ਡਾਕੀਏ ਦੇ ਦਰਾਂ ’ਚ ਆ ਕੇ ਸਾਇਕਲ ਦੀ ਟੱਲੀ ਮਾਰਨਸਾਰ ਹੀ ਘਰ ਵਿੱਚ ਖੇੜਾ ਆ ਗਿਆ ਸੀ। ਲੱਗਦਾ ਸੀ ਯਾਨੀ ਡਾਕੀਏ ਨੇ ਚਿੱਠੀ ਨਹੀਂ, ਬਲਕਿ ਖੁਸ਼ੀਆਂ ਦੀ ਮੁੱਠ ਖਿਲਾਰ ਕੇ ਵਿਹੜੇ ਵਿੱਚ ਸੁੱਟ ਦਿੱਤੀ ਹੁੰਦੀ ਹੈ। ਧਰਤੀ ਨੂੰ ਭਾਗ ਲੱਗ ਗਏ ਸਨ। ਉਹ ਗਿੱਠ ਕੁ ਦੀ ਥਾਂ ਜਿੱਥੇ ਆ ਕੇ ਚਿੱਠੀ ਡਿੱਗੀ ਸੀ, ਪਵਿੱਤਰ ਹੋ ਗਈ ਸੀ। ਪੂਜਣਯੋਗ ਬਣ ਗਈ ਸੀ।
ਘਰੇ ਕੋਈ ਹੋਰ ਜਾਣਾ ਨਾ ਹੋਣ ਕਰਕੇ, ਸਭੇ ਕੰਮ ਵਿੱਚੇ ਛੱਡ ਕੇ ਬਲਬੀਰ ਕੌਰ ਖ਼ਤ ਚੁੱਕਣ ਗਈ।
ਬਲਬੀਰ ਨੂੰ ਮਲਕ-ਮਲਕ ਤੁਰੀ ਆਉਂਦੀ ਦੇਖ ਕੇ ਕਾਹਲੇ ਡਾਕੀਏ ਨੇ ਰਜਿਸਟਰਡ ਲੈਟਰ ਲਈ ਉਹਦੇ ਹਸਤਾਖਰ ਕਰਵਾਉਣ ਦਾ ਵੀ ਇੰਤਜ਼ਾਰ ਨਹੀਂ ਸੀ ਕੀਤਾ। ਸਗੋਂ ਆਪੇ ਹੀ ਘੁੱਗੀ ਜਿਹੀ ਵਾਹ ਕੇ ਤੁਰਦਾ ਬਣਿਆ ਸੀ। ਡਾਕ ਬਾਬੂ ਦੇ ਖੁਦ ਹੀ ਚੀਟਾ ਮਾਰਨ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਬਲਬੀਰ ਦੇ ਵਿੱਦਿਆ ਤੋਂ ਕੋਰੀ ਹੋਣ ਦਾ ਗਿਆਨ ਸੀ। ਜੇ ਕਿਤੇ ਡਾਕੀਆ ਰਤਾ ਖੜ੍ਹਦਾ ਤਾਂ ਬਲਬੀਰ ਉਹਨੂੰ ਰੋਕ ਕੇ ਪਹਿਲਾਂ ਉਹਦੇ ਤੋਂ ਖੁਲ੍ਹਵਾ ਕੇ ਚਿੱਠੀ ਸੁਣਦੀ ਤੇ ਫੇਰ ਉਹਦਾ ਮੂੰਹ ਮਿੱਠਾ ਕਰਵਾਏ ਬਿਨਾਂ ਨਾ ਉਹਨੂੰ ਜਾਣ ਦਿੰਦੀ।
ਚਿੱਠੀ ਚੁੱਕਦਿਆਂ ਹੀ ਬਲਬੀਰ ਨੂੰ ਅਹਿਸਾਸ ਹੋਇਆ ਜਿਵੇਂ ਅੱਜ ਉਹਨਾਂ ਦੇ ਸਾਰੇ ਟੱਬਰ ਦੀ ਅਰਦਾਸ ਸਫਲ ਹੋ ਗਈ ਹੋਵੇ। ਉਹਦੇ ਗਹਿਰ-ਗੰਭੀਰ ਚਿਹਰੇ ਉੱਤੇ ਮੁਸਕਰਾਹਟਾਂ ਨੇ ਕਬਜ਼ਾ ਕਰ ਲਿਆ, “ਹੇ ਪ੍ਰਮਾਤਮਾ, ਤੇਰਾ ਲੱਖ-ਲੱਖ ਸ਼ੁਕਰ ਆ। ਸੱਚ ਕਿਹਾ ਸੀ ਸਿਆਣਿਆਂ ਨੇ ਤੇਰੇ ਬਾਰੇ, ਕਿ ਤੂੰ ਬਾਰਾਂ ਵਰ੍ਹਿਆਂ ਪਿੱਛੋਂ ਤਾਂ ਰੂੜੀ ਦੀ ਵੀ ਸੁਣ ਲੈਂਦਾ ਹੈਂ। ਸਾਡੇ ਲਈ ਤਾਂ ਛੀਆਂ ’ਚ ਹੀ ਬਹੁੜ ਪਿਐਂ। ਬਥੇਰੇ ਹਾੜੇ ਕੱਢੇ ਸੀ। ਅਸੀਂ ਜਾਣਦੇ ਹਾਂ ਕਿਵੇਂ ਇਹ ਛੀ ਸਾਲ ਲੰਘਾਏ ਨੇ। ਤੇਰੇ ਘਰ ਦੇਰ ਹੈ, ਹਨੇਰ ਨਹੀਂ ਦਾਤਾ।”
ਅਨਪੜ੍ਹ ਹੋਣ ਕਰਕੇ ਉਹ ਆਪ ਪੜ੍ਹ ਤਾਂ ਨਹੀਂ ਸੀ ਸਕਦੀ ਪਰ ਉਹਨੇ ਲਿਫ਼ਾਫ਼ੇ ਦੀ ਖੂਬਸੂਰਤੀ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਇਹ ਚਿੱਠੀ ਯਕੀਨਨ ਕੈਨੇਡਾ ਤੋਂ ਉਹਦੀ ਲੜਕੀ ਕੁੱਕੀ ਦੀ ਹੀ ਹੈ। ਵਿਆਹ ਕਰਵਾ ਕੇ ਜਦੋਂ ਦੀ ਕੁੱਕੀ ਕੈਨੇਡਾ ਜਾ ਕੇ ਵਸੀ ਸੀ। ਇਹਨਾਂ
ਛੇ ਸਾਲਾਂ ਦੇ ਲੰਬੇ ਅਰਸੇ ਦੌਰਾਨ ਉਸ ਨੇ ਸਿਰਫ ਤਿੰਨ ਚਿੱਠੀਆਂ ਹੀ ਪਾਈਆਂ ਸਨ। ਇਹ ਅੱਜ ਚੌਥੀ ਸੀ। ਤੇ ਉਹ ਵੀ ਸੁੱਖ ਨਾਲ ਰਜਿਸਟਰੀ!ਹੱਥ ’ਤੇ ਉਛਾਲ-ਉਛਾਲ ਕੇ ਲਿਫ਼ਾਫ਼ੇ ਦੇ ਵਜ਼ਨ ਦਾ ਅਨੁਮਾਨ ਲਾਉਂਦੀ ਹੋਈ ਉਹ ਖੁਸ਼ੀ ਵਿੱਚ ਕਮਲੀ ਹੁੰਦੀ ਜਾ ਰਹੀ ਸੀ। ਇਸ ਚਿੱਠੀ ਵਿੱਚ ਉਹਦੇ ਸਾਰੇ ਪਰਿਵਾਰ ਦੀ ਕਿਸਮਤ ਦਾ ਫੈਸਲਾ ਸਮੋਇਆ ਹੋਇਆ ਸੀ। ਇਹ ਚਿੱਠੀ ਉਹਨਾਂ ਲਈ ਖੁਸ਼ੀਆਂ ਦਾ ਖਜਾਨਾ ਅਤੇ ਆਉਣ ਵਾਲੀ ਸੁੱਖਾਂ-ਭਰੀ ਜ਼ਿੰਦਗੀ ਦਾ ਐਲਾਨਨਾਮਾ ਸੀ। ਅਜੀਬ ਜਿਹੀ ਮਸਤੀ ਦੇ ਆਲਮ ਵਿੱਚ ਘੁੰਮਦਾ ਬਲਬੀਰ ਦਾ ਜ਼ਿਹਨ ਉਹਨੂੰ ਕੁੱਝ ਵਰ੍ਹੇ ਪਿੱਛੇ ਲੈ ਗਿਆ।
“ਨੀ ਭੈਣੇ ਕੇਰਾਂ ਜਿਹੜਾ ਬੰਦਾ ਹਵਾਈ ਜਹਾਜ਼ ’ਚ ਬੈਠ ਗਿਆ। ਬਸ ਫੇਰ ਦਿੱਲੀਓ ਜਹਾਜ਼ ਉੱਡਣ ਦੀ ਦੇਰ ਆ। ਉਹ ਪਿਛਲੇ ਸਾਰੇ ਸੰਗੀ-ਸਾਥੀਆਂ ਨੂੰ ਭੁੱਲ ਜਾਂਦੈ। ਮੋਹ ਪਿਆਰ ਕਿਸ ਚਿੱੜੀ ਦਾ ਨਾਂ ਐ, ਅਗਲੇ ਨੂੰ ਯਾਦ ਹੀ ਨਹੀਂ ਰਹਿੰਦਾ।”
ਲੋਕਾਂ ਨੇ ਜਦੋਂ ਇਹੋ ਜਿਹੀਆਂ ਗੱਲਾਂ ਕਰਿਆ ਕਰਨੀਆਂ ਤਾਂ ਬਲਬੀਰ ਨੂੰ ਤਾਂ ਉੱਕਾ ਹੀ ਅਜਿਹੀਆਂ ਬੇਤੁਕੀਆਂ ਧਾਰਨਾਵਾਂ ’ਤੇ ਯਕੀਨ ਹੀ ਨਹੀਂ ਸੀ ਆਉਂਦਾ ਹੁੰਦਾ। ਖੂਨ ਦੇ ਰਿਸ਼ਤੇ ਵਾਲਾ ਪੁਖਤਾ ਰੰਗ ਵੀ ਕਦੇ ਫਿੱਕਾ ਪੈਂਦਾ ਹੈ? ਉਂਞ ਕੁੱਕੀ ਵੀ ਕਦੇ ਨਿਰਮੋਹੀ ਹੋ ਜਾਊ ਇਹ ਤਾਂ ਹੋ ਹੀ ਨਹੀਂ ਸੀ ਸਕਦਾ।
ਉਹ ਕੁੱਕੀ ਜਿਹੜੀ ਨਿੱਕੀ ਹੁੰਦੀ ਕੁਲਵੰਤ ਅਤੇ ਜਸਵੰਤ ਆਪਣੇ ਦੋਨਾਂ ਛੋਟੇ ਵੀਰਾਂ ਨੂੰ ਦੇਖ ਦੇਖ ਜਿਉਂਦੀ ਹੁੰਦੀ ਸੀ। ਕੁੱਕੀ ਤੋਂ ਪੂਰੇ ਪੰਜਾਂ ਵਰ੍ਹਿਆਂ ਬਾਅਦ ਹੋਇਆ ਸੀ ਕਲਵੰਤ। ਭੈਣਾਂ ਤਾਂ ਵੀਰਾਂ ਦੀ ਵੱਡਮੁੱਲੀ ਦਾਤ ਲਈ ਸੁੱਖਾਂ ਸੁੱਖਦੀਆਂ ਰੱਬ ਨੂੰ ਅਰਜ਼ੋਈ ਕਰਦੀਆਂ ਹੁੰਦੀਆਂ ਹਨ- ‘ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦੈ।’ ਛੋਟੀ ਹੁੰਦੀ ਕੁੱਕੀ ਵੀ ਜਦੋਂ ਆਪਣੀ ਮਾਂ ਬਲਬੀਰ ਨਾਲ ਗੁਰਦੁਆਰੇ ਜਾਂਦੀ ਹੁੰਦੀ ਸੀ ਤਾਂ ਮੱਥਾ ਟੇਕ ਕੇ ਆਪਣੀ ਤੋਤਲੀ ਜ਼ਬਾਨ ਨਾਲ ਪ੍ਰਮਾਤਮਾ ਅੱਗੇ ਇਹ ਹੀ ਬੇਨਤੀ ਕਰਦੀ ਹੁੰਦੀ ਸੀ, “ਬਾਬਾ ਜੀ, ਵਾਖਰੂ ਜੀ, ਮੈਨੂੰ ਥੇਤੀ-ਥੇਤੀ ਥੇਲਣ ਤੇ ਲੱਥੜੀ ਬੰਨ੍ਹਣ ਨੁੂੰ ਇੱਤ ਨੋਣਾ ਜਿਆ ਵੀਰਾ ਦਿਉ।”
ਸ਼ਾਇਦ ਕੁੱਕੀ ਦੀ ਮਸੂਮੀਅਤ ਤੇ ਹੀ ਮਿਹਰਬਾਨ ਹੋ ਕੇ ਰੱਬ ਨੇ ਉਹਨਾਂ ਦੇ ਘਰ ਪੁੱਤਾਂ ਦੀ ਜੋੜੀ ਦਿੱਤੀ ਸੀ। ਖੈਰ ਕੁੱਝ ਵੀ ਸੀ, ਕੁੱਕੀ ਦਾ ਦੋਨੋਂ ਭਾਈ ਤਿਉ ਕਰਦੇ ਵੀ ਬਹੁਤ ਸਨ। ਉਹ ਵੀ ਦੋਹਾਂ ਧਮਲੇ ਵਰਗੀਆਂ ਵੀਰਾਂ ਦੇ ਸਾਹ ’ਚ ਸਾਹ ਲੈਂਦੀ ਹੁੰਦੀ ਸੀ।
ਪਿਉ ਭਰਪੂਰ ਸਿੰਘ ਨੇ ਵੀ ਕੁੱਕੀ ਨੂੰ ਘੱਟ ਲਾਡ ਨਹੀਂ ਸਨ ਲਡਾਏ। ਪੁੱਤਾਂ ਦੇ ਬਰੋਬਰ ਦੀ ਹਰ ਸ਼ੈਅ ਲਿਆ ਕੇ ਦਿੰਦਾ ਰਿਹਾ ਸੀ ਉਹਨੂੰ। ਵੈਸੇ ਵੀ ਜ਼ਿੰਦਗੀ ਵਿੱਚ ਇੱਕ ਬਾਬਲ ਹੀ ਤਾਂ ਅਜਿਹਾ ਸ਼ਖ਼ਸ ਹੁੰਦਾ ਹੈ ਜੋ ਸਾਰੀ ਉਮਰ ਮਰਦੇ ਦਮ ਤੱਕ ਇਨਸਾਨ ਦੀਆਂ ਹਰ ਜਾਇਜ਼ ਨਾਜਾਇਜ਼ ਖ਼ਾਹਸ਼ਾਂ ਪੂਰੀਆਂ ਕਰਨ ਦਾ ਯਤਨ ਕਰਦਾ ਰਹਿੰਦਾ ਹੈ।
ਮਾਂ ਤਾਂ ਹੁੰਦੀ ਹੀ ਰੱਬ ਦੀ ਥਾਂ ਹੈ। ਮਾਵਾਂ ਧੀਆਂ ਦਾ ਤਾਂ ਹਰ ਭੇਤ ਸਾਂਝਾ ਹੁੰਦਾ ਹੈ। ਮਾਂ ਦਾ ਕਰਜ਼ ਤਾਂ ਬੰਦਾ ਸਾਰੀ ਉਮਰ ਨਹੀਂ ਚੁੱਕਾ ਸਕਦਾ। ਬਿੰਦ ਨਹੀਂ ਬਚਦੀ ਹੁੰਦੀ ਸੀ ਕੁੱਕੀ ਬੀਬੀ ਬਿਨਾਂ। ਉਹਨੇ ਨਿੱਕੀ ਹੁੰਦੀ ਨੇ ਹਮੇਸ਼ਾਂ ਪਾਲੀ ਦੇਤਵਾਲੀਏ ਦਾ ਮਾਵਾਂ ਧੀਆਂ ਦੇ ਰਿਸ਼ਤੇ ’ਤੇ ਅਧਾਰਤ ਗੀਤ ਗਾਉਂਦੀ ਨੇ ਫਿਰਨਾ:- “ਦੁਨੀਆਂ ਦੇ ਉੱਤੇ, ਰਿਸ਼ਤੇ ਨਾਤਿਆਂ ਦੀ ਥੋੜ ਨੀ। ਮਾਵਾਂ ਤੇ ਧੀਆਂ ਵਰਗਾ, ਰਿਸ਼ਤਾ ਕੋਈ ਹੋਰ ਨ੍ਹੀਂ।”
ਘਰ ਦੇ ਹਰ ਜੀਅ ਨਾਲ ਕੁੱਕੀ ਦਾ ਅੰਤਾਂ ਦਾ ਮੋਹ ਸੀ। ਪਰ ਕੈਨੇਡਾ ਵਰਗੇ ਸਵਰਗ ਵਿੱਚ ਜਾ ਕੇ ਜਿਵੇਂ ਉਹ ਸਾਰੇ ਰਿਸ਼ਤੇ ਨਾਤੇ ਭੁੱਲ ਗਈ ਸੀ। ਬਿਲਕੁਲ ਬਦਲ ਗਈ ਸੀ। ਖੌਰੇ ਕੁੱਕੀ ਦਾ ਵੀ ਹੋਰਾਂ ਲੋਕਾਂ ਵਾਂਗੂੰ ਲਹੂ ਚਿੱਟਾ ਹੋ ਗਿਆ ਸੀ। - ਕੁੱਕੀ ਨੇ ਉਹਨਾਂ ਨੂੰ ਯਾਦ ਨਹੀਂ ਰੱਖਿਆ ਸੀ ਤਾਂ ਕੀ ਹੋਇਆ? ਉਹਨਾਂ ਨੇ ਤਾਂ ਨਹੀਂ ਸੀ ਵਿਸਾਰਿਆ ਕੁੱਕੀ ਨੂੰ। ਉਹ ਵਿਸਾਰ ਵੀ ਕਿਵੇਂ ਸਕਦੇ ਸਨ? ਉਹ ਕਿਹੜਾ ਕੈਨੇਡਾ ਚਲੇ ਗਏ ਸਨ। ਕੁੱਕੀ ਨੇ ਤਾਂ ਆਪੇ ਹੀ ਭੁੱਲਣਾ ਸੀ ਜਦ ਬਰਫ਼ੀਲੇ ਮੁਲਖ ’ਚ ਜਾ ਬੈਠੀ ਸੀ। ਆਪੇ ਚੇਤੇ ਰੱਖਦੀ ਜੇ ਕਿਤੇ ਉਹਨਾਂ ਵਾਂਗੂੰ ਪੰਜਾਬ ’ਚ ਭਾਦੋਂ ਦੀਆਂ ਧੁੱਪਾਂ ਵਿੱਚ ਸੁੱਕਣੀ ਪਈ ਰਹਿੰਦੀ। ਇਹ ਚਿੱਠੀ ਦੇਖ ਕੇ ਬਲਬੀਰ ਦੇ ਸਾਰੇ ਸ਼ਿਕਵੇ ਗਿਲੇ ਦੂਰ ਹੋ ਗਏ ਸਨ। ਉਸ ਨੂੰ ਪੂਰਨ ਵਿਸ਼ਵਾਸ ਸੀ ਜ਼ਰੂਰ ਇਹ ਉਹੀ ਖੁਸ਼ਖ਼ਬਰੀ ਵਾਲੀ ਚਿੱਠੀ ਹੈ, ਜਿਸ ਲਈ ਉਹ ਮੁੱਦਤਾਂ ਤੋਂ ਤਰਸੇ ਪਏ ਸਨ। ਉਹਨਾਂ ਨੇ ਤਾਂ ਪਰਵਰਦਗਾਰ ਅੱਗੇ ਜੋਦੜੀਆਂ ਕਰਦਿਆਂ ਮੱਥੇ ਵੀ ਘਸਾ ਲਏ ਸਨ। ਇਸ ਚਿੱਠੀ ਦਾ ਆਉਣਾ ਤਾਂ ਉਸ ਲਈ ਕਿਸੇ ਕਰੀਸ਼ਮੇ ਤੋਂ ਘੱਟ ਨਹੀਂ ਸੀ। ਕਦੇ ਉਹ ਇਸ ਨੂੰ ਪੰਡਤ ਦੇ ਕਰੇ ਹੋਏ ਤਵੀਤ ਦਾ ਅਸਰ ਮੰਨਦੀ ਤੇ ਕਦੇ ਕਿਸੇ ਗੁਰਦੁਆਰੇ ਸੁੱਖੇ ਪ੍ਰਸ਼ਾਦ ਦੀ ਕਰਾਮਾਤ ਤੇ ਕਦੇ ਬਾਬਿਆਂ ਦੀ ਮਿਹਰ ਜਾਂ ਪੀਰਾਂ ਦੀ ਨਜ਼ਰ-ਏ-ਕਰਮ। ਉਹਦਾ ਚਾਅ ਨਾਲ ਪੈਰ ਭੋਏਂ ਤੇ ਨਹੀਂ ਸੀ ਟਿਕਦਾ।
“ਚੱਲ ਚੰਗਾ ਹੋਇਆ ਦਾਦੇ ਮੰਗਾਉਣਾ ਖੜ੍ਹਾ ਨ੍ਹੀਂ। ਨਹੀਂ ਮੈਂ ਪੜ੍ਹਾਉਣ ਬੈਠ ਜਾਣਾ ਸੀ। ਉਹਨੇ ਸਾਰੇ ਪਿੰਡ ’ਚ ਅੱਜ ਈ ਹੋਕਾ ਦੇ ਦੇਣਾ ਸੀ। ਲੋਕ ਅੱਗੇ ਈ ਨ੍ਹੀਂ ਜਰਦੇ ਸਾਨੂੰ ਦੇਖ ਕੇ। ਐਵੇਂ ਨਜ਼ਰ ਹੀ ਲੱਗ ਜਾਂਦੀ ਹੁੰਦੀ ਹੈ ਕਿਸੇ ਚੰਦਰੇ ਦੀ।” ਚਿੱਤ ਚੋਂ ਡਾਕਿਏ ਦੇ ਤੁਰ ਜਾਣ ਦਾ ਅਫ਼ਸੋਸ ਖਾਰਜ ਕਰਨ ਲਈ ਬਲਬੀਰ ਦੇ ਦਿਮਾਗ ਨੇ ਦਿਲ ਨੂੰ ਦਲੀਲ ਘੜ ਕੇ ਸੁਣਾਈ ਅਤੇ ਇਸ ਤਰ੍ਹਾਂ ਆਪਣੇ ਹੀ ਮਨ ਵਿੱਚਲੇ ਤਾਣੇ-ਬਾਣੇ ਵਿੱਚ ਉੱਲਝੀ ਹੋਈ ਨੇ ਉਹਨੇ ਕੁੜਤੀ ਦੇ ਖੀਸੇ ਵਿੱਚ ਹੱਥ ਮਾਰ ਕੇ ਰੁਮਾਲ ਕੱਢਿਆ। ਗੰਢ ਖੋਲ ਕੇ ਪਤਾਸਿਆਂ ਲਈ ਪੰਜਾਂ ਦਾ ਨੋਟ ਤੇ ਚੁਆਨੀ ਕੱਢ ਕੇ ਅੱਡ ਰੱਖ ਲਈ। ਉਹਨੇ ਸੋਚਿਆ ਜਦੋਂ ਘਰ ਦਾ ਕੋਈ ਜੀਅ ਆਇਆ ਤਾਂ ਚਿੱਠੀ ਸੁਣ ਕੇ ਉਹ ਲਾਲੇ ਦੀ ਹੱਟੀਉਂ ਪ੍ਰਸ਼ਾਦ ਲਿਆ ਕੇ ਸਭ ਤੋਂ ਪਹਿਲਾਂ ਆਪਣੀ ਸੁੱਖ ਲਾਹੂਗੀ। ਫੇਰ ਚਾਅ-ਚਾਅ ਵਿੱਚ ਬੰਦਾ ਭੁੱਲ ਜਾਂਦੈ ਤੇ ਭਾਰ ਸਿਰ ਚੜ੍ਹਦਾ ਰਹਿੰਦਾ ਹੈ। ਪਿੱਛੋਂ ਰੱਬ ਦੂਣੀ ਚੱਟੀ ਭਰਾਉਂਦਾ ਹੈ।”
ਬਲਵੀਰ ਚਿੱਠੀ ਨੂੰ ਬੈਠਕ ਵਿੱਚ ਵਿਛੇ ਬਿਸਤਰੇ ਦਾ ਸਿਰਾਹਣਾ ਚੁੱਕ ਕੇ ਉਹਦੇ ਥੱਲੇ ਸਾਂਭ ਆਈ। ਜਿਵੇਂ ਨਾਗਣੀ ਦਾ ਭੋਰਾ ਛਕ ਕੇ ਅਮਲੀ ਸਪੀਡ ਫੜ ਲੈਂਦਾ ਹੈ, ਉਵੇਂ ਹੀ ਚਿੱਠੀ ਦੇ ਨਸ਼ੇ ਵਿੱਚ ਉਹ ਵੀ ਘਰ ਦੇ ਕੰਮ-ਕਾਰ ਕਰਨ ਵਿੱਚ ਮਸ਼ੀਨ ਬਣ ਗਈ।
ਜਿਵੇਂ ਅਜ਼ਲਾਂ ਤੋਂ ਹੁੰਦਾ ਆਇਆ ਹੈ, ਹੁਸਨ ਦਾ ਕਮਲ ਗਰੀਬੀ ਦੇ ਚਿੱਕੜ ’ਚ ਹੀ ਖਿੜਦਾ ਹੈ। (ਇਹ ਗੱਲ ਵੱਖਰੀ ਹੈ ਕਿ ਤੋੜ ਕੇ ਮਗਰੋਂ ਅਮੀਰੀ ਦੇ ਗੁਲਦਸਤੇ ਵਿੱਚ ਸਜਾ ਦਿੱਤਾ ਜਾਂਦਾ ਹੈ) ਉਵੇਂ ਰੂਪ ਦੀ ਖਾਣ ਕੁੱਕੀ, ਪੂਰੇ ਪੱਚੀ ਵਰ੍ਹੇ ਪਹਿਲਾਂ ਭਰਪੂਰ ਦੇ ਘਰ, ਬਲਬੀਰ ਦੀ ਕੁੱਖੋਂ ਜਨਮੀ ਸੀ। ਪਲੇਠਾ ਨਿਆਣਾ ਤੇ ਉਹ ਵੀ ਕੁੜੀ ਮੱਥੇ ਆ ਵੱਜੇ ਤਾਂ ਰਾਜੇ-ਮਹਾਰਜੇ ਵੀ ਚਾਗਾਂ ਮਾਰਨ ਲੱਗ ਜਾਂਦੇ ਹਨ। ਫੇਰ ਉਹਨਾਂ ਗਰੀਬਾਂ ਦੀ ਡਾਡ ਨਿਕਲਣਾ ਤਾਂ ਕੋਈ ਅਲੋਕਾਰ ਨਹੀਂ ਸੀ। ਭਰਪੂਰ ਦਾ ਤਾਂ ਕਈ ਦਿਨ ਰੋਟੀ ਖਾਣ ਨੂੰ ਚਿੱਤ ਨਹੀਂ ਸੀ ਕਰੀਆ। ਧੱਕਾ ਵੀ ਤਾਂ ਰੱਬ ਨੇ ਕਿੱਡਾ ਕਰਿਆ ਸੀ ਉਹਦੇ ਨਾਲ। ਇੱਕ ਗ਼ੁਰਬਤ ਤੇ ਉੱਤੋਂ ਕੰਨਿਆ ਦੇ ਦਿੱਤੀ ਸੀ। ਧੀਆਂ ਦੇ ਤਾਂ ਜੰਮਣਸਾਰ ਮਾਪੇ ਦਾਜ ਜੋੜਨਾ ਸ਼ੁਰੂ ਕਰਨ, ਤਾਂ ਕਿਤੇ ਜਾ ਕੇ ਮਸਾਂ ਚਾਰ ਚੀਜ਼ਾਂ ਜੁੜਦੀਆਂ ਦਰੋਂ ਤੋਰਨ ਵੇਲੇ ਤੱਕ। ਇੱਕ ਇਹ ਮੁਸ਼ਕਲ ਹੀ ਥੋੜਾ ਹੈ? ਹੋਰ ਵੀ ਸੌ ਸੌ ਦੁੱਖ ਹੁੰਦੇ ਨੇ ਧੀਆਂ ਦੇ। ਧੀਆਂ ਵਾਲੇ ਤਾਂ ਸਾਰੀ ਉਮਰ ਤੜਫਦੇ, ਸਹਿਕਦੇ ਰਹਿੰਦੇ ਨੇ। ਅਜੋਕੇ ਜਨਮ ’ਚ ਧੀ ਹੋਵੇ ਤਾਂ ਸਮਝੋਂ ਪਿਛਲੇ ਜਨਮ ’ਚ ਤੁਸੀਂ ਬਹੁਤ ਪਾਪ ਕੀਤੇ ਹੋਣੇ ਨੇ, ਜਿਨ੍ਹਾਂ ਦੀ ਇਸ ਜਨਮ ਵਿੱਚ ਤੁਹਾਨੂੰ ਸਜ਼ਾ ਮਿਲੀ ਹੈ। ਔਰਤ ਹੋਣਾ ਹੀ ਗੁਨਾਹ ਹੈ, ਭਾਰੀ ਗੁਨਾਹ। ਮਹਾਂ ਪਾਪ!
ਗੋਲ-ਮਟੋਲ, ਨਰਮ ਜਿਹੇ ਜਿਉਂਦੇ ਜਾਗਦੇ ਖਿਡਾਉਣੇ ਨੂੰ ਭਰਪੂਰ ਅੱਖਾਂ ਮੂਹਰੇ ਦੇਖ ਕੇ ਬਿਲਕੁਲ ਨਹੀਂ ਜਰਦਾ ਸੀ। ਉਹ ਨਹਿਸ਼ ਜੀਵ ਜੇ ਕਿਤੇ ਗੋਹੇ ਦਾ ਬੱਠਲ ਹੁੰਦਾ ਤਾਂ ਉਹ ਕਿੱਦਣ ਦਾ ਰੂੜੀ ’ਤੇ ਸੁੱਟ ਕੇ ਲਾਂਭੇ ਕਰਦਾ। ਪਰ ਧੀ ਧਿਆਣੀ ਨੂੰ ਕੀ ਕਰ ਸਕਦਾ ਸੀ? ਸਿਵਾਏ ਧੁਤਕਾਰਨ ਅਤੇ ਅਪਿਆਰਨ ਦੇ। ਭਰਪੂਰ ਤਾਂ ਡੋਲਿਆ ਪਿਆ ਸੀ। ਉਹਦਾ ਤਾਂ ਜੱਗ ’ਤੇ ਜਿਉਣ ਨੂੰ ਹੀ ਜੀਅ ਨਹੀਂ ਸੀ ਕਰਦਾ। ਜਦੋਂ ਕਿਤੇ ਪੰਜ ਵਰ੍ਹਿਆਂ ਬਾਅਦ ਜਾ ਕੇ ਵੱਡੇ ਮੁੰਡੇ ਦਾ ਮੁੱਖ ਤੱਕਿਆ ਸੀ ਤਾਂ ਉਹਨੂੰ ਕੁੱਝ ਹੌਸਲਾ ਹੋਇਆ ਸੀ। ਫੇਰ ਦੂਏ ਮੁੰਡੇ ਮਗਰੋਂ ਤਾਂ ਉਹਨੂੰ ਉਹੀ ਧੀ ਕਰਮਾਂ ਵਾਲੀ ਜਾਪਣ ਲੱਗ ਪਈ ਸੀ। ਫਿਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਸੀ, ਉਵੇਂ ਹਲਾਤ ਬਦਲਦੇ ਗਏ। ਮੁੜ ਉਹਨਾਂ ਕਦੇ ਕੁੱਕੀ ਨੂੰ ਨਫ਼ਰਤ ਦੀ ਨਿਗਾਹ ਨਾਲ ਨਹੀਂ ਸੀ ਤੱਕਿਆ।
ਵਕਤ ਨਾਲ ਕੁੱਕੀ ਮੁਟਿਆਰ ਹੋਣ ਲੱਗੀ ਸੀ। ਜਦੋਂ ਕੁੜੀਆਂ ਘਰਾਂ ਦੀਆਂ ਕੰਧਾਂ ਦੇ ਹਾਣ ਦੀਆਂ ਹੋ ਜਾਣ, ਮਾਪਿਆਂ ਲਈ ਸੰਕੇਤ ਹੁੰਦਾ ਕਿ ਹੁਣ ਹੋਰ ਦੇਰ ਕਰਨੀ ਮੁਨਾਸਬ ਨਹੀਂ। ਜਲਦ ਹੱਥ ਪੀਲੇ ਕਰ ਦੇਣੇ ਚਾਹੀਦੇ ਹਨ। ਕੁੱਕੀ ਸੁਨੱਖੀ ਹੋਣ ਕਰਕੇ ਇਲਾਕੇ ਵਿੱਚ ਉਹਦੇ ਹੁਸਨ ਦੀ ਧੁੰਮ ਪਈ ਹੋਈ ਸੀ। ਉਂਝ ਉਹ ਪੁੱਜ ਕੇ ਸ਼ਰੀਫ਼ ਸੀ। ਦੂਰੋਂ ਪੇਚਾਂ ਵਾਲੀ ਪੱਗ ਦੇਖ ਕੇ ਨੀਵੀਂ ਪਾ ਲਿਆ ਕਰਦੀ ਸੀ। ਸਾਰਾ ਪਿੰਡ ਉਹਦੇ ਸੱਚੇ-ਸੁੱਚੇ ਇਖਲਾਕ ਦੀ ਸ਼ਾਹਦੀ ਭਰਦਾ ਸੀ। ਅਗਲਾ ਆਪਣੀ ਧੀ-ਭੈਣ ਨਾਲੋਂ ਵੀ ਵੱਧ ਸਾਊ ਆਖ ਕੇ ਕੁੱਕੀ ਦੇ ਆਚਰਨ ਨੂੰ ਸਲਾਉਂਦਾ। ਨੇਕ ਚਾਲ-ਚਲਨ ਕਰਕੇ ਕਦੇ ਕੋਈ ਉਲਾਂਭਾ ਤਾਂ ਨਹੀਂ ਸੀ ਆਇਆ। ਫੇਰ ਵੀ ਪਰਾਏ ਧਨ ਨੂੰ ਉਹ ਕਿਤੇ ਕਿੰਨੀ ਕੁ ਦੇਰ ਘਰ ਬੈਠਾ ਕੇ ਰੱਖ ਸਕਦੇ ਸਨ।
ਭਾਵੇਂ ਯੁੱਗ ਕੋਈ ਵੀ ਹੋਵੇ ਮਨੁੱਖ ਵਿੱਚ ਹਮੇਸ਼ਾਂ ਪ੍ਰਦੇਸ ਵੱਲ ਜਾਣ ਦੀ ਖਿੱਚ ਰਹੀ ਹੈ। ਅਣਦੇਖਿਆ, ਅਣਜਾਣਿਆ, ਬੇਗਾਨਾ ਦੇਸ਼ ਇੱਕ ਹਊਆ ਹੁੰਦਾ ਹੈ। ਪਰ ਜਦੋਂ ਕੁ ਕੁੱਕੀ ਨੇ ਜਵਾਨੀ ਦੇ ਰਾਹਾਂ ’ਤੇ ਪੈਰ ਪਾਏ ਸਨ, ਉਦੋਂ ਕੁ ਤਾਂ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਇੱਛਾ ਪ੍ਰਬਲ ਹੋ ਗਈ ਸੀ। ਧੜਾਧੜ ਖ਼ਲਕਤ ਬਾਹਰਲੇ ਮੁਲਖਾਂ ਨੂੰ ਢੁੱਕ ਰਹੀ ਸੀ। ਕਿਸੇ ਅਮੀਰ ਘਰ ਦਾ ਮੁੰਡਾ ਹੁੰਦਾ ਤਾਂ ਭੱਜ ਕੇ ਬਾਹਰਲੇ ਉਹਨੂੰ ਸਾਕ ਕਰ ਦਿੰਦੇ। ਕਿਸੇ ਦੀ ਕੁੜੀ ਸੋਹਣੀ ਹੁੰਦੀ ਤਾਂ ਬਾਹਰਲੇ ਮੁੰਡੇ ਉਹਦੇ ’ਤੇ ਮਰ ਕੇ ਡਿੱਗਦੇ। ਮੁੰਡਿਆਂ ਦੀ ਦੌਲਤ ਤੇ ਕੁੜੀਆਂ ਦੇ ਸੁਹੱਪਣ ਦਾ ਮੁੱਲ ਪੈਂਦਾ। ਕੁੱਝ ਚਿਰ ਬਾਅਦ ਉਹ ਇੰਡੀਆ ਦਾ ਮੁੰਡਾ ਜਾਂ ਕੁੜੀ ਪ੍ਰਦੇਸ ਪਹੁੰਚਦਿਆਂ ਹੀ ਆਪਣੇ ਪਰਿਵਾਰ ਨੂੰ ਵੀ ਆਪਣੇ ਕੋਲ ਮੰਗਵਾ ਲੈਂਦਾ। ਦੇਸ਼ ਵਿੱਚ ਰਿਸ਼ਤੇ ਕਰਨ ਦਾ ਰਿਵਾਜ ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਸੀ। ਮੁੰਡੇ ਨੂੰ ਤਾਂ ਅਗਲਾ ਔਖਾ-ਸੌਖਾ ਇੰਡੀਆ ਵਿੱਚ ਵਿਆਹ ਲੈਂਦਾ, ਪਰ ਕੁੜੀ ਦਾ ਤਾਂ ਹਰੇਕ ਬਾਹਰ ਰਿਸ਼ਤਾ ਕਰਨ ਦੀ ਕੋਸ਼ਿਸ਼ ਕਰਦਾ। ਅਗਲਾ ਸੋਚਦਾ ਕੁੜੀ ਦਾ ਵਿਆਹ ਕਰਨ ’ਤੇ ਚਾਰ ਪੰਜ ਲੱਖ ਤਾਂ ਲੱਗਣਾ ਹੀ ਹੁੰਦਾ ਹੈ। ਕਿਉਂ ਨਾ ਉੱਥੇ ਲਾਇਆ ਜਾਵੇ, ਜਿੱਥੋਂ ਕੁੱਝ ਵਾਪਸ ਮੁੜਨ ਦੀ ਆਸ ਹੋਵੇ। ਜੇ ਵਤਨ ’ਚ ਕੁੱੜੀ ਵਿਆਹੀ ਹੋਵੇ ਤਾਂ ਰੋਜ਼ ਹੀ ਹੱਥ ਹੌਲਾ ਕਰਨਾ ਪੈਂਦਾ ਹੈ। ਕੋਈ ਨਾ ਕੋਈ ਦਿਨ-ਸੁਧ, ਤੀਜ-ਤਿਉਹਾਰ ਤਾਂ ਆਇਆ ਹੀ ਰਹਿੰਦਾ ਹੈ। ਬਾਹਰਲੇ ਮੁੰਡੇ ਨੂੰ ਤਾਂ ਇੱਕ ਦਿਨ ਹੀ ਦਹੇਜ ਦੇ ਕੇ ਖਹਿੜਾ ਛੁੱਟ ਜਾਂਦਾ। ਫਿਰ ਬਾਹਰ ਜਾਂਦਿਆਂ ਹੀ ਕੁੜੀਆਂ ਸਾਹੁਰਿਆਂ ਤੋਂ ਸਭ ਕੁੱਝ ਹੂੰਝ ਕੇ ਪੇਕਿਆਂ ਨੂੰ ਭੇਜਣ ਲੱਗ ਜਾਂਦੀਆਂ। ਹੋਰ ਨਹੀਂ ਤਾਂ ਜੀਹਨੇ ਕਦੇ ਲੌਡੂਵਾਲ ਟੱਪ ਕੇ ਨਾ ਦੇਖਿਆ ਹੁੰਦਾ। ਉਹ ਵੀ ਕੁੜੀ ਦੇ ਸਾਹੁਰਿਆਂ ਦੀ ਬਦੌਲਤ ਨਾਇਆਗਰਾ ਫਾਲਸ ਜਾ ਕੇ ਮੁੱਛਾਂ ਮਰੋੜ-ਮਰੋੜ ਫੋਟੋਆਂ ਖਿੱਚਵਾਉਂਦਾ। ਬਾਹਰ ਨਿਆਣੇ ਵਿਆਹੁਣ ਦੇ ਫ਼ਾਇਦੇ ਹੀ ਫ਼ਾਇਦੇ ਹਨ।
ਭਰਪੂਰ ਹੋਰਾਂ ਨੇ ਵੀ ਕੁੱਕੀ ਦੇ ਨਿੱਕੀ ਹੁੰਦਿਆਂ ਹੀ ਆਪਣੀਆਂ ਅੱਖੀਆਂ ਵਿੱਚ ਸੁਪਨਾ ਸੰਜੋਅ ਲਿਆ ਸੀ ਕਿ ਉਹ ਵੀ ਕੁੱਕੀ ਦਾ ਵਿਆਹ ਕਿਸੇ ਬਾਹਰਲੇ ਮੁੰਡੇ ਨਾਲ ਹੀ ਕਰਨਗੇ। ਉਹਨਾਂ ਨੇ ਸੋਚਿਆ ਸੀ ਕਿ ਲੱਕੜੀ ਸੰਗ ਲੋਹਾ ਵੀ ਤਰ ਜੂ। ਉਹ ਵੀ ਕੁੱਕੀ ਦੇ ਜ਼ਰੀਏ ਬਾਹਰਲਾ ਮੁਲਖ ਦੇਖ ਲੈਣਗੇ। ਉੱਧਰ ਜਾ ਕੇ ਉਹਨਾਂ ਨੂੰ ਜੱਦੀ-ਪੁਸ਼ਤੀ ਗਰੀਬੀ ਤੋਂ ਵੀ ਛੁਟਕਾਰਾ ਮਿਲ ਜਾਉਗਾ। ਉਹ ਵੀ ਫੇਰ ਅਮਰੀਕਨ, ਕਨੇਡੀਅਨ ਜਾਂ ਇੰਗਲੈਂਡੀਅਨ ਕਹਾਉਣਗੇ। ਮੋਟੀਆਂ-ਮੋਟੀਆਂ ਸੋਨੇ ਦੀਆਂ ਸੰਗਲੀਆਂ ਪਾਈ, ਅੱਖਾਂ ਤੇ ਕਾਲੀਆਂ ਠੰਡੀਆਂ ਰੇਅ ਬੈਨ ਦੀਆਂ ਐਨਕਾਂ ਲਾਈ, ਉਹ ਦਿੱਲੀਉਂ ਉਤਰਿਆ ਕਰਨਗੇ। ਵਿਦੇਸ਼ੀ ਇੱਤਰ ਨਾਲ ਧੋਤੇ ਉਹਨਾਂ ਦੇ ਕੱਪੜਿਆਂ ਵਿੱਚੋਂ ਨਿਕਲ ਕੇ ਸੁੰਗਧ ਦੀਆਂ ਲਪਟਾਂ ਦੂਰ-ਦੂਰ ਤੱਕ ਖਿੱਲਰ ਜਾਇਆ ਕਰਨਗੀਆਂ। ਸ਼ੇਖ ਚੀਲੀ ਵਾਂਗੂੰ ਭਰਪੂਰ ਕਈ ਵਾਰੀ ਖ਼ਾਬਾਂ ਦੇ ਮਹਿਲ ਉਸਾਰਦਾ ਰਹਿੰਦਾ ਹੁੰਦਾ ਸੀ।
ਜਿੱਥੇ ਕਿਤੇ ਕਿਸੇ ਮੁੰਡੇ ਦੀ ਦੱਸ ਪੈਂਦੀ ਭਰਪੂਰ ਤੜਕੇ-ਤੜਕੇ ਹੀ ਜਾ ਅਗਲੇ ਦਾ ਕੁੰਡਾ ਖੜਕਾਉਂਦਾ। ਉਸ ਤੋਂ ਤਾਂ ਜ਼ਰਾ ਵੀ ਸਬਰ ਨਹੀਂ ਸੀ ਹੁੰਦਾ। ਉਹਨੂੰ ਤਾਂ ਸੀ, ਕਿਹੜਾ ਵੇਲਾ ਹੋਵੇ ਕੁੱਕੀ ਬਾਹਰ ਜਾਵੇ ਤੇ ਉਹਨਾਂ ਨੂੰ ਮੰਗਾਵੇ। ਬਸ ਇੱਕ ਪ੍ਰਵਾਸੀ ਮੁੰਡੇ ਦੇ ਲੱਭਣ ਦੀ ਉਡੀਕ ਸੀ, ਉਹਦਾ ਤਾਂ ਸ਼ਗਨ ਫੜਾਉਣ ਨੂੰ ਰੁਪਈਆ ਕੱਢ ਕੇ ਤਲੀ ਤੇ ਤਿਆਰ-ਬਰ-ਤਿਆਰ ਰੱਖਿਆ ਹੁੰਦਾ ਸੀ। ਜਿਹੜਾ ਵੀ ਟੱਕਰਦਾ ਉਹ ਹਰੇਕ ਨੂੰ ਕਹਿ ਛੱਡਦਾ ਸੀ। ਭਾਈ ਕੋਈ ਚੰਗਾਂ ਮੁੰਡਾ ਨਿਗਾਹ ’ਚ ਹੋਇਆ ਤਾਂ ਦੱਸਿਓ।
ਬਾਹਰਲਾ ਸਾਕ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਥੋੜਾ ਹੈ? ਬਾਹਰਲੇ ਲੋਕ ਵੀ ਮੋਟਾ ਮੁਰਗਾ ਦੇਖ ਕੇ ਝਟਕਾਉਂਦੇ ਹਨ। ਗਰੀਬ-ਗੁਰਬੇ ਨੂੰ ਕਿਹੜਾ ਲੱਤ ਲਾਉਂਦਾ ਹੈ? ਅੱਗੋਂ ਅਗਲਾ ਵੀ ਭਰਪੂਰ ਦੇ ਕੱਪੜਿਆਂ ਦੀ ਖਸਤਾ ਕੈਫ਼ੀਅਤ ਤੋਂ ਉਹਦੀ ਆਰਥਿਕ ਸ਼ਮਤਾ ਦਾ ਅਨੁਮਾਨ ਲਾ ਕੇ ਟਾਲਣ ਲਈ ਬਹਾਨਾ ਮਾਰ ਦਿੰਦਾ। ਕੋਈ ਨ੍ਹੀਂ ਬੇਫ਼ਿਕਰ ਰਹੋ, ਜ਼ਰੂਰ ਦੱਸ ਪਾਵਾਂਗੇ।
ਪਰ ਅੰਦਰੋਂ ਅਗਲਾ ਆਪਣੇ ਜੀਅ ’ਚ ਕੁੱਝ ਹੋਰ ਹੀ ਆਖਦਾ, “ਛੱਪੜ ’ਚ ਮੂੰਹ ਧੋਤੈ ਕਦੇ? ਸਾਲੇ ਨੰਗਾਂ ਨੇ ਬਾਹਰ ਨੂੰ ਜਾਣੈ। ਇਹ ਸ਼ਕਲਾਂ ਬਾਹਰ ਜਾਣ ਵਾਲੀਆਂ ਨੇ? ਬਾਹਰ ਤਾਂ ਪੜ੍ਹੇ ਲਿਖੇ ਬਣਦੇ-ਤਣਦੇ ਅਮੀਰਾਂ ਨੂੰ ਜਾਣ ਦਾ ਹੱਕ ਐ। ਤੁਸੀਂ ਮਿੱਟੀ ਕੱਢਣ ਜਾਣੈ ਓਧਰ।”
ਇਸੇ ਤਰ੍ਹਾਂ ਭਰਪੂਰ ਨੂੰ ਕਿਸੇ ਨੇ ਦੱਸ ਪਾਈ ਕਿ ਸ਼ਹਿਰ ਫਲਾਣੇ ਬਜਾਜੀ ਦੀ ਹੱਟੀ ਵਾਲੇ ਕੋਲ ਜਾ। ਪੂਰੇ ਦੋ ਸੌ ਰਿਸ਼ਤੇ ਕਰਵਾਏ ਨੇ ਉਹਨੇ। ਵਿਦੇਸ਼ਾਂ ਵਿੱਚ ਰਿਸ਼ਤੇ ਕਰਵਾਉਣ ਦਾ ਮਾਹਰ ਹੈ।
ਔਲਾਦ ਖਾਤਰ ਤਾਂ ਬੰਦਾ ਰੱਬ ਕੋਲ ਵੀ ਚਲਾ ਜਾਵੇ। ਭਰਪੂਰ ਨੇ ਵੀ ਓਦਣੇ ਹੀ ਉਸ ਦੱਸੇ ਪਤੇ ’ਤੇ ਜਾ ਅਲਖ ਜਗਾਈ ਸੀ।
ਦੁਕਾਨ ’ਤੇ ਫ਼ੌਰਨਰਾਂ ਦਾ ਤਾਂਤਾ ਲੱਗਿਆ ਹੋਇਆ ਸੀ। ਦੁਕਾਨਦਾਰ ਵਪਾਰ ਨਾਲੋਂ ਬਹੁਤਾ ਸਾਕ ਕਰਵਾਉਣ ਵਿੱਚ ਰੁੱਝਿਆ ਹੋਇਆ ਸੀ। ਰਿਸ਼ਤੇ ਕਰਨੇ ਕਰਾਉਣੇ ਕੱਪੜਿਆਂ ਵਾਲਿਆਂ ਨੇ ਸਾਇਡ ਬਿਜ਼ਨਿਸ ਬਣਾ ਰੱਖਿਆ ਸੀ। ਉਹਨਾਂ ਨੂੰ ਦੂਹਰਾ ਫ਼ਾਇਦਾ ਹੁੰਦਾ ਸੀ। ਨਾਲੇ ਪੁੰਨ ਤੇ ਨਾਲੇ ਫਲੀਆਂ। ਇੱਕ ਤਾਂ ਜੀਹਦਾ ਰਿਸ਼ਤਾ ਕਰਵਾਉਂਦੇ, ਉਹਨਾਂ ਦੋਨਾਂ ਪਾਸੇ ਦੇ ਬੰਦਿਆਂ ਦੇ ਉੱਤੇ ਲੱਤ ਰੱਖਦੇ, ਉਹਨਾਂ ਤੋਂ ਆਪਣੀ ਬੱਲੇ-ਬੱਲੇ ਕਰਵਾਉਂਦੇ। ਦੂਸਰਾ ਅਗਲਾ ਝੇਪ ਮੰਨਦਾ ਹੋਇਆ ਅਹਿਸਾਨ ਦੀ ਗੱਠੜੀ ਦਾ ਬੋਝ ਹੌਲਾ ਕਰਨ ਦਾ ਮਾਰਾ ਕੱਪੜਾ-ਲੱਤਾ ਉਹਨਾਂ ਤੋਂ ਹੀ ਖਰੀਦਦਾ। ਤੇ ਅਗਲੇ ਦੀ ਜੁਰਅਤ ਵੀ ਨਹੀਂ ਪੈਂਦੀ ਹੁੰਦੀ ਕਿ ਕੱਪੜਾ ਪੜਵਾਉਣ ਤੋਂ ਅੱਗੋਂ ਭਾਅ ਪੁੱਛ ਲਵੇ। ਵਿਆਹ ਤੋਂ ਪਹਿਲਾਂ ਤਾਂ ਵਿਚੋਲੇ ਦੀ ਜਵਾਈਆਂ ਵਾਂਗੂੰ ਖਾਤਰਦਾਰੀ ਕਰਨੀ ਪੈਂਦੀ ਹੈ।
ਦੁਕਾਨਦਾਰ ਤੀਰਥ ਮੱਲ ਨਾਲ ਥੋੜੀ ਜਿਹੀ ਗੱਲਬਾਤ ਬਾਅਦ ਹੀ ਭਰਪੂਰ ਨੂੰ ਯਕੀਨ ਹੋ ਗਿਆ ਸੀ ਕਿ ਇਹ ਬੰਦਾ ਜ਼ਰੂਰ ਉਸ ਨੂੰ ਯੋਗ ਵਰ ਭਾਲ ਦੇਵੇਗਾ।
“ਕੋਈ ਬਹੁਤੇ ਲਾਲਚੀ ਜਿਹੇ ਬੰਦੇ ਨਾ ਹੋਣ। ਇਹ ਨਾ ਹੋਵੇ ਦੇਣ-ਲੈਣ ਲਈ ਸਾਰੀ ਉਮਰ ਕੁੜੀ ਦੇ ਗਲ ’ਚ ਗੁੱਠਾ ਹੀ ਦੇਈ ਰੱਖਣ।” ਭਰਪੂਰ ਤੀਰਥ ਨੂੰ ਆਪਣੀ ਆਰਥਿਕ ਸਮਰੱਥਾ ਤੋਂ ਜਾਣੂ ਕਰਵਾ ਕੇ ਆਪਣਾ ਪਤਾ, ਕੁੱਕੀ ਦੀ ਫੋਟੋ ਅਤੇ ਹੋਰ ਲੋੜੀਂਦਾ ਬਿਓਰਾ ਉਸ ਦੀ ਦੁਕਾਨ ਤੇ ਛੱਡ ਆਇਆ ਸੀ।
ਕੁੱਝ ਦਿਨਾਂ ਬਾਅਦ ਤੀਰਥ ਨੇ ਆਪਣੀ ਡੀਜ਼ਲ ਵਾਲੀ ਫੀਅਟ ਉਹਨਾਂ ਦੇ ਦਰਾਂ ਮੂਹਰੇ ਲਿਆ ਲਾਈ ਸੀ। ਉਹਨੇ ਦਰ ਵੜਦਿਆਂ ਹੀ ਮੁੰਡੇ ਵਾਲਿਆਂ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਣੇ ਸ਼ੁਰੂ ਕਰ ਦਿੱਤੇ ਸਨ, “ਸਰਦਾਰ ਬਹਾਦਰ ਝੋਟੇ ਦੇ ਸਿਰ ਵਰਗੀ ਸ਼ਹਿਰ ਦੀ ਤੀਹ ਕਿਲੇ ਜ਼ਮੀਨ। ਅਗਲਿਆਂ ਦਾ ਕੱਲਾ-ਕੱਲਾ ਮੁੰਡਾ। ਨੌਕਰ-ਚਾਕਰ ਰੱਖੇ ਹੋਏ ਨੇ ਖੇਤੀ-ਬਾੜੀ ਦਾ ਕੰਮ ਉਹੀ ਸਾਂਭਦੇ ਨੇ। ਸੋਹਣਾ-ਸੁਨੱਖਾ ਐਨਾ ਆ ਬਈ ਦੇਖ ਕੇ ਭੁੱਖ ਲੈਂਦੀ ਐ। ਖੂਬ ਪੜ੍ਹਿਆ-ਲਿਖਿਐ, ਗਰੈਜੂਏਟ ਹੈ। ਭਾਵੇਂ ਆਥਣ ਨੂੰ ਵੀਹ ਨੌਕਰੀਆਂ ਲੈ ਲਵੇ। ਪਰ ਉਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ? ਰੱਜੇ-ਪੁੱਜੇ ਬੰਦੇ ਨੇ। ਐਂ ਫੱਸ ਕਲਾਸ ਕੋਠੀ ਪਾ ਕੇ ਸ਼ਾਹੀ ਠਾਠ-ਬਾਠ ਨਾਲ ਰਹਿੰਦੇ ਨੇ। ਆਗਰਿਓ ਸਪੈਸ਼ਲ ਪੱਧਰ ਦੀਆਂ ਟੁਕੜੀਆਂ ਮੰਗਾ ਕੇ ਸੰਗਮਰਮਰੀ ਫ਼ਰਸ਼ ਲਾਇਆ ਹੋਇਐ ਸਾਰੇ ਘਰ ’ਚ। ਬਸ ਸਾਊ ਕੁੜੀ ਭਾਲਦੇ ਸੀ। ਇਸ ਲਈ ਮੈਂ ਥੋਡੀ ਗੱਲ ਚਲਾ ਦਿੱਤੀ।”
“ਅੱਛਾ ਤਾਂ ਮੁੰਡਾ ਇੱਥੇ ਈ ਆ।” ਭਰਪੂਰ ਨੇ ਕੋਈ ਦਿਲਚਸਪੀ ਨਾ ਦਿਖਾਉਂਦਿਆਂ ਕਿਹਾ ਸੀ। ਦਰਅਸਲ ਪਹਿਲਾਂ ਉਹ ਤੀਰਥ ਨੂੰ ਆਪਣੀ ਤਮੰਨਾ ਦੱਸਣ ਵੇਲੇ ਇੱਕ ਇਹ ਨੁਕਤਾ ਦੱਸਣ ਲੱਗਿਆ ਝਿਜਕ ਗਿਆ ਸੀ। ਉਹਨੇ ਸੋਚਿਆ ਸੀ ਇਸ ਬੰਦੇ ਦਾ ਬਾਹਰਲਿਆਂ ਨਾਲ ਵਾਹ ਪੈਂਦਾ ਹੈ। ਆਪੇ ਹੀ ਕੋਈ ਬਾਹਰਲਾ ਮੋਰਚਾ ਮਾਰੂ।
“ਹਾਂ ਜੀ, ਨੇੜੇ ਦੀ ਸਾਕ-ਸਕੀਰੀ ਨਾਲ ਦੀ ਤਾਂ ਰੀਸ ਨ੍ਹੀਂ ਹੁੰਦੀ। ਦੁੱਖਦੇ -ਸੁੱਖਦੇ ਕੰਧ ਤੋਂ ਦੀ ਹਾਕ ਮਾਰ ਕੇ ਸੱਦਣ ਵਾਲੀ ਗੱਲ ਹੁੰਦੀ ਹੈ। ਤੁਸੀਂ ਚੰਗਾ ਮੁੰਡਾ ਟੋਲਣ ਨੂੰ ਕਿਹਾ ਸੀ। ਸੋ ਆਪਾਂ ਨੇ…।”
“ਨਾ ਬਈ ਤੀਰਥ ਮੱਲਾ, ਸਾਰੀ ਉਮਰ ਕਵਾਰੀ ਰੱਖਣੀ ਮਨਜ਼ੂਰ ਹੈ। ਅਸੀਂ ਨ੍ਹੀਂ ਇੱਥੇ ਕੁੜੀ ਵਿਆਹੁਣੀ।”
“ਪੂਰੀ ਗੱਲ ਸੁਣੋ ਤਾਂ ਸਹੀ। ਮੁੰਡਾ ਡਲਹੌਜੀ ਕਾਨਵੈਂਟ ਸਕੂਲ ਦਾ ਪੜ੍ਹਿਆ ਲਿਖਿਆ ਹੋਇਆ ਹੈ।” ”ਗੌਰਮੈਂਟ? ਕਿਹੜਾ ਗੌਰਮੈਂਟ?” ਲਗਭਗ ਅਨਪੜ੍ਹ ਬੰਦੇ, ਬਿਚਾਰੇ ਭਰਪੂਰ ਨੂੰ ਕੀ ਪਤਾ ਸੀ? ਉਹਦੀ ਤਾਂ ਪਾਠ ਕਰਨ ਜੋਗੇ ਗੁਰਮੁੱਖੀ ਦੇ ਚਾਰ ਅੱਖਰਾਂ ਤੱਕ ਦੀ ਸੀਮਿਤ ਜਿਹੀ ਤਾਲੀਮ ਸੀ।
“ਗੌਰਮੈਂਟ ਨ੍ਹੀਂ ਸਰਦਾਰ ਜੀ, ਕੌਨਵੈਂਟ - ਕੌਨਵੈਂਟ। ਅੰਗਰੇਜ਼ੀ ਸਕੂਲ। ਉਹਨਾਂ ਸਕੂਲਾਂ ਵਿੱਚ ਜੁਆਕ ਪੜ੍ਹਾਉਣੇ ਮਾੜੇ-ਧਿੜੇ ਦੇ ਵੱਸ ਦਾ ਰੋਗ ਨ੍ਹੀਂ।”
“ਨਾਂਹ ਬਈ ਅਸੀਂ ਨ੍ਹੀਂ।”
“ਸਰਚ ਲਾਈਟ ਲੈ ਕੇ ਲੱਭਣ ਲੱਗੋਂਗੇ, ਤਾਂ ਵੀ ਏਦੂੰ ਵਧੀਆ ਮੁੰਡਾ ਨ੍ਹੀਂ ਥੋਨੂੰ ਮਿਲਣਾ। ਤੁਸੀਂ ਕਾਰੋਬਾਰ ਤੇ ਮੁੰਡਾ ਚੱਲ ਕੇ ਦੇਖੋ ਤਾਂ ਸਹੀ। ਪਤੈ ਮੈਂ ਕਿਹੜੇ ਸਰਦਾਰਾਂ ਦੇ ਮੁੰਡੇ ਦੀ ਗੱਲ ਕਰਦਾਂ?” ਤੀਰਥ ਨੇ ਵਿਚੋਲਿਆਂ ਵਾਲਾ ਦਾਅ ਵਰਤਦਿਆਂ ਆਖਿਆ ਸੀ।
“ਭਲਾਂ ਪਟਿਆਲੇ ਆਲੇ ਰਾਜੇ ਦਾ ਮੁੰਡਾ ਹੋਵੇ। ਤੈਨੂੰ ਇੱਕ ਵਾਰ ਕਿਹਾ ਨਾ ਤੀਰਥਾ।”
ਜਿਵੇਂ ਕਈ ਵਾਰ ਕਣੀਆਂ ਦਾ ਜ਼ੋਰਦਾਰ ਛਰਾਟਾ ਜਿਹਾ ਹੀ ਪੈ ਕੇ ਹੱਟ ਜਾਂਦਾ ਹੈ। ਇਉਂ ਕ੍ਰੋਧ ਵਿੱਚ ਭਰਪੂਰ ਨੇ ਤੀਰਥ ਨੂੰ ਕੜਕ ਕੇ ਆਖਿਆ ਸੀ ਤੇ ਫੇਰ ਆਪ ਨੂੰ ਗੌਂ ਹੋਣ ਕਰਕੇ ਝੱਟ ਨਰਮ ਵੀ ਪੈ ਗਿਆ ਸੀ, “ਮੋਤੀਆਂ ਆਲਿਓ ਕੋਈ ਬਾਹਰਲਾ ਮੁੰਡਾ ਟਕਰਾਓ।”
ਤੀਰਥ ਉੱਡਦੇ ਪਰਿੰਦਿਆਂ ਦੇ ਖੰਭ ਗਿਣਨ ਵਾਲਾ, ਚੁਸਤਾਂ ਦੀ ਕੌਮ ਦਾ ਚਲਾਕ ਬੰਦਾ ਸੀ। ਉਹ ਸਭ ਸਮਝ ਗਿਆ ਸੀ। ਉਹਨੇ ਭਰਪੂਰ ਦੇ ਕੱਚੇ ਖੋਲਿਆਂ ਵੱਲ ਅੱਖਾਂ ਸੇਧ ਕੇ ਬਿਨਾਂ ਕੁੱਝ ਬੋਲਿਆਂ ਹੀ ਬਹੁਤ ਕੁੱਝ ਆਖ ਦਿੱਤਾ ਸੀ। ਉਹ ਬੜੀ ਉਮੀਦ ਨਾਲ ਆਇਆ ਸੀ। ਉਹਨੂੰ ਫ਼ਜੂਲ ਫੂਕੇ ਗਏ ਤੇਲ ਦਾ ਗੁੱਸਾ ਆਇਆ ਸੀ, “ਤੁਸੀਂ ਮੁੰਡਾ ਕਿਹਾ ਸੀ। ਚੰਗਾ ਸੋਹਣਾ ਸੁਨੱਖਾਂ ਹੋਵੇ। ਲੈਣ ਦੇਣ ਨਾ ਭਾਲਣ। ਮੂੰਹ ਟੁੱਟਿਆ ਸੀ, ਉਦੋਂ ਆਖਦੇ ਬਈ ਬਾਹਰ ਦਾ ਪੰਗਾਂ ਲੈਣੈ। ਉਂਅ ਥੁੱਕ ਨਾਲ ਪਕੌੜੇ ਪਕਾਉਣ ਨੂੰ ਫਿਰਦੇ ਹੋ। - ਸੋਚ ਲੈ ਸਰਦਾਰਾ, ਬਾਹਰਲੇ ਤਾਂ ਤੇਰਾ ਝੁੱਗਾ ਚੌੜ ਕਰ ਦੇਣਗੇ। ਬੇਗਾਨੇ ਪੁੱਤ ਮੰਗ-ਮੰਗ ਚੀਜ਼ਾਂ ਲੈਣਗੇ।”
“ਕੋਈ ਪਰਵਾਹ ਨਹੀਂ। ਭਾਵੇਂ ਟੈਂਕ ਤੋਪ ਮੰਗੇ। ਪਰ ਮੁੰਡਾ ਬਾਹਰਲਾ ਹੋਵੇ।” ਜਰਕਣ ਦੀ ਬਜਾਏ ਭਰਪੂਰ ਨੇ ਬਿਨਾਂ ਸੋਚੇ-ਸਮਝੇ ਆਪਣੀ ਫ਼ਰਾਖਦਿਲੀ ਦਿਖਾ ਦਿੱਤੀ ਸੀ।
ਤੀਰਥ ਮੁੰਡੇ ਵਾਲਿਆਂ ਨੂੰ ਜੁਆਬ ਦੇਣ ਦਾ ਫ਼ਿਕਰ ਨਾਲ ਲੈ ਕੇ ਚਲਿਆ ਗਿਆ ਸੀ।
ਮਹੀਨੇ ਕੁ ਮਗਰੋਂ ਤੀਰਥ ਨੇ ਫੇਰ ਆ ਉਹਨਾਂ ਦਾ ਬੂਹਾ ਠਕੋਰੀਆ ਸੀ, “ਲਓ ਜੀ ਤੁਸੀਂ ਵੀ ਕੀ ਯਾਦ ਕਰੋਂਗੇ। ਜਿਵੇਂ ਦਾ ਤੁਸੀਂ ਚਾਹੁੰਦੇ ਸੀ। ਐਨ ਉਵੇਂ ਦਾ ਵਰ ਟੋਲਿਆ ਐਤਕੀ। ਲੰਦਨੋਂ ਆਇਆ ਐ ਮੁੰਡਾ।”
ਜਦੋਂ ਤੀਰਥ ਨੇ ਜੇਬ ਵਿੱਚੋਂ ਕੱਢ ਕੇ ਫੋਟੋ ਦਿਖਾਈ ਸੀ ਤਾਂ ਮੁੰਡੇ ਦੀ ਖੂਬਸੂਰਤੀ ਦੇਖ ਕੇ ਭਰਪੂਰ ਹੋਰਾਂ ਦੀਆਂ ਅੱਖਾਂ ਚੁੰਧਿਆ ਗਈਆਂ ਸਨ। ਤਸਵੀਰ ਦੇਖ ਕੇ ਹੀ ਸਾਰੇ ਦੇ ਟੱਬਰ ਦੀ ਤਸੱਲੀ ਹੋ ਗਈ ਸੀ।
“ਸਰਦਾਰਨੀਏ ਬਾਹਰਲੇ ਮੁਲਕ ’ਚ ਜੰਮ-ਪਲ ਕੇ ਵੀ ਕੋਈ ਵੈਲ-ਐਬ ਨਹੀਂ ਮੁੰਡੇ ਨੂੰ। ਕੋਈ ਨਸ਼ਾ-ਪੱਤਾ ਨਹੀਂ ਰਸਨਾ ’ਤੇ ਧਰਦਾ।” ਤੀਰਥ ਨੇ ਬੁੜੀਆਂ ਦੇ ਮਤਲਬ ਦੀ ਬਲਵੀਰ ਕੌਰ ਨੂੰ ਸੁਣਾਈ ਸੀ।
“ਸੱਚੀਂ? ਹੋਰ ਸਾਨੂੰ ਕੀ ਚਾਹੀਦੈ?” ਬਲਵੀਰ ਨੂੰ ਪੱਕ ਨਹੀਂ ਸੀ ਆਇਆ।
“ਏਥੇ ਹੀ ਬਸ ਨ੍ਹੀਂ… ਨਹੀਂ ਤੁਸੀਂ ਦੇਖੋ ਬਾਹਰਲੇ ਤਾਂ ਮੂੰਹ ਪਾੜ-ਪਾੜ ਚੀਜ਼ਾਂ ਲੈਂਦੇ ਨੇ। ਉਹਨਾਂ ਦੀ ਤਾਂ ਕੋਈ ਮੰਗ ਨ੍ਹੀਂ। ਬਸ ਇੱਕ ਕੁੜੀ-ਕੁੜੀ ਚਾਹੁੰਦੇ ਨੇ। ਸੋਹਣੀ-ਸੁਨੱਖੀ, ਲੰਮੀ-ਲੰਝੀ ਆਪਣੀ ਬੀਬਾ ਵਰਗੀ…।” ਤੀਰਥ ਨੇ ਨਲਕੇ ਕੋਲ ਬੈਠੀ ਭਾਂਡੇ ਮਾਂਜਦੀ ਕੁੱਕੀ ਵੱਲ ਇਸ਼ਾਰਾ ਕਰਦਿਆਂ ਦੱਸਿਆ ਸੀ।
ਭਰਪੂਰ ਹੋਰਾਂ ਦੀ ਸਹਿਮਤੀ ਮਗਰੋਂ ਤੀਰਥ ਨੇ ਮੁੰਡੇ ਵਾਲਿਆਂ ਨਾਲ ਦਿਨ ਬੰਨ੍ਹ ਲਿਆ ਸੀ। ਨਿਯਤ ਦਿਹਾੜੇ ਦੇਖਣ ਦੀ ਰਸਮ ਵੇਲੇ ਭਰਪੂਰ ਹੋਰਾਂ ਨੂੰ ਪਹਿਲੀ ਨਜ਼ਰੇ ਮੁੰਡਾ ਤੇ ਮੁੰਡੇ ਵਾਲਿਆਂ ਨੂੰ ਕੁੱਕੀ ਪਸੰਦ ਆ ਗਈ ਸੀ। ਸਭ ਪੱਕ-ਠੱਕ ਹੁੰਦਾ ਦੇਖ ਕੇ ਤੀਰਥ ਨੇ ਆਪਣੇ ਨੰਬਰ ਬਣਾਉਣੇ ਚਾਹੇ ਸਨ, “ਹੁਣ ਭਾਈ ਤੁਸੀਂ ਦੋਹੇਂ ਧਿਰਾਂ ਆਮ੍ਹਣੇ-ਸਾਮ੍ਹਣੇ ਹੋ। ਸਾਰੀ ਗੱਲ ਅੱਗੋਂ ਖੋਲ੍ਹਣੀ ਚੰਗੀ ਹੁੰਦੀ ਏ। ਉਂਅ ਤਾਂ ਮੈਂ ਕੋਈ ਓਹਲਾ ਨਹੀਂ ਰੱਖਿਆ। ਐਵੇਂ ਸਿਆਣਿਆਂ ਨੇ ਅਖਾਣ ਬਣਾਈ ਹੋਈ ਆ ਅਖੇ -ਵਿਚੋਲਾ, ਦੋਨਾਂ ਧਿਰਾਂ ਵਿੱਚ ਓਹਲਾ- ਫੇਰ ਵੀ ਕੋਈ ਸ਼ੱਕ-ਸ਼ੁਬ੍ਹਾ ਹੈ ਤਾਂ ਇੱਕ ਦੂਜੇ ਨੂੰ ਹੁਣ ਪੁੱਛ ਦੱਸ ਲੋ। ਫੇਰ ਭਲਕ ਨੂੰ ਮੈਨੂੰ ਨਾ ਗਾਲਾਂ ਕੱਢੀ ਜਾਇਓ। ਪਿੱਛੋਂ ਜੇ ਘਰਵਾਲਾ ਖਰਾ ਮਿਲ ਜਾਵੇ ਤਾਂ ਬੁੜੀਆਂ ਕਹਿਣਗੀਆਂ ਸਾਡਾ ਇਹਦੇ ਨਾਲ ਸੰਜੋਗ ਸੀ। ਜੇ ਮਾੜਾ ਨਿਕਲ ਜੇ ਤਾਂ ਸਾਰੀ ਉਮਰ ਵਿਚੋਲੇ ਦੇ ਪੁੱਤ ਮਾਰਦੀਆਂ ਰਹਿੰਦੀਆਂ ਨੇ।”
ਉਹਦੀ ਗੱਲ ਸੁਣ ਕੇ ਇੱਕਦਮ ਸਾਰਿਆਂ ਦਾ ਹਾਸਾ ਨਿਕਲ ਗਿਆ ਸੀ। ਨਿੰਮ੍ਹਾ-ਨਿੰਮ੍ਹਾ ਹੱਸਦੀ ਕੁੱਕੀ ਦਾ ਚਿਹਰਾ, ਸੰਗ ਅਤੇ ਚਾਅ ਪਾਰੋਂ ਆਈ ਲਾਲੀ ਨਾਲ ਹੋਰ ਵੀ ਖ਼ੁਸ਼ਨੁਮਾ ਹੋ ਗਿਆ ਸੀ।
“ਨਾ ਭਾਈ ਸਾਨੂੰ ਤਾਂ ਇਤਬਾਰ ਐ ਤੇਰੇ ’ਤੇ। ਮਨਪਸੰਦ ਕੁੜੀ ਮਿਲ ’ਗੀ। ਹੋਰ ਕੀ ਰਹਿ ਗਿਐ?” ਮੁੰਡੇ ਵਾਲਿਆਂ ਨੇ ਤੀਰਥ ਦੀਆਂ ਗੱਲਾਂ ਵਿੱਚ ਛੁੱਪੇ ਰਹੱਸ ਨੂੰ ਸਮਝ ਲਿਆ ਸੀ।
ਭਰਪੂਰ ਨੂੰ ਤਾਂ ਕੋਈ ਇਤਰਾਜ਼ ਸੀ ਹੀ ਨਹੀਂ। ਜੇ ਹੁੰਦਾ ਵੀ ਤਾਂ ਉਸ ਦੀ ਐਨੀ ਹੈਸੀਅਤ ਹੀ ਨਹੀਂ ਸੀ ਕਿ ਉਹ ਇਜ਼ਹਾਰ ਕਰ ਸਕਦਾ। ਵਲੇਤੀਆ ਮੁੰਡਾ ਤਾਂ ਬਸ ਚੋਰ ਅੱਖੀਂ ਕੁੱਕੀ ਦੇ ਦਰਸ਼ਨਾ ਨਾਲ ਰੱਜਣ ’ਚ ਲੱਗਿਆ ਹੋਇਆ ਸੀ। ਕੁੱਕੀ ਦੇ ਵੀ ਦਿਲ ’ਚ ਇੰਗਲੈਂਡੀਆ ਐਲ ਜੀ ਦੇ ਰੌਂਦ ਵਾਂਗੂੰ ਖੁੱਭਿਆ ਪਿਆ ਸੀ। ਗੱਲਬਾਤ ਨੂੰ ਅੰਤਮ-ਛੋਹ ਦੇ ਕੇ ਰਿਸ਼ਤਾ ਸਵਿਕਾਰਨ ਤੋਂ ਪਹਿਲਾਂ ਭਰਪੂਰ ਨੇ ਆਪਣੇ ਭਟਕਦੇ ਮਨ ਦੀ ਸ਼ਾਤੀ ਲਈ ਪੁੱਛ ਲਿਆ ਸੀ, “ਕਾਕਾ ਜੀ, ਭਲਾਂ ਕਿੰਨੇ ਕੁ ਚਿਰ ਕੁੜੀ ਓਧਰ ਚਲੀ ਜਾਊਗੀ?”
ਕੁਰਸੀ ’ਤੇ ਠੀਕ ਹੋ ਕੇ ਬੈਠਦਿਆਂ ਮੁੰਡੇ ਨੇ ਹਲੀਮੀ ਨਾਲ ਉੱਤਰ ਦਿੱਤਾ ਸੀ, “ਦੇਰ… ਤਾਂ… ਜੀ ਅਮੈਰੀਕਾ, ਕੈਨੇਡਾ ਨੂੰ ਹੀ ਲੱਗਦੀ ਵਾ। ਇੰਗਲੈਂਡ ਤਾਂ ਸਭ ਕੰਟਰੀਆਂ ਨਾਲੋਂ ਛੇਤੀ ਕੰਮ ਬਣ ਜਾਂਦੈ। ਅੱਜ ਕੱਲ੍ਹ ਤਾਂ ਵੇਟਿੰਗ-ਲਿਸਟ ਵੀ ਬਹੁਤੀ ਲੰਮੀ ਨ੍ਹੀਂ। ਅਪਲਾਈ ਕਰਨਸਾਰ ਹਫ਼ਤੇ ਦੋ ਹਫ਼ਤੇ ਬਾਅਦ ਇੰਟਰਵੀਊ ਦੀ ਤਰੀਕ ਮਿਲ ਜਾਂਦੀ ਹੈ ਤੇ ਦੋ ਤਿੰਨ ਮਹੀਨੇ ਵਿੱਚ-ਵਿੱਚ ਬਸ ਡਾਕਟਰੀ ਹੋ ਕੇ ਕੇਸ ਕਲੀਅਰ ਹੋ ਜਾਂਦਾ ਹੈ।”
“ਫੇਰ ਉੱਧਰ ਜਾ ਕੇ ਕੁੜੀ ਨੂੰ ਪੱਕੀ ਹੋਣ ਵਿੱਚ ਕਿੰਨਾ ਕੁ ਟੈਮ ਲੱਗੂ?” ਭਰਪੂਰ ਨੇ ਨਾਲ ਲੱਗਦਾ ਅਗਲਾ ਸਵਾਲ ਜੜ੍ਹ ਦਿੱਤਾ ਸੀ।
“ਪੱਕੀ? ਪੱਕੀ ਤਾਂ ਜੀ, ਕੁੜੀ ਨੇ ਇੱਥੋਂ ਹੀ ਪੱਕੀ ਜਾਣੈ। ਆਪਾਂ ਕਿਹੜਾ ਸੈਰ ਦਾ ਆਖ ਕੇ ਵਿਜ਼ਿਟਰ ਵੀਜ਼ਾ ਲਵਾਉਣੈ। - ਪਰਮਾਨੈਂਟ ਸੈਟਲਮੈਂਟ ਵਾਸਤੇ ਅਰਜ਼ੀ ਦੇਣੀ ਹੈ। ਉਂਜ ਇਨਡੈਫ਼ਿਨਿਟ ਪੀਰੀਅਡ ਦੀ ਸਟੈਂਪ ਸਾਲ ਬਾਅਦ ਲੱਗ ਜਾਂਦੀ ਹੈ।”
“ਇੱਕ ਸਾਲ ਮਗਰੋਂ?”
“ਹਾਂ ਜੀ।” ਮੁੰਡੇ ਨੇ ਅੱਤ ਦੀ ਨਰਮੀ ਅਤੇ ਸ਼ਿਸ਼ਟਾਚਾਰੀ ਦਿਖਾਈ ਸੀ।
“ਹੂੰਅ ਤੇ ਫੇਰ ਬਾਕੀ ਪਰਿਵਾਰ ਕਦੋਂ ਕੁ ਤੱਕ ਅੱਪੜ ਜੂ?” ਭਰਪੂਰ ਨੇ ਜੱਕਦੇ-ਜੱਕਦੇ ਨੇ ਇਹ ਵੀ ਪੁੱਛ ਹੀ ਲਿਆ ਸੀ।
“ਬਾਕੀ ਪਰਿਵਾਰ? ਕੌਣ? ਵੱਟ ਡੂ ਯੂ ਮੀਨ? ਜੀ ਮੈਂ ਸਮਝਿਆ ਨਹੀਂ?”
“ਆਹ ਹੀ ਮੇਰਾ ਪਰਿਵਾਰ। ਜਾਣੀ ਮੈਂ, ਮੇਰੀ ਸਿੰਘਣੀ ਤੇ ਸਾਡੇ ਦੋਨੋਂ ਕਾਕੇ।”
“ਜੀ ਮਾਫ਼ ਕਰਨਾ ਸ਼ਾਇਦ ਤੁਹਾਨੂੰ ਪਤਾ ਨਹੀਂ। ਸਾਡੇ ਇੰਗਲੈਂਡ ਵਿੱਚ ਅਜਿਹਾ ਕਾਨੂੰਨ ਨਹੀਂ ਹੈ। ਖੂਨ ਦੇ ਸਨਬੰਧ ਨਾਲ ਮੰਗਵਾਉਣ ਦਾ ਕੰਮ ਤਾਂ ਕੈਨੇਡਾ, ਅਮੈਰੀਕਾ ਵਿੱਚ ਹੀ ਹੁੰਦਾ ਹੈ। ਇੱਥੇ ਸਾਡੇ ਯੂ ਕੇ ਵਿੱਚ ਤਾਂ ਸਿਰਫ਼ ਕੁੜੀ ਹੀ ਜਾ ਸਕਦੀ ਹੈ। ਬਾਕੀ ਪਰਿਵਾਰ ਨਹੀਂ।”
“ਇਕੱਲੀ ਕੁੜੀ-ਕੁੜੀ?” ਬਰਫੀ ਖਾਂਦੇ-ਖਾਂਦੇ ਭਰਪੂਰ ਦੇ ਮੂੰਹ ਦਾ ਸੁਆਦ ਬੱਕਬਕਾ ਹੋ ਗਿਆ ਸੀ। ਜਿਵੇਂ ਪੱਕੀ ਪਕਾਈ ਫਸਲ ਹੜ੍ਹਾਂ ਨਾਲ ਬਰਬਾਦ ਹੋਈ ਤੋਂ ਕਿਸਾਨ ਕਿਸਮਤ ਨੂੰ ਕੋਸਦਾ ਰਹਿ ਜਾਂਦਾ ਹੈ। ਉਸੇ ਤਰ੍ਹਾਂ ਭਰਪੂਰ ਆਪਣੀ ਤਕਦੀਰ ਨਾਲ ਝੋਰਾ ਕਰਦਾ ਘੁੰਗੂ ਜਿਹਾ ਬਣਿਆ ਬੈਠਾ ਰਿਹਾ ਸੀ। ਕੁੱਝ ਚਿਰ ਕਮਰੇ ਵਿੱਚ ਚੁੱਪਮਈ ਵਾਤਾਵਰਨ ਰਹਿਣ ਮਗਰੋਂ ਭਰਪੂਰ ਨੇ ਤੀਰਥ ਨੂੰ ਪਾਸੇ ਕਰਕੇ ਆਪਣਾ ਅਟੱਲ ਫੈਸਲਾ ਸੁਣਾ ਦਿੱਤਾ ਸੀ, “ਲਾਲਾ ਇੱਥੇ ਨ੍ਹੀਂ ਆਪਣੀ ਗੱਡੀ ਚੱਲਣੀ। ਤੂੰ ਇਹਨਾਂ ਨੂੰ ਕੋਈ ਪੱਜ ਮਾਰ -ਨਹੀਂ ਕੋਰਾ ਜੁਆਬ ਦੇ ਦੇ।”
“ਕੀ ਗੱਲ ਹੋਈ? ਕੋਈ ਮੁੰਡੇ ’ਚ ਨੁਕਸ ਹੈ ਤਾਂ ਦੱਸੋ?” ਤੀਰਥ ਦਾ ਦਿਲ ਘੱਟਣ ਲੱਗ ਗਿਆ ਸੀ।
“ਕੋਈ ਚੱਜ ਦਾ ਟੋਲ ਯਾਰ।”
“ਹੁਣੇ ਤਾਂ ਪਸੰਦ ਸੀ। ਐਡੀ ਛੇਤੀ ਕੀ ਬਿੱਲੀ ਛਿੱਕ ਗਈ? ਏਦੂੰ ਪਰ੍ਹੇ ਹੋਰ ਕੀ ਹੋਊ? ਸੁਰਗਾਂ ਚੋਂ ਇੰਦਰ ਦੇਵਤਾ ਤਾਂ ਮੈਂ ਫੜ ਕੇ ਲਿਆਉਣੋਂ ਰਿਹਾ।ਪਿਛਲੀ ਵਾਰ ਕਹਿੰਦੇ ਸੀ ਬਾਹਰਲਾ ਹੋਵੇ, ਹੁਣ…।”
“ਤੂੰ ਸਮਝਦਾ ਨ੍ਹੀਂ, ਬਾਹਰ ਕੁੜੀ ਵਿਆਹੀ ਦਾ ਸਾਨੂੰ ਕੀ ਫ਼ਾਇਦਾ ਹੋਇਆ? ਸਾਨੂੰ ਤਾਂ ਕੁੜੀ ਮੰਗਵਾ ਨਈਂ ਸਕਦੀ।”
“ਓ ਹੋ, ਮਾਲਕੋ ਇਹ ਕੀ ਬੇਵਕੂਫ਼ਾਂ ਵਾਲੀ ਗੱਲ ਕਰੀ ਜਾਂਦੇ ਹੋ। ਕੁੜੀ ਦੇ ਭਵਿੱਖ ਦਾ ਵੀ ਖ਼ਿਆਲ ਕਰੋ। ਜੇ ਆਹ ਰਿਸ਼ਤਾ ਹੱਥੋਂ ਨਿਕਲ ਗਿਆ ਤਾਂ ਸਾਰੀ ਉਮਰ ਪਛਤਾਉਗੇ। ਅਹੇ ਜਿਹਾ ਸਾਕ ਨਹੀਂ ਜੇ ਤੁਹਾਨੂੰ ਥਿਆਉਣਾ। ਬਾਹਰੋਂ ਜਿਹੜੇ ਮੁੰਡੇ ਆਉਂਦੇ ਨੇ ਵੱਡੀ- ਵੱਡੀ ਉਮਰ ਦੇ ਹੁੰਦੇ ਨੇ। ਆਹ ਤਾਂ ਜਮਾਂ ਹੀ ਕਾਕੀ ਦੇ ਹਾਣ-ਪਰਵਾਣ ਦਾ ਲਾਹੁਕਾ ਜਿਹਾ ਮੁੱਛ-ਫੁੱਟ ਗੱਭਰੂ ਹੈ। ਦੇਖੋ ਜੋੜੀ ਕਿੰਨੀ ਸੋਹਣੀ ਲੱਗੂ ਇਹਨਾਂ ਦੋਹਾਂ ਜਾਣਿਆਂ ਦੀ।”
“ਉਹ ਤਾਂ ਤੇਰੀ ਗੱਲ ਸੋਲ੍ਹਾਂ ਆਨੇ ਠੀਕ ਹੈ। ਪਰ ਹੋਰ ਵੀ ਕਈ ਕੁੱਝ ਦੇਖਣਾ ਪੈਂਦਾ ਹੈ। ਤੂੰ ਤਾਂ ਆਪ ਸਿਆਣੈ। ਦੂਏ ਨਿਆਣਿਆਂ ਦਾ ਵੀ ਤਾਂ ਸੋਚਣੈ ਨਾ?”
ਤੀਰਥ ਦਾ ਚਿੱਤ ਕਰਦਾ ਸੀ ਉਹ ਭਰਪੂਰ ਤੋਂ ਪੁੱਛੇ। ਇੱਕ ਦੀ ਬਲੀ ਦੇ ਕੇ ਹੀ ਤੁਹਾਡੇ ਤੋਂ ਦੂਜਿਆਂ ਬਾਰੇ ਸੋਚ ਹੁੰਦਾ ਹੈ? ਪਰ ਉਹਨੇ ਭਰਪੂਰ ਨੂੰ ਖਫ਼ਾ ਕਰਨ ਦੀ ਬਜਾਏ ਇੱਕ ਹੰਬਲਾ ਹੋਰ ਮਾਰ ਲੈਣਾ ਚਾਹਿਆ ਸੀ, “ਦੇਖ ਲਓ ਮੁੰਡਾ ਕੈਮਬਰਿਜ ਯੂਨੀਵਰਸਿਟੀ ’ਚ ਪੜ੍ਹਦਾ ਹੈ। ਜਿੱਥੋਂ ਜਵਾਹਰ ਲਾਲ ਨਹਿਰੂ ਪੜ੍ਹ ਕੇ ਆਇਆ ਸੀ।”
“ਨਹਿਰੂ ਕਿਹੜਾ ਸਾਡੇ ਨਾਂ ਮਰੱਬੇ ਕਰਵਾ ਗਿਆ ਸੀ, ਜਿਹੜੇ ਇਹ ਖੋਹ ਲਉ ਜੇ ਰਿਸ਼ਤਾ ਨਾ ਕਰਿਆ ਤਾਂ। ਜਿਹੜਾ ਦੇਸ ਅਸੀਂ ਜਾ ਕੇ ਹੀ ਨਹੀਂ ਦੇਖ ਸਕਦੇ। ਸਾਨੂੰ ਕੀ ਭਾਅ? - ਨਾ ਬਈ ਸੇਠਾ ਸਾਡੀ ਤਾਂ ਪੱਥਰ ’ਤੇ ਲਕੀਰ ਆ। ਚਾਹੇ ਇੱਧਰਲੀ ਦੁਨੀਆਂ ਓਧਰ ਹੋ ਜੇ। ਅਸੀਂ ਨ੍ਹੀਂ ਰਾਜ਼ੀ ਇੱਥੇ ਕੁੜੀ ਤੋਰਨ ਨੂੰ।”
“ਅੱਛਾ ਜਿਵੇਂ ਤੁਹਾਡੀ ਮਰਜ਼ੀ।” ਭਰਪੂਰ ਨੂੰ ਸਮਝਾਉਣ ਲਈ ਮਗਜ਼-ਮਾਰੀ ਕਰਦੇ ਤੀਰਥ ਦਾ ਜਦੋਂ ਸਿਰ ਦੁੱਖਣ ਲੱਗ ਗਿਆ ਸੀ ਤਾਂ ਉਹ ਚੁੱਪ ਹੋ ਗਿਆ ਸੀ।
“ਕੋਈ ਅਮਰੀਕਾ, ਕਨੇਡਾ ਵਾਲਾ ਮੁੰਡਾ ਹੋਇਆ ਤਾਂ ਯਾਦ ਕਰੀਂ।” ਕੁੱਕੀ ਤੇ ਬਲਬੀਰ ਨੂੰ ਉੱਠਾ ਕੇ ਉਥੋਂ ਇਜਾਜ਼ਤ ਮੰਗ ਕੇ ਤੁਰਦਾ ਹੋਇਆ ਭਰਪੂਰ, ਤੀਰਥ ਨੂੰ ਐਨਾ ਕਹਿ ਕੇ ਦੁਕਾਨ ਦੀ ਸਰਦਲ ਟੱਪ ਗਿਆ ਸੀ।
ਐਨਾ ਹੋ ਜਾਣ ਬਾਅਦ ਤੀਰਥ ਨੂੰ ਭਰਪੂਰ ਕੋਲੋਂ ਇਹੋ ਜਿਹੀ ਗੱਲ ਸੁਣਨ ਦੀ ਭੋਰਾ ਆਸ ਨਹੀਂ ਸੀ। ਉਹਨੇ ਤੁਰੇ ਜਾਂਦੇ ਭਰਪੂਰ ਨੂੰ ਕਟਾਕਸ਼ ਕਰਨ ਲਈ ਕਹਿ ਦਿੱਤਾ ਸੀ, “ਅਮਰੀਕਾ ਜਾਣ ਨੂੰ ਵੀ ਤੁਹਾਨੂੰ ਜ਼ਿਆਦਾ ਟਾਈਮ ਲੱਗ ਜਾਣੈ। ਕਿੱਥੇ ਚਾਰ, ਪੰਜ ਸਾਲ ਇੱਥੇ ਬੈਠੇ ਰਹੋਗੇ। ਕਹੋ ਤਾਂ ਹੁਣ ਤੋਂ ਹੀ ਮੈਂ ਸਿਰਫ਼ ਕਨੇਡਾ ਵਾਲੇ ਮੁੰਡੇ ਹੀ ਦੇਖਾਂ ਤੁਹਾਡੇ ਲਈ? ਉਥੇ ਛੇਤੀ ਕੰਮ ਬਣ ਜਾਂਦਾ ਹੈ।”
“ਜਿਵੇਂ ਠੀਕ ਸਮਝੇ।” ਭੋਲਾ ਪੰਛੀ ਭਰਪੂਰ ਕੀ ਜਾਣੇ ਤੀਰਥ ਕਿੱਥੋਂ ਬੋਲਦਾ ਸੀ।
ਮੁੜ ਕਿੰਨੀ ਦੇਰ ਤੱਕ ਤੀਰਥ ਉਹਨਾਂ ਦੇ ਮਤਲਬ ਦਾ ਸਾਕ ਨਹੀਂ ਲੱਭ ਸਕਿਆ ਸੀ। ਉਹਨਾਂ ਨੇ ਵੀ ਤੀਰਥ ਦੀ ਝਾਕ ਛੱਡ ਦਿੱਤੀ ਸੀ। ਨਾਲ ਹੀ ਬਾਹਰਲੇ ਮੁੰਡੇ ਦੀ ਵੀ। ਨਹੀਂ! ਬਾਹਰਲੇ ਮੁੰਡੇ ਦੀ ਝਾਕ ਇੱਕਦਮ ਨਹੀਂ ਸੀ ਛੱਡੀ। ਪਹਿਲੇ ਮਹੀਨੇ ਉਹਨਾਂ ਦੀ ਮੰਗ ਕੈਨੇਡਾ ਤੋਂ ਅਮਰੀਕਾ ਵਾਲੇ ਮੁੰਡੇ ’ਤੇ ਆ ਗਈ ਸੀ। ਛੇਆਂ ਕੁ ਮਹੀਨਿਆਂ ਬਾਅਦ ਅਮਰੀਕਾ ਤੋਂ ਇੰਗਲੈਂਡ। ਫਿਰ ਸਾਲ ਕੁ ਮਗਰੋਂ ਇੰਗਲੈਂਡ ਤੋਂ ਵੀ ਥੱਲੇ ਡਿੱਗ ਕੇ ਕੋਈ ਵੀ ਬਾਹਰਲਾ ਯੌਰਪੀਅਨ ਮੁਲਖ। ਤੇ ਫੇਰ ਤਾਂ ਯਾਨੀ ਬਾਹਰ ਦੀ ਉੱਕਾ ਆਸ ਨਹੀਂ ਰਹੀ ਸੀ।
ਅਚਾਨਕ ਇੱਕ ਦਿਨ ਪਤਾ ਨਹੀਂ ਕਿਵੇਂ ਤੀਰਥ ਰਾਹ ਭੁੱਲ ਕੇ ਉਹਨਾਂ ਦੇ ਵਿਹੜੇ ਫਿਰ ਆ ਧਮਕਿਆ ਸੀ, “ਆਓ ਜੀ, ਮੁੰਡਾ ਨਿਗਾਹ ਥਾਣੀ ਕੱਢ ਲਓ।”
ਉਹਦੀ ਗੱਲ ਵਿੱਚੇ ਹੀ ਸੀ ਕਿ ਭਰਪੂਰ ਵਿਚਾਲੇ ਬੋਲ ਪਿਆ ਸੀ, “ਮੁੰਡਾ ਕਿੱਥੋਂ ਦਾ ਹੈ? ਕੈਨੇਡਾ ਦਾ ਈ ਹੈ ਨਾ?” ਭਰਪੂਰ ਨੂੰ ਤਾਂ ਤੀਰਥ ਤੋਂ ਅਜੇ ਵੀ ਉਹੀ ਤਵੱਕੋਂ ਸੀ।
“ਹੈ ਤਾਂ ਕੈਨੇਡਾ ਦਾ ਈ। ਪਰ ਦੇਖ ਲਓ।” ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ ਹੈ, ਤੀਰਥ ਖੜ੍ਹਾ ਖੜ੍ਹਾ ਇਉਂ ਕਾਹਲੀ ਨਾਲ ਕਹਿ ਰਿਹਾ ਸੀ।
“ਬਾਹਰਲੇ ਮੁੰਡੇ ਦਾ ਕੀ ਦੇਖਣਾ ਹੈ? ਓਧਰਲੇ ਤਾਂ ਸੋਹਣੇ ਹੀ ਹੁੰਦੇ ਨੇ। ਤਸੱਲੀ ਲਈ ਤੂੰ ਆਪੇ ਹੀ ਉਹਦਾ ਪਾਸਪੋਰਟ ਦੇਖ ਲੀ, ਕਿਤੇ ਕੱਚਾ ਨਾ ਹੋਵੇ। - ਅਗਲੇ ਦੇ ਕੁੜੀ ਪਸੰਦ ਹੋਣੀ ਚਾਹੀਦੀ ਹੈ। ਬਸ ਤੂੰ ਇੱਕ ਵਾਰੀ ਕੁੜੀ ਪਾਸ ਕਰਵਾ ਦੇ।” ਭਰਪੂਰ ਤਾਂ ਹੱਥਾਂ ਪੈਰਾਂ ’ਚ ਆਇਆ ਪਿਆ ਸੀ।
“ਮੈਂ ਤੁਹਾਨੂੰ ਧੋਖੇ ’ਚ ਨ੍ਹੀਂ ਰੱਖਣਾ ਚਾਹੁੰਦਾਂ, ਮੁੰਡੇ ਦੀ ਉਮਰ ਕੁੱਝ ਜ਼ਿਆਦੈ।” ਡਰਦੇ-ਡਰਦੇ ਤੀਰਥ ਨੇ ਜਾਣਕਾਰੀ ਦਿੱਤੀ ਸੀ।
“ਕਿੰਨੇ ਚਾਰ ਸਾਲ? - ਪੰਜ ਸਾਲ? ਕੋਈ ਨ੍ਹੀਂ।” ਭਰਪੂਰ ਇਸ ਪੱਖੋਂ ਬੇਫ਼ਿਕਰ ਸੀ।
“ਨਹੀਂ ਪੰਦਰਾਂ ਕੁ ਸਾਲ ਵੱਡਾ ਹੈ ਮੁੰਡਾ ਕੁੜੀ ਤੋਂ।” ਤੀਰਥ ਨੇ ਭਰਪੂਰ ਦੇ ਕੰਨ ਕੋਲ ਮੂੰਹ ਕਰਕੇ ਪੋਲਾ ਜਿਹਾ ਕਿਹਾ ਸੀ। ਜਿਵੇਂ ਉਸ ਨੂੰ ਡਰ ਹੋਵੇ ਕਿ ਜੇ ਉੱਚਾ ਕਿਹਾ ਤਾਂ ਭਰਪੂਰ ਦੇ ਕੰਨਾਂ ਦੇ ਪਰਦੇ ਨਾ ਫੱਟ ਜਾਣ।
“ਭਲਾਂ ਵੀਹ ਸਾਲ ਵੱਡਾ ਹੋਵੇ? ਕੋਈ ਫ਼ਰਕ ਨਹੀਂ ਪੈਂਦਾ। ਜਨਾਨੀ ਨ੍ਹੀਂ ਵੱਡੀ ਹੋਣੀ ਚਾਹੀਦੀ, ਬੰਦੇ ਦਾ ਕੁਸ਼ ਨ੍ਹੀਂ ਹੁੰਦਾ। ਚਾਹੇ ਪੰਜਾਹ ਸਾਲ ਵੱਡਾ ਹੋਵੇ। - ਬੰਦਾ ਤੇ ਘੋੜਾ ਵੀ ਕਦੇ ਬੁੱਢਾ ਹੰਦੈ? ਜੇ ਮੁੰਡਾ ਕਨੇਡਾ ਦਾ ਤਾਂ ਪਾਧਾ ਨਾ ਪੁੱਛ। ਚੁੱਪ ਕਰਕੇ ਰੱਬ ਦਾ ਨਾਂ ਲੈ ਤੇ ਕਿੱਲੀ ਦੱਬ ਦੇ। ਇਹ ਸਾਕ ਸਿਰੇ ਚਾੜ੍ਹ ਦੇ ਲਾਲਾ, ਸਾਰੀ ਉਮਰ ਤੇਰੇ ਪੈਰ ਧੋਹ-ਧੋਹ ਪੀਉਂ।”
ਤੀਰਥ ਦੀ ਚੁਣੀ ਜਗ੍ਹਾ ਤੇ ਦੇਖ-ਦਖਈਏ ਵੇਲੇ ਰੂ-ਬ-ਰੂ ਹੋਇਆਂ ਪਤਾ ਲੱਗਿਆ ਸੀ ਕਿ ਮੁੰਡਾ ਦੱਸਿਆ ਜਾਣ ਵਾਲਾ ਸ਼ਖ਼ਸ ਸੱਚੀਂ ਪੈਂਤੀ ਚਾਲੀ ਸਾਲਾਂ ਦਾ ਮਨੁੱਖ ਸੀ। ਕੁੱਕੀ ਦੇ ਬਰਾਬਰ ਬੈਠਾ ਤਾਂ ਉਹ ਹੋਰ ਵੀ ਕੋਝਾ ਤੇ ਬੁੱਢੜਾ ਲੱਗਦਾ ਸੀ। ਕਿੱਥੇ ਉਹਦਾ ਬੀਅਰਾਂ ਪੀ ਪੀ ਬਿਗਾੜਿਆ ਹੋਇਆ ਥੁੱਲਥਲਾਂ ਜਿਹਾ ਬੇਤਰਤੀਬਾ ਸ਼ਰੀਰ ਤੇ ਕਿੱਥੇ ਕੁੱਕੀ ਦਾ ਇੱਕ-ਇੱਕ ਅੰਗ ਨਾਪ ਤੋਲ ਕੇ ਬਣਿਆ ਹੋਇਆ ਸੀ। ਕਿੱਥੇ ਦਰਿਆ ਦੀ ਮੱਛਲੀ ਤੇ ਕਿੱਥੇ ਟੋਬੇ ਦਾ ਡੱਡੂ। ਕਿੱਥੇ ਸਰਾਹੀ ਵਰਗੀ ਧੌਣ ਤੇ ਕਿੱਥੇ ਗਰਦਨ ਨਜ਼ਰ ਹੀ ਨਹੀਂ ਸੀ ਆਉਂਦੀ, ਜਾਣੀ ਸਿਰ ਮੋਢਿਆ ਉੱਤੇ ਹੀ ਟਿੱਕਿਆ ਹੋਇਆ ਸੀ। ਬਿਨਾਂ ਮਤਲਬ ਕੁੱਝ ਗਿਣੇ-ਚੁਣੇ ਅੰਗਰੇਜ਼ੀ ਦੇ ਸ਼ਬਦਾਂ ਦਾ ਲੋੜ ਤੋਂ ਵੱਧ ਤੇ ਗ਼ਲਤ-ਮਲਤ ਜਗ੍ਹਾ ਪ੍ਰਯੋਗ ਕਰਨਾ ਅਤੇ ਉਹ ਵੀ ਅਸ਼ੁੱਧ ਉਚਾਰਣ, ਇਹ ਸਭ ਗੱਲਾਂ ਕਨੇਡੀਏ ਦੀ ਅਣਪੱੜਤਾ ਦੀ ਗਵਾਹੀ ਭਰਦੀਆਂ ਸਨ।
ਕਨੇਡੀਏ ਨੂੰ ਇੱਕ ਝਲਕ ਦੇਖਣ ਬਾਅਦ ਮੁੜ ਕੇ ਕੁੱਕੀ ਦਾ ਉਹਦੇ ਵੱਲ ਦੇਖਣ ਨੂੰ ਜੀਅ ਨਹੀਂ ਸੀ ਕਰਿਆ। ਪਹਿਲਾਂ ਤਾਂ ਕਿੰਨੀ ਦੇਰ ਉਹ ਮੁੰਡੇ ਨੂੰ ਸਾਹੁਰਾ ਹੀ ਸਮਝਦੀ ਰਹੀ ਸੀ। ਜਦ ਗੱਲਾਂ ਚੱਲੀਆਂ ਸਨ ਤਾਂ ਉਹਨੂੰ ਪਤਾ ਲੱਗਿਆ ਸੀ। - ਇਹਦੇ ਵਿੱਚ ਕੁੱਕੀ ਦਾ ਕੋਈ ਕਸੂਰ ਨਹੀਂ ਸੀ? ਜੇ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਅਸਾਨੀ ਨਾਲ ਇਸੇ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਸਕਦਾ ਸੀ। ਜਦ ਉਹ ਮੁੰਡਾ ਸੀ ਹੀ ਨਹੀਂ। ਸੀ ਹੀ ਬੰਦਾ। ਮੁੰਡਾ ਤਾਂ ਉਹਨੂੰ ਕਿਹਾ ਜਾਂਦਾ ਹੈ ਜੀਹਦੇ ’ਤੇ ਜਵਾਨੀ ਚੜ੍ਹਦੀ ਹੋਵੇ। ਜੀਹਦੇ ’ਤੇ ਢਲਦੀ ਹੋਵੇ ਉਹ ਤਾਂ ਬੁੜਾ ਹੀ ਸਦਾਉਂਦਾ ਹੈ। ਜਿੰਨਾ ਚਿਰ ਕੋਲਾ ਭੱਖਦਾ ਅਤੇ ਲਾਲ ਹੈ, ਓਨੀ ਦੇਰ ਉਹਨੂੰ ਅੰਗਾਰਾ ਕਹਿੰਦੇ ਹਨ। ਠੰਢਾ ਹੋਇਆ ਤਾਂ ਸੁਆਹ ਬਣ ਜਾਂਦਾ ਹੈ। ਉਹਦੇ ਵਿੱਚੋਂ ਸੇਕ, ਨਿੱਘ ਤੇ ਜਲਾਉਣ ਦੀ ਸਮਰੱਥਾ ਮੁੱਕ ਜਾਂਦੀ ਹੈ। ਬਸ ਕੈਨੇਡੀਆ ਵੀ ਰਾਖ ਸੀ, ਨਿਰਾ ਰਾਖ!
ਮਨ ਹੀ ਮਨ ਕੁੱਕੀ ਹੱਸੀ ਸੀ ਕਨੇਡੀਏ ’ਤੇ। ਉਹਦੀ ਬੋਕ ਜਿਹੇ ਦੀ ਦੇਹ ਨਾਲ ਆਪਣੇ ਖੋਹ-ਖੋਹ ਖੇਡ ਕੇ ਛਾਂਟੇ ਛਮਕ ਜਿਹੇ ਜਿਸਮ ਦਾ ਟਾਕਰਾ ਕਰਕੇ ਕੁੱਕੀ ਦੇ ਗੁਮਾਨ ਦੇ ਨਾਗ ਨੇ ਆਪਣਾ ਫਨ੍ਹ ਚੁੱਕ ਲਿਆ ਸੀ, “ਆਇਐ ਵੱਡਾ ਵਿਆਹ ਕਰਵਾਉਣ। ਸ਼ਕਲ ਦੇਖੀ ਐ ਇਹਨੇ ਸ਼ੀਸ਼ੇ ’ਚ ਕਦੇ ਆਪਣੀ? - ਛਿੱਤਰ ਨ੍ਹੀਂ ਮਾਰਦੀ ਮੈਂ ਤਾਂ ਇਹੇ ਜਿਹੇ ਦੇ।” ਨੀਵੀਂ ਪਾਈ ਫ਼ਰਸ਼ ਦੀਆਂ ਇੱਟਾ ਗਿਣਦੀ ਕੁੱਕੀ ਕਿੰਨਾ ਹੀ ਮੰਦਾ-ਮੰਦਾ ਕਨੇਡੀਏ ਬਾਰੇ ਚਿੱਤ ਵਿੱਚ ਉਚਾਰਦੀ-ਵਿਚਾਰਦੀ ਰਹੀ ਸੀ। ਉਹਨੂੰ ਵਿਸ਼ਵਾਸ਼ ਸੀ ਕਿ ਉਹਦੇ ਘਰਵਾਲੇ ਉਸ ਰਿਸ਼ਤੇ ਨੂੰ ਸਵਿਕਾਰ ਨਹੀਂ ਕਰਨਗੇ, ਇਨਕਾਰ ਕਰ ਦੇਣਗੇ। ਐਨਾ ਵੱਡਾ ਧਰੋਹ ਉਹ ਕਿਵੇਂ ਕਮਾ ਸਕਦੇ ਹਨ?
ਕੁੱਕੀ ਤੋਂ ਛੁੱਟ ਭਰਪੂਰ ਹੋਰਾਂ ਦੇ ਸਾਰੇ ਟੱਬਰ ਦੀ ਨਿਗਾਹ ਨੂੰ ਮੇਜ਼ ’ਤੇ ਪਏ ਮੁੰਡੇ ਦੇ ਪਾਸਪੋਰਟ ਅਤੇ ਲਾਲ ਰੰਗ ਦੇ ਬਲੂਤ ਦੇ ਪੱਤੇ ਵਾਲਾ ਝੰਡਾ ਛਪੀ ਟੀ ਸ਼ਰਟ ਦੇ ਸਿਵਾਏ ਕੁੱਝ ਹੋਰ ਨਜ਼ਰ ਨਹੀਂ ਸੀ ਆਇਆ। ਮੁੰਡੇ ਦੀ ਵਡੇਰੀ ਉਮਰ, ਪੁੱਠੇ ਤਵੇ ਵਰਗਾ ਕਾਲਾ ਰੰਗ, ਮੋਟੇ-ਮੋਟੇ ਬੇਢੱਵੇ ਨਕਸ਼, ਮਿੱਢਾ ਨੱਕ ਇਹ ਸਭ ਔਗੁਣ ਸਿਰਫ਼ ਕੁੱਕੀ ਹੀ ਦੇਖ ਸਕੀ ਸੀ।
ਭਰਪੂਰ ਤਾਂ ਮੁੰਡੇ ਦੇ ਰਜ਼ਾਮੰਦੀ ਵਾਲੇ ਰੁਖ਼ ਨੂੰ ਦੇਖ ਕੇ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾਉਂਦਾ। ਉਹਨੂੰ ਤਾਂ ਜਿਵੇਂ ਕੋਈ ਨਾਇਯਾਬ ਹੀਰਾ ਮਿਲ ਗਿਆ ਸੀ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਖਰੀਦ ਲੈਣਾ ਚਾਹੁੰਦਾ ਸੀ। ਸਾਰੇ ਪਰਿਵਾਰ ਦਾ ਹਾਂ ਪੱਖੀ ਨਜ਼ਰੀਆ ਦੇਖ, ਮਗਰੋਂ ਪਰਿਵਾਰ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਕੁੱਕੀ ਨੇ ਵੀ ਲੂਣਾ ਵਾਂਗੂੰ ਬੁੱਲ੍ਹ ਸੀਉਂ ਕੇ ਬਾਪ ਦੇ ਫੈਸਲੇ ਅੱਗੇ ਧੌਣ ਝੁਕਾ ਲਈ ਸੀ।
ਗੱਲ ਬਣਦੀ ਦੇਖ ਕੇ ਮੁੰਡੇ ਨੇ ਗੋਲਾ ਛੱਡ ਦਿੱਤਾ ਸੀ, “ਮੈਂ ਤਾਂ ਪਹਿਲਾਂ ਕੁੜੀ ਨਾਲ ਕੁੱਝ ਪਰਾਈਵੇਟ ਡਿਸਕਸ ਕਰਨਾ ਹੈ।”
ਕਨੇਡੀਆ ਮੁੰਡਾ ਸੀ। ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ ਸੀ? ਗੱਲਬਾਤ ਹੀ ਕਰਨੀ ਸੀ, ਕਿਤੇ ਖਾਣ ਤਾਂ ਨਹੀਂ ਸੀ ਲੱਗਿਆ। ਭਰਪੂਰ ਨੇ ਕੋਈ ਕਿੰਤੂ ਪਰੰਤੂ ਨਹੀਂ ਸੀ ਕੀਤਾ।
ਕੱਲਮ-ਕੱਲਿਆਂ ਘੰਟਾਂ ਸਾਰਾ ਯਭਲੀਆਂ ਮਾਰਨ ਮਗਰੋਂ ਕਨੇਡੀਏ ਨੇ ਕੁੱਕੀ ਨੂੰ ਪਸੰਦ ਕਰ ਲਿਆ ਸੀ। ਕਰਦਾ ਵੀ ਕਿਵੇਂ ਨਾ? ਮੁੰਡੇ ਦੀ ਮਾਂ ਨੇ ਚੰਗੀ ਤਰ੍ਹਾਂ ਕੁੱਕੀ ਨੂੰ ਦੇਖ-ਪਰਖ ਕੇ, ਤੋਰ-ਫੇਰ ਕੇ, ਖੜ੍ਹਾ-ਬੈਠਾ ਕੇ, ਮੂੰਹੋਂ ਬੁਲਵਾ ਕੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਲੈਣ ਮਗਰੋਂ ਹੁੰਗਾਰਾ ਭਰਿਆ ਸੀ।
“ਕੋਈ ਮੰਗ ਹੈ ਤਾਂ ਦੱਸੋ?” ਭਰਪੂਰ ਨੇ ਮੁਲਾਕਾਤ ਦੇ ਅੰਤਮ ਦੌਰ ਵਿੱਚ ਹੱਥ ਜੋੜ ਕੇ ਬੇਨਤੀ ਕਰੀ ਸੀ।
“ਬਸ ਜੀ ਸਾਡੇ ਲਈ ਤਾਂ ਦੁਲਹਨ ਹੀ ਦਹੇਜ ਹੈ। ਜੀਹਨੇ ਕੁੜੀ ਦੇ ਦਿੱਤੀ, ਉਹਨੇ ਕੋਲ ਕੀ ਰੱਖਿਐ? ਸਮਝੋਂ ਸਭ ਕੁੱਝ ਦੇ ਦਿੱਤਾ।”
ਹੋਣ ਵਾਲੀ ਕੁੜਮਣੀ ਦੇ ਮੂੰਹੋਂ ਅਜਿਹਾ ਕੁੱਝ ਸੁਣ ਕੇ ਉਹਨਾਂ ਸਭਨਾਂ ਨੂੰ ਬੜੀ ਪ੍ਰਸਨਤਾ ਹੋਈ ਸੀ। ਓਦਣ ਹੀ ਰਿਸ਼ਤਾ ਤੈਅ ਹੋ ਗਿਆ ਸੀ। ਉਹਨਾਂ ਨੇ ਵਿਆਹ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਸਨ।
ਤੀਜੇ ਕੁ ਦਿਨ ਬਾਅਦ ਕਨੇਡੀਅਨਾਂ ਨੇ ਫੇਰ ਵਿਚੋਲੇ ਨੂੰ ਭਰਪੂਰ ਕੋਲ ਭੇਜ ਦਿੱਤਾ ਸੀ।
ਮੁੰਡੇ ਦੀ ਮਾਂ ਇੱਕ ਵਾਰ ਫੇਰ ਕੁੜੀ ਦੇਖਣਾ ਚਾਹੁੰਦੀ ਹੈ। ਤੀਰਥ ਨੇ ਆਪਣੇ ਆਉਂਣ ਦਾ ਮੰਤਵ ਦੱਸਿਆ ਸੀ।
“ਨੁਮਾਇਸ਼ ਲੱਗੀ ਆ ਇੱਥੇ? ਓਦਣ ਕੀ ਸੁੱਤੀ ਪਈ ਸੀ? ਦੇਖੀ ਤਾਂ ਸੀ ਓਦੇਂ। ਏਡੀ ਛੇਤੀ ਕੀ ਕੁੜੀ ਬੁੱਢੀ ਹੋ ਗਈ।” ਭਰਪੂਰ ਚਾਰੇ ਪੈਰ ਚੁੱਕ ਕੇ ਤੀਰਥ ਦੇ ਗਲ ਪਿਆ ਸੀ।
“ਦੇਖ ਲੋ ਰੂਹ ਮੰਨਦੀ ਆ ਤਾਂ ਥੋਡੀ ਕੁੜੀ ਉਹਨਾਂ ਦਾ ਮੁੰਡਾ। ਮੈਂ ਵਿੱਚੋਂ ਕੀ ਕੜ੍ਹੀ ਲੈਣੀ ਆ। ਮੈਨੂੰ ਜਿਵੇਂ ਅਗਲੇ ਨੇ ਕਿਹਾ ਮੈਂ ਤਾਂ ਉਵੇਂ ਤੁਹਾਨੂੰ ਆ ਕੇ ਸਨੇਹਾ ਦੇ ਦਿੱਤਾ। ਹੁਣ ਜੋ ਤੁਹਾਡੀ ਇੱਛਾ ਹੈ ਉਹ ਮੈਂ ਉਹਨਾਂ ਨੂੰ ਜਾ ਦੱਸੂੰ- ਕਹਿ ਦੂੰ ਬਈ ਉਹਨਾਂ ਨੇ ਦੁਬਾਰਾ ਕੁੜੀ ਦਿਖਾਉਣ ਤੋਂ ਜੁਆਬ ਦੇ ਦਿੱਤੈ। ਆਪੇ ਕੋਈ ਹੋਰ ਘਰ ਦੇਖ ਲੈਣਗੇ।”
ਤੀਰਥ ਨੇ ਵੀ ਅੱਗੋਂ ਆਕੜ ਕੇ ਜਵਾਬ ਦਿੱਤਾ ਸੀ ਤਾਂ ਭਰਪੂਰ ਉਹਦੇ ਅੱਗੇ ਭਿੱਜੀ ਬਿੱਲੀ ਬਣ ਗਿਆ ਸੀ।
“ਨਾ ਲਾਲਾ ਮੇਰਾ ਇਹ ਮਤਲਬ ਨ੍ਹੀਂ ਸੀ। ਤੂੰ ਤਾਂ ਐਵੇਂ ਵੱਟ ਖਾ ਗਿਆ ਹੈਂ। ਸਾਨੂੰ ਭਲਾਂ ਕੀ ’ਤਰਾਜ਼ ਹੋ ਸਕਦੈ? ਇੱਕ ਵਾਰ ਛੱਡ ਚਾਹੇ ਸੌ ਵਾਰ ਦੇਖਣ। ਤੂੰ ਸਾਡਾ ਮਾੜਾ ਤਾਂ ਨ੍ਹੀਂ ਕਰਨ ਲੱਗਿਆ। ਜਿਹੋ ਜਿਹੀ ਸਾਡੀ ਕੁੜੀ, ਉਹੋ ਜਿਹੀ ਤੇਰੀ।”
“ਇਹ ਉਮਰਾਂ ਦੇ ਵਣਜ ਹੁੰਦੇ ਨੇ। ਕੋਈ ਗਾਂ ਮੱਝ ਥੋੜਾ ਹੈ? ਜਿਹੜੀ ਜੇ ਨਾ ਜਚੇ ਤਾਂ ਅਗਲੀ ਮੰਡੀ ’ਤੇ ਕੱਢੀ ਜਾਊਗੀ।” ਤੀਰਥ ਨੇ ਅਕਲ ਦੇਣ ਵਾਂਗ ਕਿਹਾ ਸੀ।
ਦੁਬਾਰਾ ਦਿਨ ਮੁਕੱਰਰ ਕਰ ਲਿਆ ਗਿਆ ਸੀ। ਮਿਥੇ ਦਿਨ ਜਦੋਂ ਭਰਪੂਰ ਹੋਰੀਂ ਕੁੱਕੀ ਨੂੰ ਲੈ ਕੇ ਤੀਰਥ ਦੀ ਦੁਕਾਨ ਉੱਤੇ ਬਣੇ ਚੁਬਾਰੇ ਵਿੱਚ ਪਹੁੰਚੇ ਸਨ ਤਾਂ ਮੁੰਡੇ ਵਾਲੇ ਅਗਾਉਂ ਹੀ ਆਏ ਬੈਠੇ ਸਨ। ਉਹਨਾਂ ਦੇ ਕੋਲ ਪਹਿਲਾਂ ਹੀ ਸੱਤ ਅੱਠ ਬੰਦੇ-ਬੁੜੀਆਂ ਬੈਠੇ ਸਨ। ਜਿਨ੍ਹਾਂ ਵਿੱਚੋਂ ਦੋ ਨੌਜਵਾਨ ਸੋਹਣੀਆਂ ਬਣੀਆਂ-ਫੱਬੀਆਂ ਮੁਟੀਆਰਾਂ ਵੀ ਸਨ। ਭਰਪੂਰ ਹੋਰਾਂ ਦੇ ਸਤਿ ਸ਼੍ਰੀ ਅਕਾਲ ਬੁਲਾਉਂਦਿਆਂ ਹੀ ਉਹ ਲੋਕ ਉੱਠ ਕੇ ਚਲੇ ਗਏ ਸਨ। ਉਹਨਾਂ ਦੀਆਂ ਖ਼ਾਲੀ ਕਰੀਆਂ ਕੁਰਸੀਆਂ ਭਰਪੂਰ ਹੋਰਾਂ ਨੇ ਮੱਲ ਲਈਆਂ ਸਨ।
ਪਿਛਲੀ ਵਾਰੀ ਕੁੱਕੀ ਨੂੰ ਦੇਖਣ ਵੇਲੇ ਕਰੀਆਂ ਗੱਲਾਂ ਅਤੇ ਸਭ ਕਾਰਵਾਈਆਂ ਦੁਹਰਾਈਆਂ ਗਈਆਂ ਸਨ। ਘੰਟੇ ਕੁ ਬਾਅਦ ਤੀਰਥ ਨੇ ਭਰਪੂਰ ਨੂੰ ਕਮਰਿਓ ਬਾਹਰ ਲਿਆ ਕੇ ਛੁਰਲੀ ਛੱਡ ਦਿੱਤੀ ਸੀ। ਮੁੰਡਾ ਕੁੜੀ ਨਾਲ ਥੋੜੇ ਚਿਰ ਲਈ ਘੁੰਮਣ-ਫਿਰਨ ਜਾਣਾ ਚਾਹੁੰਦਾ ਹੈ।
“ਸਾਨੂੰ ਤੂੰ ਕੀ ਭੜੂਏ ਸਮਝ ਰੱਖਿਆ ਹੈ? ਕੁਆਰੀ ਕੁੜੀ ਕਿਵੇਂ ਹੱਥੀਂ ਬੇਗਾਨੇ ਬੰਦੇ ਨਾਲ ਤੋਰ ਦਈਏ?” ਭਰਪੂਰ ਗੁੱਸੇ ਵਿੱਚ ਕਹਿਣ ਹੀ ਲੱਗਿਆ ਸੀ ਕਿ ਤੀਰਥ ਪਹਿਲਾਂ ਹੀ ਬੋਲ ਪਿਆ ਸੀ।
“ਅੱਜ ਕੱਲ ਇਹੋ ਜਿਹਾ ਕੁੱਝ ਚੱਲਦਾ ਹੀ ਹੈ। ਆਪਣੇ ਵਾਲੇ ਜ਼ਮਾਨੇ ਗਏ। ਹੁਣ ਤਾਂ ਰਿਵਾਜ ਈ ਆ। ਡਰਦੇ ਕਿਉਂ ਹੋ? ਕਿਹੜਾ ਕੁੜੀ ਵਿੱਚ ਕੋਈ ਖੋਟ ਹੈ? ਮੇਰੀ ਜ਼ਿੰਮੇਵਾਰੀ ਆ। ਮੁੰਡਾ ਕੁੜੀ ਦਾ ਸੁਭਾਅ ਦੇਖਣਾ ਚਾਹੁੰਦਾ ਹੈ। ਉਹਦੇ ਬਾਰੇ ਵਧੇਰੇ ਜਾਨਣਾ ਚਾਹੁੰਦਾ ਹੈ। ਜੇ ਇਹ ਸਭ ਨਾ ਦੇਖਿਆ ਜਾਵੇ ਤਾਂ ਮਗਰੋਂ ਤਲਾਕ ਹੋ ਜਾਂਦੇ ਨੇ। ਅਗਲਾ ਟੱਲੀ ਆਂਗੂੰ ਟਣਕਾ ਕੇ ਬਹੂ ਲੈਂਦੈ। ਕਨੇਡਾ ਦਾ ਮਸਲਾ ਹੈ। ਛੇਤੀ ਦੱਸੋਂ ਨਹੀਂ ਰਿਸ਼ਤਿਆਂ ਵਾਲੇ ਤਾਂ ਇਹਨਾਂ ਦੇ ਪੈਰ ਵੱਢਦੇ ਫਿਰਦੇ ਨੇ। ਤੁਹਾਡੇ ਸਾਹਮਣੇ ਹੀ ਜਿਹੜੇ ਬੰਦੇ ਉੱਠ ਕੇ ਗਏ ਸੀ। ਉਹ ਤਾਂ ਪੂਰੇ ਤਿਆਰ ਨੇ। ਮੈਂ ਕਿਹਾ ਭਰਪੂਰ ਸਿਹੁੰ ਦੀ ਪਹਿਲ ਆ।”
ਭਰਪੂਰ ਵੀ ਤਾਂ ਪੂਰਾ ਉਤਾਰੂ ਸੀ, “ਨਹੀਂ। ਨਹੀਂ। ਰਿਸ਼ਤਾ ਸਿਰੇ ਚੜ੍ਹਨਾ ਚਾਹੀਦੈ। ਜਿਵੇਂ ਤੂੰ ਆਖੇਂ।”
ਮੁੰਡਾ ਕੁੱਕੀ ਨੂੰ ਮੋਟਰਸਾਇਕਲ ਤੇ ਬੈਠਾ ਕੇ ਲੈ ਗਿਆ ਸੀ। ਮਗਰੋਂ ਭਰਪੂਰ ਨੇ ਮੁੰਡੇ ਦੀ ਮਾਂ ਨਾਲ ਗੱਲਾਂ-ਗੱਲਾਂ ਵਿੱਚ ਲੈਣ-ਦੇਣ ਦੀ ਗੱਲ ਫੇਰ ਤੋਰੀ ਸੀ।
“ਸਾਡੇ ਤਾਂ ਰੱਬ ਦਾ ਦਿੱਤਾ ਸਭ ਕੁੱਝ ਹੈ। ਸਾਨੂੰ ਤਾਂ ਕਿਸੇ ਚੀਜ਼ ਦੀ ਭੁੱਖ ਨਹੀਂ। ਨਾਲੇ ਇਉਂ ਤਾਂ ਅਗਲਾ ਆਪਣੀ ਕੁੜੀ ਨੂੰ ਸਭ ਕੁੱਝ ਦਿੰਦੈ। ਖ਼ਾਲੀ ਹੱਥੀਂ ਥੋੜਾ ਕੋਈ ਤੋਰਦਾ ਹੈ?”
ਮੁੰਡੇ ਦੀ ਮਾਂ ਦੇ ਕਹੇ ਤੋਂ ਇੱਕ ਵਾਰੀ ਤਾਂ ਭਰਪੂਰ ਨੂੰ ਝਟਕਾ ਜਿਹਾ ਲੱਗਿਆ ਸੀ। ਸਪਸ਼ਟ ਜਾਨਣ ਲਈ ਉਹਨੇ ਤੀਰਥ ਵੱਲ ਦੇਖਿਆ ਸੀ ਤਾਂ ਤੀਰਥ ਨੇ ਹੌਲੀ ਕੁ ਦੇਣੇ ਕਾਰ ਦੀ ਮੰਗ ਰੱਖ ਦਿੱਤੀ ਸੀ। ਭਰਪੂਰ ਨੂੰ ਕਾਰ ਸੁਣ ਕੇ ਦੰਦਲ ਪੈਣ ਲੱਗੀ ਸੀ। ਉਹ ਪਰੇਸ਼ਾਨ ਹੋਇਆ ਸੋਚਣ ਲੱਗ ਪਿਆ ਸੀ ਕਿ ਕਹੇ ਤਾਂ ਕੀ ਕਹੇ।
ਭਰਪੂਰ ਨੂੰ ਹੱਥੋਂ ਥਿੱੜਕਦਾ ਦੇਖ ਕੇ ਤੀਰਥ ਨੇ ਗੱਲਾਂ ਦਾ ਚੱਕਰਵਿਊ ਰਚ ਦਿੱਤਾ ਸੀ, “ਉਦੋਂ ਤਾਂ ਕਹਿੰਦੇ ਸੀ ਕਨੇਡਾ ਦਾ ਮੁੰਡਾ ਹੋਵੇ ਭਲਾਂ ਹੈਲੀਕਪਟਰ ਲੈ ਲਵੇ। ਹੁਣ ਕਨੇਡਾ ਦੇ ਮੁੰਡੇ ਵਾਰੀ ਤੁਹਾਨੂੰ ਪਿੱਸੂ ਪੈ ਗਏ? ਜਾਨ ਨਿਕਲਦੀ ਹੈ ਜੇ ਕਾਰ ਦੇ ਦਿਉਗੇ। ਕਨੇਡਾ ਦੇ ਡਾਲਰਾਂ ਨਾਲ ਵੀ ਫੇਰ ਤੁਸੀਂ ਹੀ ਖੇਡਣੈ। ਤੀਰਥ ਦਾ ਇੱਕ ਇੱਕ ਬੋਲ ਚਪੇੜਾਂ ਵਾਂਗੂੰ ਭਰਪੂਰ ਦੇ ਮੂੰਹ ’ਤੇ ਵਜਿਆ ਸੀ।”
ਅਭਿਮੱਨਿਊ ਵਾਂਗਰ ਫਸਿਆ ਹੋਇਆ ਭਰਪੂਰ ਮਾਰਿਆ ਗਿਆ ਸੀ। ਉਹ ਸਮਝ ਗਿਆ ਸੀ ਬਈ ਜੇ ਬਾਹਰ ਰਿਸ਼ਤਾ ਕਰਨਾ ਤਾਂ ਦਾਜ ਤਾਂ ਦੈਣਾ ਹੀ ਪੈਣਾ ਹੈ। ਬਲਵੀਰ ਤਾਂ ਝਿਜਕਦੀ ਨੰਨਾ ਪਾਉਂਦੀ ਸੀ, “ਰਹਿਣ ਦਿਉ ਜੀ। ਕੋਈ ਹੋਰ ਮੁੰਡਾ ਦੇਖ ਲਵਾਂਗੇ। ਅਜੇ ਕਿਹੜਾ ਕੁੜੀ ਦੀ ਉਮਰ ਲੰਘ ਗਈ ਏ।”
ਭਰਪੂਰ ਨੇ ਘਰਵਾਲੀ ਨੂੰ ਝਿੜਕ ਦਿੱਤਾ ਸੀ, “ਤੂੰ ਲੱਤ ਨਾ ਅੜਾ। ਬੰਦਿਆਂ ਦੀਆਂ ਗੱਲਾਂ ’ਚ ਦਖਲ ਨਹੀਂ ਦੇਈਦਾ। ਮੇਰੇ ਨਾਲੋਂ ਬਾਹਲੀ ਸਿਆਣੀ ਨ੍ਹੀਂ ਤੂੰ। ਏਨੀ ਕੁ ਧੰਗੇੜ ਤਾਂ ਸਹਿਣੀ ਹੀ ਪਊ। ਦਿਮਾਗ ਤੋਂ ਕੰਮ ਲੈ। ਸੋਚ ਜੇ ਟੀਵੀ, ਫ਼ਰਿੱਜ ਹੋਰ ਨਿੱਕੀ-ਸੁਕ ਵੀ ਦਈਏ ਤਾਂ ਕਾਰ ਨਾਲੋਂ ਦੂੱਗਣੇ ਪੈਸੇ ਲੱਗ ਜਾਂਦੇ ਨੇ- ਜੋ ਬੀਜਾਂਗੇ ਵੱਢਾਂਗੇ ਵੀ ਤਾਂ ਉਹੀ। ਆਪਾਂ ਨੂੰ ਜੇ ਇੱਕ ਕਾਰ ਦੇਣੀ ਪੈ ਗੀ ਤਾਂ ਕੀ ਹੋ ਗਿਐ? ਆਪਣੇ ਤਾਂ ਦੋ ਮੁੰਡੇ ਨੇ। ਆਪਾਂ ਦੋ ਕਾਰਾਂ ਲਵਾਂਗੇ।”
ਇਸ ਵਾਰ ਉਹਨਾਂ ਨੂੰ ਗੁਫ਼ਤਗੂ ਕਰਦਿਆਂ ਕੁੱਕੀ ਦੀ ਸੱਸ ਦੇ ਸੁਭਾਅ ਵਿੱਚ ਅੜਬਾਈ ਵੀ ਨਜ਼ਰ ਆਈ ਸੀ, “ਚੱਲ ਸੱਸ ਨੇ ਕਿਹੜਾ ਸਦਾ ਹੀ ਬੈਠੀ ਰਹਿਣਾ ਹੈ। ਉਹ ਤਾਂ ਨਦੀ ਕਿਨਾਰੇ ਰੁੱਖੜੈ। ਅੱਜ ਡਿੱਗੀ, ਭਲਕ ਡਿੱਗੀ।” ਆਪੇ ਹੀ ਉਹਨਾਂ ਨੇ ਇਹ ਸਮੱਸਿਆ ਵੀ ਨਜ਼ਰਅੰਦਾਜ਼ ਕਰ ਦਿੱਤੀ ਸੀ।
ਤਿੰਨਾਂ ਚੌਹਾਂ ਘੰਟਿਆਂ ਬਾਅਦ ਕੁੱਕੀ ਅਤੇ ਮੁੰਡੇ ਦੇ ਆਇਆਂ ਤੋਂ ਮੁੰਡੇ ਨੇ ਪੱਕੀ ਹਾਂ ਕਰ ਦਿੱਤੀ ਸੀ। ਪਰ ਨਾਲ ਹੀ ਮੁੰਡੇ ਨੇ ਇੱਕ ਹੋਰ ਪੰਗਾਂ ਖੜ੍ਹਾ ਕਰ ਦਿੱਤਾ ਸੀ। ਹੋਟਲ ਵਿੱਚ ਵਿਆਹ ਕਰਨ ਦਾ। ਜਿਸ ਦਾ ਮਤਲਬ, ਨੋਟਾਂ ਦਾ ਕੁੱਪ ਚਾਹੀਦਾ ਸੀ।
ਪਰ ਭਰਪੂਰ ਨੇ ਦੋਨੋਂ ਸ਼ਰਤਾਂ ਮਨਜ਼ੂਰ ਕਰ ਲਈਆਂ ਸਨ। ਉਹ ਖੁਸ਼ੀ-ਖੁਸ਼ੀ ਸਾਹੇ ਦੀ ਤਾਰੀਖ ਪੱਕੀ ਕਰਕੇ ਦੁਕਾਨ ਦੀਆਂ ਪੌੜੀਆਂ ਉਤਰ ਹੀ ਰਹੇ ਸਨ ਕਿ ਭਰਪੂਰ ਦੇ ਕੰਨਾਂ ਵਿੱਚ ਤੀਰਥ ਅਤੇ ਮੁੰਡੇ ਦੇ ਕਹਿਕਹੇ ਦੀ ਅਵਾਜ਼ ਪਈ ਸੀ। ਭਰਪੂਰ ਨੇ ਮਾੜੇ ਜਿਹੇ ਪੈਰ ਮਲ ਕੇ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਸੀ।
“ਵਾਹ ਵਈ ਮੰਨ ਗੇ ਤੀਰਥ ਮੱਲਾ ਤੈਨੂੰ। ਕਮਾਲ ਦੀ ਸਾਮੀ ਫਸਾਈ ਆ ਤੈਂ ਤਾਂ। ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਸਾਲੇ ਬੈਕਵਰਡ ਜਿਹੇ ਕੁੜੀ ਨੂੰ ਲਿਜਾਣ ਦੇਣਗੇ। ਤੈਂ ਤਾਂ ਪੰਤਦਰਾ ਟਿੱਬੇ ’ਤੇ ਪਾਣੀ ਚਾੜ੍ਹ ਕੇ ਦਿਖਾ ’ਤਾ। ਮੁੰਡਾ ਚਾਪਲੂਸੀ ਵਾਲੇ ਲਹਿਜ਼ੇ ਵਿੱਚ ਬੋਲਿਆ ਸੀ।” ਫਿਰ ਉਹ ਤੇ ਤੀਰਥ ਦੋਨੋਂ ਖਿੜ-ਖਿੜ ਹੱਸਣ ਲੱਗ ਪਏ ਸਨ।
“ਉਹਦਾ ਤਾਂ ਪਿਉ ਵੀ ਮੰਨਦਾ। ਮੈਂ ਕੀ ਕਿਹਾ ਸੀ? ਇਹ ਇੰਡੀਆ ਹੈ ਬਾਬੀਓ ਇੰਡੀਆ। ਬਾਹਰਲਿਆਂ ਦਾ ਤਾਂ ਦੁਨੀਆਂ ਇੱਥੇ ਪਾਣੀ ਭਰਦੀ ਹੈ। ਤੁਸੀਂ ਮਾੜਾ ਜਿਹਾ ਹੁਕਮ ਕਰੋ। ਕੁੱਤੇ ਆਂਗਰ ਅੱਗੇ-ਪਿੱਛੇ ਪੂਛ ਹਿਲਾਉਂਦੇ ਫਿਰਨਗੇ। ਲਾਲਾਂ ਚੱਟਣਗੇ ਥੋਡੀਆਂ। - ਇਹ ਤਾਂ ਗੱਲ ਹੀ ਕੁੱਝ ਨ੍ਹੀਂ ਸੀ। ਬਾਹਰਲੇ ਮੁੰਡੇ ਤਾਂ ਜੇ ਕਹਿ ਦੈਣ ਅਸੀਂ ਪਹਿਲਾਂ ਕੁੜੀ ਨੂੰ ਇੱਕ ਰਾਤ ਨਾਲ ਪਾ ਕੇ ਟੈਸਟ ਕਰ ਕੇ ਦੇਖਣਾ ਹੈ, ਫੇਰ ਵਿਆਹ ਕਰਾਵਾਂਗੇ। ਇਹੋ ਜਿਹੇ ਬੇਸ਼ਰਮ, ਬੇਅਣਖੇ ਤੇ ਮਤਲਵਪ੍ਰਸਤ ਲੋਕੀ ਤਾਂ ਉਹਦੇ ਲਈ ਵੀ ਮੰਨ ਜਾਣਗੇ। ਭੇਜ ਦੇਣਗੇ ਕੁੜੀ ਨੂੰ ਬਈ ਲਓ ਵਰਤੋ।”
“ਹਾ-ਹਾ-ਹਾ…।” ਅੰਦਰੋਂ ਦੋਹਾਂ ਦੇ ਠਹਾਕੇ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ।
ਭਰਪੂਰ ਇਹ ਸੁਣ ਕੇ ਪਸੀਨੇ ਨਾਲ ਗੱਚ ਹੋ ਗਿਆ ਸੀ। ਉਹਨੂੰ ਗੁੱਸਾ ਤਾਂ ਬੜਾ ਆਇਆ ਸੀ। ਉਹਦਾ ਦਿਲ ਕਰਦਾ ਸੀ ਵਾਪਸ ਜਾਵੇ ਤੇ ਰਿਸ਼ਤਾ ਤੋੜ ਕੇ ਆਵੇ। ਪਰੰਤੂ ਜਦੇ ਹੀ ਉਹਦੀਆਂ ਅੱਖਾਂ ਮੂਹਰੇ ਕਨੇਡੀਏ ਦੇ ਗਲੇ ਵਿੱਚ ਪਾਈ ਸੋਨੇ ਦੀ ਸੰਗਲੀ ਦਾ ਰੁਪਈਏ ਜਿੱਡਾ ਲਾਕੈਟ ਘੁੰਮਣ ਲੱਗ ਗਿਆ ਸੀ ਤੇ ਉਹ ਹਿਰਖ ਦਬਾ ਕੇ ਤਾਵਲੇ-ਤਾਵਲੇ ਪੌੜੀਆਂ ਉਤਰ ਗਿਆ ਸੀ। ਆਖ਼ਰ ਕੈਨੇਡਾ ਦੇ ਮੁੰਡੇ ਕਿਤੇ ਐਂਵੇ ਹੀ ਲੱਭ ਜਾਂਦੇ ਨੇ?
ਕਲਵੰਤ ਤੇ ਜਸਵੰਤ ਨੇ ਵੀ ਕਨੇਡੀਅਨ ਮੌਲੇ ਬਲਦ ਦੀ ਫੋਟੋਂ ਖੁਸ਼ੀ-ਖੁਸ਼ੀ ਬੈਠਕ ਦੀ ਅੰਗੀਠੀ ’ਤੇ ਸਜਾ ਦਿੱਤੀ ਸੀ।
ਬਸ ਫੇਰ ਅੱਖਾਂ ਮੀਚ ਕੇ ਉਹਨਾਂ ਨੇ ਢਾਈ ਲੱਖ ਲਗਾ ਕੇ ਮਾਰੂਤੀ ਖਰੀਦ ਲਈ ਸੀ। ਉਹਨਾਂ ਨੇ ਸੋਚਿਆ ਮੁੰਡੇ ਕੁੜੀ ਨੇ ਕਿਹੜਾ ਇੱਥੇ ਰਹਿਣਾ ਹੈ? ਬਾਕੀ ਦਾ ਭਾਂਡਾ-ਟੀਂਡਾ ਦੈਣ ਦਾ ਕੀ ਫ਼ਾਇਦਾ? ਇਸ ਲਈ ਕਾਰ ਦੇ ਸਿਵਾਏ ਉਹਨਾਂ ਨੇ ਕੁੱਝ ਹੋਰ ਦਾਜ ਦੇਣ ਲਈ ਨਾ ਬਣਾਇਆ। ਉਂਝ ਹੋਟਲ ਅਤੇ ਕਾਰ ’ਤੇ ਥੱਬਾ ਨੋਟਾਂ ਦਾ ਲਾਉਣ ਮਗਰੋਂ ਉਹਨਾਂ ਕੋਲ ਬਚਿਆ ਵੀ ਕੁੱਝ ਨਹੀਂ ਸੀ। ਇਹ ਤਾਂ ਉਹ ਜਾਣਦੇ ਸਨ ਕਿ ਪੈਸਾ-ਪੈਸਾ ਉਹਨਾਂ ਨੇ ਕਿਵੇਂ ਇਕੱਠਾ ਕੀਤਾ ਸੀ। ਉਹਨਾਂ ਨੂੰ ਵਿਆਹ ਖ਼ਾਤਰ ਚੁੱਕੇ ਕਰਜ਼ਿਆਂ ਦੇ ਮੋੜਨ ਦੀ ਬਹੁਤੀ ਚਿੰਤਾ ਨਹੀਂ ਸੀ। ਉਹ ਤਾਂ ਉਹਨਾਂ ਨੇ ਡਾਲਰਾਂ ਦੇ ਦੇਸ਼ ’ਚ ਜਾਂਦਿਆਂ ਹੀ ਮੋੜ ਦੇਣੇ ਸਨ।
ਕਨੇਡੀਏ ਨੇ ਦੋ ਢਾਈ ਸੌ ਬੰਦਾ ਜੰਨ ਲਿਆਂਦਾ ਸੀ। ਹਰ ਲੰਡਾ-ਲੁੱਚਾ ਬਰਾਤ ਵਿੱਚ ਉੱਠ ਕੇ ਤੁਰ ਆਇਆ ਸੀ। ਭਰਪੂਰ ਹੋਰਾਂ ਨੂੰ ਪ੍ਰਬੰਧ ਕਰਦਿਆਂ ਜ਼ਰਾ ਵੀ ਔਖਾ ਨਹੀਂ ਸੀ ਲੱਗਿਆ। ਮੁੰਡਾ ਜੋ ਕਨੇਡਾ ਦਾ ਸੀ। ਬਰਾਤ ਵਿੱਚ ਆਏ ਹੋਏ ਕੋਟ ਪੈਟਾਂ ਵਾਲੇ ਕਨੇਡੀਅਨਾ ਦੇ ਸਿਵਾਂਏ ਉਹਨਾਂ ਨੂੰ ਤਾਂ ਕੋਈ ਹੋਰ ਬੰਦਾਂ ਦਿਸਦਾ ਹੀ ਨਹੀਂ ਸੀ। ਉਹਨਾਂ ਦੇ ਤਾਂ ਅੱਖਾਂ ’ਤੇ ਜਿਵੇਂ ਪੱਟੀ ਬੰਨ੍ਹੀ ਗਈ ਸੀ। ਕੁੱਕੀ ਦੇ ਦਰੋਂ ਤੁਰਦਿਆਂ ਹੀ ਉਹ ਬੇਫ਼ਿਕਰ ਹੋ ਗਏ ਸਨ।
ਕੁੱਕੀ ਦੀ ਸੱਸ ਨੂੰ ਓਠੀ ਨੂੰਹ ਘਰੇ ਆਉਣ ਦੀ ਖੁਸ਼ੀ ਨਹੀਂ ਸੀ ਜਿੰਨੀ ਨਵੀਂ-ਨਕੋਰ ਗੱਡੀ ਦੇ ਵਿਹੜੇ ਵਿੱਚ ਆ ਕੇ ਖੜ੍ਹਨ ਦੀ ਪ੍ਰਸੰਨਤਾ ਸੀ। ਥੋੜੇ ਚਿਰ ਬਾਅਦ ਜਦੋਂ ਕਾਰ ਦੇ ਸਿਵਾਏ ਕੁੱਝ ਹੋਰ ਨਹੀਂ ਦਿਖਾਈ ਦਿੱਤੀ ਸੀ ਤਾਂ ਸੱਸ ਦੇ ਹੱਸੂੰ-ਹੱਸੂੰ ਕਰਦੇ ਚਿਹਰੇ ਦੇ ਰੰਗ ਬਦਲਨੇ ਸ਼ੁਰੂ ਹੋ ਗਏ ਸਨ। ਸਾਫ਼ ਪੱਧਰੇ ਮੱਥੇ ’ਤੇ ਤਿਉੜੀਆਂ ਦੀਆਂ ਸੜਕਾਂ ਬਣ ਗਈਆਂ ਸਨ। ਉਦੋਂ ਤੋਂ ਹੀ ਉਹਨੇ ਕੁੱਕੀ ਨੂੰ ਵਿੰਗ-ਵਲ ਪਾ ਕੇ ਸੁਣਾਈ ਕਰਨੀ ਸ਼ੁਰੂ ਕਰ ਦਿੱਤੀ ਸੀ।
“ਕਿਸੇ ਮੇਰੇ ਵਰਗੇ ਮਾਤੜ ਨੇ ਸੀਰੀ ਨੂੰ ਘੋੜਾ ਦੇ ਕੇ ਭੇਜ ਤਾ। ਬਈ ਜਾਹ ਇਹਨੂੰ ਨਹਾ ਲਿਆ। ਜਦੋਂ ਸੀਰੀ ਘੋੜੇ ਨੂੰ ਨਹਾ ਕੇ ਮੁੜ ਕੇ ਆਇਆ ਤਾਂ ਉਸ ਭਾਈਬੰਦ ਨੇ ਸੀਰੀ ਨੂੰ ਪੁੱਛਿਆ- ਘੋੜੇ ਨੇ ਪਾਣੀ ਪੀ ਲਿਆ ਸੀ? ਅੱਗੋਂ ਸੀਰੀ ਕਹਿਣ ਲੱਗਿਆ - ਜੀ ਤੁਸੀਂ ਤਾਂ ਨਲਾਉਣ ਨੂੰ ਕਿਹਾ ਸੀ, ਪਾਣੀ ਨੂੰ ਥੋੜਾ। ਮੈਂ ਤਾਂ ਘੋੜੇ ਦੇ ਮੂੰਹ ’ਚ ਖੱਭੀ ਦੇ ਦਿੱਤੀ ਸੀ। ਇਹ ਸੁਣ ਕੇ ਉਹਨੇ ਮੱਥੇ ’ਤੇ ਹੱਥ ਮਾਰਿਆ। ਉਹਨੇ ਤਾਂ ਸੋਚਿਆ ਸੀ ਜਦੋਂ ਘੋੜਾ ਤਲਾਅ ਨਹਾਊ ਪਾਣੀ ਵੀ ਆਪੇ ਹੀ ਪੀ ਲਊ।”
ਜਦੋਂ ਚਤੁਰ ਸੱਸ ਨੇ ਕਹਾਣੀ ਜਿਹੀ ਸੁਣਾ ਕੇ ਇਹ ਗੱਲ ਕਹੀ ਸੀ ਤਾਂ ਸਿੱਧੀ ਸਾਦੀ ਕੁੱਕੀ ਨੂੰ ਇਹਦੇ ਰਹੱਸਮਈ ਅਰਥ ਦੀ ਕੀ ਸਮਝ ਲੱਗਣੀ ਸੀ? “ਬੇਬੇ ਨੇ ਬੜੀ ਵਧੀਆ ਬਾਤ ਸੁਣਾਈ ਆ।” ਆਖ ਉਹ ਤਾਂ ਮਨ ਹੀ ਮਨ ਹੱਸਦੀ ਰਹੀ ਸੀ। ਜੇ ਉਹ ਸੱਸ ਦੀ ਰਮਜ਼ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਸ਼ਾਇਦ ਮਾਮਲਾ ਸਾਂਭ ਲੈਂਦੀ। ਪਰ ਨਦਾਨ ਕੁੱਕੀ ਪੇਕੇ ਫੇਰਾ ਪਾ ਕੇ ਫਿਰ ਖਾਲੀ ਹੱਥ ਮੁੜ ਗਈ ਸੀ। ਫੇਰ ਤਾਂ ਕੁੱਕੀ ਦੀ ਸੱਸ ਲੀੜਿਓ ਬਾਹਰ ਹੋ ਗਈ ਸੀ, “ਕੁੱਕੀਏ ਸ਼ਰਮ ਨਾ ਆਈ ਤੈਨੂੰ ਖਾਲੀ ਹੱਥ ਆਉਂਦੀ ਨੂੰ। ਜੇ ਅਸੀਂ ਕਾਰ ਨੂੰ ਆਖਿਆ ਸੀ ਤਾਂ ਇਹਦਾ ਮਤਲਬ ਇਹ ਥੋੜਾ ਹੈ ਹੋਰਾਂ ਚੀਜ਼ਾਂ ਨੂੰ ਪੋਚਾ ਹੀ ਫੇਰ ਦਿਉ।”
ਕੁੱਕੀ ਤੋਂ ਵੀ ਚੁੱਪ ਨਹੀਂ ਰਹਿ ਹੋਇਆ ਸੀ, “ਜੋ ਦੇ ਸਕਦੇ ਸੀ ਉਹਨਾਂ ਨੇ ਦਿੱਤਾ। ਤੁਸੀਂ ਹੋਟਲ ਵਿੱਚ ਵਿਆਹ ਕਰਨ ਨੂੰ ਕਿਹਾ ਸੀ। ਉਹ ਅਸੀਂ ਕੀਤਾ। ਤੁਸੀਂ ਕਾਰ ਕਹੀ ਸੀ। ਔਖੇ ਸੌਖੇ ਹੋ ਕੇ ਅਸੀਂ ਉਹ ਵੀ ਦਿੱਤੀ। ਜੋ ਹੋਰ ਲੈਣਾ ਸੀ, ਉਦੋਂ ਦੱਸ ਦੇ। ਜੇ ਸਾਡੇ ’ਚ ਹਿੰਮਤ ਹੁੰਦੀ ਤਾਂ ਉਹ ਦੇ ਦਿੰਦੇ। ਨਹੀਂ। ਰੋ-ਰੋ ਕੇ ਸਫ਼ਾਈ ਪੇਸ਼ ਕਰਦੀ-ਕਰਦੀ ਕੁੱਕੀ ਹੌਂਕੇ ਲੈਂਦੀ ਵਿੱਚੇ ਰੁੱਕ ਗਈ ਸੀ।”
“ਨਹੀਂ ਕੀ? ਸਾਡੇ ਮੁੰਡੇ ਨੂੰ ਸਾਕ ਨ੍ਹੀਂ ਸੀ ਹੁੰਦੇ? ਵੈਲਣੇ ਤੂੰ ਤਾਂ ਮੇਰੇ ਪੁੱਤ ਦੇ ਪੈਰ ਵਰਗੀ ਨ੍ਹੀਂ ਪਤੈ ਉਹ ਕਨੇਡਾ ਦਾ ਸਿਟਿਜ਼ਨ ਐ ਜੇ ਹਿੰਮਤ ਨਹੀਂ ਸੀ ਤਾਂ ਉਦੋਂ ਬੂਥਾ ਚੁੱਕ ਕੇ ਤੇਰਾ ਪਿਉ ਬਾਹਰਲੇ ਮੁੰਡੇ ਦੇਖਣ ਕਿਉਂ ਤੁਰਿਆ ਸੀ। ਉਦੋਂ ਅੱਡੀਆਂ ਚੁੱਕ ਕੇ ਫਾਹਾ ਕਿਉਂ ਲੈਦੇ ਹੋ। ਦੇਣ-ਲੈਣ ਵੇਲੇ ਸੱਪ ਸੁੰਘ ਜਾਂਦੈ ਇਹਨਾਂ ਨੂੰ। ਇੱਥੇ ਆਪਦੇ ਵਰਗੇ ਭੁੱਖਿਆਂ-ਨੰਗਿਆਂ ਦੇ ਵਿਆਹ ਦਿੰਦੇ ਤੈਨੂੰ। ਚਾਦਰ ਦੇਖ ਕੇ ਪੈਰ ਪਸਾਰੋ ਉੱਠਾਂ ਆਲਿਆਂ ਨਾਲ ਯਾਰਿਆਂ ਲਾ ਕੇ ਹੁਣ ਕਿਉਂ ਦਰਵਾਜ਼ੇ ਭੀੜੇ ਰੱਖਦੇ ਓ।”
ਕੁੱਕੀ ’ਤੇ ਉਹਦੀ ਸੱਸ ਦਾ ਇਉਂ ਤਸ਼ੱਦਦ ਜਾਰੀ ਹੋ ਗਿਆ ਸੀ। ਉਹਦੇ ਘਰਵਾਲੇ ਨੂੰ ਤਾਂ ਸ਼ਰਾਬ ਦੇ ਨਸ਼ੇ ਵਿੱਚ ਕੋਈ ਹੋਸ਼ ਹੀ ਨਹੀਂ ਸੀ ਹੁੰਦੀ। ਜਦੋਂ ਹੋਸ਼ ਆਉਂਦੀ ਉਹ ਫਿਰ ਬੋਤਲ ਮੂੰਹ ਨੂੰ ਲਾ ਲੈਂਦਾ ਸੀ। ਇੱਕ ਤੋਂ ਮਗਰੋਂ ਇੱਕ ਬੋਤਲਾਂ ਦਾ ਡੱਟ ਖੁੱਲਦੇ ਰਹਿੰਦੇ ਸਠ। ਜਦੋਂ ਦਾ ਵਿਆਹ ਹੋਇਆ ਸੀ, ਕੁੱਕੀ ਰੋਜ਼ ਘਰੇ ਮਹਿਫ਼ਲ ਲੱਗੀ ਦੇਖਦੀ। ਬੋਤਲਾਂ ਵੀ ਕੈਨੇਡਾ ਦੀਆਂ ਹੀ ਸਨ, ਘੜੇ ਜਿੱਡੀਆਂ-ਜਿੱਡੀਆਂ।
“ਆਹ ਦੇਖੋ ਇਹਨੂੰ ਕਹਿੰਦੇ ਆ ਬੋਤਲ। ਤੁਸੀਂ ਇੰਡੀਆ ਵਾਲੇ ਸਾਲਿਓ ਸ਼ੀਸ਼ੀ ਜਿਹੀ ਮੂਹਰੇ ਰੱਖ ਕੇ ਕਹਿ ਦਿੰਦੇ ਹੋ ਬੋਤਲ ਪਲਾ ਤੀ। ਲੁੱਕ-ਲੁੱਕ ਬਾਸਟਅਡੋ ਦਿੱਸ ਫੱਕਿੰਗ ਬੋਤਲ।” ਕੁੱਕੀ ਦਾ ਸੁਹਾਗ ਨਾਲ ਬੈਠੇ ਕੌਲੀ-ਚੱਟਾਂ ਨੂੰ ਦਿਨ ਰਾਤ ਪਲਾਉਂਦਾ ਰਹਿੰਦਾ ਸੀ, ਉਹਨਾਂ ਉੱਤੇ ਰੋਹਬ ਪਾਉਂਦਾ ਰਹਿੰਦਾ ਸੀ। ਨਾਲੇ ਜਿੰਨੀ ਕੁ ਉਹਨੂੰ ਆਪ ਆਉਂਦੀ ਸੀ ਉਹਨੀ ਕੁ ਉਹਨਾਂ ਨੂੰ ਅੰਗਰੇਜ਼ੀ ਸਿਖਾਉਂਦਾ ਰਹਿੰਦਾ ਸੀ। ਕਦੇ-ਕਦਾਈ ਉਹ ਆਪਣੇ ਨਾਲ ਬੈਠੇ ਬੰਦੇ ਦੇ ਚਪੇੜ ਜਾਂ ਘਸੁੰਨ-ਮੁੱਕਾ ਵੀ ਜੜ੍ਹ ਦਿੰਦਾ ਹੁੰਦਾ ਸੀ। ਫੇਰ ਵੀ ਕੋਈ ਉਹਦੀ ਅਜਿਹੀ ਹਰਕਤ ਦਾ ਬੁਰਾ ਨਹੀਂ ਸੀ ਮਨਾਉਂਦਾ ਹੁੰਦਾ। ਕਨੇਡੀਏ ਦੇ ਨਾਲ ਦੀ ਕੁਰਸੀ ਤੇ ਹਰੇਕ ਭੱਜ ਕੇ ਬੈਠਦਾ ਸੀ, ਕਿਉਂਕਿ ਸਭ ਤੋਂ ਨੇੜੇ ਵਾਲੇ ਬੰਦੇ ਦਾ ਪੈੱਗ ਹੀ ਉਹ ਜ਼ਿਆਦਾ ਭਰਦਾ ਹੁੰਦਾ ਸੀ। ਪਊਆ ਅੱਧੀਆ ਪੀਣ ਗਿੱਝਿਆਂ ਦੀ ਢਾਈ ਲਿਟਰ ਦੀ ਬੋਤਲ ਦੇਖਦਿਆਂ ਹੀ ਨੀਤ ਫਿੱਟ ਜਾਂਦੀ ਸੀ।
ਕੁੱਕੀ ਵਿਚਾਰੀ ਦਿਨ-ਰਾਤ ਜ਼ਾਲਮ ਸੱਸ ਦੇ ਧੱਕੇ ਚੜ੍ਹੀ ਰਹਿੰਦੀ ਸੀ। ਦੋ ਕੁ ਹਫ਼ਤਿਆਂ ਬਾਅਦ ਕੁੱਕੀ ਨੂੰ ਮੰਗਵਾਉਣ ਲਈ ਅਪਲਾਈ ਕਰਨ ਦੀ ਕਾਗ਼ਜ਼ੀ ਕਾਰਵਾਈ ਚਾਲੂ ਕਰਕੇ ਮੁੰਡਾ ਕਨੇਡਾ ਚਲਾ ਗਿਆ ਸੀ। ਉਸ ਤੋਂ ਹਫ਼ਤੇ ਬਾਅਦ ਕੁੱਕੀ ਦੀ ਸੱਸ ਵੀ ਆ ਗਈ ਸੀ। ਪਰ ਆਉਣ ਲੱਗੀ ਕੁੱਕੀ ਦੀ ਸੱਸ ਨੇ ਜਿਵੇਂ ਦੁਨੀਆਂ ਤੋਂ ਅੱਖ ਬਚਾ ਕੇ ਕੋਈ ਆਸ਼ਿਕ ਮਸ਼ੂਕ ਨੂੰ ਪ੍ਰੇਮ ਪੱਤਰ ਫੜਾਉਂਦਾ ਹੈ, ਉਵੇਂ ਹੀ ਇੱਕ ਕਾਗ਼ਜ਼ ਕੁੱਕੀ ਦੇ ਪੈਰਾਂ ਵਿੱਚ ਚਲਾ ਕੇ ਮਾਰਿਆ ਸੀ, “ਕੁੜੀਏ ਜੇ ਕਨੇਡਾ ਆਉਣਾ ਹੈ ਤਾਂ ਆਹ ਸਾਰੀਆਂ ਚੀਜ਼ਾਂ ਆਪਦੇ ਪਿਉ ਕੰਜਰ ਤੋਂ ਲੈ ਕੇ ਆਈ। ਇੱਕ ਵੀ ਚੀਜ਼ ਘੱਟ ਹੋਈ ਤਾਂ ਦੇਖ ਲੀਂ।”
ਸ਼ਾਹੀ ਫ਼ਰਮਾਨਾਂ ਵਰਗਾ ਹੁਕਮ ਦੇ ਕੇ ਸੱਸ ਉਹਦੇ ਕੋਲੋਂ ਚਲੀ ਗਈ ਸੀ। ਕੁੱਕੀ ਨੇ ਥੱਲਿਉਂ ਜ਼ਮੀਨ ਤੋਂ ਚੁੱਕ ਕੇ ਉਹ ਕਾਗ਼ਜ਼ ਖੋਲ੍ਹ ਕੇ ਦੇਖਿਆ ਸੀ।
ਸੋਨੇ ਦੇ ਸੈਟ, ਕੰਗਣਾ ਦੀ ਜੋੜੀ, ਚੈਨ, ਕਾਂਟੇ, (ਮਰ ਚੁੱਕੇ) ਸੋਹਰੇ ਨੂੰ ਛਾਂਪ, ਫੁਫੜਾਂ, ਮਾਸੜਾਂ, ਚਾਚਿਆਂ, ਤਾਇਆਂ ਨੂੰ ਛਾਪਾਂ, ਸੂਟ, ਸਾੜੀਆਂ ਤੇ ਹੋਰ ਕਿੰਨਾ ਕੁੱਝ।
ਜਦ ਉੱਖਲੀ ’ਚ ਸਿਰ ਦਿੱਤਾ ਸੀ ਤਾਂ ਦੋ ਸੱਟਾਂ ਵੱਧ ਕੀ ਤੇ ਘੱਟ ਕੀ? ਸਮਝ ਕੇ ਭਰਪੂਰ ਹੋਰਾਂ ਨੇ ਘਰ-ਘਾਟ ਗਹਿਣੇ ਰੱਖ ਕੇ, ਉਰਿਉਂ-ਪਰਿਉਂ ਮੰਗ-ਤੰਗ ਕੇ, ਫ਼ਰਿਸਤ ਦਾ ਹਰ ਇੱਕ ਨਗ ਤਿਆਰ ਕਰ ਦਿੱਤਾ ਸੀ।
ਛੇ ਮਹੀਨਿਆਂ ਵਿੱਚ ਕੁੱਕੀ ਦਾ ਕੰਮ ਬਣ ਗਿਆ ਸੀ। ਕੈਨੇਡਾ ਜਾਣ ਲੱਗੀ ਕੁੱਕੀ ਨੂੰ ਭਰਪੂਰ ਹੋਰਾਂ ਨੇ ਚੰਗੀ ਤਰ੍ਹਾਂ ਚੰਡਿਆ ਸੀ ਕਿ ਉਹ ਜਾਂਦਿਆਂ ਹੀ ਪਹਿਲਾਂ ਤਾਂ ਉਹਨਾਂ ਨੂੰ ਮੰਗਵਾਉਣ ਦਾ ਹੀਲਾ-ਵਸੀਲਾ ਕਰੇ। ਜਿੰਨਾ ਚਿਰ ਉਹਨਾਂ ਦੇ ਜਾਣ ਵਿੱਚ ਕਾਨੂੰਨਨ ਵਕਤ ਲੱਗਣਾ ਸੀ, ਉਹਨਾਂ ਚਿਰ ਉਹ ਉਧਰੋਂ ਉਹਨਾਂ ਦੀ ਮਦਦ ਕਰਦੀ ਰਹੇ। ਅਰਥਾਤ ਨਕਦੀ ਅਤੇ ਉਪਹਾਰ ਵਗੈਰਾ ਭੇਜਦੀ ਰਹੇ। ਉਹਨਾਂ ਨੇ ਸਾਰੇ ਟੱਬਰ ਨੇ ਆਪੋ-ਆਪਣੀਆਂ ਫ਼ਰਮਾਇਸ਼ਾਂ ਤੋਤੇ ਵਾਂਗ ਰਟਾ ਕੇ ਕੁੱਕੀ ਨੂੰ ਜਲਾਵਤਨ ਕਰ ਦਿੱਤਾ ਸੀ।
ਕੁੱਕੀ ਦੇ ਵਿਦਾ ਹੁੰਦਿਆਂ ਹੀ ਥੋੜੇ ਕੁ ਦਿਨਾਂ ਵਿੱਚ ਭਰਪੂਰ ਹੋਰਾਂ ਦੇ ਸੁਪਨੇ ਬੈਂਕ ਤੋਂ ਲਏ ਕਰਜ਼ੇ ਦੇ ਵਿਆਜ ਵਾਂਗੂੰ ਵਧਣ ਲੱਗ ਪਏ ਸਨ। ਉਦੋਂ ਤੋਂ ਹੀ ਉਹਨਾਂ ਨੇ ਲੋਕਾਂ ਤੋਂ ਆਪਣੇ ਆਪ ਨੂੰ ਕਨੇਡੀਅਨ ਕਹਾਉਣਾ ਸ਼ੁਰੂ ਕਰ ਦਿੱਤਾ ਸੀ।
ਦੋ ਮਹੀਨਿਆਂ ਬਾਅਦ ਕੁੱਕੀ ਨੇ ਪਹਿਲੀ ਚਿੱਠੀ ਲਿਖੀ ਸੀ। ਜਿਸ ਵਿੱਚ ਰਾਜ਼ੀ-ਖੁਸ਼ੀ ਟਰਾਂਟੋਂ ਅੱਪੜਨ ਦੀ ਇਤਲਾਹ ਦੇ ਨਾਲ-ਨਾਲ ਲਿਖਿਆ ਸੀ ਕਿ ਉਹ ਜਲਦ ਹੀ ਕਾਗ਼ਜ਼ ਭੇਜ ਕੇ ਸਭ ਨੂੰ ਆਪਣੇ ਕੋਲ ਮੰਗਵਾ ਲਏਗੀ। ਚਿੱਠੀ ਪੜ੍ਹ ਕੇ ਭਰਪੂਰ ਦਾ ਸਾਰਾ ਪਰਿਵਾਰ ਖੁਸ਼ੀ ਵਿੱਚ ਬਾਘੀਆਂ ਪਾਉਂਦਾ ਫਿਰਦਾ ਸੀ। ਉਹਨਾਂ ਤੋਂ ਚਾਅ ਚੁੱਕੇ ਨਹੀਂ ਸਨ ਜਾਂਦੇ।
ਥੋੜੇ ਦਿਨਾਂ ਬਾਅਦ ਇੱਕ ਰੋਜ਼ ਸਵੇਰੇ ਉੱਠਦਿਆਂ ਹੀ ਭਰਪੂਰ ਨੂੰ ਬਲਬੀਰ ਚਾਹ ਦੀ ਗੜਵੀ ਫੜਾਉਣ ਗਈ ਸੀ ਤਾਂ ਜੱਟ ਖੁਸ਼ੀ ਵਿੱਚ ਖੀਵਾ ਹੋਇਆ ਪਿਆ ਸੀ।
“ਬੀਰੋ ਰਾਤ ਬਲਾ ਈ ਸੋਹਣਾ ਸੁਫ਼ਨਾ ਆਇਆ ਮੈਨੂੰ। ਜਾਣੀ ਨਾ ਆਪਣੇ ਦਰਾਂ ਮੂਹਰੇ ਡੱਬ-ਖੜੱਬੀ ਜਿਹੀ ਖੱਟੇ ਤੇ ਕਾਲੇ ਰੰਗ ਦੀ ਐਮਬੈਸਡਰ ਕਾਰ ਆ ਕੇ ਰੁਕੀ। ਆਪਾਂ ਸਾਰੇ ਜਾਣੇ ਬਾਹਰ ਨੂੰ ਭੱਜ ਲੈਂਦੇ ਹਾਂ। ਕਾਰ ਦੀ ਛੱਤ ਟੈਚੀਆਂ ਨਾਲ ਇਉਂ ਭਰੀ ਪਈ ਸੀ ਜਿਵੇਂ ਰੋਡਵੇਜ਼ ਦੀਆਂ ਬੱਸਾਂ ’ਤੇ ਸਵਾਰੀਆਂ ਬੈਠੀਆਂ ਹੁੰਦੀਆਂ। ਟੈਚੀ ਵੀ ਏਡੇ-ਏਡੇ ਰੇੜੇ ਜਿੱਡੇ।” ਭਰਪੂਰ ਨੇ ਪੰਛੀਆਂ ਦੇ ਉੱਡਣ ਲਈ ਖੋਲ੍ਹੇ ਪਰਾਂ ਵਾਂਗ ਆਪਣੀਆਂ ਬਾਹਾਂ ਨੂੰ ਆਸੇ-ਪਾਸੇ ਫੈਲਾ ਕੇ ਅਕਾਰ ਬਾਰੇ ਦੱਸਿਆ ਸੀ।
“ਤੇ ਉਸ ਕਾਰ ਵਿੱਚੋਂ ਆਪਣੀ ਕੁੱਕੀ ਨਿਕਲੀ। ਉਹਦੀਆਂ ਸਾਰੀਆਂ ਉਂਗਲੀਆਂ ਮੋਟੀਆਂ-ਮੋਟੀਆਂ ਸੋਨੇ ਦੀਆਂ ਮੁੰਦੀਆਂ ਨਾਲ ਭਰੀਆਂ ਪਈਆਂ ਸਨ।” ਬਲਬੀਰ ਨੂੰ ਦੱਸਦੀ ਹੋਈ ਨੂੰ ਬੜਾ ਅਨੰਦ ਆ ਰਿਹਾ ਸੀ।
“ਪਰ ਮੇਰੇ ਸੁਫ਼ਨੇ ਦਾ ਤੈਨੂੰ ਕਿਵੇਂ ਪਤਾ ਲੱਗਿਆ।” ਭਰਪੂਰ ਨੂੰ ਬਲਵੀਰ ਤੋਂ ਸੁਣ ਕੇ ਬੇਹੱਦ ਹੈਰਾਨੀ ਹੋਈ ਸੀ।
“ਮੈਨੂੰ ਵੀ ਜਮਾਂ ਈ ਇਹੋ ਜਿਹਾ ਸੁਫ਼ਨਾ ਆਇਆ ਸੀ।”
“ਬੀਬੀ ਮੇਰਾ ਸੁਪਨਾ ਵੀ ਤੁਹਾਡੇ ਵਰਗਾ ਸੀ।” ਕਲਵੰਤ ਅੱਖਾਂ ਮਲਦਾ ਹੋਇਆ ਬੋਲਿਆ ਸੀ।
“ਮੇਰਾ ਵੀ।” ਜਸਵੰਤ ਦਾ ਖ਼ੁਆਬ ਵੀ ਬਿਲਕੁਲ ਵੱਖਰਾ ਨਹੀਂ ਸੀ।
ਭਰਪੂਰ ਨੂੰ ਹੈਰਤ ਹੋਈ ਸੀ ਸਾਰੇ ਪਰਿਵਾਰ ਨੂੰ ਇਕੋ ਜਿਹਾ ਹੀ ਮਿਲਦਾ-ਜੁਲਦਾ ਸੁਫ਼ਨਾ ਆਇਆ ਸੀ, “ਚਲੋ ਕਿਸੇ ਦਾ ਤਾਂ ਸੱਚ ਹੋਊ।” ਆਖ ਕੇ ਤਾੜੀ ਮਾਰ ਕੇ ਹੱਸਦਾ ਹੋਇਆ ਉਹਨਾਂ ਦਾ ਸਾਰਾ ਟੱਬਰ ਉਦੋਂ ਖੁਸ਼ੀ ਵਿੱਚ ਝੱਲਾ ਹੋ ਗਿਆ ਸੀ।
ਕਾਫ਼ੀ ਦੇਰ ਤੱਕ ਕੁੱਕੀ ਦੀ ਕੋਈ ਚਿੱਠੀ ਨਹੀਂ ਸੀ ਆਈ। ਉਹਨਾਂ ਨੂੰ ਚਿੰਤਾ ਹੋ ਗਈ ਸੀ। ਕੁੱਕੀ ਦੀ ਖ਼ੈਰ-ਸੁੱਖ ਦੀ ਨਹੀਂ! ਸਗੋਂ ਇਸ ਗੱਲ ਦੀ ਕਿ ਕੁੱਕੀ ਨੇ ਉਹਨਾਂ ਨੂੰ ਮੰਗਵਾਉਣ ਲਈ ਕੋਈ ਕਦਮ ਚੁੱਕਿਆ ਸੀ ਜਾਂ ਨਹੀਂ।
“ਡਾਲਰ ਕਮਾਉਣੇ ਕਿਹੜਾ ਸੌਖੇ ਨੇ। ਦਿਨ-ਰਾਤ ਸਾਰੇ ਜਾਣੇ ਕੱਠੇ ਕਰਨ ਲੱਗੇ ਹੋਣੇ ਨੇ। ਉਹਨਾਂ ਨੂੰ ਚਿੱਠੀ ਲਿਖਣ ਦਾ ਵਿਹਲ ਕਿੱਥੇ?” ਚਿੱਠੀ ਨੂੰ ਉਡੀਕਦੇ ਜਦੋਂ ਉਹ ਥੱਕ ਜਾਂਦੇ ਤਾਂ ਇੱਕ ਦੂਏ ਨੂੰ ਦਿਲਜੋਈ ਦੇ ਦਿੰਦੇ।
ਦੋ ਸਾਲ ਬਾਅਦ ਕੁੱਕੀ ਦੀ ਚਿੱਠੀ ਆਈ ਸੀ। ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸਦਾ ਘਰਵਾਲਾ ਉਹਦੇ ਨਾਲ ਲੜਦਾ-ਝਗੜਦਾ ਰਹਿੰਦਾ ਸੀ। ਗਾਲ ਬਿਨਾਂ ਬੋਲਦਾ ਹੀ ਨਹੀਂ ਸੀ। ਕੈਨੇਡਾ ਆ ਕੇ ਉਹ ਬਹੁਤ ਔਖੀ ਸੀ।
“ਐਵੇਂ ਗੁੱਸਾ ਗਿਲਾ ਨਹੀਂ ਕਰੀਦਾ। ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਹੀ। ਕੋਈ ਨ੍ਹੀਂ ਆਪੇ ਸਭ ਠੀਕ ਹੋ ਜਾਊ। ਤੂੰ ਕਰਨ ਵਾਲਾ ਕੰਮ ਕਰ।” ਕੁੱਕੀ ਦੇ ਗ਼ਮਾਂ ਨੂੰ ਅਣਗੌਲਿਆ ਕਰਕੇ ਭਰਪੂਰ ਹੋਰਾਂ ਨੇ ਆਪਣੇ ਹੀ ਦੁੱਖੜਿਆਂ ਨਾਲ ਜੁਆਬੀ ਚਿੱਠੀ ਭਰ ਦਿੱਤੀ ਸੀ।
ਚੌਥੇ ਵਰ੍ਹੇ ਕੁੱਕੀ ਨੇ ਇੱਕ ਹੋਰ ਹੰਝੂਆਂ ਨਾਲ ਭਿੱਜਿਆ ਖ਼ਤ ਘੱਲਿਆ ਸੀ। ਜਿਸ ਵਿੱਚ ਉਕਰਿਆ ਹੋਇਆ ਸੀ ਕਿ ਉਹਦਾ ਘਰਵਾਲਾ ਤੇ ਉਹਦੀ ਸੱਸ ਉਹਨੂੰ ਬਹੁਤ ਤੰਗ ਕਰਦੇ ਸਨ। ਉਹ ਹੋਰ ਦਾਜ ਦੀ ਮੰਗ ਕਰਦੇ ਸਨ। ਉਹਨਾਂ ਦੇ ਮੂੰਹ ਨੂੰ ਖੂਨ ਜੋ ਲੱਗ ਚੁੱਕਿਆ ਸੀ। ਸਾਹੁਰਿਆਂ ਦੇ ਅਤਿਆਚਾਰਾਂ ਨੂੰ ਸਹਿੰਦੀ ਹੋਈ ਉਹ ਨਰਕਾਂ ਦੀ ਜੂਨ ਹੰਢਾ ਰਹੀ ਸੀ।
ਮੈਂ ਕਰਦਾਂ ਸਾਲ ੇ(ਭਣੋਈਏ) ਨੂੰ ਲੋਟ। ਬੀਬੀ ਲਿਆ ਪੈਹੇ ਸ਼ਹਿਰੋਂ ਟੈਲੀਫੂਨ ਕਰਨ ਨੂੰ?” ਸਾਰੇ ਹਾਲਾਤ ਤੋਂ ਜਾਣੂ ਹੋਣ ਪੁਰ ਕਲਵੰਤ ਵਿੱਚਲੇ ਭਰਾ ਨੂੰ ਸੇਕ ਲੱਗਿਆ ਸੀ।
“ਆਹੋ ਵੀਰੇ ਚੁੱਪ ਰਹਿ ਕੇ ਨਹੀਂ ਸਰਨਾ।” ਜਸਵੰਤ ਦੀ ਗ਼ੈਰਤ ਵੀ ਜਾਗ ਪਈ ਸੀ।
“ਤੁਸੀਂ ਕੀ ਬੰਬ ਚਲਾ ਦਿਉਗੇ? ਕੁੱਕੀ ਕਿਹੜਾ ਮੋਮ ਦੀ ਬਣੀ ਹੋਈ ਆ ਬਈ ਪੱਘਰ ਜੂ। ਕੁੱਝ ਨ੍ਹੀਂ ਹੁੰਦਾ ਜੇ ਬੰਦੇ ਨੇ ਮਾੜਾ ਮੋਟਾ ਧੋਲ-ਧੱਫਾ ਜੜ੍ਹ ਤਾਜਨਾਨੀਆਂ ਤਾਂ ਗੁੱਸਾ ਪੀ ਜਾਂਦੀਆਂ ਹੁੰਦੀਆਂ ਨੇ। ਬੰਦੇ ਨੂੰ ਤਾਂ ਬਾਹਰ ਕੱਢਣਾ ਹੀ ਪੈਂਦੈ।”
ਤੀਵੀਂ ਨੂੰ ਕੁੱਟਣਾ ਬੰਦੇ ਦਾ ਜਨਮ ਸਿੱਧ ਅਧਿਕਾਰ ਮੰਨ ਕੇ ਭਰਪੂਰ ਨੇ ਕੋਈ ਬਹੁਤੀ ਪਰਵਾਹ ਨਹੀਂ ਸੀ ਕੀਤੀ। ਕੋਈ ਦੁੱਖ ਨਹੀਂ ਸੀ ਮਨਾਇਆ। ਸਗੋਂ ਕੁੱਕੀ ਨੂੰ ਲਿਫ ਕੇ ਚੱਲਣ ਦੀ ਤਾਕੀਦ ਕਰਦਿਆਂ ਮੁੜਵਾਂ ਲਿਖਿਆ ਸੀ, “ਤੂੰ ਕਿਹੜਾ ਸਾਡੇ ਆਖੇ ਲੱਗਦੀ ਏਂ? ਤੈਨੂੰ ਕਦੋਂ ਦੇ ਜਿਹੜਾ ਕੰਮ ਕਹਿੰਦੇ ਹਾਂ, ਉਹ ਕਰਦੀ ਕਿਉਂ ਨਹੀਂ? ਸਭੇ ਕੰਮ ਵਿੱਚੇ ਛੱਡ ਕੇ ਉਹ ਕਰ ਜੋ ਅਸੀਂ ਕਹਿੰਦੇ ਹਾਂ। ਸਾਡੇ ਆਇਆ ਤੋਂ ਆਪੇ ਸਭ ਠੀਕ ਹੋ ਜਾਊ। ਜੇ ਕੋਈ ਕੁਸਕ ਵੀ ਜਾਵੇ ਤਾਂ ਕਹਿ ਦੇਈ। ਸਭ ਨੂੰ ਤੱਕਲੇ ਵਰਗੇ ਕਰ ਦੂੰ ਮੈਂ ਇੱਕ ਵਾਰੀ ਹੈਥੇ ਆ ਜਾਵਾਂ। ਦੇਖੀਂ ਅੱਖ ਵਿੱਚ ਪਾਏ ਨਹੀਂ ਰੜਕਣੇ।”
ਉਹਨਾਂ ਦਿਨਾਂ ਵਿੱਚ ਹੀ ਟਰਾਂਟੋ ਤੋਂ ਭਰਪੂਰ ਦੇ ਨਾਲ ਦੇ ਪਿੰਡ ਦੀ ਕੋਈ ਬੁੱਢੀ ਆਈ ਸੀ। ਉਹਨੇ ਦੱਸਿਆ ਸੀ, “ਥੋਡੀ ਕੁੜੀ ਤਾਂ ਸਜ਼ਾ ਈ ਭੋਗਦੀ ਆ। ਕੁਪੱਤਿਆਂ ਨੇ ਨੱਕ ’ਚ ਦਮ ਕਰਿਆ ਪਿਐ ਉਹਦੇ ਤਾਂ। ਆਹ ਦੋਖੋ ਮੈਂ ਮਿਲਣ ਆਈ ਦੀ ਫੋਟੋ ਵੀ ਖਿੱਚੀ ਸੀ ਉਹਦੀ। ਬਿਲਕੁਲ ਈ ਕਰੰਗ ਜਿਹੀ ਬਣੀ ਪਈ ਹੈ। ਸਿਆਣ ਹੀ ਨਹੀਂ ਹੁੰਦੀ। ਉਹਦਾ ਤਾਂ ਬੁਰਾ ਹਾਲ, ਬੌਂਕੇ ਦਿਹਾੜੇ ਨੇ।”
ਸਾਰੇ ਟੱਬਰ ਨੇ ਕੁੱਕੀ ਦੀ ਤਸਵੀਰ ਵਾਰੀ ਵਾਰੀ ਦੇਖੀ ਸੀ। ਸਭ ਨੂੰ ਉਸ ਫੋਟੇ ਵਿੱਚ ਕੁੱਕੀ ਦੀ ਬਜਾਏ ਉਸ ਦੀ ਪਿੱਠਭੂਮੀ ’ਤੇ ਖੜ੍ਹੀ ਕੈਨੇਡਾ ਦੀ ਕੋਈ ਬਹੁ-ਮੰਜ਼ਿਲੀ ਬਿਲਡਿੰਗ ਹੀ ਨਜ਼ਰ ਆਈ ਸੀ।
ਸਿਰ ਉੱਤੇ ਲਿਆ ਹੋਇਆ ਡੋਰੀਆ ਸੰਵਾਰਦੀ ਹੋਈ ਉਹ ਬੁੜੀ ਫੇਰ ਆਖਣ ਲੱਗੀ ਸੀ, “ਕੀ ਗੱਡਾ ਖੜਾ ਸੀ ਥੋਡਾ ਅਹੇ ਜਿਹੀ ਕਨੇਡਾ ਵੱਲੋਂ? ਜਦ ਧੀ-ਪੁੱਤ ਦੀ ਜਾਨ ਹੀ ਨਾ ਸਖਾਲੀ ਰਹੀ। ਬਿਚਾਰੀ ਨੂੰ ਦਿਨ ਰਾਤ ਜਲੇਬੀ ਵਾਂਗੂੰ ਤਲਦੇ ਨੇ ਮਾਂ ਪੁੱਤ। ਤਿੱਲੇ ਦੀ ਤਾਰ ਵਰਗੀ ਕੁੜੀ ਤੁਸੀਂ ਬੁੜੇ-ਖੁੰਢ ਤੇ ਉਸ ਬਾਰਾਂ-ਤਾਲੀ ਤੀਮੀਂ ਦੇ ਪੇਸ਼ ਪਾ ਦਿੱਤੀ। ਤੁਸੀਂ ਤਾਂ ਵੈਰ ਹੀ ਲਿਆ ਹੈ ਕੁੜੀ ਨਾਲ। ਮੇਰੇ ਕੋਲ ਬੁੱਕ-ਬੁੱਕ ਰੋਂਦੀ ਸੀ।”
“ਕੀ ਦੱਸੀਏ ਭੈਣ ਜੀ, ਅਸੀਂ ਤਾਂ ਦੂਜੇ ਨਿਆਣਿਆਂ ਦੇ ਮਾਰਿਆਂ ਨੇ ਸਹੇੜਿਆ ਸੀ। ਸੋਚਿਆ ਸੀ ਇਹਨਾਂ ਦੀ ਜ਼ਿੰਦਗੀ ਬਣ ਜਾਊ। ਅਸੀਂ ਵੀ ਬਾਹਰ ਨਿਕਲ ਜਾਵਾਂਗੇ।” ਬਲਬੀਰ ਦੀ ਕਮਜ਼ੋਰ ਅਤੇ ਪੀੜਤ ਜਿਹੀ ਆਵਾਜ਼ ਨਿਕਲੀ ਸੀ।
“ਤੁਹਾਨੂੰ ਪੁੱਤਰੀ ਦੀਆਂ ਖੁਸ਼ੀਆਂ ਦਾ ਕੋਈ ਖ਼ਿਆਲ ਨਹੀਂ ਸੀ? ਜਿਵੇਂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਇਹਨਾਂ ਤੋਂ ਤਾਂ ਲੱਗਦਾ ਜਿਵੇਂ ਕੁੱਕੀ ਤੁਹਾਡੀ ਲੜਕੀ ਨਾ ਹੋਈ ਪੌੜੀ ਹੀ ਹੋ ਗਈ। ਜਿਸ ਉੱਤੇ ਪੈਰ ਰੱਖ ਕੇ ਤੁਸੀਂ ਉਸ ਉਚਾਈ ’ਤੇ ਚੜ੍ਹਨਾ ਚਾਹੁੰਦੇ ਹੋ। ਜਿੱਥੇ ਉਸ ਦੇ ਸਹਾਰੇ ਤੋਂ ਬਿਨਾਂ ਤੁਹਾਡਾ ਪਹੁੰਚਣਾ ਸੰਭਵ ਨਹੀਂ।”
ਉਸ ਤੀਵੀਂ ਅੱਗੇ ਉਹ ਕੁੱਝ ਬੋਲਣ ਜੋਗੇ ਨਹੀਂ ਸੀ ਰਹੇ। ਉਸ ਤ੍ਰੀਮਤ ਤੋਂ ਇਹ ਵੀ ਪਤਾ ਚੱਲਿਆ ਸੀ। ਉਹਨਾਂ ਦਾ ਜਵਾਈ ਪਹਿਲਾਂ ਵੀ ਵਿਆਹਿਆ ਹੋਇਆ ਸੀ। ਸਾਲ ਬਾਅਦ ਹੀ ਉਹਨੇ ਆਪਣਾ ਪਹਿਲਾ ਟੱਬਰ ਛੱਡ ਦਿੱਤਾ ਸੀ। ਐਨਾ ਵੱਡਾ ਭੇਤ ਉਹਨਾਂ ਤੋਂ ਲਕੋਇਆ ਗਿਆ ਸੀ। ਇਸ ਰਾਜ਼ ਦਾ ਪਰਦਾਫਾਸ਼ ਹੋਣ ਤੇ ਜਦੇ ਹੀ ਗੁੱਸੇ ’ਚ ਆ ਕੇ ਭਰਪੂਰ ਨੇ ਕੈਨੇਡਾ ਨੂੰ ਫੋਨ ਖੜਕਾ ਦਿੱਤਾ ਸੀ।
ਕੁੱਕੀ ਦੀ ਸੱਸ ਨੇ ਭਰਪੂਰ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਸੀ, ਆਪ ਹੀ ਐਸੀ ਸ਼ੁਰੂ ਹੋਈ ਸੀ ਕਿ ਉਹਨੇ ਚੁੱਪ ਹੋਣ ਦਾ ਨਾਂ ਹੀ ਨਹੀਂ ਸੀ ਲਿਆ, “ਕੁੜੀ ਮਾਡਰਨ ਸੀ, ਪੱਬਾਂ-ਕਲੱਬਾਂ ’ਚ ਫਿਰਦੀ ਰਹਿੰਦੀ ਸੀ। ਸਾਡਾ ਮੁੰਡਾ ਤਾਂ ਉਹਨੂੰ ਪਹਿਲਾਂ ਤੋਂ ਹੀ ਲਾਈਕ ਨ੍ਹੀਂ ਸੀ ਕਰਦਾ। ਅਸੀਂ ਹੀ ਧੱਕੇ ਨਾ ਵਿਆਹ ਦਿੱਤਾ ਸੀ।”
ਗੱਲ ਕਰਦਿਆਂ ਉਹ ਖੌਰੇ ਸਾਹ ਲੈਣ ਲਈ ਚੁੱਪ ਹੋਈ ਸੀ ਕਿ ਭਰਪੂਰ ਨੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਸੀ। ਭਰਪੂਰ ਨੇ ਅਜੇ ਦੋ ਕੁ ਗੱਲਾਂ ਹੀ ਕਰੀਆਂ ਹੋਣਗੀਆਂ ਕਿ ਕੁੱਕੀ ਦੀ ਸੱਸ ਨੇ ਫੇਰ ਆਪਣਾ ਗੇਅਰ ਪਾ ਲਿਆ ਸੀ, “ਜ਼ਬਾਨ ਸੰਭਾਲ ਕੇ ਬੋਲ-ਥੋਡੀ ਕੁੜੀ ਕਨੇਡਾ ’ਚ ਆ ਗਈ। ਹੋਰ ਕੀ ਭਾਲਦੇ ਹੋ?”
ਕੁੱਕੀ ਦੀ ਸੱਸ ਦੇ ਮੁੱਖੋਂ ਕਨੇਡਾ ਸ਼ਬਦ ਸੁਣ ਕੇ ਭਰਪੂਰ ਠਰ ਗਿਆ ਸੀ। ਉਹਨੇ ਉੱਥੇ ਹੀ ਫੋਨ ਕੱਟ ਦਿੱਤਾ ਸੀ। ਕਾਲ ਦਾ ਬਿੱਲ ਵੀ ਕਾਫ਼ੀ ਬਣ ਗਿਆ ਸੀ। ਹੋਰ ਗੱਲ ਕਰਨ ਦੀ ਉਹਦੀ ਜੇਬ ਨੇ ਵੀ ਇਜਾਜ਼ਤ ਨਹੀਂ ਸੀ ਦਿੱਤੀ।
ਇਲਾਕੇ ਦੇ ਦੂਜੇ ਲੋਕਾਂ ਜਿੰਨ੍ਹਾਂ ਨੇ ਕੁੱਕੀ ਦੇ ਵਿਆਹ ਤੋਂ ਮਗਰੋਂ ਕੁੜੀਆਂ ਵਿਆਹੀਆਂ ਸਨ, ਉਹ ਸਭ ਵਿਦੇਸ਼ਾਂ ’ਚ ਚਲੇ ਗਏ ਸਨ। ਕਈ ਤਾਂ ਇੱਕ-ਇੱਕ ਦੋ-ਦੋ ਗੇੜੇ ਲਾ ਕੇ ਮੁੜ ਵੀ ਆਏ ਸਨ। ਭਰਪੂਰ ਨੂੰ ਅਸਚਰਜਤਾ ਹੁੰਦੀ ਸੀ ਕਿ ਹਰ ਕੰਮ ਭੱਜ-ਭੱਜ ਕਰਨ ਵਾਲੀ ਕੁੱਕੀ ਕਨੇਡਾ ਜਾ ਕੇ ਏਨੀ ਜਿੱਲ੍ਹੀ ਕਿਵੇਂ ਹੋ ਗਈ ਸੀ? ਉਹਨਾਂ ਦੇ ਕਦੋਂ ਦੇ ਪਾਸਪੋਰਟ ਬਣੇ ਪਏ ਸਨ। ਉਹ ਤਾਂ ਬਿਸਤਰੇ ਬੰਨ੍ਹੀ ਤਿਆਰੀਆਂ ਕਸੀ ਬੈਠੇ ਸਨ। ਸਭ ਦੇ ਕੈਨੇਡਾ ਜਾਣ ਵੇਲੇ ਪਾਉਣ ਵਾਲੇ ਕੱਪੜੇ ਸਿਲਵਾ ਕੇ ਅਣਲੱਗ ਰੱਖੇ ਪਏ ਸਨ। ਵਹਿੜਕਾ ਵੀ ਕਿੱਦਣ ਦਾ ਉਹਨਾਂ ਨੇ ਵੇਚ ਦਿੱਤਾ ਸੀ। ਉਹਨਾਂ ਵੱਲੋਂ ਕੋਈ ਢਿੱਲ ਨਹੀਂ ਸੀ। ਬਸ ਕੁੱਕੀ ਹੀ ਹੱਥ ਨਹੀਂ ਸੀ ਹਿਲਾ ਰਹੀ। ਉਹ ਅਕਸਰ ਪੀ ਸੀ ਓ ਤੋਂ ਫੋਨ ਕਰਕੇ ਕੁੱਕੀ ਨੂੰ ਯਾਦ ਕਰਵਾਉਂਦੇ ਰਹਿੰਦੇ ਸਨ। ਚਿੱਠੀਆਂ ਦਾ ਤਾਂ ਭਲਾਂ ਕੋਈ ਅੰਤ ਹੀ ਨਹੀਂ ਸੀ ਰਿਹਾ। ਸਾਹੁਰਿਆਂ ਦੇ ਪਰਿਵਾਰ ਦੀ ਮੌਜੂਦਗੀ ਕਾਰਨ ਕੁੱਕੀ ਫੋਨ ਤੇ ਤਾਂ ਹਾਂ ਹੂੰ ਦੇ ਸਿਵਾਏ ਕੋਈ ਬਹੁਤੀ ਗੱਲ ਨਹੀਂ ਕਰਦੀ ਹੁੰਦੀ ਸੀ।
“ਸਾਡੇ ਬਾਰੇ ਕੁੱਝ ਕਰਿਆ ਕਿ ਨਹੀਂ?” ਜਦੋਂ ਉਹ ਟੈਲੀਫੂਨ ’ਤੇ ਕੁੱਕੀ ਤੋਂ ਪੁੱਛਦੇ ਤਾਂ ਉਹ ਅੱਗੋਂ, “ਹਾਂ-ਹਾਂ, ਬਸ ਕਰਦੀ ਹਾਂ।” ਕਹਿ ਕੇ, ਫੋਨ ਰੱਖਣ ਦਾ ਕਰਦੀ। ਅੱਖੜ ਸੁਭਾਅ ਤੋਂ ਡਰਦੇ ਉਹ ਜਵਾਈ ਜਾਂ ਕੁੜਮਣੀ ਨੂੰ ਛੇੜਦੇ ਨਹੀਂ ਸਨ। ਉਹਨਾਂ ਨੂੰ ਪਤਾ ਸੀ ਮੂਹਰਿਓ ਉਹਨਾਂ ਨੇ ਤਾਂ ਸਲੋਕ ਮਹਲਾ ਸੁਣਾ ਦੇਣਾ ਸੀ।
ਵਕਤ ਕਾਫ਼ੀ ਗੁਜ਼ਰ ਚੁੱਕਿਆ ਸੀ। ਡੰਡ ਪਾਈ ਹੋਣ ਸਦਕਾ ਹੁਣ ਤਾਂ ਲੋਕ ਉਹਨਾਂ ਨੂੰ ਟਿੱਚਰਾਂ ਵੀ ਕਰਨ ਲੱਗ ਪਏ ਸਨ, “ਸੁਣਾ ਭਰਪੂਰ ਸਿਆਂ ਕਦੋਂ ਦੀ ਆ ਫਲਾਈਟ? ਮਿਲ-ਗਿਲ ਕੇ ਜਾਈਂ। ਕਿਤੇ ਚੋਰਾਂ ਵਾਂਗੂੰ ਰਾਤੋ-ਰਾਤ ਹੀ ਨਾ ਉੱਠ ਜੀਂ।”
ਅੱਗੋਂ ਭਰਪੂਰ ਢਿੱਲਾ ਜਿਹਾ ਮੂੰਹ ਕਰਕੇ ਮੋੜਾ ਦਿੰਦਾ ਸੀ, “ਨਾ ਬਈ ਏਕਣ ਕਿਵੇਂ ਚਲੇ ਜਾਵਾਂਗੇ। ਤੁਹਾਨੂੰ ਨਾ ਦੱਸਾਂਗੇ ਤਾਂ ਹੋਰ ਕਿਹਨੂੰ ਦੱਸਣਾ ਹੈ?”
ਉਂਝ ਉਹ ਚਿੱਤ ਵਿੱਚ ਸੋਚਦਾ ਰਹਿੰਦਾ ਸੀ। ਇੱਕ ਵਾਰੀ ਕੰਮ ਬਣ ਜਾਏ। ਫਿਰ ਤਾਂ ਜਾਣ ਲੱਗਿਆ ਲਾਊਡ ਸਪੀਕਰ ਵਿੱਚ ਮੁਨਿਆਦੀ ਕਰਵਾ ਕੇ ਜਾਊਂ ਕਨੇਡੇ।
ਅਜੇ ਤੱਕ ਕੁੱਕੀ ਨੇ ਭਰਪੂਰ ਨੂੰ ਸੀਕੋ ਦੀ ਉਹ ਘੜੀ ਨਹੀਂ ਸੀ ਭੇਜੀ, ਜਿਸ ਦੇ ਚਮਕਦੇ ਰੇਡੀਅਮ ਨਾਲ ਉਹਨੇ ਬਿਨਾਂ ਬੱਤੀ ਜਗਾਇਆਂ ਰਾਤ ਨੂੰ ਟਾਈਮ ਦੇਖਿਆ ਕਰਨਾ ਹੈ।
ਨਾ ਹੀ ਕਲਵੰਤ ਲਈ ਕੋਡੈਕ ਦਾ ਉਹ ਕੈਮਰਾ ਆਇਆ ਸੀ, ਜਿਸ ਨਾਲ ਉਹਨੇ ਲੰਬੜਦਾਰਾਂ ਦੀ ਨਿੱਕੀ ਦੀਆਂ ਫੋਟੋਆਂ ਖਿੱਚਣੀਆਂ ਹਨ।
ਬਲਵੀਰ ਕੁਰ ਨੂੰ ਅਣਸੀਉਂਤਾ ਸੂਟ ਤਾਂ ਰਿਹਾ ਇੱਕ ਪਾਸੇ, ਕੋਈ ਕੈਨੇਡਾ ਦੀ ਅਧੋਰਾਣੀ ਚੁੰਨੀ ਵੀ ਨਹੀਂ ਸੀ ਮਿਲੀ।
ਜਸਵੰਤ ਵਾਸਤੇ ਡੇਅਰੀ ਵਾਲੇ ਪਾਲੇ ਦੀ ਜਾਕਟ ਵਰਗੀ ਜੈਕਟ ਤਾਂ ਖ਼ੈਰ ਆਉਣੀ ਹੀ ਕਿੱਥੋਂ ਸੀ?
ਛੇ ਵਰ੍ਹਿਆਂ ਦੇ ਲੰਮੇ ਇੰਤਜ਼ਾਰ ਬਾਅਦ ਅੱਕ ਕੇ ਉਹਨਾਂ ਨੇ ਚੰਗੀ ਤਰ੍ਹਾਂ ਤਾੜ ਕੇ ਕੁੱਕੀ ਨੂੰ ਲਿਖ ਦਿੱਤਾ ਸੀ ਕਿ ਕੁੱਕੀ ਕਾਗ਼ਜ਼ ਪਾ ਦੇਵੇ ਨਹੀਂ ਤਾਂ ਸਭ ਰਿਸ਼ਤੇ ਖਤਮ। ਉਹ ਕੁੱਕੀ ਲਈ ਮਰ ਗਏ ਤੇ ਕੁੱਕੀ ਉਹਨਾਂ ਲਈ ਮਰ ਗਈ। ਕਿੰਨਾ ਕੀਤਾ ਸੀ ਉਹਨਾਂ ਨੇ ਕੁੱਕੀ ਲਈ? ਕਿਹੜੀਆਂ-ਕਿਹੜੀਆਂ ਮੁਸੀਬਤਾਂ ਸਨ ਜੋ ਉਹਨਾਂ ਨੇ ਨਹੀਂ ਸਨ ਝੱਲੀਆਂ? ਤੇ ਕੁੱਕੀ ਉਹਨਾਂ ਲਈ ਮਾੜਾ ਜਿਹਾ ਕੰਮ ਨਹੀਂ ਸੀ ਕਰ ਸਕਦੀ। ਰਾਹਦਾਰੀਆਂ ਹੀ ਭੇਜਣੀਆਂ ਸਨ, ਬਾਕੀ ਤਾਂ ਦਿੱਲੀ ਕਰਨ ਵਾਲਾ ਸਭ ਕੰਮ ਉਹਨਾਂ ਨੇ ਆਪ ਨਜਿੱਠ ਲੈਣਾ ਸੀ। ਇਸ ਪਾਰ ਜਾਂ ਉਸ ਪਾਰ। ਉਹ ਇੱਕ ਸਿਰਾ ਕਰਨ ’ਤੇ ਤੁਲ ਗਏ ਸਨ। ਹੁਣ ਸ਼ਾਇਦ ਉਸ ਕੜਕਵੀਂ ਚਿੱਠੀ ਦਾ ਅਸਰ ਹੋਇਆ ਸੀ। ਕੁੱਕੀ ਨੇ ਸਭ ਕਾਗ਼ਜ਼-ਪੱਤਰ ਛੇਤੀ-ਛੇਤੀ ਬਣਾ ਕੇ ਭੇਜ ਦਿੱਤੇ ਲੱਗਦੇ ਸਨ। ਹੋ ਸਕਦਾ ਹੈ ਖਰਚ-ਪਾਣੀ ਲਈ ਵਿੱਚ ਡਾਲਰ ਵੀ ਹੋਣ!
ਬਲਬੀਰ ਤੋਂ ਹੋਰ ਸਬਰ ਨਹੀਂ ਸੀ ਹੁੰਦਾ। ਉਹਨੂੰ ਬੈਠੀ-ਬੈਠੀ ਨੂੰ ਖ਼ਿਆਲ ਆਇਆ ਕਿ ਕਿਉਂ ਨਾ ਉਹ ਗਵਾਢੀਆਂ ਦੀ ਸੀਤੋ ਤੋਂ ਹੀ ਚਾਰ ਅੱਖਰ ਪੜ੍ਹਾ ਲਿਆਵੇ, ਤਾਂ ਕਿ ਉਹਦੇ ਮਨ ਨੂੰ ਟੇਕ ਤਾਂ ਆਵੇ। ਉਹਦੇ ਕਾਲਜੇ ਵਿੱਚ ਠੰਢ ਤਾਂ ਪਵੇ। ਰਜਿਸਟਰੀ ਚੁੱਕ ਕੇ ਉਹ ਅਜੇ ਚੱਲਣ ਹੀ ਲੱਗੀ ਸੀ ਕਿ ਬਾਹਰੋਂ ਖੁੰਦੋ-ਖੂੰਡੀ ਖੇਡ ਕੇ ਢਿੱਲੀ ਜੂੜੀ ਕੱਸਦਾ ਜਸਵੰਤ ਆ ਗਿਆ। ਉਸ ਦੇ ਮਗਰੇ ਹੀ ਕਲਵੰਤ ਅੰਦਰ ਵੜ ਕੇ ਸਾਇਕਲ ਸਟੈਂਡ ’ਤੇ ਲਾਉਂਦਾ ਹੀ ਸੀ ਕਿ ਨਾਲ ਹੀ ਭਰਪੂਰ ਵੀ ਆ ਵੜਿਆ। ਬਲਬੀਰ ਦੇ ਹੱਥਾਂ ’ਚ ਰਜਿਸਟਰੀ ਦੇਖ ਕੇ ਸਾਰੇ ਜਾਣੇ ਉਸ ਉੱਤੇ ਇੰਝ ਝੱਪਟੇ ਜਿਵੇਂ ਕਈ ਦਿਨਾਂ ਦੇ ਭੁੱਖੇ ਬੰਦੇ ਰੋਟੀ ਉਂੱਤੇ ਮਰ ਕੇ ਡਿੱਗਦੇ ਹਨ।
ਰਜਿਸਟਰੀ ਦਾ ਮੂੰਹ ਖੋਲ੍ਹਦਿਆਂ ਹੀ ਵਿੱਚੋਂ ਕੁੱਕੀ ਦੀਆਂ ਫੋਟੋਆਂ ਨਿਕਲ ਕੇ ਜ਼ਮੀਨ ’ਤੇ ਖਿੱਲਰ ਗਈਆਂ। ਭਰਪੂਰ ਨੇ ਫੇਰ ਦੇਖਾਂਗੇ ਕਹਿ ਕੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਤੇ ਲਿਫ਼ਾਫ਼ੇ ਨੂੰ ਫਰੋਲਣ ਲੱਗਾ। ਉਸ ਨੂੰ ਵਿੱਚੋਂ ਇੱਕ ਵੀ ਡਾਲਰ ਨਾ ਥਿਆਇਆ। ਉਹ ਚਿੱਠੀ ਕੱਢ ਕੇ ਪੜ੍ਹਨ ਲੱਗਾ।
ਚਿੱਠੀ ਪੜ੍ਹਦਿਆਂ ਹੀ ਭਰਪੂਰ ਨੂੰ ਹੌਲ ਪੈ ਗਿਆ। ਉਹਦੇ ਤੋਂ ਫੜ ਕੇ ਕਲਵੰਤ ਨੇ ਅੱਖਰਾਂ ’ਤੇ ਨਿਗਾਹ ਮਾਰੀ ਤਾਂ ਉਹਦੇ ਵੀ ਪੈਰਾਂ ਥੱਲੀਉਂ ਜ਼ਮੀਨ ਸਰਕ ਗਈ। ਚਿੱਠੀ ਉਹਦੇ ਹੱਥਾਂ ਦੇ ਕਾਬੂ ਵਿੱਚ ਨਾ ਰਹੀ, ਭੁੰਜੇ ਡਿੱਗ ਪਈ। ਹੇਠੋਂ ਜਸਵੰਤ ਨੇ ਚੁੱਕੀ ਤਾਂ ਉਹਦੇ ਵੀ ਡੋਬੂ ਪੈਣ ਲੱਗ ਗਏ। ਵਾਰੋ-ਵਾਰੀ ਚਿੱਠੀ ਪੜ੍ਹ ਕੇ ਸਾਰੇ ਮੰਜੇ ’ਤੇ ਢਹਿ ਪਏ। ਬਲਬੀਰ ਨੂੰ ਚਿੱਠੀ ਸੁਣਨ ਦੀ ਲੋੜ ਹੀ ਨਹੀਂ ਮਹਿਸੂਸ ਹੋਈ। ਉਹ ਸਾਰਿਆਂ ਦੇ ਉੱਡੇ ਹੋਏ ਚਿਹਰੇ ਦੇਖ ਕੇ ਸਭ ਸਮਝ ਗਈ ਸੀ।
ਸਨੈਪਸ ਸਧਾਰਨ ਡਾਕ ਵਿੱਚ ਗਵਾਚ ਨਾ ਜਾਣ ਇਸ ਲਈ ਕੁੱਕੀ ਨੇ ਰਜਿਸਟਰੀ ਕਰੀ ਸੀ। ਚਿੱਠੀ ਦਾ ਇੱਕ-ਇੱਕ ਅੱਖਰ ਯਾਨੀ ਕੁੱਕੀ ਦੇ ਲਹੂ ਨਾਲ ਲਿਖਿਆ ਹੋਇਆ ਸੀ। ਉਹਨੇ ਆਪਣੀ ਸਾਰੀ ਵੇਦਨਾ ਲਫ਼ਜ਼ਾਂ ਵਿੱਚ ਭਰ ਕੇ ਝਰੀਟ ਦਿੱਤੀ ਸੀ। ਸਾਹੁਰਿਆਂ ਦੇ ਜ਼ੁਲਮੋ-ਸਿਤਮ ਦੀ ਦਾਸਤਾਨ ਦੇ ਨਾਲ ਇਹ ਵੀ ਲਿਖਿਆ ਸੀ ਕਿ ਸਾਰੇ ਪਰਿਵਾਰ ਨੂੰ ਮੰਗਵਾਉਣ ਅਤੇ ਕਿਸੇ ਹੋਰ ਕਿਸਮ ਦਾ ਖਰਚਾ ਝੱਲਣ ਤੋਂ ਕੁੱਕੀ ਨੂੰ ਉਸ ਦੇ ਪਤੀ ਅਤੇ ਸੱਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਕਿਉਂਕਿ ਸੌਦਾ ਹੋਣ ਵੇਲੇ ਸਭ ਨੂੰ ਕਨੇਡਾ ਸੱਦਣਾ ਤੈਅ ਨਹੀਂ ਹੋਇਆ ਸੀ। ਐਨੇ ਵਰ੍ਹੇ ਕੁੱਕੀ ਹੁਣ ਤੱਕ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਰਜ਼ਾਮੰਦ ਕਰਨ ਦੇ ਯਤਨ ਕਰਦੀ ਰਹੀ ਸੀ। ਤੇ ਹੁਣ ਉਸ ਦੀ ਬੇਬਾਹ ਹੋ ਗਈ ਸੀ। ਉਹ ਨਹੀਂ ਮੰਨੇ ਸਨ। ਚਿੱਠੀ ਵਿੱਚ ਕੁੱਕੀ ਨੇ ਆਪਣੀ ਬੇਬਸੀ ਦਾ ਖੁੱਲ੍ਹ ਕੇ ਵਰਣਨ ਕੀਤਾ ਸੀ ਤੇ ਆਖਿਆ ਸੀ ਕਿ ਉਹ ਹੁਣ ਕੈਨੇਡਾ ਦੀ ਉਮੀਦ ਛੱਡ ਦੇਣ। ਉਹ ਉਹਨਾਂ ਨੂੰ ਨਹੀਂ ਮੰਗਵਾ ਸਕਦੀ।
ਸਾਰਾ ਪਰਿਵਾਰ ਸੁੰਨ ਹੋ ਗਿਆ ਸੀ। ਉਹਨਾਂ ਨੇ ਜਿਸ ਕੰਮ ਲਈ ਕੁੱਕੀ ਨੂੰ ਖੂਹ ’ਚ ਧੱਕਾ ਦਿੱਤਾ ਸੀ। ਅੱਜ ਤੱਕ ਉਹ ਕਾਰਜ ਨਹੀਂ ਸਾਉਰੀਆ ਸੀ ਤੇ ਹੁਣ ਕਦੇ ਵੀ ਪੂਰਾ ਨਹੀਂ ਸੀ ਹੋ ਸਕਣਾ। ਜ਼ਮੀਨ ਦੀ ਉਹ ਚੱਪਾ ਕੁ ਥਾਂ ਜਿੱਥੇ ਫੋਟੋਆਂ ਬਿਖਰੀਆਂ ਪਈਆਂ ਸਨ, ਸਭ ਨੂੰ ਮਨਹੂਸ ਲੱਗ ਰਹੀ ਸੀ। ਸਾਰੇ ਜਾਣੇ ਮੰਜੇ ’ਤੇ ਢਹਿ-ਢੇਰੀ ਹੋਏ ਬੈਠੇ ਇੰਝ ਮਹਿਸੂਸ ਕਰ ਰਹੇ ਸਨ ਜਾਣੀ ਉਹਨਾਂ ਉੱਤੇ ਕੋਈ ਬਹੁਤ ਵੱਡਾ ਦੁੱਖਾਂ ਦਾ ਪਹਾੜ ਹੀ ਟੁੱਟ ਕੇ ਡਿੱਗ ਪਿਆ ਹੋਵੇ। ਜਿਵੇਂ ਮਰਗ ਹੋਈ ਹੁੰਦੀ ਹੈ। ਇਉਂ ਸਾਰਾ ਘਰ ਸੋਗ ਵਿੱਚ ਡੁੱਬ ਗਿਆ।
****
No comments:
Post a Comment