“ਮਿਸਿਜ਼ ਗਿੱਲ ਤੁਹਾਡੀ ਲੜਕੀ ਦੇ ਸਕੂਲ ਚੋਂ ਫੋਨ ਆਇਆ ਸੀ। ਉਹ ਸਖਤ ਬਿਮਾਰ ਏ। ਤੁਹਾਨੂੰ ਛੇਤੀ ਬੁਲਾਇਆ ਹੈ।” ਕੁਵਾਲਟੀ ਕੰਟਰੋਲਰ (ਮਿਆਰ ਬੰਧੇਜਕ) ਇੰਡੀਅਨ ਕੁੜੀ ਨੇ ਆ ਕੇ ਦੱਸਿਆ।
ਇਹ ਸੁਨੇਹਾ ਸੁਣਦਿਆਂ ਹੀ ਗੁਰਪਾਲ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਮਸ਼ੀਨ ਜਿੱਥੇ ਸੀ, ਉੱਥੇ ਖੜ੍ਹਾ ਦਿੱਤੀ। ਪੈਰੀਂ ਜੁੱਤੀ ਨਾ ਪਾਈ ਤੇ ਕੁਰਸੀ ਦੀ ਢੋਹ ਤੋਂ ਚੁੰਨੀ ਚੁੱਕ ਕੇ ਹਫੜਾ-ਦਫੜੀ ਉਥੋਂ ਭੱਜ ਤੁਰੀ। ਮਾਲਕਾਂ ਤੋਂ ਕੰਮ ਵਿੱਚੇ ਛੱਡ ਕੇ ਜਾਣ ਦੀ ਇਜਾਜ਼ਤ ਮੰਗਣ ਦਾ ਤਾਂ ਉਸ ਕੋਲ ਬਿਲਕੁਲ ਹੀ ਸਮਾਂ ਨਹੀਂ ਸੀ।
ਤੀਹ ਮੀਲ ਪ੍ਰਤੀ ਘੰਟਾ ਦੀ ਨਿਯਤ ਰਫਤਾਰ ਵਾਲੇ ਸ਼ਹਿਰੀ ਇਲਾਕੇ ਵਿੱਚ ਵੀ ਗੁਰਪਾਲ ਮੋਟਰਵੇਅ ਵਾਲਾ ਸਲੂਕ ਕਰਦੀ ਹੋਈ ਕਾਰ ਦੌੜਾ ਰਹੀ ਸੀ। ਉਹਨੇ ਪੱਬ ਨਾਲ ਸਾਰਾ ਭਾਰ ਐਕਸਲੇਟਰ ਉਤੇ ਪਾਇਆ ਹੋਇਆ ਸੀ। ਸਾਰੇ ਜਹਾਨ ਨੂੰ ਪਿੱਛੇ ਛੱਡ ਕੇ ਕਾਰ ਗੋਲੀ ਵਾਂਗ ਛੂਕਦੀ ਸੜਕਾਂ ਤੋਂ ਨਿਕਲੀ ਜਾ ਰਹੀ ਸੀ।
ਗੁਰਪਾਲ ਨੂੰ ਜਦੋਂ ਦਾ ਪਤਾ ਲੱਗਿਆ ਸੀ, ਓੁਦੋਂ ਦੀ ਹੀ ਅਚਵੀ ਲੱਗੀ ਹੋਈ ਸੀ। “ਸਵੇਰੇ ਚੰਗੀ ਭਲੀ ਧੱਲੇ ਦੀਆਂ ਲਾਉਂਦੀ ਸਕੂਲ ਗਈ ਸੀ।… ਕੀ ਹੋ ਗਿਆ ਹੋਊ?” ਅਜਿਹੇ ਕਈ ਸੁਆਲ ਗੁਰਪਾਲ ਦੇ ਦਿਮਾਗ ਦੇ ਦਰ ਉੱਤੇ ਆ ਆ ਦਸਤਕ ਕਰਦੇ।
ਸਪੀਡ ਬਰੇਕਰ, ਗਿੱਵ-ਵੇਅ ਲਾਇਨਾਂ ਜਾਂ ਟਰੈਫਿਕ ਬੱਤੀਆਂ, ਗੁਰਪਾਲ ਨੂੰ ਕਿਸੇ ਚੀਜ਼ ਦੀ ਵੀ ਪਰਵਾਹ ਨਹੀਂ ਸੀ। ਉਸਨੂੰ ਸਭ ਕਾਨੂੰਨ ਕਾਇਦੇ ਭੁੱਲ ਗਏ ਸਨ। ਉਹ ਛੇਤੀ ਤੋਂ ਛੇਤੀ ਪਹੁੰਚਣਾ ਚਾਹੁੰਦੀ ਸੀ। ਡਰਾਇਵਿੰਗ ਟੈਸਟ ਪਾਸ ਕਰਨ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਇਸ ਤੇਰਾਂ ਸਾਲਾਂ ਅਰਸੇ ਦੌਰਾਨ ਅੱਜ ਪਹਿਲੀ ਵਾਰ ਉਹਨੇ ਸਪੀਡ-ਲੀਮਿਟ ਤੋੜ ਕੇ ਟਰਾਂਸਪੋਰਟ ਦੇ ਨਿਯਮਾਂ ਦੀ ਉਲੰਘਣਾ ਕਰੀ ਸੀ। ਕਾਰ ਦਾ ਗੁਰਪਾਲ ਨੇ ਰਾਕੇਟ ਹੀ ਬਣਾਇਆ ਪਿਆ ਸੀ।
ਹਵਾ ਨਾਲ ਗੱਲਾਂ ਕਰਦੀ ਕਾਰ ਉਹਨੂੰ ਬਹਿੰਦੇ ਹੀ ਪਾਠਸ਼ਾਲਾ ਵਿੱਚ ਲੈ ਆਈ। ਵਿੰਗੀ-ਟੇਡੀ ਜਿਵੇਂ ਵੀ ਗੱਡੀ ਪਾਰਕ ਕਰ ਹੋਈ, ਉਵੇਂ ਕਰਕੇ ਗੁਰਪਾਲ ਸ਼ੂਟ ਵੱਟ ਕੇ ਹੈਡਮਾਸਟਰ ਦੀ ਸਕੱਤਰ ਦੁਆਲੇ ਹੋਈ। ਉਹਨੇ ਘਬਰਾਈ ਹੋਈ ਨੇ ਟੁੱਟੀ-ਫੁੱਟੀ ਜਿਹੋ-ਜਿਹੀ ਅੰਗਰੇਜ਼ੀ ਆਉਂਦੀ ਸੀ, ਬੋਲ ਕੇ ਆਪਣੀ ਲੜਕੀ ਦਾ ਪਤਾ ਕੀਤਾ।ਸਕੂਲ ਵੱਲੋਂ ਕਰੇ ਫੋਨ ਦਾ ਵੇਰਵਾ ਗੁਰਪਾਲ ਤੋਂ ਸੁਣ ਕੇ ਸੈਕਟਰੀ ਸਮਝ ਗਈ। “ਅੱਛਾਂ, ਤੁਸੀਂ ਇੰਦਰਜੀਤ ਕੌਰ ਦੇ ਮਾਤਾ ਹੋ?”
“ਹਾਂ ਜੀ, ਹਾਂ ਜੀ।” ਕਾਹਲੀ-ਕਾਹਲੀ ਕਹਿੰਦਿਆਂ ਗੁਰਪਾਲ ਨੇ ਆਪਣੇ ਸਿਰ ਨੂੰ ਕਈ ਵਾਰ ਹੇਠਾਂ ਉੱਤੇ ਕਰਿਆ।
“ਉਸ ਨੂੰ ਤਾਂ ਹੁਣੇ ਹੀ ਐਮਬੂਲੈਂਸ ਸੈਂਡਵੈਲ ਹਸਪਤਾਲ ਲੈ ਕੇ ਗਈ ਹੈ।”
ਸੈਕਟਰੀ ਦੇ ਕਹਿਣ ਦੀ ਦੇਰ ਸੀ ਕਿ ਗੁਰਪਾਲ ਉਥੋਂ ਵਾਪਸ ਦੌੜ ਪਈ। ਗੁਰਪਾਲ ਨੂੰ ਤਫਸੀਲ ਵਿੱਚ ਕਾਰਨ ਪੁੱਛਣਾ ਨਾ ਔਹੁੜਿਆ ਤੇ ਨਾ ਹੀ ਉਸ ਕੋਲ ਇਸ ਦਾ ਵਕਤ ਸੀ।
ਮਦਰੱਸੇ ਦੇ ਫਾਟਕ ਟੱਪਣ ਸਾਰ ਫੇਰ ਉਹਨੇ ਕਾਰ ਨੂੰ ਜੰਬੋਂ ਜੈਟ ਬਣਾ ਦਿੱਤਾ। ਪੰਦਰਾਂ ਮਿੰਟਾਂ ਦੀ ਬਜਾਏ ਗੁਰਪਾਲ ਅੱਠਾਂ ਮਿੰਟਾਂ ਵਿੱਚ ਹੀ ਹਸਪਤਾਲ ਦੀ ਕਾਰ ਪਾਰਕ ਵਿੱਚ ਸੀ। ਅੱਜ ਉਹਦੇ ਕੋਲ ਪੀ ਰੈਜ ਮੋਨਡੇਓ ਦੀ ਜਗ੍ਹਾਂ ਭਾਵੇਂ ਕੋਈ ਟੁੱਟੀ ਜਿਹੀ ਐਕਸ ਵਾਈ ਰੈਜ ਦੀ ਖਟਾਰਾ ਮੇਟਰੋ-ਮੁਟਰੋ ਹੀ ਹੁੰਦੀ, ਤਾਂ ਵੀ ਉਸਨੇ ਇਸੇ ਫੁਰਤੀ ਨਾਲ ਹੀ ਪਹੁੰਚਣਾ ਸੀ।
ਉਹਨੇ ਅੰਦਰ ਵੜ੍ਹ ਕੇ ਮੇਨ ਰਿਸੈਪਸ਼ਨ (ਸੁਆਗਤ ਕੇਂਦਰ) ਤੋਂ ਪੜਤਾਲ ਕੀਤੀ। ਗੁਜਰਾਤਣ ਸੁਨਾਲੀ (ਸੁਣਨਕਾਰਾ) ਨੇ ਉਂਗਲ ਦੇ ਇਸ਼ਾਰੇ ਨਾਲ ਦਿਸ਼ਾ ਦੱਸ ਕੇ ਗੁਰਪਾਲ ਨੂੰ ਕੈਜੁਅਲਟੀ ਡਿਪਾਰਟਮੈਂਟ ਵੱਲ ਭੇਜ ਦਿੱਤਾ।
ਦੁਰਘਟਨਾ ਵਿਭਾਗ ਵਿੱਚ ਕਿੰਨੀ ਦੇਰ ਗੁਰਪਾਲ ਮੇਲੇ ’ਚ ਗੁਆਚੇ ਨਿਆਣੇ ਵਾਂਗ ਭਟਕਦੀ ਰਹੀ। ਅੱਕ ਕੇ ਉਸ ਨੇ ਇੱਕ ਬੁਲੱੜ ਜਿਹੇ ਅਫਰੀਕਣ ਡਾਕਟਰ ਤੋਂ ਬੇਟੀ ਦਾ ਨਾਮ ਦੱਸ ਕੇ ਪੁੱਛਿਆ। ਡਾਕਟਰ ਨੇ ਉਸਨੂੰ ਮੁੱਢਲੀ ਜਾਂਚ ਲਈ ਬਣੇ ਦੋ ਨੰਬਰ ਕੈਬਿਨ (ਕੋਠੜੀ) ਵਿੱਚ ਭੇਜ ਦਿੱਤਾ।
ਗੁਰਪਾਲ ਉੱਡ ਕੇ ਕੈਬਿਨ ਵੱਲ ਗਈ। ਉਸ ਨੇ ਪਰਦਾ ਹਟਾ ਕੇ ਦੇਖਿਆ। ਉਥੇ ਉਹਦੀ ਬੇਟੀ ਦੀ ਬਜਾਏ ਕੋਈ ਹੋਰ ਇੰਡੀਅਨ ਲੜਕੀ ਲਹੂ ਵਿੱਚ ਲੱਥ-ਪੱਥ ਪਈ ਸੀ।
ਗੁਰਪਾਲ ਮੁੜ੍ਹ ਕੇ ਦੁਬਾਰਾ ਡਾਕਟਰ ਕੋਲ ਗਈ।
“ਮੇਰੀ ਕੁੜੀ ਕਿੱਥੇ ਹੈ?”
“ਉਥੇ ਈ ਸੀ। ਹੈ ਨ੍ਹੀਂ ਕੋਈ ਉਥੇ?” ਡਾਕਟਰ ਕਿਸੇ ਮਰੀਜ ਦੀ ਛਾਤੀ ਦੇ ਐਕਸਰੇ ਨੂੰ ਪੁੱਠਾ-ਸਿੱਧਾ ਕਰਕੇ ਦੇਖਦਾ ਹੋਇਆ ਬੋਲਿਆ।
“ਨਹੀਂ।”
“ਚਲੋ ਆਓ ਮੈਂ ਦੇਖਦਾ ਵਾਂ।” ਉਵਰਹਾਲ ਦੀ ਜੇਬ ਵਿੱਚੋਂ ਕੱਢ ਕੇ ਸਟੈਥੋਸਕੋਪ (ਸਾਹ ਪਰਖਣ ਜੰਤਰ, ਟੂਟੀਆਂ) ਨੂੰ ਗਲ ਵਿੱਚ ਟੰਗਦਾ ਹੋਇਆ ਉਹ ਡਾਕਟਰ ਮੂਹਰੇ-ਮੂਹਰੇ ਤੁਰ ਪਿਆ ਤੇ ਗੁਰਪਾਲ ਉਸ ਦੇ ਪਿੱਛੇ-ਪਿੱਛੇ।
ਡਾਕਟਰ ਫਿਰ ਗੁਰਪਾਲ ਨੂੰ ਉਸੇ ਕੈਬਿਨ ਵੱਲ ਮੋੜ ਕੇ ਲੈ ਗਿਆ। ਪਰਦਾ ਚੁੱਕ ਕੇ ਗੁਰਪਾਲ ਨੂੰ ਮਰੀਜ਼ ਦਿਖਾਉਂਦਾ ਹੋਇਆ ਡਾਕਟਰ ਤਲਖ਼ੀ ਨਾਲ ਬੋਲਿਆ, “ਆਹ ਕੀ ਆ? ਦੀਹਦਾਂ ਨ੍ਹੀਂ, ਅੰਨੀ ਐਂ।”
ਗੁਰਪਾਲ ਨੇ ਨਿਰਖ ਨਾਲ ਚਿਹਰਾ ਪਹਿਚਾਣਿਆ। ਯਕੀਨਨ ਇਹ ਉਸ ਦੀ ਬੇਟੀ ਇੰਦਰਜੀਤ ਨਹੀਂ ਸੀ। ਕੋਈ ਹੋਰ ਕੁੜੀ ਸੀ। ਜਿਸ ਨੂੰ ਉਸਨੇ ਪਹਿਲਾਂ ਵੀ ਲੇਟੀ ਹੋਈ ਦੇਖਿਆ ਸੀ।
“ਮੈਂ ਇੰਦਰਜੀਤ ਬਾਰੇ ਪੁੱਛਿਆ ਸੀ?”
“ਇਹੀ ਇੰਦਰਜੀਤ ਹੈ।”
“ਪਰ ਮੈਂ ਇਹ ਮੇਰੀ ਬੇਟੀ ਨਹੀਂ। ਮੇਰੀ ਬੱਚੀ ਕਿੱਥੇ ਹੈ?”
“ਮੈਨੂੰ ਕੀ ਪਤਾ? ਤੁਸੀਂ ਬੁਕਿੰਗ ਡੈਸਕ ਤੋਂ ਪੁੱਛ ਕੇ ਆਉ। ਸਾਡੇ ਕੋਲ ਤਾਂ ਇੱਥੇ ਆਹ ਹੀ ਇੰਦਰਜੀਤ ਹੈ।”
ਗੁਰਪਾਲ ਵਗ ਕੇ ਮੁੱਖ ਦੁਆਰ ’ਤੇ ਕੇਸ ਦਰਜ਼ ਕਰਨ ਵਾਲੇ ਸਥਾਨ ਉਪਰ ਗਈ। ਉਹਦੇ ਚੰਗੇ ਕਰਮਾਂ ਨੂੰ ਅੱਗੋਂ ਕੰਪਿਊਟਰ ’ਤੇ ਇੰਡੀਅਨ ਕੁੜੀ ਬੈਠੀ ਸੀ। ਗੁਰਪਾਲ ਨੇ ਉਸਨੂੰ ਆਪਣੀ ਲੜਕੀ ਅਤੇ ਉਸਦੇ ਸਕੂਲ ਦਾ ਨਾਮ ਦੱਸ ਕੇ ਲੱਭਣ ਲਈ ਬੇਨਤੀ ਕੀਤੀ। ਨੱਕ ਦੀ ਕੋਠੀ ਤੋਂ ਹੇਠਾਂ ਨੂੰ ਢਿੱਲਕੀ ਹੋਈ ਮੋਟੇ ਸ਼ੀਸ਼ਿਆਂ ਵਾਲੀ ਐਨਕ ਨੂੰ, ਖੱਬੇ ਹੱਥ ਦੀ ਵਿਚਾਲੜੀ ਵੱਡੀ ਉਂਗਲ ਨਾਲ ਅੱਖਾਂ ਵੱਲ ਧੱਕ ਕੇ, ਉਸ ਕੁੜੀ ਨੇ ਗੁਰਪਾਲ ਤੋਂ ਇੰਦਰਜੀਤ ਦੀ ਜਨਮ ਤਾਰੀਖ ਪੁੱਛੀ। ਗੁਰਪਾਲ ਨੇ ਫਟਾਫੱਟ ਦੱਸ ਦਿੱਤੀ। ਕੁੜੀ ਨੇ ਦੋਨਾਂ ਹੱਥਾਂ ਦੀਆਂ ਉਂਗਲਾਂ ਨਾਲ ਕੀਅਬੋਰਡ ਤੇ ਦੋ ਚਾਰ ਠੁੰਗਾਂ ਜਿਹੀਆਂ ਮਾਰੀਆਂ।
“ਕੀ ਨਾਂ ਦੱਸਿਆ ਤੁਸੀਂ, ਇੰਦਰਜੀਤ?”
“ਹਾਂ।” ਗੁਰਪਾਲ ਦੀਆਂ ਅੱਖਾਂ ਵਿੱਚ ਚਮਕ ਜਿਹੀ ਉਤਪਨ ਹੋਈ।
“ਇੰਦਰਜੀਤ-ਸਮਰਾ?”
“ਨਹੀਂ, ਇੰਦਰਜੀਤ ਕੌਰ ਗਿੱਲ।”
“ਗਿੱਲ! ਹੂੰਂਅ ਗਿੱਲ…ਅ ਤਾਂ ਨ੍ਹੀਂ ਹੋਣੀ ਕੋਈ।”
ਉਸ ਕੁੜੀ ਨੇ ਵੀ ਡੀ ਯੂ ਨੂੰ ਧਿਆਨ ਨਾਲ ਪੜ੍ਹਿਆ ਤੇ ਫਿਰ ਮੌਨੀਟਰ ਦੀ ਸਕਰੀਨ ਦਾ ਮੂੰਹ ਗੁਰਪਾਲ ਵੱਲ ਕਰਕੇ ਬੋਲੀ, “ਆਹ ਦੇਖ ਲੋ ਸਮੈਦਿਕ ਹਾਲ ਸਕੂਲ ਤੋਂ ਤਾਂ ਇੱਕ ਹੀ ਕੁੜੀ ਲਿਆਂਦੀ ਗਈ ਸੀ। ਉਹ ਇੰਦਰਜੀਤ ਸਮਰਾ ਹੈ। ਇੰਦਰਜੀਤ ਗਿੱਲ ਨਹੀਂ - ਹੋ ਸਕਦੈ ਤੁਹਾਨੂੰ ਭੁਲੇਖਾ ਲੱਗਿਆ ਹੋਵੇ।”
“ਹਾਂ ਏਦਾਂ ਹੀ ਹੋਣੈ। ਨਾਉਂ ਰਲ੍ਹਦੇ ਹੋਣ ਕਰਕੇ ਗਲਤੀ ਲੱਗ ਗਈ ਹੋਣੀ ਹੈ।” ਗੁਰਪਾਲ ਨੂੰ ਵੀ ਸਾਰੀ ਕਹਾਣੀ ਸਮਝਦਿਆਂ ਦੇਰ ਨਾ ਲੱਗੀ।
ਹਸਪਤਾਲ ਦੀ ਆਟੋਮੈਟਿਕ ਕੋਰੀਡੋਰ (ਸਵੈ-ਕਾਰਜੀ ਦਰਵਾਜ਼ਾ) ਤੋਂ ਬਾਹਰ ਆ ਕੇ ਗੁਰਪਾਲ ਨੇ ਸੂਗ ਮੰਨਦਿਆਂ ਹੋਇਆਂ ਜ਼ਮੀਨ ’ਤੇ ਪਾਨ ਖਾਣ ਵਾਲਿਆਂ ਵਾਂਗੂੰ ਥੁੱਕ ਦੀ ਵੱਡੀ ਸਾਰੀ ਪਿਚਕਾਰੀ ਮਾਰੀ।
“ਮਾਸਟਰਨੀਆਂ ਬਣੀਆਂ ਫਿਰਦੀਆਂ - ਆਪ ਕੀ ਆਪਣੇ ਜਣਦਿਆਂ ਦਾ ਸਿਰ ਪੜ੍ਹੀਆਂ। ਚੱਜ ਨਾਲ ਨਾਉਂ ਗੋਤ ਦੇਖਦੀਆਂ ਨ੍ਹੀਂ। ਮੂੰਹ ਚੁੱਕ ਕੇ ਫੋਨ ਖੜਕਾ ਦੇਣਗੀਆਂ। ਅਗਲੇ ਨੂੰ ਤਾਂ ਪਾ ਦਿੰਦੀਆਂ ਨਾ ਭਾਜੜਾਂ। ਮੇਰਾ ਤਾਂ ਇੱਥੇ ਹਾਰਟ-ਅਟੈਕ ਹੋਣ ਵਾਲਾ ਹੋ ਗਿਆ ਸੀ। ਜਿਹੜੀ ਉਤੋਂ ਦਿਹਾੜੀ ਛੁਡਾਈ, ਉਹ ਵਾਧੂ ਦੀ। ਹੂੰਂ! ਹਰਾਮਦੀਆਂ ਸਿਗਰਟਾਂ ਪੀਣੀਆਂ।”
ਗੱਡੀ ਸਟਾਰਟ ਕਰਕੇ ਉਹਨੇ ਸਿੱਧੀ ਘਰ ਨੂੰ ਮੁੜਣ ਦਾ ਵਿਚਾਰ ਬਣਾ ਲਿਆ। ਉਂਝ ਵੀ ਚਾਰ ਵੱਜ ਗਏ ਸਨ। ਪੰਜ ਵਜੇ ਤਾਂ ਫੈਕਟਰੀ ਬੰਦ ਹੋ ਜਾਣੀ ਸੀ। ਹੁਣ ਦੁਬਾਰਾ ਫੈਕਟਰੀ ਜਾਣ ਦਾ ਕੋਈ ਬਹੁਤਾ ਫਾਇਦਾ ਨਹੀਂ ਸੀ। ਸੋਚਾਂ ਦੀ ਰਣਭੂਮੀ ਵਿੱਚ ਖਿਆਲਾਂ ਨਾਲ ਸੰਘਰਸ਼ ਕਰਦੀ ਗੁਰਪਾਲ ਕਾਫੀ ਅੱਗੇ ਨਿਕਲ ਗਈ।
“ਦਾਦਣੇ ਫੈਕਟਰੀ ਵਾਲਿਆਂ ਨੂੰ ਤਾਂ ਅੱਜ ਮੌਜ਼ਾਂ ਲੱਗ ਗਈਆਂ ਹੋਣੀਆਂ। ਮੈਂ ਕਿਹੜਾ ਬਣਾਏ ਹੋਏ ਪੀਸ ਗਿਣੇ ਸੀ। ਜਿੰਨੇ ਮਰਜ਼ੀ ਕਹਿ ਦੇਣ। ਕਿਹੜਾ ਪਤਾ ਲਗਣੈ। ਹੇਰਾ-ਫੇਰੀਆਂ ਕਰਕੇ ਸਾਡੇ ਵਰਗਿਆਂ ਗਰੀਬ ਮਜ਼ਦੂਰਾਂ ਦਾ ਖੂਨ ਚੂਸ-ਚੂਸ ਕੇ ਆਪਣੇ ਘਰ ਭਰੀ ਜਾਂਦੇ ਨੇ। ਬੇੜੀ ਭਰ ਕੇ ਡੋਬੂ ਰੱਬ ਇਹਨਾਂ ਦੀ। ਆਪੇ ਕਰਨੀਆਂ ਦੇ ਫਲ ਭੁਗਤਣਗੇ ਇੱਕ ਦਿਨ।”
ਗੁਰਪਾਲ ਨੇ ਡਿਉਲ ਕੈਰੇਜਵੇਅ ’ਤੇ ਚੜ੍ਹ ਕੇ ਗੱਡੀ ਪੰਜਵੇ ਗੇਅਰ ਵਿੱਚ ਪਾ ਲਈ। ਕਾਰ ਵਾਪਸ ਸਮੈਦਿਕ ਨੇੜੇ ਆਈ ਤਾਂ ਉਹਨੇ ਕਾਰ ਵਿੱਚ ਲੱਗੀ ਘੜੀ ਤੋਂ ਵਕਤ ਦਾ ਜਾਇਜ਼ਾ ਲਿਆ। ਸਕੂਲਾਂ ਨੂੰ ਛੁੱਟੀ ਹੋਣ ਦਾ ਵੇਲਾ ਹੋ ਗਿਆ ਸੀ। ਉਹਨੇ ਸੋਚਿਆ ਕਿੱਥੇ ਇੰਦਰਜੀਤ ਤੁਰ ਕੇ ਆਉਂਦੀ ਫਿਰੂ, ਕਿਉਂ ਨਾ ਉਹ ਉਸ ਨੂੰ ਕਾਰ ਵਿੱਚ ਨਾਲ ਹੀ ਲੈ ਚੱਲੇ।
ਬਲਿਊ ਗੇਟ ਤੋਂ ਜਦੋਂ ਗੁਰਪਾਲ ਨੇ ਔਕਲੈਂਡ ਰੋਡ ਉੱਤੇ ਜਾਣ ਲਈ ਗੱਡੀ ਸਟੋਨੀ ਲੇਨ ’ਤੇ ਮੋੜੀ ਤਾਂ ਸਕੂਲੀ ਵਰਦੀਆਂ ਪਾਈ ਵਿਦਿਆਰਥੀ ਦੜੰਗੇ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਕਾਰ ਹੌਲੀ ਕਰਕੇ ਉਹ ਸੜਕ ਦੇ ਦੋਨੇ ਪਾਸੇ ਬਣੇ ਫੁੱਟਪਾਥਾਂ ਉੱਤੇ ਤੁਰਦੇ ਨਿਆਣੀਆਂ ਚੋਂ ਇੰਦਰਜੀਤ ਨੂੰ ਲੱਭਣ ਲਈ ਰਫਤਾ-ਰਫਤਾ ਚੱਲਦੀ ਗਈ।
ਕਈ ਮੁੰਡੇ ਕੁੜੀਆਂ ਜੱਫੀਆਂ ਤੇ ਕਈ ਜੋਟੀਆਂ ਪਾਈ ਕਲੋਲਾਂ ਕਰਦੇ ਤੁਰੇ ਆ ਰਹੇ ਸਨ। ਇੱਕ ਲੜਕੇ ਨੇ ਇੱਕ ਲੜਕੀ ਨੂੰ ਘਨੇੜੇ ਚੁੱਕਿਆ ਹੋਇਆ ਸੀ। ਸੱਜੇ ਪਾਸੇ ਇੱਕ ਹੋਰ ਚੋਬਰ ਨੇ ਆਪਣੀ ਪ੍ਰੇਮਿਕਾ ਨੂੰ ਬਾਹਾਂ ਉੱਤੇ ਚੁੱਕਿਆ ਹੋਇਆ ਸੀ। ਉਹ ਕੁੜੀ ਜ਼ੋਰ-ਜ਼ੋਰ ਦੀ ਇੰਝ ਚੀਕ-ਚੀਹਾੜਾ ਪਾਉਂਦੀ ਹੋਈ ਲੱਤਾਂ ਮਾਰ ਰਹੀ ਸੀ ਜਿਵੇਂ ਕਿ ਉਸ ਜਾਤਕ ਨੂੰ ਹੇਠਾਂ ਉਤਾਰਨ ਲਈ ਕਹਿ ਰਹੀ ਹੋਵੇ। ਉਸ ਕੁੜੀ ਦੀਆਂ ਹਰਕਤਾਂ ਤੋਂ ਦੇਖਣ ਵਾਲੇ ਨੂੰ ਲੱਗਦਾ ਸੀ ਜਿਵੇਂ ਮੁੰਡੇ ਨੇ ਕੁੜੀ ਨੂੰ ਉਸਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਚੁੱਕਿਆ ਹੁੰਦਾ ਹੈ। ਪਰ ਦੂਜੇ ਪਾਸੇ ਮੁੰਡਾ ਹੇਠਾਂ ਨਾ ਸੁੱਟ ਦੇਵੇ, ਇਸ ਲਈ ਉਸ ਕੁੜੀ ਨੇ ਉਸੇ ਮੁੰਡੇ ਦੇ ਗੱਲ ਬਾਹਾਂ ਪਾ ਕੇ ਉਸ ਨੂੰ ਘੁੱਟ ਕੇ ਫੜ੍ਹਿਆ ਹੋਇਆ ਸੀ। ਹੱਸਦੀ ਹੋਈ ਉਹ ਕੁੜੀ ਜਿੰਨੇ ਮੂੰਹ ਵਿੱਚ ਦੰਦ ਸਨ, ਸਾਰੇ ਦੇ ਸਾਰੇ ਦਿਖਾ ਰਹੀ ਸੀ। ਇਹ ਕਰਤਬ ਕੋਈ ਹੋਰ ਪ੍ਰਤੀਕਰਮ ਦੇ ਰਿਹਾ ਸੀ। ਗੁਰਪਾਲ ਨੇ ਉਹਨਾਂ ਚੋਂ ਧਿਆਨ ਹਟਾ ਕੇ ਖੱਬੇ ਪਾਸੇ ਵਾਲੇ ਪਦਮਾਰਗ ’ਤੇ ਨਿਗਾਹ ਮਾਰੀ। ਉਧਰ ਇੱਕ ਹੋਰ ਕੁੜੀ ਮੁੰਡੇ ਨੂੰ ਲੈਂਪਪੋਸਟ ਨਾਲ ਲਾ ਕੇ ਉਹਦੇ ਮੂੰਹ ’ਚ ਮੂੰਹ ਪਾਈ ਖੜ੍ਹੀ ਸੀ। ਗੁਰਪਾਲ ਨੇ ਸ਼ਰਮਾ ਕੇ ਮੁੜ ਨਜ਼ਰਾਂ ਸਾਹਮਣੇ ਸੜਕ ਵਿੱਚ ਗੱਡ ਲਈਆਂ, “ਸ਼ੀ-ਸ਼ੀ, ਬੇਸ਼ਰਮ, ਲੁੱਚੇ ਕਿਸੇ ਥਾਂ ਦੇ।”
ਹੁਣ ਤੱਕ ਤਾਂ ਗੁਰਪਾਲ ਅਜਿਹੇ ਦ੍ਰਿਸ਼ ਆਮ ਹੀ ਸੜਕਾਂ ’ਤੇ ਦੇਖਣ ਦੀ ਆਦੀ ਹੋ ਚੁੱਕੀ ਸੀ। ਸੱਜਰੇ ਇੰਡੀਆ ਤੋਂ ਆਏ ਬੰਦੇ ਨੂੰ ਹੀ ਅਜਿਹਾ ਮੰਜ਼ਰ ਅਜੂਬਾ ਲੱਗਦਾ ਹੁੰਦਾ ਹੈ। ਸਾਲ ਛੇ ਮਹੀਨਿਆਂ ਵਿੱਚ ਆਦਮੀ ਇਹੋ ਜਿਹਾ ਕੁੱਝ ਦੇਖਣਾ ਗਿੱਝ ਜਾਂਦਾ ਹੈ। ਇਹ ਰਾਸਲੀਲਾ ਤਾਂ ਕੁੱਝ ਵੀ ਨਹੀਂ ਸੀ। ਇਹ ਤਾਂ ਫੇਰ ਅਜੇ ਨਾਬਾਲਗ ਬੱਚੇ ਸਨ। ਵੱਡੇ ਜਾਂ ਕਾਲਜਾਂ ਦੇ ਬਾਲਗ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਸ਼ਰਮਨਾਕ ਇਲਤਾਂ ਸ਼ਰੇਆਮ ਹੀ ਕਰ ਦਿੰਦੇ ਹਨ। ਅੱਗੇ ਅਕਸਰ ਘਰ ਦੇ ਨਜ਼ਦੀਕ ਵਾਲੀ ਪਾਰਕ ਵਿੱਚੋਂ ਲੰਘਣ ਲੱਗੀ ਗੁਰਪਾਲ ਜਦੋਂ ਦਿਨ-ਦਿਹਾੜੇ ਪ੍ਰੇਮੀ ਜੋੜਿਆਂ ਨੂੰ ਜਲਵਾਗਾਰ ਹੋਏ ਦੇਖਦੀ ਹੁੰਦੀ ਸੀ ਤਾਂ ਕਬੂਤਰ ਵਾਂਗੂੰ ਅੱਖਾਂ ਮੀਚ ਕੇ ਪਾਸਾ ਵੱਟ ਜਾਇਆ ਕਰਦੀ ਸੀ। ਫਿਰ ਵੀ ਪਤਾ ਨਹੀਂ ਕਿਉਂ ਅੱਜ ਗੁਰਪਾਲ ਨੂੰ ਇਹ ਕੌਤਕ ਬੁਰਾ ਲੱਗਿਆ। ਇਹ ਐਨਾ ਕੁ ਭੰਦਾਪਨ ਦੇਖ ਕੇ ਹੀ ਉਹ ਸ਼ਰਮ ਮੰਨ ਗਈ ਸੀ। ਉਹ ਚੁਕੰਨੀ ਹੋ ਕੇ ਸਾਹਮਣੇ ਦੇਖਦੀ ਹੋਈ ਗੱਡੀ ਚਲਾਉਂਦੀ ਰਹੀ।
ਸਕੂਲ ਦੇ ਗੇਟ ਮੂਹਰੇ ਗੱਡੀ ਖੜ੍ਹੀ ਕਰਕੇ ਉਹ ਉਡੀਕ ਕਰਨ ਲੱਗੀ। ਵਿਦਿਆਰਥੀਆਂ ਦੇ ਸਮੂਹਾਂ ਵਿੱਚੋਂ ਉਹਦੀਆਂ ਨਜ਼ਰਾਂ ਇੰਦਰਜੀਤ ਨੂੰ ਤਲਾਸ਼ਦੀਆਂ ਰਹੀਆਂ। ਗੁਰਪਾਲ ਉੱਥੇ ਅੱਧਾ ਘੰਟਾ ਉਡੀਕਦੀ ਰਹੀ। ਤਕਰੀਬਨ ਸਾਰੇ ਬੱਚੇ ਤਾਂ ਪਹਿਲਾਂ ਹੀ ਨਿਕਲ ਚੁੱਕੇ ਸਨ। ਹੁਣ ਤਾਂ ਕੋਈ ਅਧਿਆਪਕ ਵੀ ਨਹੀਂ ਬਚਿਆ ਸੀ। ਸਫਾਈ ਕਰਨ ਵਾਲੀ ਬੁੜੀ ਗੋਰੀ ਡੁੱਡ ਜਿਹਾ ਮਾਰਦੀ ਸਕੂਲ ਅੰਦਰ ਨੂੰ ਜਾ ਰਹੀ ਸੀ। ਜਦੋਂ ਸਕੂਲ ਬਿਲਕੁਲ ਖਾਲੀ ਹੋਇਆ ਨਜ਼ਰ ਆਇਆ ਤਾਂ ਉਹ ਘਰ ਵੱਲ ਚੱਲ ਪਈ। ਇੰਦਰਜੀਤ ਦੇ ਨਾ ਟੱਕਰਨ ਕਰਕੇ ਗੁਰਪਾਲ ਉਸ ਬਾਰੇ ਦੁਬਾਰਾ ਫਿਕਰਮੰਦ ਹੋ ਗਈ।
ਲੰਡਨਡੇਅਰੀ ਰੋਡ ਵਾਲੇ ਦੂਜੇ ਗੇਟ ਨਿਕਲ ਗਈ ਹੋਣੀ ਏ। ਗੁਰਪਾਲ ਨੇ ਆਪਣੇ ਆਪ ਨੂੰ ਬੇਅਸਰ ਜਿਹਾ ਧਰਵਾਸਾ ਦਿੱਤਾ।
ਗੁਰਪਾਲ ਨੇ ਘਰ ਨੂੰ ਮੁੜਦਿਆਂ ਸਾਰੇ ਰਾਹ ਨਿਗਾਹ ਰੱਖੀ। ਪਰ ਇੰਦਰਜੀਤ ਨਾ ਦਿੱਸੀ।
ਗੁਰਪਾਲ ਦਰ ਵੱੜਨ ਲੱਗੀ ਤਾਂ ਪੋਰਚ ਵਿੱਚ ਇੰਦਰਜੀਤ ਦੇ ਲਿਬੜੇ ਬੂਟ ਦੇਖ ਕੇ ਕੁੱਝ ਉਹਦੇ ਸਾਹ ’ਚ ਸਾਹ ਆਇਆ। ਪਰ ਪੂਰਨਰੂਪ ਵਿੱਚ ਤਸੱਲੀ ਕਰਨ ਲਈ ਉਹ ਇੱਕ ਵਾਰ ਬੇਟੀ ਨੂੰ ਸਹੀ ਸਲਾਮਤ ਅੱਖੀਂ ਦੇਖ ਲੈਣਾ ਚਾਹੁੰਦੀ ਸੀ। ਇਸ ਲਈ ਉਹਨੇ ਦਰਵਾਜ਼ਾ ਭੇੜਦਿਆਂ ਹੀ ਆਵਾਜ਼ ਮਾਰੀ।
“ਇੰਦਰਜੀਤ?”
“ਇੰਦਰ?”
“ਇੰਦਰਜੀਤ?”
“ਜੀਤੇ?”
ਕਈ ਦਫਾ ਪੁਕਾਰਨ ਉੱਤੇ ਜਦ ਕੋਈ ਜੁਆਬ ਨਾ ਮਿਲਿਆ ਤਾਂ ਉਹ ਪੌੜੀ ਚੜ੍ਹ ਕੇ ਇੰਦਰਜੀਤ ਦੇ ਬੈਡਰੂਮ ਵੱਲ ਗਈ। ਸੌਣ ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਗੁਰਪਾਲ ਦੇ ਹੱਥਾਂ ਦੇ ਤੋਤੇ ਉੱਡ ਗਏ। ਇੰਦਰਜੀਤ ਮੰਜੇ ’ਤੇ ਨੀਮਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ। ਇੰਦਰਜੀਤ ਦਾ ਮੂੰਹ ਘਾਹ ’ਤੇ ਪਈ ਤਰੇਲ ਵਾਂਗ ਮੁੜਕੇ ਨਾਲ ਭਿਜਿਆ ਪਿਆ ਸੀ। ਭੱਜ ਕੇ ਗੁਰਪਾਲ ਨੇ ਇੰਦਰਜੀਤ ਦੇ ਗੱਚੋ-ਗੱਚ ਹੋਏ ਮੱਥੇ ਉੱਤੇ ਹੱਥ ਫੇਰਿਆ।
“ਕੀ ਹੋਇਆ ਤੈਨੂੰ?”
ਇੰਦਰਜੀਤ ਨੇ ਜ਼ਰਾ ਕੁ ਉੱਠ ਕੇ ਮਾੜੀਆਂ ਜਿਹੀਆਂ ਅੱਖਾਂ ਖੋਲ੍ਹੀਆਂ ਅਤੇ ਫਿਰ ਬੰਦ ਕਰ ਲਈਆਂ। ਇੰਝ ਲੱਗ ਰਿਹਾ ਸੀ ਜਿਵੇਂ ਇੰਦਰਜੀਤ ਨੂੰ ਬਹੁਤ ਗਹਿਰੀ ਨੀਂਦ ਆ ਰਹੀ ਹੋਵੇ।
“ਉੱਠ ਇੰਦੇ ਕੀ ਹੋਇਆ ਤੈਨੂੰ?” ਗੁਰਪਾਲ ਨੇ ਇੰਦਰਜੀਤ ਨੂੰ ਬਾਹਾਂ ਦਾ ਸਹਾਰਾ ਦੇ ਕੇ ਉਠਾਉਣ ਦੀ ਕੋਸ਼ਿਸ ਕੀਤੀ।
“ਇੰਦੇ ਪੁੱਤ!” ਉਹਦਾ ਦਾ ਗੱਚ ਭਰ ਆਇਆ। ਉਸ ਨੂੰ ਕੁੱਝ ਵੀ ਸੁੱਝ ਨਹੀ ਸੀਂ ਰਿਹਾ ਕਿ ਉਹ ਕੀ ਕਰੇ।
“ਮੰਮ – ਮੈਂ… ਇਹ… ਖਾਹ… ਲਈਆਂ।” ਇੰਦਰਜੀਤ ਨੇ ਲੜਖੜਾਉਂਦੀ ਜਿਹੀ ਆਵਾਜ਼ ਵਿੱਚ ਕਹਿ ਕੇ ਮੰਜੇ ਕੋਲ ਪਈਆਂ ਗੋਲੀਆਂ ਹੱਥ ਦਾ ਇਸ਼ਾਰਾ ਕਰਕੇ ਮਾਂ ਨੂੰ ਦਿਖਾਈਆਂ ਤੇ ਉਹ ਫਿਰ ਲੁੜਕ ਗਈ।
ਗੁਰਪਾਲ ਨੇ ਇੰਦਰਜੀਤ ਨੂੰ ਜ਼ੋਰ-ਜ਼ੋਰ ਦੀ ਹਲਾਇਆ, ਬਥੇਰਾ ਹਲੂਣਿਆ। ਪਰ ਇੰਦਰਜੀਤ ਨੂੰ ਕੋਈ ਸੁਰਤ ਨਹੀਂ ਸੀ। ਉਹ ਉਵੇਂ ਅਡੋਲ ਤੇ ਚੁੱਪ ਪਈ ਰਹੀ। ਗੁਰਪਾਲ ਨੇ ਡੱਬੀ ਚੁੱਕ ਕੇ ਦੇਖੀ। ਡੱਬੀ ਵਿੱਚ ਤਿੰਨ ਗੋਲੀਆਂ ਹੀ ਪਈਆਂ ਸਨ। ਗੁਰਪਾਲ ਲਗਭਗ ਸਾਰੀ ਖਾਲੀ ਸ਼ੀਸ਼ੀ ਦੇਖ ਕੇ ਹੱਕੀ-ਬੱਕੀ ਰਹਿ ਗਈ। ਉਸ ਨੂੰ ਪੂਰਾ ਯਾਦ ਸੀ ਕਿ ਉਹਨੇ ਪੂਰੀਆਂ ਪੰਜਾਹ ਗੋਲੀਆਂ ਦੀ ਇਹ ਡੱਬੀ ਲਿਆਂਦੀ ਸੀ। ਯਾਨੀ ਕਿ ਇੰਦਰਜੀਤ ਨੇ ਪੂਰੀਆਂ ਸੰਤਾਲੀ ਗੋਲੀਆਂ ਖਾਹ ਲਈਆਂ ਸਨ। ਬਾਕੀ ਦੀਆਂ ਤਿੰਨ ਰਹਿ ਗਈਆਂ ਸਨ। ਉਹ ਬਚਦੀਆਂ ਗੋਲੀਆਂ ਇੰਦਰਜੀਤ ਤੋਂ ਖਾਹ ਨਹੀਂ ਸੀ ਹੋਈਆਂ ਜਾਂ ਉਸ ਨੇ ਕਿਸੇ ਹੋਰ ਵਜ੍ਹਾ ਕਾਰਨ ਛੱਡ ਦਿੱਤੀਆਂ ਸਨ।
ਹਨੇਰੀ ਨਾਲ ਦਰੱਖਤਾਂ ਦੇ ਹਿੱਲਦੇ ਪੱਤਿਆਂ ਵਾਂਗ ਘਬਰਾਹਟ ਵਿੱਚ ਗਰਪਾਲ ਦੀ ਲਰਜ਼ਦੀ ਉਂਗਲ ਨੇ ਟੈਲੀਫੋਨ ਦੇ ਨੌ ਨੰਬਰ ਨੂੰ ਤਿੰਨ ਵਾਰ ਨੱਪਿਆ।
ਜਲਦ ਐਮਬੂਲੈਂਸ ਉਹਨਾਂ ਨੂੰ ਉਸੇ ਹੀ ਹਸਪਤਾਲ ਲੈ ਆਈ, ਜਿੱਥੋਂ ਦਾ ਕੁੱਝ ਦੇਰ ਪਹਿਲਾਂ ਗੁਰਪਾਲ ਨੇ ਚੱਪਾ-ਚੱਪਾ ਛਾਣ ਮਾਰਿਆ ਸੀ।
ਇੰਦਰਜੀਤ ਨੂੰ ਐਮਬੂਲੈਂਸ ਤੋਂ ਸਟਰੈਚਰ ਅਤੇ ਸਟਰੈਚਰ ਤੋਂ ਉਪਚਾਰ ਗ੍ਰਿਹ ਵਿੱਚ ਲੱਗੇ ਮੰਜੇ ਉੱਤੇ ਤਬਦੀਲ ਕਰ ਲਿਆ ਗਿਆ।
ਡਾਕਟਰ ਗੁਰਪਾਲ ਨੂੰ ਕਮਰੇ ਦੇ ਬਾਹਰ ਉਡੀਕ ਕਰਨ ਲਈ ਆਖ ਕੇ ਇਲਾਜ ਕਰਨ ਵਿੱਚ ਜੁੱਟ ਗਏ।
ਉਧਰ ਜ਼ੇਰੇ-ਇਲਾਜ ਇੰਦਰਜੀਤ ਅੰਦਰ ਪਈ ਜ਼ਿੰਦਗੀ ਮੌਤ ਨਾਲ ਲੜ੍ਹ ਰਹੀ ਸੀ ਤੇ ਇੱਧਰ ਬਾਹਰ ਬੈਠੀ ਗੁਰਪਾਲ ਖਿਆਲਾਂ ਦੇ ਨਾਲ ਜੂਝ ਰਹੀ ਸੀ। ਜਿੱਥੇ ਗੁਰਪਾਲ ਨੂੰ ਇੰਦਰਜੀਤ ਦੀ ਜਾਨ ਦੀ ਚਿੰਤਾ ਸੀ। ਉੱਥੇ ਗੁਰਪਾਲ ਦਾ ਇਸ ਵਰਤੇ ਭਾਣੇ ਦਾ ਕਾਰਨ ਜਾਨਣ ਲਈ ਵੀ ਮਨ ਉਤਸੁਕ ਸੀ। ਉਸ ਨੂੰ ਤਾਂ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ ਸਿਵਾਏ ਹਨੇਰੇ ਦੇ। ਕੀ ਦੁੱਖ ਹੋ ਸਕਦਾ ਸੀ ਇੰਦਰਜੀਤ ਨੂੰ? ਜਿਹੜਾ ਉਸ ਨੇ ਐਡਾ ਮਹੱਤਵਪੂਰਨ ਤੇ ਸੰਜ਼ਿਦਾ ਕਦਮ ਉਹਨਾਂ ਨੂੰ ਦੱਸੇ ਬਿਨਾ ਹੀ ਚੁੱਕਿਆ ਸੀ। ਉਹਨਾਂ ਤਾਂ ਤੀਵੀਂ-ਆਦਮੀ ਨੇ ਕਦੇ ਆਪਣੇ ਇੱਕੋ-ਇੱਕ ਜੀਣ ਦੇ ਸਹਾਰੇ ਨੂੰ ਕਿਸੇ ਚੀਜ਼ ਲਈ ਨਹੀਂ ਸੀ ਤਰਸਾਇਆ।
ਕਿਤੇ ਕੋਈ ਉਹੋ ਜੀ ਉਲਟੀ-ਸਿੱਧੀ ਗੱਲ ਨਾ ਹੋ ਗਈ ਹੋਵੇ? ਇੱਥੇ ਤਾਂ ਮਾਹੌਲ ਹੀ ਇਹੋ ਜਿਹੈ। ਭੋਰਾ-ਭੋਰਾ ਕੁੜੀਆਂ ਈ ਅੱਜਕੱਲ੍ਹ ਤਾਂ ਢਿੱਡ ਕੱਢੀ ਫਿਰਦੀਆਂ। ਛੋਟੇ-ਛੋਟੇ ਹੀ ਸਿਗਰਟਾਂ ਸ਼ਰਾਬ ਪੀਣ ਲੱਗ ਜਾਂਦੇ ਨੇ। ਅੱਜ-ਕੱਲ੍ਹ ਤਾਂ ਹੋਰ ਕਈ ਤਰ੍ਹਾਂ ਦੇ ਨਸ਼ੇ ਚੱਲੇ ਹੋਏ ਨੇ। ਨਿੱਕੇ-ਨਿੱਕੇ ਨਿਆਣਿਆਂ ਨੂੰ ਵਿਗਾੜਨ ਲਈ ਕਿਤੇ ਇੱਕ ਕੁਸ਼ ਆ? ਫਿਲਮਾਂ, ਟੈਲੀਵਿਜ਼ਨਾਂ ਨੂੰ ਦੇਖ-ਦੇਖ ਨਿਆਣੇ ਇੱਕ ਦੂਏ ਦੀ ਰੀਸ ਨਾਲ ਪੁੱਠੀਆਂ ਘਤੀਤਾਂ ਸਿੱਖੀ ਜਾਂਦੇ ਨੇ।
ਝਰਨ-ਝਰਨ ਕਰਕੇ ਗੁਰਪਾਲ ਦੀਆਂ ਲੱਤਾਂ ਕੰਬਣ ਲੱਗ ਪਈਆਂ। ਉਹਨੂੰ ਕੁੱਝ ਦਿਨ ਪਹਿਲਾਂ ਦਾ ਵਾਕਿਆ ਯਾਦ ਆਇਆ ਜਦੋਂ ਉਹ ਸਾਰਾ ਪਰਿਵਾਰ ਕੋਈ ਹਿੰਦੀ ਫਿਲਮ ਦੇਖ ਰਹੇ ਸਨ ਤੇ ਉਸ ਫਿਲਮ ਦੀ ਨਾਇਕਾ ਹਾਮਲਾ ਹੋਣ ਕਰਕੇ ਉੱਲਟੀ ਕਰ ਰਹੀ ਸੀ। ਅਭਿਨੇਤਰੀ ਦੀ ਅਵਸਥਾ ਨੂੰ ਦੇਖ ਕੇ ਇੰਦਰਜੀਤ ਨੇ ਸੁਆਲ ਕੀਤਾ ਸੀ।
“ਮੰਮੀ ਇਹ ਉੱਲਟੀ ਕਿਉਂ ਕਰਦੀ ਐ?”
“ਬੇਟੇ ਇਹ ਉਂਮ ਇਹ।” ਗੁਰਪਾਲ ਨੂੰ ਕੋਈ ਜੁਆਬ ਨਹੀਂ ਸੀ ਔਹੁੜਿਆ ਤੇ ਉਹ ਕਿੰਨੀ ਦੇਰ ਤੱਕ ਇੰਦਰਜੀਤ ਨੂੰ ਟਰਕਾਉਣ ਬਾਰੇ ਸੋਚਦੀ ਰਹੀ ਸੀ। ਬੱਚੇ ਨੂੰ ਇਹ ਥੋੜਾ ਦੱਸ ਸਕਦੀ ਸੀ ਕਿ ਉਹ ਗਰਭਵਤੀ ਹੈ। ਨਿਆਣੇ ਨਾਲ ਇਹੋ-ਜਿਹੀਆਂ ਗੱਲਾਂ ਥੋੜਾ ਕਰੀਦੀਆਂ ਹਨ?
“ਇਹਦੇ ਬੇਬੀ ਹੋਣ ਵਾਲਾ ਹਨਾਂ?”
ਜਦੋਂ ਇੰਦਰਜੀਤ ਨੇ ਆਪੇ ਉੱਤਰ ਦਿੱਤਾ ਸੀ ਤਾਂ ਗੁਰਪਾਲ ਇੰਦਰਜੀਤ ਵੱਲ ਅਵਾਕ ਦੇਖਦੀ ਰਹਿ ਗਈ ਸੀ।
“ਮੰਮੀ ਪਰੈਗਨੈਂਟ ਔਰਤ ਨੂੰ ਉੱਲਟੀਆਂ ਆਉਂਦੀਆਂ ਹੁੰਦੀਆਂ?”
“ਟਿੱਕ ਕੇ ਬਹਿ ਜਾਹ, ਚੁੱਪ ਕਰਕੇ ਫਿਲਮ ਦੇਖੀਦੀ ਐ।”
ਐਨੇ ਨੂੰ ਅਗਲੇ ਦ੍ਰਿਸ਼ ਵਿੱਚ ਪਹਾੜੀ ਤੋਂ ਛਾਲ ਮਾਰ ਕੇ ਨਾਇਕਾ ਨੇ ਆਤਮਹੱਤਿਆ ਕਰ ਲਈ ਸੀ।
“ਮੰਮੀ ਇਹਨੇ ਸੂਅਸਾਇਡ ਕਿਉਂ ਕੀਤੀ?”
“ਬੰਦ ਕਰ ਇਹੋ ਜਿਹੀਆਂ ਫਿਲਮਾਂ ਨ੍ਹੀਂ ਦੇਖੀਦੀਆਂ। ਕਿਤਾਬ ਚੁੱਕ ਕੇ ਪੜ੍ਹ। ਪੜ੍ਹਾਈ ਤੇਰੇ ਕੰਮ ਆਉਣੀ ਐ।” ਗੁਰਪਾਲ ਨੇ ਘੂਰ ਕੇ ਵਿਡਿਓ ਬੰਦ ਕਰਕੇ ਮਸਾਂ ਟਾਲਿਆ ਸੀ। ਇਸ ਤੋਂ ਮਗਰੋਂ ਉਹਨੇ ਇੰਦਰਜੀਤ ਨੂੰ ਕਦੇ ਕੋਈ ਫਿਲਮ ਨਹੀਂ ਸੀ ਦੇਖਣ ਦਿੱਤੀ। ਇਸ ਹਾਦਸੇ ਨੇ ਚੇਤੇ ਆ ਕੇ ਗੁਰਪਾਲ ਦੇ ਸ਼ੰਕੇ ਨੂੰ ਹਵਾ ਮਾਰ ਕੇ ਹੋਰ ਭਖਾ ਦਿੱਤਾ।
“ਵਾਹਿਗੁਰੂ! ਵਾਹਿਗੁਰੂ! ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।” ਇੱਕ ਆਗਿਆਤ ਖਤਰੇ ਨੂੰ ਟਾਲਣ ਲਈ ਗੁਰਪਾਲ ਨੇ ਗੁਰਮੰਤ੍ਰ ਦਾ ਸਹਾਰਾ ਤਾਂ ਲਿਆ ਪਰ ਉਹਦਾ ਮਨ ਨਾ ਖੜ੍ਹਿਆ।
ਕੁੱਝ ਦਿਨ ਪਹਿਲਾਂ ਅਖਬਾਰਾਂ ਵਿੱਚ ਛੱਪਿਆ ਸੀ ਕਿ ਕਿਸੇ ਬਾਰਾਂ ਸਾਲ ਦੀ ਕੁੜੀ ਨੇ ਬੱਚੇ ਨੂੰ ਜਨਮ ਦਿਤਾ ਤੇ ਉਸਦਾ ਨਾਂ ਗਿਨਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ਼ ਕੀਤਾ ਗਿਆ। ਇਸ ਖਬਰ ਵੱਲ ਧਿਆਨ ਜਾਂਦਿਆ ਹੀ ਗੁਰਪਾਲ ਦਾ ਦਿਲ ਦਹਿਲ ਗਿਆ।
“ਕਲਯੁੱਗ ਆ ਗਿਐ ਅੱਜਕੱਲ੍ਹ ਕੀ ਨਹੀਂ ਹੋ ਸਕਦਾ? ਇਹ ਤਾਂ ਫੇਰ ਵੀ ਤੇਰਾਂ ਵਰ੍ਹਿਆਂ ਦੀ ਏ। ਨਾਲੇ ਇਹਦੇ ਤਾਂ ਮਹਾਂਵਾਰੀ ਵੀ ਛੇਤੀ ਸ਼ੁਰੂ ਹੋ ਗਈ ਸੀ ਮਾਪੇ ਤਾਂ ਘਰੋਂ ਪੜ੍ਹਨ ਭੇਜਦੇ ਨੇ। ਨਿਆਣੇ ਖਬਰੇ ਕੀ ਕੀ ਕਰਦੇ ਫਿਰਦੇ ਨੇ? ਹੁਣ ਮਾਪੇ ਹਰ ਵੇਲੇ ਗੁਤਨੀ ਚ ਪਰਾਂਦੇ ਵਾਂਗੂੰ ਨਾਲ-ਨਾਲ ਤਾਂ ਨਹੀਂ ਨਾ ਰਹਿ ਸਕਦੇ ਬੱਚੇ ਦੇ। ਇਹ ਤਾਂ ਨਿਆਣੇ ਨੂੰ ਹੀ ਸੋਚਣਾ ਚਾਹੀਦੈ।”
ਗੁਰਪਾਲ ਦੇ ਬਹਿਵਲ ਦਿਮਾਗ ਦੀ ਨਦੀ ਵਿੱਚ ਇੱਕ ਹੋਰ ਖਿਆਲ ਨੇ ਚੁੰਬੀ ਮਾਰੀ। ਉਹਨੂੰ ਯਾਦ ਆਇਆ ਕਿ ਇੱਕ ਦਿਨ ਇੰਦਰਜੀਤ ਜਦੋਂ ਸਕੂਲੋਂ ਆਈ ਸੀ ਤਾਂ ਉਹਦੀ ਜਾਕਟ ਪਾਟੀ ਹੋਈ ਸੀ। ਸਾਰੀ ਕੂਹਣੀ ਰਗੜਾਂ ਨਾਲ ਛਿੱਲੀ ਪਈ ਸੀ ਤੇ ਮੂੰਹ ’ਤੇ ਵੀ ਪਰਚਾਂਡੇ ਜਿਹੇ ਵੱਜੇ ਹੋਏ ਸਨ। ਲੱਖ ਪੁੱਛਣ ਤੇ ਵੀ ਇੰਦਰਜੀਤ ਨੇ ਕੁੱਝ ਬਹੁਤਾ ਪੱਲੇ ਨਹੀਂ ਪਾਇਆ ਸੀ। ਬੱਸ ਏਨਾ ਕਹਿ ਕੇ ਗੱਲ ਟਾਲ-ਮਟੋਲ ਕਰ ਦਿੱਤੀ ਸੀ ਕਿ ਖੇਡਦੀ ਹੋਈ ਡਿੱਗ ਪਈ ਸੀ। ਇਹ ਜਾਣਦੇ ਹੋਏ ਕਿ ਉਹ ਝੂਠ ਬੋਲਦੀ ਸੀ। ਗੁਰਪਾਲ ਨੇ ਵੀ ਪੁੱਛਣ ਦੀ ਜ਼ਿੱਦ ਨਹੀਂ ਸੀ ਕਰੀ। ਬਰਾਬਰ ਦੀ ਧੀ ਨੂੰ ਉਹਨੇ ਘੂਰਨਾ ਵਾਜ਼ਬ ਨਹੀਂ ਸਮਝਿਆ ਸੀ।
“ਖੌਰੇ ਓਦਣ ਕਿਸੇ ਮੁੰਡੇ ਨੇ ਜ਼ਬਰਦਸਤੀ ਕੁਕਰਮ ਕਰ ਦਿੱਤਾ ਹੋਵੇ। ਭੁੱਖੇ ਸ਼ੇਰਾਂ ਵਾਂਗੂੰ ਤਾਂ ਗਲੀਆਂ-ਮੁਹੱਲਿਆਂ ’ਚ ਹਲਕੀ ਹੋਈ ਮੁਡੀਹਰ ਹੈੜ-ਹੈੜ ਕਰਦੀ ਤੁਰੀ ਫਿਰਦੀ ਐ। ਨਾਲ ਦੀ ਰੋਡ ’ਤੇ ਭੁਸਰੇ ਹੋਏ ਮੁੰਡੇ ਨੇ ਕੀ ਚੰਨ ਚਾੜ੍ਹਿਆ ਸੀ? ਨਾਲੇ ਉਹ ਗੋਰੀ ਪੈਂਹਠ ਸਾਲਾਂ ਦੀ ਬੁੜੀ-ਠੇਰੀ ਸੀ। ਉਹਦੇ ਨਾਲ ਵੀ ਮੂੰਹ ਕਾਲਾ ਕਰਕੇ ਉਹਨੂੰ ਜਾਨੋਂ ਮਾਰ ਗਏ ਸੀ। ਬੰਦਾ ਕਿੱਥੇ ਭੋਰੇ ਵਿੱਚ ਉਤਰ ਜੇ? ਕੋਈ ਹੱਜ ਰਹਿ ਗਿਐ ਜਿਉਣ ਦਾ ਭਲਾਂ?”
ਗੁਰਪਾਲ ਨੇ ਬੈਂਚ ਤੋਂ ਉੱਠ ਕੇ ਕਮਰੇ ਵਿੱਚ ਝਾਤੀ ਮਾਰੀ। ਦਰਵਾਜ਼ੇ ਦੇ ਸ਼ੀਸ਼ਿਆਂ ਨੂੰ ਹਰੇ ਰੰਗ ਦੇ ਪਰਦਿਆਂ ਦੁਆਰਾ ਢੱਕਿਆ ਹੋਣ ਕਰਕੇ ਉਸਨੂੰ ਕੁੱਝ ਦਿਖਾਈ ਨਾ ਦਿੱਤਾ। ਉਸਨੂੰ ਤੋੜ ਲੱਗੀ ਹੋਈ ਸੀ। ਕਮਰੇ ਮੂਹਰੇ ਉਹ ਇੱਕ ਪਾਸੇ ਤੋਂ ਦੂਜੇ ਵੱਲ ਮਾਰਚ ਕਰਨ ਲੱਗ ਪਈ।
“ਸੁੱਖੀ-ਸਾਂਦੀ ਕੀ ਭੈੜਾ- ਭੈੜਾ ਸੋਚੀ ਜਾਨੀ ਆਂ। ਰੱਬ ਨਾ ਕਰੇ ਇਹ ਕਿਆਫੇ ਸਹੀ ਹੋਣ। ਸਭ ਦਾ ਨੱਕ ਵੱਢਿਆ ਜਾਉ। ਸਾਰੇ ਖਾਨਦਾਨ ਦੇ ਮੂੰਹ ’ਤੇ ਕਾਲਖ ਮਲੀ ਜਾਊ। ਅਸੀਂ ਕਿਹੜੇ ਮੂੰਹ ਨਾਲ ਇੰਡੀਆ ਜਾਵਾਂਗੇ। ਮੱਥੇ ਤੇ ਦਾਗ ਲੈ ਕੇ ਇੱਥੇ ਬੰਦਾ ਭਾਈਚਾਰੇ ਵਿੱਚ ਸ਼ਕਲ ਦਿਖਾਉਣ ਜੋਗਾ ਨਹੀਂ ਰਹਿੰਦਾ। ਮੈਂ ਤਾਂ ਇਸ ਕਲੰਕ ਨਾਲ ਊਂ ਈਂ ਜਿਉਂਦੀ ਮਰ ਜਾਊਂ।”
ਏਨੇ ਨੂੰ ਗੁਰਪਾਲ ਨੂੰ ਚੇਤੇ ਆਇਆ ਉਹਨੇ ਇੰਦਰਜੀਤ ਦੇ ਡੈਡੀ ਨੂੰ ਤਾਂ ਸੂਚਨਾ ਕਰੀ ਹੀ ਨਹੀਂ ਸੀ। ਹਸਪਤਾਲ ਦੇ ਵਿੱਚ ਲੱਗੇ ਪੈਅ ਫੋਨ ਤੋਂ ਉਹਨੇ ਆਪਣੇ ਪਤੀ ਨੂੰ ਇਤਲਾਹ ਦਿੱਤੀ ਤੇ ਵਾਪਸ ਇਨਟੈਨਸਿਵਕੇਅਰ ਯੂਨਿਟ ਦੇ ਉਸੇ ਕਮਰੇ ਮੂਹਰੇ ਪਏ ਬੈਂਚ ’ਤੇ ਆ ਡੇਰੇ ਲਾਏ।
ਇੱਕ ਡਾਕਟਰ ਬਾਹਰ ਨਿਕਲਿਆ ਤਾਂ ਉਹਨੂੰ ਦੇਖ ਕੇ ਖੜ੍ਹੀ ਹੁੰਦਿਆਂ ਗੁਰਪਾਲ ਨੇ ਪੁੱਛ ਪਾਈ, “ਡਾਕਟਰ ਸਾਹਿਬ, ਕਿਵੇਂ ਐ ਮੇਰੀ ਬੱਚੀ?”
“ਹੌਂਸਲਾ ਰੱਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਵੈਸੇ ਪੈਰਾਸੀਟਾਮੋਲ ਇੱਕਦਮ ਅਸਰ ਨਹੀਂ ਕਰਦੀ। ਹੌਲੀ- ਹੌਲੀ ਨੁਕਸਾਨ ਪਹੁੰਚਾਉਂਦੀ ਹੈ। ਤੇ ਖਾਸ ਕਰ ਲਿਵਰ (ਜਿਗਰ) ਲਈ ਘਾਤਕ ਸਿੱਧ ਹੁੰਦੀ ਹੈ। ਪੰਜ ਸੌ ਮੈਗਾਗ੍ਰਾਮ ਦੀਆਂ ਗੋਲੀਆਂ ਦਾ ਐਨੀ ਅਧਿਕ ਮਾਤਰਾ ਵਿੱਚ ਸੇਵਨ ਹਾਨੀਕਾਰਕ ਤਾਂ ਬਹੁਤ ਹੈ। ਖੈਰ, ਕੋਈ ਨ੍ਹੀਂ ਪਰਮਾਤਮਾ ਉੱਤੇ ਭਰੋਸਾ ਰੱਖੋ। ਅਸੀਂ ਪੂਰੀ ਵਾਹ ਲਾ ਰਹੇ ਹਾਂ।” ਡਾਕਟਰ ਉੱਥੋਂ ਚਲਿਆ ਗਿਆ।
ਡਾਕਟਰ ਦੇ ਹਮਦਰਦੀ ਭਰੇ ਬੋਲ ਮਾਂ ਦੇ ਭੁੱਝਦੇ ਕਲੇਜੇ ਨੂੰ ਠੰਡਾ ਕਰਨ ਦੀ ਬਜਾਏ ਹੋਰ ਤਪਾ ਗਏ। ਡਾਕਟਰ ਦੀ ਸਹਾਇਤਾ ਲਈ ਅੰਦਰ ਦੋ ਨਰਸਾਂ ਸਨ। ਥੋੜੋ ਚਿਰ ਬਾਅਦ ਉਹਨਾਂ ਵਿੱਚੋਂ ਇੱਕ ਨਰਸ ਬਾਹਰ ਆ ਗਈ ਤੇ ਦੂਜੀ ਇੰਦਰਜੀਤ ਦੇ ਸਿਰਹਾਣੇ ਖੜ੍ਹੀ ਰਹੀ।
“ਮਿਹਦਾ ਸਾਫ ਕਰ ਦਿੱਤੈ। ਥੋੜੀ ਦੇਰ ਵਿੱਚ ਹੋਸ਼ ਆ ਜੂ।” ਕਮਰੇ ਵਿੱਚੋਂ ਨਿਕਲੀ ਨਰਸ ਗੁਰਪਾਲ ਨੂੰ ਦੱਸ ਕੇ ਅੱਗੇ ਚਲੀ ਗਈ।
ਗੁਰਪਾਲ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਵੜ੍ਹ ਗਈ। ਇੰਦਰਜੀਤ ਮੰਜੇ ’ਤੇ ਉਵੇਂ ਬੇਹੋਸ਼ ਪਈ ਸੀ। ਕੁੱਝ ਦੇਰ ਗੁਰਪਾਲ ਦਰਵਾਜ਼ੇ ਕੋਲ ਖੜ੍ਹੀ ਹੀ ਉਸ ਨੂੰ ਦੇਖਦੀ ਰਹੀ। ਮਾੜਾ ਜਿਹਾ ਸਿਰ ਹਿਲਾਕੇ ਇੰਦਰਜੀਤ ਕੁੱਝ ਬੁੜਬੜਾਈ ਤਾਂ ਗੁਰਪਾਲ ਦਵਾ-ਦਵ ਉਹਦੇ ਮੰਜੇ ਕੋਲ ਨੂੰ ਗਈ। ਇੰਦਰਜੀਤ ਨੂੰ ਹੋਸ਼ ਆ ਚੱਲੀ ਸੀ।
ਐਨੇ ਵਿੱਚ ਪਹਿਰੇ ਉੱਤੇ ਤਾਇਨਾਤ ਖੜ੍ਹੀ ਨਰਸ ਨੂੰ ਪਤਾ ਨਹੀਂ ਕੀ ਫੁਰਨਾ ਫੁਰਿਆ। ਉਹਨੇ ਝਿੜਕ ਕੇ ਗੁਰਪਾਲ ਨੂੰ ਬਾਹਰ ਕੱਢ ਦਿੱਤਾ।
ਪੂਰੀ ਤਰ੍ਹਾਂ ਹੋਸ਼ ਆਉਣ ਉੱਤੇ ਇਸ ਤੋਂ ਪਹਿਲਾਂ ਕੇ ਗੁਰਪਾਲ ਨੂੰ ਮਿਲਣ ਦੀ ਆਗਿਆ ਮਿਲਦੀ। ਇੱਕ ਮਹਿਲਾ ਅਤੇ ਪੁਰਸ਼, ਦੋ ਪੁਲਿਸ ਕੰਸਟੇਬਲਾਂ ਨੂੰ ਅੰਦਰ ਜਾਣ ਦਿੱਤਾ ਗਿਆ।
ਦੱਸ ਕੁ ਮਿੰਟਾਂ ਬਾਅਦ ਜਦ ਉਹ ਬਾਹਰ ਆਏ ਤਾਂ ਗੁਰਪਾਲ ਨੇ ਏਸ਼ੀਅਨ ਸਪੈਹਣ ਵੱਲ ਸੁਆਲੀਆ ਨਜ਼ਰਾਂ ਨਾਲ ਤੱਕਿਆ।
“ਤੁਹਾਨੂੰ ਪਤਾ ਇਹ ਸਭ ਕੁੱਝ ਕਿਵੇਂ ਹੋਇਐ?” ਸਪੈਹਣ ਕੜ੍ਹਕ ਕੇ ਬੋਲੀ।
“ਨਹੀਂ ਮੈਨੂੰ ਤਾਂ ਕੱਖ ਨ੍ਹੀਂ ਪਤਾ। ਕੀ ਹੋਇਐ?”
“ਬੱਚਿਆਂ ਨਾਲ ਅਜਿਹੇ ਵਾਕਿਆਤ ਹੋਣ ਦੀ ਸੂਰਤ ਵਿੱਚ ਸਾਰਾ ਮਾਜਰਾ ਜਾਨਣ ਵਾਲੇ ਮਾਪੇ ਹੀ ਕਿਉਂ ਆਖਰੀ ਹੁੰਦੇ ਨੇ?” ਸਪੈਹਣ ਨੇ ਬੁੱਲ੍ਹ ਜਿਹੇ ਅਟੇਰ ਕੇ ਤਾਅਨਾ ਮਾਰਿਆ।
ਗੁਰਪਾਲ ’ਤੇ ਯਾਨੀ ਬਿਜਲੀ ਜਿਹੀ ਡਿੱਗੀ। ਜਿਹੜੀ ਗੱਲ ਦਾ ਉਹਨੂੰ ਡਰ ਸੀ ਉਹੀ ਹੋ ਗਈ ਲੱਗਦੀ ਸੀ।
“ਬੱਚੇ ਨਾਲ ਬੈਠ ਕੇ ਕੋਈ ਗੱਲਬਾਤ ਕੀਤੀ ਹੋਵੇ। ਉਹਨਾਂ ਨਾਲ ਤੁਹਾਡੇ ਦੋਸਤਾਨਾ ਸਬੰਧ ਹੋਣ ਤਾਂ ਪਤਾ ਹੋਵੇ। ਜਵਾਕ ਦੇ ਕਦੇ ਦਿਲ ਦੀ ਪੁੱਛੀ ਦੱਸੀ ਵੀ ਹੋਵੇ ਤਾਂ ਫੇਰ ਈ ਆ। ਹਰ ਵੇਲੇ ਮਾਇਆ-ਮਾਇਆ ਕਰਦੇ ਫੈਕਟਰੀਆਂ ਵਿੱਚ ਹੀ ਵੜ੍ਹੇ ਰਹਿੰਦੇ ਹੋ।”
ਪੁਲਿਸਵਾਲੀ ਦੇ ਨਿਹੋਰੇ ਸੁਣ ਕੇ ਗੁਰਪਾਲ ਨੇ ਇੱਕਦਮ ਆਪਣੇ ਖੁਰਦਰੇ ਹੱਥਾਂ ਅਤੇ ਪੈਰਾਂ ਦੀਆਂ ਪਾਟੀਆਂ ਬਿਆਈਆਂ ਵੱਲ ਦੇਖਿਆ। ਦਿਨ ਰਾਤ ਕੁੱਤੇ ਦੀ ਮੌਤ ਮਰ ਕੇ ਉਹਨੇ ਤਾਂ ਆਪਣੀ ਸੋਨੇ ਵਰਗੀ ਦੇਹ ਗਾਲ ਲਈ ਸੀ ਤਾਂ ਕਿ ਔਲਾਦ ਨੂੰ ਐਸ਼-ਓ-ਇਸ਼ਰਤ ਦੀ ਹਰ ਚੀਜ਼ ਮੁਹੱਈਆ ਕਰੀ ਜਾ ਸਕੇ।
ਕਿਵੇਂ ਸਮਝਾਵਾਂ ਚੱਤੋ ਪਹਿਰ ਔਲਾਦ ਲਈ ਹੀ ਤਾਂ ਟੁੱਟ-ਟੁੱਟ ਮਰਦੇ ਆਂ। ਹੋਰ ਕਿਸ ਲਈ ਕਮਾਈਆਂ ਕਰ ਰਹੇ ਹਾਂ। ਬੇਸਕ ਘੰਟਿਆਂ ਨਾਲ ਕੀ ਬਣਦੈ? ਓਵਰ ਟਾਇਮ ਨਾਲ ਤਾਂ ਚਾਰ ਪੈਸੇ ਬਣਦੇ ਨੇ। ਜੇ ਉਵਰਟਾਇਮ ਨਾ ਲਾਵਾਂਗੇ, ਕੰਮ ਛੱਡ ਕੇ ਬੈਠ ਜਾਵਾਂਗੇ ਤਾਂ ਘਰਾਂ ਦੀਆਂ ਕਿਸ਼ਤਾਂ, ਬਿੱਲ, ਰਾਸ਼ਨ ਪਾਣੀ ਦਾ ਖਰਚਾ, ਕੱਪੜੇ-ਲੀੜੇ ਕੌਣ ਦੇਊ? ਗੁਰਪਾਲ ਚਿੱਤ ਵਿੱਚ ਇਹ ਸਭ ਕੁੱਝ ਸੋਚੀ ਗਈ। ਪਰ ਜੁਆਬ-ਤਲਬੀ ਕਰਨ ਦੀ ਉਹਦੀ ਹਿੰਮਤ ਨਾ ਪਈ।
ਪੁਲਿਸਵਾਲੀ ਜਿਵੇਂ ਕੋਈ ਅਗਲੀ ਪਿਛਲੀ ਖਾਰ ਕੱਢ ਰਹੀ ਸੀ ਤੇ ਗੁਰਪਾਲ ਗੁਨਾਹਗਾਰਾਂ ਵਾਂਗ ਸਿਰ ਝੁਕਾਈ ਖੜ੍ਹੀ ਸੀ।
“ਤੁਸੀਂ ਲੋਕ ਬੱਚਿਆਂ ਨੂੰ ਆਪਣੀ ਜਾਇਦਾਦ ਕਿਉਂ ਸਮਝਦੇ ਹੋ? ਉਹਨਾਂ ਨੂੰ ਧਨ ਨਹੀਂ। ਤੁਹਾਡਾ ਪਿਆਰ ਵੀ ਚਾਹੀਦੈ। ਉਹ ਤੁਹਾਡੇ ਮਸਰੂਫ ਵਕਤ ਵਿੱਚੋਂ ਆਪਣੇ ਲਈ ਫੁਰਸਤ ਦੇ ਦੋ ਪਲ ਵੀ ਲੋਚਦੇ ਨੇ। ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਲਈ ਤਾਂ ਉਹਨਾਂ ਨਾਲ ਬੱਚੇ ਬਣ ਕੇ ਰਹੀਦਾ ਹੈ। ਫਿਰ ਹੀ ਉਹ ਤੁਹਾਡੇ ਨਾਲ ਆਪਣੇ ਭੇਤ ਸਾਂਝੇ ਕਰਨਗੇ। ਬੱਚੇ ਦੀ ਹਰ ਨਿੱਕੀ ਤੋਂ ਨਿੱਕੀ ਤੇ ਮਾਮੂਲੀ ਤੋਂ ਮਾਮੂਲੀ ਗੱਲ ਨੂੰ ਸੰਜ਼ੀਦਗੀ ਨਾਲ ਵਿਚਾਰੀਦਾ ਹੁੰਦੈ। ਹੁਣ ਜ਼ਮਾਨਾ ਬਦਲ ਗਿਆ ਹੈ। ਤੁਸੀਂ ਵੀ ਆਪਣਾ ਰੱਵਈਆ ਬਦਲੋ। ਦੌੜ ਕੇ ਜ਼ਮਾਨੇ ਨਾਲ ਰਲੋ। ਜੇ ਤੁਸੀਂ ਨਿਆਣਿਆਂ ਨਾਲ ਮਾਪਿਆਂ ਵਾਲਾ ਵਿਵਹਾਰ, ਜੋ ਤੁਹਾਡੇ ਮਾਂ-ਪਿਉ ਨੇ ਤੁਹਾਡੇ ਨਾਲ ਕੀਤਾ ਸੀ ਉਹੀ ਹੀ ਕਰੀ ਜਾਉਗੇ ਤਾਂ ਤੁਹਾਡੇ ਬਾਲ ਕਦੇ ਵੀ ਤੁਹਾਨੂੰ ਆਪਣਾ ਹਮਦਰਦ ਸਮਝ ਕੇ ਤੁਹਾਡੇ ਕਰੀਬ ਨਹੀਂ ਆਉਣਗੇ। ਬੱਚਿਆਂ ਨਾਲ ਉਹਨਾਂ ਦੇ ਹਮਉਮਰਾਂ ਵਾਂਗ ਪੇਸ਼ ਆਓ।”
ਸਪੈਹਣ ਦਾ ਸਾਥੀ ਗੋਰਾ ਪੁਲਿਸਵਾਲਾ ਪੰਜਾਬੀ ਭਾਸ਼ਾ ਨਾ ਸਮਝਦਾ ਹੋਣ ਕਰਕੇ ਖਾਮੋਸ਼ ਖੜ੍ਹਾ ਸੀ। ਪਰ ਉਸ ਸਪੈਹਣ ਦਾ ਤਾਂ ਜਿਵੇਂ ਗੁਰਪਾਲ ਨਾਲ ਇੱਟ ਕੁੱਤੇ ਵਾਲਾ ਵੈਰ ਹੁੰਦਾ ਹੈ ਜਾਂ ਸ਼ਾਇਦ ਉਹ ਗੁਰਪਾਲ ਉੱਤੇ ਆਪਣੀ ਵਰਦੀ ਦੀ ਧਾਕ ਜਮਾਉਣੀ ਚਾਹੁੰਦੀ ਸੀ। ਉਹ ਬੋਲੀ ਜਾ ਰਹੀ ਸੀ ਤੇ ਗੁਰਪਾਲ ਚੁੱਪ ਧਾਰੀ ਖੜ੍ਹੀ ਸੁਣੀ ਜਾ ਰਹੀ ਸੀ।
ਸਪੈਹਣ ਨੇ ਆਪਣੇ ਸਾਥੀ ਦੀਆਂ ਅੱਖਾਂ ਵਿੱਚ ਪ੍ਰਸ਼ਨਚਿੰਨ ਤੱਕ ਕੇ ਅੰਗਰੇਜ਼ੀ ਵਿੱਚ ਉਸ ਨੂੰ ਸਥਿਤੀ ਤੋਂ ਜਾਣੂ ਕਰਵਾਇਆ, “ਸਾਡੇ ਲੋਕ ਐਨੀ ਅਣਗਹਿਲੀ ਕਰਦੇ ਹਨ ਕਿ ਜਦੋਂ ਬੱਚਿਆ ਦੀਆਂ ਸਮੱਸੀਆਵਾਂ ਦਾ ਬੂਟਾ ਪੁੰਗਰਨ ਲੱਗਦਾ ਹੈ ਤਾਂ ਸਾਨੂੰ ਵਾਲਦਾਇਨ ਨੂੰ ਪਤਾ ਵੀ ਨਹੀਂ ਲੱਗਦਾ। ਫਿਰ ਉਹੀ ਬੂਟਾ ਪਲ੍ਹਦਾ-ਮੌਲ੍ਹਦਾ ਇੱਕ ਘਣਾ ਰੁੱਖ ਬਣ ਜਾਂਦਾ ਹੈ। ਜਦੋਂ ਤੱਕ ਉਸ ਅਣਚਾਹੇ ਪੇੜ ਦੇ ਵਾਧੂ ਪੱਤੇ ਟੁੱਟ-ਝੜ੍ਹ ਕੇ ਸਾਡੀ ਜ਼ਿੰਦਗੀ ਦੇ ਵਿਹੜੇ ਵਿੱਚ ਗੰਦ ਨਹੀਂ ਪਾਉਂਦੇ, ਅਸੀਂ ਉਸ ਤਰਫ ਕੋਈ ਧਿਆਨ ਨਹੀਂ ਦਿੰਦੇ। ਉਦੋਂ ਵੀ ਉਸ ਮੁਸ਼ਕਲਾਂ ਦੇ ਰੁੱਖ ਦੀਆਂ ਜੜ੍ਹਾਂ ’ਤੇ ਵਾਰ ਕਰਨ ਦੀ ਬਜਾਏ ਅਸੀਂ ਵਾਧੂ ਟਾਹਣੀਆਂ ਹੀ ਛਾਂਗ ਕੇ ਟਿੱਕ ਕੇ ਬੈਠ ਜਾਂਦੇ ਹਾਂ। ਬਸ ਇਹ ਹੀ ਸਾਡੀ ਏਸ਼ੀਅਨ ਲੋਕਾਂ ਦੀ ਤ੍ਰਾਸਦੀ ਹੈ।”
“ਔਰਾਇਟ।” ਹਾਲਾਤ ਦਾ ਗਿਆਨ ਹੋਣ ਕਾਰਨ ਕੌਨਸਟੇਬਲ ਤਸੱਲੀਬਖਸ਼ ਚੁੱਪ ਕਰਕੇ ਪਿੱਛੇ ਹੋ ਕੇ ਖੜ੍ਹ ਗਿਆ।
ਸਪੈਹਣ ਦੀ ਘੂਰ-ਘੱਪ ਸੁਣ-ਸੁਣ ਕੇ ਗੁਰਪਾਲ ਦੀਆਂ ਅੱਖਾਂ ਭਰ ਆਈਆਂ। ਗੁਰਪਾਲ ਨੇ ਪਲਕਾਂ ਬੰਦ ਕਰਕੇ ਇੱਕ ਅੱਖ ਦੇ ਕੋਏ ਨੂੰ ਅੰਗੂਠੇ ਅਤੇ ਦੂਜੀ ਦੇ ਨੂੰ ਉਂਗਲਾਂ ਨਾਲ ਨੱਕ ਦੇ ਜੋੜ ਕੋਲੋ ਨੱਪ ਲਿਆ। ਹਟਕੋਰੇ ਜਿਹੇ ਲੈ ਕੇ ਜਦੋਂ ਗੁਰਪਾਲ ਨੇ ਅੱਖਾਂ ਖੋਹਲੀਆਂ ਤਾਂ ਉਹਨੂੰ ਆਪਣਾ ਪਤੀ ਆਉਂਦਾ ਦਿੱਸਿਆ।
ਹੱਫਲਿਆ ਹੋਇਆ ਉਹ ਗੁਰਪਾਲ ਨੂੰ ਦੇਖ ਕੇ ਸਿੱਧਾ ਉਸ ਕੋਲ ਆ ਗਿਆ।
“ਪਾਲੀ?... ਪਾਲੀ?... ਕੀ ਗੱਲ ਹੋਈ? ਸੁੱਖ ਤਾਂ ਹੈ?”
“ਦੇਖ ਲਉ ਪਤਾ ਨ੍ਹੀਂ ਆਪਾਂ ਨੂੰ ਰੱਬ ਕਿਹੜਿਆਂ ਪਾਪਾਂ ਦੀ ਸਜ਼ਾ ਦੇਣ ਲੱਗਿਐ।” ਗੁਰਪਾਲ ਨੂੰ ਖਾਵੰਦ ਦੇ ਗੱਲ ਲੱਗਦਿਆਂ ਹੀ ਜ਼ੋਰਦਾਰ ਹੱਥੂ ਅਤੇ ਰੋਣਾ ਆ ਗਿਆ। ਉਹਨੇ ਮੂੰਹ ਉੱਪਰ ਹੱਥ ਰੱਖ ਕੇ ਮਸਾਂ ਰੋਂਦਿਆਂ ਨਿਕਲਣ ਵਾਲੀ ਕੂਕ ਨੂੰ ਰੋਕਣ ਦਾ ਯਤਨ ਕਰਿਆ। ਰੋਣ ਨਾਲ ਪੈਦਾ ਹੋਣ ਵਾਲੀ ਧੁੰਨੀ ਨੂੰ ਬੇਅਵਾਜ਼ ਕਰਨ ਲਈ ਉਹਨੇ ਆਪਣੇ ਮੂੰਹ ਵਿੱਚ ਚੁੰਨੀ ਥੁੰਨ੍ਹ ਲਈ।
ਬਾਵਰਦੀ ਪੁਲਿਸ ਨੂੰ ਦੇਖ ਕੇ ਗੁਰਪਾਲ ਦੇ ਸ਼ੋਹਰ ਨੂੰ ਵੀ ਹੈਰਾਨੀ ਹੋਈ। ਉਹਨੇ ਆਪਣੇ ਹੱਥ ਨਾਲ ਗੁਰਪਾਲ ਦੇ ਹੰਝੂ ਪੁੰਝੇ, “ਇੰਦਰ ਕਿੱਥੇ ਐ? ਠੀਕ ਆ ਉਹ? ਹੋਇਆ ਕੀ? ਕੁੱਝ ਦੱਸ ਵੀ?”
ਉਸ ਨੇ ਗੁਰਪਾਲ ਉੱਤੇ ਇਕੋ ਸਾਹ ਗੋਲੀਆਂ ਦੇ ਬਰੱਸਟ ਵਾਂਗ ਕਈ ਸੁਆਲ ਦਾਗ ਦਿੱਤੇ।
“ਹਾਂ ਉਹ ਖਤਰੇ ਤੋਂ ਬਾਹਰ ਹੈ।ਸਾਇਕੈਟਰਿਕ ਉਹਦੀ ਜਾਂਚ ਲਈ ਆ ਰਿਹਾ ਹੈ। ਉਸ ਤੋਂ ਬਾਅਦ ਤੁਸੀਂ ਉਸਨੂੰ ਮਿਲ ਸਕਦੇ ਹੋ। ਅੱਛਾ, ਅਸੀਂ ਜ਼ਿਆਦਾ ਵਕਤ ਜ਼ਾਇਆ ਨਾ ਕਰਦੇ ਹੋਏ ਆਗਿਆ ਚਾਹੁੰਦੇ ਹਾਂ। ਮੈਂ ਅੱਲਾ ਤਾਅਲਾ ਕੋਲ ਉਹਦੇ ਜਲਦ ਸਿਹਤਯਾਬ ਹੋਣ ਅਤੇ ਉਮਰ-ਦਰਾਜੀ ਲਈ ਦੁਆ ਕਰੂੰਗੀ।”
ਸਪੈਹਣ ਨੇ ਸਖਤ ਵਰਤਾਉ ਤੋਂ ਲਹਿਜ਼ੇ ਵਿੱਚ ਨਰਮੀ ਅਪਣਾ ਲਈ ਸੀ। ਅਚਾਨਕ ਨਰਮ ਰਵੱਈਆ ਬਦਲਣ ਦਾ ਕਾਰਨ ਗੁਰਪਾਲ ਦਾ ਪਰਲ-ਪਰਲ ਹੰਝੂ ਬਹਾਉਣਾ ਸੀ ਜਾਂ ਗੁਰਪਾਲ ਦੇ ਘਰਵਾਲੇ ਦੀ ਮੌਜ਼ੂਦਗੀ ਸੀ? ਅਸਲ ਵਜ੍ਹਾ ਕੀ ਸੀ? ਇਹ ਤਾਂ ਰੱਬ ਹੀ ਜਾਣਦਾ ਹੈ। ਸ਼ਾਇਦ ਉਹ ਸਮਝਦੀ ਹੋਵੇਗੀ ਕਿ ਹੁਣ ਉਹ ਔਰਤ ਦੀ ਬਜਾਏ ਕਿਸੇ ਮਰਦ ਨਾਲ ਸੰਵਾਦ ਕਰ ਰਹੀ ਹੈ। ਉਹ ਜਾਣਦੀ ਹੋਵੇਗੀ ਕਿ ਬਿਗਾਨੇ ਬੰਦੇ ਨਾਲ ਅਬਾ-ਤਬਾ ਬੋਲਣ ਦਾ ਕੀ ਅੰਜ਼ਾਮ ਹੁੰਦੈ? ਦੇਸੀ ਬੰਦੇ ਤਾਂ ਗਾਲ੍ਹਾਂ ਵਿੱਚ ਮਾਂ-ਭੈਣ ਨੂੰ ਖਿੱਚਣ ਲੱਗੇ ਬਿੰਦ ਨਹੀਂ ਲਾਉਂਦੇ।
“ਬਾਏ-ਬਾਏ ਟੇਕ ਕੇਅਰ।” ਕਰਦੇ ਦੋਨੋਂ ਵਰਦੀਧਾਰੀ ਚਲੇ ਗਏ। ਉਹਨੇ ਦੇ ਜਾਣ ਸਾਰ ਮਨੋਵਿਗਿਆਨਕ ਆ ਗਿਆ। ਉਹਨੇ ਗੁਰਪਾਲ ਹੋਰਾਂ ਨੂੰ ਆਪਣੇ ਨਾਲ ਅੰਦਰ ਆਉਣ ਦੀ ਪਰਵਾਨਗੀ ਦੇ ਦਿੱਤੀ। ਮਨੋਚਿਕਿਤਸਕ ਉਹਨਾਂ ਨੂੰ ਅੰਗਰੇਜ਼ੀ ਵਿੱਚ ਗੁਫਤਗੂ ਕਰਨ ਲਈ ਆਖ ਕੇ ਆਪ ਪਰ੍ਹੇ ਹੋ ਕੇ ਬੈਠ ਗਿਆ।
ਇੰਦਰਜੀਤ ਨੂੰ ਚੁਗਿਰਦੇ ਦਾ ਸਾਰਾ ਗਿਆਨ ਸੀ। ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸੀ। ਪਰ ਉਹਦੀ ਬਾਂਹ ਨੂੰ ਗੁਲੂਕੋਸ਼ ਦੀ ਬੋਤਲ ਅਜੇ ਵੀ ਲੱਗੀ ਹੋਈ ਸੀ।
ਸੱਜੇ ਪਾਸੇ ਸਟੈਂਡਿੰਗ ਬੌਟਲ ਹੈਂਗਰ ਪਿਆ ਹੋਣ ਕਰਕੇ ਉਹ ਦੋਨੇ ਜੀਅ ਦੂਜੇ ਪਾਸੇ ਦੀ ਬੈਡ ਕੋਲ ਜਾ ਕੇ ਖੜ੍ਹ ਗਏ।
ਮਾਂ ਨੂੰ ਦੇਖ ਕੇ ਇੰਦਰਜੀਤ ਦੀਆਂ ਵੀ ਹਿੰਝਾਂ ਟਪਕਣੀਆਂ ਸ਼ੁਰੂ ਹੋ ਗਈਆਂ। ਗੁਰਪਾਲ ਨੇ ਇੰਦਰਜੀਤ ਦੇ ਉੱਤੇ ਲਈ ਹੋਈ ਚਾਦਰ ਸੂਤ ਕਰੀ। ਇੰਦਰਜੀਤ ਦੇ ਪਿਤਾ ਨੇ ਇੰਦਰਜੀਤ ਦੇ ਮੱਥੇ ਤੋਂ ਖਿੱਲਰੇ ਵਾਲਾਂ ਨੂੰ ਪਿਛਾਂਹ ਕਰਕੇ ਉਸ ਦੇ ਸਿਰ ਨੂੰ ਪੋਲਾ ਜਿਹਾ ਪਿਆਰਨ ਲਈ ਥਾਪੜ ਕੇ ਪੁੱਚ ਦੀ ਅਵਾਜ਼ ਪੈਦਾ ਕਰਦਿਆਂ ਕਿਹਾ, “ਨਾ ਰੋਅ ਨਾ, ਮੇਰੀ ਧੀ।”
ਇੰਦਰਜੀਤ ਨੇ ਅੱਖਾਂ ਘੁੰਮਾ ਕੇ ਸਾਰੇ ਕਮਰੇ ਨੂੰ ਦੇਖਿਆ।
“ਬੇਟਾ ਆਹ ਕੀ ਲੋਹੜਾ ਮਾਰਿਐ ਤੂੰ?” ਗੁਰਪਾਲ ਨੇ ਹੌਲੀ ਦੇਣੇ ਆਪਣੇ ਅੰਦਰੋਂ ਭਾਫ ਕੱਢੀ।
ਇੰਦਰਜੀਤ ਕੁੱਝ ਨਾ ਬੋਲੀ। ਮਾਪਿਆਂ ਦੇ ਚਿਹਰਿਆ ’ਤੇ ਉਪਜੀ ਜਗਿਆਸਾ ਦੇਖ ਕੇ ਨਰਸ ਸਾਰਾ ਕਿੱਸਾ ਬਿਆਨ ਕਰਨ ਲੱਗੀ।
“ਕੁੱਝ ਸ਼ਰਾਰਤੀ ਬੱਚੇ ਇਹਨੂੰ ਬੁਲਿੰਗ ਕਰਦੇ ਸੀ। ਜਿਸ ਤੋਂ ਤੰਗ ਆ ਕੇ ਇਸ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਐ।”
“ਬੁਲਿੰਗ?” ਇੰਦਰਜੀਤ ਦੇ ਪਿਤਾ ਨੇ ਇੰਦਰਜੀਤ ਵੱਲ ਦੇਖਦਿਆਂ ਕਿਹਾ। ਉਸ ਨੂੰ ਜਿਵੇਂ ਨਰਸ ਦੇ ਦੱਸਣ ਨਾਲ ਤਸੱਲੀ ਨਾ ਹੋਈ ਹੋਵੇ।
“ਹਾਂ ਅੱਜਕੱਲ੍ਹ ਇਹ ਕੋਹੜ ਤੇਜ਼ੀ ਨਾਲ ਬਰਤਾਨੀਆ ਦੇ ਸਕੂਲ ਵਿੱਚ ਫੈਲ ਰਿਹਾ ਹੈ। ਹਰ ਸਾਲ ਦੇਸ਼-ਭਰ ਵਿੱਚ ਦੋ ਸੌ ਤੋਂ ਉੱਪਰ ਕੇਸ ਦਰਜ਼ ਹੁੰਦੇ ਹਨ। ਜਿਨ੍ਹਾਂ ਵਿੱਚੋਂ ਹਰ ਵਰ੍ਹੇ ਬਾਰਾਂ ਤੋਂ ਪੰਦਰਾਂ ਬੱਚੇ ਆਤਮਦਾਹ ਕਰਕੇ ਜਾਨਾਂ ਤੋਂ ਹੱਥ ਧੋਹ ਬਹਿੰਦੇ ਹਨ।” ਹੁਣ ਤੱਕ ਨਿਰਅੰਤਰ ਕਾਗਜ਼ ਉੱਪਰ ਕੁੱਝ ਲਿਖੀ ਜਾ ਰਹੇ ਮਨੋਵਿਗਿਆਨਕ ਨੇ ਨਰਸ ਦੀ ਗੱਲ ਨੂੰ ਧੱਕਾ ਜਿਹਾ ਲਾ ਕੇ ਅੱਗੇ ਤੋਰਿਆ।
“ਯੈਸ ਡੈਡ, ਦੈਅ ਵਰ ਬੁਲਿੰਗ ਮੀ।” ਬੁਸ-ਬੁਸ ਕਰਦੀ ਇੰਦਰਜੀਤ ਦੇ ਅੱਥਰੂ ਉਮੜ ਆਏ।
“ਹੈਂਅ ਛੇੜਦੇ ਸੀ ਤੈਨੂੰ?” ਇਹ ਪਹਿਲਾ ਵਾਕ ਸੀ ਜਿਹੜਾ ਇੰਦਰਜੀਤ ਦੇ ਪਿਤਾ ਨੇ ਇੰਦਰਜੀਤ ਨੁੂੰ ਸੰਬੋਧਨ ਹੁੰਦਿਆਂ ਪੰਜਾਬੀ ਵਿੱਚ ਬੋਲਿਆ ਸੀ।
ਇਸ ਤੋਂ ਪਹਿਲਾਂ ਦੀ ਸਾਰੀ ਵਾਰਤਾ ਅੰਗਰੇਜ਼ੀ ਵਿੱਚ ਹੁੰਦੀ ਹੋਣ ਕਰਕੇ ਗੁਰਪਾਲ ਨੂੰ ਡੱਕਾ ਵੀ ਸਮਝ ਨਹੀਂ ਸੀ ਲੱਗੀ। ਇਹ ਹੀ ਇੱਕ ਤੁਕ ਗੁਰਪਾਲ ਵਾਸਤੇ ਰਹਾਉ ਵਾਲੀ ਪੰਗਤੀ ਸੀ। ਇੱਕ ਛੇੜਨਾ ਸ਼ਬਦ ਤੋਂ ਹੀ ਗੁਰਪਾਲ ਨੇ ਸਾਰੀ ਗੱਲਬਾਤ ਦਾ ਨਿਚੋੜ ਕੱਢ ਲਿਆ ਸੀ। ਗੁਰਪਾਲ ਅਨੁਸਾਰ ਉਹਨੇ ਜੋ ਲੱਖਣ ਲਾਇਆ ਸੀ ਉਸਦੇ ਸਹੀ ਹੋਣ ਦੀ ਤਸਦੀਕ ਹੋ ਗਈ ਸੀ।
“ਨ੍ਹੀਂ ਹੈ ਕੌਣ ਆ ਉਹ, ਇੰਡੀਅਨ ਆ ਕੁ ਕੋਈ ਗੋਰਾ ਕਾਲਾ। ਤੇਰਾ ਮੂੰਹ ਟੁੱਟਿਆ ਹੋਇਆ ਸੀ, ਦੱਸਦੀ ਜਦੋਂ ਛੇੜਦਾ ਸੀ। ਤੇਰੀਆਂ ਮਾਸਟਰਨੀ ਨੂੰ ਸ਼ਕਾਇਤ ਕਰਦੇ । ਟੁੱਟ ਪੈਣੇ ਦੇ ਉਹਦੇ ਘਰੇ ਉਲਾਂਭਾ ਦਿੰਦੇ। ਕਾਲਜਾ ਨਾ ਕੱਢ ਲੈਂਦੇ ਉਹਦਾ।” ਗੁਰਪਾਲ ਉਤੇਜਤ ਹੋਈ ਬੋਲੀ ਜਾ ਰਹੀ ਸੀ।
“ਕੀ ਊਟ-ਪਟਾਂਗ ਬੱਕੀ ਜਾਂਨੀ ਏ?” ਗੁਰਪਾਲ ਦਾ ਘਰਵਾਲਾ ਉਹਦੇ ਨਾਲ ਰੋਅਬ ਨਾਲ ਪੇਸ਼ ਆਇਆ।
“ਤੁਸੀਂ ਹੀ ਇਹਨੂੰ ਸਿਰ ਚੜ੍ਹਾਇਆ ਹੋਇਐ। ਸਾਰਾ ਤੁਹਾਡਾ ਕਸੂਰ ਹੈ।“ ਗੁਰਪਾਲ ਨੇ ਪਤੀ ਸਿਰ ਇਲਜ਼ਾਮ ਥੋਪਦਿਆਂ ਸ਼ਿਕਵਾ ਕੀਤਾ।
“ਪਹਿਲਾ ਚੱਜ ਨਾਲ ਗੱਲ ਤਾਂ ਸੁਣ ਲਿਆ ਕਰ। ਆਪਦੇ ਈ ਘੋੜੇ ਨਾ ਭਜਾਉਂਦੀ ਰਿਹਾ ਕਰ।”
“ਲੈ ਤੁਸੀਂ ਮੈਨੂੰ ਕਮਲੀ ਸਮਝਦੇ ਓ। ਥੋਡੇ ਭਾਣੇ ਮੈਨੂੰ ਅੰਗਰੇਜ਼ੀ ਨ੍ਹੀਂ ਆਉਂਦੀ। ਕੀ ਹੋਇਆ ਜੇ ਮੈਂ ਪੜ੍ਹੀ ਲਿਖੀ ਨ੍ਹੀਂ। ਮੈਨੂੰ ਸਭ ਪਤਾ ਲੱਗ ਗਿਐ। ਜੋ ਕੁੜੀ ਨੇ ਦੱਸਿਆ ਹੈ। ਕੀ ਨਾਉਂ ਲੈਂਦੀ ਸੀ ਜੈ ਖਾਣੇ ਦਾ ਭਲਾ ਜਿਹਾ-ਕੀ ਸੀ ਬੋਲਦ ਬੁਲਦ ਜਿਹਾ ਕੁਸ਼?”
“ਬਲਦ ਨਹੀਂ ਬੁਲਿੰਗ ਬੁਲਿੰਗ।” ਉਹਨੇ ਆਪਣੀ ਪਤਨੀ ਨੂੰ ਝਿੜਕਿਆ।
“ਆਹੋ ਉਹੀ ਖਬਰ ਨ੍ਹੀਂ ਕੀ ਜਾਤ-ਕਜਾਤ ਹੋਊ।”
“ਉਹ ਨ੍ਹੀਂ ਜੋ ਤੂੰ ਸਮਝਦੀ ਹੈਂ। ਬੁਲਿੰਗ ਕਿਸੇ ਮੁੰਡੇ ਦਾ ਨਾਉਂ ਨਹੀਂ। ਬੁਲਿੰਗ ਦਾ ਮਤਲਵ ਹੁੰਦਾ ਛੇੜਨਾ, ਸਤਾਉਣਾ, ਤੰਗ ਕਰਨਾ, ਧੌਂਸ ਨਾਲ ਕੋਈ ਕੰਮ ਕਰਾਉਣਾ। ਇਹਨੂੰ ਇਲਤੀ ਕੁੜੀਆਂ ਘੁਰਦੀਆਂ ਸੀ।” ਇੰਦਰਜੀਤ ਦੇ ਪਿਉ ਨੇ ਅੱਖਰੇ ਜਿਹੇ ਬੋਲਾਂ ਵਿੱਚ ਗੁਰਪਾਲ ਨੂੰ ਗੱਲ ਸਮਝਾਈ।
ਗੁਰਪਾਲ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਏਡੀ ਨਿੱਕੀ ਜਿਹੀ ਗੱਲੋਂ ਦੁੱਖੀ ਹੋ ਕੇ ਇੰਦਰਜੀਤ ਨੇ ਐਡਾ ਵੱਡਾ ਕਾਰਾ ਕੀਤਾ ਹੋਵੇਗਾ। ਉਸ ਨੇ ਇੰਦਰਜੀਤ ਦਾ ਸਿਰ ਪਲੋਸ ਕੇ ਪੁਸ਼ਟੀ ਕਰਨ ਲਈ ਉਸ ਤੋਂ ਸਾਰੀ ਅਸਲੀਅਤ ਪੁੱਛੀ।
ਇੰਦਰਜੀਤ ਨੇ ਵੀ ਉਹੀ ਦੱਸਿਆ, “ਹਾਂ ਮੰਮੀ ਮੈਨੂੰ ਕੁੜੀਆਂ ਕੁੱਟਦੀਆਂ ਮਾਰਦੀਆਂ ਸੀ। ਕਹਿੰਦੀਆਂ ਸਨ ਘਰੋਂ ਪੈਸੇ ਲਿਆ ਕੇ ਦਿਆ ਕਰ। ਰੋਜ਼ ਮੇਰੀ ਡੀਨਾ ਮਨੀ ਵੀ ਖੋਹ ਲੈਂਦੀਆਂ ਸਨ। ਮੈਂ ਤੁਹਾਡੇ ਪਰਸ ਵਿੱਚੋਂ ਕੱਢ ਕੇ ਲੈ ਜਾਂਦੀ ਹੁੰਦੀ ਸੀ। ਅੱਜ ਹੈਨੀ ਸੀਗੇ। ਕਹਿੰਦੀਆਂ ਸਨ ਜਿੱਥੋਂ ਮਰਜ਼ੀ ਪੌਂਡ ਲਿਆ ਕੇ ਦੇ। ਮੈਂ ਕਿੱਥੋਂ ਦਿੰਦੀ। ਮੇਰੀ ਇੱਕ ਹੋਰ ਸਹੇਲੀ ਨੂੰ ਵੀ ਬੁਲਿੰਗ ਕੀਤੈ। ਉਹਦਾ ਨਾਂ ਵੀ ਇੰਦਰਜੀਤ ਹੈ। ਉਹਦੇ ਬਲੇਡ ਵੀ ਮਾਰੇ ਨਾਲੇ ਸਾਨੂੰ ਬਹੁਤ ਕੁੱਟਿਆ। ਉਹ ਕੁੜੀਆਂ ਸਾਰੀਆਂ ਡਰੱਗੀ ਆ ਨਾਲੇ ਸਭ ਆਪਣੇ ਬੈਂੱਗਾਂ ਵਿੱਚ ਨਾਇਫ ਰੱਖਦੀਆਂ ਨੇ। ਮੈਂ ਸਕੂਲ ਬਦਲਨ ਬਾਰੇ ਤੁਹਾਨੂੰ ਕਹਿ-ਕਹਿ ਕੇ ਥੱਕ ਗਈ ਹਾਂ। ਪਰ ਤੁਸੀਂ ਮੰਨਦੇ ਹੀ ਨਹੀਂ। ਮੈਂ ਹੋਰ ਕੀ ਕਰਦੀ?”
“ਤੂੰ ਸਾਨੂੰ ਦੱਸਦੀ ਤੇਰੀ ਟਿੱਚਰ ਨੂੰ ਦੱਸਦੇ -ਲੈ ਇਹ ਕਿਹੜੀ ਗੱਲ ਸੀ- ਮੈਥੋਂ ਮੰਗ ਕੇ ਹੋਰ ਪੌਂਡ ਲੈ ਜਾਂਦੀ -ਤੈਨੂੰ ਹਲਕੋਂ ਕੱਢ ਕੇ ਚੀਜ਼ ਦਈਦੀ ਐ।”
ਸਚਾਈ ਜਾਣਨ ਬਾਅਦ ਗੁਰਪਾਲ ਦੇ ਬੋਝਲ ਮਨ ਤੋਂ ਸਾਰਾ ਭਾਰ ਲਹਿ ਗਿਆ। ਇੱਕਦਮ ਉਹਦੇ ਚਿਹਰੇ ’ਤੇ ਖੁਸ਼ੀ ਜਿਹੀ ਝਲਕ ਪਈ, “ਕੱਲ੍ਹ ਤੋਂ ਸਕੂਲੇ ਜਾਂਦੀ ਨੂੰ ਤੈਨੂੰ ਇੱਕ ਦੀ ਥਾਂ ਦੋ ਪੌਂਡ ਦੇ ਦਿਆ ਕਰੂੰ।”
ਇੰਦਰਜੀਤ ਨੂੰ ਲੱਗਿਆ ਜਿਵੇਂ ਉਹਦੀ ਮਾਂ ਨੇ ਕੋਈ ਬਹੁਤ ਵਜ਼ਨੀ ਵਸਤੂ ਉਹਦੇ ਉੱਤੇ ਟਿਕਾ ਦਿੱਤੀ ਹੋਵੇ। ਇੰਦਰਜੀਤ ਕੁੱਝ ਕਹਿਣ ਲੱਗੀ ਸੀ। ਪਰ ਕਹਿ ਨਾ ਸਕੀ ਤੇ ਫਿਰ ਆਪਣੀ ਬਾਂਹ ਨਾਲ ਲੱਗੀ ਗੁਲੂਕੋਸ਼ ਦੀ ਬੋਤਲ ਨੂੰ ਨਿਹਾਰਨ ਲੱਗ ਗਈ। ਮਾਂ ਦੇ ਦਿਲ ਤੋਂ ਭਾਰ ਉਤਰ ਗਿਆ ਸੀ। ਪਰ ਧੀ ਦੇ ਮਨ ’ਤੇ ਬੋਝ ਉਸੇ ਤਰ੍ਹਾਂ ਖੜ੍ਹਾ ਸੀ।
“ਕੱਲ੍ਹ?” ਇਹ ਕਹਿ ਕੇ ਇੰਦਰਜੀਤ ਨੇ ਇੱਕ ਟੱਕ ਗੁਲੂਕੋਸ਼ ਵਾਲੀ ਬੋਤਲ ਵੱਲ ਕੌੜਾ ਜਿਹਾ ਤੱਕਿਆ ਅਤੇ ਫਿਰ ਬੇਹੋਸ਼ ਹੋ ਗਈ।
****
No comments:
Post a Comment