ਘੜੀ ਦੀਆਂ ਤਿੰਨੇ ਸੂਈਆਂ ਬਾਰਾਂ ਤੇ ਇੱਕਠੀਆਂ ਹੋਈਆਂ ਤਾਂ ਕਲਵਿੰਦਰ ਨੇ ਫ਼ਾਈਲ ਸੇਵ ਕਰਕੇ ਕੰਪਿਊਟਰ ਬੰਦ ਕਰ ਦਿੱਤਾ। ਮੇਜ਼ ਉੱਤੇ ਖਿਲਰੇ ਪਏ ਕਾਗ਼ਜ਼ਾਂ ਨੂੰ ਤਰਤੀਬ ਵਾਰ ਜ਼ਰਾ ਕੁ ਸੂਤ ਕਰਕੇ ਟਿਕਾਇਆ। ਇੰਟਰਕਮ ਰਾਹੀ ਬੌਸ ਨੂੰ ਸੂਚਿਤ ਕਰਿਆ ਤੇ ਆਪਣਾ ਪਰਸਨੁਮਾ ਬੈਗ ਮੋਢੇ ਵਿੱਚ ਪਾ ਕੇ ਬਾਹਰ ਨਿਕਲ ਗਈ।
ਫੌਕਸ ਐਂਡ ਸਨਜ਼ ਸੋਲਿਸਟਰਜ਼ ਕੰਪਨੀ ਦੇ ਦਫ਼ਤਰ ਤੋਂ ਬੈਟੀਸ ਕੈਫ਼ੇ ਨੂੰ ਜਾਣ ਲਈ ਆਮ ਆਦਮੀ ਨੂੰ ਜਿੰਨਾ ਵਕਤ ਲਗਦਾ ਹੈ। ਉਸੇ ਸਫਰ ਨੂੰ ਤੈਅ ਕਰਨ ਵਿੱਚ ਕਲਵਿੰਦਰ ਦੇ ਉਤਸ਼ਾਹ-ਹੀਨ ਕਦਮ ਦੂਗਣਾ ਸਮਾਂ ਖਰਚ ਕਰਨ ਦੇ ਆਦੀ ਹੋ ਗਏ ਹਨ। ਉਹਦੀ ਉਮਰ ਦੀਆਂ ਨਾਰੀਆਂ ਤਾਂ ਤੁਰਦੀਆਂ ਹੋਈਆਂ ਅਰਬੀ ਘੋੜੀਆਂ ਨੂੰ ਪਿਛਾੜ ਦਿੰਦੀਆਂ ਹਨ। ਪਰ ਉਹਦੀ ਕੰਜ ਲਾਹੁਣ ' ਆਏ ਸੱਪ ਵਰਗੀ ਹਿਰਸੀ ਧੀਮੀ ਚਾਲ ਗਵਾਹੀ ਭਰਦੀ ਹੈ ਕਿ ਉਹਦੀਆਂ ਲੱਤਾਂ ਵਿੱਚ ਸ਼ਰੀਰ ਦਾ ਬੋਝ ਚੁੱਕਣ ਲਈ ਤਾਂ ਜਾਨ ਹੀ ਨਹੀਂ ਹੈ। ਜਦੋਂ ਇਨਸਾਨ ਦਾ ਮਨ ਮਰ ਜਾਵੇ ਤਾਂ ਉਹ ਇੱਕ ਚੱਲਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ।
ਅਜਿਹਾ ਜੰਮਾਦਰੂ ਨਹੀਂ ਹੈ। ਕੋਈ ਵੇਲਾ ਸੀ ਜਦੋਂ ਕਲਵਿੰਦਰ ਵੀ ਮੋਰਾਂ ਨੂੰ ਤੁਰਨਾ ਸਿਖਾਉਂਦੀ ਸੀ। ਭਾਂਤ-ਸੁਭਾਂਤੇ ਕੱਪੜੇ ਪਾਇਆ ਕਰਦੀ ਸੀ। ਸੈਕਸ ਬੰਬ ਕਹਾਉਂਦੀ ਸੀ। ਕੱਟੜਾਂ ਨੂੰ ਕਾਫ਼ਰ ਬਣਾ ਦਿੰਦੀ ਸੀ। ਜਿਹੜੀ ਕਦੇ ਸਿਰੇ ਦੀ ਸ਼ੌਕੀਨ ਹੁੰਦੀ ਸੀ, ਹੁਣ ਉਹ ਕੋਈ ਵੀ ਉਚੇਚੀ ਸ਼ੌਕੀਨੀ ਨਹੀਂ ਲਾਉਂਦੀ। ਸਜਣਾ-ਫਬਣਾ ਉਹਨੂੰ ਲਗਭਗ ਵਿਸਰ ਹੀ ਗਿਆ ਹੈ। ਉੱਜਲੇ ਅਤੇ ਇਸਤਰੀ ਕੀਤੇ ਕੱਪੜੇ ਪਾਉਣਾ ਵੀ ਲੀਗਲ ਸੈਕਟਰੀ (ਵਕੀਲ ਦੀ ਸਕੱਤਰ) ਲਈ, ਨੌਕਰੀ ਦੀਆਂ ਸ਼ਰਤਾਂ ਵਿੱਚ ਲਾਜ਼ਮੀ ਹੋਣ ਕਰਕੇ ਹੀ ਕਲਵਿੰਦਰ ਨੇ ਧਾਰਣ ਕਰ ਰੱਖੇ ਹਨ। ਨਹੀਂ ਤਾਂ ਉਹਨੂੰ ਏਨੀ ਸੁਰਤ ਕਿੱਥੇ ਰਹੀ ਹੈ, ਜੋ ਆਪਣੇ ਪ੍ਰਤਿ ਧਿਆਨ ਦੇ ਸਕੇ। ਉਹਦੇ ਚਿਹਰੇ ਉੱਤੇ ਡੈੱਡਲਾਕ ਮਾਰੀ ਬੈਠੀਆਂ ਉਦਾਸੀਆਂ ਨੇ ਉਸ ਨੂੰ ਸ਼ਕਲੋਂ ਬਦਸ਼ਕਲ ਬਣਾਇਆ ਪਿਆ ਹੈ। ਉਸ ਦਾ ਜ਼ਿੰਦਗੀ ਲਈ ਕੋਈ ਚਾਅ ਹੀ ਨਹੀਂ ਰਿਹਾ, ਨਿਰਸ ਜਿਹਾ ਜੀਵਨ ਜੀਅ ਰਹੀ ਹੈ। ਉਹ ਪਹਿਨੇ-ਪਚਰੇ ਵੀ ਤਾਂ ਕਿਹਦੇ ਲਈ?
ਤੇਲ ਨਾਲ ਕੇਸ ਚੋਪੜ ਕੇ ਮਿੱਡੀਆਂ ਗੁੰਦ-ਗੁੰਦ ਡਾਕ-ਬੰਗਲੇ ਤਾਂ ਉਹੀ ਪਾਉਂਦੀਆਂ ਹਨ, ਜਿਹਨਾਂ ਦੇ ਯਾਰ ਕੋਲ ਹੁੰਦੇ ਹਨ। ਜੀਹਨੂੰ ਕੋਈ ਦੇਖਣ ਵਾਲਾ ਹੀ ਨਹੀਂ ਹੁੰਦਾ। ਉਹਨਾਂ ਨੂੰ ਹਾਰ ਸ਼ਿੰਗਾਰ ਦੀ ਸੁੱਧ-ਬੁੱਧ ਕਿੱਥੇ ਰਹਿੰਦੀ ਹੈ। ਮਹਿਰਮ ਬਾਜੋਂ ਤਾਂ ਮੁਟਿਆਰ ਦੇ ਵਾਲ ਖੁੱਲ੍ਹੇ ਤੇ ਪਰਾਂਦੇ ਸੰਦੂਕਾਂ ਵਿੱਚ ਹੀ ਰੁਲਦੇ ਰਹਿੰਦੇ ਹਨ।
ਹੋਰਾਂ ਚੀਜ਼ਾਂ ਵਾਂਗ ਹੁਸਨ ਵੀ ਉਚੇਚੀ ਦੇਖਭਾਲ ਦੀ ਮੰਗ ਕਰਦਾ ਹੈ। ਜੇਕਰ ਰੂਪ ਦੀ ਸਾਂਭ-ਸੰਭਾਲ ਵੱਲੋਂ ਅਣਗਹਿਲੀ ਵਰਤੀਏ ਤਾਂ ਸੁੰਦਰਤਾ ਕਰੂਪਤਾ ਵਿੱਚ ਤਬਦੀਲ ਹੋ ਜਾਂਦੀ ਹੈ। ਦੇਖ-ਰੇਖ ਤੋਂ ਵਾਂਝੇ ਰਹੇ ਕਲਵਿੰਦਰ ਦੇ ਰੁੱਖੇ ਵਾਲ ਰਿਬਨ ਵਿੱਚ ਬੰਨ੍ਹੇ ਹੋਏ ਘੋੜੀ ਦੀ ਪੂਛ ਵਾਂਗ ਜਾਪਦੇ ਹਨ। ਅੱਗੇ ਵਾਲਾਂ ਨੂੰ
ਆਕਰਸ਼ਕ ਬਣਾਉਣ ਲਈ ਕਲਵਿੰਦਰ ਉਹਨਾਂ ਵਿੱਚ ਕੁੰਡਲ ਪਾ ਕੇ ਰੱਖਿਆ ਕਰਦੀ ਸੀ। ਅਗਿਉਂ ਲੱਟਾਂ ਥੋੜੀਆਂ ਥੋੜੀਆਂ ਕੱਟਵਾ ਕੇ ਮੱਥੇ ਉਂਂੱਪਰ ਉਹਨਾਂ ਦੀ ਝਾਲਰ ਜਿਹੀ ਖਿਲਾਰ ਲੈਂਦੀ ਸੀ। ਛੱਲੇਦਾਰ ਵਾਲ ਨਿਰਸੰਦੇਹ ਉਸ ਦੇ ਸੁਹੱਪਣ ਵਿੱਚ ਵਾਧਾ ਕਰਦੇ ਸਨ। ਆਖ਼ਰੀ ਵਾਰ ਕੁੰਡਲ ਪੁਆਇਆਂ ਨੂੰ ਚਿਰ ਹੋ ਜਾਣ ਕਰਕੇ ਵਾਲਾਂ ਦਾ ਘੁੰਗਰਾਲਾਪਨ ਗਾਇਬ ਹੋ ਕੇ ਸਿਰਿਆਂ ਤੋਂ ਦੋ-ਮੂੰਹੇ ਵਾਲ, ਬਾਂਸ ਦੀ ਸੂਹਣ ਦੇ ਡੱਕਿਆਂ ਵਾਂਗ ਸਿੱਧੇ ਹੋ ਗਏ ਹਨ। ਮੱਥੇ ਨੂੰ ਚੁੰਮਣ ਵਾਲੀਆਂ ਜ਼ੁਲਫ਼ਾਂ ਨੂੰ ਵੀ ਉਹਨੇ ਹੁਣ ਪਿੱਛੇ ਨੂੰ ਹੀ ਵਾਹਿਆ ਹੋਣ ਕਰਕੇ ਉਹਦਾ ਵੱਡਾ ਮੱਥਾ ਦੇਖਣ ਨੂੰ ਬੁਰਾ ਲੱਗਦਾ ਹੈ।
ਕਲਵਿੰਦਰ ਦੇ ਸੀਨੇ ਵਿੱਚ ਸੱਲ ਤਾਂ ਪਹਿਲਾਂ ਹੀ ਬਹੁਤ ਸਨ। ਪਰ ਹਫ਼ਤੇ ਤੋਂ ਇੱਕ ਹੋਰ ਮਾਨਸਿਕ ਦਵੰਦ ਉਸ ਨੂੰ ਦਿਨ ਰਾਤ ਫ਼ਿਕਰਾਂ ਦੀ ਸੂਲੀ ਟੰਗ ਰਿਹਾ ਹੈ। ਪਿਛਲੇ ਹਫ਼ਤੇ ਕਲਵਿੰਦਰ ਦੇ ਡੈਡੀ ਨੇ ਆਪਣੇ ਕਿਸੇ ਦੋਸਤ ਦੇ ਮੁੰਡੇ ਨਾਲ ਉਸ ਦਾ ਰਿਸ਼ਤਾ ਕਰਨ ਦੀ ਠਾਨ ਲਈ ਸੀ। ਇਸ ਸਿਲਸਿਲੇ ਵਿੱਚ ਕਲਵਿੰਦਰ ਦੀ ਫੋਟੋ ਵੀ ਮੁੰਡੇ ਵਾਲਿਆਂ ਨੂੰ ਦਿਖਾਈ ਗਈ ਸੀ। ਉਹਨਾਂ ਨੂੰ ਕਲਵਿੰਦਰ ਜਚ ਗਈ ਸੀ। ਫਿਰ ਉੱਧਰੋਂ ਕਲਵਿੰਦਰ ਦੇ ਪਸੰਦ ਕਰਨ ਲਈ ਮੁੰਡੇ ਦੀ ਫੋਟੋ ਆਈ ਸੀ। ਕਲਵਿੰਦਰ ਦੇ ਮੰਮੀ-ਡੈਡੀ ਨੂੰ ਤਾਂ ਮੁੰਡਾ ਭਾ ਗਿਆ ਸੀ। ਪਰ ਕਲਵਿੰਦਰ ਨੇ ਮੁੰਡੇ ਦੀ ਫੋਟੋ ਨੂੰ ਇੱਕ ਝਲਕ ਵੀ ਨਹੀਂ ਦੇਖਿਆ ਸੀ। ਉਸ ਨੇ ਮਾਪਿਆਂ ਦਾ ਦਿਲ ਯੱਖਣ ਲਈ ਫੜ ਕੇ ਬਿਨਾਂ ਦੇਖਿਆਂ ਤਸਵੀਰ ਪਰਸ ਵਿੱਚ ਪਾ ਲਈ ਸੀ। ਉਹਨੇ ਸੋਚਿਆ ਸੀ ਜਿਵੇਂ ਉਹ ਅੱਗੇ ਕਰਦੀ ਹੁੰਦੀ ਸੀ, ਉਵੇਂ ਇੱਕ ਦੋ ਦਿਨ ਬਾਅਦ ਫੋਟੋ ਮੋੜ ਕੇ ਕਹਿ ਦੇਵੇਗੀ ਕਿ ਮੁੰਡਾ ਉਹਦੇ ਪਸੰਦ ਨਹੀਂ।
ਦਰਅਸਲ ਬੀਤੀ ਜ਼ਿੰਦਗੀ ਵਿੱਚ ਮਰਦਾਂ ਨਾਲ ਹੋਏ ਕੁੱਝ ਤਲਖ਼ ਤਜ਼ਰਬਿਆਂ ਤੋਂ ਦੁੱਖੀ ਹੋ ਕੇ ਕਲਵਿੰਦਰ ਨੇ ਸਦਾ ਬ੍ਰਹਮਚਾਰ ਰੱਖਣ ਦੀ ਧਾਰੀ ਹੋਈ ਹੈ। ਹੁਣ ਤੱਕ ਉਹ ਕਈ ਰਿਸ਼ਤੇ ਠੁਕਰਾ ਚੁੱਕੀ ਹੈ। ਪਰ ਇਸ ਵਾਰ ਮਾਪਿਆਂ ਨੂੰ ਜੁਆਬ ਦੇਣਾ ਐਨਾ ਸਰਲ ਨਹੀਂ। ਕਿਉਂਕਿ ਹੁਣ ਤੱਕ ਉਹ ਜਿੰਨੀਆਂ ਵੀ ਨਘੋਚਾਂ ਕੱਢ ਕੇ ਮੁੰਡਿਆਂ ਨੁੰ ਟਾਲਦੀ ਹੁੰਦੀ ਸੀ। ਇਸ ਵਾਰ ਉਸ ਦੇ ਵਾਲਦਾਇਨ ਨੇ ਦਾਵਾ ਕਰਕੇ ਕਿਹਾ ਸੀ ਕਿ ਉਹਨਾਂ ਦੁਆਰਾ ਚੁਣੇ ਇਸ ਮੁੰਡੇ ਵਿੱਚ ਉਹੋ ਜਿਹਾ ਕੋਈ ਨੁਕਸ ਨਹੀਂ ਸੀ ਪਰ ਫਿਰ ਵੀ ਕਲਵਿੰਦਰ ਦਾ ਉਸ ਮੁੰਡੇ ਦੀ ਫੋਟੋ ਦੇਖਣ ਨੂੰ ਚਿੱਤ ਨਹੀਂ ਕਰਿਆ।
ਘਰਦਿਆਂ ਨੂੰ ਲਾਇਆ ਜਾਣ ਵਾਲਾ ਨਵਾਂ ਬਹਾਨਾ ਸੋਚਦੀ ਹੋਈ ਉਹ ਆਪਣੇ ਧਿਆਨ ਤੁਰਦੀ ਹੋਈ ਠੁੱਡਾ ਲੱਗ ਕੇ ਡਿੱਗਦੀ-ਡਿੱਗਦੀ ਮਸਾਂ ਬਚੀ। ਉਹਨੇ ਸੰਭਲ ਕੇ ਪਿੱਛੇ ਦੇਖਿਆ, ਫੁੱਟਪਾਥ ਦੀ ਇੱਕ ਸਲੈਬ ਉੱਖੜੀ ਹੋਈ ਸੀ। ਉਹ ਚੌਕਸ ਹੁੰਦਿਆ ਅੱਖਾਂ ਖੋਲ੍ਹ ਕੇ ਤੁਰਨ ਲੱਗੀ।
ਕੈਫ਼ੇ ਵਿੱਚ ਪਹੁੰਚ ਕੇ ਕਲਵਿੰਦਰ ਨੇ ਆਰਡਰ ਦਿੱਤਾ ਤੇ ਖ਼ਾਲੀ ਮੇਜ਼ ਉੱਤੇ ਜਾ ਬੈਠੀ। ਰੈਸਟੋਰੈਂਟ ਵਿੱਚ ਬੈਠਦਿਆਂ ਹੀ ਉਸ ਨੇ ਰਾਹਤ ਮਹਿਸੂਸ ਕੀਤੀ। ਉਹ ਇੰਝ ਥੱਕੀ ਟੁੱਟੀ ਪਈ ਸੀ ਜਿਵੇਂ ਦਫ਼ਤਰ ਵਿੱਚੋਂ ਨਹੀਂ ਕਿਸੇ ਮਿਲ ਜਾਂ ਕਾਰਖਾਨੇ ਵਿੱਚੋਂ ਮਜ਼ਦੂਰੀ ਕਰਕੇ ਆਈ ਹੋਵੇ। ਅੱਜ ਸਵੇਰੇ ਤੋਂ ਲਗਾਤਾਰ ਕਾਫ਼ੀ ਸਾਰੀ ਟਾਈਪ ਕਰੀ ਹੋਣ ਕਰਕੇ ਉਸ ਦੀਆਂ ਉਂਗਲਾ ਟੁੱਟਣ-ਟੁੱਟਣ ਕਰਨ ਲੱਗੀਆਂ। ਦੁੱਖਦੀਆਂ ਉਂਗਲਾਂ ਨੂੰ ਅਰਾਮ ਪਹੁੰਚਾਉਣ ਦੇ ਮੰਤਵ ਨਾਲ ਉਹਨੇ ਸਾਰੀਆਂ ਦੇ ਵਾਰੀ-ਵਾਰੀ ਪਟਾਕੇ ਪਾਏ। ਜੱਫੀ ਪਾਉਣ ਵਾਂਗ ਆਪਣੀਆਂ ਦੋਨਾਂ ਬਾਹਾਂ ਨੂੰ ਆਪਣੇ ਹੀ ਸ਼ਰੀਰ ਦੁਆਲੇ ਵੱਲ ਕੇ ਮੌਰਾਂ, ਗਿੱਚੀ ਅਤੇ ਢੂਹੀ ਦੇ ਪੱਠਿਆਂ ਨੂੰ ਦੱਬਿਆ-ਘੁੱਟਿਆ। ਵਰਡ ਪਰੋਸੈਸਰ ਉੱਤੇ ਨਿਗਾਹ ਲਾਉਣ ਕਾਰਨ ਕਲਵਿੰਦਰ ਦੀਆਂ ਅੱਖਾਂ ਕੁੱਝ ਦਰਦ ਕਰਨ ਲੱਗ ਗਈਆਂ ਸਨ। ਉਹਨੇ ਐਨਕਾਂ ਉਤਾਰ ਕੇ ਡੰਡੀਆਂ ਨੂੰ ਤਹਿ ਮਾਰ ਕੇ ਮੇਜ਼ ਉੱਪਰ ਰੱਖ ਦਿੱਤਾ। ਚਸ਼ਮਿਆਂ ਦੇ ਫ਼ਰੇਮ ਦਾ ਨਿਸ਼ਾਨ ਵੀ ਉਸ ਦੇ ਨੱਕ ਤੇ ਹੁਣ ਪੱਕਦਾ ਜਾ ਰਿਹਾ ਹੈ। ਮੁੱਦਤਾਂ ਜੋ ਹੋ ਗਈਆਂ ਹਨ ਉਹਨੂੰ ਰੰਗਦਾਰ ਕੌਨਟੈਕਟ ਲੈਨਜ਼ ਪਹਿਨਿਆਂ ਨੂੰ।
ਬਹਿਰਾ ਕਲਵਿੰਦਰ ਦੇ ਮੂਹਰੇ ਖਾਣਾ ਰੱਖ ਗਿਆ। ਉਹਨੇ ਸਰਕਾ ਕੇ ਪਲੇਟ ਆਪਣੇ ਨੇੜੇ ਨੂੰ ਕਰੀ ਤੇ ਨਾਈਫ ਫੋਰਕ ਚੁੱਕ ਲਏ। ਛੂਰੀ ਨੂੰ ਉਹ ਚਿੱਪਸਾਂ ਦੀ ਚੀਰ-ਫਾੜ ਲਈ ਵਰਤਦੀ ਤੇ ਕਾਂਟੇ ਨਾਲ ਫੜ-ਫੜ ਥਾਲੀ ਵਿੱਚੋਂ ਬੀਨਜ਼ ਖਾਣ ਲੱਗ ਪਈ।
ਭੋਜਨ ਕਰਦਿਆਂ ਕੋਕ ਦੀ ਘੁੱਟ ਭਰਨ ਲੱਗੀ ਤਾਂ ਉਹਦੀ ਨਿਗਾਹ ਅਚਾਨਕ ਸਾਹਮਣੇ ਤਿੰਨ ਮੇਜ਼ ਟੱਪ ਕੇ ਚੌਥੇ ਮੇਜ਼ ਉੱਤੇ ਬੈਠੇ ਨੀਲੇ ਕੋਟ ਪੈਂਟ ਵਾਲੇ ਮੁੰਡੇ 'ਤੇ ਜਾ ਪਈ। ਐਨ ਉਸੇ ਵਕਤ ਉਸ ਮੁੰਡੇ ਨੇ ਵੀ ਕਲਵਿੰਦਰ ਵੱਲ ਤੱਕਿਆ। ਅੱਖਾਂ ਮਿਲਦਿਆਂ ਹੀ ਦੋਨਾਂ ਨੇ ਅੱਖਾਂ ਝੁਕਾਅ ਲਈਆਂ।
ਕਲਵਿੰਦਰ ਦਾ ਉਸ ਮੁੰਡੇ ਨੂੰ ਦੁਬਾਰਾ ਦੇਖਣ ਨੂੰ ਜੀਅ ਕਰਿਆ। ਉਹਨੇ ਆਪਣੇ ਧਿਆਨ ਖਾਣਾ ਖਾਂਦੀ ਹੋਣ ਦਾ ਸਵਾਂਗ ਕਰਦਿਆਂ ਟੇਢੀ ਜਿਹੀ ਅੱਖ ਨਾਲ ਦੇਖਿਆ। ਉਹ ਮੁੰਡਾ ਉਸ ਨੂੰ ਹੀ ਨਿਹਾਰੀ ਜਾ ਰਿਹਾ ਸੀ। ਕਲਵਿੰਦਰ ਨੇ ਆਪਣੇ ਭੋਜਨ ਵਿੱਚ ਹੀ ਬਿਰਤੀ ਇਕਾਗਰ ਕਰ ਲਈ।
ਥੋੜੀ ਦੇਰ ਬਾਅਦ ਫੇਰ ਕਲਵਿੰਦਰ ਦੀ ਉਸ ਮੁੰਡੇ ਨੂੰ ਦੇਖਣ ਨੂੰ ਰੂਹ ਕਰੀ। ਧੌਣ ਉੱਪਰ ਕਰਕੇ ਜਦੋਂ ਕਲਵਿੰਦਰ ਨੇ ਅੱਖਾਂ ਉਹਦੀਆਂ ਅੱਖਾਂ ਦੀ ਸੇਧ ਵਿੱਚ ਕਰੀਆਂ ਤਾਂ ਉਸ ਮੁੰਡੇ ਨੇ ਨੀਵੀਂ ਪਾ ਲਈ। ਕਲਵਿੰਦਰ ਨੂੰ ਉਸ ਗੱਭਰੂ ਵੱਲ ਚੰਗੀ ਤਰ੍ਹਾਂ ਦੇਖਣ ਦਾ ਮੌਕਾ ਮਿਲ ਗਿਆ।
ਐਨਾ ਮਾੜਾ ਤਾਂ ਨਹੀਂ। ਸੋਹਣਾ ਹੈ- ਚੱਲੂਗਾ? ਲੈ ਚੱਲੂ ਕੀ, ਦੌੜੂਗਾ ਦੌੜੂ।
ਕਲਵਿੰਦਰ ਦੀ ਨੀਤ ਫਿੱਟਦੀ ਜਾ ਰਹੀ ਸੀ ਕਿ ਐਨੇ ਨੂੰ ਉਸ ਗੱਭਰੂ ਨੇ ਸਿਰ ਉਤਾਂਹ ਚੁੱਕ ਲਿਆ। ਕਲਵਿੰਦਰ ਨੂੰ ਫੇਰ ਆਪਣੀਆਂ ਨਜ਼ਰਾ ਝੁਕਾਉਣੀਆਂ ਪੈ ਗਈਆਂ। ਕਲਵਿੰਦਰ ਨੇ ਉਸ ਵੱਲੋਂ ਆਪਣੀਆਂ ਨਿਗਾਹਾਂ ਤਾਂ ਹਟਾ ਲਈਆਂ, ਪਰ ਬੇਲਗਾਮ ਸੋਚਾਂ ਉਸ ਤੋਂ ਮੋੜਿਆਂ ਨਾ ਮੁੜੀਆਂ। ਕਲਵਿੰਦਰ ਦੇ ਅੰਦਰ ਇੱਕ ਅਹਿਸਾਸ ਜਿਹਾ ਪੈਦਾ ਹੋ ਰਿਹਾ ਸੀ। ਜਿਵੇਂ ਉਸ ਦਾ ਉਸ ਮੁੰਡੇ ਨਾਲ ਕੋਈ ਸੰਬੰਧ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਪਹਿਲਾਂ ਵੀ ਇਸ ਮੁੰਡੇ ਨੂੰ ਮਿਲ ਚੁੱਕੀ ਹੋਵੇ। ਪਰ ਕਦੋਂ? ਕਿੱਥੇ? ਦਿਮਾਗ ਉੱਤੇ ਜ਼ੋਰ ਦਿੱਤਿਆਂ ਕਲਵਿੰਦਰ ਨੂੰ ਯਾਦ ਆਇਆ। ਉਸ ਨੂੰ ਰੋਜ਼ ਸਵੇਰੇ ਬੱਸ ਉਤਰਦੀ''ਤੇ ਸ਼ਾਮ ਨੂੰ ਬੱਸ ਚੜ੍ਹਦੀ ਨੂੰ ਅੱਡੇ ਉੱਤੇ ਇਸ ਜਵਾਨ ਦੇ ਦਰਸ਼ਨ ਹੁੰਦੇ ਹਨ। ਕਮਾਲ ਦੀ ਗੱਲ ਹੈ। ਸੋਹਣਾ ਸੁਨੱਖਾ ਚੋਬਰ ਨਿੱਤ ਉਹਨੂੰ ਟੱਕਰਦਾ ਸੀ ਤੇ ਉਹਨੇ ਕਦੇ ਗੌਰ ਹੀ ਨਹੀਂ ਸੀ ਕੀਤੀ। ਪਰ ਪਤਾ ਨਹੀਂ ਕਿਉਂ ਹੁਣ ਕਲਵਿੰਦਰ ਦਾ ਮੁੜ ਮੁੜ ਉਸ ਦਾ ਦੀਦਾਰ ਕਰਨ ਨੂੰ ਜੀਅ ਉਤਾਵਲਾ ਹੋ ਰਿਹਾ ਹੈ। ਕਲਵਿੰਦਰ ਨੇ ਇੱਕ ਨਜ਼ਰ ਫਿਰ ਉਸ ਵੱਲ ਦੇਖਿਆ ਤਾਂ ਗੁਣਗੁਣਾਏ ਬਿਨਾਂ ਨਾ ਰਹਿ ਸਕੀ, "ਯਾਰਾ ਤੇਰਾ ਘੁੱਟ ਭਰ ਲਾਂ, ਤੈਨੂੰ ਵੇਖਿਆਂ ਸਬਰ ਨਾ ਆਵੇ।"
ਕਲਵਿੰਦਰ ਨੇ ਤਾੜ ਲਿਆ ਕਿ ਉਹ ਮੁੰਡਾ ਵੀ ਉਸ ਨੂੰ ਬੁਲਾਉਣ ਲਈ ਉਤਾਹੂ ਹੋਇਆ ਪਿਆ ਹੈ। ਪਰ ਉਸ ਨਾਲੋਂ ਜ਼ਿਆਦਾ ਤਾਂ ਉਹ ਆਪ ਤੜਫੀ ਪਈ ਸੀ। ਬਹੁਤਾ ਹੀ ਸੰਗਦੈ। ਮੈਂ ਆਪ ਹੀ ਮਿਲ ਲੈਂਦੀ ਆਂ।
ਕਲਵਿੰਦਰ ਮੇਜ਼ ਤੋਂ ਉੱਠਣ ਹੀ ਲੱਗੀ ਸੀ ਕਿ ਉਹਨੂੰ ਭੁੱਲਿਆ ਹੋਇਆ ਆਪਣਾ ਅਤੀਤ ਯਾਦ ਆ ਗਿਆ। ਉਹ ਇਹ ਕੀ ਕਰਨ ਲੱਗੀ ਸੀ? ਜਵਾਨੀ ਦੇ ਜੋਸ਼ ਵਿੱਚ ਕਰੀਆਂ ਹੋਈਆਂ ਗ਼ਲਤੀਆਂ ਤੋਂ ਸਿੱਖੇ ਸਬਕਾਂ ਨੂੰ ਖੂਹ 'ਚ ਪਾ ਕੇ ਉਹਨਾਂ ਕੰਡਿਆਲੇ ਰਾਹਾਂ 'ਤੇ ਦੁਬਾਰਾ ਫੇਰ ਤੁਰਨ ਲੱਗੀ ਸੀ।
ਕਿਤੇ ਇਹ ਵੀ ਪ੍ਰਿਤਪਾਲ ਤੇ ਖੁਸ਼ਦੇਵ ਵਾਂਗ ਗੌਂ ਦਾ ਯਾਰ ਹੀ ਨਾ ਨਿਕਲੇ। ਇਹ ਸੋਚ ਕੇ ਕਲਵਿੰਦਰ ਨੇ ਉੱਠਣ ਲਈ ਤਣੇ ਹੋਏ ਆਪਣੇ ਸ਼ਰੀਰ ਨੂੰ ਮੁੜ ਕੁਰਸੀ ਉੱਤੇ ਢਿੱਲਾ ਛੱਡ ਦਿੱਤਾ।
ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਹੀ ਕਲਵਿੱਦਰ ਦਾ ਰੂਪ ਐਨਾ ਨਿਖਰ ਆਇਆ ਸੀ ਕਿ ਉਹ ਬਦੋਬਦੀ ਆਸ਼ਿਕਾਂ ਦਾ ਧਿਆਨ ਖਿੱਚ ਲੈਂਦੀ ਸੀ। ਸਕੂਲ ਵਿੱਚ ਹੀ ਉਸ ਨੇ ਹਾਣੀ ਮੁੰਡਿਆਂ ਨਾਲ ਦੋਸਤੀ ਅਤੇ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ ਸੀ। ਪਰ ਮੁਹੱਬਤ ਨਹੀਂ ਸੀ ਕੀਤੀ। ਸਮੇਂ ਦੇ ਨਾਲ ਉਹ ਹੋਰ ਉਡਾਰ ਹੋਈ ਸੀ ਤਾਂ ਸਕੂਲ ਦੇ ਅਨੁਸ਼ਾਸਨੀ ਮਾਹੌਲ ਵਿੱਚੋਂ ਨਿਕਲ ਕੇ ਉਹ ਕਾਲਜ ਦੇ ਖੁੱਲ੍ਹੇ-ਡੁੱਲ੍ਹੇ ਵਾਤਾਵਰਣ ਵਿੱਚ ਚਲੀ ਗਈ ਸੀ।
ਬੜਾ ਅਜੀਬ ਜਿਹਾ ਲੱਗਿਆ ਸੀ ਕਲਵਿੰਦਰ ਕਾਲਜ ਵਿੱਚ ਪਹਿਲਾਂ ਦਿਨ। ਅਸੈਂਬਲੀ ਹਾਲ ਵਿੱਚ ਕੁੱਝ ਕੁ ਵਾਕਫ਼ਾਂ ਨੂੰ ਛੱਡ ਕੇ ਬਾਕੀ ਢੇਰ ਸਾਰੇ ਅਜਨਬੀ ਚਿਹਰਿਆਂ ਦਾ ਮੇਲਾ ਜਿਹਾ ਲੱਗਿਆ ਹੋਇਆ ਸੀ। ਮੁੰਡਿਆਂ ਦੀਆਂ ਅੱਖਾਂ ਕੁੜੀਆਂ ਵਿੱਚੋਂ ਆਪਣੀ ਹੋਣ ਵਾਲੀ ਮਾਸ਼ੂਕ ਨੂੰ ਚੁਣ ਰਹੀਆਂ ਸਨ ਅਤੇ ਕੁੜੀਆਂ ਦੀਆਂ ਨਜ਼ਰਾਂ ਆਪੋ ਆਪਣਾ ਆਸ਼ਿਕ ਚੁਗ ਰਹੀਆਂ ਸਨ। ਪ੍ਰਿੰਸੀਪਲ ਵੱਲੋਂ ਨਵੇਂ ਵਿਦਆਰਥੀਆਂ ਦਾ ਅਧਿਆਪਕਾਂ ਨਾਲ ਤਾਰੁਫ਼ ਕਰਵਾਉਣਾ, ਸੰਖੇਪ ਜਿਹਾ ਕਾਲਜ ਦਾ ਇਤਿਹਾਸ ਦੱਸਣਾ ਅਤੇ ਪੁਰਾਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਰੋਸ਼ਨੀ ਪਾਉਣੀ। ਕਲਵਿੰਦਰ ਨੂੰ ਇਹ ਰਸਮੀ ਜਿਹੀਆਂ ਗੱਲਾਂ ਬਹੁਤ ਬੋਰਿੰਗ ਲੱਗੀਆਂ ਸਨ। ਉਸ ਤੋਂ ਮਗਰੋਂ ਸਭ ਨੂੰ ਸ਼੍ਰੇਣੀਆਂ ਵਿੱਚ ਤੋਰ ਦਿੱਤਾ ਗਿਆ ਸੀ। ਜਮਾਤ ਵਿੱਚ ਜਾ ਕੇ ਕਲਵਿੰਦਰ ਨੇ ਜਿਹੜੀ ਪਹਿਲੀ ਦਿਲਚਸਪ ਤੇ ਮਸਤ ਮਸਤ ਚੀਜ਼ ਦੇਖੀ ਸੀ, ਉਹ ਸੀ ਪ੍ਰਿਤਪਾਲ। ਉਹਦਾ ਰੰਗ ਕਣਕ ਵੰਨਾ, ਸੋਹਣੇ ਨੈਣ ਨਕਸ਼, ਤਿੱਖਾ ਨੱਕ ਤੇ ਹਾਸੇ ਵੰਡਦਾ ਚਿਹਰਾ ਸੀ। ਕੰਨਾਂ 'ਚ ਨੱਤੀਆਂ ਵਾਲੇ ਇਸ ਪੰਜ ਫੁੱਟ ਚਾਰ ਇੰਚ ਦੇ ਨੌਜਵਾਨ ਨੂੰ ਦੇਖਦਿਆਂ ਹੀ ਕਲਵਿੰਦਰ ਪਹਿਲੀ ਤੱਕਣੀ ਵਿੱਚ ਉਸ ਉੱਤੇ ਫ਼ਿਦਾ ਹੋ ਗਈ ਸੀ। ਕਾਲਜ ਵਿੱਚ ਮੁੰਡੇ ਤਾਂ ਉਹਨੇ ਕਈ ਦੇਖੇ ਸਨ। ਪਰ ਕੋਈ ਵੀ ਪ੍ਰਿਤਪਾਲ ਦੇ ਤੁਲ ਨਹੀਂ ਸੀ। ਸਭ ਟੌਂਗਲ ਜਿਹੇ ਹੀ ਸਨ। ਲੰਬੇ ਮੁੰਡੇ ਪਸੰਦ ਨਾ ਹੋਣ ਕਰਕੇ ਕਲਵਿੰਦਰ ਨੂੰ ਹਮੇਸ਼ਾਂ ਬੁਰੇ ਲੱਗਦੇ। ਊਠਾਂ ਵਾਂਗ ਉੱਚੇ ਮੁੰਡਿਆਂ ਨੂੰ ਤਾਂ ਉਹ ਊੜਾ ਬੋਤਾ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਇਆ ਕਰਦੀ ਹੁੰਦੀ ਸੀ। ਕਲਵਿੰਦਰ ਦੇ ਦਿਮਾਗ ਵਿੱਚ ਖੂਬਸੂਰਤ ਅਤੇ ਆਦਰਸ਼ਕ ਮਰਦ ਦੀ ਜੋ ਪਰਿਭਾਸ਼ਾ ਸੀ, ਉਹ ਪ੍ਰਿਤਪਾਲ ਉੱਤੇ ਪੂਰੀ-ਪੂਰੀ ਢੁੱਕਦੀ ਸੀ। ਇਸ ਤੋਂ ਪਹਿਲਾਂ ਕਿ ਕੋਈ ਹੋਰ ਕੁੜੀ ਬਾਜ਼ੀ ਮਾਰ ਜਾਂਦੀ। ਕਲਵਿੰਦਰ ਨੇ ਪ੍ਰਿਤਪਾਲ ਅੱਗੇ ਆਪ ਆਪਣੀਆਂ ਭਾਵਨਾਵਾਂ ਦਾ ਖੁਲਾਸਾ ਕਰ ਦਿੱਤਾ ਸੀ।
ਪ੍ਰਿਤਪਾਲ ਨੇ ਵੀ ਉਸ ਨੂੰ ਸਵਿਕਾਰ ਲਿਆ ਸੀ। ਰਾਉਲੀ ਰੀਜਿਸ ਦੀਆਂ ਪਹਾੜੀ ਵਾਦੀਆਂ ਵਿੱਚ ਉਹਨਾਂ ਦਾ ਇਸ਼ਕ ਪਲਣ ਲੱਗ ਪਿਆ ਸੀ। ਕਾਲਜ ਕਾਮਪਲੈਕਸ ਦੇ ਨਾਲ ਹੀ ਜਨਤਕ ਪਾਰਕ ਸੀ। ਕਾਲਜ ਦੇ ਮੁੰਡੇ ਕੁੜੀਆਂ ਸੈਰ ਕਰਨ ਅਕਸਰ ਪਾਰਕ ਵਿੱਚ ਚਲੇ ਜਾਂਦੇ ਸਨ। ਕਲਵਿੰਦਰ ਤੇ ਪ੍ਰਿਤਪਾਲ ਵੀ ਇਸ਼ਕ ਫ਼ੁਰਮਾਉਣ ਉੱਥੇ ਚਲੇ ਜਾਇਆ ਕਰਦੇ ਸਨ। ਕਲਵਿੰਦਰ ਨੂੰ ਪਾਰਕ ਵਿੱਚ ਲੱਗੀਆਂ ਪੀਘਾਂ ਪ੍ਰਿਤਪਾਲ ਦੀ ਬੁੱਕਲ ਵਿੱਚ ਬੈਠ ਕੇ ਝੂਟਦਿਆਂ ਬੜਾ ਅਨੰਦ ਆਉਂਦਾ ਹੁੰਦਾ ਸੀ। ਪੜ੍ਹਾਈ ਵਿੱਚੋਂ ਜੀਅ ਚੁਰਾ ਕੇ ਉਹ ਆਪਣਾ ਕੀਮਤੀ ਵਕਤ ਪ੍ਰਿਤਪਾਲ ਦੀ ਮੁਹੱਬਤ ਦੇ ਲੇਖੇ ਲਾ ਦਿਆ ਕਰਦੀ ਸੀ। ਉਹਨੂੰ ਪ੍ਰਿਤਪਾਲ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਹੁੰਦਾ ਸੀ। ਕਈ ਵਾਰ ਤਾਂ ਉਹ ਘੰਟਿਆਂ-ਬੱਧੀ ਖ਼ਾਮੋਸ਼ ਹੀ ਬੈਠੇ ਇੱਕ ਦੂਜੇ ਨੂੰ ਨਿਹਾਰਦੇ ਰਹਿੰਦੇ ਸਨ।
"ਪਿਰਤ ਤੂੰ ਏਦਾਂ ਕਰਿਆ ਕਰ ਪਿਰਤ ਤੂੰ ਓਦਾਂ ਕਰਿਆ ਕਰ।" ਕਲਵਿੰਦਰ ਅਕਸਰ ਪ੍ਰਿਤਪਾਲ ਨੂੰ ਟੋਕਾ-ਟਾਕੀ ਕਰਦੀ ਰਹਿੰਦੀ ਹੁੰਦੀ ਸੀ।
ਪ੍ਰਿਤਪਾਲ ਵੀ ਕਠ-ਪੁਤਲੀ ਵਾਂਗ ਉਹਦੀਆਂ ਉਂਗਲਾਂ ਦੇ ਇਸ਼ਾਰਿਆਂ 'ਤੇ ਖੂਬ ਨੱਚਦਾ ਹੁੰਦਾ ਸੀ। ਉਹ ਜੋ ਵੀ ਆਖਦੀ ਸੀ, ਅੱਗੋਂ ਉਹ ਸਤ ਵਚਨ ਕਹਿ ਕੇ ਉਵੇਂ ਹੀ ਕਰ ਦਿੰਦਾ ਸੀ। ਪ੍ਰਿਤਪਾਲ ਨੇ ਕਦੇ ਵੀ ਉਹਦੀ ਹੁਕਮ-ਅਦੁਲੀ ਨਹੀਂ ਸੀ ਕੀਤੀ। ਉਹ ਕਲਵਿੰਦਰ ਦੀ ਹਰ ਖੁਸ਼ੀ ਦਾ ਖ਼ਿਆਲ ਰੱਖਦਾ ਹੁੰਦਾ ਸੀ। ਜਿੰਦ-ਜਾਨ ਵਾਰਨ ਵਾਲਾ ਮਰਦ ਮਿਲ ਜਾਏ, ਇਸ ਤੋਂ ਵੱਧ ਕੇ ਜਨਾਨੀ ਨੂੰ ਹੋਰ ਕੀ ਚਾਹੀਦਾ ਹੈ? ਕਲਵਿੰਦਰ ਲਈ ਪ੍ਰਿਤਪਾਲ ਦੋਨੋਂ ਜਹਾਨ ਦੀਆਂ ਦੌਲਤਾਂ ਨਾਲੋਂ ਮਹਿੰਗਾ ਸੀ।
ਉਹਨਾਂ ਨੂੰ ਇੱਕ ਦੂਸਰੇ ਨਾਲ ਬੇਹੱਦ ਪਿਆਰ ਅਤੇ ਅਥਾਹ ਵਿਸ਼ਵਾਸ ਸੀ। ਉਹਨਾਂ ਦੀ ਮੁਹੱਬਤ ਦੀ ਇੱਕ ਹੱਦ ਮੁਕੱਰਰ ਸੀ ਤੇ ਖੁਸ਼ੀ ਦੀ ਗੱਲ ਇਹ ਸੀ ਕਿ ਪ੍ਰਿਤਪਾਲ ਨੇ ਕਦੇ ਵੀ ਉਸ ਸੀਮਾ ਨੂੰ ਤੋੜਣ ਜਾਂ ਉਲੰਘਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਇੰਝ ਇਸ਼ਕੇ ਦਾ ਮਜੀਠਾ ਰੰਗ ਉਹਨਾਂ ਉੱਤੇ ਦਿਨ-ਬ-ਦਿਨ ਗੂੜਾ ਹੁੰਦਾ ਚਲਾ ਗਿਆ ਸੀ। ਉਹਨਾਂ ਦਾ ਇਸ਼ਕ ਮਟਕਣੀ ਤੋਰ ਤੁਰ ਰਿਹਾ ਸੀ।
ਇੱਕ ਦਿਨ ਉਹ ਦੋਨੇਂ ਬੱਸ ਉਤਰ ਕੇ ਅੱਡੇ ਤੋਂ ਕਾਲਜ ਨੂੰ ਤੁਰੇ ਜਾ ਰਹੇ ਸਨ ਕਿ ਗੱਲਾਂ-ਗੱਲਾਂ ਵਿੱਚ ਪ੍ਰਿਤਪਾਲ ਨੇ ਕਲਵਿੰਦਰ ਨੂੰ ਕਿਹਾ ਸੀ, "ਕੁਲੀ ਮੈਨੂੰ ਰਾਤ ਇੱਕ ਸੁਪਨਾ ਆਇਆ ਸੀ।"
"ਕਿਹੋ ਜਿਹਾ ਸੀ?.. ਡਰਾਉਣਾ?"
"ਨਹੀਂ। ਸੋਹਣਾ… ਬਹੁਤ ਸੋਹਣਾ… ਬਹੁਤਾ ਹੀ ਸੋਹਣਾ। ਅਸਲ ਵਿੱਚ ਮੇਰੀ ਜ਼ਿੰਦਗੀ ਦਾ ਸਭ ਤੋਂ ਹੁਸੀਨ ਸੁਪਨਾ ਸੀ ਉਹ?"
"ਰਿਅਲੀ (ਸੱਚੀਂ)?"
"ਪਤੈ ਮੈਂ ਕੀ ਦੇਖਿਆ…?" ਏਨਾ ਕਹਿਣ ਪਿੱਛੋਂ ਪ੍ਰਿਤਪਾਲ ਚੁੱਪ ਕਰਕੇ ਕਲਵਿੰਦਰ ਦੇ ਮੂੰਹ ਵੱਲ ਦੇਖਣ ਲੱਗ ਗਿਆ ਸੀ। ਇੰਝ ਲੱਗਦਾ ਸੀ ਜਿਵੇਂ ਉਹ ਅੱਗੇ ਦਾ ਕਿੱਸਾ ਬਿਆਨ ਕਰਨ ਲਈ ਉਸ ਤੋਂ ਆਗਿਆ ਮਿਲਣ ਦੀ ਉਡੀਕ ਕਰ ਰਿਹਾ ਸੀ। ਕਲਵਿੰਦਰ ਨੂੰ ਯਾਨੀ ਪ੍ਰਿਤਪਾਲ ਦੇ ਸੁਪਨੇ ਨਾਲ ਕੋਈ ਸਰੋਕਾਰ ਹੀ ਨਹੀਂ ਸੀ। ਉਸ ਨੇ ਨਾ ਪੁੱਛਿਆ ਸੀ ਤੇ ਨਾ ਹੀ ਦੱਸਣ ਤੋਂ ਮਨ੍ਹਾ ਕੀਤਾ ਸੀ।
ਕੁੱਝ ਦੇਰ ਬਾਅਦ ਝਿਜਕਦਾ ਹੋਇਆ ਪ੍ਰਿਤਪਾਲ ਆਪੇ ਹੀ ਦੱਸਣ ਲੱਗ ਪਿਆ ਸੀ, "ਕੁਲੀ… ਕੁਲੀ… ਕੁਲੀ ਮੈਂ ਤੜਕਿਉਂ ਨਾ, ਸਪਨੇ ਵਿੱਚ ਦੇਖਿਆ ਕਿ ਆਪਣੇ ਦੋਹਾਂ ਦੇ ਦੋ ਦਿਲ, ਇੱਕ ਹੋ ਕੇ ਧੜਕਣ ਲੱਗ ਪਏ। ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਸੀ । ਪਰ ਛੇਤੀ ਹੀ ਮੇਰੀ ਅੱਖ ਖੁੱਲ੍ਹ ਗਈ।"
"ਉਏ ਹੋਏ ਹੋਏ। ਫਿਰ ਤਾਂ ਬੜੀ ਮਾੜੀ ਗੱਲ ਹੋਈ।" ਕਲਵਿੰਦਰ ਨੇ ਭੋਲਾ ਜਿਹਾ ਮੂੰਹ ਬਣਾ ਕੇ ਠੱਠਾ ਕਰਿਆ ਸੀ।
"ਕੁਲੀ ਕੀ ਸੁਪਨੇ ਸੱਚ ਵੀ ਹੁੰਦੇ ਨੇ?" ਪ੍ਰਿਤਪਾਲ ਬੋਲਦਾ ਹੋਇਆ ਧਰਤੀ ਵਿੱਚ ਨਿਗਾਹ ਗੱਡੀ ਤੁਰਿਆ ਜਾ ਰਿਹਾ ਸੀ। ਉਹ ਮਜ਼ਾਕ ਦੇ ਮੂਡ ਵਿੱਚ ਨਹੀਂ ਸੀ। ਸਗੋਂ ਪੂਰਾ ਸੰਜ਼ੀਦਾ ਸੀ।
ਕਲਵਿੰਦਰ ਨੇ ਵੀ ਇੰਨ-ਬਿੰਨ ਅਜਿਹਾ ਹੀ ਸੁਪਨਾ ਬੁਣ ਰੱਖਿਆ ਸੀ। ਉਹਨੇ ਗੰਭੀਰਤਾ ਦੇ ਪਾਣੀ ਨਾਲ ਮਖੌਲ ਦਾ ਮੈਅਕੱਪ ਧੋਂਦਿਆਂ ਜੁਆਬ ਦਿੱਤਾ ਸੀ, "ਸਿਆਣੇ ਕਹਿੰਦੇ ਤਾਂ ਹੁੰਦੇ ਨੇ ਕਿ ਸਵੇਰੇ ਸਜਰੇ ਦੇਖੇ ਸੁਪਨੇ ਸੱਚੇ ਹੋ ਜਾਂਦੇ ਹਨ। - ਪਰ ਆਪਣੇ ਦਿਲ ਤਾਂ ਉਦਣ ਹੀ ਇੱਕ ਹੋ ਗਏ ਸਨ, ਜਿੱਦਣ ਆਪਾਂ ਇੱਕ ਦੂਜੇ ਨੂੰ ਦੇਖਿਆ ਸੀ। ਦਿਲ ਨਾ ਮਿਲੇ ਹੁੰਦੇ ਤਾਂ ਆਪਣਾ ਪਿਆਰ ਕਿਵੇਂ ਪੈਂਦਾ? - ਤੂੰ ਜਿਹੜੀ ਡਰੀਮ ਵਿੱਚ ਆਪਣੇ ਦਿਲ ਜੁੜਨ ਦੀ ਗੱਲ ਕੀਤੀ ਹੈ, ਮੈਂ ਚੰਗੀ ਤਰ੍ਹਾਂ ਸਮਝ ਨਹੀਂ ਸਕੀ ਇਸ ਤੋਂ ਤੇਰੀ ਕੀ ਮੁਰਾਦ ਹੈ?"
"ਆਹ ਹੀ ਮੇਰੇ ਕਹਿਣ ਦਾ ਭਾਵ ਹੈ ਆਪਾਂ ਇੱਕ ਦੂਸਰੇ ਨੂੰ ਐਨਾ ਜ਼ਿਆਦਾ ਚਾਹੁਣ ਲੱਗ ਗਏ ਹਾਂ ਕਿ ਜੋ ਮੇਰੇ ਦਿਲ ਹੁੰਦਾ, ਉਹੀ ਤੇਰੇ ਵਿੱਚ। ਜੋ ਤੇਰਾ ਦਿਲ ਚਾਹੁੰਦਾ ਉਹੀ ਮੇਰਾ ਚਾਹੁੰਦਾ। ਜਦੋਂ ਦੋ ਦਿਲ ਆਪਸੀ ਮੁਹੱਬਤ ਵਿੱਚ ਭਿੱਜੇ ਹੋਣ ਤਾਂ ਸਦਾ ਉਹਨਾਂ ਵਿੱਚੋਂ ਆਵਾਜ਼ ਵੀ ਇੱਕ ਹੀ ਨਿਕਲਦੀ ਹੈ।" ਕਲਵਿੰਦਰ ਨੇ ਕਿਸੇ ਪਹੁੰਚੇ ਹੋਏ ਦਾਰਸ਼ਨਿਕ ਵਾਂਗ ਜੁਆਬ ਤਲਬ ਕੀਤਾ ਸੀ।
ਉਸ ਦਿਨ ਸਵੇਰ ਤੋਂ ਹੀ ਬੱਦਲਵਾਈ ਸੀ। ਉਹ ਕਾਲਜ ਦੇ ਕਰੀਬ ਪਹੁੰਚੇ ਸਨ ਤਾਂ ਬੂੰਦਾਂ-ਬਾਂਦੀ ਹੋਣੀ ਸ਼ੁਰੂ ਹੋ ਗਈ ਸੀ। ਪ੍ਰਿਤਪਾਲ ਤੇਜ਼ ਚਲਣਾ ਚਾਹੁੰਦਾ ਹੋਇਆ ਵੀ ਕਲਵਿੰਦਰ ਦੇ ਨਾਲ ਹੋਣ ਕਰਕੇ ਮੱਠੀ ਤੋਰ ਤੁਰ ਰਿਹਾ ਸੀ।
"ਜੇ ਤੇਰੀ ਗੱਲ ਸੱਚ ਹੈ ਤਾਂ ਚੱਲ ਫੇਰ ਸਾਬਤ ਕਰ ਕਿ ਜੋ ਕਰਨ ਨੂੰ ਮੇਰਾ ਜੀਅ ਕਰ ਰਿਹਾ ਹੈ ਉਹ ਤੇਰਾ ਵੀ ਕਰਦਾ ਹੈ।" ਪ੍ਰਿਤਪਾਲ ਨੇ ਚੁਨੌਤੀ ਦਿੱਤੀ ਸੀ।
"ਹੁਣ ਮੇਰੇ ਮਨ ਵਿੱਚ ਆ ਰਿਹਾ ਹੈ ਕਿ ਆਪਾਂ ਭੱਜ ਕੇ ਕਾਲਜ ਵਿੱਚ ਵੜ ਜਾਈਏ। ਨਹੀਂ ਤਾਂ ਭਿੱਜ ਜਾਵਾਂਗੇ। - ਕੀ ਤੇਰੇ ਦਿਲ ਵਿੱਚ ਵੀ ਇਹੀ ਹੈ?"
ਭਾਵੇਂ ਪ੍ਰਿਤਪਾਲ ਨੇ ਮੁਢ ਤਾਂ ਕਿਸੇ ਹੋਰ ਗੱਲ ਦਾ ਬੰਨ੍ਹਿਆਂ ਸੀ। ਪਰ ਕਿਸੇ ਹੱਦ ਤੱਕ ਕਲਵਿੰਦਰ ਦਾ ਇਹ ਕਹਿਣਾ ਵੀ ਦਰੁਸਤ ਸੀ।
"ਯੈੱਪ… ਯੂ ਆਰ ਰਾਇਟ।"
ਮੀਂਹ ਦਾ ਇੱਕ ਭਾਰਾ ਛਰਾਟਾ ਆ ਗਿਆ ਸੀ ਤੇ ਉਹ ਦੌੜ ਕੇ ਕਾਲਜ ਦੀ ਇਮਾਰਤ ਵਿੱਚ ਦਾਖਲ ਹੋ ਗਏ ਸਨ।
ਥੋੜੇ ਦਿਨਾਂ ਬਾਅਦ ਪ੍ਰਿਤਪਾਲ ਨੇ ਇੱਕ ਹੋਰ ਖ਼ਾਬ ਦੇਖਿਆ ਸੀ ਤੇ ਅਗਲੀ ਸੁਬ੍ਹਾ ਕਲਵਿੰਦਰ ਨੂੰ ਆ ਦੱਸਿਆ ਸੀ, "ਕੁਲੀ, ਰਾਤੀ ਸੁਫ਼ਨੇ ਵਿੱਚ ਤੇਰਾ ਹੱਥ ਮੇਰੇ ਹੱਥਾਂ ਵਿੱਚ ਸੀ।"
"ਅੱਗੇ ਕੀ ਹੋਇਆ?"
"ਕੁੱਝ ਵੀ ਨਹੀਂ।" ਮੈਨੂੰ ਜਾਗ ਆ ਗਈ। ਕਹਿੰਦਿਆਂ ਹੀ ਪ੍ਰਿਤਪਾਲ ਮਾਯੂਸ ਜਿਹਾ ਹੋ ਗਿਆ ਸੀ।
ਕਲਵਿੰਦਰ ਨੇ ਆਪਣੇ ਹੇਠਲੇ ਬੁੱਲ੍ਹ ਨੂੰ ਟੁੱਕ ਕੇ ਇੱਕ ਮੁਸਕਾਨ ਪ੍ਰਿਤਪਾਲ ਦੇ ਚਿਹਰੇ ਉੱਤੇ ਸੁੱਟੀ ਸੀ ਤੇ ਆਪਣਾ ਇੱਕ ਹੱਥ ਪ੍ਰਿਤਪਾਲ ਵੱਲ ਵਧਾ ਦਿੱਤਾ ਸੀ। ਪ੍ਰਿਤਪਾਲ ਨੇ ਕਲਵਿੰਦਰ ਦਾ ਹੱਥ ਆਪਣੇ ਹੱਥ ਵਿੱਚ ਘੁੱਟ ਕੇ ਆਪਣੇ ਖ਼ੁਆਬ ਦੀ ਤਾਬੀਰ ਕਰ ਲਈ ਸੀ। ਜੋਟੀ ਪਾਈ ਬਾਹਾਂ ਨੂੰ ਝੂਲੇ ਦੇ ਹੁਲਾਰੇ ਵਾਂਗੂ ਝੁਲਾਉਂਦੇ ਉਹ ਕਾਲਜ ਦੀ ਪਲੇਅ ਗਰਾਊਂਡ ਵਿੱਚ ਘੁੰਮਦੇ ਰਹੇ ਸਨ।
ਇੰਝ ਪ੍ਰਿਤਪਾਲ ਸੁਪਨੇ ਦੇਖਦਾ ਗਿਆ ਸੀ ਤੇ ਕਲਵਿੰਦਰ ਉਹਨਾਂ ਨੂੰ ਸੱਚ ਕਰਦੀ ਗਈ ਸੀ। ਪ੍ਰਿਤਪਾਲ ਨੇ ਕਲਵਿੰਦਰ ਨੂੰ ਗਲਵੱਕੜੀ ਵਿੱਚ ਲੈਣ ਦੇ ਖ਼ੁਆਬ ਪੂਰਾ ਹੋਣ ਤੋਂ ਥੋੜੇ ਅਰਸੇ ਬਾਅਦ ਕਲਵਿੰਦਰ ਦੇ ਬੁੱਲ੍ਹਾਂ ਨਾਲ ਆਪਣੇ ਬੁੱਲ੍ਹਾਂ ਦੇ ਸੰਗਮ ਦਾ ਸੁਪਨਾ ਤੱਕਿਆ ਸੀਉਹ ਵੀ ਹਕੀਕਤ ਵਿੱਚ ਬਦਲ ਗਿਆ ਸੀ।
ਜਦੋਂ ਪ੍ਰਿਤਪਾਲ ਨੂੰ ਆਪਣੇ ਹਰ ਦੇਖੇ ਸੁਪਨੇ ਦੇ ਪੂਰੇ ਹੋ ਜਾਣ ਦਾ ਯਕੀਨ ਹੋ ਗਿਆ ਸੀ ਤਾਂ ਉਹਨੇ ਸਾਰੀ ਦੀ ਸਾਰੀ ਕਲਵਿੰਦਰ ਉੱਤੇ ਕਬਜ਼ਾ ਕਰਨ ਦਾ ਸੁਪਨਾ ਲਿਆ ਸੀ। ਸੁਪਨੇ ਨੂੰ ਅਸਲ ਕਰਨ ਲਈ ਉਹ ਕਲਵਿੰਦਰ ਨੂੰ ਕਾਲਜ ਦੀ ਗਹਿਮਾ-ਗਹਿਮੀ ਤੋਂ ਨਿਵੇਕਲੇ ਇੱਕ ਛੱਤੇ ਹੋਏ ਬੱਸ ਅੱਡੇ 'ਤੇ ਲੈ ਗਿਆ ਸੀ।
"ਕੁਲੀ ਰਾਤ ਮੈਂ ਜਿਹੜਾ ਸੁਪਨ ਦੇਖਿਆ ਸੀ ਉਹਦੇ ਵਿੱਚ ਆਪਣੇ ਦੋਨਾਂ ਦੇ ਜਿਸਮਾਂ ਦਾ ਮਿਲਾਪ ਹੋ ਜਾਂਦਾ ਹੈ… ਤੇ।"
"ਤੇ ਕੀ ਹੋਇਆ?" ਕਲਵਿੰਦਰ ਉਤੇਜਤ ਹੋ ਗਈ ਸੀ।
"ਤੇ ਮੈਂ ਨੀਂਦ ਵਿੱਚੋਂ ਉੱਠ ਖੜ੍ਹਿਆ।" ਪ੍ਰਿਤਪਾਲ ਨੇ ਆਪਣੇ ਇੱਕ ਹੱਥ ਦੀ ਤਲੀ ਵਿੱਚ ਦੂਜੇ ਹੱਥ ਦੀ ਮੁੱਕੀ ਜ਼ੋਰ ਦੀ ਮਾਰੀ ਸੀ।
"ਇਹ ਕਿਹੜੀ ਗੱਲ ਹੈ। ਮੈਂ ਤੇਰਾ ਇਹ ਸੁਪਨਾ ਵੀ ਸੱਚ ਕਰ ਦੇਊਂਗੀ।"
"ਸੱਚ! ਖਾਹ ਸਹੁੰ ਢਾਂਡੀ ਦੀ।" ਸੁਫ਼ਨਾ ਹਕੀਕਤ ਵਿੱਚ ਬਦਲਦਾ ਦੇਖ ਕੇ ਪ੍ਰਿਤਪਾਲ ਨੱਚ ਉੱਠਿਆ ਸੀ।
"ਹੂੰਅ।" ਸੱਜੇ ਹੱਥ ਨਾਲ ਆਪਣੇ ਗਲੇ ਤੋਂ ਮਾਸ ਦੀ ਚੂੰਡੀ ਭਰ ਕੇ ਜੁਆਬ ਦੇਣ ਮਗਰੋਂ ਕਲਵਿੰਦਰ ਨੂੰ ਸ਼ਰਮ ਆ ਗਈ ਸੀ ਤੇ ਉਹਨੇ ਦੋਨਾਂ ਤਲੀਆਂ ਵਿੱਚ ਆਪਣਾ ਮੂੰਹ ਛੁਪਾ ਲਿਆ।
ਪ੍ਰਿਤਪਾਲ ਨੇ ਉਹਦੇ ਹੱਥਾਂ ਨੂੰ ਫੜ ਕੇ ਉਹਦਾ ਚਿਹਰਾ ਨੰਗਾ ਕਰ ਦਿੱਤਾ ਸੀ, "ਚੱਲ ਕੀ ਖੱਟਾ ਉਡੀਕਦੀ ਏ? ਆ ਚੱਲੀਏ।"
"ਮੈਂ ਹੁਣੇ ਥੋੜਾ ਕਿਹਾ ਸੀ… ਮੇਰਾ ਮਤਲਬ ਵਿਆਹ ਤੋਂ ਬਾਅਦ।" ਕਲਵਿੰਦਰ ਵਿੱਚ ਪ੍ਰਿਤਪਾਲ ਨਾਲ ਅੱਖਾਂ ਮਿਲਾ ਕੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਸੀ ਪਈ। ਉਹ ਤਾਂ ਸੰਗ ਨਾਲ ਪਾਣੀ-ਪਾਣੀ ਹੋਈ ਪਈ ਸੀ।
"ਵਿਆਹ ਦਾ ਕੀ ਆ? ਜਦੋਂ ਕਹੇਂ ਕਰ ਲਵਾਂਗੇ। ਪਰ ਮੈਂ ਚਾਹੁੰਨਾਂ ਕਾਲਜ ਤੋਂ ਮਗਰੋਂ ਤੂੰ ਯੂਨੀ ਚਲੀ ਜਾਈਂ। ਮੈਂ ਕੋਈ ਜੌਬ ਲੱਭ ਲਵਾਂਗਾ। ਵਿਆਹ ਲਈ ਨਾਮੇ ਦੀ ਲੋੜ ਹੈ। ਆਪਾਂ ਪਹਿਲਾਂ ਕੁੱਝ ਬੌਬਸ (ਪੈਸੇ) ਤਾਂ ਜੋੜ ਲਈਏ। ਫਿਰ ਖੂਬ ਪੜ੍ਹ ਲਿਖ ਕੇ ਤੂੰ ਵੀ ਚੰਗੀ ਚੌਖੀ ਕਮਾਈ ਕਰਨ ਲੱਗ ਜਾਂਵੇਗੀ। ਇਸ ਤਰ੍ਹਾਂ ਆਪਣਾ ਸੋਹਣਾ ਨਿਰਬਾਹ ਹੁੰਦਾ ਰਹੇਗਾ।" ਪ੍ਰਿਤਪਾਲ ਸਿਆਣਿਆਂ ਵਾਂਗ ਬੋਲਦਾ ਚਲਾ ਗਿਆ ਸੀ।
ਕਲਵਿੰਦਰ ਨੂੰ ਉਹਦੇ ਵਿਚਾਰ ਸੁਣ ਕੇ ਦੂਹਰੀ ਖੁਸ਼ੀ ਹੋਈ ਸੀ। ਇੱਕ ਤਾਂ ਉਸ ਨੂੰ ਇਹ ਚੰਗਾ ਲੱਗਾ ਸੀ ਕਿ ਪ੍ਰਿਤਪਾਲ ਨੇ ਕਿੰਨੀ ਸੁਲਝੀ ਹੋਈ ਅਤੇ ਦੂਰਅੰਦੇਸ਼ੀ ਦੀ ਗੱਲ ਕਰੀ ਸੀ। ਦੂਜਾ ਉਸ ਨੂੰ ਇਹ ਗਿਆਨ ਹੋ ਗਿਆ ਸੀ ਕਿ ਪ੍ਰਿਤਪਾਲ ਵੀ ਇਸ ਅਸ਼ਨਾਈ ਵਿੱਚ ਉਸ ਵਾਂਗ ਡੈੱਡ ਸੀਰੀਅਸ ਸੀ। ਦੂਜੀ ਮੁੰਡੀਰ ਵਾਂਗ ਟਾਈਮ ਪਾਸ ਕਰਨ ਲਈ ਇਸ਼ਕ ਨਹੀਂ ਸੀ ਕਰ ਰਿਹਾ। ਉਹਨੇ ਚਾਅ-ਚਾਅ ਵਿੱਚ ਪ੍ਰਿਤਪਾਲ ਨੂੰ ਜੱਫੀ ਪਾ ਲਈ ਸੀ ਤੇ ਪ੍ਰਿਤਪਾਲ ਨੇ ਝੱਟ ਉਹਦੀ ਸਕੱਰਟ ਨੂੰ ਹੱਥ ਪਾ ਲਿਆ ਸੀ। ਉਹਨੇ ਪ੍ਰਿਤਪਾਲ ਦੇ ਹੱਥ ਉਂਂੱਤੇ ਹਲਕਾ ਜਿਹਾ ਥੱਪੜ ਮਾਰ ਕੇ ਉਹਦੇ ਕੋਲੋਂ ਆਪਣੀ ਘੱਗਰੀ ਛੁਡਾ ਲਈ ਸੀ, "ਨਾ ਮੈਂ ਇਸ ਕੰਮ ਦੀ ਆਗਿਆ ਥੋੜਾ ਦਿੱਤੀ ਸੀ। ਇੱਕ ਵਾਰ ਵਿਆਹ ਹੋ ਜੇ ਫਿਰ ਜੋ ਤੂੰ ਚਾਹੇਂਗਾ ਬੰਦੀ ਉਹੀ ਕਰੇਗੀ।"
"ਔਹ ਦੇਖ ਚਰਚ ਚੱਲ ਹੁਣੇ ਹੀ ਇਹ ਕੰਮ ਵੀ ਨਿਬੇੜ ਲੈਂਦੇ ਆਂ।" ਪ੍ਰਿਤਪਾਲ ਨੇ ਪਾਰਕ ਦੀ ਨੁੱਕਰ ਵਿੱਚ ਸਥਿਤ ਗਿਰਜਾ ਘਰ ਦੇ ਲਿਸ਼ਕਦੇ ਕਰਾਸ ਵੱਲ ਉਂਗਲ ਖੜ੍ਹੀ ਕਰਕੇ ਕਿਹਾ ਸੀ।
"ਕਿਉਂ ਚਰਚ ਵਿੱਚ ਕਿਉਂ? ਆਪਾ ਕਿਹੜਾ ਗੋਰੇ ਹਾਂ।"
ਪ੍ਰਿਤਪਾਲ ਵਧੀਆ ਬੁਲਾਰਾ ਸੀ ਤੇ ਉਸ ਨੇ ਆਪਣੇ ਇਸੇ ਗੁਣ ਨੂੰ ਵਰਤਿਆ ਸੀ। "ਗੱਲ ਤਾਂ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇੱਕ ਦੂਸਰੇ ਨੂੰ ਪਤੀ ਪਤਨੀ ਦੇ ਰੂਪ ਵਿੱਚ ਕਬੂਲਣ ਦੀ ਹੈ। ਇਸ਼ਵਰ ਤਾਂ ਕਣ-ਕਣ ਵਿੱਚ ਵਸਦਾ ਹੈ। ਫਿਰ ਇਹ ਗੁਰਦੁਆਰੇ, ਮੰਦਰ, ਮਸੀਤਾਂ, ਗਿਰਜਿਆਂ ਦਾ ਫ਼ਰਕ ਕਾਹਦਾ?"
"ਨਹੀਂ ਮੈਂ ਕਹਿੰਦੀ ਸੀ ਜੇ ਫਿਰ ਵੀ ਆਪਣਾ ਸਹੀ ਤਰੀਕੇ ਨਾਲ ਵਿਆਹ ਹੋ ਜਾਂਦਾ ਤਾਂ।"
"ਹੁਣ ਮੈਂ ਏਸ ਵੇਲੇ ਤੇਰੇ ਲਈ ਰਜਿਸਟਰਾਰ ਕਿੱਥੋਂ ਬੁਲਾਵਾਂ? ਕੀ ਤੈਨੂੰ ਮੇਰੇ ਉੱਤੇ ਭਰੋਸਾ ਨਹੀਂ?" ਪ੍ਰਿਤਪਾਲ ਨੇ ਕਲਵਿੰਦਰ ਨੂੰ ਮੋਢਿਆਂ ਤੋਂ ਫੜ ਕੇ ਝੰਜੋੜਿਆ ਸੀ।
"ਨਹੀਂ ਇਹੋ ਜਿਹੀ ਗੱਲ ਨਹੀਂ। ਤੇਰੇ 'ਤੇ ਆਸਥਾ ਨਾ ਹੁੰਦਾ ਤਾਂ ਮੈਂ ਏਸ ਵਕਤ ਤੇਰੇ ਕੋਲ ਥੋੜਾ ਬੈਠੀ ਹੁੰਦੀ। - ਤੂੰ ਮੂੰਹੋਂ ਕਹਿ ਦਿੱਤਾ ਇਹੀ ਕਿਹੜਾ ਘੱਟ ਹੈ। ਧਾਰਮਿਕ ਰਸਮਾਂ ਤਾਂ ਇੱਕ ਦਿਖਾਵਾ ਹੀ ਹੁੰਦੀਆਂ ਹਨ। ਜਦ ਆਪਣੇ ਦਿਲਾਂ ਨੇ ਇੱਕ ਦੂਜੇ ਨੂੰ ਸਵਿਕਾਰ ਲਿਆ ਹੈ ਤਾਂ ਹੋਰ ਏਦੂੰ ਪਰ੍ਹੇ ਕੀ ਹੋ ਸਕਦੈ?"
"ਚੱਲ ਆ ਚੱਲੀਏ।" ਪ੍ਰਿਤਪਾਲ ਨੇ ਉਹਨੂੰ ਬਾਂਹੋਂ ਖਿੱਚ ਲਿਆ ਸੀ।
"ਚੱਲ!"
ਕਲਵਿੰਦਰ ਪ੍ਰਿਤਪਾਲ ਨਾਲ ਉਸ ਦਾ ਸੱਜਰਾ ਦੇਖਿਆ ਸੁਪਨਾ ਸਾਕਾਰ ਕਰਨ ਚੱਲ ਪਈ ਸੀ। ਉਸ ਦਿਨ ਵਾਤਾਵਰਨ ਸੁਖਾਵਾਂ ਨਹੀਂ ਸੀ। ਠੰਡੀਆਂ ਸਰਦ ਹਵਾਵਾਂ ਚੱਲ ਰਹੀਆਂ ਸਨ। ਹਲਕੀ-ਹਲਕੀ ਬਰਫ਼ਵਾਰੀ ਵੀ ਹੋ ਰਹੀ ਸੀ। ਅੱਜ ਤੱਕ ਕਦੇ ਆਸ਼ਿਕਾਂ ਨੂੰ ਮੌਸਮ ਦੀ ਕਰੋਪੀ ਡੱਕ ਸਕੀ ਹੈ? ਉਹਨਾਂ ਨੂੰ ਵੀ ਮੌਸਮ ਦੀ ਕੋਈ ਪਰਵਾਹ ਨਹੀਂ ਸੀ। ਕੜਾਕੇ ਦੀ ਠੰਢ ਵਿੱਚ ਉਹ ਅੱਡੇ ਤੋਂ ਚੱਲ ਕੇ, ਪਾਰਕ ਨੂੰ ਪਾਰ ਕਰਕੇ ਚਰਚ ਕੋਲ ਦੀ ਹੁੰਦੇ ਹੋਏ ਕਬਰਸਤਾਨ ਵੱਲ ਚਲੇ ਗਏ ਸਨ। ਕਬਰਸਤਾਨ ਦੇ ਮੱਧ ਵਿੱਚ ਝਾੜੀਆਂ ਦੇ ਓਹਲੇ ਇੱਕ ਟੁੱਟੀ ਢੋਹ ਵਾਲਾ ਬੈਂਚ ਸੀ। ਬੈਂਚ ਉੱਪਰੋਂ ਚਮੜੇ ਦੇ ਕਾਲੇ ਜਸਤਾਨਿਆਂ ਵਾਲੇ ਹੱਥ ਨਾਲ ਪ੍ਰਿਤਪਾਲ ਨੇ ਦਬਾਦਬ ਬਰਫ਼ ਝਾੜ ਕੇ ਕਲਵਿੰਦਰ ਨੂੰ ਬੈਠਣ ਦਾ ਇਸ਼ਾਰਾ ਕੀਤਾ ਸੀ। ਕਲਵਿੰਦਰ ਨੇ ਡਰਦੀ ਡਰਦੀ ਨੇ ਆਸੇ ਪਾਸੇ ਦੇਖਿਆ ਸੀ।
"ਕੀ ਖੁੱਲ੍ਹ-ਮ-ਖੁੱਲ੍ਹਾ ਇਸ ਤਰ੍ਹਾਂ ਕਰਨਾ ਵਾਜਬ ਹੋਊ? - ਕੋਈ ਦੇਖ ਨਾ ਲਵੇ?"
"ਬੇਫ਼ਿਕਰ ਰਹਿ। ਕੋਈ ਨਹੀਂ ਆਉਂਦਾ।" ਪ੍ਰਿਤਪਾਲ ਨੇ ਚਾਰੋ ਤਰਫ਼ ਅੱਖਾਂ ਘੁੰਮਾ ਕੇ ਉਹਨੂੰ ਹੌਂਸਲਾ ਦਿੱਤਾ ਸੀ।
ਝੱਖੜ ਵਿੱਚ ਉੱਥੇ ਕਿਸ ਨੇ ਆਉਣਾ ਸੀ? ਕਬਰਾਂ ਦੇ ਵਿੱਚ ਤਾਂ ਮੁਰਦੇ ਹੀ ਸਨ। ਕਬਰਾਂ ਨੂੰ ਤਾਂ ਉਂਝ ਵੀ ਵੱਨ ਵੇਅ ਟਰੈਫ਼ਿਕ ਹੁੰਦਾ ਹੈ। ਬੰਦਾ ਕਬਰਾਂ ਵਿੱਚ ਜਾ ਸਕਦਾ ਹੈ, ਪਰ ਬਾਹਰ ਨਹੀਂ ਆ ਸਕਦਾ। ਕਬਰਾਂ ਵਿੱਚ ਲਾਸ਼ਾਂ ਤੇ ਬਾਹਰ ਸਿਰਫ਼ ਮੁਰਝਾਏ ਫੁੱਲ ਸਨ। ਟਾਹਣਿਉਂ ਟੁੱਟਣ ਬਾਅਦ ਫੁੱਲਾਂ ਦੀ ਤਾਂ ਖਿੜਿਆਂ ਹੋਇਆਂ ਦੀ ਕੋਈ ਹਸਤੀ ਨਹੀਂ ਰਹਿੰਦੀ, ਮੁਰਝਾਇਆ ਹੋਇਆਂ ਦੀ ਤਾਂ ਔਕਾਤ ਹੀ ਕੀ ਹੈ। ਫਿਰ ਵੀ ਕਲਵਿੰਦਰ ਦੇ ਦਿਲ ਵਿੱਚ ਡਰ ਦਾ ਹੋਣਾ ਲਾਜ਼ਮੀ ਸੀ।
"ਪਿਰਤ ਡਰ ਜਿਹਾ ਲਗਦੈ।"
"ਡਰ ਕਾਹਦਾ ਬਕਸਿਆਂ ਵਿੱਚ ਬੰਦ ਸਕੈਲਟਨ ਹੀ ਨੇ। - ਇਸ ਨੂੰ ਮਰੇ ਦਸ ਸਾਲ ਹੋ ਗਏ। - ਉਸ ਨੂੰ ਵੀਹ ਸਾਲ।" ਪ੍ਰਿਤਪਾਲ ਨੇ ਉਸ ਨੂੰ ਕਬਰਾਂ ਤੋਂ ਵਦਾਲਤ ਤਾਰੀਖਾਂ ਪੜ੍ਹ ਕੇ ਉਕਸਾਇਆ ਸੀ।
ਇੱਕ ਵਾਰ ਫੇਰ ਚਾਰ-ਚੁਫੇਰੇ ਤਾੜ ਕੇ ਕਲਵਿੰਦਰ ਬੈਂਚ 'ਤੇ ਲੇਟ ਗਈ ਸੀ।
ਪ੍ਰਿਤਪਾਲ ਦੇ ਥੱਲੇ ਕਲਵਿੰਦਰ ਪਈ ਸੀ ਤੇ ਉੱਤੇ ਰੂੰ ਦੇ ਫੰਬਿਆਂ ਵਾਂਗੂੰ ਬਰਫ਼ ਪੈ ਰਹੀ ਸੀ। ਕਲਵਿੰਦਰ ਦੇ ਹੇਠਾਂ ਠੰਡਾ-ਠੰਡਾ ਲੱਕੜੀ ਦਾ ਬੈਂਚ ਸੀ ਤੇ ਉੱਤੇ ਮਘਦਾ-ਮਘਦਾ ਪ੍ਰਿਤਪਾਲ। …ਤੇ ਇੰਝ ਉਹ ਫੁੱਲ ਅਤੇ ਸੁਗੰਧ ਵਾਂਗ ਇੱਕ ਦੂਸਰੇ ਵਿੱਚ ਰਚ-ਮਿਚ ਗਏ ਸਨ। ਉਹਨਾਂ ਦੋਹਾਂ ਜਾਣਿਆਂ ਨੂੰ ਉਸ ਵੇਲੇ ਬੇਹੱਦ ਅੰਨਦਮਈ ਪਲ ਹੰਢਾਉਂਦਿਆਂ ਦੁਨੀਆਂ ਦੇ ਬਾਕੀ ਸਰਬ ਸੁੱਖ ਫਿੱਕੇ ਲੱਗੇ ਸਨ। ਬੈਂਚ ਉੱਪਰ ਡਿੱਗੀ ਹੋਈ ਮੁੱਠੀ ਭਰ ਸਫ਼ੈਦ ਬਰਫ਼ ਰੱਤ ਵਿੱਚ ਰੰਗੀ ਗਈ ਸੀ। ਇਉਂ ਪ੍ਰਿਤਪਾਲ ਦਾ ਇਹ ਸੁਪਨਾ ਵੀ ਸੱਚ ਹੋ ਗਿਆ ਸੀ।
ਪਹਿਲੇ ਪਹਿਲ ਤਾਂ ਪ੍ਰਿਤਪਾਲ ਨੂੰ ਇਹੀ ਸੁਪਨਾ ਮਹੀਨੇ ਵਿੱਚ ਇੱਕ ਵਾਰ ਆਉਂਦਾ ਸੀ। ਫਿਰ ਹਫ਼ਤੇ ਬਾਅਦ ਆਉਣ ਲੱਗ ਪਿਆ ਸੀ। ਹਫ਼ਤੇ ਤੋਂ ਚੰਦ ਦਿਨਾਂ ਬਾਅਦ। ਦਿਨਾਂ ਤੋਂ ਰੋਜ਼ਾਨਾ ਤੇ ਕਈ ਵਾਰੀ ਤਾਂ ਦਿਹਾੜੀ ਵਿੱਚ ਦੋ-ਦੋ ਤਿੰਨ-ਤਿੰਨ ਵਾਰੀ ਵੀ ਉਹ ਸੁਪਨੇ ਸਾਕਾਰ ਕਰਨ ਲੱਗ ਪਿਆ ਸੀ।
ਫਿਰ ਹੌਲੀ-ਹੌਲੀ ਪ੍ਰਿਤਪਾਲ ਨੇ ਸੁਪਨੇ ਦੇਖਣੇ ਘਟਾ ਦਿੱਤੇ ਸਨ ਤੇ ਕੁਲੀ ਨੇ ਉਹਦੇ ਸੁਪਨਿਆਂ ਨੂੰ ਸੱਚ ਕਰਨਾ ਵਧਾ ਦਿੱਤਾ ਸੀ। ਜਿੰਨੇ ਸੁਪਨੇ ਪ੍ਰਿਤਪਾਲ ਲੈ ਸਕਦਾ ਸੀ ਉਸ ਨੇ ਲਏ ਸਨ। ਕਲਵਿੰਦਰ ਨੇ ਉਸ ਦਾ ਕੋਈ ਸੁਪਨਾ ਵੀ ਅਧੂਰਾ ਨਹੀਂ ਰਹਿਣ ਦਿੱਤਾ ਸੀ। ਇੱਕ ਮੁਕਾਮ 'ਤੇ ਆ ਕੇ ਪ੍ਰਿਤਪਾਲ ਦੇ ਸਭ ਸੁਪਨੇ ਮੁੱਕ ਗਏ ਸਨ।
ਕਲਵਿੰਦਰ ਉਹਨੂੰ ਛੇਤੀ ਤੋਂ ਛੇਤੀ ਆਪਣੇ ਨਾਲ ਸਾਰੀ ਉਮਰ ਲਈ ਬੰਨ੍ਹ ਲੈਣਾ ਚਾਹੁੰਦੀ ਸੀ। ਕਿਉਂਕਿ ਕਲਵਿੰਦਰ ਨੂੰ ਵੀ ਪ੍ਰਿਤਪਾਲ ਦੇ ਸੁਪਨਿਆਂ ਨਾਲ ਮੋਹ ਹੋ ਗਿਆ ਸੀ। ਪਰ ਪ੍ਰਿਤਪਾਲ ਠਰਮੇ ਨਾਲ ਚਲਦਾ ਸੀ। ਇੱਕ ਰੋਜ਼ ਕਲਵਿੰਦਰ ਨੇ ਦਬਾਅ ਪਾਇਆ ਸੀ, "ਪਿਰਤ ਮੈਂ ਤੇਰੇ ਜੁਆਕ ਖਿਡਾਉਣਾ ਚਾਹੁੰਦੀ ਆਂ । ਰੱਬ ਕਰੇ ਆਪਣੇ ਢੇਰ ਸਾਰੇ ਨਿਆਣੇ ਹੋਣ। ਮੈਨੂੰ ਬੱਚੇ ਬਹੁਤ ਚੰਗੇ ਲੱਗਦੇ ਨੇ।"
"ਇਹਦੇ 'ਚ ਕਿਹੜਾ ਮੰਤਰ ਪੜ੍ਹਨੈ। ਆਪਾਂ ਕੌਨਟਰਾਸੈੱਪਸ਼ਨ (ਗਰਭ ਰੋਕੂ) ਵਰਤਣੋਂ ਹੱਟ ਜਾਂਦੇ ਆ।" ਪ੍ਰਿਤਪਾਲ ਨੇ ਲਾਪਰਵਾਹੀ ਦਿਖਾਈ ਸੀ।
"ਗੋਲੀਆਂ ਫੱਕਣੀਆਂ ਤਾਂ ਮੈਨੂੰ ਵੀ ਚੰਗੀਆਂ ਨਹੀਂ ਲੱਗਦੀਆਂ। ਛੇਤੀ ਕਰ ਨਾ ਫੇਰ, ਵਿਆਹ ਕਰਵਾ ਲਈਏ। ਕੁਆਰੀ ਹੁੰਦੀ ਥੋੜਾ ਮੈਂ ਇਉਂ ਕਰ ਸਕਦੀ ਹਾਂ?"
"ਕਿਉਂ? ਵੱਟਸ ਬਿੱਗ ਡੀਲ? ਤੂੰ ਬ੍ਰਿਟਿਸ਼ ਬੋਰਨ ਹੈਂ। ਇੰਗਲੈਂਡ ਵਿੱਚ ਰਹਿੰਦੀ ਹੈਂ। ਇਹ ਕਿਹੜਾ ਇੰਡੀਆ ਹੈ?"
"ਪਰ ਆਪਾਂ ਤਾਂ ਇੰਡੀਅਨ ਹਾਂ।" ਕਲਵਿੰਦਰ ਨੇ ਸਾਰਾ ਜ਼ੋਰ ਲਾ ਕੇ ਕਿਹਾ ਸੀ।
ਉਦੋਂ ਪ੍ਰਿਤਪਾਲ ਨੂੰ ਕੋਈ ਗੱਲ ਅਹੁੜੀ ਹੀ ਨਹੀਂ ਸੀ ਤੇ ਉਹ ਊਲ-ਜਲੂਲ ਮਾਰਨ ਲੱਗ ਪਿਆ ਸੀ। ਗੱਲ ਆਈ ਗਈ ਹੋ ਗਈ ਸੀ।
ਫਿਰ ਇੱਕ ਰਾਤ ਕਲਵਿੰਦਰ ਨੇ ਇੱਕ ਸੁਪਨਾ ਦੇਖਿਆ ਸੀ। ਬੜੀ ਬੇਸਬਰੀ ਨਾਲ ਉਸ ਨੇ ਰਾਤ ਲੰਘਾਈ ਸੀ। ਅਗਲੇ ਦਿਨ ਕਾਲਜ ਜਾਂਦਿਆਂ ਹੀ ਉਹਨੇ ਸੁਪਨਾ ਸੁਣਾਉਣ ਲਈ ਪ੍ਰਿਤਪਾਲ ਨੂੰ ਕੌਮਨਰੂਮ ਵਿੱਚ ਜਾ ਲੱਭਿਆ ਸੀ।
"ਆਹ ਦੇਖ।" ਕਲਵਿੰਦਰ ਨੇ ਪ੍ਰਿਤਪਾਲ ਨੂੰ ਪ੍ਰਾਪਟੀ ਡੀਲਰ ਤੋਂ ਲਈ ਹੋਈ ਵਿਕਾਊ ਮਕਾਨ ਦੀ ਫੋਟੋ ਦਿਖਾਉਂਦਿਆ ਕਿਹਾ ਸੀ।
"ਇਹ ਕੀ ਏ?"
"ਆਵਰ ਲੱਵ ਨੈੱਸਟ।"(ਆਪਣਾ ਆਸ਼ੀਆਨਾ) ਪ੍ਰਿਤਪਾਲ ਦੇ ਨਾਲ ਜੁੜ ਕੇ ਬੈਠਦੀ ਹੋਈ ਉਹ ਬੋਲੀ ਸੀ।
"ਛੋਟਾ ਬਹੁਤ ਹੈ। ਹੈ ਨਾ?"
"ਪਰ ਏਸ ਵੇਲੇ ਆਪਾਂ ਇਸ ਤੋਂ ਵੱਡਾ ਘਰ ਅਫੋਰਡ ਵੀ ਤਾਂ ਨਹੀਂ ਕਰ ਸਕਦੇ।"
"ਵੱਟ ਆਰ ਯੂ ਟਰਾਇੰਗ ਟੂ ਸੇਅ? ਮੈਨੂੰ ਤਾਂ ਤੇਰੀ ਕੁੱਝ ਸਮਝ ਨਹੀਂ ਆਉਂਦੀ ਕਿ ਤੂੰ ਕੀ ਬੋਲ ਰਹੀ ਹੈਂ?"
"ਮੈਨੂੰ ਵੀ ਰਾਤ ਇੱਕ ਸੁਪਨਾ ਆਇਆ ਸੀ। ਜਾਣਦਾ ਹੈਂ ਕੀ ਤੱਕਿਆ ਮੈਂ? - ਆਪਾਂ ਘਰ ਖਰੀਦ ਲੈਂਦੇ ਹਾਂ ਤੇ…।"
"ਤੇ ਤੇਰੀ ਅੱਖ ਖੁੱਲ੍ਹ ਗਈ।" ਪ੍ਰਿਤਪਾਲ ਨੇ ਝਬਦੇ ਖ਼ਾਲੀ ਥਾਂ ਭਰ ਦਿੱਤੀ ਸੀ।
"ਨਹੀਂ।"
"ਫਿਰ?"
"ਆਪਣਾ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤੇ…।" ਕਲਵਿੰਦਰ ਨੇ ਪ੍ਰਿਤਪਾਲ ਦੇ ਗਲ ਵਿੱਚ ਬਾਹਾਂ ਪਾ ਦਿੱਤੀਆਂ ਸਨ।
"ਤੇ ਤੇਰੀ ਨੀਂਦ ਟੁੱਟ ਜਾਂਦੀ ਹੈ।"
ਕਲਵਿੰਦਰ ਅੱਖਾਂ ਬੰਦ ਕਰਕੇ ਸੁਫ਼ਨੇ ਨੂੰ ਯਾਦ ਕਰਦੀ ਹੋਈ ਬੋਲੀ ਸੀ, "ਨਹੀਂ ਨਾ - ਆਪਾਂ ਇਸ ਘਰ ਵਿੱਚ ਰਹਿਣ ਲੱਗ ਜਾਂਦੇ ਹਾਂ। ਤੇ…।"
"ਤੇਰਾ ਸੁਪਨਾ ਮੁੱਕ ਜਾਂਦਾ ਹੈ।"
"ਨਹੀਂ ਬਿਲਕੁਲ ਨਹੀਂ।" ਕਲਵਿੰਦਰ ਆਪਣੀ ਗੱਲ੍ਹ ਨੂੰ ਪ੍ਰਿਤਪਾਲ ਦੀ ਗੱਲ੍ਹ ਨਾਲ ਘਸਾਉਣ ਲੱਗ ਪਈ ਸੀ। ਪ੍ਰਿਤਪਾਲ ਦੀ ਸ਼ੇਵ ਕਰਨ ਵਾਲੀ ਹੋਣ ਕਰਕੇ ਉਹਦੀ ਦਾੜੀ ਦੇ ਚੁਭਦੇ ਕੰਢਿਆਂ ਵਰਗੇ ਵਾਲਾਂ ਨੂੰ ਮਹਿਸੂਸ ਕਰਨ ਵਿੱਚ ਕਲਵਿੰਦਰ ਨੂੰ ਬੜਾ ਮਜ਼ਾ ਆਇਆ ਸੀ, "ਫਿਰ ਆਪਣੇ ਢੇਰ ਸਾਰੇ ਬੱਚੇ ਹੋ ਜਾਂਦੇ ਹਨ। ਉਹ ਊਧਮ ਮਚਾਉਂਦੇ ਹੋਏ ਇਸ ਨਿੱਕੇ ਜਿਹੇ ਘਰ ਵਿੱਚ ਖੇਡਦੇ ਫਿਰਦੇ ਹਨ। ਚੀਜ਼ਾਂ ਭੰਨਦੇ ਤੋੜਦੇ ਹਨ। ਤੁਸੀਂ ਉਹਨਾਂ ਨੂੰ ਘੂਰਦੇ ਹੋ। ਉਹ ਰੋਣ ਲੱਗ ਜਾਂਦੇ ਹਨ। ਮੈਂ ਉਹਨਾਂ ਨੂੰ ਵਰਾਉਂਦੀ ਹਾਂ। ਤੇ…।"
"ਤੈਨੂੰ ਕੋਈ ਉੱਠਾ ਦਿੰਦਾ ਹੈ।"
ਕਲਵਿੰਦਰ ਨੂੰ ਹਰਖ ਆ ਗਿਆ ਸੀ, "ਤੂੰ ਸੁਣਦਾ ਤਾਂ ਹੈ ਨਹੀਂ। ਆਪਣੀਆਂ ਮਾਰੀ ਜਾਨੈਂ। ਮੈਂ ਰਾਤੀ ਜਦੋਂ ਸੁੱਤੀ ਸੀ ਉਦੋਂ ਤੋਂ ਹੀ ਸੁਪਨਾ ਦੇਖਣ ਲੱਗ ਗਈ ਸੀ ਤੇ ਸਾਰੀ ਰਾਤ ਸੁਪਨ ਅਵਸਥਾ ਵਿੱਚ ਹੀ ਰਹੀ ਸੀ। ਸਵੇਰਾ ਹੋਏ 'ਤੇ ਮੇਰੀ ਨੀਂਦ ਖੁੱਲ੍ਹੀ ਸੀ। ਸਮਝਿਆ? - ਧਿਆਨ ਨਾਲ ਬਹਿ ਕੇ ਸੁਣਨ ਦੀ ਕੋਸ਼ਿਸ਼ ਕਰ ਮੈਂ ਕੀ ਕਹਿ ਰਹੀ ਹਾਂ।"
"ਮੇਰੇ ਕੋਲ ਤੇਰੀ ਬਕਵਾਸ ਸੁਣਨ ਦਾ ਵਕਤ ਨ੍ਹੀਂ।" ਪ੍ਰਿਤਪਾਲ ਉੱਠ ਕੇ ਖੜ੍ਹਾ ਹੋ ਗਿਆ ਸੀ।
"ਕੀ ਕਿਹੈ? ਮੇਰਾ ਸੁਪਨਾ ਤੈਨੂੰ ਬਕਵਾਸ ਲਗਦਾ ਹੈ? ਹਾਓ ਡੇਅਰ ਯੂ? ਮੈਂ ਕਦੇ ਤੇਰੇ ਕਿਸੇ ਸੁਪਨੇ ਬਾਰੇ ਇਸ ਤਰ੍ਹਾਂ ਕਿਹਾ ਹੈ?"
"ਸਵੇਰੇ ਸਵੇਰੇ ਮੇਰਾ ਦਿਮਾਗ ਨਾ ਚੱਟ- ਚੱਲ ਲੈਸਨ ਲਈ ਦੇਰ ਹੋ ਰਹੀ ਹੈ।"
ਪ੍ਰਿਤਪਾਲ ਕਲਵਿੰਦਰ ਨੂੰ ਉਥੇ ਖੜੀ ਛੱਡ ਕੇ ਆਪਣੀ ਜਮਾਤ ਵਿੱਚ ਚਲਿਆ ਗਿਆ ਸੀ। ਕਲਵਿੰਦਰ ਨੇ ਵੀ ਪੂਰੀ ਅੜ ਰੱਖੀ ਸੀ। ਉਹਨੇ ਪ੍ਰਿਤਪਾਲ ਨੂੰ ਬੁਲਾਇਆ ਨਹੀਂ ਸੀ। ਉਹ ਚਾਹੁੰਦੀ ਸੀ ਪ੍ਰਿਤਪਾਲ ਉਹਦੇ ਤੋਂ ਮਾਫ਼ੀ ਮੰਗੇ। ਪਰ ਪ੍ਰਿਤਪਾਲ ਨੇ ਉਹਦੀ ਕੋਈ ਪਰਵਾਹ ਨਹੀਂ ਮੰਨੀ ਸੀ। ਮਾਹਾਂ ਦੇ ਆਟੇ ਵਾਂਗੂੰ ਆਕੜਿਆ ਰਿਹਾ ਸੀ। ਕਈ ਦਿਨ ਤਕਰਾਰ ਵਿੱਚ ਬੀਤ ਜਾਣ ਬਾਅਦ ਕਲਵਿੰਦਰ ਆਪ ਹੀ ਝੁੱਕ ਗਈ ਸੀ, "ਬੜੀ ਆਕੜ ਐ? ਮੂੰਹ ਸੁਜਾਇਐ… ਬੁਲਾਉਣਾ ਨ੍ਹੀਂ?"
"ਤੂੰ ਹੀ ਉੱਚੀ ਉੱਚੀ ਉੱਡਦੀ ਫਿਰਦੀ ਏਂ।"
"ਮੈਂ ਉੱਡਦੀ ਆਂ? ਆਪ ਜਿਵੇਂ ਬੜਾ ਧਰਤੀ 'ਤੇ ਹੁੰਨੈਂ। ਡੁੰਘੀਆਂ-ਡੂੰਘੀਆਂ ਤਾਰੀਆਂ ਤੂੰ ਲਾਉਨੈਂ- ਇਸ਼ਕ ਵਿੱਚ ਦਿਮਾਗ ਨਹੀਂ ਦਿਲ ਵਰਤੀਦਾ ਹੁੰਦੈ। -ਮੈਂ ਤੇਰੇ ਕਿੰਨੇ ਸੁਪਨੇ ਸੱਚ ਕਰੇ। ਤੂੰ ਮੇਰਾ ਇੱਕ ਨਹੀਂ ਕਰ ਸਕਦਾ?"
"ਮੇਰੇ ਕੋਲ ਕੀਰਨੇ ਨਾ ਪਾ। - ਸਾਰੇ ਸੁਪਨੇ ਹਕੀਕਤ ਵਿੱਚ ਬਦਲਣ ਲਈ ਨਹੀਂ ਹੁੰਦੇ। ਕੁੱਝ ਕੁ ਨੂੰ ਸਿਰਫ਼ ਸੁਪਨੇ ਹੀ ਰਹਿਣ ਦੇਣਾ ਚਾਹੀਦਾ ਹੈ।"
ਉਸ ਦਿਨ ਕਲਵਿੰਦਰ ਨੂੰ ਜਾਗ ਆ ਗਈ ਸੀ। ਉਸ ਦਾ ਸੁਪਨਾ ਅਤੇ ਦਿਲ ਦੋਨੋਂ ਇਕੱਠੇ ਟੁੱਟ ਗਏ ਸਨ।
ਉਸ ਦਿਨ ਤੋਂ ਮਗਰੋਂ ਪ੍ਰਿਤਪਾਲ ਨੇ ਕਲਵਿੰਦਰ ਨੂੰ ਮਿਲਣਾ ਘਟਾ ਦਿੱਤਾ ਸੀ। ਉਹ ਨਿੱਤ ਮੰਗਵੀ ਨਹੀਂ ਮਿਲਣੀ, ਆਪਣੀ ਬਣਾ ਲੈ ਮਿੱਤਰਾ ਕਹਿ ਕੇ ਵਿਆਹ ਲਈ ਕਹਿੰਦੀ ਸੀ, ਪਰ ਪ੍ਰਿਤਪਾਲ ਕਿਸੇ ਗੱਲ ਉੱਤੇ ਨਹੀਂ ਸੀ ਖੜ੍ਹਦਾ ਹੁੰਦਾ। ਬਿਨਾਂ ਕਿਸੇ ਠੋਸ ਗੱਲ ਦੇ ਐਵੇਂ ਛੋਟੇ- ਛੋਟੇ ਬਹਾਨੇ ਬਣਾ ਕੇ ਉਸ ਨਾਲ ਲੜ ਪੈਂਦਾ ਸੀ। ਕਲਵਿੰਦਰ ਆਪਣਾ ਕਸੂਰ ਨਾ ਹੁੰਦਿਆਂ ਹੋਇਆ ਵੀ ਲਿਫ ਜਾਂਦੀ। ਮਾਫ਼ੀ ਮੰਗ ਕੇ ਰੁੱਸੇ ਹੋਏ ਪ੍ਰਿਤਪਾਲ ਨੂੰ ਮਨਾ ਲੈਂਦੀ ਸੀ। ਪ੍ਰਿਤਪਾਲ ਕੁੱਝ ਦਿਨਾਂ ਲਈ ਮੰਨ ਜਾਂਦਾ ਸੀ। ਪਰ ਥੋੜੇ ਦਿਨਾਂ ਬਾਅਦ ਉਹਦੀ ਕੋਈ ਨਾ ਕੋਈ ਚੂਲ ਫੇਰ ਢਿੱਲੀ ਹੋ ਜਾਂਦੀ ਸੀ। ਉਹ ਮੁੜ ਅੜੀਆਂ ਕਰਨ ਲੱਗ ਜਾਂਦਾ ਸੀ। ਕਲਵਿੰਦਰ ਸੰਬੰਧ ਟੁੱਟਣ ਨਹੀਂ ਸੀ ਦੇਣਾ ਚਾਹੁੰਦੀ। ਇਸ ਕਰਕੇ ਰਿਸ਼ਤਾ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੀ ਸੀ। ਪਰ ਪ੍ਰਿਤਪਾਲ ਨੇ ਕਦੇ ਵੀ ਉਵੇਂ ਨਹੀਂ ਸੀ ਸੋਚਿਆ ਜਿਵੇਂ ਉਹ ਸੋਚਦੀ ਸੀ। ਪ੍ਰਿਤਪਾਲ ਵਰਗਾ ਐਨਾ ਚੰਗਾ ਮੁੰਡਾ, ਜੋ ਕਦੇ ਉਸ ਉੱਤੇ ਜਾਨ ਛਿੜਕਦਾ ਸੀ। ਉਸ ਨੂੰ ਅਚਾਨਕ ਹੋ ਕੀ ਗਿਆ ਸੀ? ਥੋੜੇ ਜਿਹੇ ਦਿਨਾਂ ਤੋਂ ਉਹਨੂੰ ਕਿਹੜਾ ਬਿੱਛੂ ਲੜ ਗਿਆ ਸੀ? ਕਲਵਿੰਦਰ ਨੂੰ ਕੁੱਝ ਵੀ ਸਮਝ ਨਹੀਂ ਸੀ ਲੱਗਦੀ।
ਇੱਕ ਦਿਨ ਤਾਂ ਗੱਲ ਜ਼ਿਆਦਾ ਹੀ ਵੱਧ ਗਈ ਸੀ। ਕਲਵਿੰਦਰ ਨੇ ਪੂਰੇ ਤਿੰਨ ਘੰਟੇ ਪ੍ਰਿਤਪਾਲ ਨਾਲ ਬਹਿਸ ਕੀਤੀ ਸੀ। ਪਰ ਉਹ ਕਿਸੇ ਤਰ੍ਹਾਂ ਵੀ ਪ੍ਰਿਤਪਾਲ ਨੂੰ ਸੰਬੰਧ ਸੁਧਾਰਨ ਲਈ ਰਜ਼ਾਮੰਦ ਨਹੀਂ ਸੀ ਕਰ ਸਕੀ। ਬਹੁਤ ਸਾਰਾ ਦਿਮਾਗ ਖਰਚਿਆ ਜਾਣ 'ਤੇ ਵੀ ਕਲਵਿੰਦਰ ਦੇ ਸੁਭਾਅ ਵਿੱਚ ਖਿੱਝ ਦੀ ਬਜਾਏ ਸਹਿਜਤਾ ਅਤੇ ਨਰਮਾਈ ਸੀ। ਉਹਨੇ ਪ੍ਰਿਤਪਾਲ ਨੂੰ ਦਲੀਲ ਦਿੰਦਿਆਂ ਕਿਹਾ ਸੀ, "ਹੇ ਲੱਵ! ਡੌਂਟ ਗੋ ਮੈਂਨਟਲ। ਅਕਲ ਤੋਂ ਕੰਮ ਲੈ- ਪਿਰਤ ਰਹੀਮ ਦਾ ਦੋਹਾ ਹੈ:- ਰਹਿਮਨ ਧਾਗਾ ਪ੍ਰੇਮ ਕਾ, ਮੱਤ ਤੋੜੋ ਚਟਕਾਏ। ਟੁੱਟੇ ਸੇ ਫਿਰ ਜੁੜੇ ਨਹੀਂ, ਜੁੜੇ ਗਾਂਠ ਪੜ ਜਾਏ।"
"ਕਸਰ ਆ ਅਜੇ ਪ੍ਰੇਮ ਦੇ ਟੁੱਟਣ 'ਚ। ਟੁੱਟਿਆ ਤਾਂ ਪਿਆ ਹੈ। ਵਾਏ ਕਾਂਟ ਯੂ ਫੇਸ ਦਾ ਫੈਕਟਸ। - ਇਹ ਨਾਤਾ ਜੋੜਨਾ ਹੀ ਕੋਣ ਚਾਹੁੰਦਾ ਹੈ।" ਪ੍ਰਿਤਪਾਲ ਉਵੇਂ ਹੀ ਮੁੱਖੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ।
"ਮੈਂ, ਮੈਂ ਜੋੜਨਾ ਚਾਹੁੰਦੀ ਹਾਂ ਪਿਰਤ। ਮੈਂ।" ਕਲਵਿੰਦਰ ਉਹਦੇ ਕਦਮਾਂ ਵਿੱਚ ਢੇਰੀ ਹੋ ਕੇ ਹਾੜੇ ਕੱਢਣ ਲੱਗ ਪਈ ਸੀ।
"ਪਰ ਮੈਂ ਬਿਲਕੁਲ ਨਹੀਂ ਚਾਹੁੰਦਾ। ਵਾਏ ਕਾਂਟ ਯੂ ਲੀਵ ਮੀ ਅਲੋਨ।"
"ਹਾਓ ਕੈਨ ਆਈ? ਆਈ ਕਾਂਟ ਇਵਨ ਥਿੰਕ ਔਫ ਦੈਟ। ਮੈਂ ਤੇਰੇ 'ਤੇ ਮਰੀ ਪਈ ਹਾਂ। ਮੈਂ ਤੇਰੇ ਜਿੰਨਾ ਨੇੜੇ ਹੁੰਦੀ ਹਾਂ, ਤੂੰ ਮੈਥੋਂ ਉਹਨਾਂ ਹੀ ਦੂਰ ਜਾਂਦਾ ਹੈਂ। ਆਈ ਲਵ ਯੂ। ਆਈ ਅਡੋਰ ਯੂ। ਆਈ ਕੇਅਰ ਅਬਾਊਟ ਯੂ।"
"ਆਈ ਡੌਂਟ ਕੇਅਰ। ਮਰ-ਖੱਪ ਜੋ ਮਰਜ਼ੀ ਕਰ। ਮੇਰਾ ਤੇਰੇ ਨਾਲ ਕੋਈ ਲੈਣਾ-ਦੇਣਾ ਨਹੀਂ। - ਯੱਸਟ ਗੋ ਟੂ ਹੈੱਲ।" ਪ੍ਰਿਤਪਾਲ ਝਟਕਾ ਮਾਰ ਕੇ ਕਲਵਿੰਦਰ ਦੇ ਹੱਥੋਂ ਆਪਣੀ ਜਾਕਟ ਛੁਡਾ ਕੇ ਚਲਾ ਗਿਆ ਸੀ। ਅਸਲ ਵਿੱਚ ਤਾਂ ਪ੍ਰਿਤਪਾਲ ਦਾ ਕਲਵਿੰਦਰ ਤੋਂ ਮਨ ਅੱਕ ਗਿਆ ਸੀ। ਕੋਈ ਚੀਜ਼ ਰੋਜ਼ ਹੀ ਵਰਤੀ ਜਾਈਏ ਤਾਂ ਬੰਦੇ ਦਾ ਉਸ ਤੋਂ ਜੀਅ ਭਰ ਜਾਂਦਾ ਹੈ। ਪ੍ਰਿਤਪਾਲ ਉਸ ਤੋਂ ਖਹਿੜਾ ਛੁਡਾਉਣ ਨੂੰ ਫਿਰਦਾ ਸੀ।
ਇਹ ਕਲਵਿੰਦਰ ਲਈ ਹੱਦ ਤੋਂ ਵੱਧ ਹੋ ਗਿਆ ਸੀ। ਇੱਕ ਵਾਰ ਟੁੱਟਿਆ ਹੋਇਆ ਰਿਸ਼ਤਾ ਕਦੇ ਨਹੀਂ ਜੁੜਦਾ। ਜੇ ਖਿੱੱਚ ਧੂਹ ਕਰਕੇ ਜੋੜਨ ਦੀ, ਗੰਢ-ਤੁਪ ਕਰਨ ਦੀ ਕੋਸ਼ਿਸ਼ ਵੀ ਕਰਿਏ ਤਾਂ ਵੀ ਉਹ ਗੱਲ ਨਹੀ ਬਣਦੀ। ਮੁਰੰਮਤ ਕਰੀ ਹੋਈ ਹਰ ਚੀਜ਼ ਵਿੱਚ ਬੱਜ ਪਿਆ ਰਹਿੰਦਾ। ਦੁਬਾਰੇ ਕਿਸੇ ਵੇਲੇ ਵੀ ਟੁੱਟ ਜਾਣ ਦਾ ਧੜਕਾ ਬਣਿਆ ਰਹਿੰਦਾ ਹੈ। ਉਸ ਤੋਂ ਬਾਅਦ ਕਲਵਿੰਦਰ ਨੇ ਭੁੱਲ ਕੇ ਵੀ ਪ੍ਰਿਤਪਾਲ ਵੱਲ ਨਹੀਂ ਸੀ ਦੇਖਿਆ। ਦਿਨ ਬੀਤਣ ਨਾਲ ਉਹਨਾਂ ਵਿਚਲਾ ਪਾੜਾ ਵੱਧਦਾ ਗਿਆ ਸੀ ਤੇ ਉਹ ਇੱਕ ਦੂਜੇ ਤੋਂ ਦੂਰ ਦੂਰ ਹੁੰਦੇ ਗਏ ਸਨ।
ਕੁੱਝ ਸਮਾਂ ਤਾਂ ਪ੍ਰਿਤਪਾਲ ਨੂੰ ਭੁਲਾਉਣ ਨੂੰ ਲੱਗਣਾ ਹੀ ਸੀ। ਓਨੇ ਦਿਨ ਕਲਵਿੰਦਰ ਕੰਜਰੀ ਦੀ ਸੇਜ 'ਤੇ ਮਿੱਧੇ ਪਏ ਫੁੱਲਾਂ ਵਰਗਾ ਜੀਵਨ ਬਤੀਤ ਕਰਦੀ ਰਹੀ ਸੀ। ਪ੍ਰਿਤਪਾਲ ਦੀਆਂ ਯਾਦਾਂ ਦੇ ਖੰਡਰਾਂ ਵਿੱਚੋਂ ਨਿਕਲ ਕੇ, ਔਖੀ-ਸੌਖੀ ਉਹ ਕਾਲਜ ਦੇ ਕੋਰਸ ਮੁਕੰਮਲ ਕਰਕੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਈ ਸੀ। ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕੀਤੇ ਹੋਣ ਕਰਕੇ, ਉਹ ਆਪਣੀ ਜ਼ਿੰਦਗੀ ਸੁਆਰਨ ਦਾ ਫੈਸਲਾ ਕਰਕੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਈ ਸੀ।
ਯੂਨੀਵਰਸਿਟੀ ਆ ਕੇ ਹੀ ਕਲਵਿੰਦਰ ਨੂੰ ਇਲਮ ਹੋਇਆ ਸੀ ਕਿ ਦੁਨੀਆਂ ਵਿੱਚ ਪ੍ਰਿਤਪਾਲ ਦੇ ਸਿਵਾਏ ਹੋਰ ਵੀ ਵਧੀਆ ਮੁੰਡੇ ਹਨ। ਉਹਦੀ ਕਈ ਨਵੇਂ ਮੁੰਡਿਆਂ ਨਾਲ ਵਾਕਫ਼ੀ ਹੋ ਗਈ ਸੀ। ਪਰ ਇਸ਼ਕ ਨਹੀਂ! ਇਸ਼ਕ ਲਈ ਤਾਂ ਕਲਵਿੰਦਰ ਨੂੰ ਕਿਸੇ ਐਸੇ ਜਵਾਨ ਦੀ ਤਲਾਸ਼ ਸੀ, ਜਿਹੜਾ ਹਰ ਗੱਲ ਵਿੱਚ ਪ੍ਰਿਤਪਾਲ ਨੂੰ ਵੀ ਮਾਤ ਪਾਉਂਦਾ ਹੋਵੇ। ਅਜਿਹਾ ਤਾਂ ਸਾਰੀ ਕੌਵੈਂਟਰੀ ਯੂਨੀਵਰਸਿਟੀ ਵਿੱਚ ਖੁਸ਼ਦੇਵ ਤੋਂ ਸਿਵਾਏ ਕੋਈ ਹੋਰ ਹੈ ਹੀ ਨਹੀਂ ਸੀ।
ਖੁਸ਼ਦੇਵ ਨੂੰ ਕਲਵਿੰਦਰ ਨੇ ਆਪਣੀਆਂ ਅਦਾਵਾਂ ਨਾਲ ਭਰਮਾ ਲਿਆ ਸੀ। ਪਰ ਪਿਆਰ ਦੀ ਪੇਸ਼ਕਸ਼ ਕਰਨ ਦੀ ਗ਼ਲਤੀ ਨਹੀਂ ਸੀ ਕੀਤੀ। ਚੋਗਾ ਖਿਲਰਿਆ ਦੇਖ ਕੇ ਪੰਛੀ ਨੂੰ ਜਾਲ ਥੋੜਾ ਦਿਸਦਾ ਹੈ। ਖੁਸ਼ਦੇਵ ਨੇ ਖੁਦ ਇਸ਼ਕ ਦਾ ਇਜ਼ਹਾਰ ਕਰਕੇ ਕਲਵਿੰਦਰ ਨੂੰ ਪੱਟਿਆ ਸੀ। ਗਰਮੀ ਰੁੱਤ ਦੀ ਸਿਖਰ ਦੁਪਿਹਰ ਵਿੱਚ ਆਏ ਪਵਨ ਦੇ ਬੁੱਲੇ ਵਰਗਾ ਖੁਸ਼ਦੇਵ, ਕਲਵਿੰਦਰ ਦੀ ਗ਼ਮਾਂ ਵਿੱਚ ਝੁਲਸੀ ਹੋਈ ਰੂਹ ਨੂੰ ਸਕੂਨ ਬਖਸ਼ਣ ਲੱਗ ਪਿਆ ਸੀ। ਖੁਸ਼ਦੇਵ ਨੇ ਪ੍ਰਿਤਪਾਲ ਦੀ ਕਮੀ ਪੂਰੀ ਕਰ ਦਿੱਤੀ ਸੀ। ਜੋ ਗੁਣ ਪ੍ਰਿਤਪਾਲ ਵਿੱਚ ਵੀ ਨਹੀਂ ਸਨ। ਉਹ ਵੀ ਖੁਸ਼ਦੇਵ ਵਿੱਚ ਮੌਜੂਦ ਸਨ। ਉਹਨਾਂ ਦੀ ਪ੍ਰੀਤ ਨਿਸਦਿਨ ਵਧਦੀ ਗਈ ਸੀ। ਉਹ ਆਪਸ ਵਿੱਚ ਖੁਲ੍ਹਦੇ ਚਲੇ ਗਏ ਸਨ।
ਥੋੜੇ ਦਿਨਾਂ ਵਿੱਚ ਕਲਵਿੰਦਰ ਨੂੰ ਯਕੀਨ ਹੋ ਗਿਆ ਸੀ ਕਿ ਖੁਸ਼ਦੇਵ ਵਿਆਹ ਲਈ ਸੌ ਪ੍ਰਤੀਸ਼ਤ ਸਹੀ ਵਿਅਕਤੀ ਸੀ। ਉਹ ਦਿਨ ਰਾਤ ਤੋਤੇ ਵਾਂਗੂੰ ਖੁਸ਼ਦੇਵ - ਖੁਸ਼ਦੇਵ ਰੱਟਦੀ ਰਹਿੰਦੀ ਸੀ। ਖੁਸ਼ਦੇਵ ਉਹਨੂੰ ਕਿੰਦਰ - ਕਿੰਦਰ ਕਰਦਾ ਨਹੀਂ ਸੀ ਥੱਕਦਾ। ਉਹ ਕਾਰ ਵਿੱਚ ਰੋਜ਼ ਆਪਣੇ ਨਾਲ ਖੁਸ਼ਦੇਵ ਨੂੰ ਸਵੇਰੇ ਯੂਨੀਵਰਸਿਟੀ ਲੈ ਕੇ ਜਾਂਦੀ ਸੀ ਤੇ ਸ਼ਾਮ ਨੂੰ ਉਹਨੂੰ ਪਹਿਲਾਂ ਉਹਦੇ ਘਰ ਛੱਡ ਕੇ ਫਿਰ ਆਪਣੇ ਘਰ ਮੁੜਦੀ ਸੀ। ਕਲਵਿੰਦਰ ਨੇ ਕੋਈ ਕਿਤਾਬ ਪੜ੍ਹਨੀ ਹੁੰਦੀ ਸੀ ਤਾਂ ਪਹਿਲਾਂ ਉਹ ਖੁਸ਼ਦੇਵ ਦੀ ਸਲਾਹ ਲੈਂਦੀ ਸੀ, "ਕੋਈ ਪੁਸ਼ਾਕ ਖਰੀਦਣੀ ਹੁੰਦੀ ਸੀ, ਤਾਂ ਉਹਨੂੰ ਪੁੱਛਦੀ ਹੁੰਦੀ ਸੀ। ਖੁਸ਼ਦੇਵ ਮੈਂ ਇਹ ਡਰੈੱਸ ਲੈ ਲਵਾਂ? ਸੋਹਣੀ ਲੱਗੂ ਮੇਰੇ ਪਾਈ ਹੋਈ?"
"ਮੇਰੀ ਜਾਨ ਤੂੰ ਤਾਂ ਕੁੱਝ ਨਾ ਵੀ ਪਾਵੇ, ਤਾਂ ਵੀ ਬਹੁਤ ਸੋਹਣੀ ਲੱਗੇਂ।"
ਅਜਿਹੇ ਮਜ਼ਾਕਾਂ ਕਾਰਨ ਕਲਵਿੰਦਰ ਉਸ ਨਾਲ ਖਿੱਝ ਜਾਂਦੀ ਸੀ। ਪਰ ਖੁਸ਼ਦੇਵ ਪ੍ਰਿਤਪਾਲ ਵਾਂਗੂੰ ਅੜੀ-ਖੋਰ ਨਹੀਂ ਸੀ। ਉਹ ਜਲਦੀ ਹੀ ਮਿੰਨਤਾਂ ਤਰਲਾ ਕਰਕੇ ਕਲਵਿੰਦਰ ਨੂੰ ਮਨਾ ਲੈਂਦਾ ਸੀ। ਖੁਸ਼ਦੇਵ ਵੀ ਹਰ ਗੱਲ ਵਿੱਚ ਕਲਵਿੰਦਰ ਦਾ ਮਸ਼ਵਰਾ ਲੈਂਦਾ ਸੀ। ਭਾਵੇਂ ਕੋਈ ਟੇਪ ਜਾਂ ਸੀਡੀ ਹੀ ਖਰੀਦਣੀ ਹੁੰਦੀ ਸੀ ਤਾਂ ਵੀ ਉਹ ਕਲਵਿੰਦਰ ਨੂੰ ਦਿਖਾ ਕੇ ਉਹਦੀ ਹਾਮੀ ਭਰਾਉਣ ਮਗਰੋਂ ਹੀ ਉਸ ਚੀਜ਼ ਉੱਤੇ ਧਨ ਖਰਚਦਾ ਸੀ।
ਇੰਝ ਸਲਾਹ, ਮਸ਼ਵਰਾ, ਆਪਸ ਵਿੱਚ ਰਾਏ ਕਰਕੇ ਸਾਰੇ ਔਰਤਾਂ-ਮਰਦ ਕੰਮ ਕਰਨ ਤਾਂ ਦੁਨੀਆਂ ਵਿੱਚ ਕਿਸੇ ਦਾ ਵੀ ਤਲਾਕ ਨਾ ਹੋਵੇ। ਤੀਵੀਂ-ਆਦਮੀ ਵਿੱਚ ਇਸ ਤਰ੍ਹਾਂ ਆਪਸੀ ਤਾਲਮੇਲ ਹੋਵੇ ਤਾਂ ਹਰ ਵਿਆਹ ਸਫਲ ਹੋਵੇ। ਖੁਸ਼ਦੇਵ ਉੱਤੇ ਮਿਹਰਬਾਨ ਹੋਈ ਉਹ ਇੱਕਲੀ ਬਹਿ ਕੇ ਜ਼ਿਆਦਾਤਰ ਅਜਿਹਾ ਕੁੱਝ ਸੋਚਦੀ ਹੁੰਦੀ ਸੀ।
ਖੁਸ਼ਦੇਵ ਨੂੰ ਕਾਰ ਚਲਾਉਣੀ ਨਹੀਂ ਸੀ ਆਉਂਦੀ। ਕਲਵਿੰਦਰ ਵਿਹਲੇ ਵਕਤ ਉਹਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਕਿਸੇ ਵੱਡੀ ਕਾਰ ਪਾਰਕ ਵਿੱਚ ਜਾਂ ਸੁੰਨੀਆਂ ਸੜਕਾਂ 'ਤੇ ਲੈ ਜਾਇਆ ਕਰਦੀ ਸੀ ਤੇ ਕਈ-ਕਈ ਘੰਟੇ ਡਰਾਇਵਿੰਗ ਸਿਖਾਉਂਦੀ ਰਹਿੰਦੀ ਸੀ। ਕਲਵਿੰਦਰ ਦੀ ਬਦੌਲਤ ਖੁਸ਼ਦੇਵ ਨੇ ਪਹਿਲਾ ਟੈੱਸਟ ਹੀ ਪਾਸ ਕਰ ਲਿਆ ਸੀ। ਲਾਇੰਸੈਸ ਪ੍ਰਾਪਤ ਕਰਨ ਮਗਰੋਂ ਖੁਸ਼ਦੇਵ ਨੇ ਕਾਰ ਖਰੀਦਣੀ ਸੀ। ਉਹਨੂੰ ਆਪ ਨੂੰ ਗੱਡੀ ਦੀ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਉਹ ਕਲਵਿੰਦਰ ਨੂੰ ਵੀ ਨਾਲ ਲੈ ਗਿਆ ਸੀ। ਪਹਿਲਾਂ ਉਹਨਾਂ ਨੇ ਸ਼ੋਅਰੂਮ ਵਿੱਚ ਖੜ੍ਹੀਆਂ ਹਜ਼ਾਰਾਂ ਗੱਡੀਆਂ ਵਿੱਚੋਂ ਮੇਕ ਅਤੇ ਮਾਡਲ ਪਸੰਦ ਕੀਤਾ ਸੀ। ਫਿਰ ਗੱਡੀ ਦੀਆਂ ਬਾਕੀ ਖੂਬੀਆਂ ਖਾਮੀਆਂ ਨੂੰ ਵਿਚਾਰਿਆ ਸੀ ਤੇ ਅੰਤ ਵਿੱਚ ਦੋਨਾਂ ਨੇ ਇੱਕ ਗੱਡੀ ਚੁਣ ਲਈ ਸੀ। ਖੁਸ਼ਦੇਵ ਨੇ ਬਾ-ਖੁਸ਼ੀ ਟੈਸਟ ਡਰਾਇਵ ਕਰਨ ਦਾ ਮਾਣ ਕਲਵਿੰਦਰ ਨੂੰ ਬਖਸ਼ਿਆ ਸੀ। ਪੂਰੇ ਪੰਦਰਾਂ ਮਿੰਟ ਕਾਰ ਚਲਾਉਣ ਪਿੱਛੋਂ ਕਲਵਿੰਦਰ ਨੇ ਸੰਤੁਸ਼ਟ ਹੋ ਕੇ ਸਹਿਮਤੀ ਦਿੱਤੀ ਸੀ ਤੇ ਉਹਨਾਂ ਨੇ ਉਸੇ ਵਕਤ ਗੱਡੀ ਖਰੀਦ ਲਈ ਸੀ।
"ਕਿੰਦਰ ਗੱਡੀ ਕਿੰਨੀ ਸਮੂਥ ਚੱਲਦੀ ਹੈ। - ਕਿੰਦਰ ਗੱਡੀ ਇੰਜਣ ਨੂੰ ਸੁਣ ਬਿਲਕੁਲ ਵੀ ਆਵਾਜ਼ ਨਹੀਂ ਕਰਦਾ।" ਕਾਰ ਘਰ ਨੂੰ ਲਿਉਂਦਾ ਹੋਇਆ ਖੁਸ਼ਦੇਵ ਬਾਗੋ-ਬਾਗ ਹੋਇਆ ਪਿਆ ਸੀ।
ਯਾਤਰੀ ਸੀਟ 'ਤੇ ਬੈਠੀ ਕਲਵਿੰਦਰ ਨੇ ਵੀ ਉਹਦੀ ਹਾਂ ਵਿੱਚ ਹਾਂ ਮਿਲਾਈ ਸੀ, "ਹਾਂ ਰੰਗ ਵੀ ਕਿੰਨਾ ਪਿਆਰਾ ਹੈ ਤੇ ਸੀਟਾਂ ਵੀ ਕਿੰਨੀਆਂ ਸਾਫ਼-ਸੁਥਰੀਆਂ ਨੇ।"
"ਸੀਟਾਂ ਸਾਫ਼ ਨੇ ਤਾਂ ਲਬੇੜ ਦਈਏ ਫੇਰ?"
ਖੁਸ਼ਦੇਵ ਨੇ ਗੱਲ ਚੱਬ ਕੇ ਕਰੀ ਹੋਣ ਕਰਕੇ ਪਹਿਲਾਂ ਤਾਂ ਕਲਵਿੰਦਰ ਨੂੰ ਅਰਥਾਂ ਦੀ ਸਮਝ ਨਹੀਂ ਲੱਗੀ ਸੀ ਤੇ ਉਹ ਐਵੇਂ ਹੀ ਖਿੜਖਿੜ ਹੱਸਦੀ ਰਹੀ ਸੀ। ਜਦੋਂ ਥੋੜੀ ਦੇਰ ਬਾਅਦ ਖੁਸ਼ਦੇਵ ਨੇ ਇੱਕ ਸੁੰਨੀ ਜਿਹੀ ਜਗ੍ਹਾ ਜਾ ਕੇ ਕਾਰ ਖੜ੍ਹੀ ਕਰੀ ਸੀ ਤਾਂ ਉਸ ਨੂੰ ਇੱਕਦਮ ਸਾਰੇ ਮਤਲਬ ਸਮਝ ਆ ਗਏ ਸਨ। ਉਹ ਕਾਰ ਵਿੱਚ ਬੇਖੌਫ਼ ਬੈਠੀ ਬੈਠੀ ਸਹਿਮ ਗਈ ਸੀ। ਖੁਸ਼ਦੇਵ ਨੇ ਉਹਦੀ ਸੀਟ ਦੀ ਢੋਹ ਮਗਰ ਨੂੰ ਵਿਛਾਉਣ ਲੱਗ ਗਿਆ ਸੀ।
"ਇਹ ਕੀ ਕਰ ਰਿਹਾ ਹੈਂ?" ਕਲਵਿੰਦਰ ਘਬਰਾ ਗਈ ਸੀ।
ਕੋਈ ਜੁਆਬ ਦੇਣ ਦੀ ਬਜਾਏ ਖੁਸ਼ਦੇਵ ਉਹਨੂੰ ਲੰਮੀ ਪਾ ਕੇ ਉਹਦੇ ਨਾਲ ਜ਼ੋਰ-ਜ਼ਬਰਦਸਤੀ ਕਰਨ ਲੱਗ ਪਿਆ ਸੀ। ਪਰ ਕੋਈ ਫ਼ਾਇਦਾ ਨਹੀਂ ਸੀ ਹੋਇਆ। ਕਲਵਿੰਦਰ ਨੇ ਉਹਦਾ ਹਮਲਾ ਨਾਕਾਮ ਕਰਦਿਆਂ ਉਹਨੂੰ ਝਿੜਕ ਦਿੱਤਾ ਸੀ, "ਹੱਟ ਜਾ, ਨਹੀਂ ਮੈਂ ਰੌਲਾ ਪਾ ਕੇ ਜੱਗ ਕੱਠਾ ਕਰ ਲੂੰ।"
ਖੁਸ਼ਦੇਵ ਵੀ ਅਜਿਹੇ ਕੰਮਾਂ ਦਾ ਭੇਤੀ ਸੀ। ਉਹ ਸਮਝ ਗਿਆ ਸੀ ਕਿ ਇਹ ਮੱਛੀ ਐਨੀ ਸੌਖੀ ਕਾਂਟੇ ਵਿੱਚ ਫਸਣ ਵਾਲੀ ਨਹੀਂ ਸੀ। ਥੋੜੀ ਹੋਰ ਮਿਹਨਤ ਦੀ ਲੋੜ ਸੀ। ਮੌਕਾ ਸਾਂਭਣ ਲਈ ਖੁਸ਼ਦੇਵ ਨੇ ਆਪਣੀ ਗ਼ਲਤੀ ਦੀ ਮਾਫ਼ੀ ਮੰਗ ਲਈ ਸੀ ਤੇ ਕਲਵਿੰਦਰ ਨੇ ਉਸ ਨੂੰ ਮਾਫ਼ ਵੀ ਕਰ ਦਿੱਤਾ ਸੀ। ਉਸ ਦਿਨ ਖੁਸ਼ਦੇਵ ਉਹਨੂੰ ਛੱਡ ਆਇਆ ਸੀ।
ਕਲਵਿੰਦਰ ਉਹਨੂੰ ਪਹਿਲਾਂ ਦੀ ਤਰ੍ਹਾਂ ਹੀ ਚਾਹੁੰਦੀ ਰਹੀ ਸੀ। ਇਸ ਖ਼ਤਾ ਨਾਲ ਉਹਨਾਂ ਦੇ ਰਿਸ਼ਤੇ ਤੇ ਕੋਈ ਬੁਰਾ ਅਸਰ ਨਹੀਂ ਸੀ ਪਿਆ। ਫਿਰ ਵੀ ਖੁਸ਼ਦੇਵ ਆਪਣੇ ਤੋਂ ਹੋਈ ਗ਼ਲਤੀ ਤੇ ਪਸ਼ੇਮਾਨੀ ਜ਼ਾਹਰ ਕਰਦਾ ਹੋਇਆ ਉਹਦੇ ਤੋਂ ਰੋਜ਼ ਮਾਫ਼ੀਆਂ ਮੰਗਣ ਲੱਗ ਜਾਂਦਾ ਹੁੰਦਾ ਸੀ।
"ਮੈਨੂੰ ਹੀਟ ਔਫ ਦਾ ਮੋਮੈਂਟ ਵਿੱਚ ਪਤਾ ਹੀ ਨਹੀਂ ਸੀ ਚੱਲਿਆ, ਮੈਂ ਕੀ ਕਰ ਰਿਹਾ ਸਾਂ। ਆਈ ਐਮ ਵੈਰੀ ਵੈਰੀ ਸੌਰੀ - ਬਹੁਤ ਸ਼ਰਮਿੰਦਾ ਹਾਂ। ਤੂੰ ਮੈਨੂੰ ਮਾਫ ਕਰ ਦੇ।"
"ਨੈਵਰ ਮਾਈਂਡ ਸਨਮ, ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਮੇਰੇ ਦਿਲ ਵਿੱਚ ਕੁੱਝ ਵੀ ਨਹੀਂ। ਮੈਂ ਤਾਂ ਤੈਨੂੰ ਉਦਣ ਹੀ ਮਾਫ਼ ਕਰ ਦਿੱਤਾ ਸੀ।"
ਕਹਿਣ ਨੂੰ ਤਾਂ ਖੁਸ਼ਦੇਵ ਕੁੱਝ ਵੀ ਕਹਿ ਦਿੰਦਾ ਹੁੰਦਾ ਸੀ। ਪਰ ਉਸ ਤੋਂ ਬਾਅਦ ਤਨਹਾਈ ਵਿੱਚ ਉਹ ਕਲਵਿੰਦਰ ਦੇ ਜਿਸਮ ਦੇ ਜਿੰਨਾ ਨੇੜੇ ਤੋਂ ਨੇੜੇ ਹੋ ਸਕਦਾ ਸੀ, ਹੋਣ ਦੀ ਪੂਰੀ ਕੋਸ਼ਿਸ ਕਰਦਾ ਰਹਿੰਦਾ ਸੀ। ਜੇ ਉਹ ਖੁਸ਼ਦੇਵ ਨੂੰ ਦਰਮਿਆਨ ਦੂਰੀ ਰੱਖਣ ਲਈ ਯਾਦ ਕਰਵਾਉਂਦੀ ਤਾਂ ਅੱਗੋਂ ਉਹ ਬਿਚਾਰਾ ਜਿਹਾ ਮੂੰਹ ਬਣਾ ਕੇ ਆਖਦਾ ਹੁੰਦਾ ਸੀ, "ਕਿੰਦਰ ਤੂੰ ਮੈਨੂੰ ਪਿਆਰ ਨ੍ਹੀਂ ਕਰਦੀ?"
"ਪਿਆਰ ਤਾਂ ਮੈਂ ਬਹੁਤ ਕਰਦੀ ਹਾਂ ਪਰ।"
"ਪਰ ਕੀ?"
"ਪਰ ਇਹ ਵਾਲਾ ਪਿਆਰ ਨਹੀਂ, ਦੂਜਾ…।"
"ਪਿਆਰ ਨਾ ਹੋਇਆ ਕੋਈ ਸੌਫਟ ਡਰਿੰਕ ਹੀ ਹੋ ਗਈ। ਜਿਸ ਦੀਆਂ ਅੱਡੋ-ਅੱਡ ਕਿਸਮਾਂ ਹੋਣ।"
"ਹਾਂ ਪਿਆਰ ਦੀਆਂ ਵੀ ਕਿਸਮਾਂ ਹੁੰਦੀਆਂ ਨੇ। ਇੱਕ ਸੱਚਾਂ ਤੇ ਦੂਜਾ ਝੂਠਾ। ਇੱਕ ਇਸ਼ਕ-ਹਕੀਕੀ ਤੇ ਦੂਜਾ ਇਸ਼ਕ-ਮਿਜ਼ਾਜੀ।" ਕਲਵਿੰਦਰ ਨੇ ਉਸ ਨੂੰ ਸਮਝਾਇਆ ਸੀ।
"ਬਸ ਕਰ ਤੂੰ ਤਾਂ ਹਾਈ ਲੈਵਲ ਦੀਆਂ ਹੀ ਛੱਡਣ ਲੱਗ ਗਈ। ਮੈਂ ਤਾਂ ਕਹਿੰਦਾ ਸੀ ਮਾੜਾ ਜਿਹਾ ਸੁਆਦ ਹੀ ਦਿਖਾ ਦੇ। ਲੋਕੀ ਤਾਂ ਦੋ ਪੌਂਡ ਦੇ ਜੂਸ ਵਾਲੇ ਡੱਬੇ ਦਾ ਵੀ ਵੇਚਣ ਤੋਂ ਪਹਿਲਾਂ ਫਰੀ ਸੈਂਪਲ ਦਿਖਾ ਦਿੰਦੇ ਨੇ।"
"ਸਬਰ ਰੱਖ ਵਿਆਹ ਤੋਂ ਬਾਅਦ ਤਾਂ ਮੈਂ ਸਾਰੀ ਦੀ ਸਾਰੀ ਤੇਰੀ ਹੋ ਜਾਊਂ।"
ਖੁਸ਼ਦੇਵ ਸੁਣ ਕੇ ਇੱਕਦਮ ਬੌਖਲਾ ਗਿਆ ਸੀ, "ਵਿਆਹ?... ਕਿਹੜਾ ਵਿਆਹ?... ਕੀਹਦਾ ਵਿਆਹ?"
"ਆਪਣਾ ਵਿਆਹ। ਆਪਣੇ ਦੋਨਾਂ ਦਾ। ਤੇਰਾ ਅਤੇ ਮੇਰਾ। ਕਿਉਂ ਕਰਵਾਏਂਗਾ ਨਹੀਂ ਮੇਰੇ ਨਾਲ ਵਿਆਹ? ਚਾਹੁੰਦਾ ਨਹੀਂ ਤੂੰ ਜ਼ਿੰਦਗੀ ਮੇਰੇ ਨਾਲ ਗੁਜ਼ਾਰਨੀ?"
ਕੱਚਾ ਜਿਹਾ ਹੋ ਕੇ ਖੁਸ਼ਦੇਵ ਬੋਲਿਆ ਸੀ, "ਹਾਂ… ਹਾਂ ਕਿਉਂ ਨਹੀਂ। - ਪਰ ਹਾਨਣੇ ਤੈਨੂੰ ਤਾਂ ਪਤੈ, ਚਲਾ ਕੇ ਦੇਖੇ ਬਿਨਾਂ ਤਾਂ ਮੈਂ ਕਾਰ ਨਹੀਂ ਖਰੀਦਦਾ। ਫੇਰ ਜਨਾਨੀ ਕਿਵੇਂ…?"
ਕਲਵਿੰਦਰ ਦੀਆਂ ਅੱਖਾਂ ਵਿੱਚ ਦਹਿਕਦੇ ਸ਼ੋਅਲੇ ਹੋਰ ਭੱਖ ਗਏ ਸਨ, "ਫਰਜ ਕਰ ਲੈ ਜੇ ਮੈਂ ਤੈਨੂੰ ਟੈੱਸਟ-ਡਰਾਇਵ ਬਾਅਦ ਨਾ ਪਸੰਦ ਹੋਈ। ਕੀ ਸੁਆਦ ਚੱਖਣ ਬਾਅਦ ਤੂੰ ਮੇਰੇ ਨਾਲ ਸ਼ਾਦੀ ਦਾ ਵਿਚਾਰ ਰੱਦ ਕਰ ਦੇਵੇਂਗਾ।"
"ਨਹੀਂ ਕਦੇ ਵੀ ਨਹੀਂ। ਇਹ ਮੈਂ ਕਦੋ ਕਿਹਾ ਹੈ?" ਖੁਸ਼ਦੇਵ ਨੇ ਬੜੀ ਦ੍ਰਿੜਤਾ ਨਾਲ ਉੱਤਰ ਦਿੱਤਾ ਸੀ।
"ਫੇਰ ਪਹਿਲਾਂ ਸਾਮਪਲ ਕਿਉਂ ਮੰਗਦੈਂ? ਵਿਆਹ ਕਰਵਾ ਲੈ, ਭਾਵੇਂ ਘੁੱਟਾਂ-ਬਾਟੀ ਪੀਵੀਂ।"
ਕਲਵਿੰਦਰ ਦੇ ਜੁਆਬ ਨਾਲ ਖੁਸ਼ਦੇਵ ਓਦਣ ਵੀ ਟਲ ਗਿਆ ਸੀ। ਉਸ ਤੋਂ ਬਾਅਦ ਕਾਫ਼ੀ ਅਰਸੇ ਤੱਕ ਤਾਂ ਉਹ ਪਰਸਪਰ ਯਤਨ ਕਰਦਾ ਰਿਹਾ ਸੀ। ਪਰ ਕਲਵਿੰਦਰ ਨੇ ਬਿਲਕੁਲ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਹੈ। ਉਹਦੇ ਤਾਂ ਪਹਿਲਾਂ ਹੀ ਪ੍ਰਿਤਪਾਲ ਨੇ ਕੰਨਾਂ ਨੂੰ ਹੱਥ ਲੁਆ ਦਿੱਤੇ ਸਨ। ਇੱਕ ਵਾਰ ਠੋਕਰ ਖਾ ਕੇ ਬੰਦਾ ਸਮਝ ਜਾਂਦਾ ਹੈ। ਇਸ ਲਈ ਕਲਵਿੰਦਰ ਨੇ ਖੁਸ਼ਦੇਵ ਨਾਲ ਐਕਚੁਅਲ ਸੈਕਸ ਤਾਂ ਕੀ, ਉਹਦੇ ਨਾਲ ਕਦੇ ਓਰਲ ਸੈਕਸ ਵੀ ਨਹੀਂ ਸੀ ਕੀਤਾ।
ਜਦ ਖੁਸ਼ਦੇਵ ਦਾ ਹਰ ਤਰੀਕਾ ਫੇਲ ਹੋ ਗਿਆ ਸੀ। ਕਲਵਿੰਦਰ ਉਸ ਦੇ ਹੱਥ ਨਹੀਂ ਆਈ ਸੀ ਤਾਂ ਉਹ ਮਾਯੂਸ ਹੋ ਗਿਆ ਸੀ। ਉਹਨੇ ਟੱਕਰਾਂ ਮਾਰਨੀਆਂ ਛੱਡ ਦਿੱਤੀਆਂ ਸਨ ਤੇ ਕਲਵਿੰਦਰ ਨੂੰ ਕੁੱਝ ਅਵੌਇਡ (ਨਜ਼ਰਅੰਦਾਜ਼) ਕਰਨ ਲੱਗ ਪਿਆ ਸੀ। ਕਲਵਿੰਦਰ ਐਨੀ ਨਾਦਾਨ ਨਹੀਂ ਸੀ ਜੋ ਖੁਸ਼ਦੇਵ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਜਾਣ ਨਾ ਸਕਦੀ। ਉਹ ਭਲੀਭਾਂਤ ਜਾਣਦੀ ਸੀ ਕਿ ਖੁਸ਼ਦੇਵ ਉਸ ਨੂੰ ਕਿਉਂ ਨਜ਼ਰਅੰਦਾਜ਼ ਕਰਦਾ ਸੀ। ਉਹ ਚੁੱਪ-ਚਾਪ ਖੁਸ਼ਦੇਵ ਦੀਆਂ ਹਰਕਤਾਂ ਤੇ ਨਜ਼ਰ ਰੱਖਦੀ ਰਹੀ ਸੀ। ਕਾਠ ਦੀ ਹਾਂਡੀ ਕਿੰਨੇ ਕੁ ਦਿਨ ਚੜ੍ਹਦੀ। ਅਖ਼ੀਰ ਕਦੇ ਨਾ ਕਦੇ ਤਾਂ ਉਹ ਦਿਨ ਆਉਂਣਾ ਹੀ ਸੀ। ਸੋਈ ਆ ਗਿਆ ਸੀ। ਖੁਸ਼ਦੇਵ ਆਪਣੀ ਸਾਰੀ ਸ਼ਕਤੀ ਵਰਤ ਕੇ ਵੀ ਕਲਵਿੰਦਰ ਨਾਲ ਜਿਣਸੀ ਤਅੱਲਕਾਤ ਬਣਾਉਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਉਹ ਕਲਵਿੰਦਰ ਨਾਲ ਲੜ ਪਿਆ ਸੀ।
"ਸਾਲੀ ਆਪਣੇ ਆਪ ਨੂੰ ਮਿਸ ਯੂਨੀਵਰਸ ਹੀ ਸਮਝਦੀ ਆ। - ਤੂੰ ਨਹੀਂ ਤਾਂ ਹੋਰ ਸਹੀ, ਹੋਰ ਨਹੀਂ ਤਾਂ ਹੋਰ ਸਹੀ ਆਈ ਕਾਂਟ ਅਫੋਰਡ ਟੂ ਵੇਸਟ ਐਨੀ ਮੋਰ ਟਾਈਮ ਐਂਡ ਮਨੀ ਔਨ ਯੂ। ਦੇਅਰਜ ਪਲੰਟੀ ਆਫ ਫਿਸ਼ੀਇਜ਼ ਇੰਨ ਦਾ ਸੀਅ।"
ਬਸ ਐਨਾ ਕਹਿ ਕੇ ਖੁਸ਼ਦੇਵ ਤੁਰਦਾ ਬਣਿਆ ਸੀ। ਕਲਵਿੰਦਰ ਨੇ ਗਲ ਵਿੱਚ ਪੱਲੇ ਪਾ ਕੇ , ਪੈਰੀਂ ਡਿੱਗ ਕੇ ਮਨਾਉਣਾ ਤਾਂ ਦੂਰ ਦੀ ਗੱਲ, ਉਹਨੂੰ ਜਾਂਦੇ ਨੂੰ ਰੋਕਣ ਲਈ ਪਿਛਿਉਂ ਆਵਾਜ਼ ਤੱਕ ਨਹੀਂ ਸੀ ਮਾਰੀ। ਯਾਰੀ ਤੋੜ ਕੇ ਜਾਂਦੇ ਹੋਏ ਖੁਸ਼ਦੇਵ ਦੀ ਪਿੱਠ ਵੱਲ ਦੇਖਦਿਆਂ ਕਲਵਿੰਦਰ ਨੂੰ ਕਿਸੇ ਬੁੱਧੀਜੀਵੀ ਦੇ ਅਨਮੋਲ ਵਚਨ ਚੇਤੇ ਆਏ ਸਨ।
"ਵੈੱਨ ਯੂ ਲੱਵ ਸਮਵਨ, ਲੈੱਟ ਦੈੱਮ ਗੋ। ਇਫ ਦੇ ਕੇਮ ਬੈਕ। ਦੇ ਆਰ ਯੂਅਰਸ ਫਾਰਐਵਰ। ਇਫ ਨਾਟ, ਦੇਅ ਵਰ ਨੈਵਰ ਯੂਅਰਸ ਟੂ ਬਿਗਿਨ ਵਿਦ।(ਤੁਸੀਂ ਜਦੋਂ ਕਿਸੇ ਨੂੰ ਪਿਆਰ ਕਰੋਂ ਤਾਂ ਉਸ ਨੂੰ ਆਜ਼ਾਦ ਕਰ ਦਿਉ। ਜੇ ਅਗਲਾ ਤੁਹਾਡੇ ਕੋਲ ਮੁੜ ਆਵੇ ਤਾਂ ਉਹ ਸਦੀਵੀ ਤੌਰ ਤੇ ਤੁਹਾਡਾ ਹੋ ਜਾਊ। ਅਗਰ ਨਾ ਆਵੇ ਤਾਂ ਸਮਝੋ ਉਹ ਮੁਢੋਂ ਕਦੇ ਤੁਹਾਡਾ ਬਣਿਆ ਹੀ ਨਹੀਂ ਸੀ।)" ਕਲਵਿੰਦਰ ਨੇ ਵੀ ਆਪਣੇ ਪਿਆਰੇ ਖੁਸ਼ਦੇਵ ਸੰਗ ਨਿਹੁੰ ਲਾਇਆ ਸੀ। ਹੋਰ ਕੀ ਕਰਦੀ ਉਹ? ਉਹ ਵੀ ਵਾਗਾਂ ਢਿੱਲੀਆਂ ਛੱਡ ਕੇ ਇੰਤਜ਼ਾਰ ਕਰਨ ਲੱਗ ਪਈ ਸੀ।
ਪੁੱਲਾਂ ਹੇਠੋਂ ਵਗੇ ਪਾਣੀ ਵੀ ਕਦੇ ਮੁੜੇ ਨੇ। ਜੋ ਖੁਸ਼ਦੇਵ ਵਾਪਸ ਮੁੜਦਾ। ਉਹ ਕਲਵਿੰਦਰ ਦਾ ਸੀ ਹੀ ਕਦੋਂ? ਉਹਨੂੰ ਤਾ ਸਿਰਫ਼ ਕਲਵਿੰਦਰ ਦਾ ਗੁਦਗੁਦਾ ਜਿਸਮ ਚਾਹੀਦਾ ਹੈ। ਕਿਸੇ ਨੂੰ ਨੇੜੇ ਰੱਖਣ ਲਈ ਤਾਂ ਪਿਆਰ ਦੀ ਕੱਚੀ ਜਿਹੀ ਡੋਰ ਹੀ ਕਾਫ਼ੀ ਹੁੰਦੀ ਹੈ। ਜੇ ਕਿਸੇ ਨੇ ਨਾਲ ਹੀ ਨਹੀਂ ਰਹਿਣਾ ਤਾਂ ਭਾਵੇਂ ਤੁਸੀਂ ਲੱਖ ਰੱਸੇ ਜਾਂ ਕਰੋੜ ਸੰਗਲ ਪਾ ਲਉ ਤਾਂ ਵੀ ਤੁਸੀਂ ਕਿਸੇ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ। ਇਸ ਲਈ ਕਲਵਿੰਦਰ ਨੇ ਵੀ ਖੁਸ਼ਦੇਵ ਨਾਲ ਰਿਸ਼ਤੇ ਨੂੰ ਜੋੜਨ ਦਾ ਕੋਈ ਉਪਰਾਲਾ ਨਹੀਂ ਸੀ ਕੀਤਾ। ਉਹਨੇ ਖੁਸ਼ਦੇਵ ਦੀ ਉਡੀਕ ਛੱਡ ਦਿੱਤੀ ਸੀ।
ਕਲਵਿੰਦਰ ਦੇ ਉਚਾਟ ਮਨ ਨੂੰ ਮਰਦਾਂ ਦੀ ਪੂਰੀ ਕੌਮ ਨਾਲ ਨਫ਼ਰਤ ਹੋ ਗਈ ਸੀ। ਇੱਕ ਮਰਦ ਕਲਵਿੰਦਰ ਨੂੰ ਇਸ ਲਈ ਛੱਡ ਗਿਆ ਸੀ, ਕਿਉਂਕਿ ਕਲਵਿੰਦਰ ਨੇ ਉਹਦੇ ਉੱਤੇ ਇਤਬਾਰ ਕਰਕੇ ਆਪਣੀ ਇੱਜ਼ਤ-ਆਬਰੂ ਉਸ ਦੇ ਹਵਾਲੇ ਕਰ ਦਿੱਤੀ ਸੀ। ਦੂਜਾ ਉਸ ਨੂੰ ਇਸ ਲਈ ਤਿਆਗ ਗਿਆ ਸੀ ਕਿਉਂਕਿ ਉਸ ਨੇ ਉਸ ਉਂਂੱਤੇ ਵਿਸ਼ਵਾਸ਼ ਨਹੀਂ ਸੀ ਕੀਤਾ ਤੇ ਆਪਣੀ ਅਸਮਤ ਉਸ ਨੂੰ ਨਹੀਂ ਸੌਂਪੀ ਸੀ। ਮਰਦ ਸ਼ਰੀਰ ਦੀ ਚਾਹਤ ਤੋਂ ਉੱਪਰ ਉੱਠ ਕੇ ਪਿਆਰ ਕਿਉਂ ਨਹੀਂ ਕਰਦੇ। ਝੂਰਦੀ ਹੋਈ ਕਲਵਿੰਦਰ ਆਪਣੇ ਅੰਦਰੋਂ ਇਸ ਸਵਾਲ ਦੇ ਜੁਆਬ ਦੀ ਜੁਸਤਜੂ ਕਰਨ ਵਿੱਚ ਲੱਗੀ ਰਹਿੰਦੀ ਸੀ। ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਜ਼ਿੰਦਗੀ ਇੱਕਲੀ ਗੁਜ਼ਾਰੇਗੀ। ਉਹ ਮਰਦ ਨਾਮ ਦੀ ਕਿਸੇ ਚੀਜ਼ ਨੂੰ ਮੂੰਹ ਨਹੀਂ ਲਾਉਗੀ। ਕੋਈ ਵਿਰੋਧੀ-ਲਿੰਗ ਦਾ ਹੁਕਮਰਾਨ ਉਸ ਦੇ ਜਿਸਮ ਉੱਤੇ ਰਾਜ ਨਹੀਂ ਕਰ ਸਕੇਗਾ। ਤਨਹਾਈਆਂ ਨਾਲ ਤਾਂ ਉਹ ਲੜ ਕੇ ਜਿੱਤ ਜਾਂਦੀ ਸੀ। ਪਰ ਸ਼ਰੀਰ ਵਿੱਚ ਹੋਣ ਵਾਲੀਆਂ ਹਾਰਮੋਨਜ਼ ਤਬਦੀਲੀਆਂ ਉਸ ਨੂੰ ਬਿਨਾਂ ਲੜਿਆਂ ਹੀ ਕਈ ਵਾਰ ਹਰਾ ਕੇ ਧਾਰਨਾ ਬਦਲਣ ਲਈ ਮਜਬੂਰ ਕਰ ਦਿੰਦੀਆਂ ਸਨ। ਪੰਜੇ ਉਂਗਲਾਂ ਇੱਕੋ ਜਿਹੀਆਂ ਤਾਂ ਨਹੀਂ ਹੁੰਦੀਆਂ। ਆਖ ਕੇ ਉਹ ਕਿਸੇ ਨਾ ਕਿਸੇ ਮਨੁੱਖ ਵੱਲ ਆਪਣੇ ਕਦਮ ਵਧਾਉਣ ਲੱਗਦੀ, ਪਰ ਉਸ ਦਾ ਜ਼ਮੀਰ ਹਰ ਵਾਰ ਉਸ ਦੇ ਪੈਂਰਾ ਨੂੰ ਰੋਕ ਲੈਂਦਾ।
ਇਹਨਾਂ ਹਾਦਸਿਆਂ ਨੂੰ ਭੁੱਲਦਿਆਂ ਭੁੱਲਦਿਆਂ ਕਲਵਿੰਦਰ ਲੋੜੀਂਦੀ ਤਾਲੀਮ ਹਾਸਲ ਕਰਕੇ ਇੱਕ ਵਕੀਲ ਦੇ ਦਫ਼ਤਰ ਵਿੱਚ ਨੌਕਰੀ 'ਤੇ ਲੱਗ ਗਈ ਸੀ। ਭਾਵੇਂ ਨੌਕਰੀ ਕਰਨ ਨਾਲ ਉਹਨੇ ਆਪਣੇ ਆਪ ਨੂੰ ਆਰਥਿਕ ਪੱਖੋਂ ਤਾਂ ਸੁਰੱਖਿਅਤ ਕਰ ਲਿਆ ਸੀ। ਪਰ ਫਿਰ ਵੀ ਉਹ ਮਹਿਫ਼ੂਜ਼ ਮਹਿਸੂਸ ਨਹੀਂ ਸੀ ਕਰਦੀ, ਕਿਉਂਕਿ ਉਸ ਦੀ ਨਿੱਜੀ ਜ਼ਿੰਦਗੀ ਤਾਂ ਟੁੱਟੀ ਖੁੱਦੋਂ ਵਾਂਗ ਲੀਰਾਂ-ਲੀਰਾਂ ਹੋਈ ਪਈ ਸੀ। ਉਹ ਦਿਨੋਂ ਦਿਨ ਖੁਰਦੀ ਜਾ ਰਹੀ ਸੀ।
ਕਲਵਿੰਦਰ ਨੂੰ ਆਪਣਾ ਆਪ ਐਡਿਨਬਰਾ ਦੀ ਪ੍ਰਿੰਸਿਸ ਸਟਰੀਟ ਦੇ ਪੂਰਬੀ ਪਾਸੇ ਵਰਗਾ ਵਿਰਾਨ ਲਗਦਾ।(ਸਕਾਟਲੈਂਡ ਦੀ ਇੱਕੋ ਇੱਕ ਅਜਿਹੀ ਸੜਕ ਹੈ। ਜਿਸ ਦੇ ਪੱਛਮੀ ਪਾਸੇ ਉੱਤੇ ਤਾਂ ਘਰ ਹਨ। ਪਰੰਤੂ ਪੂਰਬੀ ਹਿੱਸੇ ਤੇ ਕੋਈ ਵੀ ਇਮਾਰਤ ਤਾਮੀਰ ਨਹੀਂ ਕੀਤੀ ਗਈ) ਤਕਦੀਰ ਦੇ ਰੰਗ-ਤਮਾਸ਼ੇ ਦੇਖੋ ਭਾਵੇਂ ਕਲਵਿੰਦਰ ਆਪਣੀਆਂ ਸਾਰੀਆਂ ਸਹੇਲੀਆਂ ਨਾਲੋਂ ਸੋਹਣੀ ਹੈ। ਉਸ ਦੀਆਂ ਸਹੇਲੀਆਂ ਤਾਂ ਦੋ ਦੋ ਤਿੰਨ ਤਿੰਨ ਆਸ਼ਿਕ ਰੱਖੀ ਫਿਰਦੀਆਂ ਹਨ ਤੇ ਇੱਕ ਉਹ ਹੈ ਜਿਸ ਦੇ ਕੋਲ ਸੁੱਖ ਨਾਲ ਇੱਕ ਵੀ ਨਹੀਂ ਹੈ।
ਅਤੀਤ ਦੀਆਂ ਯਾਦਾਂ ਦੇ ਨਗੰਦੇ ਪਾਉਣੋਂ ਹਟੀ ਤਾਂ ਕਲਵਿੰਦਰ ਨੇ ਦੇਖਿਆ ਉਹ ਖਾਣਾ ਖਾ ਚੁੱਕੀ ਸੀ ਤੇ ਕੋਕ ਦਾ ਅੱਧਾ ਗਿਲਾਸ ਰਹਿੰਦਾ ਸੀ। ਉਹਨੇ ਜੂਠੀ ਖ਼ਾਲੀ ਪਲੇਟ ਧੱਕ ਕੇ ਮੇਜ਼ ਦੇ ਵਿਚਾਲੇ ਨੂੰ ਕਰ ਦਿੱਤੀ ਤੇ ਕੋਕ ਚੁੱਕ ਕੇ ਇਕੋ ਸਾਹ ਪੀ ਲਿਆ।
ਉਹ ਨੀਲੇ ਸੂਟ ਵਾਲਾ ਮੁੰਡਾ ਅਜੇ ਵੀ ਉੱਥੇ ਬੈਠਾ ਸੀ। ਕਲਵਿੰਦਰ ਦੇ ਦੇਖਦਿਆਂ ਹੀ ਦੇਖਦਿਆਂ ਉਹ ਉੱਠ ਕੇ ਉਹਦੇ ਕੋਲ ਆ ਕੇ ਖੜ੍ਹ ਗਿਆ, "ਚੀਅਰ ਅੱਪ ਇਟ ਮਾਈਟ ਨੈਵਰ ਹੈਪਨ।" ਉਸ ਨੇ ਕਲਵਿੰਦਰ ਦੇ ਮਲਾਲ ਚਿਹਰੇ ਨੂੰ ਦੇਖ ਕੇ ਅੰਗਰੇਜ਼ੀ ਦਾ ਮੁਹਾਵਰਾ ਬੋਲਿਆ।
ਕਲਵਿੰਦਰ ਥੋੜਾ ਜਿਹਾ ਮੁਸਕਰਾਈ। ਉਹ ਅਬੋਲ ਖੜ੍ਹਾ ਕਲਵਿੰਦਰ ਨੂੰ ਨਿਹਾਰਨ ਲੱਗਿਆ।
"ਤੂੰ ਇੱਥੇ ਮੇਰੇ ਕੋਲ ਨਹੀਂ ਖੜ੍ਹ ਸਕਦਾ।" ਕਲਵਿੰਦਰ ਨੇ ਉਹਨੂੰ ਝਿੜਕਿਆ।
"ਕਿਉਂ ਤੇਰੇ ਕੋਲ ਡਬਲ ਯੈਲੋ ਲਾਈਨਾਂ ਲੱਗਿਆ ਨੇ।" (ਇੰਗਲੈਂਡ ਵਿੱਚ ਮਸਰੂਫ ਸਥਾਨਾਂ ਤੇ ਸੜਕ ਦੇ ਕਿਨਾਰੇ ਦੋ ਪੀਲੀਆਂ ਲਕੀਰਾਂ ਵਾਹੀਆਂ ਹੁੰਦੀਆਂ ਹਨ। ਇਸ ਜਗ੍ਹਾ ਗੱਡੀ ਖੜ੍ਹਾਉਣ ਦੀ ਮਨਾਹੀ ਹੁੰਦੀ ਹੈ ਤੇ ਕਾਨੂੰਨ ਤੋੜ ਕੇ ਕਾਰ ਖੜ੍ਹੀ ਕਰਨ ਵਾਲੇ ਨੂੰ ਜ਼ੁਰਮਾਨਾ ਕੀਤਾ ਜਾਂਦਾ ਹੈ)
"ਮੇਰਾ ਮਤਲਬਡੌਂਟ ਗਿਵ ਮੀ ਦੀਜ਼ ਡਰਟੀ ਲੁੱਕਸ।"
"ਲੱਗਦਾ ਹੈ ਤੈਨੂੰ ਨਜ਼ਰ ਪਹਿਚਾਨਣ ਦਾ ਵੱਲ ਨਹੀਂ। ਜਿਸ ਨੂੰ ਤੂੰ ਗੰਦੀ ਨਿਗਾਹ ਕਹਿ ਰਹੀ ਹੈਂ ਅਸਲ ਵਿੱਚ ਤਾਂ ਇਹ ਪਿਆਰੀ ਨਜ਼ਰ ਹੈ। - ਚਲੋ ਜੇ ਖੜ੍ਹ ਨਹੀਂ ਸਕਦਾ ਤਾਂ ਮੈਂ ਤੁਹਾਡੇ ਨਾਲ ਬੈਠ ਜਾਵਾਂ?"
ਉਹ ਬਿਨਾਂ ਇਜਾਜ਼ਤ ਮਿਲਿਆਂ ਹੀ ਕਲਵਿੰਦਰ ਦੇ ਮੇਜ਼ ਉੱਤੇ ਉਸ ਦੇ ਸਾਹਮਣੇ ਬੈਠ ਗਿਆ ਤੇ ਉਸ ਨੂੰ ਮਸਕਾ ਲਾਉਣ ਲੱਗਿਆ, "ਤੁਸੀਂ ਬਹੁਤ ਖੂਬਸੂਰਤ ਹੋ।"
"ਮੈਨੂੰ ਪਤਾ ਮੈਂ ਪਰਸ 'ਚ ਹਰ ਵੇਲੇ ਸ਼ੀਸ਼ਾ ਰੱਖਦੀ ਹਾਂ।" ਕਲਵਿੰਦਰ ਉਹਨੂੰ ਚਾਰੇ ਪੈਰ ਚੁੱਕ ਕੇ ਪਈ।
"ਮੈਂ ਤੁਹਾਨੂੰ ਪਸੰਦ ਕਰਦਾ ਹਾਂ।"
"ਮੈਂ ਕੀ ਕਰਾਂ? ਲੱਡੂ ਵੰਡਾਂ ਫੇਰ?"
ਕਲਵਿੰਦਰ ਦੀ ਹਾਜ਼ਰ ਜੁਆਬੀ ਤੋਂ ਉਹ ਦੰਗ ਰਹਿ ਗਿਆ ਸੀ, "ਬਹੁਤ ਤੀਖੀ ਏ।"
"ਬਚ ਕੇ ਰਹਿ। - ਵੱਢਿਆ ਨਾ ਜਾਈ ਕਿਤੇ।"
"ਲੀਰੋ-ਲੀਰ ਤਾਂ ਹੋਇਆ ਪਿਆਂ। ਹਾਏ! ਕਸਰ ਆ ਅਜੇ।"
ਇਹ ਸੁਣ ਕੇ ਕਲਵਿੰਦਰ ਦਾ ਮਨ ਅੰਦਰੋਂ ਹੱਸਿਆ। ਪਰ ਉਹਨੇ ਖੁਸ਼ੀ ਚਿਹਰੇ ਉੱਪਰ ਨਾ ਲਿਆਂਦੀ।
"ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ।"
"ਅਖੇ ਤੂੰ ਕੌਣ? ਮੈਂ ਖ਼ਾਹਮਖਾਹ। ਮੈਂ ਤਾਂ ਤੈਨੂੰ ਚੱਜ ਨਾਲ ਜਾਣਦੀ ਬੁੱਝਦੀ ਵੀ ਨਹੀਂ।" ਕਲਵਿੰਦਰ ਨੇ ਉਹਨੂੰ ਮਗਰੋਂ ਲਾਹੁਣਾ ਚਾਹਿਆ।
"ਦੋਸਤੀ ਕਰ ਲਉ ਜਾਣ ਜਾਉਗੇ।"
"ਮੈਂ ਉਹੋ ਜਿਹੀ ਕੁੜੀ ਨ੍ਹੀਂ, ਜਿਹੋ ਜਿਹੀ ਤੁਸੀਂ ਸਮਝਦੇ ਹੋ।"
"ਤੁਹਾਨੂੰ ਕੀ ਪਤਾ ਮੈਂ ਤੁਹਾਨੂੰ ਕਿਹੋ ਜਿਹੀ ਸਮਝਦਾਂ। ਮੇਰੇ ਖਿਆਲ ਤੁਸੀਂ ਬਹੁਤ ਚੰਗੇ ਹੋ। ਕੀ ਤੁਸੀਂ ਇਸ ਤਰ੍ਹਾਂ ਦੇ ਨਹੀਂ? ਮੈਂ ਗ਼ਲਤ ਸਮਝਦਾਂ ਤੁਹਾਨੂੰ?"
"ਐਸੀ-ਵੈਸੀ ਨਾ ਜਾਣੀ ਮੈਨੂੰ।" ਕਲਵਿੰਦਰ ਨੇ ਆਵਾਜ਼ ਵਿੱਚ ਗਰਜ ਅਤੇ ਗੁੱਸਾ ਲਿਆਂਦਾ।
"ਮੈਂ ਕਦੋਂ ਕਿਹਾ ਤੁਸੀਂ ਐਸੇ ਵੈਸੇ ਹੋ। ਦਰਅਸਲ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ।"
"ਲੈ ਕਰ ਲਓ ਘਿਉ ਨੂੰ ਭਾਂਡਾ। ਇਹ ਤਾਂ ਮੱਲੋ- ਮੱਲੀ ਗਲ ਪੈਣ ਵਾਲੀ ਗੱਲ ਹੋ ਗਈ। ਮਾਨ, ਨਾ ਮਾਨ ਮੈਂ ਤੇਰਾ ਮਹਿਮਾਨ। ਦੋਸਤੀ ਨਹੀਂ ਤਾਂ ਸਿੱਧਾ ਵਿਆਹ 'ਤੇ ਆ ਜਾ। - ਏਹ ਮਿਸਟਰ ਕੰਨ ਖੋਲ੍ਹ ਕੇ ਸੁਣ ਲੈ - ਸਾਡੀ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਮੁੰਡੇ ਕੁੜੀ ਨੂੰ ਵਿਆਹ ਤੋਂ ਪਹਿਲਾਂ ਯਾਰੀਆਂ ਦੋਸਤੀਆਂ ਦੀ ਛੋਟ ਨਹੀਂ ਦਿੰਦੀ। - ਐਂਡ ਪਰਸਨਲੀ ਆਈ ਬਲੀਵ ਇਨ ਲੱਵ ਆਫਟਰ ਮੈਰਿਜ। - ਮੈਂ ਇੱਕ ਇੱਜ਼ਤਦਾਰ ਖਾਨਦਾਨ ਦੀ ਕੁੜੀ ਆਂ। ਵਿਆਹ ਤਾਂ ਮੈਂ ਉਥੇ ਕਰਵਾਉਂ ਜਿੱਥੇ ਮੇਰੇ ਮੰਮੀ ਡੈਡੀ ਕਹਿਣਗੇ। ਉਹੀ ਮੇਰੇ ਭਵਿੱਖ ਦਾ ਫੈਸਲਾ ਕਰਨਗੇ।"
"ਜੇ ਮੈਂ ਤੁਹਾਡੇ ਪੇਰੈਂਟ ਨੂੰ ਰਜ਼ਾਮੰਦ ਕਰ ਲਵਾਂ ਤਾਂ…?"
"ਤਾਂ ਕੀ? ਉਹਨਾਂ ਨੇ ਮੈਨੂੰ ਜਨਮ ਦਿੱਤਾ ਹੈ। ਪਾਲਿਆ ਹੈ, ਪੋਸਿਆ ਹੈ, ਪੜ੍ਹਾਇਆ ਹੈ, ਲਿਖਾਇਆ ਹੈ। ਇਸ ਕਾਬਲ ਬਣਾਇਆ ਹੈ ਕਿ ਮੈਂ ਆਪਣੇ ਪੈਰਾਂ 'ਤੇ ਆਪ ਖੜ੍ਹ ਸਕਾਂ। ਜਿਸ ਮੁੰਡੇ ਉੱਤੇ ਉਹ ਉਂਗਲੀ ਰੱਖਣਗੇ । ਮੈਂ ਅੱਖਾਂ ਮੀਚ ਕੇ ਉਸੇ ਨੂੰ ਸਵਿਕਾਰ ਕਰ ਲਵਾਂਗੀ।"
"ਵਾਹ ਕਲਵਿੰਦਰ ਵਾਹ, ਜਿੰਨੀ ਤੇਰੀ ਤਾਰੀਫ਼ ਸੁਣੀ ਸੀ, ਤੂੰ ਤਾਂ ਉਸ ਤੋਂ ਵੀ ਵੱਧ ਕੇ ਸਾਊ ਨਿਕਲੀ।"
"ਤੈਨੂੰ ਮੇਰਾ ਨਾਮ ਕਿੱਦਾਂ ਪਤਾ ਚੱਲਿਆ?"
"ਮੈਂ ਤਾਂ ਬਹੁਤ ਕੁੱਝ ਜਾਣਦਾ ਹਾਂ ਤੁਹਾਡੇ ਬਾਰੇ। - ਮੇਰੇ ਫਾਦਰ ਤੇ ਤੁਹਾਡੇ ਡੈਡੀ ਦੋਨੋਂ ਚੰਗੇ ਮਿੱਤਰ ਹਨ। ਤੁਹਾਡੇ ਡੈਡੀ ਨੇ ਮੈਨੂੰ ਪਸੰਦ ਕਰਕੇ ਆਪਣੇ ਦੋਨਾਂ ਦੇ ਰਿਸ਼ਤੇ ਲਈ ਤੁਹਾਡੀ ਤਸਵੀਰ ਸਾਡੇ ਘਰੇ ਭੇਜੀ ਸੀ । ਮੇਰਾ ਨਾਮ ਸਰਬਜੀਤ ਸਿੰਘ ਹੈ। ਮੈਂ ਤੁਹਾਡੇ ਔਫ਼ਿਸ ਦੇ ਸਾਹਮਣੀ ਬਿਲਡਿੰਗ ਵਿੱਚ ਮਿਡਲੈਂਡ ਸੋਲਿਸਟਰਸ ਦੇ ਆਰਟੀਕਲਸ ਕਰ ਰਿਹਾ ਹਾਂ। ਪਿਛਲੇ ਸਾਲ ਹੀ ਮੈਂ ਐਲ ਐਲ ਬੀ ਕੀਤੀ ਹੈ। ਕੁੱਝ ਹੀ ਮਹੀਨਿਆਂ ਤੱਕ ਮੇਰਾ ਕੌਨਟਰੈਕਟ ਮੁੱਕ ਜਾਵੇਗਾ। ਫਿਰ ਮੈਂ ਚੰਗੀ ਜਿਹੀ ਜਗ੍ਹਾ ਆਪਣਾ ਦਫ਼ਤਰ ਬਣਾ ਲਵਾਂਗਾ। - ਇੱਕ ਨਿਹਾਇਤ ਹੀ ਖੂਬਸੂਰਤ ਘਰ ਮੈਂ ਖਰੀਦ ਲਿਆ ਹੈ। ਅਗਰ ਤੁਸੀਂ ਹਾਂ ਕਰ ਦੇਵੋਂ ਤਾਂ ਆਪਾਂ ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਘਰ ਵਸਾ ਲਵਾਂਗੇ। ਫਿਰ ਤੁਹਾਨੂੰ ਕਿਸੇ ਹੋਰ ਦੇ ਮਤਹਿਤ ਕੰਮ ਕਰਨ ਦੀ ਕੋਈ ਲੋੜ ਨਹੀਂ। ਆਪਣਾ ਦਫ਼ਤਰ ਸੰਭਾਲਿਓ। ਦੋਨੇ ਮੀਆਂ ਬੀਵੀ ਦਿਨ ਰਾਤ ਇੱਕਠੇ ਰਿਹਾ ਕਰਾਂਗੇ। ਖੂਬ ਪਿਆਰ ਕਰਿਆ ਕਰਾਂਗੇ। ਬੋਲਦਾ-ਬੋਲਦਾ ਸਰਬਜੀਤ ਰੁਕਿਆ ਤੇ ਕੁੱਝ ਸੋਚ ਕੇ ਬੋਲਣ ਲੱਗਿਆ। ਵੈਸੇ ਮੈਂ ਤੁਹਾਨੂੰ ਪਸੰਦ ਤਾਂ ਹਾਂ ਨਾ?"
"ਮੈਂ ਇਕ ਵਾਰ ਦੱਸਿਐ ਨਾ। ਜੋ ਮੇਰੇ ਮਾਤਾ ਪਿਤਾ ਕਹਿਣਗੇ ਮੈਨੂੰ ਉਹ ਹੀ ਮਨਜ਼ੂਰ ਹੋਵੇਗਾ।"
"ਬਸ ਕਲਵਿੰਦਰ ਜੀ ਮੈਨੂੰ ਸ਼ਰੀਫ਼ ਪਤਨੀ ਚਾਹੀਦੀ ਸੀ। ਇਸ ਲਈ ਪਿਛਲੇ ਹਫ਼ਤੇ ਤੋਂ ਨਿਗਰਾਨੀ ਕਰਕੇ ਮੈਂ ਤੁਹਾਡੇ ਚਾਲ-ਚਲਨ ਦਾ ਇਮਤਿਹਾਨ ਲੈ ਰਿਹਾ ਸੀ। ਜਿਸ ਵਿੱਚੋਂ ਕਿ ਤੁਸੀਂ ਪੂਰੇ ਵਟਾ ਪੂਰੇ ਅੰਕਾਂ ਨਾਲ ਪਾਸ ਹੋ ਗਏ ਹੋ।"
ਏਨਾ ਕਹਿ ਕੇ ਉਸ ਮੁੰਡੇ ਨੇ ਕੈਫ਼ੇ ਵਿੱਚ ਲੱਗੇ ਪੇਅ ਫੋਨ ਤੋਂ ਡਾਇਲ ਕਰਕੇ ਹਿੱਲ ਟਾਪ ਲਈ ਟੈਕਸੀ ਮੰਗਵਾ ਲਈ, ਹਿੱਲਟੌਪ? ਹਿੱਲਟੌਪ ਤਾਂ ਕਲਵਿੰਦਰ ਦੇ ਪਿਤਾ ਦੀ ਦੁਕਾਨ ਹੈ।
"ਮੈਂ ਹੁਣੇ ਹੀ ਤੁਹਾਡੇ ਪਿਤਾ ਜੀ ਨਾਲ ਗੱਲ ਕਰਕੇ ਉਹਨਾਂ ਨੂੰ ਖ਼ੁਸ਼ਖ਼ਬਰੀ ਸੁਣਾਉਂਦਾ ਹਾਂ।"
ਕਲਵਿੰਦਰ ਬਿੱਲ ਦੀ ਅਦਾਇਗੀ ਕਰਨ ਵਿੱਚ ਰੁੱਝ ਗਈ ਤੇ ਉਹ ਚਲਿਆ ਗਿਆ ਸੀ। ਕਲਵਿੰਦਰ ਨੇ ਪਰਸ ਵਿੱਚੋਂ ਕੱਢ ਕੇ ਫੋਟੋ ਦੇਖੀ। ਵਾਕਈ ਇਹ ਫੋਟੋ ਇਸੇ ਮੁੰਡੇ ਦੀ ਹੀ ਸੀ। ਕਲਵਿੰਦਰ ਨੇ ਫੋਟੋ ਚੁੰਮੀ, "ਯੈੱਸ!" ਖੁਸ਼ੀ ਵਿੱਚ ਚੀਕੀ ਅਤੇ ਤਸਵੀਰ ਮੁੜ ਪਰਸ ਵਿੱਚ ਪਾ ਲਈ।
ਕੈਫ਼ੇ ਤੋਂ ਪਰਤਦੀ ਹੋਈ ਕਲਵਿੰਦਰ ਸਿਰ ਤੋਂ ਪੈਰਾਂ ਤੱਕ ਬਦਲ ਚੁੱਕੀ ਸੀ ਤੇ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਇਨਕਲਾਬ ਆ ਗਿਆ ਸੀ। ਸਾਹਮਣੇ ਸੜਕ ਉੱਤੇ ਕੋਈ ਔਰਤ ਆਪਣੇ ਨਿਆਣੇ ਠੂੰ ਖਿਡਾ ਰਹੀ ਸੀ। ਕਲਵਿੰਦਰ ਨੂੰ ਉਹ ਬਲੂਰਾਂ ਵਰਗਾ ਬੱਚਾ ਬੜਾ ਹੀ ਪਿਆਰਾ ਲੱਗਿਆ। ਕਲਵਿੰਦਰ ਬੱਚੇ ਵੱਲ ਦੇਖਦੀ ਹੋਈ ਤੁਰਦੀ ਜਾ ਰਹੀ ਸੀ ਕਿ ਅਚਾਨਕ ਉਹਦੇ ਕਦਮ ਰੁਕ ਗਏ। ਉਹਨੇ ਆਪਣੇ ਪੈਰਾਂ ਵਿੱਚ ਦੇਖਿਆ। ਉਹ ਟੁੱਟੀ ਹੋਈ ਸਲੈਬ ਉਸ ਦੇ ਅੱਗੇ ਸੀ। ਅੜਕ ਕੇ ਡਿੱਗਣ ਦੀ ਬਜਾਏ ਇਸ ਵਾਰ ਉਹ ਟੁੱਟੀ ਹੋਈ ਸਲੈਬ ਤੋਂ ਪਰ੍ਹੇ ਦੀ ਹੋ ਕੇ ਲੰਘਦੀ ਹੋਈ ਸੋਚਣ ਲੱਗੀ। ਮੈਂ ਪਹਿਲੇ ਦੋ ਗ਼ਲਤ ਕਦਮ ਨਾ ਚੱਲੇ ਹੁੰਦੇ ਤਾਂ ਠੁੱਡਾ ਖਾ ਕੇ ਡਿੱਗਣਾ ਨਹੀਂ ਸੀ। ਜੇ ਕਿਤੇ ਪਹਿਲਾਂ ਹੀ ਇਹ ਤੀਸਰਾ ਸਹੀ ਕਦਮ ਚਲਿਆ ਹੁੰਦਾ ਤਾਂ ਅੱਜ ਮੈਂ ਵੀ ਜੀਵਨ ਵਿੱਚ ਕਿੰਨੀ ਹੀ ਅੱਗੇ ਨਿਕਲ ਗਈ ਹੁੰਦੀ। ਅੱਜ ਮੇਰੇ ਹੱਥਾਂ ਵਿੱਚ ਵੀ ਬਾਲ ਦੀ ਪੁਸ਼ ਚੇਅਰ ਦੇ ਮੁੱਠੇ ਹੁੰਦੇ।
ਅਜਿਹਾ ਖ਼ਿਆਲ ਕਰਕੇ ਹੀ ਕਲਵਿੰਦਰ ਦੀ ਚਾਲ ਵਿੱਚ ਫੁਰਤੀ ਤੇ ਚਿਹਰੇ 'ਤੇ ਤਾਜ਼ਗੀ ਆ ਗਈ ਸੀ। ਠੁਮਕ ਠੁਮਕ ਮਿਜ਼ਾਜ ਨਾਲ ਪੱਬ ਧਰਦੀ ਹੋਈ ਉਹ ਆਪਣੇ ਦਫ਼ਤਰ ਵੱਲ ਚੱਲ ਪਈ। ਹੁਣ ਉਸ ਦੀ ਤੋਰ ਵਿੱਚ ਕਹਿਰਾ ਦੀ ਮੜਕ ਸੀ।
****
ਫੌਕਸ ਐਂਡ ਸਨਜ਼ ਸੋਲਿਸਟਰਜ਼ ਕੰਪਨੀ ਦੇ ਦਫ਼ਤਰ ਤੋਂ ਬੈਟੀਸ ਕੈਫ਼ੇ ਨੂੰ ਜਾਣ ਲਈ ਆਮ ਆਦਮੀ ਨੂੰ ਜਿੰਨਾ ਵਕਤ ਲਗਦਾ ਹੈ। ਉਸੇ ਸਫਰ ਨੂੰ ਤੈਅ ਕਰਨ ਵਿੱਚ ਕਲਵਿੰਦਰ ਦੇ ਉਤਸ਼ਾਹ-ਹੀਨ ਕਦਮ ਦੂਗਣਾ ਸਮਾਂ ਖਰਚ ਕਰਨ ਦੇ ਆਦੀ ਹੋ ਗਏ ਹਨ। ਉਹਦੀ ਉਮਰ ਦੀਆਂ ਨਾਰੀਆਂ ਤਾਂ ਤੁਰਦੀਆਂ ਹੋਈਆਂ ਅਰਬੀ ਘੋੜੀਆਂ ਨੂੰ ਪਿਛਾੜ ਦਿੰਦੀਆਂ ਹਨ। ਪਰ ਉਹਦੀ ਕੰਜ ਲਾਹੁਣ ' ਆਏ ਸੱਪ ਵਰਗੀ ਹਿਰਸੀ ਧੀਮੀ ਚਾਲ ਗਵਾਹੀ ਭਰਦੀ ਹੈ ਕਿ ਉਹਦੀਆਂ ਲੱਤਾਂ ਵਿੱਚ ਸ਼ਰੀਰ ਦਾ ਬੋਝ ਚੁੱਕਣ ਲਈ ਤਾਂ ਜਾਨ ਹੀ ਨਹੀਂ ਹੈ। ਜਦੋਂ ਇਨਸਾਨ ਦਾ ਮਨ ਮਰ ਜਾਵੇ ਤਾਂ ਉਹ ਇੱਕ ਚੱਲਦੀ ਫਿਰਦੀ ਲਾਸ਼ ਬਣ ਕੇ ਰਹਿ ਜਾਂਦਾ ਹੈ।
ਅਜਿਹਾ ਜੰਮਾਦਰੂ ਨਹੀਂ ਹੈ। ਕੋਈ ਵੇਲਾ ਸੀ ਜਦੋਂ ਕਲਵਿੰਦਰ ਵੀ ਮੋਰਾਂ ਨੂੰ ਤੁਰਨਾ ਸਿਖਾਉਂਦੀ ਸੀ। ਭਾਂਤ-ਸੁਭਾਂਤੇ ਕੱਪੜੇ ਪਾਇਆ ਕਰਦੀ ਸੀ। ਸੈਕਸ ਬੰਬ ਕਹਾਉਂਦੀ ਸੀ। ਕੱਟੜਾਂ ਨੂੰ ਕਾਫ਼ਰ ਬਣਾ ਦਿੰਦੀ ਸੀ। ਜਿਹੜੀ ਕਦੇ ਸਿਰੇ ਦੀ ਸ਼ੌਕੀਨ ਹੁੰਦੀ ਸੀ, ਹੁਣ ਉਹ ਕੋਈ ਵੀ ਉਚੇਚੀ ਸ਼ੌਕੀਨੀ ਨਹੀਂ ਲਾਉਂਦੀ। ਸਜਣਾ-ਫਬਣਾ ਉਹਨੂੰ ਲਗਭਗ ਵਿਸਰ ਹੀ ਗਿਆ ਹੈ। ਉੱਜਲੇ ਅਤੇ ਇਸਤਰੀ ਕੀਤੇ ਕੱਪੜੇ ਪਾਉਣਾ ਵੀ ਲੀਗਲ ਸੈਕਟਰੀ (ਵਕੀਲ ਦੀ ਸਕੱਤਰ) ਲਈ, ਨੌਕਰੀ ਦੀਆਂ ਸ਼ਰਤਾਂ ਵਿੱਚ ਲਾਜ਼ਮੀ ਹੋਣ ਕਰਕੇ ਹੀ ਕਲਵਿੰਦਰ ਨੇ ਧਾਰਣ ਕਰ ਰੱਖੇ ਹਨ। ਨਹੀਂ ਤਾਂ ਉਹਨੂੰ ਏਨੀ ਸੁਰਤ ਕਿੱਥੇ ਰਹੀ ਹੈ, ਜੋ ਆਪਣੇ ਪ੍ਰਤਿ ਧਿਆਨ ਦੇ ਸਕੇ। ਉਹਦੇ ਚਿਹਰੇ ਉੱਤੇ ਡੈੱਡਲਾਕ ਮਾਰੀ ਬੈਠੀਆਂ ਉਦਾਸੀਆਂ ਨੇ ਉਸ ਨੂੰ ਸ਼ਕਲੋਂ ਬਦਸ਼ਕਲ ਬਣਾਇਆ ਪਿਆ ਹੈ। ਉਸ ਦਾ ਜ਼ਿੰਦਗੀ ਲਈ ਕੋਈ ਚਾਅ ਹੀ ਨਹੀਂ ਰਿਹਾ, ਨਿਰਸ ਜਿਹਾ ਜੀਵਨ ਜੀਅ ਰਹੀ ਹੈ। ਉਹ ਪਹਿਨੇ-ਪਚਰੇ ਵੀ ਤਾਂ ਕਿਹਦੇ ਲਈ?
ਤੇਲ ਨਾਲ ਕੇਸ ਚੋਪੜ ਕੇ ਮਿੱਡੀਆਂ ਗੁੰਦ-ਗੁੰਦ ਡਾਕ-ਬੰਗਲੇ ਤਾਂ ਉਹੀ ਪਾਉਂਦੀਆਂ ਹਨ, ਜਿਹਨਾਂ ਦੇ ਯਾਰ ਕੋਲ ਹੁੰਦੇ ਹਨ। ਜੀਹਨੂੰ ਕੋਈ ਦੇਖਣ ਵਾਲਾ ਹੀ ਨਹੀਂ ਹੁੰਦਾ। ਉਹਨਾਂ ਨੂੰ ਹਾਰ ਸ਼ਿੰਗਾਰ ਦੀ ਸੁੱਧ-ਬੁੱਧ ਕਿੱਥੇ ਰਹਿੰਦੀ ਹੈ। ਮਹਿਰਮ ਬਾਜੋਂ ਤਾਂ ਮੁਟਿਆਰ ਦੇ ਵਾਲ ਖੁੱਲ੍ਹੇ ਤੇ ਪਰਾਂਦੇ ਸੰਦੂਕਾਂ ਵਿੱਚ ਹੀ ਰੁਲਦੇ ਰਹਿੰਦੇ ਹਨ।
ਹੋਰਾਂ ਚੀਜ਼ਾਂ ਵਾਂਗ ਹੁਸਨ ਵੀ ਉਚੇਚੀ ਦੇਖਭਾਲ ਦੀ ਮੰਗ ਕਰਦਾ ਹੈ। ਜੇਕਰ ਰੂਪ ਦੀ ਸਾਂਭ-ਸੰਭਾਲ ਵੱਲੋਂ ਅਣਗਹਿਲੀ ਵਰਤੀਏ ਤਾਂ ਸੁੰਦਰਤਾ ਕਰੂਪਤਾ ਵਿੱਚ ਤਬਦੀਲ ਹੋ ਜਾਂਦੀ ਹੈ। ਦੇਖ-ਰੇਖ ਤੋਂ ਵਾਂਝੇ ਰਹੇ ਕਲਵਿੰਦਰ ਦੇ ਰੁੱਖੇ ਵਾਲ ਰਿਬਨ ਵਿੱਚ ਬੰਨ੍ਹੇ ਹੋਏ ਘੋੜੀ ਦੀ ਪੂਛ ਵਾਂਗ ਜਾਪਦੇ ਹਨ। ਅੱਗੇ ਵਾਲਾਂ ਨੂੰ
ਆਕਰਸ਼ਕ ਬਣਾਉਣ ਲਈ ਕਲਵਿੰਦਰ ਉਹਨਾਂ ਵਿੱਚ ਕੁੰਡਲ ਪਾ ਕੇ ਰੱਖਿਆ ਕਰਦੀ ਸੀ। ਅਗਿਉਂ ਲੱਟਾਂ ਥੋੜੀਆਂ ਥੋੜੀਆਂ ਕੱਟਵਾ ਕੇ ਮੱਥੇ ਉਂਂੱਪਰ ਉਹਨਾਂ ਦੀ ਝਾਲਰ ਜਿਹੀ ਖਿਲਾਰ ਲੈਂਦੀ ਸੀ। ਛੱਲੇਦਾਰ ਵਾਲ ਨਿਰਸੰਦੇਹ ਉਸ ਦੇ ਸੁਹੱਪਣ ਵਿੱਚ ਵਾਧਾ ਕਰਦੇ ਸਨ। ਆਖ਼ਰੀ ਵਾਰ ਕੁੰਡਲ ਪੁਆਇਆਂ ਨੂੰ ਚਿਰ ਹੋ ਜਾਣ ਕਰਕੇ ਵਾਲਾਂ ਦਾ ਘੁੰਗਰਾਲਾਪਨ ਗਾਇਬ ਹੋ ਕੇ ਸਿਰਿਆਂ ਤੋਂ ਦੋ-ਮੂੰਹੇ ਵਾਲ, ਬਾਂਸ ਦੀ ਸੂਹਣ ਦੇ ਡੱਕਿਆਂ ਵਾਂਗ ਸਿੱਧੇ ਹੋ ਗਏ ਹਨ। ਮੱਥੇ ਨੂੰ ਚੁੰਮਣ ਵਾਲੀਆਂ ਜ਼ੁਲਫ਼ਾਂ ਨੂੰ ਵੀ ਉਹਨੇ ਹੁਣ ਪਿੱਛੇ ਨੂੰ ਹੀ ਵਾਹਿਆ ਹੋਣ ਕਰਕੇ ਉਹਦਾ ਵੱਡਾ ਮੱਥਾ ਦੇਖਣ ਨੂੰ ਬੁਰਾ ਲੱਗਦਾ ਹੈ।
ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.ukਕਲਵਿੰਦਰ ਦੇ ਸੀਨੇ ਵਿੱਚ ਸੱਲ ਤਾਂ ਪਹਿਲਾਂ ਹੀ ਬਹੁਤ ਸਨ। ਪਰ ਹਫ਼ਤੇ ਤੋਂ ਇੱਕ ਹੋਰ ਮਾਨਸਿਕ ਦਵੰਦ ਉਸ ਨੂੰ ਦਿਨ ਰਾਤ ਫ਼ਿਕਰਾਂ ਦੀ ਸੂਲੀ ਟੰਗ ਰਿਹਾ ਹੈ। ਪਿਛਲੇ ਹਫ਼ਤੇ ਕਲਵਿੰਦਰ ਦੇ ਡੈਡੀ ਨੇ ਆਪਣੇ ਕਿਸੇ ਦੋਸਤ ਦੇ ਮੁੰਡੇ ਨਾਲ ਉਸ ਦਾ ਰਿਸ਼ਤਾ ਕਰਨ ਦੀ ਠਾਨ ਲਈ ਸੀ। ਇਸ ਸਿਲਸਿਲੇ ਵਿੱਚ ਕਲਵਿੰਦਰ ਦੀ ਫੋਟੋ ਵੀ ਮੁੰਡੇ ਵਾਲਿਆਂ ਨੂੰ ਦਿਖਾਈ ਗਈ ਸੀ। ਉਹਨਾਂ ਨੂੰ ਕਲਵਿੰਦਰ ਜਚ ਗਈ ਸੀ। ਫਿਰ ਉੱਧਰੋਂ ਕਲਵਿੰਦਰ ਦੇ ਪਸੰਦ ਕਰਨ ਲਈ ਮੁੰਡੇ ਦੀ ਫੋਟੋ ਆਈ ਸੀ। ਕਲਵਿੰਦਰ ਦੇ ਮੰਮੀ-ਡੈਡੀ ਨੂੰ ਤਾਂ ਮੁੰਡਾ ਭਾ ਗਿਆ ਸੀ। ਪਰ ਕਲਵਿੰਦਰ ਨੇ ਮੁੰਡੇ ਦੀ ਫੋਟੋ ਨੂੰ ਇੱਕ ਝਲਕ ਵੀ ਨਹੀਂ ਦੇਖਿਆ ਸੀ। ਉਸ ਨੇ ਮਾਪਿਆਂ ਦਾ ਦਿਲ ਯੱਖਣ ਲਈ ਫੜ ਕੇ ਬਿਨਾਂ ਦੇਖਿਆਂ ਤਸਵੀਰ ਪਰਸ ਵਿੱਚ ਪਾ ਲਈ ਸੀ। ਉਹਨੇ ਸੋਚਿਆ ਸੀ ਜਿਵੇਂ ਉਹ ਅੱਗੇ ਕਰਦੀ ਹੁੰਦੀ ਸੀ, ਉਵੇਂ ਇੱਕ ਦੋ ਦਿਨ ਬਾਅਦ ਫੋਟੋ ਮੋੜ ਕੇ ਕਹਿ ਦੇਵੇਗੀ ਕਿ ਮੁੰਡਾ ਉਹਦੇ ਪਸੰਦ ਨਹੀਂ।

No comments:
Post a Comment