ਦਾਸਤਾਨ

ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ। 

ਕੰਮ ਤੋਂ ਹਟਦਿਆਂ ਹੀ ਜਸਵਿੰਦਰ ਸਿੱਧਾ ਫ਼ੈਕਟਰੀ ਦੇ ਸਾਹਮਣੇ ਵਾਲੇ ਪੱਬ ਵਿੱਚ ਵੜ ਗਿਆ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੂੰ ਦਰਵਾਜ਼ੇ ਕੋਲ ਬੈਠੀ ਇੱਕ ਵਾਕਫ਼ ਗੋਰੀ ਨੇ ਦੇਖ ਕੇ ਹੈਲੋ ਕਰੀ। ਉਸ ਨੇ ਜੁਆਬ ਵਿੱਚ ਮੁੱਠੀ ਮੀਚ ਕੇ ਉੱਪਰ ਉੱਠੇ ਅੰਗੂਠੇ ਦੇ ਇਸ਼ਾਰੇ ਨਾਲ ਹੀ ਉਸ ਨੂੰ 'ਔਰਾਇਟ' ਆਖਿਆ ਤੇ ਬਿਨਾਂ ਉਸ ਕੋਲ ਰੁੱਕਿਆਂ ਅੱਗੇ ਲੰਘ ਗਿਆ।
ਇੱਕ ਸੋਮਵਾਰ ਤੇ ਦੂਜਾ ਬਾਰਸ਼ ਹੋਣ ਕਰਕੇ ਪੱਬ ਵਿੱਚ ਕਾਂ ਹੀ ਪੈਂਦੇ ਸਨ। ਪੰਜ ਸੱਤ ਪੱਕੇ ਗਾਹਕਾਂ ਤੋਂ ਸਿਵਾਏ ਹੋਰ ਕੋਈ ਵੀ ਨਵਾਂ ਬੰਦਾ ਨਹੀਂ ਸੀ। ਖ਼ਾਲੀ ਬਾਰ ਦੇਖ ਕੇ ਉਹ ਕਾਊਂਟਰ 'ਤੇ ਬਾਰਟੈਂਡਰ ਦੀ ਉਡੀਕ ਕਰਨ ਲੱਗਾ। ਉਸ ਦਾ ਮੂੰਹ ਸੁੱਕੀ ਜਾ ਰਿਹਾ ਸੀ। ਉਸ ਨੇ ਖ਼ੁਸ਼ਕ ਲਬਾਂ ਨੂੰ ਜੀਭ ਫੇਰ ਕੇ ਨਮ ਕਰਿਆ। ਜਸਵਿੰਦਰ ਨੂੰ ਤੱਕ ਕੇ ਕੁੱਝ ਪਲਾਂ ਬਾਅਦ ਇੱਕ ਤੋਕੜ ਜਿਹੀ ਚਾਲੀਆਂ ਪੰਤਾਲੀਆਂ ਵਰ੍ਹਿਆਂ ਦੀ ਸਪੈਨਿਸ਼ ਨਾਰ ਦੌੜਦੀ ਹੋਈ ਆ ਗਈ। ਜਸਵਿੰਦਰ ਨੇ ਉਸ ਨੂੰ ਆਪਣਾ ਆਰਡਰ ਦੇ ਦਿੱਤਾ। ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ। ਜਸਵਿੰਦਰ ਨੇ ਉਸ ਨਾਲ ਕੋਈ ਵਿਚਾਰ-ਵਿਮਰਸ਼ ਨਾ ਕੀਤਾ। ਪਹਿਲੇ-ਪਹਿਲ ਘੁੱਟ ਪੀਤੀ ਤੇ ਇਹ ਹੀ ਨੱਢੀ ਜਸਵਿੰਦਰ ਨੂੰ ਕੋਅਕਾਫ ਦੀ ਹੂਰ ਲੱਗਣ ਲੱਗ ਜਾਇਆ ਕਰਦੀ ਸੀ। ਇਸੇ ਪਿੱਛੇ ਹੀ ਤਾਂ ਉਹ ਇਸ ਪੱਬ ਵਿੱਚ ਆਉਣ ਲੱਗਿਆ ਸੀ। ਪਰ ਹੁਣ ਜਿਵੇਂ ਜਨਾਨੀਆਂ ਤੋਂ ਉਸ ਦਾ ਮਨ ਹੀ ਮਰ ਚੁੱਕਿਆ ਸੀ। ਉਹ ਸੋਹਣੀ ਤੋਂ ਸੋਹਣੀ ਔਰਤ ਨੂੰ ਵੀ ਦੇਖ ਕੇ ਅਣਡਿੱਠਾ ਕਰ ਦਿੰਦਾ।
ਸਪੇਨਣ ਦੇ ਗਿਲਾਸ ਭਰਦਿਆਂ ਤੋਂ ਹੀ ਜਸਵਿੰਦਰ ਨੇ ਆਪਣੇ ਬੈਠਣ ਦੀ ਜਗ੍ਹਾ ਚੁਣ ਲਈ ਸੀ। ਜਿਵੇਂ ਕੁਕੜੀ ਨੇ ਤੂੜੀ ਵਿੱਚ ਇੱਕ ਪੱਕੀ ਥਾਂ ਟੋਲੀ ਹੁੰਦੀ ਹੈ ਤੇ ਰੂੜੀਆਂ ਗਾਹੁਣ ਉਪਰੰਤ ਉਸੇ ਹੀ ਮਹਿਫ਼ੂਜ਼ ਟਿਕਾਣੇ 'ਤੇ ਜਾ ਕੇ ਆਡਾਂ ਦਿੰਦੀ ਹੈ।  ਉਵੇਂ ਹੀ ਪੱਬ ਦਾ ਇਹ ਸੁੰਨਾ ਤੇ ਨਿੱਘਾ ਜਿਹਾ ਕੋਨਾ ਜਸਵਿੰਦਰ ਦਾ ਪੱਕਾ ਅੱਡਾ ਹੈ। ਇਤਫ਼ਾਕਨ ਹਮੇਸ਼ਾ  ਉਸ ਨੂੰ ਇਹ ਜਗ੍ਹਾ ਖ਼ਾਲੀ ਮਿਲਦੀ ਹੈ। ਜਦੋਂ ਦਾ ਉਪਰਾਮਤਾ ਦੇ ਨਾਗ ਨੇ ਉਸ ਦੇ ਚੰਦਨ ਵਰਗੇ ਸਰੀਰ ਨੂੰ ਲਪੇਟਾ ਪਾਇਆ ਹੈ। ਉਦੋਂ ਦਾ ਉਹ ਅਕਸਰ ਇਸੇ ਸਥਾਨ 'ਤੇ ਇੱਕਲਾ ਬੈਠ ਕੇ ਮਦਰਾ ਦੀ ਮਰਾਫ਼ਤ ਆਪਣੇ ਆਪ ਨੂੰ ਭੁੱਲਣ ਦਾ ਨਾਕਾਮ ਯਤਨ ਕਰਿਆ ਕਰਦਾ ਹੈ।
ਸਾਕੀ ਨੇ ਨੱਕੋ-ਨੱਕ ਭਰਿਆ ਮੱਗ ਮੂਹਰੇ ਰੱਖ ਦਿੱਤਾ। ਜਸਵਿੰਦਰ ਨੇ ਪੌਇੰਟਫਿੰਗਰ ਅਤੇ ਅੰਗੂਠੇ ਵਿਚਾਲੇ ਫੜਿਆ ਹੋਇਆ ਡੇਢ ਪੌਂਡ ਉਸ ਦੀ ਤਲੀ 'ਤੇ ਧਰਿਆ ਤੇ ਗਿਲਾਸ ਚੁੱਕ ਕੇ ਸੀਟ ਵੱਲ ਵੱਧਣ ਲੱਗਾ। ਗਿਲਾਸ ਲਬਾਲਬ ਭਰਿਆ ਹੋਣ ਕਰਕੇ ਉਹ ਇੰਝ ਸਾਵਧਾਨੀ ਨਾਲ ਤੁਰ ਰਿਹਾ ਸੀ ਜਿਵੇਂ ਜ਼ਮੀਨ ਉੱਤੇ ਨਹੀਂ ਰੱਸੀ 'ਤੇ ਤੁਰ ਰਿਹਾ ਹੋਵੇ।  ਉਸ ਦੇ ਮਜਾਜਣਾ ਵਾਂਗੂੰ ਬੋਚ-ਬੋਚ ਕੇ ਪੱਬ ਧਰਨ ਦੇ ਬਾਵਜੂਦ ਵੀ ਉੱਛਲ ਕੇ ਬੀਅਰ ਡੁੱਲ ਰਹੀ ਸੀ। ਰਸਤੇ ਵਿੱਚ ਖਲੋ ਕੇ ਉਸ ਨੇ ਡੁੱਲ ਕੇ ਪੈਰਾਂ 'ਤੇ ਪੈਂਦੀ ਬੀਅਰ ਦੀ ਝੱਗ ਨੂੰ ਇੱਕ ਲੰਬੀ ਚੁਸਕੀ ਨਾਲ ਆਪਣੇ ਅੰਦਰ ਖਿੱਚ ਲਿਆ। ਗਿਲਾਸ ਉਣਾ ਹੋ ਜਾਣ ਕਾਰਨ ਹੁਣ ਛੱਲ ਵੱਜ ਕੇ ਡੁੱਲਣੋਂ ਹੱਟ ਗਿਆ। ਅਰਾਮ ਨਾਲ ਜਾ ਕੇ ਉਹ ਸੀਟ 'ਤੇ ਬਿਰਾਜਮਾਨ ਹੋ ਗਿਆ। ਖੱਬੇ ਵਿਹਲੇ ਹੱਥ ਨਾਲ ਉਹਨੇ ਬੈਠੇ ਨੇ ਆਪਣੇ
ਬੈਠਣ ਵਾਲੇ ਸਥਾਨ ਤੋਂ ਕੁੱਝ ਦੂਰੀ 'ਤੇ ਪਿਆ ਮੇਜ਼ ਖਿੱਚ ਕੇ ਨੇੜੇ ਕਰ ਲਿਆ। ਬੀਅਰ ਦਾ ਇੱਕ ਵੱਡਾ ਘੁੱਟ ਭਰਿਆ। ਮੇਜ਼ ਉੱਤੇ ਪਏ ਗੱਤੇ ਦੇ ਕੱਪਮੈਟ ਨੂੰ ਲੋਟ ਕਰ ਕੇ ਗਿਲਾਸ ਉਸ ਉੱਤੇ ਰੱਖ ਦਿੱਤਾ।
ਪੱਬ ਵਿੱਚ ਲੱਗੀ ਸੈਂਟਰਲ ਹੀਟਿੰਗ ਕਾਰਨ ਜਸਵਿੰਦਰ ਦੇ ਬਦਨ 'ਤੇ ਹਲਕੀ ਹਲਕੀ ਖੁਜਲੀ ਹੋਣ ਲੱਗੀ। ਉਸ ਨੂੰ ਸਾਹ ਵੀ ਕੁੱਝ ਔਖਾ ਆ ਰਿਹਾ ਸੀ। ਜੈਕਟ ਦੀ ਜਿੱਪ ਖੋਲ੍ਹਦਿਆਂ ਹੀ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਪੈਂਟ ਦੀ ਜੇਬ ਵਿੱਚੋਂ ਡੱਬੀ ਕੱਢ ਕੇ ਸਿਗਰਟ ਸੁਲਗਾਈ। ਸਿਗਰਟ ਦਾ ਕਸ਼ ਲੈਣ ਮਗਰੋਂ ਬੀਅਰ ਨੂੰ ਮੂੰਹ ਲਾਇਆ। ਫਿਰ ਕੁੱਝ ਸਮੇਂ ਦੇ ਅੰਤਰਾਲ ਪਿੱਛੋਂ ਸਿਗਰਟ ਬੁੱਲ੍ਹਾਂ ਨਾਲ ਲਾਈ ਤੇ ਥੋੜਾ ਅਟਕ ਕੇ ਗਿਲਾਸ ਵਿੱਚੋਂ ਇੱਕ ਹੋਰ ਸਿੱਪ ਖਿੱਚੀ। ਹਰ ਵਾਰ ਉਹ ਇਸੇ ਤਰ੍ਹਾਂ ਨਿਯਮਬਧ ਪੀਂਦਾ ਗਿਆ। ਬੀਅਰ ਦੇ ਗਿਲਾਸ ਮਗਰੋਂ ਸਿਗਰਟ ਹੋਠਾਂ ਨੂੰ ਛੁਹਾਉਂਦਾ 'ਤੇ ਸਿਗਰਟ ਪਿੱਛੋਂ ਬੀਅਰ ਨੂੰ ਸੁੜਕਾ ਮਾਰਦਾ। ਹਮੇਸ਼ਾ ਸਿਗਰਟ ਦੇ ਸੂਟੇ ਬਾਅਦ ਉਸ ਨੂੰ ਸ਼ਰਾਬ ਯਾਦ ਹੁੰਦੀ। ਕਦੇ ਵੀ ਉਹਨੇ ਭੁੱਲ ਕੇ ਸਿਗਰਟ ਦੇ ਦੋ ਕਸ਼ ਨਹੀਂ ਸਨ ਖਿੱਚੇ ਤੇ ਨਾ ਹੀ ਭੁਲੇਖੇ ਨਾਲ ਬੀਅਰ ਦੇ ਦੋ ਘੁੱਟ ਲਗਾਤਾਰ ਪੀਤੇ ਸਨ।
ਜਦੋਂ ਸਿਗਰਟ ਦਾ ਸਫ਼ੈਦ ਹਿੱਸਾ ਜਲ ਕੇ ਲਾਲ ਲਾਟ, ਪੀਲੇ ਰੰਗ ਦੇ  ਫ਼ਿਲਟਰ ਨੂੰ ਗਲਵੱਕੜੀ ਪਾਉਣ ਤੱਕ ਜਾਂਦੀ ਤਾਂ ਉਹ ਉਸ ਨੂੰ ਐਸ਼ਟਰੇ ਵਿੱਚ ਮਸਲ ਕੇ ਉਸ ਸਿਗਰਟ ਦਾ ਭੋਗ ਪਾ ਦਿੰਦਾ। ਫਿਰ ਦੁਬਾਰਾ ਨਵੀਂ ਸਿਗਰਟ ਧੁਖਾ ਲੈਂਦਾ। ਜਦੋਂ ਬੀਅਰ ਗਿਲਾਸ ਦੇ ਤਲ ਨੇੜੇ ਨੂੰ ਹੁੰਦੀ ਤਾਂ ਗਿਲਾਸ ਵਿੱਚੋਂ ਥੱਲਾ ਦਿਸਣ ਤੋਂ ਪਹਿਲਾਂ ਹੀ ਹੋਰ ਪਾਇੰਟ ਲੈ ਲੈਂਦਾ। 
ਜਸਵਿੰਦਰ ਦੇ ਪੰਜਵੇਂ ਪਾਇੰਟ ਪੀਣ ਤੱਕ ਪੱਬ ਵਿੱਚ ਕਾਫ਼ੀ ਚਹਿਲ-ਪਹਿਲ ਹੋ ਗਈ ਸੀ। ਕੋਈ ਢਾਣੀ ਵਿੱਚ ਗੱਲਾਂਬਾਤਾਂ ਮਾਰ ਰਿਹਾ ਸੀ। ਕੋਈ ਜੂਈਕ ਬਾਕਸ 'ਤੇ ਵੱਜਦੇ ਸੰਗੀਤ ਦਾ ਅਨੰਦ ਮਾਣ ਰਿਹਾ ਸੀ। ਕੋਈ ਪੂਲ ਖੇਡਣ ਵਿੱਚ ਮਸਤ ਸੀ। ਕੋਈ ਡਾਰਟਾਂ ਨਾਲ ਆਪਣੀ ਨਿਸ਼ਾਨੇ ਬਾਜ਼ੀ ਵਿੱਚ ਮਹਾਰਤ ਹਾਸਲ ਕਰਨ ਲੱਗਿਆ ਹੋਇਆ ਸੀ ਤੇ ਕਿਤੇ ਤਾਸ਼ ਦੀ ਬਾਜ਼ੀ ਮਘੀ ਹੋਈ ਸੀ। ਪਰ ਜਸਵਿੰਦਰ ਨੂੰ ਕਿਸੇ ਵੀ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਉਹ ਇੰਝ ਮੂੰਹ ਲਟਕਾਈ ਬੈਠਾ ਸੀ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਹੈ। ਗੁੰਮ-ਸੁੰਮ ਤੇ ਸਭ ਤੋਂ ਬੇਖ਼ਬਰ ਹੋਇਆ ਉਹ ਆਪਣਾ ਹੀ ਇੱਕ ਵੱਖਰਾ ਜਹਾਨ ਵਸਾਈ ਬੈਠਾ ਸੀ।
ਘਰੇ ਜਾਣ ਨੂੰ ਜਸਵਿੰਦਰ ਦਾ ਜੀਅ ਤਾਂ ਨਹੀਂ ਸੀ ਕਰਦਾ, ਪਰ ਮਜਬੂਰਨ ਪੱਬ ਬੰਦ ਹੋ ਜਾਣ ਕਾਰਨ ਉਸ ਨੂੰ ਆਉਣਾ ਹੀ ਪਿਆ। ਉਹ ਬਾਹਰ ਆਇਆ ਤਾਂ ਮੀਂਹ ਤੇਜ਼ ਹੋ ਗਿਆ। ਕਣੀਆਂ ਉਹਦੀ ਟੋਟਣ ਭੰਨਣ ਲੱਗੀਆਂ। ਘਰ ਤੱਕ ਆਉਂਦਾ ਆਉਂਦਾ ਉਹ ਲੜਖੜਾਉਣ ਲੱਗ ਪਿਆ ਸੀ। ਪਰ ਐਨਾ ਵੀ ਸ਼ਰਾਬੀ ਨਹੀਂ ਸੀ ਹੋਇਆ ਕਿ ਉਸ ਨੂੰ ਕੋਈ ਸੁੱਧ-ਬੁੱਧ ਹੀ ਨਾ ਹੋਵੇ। ਉਹ ਵੀ ਕੋਈ ਵੇਲਾ ਸੀ ਜਦੋਂ ਉਹ ਸ਼ੈਂਡੀ ਪੀ ਕੇ ਹੀ ਸ਼ਰਾਬੀ ਹੋ ਜਾਂਦਾ ਸੀ। ਪਰ ਹੁਣ ਤਾਂ ਵਿਸਕੀ ਵੀ ਉਸ ਨੂੰ ਨਸ਼ਾ ਕਰਨੋਂ ਹੱਟ ਗਈ ਹੈ। ਹੁਣ ਉਹ ਅਲਕੋਹਲਿਕ, ਮਤਲਬ ਪੱਕਾ ਪਿਆਕੜ ਬਣ ਗਿਆ ਹੈ। ਅੱਜ ਵੀ ਉਸ ਨੇ ਸੁਪਰ ਟੈਂਨੱਟ ਸਟਰੌਂਗ ਬੀਅਰ ਦੇ ਜਹਿਰ ਵਰਗੇ ਕੌੜੇ ਪੂਰੇ ਨੌ ਪਾਇੰਟ ਪੀਤੇ ਹਨ। ਫੇਰ ਵੀ ਉਸ ਦੇ ਹੋਸ਼ੋ-ਹਵਾਸ ਕਾਇਮ ਹਨ।
ਦਰਵਾਜ਼ਾ ਖੋਲ੍ਹਦਿਆਂ ਹੀ ਜਸਵਿੰਦਰ ਨੇ ਆਪਣੀ ਪਤਨੀ ਕਲਵੰਤ ਨੂੰ ਦੇਖਿਆ। ਭਾਵੇਂ ਅੱਧੀ ਰਾਤ ਹੋ ਗਈ ਸੀ। ਫਿਰ ਵੀ ਉਹ ਸੋਫ਼ੇ 'ਤੇ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਜਸਵਿੰਦਰ ਨੇ ਰੋਟੀ ਵਾਲਾ ਡੱਬਾ ਤੇ ਚਾਹ ਵਾਲੀ ਥਰਮੋਸ ਪੌਲੀਥੀਨ ਬੈਗ ਵਿੱਚੋਂ ਕੱਢ ਕੇ ਰਸੋਈ ਵਿੱਚ ਰੱਖ ਦਿੱਤੇ। ਕਲਵੰਤ ਨੇ ਫ਼ਲਾਸਕ ਤੇ ਰੋਟੀ ਵਾਲਾ ਡੱਬਾ ਫੇਅਰੀ ਪਾ ਕੇ ਗਰਮ ਪਾਣੀ ਨਾਲ ਧੋ-ਮਾਂਝ ਕੇ ਭਾਂਡਿਆਂ ਵਿੱਚ ਟਿਕਾ ਦਿੱਤੇ।
ਜਸਵਿੰਦਰ ਨੇ ਡਰਾਅ (ਅਲਮਾਰੀ) ਵਿੱਚੋਂ ੭੫% ਪਰੂਫ ਵਿਸਕੀ ਦੀ ਬੋਤਲ ਕੱਢ ਕੇ ਕੱਚ ਦੇ ਗਿਲਾਸ ਨੂੰ ਸਿਰੇ ਤੱਕ ਭਰ ਲਿਆ। ਹਾੜਾ ਲੈ ਕੇ ਉਹ ਡਰਾਇੰਗਰੂਮ ਵਿੱਚ ਗਿਆ ਤੇ ਬੈਠ ਕੇ ਨੀਟ (ਸ਼ੁੱਧ) ਹੀ ਪੀਣ ਲੱਗਾ। ਉਸ ਨੇ ਅੱਧਿਉਂ ਵੱਧ ਪੈਗ ਪੀ ਲਿਆ ਸੀ। ਕਲਵੰਤ ਨੇ ਰੋਟੀ ਪਾ ਕੇ ਮੂਹਰੇ ਰੱਖ ਦਿੱਤੀ। ਬਾਕੀ ਦੀ ਬਚਦੀ ਸ਼ਰਾਬ ਅੰਦਰ ਸੰਘ ਵਿੱਚ ਸੁੱਟ ਕੇ ਉਹ ਚੁੱਪਚਾਪ ਖਾਣਾ ਖਾਣ ਲੱਗ ਗਿਆ। ਜਿੰਨਾ ਚਿਰ ਉਹ ਭੋਜਨ ਗ੍ਰਹਿਣ ਕਰਦਾ  ਰਿਹਾ, ਕਲਵੰਤ ਕੋਲ ਹੀ ਬੈਠੀ ਰਹੀ। ਪਾਣੀ ਖ਼ਤਮ ਹੁੰਦਾ ਤਾਂ ਜਸਵਿੰਦਰ ਲਈ ਪਾਣੀ ਲੈ ਆਉਂਦੀ, ਫੁਲਕਾ ਮੁੱਕਦਾ ਫੁਲਕਾ ਤੇ ਸਬਜੀ, ਦਾਲ ਥੁੜਨ 'ਤੇ ਬਿਨਾਂ ਪੁੱਛਿਆਂ ਡੌਂਗੇ ਲਿਆ ਕੇ ਉਹਦੇ ਅੱਗੇ ਰੱਖ ਦਿੰਦੀ। ਜਸਵਿੰਦਰ ਆਪੇ ਲੋੜ ਅਨੁਸਾਰ ਚੀਜ਼ ਲੈ ਲੈਂਦਾ। ਉਹਨਾਂ ਨੇ ਇੱਕ ਦੂਜੇ ਵੱਲ ਨਾ ਚੱਜ ਨਾਲ ਦੇਖਿਆ ਤੇ ਨਾ ਹੀ ਉਹਨਾਂ ਦਰਮਿਆਨ ਕੋਈ ਗੁਫ਼ਤਗੂ ਹੋਈ। ਉਹ ਦੋਵੇਂ ਬਿਲਕੁਲ ਸ਼ਾਤ ਸਨ ਜਿਵੇਂ ਉਹਨਾਂ ਨੇ ਮੌਨ ਬਰਤ ਰੱਖਿਆ ਹੁੰਦਾ ਹੈ।
ਕਲਵੰਤ ਦਾ ਪ੍ਰਸ਼ਾਦਾ ਛਕਣ ਨੂੰ ਮਨ ਨਹੀਂ ਸੀ ਕਰਦਾ। ਉਹ ਜਸਵਿੰਦਰ ਦੇ ਜੂਠੇ ਭਾਂਡੇ ਧੋਣ ਮਗਰੋਂ ਬੈਡਰੂਮ ਵਿੱਚ ਜਾ ਕੇ ਲੇਟ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਕੁੱਝ ਚਿਰ ਪਿੱਛੋਂ ਜਸਵਿੰਦਰ ਵੀ ਜਾ ਕੇ ਉਸੇ ਦੇ ਨਾਲ ਮੰਜੇ ਦੇ ਇੱਕ ਪਾਸੇ ਹੋ ਕੇ ਪੈ ਗਿਆ। ਜਸਵਿੰਦਰ ਨੇ ਫਿਰ ਸਵੇਰੇ ਸਾਜਰੇ ਉਠ ਕੇ ਕੰਮ 'ਤੇ ਜਾਣਾ ਸੀ। ਹਫ਼ਤੇ ਦਾ ਉਹਨਾਂ ਪਤੀ ਪਤਨੀ  ਨੇ ਇੱਕ ਦੂਜੇ ਨੂੰ ਕਲਾਮ ਨਹੀਂ ਕੀਤਾ।
ਹਫ਼ਤਾ ਪਹਿਲਾਂ ਜਸਵਿੰਦਰ ਵੱਲੋਂ ਕਰੇ ਕੁੱਟ-ਕਟਾਪੇ ਕਾਰਨ ਕਲਵੰਤ ਦੇ ਪਿੰਡੇ ਉਤੇ ਪਈਆਂ ਰਗੜਾਂ ਉੱਪਰ ਤਾਂ ਖਰੀਂਡ ਆ ਗਏ ਸਨ। ਪਰ ਉਸ ਦੇ ਦਿਲ ਵਿਚਲੀਆਂ ਸੱਟਾਂ ਅਜੇ ਤੱਕ ਉਵੇਂ ਹੀ ਤਾਜ਼ੀਆਂ ਹਨ। ਉਹਨਾਂ 'ਤੇ ਲੋੜੀਂਦੀ ਮਲ੍ਹਮ ਦਾ ਲੇਪ ਨਹੀਂ ਸੀ ਲੱਗ ਸਕਿਆ। ਕਲਵੰਤ ਨੇ ਸਰੀਰਕ ਜ਼ਖ਼ਮਾਂ ਉੱਤੇ ਜੀ ਪੀ ਨੂੰ ਕੋਰੇ ਤੋਂ ਤਿਲਕ ਕੇ ਡਿੱਗਣ ਦੀ ਝੂਠੀ ਕਹਾਣੀ ਦੱਸ ਕੇ ਦਵਾਈ  ਲੈ ਆਂਦੀ ਸੀ। ਪਰ ਦਿਲ ਦੇ ਫੱਟਾਂ ਲਈ ਤਾਂ ਉਹ ਦਵਾਈ ਬਿਲਕੁਲ ਬੇਅਸਰ ਸੀ। ਉਹਨਾਂ ਰੂਹਾਨੀ ਸੱਟਾਂ ਨੂੰ ਤਾਂ ਜੀ ਪੀ ਲੇਡੀ ਡਾਕਟਰ ਦੇਖ ਵੀ ਨਹੀਂ ਸੀ ਸਕਦੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਕਲਵੰਤ ਦੇ ਹਿਰਦੇ ਅੰਦਰ ਝਾਕਣਾ ਪੈਣਾ ਸੀ। ਇੰਗਲੈਂਡ ਵਰਗੇ ਆਧੁਨਿਕ ਤੇ ਮਸਰੂਫ ਮੁਲਖ ਵਿੱਚ ਕਿਸੇ ਕੋਲ ਕਿਸੇ ਦਾ ਮਨ ਟੋਹਣ ਦਾ ਵਿਹਲ ਹੀ ਕਿੱਥੇ ਹੁੰਦਾ ਹੈ।
ਸੱਚ ਤਾਂ ਇਹ ਸੀ, ਜਸਵਿੰਦਰ ਤੋਂ ਸਿਵਾਏ ਹੋਰ ਕਿਸੇ ਕੋਲ ਵੀ ਉਹਨਾਂ ਘਾਵਾਂ ਦਾ ਉਪਚਾਰ ਨਹੀਂ ਸੀ ਤੇ ਜਸਵਿੰਦਰ ਨੇ ਵੀ ਕਲਵੰਤ ਦੀ ਪੀੜ ਨੂੰ ਅਣਗੌਲਿਆ ਕਰ ਦਿੱਤਾ ਸੀ। ਅੰਦਰੋਂ-ਅੰਦਰ ਦੁੱਪਰਿਆਰੀ ਕਲਵੰਤ ਦਾ ਜ਼ਖ਼ਮ ਨਸੂਰ ਬਣਦਾ ਜਾ ਰਿਹਾ ਸੀ। ਪਰ ਉਹ ਦਰਦ ਦੀ ਸ਼ਿੱਦਤ ਨੂੰ ਕਸੀਸ ਵੱਟ ਕੇ ਜਰੀ ਜਾ ਰਹੀ ਸੀ।
ਜਸਵਿੰਦਰ ਕਈ ਵਰ੍ਹੇ ਪਹਿਲਾਂ ਯੂ ਕੇ ਵਿੱਚ ਛੇ ਮਹੀਨੇ ਦਾ ਵੀਜ਼ਾ ਲੈ ਕੇ ਸੈਰ ਲਈ ਆਇਆ ਸੀ। ਉਦੋਂ ਸਾਰਾ ਪਿੰਡ ਹੈਰਾਨ ਸੀ ਬਈ ਜਵਾਨ ਮੁੰਡੇ ਨੂੰ ਵੀਜ਼ਾ ਕਿਵੇਂ ਲੱਗ ਗਿਆ। ਪਰ ਅਸਲੀਅਤ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਦਿੱਲੀ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦਾ ਇੱਕ ਬੰਦਾ ਗੰਢ ਲਿਆ ਸੀ। ਢਾਈ ਲੱਖ ਰੁਪਏ ਵਿੱਚ ਹੀ ਉਸ ਬੰਦੇ ਨੇ ਬਕਾਇਦਾ ਕਾਨੂੰਨੀ ਢੰਗ ਨਾਲ ਅੰਬੈਸੀ ਵਿੱਚ ਇੰਟਰਵਿਊ ਤੇ ਡਾਕਟਰੀ ਕਰਵਾ ਕੇ ਜਸਵਿੰਦਰ ਦੇ ਪਾਸਪੋਰਟ ਉੱਤੇ ਛੇ ਮਹੀਨਿਆਂ ਦਾ ਵੀਜ਼ਿਟਰ ਵੀਜ਼ਾ ਲਵਾ ਦਿੱਤਾ ਸੀ।
ਜਸਵਿੰਦਰ ਦਾ ਅਸਲੀ ਮਨੋਰਥ ਤਾਂ ਅੱਗੇ ਅਮਰੀਕਾ ਜਾਣ ਦਾ ਸੀ। ਯੂ ਐਸ ਏ ਵਿੱਚ ਉਸ ਦੇ ਕਈ ਰਿਸ਼ਤੇਦਾਰਾਂ ਦੇ ਆਪਣੇ ਖੇਤ ਹਨ।  ਉਹ ਲਕਸ਼ ਪ੍ਰਾਪਤੀ ਨੂੰ ਅਸਾਨ ਬਣਾਉਣ ਦੇ ਮੰਤਵ ਨਾਲ ਹੀ ਇੰਗਲੈਂਡ ਆਇਆ ਸੀ। ਭਾਰਤ ਨਾਲੋਂ ਬ੍ਰਿਟਿਨ ਤੋਂ ਅਮਰੀਕਾ ਪਹੁੰਚਣਾ ਕਾਫ਼ੀ ਅਸਾਨ ਸੀ। ਜਸਵਿੰਦਰ ਨੇ ਸੋਚਿਆ ਸੀ ਇੰਗਲਿਸਤਾਨ ਵਿੱਚ ਕੁੱਝ ਦੇਰ ਕੰਮ ਕਰਕੇ ਉਹ ਕੁੱਝ ਪੂੰਜੀ ਇਕੱਤਰ ਕਰ ਲਵੇਗਾ ਤੇ ਫਿਰ ਕਿਸੇ ਏਜੰਟ ਦੇ ਰਾਹੀਂ ਅੱਗੇ ਆਪਣੀ ਮੰਜ਼ਿਲ 'ਤੇ ਅੱਪੜ ਜਾਏਗਾ।
ਵਲਾਇਤ ਵਿੱਚ ਜਸਵਿੰਦਰ ਦੀ ਇੱਕ ਚਚੇਰੀ ਭੈਣ ਤੋਂ ਛੁੱਟ ਕੋਈ ਵੀ ਸਕੀਰੀ ਜਾਂ ਵਾਕਫ਼ੀਅਤ ਨਹੀਂ ਸੀ। ਉਸ ਭੈਣ ਜਾਂ ਉਸ ਦੇ ਸਾਹੁਰਿਆਂ ਨਾਲ ਜਸਵਿੰਦਰ ਹੋਰਾਂ ਦਾ ਕੋਈ ਬਹੁਤਾ ਤਿਉ-ਤੱਲਕ ਨਹੀਂ ਸੀ। ਇਸ ਲਈ ਜਸਵਿੰਦਰ ਨੇ ਸੋਚਿਆ ਸੀ ਕਿ ਉਹ ਉਹਨਾਂ ਉੱਪਰ ਬੋਝ ਨਹੀਂ ਬਣੇਗਾ। ਖੁਦ ਆਪਣਾ ਕਮਾਏਗਾ ਤੇ ਆਪਣਾ ਖਾਏਗਾ। ਪਰ ਬਾਹਰੀ ਦੁਨੀਆਂ ਦਾ ਤਾਂ ਡੱਡੂ ਨੂੰ ਖੂਹ ਵਿੱਚੋਂ ਬਾਹਰ ਨਿਕਲਿਆਂ ਹੀ ਗਿਆਨ ਹੁੰਦਾ ਹੈ। ਇੰਗਲੈਂਡ ਆ ਕੇ ਹੀ ਉਸ ਨੂੰ ਇਲਮ ਹੋਇਆ ਸੀ ਕਿ ਕੰਮ ਕਰਨ ਲਈ ਉਸ ਨੂੰ ਯੋਗ ਕਾਗ਼ਜ਼ਾਤ ਤੇ ਨੈਸ਼ਨਲ ਇੰਨਸ਼ੋਰੈਸ਼ ਨੰਬਰ ਦੀ ਲੋੜ ਹੈ। ਜੋ ਉਸ ਨੂੰ ਵਿਜ਼ਿਟਰ ਵੀਜ਼ਾ ਹੋਣ ਕਰਕੇ ਕਾਨੂੰਨਨ ਹਾਸਲ ਨਹੀਂ ਸੀ ਹੋ ਸਕਦੇ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਭੈਣ ਅਤੇ ਭਣੋਇਏ ਪਾਲ ਕੋਲ ਸ਼ਰਨ ਲੈਣੀ ਪਈ ਸੀ। ਪਾਲ ਹੋਰਾਂ ਦੀ ਕੱਪੜੇ ਸੀਉਣ ਦੀ ਆਪਣੀ ਫ਼ੈਕਟਰੀ ਸੀ। ਜਿਸ ਵਿੱਚ ਉਹਨਾਂ ਨੇ ਜਸਵਿੰਦਰ ਨੂੰ ਗੈਰਕਾਨੂੰਨੀ ਤੌਰ 'ਤੇ ਕੰਮ ਕਰਨ ਲਗਾ ਲਿਆ ਸੀ। 
ਦੇਸ਼ ਛੱਡ ਕੇ ਪ੍ਰਦੇਸੀ ਗਏ ਬਾਕੀ ਸਭਨਾਂ ਲੋਕਾਂ ਵਾਂਗ ਜਸਵਿੰਦਰ ਦੇ ਸੀਨੇ ਵਿੱਚ ਵੀ ਪੈਸੇ ਕਮਾਉਣ ਦਾ ਤਿੱਖਾ ਜੋਸ਼ ਸੀ। ਉਦੋਂ ਉਹ ਉਮਰ ਦੇ ਬਾਈਵੇ ਵਰ੍ਹੇ ਵਿੱਚ ਸੀ। ਉਸ ਦੀ ਜਵਾਨੀ ਸਿਖਰਾਂ 'ਤੇ ਸੀ। ਉਹ ਰਿਸ਼ਟ-ਪੁਸ਼ਟ ਤੇ ਅਣਥੱਕ ਮਿਹਨਤ ਕਰਨ ਵਾਲਾ ਗੱਭਰੂ ਸੀ। ਪਾਲ ਨਾਲ ਵੀਕ ਐਂਡ ਤੇ ਮਾਰਕਿਟਾਂ ਲਵਾਉਂਦਾ ਤੇ ਬਾਕੀ ਚਾਰ ਦਿਨ ਪਾਲ ਦੀ ਕੱਪੜਿਆਂ ਦੀ ਫ਼ੈਕਟਰੀ ਵਿੱਚ ਤਨ-ਦੇਹੀ ਨਾਲ ਕੰਮ ਕਰਦਾ ਸੀ।
ਜਸਵਿੰਦਰ ਤੜਕ ਸਾਰ ਇਕੱਲਾ ਹੀ ਉੱਠ ਕੇ ਫ਼ੈਕਟਰੀ ਚਲਿਆ ਜਾਂਦਾ ਸੀ। ਰਿਸ਼ਤੇਦਾਰੀ ਹੋਣ ਕਾਰਨ ਪਾਲ ਹੋਰੀਂ ਚਾਬੀਆਂ ਉਸ ਦੇ ਹਵਾਲੇ ਕਰ ਦਿੰਦੇ ਸਨ। ਰਾਤੀ ਜਾਣ ਤੋਂ ਪਹਿਲਾਂ  ਕਟਿੰਗ ਟੇਬਲ ਤੇ ਕੱਪੜਾ ਵਿਛਾਇਆ ਹੁੰਦਾ ਸੀ, ਜਸਵਿੰਦਰ ਕੱਟਰ ਲੈ ਕੇ ਉਸ ਨੂੰ ਮਿੰਟਾਂ ਵਿੱਚ ਕੱਟ ਕੇ ਔਹ ਮਾਰਦਾ ਸੀ। ਕਾਰੀਗਰ ਮਹਿਲਾਵਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਲਈ ਦਿਨ ਭਰ ਦਾ ਲੋੜੀਂਦਾ ਕੰਮ ਮਸ਼ੀਨਾਂ ਕੋਲ ਰੱਖ ਦਿੰਦਾ ਸੀ। ਅੱਠ ਵਜੇ ਜਦੋਂ ਤੱਕ ਕਾਮੇ ਆਉਂਦੇ ਉਹ ਪਿਛਲੇ ਦਿਨ ਦਾ ਤਿਆਰ ਹੋਇਆ ਮਾਲ ਪੈਕ ਕਰ ਚੁੱਕਿਆ ਹੁੰਦਾ ਸੀ।
ਸਾਰੇ ਕਰਿੰਦੇ ਸਮੇਂ ਸਿਰ ਸਵੇਰੇ ਆਉਂਦੇ ਸਨ, ਵਕਤ ਸਿਰ ਸ਼ਾਮ ਨੂੰ ਚਲੇ ਜਾਂਦੇ ਸਨ। ਪਾਲ ਹੋਰੀਂ ਵੀ ਇੱਕ ਨਿਰਧਾਰਤ ਸਮੇਂ ਆਉਂਦੇ ਤੇ ਨਿਯਤ ਸਮੇਂ ਘਰ ਚਲੇ ਜਾਂਦੇ ਸਨ। ਪਰ ਜਸਵਿੰਦਰ ਪਿਉ ਦਾ ਪੁੱਤ ਦੇਰ ਰਾਤ ਤੱਕ ਕਦੇ ਬਟਨ, ਕਦੇ ਕਾਜ਼, ਕਦੇ ਥਰੈਡ ਟ੍ਰੀਮਿੰਗ (ਧਾਗੇ ਕੱਟਣੇ), ਕਦੇ ਓਵਰ ਲਾਕਿੰਗ ਕੋਈ ਨਾ ਕੋਈ ਕੰਮ ਕਰਨ ਵਿੱਚ ਰੁੱਝਿਆ ਹੀ ਰਹਿੰਦਾ ਸੀ। ਉਹ ਰਾਤ ਗਈ ਡਾਢੀ ਦੇਰ ਬਾਅਦ ਫ਼ੈਕਟਰੀ ਬੰਦ ਕਰਕੇ ਘਰ ਪਰਤਦਾ ਸੀ।
ਸਾਰੇ ਵਰਕਰ ਦਸ ਵਜੇ ਪੰਦਰਾਂ ਮਿੰਟ ਦੀ ਟੀ ਬਰੇਕ(ਛੁੱਟੀ), ਸਾਢੇ ਬਾਰਾਂ ਅੱਧੇ ਘੰਟੇ ਦੀ ਲੰਚ ਬਰੇਕ ਤੇ ਫਿਰ ਤਿੰਨ ਵਜੇ ਪੰਦਰਾਂ ਮਿੰਟਾਂ ਦੀ ਇੱਕ ਹੋਰ ਬਰੇਕ ਕਰਦੇ ਸਨ। ਸਭ ਕਾਮੇ ਅੰਨ-ਪਾਣੀ ਪੰਜ ਦਸ ਮਿੰਟ ਵਿੱਚ ਹੀ ਖਾਹ ਲੈਂਦੇ ਸਨ। ਕੋਈ ਵੀ ਵਰਕਰ ਬਰੇਕ ਦੀ ਸਮਾਪਤੀ ਲਈ ਮੁਕੱਰਰ ਵਕਤ ਤੋਂ ਇੱਕ ਮਿੰਟ ਵੀ ਪਹਿਲਾਂ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ। ਰੋਟੀ ਖਾਣ ਮਗਰੋਂ ਬਰੇਕ ਲਈ ਮਿਥਿਆ ਸਮਾਂ, ਸਭ ਗੱਲਾਂਬਾਤਾਂ ਮਾਰ ਕੇ ਪੂਰਾ ਕਰਦੇ ਸਨ। ਇੱਕ ਜਸਵਿੰਦਰ ਸੀ ਜਿਸ ਨੂੰ ਖਾਣ ਪੀਣ ਦਾ ਵੀ ਚੇਤਾ ਨਹੀਂ ਹੁੰਦਾ ਸੀ। ਉਹਦੀਆਂ ਤਾਂ ਸਾਰੀਆਂ ਬਰੇਕਾਂ ਦਸ ਵਜੇ ਵਾਲੀ ਬਰੇਕ ਹੀ ਹੁੰਦੀ ਸੀ ਤੇ ਉਹ ਵੀ ਪੰਜ ਸੱਤ ਮਿੰਟ ਦੀ। ਉਹ ਦੋ ਟੁੱਕਰ ਢਿੱਡ ਵਿੱਚ ਸੁੱਟਦਾ ਤੇ ਫਿਰ ਕੰਮ ਵਿੱਚ ਰੁੱਝ ਜਾਂਦਾ ਸੀ। ਸਭ ਜਸਵਿੰਦਰ ਨੂੰ ਅਰਾਮ ਕਰਨ ਲਈ ਬਥੇਰਾ ਆਖਦੇ ਸਨ, ਪਰ ਉਹ ਕਿਸੇ ਦੀ ਇੱਕ ਨਹੀਂ ਸੀ ਸੁਣਦਾ ਤੇ ਇੱਕਲਾ ਹੀ ਚੌਹਾਂ ਜਾਣਿਆ ਜਿੰਨਾ ਕੰਮ ਕੱਢ ਦਿੰਦਾ ਸੀ।
ਪੈਸੇ ਕਮਾਉਣ ਦੇ ਲਾਲਚ ਵਿੱਚ ਜਸਵਿੰਦਰ ਨੂੰ ਵਕਤ ਦੀ ਚਾਲ ਦਾ ਪਤਾ ਹੀ ਨਹੀਂ ਲੱਗਿਆ ਸੀ। ਉਸ ਨੂੰ ਸੈਰ ਲਈ ਮਿਲਿਆ ਛੇ ਮਹੀਨੇ ਦਾ ਅਰਸਾ ਪੂਰਾ ਹੋਣ ਵਾਲਾ ਹੋ ਗਿਆ ਸੀ। ਇੱਕਦਮ ਉਸ ਨੂੰ ਫ਼ਿਕਰਾਂ ਨੇ ਆ ਜਕੜਿਆ ਸੀ। ਉਹ ਅਮਰੀਕਾ ਜਾਣ ਲਈ ਕੋਈ ਵੀ ਸਬੀਲ ਨਹੀਂ ਜੁਟਾ ਸਕਿਆ ਸੀ ਤੇ ਕੁੱਝ ਦਿਨਾਂ ਵਿੱਚ ਹੀ ਉਸ ਨੂੰ ਇੰਗਲੈਂਡ ਰਹਿਣ ਦੀ ਮਨਜ਼ੂਰੀ ਦੀ ਮੁਨਿਆਦ ਵੀ ਸਮਾਪਤ ਹੋ ਜਾਣੀ ਸੀ। ਦਿਨ ਰਾਤ ਉਸ ਨੂੰ ਚਿੰਤਾ ਤੇ ਤੋੜ ਜਿਹੀ ਲੱਗੀ ਰਹਿੰਦੀ ਸੀ। ਅਗਾਂਹ ਜਾਣ ਦਾ ਉਸ ਕੋਲ ਸਾਧਨ ਨਹੀਂ ਸੀ ਤੇ ਪਿੱਛੇ ਉਹ ਮੁੜਨਾ ਨਹੀਂ ਸੀ ਚਾਹੁੰਦਾ। ਫਿਰ ਮਿਆਦ ਪੂਰੀ ਹੋਈ ਤੇ ਵਾਪਸ ਜਾਣ ਦੀ ਬਜਾਏ ਉਹ ਪਾਲ ਦੀ ਸਲਾਹ ਨਾਲ ਚੁੱਭੀ ਮਾਰ ਗਿਆ ਸੀ। ਕੁੱਝ ਚਿਰ ਮਗਰੋਂ ਹੀ ਉਸ ਦੀ ਚਾਹ ਨੂੰ ਰਾਹ ਵੀ ਨਿਕਲ ਆਈ ਸੀ।
ਲੈਸਟਰ ਸ਼ਹਿਰ ਬਰਤਾਨੀਆਂ ਵਿੱਚ ਕੱਪੜੇ ਦੇ ਵਪਾਰ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਦੂਰੋਂ ਦੂਰੋਂ  ਇਸ ਕਿੱਤੇ ਨਾਲ ਸੰਬੰਧਿਤ ਬੰਦੇ ਉਥੇ ਆਉਂਦੇ ਜਾਂਦੇ ਰਹਿੰਦੇ ਹਨ। ਪਾਲ ਵੀ ਅਕਸਰ ਲੈਸਟਰੋਂ ਸਸਤਾ ਕੱਪੜਾ ਲੈਣ ਲਈ ਚਲਿਆ ਜਾਂਦਾ ਹੁੰਦਾ ਸੀ। ਪਾਲ ਤੁਰਿਆ ਫਿਰਿਆ ਤੇ ਹੰਢਿਆ ਹੋਇਆ ਬੰਦਾ ਸੀ। ਪਾਲ ਨੇ ਆਪਣੀ ਪਹੁੰਚ ਸਦਕਾ ਲੈਸਟਰ ਦੇ ਕਿਸੇ ਵਪਾਰੀ ਦਾ ਪਾਸਪੋਰਟ ਜਸਵਿੰਦਰ ਲਈ ਖਰੀਦ ਕੇ ਲਿਆ ਦਿੱਤਾ ਸੀ। ਉਸ ਵਿਅਕਤੀ ਦਾ ਇੰਡੀਆ ਗਏ ਦਾ ਕਤਲ ਹੋ ਗਿਆ ਸੀ। ਜਸਵਿੰਦਰ ਨੇ ਕੱਝ ਹੋਰ ਰੋਕੜੇ ਖਰਚ ਕੇ ਪੀਟਰਬਰਾਅ ਤੋਂ ਉਸ ਪਾਸਪੋਰਟ ਪੁਰ ਹੇਰਾ-ਫੇਰੀ ਨਾਲ ਆਪਣੀ ਫੋਟੋ ਲਵਾ ਲਈ ਸੀ। ਜਸਵਿੰਦਰ ਦੀ ਸਾਰੀ ਸ਼ਨਾਖ਼ਤ ਬਦਲ ਗਈ ਸੀ। ਖੁਸ਼ਕਿਸਮਤੀ ਨਾਲ ਪਾਸਪੋਰਟ ਵਾਲੇ ਮਰੇ ਹੋਏ ਬੰਦੇ ਦਾ ਨਾਂ ਵੀ ਜਸਵਿੰਦਰ ਹੀ ਹੋਣ ਕਰਕੇ ਉਸ ਨੂੰ ਆਪਣਾ ਨਾਮ ਨਹੀਂ ਸੀ ਬਦਲਣਾ ਪਿਆ। ਇੰਝ ਜਸਵਿੰਦਰ ਹੀ ਪਾਸਪੋਰਟ ਦਾ ਅਸਲੀ ਮਾਲਕ ਬਣ ਗਿਆ ਸੀ। ਇਹ ਕੰਮ ਰਾਸ ਆ ਜਾਣ ਕਾਰਨ ਉਸ ਨੇ ਅਮਰੀਕਾ ਦਾ ਖ਼ਿਆਲ ਤਿਆਗ ਕੇ ਇੰਗਲੈਂਡ ਹੀ ਸੈਟਲ ਹੋਣ ਦਾ ਵਿਚਾਰ ਬਣਾ ਲਿਆ।
ਉਥੇ(ਅਮਰੀਕਾ) ਕਿਹੜਾ ਜਾ ਕੇ ਜੱਜ ਲੱਗ ਜਾਣਾ ਸੀ। ਫਰਿੱਜ਼ਨੋ 'ਚ ਸੌਗੀਆਂ ਹੀ ਤੋੜਨੀਆਂ ਸੀ। ਮਿੱਟੀ ਨਾਲ ਤਾਂ ਘੁਲਦੇ ਇੰਡੀਆ ਚੋਂ ਆਏ ਆਂ। ਇੱਥੇ ਹੀ ਵਧੀਆ ਹੈ,  ਨਾਲੇ ਇੱਥੇ ਮੁਫਤ ਡਾਕਟਰੀ ਇਲਾਜ਼, ਬੇਰੋਜਗਾਰੀ ਭੱਤੇ, ਫਰੀ ਤਾਲਿਮ, ਇੰਨਕਮ ਸਪੋਰਟ, ਫੈਮਿਲੀ ਕਰੈਡਟਤੇ ਹੋਰ ਕਿੰਨੀਆਂ ਸਹੂਲਤਾਂ ਨੇ। ਹਰ ਬਰਤਾਨਵੀ ਨਾਗਰਿਕ ਨੂੰ ਉਪਲਬਧ ਹੋਣ ਵਾਲੀਆਂ ਸੁਵਿਧਾਵਾਂ ਬਾਰੇ ਸੋਚ ਕੇ ਜਿੰਨ੍ਹਾ ਦਾ ਕਿ ਹੁਣ ਜਸਵਿੰਦਰ ਖੁਦ ਵੀ ਹੱਕਦਾਰ ਬਣ ਗਿਆ ਸੀ, ਉਸ ਦਾ ਦਿਮਾਗ ਉੱਤਲੀਆਂ ਹਵਾਵਾਂ ਵਿੱਚ ਹੋ ਜਾਂਦਾ ਸੀ।
ਪਾਲ ਦਾ ਮਾਣ-ਤਾਣ ਤਾਂ ਜਸਵਿੰਦਰ ਪਹਿਲਾਂ ਹੀ ਬਹੁਤ ਕਰਦਾ ਸੀ। ਪਰ ਜਦੋਂ ਦਾ ਪਾਲ ਨੇ ਪੌਂਡ ਖਰਚ ਕੇ ਜਸਵਿੰਦਰ ਨੂੰ ਪੱਕਾ ਕਰਵਾ ਦਿੱਤਾ ਸੀ। ਉਹ ਉਸ ਦਾ ਹੋਰ ਵੀ ਜ਼ਿਆਦਾ ਤਿਉ ਕਰਨ ਲੱਗ ਪਿਆ ਸੀ। ਬਲਕਿ ਉਸ ਤੋਂ ਜ਼ਿੰਦ ਵਾਰਨ ਲੱਗ ਪਿਆ ਸੀ।
ਆਦਮੀ ਨੂੰ ਸਦਾ ਉਮਰ ਹੀ ਤਾਂ ਛੋਟਾ ਵੱਡਾ ਨਹੀਂ ਬਣਾਉਂਦੀ। ਕਈ ਵਾਰੀ ਕਰਮ, ਪੈਸਾ, ਰੁਤਬਾ ਅਤੇ ਸ਼ੁਹਰਤ ਜਿਹੀਆਂ ਚੀਜ਼ਾਂ ਵੀ ਇਨਸਾਨ ਦੇ ਕੱਦ ਨੂੰ ਸੁੰਗਾੜ ਕੇ ਛੋਟਾ ਤੇ ਖਿੱਚ ਕੇ ਵੱਡਾ ਕਰਦਿਆ ਕਰਦੀਆਂ ਹਨ। ਭਾਵੇਂ ਪਾਲ ਜਸਵਿੰਦਰ ਨਾਲੋਂ ਸਾਲ ਛੋਟਾ ਹੀ ਸੀ। ਪਰ ਫੇਰ ਵੀ ਪਾਲ ਨੰੂੰ ਭਾਜੀ-ਭਾਜੀ ਕਰਦੇ ਦਾ ਉਸ ਦਾ ਮੂੰਹ ਨਹੀਂ ਸੀ ਥੱਕਦਾ ਹੁੰਦਾ। ਪਾਲ ਤੇ ਜਸਵਿੰਦਰ ਵਿੱਚ ਸਾਲੇ ਭਣੋਇਏ ਵਾਲੀ ਕੋਈ ਗੱਲ ਨਹੀਂ ਸੀ। ਉਹਨਾਂ ਵਿੱਚ ਤਾਂ ਯਾਰਾਂ ਵਾਲੀ ਮੁਹੱਬਤ ਤੇ ਭਾਈਆਂ ਵਾਲਾ ਪਿਆਰ ਸੀ।
ਉਂਝ ਤਾਂ ਜਸਵਿੰਦਰ ਪਹਿਲਾਂ ਵੀ ਸੁਬ੍ਹਾ-ਸ਼ਾਮ ਕੋਹਲੂ ਦਾ ਬਲਦ ਬਣਿਆ ਰਹਿੰਦਾ ਸੀ। ਪਰ ਹੁਣ ਸ਼ੁਕਰਾਨੇ ਵਜੋਂ ਹੋਰ ਵੀ ਜੀਅ ਜਾਨ ਨਾਲ ਜ਼ੋਰ ਲਾ ਕੇ ਕੰਮ ਕਰਨ ਲੱਗ ਪਿਆ ਸੀ। ਪਾਲ ਹੋਰਾਂ ਨੂੰ ਰੋਟੀ ਅਤੇ ਇੱਕ ਬੱਝੀ ਤਨਖ਼ਾਹ 'ਤੇ ਇਹ ਮਸ਼ੀਨੀ ਮਨੁੱਖ ਮਹਿੰਗਾ ਨਹੀਂ ਸੀ। ਉਹ ਵੀ ਜਸਵਿੰਦਰ ਨਾਮੀ ਇਸ ਰੋਬਟ ਨੂੰ ਚਮ੍ਹਲਾ ਕੇ ਉਸ ਦਾ ਰੱਜ ਕੇ ਚੰਮ ਲਾਉਂਦੇ ਰਹੇ ਸਨ।
ਫਿਰ ਸਾਲ ਦਾ ਉਹ ਵਕਤ ਆਇਆ ਸੀ ਜਦੋਂ ਕੇਵਲ ਯੂ ਕੇ ਦੇ ਹੀ ਨਹੀਂ ਤਕਰੀਬਨ ਸਾਰੇ ਯੂਰਪ ਦੇ ਕਾਰੋਬਾਰ ਮੱਠੇ ਪੈ ਜਾਂਦੇ ਹਨ। ਪਾਲ ਦਾ ਕੰਮ ਵੀ ਮੰਦਾ ਹੋ ਗਿਆ ਸੀ। ਫਿਰ ਨੰਵਬਰ ਦਸੰਬਰ ਵਿੱਚ ਮੁੜ ਸਰਗਰਮ ਹੋਣਾ ਸੀ। ਜਸਵਿੰਦਰ ਨੂੰ ਵੀ ਕੁੱਝ ਸਾਹ ਆਉਣ ਲੱਗਿਆ ਸੀ। ਉਸ ਨੇ ਆਪਣੇ ਬਾਰੇ ਕੁੱਝ ਸੋਚਣਾ ਸ਼ੁਰੂ ਕੀਤਾ ਸੀ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਆਪਣੇ ਪਾਸਪੋਰਟ ਦੇ ਦਰਸ਼ਨ ਕਰਨੇ ਨਹੀਂ ਸੀ ਭੁੱਲਦਾ। ਜਦੋਂ ਕਦੇ ਵਿਹਲ ਮਿਲਦਾ ਤਾਂ ਲਾਲ ਰੰਗ ਦੇ ਪਾਸਪੋਰਟ ਨੂੰ ਹੀ ਪਲੋਸੀ ਜਾਂਦਾ ਰਹਿੰਦਾ ਸੀ। ਪਾਸਪੋਰਟ ਜਾਣੀ ਉਸ ਲਈ ਬਹੁਤ ਵੱਡੀ ਪ੍ਰਾਪਤੀ ਸੀ। ਓਵਰ ਸਟੇਅ ਉਪਰੰਤ ਉਸ ਦਾ ਪੈਦਾ ਹੋਇਆ ਡਰ ਮੂਲੋਂ ਹੀ ਚੁੱਕਿਆ ਗਿਆ ਸੀ। ਹੁਣ ਉਹ ਕੁੱਝ ਰਾਹਤ ਤੇ ਬੇਫ਼ਿਕਰੀ ਮਹਿਸੂਸ ਕਰ ਰਿਹਾ ਸੀ। ਉਸ ਦੇ ਦਿਲ ਵਿੱਚ ਕੋਈ ਧੜਕਾ ਨਹੀਂ ਸੀ। ਉਸ ਨੇ ਸ਼ੁਕਰ ਕੀਤਾ ਸੀ ਕਿ ਉਹ ਪੱਕਾ ਹੋ ਗਿਆ। ਹੁਣ ਉਹ ਵਤਨੀ ਜਾ ਕੇ ਮਨਪਸੰਦ ਵਧੂ ਚੁਣਨ ਦੇ ਸਮਰੱਥ ਹੋ ਗਿਆ ਸੀ। ਕਿਉਂਕਿ ਵਲਾਇਤੀ ਖਾਂਦੇ ਪੀਂਦੇ ਘਰਾਂ ਦੀਆਂ ਕੁੜੀਆਂ ਕਿੱਥੇ ਇੰਡੀਆ ਦੇ ਮੁੰਡਿਆਂ ਨੂੰ ਨੱਕ ਦਿੰਦੀਆਂ ਹਨ। ਫਿਰ ਸਮਝਦਾਰ ਸਾਊ ਸ਼ਰੀਫ਼ ਮਾਪੇ ਵੀ ਇਲਲੀਗਲ ਮੁੰਡੇ ਨਾਲ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਤੁਰਨ ਤੋਂ ਪਹਿਲਾਂ ਹੀ ਕੋਰਾ ਜੁਆਬ ਦੇ ਦਿੰਦੇ ਹਨ। ਅਗਲਾ ਝੰਜਟਾਂ ਵਿੱਚ ਕਿਉਂ ਪਵੇ, ਇੰਗਲੈਂਡ ਵਿੱਚ ਕਿਹੜਾ ਮੁੰਡਿਆਂ ਦਾ ਕਾਲ ਪਿਆ ਹੈ।
ਹੁਣ ਉਹਨੂੰ ਦੇਖ ਕੇ ਮੱਖੀ ਵੀ ਨਹੀਂ ਸੀ ਨਿਗਲਣੀ ਪੈਣੀ। ਯਾਨੀ ਕਿਸੇ ਚਾਲੂ ਰੰਨ ਨਾਲ ਪੱਕੇ ਹੋਣ ਲਈ ਵਿਆਹ ਨਹੀਂ ਸੀ ਕਰਵਾਉਣਾ ਪੈਣਾ। ਨਾ ਕਿਸੇ ਗੋਰੀ ਨੂੰ ਥੱਬਾ ਪੌਂਡਾਂ ਦਾ  ਦੇ ਕੇ ਪਹਿਲਾਂ ਜਾਹਲੀ ਵਿਆਹ ਲਈ ਰਾਜ਼ੀ ਕਰਨਾ ਪੈਣਾ ਸੀ ਤੇ ਨਾ ਪਿੱਛੋਂ ਫੇਰ ਦੋ ਚਾਰ ਹਜ਼ਾਰ ਪੌਂਡ ਮੱਥੇ ਮਾਰ ਕੇ ਖਹਿੜਾ ਹੀ ਛੁਡਾਉਣਾ ਪੈਣਾ ਸੀ। ਕਈ ਬਲਾਵਾਂ ਨੂੰ ਤਾਂ ਪਤਾ ਹੁੰਦਾ ਹੈ ਬਈ ਏਸ਼ੀਅਨ ਪੱਕੇ ਹੋਣ ਲਈ ਕੁੱਝ ਵੀ ਕਰ ਸਕਦੇ ਨੇ, ਕੋਈ ਵੀ ਕੀਮਤ ਉਤਾਰ ਸਕਦੇ ਨੇ। ਤਾਂ ਹੀ ਤਾਂ ਫਿਰ ਬਾਅਦ ਵਿੱਚ ਉਹ ਮਗਰੋਂ ਲਹਿਣ ਦਾ ਨਾਂ ਵੀ ਨਹੀਂ ਲੈਂਦੀਆਂ। ਜੋਕਾਂ ਵਾਂਗੂੰ ਖੂਨ ਚੂਸਦੀਆਂ ਰਹਿੰਦੀਆਂ ਹਨ। ਬਲੈਕ ਮੇਲ ਕਰਨ ਲੱਗ ਜਾਂਦੀਆਂ ਹਨ। ਜਿੰਨਾ ਚਿਰ ਬੰਦਾ ਪੱਕਾ ਨਹੀਂ ਹੁੰਦਾ ਨੋਟਾਂ ਨੂੰ ਈ ਥੁੱਕ ਲਵਾਈ ਜਾਂਦੀਆਂ ਰਹਿੰਦੀਆਂ ਹਨ। ਜਸਵਿੰਦਰ ਨੂੰ ਇਸ ਤਰ੍ਹਾਂ ਦਾ ਨਾ ਹੀ ਕੋਈ ਹੋਰ ਹੁਲਾ ਫੱਕਣਾ ਪੈਣਾ ਸੀ। ਉਹ ਅਜਿਹੇ ਸਾਰੇ ਚੱਕਰਾਂ ਤੋਂ ਬਚ ਗਿਆ ਸੀ। ਹੁਣ ਉਹ ਵੀ ਫ਼ੌਰਨਰਾਂ ਵਾਂਗਰ ਛਾਂਟਵੀ ਕੁੜੀ ਨਾਲ ਵਿਆਹ ਕਰਵਾ ਸਕਦਾ ਸੀ। ਉਹ ਖ਼ਿਆਲਾਂ ਵਿੱਚ ਹਰ ਸਮੇਂ ਟੰਮਣੇ ਉੱਤੇ ਚੜ੍ਹਿਆ ਰਹਿੰਦਾ ਸੀ। ਕਲਪਨਾ ਦੇ ਖੰਭ ਲਾ ਕੇ ਸੁਪਨਿਆਂ ਦੇ ਸੁਨਿਹਰੀ ਅੰਬਰ ਵਿੱਚ ਗੁਆਚ ਜਾਂਦਾ ਸੀ।
ਬਸ ਆਹ ਕ੍ਰਿਸਮਿਸ ਦਾ ਸੀਜਨ ਲਾ ਕੇ ਇੰਡੀਆ ਵਿਆਹ ਕਰਵਾਉਣ ਜਾਊਂ। ਫੇਰ ਸੁੱਖ ਹੀ ਸੁੱਖ ਹੋਵੇਗਾ । ਧੰਦ ਨ੍ਹੀਂ ਪਿੱਟਣਾ ਪਊ। ਟੌਰ ਨਾਲ ਪੰਜ ਦਿਨ ਕੰਮ ਕਰਿਆ ਕਰਾਂਗੇ। ਸੰਡੇ ਦੋਨੋਂ ਜੀਅ ਗੁਰਦੁਆਰੇ ਜਾਇਆ ਕਰਾਂਗੇ ਸੈਚਰਡੇਅ ਸ਼ਾਪਿੰਗ ਕਰਿਆ ਕਰਾਂਗੇ। ਮੇਰੇ ਹੱਥਾਂ ਵਿੱਚ ਖਰੀਦੀਆਂ ਖਾਣ ਵਾਲੀਆਂ ਵਸਤਾਂ ਦੇ ਭਰੇ ਭਾਰੀ ਬੈਗ ਹੋਇਆ ਕਰਨਗੇ। ਮੈਨੂੰ ਭਾਰ ਨਾਲ ਔਖਾ ਹੁੰਦਾ ਦੇਖ ਕੇ ਸ੍ਰੀ ਮਤੀ ਮੇਰਾ ਹੱਥ ਵਟਾਉਣ ਲਈ ਕਿਹਾ ਕਰੇਗੀ, "ਮੈਂ ਕਿਹਾ ਲਿਆਉ ਜੀ, ਇੱਕ ਲਿਫ਼ਾਫ਼ਾ ਮੈਂ ਚੁੱਕ ਲੈਂਦੀ ਆਂ।"
ਮੈਂ ਸਗੋਂ ਅੱਗੋਂ ਉਸ ਨੂੰ ਘੂਰ ਕੇ ਜੁਆਬ ਦਿਆ ਕਰਾਂਗਾ, "ਮੈਂ ਚੁੱਕੇ ਤਾਂ ਹੋਏ ਨੇ। ਤੂੰ ਚੁੱਪ ਕਰਕੇ ਨਿਆਣੇ ਦੀ ਪਰਾਮ ਨੂੰ ਹੀ ਪੁਸ਼(ਧੱਕਣਾ) ਕਰੀ ਚੱਲ।"
ਫਿਰ ਪਰਾਮ ਵਿੱਚ ਪਿਆ ਮੁੰਡਾ ਸਾਡੀ ਵਾਰਤਾਲਾਪ ਨਾ ਸਮਝਦਾ ਹੋਇਆ ਵੀ ਖਿੜ ਜਾਇਆ ਕਰੇਗਾ। ਉਸ ਨੂੰ ਖੁਸ਼ੀ ਵਿੱਚ ਖੀਵਾ ਹੋਇਆ ਦੇਖ  ਸਾਡੇ ਆਦਮੀ ਤ੍ਰੀਮਤ ਦੇ ਚਿਹਰੇ ਵੀ ਪ੍ਰਸੰਨਤਾ ਦੀ ਭਾ ਮਾਰਨ ਲੱਗ ਜਾਇਆ ਕਰਨਗੇ।
ਇਸ ਤਰ੍ਹਾਂ ਸੋਚ ਕੇ ਜਸਵਿੰਦਰ ਦਾ ਤਨ ਮਨ ਵਿਸਮਾਦ ਵਿੱਚ ਸਮੋਇਆ ਜਾਂਦਾ ਸੀ। ਉਹ ਆਪਣੇ ਆਪ ਨੂੰ ਘਸਮੈਲੇ ਜਿਹੇ ਵਾਲਪੇਪਰ ਵਾਲੇ ਕਮਰੇ ਦੀ ਬਜਾਏ ਬੈਕੁੰਠ ਵਿੱਚ ਬੈਠਾ ਮਹਿਸੂਸ ਕਰਦਾ ਸੀ।
ਕ੍ਰਿਸਮਿਸ ਬੀਤ ਗਈ ਸੀ। ਨਵਾਂ ਸਾਲ ਵੀ ਚੜ੍ਹ ਗਿਆ ਸੀ। ਤੇ ਜਨਵਰੀ ਵੀ ਲੰਘ ਗਈ ਸੀ। ਮੱਧ ਫਰਵਰੀ ਆ ਗਈ ਸੀ। ਜਸਵਿੰਦਰ ਨੇ ਜਮ੍ਹਾਂ ਕੀਤੀ ਰਾਸ਼ੀ ਦਾ ਜੋੜ ਕੀਤਾ ਸੀ ਤਾਂ ਰਕਮ ਦੇ ਹਿੰਦਸੇ ਤੱਕ ਕੇ ਉਸ ਦਾ ਮਨ ਗੱਦ-ਗੱਦ ਹੋ ਉੱਠਿਆ ਸੀ। ਅਗਲੇ ਹੀ ਦਿਨ ਉਹ ਹੈਂਡਸਵਰਥ ਤੋਂ ਚਾਈਂ-ਚਾਈਂ ਇੰਡੀਆ ਜਾਣ ਲਈ ਹਵਾਈ ਟਿਕਟਾਂ ਦਾ ਪਤਾ ਕਰਨ ਚਲਿਆ ਗਿਆ ਸੀ। ਜਦੋਂ ਘਰ ਪਰਤ ਕੇ ਆਇਆ ਸੀ ਤਾਂ ਆਉਂਦੇ ਨੂੰ ਪਾਲ ਬੈਠਾ ਉਸ ਨੂੰ ਉਡੀਕ ਰਿਹਾ ਸੀ। ਇਸ ਤੋਂ ਪਹਿਲਾਂ ਕਿ ਜਸਵਿੰਦਰ ਪਾਲ ਨੂੰ ਆਪਣੀ ਯੋਜਨਾ ਤੋਂ ਜਾਣੂ ਕਰਵਾਉਂਦਾ। ਪਾਲ ਨੇ ਆਪਣਾ ਮਨਸੂਬਾ ਦੱਸ ਕੇ ਜਸਵਿੰਦਰ ਨੂੰ ਦੁਰਮਟ ਨਾਲ ਜ਼ਮੀਨ 'ਤੇ ਕੁੱਟੀਆਂ ਰੋੜੀਆਂ ਵਾਂਗ, ਜਿਸ ਕੁਰਸੀ ਉੱਪਰ ਉਹ ਬੈਠਾ ਸੀ ਉਸੇ ਵਿੱਚ ਧਸੋ ਦਿੱਤਾ ਸੀ।
ਜੋ ਇਨਸਾਨ ਸੋਚਦਾ ਹੈ, ਸਦਾ ਉਸੇ ਤਰ੍ਹਾਂ ਹੀ ਤਾਂ ਨਹੀਂ ਹੁੰਦਾ। ਪਾਲ ਨੇ ਨਵਾਂ ਹੀ ਟੰਟਾ ਖੜ੍ਹਾ ਕਰ ਦਿੱਤਾ ਸੀ। ਜਸਵਿੰਦਰ ਦੀਆਂ ਸਾਰੀਆਂ ਸੱਧਰਾਂ ਉੱਪਰ ਪਾਣੀ ਫਿਰ ਗਿਆ ਸੀ। ਉਸ ਦੇ ਸਿਆਹੀ ਨਾਲ ਲਿਖੇ ਹਰਫ਼ਾਂ ਵਰਗੇ ਅਰਮਾਨ ਮਜਬੂਰੀ ਦੇ ਪਾਣੀ ਵਿੱਚ ਭਿੱਜ ਕੇ ਅਲੋਪ ਹੋਣ ਲੱਗੇ ਸਨ। ਪਾਲ ਦੀ ਗੱਲ ਸੁਣ ਕੇ ਜਸਵਿੰਦਰ ਉਹਨੂੰ ਚੁੱਪ ਨਾਲੋਂ ਢੁਕਵਾਂ ਕੋਈ ਜੁਆਬ ਨਹੀਂ ਸੀ ਦੇ ਸਕਿਆ। ਪਾਲ ਨੇ ਮੰਗ ਹੀ ਅਜਿਹੀ ਰੱਖੀ ਸੀ ਕਿ ਕਾਗ਼ਜ਼ਾਂ ਵਿੱਚ ਵਿਆਹ ਕਰਵਾ ਕੇ ਉਹਦੀ ਭੈਣ ਨੂੰ ਇੰਗਲੈਂਡ ਵਾੜੇ। ਯਕਾਯਕ ਉਸ ਨੂੰ ਕੋਈ ਗੱਲ ਨਹੀਂ ਸੀ ਅਹੁੜੀ। ਫਿਰ ਉਸ ਨੇ ਮੂੰਹ ਖੋਲ੍ਹਿਆ ਸੀ ਤੇ ਇੱਕ ਵਾਕ ਆਪ ਮੁਹਾਰੇ ਉਸ ਦੇ ਮੁਖਾਰਬਿੰਦ ਤੋਂ ਉਚਾਰਿਆ ਗਿਆ ਸੀ, "ਪਰ ਇਹ ਕਿਵੇਂ ਮੁਮਕਿਨ ਹੋ ਸਕਦਾ ਭਾ ਜੀ? ਆਪਣਾ ਰਿਸ਼ਤਾ ਤਾਂ…।" ਕੁੱਝ ਦੇਰ ਸੋਚਣ ਮਗਰੋਂ ਜਸਵਿੰਦਰ  ਨੇ ਗਲੋਂ ਪੰਜ਼ਾਲੀ ਲਾਹੁਣ ਦਾ ਇਹ ਨਿਮਾਣਾ ਜਿਹਾ ਯਤਨ ਕਰਿਆ ਸੀ।
"ਆਪਾਂ ਕਿਹੜਾ ਸੱਚੀਂ-ਮੁੱਚੀਂ ਕੁੱਝ ਕਰਨੈ। ਐਵੇਂ ਡਰਾਮਾ ਜਿਹਾ ਕਰਨ ਲਈ ਬਸ ਫੋਟੋਆਂ ਖਿਚਵਾਉਣੀਆਂ ਨੇ ਤੇ ਮੂਵੀ ਬਣਾ ਲੈਣੀ ਹੈ। ਕਾਗ਼ਜ਼ੀ ਵਿਆਹ ਕਰਕੇ ਦਿੱਲੀ ਸੱਚ ਸਾਬਤ ਕਰ ਦੇਵਾਂਗੇ। ਕੁੜੀ ਦੇ ਇੱਥੇ ਆਈ ਤੋਂ ਤੂੰ ਅਜ਼ਾਦ ਹੈਂ।" ਪਾਲ ਨੇ ਆਪਣੇ ਤਜ਼ਰਬੇ ਦੇ ਅਧਾਰ 'ਤੇ ਤਿਆਰ ਕੀਤੀ ਸਕੀਮ ਉਹਦੇ ਅੱਗੇ ਸਪਸ਼ਟ ਰੂਪ ਵਿੱਚ ਮੂਰਤੀਮਾਨ ਕਰ ਦਿੱਤੀ ਸੀ।
ਜਸਵਿੰਦਰ ਨੇ ਦਿਮਾਗੀ ਕੈਲਕੁਲੇਟਰ ਵਿੱਚ ਜੋੜ-ਤੋੜ ਕਰ ਕੇ ਦੇਖਿਆ ਸੀ। ਛੇ ਮਹੀਨੇ ਕੁੜੀ ਨੂੰ ਇੰਡੀਆ ਤੋਂ ਆਉਣ ਨੂੰ ਲੱਗ ਜਾਣੇ ਨੇ। ਸਾਲ ਮਗਰੋਂ ਉਹ ਪੱਕੀ ਹੋਊਗੀ ਤੇ ਫੇਰ ਕਿਤੇ ਜਾ ਕੇ ਡਾਇਵੋਰਸ ਲਈ ਅਪਲਾਈ ਹੋਣਾ ਹੈ। ਸਾਲ ਛੇ ਮਹੀਨੇ ਕੇਸ ਲਟਕਣ ਮਗਰੋਂ ਕਿਤੇ ਡਿਕਰੀ ਐਪਸੂਲੂਟ ਮਿਲਣੀ ਹੈ।
ਜਸਵਿੰਦਰ ਕਸੂਤਾ ਫਸ ਗਿਆ ਸੀ। ਉਸ ਲਈ ਸੱਪ ਦੇ ਮੂੰਹ ਕੋਹੜ ਕਿਰਲੇ ਵਾਲੀ ਸਥਿਤੀ ਪੈਦਾ ਹੋ ਗਈ ਸੀ। ਜੇ ਜੁਆਬ ਦਿੰਦਾ ਸੀ ਤਾਂ ਅਹਿਸਾਨ ਫ਼ਰਾਮੋਸ਼ ਕਹਾਉਂਦਾ ਸੀ ਤੇ ਰਿਸ਼ਤੇਦਾਰਾਂ ਨਾਲੋਂ ਟੁੱਟਦਾ ਸੀ। ਜੇ ਹਾਂ ਕਰਦਾ ਸੀ ਤਾਂ ਆਪਣੀ ਜ਼ਿੰਦਗੀ ਖ਼ਰਾਬ ਕਰਦਾ ਸੀ। ਭਾਵੇਂ ਵਿਆਹ ਕਾਗ਼ਜ਼ਾਂ ਵਿੱਚ ਹੀ ਹੋਣਾ ਸੀ। ਇਸ ਤਰ੍ਹਾਂ ਵੀ ਉਹ ਦੋ ਸਾਲਾਂ ਲਈ ਬੰਨ੍ਹਿਆ ਜਾਂਦਾ ਸੀ। ਲੋਕਾਂ ਵਿੱਚ ਜਿਹੜੀ ਦੰਦ ਕਥਾ ਹੋਣੀ ਸੀ, ਉਹ ਵਾਧੂ ਦੀ। ਕੱਲ੍ਹ ਨੂੰ ਉਹਨੇ ਵੀ ਤਾਂ ਵਿਆਹ ਕਰਵਾਉਣਾ ਸੀ। ਅਗਲੇ ਨੇ ਤਾਂ ਉਹਨੂੰ ਦੁਹਾਜੂ ਹੀ ਮੰਨਣਾ ਸੀ।
"ਤੁਹਾਡੀ ਗੱਲ ਤਾਂ ਮੰਨ ਲੈਂਦਾ। ਪਰ ਭਾਜੀ ਮੈਂ ਤਾਂ ਆਪ ਇੰਡੀਆ ਜਾ ਕੇ ਵਿਆਹ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ।" ਜਸਵਿੰਦਰ ਨੇ ਗੱਡੇ ਨਾਲ ਕੱਟਾ ਬੰਨ੍ਹਿਆ ਸੀ।
"ਕੋਈ ਨ੍ਹੀਂ ਤੂੰ ਅੜਕ ਕੇ ਕਰਾ ਲੀਂ।"
"ਪਰ ਹੁਣ ਰਿਸ਼ਤਾ ਆਉਂਦਾ ਸੀ ਇੱਕ।" ਜਸਵਿੰਦਰ ਨੇ ਖਹਿੜਾ ਛੁਡਾਉਣ ਲਈ ਐਵੇਂ ਆਪਣੇ ਕੋਲੋਂ ਗੱਲ ਬਣਾ ਕੇ ਛੱਡ ਦਿੱਤੀ ਸੀ।
"ਤੇਰੇ 'ਚ ਕਿਹੜਾ ਕੋਈ ਬੱਜ-ਕੱਜ ਆ ਜਾਂ ਤੂੰ ਐਬੀ ਵੈਲੀ ਏ ਬਈ ਜੇ ਤੂੰ ਹੁਣ ਖੁੰਝ ਗਿਆ ਤਾਂ ਫੇਰ ਸਾਕ ਨ੍ਹੀਂ ਹੋਣਾ। ਕੋਈ ਨ੍ਹੀਂ ਕੀ ਫ਼ਰਕ ਪੈਂਦਾ ਹੈ। ਸਾਲ ਠਹਿਰ ਕੇ ਕਰਵਾ ਲੀਂ।" ਪਾਲ ਨੇ ਵਾਜਬ ਲਫ਼ਜ਼ਾਂ ਤੇ ਵਾਕਾਂ ਦੀ ਸ਼ੀਰੀ ਬੁਰਕੀ ਲਾ ਕੇ ਜਸਵਿੰਦਰ ਨੂੰ ਫਸਾਉਣ ਲਈ ਕੁੜਿੱਕੀ ਲਾ ਦਿੱਤੀ ਸੀ।
"ਤੁਹਾਨੂੰ ਪਤਾ ਹੀ ਹੈ ਇਕੱਲੇ ਬੰਦੇ ਦਾ ਕਿੱਥੇ ਸਰਦੈ?" ਜਸਵਿੰਦਰ ਨੇ ਢਿੱਲੇ ਜਿਹੇ ਮੂੰਹ ਨਾਲ ਆਪਣੀ ਖ਼ਸਤਾ ਕੈਫ਼ੀਅਤ ਅਤੇ ਅਸਮਰਥਤਾ ਦਾ ਪ੍ਰਦਰਸ਼ਨ ਕਰਿਆ ਸੀ।
"ਸਾਲ-ਖੰਡ ਦੀ ਤਾਂ ਗੱਲ ਐ ਸਾਰੀ। ਫੇਰ ਭਲਾ ਰੋਜ਼ ਵਿਆਹ ਕਰਵਾ ਲਿਆ ਕਰੀ। ਪਰ ਮਿੰਨਤ ਵਾਲੀ ਗੱਲ ਆ, ਮੇਰਾ ਵੀਰ  ਇਹ ਕੰਮ ਕਰ ਦੇ ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਦਾ।" ਪਾਲ ਜਸਵਿੰਦਰ ਦੇ ਪੈਰੀਂ ਹੱਥ ਲਾਉਣ ਤੱਕ ਗਿਆ ਸੀ।
ਜਸਵਿੰਦਰ ਨੇ ਪਾਲ ਦੀਆਂ ਆਪਣੇ ਕਦਮਾਂ ਵੱਲ ਵੱਧਦੀਆਂ ਬਾਹਵਾਂ ਫੜ ਕੇ ਰਸਤੇ ਵਿੱਚ ਹੀ ਰੋਕ ਲਈਆਂ ਸਨ, "ਇਹ ਕੀ ਕਰਦੇ ਹੋ ਭਾਜੀ? ਤੁਹਾਡੇ ਕਿਹੜਾ ਘੱਟ ਅਹਿਸਾਨ ਨੇ ਮੇਰੇ ਉੱਤੇ। ਇਸ ਮੁਲਖ ਵਿੱਚ ਤਾਂ ਸਕੇ ਅੱਖਾਂ ਫੇਰ ਜਾਂਦੇ ਨੇ। ਤੁਸੀਂ ਮੇਰਾ ਕਿੰਨਾ ਕੀਤਾ ਹੈ? ਤੁਹਾਡੇ ਬਿਨਾਂ ਮੇਰਾ ਕੌਣ ਸੀ ਇੱਥੇ?"
ਹੁਲਾਸ ਦੀ ਇੱਕ ਪੌਣ ਪਾਲ ਦੇ ਚਿਹਰੇ ਨੂੰ ਛੂਹ ਕੇ ਗੁਜ਼ਰੀ ਸੀ। ਪਾਲ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਹ ਅੜੀਅਲ ਘੋੜੇ 'ਤੇ ਕਾਠੀ ਪਾਉਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਜੇ ਕੋਈ ਦੇਰ ਸੀ ਤਾਂ ਸਿਰਫ਼ ਪਲਾਕੀ ਮਾਰ ਕੇ ਉਸ ਉੱਤੇ ਸਵਾਰ ਹੋਣ ਦੀ ਸੀ।
"ਚੰਗਾ ਭਾ ਜੀ ਹੁਣ ਖੜ੍ਹੇ ਪੈਰ ਤਾਂ ਮੈਂ ਕੁੱਝ ਨਹੀਂ ਦੱਸ ਸਕਦਾ। ਸਹਿਜ-ਮਤ ਨਾਲ ਸੋਚ ਕੇ ਦੱਸੂੰ।" ਜਸਵਿੰਦਰ ਨੇ ਕੋਈ ਹੱਲ ਢੁੰਡਣ ਦੇ ਮਕਸਦ ਨਾਲ ਕਿਹਾ ਸੀ।
"ਸੋਚਣਾ ਸੁਚਣਾ ਕੁੱਝ ਨ੍ਹੀਂ। ਇਹ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਹੈ। ਕੋਈ ਨ੍ਹੀਂ ਔਖਾ ਨਹੀਂ ਹੋਣ ਦਿੰਦੇ, ਤੇਰੇ ਡੰਗ ਟਪਾਉਣ ਦਾ ਇੰਤਜ਼ਾਮ ਵੀ ਕਰ ਦਿਆਂਗੇ।" ਪਾਲ ਨੇ ਫੈਸਲਾ ਸੁਣਾ ਦਿੱਤਾ ਸੀ।
ਜਸਵਿੰਦਰ ਨੇ ਬਥੇਰੇ ਹੱਥ ਪੈਰ ਮਾਰੇ ਸਨ। ਪਰ ਪਾਲ ਅੱਗੇ ਉਸ ਦੀ ਕੋਈ ਪੇਸ਼ ਨਹੀਂ ਗਈ ਸੀ। ਪਾਲ ਨੇ ਹਿੰਡ ਨਹੀਂ ਛੱਡੀ ਸੀ। ਜਸਵਿੰਦਰ ਨੇ ਜਦ ਦੇਖਿਆ ਸੀ ਕਿ ਹੁਣ ਪਾਲ ਦੀ ਗੱਲ ਮੰਨਣ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਤਾਂ ਉਸ ਨੇ ਫਸ ਗਈ ਤਾਂ ਫਟਕਣ ਕੀ? ਕਹਿ ਕੇ ਫੰਦਾ ਗਲ ਪੁਆ ਲਿਆ ਸੀ।  ਜਸਵਿੰਦਰ ਪਾਸੋਂ ਰਜ਼ਾਮੰਦੀ ਦੀ ਦੇਰੀ ਸੀ। ਪਾਲ ਨੇ ਸਭ ਬੰਦੋਬਸਤ ਪਹਿਲਾਂ ਹੀ ਕਰ ਰੱਖਿਆ ਸੀ। ਜਲਦ ਹੀ ਉਹ ਹਿੰਦੁਸਤਾਨ ਪਾਲ ਦੀ ਭੈਣ ਨਾਲ ਨਕਲੀ ਵਿਆਹ ਕਰਵਾਉਣ ਚਲਿਆ ਗਿਆ ਸੀ।
ਪਿੰਡ ਜਸਵਿੰਦਰ ਦੇ ਵਲਾਇਤੋਂ ਆਏ ਬਾਰੇ ਸੁਣ ਕੇ ਲੋਕਾਂ ਦੀਆਂ ਤਾਂ ਰਿਸ਼ਤਿਆਂ ਲਈ ਕਤਾਰਾਂ ਲੱਗ ਗਈਆਂ ਸਨ। ਉਸ ਨੂੰ ਇੱਕ ਤੋਂ ਇੱਕ ਵੱਧ ਕੇ ਰਿਸ਼ਤੇ ਆਉਣ ਲੱਗੇ ਸਨ। ਸਾਕਾਂ ਵਾਲੀ ਛਹਿਬਰ ਲੱਗੀ ਦੇਖ ਜਸਵਿੰਦਰ ਦਾ ਮਨ ਤਾਂ ਡੋਲਿਆ ਸੀ। ਪਰ ਉਹ ਅਕ੍ਰਿਤਘਣ ਨਹੀਂ ਸੀ। ਇਸ ਲਈ ਉਹ ਮਜਬੂਰਨ ਕਿਸੇ ਦਾ ਸਾਕ ਵੀ ਕਬੂਲ ਨਹੀਂ ਸੀ ਸਕਿਆ।
ਪਾਲ ਦੀ ਥਾਂ ਕੋਈ ਹੋਰ ਬੰਦਾਂ ਤੇ ਹੋਰ ਕੋਈ ਰਿਸ਼ਤੇਦਾਰੀ ਹੁੰਦੀ ਤਾਂ ਸ਼ਾਇਦ ਉਹ ਲੜ ਛੁਡਾ ਲੈਂਦਾ। ਪਰ ਪਾਲ ਲਈ ਤਾਂ ਉਸ ਦੇ ਦਿਲ ਵਿੱਚ ਭਗਵਾਨ ਵਾਂਗ ਪੂਜਣ ਯੋਗ ਦਰਜਾ ਸੀ। ਉਸ ਦੀ ਬਦੌਲਤ ਹੀ ਤਾਂ ਉਹ ਇੰਗਲੈਂਡ ਵਿੱਚ ਪੱਕਾ ਹੋਇਆ ਸੀ। ਪਾਲ ਨੇ ਉਸ ਨੂੰ ਰੋਜ਼ਗਾਰ ਦਿੱਤਾ ਸੀ ਤੇ ਉਸ ਨੂੰ ਸਾਂਭਿਆ ਸੀ। ਉਸ ਦੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਜਸਵਿੰਦਰ ਬਲੀ ਦਾ ਬੱਕਰਾ ਬਣ ਗਿਆ ਸੀ।
ਜਸਵਿੰਦਰ ਦੇ ਬ੍ਰਿਟਿਸ਼ ਸਿਟੀਜ਼ਨ ਹੋਣ ਕਰਕੇ ਪਾਲ ਦੀ ਭੈਣ ਨੂੰ ਵੀਜ਼ਾ ਲੱਗਣ ਵਿੱਚ ਕੋਈ ਰੁਕਾਵਟ ਨਹੀਂ ਸੀ ਆਈ। ਉਹ ਇੰਗਲੈਂਡ ਛੇਤੀ ਲੰਘ ਆਈ ਸੀ। ਪਰ ਤਲਾਕ ਕਿਹੜਾ ਉਦਣੇ ਹੀ ਹੋ ਜਾਣਾ ਸੀ। ਸਾਲ ਮਗਰੋਂ ਕੁੜੀ ਨੂੰ ਪੱਕੀ ਮੋਹਰ ਲੱਗਣੀ ਸੀ। ਓਨਾ ਚਿਰ ਤੱਕ ਤਾਂ ਤਲਾਕ ਬਾਰੇ ਜਸਵਿੰਦਰ ਸੁਪਨੇ ਵਿੱਚ ਵੀ ਸੋਚ ਨਹੀਂ ਸੀ ਸਕਦਾ। ਪਾਲ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਵਿਸ਼ੇਸ਼ ਸਨਮਾਨ ਮਿਲਣ ਲੱਗ ਗਿਆ ਸੀ।
ਜਸਵਿੰਦਰ ਭਾਵੇਂ ਦਿਲੋਂ ਖੁਸ਼ ਨਹੀਂ ਸੀ। ਪਰ ਕੰਮ ਹੁਣ ਵੀ ਉਹ ਉਸੇ ਲਗਨ ਨਾਲ ਹੀ ਕਰਦਾ ਰਿਹਾ ਸੀ। ਮਾਂ ਦੇ ਤਰਲੇ ਨਾਲ ਕਹੇ ਬੋਲ ਕਿਸੇ ਆਂਸਰਿੰਗ ਮਸ਼ੀਨ 'ਤੇ ਰਿਕਾਰਡ ਕੀਤੇ ਸੰਦੇਸ਼ ਵਾਂਗ ਜਸਵਿੰਦਰ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਸਨ। ਪੁੱਤ ਮਕਾਨ ਦਾ ਮੂੰਹ ਮੱਥਾ ਸਵਾਰ ਲਈਏ। ਕੱਲ੍ਹ ਨੂੰ ਤੁਹਾਡੇ ਦੋਨਾਂ ਭਾਈਆਂ ਦੇ ਵਿਆਹ ਕਰਨੇ ਨੇ।  ਅਗਲਾ ਘਰ ਬਾਰ ਵੀ ਦੇਖਦਾ ਹੈ।
ਜਸਵਿੰਦਰ ਸ਼ਰੀਰਕ ਪੱਖੋਂ ਤਕੜਾ, ਉਦਮੀ ਤੇ ਜਵਾਨ ਮੁੰਡਾ ਸੀ। ਜਦੋਂ ਦਾ ਉਹ ਇੰਗਲੈਂਡ ਆਇਆ ਸੀ। ਉਸ ਨੇ ਹੱਡ-ਤੋੜਵੀਂ ਮਿਹਨਤ ਕਰਦਿਆਂ ਰਾਤ ਦਿਨ ਇੱਕ ਕਰ ਦਿੱਤਾ ਸੀ। ਮਾਲ-ਮਤਾਹ ਕਮਾਉਣ ਲਈ ਉਹ ਅੱਗੇ ਵਾਂਗੂੰ ਹੁਣ ਵੀ ਹਰ ਸਮੇਂ ਕੰਮ ਵਿੱਚ ਹੀ ਖੁਭਿਆ ਰਹਿਣਾ ਚਾਹੁੰਦਾ ਸੀ। ਪਰ ਪਾਲ ਕਦੇ ਕਦੇ ਉਸ ਨੂੰ ਵੀ ਪੰਜ ਵਜੇ ਫ਼ੈਕਟਰੀ ਬੰਦ ਹੋਣ ਪਿੱਛੋਂ ਆਪਣੇ ਨਾਲ ਧੂਹ ਕੇ ਪੱਬ ਨੂੰ ਲੈ ਜਾਂਦਾ ਸੀ।
ਜਸਵਿੰਦਰ ਖਾਣ ਪੀਣ ਦਾ ਤਾਂ ਘੱਟ ਹੀ ਸ਼ੌਕੀਨ ਸੀ। ਇੱਕ ਅੱਧਾ ਗਿਲਾਸ ਪੀ ਕੇ ਉਸ ਦੀਆਂ ਅੱਖਾਂ ਵਿੱਚ ਲਾਲ ਡੋਰੇ ਪ੍ਰਗਟ ਹੋਣ ਲੱਗ ਜਾਂਦੇ ਸਨ। ਸ਼ਰੀਰ ਵਿੱਚ ਕੁਰਬਲ-ਕੁਰਬਲ ਜਿਹੀ ਹੋਣ ਲੱਗ ਜਾਂਦੀ ਸੀ। ਤੇ ਜਸਵਿੰਦਰ ਦੀ ਉਸ ਹਲਚਲ ਨੂੰ ਠੱਲ ਪਾਉਣ ਲਈ ਪਾਲ ਕੋਲੋਂ ਨਕਦ-ਨਰਾਇਣ ਖ਼ਰਚ ਕੇ ਜਸਵਿੰਦਰ ਨੂੰ ਕਿਸੇ ਗੋਰੀ ਕਾਲੀ ਦੇ ਫਲੈਟ ਵਿੱਚ ਵੜਦਾ ਕਰ ਦਿੰਦਾ ਸੀ। ਜਦੋਂ ਜਸਵਿੰਦਰ ਮੁੜਦਾ ਤਾਂ ਉਸ ਦੀ ਨਿਸ਼ਾ ਹੋਈ ਹੁੰਦੀ ਸੀ ਤੇ ਖੁਸ਼ੀ ਵਿੱਚ ਹੀ ਉਸ ਦੇ ਕਈ ਦਿਨ ਲੰਘ ਜਾਇਆ ਕਰਦੇ ਸਨ।
ਸਾਲ ਮਗਰੋਂ ਪਾਲ ਦੀ ਭੈਣ ਨੂੰ ਲੀਵ ਟੂ ਰਿਮੇਨ ਫਾਰ ਇਨਡੈਫ਼ਿਨਿਟ ਪੀਰੀਅਡ (ਅਣਨਿਰਧਾਰਤ ਸਮੇਂ ਲਈ ਰਹਿਣ ਦੀ ਆਗਿਆ) ਦੀ ਮੋਹਰ ਲੱਗ ਗਈ ਸੀ। ਤਲਾਕ ਹੁੰਦਿਆਂ ਹੀ ਜਸਵਿੰਦਰ ਨੇ ਜੋੜੀ ਹੋਈ ਰਾਸ਼ੀ ਚੋਂ ਪਾਸਪੋਰਟ ਖਰੀਦਣ ਉੱਤੇ ਖ਼ਰਚ ਆਇਆ ਹੋਇਆ ਧਨ, ਪਾਲ ਨੂੰ ਮੋੜ ਦਿੱਤਾ ਸੀ। ਹੁਣ ਉਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ਼ ਤੇ ਸਭ ਬੰਧਨਾਂ ਤੋਂ ਮੁਕਤ ਹੋ ਗਿਆ ਸੀ।
ਮੋਹਰ  ਲੱਗਣ ਦੀ ਦੇਰ ਸੀ ਪਾਲ ਹੋਰਾਂ ਦੇ ਤੇਵਰ ਬਦਲਣ ਲੱਗ ਗਏ ਸਨ। ਪਹਿਲਾਂ ਤਾਂ ਪਾਲ ਨੇ ਜਸਵਿੰਦਰ ਨੂੰ ਕਿਤੇ ਹੋਰ ਕਿਰਾਏ 'ਤੇ ਮਕਾਨ ਲੈ ਕੇ ਅੱਡ ਰਹਿਣ ਲਈ ਆਖ ਦਿੱਤਾ ਸੀ। ਫਿਰ ਉਹਨਾਂ ਜਸਵਿੰਦਰ ਦੇ ਹਰ ਕੰਮ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਸਨ। ਜਸਵਿੰਦਰ ਨੇ ਪਾਲ ਦਾ ਦਿਨੋਂ-ਦਿਨ ਖ਼ਰਾਬ ਹੁੰਦਾ ਰਵੱਈਆ ਦੇਖ ਕੇ ਜ਼ਿਆਦਾ ਵਿਗੜਨ ਤੋਂ ਪਹਿਲਾਂ ਹੀ ਪਾਲ ਕੋਲੋਂ ਹੱਟ ਕੇ ਆਪਣੇ ਲਈ ਹੋਰ ਰੋਜ਼ਗਾਰ ਤਲਾਸ਼ ਕਰ ਲਿਆ ਸੀ। ਕੰਮ ਲੋਹਾ ਢਾਲਣ ਦਾ ਭਾਰਾ ਅਤੇ ਤੱਤਾ ਸੀ। ਪਰ ਉਹ ਖੁਸ਼ ਸੀ।
ਸੱਤ ਤੋਂ ਪੰਜ ਵਜੇ ਤੱਕ ਜਸਵਿੰਦਰ ਫਾਊਂਡਰੀ ਵਿੱਚ ਕੰਮ ਕਰਦਾ ਸੀ। ਭਾਵੇਂ ਪਾਲ ਕੋਲੋਂ ਮਿਲਦੀ ਤਨਖ਼ਾਹ ਨਾਲੋਂ ਉਸ ਨੂੰ ਇਸ ਜਗ੍ਹਾ ਵੱਧ ਵੇਤਨ ਮਿਲਦਾ ਸੀ। ਫਿਰ ਵੀ ਉਸ ਨੇ ਆਪਣੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਵਿੱਚ ਬੜਤ ਕਰਨ ਲਈ ਇੱਕ ਹੋਰ ਪਾਰਟ ਟਾਈਮ ਧੰਦਾ ਦੇਖ ਲਿਆ ਸੀ। ਕਿਉਂਕਿ ਉਹ ਪਿੰਡ ਦੇਖ ਆਇਆ ਸੀ ਕਿ ਘਰ ਦੀ ਮਾਲੀ ਹਾਲਤ ਵਿੱਚ ਅਜੇ ਤਾਈਂ ਕੋਈ ਬਹੁਤਾ ਸੁਧਾਰ ਨਹੀਂ ਆਇਆ ਸੀ। ਛੇ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਜਸਵਿੰਦਰ ਪੀਜ਼ਾ ਹੱਟ ਨਾਮੀ ਰੈਸਟੋਰੈਂਟ ਵਿੱਚ ਪੀਜ਼ੇ ਤੇ ਪਾਸਟੇ ਬਣਾਉਂਦਾ ਸੀ। ਉਸ ਦੀ ਦਿਨ ਦੀ ਖੁਰਾਕ ਤਾਂ ਸ਼ੁਰੂ ਤੋਂ ਹੀ ਨਾ-ਮਾਤਰ ਸੀ ਤੇ ਰਾਤ ਦੇ ਖਾਣੇ ਦੀ ਉਸ ਨੂੰ ਕੰਮ ਤੇ ਹੀ ਫਰੀ-ਮੀਲ(ਮੁਫਤ ਖਾਣਾ) ਦੀ ਸਹੂਲਤ ਸੀ।  
ਜਸਵਿੰਦਰ ਬਹੁਤ ਕਿਰਸੀ ਸੀ। ਘਰਦਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਇਕ ਸਹਾਇਤਾ ਦੇਣ ਦੇ ਇਰਾਦੇ ਨਾਲ ਉਹ ਹਰ ਪ੍ਰਕਾਰ ਨਾਲ  ਆਪਣੇ ਢਿੱਡ ਨੂੰ ਬੰਨ੍ਹ ਕੇ ਰੱਖਦਾ ਸੀ। ਉਹਨੇ ਕਦੇ ਦੁਕਾਨ ਤੋਂ ਲੈ ਕੇ ਚੰਗਾ ਕੱਪੜਾ ਨਹੀਂ ਸੀ ਪਹਿਨ ਕੇ ਦੇਖਿਆ। ਉਹ ਹਮੇਸ਼ਾਂ ਮਾਰਕੀਟਾਂ ਤੋਂ ਸੇਲਾਂ ਵਾਲੇ ਲੀੜੇ ਹੀ ਖਰੀਦਦਾ ਸੀ ਤੇ ਉਹ ਵੀ ਸਾਲ ਛਮਾਹੀ ਕੋਈ ਪੈਂਟ ਕਮੀਜ਼ ਜਾਂ ਜੈਕਟ। ਵਲਾਇਤੀ ਕੱਪੜੇ ਫੱਟਦੇ ਹੀ ਕਿੱਥੇ ਹਨ। ਪਹਿਲਾਂ ਜਸਵਿੰਦਰ ਆਪਣੀ ਆਮਦਨ ਵਿੱਚੋਂ ਖਰਚ ਜੋਗੇ ਥੋੜੇ ਜਿਹੇ ਪੌਂਡ ਕੱਢ ਕੇ, ਕੁੱਝ ਧਨ ਇੰਡੀਆ ਭੇਜ ਦਿੰਦਾ ਹੁੰਦਾ ਸੀ ਤੇ ਬਾਕੀ ਜਮ੍ਹਾਂ ਕਰਵਾ ਦਿੰਦਾ ਸੀ। ਹੁਣ ਉਸ ਨੇ ਜੋੜਨੇ ਛੱਡ ਦਿੱਤੇ ਸਨ ਤੇ ਚੰਦ ਗੁਜ਼ਾਰੇ ਜੋਗੀ ਮਾਇਆ ਰੱਖ ਕੇ ਬਾਕੀ ਸਾਰੀ ਕਮਾਈ ਵਤਨ ਨੂੰ ਭੇਜਣ ਲੱਗ ਗਿਆ ਸੀ।
ਜਸਵਿੰਦਰ ਆਪ ਹਰ ਤਰ੍ਹਾਂ ਦੀ ਔਖ ਕੱਟ ਕੇ ਪਿੱਛੇ ਭਾਰਤ ਵਿੱਚ ਬੇਬੇ, ਬਾਪੂ ਤੇ ਛੋਟੇ ਭਰਾ ਨੂੰ ਪੌਂਡਾਂ ਦੇ ਪੌਂਡ ਭੇਜਦਾ ਗਿਆ ਸੀ। ਪਿੰਡ ਉਹਨਾਂ ਨੇ ਆਲੀਸ਼ਾਨ ਕੋਠੀ ਪਾ ਲਈ ਸੀ। ਕਿਸੇ ਵਰ੍ਹੇ ਉਹ ਸ਼ਹਿਰ ਵਿੱਚ ਪਲਾਟ ਤੇ ਕਿਸੇ ਸਾਲ ਜ਼ਮੀਨ ਮੁੱਲ ਲੈਂਦੇ ਗਏ ਸਨ। ਉੱਧਰ ਇੰਡੀਆ ਕਿਲਿਆਂ ਦੀ ਸੰਖਿਆ ਤੇ ਇੱਧਰ ਜਸਵਿੰਦਰ ਦੀ ਉਮਰ ਦੇ ਸਾਲਾਂ ਦੀ ਗਿਣਤੀ ਵਧਦੀ ਗਈ ਸੀ। ਜਸਵਿੰਦਰ ਨੂੰ ਵਿਆਹ ਬਾਰੇ ਸੋਚਣ ਦੀ ਵੀ ਫ਼ੁਰਸਤ ਨਹੀਂ ਸੀ ਮਿਲੀ। ਉਧਰ ਸਗੋਂ ਉਸ ਦਾ ਛੋਟਾ ਵੀਰ ਜੋ ਉਸ ਤੋਂ ਤਿੰਨ ਵਰ੍ਹੇ ਛੋਟਾ ਸੀ, ਵਿਆਹਿਆ ਤੇ ਬਾਲ ਬੱਚੇ ਵਾਲਾ ਹੋ ਗਿਆ ਸੀ। ਭਾਵੇਂ ਜਸਵਿੰਦਰ ਨੂੰ ਹੁਣ ਵਿਆਹ ਕਰਵਾਉਣ ਵਿੱਚ ਕੋਈ ਬਾਧਾ ਨਹੀਂ ਸੀ। ਫਿਰ ਵੀ ਉਸ ਦੇ ਭਰਾ ਜਾਂ ਮਾਂ-ਪਿਉ ਨੇ ਕਦੇ ਵੀ ਜਸਵਿੰਦਰ ਨੂੰ ਵਿਆਹ ਲਈ ਨਹੀਂ ਸੀ ਆਖਿਆ। ਉਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਹਲਾਲ ਕਰ ਵੀ ਕਿਵੇਂ  ਸਕਦੇ ਸਨ? ਉਹਨਾਂ ਨੂੰ ਪਤਾ ਸੀ ਬਈ ਜੇ ਜਸਵਿੰਦਰ ਨੂੰ ਵਿਆਹ ਦਿੱਤਾ ਤਾਂ ਉਸ ਦੀ ਤੀਵੀਂ ਨੇ ਹੀ ਸਾਰਾ ਸਰਮਾਇਆ ਸਾਂਭ ਲਿਆ ਕਰਨਾ ਹੈ। ਉਹਨਾਂ ਲਈ ਤਾਂ ਫਿਰ ਮਰੀ ਜੂੰ ਤੱਕ ਨਹੀਂ ਆਉਣੀ। ਜੇ ਕਦੇ ਖ਼ਤ-ਪੱਤਰ ਵਿੱਚ ਜਸਵਿੰਦਰ ਆਪਣੀ ਸ਼ਾਦੀ ਲਈ ਇਸ਼ਾਰਾ ਕਰ ਵੀ ਦਿੰਦਾ ਸੀ ਤਾਂ ਮਾਪਿਆਂ ਵਲੋਂ ਆਇਆ ਉੱਤਰ ਉਸ ਨੂੰ ਸਾਲ ਛੇ ਮਹੀਨੇ ਲਈ ਚੁੱਪ ਕਰਵਾ ਦਿੰਦਾ ਸੀ। 
"ਬਾਹਰੋਂ ਤਾਂ ਭਾਵੇਂ ਪੰਜਾਬ 'ਚ ਲਿਆ ਕੇ ਬੁੱਢਾ ਵੀ ਵਿਆਹ ਲਓ। ਤੇਰੀ ਤਾਂ ਸੁੱਖ ਨਾਲ ਅਜੇ ਉਮਰ ਹੀ ਕਿਹੜੀ ਹੋਈ ਹੈ, ਥੋੜਾ ਜਿਹਾ ਹੱਥ ਸੌਖਾ ਹੋ ਜੇ ਪੁੱਤ, ਸਾਲ ਕੁ ਅੜਕ ਜਾ।" 
ਇਸ ਤਰ੍ਹਾਂ ਉਹ ਜਸਵਿੰਦਰ ਨੂੰ ਵਿਆਹ ਕਰਵਾਉਣ ਤੋਂ ਟਾਲਦੇ ਹੀ ਰਹੇ ਸਨ। ਹਰ ਵਾਰ ਚਿੱਠੀ ਵਿੱਚ ਕਦੇ ਟਰੈਕਟਰ, ਕਦੇ ਕੰਬਾਈਨ, ਕਦੇ ਥਰੈਸ਼ਰ ਆਦਿ ਕੁੱਝ ਨਾ ਕੁੱਝ ਲੈਣ ਦੀ ਫ਼ਰਮਾਇਸ਼ ਹੁੰਦੀ ਸੀ। ਜਸਵਿੰਦਰ ਖ਼ਤ ਪੜ੍ਹ ਕੇ ਨਾਵੇਂ ਦੀ ਮੰਗ ਪੂਰੀ ਕਰਨ ਵਿੱਚ ਜੁੱਟ ਜਾਂਦਾ ਸੀ।
ਢਿੱਡ ਦੀ ਭੁੱਖ ਤਾਂ ਜਸਵਿੰਦਰ ਮਾਰ ਲੈਂਦਾ ਸੀ। ਪਰ ਚੰਚਲ ਮਨ ਉਸ ਤੋਂ ਕਾਬੂ ਨਹੀਂ ਹੁੰਦਾ ਸੀ। ਜਦੋਂ ਕਦੇ ਉਬਾਲ ਉੱਠਦੇ ਕੋਈ ਸ਼ਰੀਰਕ ਲੋੜ ਅੰਦਰੋਂ ਹੰਭਲਾ ਮਾਰਦੀ ਤਾਂ ਵੈਸਟ ਬ੍ਰਾਮਿਚ ਤੋਂ ਉਸ ਦੀ ਮੁਹਾਰ ਖੁਦ-ਬ-ਖੁਦ ਰੌਟਨ ਪਾਰਕ ਰੋਡ ਵੱਲ ਮੁੜ ਜਾਂਦੀ ਸੀ। ਉਥੇ ਉਹ ਪੰਜ ਦਸ ਪੌਂਡ ਖੋਟੇ ਕਰ ਕੇ ਟਿੱਕ ਜਾਂਦਾ ਹੁੰਦਾ ਸੀ।
ਇਸੇ ਤਰ੍ਹਾਂ ਵੇਸਵਾਗਮਨੀ ਦੇ ਅੱਡਿਆਂ ਦੀ ਖਾਕ ਛਾਣਦਿਆਂ ਹੀ ਜਸਵਿੰਦਰ ਦੀ ਤਵਾਇਫ ਜੈਨ ਨਾਲ ਮੁਲਾਕਾਤ ਹੋਈ ਸੀ। ਉਹ ਜੈਨ ਦਾ ਪੱਕਾ ਹੀ ਗਾਹਕ ਬਣ ਗਿਆ ਸੀ। ਸੜਕਾਂ 'ਤੇ ਜਣੀ-ਖਣੀ ਤੋਂ ਭਾਅ ਪੁੱਛਦੇ ਫਿਰਨ ਨਾਲੋਂ ਉਹ ਸਿੱਧਾ ਜੈਨ ਦੇ ਬੂਹੇ ਉੱਤੇ ਜਾ ਕੇ ਦਸਤਕ ਕਰ ਦਿੰਦਾ ਸੀ। ਜੈਨ ਸਾਰੀ ਰਾਤ ਰੱਖ ਕੇ ਜਸਵਿੰਦਰ ਨੂੰ ਸਵੇਰ ਨੂੰ ਠੰਡਾ ਸੀਲਾ ਕਰਕੇ ਤੋਰ ਦਿੰਦੀ ਸੀ। ਹੌਲੀ ਹੌਲੀ ਜੈਨ ਨਾਲ ਉਸ ਨੇ ਦੋਸਤਾਨਾ ਤਅੱਲਕਾਤ ਬਣਾ ਲਏ ਸਨ। ਜੈਨ ਨੂੰ ਵੀ ਉਹ ਦਿਲੋਂ ਭਾ ਗਿਆ ਸੀ। ਕੁੱਝ ਅਰਸੇ ਬਾਅਦ ਹੀ ਜੈਨ ਨੇ ਉਸ ਤੋਂ ਇਵਜ਼ਾਨਾ ਵਸੂਲਣਾ ਬੰਦ ਕਰ ਦਿੱਤਾ ਸੀ। ਖੁਸ਼ ਹੋ ਕੇ ਉਹ ਜੈਨ ਕੋਲ ਵਧੇਰੇ ਹਾਜ਼ਰੀਆਂ ਲਵਾਉਣ ਲੱਗ ਪਿਆ ਸੀ।
ਇਸ ਤਰ੍ਹਾਂ ਵਕਤ ਠੁਮਕ-ਠੁਮਕ ਪੱਬ ਧਰਦਾ ਗਿਆ ਸੀ। ਬ੍ਰਹਿਮੰਡ ਵਿੱਚ ਹੁੰਦਿਆਂ ਤਬਦੀਲੀਆਂ ਤੇ ਬਦਲਦੇ ਸਿਤਾਰਿਆਂ ਦੇ ਸੰਗ ਜਸਵਿੰਦਰ ਵੀ ਗਰਦਸ਼ ਕਰਦਾ ਰਿਹਾ ਸੀ। ਘਰ, ਫ਼ੈਕਟਰੀ ਅਤੇ ਜੈਨ, ਇਸ ਤਿਕੋਣ ਵਿੱਚ ਉਸ ਦੀ ਜ਼ਿੰਦਗੀ ਬੀਤਦੀ ਗਈ ਸੀ। ਜਦੋਂ ਤੱਕ ਉਸ ਨੂੰ ਵਿਆਹ ਦੀ ਅਵੱਸ਼ਕਤਾ ਤੇ ਸਾਰਥਕਤਾ ਦਾ ਅਹਿਸਾਸ ਹੋਣ ਲੱਗਾ ਸੀ। ਉਸ ਦੀ ਉਮਰ ਛੱਤੀ ਵਰ੍ਹਿਆਂ ਦੀ ਹੋ ਗਈ ਸੀ।
ਢੱਲਦੀ ਉਮਰ ਨੂੰ ਦੇਖ ਕੇ ਇੱਕ ਦਿਨ ਜਸਵਿੰਦਰ ਨੇ ਇੰਡੀਆ ਫੋਨ ਕਰਕੇ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਵਿਆਹ ਕਰਵਾਉਣ ਆ ਰਿਹਾ ਹੈ। ਘਰ ਵਾਲੇ ਵੀ ਸਮੇਂ ਦੀ ਨਜ਼ਾਕਤ ਸਮਝ ਗਏ ਸਨ ਬਈ ਹੁਣ ਹੋਰ ਟਾਲਿਆ ਨਹੀਂ ਸੀ ਜਾ ਸਕਦਾ। ਉਹਨਾਂ ਦੇ ਲਗਭਗ ਸਭ ਬਹਾਨੇ ਮੁੱਕ ਗਏ ਸਨ। ਇਸ ਲਈ ਉਹਨਾਂ ਡੱਕਾ ਅੜਾਉਣ ਦੀ ਬਜਾਏ, ਜਸਵਿੰਦਰ ਦਾ ਘਰ ਵਾਪਸ ਪਰਤੇ ਤੋਂ ਖਿੜੇ ਮੱਥੇ ਇਸਤਕਬਾਲ ਕੀਤਾ ਸੀ।
ਜਸਵਿੰਦਰ ਦੇ ਰਿਸ਼ਤੇ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਸਨ। ਰਿਸ਼ਤੇਦਾਰਾਂ ਤੋਂ ਪੁੱਛ-ਦੱਸ ਕੀਤੀ ਗਈ ਸੀ। ਅਖਬਾਰ ਵਿੱਚ ਮੈਟਰੀਮੋਨੀਅਲ ਤਿੰਨ ਚਾਰ ਹਫ਼ਤੇ ਕਢਵਾਉਣ ਮਗਰੋਂ ਵੀ ਪਹਿਲਾਂ ਵਾਂਗ ਰਿਸ਼ਤੇ ਲਈ ਲੋਕਾਂ ਦੀਆਂ ਪਾਲਾਂ ਨਹੀਂ ਸਨ ਲੱਗੀਆਂ। ਇਸ ਦਾ ਇੱਕ ਕਾਰਨ ਤਾਂ ਜਸਵਿੰਦਰ ਦੀ ਉਮਰ ਵੱਧ ਗਈ ਸੀ। ਦੂਜਾ ਉਸ ਦਾ ਪਹਿਲਾਂ ਤਲਾਕ ਹੋ ਚੁੱਕਿਆ ਸੀ। ਤੀਜੀ ਤੇ ਅਹਿਮ ਗੱਲ ਲੋਕ ਕਾਨੂੰਨਨ ਸਖ਼ਤੀ ਕਰਕੇ ਇੰਗਲੈਂਡ ਨਾਲੋਂ ਕੈਨੇਡਾ, ਅਮੈਰੀਕਾ ਨੂੰ ਤਰਜੀਹ ਦੇਣ ਲੱਗ ਪਏ ਸਨ। ਕਿਉਂਕਿ ਅਗਲਾ ਸੋਚਦਾ ਕੁੜੀ ਦੇ ਵਿਆਹ ਉੱਪਰ ਪੰਜ ਸੱਤ ਲੱਖ ਤਾਂ ਲਾਉਣਾ ਹੀ ਹੈ। ਇੰਗਲੈਂਡ ਤਾਂ ਸਿਰਫ਼ ਕੁੜੀ ਹੀ ਜਾ ਸਕਦੀ ਹੈ। ਕਿਸੇ ਹੋਰ ਪਰਿਵਾਰਕ ਸਦੱਸ ਨੂੰ ਨਹੀਂ ਮੰਗਵਾ ਸਕਦੀ। ਅਮਰੀਕਾ, ਕੈਨੇਡਾ ਤਾਂ ਸਾਰਾ ਟੱਬਰ ਹੀ ਮਗਰੇ ਵਹੀਰਾ ਘੱਤ ਕੇ ਪਹੁੰਚ ਜਾਊ।
ਪਰ ਫਿਰ ਵੀ ਦੂਜੇ ਚੌਥੇ ਦਿਨ ਕੋਈ ਇੱਕੀ ਦੁੱਕੀ ਜ਼ਰੂਰ ਆ ਹਾਜ਼ਰ ਹੁੰਦੀ ਸੀ। ਜਸਵਿੰਦਰ ਦਾ ਛੋਟਾ ਭਾਈ ਉਹਨਾਂ ਵਿੱਚੋਂ ਵੀ ਆਰਥਕ ਪੱਖੋਂ ਕਮਜ਼ੋਰ ਅਸਾਮੀ ਨੂੰ ਬੋਚ ਕੇ ਬਾਹਰੋਂ ਹੀ ਟਰਕਾ ਦਿੰਦਾ ਸੀ।
ਅਖ਼ੀਰ ਜਸਵਿੰਦਰ ਦਾ ਇੱਕ ਗਾਹਕ ਲੱਗ ਹੀ ਗਿਆ ਸੀ। ਉਸ ਦੇ ਮਾਪਿਆਂ ਲਈ ਵੀ ਫਿਰ ਜਾਂਦੇ ਚੋਰ ਦੀ ਲੰਗੋਟੀ ਹੀ ਲਾਹੇ ਦੀ ਸੀ। ਉਹਨਾਂ ਨੇ ਵੀ ਜਸਵਿੰਦਰ ਨੂੰ ਸੋਨੇ ਵਿੱਚ ਤੋਲ ਕੇ ਵੇਚਿਆ ਸੀ। ਇਹ ਦਹੇਜ ਹੀ ਉਹਨਾਂ ਲਈ ਜਸਵਿੰਦਰ ਜ਼ਰੀਏ ਲਈ ਜਾਣ ਵਾਲੀ ਆਖ਼ਰੀ  ਕਿਸ਼ਤ ਸੀ, ਜਿਸ ਨੂੰ ਵਸੂਲਣ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਭਾਵੇਂ ਸਕੂਟਰ, ਟੀਵੀ, ਫ਼ਰਿੱਜ ਸਭ ਕੁੱਝ ਸੀ। ਫੇਰ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਲਾਲਚੀ ਬੰਦੇ ਤਾਂ ਮੁਫਤੀ ਜ਼ਹਿਰ ਮਿਲੇ ਉਹ ਵੀ ਨਹੀਂ ਛੱਡਦੇ। ਸੋਈ ਉਹਨਾਂ ਨੇ ਸੁੱਖ-ਅਰਾਮ ਵਾਲੀ ਹਰ ਚੀਜ਼ ਮੰਗ-ਮੰਗ ਕੇ ਘਰ ਭਰ ਲਿਆ ਸੀ।
ਅਨੰਦ ਕਾਰਜਾਂ ਦੀ ਸਮਾਪਤੀ ਤੱਕ ਜਸਵਿੰਦਰ ਨੂੰ ਯਕੀਨ ਨਹੀਂ ਸੀ ਆਇਆ ਕਿ ਉਸ ਦਾ ਸੱਚੀਂ ਵਿਆਹ ਹੋ ਰਿਹਾ ਸੀ। ਜੋ ਉਸ ਨੇ ਕਦੇ ਤਸੱਵਰ ਕਰਿਆ ਸੀ, ਉਹ ਸਾਖਿਆਤ ਪ੍ਰਾਪਤ ਕਰ ਲਿਆ ਸੀ। ਅੰਗਰੇਜ਼ੀ ਦੀ ਐਮ ਏ ਮੋਰ ਦੇ ਖੰਭ ਵਰਗੀ, ਸੋਹਣੀ ਸੁਨੱਖੀ, ਉਮਰ ਵਿੱਚ ਕਈ ਸਾਲ ਛੋਟੀ ਮੁਟਿਆਰ ਉਸ ਦੀ ਜੀਵਨਸਾਥਣ ਬਣ ਗਈ ਸੀ। ਜਸਵਿੰਦਰ ਦੇ ਚਾਵਾਂ ਦੀ ਕੋਈ ਸੀਮਾ ਨਹੀਂ ਸੀ ਰਹੀ। ਉਸ ਦੇ ਤਾਂ ਯਾਨੀ ਕੋਈ ਅਗਲੇ ਪਿਛਲੇ ਪੁੰਨ ਉੱਘੜ ਆਏ ਸਨ।  ਮੁਕਲਾਵੇ ਵਾਲੀ ਰਾਤ ਲਹੂ ਨਾਲ ਦਾਗਦਾਰ ਹੋਈ ਚਾਦਰ ਦੇਖ ਕੇ ਤਾਂ ਜਸਵਿੰਦਰ ਦੀ ਖੁਸ਼ੀ ਦੂਣ ਸਵਾਈ ਹੋ ਗਈ ਸੀ।
ਖੁਸ਼ਕਿਸਮਤੀ ਨਾਲ ਚਾਰ ਮਹੀਨਿਆਂ ਵਿੱਚ ਹੀ ਕਲਵੰਤ ਜਸਵਿੰਦਰ ਕੋਲ ਇੰਗਲੈਂਡ ਆ ਗਈ ਸੀ। ਜਸਵਿੰਦਰ ਨੂੰ ਛੜਿਆਂ ਦੀ ਬੁਰੀ ਜੂਨ ਹੰਢਾਉਣ ਮਗਰੋਂ ਗ੍ਰਹਿਸਤ ਜੀਵਨ ਅਤਿਅੰਤ ਸੁੱਖਦਾਈ ਜਾਪਦਾ ਸੀ। ਉਸ ਨੂੰ ਵਿੰਗੀਆਂ ਟੇਡੀਆਂ ਰੋਟੀਆਂ ਪਕਾਉਂਦਿਆਂ ਹੱਥ ਜਲਾਉਣ ਤੋਂ ਨਿਜਾਤ ਮਿਲ ਗਈ ਸੀ। ਉਦੋਂ ਤੱਕ ਉਹ ਕੱਚੀਆਂ ਪਿਲੀਆਂ ਮੰਨੀਆਂ ਛਕਦਾ ਅੱਕ ਚੁੱਕਿਆ ਸੀ। ਸਵੇਰੇ ਉੱਠਣ ਸਾਰ ਡਬਲ ਰੋਟੀ ਵਿੱਚ ਕਦੇ ਹਾਮ, ਕਦੇ ਸਲਾਦ, ਕਦੇ ਆਂਡਾ ਆਦਿ ਹਰ ਦਿਨ ਕੁੱਝ ਨਾ ਕੁੱਝ ਵੱਖਰਾ ਮਿਲਣ ਲੱਗ ਪਿਆ ਸੀ। ਕੰਮ 'ਤੇ ਜਾਂਦੇ ਨੂੰ ਪਹਿਨਣ ਲਈ ਧੋਤੇ, ਇਸਤਰੀ ਕੀਤੇ ਕੱਪੜੇ ਤੇ ਪਾਲਸ਼ ਕੀਤੇ ਬੂਟ ਕਲਵੰਤ ਆਪਣੇ ਹੱਥੀਂ ਉਸ ਨੂੰ ਦਿੰਦੀ ਸੀ। ਕਲਵੰਤ ਦੀ ਪਿਆਰ ਅਤੇ ਸੇਵਾ ਨਾਲ ਜਸਵਿੰਦਰ ਦੇ ਮੁਖੜੇ ਉੱਤੇ ਮੁਸਕਾਨਾਂ ਦਾ ਪਰਚਮ ਲਹਿਰਾਉਣ ਲੱਗ ਜਾਂਦਾ ਸੀ। ਸੇਫ਼ਟੀ-ਬੂਟਾਂ ਦੇ ਤਸਮੇ ਬੰਨ੍ਹਦਾ ਹੋਇਆ ਉਹ ਕਲਵੰਤ ਨੂੰ ਸ਼ੀਸ਼ੇ ਵਰਗੀ ਚਮਕਦੀ ਜੁੱਤੀ ਦੇਖ ਕੇ ਮਖੌਲ ਨਾਲ ਆਖ ਦਿੰਦਾ ਸੀ, "ਭਾਗਵਾਨੇ ਮੈਂ ਕਿਹੜਾ ਨੁਮਾਇਸ਼ ਤੇ ਚੱਲਿਆ ਹਾਂ। ਫਾਊਂਡਰੀ ਨੂੰ ਈ ਜਾਣਾ ਹੈ। ਐਵੇਂ ਨਾ ਬਹੁਤਾ ਕਰਿਆ ਕਰ।"
"ਲਉ ਜੀ ਫੇਰ ਵੀ ਕਿਤੇ ਲਿਬੜ ਕੇ ਥੋੜਾ ਜਾਈਦਾ ਹੈ। ਦੇਖਣ ਵਾਲਾ ਕੀ ਕਹੂ?" ਕਲਵੰਤ ਨਜ਼ਰਾਂ ਝੁਕਾ ਕੇ ਨਿਮਰਤਾ ਤੇ ਮੋਹ ਵਿੱਚ ਗੜੁੱਚ ਜੁਆਬ ਦਿਆ ਕਰਦੀ।
ਪੌੜੀਆਂ ਚੜ੍ਹਦੀ ਉਤਰਦੀ ਕਲਵੰਤ ਦੀਆਂ ਝਾਜਰਾਂ ਦਾ ਕਿਸੇ ਰਾਗ ਵਿੱਚ ਵਿਉਂਤਬੱਧ ਸੰਗੀਤ ਸੁਣ ਕੇ ਜਸਵਿੰਦਰ ਦੇ ਮਨ ਵਿੱਚ ਵੀ ਤਰੰਗਾਂ ਪੈਦਾ ਹੋ ਜਾਂਦੀਆਂ ਸਨ। ਰਾਤ ਨੂੰ ਮੰਜੇ 'ਤੇ ਪਏ ਦੀਆਂ ਉਹ ਲੱਤਾਂ ਘੁੱਟਦੀ ਤਾਂ ਵੰਗਾਂ ਦੇ ਛਣਕਾਟੇ ਦੀਆਂ ਲੋਰੀਆਂ ਜਸਵਿੰਦਰ ਨੂੰ ਗੂੜੀ ਤੇ ਸੁੱਖੀ ਨੀਂਦ ਸੁਆ ਦਿੰਦੀਆਂ ਸਨ। ਇਹ ਸਾਰਾ ਕੁੱਝ ਉਹਨੂੰ ਸਵਰਗ ਦਾ ਨਜ਼ਾਰਾ ਹੀ ਲੱਗਦਾ ਸੀ। ਉਸ ਨੂੰ ਜਾਪਦਾ ਸੀ ਜਿਵੇਂ ਸੂਲਾਂ ਦੀ ਸੇਜ ਤੋਂ ਉੱਠ ਕੇ ਉਹ ਹੁਣ ਫੁੱਲਾਂ ਦੇ ਵਿਛਾਉਣੇ ਉੱਪਰ ਆਣ ਪਿਆ ਸੀ। ਵਿਆਹ ਨੇ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਸਨ। ਕਲਵੰਤ ਨੂੰ ਭੈਣ ਕੋਲ ਪਾਲ ਦੀ ਫ਼ੈਕਟਰੀ ਕੰਮ ਉੱਤੇ ਵਿੱਚ ਲਗਵਾਉਣ ਨਾਲ ਉਹਦੀ ਆਮਦਨ ਵੀ ਵੱਧ ਗਈ ਸੀ। ਉਸ ਨੂੰ ਜੀਵਨ ਦੇ ਅਜਾਈਂ ਗਵਾਏ ਵਰ੍ਹਿਆਂ ਦਾ ਖ਼ਿਆਲ ਕਰਕੇ ਅਫ਼ਸੋਸ ਹੁੰਦਾ ਸੀ। ਗ੍ਰਹਿਸਥ-ਜੀਵਨ ਸਿੱਧ-ਪੱਧਰਾ ਚੱਲਦਾ ਹੋਣ ਕਰਕੇ ਛੇ ਮਹੀਨੇ ਅੱਖ ਦੇ ਫੋਰ ਵਿੱਚ ਹੀ ਲੰਘ ਗਏ ਸਨ।
ਅਚਾਨਕ ਸੱਤਵੇਂ ਮਹੀਨੇ ਤੋਂ ਆਏ ਜਵਾਰਭਾਟੇ ਕਾਰਨ ਉਹਨਾਂ ਦੀ ਵਿਵਾਹਤ ਜ਼ਿੰਦਗੀ ਡਗ-ਮਗਾ ਗਈ ਸੀ। ਬਲੈਂਕ ਫੋਨ ਕਾਲ ਆਉਣੇ ਸ਼ੁਰੂ ਹੋਣ ਨਾਲ ਉਹਨਾਂ ਦੀ ਸਥਿਰ ਹਿਯਾਤੀ ਵਿੱਚ ਉਥਲ-ਪੁੱਥਲ ਆ ਗਈ ਸੀ। ਫੋਨ ਆਉਣ 'ਤੇ ਘੰਟੀ ਖੜਕਦੀ, ਜਸਵਿੰਦਰ ਚੁੱਕ ਕੇ ਗੱਲ ਕਰਨ ਲੱਗਦਾ। ਅੱਗੋਂ ਕੋਈ ਆਵਾਜ਼ ਨਹੀਂ ਸੀ ਆਉਂਦੀ। ਕਈ ਵਾਰ ਇਸੇ ਤਰ੍ਹਾਂ ਹੁੰਦਾ ਰਹਿੰਦਾ ਸੀ। ਵਕਤ ਬੇਵਕਤ ਬਲੈਂਕ ਫੋਨ ਆਉਂਦੇ ਰਹਿੰਦੇ ਸਨ। ਜਸਵਿੰਦਰ ਹੈਲੋ ਹੈਲੋ ਚੀਖਦਾ ਰਹਿੰਦਾ ਸੀ। ਕਈ ਵਾਰੀ ਤਾਂ ਖਿਝ ਕੇ ਗਾਲਾਂ ਵੀ ਕੱਢਦਾ ਸੀ। ਐਨੇ ਨੂੰ ਅਗਲਾ ਫੋਨ ਰੱਖ ਦਿੰਦਾ ਹੁੰਦਾ ਸੀ। ਪਹਿਲੇ ਪਹਿਲ ਤਾਂ ਉਸ ਨੇ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਤੇ ਨੰਬਰ ਬਦਲਵਾ ਲਿਆ ਸੀ।  ਜਸਵਿੰਦਰ ਨੇ ਸਮਝਿਆ ਸੀ ਕਿ ਇਸ ਜਟਿਲ ਸਮੱਸਿਆ ਦਾ ਅਸਾਨੀ ਨਾਲ ਸਮਾਧਾਨ ਹੋ ਗਿਆ ਸੀ। ਮਸਾਂ ਤਿੰਨ ਦਿਨ ਵੀ ਸ਼ਾਤੀ ਨਾਲ ਨਹੀਂ ਸਨ ਗੁਜ਼ਰੇ ਕਿ ਫਿਰ ਉਹੋ ਹੀ ਸਿਲਸਿਲਾ ਸ਼ੁਰੂ ਹੋ ਗਿਆ ਸੀ।  ਬੋਗਸ ਟੈਲੀਫੂਨ ਕਾਲਾਂ ਨੇ ਉਹਨਾਂ ਦੀ ਸ਼ਾਤੀ ਭੰਗ ਕਰ ਦਿੱਤੀ ਸੀ। ਉਹ ਕਾਲ ਆਉਣ ਪਸਚਾਤ ਫੋਨ 'ਤੇ ੧੪੭੧ ਨੰਬਰ ਡਾਇਲ ਕਰਕੇ ਪੈੜ ਨੱਪਣ ਦੀ ਕੋਸ਼ਿਸ਼ ਕਰਦਾ ਸੀ। ਪਰ ਕੋਈ ਸਫਲਤਾ ਉਸ ਦੇ ਹੱਥ ਨਹੀਂ ਲੱਗਦੀ ਸੀ। ਇਸ ਤਰ੍ਹਾਂ ਉਹ ਹਰ ਵਾਰ ਕਾਲਰ ਦੇ ਨੰਬਰ ਦੀ ਸੂਹ ਕੱਢਣ ਵਿੱਚ ਨਾਕਾਮਯਾਬ ਰਿਹਾ ਸੀ। ਰਾਤ-ਬਰਾਤੇ ਜਦੋਂ ਵੀ ਘੰਟੀ ਵੱਜਦੀ ਉਹ ਖੌਫ਼ਜ਼ਦਾ ਹੋਇਆ ਕੁੱਝ ਦੇਰ ਫੋਨ ਵੱਲ ਦੇਖਦਾ ਰਹਿੰਦਾ ਸੀ। ਫਿਰ ਅੱਕ ਕੇ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦਾ ਸੀ। ਸਵੇਰੇ ਜਦ ਮੁੜ ਰਸੀਵਰ ਬੇਸ ਯੂਨਿਟ 'ਤੇ ਰੱਖਦਾ ਤਾਂ ਫਿਰ ਘੰਟੀਆਂ ਵੱਜਣ ਲੱਗਦੀਆਂ ਤੇ ਸਾਰੇ ਘਰ ਦੇ ਵਾਤਾਵਰਨ ਨੂੰ ਡਰ ਤੇ ਸ਼ੱਕ ਦੇ ਪਸਾਰੇ ਨਾਲ ਦੂਸ਼ਿਤ ਕਰ ਦਿੰਦੀਆਂ ਸਨ। ਅਖ਼ੀਰ ਉਸ ਨੂੰ ਫੋਨ ਕਟਵਾ ਕੇ ਇਸ ਪੇਚੀਦਾ ਮਸਲੇ ਨੂੰ ਜੜ੍ਹੋਂ ਖ਼ਤਮ ਕਰਨਾ ਪਿਆ ਸੀ।
ਫੋਨ ਤੇ ਗੱਡੀ ਬਿਨਾਂ ਤਾਂ ਪੱਛਮੀ ਮੁਲਖਾਂ ਵਿੱਚ ਬੰਦਾ ਅੱਧਾ ਹੈ!  ਟੈਲੀਫੋਨ ਬਿਨਾਂ ਕਿੱਥੇ ਸਰਦਾ ਹੈ? ਜਸਵਿੰਦਰ ਨੂੰ ਔਖਾ ਹੋ ਕੇ ਦੂਰ-ਸੰਚਾਰ ਯੰਤਰ ਦੁਬਾਰਾ ਲਵਾਉਣਾ ਪਿਆ ਸੀ। ਤੇ ਫਿਰ, ਉਹੀ ਪਹਿਲਾਂ ਵਾਲਾ ਕਜੀਆ ਉਵੇਂ ਦਾ ਉਵੇਂ ਹੀ ਸੀ। ਜਸਵਿੰਦਰ ਨੇ ਪੁਲਿਸ ਅਤੇ ਆਪਣੀ ਟੈਲੀਫੋਨ ਕੰਪਨੀ ਨੂੰ ਵੀ ਕਈ ਜ਼ਬਾਨੀ ਤੇ ਲਿਖਤੀ ਸ਼ਿਕਾਇਤਾਂ ਕੀਤੀਆਂ ਸਨ। ਪਰ ਕੁੱਝ ਨਹੀਂ ਸੀ ਬਣਿਆ। ਉਸ ਦੀ ਫ਼ਰਿਆਦ ਸੁਣਨ ਵਾਲੇ ਸਾਰੇ ਅਵੇਸਲੇ ਹੋਏ ਬੈਠੇ ਸਨ। ਉਸ ਨੂੰ ਕਾਰਵਾਈ ਕਰਨ ਦਾ ਯਕੀਨ ਦੁਆ ਕੇ ਟਰਕਾ ਦਿਆ ਕਰਦੇ ਸਨ।
ਸੰਭਵ ਹੈ ਕਾਲਾਂ ਤੁਹਾਡੇ ਵਤਨ ਇੰਡੀਆ ਜਾਂ ਪਾਕਿਸਤਾਨ ਤੋਂ ਹੋਣ। ਕਿਉਂਕਿ ਅਕਸਰ ਏਸ਼ੀਅਨਾਂ ਦੀਆਂ ਦਰਖਾਸਤਾਂ ਦੀ ਪੜਤਾਲ ਕਰਨ ਪਿੱਛੋਂ ਇਹੀ ਪਤਾ ਲੱਗਦਾ ਹੈ ਕਿ ਫੋਨ ਉਹਨਾਂ ਦੇ ਸਕੇ ਸੰਬੰਧੀਆਂ ਨੇ ਹੀ ਕੀਤੇ ਹੁੰਦੇ ਹਨ ਤੇ ਲਾਈਨਾਂ ਦੀ ਖ਼ਰਾਬੀ ਜਾਂ ਕਿਸੇ ਹੋਰ ਵਜ੍ਹਾ ਕਾਰਨ ਗੱਲ ਨਹੀਂ ਹੋ ਸਕੀ ਹੁੰਦੀ । ਬ੍ਰਿਟਿਸ਼ ਟੈਲੀਕਮ ਦੀ ਨੁਮਾਇਦਾ ਕੁੜੀ ਨੇ ਜਸਵਿੰਦਰ ਦੀ ਸ਼ਿਕਾਇਤ ਸੁਣਨ ਉਪਰੰਤ ਮਸ਼ਵਰਾ ਦਿੱਤਾ ਸੀ।
ਪਰ ਫੇਰ ਨੰਬਰ ਟਰੇਸ ਤਾਂ ਹੋਣਾ ਚਾਹੀਦਾ ਹੈ। ਅੱਗੋਂ ਜਸਵਿੰਦਰ ਨੇ ਖਿੱਝ ਕੇ ਸੁਆਲ ਕਰਿਆ ਸੀ।
"ਨਹੀਂ ਸਰ, ਅੰਤਰਰਾਸ਼ਟਰੀ ਕਾਲਾਂ ਅਸੀਂ ਟਰੇਸ ਨਹੀਂ ਕਰ ਸਕਦੇ।" ਮੁਲਾਜ਼ਮ ਕੁੜੀ ਨੇ ਦ੍ਰਿੜਤਾ, ਤਸੱਲੀ ਅਤੇ ਵਿਸ਼ਵਾਸ ਨਾਲ ਜੁਆਬ ਹਾਜ਼ਰ ਕੀਤਾ ਸੀ।
ਉਸ ਦੀ ਦਲੀਲ ਜਸਵਿੰਦਰ ਦੇ ਦਿਲ ਨੂੰ ਲੱਗ ਗਈ ਸੀ। ਜਸਵਿੰਦਰ ਨੇ ਫ਼ੌਰਨ ਇੰਡੀਆ ਤੋਂ ਪੜਤਾਲ ਕੀਤੀ ਸੀ। ਨਾ ਉਸ ਦੇ ਸਾਹੁਰਿਆਂ ਨੇ ਤੇ ਨਾ ਹੀ ਉਸ ਦੇ ਆਪਣੇ ਪਰਿਵਾਰ ਨੇ ਉਹ ਫੋਨ ਕੀਤੇ ਸਨ।
"ਮੈਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਵਾਲੇ ਤਾਂ ਸੂਮ ਆ, ਚਿੱਠੀ ਨਹੀਂ ਪਾਉਂਦੇ ਬਈ ਪੈਸੇ ਨਾ ਖਰਚ  ਹੋ ਜਾਣ। ਉਹਨਾਂ 'ਚ ਟੈਲੀਫੂਨ ਕਰਨ ਦਾ ਹੀਆ ਕਿੱਥੋਂ ਪੈ ਜੂ?" ਜਸਵਿੰਦਰ ਦਾ ਮਨ ਪਹਿਲਾਂ ਨਾਲੋਂ ਵੀ ਵਧੇਰੇ ਦੁੱਖੀ ਹੋ ਗਿਆ ਸੀ। ਇੱਕ ਸ਼ੱਕ ਦੀ ਚਿੰਗਾਰੀ ਉਸ ਦੇ ਸੀਨੇ ਵਿੱਚ ਸੁਲਗਣੀ ਸ਼ੁਰੂ ਹੋ ਗਈ ਸੀ। ਕਾਲਾਂ ਦਾ ਉਸ ਨੇ ਕੰਮ 'ਤੇ ਆਪਣੇ ਸਹਾਇਕ ਕਾਮੇ ਕੋਲ ਜ਼ਿਕਰ ਕੀਤਾ ਸੀ,  ਜੋ ਉਸ ਦਾ ਗੁਆਂਢੀ ਵੀ ਸੀ। ਉਸ ਨੇ ਵੀ ਜਸਵਿੰਦਰ ਦੇ ਮਨ ਵਿਚਲੀ ਸ਼ੱਕ ਦੀ ਧੂਣੀ ਨੂੰ ਹਵਾ ਮਾਰ ਕੇ ਹੋਰ ਭਖਾ ਦਿੱਤਾ ਸੀ। ਕਿਧਰੇ ਕੋਈ ਭਰਜਾਈ 'ਤੇ ਟਰਾਈ ਤਾਂ ਨਹੀਂ ਮਾਰਦਾ।
ਇਹ ਗੱਲ ਪੱਕੇ ਤੌਰ 'ਤੇ ਜਸਵਿੰਦਰ ਦੇ ਦਿਮਾਗ ਵਿੱਚ ਘਰ ਕਰ ਗਈ ਸੀ। "ਹਾਂ ਕਿਤੇ ਕਲਵੰਤ ਦਾ ਕੋਈ ਆਸ਼ਕ ਤਾਂ ਨਹੀਂ? ਪਰ ਇੱਥੇ ਤਾਂ ਪਾਲ ਦੀ ਫ਼ੈਕਟਰੀ ਵਿੱਚ ਭੈਣ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਭੈਣ ਜੀ ਆਪ ਹੀ ਨਾਲ ਲੈ ਕੇ ਜਾਂਦੀ ਹੈ ਤੇ ਉਹੀ ਛੱਡ ਕੇ ਜਾਂਦੀ ਹੈ। ਇਸ ਲਈ ਇੱਥੇ ਕਿਸੇ ਨਾਲ ਟਾਂਕਾ ਜੁੜਨ ਦੀ ਗੁੰਜਾਇਸ਼ ਨਹੀਂ ਹੋ ਸਕਦੀ। - ਹੋ ਸਕਦਾ ਹੈ ਇੰਡੀਆ ਹੋਵੇ। ਉਥੇ ਵੀ ਇੱਥੇ ਵਾਲਾ ਹਾਲ ਹੀ ਹੈ। ਪੜ੍ਹਨ ਕਿਹੜਾ ਜਾਂਦੈ? ਸਕੂਲਾਂ, ਕਾਲਜਾਂ ਵਿੱਚ ਸਭ ਆਸ਼ਕੀ ਕਰਨ ਈ ਜਾਂਦੇ ਆ। - ਹਾਂ ਇਹ ਹੀ ਗੱਲ ਹੋ ਸਕਦੀ ਆ। ਇਹਨੇ ਉਥੇ ਹੀ ਕਿਸੇ ਨਾਲ ਸਾਈਆਂ ਵਧਾਈਆਂ ਲਾਈਆਂ ਹੋਣੀਆਂ ਨੇ।"
ਉਸ ਤੋਂ ਮਗਰੋਂ ਜਦੋਂ ਵੀ ਫੋਨ ਆਉਂਦਾ ਉਹ ਕਲਵੰਤ ਨੂੰ ਚੁੱਕਣ ਲਈ ਆਖਦਾ ਤੇ ਨਾਲ ਹੀ ਆਪ ਵੀ ਦੂਜਾ ਐਕਸਟੈਨਸ਼ਨ ਰਸੀਵਰ ਗੱਲਬਾਤ ਸੁਣਨ ਲਈ ਚੁੱਕ ਲੈਂਦਾ ਸੀ। ਪਰ ਕਲਵੰਤ ਨੂੰ ਵੀ ਕੋਈ ਹੁੰਗਾਰਾ ਨਹੀਂ ਸੀ ਮਿਲਦਾ ਹੁੰਦਾ। ਜਸਵਿੰਦਰ ਦਾ ਫਿਰ ਵੀ ਪਾਰਾ ਚੜ੍ਹ ਜਾਂਦਾ ਸੀ। ਉਹ ਕਲਵੰਤ ਨੂੰ ਕੁੱਟਦਾ ਮਾਰਦਾ ਸੀ। ਉਸ 'ਤੇ ਦੋਸ਼-ਦੂਸ਼ਣ ਲਾਉਂਦਾ ਸੀ। ਅੱਗੋਂ ਕਲਵੰਤ ਉਸਦਿਆਂ ਇਲਜ਼ਾਮਾਂ ਦਾ ਖੰਡਨ ਕਰਦੀ ਹੋਈ, ਮਿੰਨਤਾ ਤਰਲੇ ਕਰਦੀ ਤੇ ਸਹੁੰਆਂ ਖਾਂਦੀ ਰਹਿੰਦੀ ਸੀ। ਪਰ ਉਹ ਕੁੱਝ ਨਹੀਂ ਸੀ ਸੁਣਦਾ ਹੁੰਦਾ। ਉਸ ਨੂੰ ਕੁੱਟ-ਕੁੱਟ ਨਿੱਸਲ ਕਰ ਦਿੰਦਾ ਸੀ ਤੇ ਆਪ ਵੀ ਥੱਕ ਕੇ ਹੱਟ ਜਾਂਦਾ ਸੀ। ਕਲਵੰਤ ਰੋ-ਰਾ ਕੇ ਚੁੱਪ ਕਰ ਜਾਂਦੀ ਸੀ।
ਫਿਰ ਇੱਕ ਦਿਨ ਜਸਵਿੰਦਰ ਨੇ ਉਸ ਨੂੰ ਕੰਮ ਤੋਂ ਹਟਾ ਕੇ ਚੌਵੀ ਘੰਟੇ ਘਰ ਦੀ ਚਾਰ ਦਿਵਾਰੀ ਅੰਦਰ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾ ਦਿੱਤੀ ਸੀ। ਉਸ ਨੇ ਕਲਵੰਤ ਨੂੰ ਫੋਨ ਨਾ ਚੁੱਕਣ ਦੀ ਤਾਕੀਦ ਵੀ ਕਰ ਦਿੱਤੀ ਸੀ, "ਹੱਥ ਵੱਢ ਦਿਊਂ ਜੇ ਫੋਨ ਨੂੰ ਹੱਥ ਲਾਇਆ ਤਾਂ।"
ਜਸਵਿੰਦਰ ਦੇ ਵਰਜਣ ਤੋਂ ਬਾਅਦ ਕਦੇ ਵੀ ਕਲਵੰਤ ਨੇ ਫੋਨ ਵੱਲ ਅੱਖ ਕਰਕੇ ਵੀ ਨਹੀਂ ਸੀ ਦੇਖਿਆ।  ਜਸਵਿੰਦਰ ਆਪਣੀ ਗੱਲ ਉੱਤੇ ਹੁੰਦੇ ਅਮਲ ਨੂੰ ਪੜਤਾਲਣ ਲਈ ਆਪ ਕੰਮ ਤੋਂ ਅਕਸਰ ਘਰੇ ਫੋਨ ਕਰਕੇ ਜਾਂਚਦਾ ਰਹਿੰਦਾ ਸੀ।  ਕਲਵੰਤ ਕਦੇ ਫੋਨ ਨਾ ਚੁੱਕਦੀ। ਘੰਟੀਆਂ ਵੱਜ-ਵੱਜ ਹੱਟ ਜਾਂਦੀਆਂ। ਤੇ ਇੰਝ ਜਸਵਿੰਦਰ ਨੂੰ ਤਸੱਲੀ ਹੋ ਜਾਂਦੀ ਸੀ।
ਭਰਿਆ ਪੀਤਾ ਹੋਇਆ ਜਸਵਿੰਦਰ ਕਿਸੇ ਕੋਲ ਦਿਲ ਫਰੋਲਣਾ ਚਾਹੁੰਦਾ ਸੀ। ਉਹ ਲੋਚਦਾ ਸੀ ਕਿ ਕੋਈ ਉਸ ਦਾ ਦੁੱਖ ਸੁੱਖ ਸੁਣੇ। ਮਨ ਹਲਕਾ ਕਰਨ ਲਈ ਇੱਕ ਦਿਨ ਉਸ ਨੇ ਆਪਣੇ ਨਾਲ ਕੰਮ ਕਰਦੇ ਉਸੇ ਹੀ ਸਾਥੀ ਨੂੰ ਆਪਣੀ ਦਰਦ ਕਹਾਣੀ ਦੱਸ ਕੇ ਉਸ ਦੀ ਸਲਾਹ ਮੰਗੀ ਸੀ। ਉਸ ਮਿੱਤਰ ਨੇ ਉਸ ਦੀ ਗੱਲ ਸੁਣ ਕੇ ਉਦੋਂ ਤਾਂ ਹਮਦਰਦੀ ਜਤਾਈ ਸੀ। ਪਰ ਬਾਅਦ ਵਿੱਚ ਸਾਰੀ ਫਾਊਂਡਰੀ ਵਿੱਚ ਢੰਡੋਰਾ ਪਿੱਟ ਕੇ ਜਸਵਿੰਦਰ ਨੂੰ ਕਾਫ਼ੀ ਰੁਸਵਾ ਕੀਤਾ ਸੀ। ਜਸਵਿੰਦਰ ਨੂੰ ਪਰੇਸ਼ਾਨ ਦੇਖ ਕੇ ਤਾਂ ਲੋਕਾਂ ਨੇ ਪਹਿਲਾਂ ਹੀ ਕਿਆਫ਼ੇ ਲਾਏ ਹੋਏ ਸਨ। ਹਰ ਕੋਈ ਉਸ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਲੱਗ ਪਿਆ ਸੀ। ਲੋਕਾਂ ਨੂੰ ਤਾਂ ਜਿਵੇਂ ਮੰਨੋਰੰਜਨ ਲਈ ਅਫ਼ਸਾਨਾ ਮਿਲ ਗਿਆ ਸੀ।  ਫਾਊਂਡਰੀ ਵਿੱਚ ਅਕਸਰ ਲੋਕ ਉਸ ਨੂੰ ਸਿੱਧੇ-ਅਸਿੱਧੇ ਤਰੀਕੇ ਤਾਨੇ-ਤਰਕਾਂ ਕਰਦੇ ਰਹਿੰਦੇ ਸਨ। ਉਹ ਬੇਸ਼ਰਮ ਹੋ ਕੇ ਸਭ ਜਰ ਜਾਂਦਾ ਸੀ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ। ਜਦੋਂ ਕਿਸੇ ਨੇ ਜਸਵਿੰਦਰ ਨੂੰ ਜਾਣ ਕੇ ਛੇੜਣ ਲਈ ਟਾਂਚ ਕਰੀ ਸੀ, "ਹੁਸਨ ਵਾਲੇ ਕਬੂਤਰ ਕੀ ਨਸਲ ਹੋਤੇ ਹੈਂ, ਕਭੀ ਇਸ ਕੀ ਬਗਲ ਕਭੀ ਉਸ ਕੀ ਬਗਲ ਹੋਤੇ ਹੈਂ।"
ਬਾਕੀ ਸਾਰੇ ਮਗਰੇ ਦੰਦੀਆਂ ਕੱਢਣ ਲੱਗ ਪਏ ਸਨ। ਇਹ ਸੁਣ ਕੇ ਜਸਵਿੰਦਰ ਨੂੰ ਗੁੱਸਾ ਆ ਗਿਆ ਸੀ। ਪਰ ਉਸ ਨੇ ਅਣਸੁਣਿਆ ਕਰਕੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਦਾ ਯਤਨ ਕੀਤਾ ਸੀ।
"ਬਈ ਕਹਿੰਦੇ ਆ ਸੋਹਣੀ ਖਸਮ ਨੂੰ ਸੁੱਤਾ ਪਿਆ ਛੱਡ ਕੇ ਮਹਿਵਾਲ ਦੀ ਬੁੱਕਲ 'ਚ ਜਾ ਬਹਿੰਦੀ ਸੀ।" ਇੱਕ ਹੋਰ ਬੰਦੇ ਨੇ ਘੁੰਮਾ ਫਿਰਾ ਕੇ ਗੱਲ ਕੀਤੀ ਸੀ।
ਜਸਵਿੰਦਰ ਫੇਰ ਵੀ ਖ਼ਾਮੋਸ਼ ਰਹਿ ਕੇ ਗੁੱਸੇ ਨੂੰ ਮਾਰ ਗਿਆ ਸੀ। ਉਹਨੇ ਸਮਝਿਆ ਸੀ ਸ਼ਾਇਦ ਉਹ ਕੋਈ ਹੋਰ ਗੱਲ ਕਰਦੇ ਹੋਣਗੇ।
ਉਹਨਾਂ ਕੋਲ ਹੀ ਖੜ੍ਹੇ ਇੱਕ ਗਾਉਣ ਦੇ ਸ਼ੌਕੀਨ ਮੁੰਡੇ ਨੇ ਸੁਰ ਕੱਢੀ ਸੀ, "ਮੱਕੀ ਦੀ ਰੋਟੀ ਉੱਤੇ ਅੰਬ ਦੀਆਂ ਫਾੜੀਆਂ। ਉਹਨੇ ਸਾਹੁਰੇ ਕੀ ਵਸਣਾ, ਜੀਹਨੇ ਪੇਕੇ ਲਾਈਆਂ ਯਾਰੀਆਂ।"
ਹੁਣ ਤਾਂ ਜਸਵਿੰਦਰ ਨੂੰ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਉਹ ਉਸ ਨੂੰ ਹੀ ਲਾ ਕੇ ਗੱਲ ਕਰ ਰਹੇ ਸਨ। ਕੁੱਝ ਦੂਰੀ 'ਤੇ ਖੜ੍ਹੇ ਇੱਕ ਹੋਰ ਬਜ਼ੁਰਗ ਨੇ ਗੱਲਬਾਤ ਵਿੱਚ ਸ਼ਿਰਕਤ ਕਰਨ ਲਈ ਕਿਹਾ ਸੀ, "ਮੁੰਡਿਓ ਹਾਣ ਨੂੰ ਹਾਣ ਪਿਆਰਾ ਈ ਹੁੰਦਾ ਐ, ਬਈ।"
ਜਸਵਿੰਦਰ ਰੋਣ ਹਾਕਾ ਹੋ ਗਿਆ ਸੀ। ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਸੀ। ਉਤੋਂ ਲੋਕ ਉਸ ਨੂੰ ਚੋਟ-'ਤੇ-ਚੋਟ ਦੇਈ ਜਾ ਰਹੇ ਸਨ। ਸਭ ਸੁਆਦ ਲੈ ਲੈ ਗੱਲਾਂ ਕਰਦੇ ਰਹੇ ਸਨ। ਜਸਵਿੰਦਰ ਨੂੰ ਖ਼ਾਮੋਸ਼ ਦੇਖ ਕੇ ਕੋਈ ਨਾ ਕੋਈ ਸ਼ਿੰਗੜੀ ਛੇੜੀ ਰੱਖਦਾ। ਉਹ ਸਭਨਾਂ ਦੀਆਂ ਗੱਲਾਂ ਸਮਝਦਾ ਹੋਇਆ ਵੀ ਜਾਣ ਕੇ ਅਣਜਾਣ ਬਣਿਆ ਰਿਹਾ ਸੀ। ਉਸ ਦੇ ਨਾਲ ਦੇ ਕਰਿੰਦੇ ਇਹੀ ਸਮਝ ਰਹੇ ਸਨ ਕਿ ਪਰ੍ਹਾਂ ਖੜ੍ਹਾ ਹੋਣ ਕਰਕੇ ਜਸਵਿੰਦਰ ਨੂੰ ਕੁੱਝ ਸੁਣ ਨਹੀਂ ਰਿਹਾ ਸੀ। ਉਹਨਾਂ ਵਿੱਚੋਂ ਹੀ ਇੱਕ ਹੋਰ ਮੀਸਣੇ ਜਿਹੇ ਨੇ ਮਸ਼ਕਰੀ ਕੀਤੀ ਸੀ, "ਉਹਨੇ ਸਹੁਰੀ ਨੇ ਵਲਾਇਤ ਦੇਖ ਕੇ ਹੀ ਖੂਹ ਵਿੱਚ ਛਾਲ ਮਾਰੀ ਐ।"
ਪਾਣੀ ਸਿਰੋਂ ਉੱਚਾ ਚੜ੍ਹਦਾ ਦੇਖ ਕੇ ਜਸਵਿੰਦਰ ਤੋਂ ਬਰਦਾਸ਼ਤ ਨਹੀਂ ਸੀ ਹੋਇਆ ਉਹਨੇ ਉਸ ਬੰਦੇ ਦੇ ਗਲ ਜਾ ਸਾਫਾ ਪਾਇਆ ਸੀ।
"ਖੂਹ ਕਿਹਨੂੰ ਕਹਿੰਨੈਂ ਉਏ?" ਜਸਵਿੰਦਰ ਲੜਨ 'ਤੇ ਉਤਰ ਆਇਆ ਸੀ। ਜਸਵਿੰਦਰ ਨੇ ਉਸ ਸ਼ਖ਼ਸ ਦੇ ਕਈ ਹੂਰੇ ਮਾਰੇ ਸਨ। ਜਸਵਿੰਦਰ ਤੇ ਕਰਤਾਰ ਨੂੰ ਜੱਫੋ-ਜੱਫੀ ਹੋਇਆਂ ਨੂੰ ਜਿਹੜਾ ਛੁਡਾਉਣ ਆਉਂਦਾ ਸੀ, ਜਸਵਿੰਦਰ ਇੱਕ ਅੱਧਾ ਘਸੁੰਨ ਉਹਦੇ ਵੀ ਜੜ ਦਿੰਦਾ ਸੀ। ਕੁੱਝ ਸਮਝਦਾਰਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਲੜਨੋਂ ਹਟਾ ਦਿੱਤਾ ਸੀ।
"ਸਿਆਣੇ ਕਹਿੰਦੇ ਨੇ ਰਿਸ਼ਤੇ ਬਰਾਬਰ ਵਿੱਚ ਹੀ ਨਿਭਦੇ ਨੇ। ਕਿੱਥੇ ਉਹ ਤੇ ਕਿੱਥੇ ਤੂੰ? ਕੋਈ ਮੇਲ ਏ ਭਲਾਂ?" ਕਰਤਾਰ ਨੇ ਪੱਗ ਨੂੰ ਸੂਤ ਕਰਦਿਆਂ ਕਿਹਾ ਸੀ।
ਜਸਵਿੰਦਰ ਨੂੰ ਦੋ ਤਿੰਨ ਜਾਣਿਆਂ ਨੇ ਫੜਿਆ ਹੋਇਆ ਸੀ। ਗੁੱਸੇ ਕਾਰਨ ਜਸਵਿੰਦਰ ਦਾ ਚਿਹਰਾ ਭੱਖਿਆ ਪਿਆ ਸੀ।
"ਪਹਿਲਾਂ ਜਨਾਨੀ ਤਾਂ ਸਾਂਭ ਲੈ  ਵੱਡਾ ਵੈਲੀ ਬਣਿਆ ਫਿਰਦੈ।" ਕਰਤਾਰ ਨੇ ਫੱਟਿਆ ਝੱਗਾ ਦੇਖ ਕੇ ਆਪਣੀ ਭੜਾਸ ਕੱਢੀ ਸੀ।
ਜਲਦ ਹੀ ਸਾਰੇ ਮੁੜ ਕੇ ਆਪੋਂ ਆਪਣੇ ਕੰਮਾਂ 'ਤੇ ਜਾ ਲੱਗੇ ਸਨ। ਜਿੰਨੇ ਮੂੰਹ ਓਨੀਆਂ ਗੱਲਾਂ । ਜਸਵਿੰਦਰ ਕਿਸ ਕਿਸ ਦੀ ਜ਼ਬਾਨ ਨੂੰ ਫੜਦਾ। ਉਸ ਦੀ ਕਿਸੇ ਨਾਲ ਨਹੀਂ ਬਣਦੀ ਸੀ। ਤੰਗ ਆ ਕੇ ਉਹਨੇ ਘਰ ਦੇ ਨਜ਼ਦੀਕ ਹੀ ਕਿਸੇ ਹੋਰ ਕੱਪੜਿਆਂ ਦੀ ਫ਼ੈਕਟਰੀ ਵਿੱਚ ਕੰਮ ਲੱਭ ਲਿਆ ਸੀ। ਪਰ ਉਸ ਦੀ ਮਾਨਸਿਕ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਸੀ ਆਇਆ। ਸਗੋਂ ਉਹ ਅੰਦਰੋਂ ਅੰਦਰ ਹੀ ਖੁਰੀ ਜਾ ਰਿਹਾ ਸੀ ਤੇ ਮਰਨ ਦੀ ਯਾਚਨਾ ਕਰਨ ਲੱਗ ਪਿਆ ਸੀ। ਉਸ ਨੂੰ ਆਤਮ- ਗਿਲਾਨੀ,  ਕਲਵੰਤ ਨਾਲ ਘ੍ਰਿਣਾ ਤੇ ਜਮਾਨੇ ਨਾਲ ਨਫ਼ਰਤ ਹੋ ਗਈ ਸੀ। ਪਰੇਸ਼ਾਨੀਆਂ ਦੇ ਭੰਵਰ ਨੇ ਆਪਣੀ ਲਪੇਟ ਵਿੱਚ ਲੈ ਕੇ ਜਸਵਿੰਦਰ ਨੂੰ ਅਲਕੋਹਲ ਡਿਪੈਂਡਨਟ ਬਣਾ ਦਿੱਤਾ ਸੀ। ਉਹ ਬਿਨ ਨਾਗਾ ਸ਼ਰਾਬ, ਸਿਗਰਟਾਂ ਅਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ ਸੀ।
ਕਲਵੰਤ ਵੱਲ ਦੇਖ ਕੇ ਜਾਂ ਉਸ ਬਾਰੇ ਸੋਚਣ 'ਤੇ ਵੀ ਜਸਵਿੰਦਰ ਦਾ ਦਿਲ ਦੁੱਖੀ ਹੋ ਜਾਂਦਾ ਸੀ। ਜਿਸ ਦੀ ਵਜ੍ਹਾ ਕਰਕੇ ਉਹ ਡਿਪਰੈਸ਼ਨ (ਤਨਾਉ) ਦਾ ਰੋਗੀ ਹੋ ਗਿਆ ਸੀ। ਐਟੀਂਡਿਪਰੈਸਟ, ਟ੍ਰੈਂਕਵਿਲਾਇਜ਼ਰ, ਸਲੀਪਿੰਗ ਪਿੱਲਸ ਉਸ ਦੇ ਜੀਵਨ ਦਾ ਇੱਕ ਹਿੱਸਾ ਬਣ ਗਈਆਂ ਸਨ। ਜਸਵਿੰਦਰ ਦੇ ਮਨ ਵਿਚਲੀਆਂ ਜੀਣ ਦੀਆਂ ਸਭ ਹਸਰਤਾਂ ਦਮ ਤੋੜ ਗਈਆਂ ਸਨ। ਉਹ ਦਿਨਾਂ ਵਿੱਚ ਹੀ ਕੁੱਝ ਦਾ ਕੁੱਝ ਬਣ ਗਿਆ ਸੀ।
ਪੂਰੇ ਦੋ ਮਹੀਨੇ ਤੋਂ ਇਸ ਤਰ੍ਹਾਂ ਚੱਲ ਰਿਹਾ ਸੀ। ਉਹ ਦਿਨ ਰਾਤ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਦੋ-ਚੌਂਹ ਦਿਨਾਂ ਦੇ ਵਕਫ਼ੇ ਪਿੱਛੋਂ ਕਲਵੰਤ ਨੂੰ ਛੁਲਕ ਸੁੱਟਦਾ ਸੀ। ਉਹ ਇੱਕ ਦੂਜੇ ਨੂੰ ਬੋਲ-ਬਾਣੀ ਪੱਖੋਂ ਸਦੀਵੀ ਛੇਕਣ ਦਾ ਪ੍ਰਣ ਵੀ ਕਰਦੇ ਸਨ। ਪਰ ਦੋ ਤਿੰਨਾਂ ਦਿਨਾਂ ਪਿੱਛੋਂ ਹੀ ਕੋਈ ਲੋੜ ਉਹਨਾਂ ਵਿੱਚ ਲਫ਼ਜ਼ੀ ਸੰਪਰਕ ਕਾਇਮ ਕਰਵਾ ਦਿੰਦੀ ਸੀ। ਕਲਵੰਤ ਅਜੇ ਬੀਤਿਆ ਭੁੱਲੀ ਵੀ ਨਹੀਂ ਸੀ ਹੁੰਦੀ ਕਿ ਫਿਰ ਇੱਕ ਅੱਧੇ ਦਿਨ ਮਗਰੋਂ ਉਹੀ ਵੱਢ-ਟੁੱਕ ਚਾਲੂ ਹੋ ਜਾਂਦੀ ਸੀ।
ਇਸ ਵਾਰ ਪਹਿਲੀ ਮਰਤਬਾ ਉਹਨਾਂ ਦੇ ਝਗੜੇ ਪਿੱਛੋਂ ਬੋਲਣ-ਚੱਲਣ ਵਿੱਚ ਇੱਕ ਹਫ਼ਤੇ ਦਾ ਅੰਤਰਾਲ ਪਿਆ ਸੀ। ਬਹੁਤੀ ਬਦਨਾਮੀ ਦੇ ਡਰੋਂ ਉਹ ਦੜ ਵੱਟੀ ਬੈਠਾ ਸੀ। ਨਹੀਂ ਤਾਂ ਕਦੋਂ ਦਾ ਗੁੱਤੋਂ ਫੜ ਕੇ ਕਲਵੰਤ ਨੂੰ ਦਰੋਂ ਬਾਹਰ ਕੱਢ ਦਿੰਦਾ। ਬਸ ਉਹ ਤਾਂ ਚੁੱਪਚਾਪ ਕਲਵੰਤ ਦੇ ਘਰ ਛੱਡ ਕੇ ਕਿਸੇ ਨਾਲ ਕਿਤੇ ਚਲੀ ਜਾਣ ਦੀ ਉਡੀਕ ਕਰ ਰਿਹਾ ਸੀ।
ਕਾਫ਼ੀ ਚਿਰ ਹੋ ਗਿਆ ਸੀ ਜਸਵਿੰਦਰ ਨੂੰ ਲੇਟਿਆਂ ਹੋਇਆਂ। ਪਰ ਨੀਂਦ ਉਸ ਦੇ ਨੈਣਾਂ ਦੇ ਕੋਲ ਵੀ ਨਹੀਂ ਸੀ ਭਟਕੀ। ਬੜੇ ਹੀ ਭਲੇ ਬੁਰੇ ਵਿਚਾਰ ਉਸ ਦੇ ਮਨ ਵਿੱਚ ਆ ਰਹੇ ਸਨ। ਉਹ ਜ਼ਿੰਦਗੀ ਤੋਂ ਐਨਾ ਉਕਤਾ ਗਿਆ ਸੀ ਤੇ ਸੋਚਦਾ ਸੀ ਸ਼ੀਸ਼ੀ ਵਿੱਚ ਪਈਆਂ ਗੋਲੀਆਂ ਦਾ ਇੱਕੋ ਫੱਕਾ ਮਾਰ ਕੇ ਜ਼ਿੰਦ ਖਲਾਸੀ ਕਰੇ।
ਜਸਵਿੰਦਰ ਨੂੰ ਪ੍ਰਤੀਤ ਹੋਇਆ ਜਿਵੇਂ ਉਹ ਅੰਦਰੋਂ ਖੋਖਲਾ ਹੋ ਕੇ ਰਹਿ ਗਿਆ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਆਪਣੀ ਪਹਿਲਾਂ ਵਾਲੀ ਮਰਦਾਨਗੀ ਅਤੇ ਦਰਸ਼ਨੀ ਦਿੱਖ ਨੂੰ ਕਾਇਮ-ਦਾਇਮ ਨਹੀਂ ਸੀ ਰੱਖ ਸਕਿਆ। ਦਿਨ ਭਰ ਵਿੱਚ ਕੀਤੀ ਸਖ਼ਤ ਮੁਸ਼ੱਕਤ ਦੇ ਭੰਨ ਸੁੱਟਣ ਕਾਰਨ ਘਰੇ ਆ ਕੇ ਉਸ ਤੋਂ ਕੁੱਝ ਨਹੀਂ ਸੀ ਕਰ ਹੁੰਦਾ। ਮੰਜੇ ਉਤੇ ਡਿੱਗਦਿਆਂ ਹੀ ਨੀਂਦਰ ਆ ਜਾਂਦੀ ਸੀ। ਸ਼ਾਇਦ ਇਹੀ ਵਜ੍ਹਾ ਹੈ। ਕਲਵੰਤ ਦੇ ਪੁਰਾਣੇ ਇਸ਼ਕ ਦੇ ਦੁਬਾਰਾ ਪਲਪਣ ਦੀ। ਮੈਥੋਂ ਉਹਨੂੰ ਸੰਤੁਸ਼ਟ ਨਹੀਂ ਕਰ ਹੁੰਦਾ। ਇਹ ਸੋਚ ਕੇ ਜਸਵਿੰਦਰ ਦਾ ਮਨ ਐਨਾ ਕੌੜਾ ਹੋ ਗਿਆ, ਜਿਵੇਂ ਉਸ ਨੇ ਅੱਕ ਚੱਬ ਲਿਆ ਹੁੰਦਾ ਹੈ।
ਅਗਲੇ ਹੀ ਪਲ ਉਹਨੇ ਹਿਰਖ ਵਿੱਚ ਸੋਚਿਆ, ਆਤਮਹੱਤਿਆ ਕਰ ਲਵਾਂ ਜਾਂ ਇਹਨੂੰ ਬਦਕਾਰ ਰੰਨ ਨੂੰ ਹੀ ਕਤਲ ਕਰ ਦੇਵਾਂ।
ਕਲਵੰਤ ਵੀ ਬਿਨ ਜਲ ਦੇ ਮੱਛਲੀ ਵਾਂਗ ਤੜਫ਼ੀ ਜਾ ਰਹੀ ਸੀ। ਉਹ ਵੀ ਕਾਫ਼ੀ ਚਿਰ ਤੱਕ ਪਾਸੇ ਮਾਰਦੀ ਰਹੀ। ਚੁੱਪ ਦੀ ਇੱਕ ਮਜ਼ਬੂਤ ਕੰਧ ਉਹਨਾਂ ਨੇ ਆਪਣੇ ਦਰਮਿਆਨ ਉਸਾਰੀ ਹੋਈ ਸੀ। ਇੱਕ ਪਲੰਘ 'ਤੇ ਸਾਂਝੀ ਰਜਾਈ ਵਿੱਚ ਵੀ ਉਹ ਵੱਖੋ-ਵੱਖਰੇ ਹੋਏ ਪਏ ਸਨ।
ਜਸਵਿੰਦਰ ਨੇ ਆਪਣੇ ਅਤੀਤ 'ਤੇ ਉੱਡਦੀ ਨਜ਼ਰ ਮਾਰੀ, "ਇਹ ਦੁਨੀਆਂ ਹੀ ਮਤਲਬ ਦੀ ਹੈ। ਇੱਥੇ ਕੋਈ ਕਿਸੇ ਦਾ ਮਿੱਤ ਨਹੀਂ। ਸਭ ਸਾਲੇ ਗੌਂ ਦੇ ਈ ਯਾਰ ਆ।"
ਪਾਸਾ ਪਰਤ ਕੇ ਜਸਵਿੰਦਰ ਨੇ ਕਲਵੰਤ ਵੱਲ ਦੇਖਿਆ, ਸ਼ਾਇਦ ਉਹ ਸੌਂ ਗਈ ਸੀ। ਸਟਰੀਟ ਲਾਈਟ ਬੈਡਰੂਮ ਦੀ ਖਿੜਕੀ ਤੋਂ ਬਹੁਤੀ ਦੂਰ ਨਹੀਂ ਸੀ। ਭਾਵੇਂ ਪਰਦਿਆਂ ਨੇ ਅੰਦਰ ਆਉਂਦੀ ਰੋਸ਼ਨੀ ਨੂੰ ਮੱਧਮ ਕਰ ਦਿੱਤਾ ਸੀ। ਫਿਰ ਵੀ ਕਮਰਾ ਏਨਾ ਕੁ ਤਾਂ ਪ੍ਰਕਾਸ਼ਮਾਨ ਸੀ ਕਿ ਹਰ ਸ਼ੈਅ ਸਪਸ਼ਟ ਨਜ਼ਰ ਆਉਂਦੀ ਸੀ। ਜਸਵਿੰਦਰ ਕਲਵੰਤ ਦੀ ਤਰਫ਼ ਤੱਕਦਾ ਰਿਹਾ। ਉਹ ਉਸ ਵੱਲ ਪਿੱਠ ਕਰੀ ਪਈ ਸੀ। ਜਸਵਿੰਦਰ ਨੇ ਉਹਦੇ ਤੋਂ ਲਾਹ ਕੇ ਰਜਾਈ ਥੱਲੇ ਕਰ ਦਿੱਤੀ। ਕਲਵੰਤ ਦੇ ਡੂੰਘੇ ਗਲਵੇਂ ਵਾਲਾ ਕਾਮਚੋਲਨਾ ਸੂਟ ਪਹਿਨਿਆਂ ਹੋਇਆ ਸੀ। ਉਹ ਕਲਵੰਤ ਦੀ ਗਰਦਨ ਅਤੇ ਉਸ ਦੇ ਮੌਰਾਂ ਦਾ ਜੋ ਹਿੱਸਾ ਗਲਵੇਂ ਦੀ ਗੋਲ ਕਟਾਈ ਤੋਂ ਬਾਹਰ ਹੋਣ ਕਰਕੇ ਨੰਗਾ ਸੀ, ਉਸ ਨੂੰ ਨਿਗਾਹ ਟਿਕਾ ਕੇ ਦੇਖਣ ਲੱਗਾ। ਉਸ ਨੂੰ ਕਲਵੰਤ ਦੇ ਉਸ ਅਣਢੱਕੇ ਮਾਸ ਵੱਲ ਦੇਖਣਾ ਚੰਗਾ ਲੱਗਣ ਲੱਗਿਆ। ਉਹ ਹੋਰ ਨੀਝ ਨਾਲ ਤੱਕਦਾ ਰਿਹਾ। ਕਲਵੰਤ ਦੀ ਪਿੱਠ ਦਾ ਜੋ ਭਾਗ ਕੱਜਿਆ ਹੋਇਆ ਸੀ, ਉਹ  ਪਹਿਲਾਂ ਅਣਕੱਜਿਆ ਦੇਖਿਆ ਹੋਣ ਕਰਕੇ ਜਸਵਿੰਦਰ ਦੀ ਕਲਪਨਾ ਸ਼ਕਤੀ ਨੇ ਉੱਘਾੜ ਕੇ ਹੂ-ਬ-ਹੂ ਨਗਨ ਰੂਪ ਵਿੱਚ ਉਸ ਦੀਆਂ ਨਜ਼ਰਾਂ ਦੇ ਮੂਹਰੇ ਲੈ ਆਂਦਾ। ਐਨੇ 'ਚ ਹੀ ਜਸਵਿੰਦਰ ਦੇ ਅੰਗਾਂ ਨੇ ਅਵਸਥਾ ਬਦਲਨੀ ਸ਼ੁਰੂ ਕੀਤੀ।
"ਅਜੇ ਤਾਂ ਪੂਰੀ ਗਊ ਅਰਗੀ ਸੀਲ ਆ। ਕੱਲ੍ਹ ਨੂੰ ਜੇ ਛੜਾਂ ਮਾਰੂਗੀ ਤਾਂ ਦੇਖੀ ਜਾਊ। ਹਾਲੇ ਤਾਂ ਮਜ਼ਾ ਲੁੱਟਾਂ। ਹੁਸਨ ਦੀ ਗੰਗਾ ਵਿੱਚ ਗੋਤੇ ਲਾਵਾਂ।" ਜਸਵਿੰਦਰ ਦੇ ਦਿਮਾਗ ਵਿੱਚ ਵਾਸਨਾ ਦੇ ਜਾਗ ਨਾਲ ਮਤਲਬੀ ਸੋਚ ਦੇ ਫੁੱਟ ਜੰਮ ਗਏ। ਉਹ ਕਲਵੰਤ ਦੇ ਕੋਲ ਨੂੰ ਜ਼ਰਾ ਕੁ ਸਰਕਿਆਂ ਤੇ ਕੂਹਣੀ ਦੇ ਬਲ ਉੱਠਿਆ। ਉਹਦਾ ਕੰਬਦਾ ਹੱਥ ਕਲਵੰਤ ਦੀ ਢੂਹੀ ਨੂੰ ਸਹਿਲਾਉਣ ਲੱਗਿਆ। ਕਲਵੰਤ ਦਾ ਪਿੰਡਾ ਬੁਰੀ ਤਰ੍ਹਾਂ ਭੱਖ ਰਿਹਾ ਸੀ। ਇੰਝ ਸੇਕ ਮਾਰਦਾ ਸੀ ਜਿਵੇਂ ਉਸ ਨੂੰ ਸਖ਼ਤ ਤਾਪ ਚੜ੍ਹਿਆ ਹੋਵੇ।
ਕਲਵੰਤ ਨੇ ਊਂਘਦੀ ਹੋਈ ਨੇ ਕਰਵਟ ਬਦਲ ਕੇ ਜਸਵਿੰਦਰ ਵੱਲ ਤੱਕਿਆ। ਖ਼ੌਰੇ ਜਸਵਿੰਦਰ ਦੇ ਛੁਹਣ ਨਾਲ ਉਸ ਨੂੰ ਜਾਗ ਆ ਗਈ ਸੀ ਜਾਂ ਸ਼ਾਇਦ ਉਹ ਸੁੱਤੀ ਹੀ ਨਹੀਂ ਸੀ।
ਹੁਣ ਪਿੱਛੇ ਦੀ ਬਜਾਏ ਜਸਵਿੰਦਰ ਦੇ ਹੱਥ ਉਸ ਦੇ ਅੱਗੇ 'ਤੇ ਗਸ਼ਤ ਕਰਨ ਲੱਗ ਪਏ ਸਨ। ਰਸੀਦੀ ਟਿਕਟ 'ਤੇ ਕਰੇ ਹਸਤਾਖਰਾਂ ਵਾਂਗ ਉਹ ਸਾਰੇ ਦਾ ਸਾਰਾ ਸਿਰ ਤੋਂ ਪੈਰਾਂ ਤੱਕ ਕਲਵੰਤ ਦੇ ਉੱਪਰ ਪਿਆ ਸੀ।  ਕਲਵੰਤ ਜਸਵਿੰਦਰ ਦੇ ਭਾਰ  ਥੱਲੇ ਕੁਚਲੀ ਜਾਂਦੀ ਹੋਈ ਵੀ ਉਸ ਦੇ ਹੁਕਮਾਂ ਦੀ ਤਾਮੀਲ ਕਰੀ ਜਾ ਰਹੀ ਸੀ…। 
ਕਾਫ਼ੀ ਦੇਰ ਉਹ ਆਪਣਾ ਜਿਸਮ ਨਿੱਘਾ ਕਰਦਾ ਰਿਹਾ ਤੇ ਕਲਵੰਤ ਸਿਸਕੀਆਂ ਭਰਦੀ ਰਹੀ। ਪਰ੍ਹ ਕੱਟੇ ਪੰਛੀ ਵਾਂਗ ਫੁੜਕਦੀ ਤੇ ਸਹਿਕਦੀ ਰਹੀ । ਅਹਿਲ ਤੇ ਅਬੋਲ ਪਈ ਸਿਗਰਟਾਂ ਤੇ ਸ਼ਰਾਬ ਦੀ ਹੁਬਾੜ ਨੂੰ ਝੱਲਦੀ ਰਹੀ। ਕਲਵੰਤ ਨੂੰ ਰੋਣਾ ਆਉਂਦਾ ਸੀ ਪਰ ਉਹ ਬੁੱਲ੍ਹ ਚਿੱਥ ਕੇ ਮਾਮੋਸ਼ੀ ਨਾਲ ਸਭ ਕੁੱਝ ਜਰਦੀ ਰਹੀ।
ਬਾਹਰ ਮੌਸਲੇਧਾਰ ਮੀਂਹ ਵਰੀ ਜਾ ਰਿਹਾ ਸੀ।… ਬੱਦਲ ਗਰਜੀ ਜਾ ਰਹੇ ਸਨ।… ਬਿਜਲੀ ਲਿਸ਼ਕੀ ਜਾ ਰਹੀ ਸੀ।…
ਹੰਬ-ਹੌਂਕ ਕੇ ਜਸਵਿੰਦਰ ਮੁੜ ਪਹਿਲਾਂ ਦੀ ਤਰ੍ਹਾਂ ਕਲਵੰਤ ਨਾਲੋਂ ਕੁੱਝ ਫ਼ਰਕ ਨਾਲ ਪੈ ਗਿਆ। ਥੱਕਿਆ ਟੁੱਟਿਆ ਹੋਣ ਕਾਰਨ ਉਹ ਛੇਤੀ ਹੀ ਨੀਂਦ ਨਾਲ ਲੁੜਕ ਗਿਆ।
ਗੜਿਆਂ ਦੀ ਮਾਰ ਹੇਠ ਆਉਂਣ ਨਾਲ ਧਰਤੀ 'ਤੇ ਡੱਗੀ ਫਸਲ ਵਾਂਗ ਕਲਵੰਤ ਉੱਥੇ ਬਿਸਤਰੇ ਵਿੱਚ ਭੰਨੀ-ਤੋੜੀ ਨਿਰਜ਼ਿੰਦ ਜਿਹੀ ਹੋ ਕੇ ਉਵੇਂ ਦੀ ਉਵੇਂ ਹੀ ਪਈ ਰਹੀ। ਉਸ ਵਿੱਚ ਉੱਠ ਕੇ ਦੁਬਾਰਾ ਕੱਪੜੇ ਪਹਿਨਣ ਦੀ ਵੀ ਹਿੰਮਤ ਨਹੀਂ ਸੀ। ਉਸ ਦਾ ਬੁਖਾਰ ਹੋਰ ਤੇਜ਼ ਹੁੰਦਾ ਜਾ ਰਿਹਾ ਸੀ।
ਪਹੁ ਫੁਟਾਲਾ ਹੋ ਚੁੱਕਿਆ ਸੀ। ਜਿਸ ਵਕਤ ਕਲਵੰਤ ਰੋਜ਼ ਉੱਠਦੀ ਹੁੰਦੀ ਸੀ। ਉਸੇ ਵੇਲੇ ਹੀ ਉੱਠਣ ਦਾ ਯਤਨ ਕਰਨ ਲੱਗੀ। ਦੇਹ ਕਲਵੰਤ ਦਾ ਸਾਥ ਨਹੀਂ ਸੀ ਦੇ ਰਹੀ। ਪਰ ਕਿਵੇਂ ਨਾ ਕਿਵੇਂ ਉਸ ਨੇ ਹਿੰਮਤ ਜੁਟਾਈ ਤੇ ਸਮੁੱਚੀ ਤਾਕਤ ਲਾ ਕੇ ਉੱਠੀ। ਥੱਲੇ ਰਸੋਈ ਵਿੱਚ ਜਾ ਕੇ ਉਹਨੇ ਜਸਵਿੰਦਰ ਲਈ ਚਾਹ ਅਤੇ ਖਾਣਾ ਤਿਆਰ ਕੀਤਾ।
ਜਸਵਿੰਦਰ ਪੌੜੀਆਂ ਉਤਰ ਰਿਹਾ ਸੀ ਤੇ ਕਲਵੰਤ ਵਾਪਸ ਚੜ੍ਹਨ ਲਈ ਜੱਦੋ-ਜਹਿਦ ਕਰ ਰਹੀ ਸੀ। ਕਲਵੰਤ ਵਿੱਚ ਬਿਲਕੁਲ ਵੀ ਸਤਿਆ ਨਹੀਂ ਸੀ ਰਹੀ। ਸੀੜੀਆਂ ਦੇ ਮੱਧ ਵਿੱਚ ਜਦੋਂ ਉਹ ਦੋਨੋਂ ਇੱਕੋ ਪੌੜੀ 'ਤੇ ਇਕੱਠੇ ਹੋਏ ਤਾਂ ਵਕਫ਼ੇ ਤੋਂ ਲੰਘਦਿਆਂ ਹੋਇਆਂ ਵੀ ਜਸਵਿੰਦਰ ਨੂੰ ਰਾਤ ਵਾਲਾ ਸੇਕ ਕਲਵੰਤ ਦੇ ਪਿੰਡੇ ਚੋਂ ਫਿਰ ਮਹਿਸੂਸ ਹੋਇਆ। ਉਹ ਜਾਣ ਚੁੱਕਿਆ ਸੀ ਕਿ ਕਲਵੰਤ ਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ। ਪਰ ਫੇਰ ਵੀ ਉਸ ਨੇ ਕੋਈ ਧਿਆਨ ਨਾ ਦਿੱਤਾ।
"ਮਰੇ ਖਪੇ, ਮੈਨੂੰ ਕੀ? ਸਾਲੀ ਨੇ ਉਈਂ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਚੰਗਾ ਰਹਿੰਦਾ ਜੇ ਵਿਆਹ ਨਾ ਕਰਵਾਉਂਦਾ। ਜਿੱਥੇ ਐਨੀ ਬੀਤੀ ਸੀ, ਉੱਥੇ ਹੋਰ ਲੰਘ ਜਾਂਦੀ । ਆਹ ਸਿਆਪਾ ਤਾਂ ਨਾ ਪੈਂਦਾ।" ਇੰਝ ਬੁੜਬੁੜ ਕਰਦਾ ਹੋਇਆ ਕੁਨੈਣ ਖਾਧੀ ਵਾਲਿਆਂ ਵਰਗਾ ਮੂੰਹ ਬਣਾ ਕੇ ਜਸਵਿੰਦਰ ਆਪਣਾ ਰੋਟੀ ਵਾਲਾ ਝੋਲਾ ਚੁੱਕ ਕੇ ਦਰੋਂ ਨਿਕਲ ਗਿਆ।
ਬੂੰਦਾ-ਬੂੰਦੀ ਰਾਤ ਵਾਂਗ ਜਾਰੀ ਸੀ।
ਘਰ ਤੋਂ ਅਜੇ ਉਹ ਕੁੱਝ ਗਜ਼ਾ ਦੀ ਹੀ ਦੂਰੀ 'ਤੇ ਗਿਆ ਸੀ ਕਿ ਇੱਕ ਟੁੱਟੀ ਜਿਹੀ ਸਕੋਡਾ ਕਾਰ ਉਸ ਦੇ ਕੋਲ ਆ ਕੇ ਰੁੱਕੀ। ਉਸ ਨੇ ਕੋਈ ਗੌਰ ਨਾ ਕੀਤੀ ਤੇ ਆਪਣੇ ਧਿਆਨ ਤੁਰਦਾ ਗਿਆ। ਕਾਰ ਦਾ ਹਾਰਨ ਵੱਜਿਆ ਜਸਵਿੰਦਰ ਨੇ ਪਿੱਛੇ ਪਰਤ ਕੇ ਦੇਖਿਆ, ਕਾਰ ਵਿੱਚ ਜੈਨ ਸੀ।
ਜੈਨ ਦੇ ਕਾਰ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਉਹ ਬਿਨਾਂ ਕੁੱਝ ਪੁੱਛਿਆਂ ਵਿੱਚ ਬੈਠ ਗਿਆ। ਜੈਨ ਨੇ ਜਸਵਿੰਦਰ ਨੂੰ ਬਾਹਾਂ ਵਿੱਚ ਲੈ ਕੇ ਉਸ ਦੇ ਬੁੱਲ੍ਹਾਂ ਤੋਂ ਰਸਮੀ ਜਿਹਾ ਮਿਲਾਪ ਚੁੰਮਣ ਲਿਆ। ਉਹਨੂੰ ਜੈਨ ਦੇ ਅਜਿਹਾ ਕਰਨ ਵਿੱਚੋਂ ਅਪਣੱਤ ਤੇ ਪਿਆਰ ਦਾ ਝਲਕਾਰਾ ਪਿਆ। ਜਸਵਿੰਦਰ ਦਾ ਦਿਲ ਕਰਦਾ ਸੀ ਕਿ ਉਹ ਜੈਨ ਦੇ ਗਲ ਲੱਗ ਕੇ ਰੱਜ-ਰੱਜ ਰੋਵੇ ਤੇ ਨਾਲੇ ਉਸ ਨੂੰ ਆਪਣੇ ਸਾਰੇ ਦੁੱਖ ਦੱਸੇ। ਵਿਆਹ ਤੋਂ ਬਾਅਦ ਤਾਂ ਉਸ ਨੂੰ ਜੈਨ ਦਾ ਖ਼ਿਆਲ ਹੀ ਨਹੀਂ ਸੀ ਆਇਆ।
"ਅੱਜ ਬੜੇ ਚਿਰ ਬਾਅਦ ਮਿਲੇ ਆਂ ।" ਜਸਵਿੰਦਰ ਨੇ ਹੈਰਤ ਨਾਲ ਕਿਹਾ।
"ਮੈਂ ਤਾਂ ਤੈਨੂੰ ਦੋ ਮਹੀਨੇ ਹੋ ਗਏ ਮਿਲਣ ਦੀ ਕੋਸ਼ਿਸ਼ ਕਰਦੀ ਫਿਰਦੀ ਹਾਂ।" ਜੈਨ ਨੇ ਕਾਰ ਦੇ ਵਾਈਪਰ ਤੇਜ਼ ਕਰਦਿਆਂ ਆਪਣਾ ਪੱਖ ਪੇਸ਼ ਕਰਿਆ।
"ਚੱਲ ਝੂਠੀ।" ਜਸਵਿੰਦਰ ਨੂੰ ਯਕੀਨ ਨਾ ਆਇਆ।
"ਨਹੀਂ ਸੱਚੀਂ, ਰੱਬ ਦੀ ਸਹੁੰ। ਦਰਅਸਲ ਮੈਨੂੰ ਤੇਰੇ ਤੱਕ ਇੱਕ ਕੰਮ ਸੀ।" ਜੈਨ ਦੀ ਤੱਕਣੀ ਵਿੱਚ ਸੰਜ਼ੀਦਗੀ ਤੇ ਬੋਲਾਂ ਵਿੱਚ ਝਿਜਕ ਸੀ।
"ਕੰਮ?" ਹੈਰਾਨਕੁਨ ਜਸਵਿੰਦਰ ਉਸ ਵੱਲ ਦੇਖਦਾ ਰਿਹਾ।
ਜੈਨ ਨੇ ਆਪਣੀ ਅਰਜ਼ਦਾਸ਼ਤ ਦਾ ਆਰੰਭ ਕਰਿਆ, "ਹਾਂ ਮੈਨੂੰ ਹਜ਼ਾਰ ਪੌਂਡ ਉਧਾਰ ਚਾਹੀਦਾ ਹੈ। ਮੈਂ ਤੈਨੂੰ ਮੋੜ ਦੇਊਂਗੀ। ਮੇਰੇ ਘਰ ਦੀ ਕੁਰਕੀ ਹੋ ਜਾਣੀ ਨਹੀਂ ਤਾਂ  ਮੈਨੂੰ ਕਿਵੇਂ ਨਾ ਕਿਵੇਂ ਬੰਦੋਬਸਤ ਕਰ ਕੇ ਦੇ । ਮੈਂ ਤੇਰੀ ਪਾਈ-ਪਾਈ ਚੁੱਕਾ ਦੇਊਂਗੀ।" ਜੈਨ ਫਟਾਫਟ ਇੱਕੋ ਸਾਹ ਕਹੀ ਜਾ ਰਹੀ ਸੀ।
"ਅੱਠ ਵੀਕਾਂ ਹੋ ਗਈਆਂ ਮੈਂ ਤੈਨੂੰ ਫੋਨ ਕਰਨ ਦੀ ਟਰਾਈ ਕਰਦੀ ਆਂ। ਪਰ ਹਰ ਵਾਰ ਜਦੋਂ ਤੂੰ ਫੋਨ ਚੁੱਕਦਾ,  ਮੈਂ ਜਕ ਜਾਂਦੀ। ਮੈਨੂੰ ਸੰਸਾ ਹੁੰਦਾ ਕਿ ਤੂੰ  ਮੈਨੂੰ ਕਿਤੇ ਗਲਤ ਈ ਨਾ ਸਮਝੇ। ਮੇਰੇ ਵਿੱਚ ਗੱਲ ਕਰਨ ਦੀ ਹਿੰਮਤ ਨਾ ਪੈਂਦੀ। ਜਦੋਂ ਤੂੰ ਫੋਨ ਵਿੱਚ ਹੈਲੋ-ਹੈਲੋ ਕਰਦਾ ਤਾਂ ਤੇਰੀ ਆਵਾਜ਼ ਵਿਚਲਾ ਰੋਹ ਤੇ ਮੇਰੇ ਮਨ ਵਿੱਚਲਾ ਡਰ ਮੇਰੇ ਹੋਂਠ ਸੀਉਂ ਦਿੰਦਾ।" ਜੈਨ ਗੰਭੀਰ ਜਿਹੀ ਹੋ ਗਈ। ਜੈਨ ਦਾ ਖੱਬਾ ਹੱਥ ਜਸਵਿੰਦਰ ਦੀ ਗੀਚੀ ਵਿੱਚੋਂ ਵੱਧੇ ਹੋਏ ਵਾਲਾ ਨਾਲ ਖੇਲਦਾ ਰਿਹਾ।
"ਤਾਂ ਉਹ ਕਾਲਾਂ ਤੂੰ ਕੀਤੀਆਂ ਸਨ?" ਜਸਵਿੰਦਰ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਹਨੇਰੇ ਚੋਂ ਧੋਬੀ-ਪਟੜਾ ਮਾਰ ਕੇ ਚਾਨਣ ਵਿੱਚ ਪਟਕਾ ਕੇ ਸੁੱਟ ਦਿੱਤਾ ਹੋਵੇ।
"ਹਾਂ, ਤੂੰ ਕਿੰਨਾ ਚਿਰ ਹੋ ਗਿਆ ਮੈਨੂੰ ਮਿਲਿਆ ਵੀ ਨਹੀਂ ਸੀ। ਮੈਨੂੰ ਉਂਝ ਵੀ ਤੇਰੀ ਕਮੀ ਮਹਿਸੂਸ ਹੋ ਰਹੀ ਸੀ। ਫਿਰ ਤੇਰਾ ਨੰਬਰ ਬਦਲ ਗਿਆ ਸੀ। ਮੈਂ ਤੇਰੇ ਬਰੱਦਰ-ਇਨ-ਲਾ ਕੀ ਐ ਉਹਦਾ ਨਾਮ…?"
"ਪਾਲ?" ਜਸਵਿੰਦਰ ਨੇ ਹੁੰਗਾਰਾ ਭਰਿਆ।
"ਆਹੋ ਆਹੋ ਪੋਲ ਉਹਦੇ ਤੋਂ ਮਸਾਂ ਤੇਰਾ ਨਵਾਂ ਨੰਬਰ ਲਿਆ। ਉਹ ਤਾਂ ਦਿੰਦਾ ਹੀ ਨਹੀਂ ਸੀ। ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ।" ਜੈਨ ਚੁੱਪ ਕਰ ਕੇ ਉਦਾਸ ਹੋ ਗਈ।
"ਜੈਨ ਪਰ ਤੂੰ ਗੱਲ ਕਰੇ ਬਿਨਾਂ ਫੋਨ ਕਿਉਂ ਰੱਖ ਦਿੰਦੀ ਸੀ?" ਜਸਵਿੰਦਰ ਨੂੰ ਸੁਆਲ ਅਹੁੜਿਆ।
"ਮੈਂ ਵੇਸਵਾ ਹਾਂ ਤੇ ਤੂੰ ਇੱਕ ਇਜ਼ਤਦਾਰ ਸ਼ਾਦੀ-ਸ਼ੁਦਾ ਮਰਦ । ਸਾਡੇ ਕੋਲ ਤਾਂ ਲੋਕ ਅੜੇ-ਥੁੜੇ ਨੂੰ ਹੀ ਆਉਂਦੇ ਨੇ। ਮੈਂ ਤਾਂ ਤੈਨੂੰ ਕਦੇ ਗਾਹਕ ਨਹੀਂ ਸੀ ਸਮਝਿਆ। ਤੂੰ ਵੀ ਤਾਂ ਮੈਨੂੰ ਭੁੱਲ ਹੀ ਗਿਆ ਸੀ । ਮੈਂ ਦੋ-ਚਿੱਤੀ ਵਿੱਚ ਸਾਂ, ਤੈਨੂੰ ਮਦਦ ਲਈ ਆਖਾਂ ਜਾਂ ਨਾ । ਦਿਲ ਦੇ ਹੱਥੋਂ ਮਜਬੂਰ ਹੋ ਕੇ ਤੇਰਾ ਨੰਬਰ ਘੁੰਮਾ ਲੈਂਦੀ ਸੀ ਫਿਰ ਦਿਮਾਗ ਵਿੱਚ ਆਉਂਦਾ ਸੀ ਤੂੰ ਇਤਰਾਜ਼ ਨਾ ਕਰ ਜਾਵੇ ਤੇ ਫੋਨ ਰੱਖ ਦਿੰਦੀ ਸੀ। ਮੇਰੇ ਵਿੱਚ ਹੁਣ ਪਹਿਲਾਂ ਵਾਲੀ ਕਸ਼ਿਸ਼ ਨ੍ਹੀਂ ਰਹੀ ਨਾ। ਇਸ ਲਈ ਹੁਣ ਕੋਈ ਮਾਲਦਾਰ ਗਾਹਕ ਹੱਥ ਨਹੀਂ ਲੱਗਦਾ। ਕਾਫ਼ੀ ਮੰਦਾ ਪੈ ਗਿਆ ਹੈ। ਹੁਣ ਤੂੰ ਹੀ ਮੇਰਾ ਸਹਾਰਾ ਹੈਂ। ਮੈਂ ਘਰ ਦੀਆਂ ਕਿਸ਼ਤਾਂ ਦੇਣੀਆਂ ਹਨ…।" ਜੈਨ ਨਿਰਅੰਤਰ ਬੋਲੀ ਜਾ ਰਹੀ ਸੀ।
"ਪਰ ਤੇਰਾ ਨੰਬਰ ਕਿਉਂ ਨ੍ਹੀਂ ਕਦੇ ਟਰੇਸ ਹੋਇਆ?"
"ਉਅ… ਉਹ ਤਾਂ ਮੈਂ ਫੋਨ-ਬੌਕਸ ਚੋਂ ਨੰਬਰ ਘੁੰਮਾਉਣ ਤੋਂ ਪਹਿਲਾਂ ੧੪੧ ਨੰਬਰ ਨੱਪ ਲੈਂਦੀ ਹੁੰਦੀ ਸੀ ਨਾ।" ਜੈਨ ਨੇ ਇੰਕਾਸਾਫ ਕੀਤਾ।
"ਹੁਣ ਤਾਂ ਮੇਰੇ ਕੰਮ ਦਾ ਟੈਮ ਹੋ ਗਿਆ ਹੈ। ਮੈਂ ਤੈਨੂੰ ਸ਼ਾਮ ਨੂੰ ਤੇਰੇ ਘਰੇ ਹੀ ਮਿਲਾਂਗਾ।" ਜਸਵਿੰਦਰ ਨੇ ਸੀਟ ਬੈਲਟ ਖੋਲ੍ਹੀ।
"ਚੰਗਾ ਜ਼ਰੂਰ ਆਈਂ । ਮੈਂ ਤੈਨੂੰ ਉਡੀਕਾਂਗੀ।" ਜੈਨ ਨੇ ਕਾਰ ਸਟਾਰਟ ਕੀਤੀ।
"ਹਾਂ… ਹਾਂ ਅਵੱਸ਼।" ਜਸਵਿੰਦਰ ਨੇ ਯਕੀਨ ਦੁਆਇਆ।
ਜੈਨ ਨੇ ਗੱਡੀ ਚੋਂ ਉਤਰਨ ਲੱਗੇ ਜਸਵਿੰਦਰ ਦੀ ਬਾਂਹ ਫੜ ਕੇ ਤਿੰਨ ਸੌ ਪੈਂਹਠਾਂ ਦੇ ਭੱਥੇ ਵਿੱਚੋਂ ਇੱਕ ਤੀਰ ਛੱਡਿਆ। ਜੇਜ਼,(ਉਹ ਜਸ ਸ਼ਬਦ ਦੇ ਇਸੇ ਅੰਗਰੇਜ਼ੀ ਰੂਪ ਦੀ ਵਰਤੋਂ ਕਰਕੇ ਸੰਬੋਧਨ ਕਰਿਆ ਕਰਦੀ ਸੀ) ਮੈਂ ਤੈਨੂੰ ਇੰਤਹਾ ਪਿਆਰ ਕਰਦੀ ਹਾਂ! ਸੀ ਯਾਅ (ਫਿਰ ਮਿਲਾਂਗੇ)।"
"ਯੈਅ, ਸੀ ਯੂ।" 
ਜੈਨ ਜਸਵਿੰਦਰ ਨੂੰ ਫ਼ੈਕਟਰੀ ਮੂਹਰੇ ਉਤਾਰ ਕੇ ਚਲੀ ਗਈ। ਜਸਵਿੰਦਰ ਨੇ ਕਾਰ ਦੀ ਹੁੰਮਸ ਵਿੱਚੋਂ ਨਿਕਲ ਕੇ ਤਾਜ਼ੀ ਹਵਾ ਵਿੱਚ ਇੱਕ ਡੂੰਘਾ ਸਾਹ ਲਿਆ।
"ਹੂੰ! ਝੂਠ ਬੋਲਦੀ ਐ। ਕਿਸ਼ਤਾਂ ਤਾਂ ਇਹਦੀਆਂ ਸੋਸ਼ਲ ਸਕਿਉਰਟੀ ਦਿੰਦੀ ਐ । ਮੈਨੂੰ ਚਾਰਦੀ ਐ । ਐਨੇ ਸਾਲ ਜਿਹੜਾ ਮੁਖਤੀ ਮੜ ਕੁਟਾਉਂਦੀ ਰਹੀ ਹੈ। ਉਹ ਪੈਸੇ ਨਿਚੋੜਨ ਨੂੰ ਫਿਰਦੀ ਐ। - ਜੈਨੀ,  ਹੁਣ ਨਾ ਮੈਂ ਤੇਰੇ ਹੱਥ ਆ ਗਿਆ।" ਜਸਵਿੰਦਰ ਜੈਨ ਦੀ ਕਾਰ ਦੇ ਅੱਖੋਂ ਓਝਲ ਹੋਣ ਤੱਕ ਉਸ ਨੂੰ ਖੜ੍ਹਾ ਦੇਖਦਾ ਰਿਹਾ ਤੇ ਸ਼ੈਤਾਨੀ ਹਾਸਾ ਹੱਸਦਾ ਰਿਹਾ।
ਮੀਂਹ ਥੰਮ ਚੁੱਕਿਆ ਸੀ। ਬਾਰਸ਼ ਪਿੱਛੋਂ ਨਿਖਰੇ ਨਿੰਬਲ ਆਸਮਾਨ ਵਾਂਗ ਜਸਵਿੰਦਰ ਦਾ ਜ਼ਿਹਨ ਵੀ ਸਾਫ਼-ਸ਼ਫਾਫ ਹੋ ਗਿਆ ਸੀ। ਯਕਦਮ ਉਸ ਨੂੰ ਕਲਵੰਤ ਦਾ ਖਿਆਲ ਆਇਆ।
"ਕਿੱਡਾ ਵੱਡਾ ਪਾਪ ਕੀਤਾ ਐ ਮੈਂ। ਐਵੇਂ ਵਿਚਾਰੀ ਉੱਤੇ ਅਤਿਆਚਾਰ ਕਰਦਾ ਰਿਹਾ । ਧੰਨ ਹੈ ਉਹ ਜਿਹੜੀ ਬਿਨਾਂ ਚੂੰ-ਚਾਂ ਕੀਤਿਆਂ ਜਰਦੀ ਰਹੀ।" ਜਸਵਿੰਦਰ ਨੂੰ ਕਲਵੰਤ 'ਤੇ ਤਰਸ ਆਇਆ।
ਉਹਨੇ ਘੜੀ 'ਤੇ ਸਮਾਂ ਦੇਖਿਆ, "ਅਜੇ ਅੱਠ ਵੱਜਣ ਵਿੱਚ ਇੱਕ ਮਿੰਟ ਰਹਿੰਦਾ ਸੀ। ਨੌ ਵਜੇ ਖੁੱਲ੍ਹੇਗੀ ਡਾਕਟਰ ਦੀ ਸਰਜਰੀ ਤਾਂ ਨਾਲ ਲੈ ਜਾ ਕੇ ਦਵਾਈ ਦਿਵਾਉਂ ਹਾਂ।"
ਫ਼ੈਕਟਰੀ ਜਾਣ ਦੀ ਬਜਾਏ ਉਹ ਘਰ ਵੱਲ ਮੁੜ ਪਿਆ।
"ਲੋਕਾਂ ਨੇ ਮੇਰੇ ਲਈ ਕੀ ਕੀਤਾ ਸੀ, ਜਿਹੜਾ ਮੈਂ ਉਹਨਾਂ ਦੇ ਮਗਰ ਲਗ ਗਿਆ। ਅਵਾਮ ਨੇ ਤਾਂ ਰਾਮਚੰਦਰ ਨੂੰ ਵੀ ਉਂਗਲ ਲਾ ਕੇ ਸੀਤਾ ਨੂੰ ਘਰੋਂ ਕੱਢਵਾ ਦਿੱਤਾ ਸੀ। ਮੈਨੂੰ ਪਤਾ ਸੀ ਕਿ ਮੇਰਾ ਸ਼ੱਕ ਬੇ-ਬੁਨਿਆਦ ਸੀ। ਗਲਤੀ ਮੇਰੀ ਹੀ ਹੈ ਕਿਉਂ ਮੈਂ ਦੁਨੀਆਂ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰਨ ਲੱਗਿਆ ਸੀ। ਕਿਉਂ ਬੀਵੀ ਦੀ ਫ਼ਰਮਾਂਬਰਦਾਰੀ 'ਤੇ ਸ਼ੱਕ ਕੀਤਾ। ਲੱਭਦੀ ਏ ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਭਲੀ ਮਾਣਸ ਜਨਾਨੀ? - ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ। ਅਜੇ ਵੀ ਸਾਂਭੇ ਜਾ ਸਕਦੇ ਨੇ। ਚਲੋ ਦੇਰ ਆਇਦ ਦਰੁਸਤ ਆਇਦ। - ਹਰ ਕੋਈ ਗ਼ਰਜ਼ ਪੂਰੀ ਕਰਨ ਲਈ ਮੈਨੂੰ ਵਰਤ ਦਾ ਰਿਹਾ ਸੀ। ਇੱਕ ਇਹ ਹੀ ਹੈ ਜਿਹੜੀ ਨਿਸ਼ਕਾਮ ਸੇਵਾ ਕਰਦੀ ਹੈ। ਜੁੱਤੀਆਂ ਖਾਹ ਕੇ ਵੀ ਧਰਮ ਨਿਭਾਈ ਜਾ ਰਹੀ ਹੈ। ਪਤੀ ਪਰਮੇਸ਼ਰ ਸਮਝ ਕੇ ਮੈਨੂੰ ਪੂਜਦੀ ਹੈ।" ਜਸਵਿੰਦਰ ਨੂੰ ਆਪਣੇ ਮਨ ਨਾਲ ਗੱਲਾਂ ਕਰਕੇ ਇੱਕ ਰੂਹਾਨੀ ਸਕੂਨ ਹਾਸਲ ਹੋਇਆ। ਉਸ ਨੂੰ ਸਮਝ ਆ ਗਈ ਸੀ ਕਿ ਹੁਣ ਤੱਕ ਜਿੰਨੇ ਵੀ ਦੁੱਖ ਉਸ ਨੇ ਭੋਗੇ ਸਨ ਉਹ ਸਭ ਸਵੈ-ਸਿਰਜੇ ਹੋਏ ਹੀ ਸਨ। ਕਿੰਨਾ ਸਰਲ ਸੀ ਇਹਨਾਂ ਤੋਂ ਨਿਵਰਤ ਹੋਣਾ। ਪਰ ਉਹ ਤਾਂ ਮੱਕੜੀ ਵਾਂਗੂੰ ਖੁਦ ਹੀ ਆਪਣੇ ਬੁਣੇ ਜਾਲੇ ਵਿੱਚ ਫਸ ਗਿਆ ਸੀ। ਉਸ ਜਾਲੇ ਵਿੱਚ ਜੋ  ਕਿ ਉਸ ਨੇ ਆਪਣੀ ਸੁਰੱਖਿਆ ਲਈ ਬੁਣਿਆ ਹੁੰਦਾ ਹੈ।
ਹੁਣ ਉਸ ਦੇ ਮੁਖੜੇ 'ਤੇ ਇੱਕ ਵਖਰਾ ਹੀ ਨੂਰ ਝਲਕ ਰਿਹਾ ਸੀ, ਜਿਵੇਂ ਉਸ ਨੂੰ ਦੁਨੀਆਵੀ ਦੁੱਖਾਂ ਤੋਂ ਨਿਜਾਤ ਪਾਉਣ ਦਾ ਮੰਤਰ ਮਿਲ ਗਿਆ ਹੁੰਦਾ ਹੈ, "ਸੱਤੇ ਦਿਨ ਲੇਖੇ ਦੇਣੇ ਆ ਕਿਸੇ ਦੇ। ਐਵੇਂ ਡੰਗਰਾਂ ਆਂਗੂੰ ਟੁੱਟ ਟੁੱਟ ਮਰੀ ਜਾਣਾ। ਮਾਨਸ ਜਨਮ ਕਿਤੇ ਥਿਆਉਂਦੈ? ਐਂ ਕਰਦਾਂ ਅੱਜ ਤੋਂ ਉਵਰਟਾਈਮ ਬੰਦ। ਪਰਿਵਾਰ ਨੂੰ ਵੀ ਵਕਤ ਦੇਣਾ ਚਾਹੀਦਾ ਹੈ। ਦਿਮਾਗ ਅਤੇ ਸ਼ਰੀਰ ਵੀ ਅਰਾਮ ਦੀ ਮੰਗ ਕਰਦੇ ਹਨ। ਚੱਲ ਕੇ ਪਹਿਲਾਂ ਰਾਜ਼ੀਨਾਮਾ ਕਰਦਾਂ। ਮਾਫ਼ੀ ਮੰਗ ਕੇ ਭੁੱਲ ਬਖਸ਼ਾਉਂਦਾਂ। ਐਵੇਂ ਰਾਈ ਦਾ ਪਹਾੜ ਬਣਾ ਰੱਖਿਆ ਸੀ। - ਜਸਵਿੰਦਰ ਸਿਆਂ। ਔਰਤ ਕੁੱਟ ਮਾਰ ਘੂਰ ਕੇ ਕਾਬੂ ਨਹੀਂ ਰੱਖੀ ਜਾ ਸਕਦੀ। ਸਗੋਂ ਉਹਤੋਂ ਪਿਆਰ ਨਾਲ ਭਾਵੇਂ ਸਾਰੀ ਉਮਰ ਗੁਲਾਮੀ ਕਰਵਾ ਲਓ। ਡਰਾ, ਧਮਕਾ ਕੇ ਤਾਂ ਉਸ ਦੇ ਅੰਦਰ ਨਫ਼ਰਤ ਹੀ ਪੈਂਦਾ ਹੁੰਦੀ ਹੈ ਮੁਹੱਬਤ ਨਹੀਂ।" ਇੰਜ ਉਹ ਆਪਣੇ ਆਪ ਨੂੰ ਮੱਤਾਂ ਦਿੰਦਾ ਤੁਰਿਆ ਗਿਆ। ਉਹ ਉਸ ਵੇਲੇ ਨੂੰ ਕੋਸ ਰਿਹਾ ਸੀ, ਜਦੋਂ ਉਸ ਨੇ ਕਲਵੰਤ ਨੂੰ ਬੇਵਫ਼ਾ ਗਰਦਾਨਿਆ ਸੀ। ਹੁਣ ਜਿਵੇਂ ਜਸਵਿੰਦਰ ਦੇ ਮਨ ਤੋਂ ਮਣਾਂ-ਮੂੰਹੀਂ ਬੋਝ ਲਹਿ ਗਿਆ ਸੀ। ਰਸਤੇ ਵਿੱਚ ਇੱਕ ਜਗ੍ਹਾ ਰੁੱਕ ਕੇ ਉਹਨੇ ਜੇਬ ਵਿੱਚੋਂ ਕੱਢ ਕੇ ਲੱਸਟਰਾਲ ਦੀਆਂ ਗੋਲੀਆਂ ਦਾ ਪੱਤਾ, ਲਾਈਟਰ ਤੇ ਸਿਗਰਟਾਂ ਦੀ ਡੱਬੀ ਕੂੜੇਦਾਨ ਵਿੱਚ ਸੁੱਟ ਦਿੱਤੇ। ਹੁਣ ਉਹ ਚੌਦਾਂ ਵਰ੍ਹੇ ਪਹਿਲਾਂ ਵਾਂਗ ਜਵਾਨ, ਤੰਦਰੁਸਤ ਤੇ ਤਕੜਾ ਮਹਿਸੂਸ ਕਰ ਰਿਹਾ ਸੀ। ਉਸ ਵਿੱਚ ਜੀਵਨ ਨਾਲ ਦੁਬਾਰਾ ਸੰਘਰਸ਼ ਕਰਨ ਦਾ ਉਤਸ਼ਾਹ ਪੈਦਾ ਹੋ ਗਿਆ ਸੀ। ਜਿਉਂ ਜਿਉਂ ਉਹ ਘਰ ਦੇ ਨੇੜੇ ਆਉਂਦਾ ਜਾਂਦਾ ਤਿਉਂ ਤਿਉਂ ਉਹਦੇ ਕਦਮ ਹੋਰ ਗਤੀ ਫੜਦੇ ਜਾਂਦੇ।
ਅਸਮਾਨ ਤੇ ਤਿੱਖੀ ਧੁੱਪ ਵੰਡਦਾ ਸੂਰਜ ਚਮਕ ਰਿਹਾ ਸੀ।


****

No comments:

Post a Comment