੰ ਨਾ ਹਟਾਇਆ। ਮੇਰੀ ਇੱਜ਼ਤ ਲੁੱਟਣ ਲਈ ਉਹਨਾਂ ਨੇ ਮੇਰੀ ਕੁੜਤੀ ਜਮਾਂ ਈ ਪਾੜ ਕੇ ਲੰਗਾਰ ਕਰ ਦਿੱਤੀ ਸੀ। ਜਦ ਮੈਂ ਆਪਣੇ ਬਚਾਅ ਲਈ ਉਹਨਾਂ ਦੀ ਕਾਰਵਾਈ ਵਿੱਚ ਕੋਈ ਵਿਘਨ ਪਾਉਂਦੀ ਤਾਂ ਜੇਠ ਦਾ ਥੱਪੜ ਭੰਡਾਂ ਦੇ ਛਿੱਤਰ ਵਾਂਗੂੰ ਮੇਰੀ ਗੱਲ੍ਹ 'ਤੇ ਫਾੜ ਦੇਣੇ ਪੈਂਦਾ, "ਸਾਡੇ ਪਿੱਤਲ ਤੇ ਲੋਕਾਂ ਦੇ ਸੋਨੇ ਦਾ ਸੰਦ ਲੱਗਿਐ, ਕੰਜਰੀਏ?"
"ਆਪਣਾ ਨੀਂਗਰ, ਪਰਾਇਆ ਢੀਂਗਰ? ਵੱਡੀ ਝਾਸੀਂ ਦੀ ਰਾਣੀ ਬਣੀ ਫਿਰਦੀ ਆ।" ਦਿਉਰ ਦੇ ਦੰਦ ਵੀ ਮੈਨੂੰ ਆਪਣਿਆਂ ਸਤਨਾਂ ਵਿੱਚ ਖੁੱਭਦੇ ਮਹਿਸੂਸ ਹੁੰਦੇ।
ਮਨ ਹੀ ਮਨ ਮੈਂ ਰੱਬ ਅੱਗੇ ਜੋਦੜੀਆਂ ਕਰਦੀ, ਹੇ, ਮੇਰੇ ਪ੍ਰਮਾਤਮਾ ਕਦੇ ਤੂੰ ਕ੍ਰਿਸ਼ਨ ਬਣ ਕੇ ਦਰੋਪਦੀ ਦੀ ਅਸਮਤ ਬਚਾਈ ਸੀ। ਕਿਸੇ ਵੇਲੇ ਤੂੰ ਗੁਰੂ ਤੇਗ ਬਹਾਦਰ ਬਣ ਕੇ ਕਸ਼ਮੀਰੀ ਪੰਡਤਾਂ ਦੀ ਲਾਜ ਰੱਖੀ ਸੀ। ਮੇਰੀ ਪੱਤ ਬਚਾਉਣੀ ਵੀ ਤੇਰੇ ਵਸ ਐ ਦਾਤਾ।
ਵਾਹਿਗੁਰੂ ਨੇ ਮੇਰੀ ਪੁਕਾਰ ਸੁਣ ਲਈ। ਕੁਦਰਤੀ ਐਨ ਉਸੇ ਵਕਤ ਸਾਡੇ ਨਾਲ ਦੇ ਘਰ ਅੱਗ ਲੱਗ ਗਈ ਤੇ ਅੱਖ ਝਪਕਦਿਆਂ ਫਾਇਰ -ਬ੍ਰਗੇਡ ਤੇ ਪੁਲੀਸ ਆ ਗਈ। ਸਾਡੇ ਘਰ ਨੂੰ ਵੀ ਲਾਟਾਂ ਦੀ ਲਪੇਟ ਵਿੱਚ ਆਇਆ ਦੇਖ ਕੇ ਦੋਨਾਂ ਦੈਂਤਾਂ ਨੇ ਮੈਨੂੰ ਛੱਡ ਦਿੱਤਾ। ਮੈਂ ਉਵੇਂ ਹੀ ਟੌਪਲੈੱਸ ਅਵਸਥਾ ਵਿੱਚ ਬਾਹਾਂ ਦੀ ਕਰੀਗੜੀ ਹੇਠ ਛਾਤੀਆਂ ਲਕੋਅ   ਕੇ   ਪੁਲੀਸ   ਕੋਲ ਚਲੀ ਗਈ ਤੇ ਉਹਨਾਂ ਨੂੰ ਸਾਰੀ ਕਹਾਣੀ ਦੱਸ ਦਿੱਤੀ। ਜਿਵੇਂ ਕੁਕੜੀ ਆਪਣੇ ਚੂਚੇ ਖੰਭਾਂ ਹੇਠ ਛੁਪਾ ਲੈਂਦੀ ਹੈ, ਉਵੇਂ ਕਾਨੂੰਨ ਨੇ ਮੈਨੂੰ ਆਪਣੀ ਸੁਰੱਖਿਅਤ ਪਨਾਹ ਵਿੱਚ ਲੈ ਲਿਆ। ਮੇਰੇ ਸਾਹੁਰੇ ਪਰਿਵਾਰ ਨੂੰ ਮੌਕੇ 'ਤੇ ਹੀ ਗਿਰਫਤਾਰ ਕਰਕੇ ਹਵਾਲਾਤ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸਪੈਹਣਾਂ ਮੈਨੂੰ ਡਾਕਟਰੀ ਜਾਂਚ ਲਈ ਹਸਪਤਾਲ ਲੈ ਗਈਆਂ। ਉਥੇ ਨਰਸਾਂ ਨੇ ਮੇਰੇ ਐਕਸਰੇ ਅਤੇ ਫੋਟੋਗ੍ਰਾਫ ਖਿੱਚਵਾ ਕੇ ਰਿਪੋਰਟ ਲਿਖ ਦਿੱਤੀ। ਉਸ ਤੋਂ ਬਾਅਦ ਠਾਣੇ ਲਿਜਾ ਕੇ ਮੇਰੀ ਇੰਟਰਵਿਊ ਰਿਕਾਰਡ ਕਰਕੇ ਮੇਰੇ ਬਿਆਨ ਕਲਮ ਬੰਦ ਕਰ ਲਿੱਤੇ ਗਏ। ਪੁਲੀਸ ਨੇ ਮੈਨੂੰ ਪੁੱਛਿਆ ਕਿ ਮੇਰਾ ਕੋਈ ਰਿਸ਼ਤੇਦਾਰ ਜਾਂ ਮਿੱਤਰ ਹੈ,  ਜਿਸ ਕੋਲ ਮੈਂ ਜਾਣਾ ਚਾਹੁੰਦੀ ਹੋਵਾਂ? ਮੇਰਾ ਤਾਂ ਕੋਈ ਵੀ ਨਹੀਂ ਸੀ ਇਸ ਪਰਦੇਸ ਵਿੱਚ। ਪੁਲੀਸ ਨੇ ਮੇਰੇ ਰਹਿਣ ਦਾ ਬੰਦੋਬਸਤ ਵੂਮਿੰਨ ਹੋਸਟਲ ਵਿੱਚ ਕਰ ਦਿੱਤਾ। ਮੈਨੂੰ ਉਹ ਮਾਹੌਲ ਜਚਿਆ ਨਾ। ਮੈਂ ਗੁਰਦਿੱਤ ਜੀ ਤੋਂ ਪੁੱਛਿਆ ਕਿ ਜੇ ਉਹ ਮੈਨੂੰ ਕੁੱਝ ਦਿਨ ਆਪਣੇ ਮਕਾਨ ਵਿੱਚ ਰੱਖ ਲੈਣ ਤੇ ਫਿਰ ਮੈਂ ਵਾਪਸ ਭਾਰਤ ਚਲੀ ਜਾਵਾਂਗੀ। ਉਹ ਮੰਨ ਗਏ। ਏਦਾਂ ਮੈਂ ਗੁਰਦਿੱਤ ਜੀ ਕੋਲ ਚਲੀ ਗਈ।      
ਕਹਾਣੀਕਾਰ- ਫੇਰ ਹੁਣ ਤੱਕ ਵਾਪਸ ਕਿਉਂ ਨਾ ਗਏ?
ਪਾਤਰ- ਕਰੀਮੀਨਲ ਕੋਰਟ ਵਿੱਚ ਕੇਸ ਚੱਲਦੇ ਕਰਦੇ ਨੂੰ ਕਾਫ਼ੀ ਸਮਾਂ ਲੰਘ ਗਿਆ। ਮੈਂ ਆਪਣੇ ਮੁਜ਼ਰਮਾਂ ਨੂੰ ਸਜ਼ਾ ਦਿਵਾਏ ਬਿਨਾਂ ਨਹੀਂ ਸੀ ਜਾਣਾ ਚਾਹੁੰਦੀ। ਉਸ ਅਰਸੇ ਵਿੱਚ ਕਰੀਬ ਰਹਿ ਕੇ ਮੈਂ ਗੁਰਦਿੱਤ ਜੀ ਨੂੰ ਚੰਗੀ ਤਰ੍ਹਾਂ ਜਾਣਿਆ-ਸਮਝਿਆ। ਉਹਨਾਂ ਵਿੱਚ ਉਹ ਸਭ ਕੁੱਝ ਸੀ ਜਿਸਦੀ ਮੈਂ ਆਪਣੇ ਜੀਵਨਸਾਥੀ ਵਿੱਚ ਕਲਪਨਾ ਕੀਤੀ ਸੀ। ਮੈਂ ਨਿਸਦਿਨ ਗੁਰਦਿੱਤ ਜੀ ਤੋਂ ਪ੍ਰਭਾਵਤ ਹੁੰਦੀ ਗਈ ਤੇ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ। ਹੁਣ ਮੈਂ ਸਾਰੀ ਜ਼ਿੰਦਗੀ ਗੁਰਦਿੱਤ ਜੀ ਨਾਲ ਬਿਤਾਉਣ ਦਾ ਫੈਸਲਾ ਕਰ ਲਿਆ।
ਕਹਾਣੀਕਾਰ- ਤੁਹਾਡੇ ਸਾਹੁਰੇ ਪਰਿਵਾਰ ਦਾ ਕੀ ਬਣਿਆ?
ਪਾਤਰ- ਉਹਨਾਂ ਨੇ ਵੱਡੇ-ਵੱਡੇ ਵਕੀਲ ਕਰਕੇ ਆਪਣੇ ਬਚਣ ਲਈ ਦਲੀਲਾਂ ਤਾਂ ਬਥੇਰੀਆਂ ਘੜੀਆਂ ਸਨ। ਪਰ ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਜਿਊਰੀ ਨੇ ਮੇਰੀ ਹਿਮਾਇਤ ਕੀਤੀ। ਮੇਰੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਜੇਠ ਨੂੰ ਅਟੈਮਪਟੱਡ ਰੇਪ ਦੀ ਸੱਤ ਸਾਲ ਕੈਦ-ਬਾ-ਮੁਸ਼ੱਕਤ ਦੀ ਸਜ਼ਾ ਹੋਈ ਤੇ ਨਾਲੇ ਜਠਾਣੀ ਨੇ ਉਹਦੀ ਕਰਤੂਤ ਸੁਣ ਕੇ ਤਲਾਕ ਲੈ ਲਿਆ। ਦਿਉਰ ਨੂੰ ਜੀ ਬੀ ਐੱਚ ਦੇ ਜ਼ੁਰਮ ਦੀ ਤਿੰਨ ਸਾਲ ਦੀ ਜੇਲ ਹੋਈ। ਮੇਰੀ ਸੱਸ ਨੂੰ ਜੱਜ ਨੇ ਮੇਰੇ ਉੱਤੇ ਢਾਹੇ ਮਾਨਸਿਕ ਅਤੇ ਸ਼ਰੀਰਕ ਤਸ਼ੱਦਦ ਬਦਲੇ ਸੌ ਘੰਟੇ ਕਮਿਉਨਟੀ ਸਰਵਿਸ ਅਤੇ ਪੁੱਤਾਂ ਦਾ ਸਹਿਯੋਗ ਦੇਣ ਲਈ ਅਠਾਰਾਂ ਮਹੀਨੇ ਕੈਦ ਦਾ ਦੰਡ ਦਿੱਤਾ।
ਕਹਾਣੀਕਾਰ- ਨਵੇਂ ਪ੍ਰੇਮੀ ਦੀ ਖੋਜ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ?
ਪਾਤਰ- ਪੂਰੇ ਇੱਕ ਸੌ ਇੱਕ ਪ੍ਰਤੀਸ਼ਤ। ਮੇਰੀ ਜ਼ਿੰਦਗੀ ਵਿੱਚ ਗੁਰਦਿੱਤ ਦੇ ਪਿਆਰ ਦੀ ਵਰਖਾ ਨਾ ਹੁੰਦੀ ਤਾਂ ਅੱਜ ਮੇਰੇ ਮੁਖੜੇ 'ਤੇ ਮੁਸਕਾਨਾਂ ਦੀ ਕਹਿਕਸ਼ਾ (ਸਤਰੰਗੀ ਪੀਂਘ) ਤੁਸੀਂ ਕਦੇ ਨਾ ਦੇਖ ਸਕਦੇ। ਮੈਂ ਭੁੰਜੇ ਕਿਰੀ ਖਸ-ਖਸ ਵਾਂਗੂੰ ਖਿੰਡੀ-ਖੱਪਰੀ ਪਈ ਸੀ। ਲੱਗਦਾ ਹੀ ਨਹੀਂ ਸੀ ਕਿ ਚੁਗੀ ਜਾਊਂਗੀ। ਗੁਰਦਿੱਤ ਨੇ ਸੂਝ ਅਤੇ ਸਿਆਣਪ ਨਾਲ ਕਸ਼ਮੀਰੀ ਰਜਾਈ ਦੀ ਤਰ੍ਹਾਂ ਮੈਨੂੰ ਸਮੇਟ ਕੇ ਆਪਣੇ ਹੱਥਾਂ ਵਿੱਚ ਇਕੱਠੀ ਕਰ ਲਿਆ ਹੈ। ਗੁਰਦਿੱਤ ਦੇ ਸਾਥ ਨਾਲ ਤਾਂ ਮੈਂ ਮੋਮਬੱਤੀ ਦੇ ਧਾਗੇ ਵਾਂਗ ਮਹਿਫੂਜ਼ ਮਹਿਸੂਸ ਕਰਦੀ ਹਾਂ। ਜੇ ਮੈਂ ਜਲਣ ਲੱਗੂੰ ਤਾਂ ਗੁਰਦਿੱਤ ਮੋਮ ਦੀ ਭਾਂਤੀ ਮੇਰੇ ਨਾਲ ਮੱਚ ਕੇ ਪਿਘਲਣਗੇ। ਐਸਾ ਮੇਰਾ ਦ੍ਰਿੜ ਵਿਸ਼ਵਾਸ ਹੈ। ਸੋ ਫਾਰ ਸੋ ਗੁੱਡ। ਹਾਲ ਦੀ ਘੜੀ ਤਾਂ ਸਭ ਠੀਕ-ਠਾਕ ਹੈ। ਟੱਚ ਵੁੱਡ! ਅੱਗੋਂ ਵੀ ਐਸੇ ਤਰ੍ਹਾਂ ਰਹੇ। ਹਰ ਇੰਨਸਾਨ ਆਪਣੇ ਭਵਿੱਖ ਬਾਰੇ ਅੱਛਾ ਹੀ ਸੋਚਦਾ ਹੁੰਦਾ ਹੈ। ਇਹ ਤਾਂ ਕਿਸਮਤ ਹੈ ਜੋ ਕਈ ਵਾਰ ਆਪਣੇ ਰੰਗ ਵਿਖਾ ਜਾਂਦੀ ਹੈ। ਤ੍ਰੇਤੇ ਯੁੱਗ ਵਿੱਚ ਰਾਜੇ  ਜਨਕ  ਨੇ  ਆਪਣੀ  ਪੁੱਤਰੀ ਸੀਤਾ ਦਾ ਸਵੰਬਰ ਬੜੀ ਸੋਚ ਸਮਝ ਕੇ ਰਚਾਇਆ ਸੀ। ਤਾਂ ਜੋ ਯੋਗ ਵਰ ਲੱਭਿਆ ਜਾ ਸਕੇ। ਕੀ ਸਿੱਟਾ ਨਿਕਲਿਆ? ਸ਼ਿਵ ਧਨੁੱਖ ਉਠਾਉਣ ਵਾਲਾ ਉਹੀ ਸ਼ਕਤੀਸ਼ਾਲੀ ਰਾਜਾ ਰਾਮ ਬਾਅਦ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਿਆ ਸੀ। ਅਯੋਧਿਆ ਚੋਂ ਧੱਕੇ ਮਾਰ ਕੇ ਕੱਢੀ ਹੋਈ ਸੀਤਾ ਨੂੰ ਬਾਲਮੀਕ ਰਿਸ਼ੀ ਦੇ ਆਸ਼ਰਮ ਵਿੱਚ ਜਾ ਕੇ ਸ਼ਰਨ ਲੈਣੀ ਪਈ ਸੀ। ਮੇਰੀ ਇਹ ਗੱਲ ਪੜ੍ਹ-ਸੁਣ ਕੇ ਮੇਰਾ ਕੋਈ ਹਿੰਦੂ ਵੀਰ-ਭੈਣ ਬੁਰਾ ਨਾ ਮਨਾ ਜਾਇਉ। ਮੈਂ ਕੋਈ ਰਾਮ ਚੰਦਰ ਦਾ ਤਵਾ ਨਹੀਂ ਲਾ ਰਹੀ ਤੇ ਨਾ ਹੀ ਹਿੰਦੂ ਧਰਮ ਨੂੰ ਮਾੜਾ ਆਖ ਰਹੀ ਹਾਂ। ਬੇਸ਼ੱਕ ਮੈਂ ਸਿੱਖ ਹਾਂ, ਪਰ ਰਮਾਇਣ ਮੇਰੇ ਲਈ ਵੀ ਓਨੀ ਹੀ ਮੁਕੱਦਸ ਹੈ ਜਿੰਨੀ ਹਿੰਦੂਆਂ ਲਈ। ਰਾਮ ਤੇ ਸੀਤਾ ਦਾ ਮੈਂ ਵੀ ਉਹਨਾਂ ਹੀ ਸਤਿਕਾਰ ਕਰਦੀ ਹਾਂ। ਇਤਿਹਾਸ ਦੇ ਪੰਨਿਆਂ ਨੂੰ ਅਸੀਂ ਸਾਂਭਦੇ ਹੀ ਇਸੇ ਲਈ ਹਾਂ ਤਾਂ ਕਿ ਜੋ ਗਲਤੀਆਂ ਸਾਡੇ ਪੂਰਵਜ਼ਾਂ ਨੇ ਕੀਤੀਆਂ ਹਨ, ਅਸੀਂ ਉਹਨਾਂ ਨੂੰ ਦੋਹਰਾਈਏ ਨਾ ਤੇ ਤਵਾਰੀਖ ਤੋਂ ਕੋਈ ਸਬਕ ਸਿਖੀਏ। 
ਕਹਾਣੀਕਾਰ- ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਰੂਪ ਮਾਨਣ ਲਈ ਠਰਕੀ ਬੁੜੇ ਨੇ ਤੁਹਾਨੂੰ ਵਰਗ ਲਾਇਆ ਹੈ?
ਪਾਤਰ- ਨਾ ਕਦੇ ਵੀ ਨਹੀਂ। ਲੇਲਿਆਂ 'ਚ ਮੇਮਣਾ ਲੁਕਿਆ ਨਹੀਂ ਰਹਿੰਦਾ। ਬਲਰਾਜ, ਲੁੱਚੇ ਬੰਦੇ ਦੀ ਅੱਡ ਪਛਾਣ ਆ ਜਾਂਦੀ ਹੈ। ਮੈਂ ਗੁਰਦਿੱਤ ਨੂੰ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ, ਮੈਂ ਦਿਲ ਮਿਲਦੇ ਦੀ ਹੋਈ ਤੂੰ ਕਿਹੜਾ ਚੰਦ ਮੁੰਡਿਆ। -ਇਸ ਲਈ ਮੈਂ ਜਿਸਮ ਦਾ ਨਹੀਂ ਰੂਹ ਦਾ ਰਿਸ਼ਤਾ ਜੋੜਨਾ ਚਾਹੁੰਦੀ ਹਾਂ। ਉਹਨਾਂ ਨੂੰ ਮੇਰਾ ਆਖਾ ਮੰਨਜ਼ੂਰ ਸੀ। ਤਿੰਨ-ਚਾਰ ਮਹੀਨੇ ਮੈਂ ਗੁਰਦਿੱਤ ਨਾਲ ਗੁਜ਼ਾਰਨ ਮਗਰੋਂ ਵੀ ਮਹਿਸੂਸ ਕੀਤਾ ਕਿ ਉਹਨਾਂ ਨੇ ਕਦੇ ਵੀ ਮੇਰੇ ਨਾਲ ਜਿਨਸੀ ਸੰਬੰਧ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਰਾਤ ਬਾਹਰ ਮੀਂਹ, ਹਨੇਰੀ ਅਤੇ ਮੇਰੇ ਅੰਦਰ ਤੁਫਾਨ ਆਇਆ ਹੋਇਆ ਸੀ। ਮੈਂ ਗੁਰਦਿੱਤ ਨੂੰ ਜਗਾ ਕੇ ਬੇਨਤੀ ਕੀਤੀ ਕਿ ਮੇਰੇ ਕਮਰੇ ਵਿੱਚ ਆ ਕੇ ਪੈ ਜਾਣ। ਮੈਨੂੰ ਡਰ ਲੱਗਦਾ ਹੈ। ਉਹ ਮੇਰੇ ਰੂਮ ਵਿੱਚ ਭੁੰਜੇ ਗੱਦਾ ਸੁੱਟ ਕੇ ਪਏ ਰਹੇ। ਕਾਫ਼ੀ ਦੇਰ ਤੱਕ ਮੈਨੂੰ ਨੀਂਦ ਨਾ ਆਈ ਤੇ ਉਹ ਵੀ ਪਾਸੇ ਮਾਰਦੇ ਉਸਲਵੱਟੇ ਲੈਂਦੇ ਰਹੇ। 
ਉਦੋਂ ਮੈਨੂੰ ਉਸ ਕਾਮੀ ਔਰਤ ਦੀ ਕਹਾਣੀ ਯਾਦ ਆਈ ਜਿਸਦਾ ਪਤੀ ਪ੍ਰਦੇਸ ਗਿਆ ਹੋਇਆ ਸੀ ਤੇ ਉਹ ਰਾਤ ਨੂੰ ਬ੍ਰਿਹਾ ਕੁਠੀ ਇਕੱਲੀ ਪਈ ਕਾਮ ਲਈ ਤੜਫਦੀ ਹੋਈ ਰੱਬ ਅੱਗੇ ਅਰਜੋਈਆਂ ਕਰੇ, ਹੇ ਪ੍ਰਮਾਤਮਾ ਕਿਸੇ ਨੂੰ ਮੇਰੀ ਵਾਸਨਾ ਮਿਟਾਉਣ ਲਈ ਭੇਜ। ਇਤਫਾਕਨ ਉਦੋਂ ਦਰਵਾਜ਼ੇ 'ਤੇ ਦਸਤਕ ਹੋਈ। ਉਸ ਇਸਤਰੀ ਨੇ ਬੂਹਾ ਖੋਲ੍ਹਿਆ ਤਾਂ ਇੱਕ ਨਿਹਾਇਤ ਹੀ ਖੂਬਸੂਰਤ ਮਰਦ ਨੂੰ ਬਾਹਰ ਖਲੋਤੇ ਪਾਇਆ। ਉਸ ਮਰਦ ਨੇ ਇਸਤਰੀ ਨੂੰ ਦੱਸਿਆ ਕਿ ਉਹ ਮੁਸਾਫ਼ਰ ਹੈ ਤੇ ਸਫਰ ਕਰਦਿਆਂ ਹਨੇਰਾ ਹੋ ਜਾਣ ਕਾਰਨ ਰਾਤ ਕੱਟਣੀ ਚਾਹੁੰਦਾ ਹੈ। ਔਰਤ ਨੇ ਉਸਨੂੰ ਅੰਦਰ ਵਾੜ ਲਿਆ ਤੇ ਦੱਸਿਆ ਕਿ ਉਸਦੇ ਘਰ ਇੱਕ ਹੀ ਮੰਜਾ ਹੈ। ਮੁਸਾਫ਼ਰ ਨੇ ਆਖਿਆ ਕਿ ਉਹ ਜ਼ਮੀਨ 'ਤੇ ਲੇਟ ਕੇ ਹੀ ਰਾਤ ਬਿਤਾਅ ਲਵੇਗਾ। ਔਰਤ ਨੇ ਉਸਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਮੰਜੇ ਦੇ ਵਿਚਾਲੇ ਸਿਰਹਾਣਾ ਰੱਖ ਲਵੇਗੀ। ਇਉਂ ਇੱਕ ਪਾਸੇ ਉਹ ਮੁਸਾਫ਼ਰ ਪੈ ਜਾਵੇਗਾ ਤੇ ਦੂਜੇ ਪਾਸੇ ਉਹ ਆਪ ਸੌਂ ਜਾਵੇਗੀ। ਮੁਸਾਫ਼ਰ ਸਹਿਮਤ ਹੋ ਗਿਆ ਤੇ ਉਹ ਸਿਰਹਾਣੇ ਨਾਲ ਮੰਜੇ ਨੂੰ ਦੋ ਭਾਗਾਂ ਵਿੱਚ ਵੰਢ ਕੇ ਪੈ ਗਏ। ਨਾ ਮੁਸਾਫ਼ਰ ਨੂੰ ਔਰਤ ਨੇ ਬੁਲਾਇਆ ਤੇ ਨਾ ਹੀ ਉਹ ਆਪ ਉਹਦੇ ਨਾਲ ਬੋਲੀ। ਸਾਰੀ ਰਾਤ ਔਰਤ ਉਡੀਕਦੀ ਰਹੀ, ਪਰ ਮੁਸਾਫ਼ਰ ਨੇ ਉਸਨੂੰ ਨਾ ਭੋਗਿਆ। ਪਹੁ ਫੁਟਾਲਾ ਹੋਏ 'ਤੇ ਮੁਸਾਫ਼ਰ ਔਰਤ ਦਾ ਰਾਤ ਰੱਖਣ ਬਦਲੇ ਧੰਨਵਾਦ ਕਰਕੇ ਜਾਣ ਲੱਗਿਆ ਤਾਂ ਔਰਤ ਕਹਿਣ ਲੱਗੀ, "ਠਹਿਰ ਮੈਂ ਉੱਠ ਕੇ ਕੁੰਡਾ ਖੋਲ੍ਹਦੀ ਹਾਂ।"
"ਤੁਸੀਂ ਉਠਣ ਦੀ ਖੇਚਲ ਨਾ ਕਰੋ। ਮੈਂ ਵਾਗਲੇ ਦੀ ਕੰਧ ਟੱਪ ਕੇ ਚਲਿਆ ਜਾਵਾਂਗਾ।" ਮੁਸਾਫ਼ਰ ਨੇ ਉੱਤਰ ਦਿੱਤਾ।
ਔਰਤ ਸੜੀ ਭੁੱਜੀ ਪਈ ਸੀ ਉਹਨੇ ਮੁਸਾਫ਼ਰ ਨੂੰ ਘੂਰ ਕੇ ਕਿਹਾ, "ਸਾਰੀ ਰਾਤ ਲੰਘ ਗਈ, ਤੈਥੋਂ ਸਿਰਹਾਣਾ ਤਾਂ ਟੱਪਿਆ ਨਾ ਗਿਆ। ਕੰਧ ਤੂੰ ਕਿੱਥੋਂ ਟੱਪ ਜਾਏਂਗਾ?"  
ਇਹ ਯਾਦ ਕਰਕੇ ਹੱਸਦੀ ਹੋਈ ਨੇ ਮੈਂ ਸੋਚਿਆ ਕਿ ਕਿਤੇ ਮੇਰਾ ਵੀ ਉਹੀ ਹਸ਼ਰ ਨਾ ਹੋਵੇ? ਮੈਂ ਵਕਤ ਗਵਾਏ ਬਿਨਾਂ ਹਾਕ ਮਾਰ ਕੇ ਗੁਰਦਿੱਤ ਨੂੰ ਆਖਿਆ, "ਮੇਰੇ ਨਾਲ ਆ ਕੇ ਪੈ ਜਾਵੋ!"
ਜਿਵੇਂ ਤੱਤੇ ਰੋੜੇ ਦਾ ਸੇਕ ਦਿੱਤਿਆਂ ਜਖਮਾਂ ਦੀ ਟੀਸ ਘੱਟ ਜਾਂਦੀ ਹੈ। ਇਉਂ ਉਹਨਾਂ ਦੀ ਛੋਹ ਨਾਲ ਮੈਨੂੰ ਅਰਾਮ ਜਿਹਾ ਮਹਿਸੂਸ ਹੋਇਆ। ਮੇਰੇ ਵਰਗੀ ਅੱਥਰੀ ਘੋੜੀ 'ਤੇ ਉਹਨਾਂ ਵਰਗਾ ਸ਼ਾਹ-ਸਵਾਰ ਹੀ ਸਵਾਰੀ ਕਰ ਸਕਦਾ ਸੀ। ਮੈਨੂੰ ਜਾਪਿਆ ਕਿ ਮੈਂ ਆਪਣੀ ਜ਼ਿੰਦਗੀ ਅਜਾਈਂ ਗੁਆਈ ਜਾ ਰਹੀ ਸੀ। ਮੈਂ ਹਸੀਨ ਹਾਂ। ਜਵਾਨ ਹਾਂ। ਤੰਦਰੁਸਤ ਹਾਂ। ਰੱਜਵਾਂ ਸੰਭੋਗ ਅਨੰਦ ਪ੍ਰਾਪਤ ਕਰਨਾ ਮੇਰੇ ਸ਼ਰੀਰ ਦੀ ਲੋੜ੍ਹ ਵੀ ਹੈ ਤੇ ਮੇਰੀ ਸਿਵਿਆਂ ਵਾਂਗੂੰ ਬਲਦੀ ਜਵਾਨੀ ਦਾ ਹੱਕ ਵੀ। ਫਿਰ ਮੈਂ ਆਪਣੇ ਆਪ ਨੂੰ ਕ੍ਰਿੜਾ ਸੁੱਖ ਤੋਂ ਮਹਿਰੂਮ ਕਿਉਂ ਰੱਖਾਂ? ਇੰਗਲੈਂਡ ਵਰਗੇ ਇਸ ਆਜ਼ਾਦ ਮੁਲੱਖ ਵਿੱਚ ਵੀ ਜੇ ਕੋਈ ਸੈਕਸ ਤੋਂ ਵਾਝਾਂ ਰਹਿੰਦਾ ਹੈ ਤਾਂ ਉਹ ਯਕੀਨਨ ਬਦਕਿਸਮਤ ਹੈ।
ਕਹਾਣੀਕਾਰ- ਕਾਮੁਕ ਸੰਤੁਸ਼ਟੀ ਪੱਖੋਂ ਤੁਸੀਂ ਹੁਣ ਬੁੜੇ-ਠੇਰੇ ਤੋਂ ਤ੍ਰਿਪਤ ਹੋ ਜਾਂਦੇ ਹੋ?
ਪਾਤਰ- ਦੇਖੋ ਜੀ, ਸੈਕਸ ਇੱਕ ਕਲਾ ਹੈ। ਕਲਾ ਕੋਈ ਵੀ ਹੋਵੇ, ਉਹਦੇ ਵਿੱਚ ਇੰਨਸਾਨ ਰਿਆਜ਼ ਅਤੇ ਤਜ਼ਰਬੇ ਨਾਲ ਨਿਪੁੰਨਤਾ ਹਾਸਲ ਕਰਦਾ ਹੈ। ਗੁਰਦਿੱਤ ਜੀ ਹੰਢੇ ਹੋਏ ਹਨ। ਉਹਨਾਂ ਨੇ ਆਪਣੀ ਵਿਵਾਹਕ ਜ਼ਿੰਦਗੀ ਵਿੱਚ ਇਸਦਾ ਕਾਫ਼ੀ ਅਭਿਆਸ ਕੀਤਾ ਹੋਇਆ ਸੀ। ਜਿਸ ਕਰਕੇ ਉਹ ਹੁਣ ਮੇਰੀ ਪਿਆਸ ਬੁਝਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਉਹ ਤਾਂ ਮੈਨੂੰ ਸਾਰੀ-ਸਾਰੀ ਰਾਤ ਸਲਵਾਰ ਨ੍ਹੀਂ ਪਾਉਣ ਦਿੰਦੇ। ਸਵੇਰ ਤੱਕ ਫੋਰਡ ਟਰੈਕਟਰ ਦੇ ਵਾਹੇ ਖੱਤੇ ਦੀ ਡਲੇ ਭੰਨ੍ਹ ਕੇ ਪੋਲੀ ਕਰੀ ਮਿੱਟੀ ਵਰਗੀ ਕਰ ਦਿੰਦੇ ਹਨ।
ਕਹਾਣੀਕਾਰ- ਹੋਰ ਕੁੱਝ ਸਾਲਾਂ ਨੂੰ ਵਡੇਰੀ ਉਮਰ ਦੇ ਤਕਾਜੇ ਨਾਲ ਗੁਰਦਿੱਤ ਵਿੱਚ ਉਹ ਮਰਦਾਨਾ ਤਾਕਤ ਨਹੀਂ ਰਹਿਣੀ, ਜੋ ਹੁਣ ਹੈ। ਉਦੋਂ ਤੁਹਾਡੇ ਉਹਨਾਂ ਨਾਲ ਸੰਬੰਧ ਵਿਗੜ ਸਕਦੇ ਹਨ। ਕੀ ਤੁਸੀਂ ਇਸ ਪੱਖੋਂ ਸੁਚੇਤ ਹੋ?
ਪਾਤਰ- ਐਨਾ ਦੂਰ ਤੱਕ ਨਹੀਂ ਮੈਂ ਕਦੇ ਸੋਚਿਆ। ਮੈਨੂੰ ਨਹੀਂ ਲੱਗਦਾ ਕਦੇ ਏਜ਼ ਗੈੱਪ  ਨਾਲ ਐਸੀ ਨੌਬਤ ਆਉਗੀ। ਕਿਉਂਕਿ ਜਦ ਤੱਕ ਮੇਰੇ ਵਿਚਲਾ ਜੋਸ਼ ਵੀ ਮੱਠਾ ਪੈ ਚੁੱਕਾ ਹੋਵੇਗਾ। ਉਦੋਂ ਤਾਈਂ ਮੇਰੇ ਸੁਭਾਅ ਅਤੇ ਨਜ਼ਰੀਏ ਵਿੱਚ ਵੀ ਤਬਦੀਲੀ ਆ ਜਾਵੇਗੀ। ਬਾਕੀ ਜਿੱਥੋਂ ਤੱਕ ਉਹਨਾਂ ਦਾ ਸੁਆਲ ਹੈ, ਉਹਨਾਂ ਦੀਆਂ ਪੁਰਾਣੀਆਂ ਖਾਲਸ ਖੁਰਾਕਾਂ ਖਾਧੀਆਂ ਹੋਈਆਂ ਹਨ, ਜੋ ਹੁਣ ਕੰਮ ਆ ਰਹੀਆਂ ਹਨ। ਗੁਰਦਿੱਤ ਜੀ ਵਿੱਚ ਤਾਂ ਐਨਾ ਜ਼ੋਰ ਹੈ ਕਿ ਭਾਵੇਂ ਤੁਸੀਂ ਉਹਨਾਂ ਨੂੰ ਗੱਡੇ ਨਾਲ ਜੋੜ ਕੇ ਦੇਖ ਲਵੋਂ, ਇਹ ਉਹ ਵੀ ਧੂਹੀ ਫਿਰਨਗੇ। ਮੈਨੂੰ ਨਹੀਂ ਲੱਗਦਾ ਕਿ ਇਹ ਕਦੀ ਬੁੜ੍ਹੇ ਹੋਣਗੇ। ਵੈਸੇ ਵੀ ਹੁਣ ਮੈਂ ਇਹਨਾਂ ਦੀ ਖਾਦ-ਖੁਰਾਕ ਦਾ ਖਾਸ ਖਿਆਲ ਰੱਖਦੀ ਆਂ। ਰੋਜ਼ ਕੱਚੇ ਆਂਡੇ ਫੈਂਟ ਕੇ ਉਹਨਾਂ ਦੀ ਜ਼ਰਦੀ ਦਿੰਦੀ ਹਾਂ। ਦੋ ਵੇਲੇ ਦੁੱਧ 'ਚ ਛੁਆਰੇ ਉਬਾਲ ਕੇ ਪਿਲਾਉਂਦੀ ਹਾਂ। ਦੇਸੀ ਘਿਉ ਦੀ ਪੰਜੀਰੀ ਤਾਂ ਮੈਂ ਕਦੇ ਮੁੱਕਣ ਨਹੀਂ ਦਿੰਦੀ। -ਉਂਝ ਕਹਿੰਦੇ ਹੁੰਦੇ ਹਨ ਯੰਗ ਕੰਪਨੀ ਵਿੱਚ ਰਹਿ ਕੇ ਬੰਦਾ ਸਦਾ ਜਵਾਨ ਹੀ ਰਹਿੰਦਾ ਹੈ। -ਕੱਲ੍ਹ ਕਿਸ ਨੇ ਦੇਖਿਐ? ਭਲਕ ਸੁਆਰਨ ਲਈ ਅੱਜ ਨੂੰ ਕਿਉਂ ਖਰਚ ਕੇ ਬਰਬਾਦ ਕੀਤਾ ਜਾਵੇ? ਗੁਰਦਿੱਤ ਨਾਲ ਪ੍ਰੇਮ ਕਰਦਿਆਂ ਬਿਤਾਏ ਇੱਕ ਪਲ ਵਿੱਚ ਹੀ ਮੈਨੂੰ ਪ੍ਰਤੀਤ ਹੁੰਦਾ ਹੈ, ਯਾਨੀ ਮੈਂ ਸਦੀਆਂ ਜੀਅ ਲਈ ਹੋਵਾਂ। ਸ਼ਾਇਦ ਤੁਸੀਂ ਉਹ ਫਿਲਮੀ ਗੀਤ ਨਹੀਂ ਸੁਣਿਆ, 'ਸੌ ਬਰਸ ਕੀ ਜ਼ਿੰਦਗੀ ਸੇ ਅੱਛੇ ਹੈਂ ਪਿਆਰ ਕੇ ਦੋ ਚਾਰ ਪਲ।'  
ਕਹਾਣੀਕਾਰ- ਐਡਾ ਬੋਲਡ ਸਟੈੱਪ (ਦਲੇਰਾਨਾ ਕਦਮ) ਚੁੱਕਣ ਬਦਲੇ ਤੁਹਾਨੂੰ ਸਮਾਜ਼ ਵੱਲੋਂ ਕਾਫ਼ੀ ਖੁਆਰ ਕੀਤਾ ਗਿਆ ਹੋਵਗਾ? 
ਪਾਤਰ- ਮੈਂ ਸਮਾਜ਼ ਦੀ ਬਹੁਤੀ ਪਰਵਾਹ ਨਹੀਂ ਕਰਦੀ। ਕਿਸੇ ਸ਼ਾਇਰ ਦਾ ਤਖੀਅਲ ਹੈ, 'ਜ਼ਮਾਨੇ ਕੇ ਸਾਥ ਬਦਲਤੇ ਹੈ ਲਾਖੋਂ, ਮਰਦ ਵੋ ਜੋ ਜ਼ਮਾਨੇ ਕੋ ਬਦਲ ਦੇਤਾ ਹੈ।'  ਲੋਕ ਤਾਂ ਕੁੱਤੇ ਹੁੰਦੇ ਹਨ, ਦੋ ਚਾਰ ਦਿਨ ਭੌਂਕ ਕੇ ਆਪੇ ਹੱਟ ਜਾਣਗੇ। ਹਾਂ, ਜੇ ਕੋਈ ਵੱਢਣ ਆਵੇ ਤਾਂ ਮੈਂ ਜੁੱਤੀ ਲਾਹ ਲੈਂਦੀ ਹਾਂ ਜਾਂ ਡਾਂਗ ਦਿਖਾ ਕੇ ਭਜਾ ਦਿੰਦੀ ਹਾਂ। ਹਾਥੀਆਂ ਦਾ ਕੰਮ ਹੈ ਉਹ ਆਪਣੇ ਧਿਆਨ ਝੂਲਦੇ ਹੋਏ ਆਪਣੀ ਮਸਤ ਚਾਲ ਚਲਦੇ ਰਹਿਣ।
ਕਹਾਣੀਕਾਰ- ਜੱਗ ਵਿੱਚ ਮਰਦਾਂ ਵੱਲੋਂ ਵੀ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ ਹੋਵੇਗਾ? 
ਪਾਤਰ- ਪੁੱਛੋ ਹੀ ਨਾ! ਔਰਤ ਤਾਂ ਤੌਣ ਦੇ ਆਟੇ ਵਰਗੀ ਹੁੰਦੀ ਹੈ, ਜਿਸਨੂੰ ਅੰਦਰ ਚੂਹੇ ਟੁੱਕਦੇ ਹਨ ਅਤੇ ਬਾਹਰ ਕਾਂ ਕੁੱਤੇ ਨਹੀਂ ਛੱਡਦੇ। ਕੀ ਦੱਸਾਂ? ਕਈ ਵਾਰੀ ਐਸੇ-ਐਸੇ ਜਾਹਲ ਮਰਦਾਂ ਨਾਲ ਵਾਹ ਪੈ ਜਾਂਦਾ ਹੈ, ਜੋ ਔਰਤ ਨੂੰ ਇੰਨਸਾਨ ਹੀ ਨਹੀਂ ਸਮਝਦੇ। ਜਿਹੜਾ ਟੱਕਰਦੈ ਉਹੀ ਆਖੂ ਬੁੜ੍ਹੇ ਨੂੰ ਲਿਫਟ ਦਿੱਤੀ ਐ ਤਾਂ ਸਾਨੂੰ ਵੀ ਉੱਤੇ ਚੜ੍ਹਾ? ਇਹਨਾਂ ਨੂੰ ਕੋਈ ਪੁੱਛੇ ਭਲਿਉ ਲੋਕੋਂ, ਮੈਂ ਔਰਤ ਹਾਂ, ਕੋਈ ਟਰੇਨ ਦਾ ਇੰਜਣ ਨਹੀਂ ਕਿ ਜੀਹਦੇ ਮਗਰ ਜਿੰਨੇ ਮਰਜ਼ੀ ਡੱਬੇ ਪਾ ਦਿਉ ਤੇ ਖਿੱਚੀ ਜਾਊ।
ਕਹਾਣੀਕਾਰ- ਇਸ ਯੁੱਗ ਦੀ ਨਾਰੀ ਨੂੰ ਤੁਸੀਂ ਕਿਸ ਰੂਪ ਵਿੱਚ ਦੇਖਦੇ ਹੋ? ਅਬਲਾ ਜਾਂ ਸਬਲਾ?
ਪਾਤਰ- ਨਾਰੀ ਏਕ ਹੈ ਉਸਦੇ ਰੂਪ ਅਨੇਕ ਹਨ। ਹੁਣ ਦੀ ਇਸਤਰੀ ਵਿੱਚ ਠਰ੍ਹਮਾ ਹੈ, ਉਹ ਕਾਨੂੰਨ ਦੀ ਰੱਖਵਾਲੀ ਅਤੇ ਪੂਜਾਰਨ, ਰੂਪਨ ਦਿਉਲ ਬਜਾਜ ਬਣ ਕੇ ਆਪਣੇ ਨਾਲ ਛੇੜਖਾਨੀ ਕਰਨ ਦੇ ਦੋਸ਼ ਵਿੱਚ ਕੇ ਪੀ ਐਸ ਗਿੱਲ ਵਰਗੇ ਆਪਣੇ ਸੀਨੀਅਰ ਅਫਸਰ ਨੂੰ ਅਦਾਲਤ ਵਿੱਚ ਘੜੀਸ ਸਕਦੀ ਹੈ। ਅੱਜ ਦੀ  ਇਸਤਰੀ ਤੱਤੀ ਵੀ ਹੈ, ਉਹ ਫੂਲਨ ਦੇਵੀ ਬਣ ਕੇ ਉਤਰ-ਪ੍ਰਦੇਸ਼ ਦੇ ਠਾਕੁਰਾਂ ਤੋਂ ਆਪਣੀ ਬੇਪੱਤੀ ਦਾ ਬਦਲਾ ਲੈਣ ਲਈ ਰਾਈਫਲ ਚੁੱਕ ਕੇ ਡਾਕੂ ਰਾਣੀ ਬਣ ਸਕਦੀ ਹੈ। ਅਜੋਕੀ ਮਹਿਲਾ ਚਲਾਕ ਵੀ ਹੈ, ਮੌਨੀਕਾ ਲੁਇੰਸਕੀ ਦੇ ਰੂਪ ਵਿੱਚ ਕਲਿੰਟਨ ਵਰਗੇ ਪ੍ਰੇਮੀ ਨਾਲ ਆਯਾਸ਼ੀਆਂ ਕਰਦੇ ਵਕਤ ਲਿੱਬੜੀ ਹੋਈ ਪੁਸ਼ਾਕ ਸਬੂਤ ਵਜੋਂ ਸਾਂਭ ਕੇ ਵੀ ਰੱਖਦੀ ਹੈ ਤਾਂ ਕਿ ਆਸ਼ਕ ਮੁੱਕਰ ਨਾ ਸਕੇ। ਅੱਜ ਦੀ ਡਾਇਆਨਾ ਵਰਗੀ ਔਰਤ ਭੋਲੀ ਵੀ ਹੈ ਜਿਸਨੂੰ ਮੇਜਰ ਹੀਉਅੱਟ ਵਰਗੇ ਮਰਦ ਖਿਡੌਣਾ ਸਮਝ ਕੇ ਦੁਨੀਆਂ ਤੋਂ ਚੋਰੀ-ਛਿੱਪੇ ਵਰਤ ਵੀ ਸਕਦੇ ਹਨ। ਇਸ ਯੁੱਗ ਦੀ ਮਹਿਲਾ ਵਿੱਚ ਜੁਰਅਤ ਵੀ ਹੈ। ਉਹ ਪਾਕਸਤਾਨ ਦੇ ਮੁਸਲਮਾਨ ਰਾਜਦੂਤ ਅਸ਼ਰਫ ਜਹਾਂਗੀਰ ਕਾਜ਼ੀ ਦੀ ਧੀ ਬਣ ਕੇ ਲੁੱਚੇ ਸਿੱਖ ਲਿਖਾਰੀ ਖੁਸ਼ਵੰਤ ਸਿੰਘ ਨੂੰ ਸ਼ਰੇਆਮ ਜਨਤਾ ਵਿੱਚ ਖੜ੍ਹੋ ਕੇ ਚੁੰਮੀ ਵੀ ਦੇ ਸਕਦੀ ਹੈ। ਆਧੁਨਿਕ ਮਹਿਲਾ ਦਲੇਰ ਵੀ ਹੈ। ਤਸਲੀਮਾ ਨਸਰੀਨ ਬਣ ਕੇ ਦਮਨਕਾਰੀ ਮਰਦਾਨਾ ਸਮਾਜ਼ ਨੂੰ ਆਪਣੀ ਕਲਮ ਦੀ ਨੋਕ 'ਤੇ ਵੀ ਰੱਖਣ ਦੀ ਜ਼ੁਰੱਅਤ ਵੀ ਕਰ ਸਕਦੀ ਹੈ। -ਮੇਰੇ ਕਹਿਣ ਦਾ ਮਤਲਬ ਨਾਰੀ ਤਾਂ ਹੀਟ ਸੈਂਸਰ ਕਲਰ ਵਾਂਗ ਹੈ। ਜਿਵੇਂ ਸੇਕ ਨਾਲ ਰੰਗ ਬਦਲਣ ਵਾਲੇ ਕੱਪੜੇ ਦਾ ਛਾਵੇਂ ਰੰਗ ਹੋਰ ਹੁੰਦਾ ਹੈ ਤੇ ਧੁੱਪੇ ਜਾਂਦਿਆਂ ਹੀ ਬਦਲ ਕੇ ਹੋਰ ਹੋ ਜਾਂਦਾ ਹੈ ਤੇ ਜਿਉਂ-ਜਿਉਂ ਧੁੱਪ ਅਤੇ ਗਰਮੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਉਹ ਕਪੜਾ ਪੁਰਾਣਾ ਛੱਡ ਕੇ ਨਵਾਂ ਰੰਗ ਅਖਤਿਆਰ ਕਰਦਾ ਜਾਂਦਾ ਹੈ। ਉਵੇਂ ਹੀ ਔਰਤ ਨਾਲ ਜਿਹੋ-ਜਿਹਾ ਮਰਦ ਜੈਸਾ ਵੀ ਵਰਤਾਉ ਕਰਦਾ ਹੈ, ਉਹ ਵੈਸਾ ਹੀ ਆਪਣੇ ਆਪ ਨੂੰ ਢਾਲ ਲੈਂਦੀ ਹੈ। ਵੈਸੇ ਹੁਣ ਔਰਤ ਪਤੀ ਦੀ ਚਿਖਾ 'ਤੇ ਜਿਉਂਦੀ ਜਲ ਕੇ ਸਤੀ ਹੋ ਜਾਣ ਵਾਲੀ ਅਬਲਾ ਨਹੀਂ ਰਹੀ। ਸਗੋਂ ਉਬਲਾ ਬਣ ਗਈ ਹੈ। ਭਾਵ ਉਬਲਦੀ ਹੋਈ, ਜੋ ਜੇਕਰ ਡੁੱਲ ਜਾਵੇ ਤਾਂ ਮਰਦ ਨੂੰ ਸਾੜ ਸਕਦੀ ਹੈ।
ਕਹਾਣੀਕਾਰ- ਕਹਾਣੀ ਦਾ ਭੋਗ ਪਾਉਣ ਲਈ ਕੋਈ ਸੰਦੇਸ਼ ਜਾਂ ਉਪਦੇਸ਼ ਦੇਣਾ ਚਾਹੋਂਗੇ?
ਪਾਤਰ- ਮੈਂ ਕੋਈ ਪੀਰ-ਪੈਗੰਬਰ ਥੋੜ੍ਹਾ ਹਾਂ, ਜੋ ਉਪਦੇਸ਼ ਦੇਵਾਂ ਅਤੇ ਨਾ ਹੀ ਮੈਂ ਕੋਈ ਅਮੀਰ-ਵਜ਼ੀਰ ਜਾਂ ਨੇਤਾ-ਵੇਤਾ ਹਾਂ ਜਿਹੜੀ ਸੰਦੇਸ਼ ਦੇਣ ਲੱਗ ਜਾਵਾਂ। ਹਾਂ, ਮੈਂ ਜੱਗਵਾਲਿਆਂ ਦੇ ਚਰਨਾਂ ਵਿੱਚ ਇੱਕ  ਬੇਨਤੀ ਕਰਨਾ ਚਾਹੁੰਦੀ ਹਾਂ। ਇੰਡੀਆ ਵਸਦੇ ਲਾਲਚੀ ਲੋਕੋ ਆਪਣੀ ਕੁੜੀਆਂ ਨੂੰ ਬਾਲਣ ਬਣਾ ਕੇ ਪੱਛਮੀ ਦੇਸ਼ਾਂ ਦੀ ਭੱਠੀ ਵਿੱਚ ਨਾ ਝੋਕੋ। ਬਾਹਰਲੇ ਮੁਲਖਾਂ ਵਿੱਚੋਂ ਵਤਨੀ ਜਾ ਕੇ ਆਪਣੇ ਨਿਖੱਟੂ ਮੁੰਡਿਆਂ ਲਈ ਸੁੰਦਰ ਬਹੂਆਂ ਛਾਂਟ-ਛਾਂਟ ਚੁਣਨ ਵਾਲੇ ਲੋਕ, ਬਨਾਰਸ ਦੇ ਠੱਗਾਂ ਤੋਂ ਵੀ ਦੋ ਰੱਤੀਆਂ ਵੱਧ ਹਨ, ਘੱਟ ਨਹੀਂ। ਅਜਿਹੇ ਲੋਕਾਂ ਦੇ ਹਾਥੀ ਵਾਂਗੂੰ ਖਾਣ ਦੇ ਦੰਦ ਹੋਰ ਤੇ ਦਿਖਾਉਣ ਦੇ ਦੰਦ ਹੋਰ ਹੁੰਦੇ ਹਨ। ਹੁਣ ਤੋਂ ਕੋਈ ਫੋਕੀ ਚਮਕ-ਦਮਕ ਦੇਖ ਕੇ ਬਾਹਰਲਿਆਂ ਦੇ ਝਾਂਸੇ ਵਿੱਚ ਨਾ ਫਸੇ। ਉਧਰ ਭਾਰਤ ਵਿੱਚ ਬਥੇਰੇ ਚੰਗੇ ਮੁੰਡੇ ਹਨ। ਆਪਣੀਆਂ ਧੀਆਂ ਨੂੰ ਆਪਣੇ ਨਜ਼ਦੀਕ ਵਿਆਹੋ ਤਾਂ ਕਿ ਤੁਸੀਂ ਉਹਨਾਂ ਦੀ ਦੁੱਖ-ਤਕਲੀਫ ਵਿੱਚ ਸਹਾਇਤਾ ਤਾਂ ਕਰ ਸਕੋ। 
ਬਾਕੀ ਮੈਂ ਕਹਿਣਾ ਚਾਹੁੰਦੀ ਆਂ ਉਹਨਾਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਏਸ਼ੀਆਈ ਮਾਪਿਆਂ ਨੂੰ ਜਿਹੜੇ ਆਪਣੇ ਖੱਸੀ ਹੋਏ ਅਤੇ ਵਿਗੜੇ ਵਲਾਇਤੀ ਬੱਛਿਆਂ ਲਈ ਇੰਡੀਆ ਤੋਂ ਕਪਲਾ ਗਾਵਾਂ ਲਿਆ ਕੇ ਇੱਥੇ ਬੁਚੜਖਾਨਿਆਂ ਵਿੱਚ ਝਟਕਾਉਂਦੇ ਹਨ। ਬੁਚੜੋ! ਬੰਦ ਕਰੋ, ਬਸ ਬਹੁਤ ਹੋ ਗਈ ਇਹ ਗਊ ਹੱਤਿਆ! ਜੇ ਤੁਹਾਡੇ ਮੁੰਡੇ ਵਿਆਹਾਂ ਲਈ ਨਹੀਂ ਰਾਜ਼ੀ ਹੁੰਦੇ ਤਾਂ ਕਿਉਂ ਬੇਗਾਨੀਆਂ ਧੀਆਂ ਨੂੰ ਬਲੀ ਚਾੜਦੇ ਹੋ? ਗ੍ਰਹਿਸਥੀ ਇੱਕ ਦਰਿਆ ਦੀ ਤਰ੍ਹਾਂ ਹੁੰਦੀ ਹੈ। ਜਿਸ ਵਿੱਚ ਉਦੋਂ ਤੱਕ ਨਹੀਂ ਕੁੱਦਣਾ ਚਾਹੀਦਾ, ਜਦ ਤੱਕ ਬੰਦੇ ਨੂੰ ਤੈਰਨਾ ਨਾ ਆਉਂਦਾ ਹੋਵੇ। ਆਏ ਦਿਨ ਤਲਾਕ ਦੇ ਭੰਵਰ ਵਿੱਚ ਵਿਆਹੁਤਾ ਜੋੜਿਆਂ ਦੇ ਡੁੱਬਣ ਦਾ ਇਹੀ ਕਾਰਨ ਹੈ ਕਿ ਉਹਨਾਂ ਦੇ ਮੂਰਖ ਮਾਪਿਆਂ ਨੇ ਆਪਣੇ ਅਣਜਾਣ ਤੇ ਨਿਰਬਲ ਬੱਚਿਆਂ ਨੂੰ ਜ਼ਬਰਦਸਤੀ ਧੱਕਾ ਦਿੱਤਾ ਹੁੰਦਾ ਹੈ। 
ਤੀਜੀ ਗੱਲ ਮੈਂ ਸਾਰੇ ਸਮਾਜ ਨੂੰ ਮੁਖਾਤਿਬ ਹੋ ਕੇ ਪੁੱਛਣਾ ਚਾਹੁੰਦੀ ਹਾਂ ਕਿ ਕਦ ਤੱਕ ਨਾਰੀ ਦਾ ਸ਼ੋਸ਼ਣ ਹੁੰਦਾ ਰਹੇਗਾ? ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ   ਦੇ ਗੁਰੂਵਾਕ ਨੂੰ ਅਮਲ ਵਿੱਚ ਲਿਆ ਕੇ ਔਰਤ ਨੂੰ ਸਤਿਕਾਰ ਦੇਣ ਲੱਗੋ। ਮੇਰੇ ਸਹੁਰੇ ਪਰਿਵਾਰ ਵਰਗੇ ਸੌਦਾਗਰਾਂ ਨੂੰ ਕਾਲੇ ਕਾਰਨਾਮੇ ਕਰਨ ਤੋਂ ਰੋਕੋ ਤਾਂ ਕਿ ਵਪਾਰਾਂ ਵਰਗੇ ਵਿਆਹ ਬੰਦ ਹੋ ਸਕਣ। ਨਹੀਂ ਤਾਂ ਏਸ਼ੀਆਈ ਪਰਿਵਾਰਾਂ ਦੀਆਂ ਬਹੂ-ਬੇਟੀਆਂ ਮੇਰੇ ਵਾਂਗੂੰ ਬਾਗੀ ਹੋ ਕੇ ਯਾਰਾਂ ਨਾਲ ਘਰੋਂ ਨਿਕਲਦੀਆਂ ਰਹਿਣਗੀਆਂ!!!!! 
ਕਹਾਣੀਕਾਰ- ਅੰਤ ਵਿੱਚ ਮੈਂ ਅਮਰ ਜੀ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਮੁਲਾਕਾਤ ਲਈ ਆਪਣਾ ਕੀਮਤੀ ਵਕਤ ਦੇ ਕੇ ਮੈਨੂੰ ਲਿਖਣ ਲਈ ਸਕੂਪ ਦਿੱਤਾ।
ਪਾਤਰ- ਧੰਨਵਾਦ ਤਾਂ ਬਲਰਾਜ ਸਿੰਆਂ ਮੈਂ ਤੁਹਾਡਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰੀ ਆਵਾਜ਼ ਆਪਣੇ ਹੁਨਰ ਅਤੇ ਕਲਾ ਦੇ ਮਾਧਿਅਮ ਨਾਲ ਦੁਨੀਆਂ ਤੱਕ ਪੁਚਾਉਣੀ ਹੈ ਤੇ ਜਾਂ ਉਹਨਾਂ ਸਿਦਕਵਾਨ ਪਾਠਕਾਂ ਦੀ ਮਿਹਰਬਾਨੀ ਜਿਨ੍ਹਾਂ ਨੇ ਲੰਮੀ ਹੋਣ ਦੇ ਬਾਵਜੂਦ ਵੀ ਮੁੱਢ ਤੋਂ ਆਖੀਰ ਤੱਕ ਇਹ ਸਾਰੀ ਕਹਾਣੀ ਪੜ੍ਹੀ ਹੈ।




****ਬਾਕੀ khfxI ikqfb 'nMgIafˆ awKIafˆ' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk

5 comments:

  1. ਵਧੀਆ ਸਟੋਰੀ ,ਰੋਮਾਂਚਿਕ ਵੀ ਸਿਖਿਆਦਾਇਕ ਵੀ ਸਮਾਜ ਦੀ ਬਹੁਤ ਵਡੀ ਕੁਰੀਤੀ ਨੂੰ ਨਸਰ ਕਰਦੀ ਇਹ ਕਹਾਨੀ ਪੜ ਕੇ ਬਹੁਤ ਕੁਝ ਮਿਲਿਆ ਤੇ ਬਲਰਾਜ ਦੀ ਲਿਖਣ ਸ਼ੈਲੀ ਨੂੰ ਸਲੂਟ , ਦੋਸਤੋ ਜਰੂਰ ਪੜਨਾ ਇਸ ਕਹਾਨੀ ਨੂੰ ਨਰਿੰਦਰ ਸਿੰਘ ਬਾਠ

    ReplyDelete
  2. ਬਹੁਤ ਵਧੀਆ ਕਹਾਣੀ .. ਸੁਚੇਤ ਕਰਨ ਵਾਲੀ ਵੀ ਤੇ ਰੌਂਗਟੇ ਖੜੇ ਕਰਨ ਵਾਲੀ ਵੀ .. ਵਿਦੇਸ਼ਾਂ ਵਿਚ ਅਜਿਹਾ ਕੁਝ ਵਾਪਰ ਰਿਹਾ ਹੈ .. ਜਾਣ ਕੇ ਅਫਸੋਸ ਹੁੰਦਾ ਹੈ .. ਓਹਨਾ ਮਾਪਿਆਂ ਦੀ ਅਕਲ ਤੇ ਜੋ ਕਪਲਾ ਗਊਆਂ ਨੂੰ ਨੂੜ ਕੇ ਵਿਦੇਸ਼ ਭੇਜਦੇ ਨੇ ..

    ReplyDelete
  3. ਬਹੁਤ ਵਧੀਆ ਕਹਾਣੀ .. ਸੁਚੇਤ ਕਰਨ ਵਾਲੀ ਵੀ ਤੇ ਰੌਂਗਟੇ ਖੜੇ ਕਰਨ ਵਾਲੀ ਵੀ .. ਵਿਦੇਸ਼ਾਂ ਵਿਚ ਅਜਿਹਾ ਕੁਝ ਵਾਪਰ ਰਿਹਾ ਹੈ .. ਜਾਣ ਕੇ ਅਫਸੋਸ ਹੁੰਦਾ ਹੈ .. ਓਹਨਾ ਮਾਪਿਆਂ ਦੀ ਅਕਲ ਤੇ ਜੋ ਕਪਲਾ ਗਊਆਂ ਨੂੰ ਨੂੜ ਕੇ ਵਿਦੇਸ਼ ਭੇਜਦੇ ਨੇ ..

    ReplyDelete
  4. This comment has been removed by a blog administrator.

    ReplyDelete
  5. ਇਕ ਸੇਦ ਦੇਣ ਵਾਲੀ ਕਹਾਣੀ.. ਜੋ ਸਚੀ ਏ ...ਜਰੂਰ ਪਰ੍ਰੋ ਦੋਸਤੋ ..gud effort janab Balraj sidhu saab ..
    .

    ReplyDelete