ਬੱਸ ਦੇ ਨਹਿਰ ਦਾ ਪੁੱਲ ਚੜ੍ਹਦਿਆਂ ਹੀ ਮੈਂ ਸੁਚੇਤ ਹੋ ਕੇ ਬੈਠ ਗਿਆ ਸੀ। ਪਰ ਮੈਥੋਂ ਬਹੁਤੀ ਦੇਰ ਟਿਕ ਕੇ ਬੈਠ ਨਹੀਂ ਸੀ ਹੋਇਆ। ਮੈਂ ਆਪਣਾ ਬੈਗ ਮੋਢੇ 'ਚ ਪਾ ਕੇ ਬਾਰੀ ਵੱਲ ਨੂੰ ਖਿਸਕ ਗਿਆ ਸੀ। ਜਿਉਂ ਹੀ ਮੈਂ ਬਾਰੀ ਦੀ ਚਿਟਕਣੀ ਨੂੰ ਖੋਲ੍ਹਣ ਲਈ ਹੱਥ ਪਾਇਆ ਸੀ ਤਾਂ, ਪੱਗ ਦੇ ਦੋਨਾਂ ਲੜਾਂ ਨੂੰ ਵਾਰੋ-ਵਾਰੀ ਅੱਖਾਂ ਉੱਤੇ ਨੂੰ ਖਿੱਚਦੇ ਹੋਏ ਕੰਡਕਟਰ ਨੇ ਮੈਨੂੰ ਦਬਕਾ ਮਾਰਿਆ ਸੀ, "ਖੜ੍ਹ ਜਾ - ਖੜ੍ਹ ਜਾ, ਬਹੁਤਿਆ ਕਾਹਲਿਆ। 'ਤਾਰ ਕੇ ਹੀ ਜਾਵਾਂਗੇ। ਨਾਲ ਲਿਜਾ ਕੇ ਤੈਥੋਂ ਚਰਖਾ ਨ੍ਹੀਂ ਕਤਾਓਣਾ ਅਸੀਂ। ਚਲਦੀ ਤੋਂ ਡਿੱਗ ਪਿਆ ਤਾਂ ਸਾਨੂੰ ਯੱਬ ਖੜ੍ਹਾ ਕਰੇਗਾ।"
ਮੈਂ ਬਾਰੀ ਨੂੰ ਛੱਡ ਕੇ ਪਰ੍ਹੇ ਹੋ ਗਿਆ ਸੀ। ਪਹਿਲਾਂ ਤਾਂ ਸੋਚਿਆ ਸੀ ਕਿਉਂ ਨਾ ਬੁੜ੍ਹੇ ਦੇ ਆਈ ਜੀ (ਇੰਸਪੈਕਟਰ ਜਨਰਲ) ਹੋਣ ਦਾ ਫ਼ਾਇਦਾ ਲਵਾਂ। ਜਿਵੇਂ ਉਹ ਬਦਤਮੀਜ਼ ਬੋਲਿਆ ਸੀ, ਆਪਣੀ ਹਸਤੀ ਬਾਰੇ ਦੱਸ ਕੇ ਉਵੇਂ ਉਹਨੂੰ ਇੱਟ ਦਾ ਜੁਆਬ ਪੱਥਰ ਦੇਵਾਂ। ਮੈਨੂੰ ਜਿਸ ਨੂੰ ਪੰਜਾਬ ਪੁਲੀਸ ਦੇ ਕਾਂਸਟੈਬਲ ਵੀ ਦੋ ਘੜੀਆਂ ਸਾਹਿਬ ਕਹੇ ਬਿਨਾਂ ਨਹੀਂ ਬੁਲਾਉਂਦੇ। ਉਹਨੂੰ ਉਹ ਦੋ ਕੌਡੀ ਦਾ ਬੰਦਾ ਇੰਝ ਖਰ੍ਹਵਾ ਬੋਲ ਜਾਵੇ? ਫੇਰ ਸੋਚਿਆ ਸੀ ਚੱਲੋ ਛੱਡੋ ਪਰ੍ਹੇ। ਐਂਵੇ ਕੀ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਉਣਾ ਹੈ। ਚੰਡੀਗੜ੍ਹ ਵੀ ਤਾਂ ਦੂਏ ਤੀਏ ਦਿਨ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖੀਦਾ ਹੈ। ਹਰੇਕ ਨਾਲ ਹੀ ਸਿੰਗ ਫਸਾਈ ਫਿਰਨੇ ਵੀ ਅਕਲਮੰਦੀ ਨਹੀਂ। ਰੈੱਪਯੁਟੇਇਸ਼ਨ(ਸ਼ੁਹਰਤ) ਖ਼ਰਾਬ ਹੋ ਜਾਂਦਾ ਹੈ। ਮਨਸੂਰੀ, ਡਲਹੌਜੀ, ਸ਼ਿਮਲੇ, ਗੋਆ, ਨੈਨੀਤਾਲ, ਜਿੱਥੇ ਕਿਤੇ ਵੀ ਮੈਂ ਅੱਜ ਤੱਕ ਇਕੱਲਾ ਗਿਆ ਹਾਂ। ਉੱਥੋਂ ਹੀ ਮੇਰੀ ਗੁੰਡਾਂਗਰਦੀ ਦੀ ਰਿਪੋਰਟ ਘਰੇ ਆਉਂਦੀ ਰਹੀ ਹੈ। ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ ਵਾਲੀ ਕਹਾਵਤ ਉੱਤੇ ਅਮਲ ਕਰਦਿਆਂ ਮੈਂ ਸਾਰਾ ਗੁੱਸਾ ਵਿੱਚੇ ਹੀ ਪੀ ਲਿਆ ਸੀ। ਦਰਅਸਲ ਕਸੂਰ ਅੱਖੜ ਕੰਡਕਟਰ ਦਾ ਵੀ ਨਹੀਂ ਸੀ। ਮੈਨੂੰ ਅਣਦਾੜੀਆ ਦੇਖ ਕੇ ਹੀ ਉਹਦੀ ਐਨੀ ਹਿੰਮਤ ਪਈ ਸੀ। ਮੈਂ ਆਪਣੀ ਠੋਡੀ 'ਤੇ ਫੁੱਟਦੀ ਲੂਈਂ ਨੂੰ ਟੋਹਦਿਆਂ ਕੌੜੀ ਜਿਹੀ ਅੱਖ ਨਾਲ ਕੰਡਕਟਰ ਵੱਲ ਦੇਖਿਆ ਸੀ। ਤੁਸੀਂ ਵੀ ਪੁੱਤ ਕਾਲਜੀਏਟਾਂ ਤੋਂ ਲੋਟ ਆਉਂਦੇ ਹੋ। ਪਤੰਦਰਾਂ ਮੂਹਰੇ ਤਾਂ ਕੁਸਕਦੇ ਨ੍ਹੀਂ। ਮੇਰੇ ਵਰਗੇ ਨੂੰ ਤਾਂ ਲੰਡੀ-ਬੁੱਚੀ ਹੀ ਸਮਝਦੇ ਓ। ਕੋਈ ਨ੍ਹੀਂ ਬੱਲਿਆ, ਦਿੱਲੀ ਦੂਰ ਨਹੀਂ। ਮੂਹਰਲੇ ਸਾਲ ਨੂੰ ਯਾਰਾਂ ਨੇ ਵੀ ਪਲੱਸ-ਵੱਨ ਦੀ ਅਡਮਿਸ਼ਨ(ਦਾਖ਼ਲਾ) ਕਾਲਜ 'ਚ ਹੀ ਲੈਣੀ ਆ। ਮੇਰੇ ਅੰਦਰ ਲਾਵਾ ਅਜੇ ਤੱਕ ਰਿੱਝਣੋਂ ਨਹੀਂ ਸੀ ਹੱਟਿਆ।
ਬੱਸ ਦੇ ਸੂਏ ਕੋਲ ਅੱਪੜਦਿਆਂ ਹੀ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਖੜ੍ਹਵਾ ਦਿੱਤੀ ਸੀ। ਤੇਜ਼ ਜਾਂਦੀ ਬੱਸ ਨੂੰ ਰੋਕਣ ਲਈ ਓਨਾ ਡਰਾਈਵਰ ਦਾ ਬਰੇਕਾਂ ਉੱਤੇ ਜ਼ੋਰ ਨਹੀਂ ਲੱਗਿਆ ਹੋਣਾ, ਜਿੰਨਾ ਕੰਡਕਟਰ ਦਾ ਵਿਸਲ ਮਾਰਨ 'ਤੇ ਲੱਗ ਗਿਆ ਲੱਗਦਾ ਸੀ। ਮੈਨੂੰ ਲਾਹੁਣਸਾਰ ਬੱਸ ਹਨੇਰੀ ਬਣ ਗਈ ਸੀ।
ਨਾਨਕੇ ਪਿੰਡ ਦੇ ਅੱਡੇ ਉੱਤੇ ਖੜ੍ਹੇ ਨੇ ਮੈਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਸੀ। ਮੈਨੂੰ ਕੁੱਝ ਵੀ ਜਾਣਿਆ-
ਪਹਿਚਾਣਿਆ ਨਹੀਂ ਸੀ ਦਿਸਿਆ। ਆਸੇ ਪਾਸੇ ਕੋਈ ਵੀ ਸਿਆਣਾ ਆਦਮੀ ਨਹੀਂ ਸੀ। ਸੂਏ ਦੇ ਦੂਸਰੇ ਪਾਰ ਦੋ ਨਿਆਣੇ ਮੈਲੀਆਂ ਜਿਹੀਆਂ ਖੇਸੀਆਂ ਦੀਆਂ ਬੁੱਕਲਾਂ ਮਾਰੀ ਬੰਟੇ ਖੇਡ ਰਹੇ ਹਨ। ਸ਼ਹਿਰ ਦੇ ਘੁੱਟਵੇ ਅਤੇ ਪ੍ਰਦੂਸ਼ਤ ਵਾਤਾਵਰਣ ਤੋਂ ਕੋਹਾਂ ਦੂਰ, ਪਹਿਲਾਂ ਤਾਂ ਮੈਂ ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਤਾਜ਼ੀ ਹਵਾ ਦਾ ਮਜ਼ਾ ਚੱਖਣ ਲਈ ਲਗਾਤਾਰ ਤਿੰਨ ਚਾਰ ਡੂੰਘੇ-ਡੂੰਘੇ ਸਾਹ ਭਰੇ ਸਨ। ਅੱਗਾੜੀਆਂ ਭੰਨਦਿਆਂ ਹੀ ਸਫ਼ਰ ਦੀ ਸਾਰੀ ਥਕਾਨ ਰਫ਼ੂ ਚੱਕਰ ਹੋ ਗਈ ਸੀ। ਫਿਰ ਸੂਏ ਦੇ ਬੰਨੇ-ਬੰਨੇ ਪਿੱਛੇ ਨੂੰ ਜਿਧਰੋਂ ਬੱਸ ਆਈ ਸੀ, ਮੈਂ ਉੱਧਰ ਨੂੰ ਤੁਰ ਪਿਆ ਸੀ। ਜਿਵੇਂ ਮੈਨੂੰ ਨਕਸ਼ਾ ਬਣਾ ਕੇ ਡੈਡੀ ਨੇ ਸਮਝਾਇਆ ਸੀ। ਮੈਂ ਉਹਨਾਂ ਦਿਸ਼ਾਵਾਂ ਵਿੱਚ ਪੈਰ ਪੁੱਟਦਾ ਗਿਆ ਸੀ। ਉਦਣ ਉੱਥੇ ਮੈਂ ਆਪਣੇ ਹੋਸ਼-ਓ-ਹਵਾਸ ਵਿੱਚ ਪਹਿਲੀ ਵਾਰ ਗਿਆ ਸੀ। ਤੇ ਇਹ ਮੇਰਾ ਮੰਦਭਾਗ ਸੀ ਕਿ ਪਹਿਲੀ ਵਾਰ ਹੀ ਮੈਨੂੰ ਇਕੱਲੇ ਨੂੰ ਜਾਣਾ ਪਿਆ ਸੀ। ਉਸ ਤੋਂ ਪਹਿਲਾਂ ਜਦੋਂ ਮੈਂ ਗਿਆ ਸੀ। ਉਦੋਂ ਬਹੁਤ ਨਿੱਕਾ ਹੁੰਦਾ ਸੀ। ਮੈਨੂੰ ਉਸ ਵਕਤ ਪੂਰੀ ਸੁਰਤ ਵੀ ਨਹੀਂ ਸੀ ਆਈ। ਇਸ ਲਈ ਉਦੋਂ ਦਾ ਮੈਨੂੰ ਬਹੁਤਾ ਕੁੱਝ ਯਾਦ ਨਹੀਂ। ਬਸ ਕੁੱਝ ਧੁੰਧਲੀਆਂ-ਧੁੰਧਲੀਆਂ ਜਿਹੀਆਂ ਅਤੀਤ ਦੀਆਂ ਯਾਦਾਂ ਨੇ ਮੇਰੇ ਜ਼ਿਹਨ ਵਿੱਚ। ਦਹਿਸ਼ਤਗਰਦਾਂ ਦੇ ਸਫ਼ਾਏ ਮਗਰੋਂ ਪੰਜਾਬ ਵਿੱਚ ਪੁਨਰ ਅਮਨ ਅਤੇ ਚੈਨ ਵਾਲੇ ਮਾਹੌਲ ਦੀ ਸਥਾਪਨਾ ਹੋਣ ਨਾਲ, ਜਿੰਨਾ ਆਮ ਜਨਤਾ ਨੇ ਰੱਬ ਦਾ ਸ਼ੁਕਰ ਮਨਾਇਆ ਹੈ। ਉਸ ਨਾਲੋਂ ਵੱਧ ਕੇ ਪੁਲਿਸ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਹਲਾਤ ਬਿਗੜਿਆਂ ਤੋਂ ਜਿਹੜੇ ਪੁਲਿਸ ਪਰਿਵਾਰ ਆਪਣੇ ਸਕੇ-ਸਬੰਧੀਆਂ ਦੇ ਜੰਮਣ, ਮਰਨ, ਵਿਆਹਾਂ, ਭੋਗਾਂ ਵਿੱਚ ਸ਼ਮੂਲਿਅਤ ਨਾ ਕਰ ਸਕਣ ਕਾਰਨ ਕੱਟੇ ਗਏ ਸਨ। ਹੁਣ ਗੜ੍ਹਬੜ੍ਹੀ ਹਟੀ ਤੋਂ ਉਹ ਪੁਲਿਸ ਮੁਲਾਜਮਾਂ ਦੇ ਟੱਬਰ, ਖੁਸ਼ੀਆਂ ਗ਼ਮੀਆਂ ਵਿੱਚ ਸ਼ਰੀਕ ਹੋ ਕੇ ਮੁੜ ਆਪਣੇ ਰਿਸ਼ਤੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਦਹਿਸ਼ਤਵਾਦ ਦੇ ਸੰਤਾਪੀ ਦੌਰ ਵਿੱਚ ਜਦੋਂ ਪੁਲਿਸ ਵਾਲੇ ਮੁਕਾਬਲਾ ਕਰਦੇ ਹੁੰਦੇ ਸਨ ਤਾਂ ਮਸਾਂ ਇੱਕ-ਅੱਧਾ ਉੱਗਰਵਾਦੀ ਹੀ ਮਰਦਾ ਹੁੰਦਾ ਸੀ। ਪਰ ਖਾੜਕੂ ਤਾਂ ਉਕਤ ਮੁਕਾਬਲੇ ਦਾ ਬਦਲਾ ਲੈਣ ਲਈ ਜ਼ਿੰਮੇਵਾਰ ਅਫ਼ਸਰ ਦੇ ਸਾਰੇ ਖਾਨਦਾਨ ਦੀ ਢਿੰਬਰੀ ਟਾਈਟ ਕਰ ਕੇ ਰੱਖ ਦਿੰਦੇ ਸਨ। ਰੋਲੇ-ਗੋਲੇ ਵੇਲੇ ਬਹੁਤੇ ਅਧਿਕਾਰੀਆਂ ਦੇ ਬੀਵੀ ਬੱਚੇ ਤਾਂ ਪੰਜਾਬ ਵਿੱਚੋਂ ਉੱਡਣ ਛੂਹ ਹੋ ਕੇ ਦੂਸਰੇ ਖੇਤਰਾਂ ਵੱਲ ਕੂਚ ਕਰ ਗਏ ਸਨ। ਅਸੀਂ ਵੀ ਉਹਨਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਕੋਠੀ ਖਰੀਦੀ ਸੀ।੧੯੮੪ ਦੇ ਅਪਰੇਸ਼ਨ ਬਲੂ ਸਟਾਰ ਅਤੇ ਦਿੱਲੀ ਦੰਗਿਆਂ ਉਪਰੰਤ ਉੱਧਰਲੇ ਮੇਰੇ ਨਾਨਕਿਆਂ ਦੇ ਪਿੰਡਾਂ ਵੱਲ ਵੀ ਖਾੜਕੂ ਲਹਿਰ ਕਾਫ਼ੀ ਜ਼ੋਰ ਫੜ ਗਈ ਸੀ। ਉੱਚੇ ਰੁਤਬੇ ਉੱਤੇ ਲੱਗੇ ਅਫ਼ਸਰ ਦਾ ਫ਼ਰਜ਼ੰਦ ਹੋ ਕੇ ਮੇਰਾ ਪਿੰਡ ਵਿੱਚ ਜਾਣਾ ਤਾਂ ਆ ਬੈਲ ਮੁੱਝੇ ਮਾਰ ਵਾਲੀ ਗੱਲ ਕਰਨਾ ਸੀ। ਕਿਉਂਕਿ ਪੁਲਿਸੀਆਂ ਦੀ ਸੰਤਾਨ ਨੂੰ ਅਗਵਾਹ ਕਰਕੇ ਅੱਤਵਾਦੀ ਮਨਇੱਛਤ ਕੰਮ, ਕਿਸੇ ਸਾਥੀ ਦੀ ਰਿਹਾਈ ਜਾਂ ਵੱਡੀਆਂ ਵੱਡੀਆਂ ਫਿਰੌਤੀਆਂ ਉਗਰਾਣ ਦੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਿੱਚ ਬੜੇ ਸਰਗਰਮ ਸਨ। ਸ਼ਹਿਰਾਂ ਦੀ ਬਨਿਸਬਤ ਪਿੰਡਾਂ ਵਿੱਚ ਅਜਿਹੀਆਂ ਮੁਹਿੰਮਾ ਅਸਾਨੀ ਨਾਲ ਨੇਪਰੇ ਚੜ੍ਹ ਸਕਦੀਆਂ ਹਨ। ਇਸੇ ਕਰਕੇ ਮੈਂ ਕਦੇ ਆਪਣੇ ਨਾਨਕੇ ਨਹੀਂ ਸੀ ਆਇਆ। ਉਸ ਦਿਨ ਜਾ ਤਾਂ ਮੈਂ ਆਪਣੀ ਸਵਾਰੀ 'ਤੇ ਵੀ ਸਕਦਾ ਸੀ। ਪਰ ਫੇਰ ਮੈਨੂੰ ਡਰਾਈਵਰ ਅਤੇ ਗੱਨ-ਮੈਨ ਨੂੰ ਨਾਲ ਲਿਜਾਣਾ ਪੈਣਾ ਸੀ। ਜੋ ਮੈਂ ਨਹੀਂ ਸੀ ਚਾਹੁੰਦਾ। ਪਹਿਲੇ-ਪਹਿਲ ਜਦੋਂ ਬਾਡੀਗਾਰਡ ਨਾਲ ਮੈਂ ਕਿਤੇ ਜਾਣਾ ਤਾਂ ਆਪਣੇ ਆਪ ਨੂੰ ਖੱਭੀ ਖਾਨ ਹੀ ਸਮਝਣਾ। ਕੁੜੀਆਂ ਕੱਤਰੀਆਂ ਨੂੰ ਵੀ ਬਿਨਾਂ ਦੱਸਿਆਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਮੈਂ ਕਿਸੇ ਅਫ਼ਸਰ ਦਾ ਸਾਹਿਬਜ਼ਾਦਾ ਹਾਂ। ਪਰ ਹੌਲੀ ਹੌਲੀ ਮੇਰੇ ਧਿਆਨ ਵਿੱਚ ਆਇਆ ਸੀ ਕਿ ਇਸ ਦਾ ਇੱਕ ਨੁਕਸਾਨ ਵੀ ਹੈ। ਕਿਉਂਕਿ ਜਿਹੜੀਆਂ ਤਾਂ ਧਨਾਢ ਵਿਅਕਤੀਆਂ ਦੀਆਂ ਸਪੁੱਤਰੀਆਂ ਹਨ, ਉਹਨਾਂ ਉੱਤੇ ਫੋਕੇ ਵਿਖਾਵੇ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਤਾਂ ਦਿਨ ਰਾਤ ਆਪ ਸੰਗੀਨਾਂ ਦੇ ਪਹਿਰੇ ਹੇਠ ਰਹਿੰਦੀਆਂ ਹਨ। ਸਿਰਫ਼ ਮਾੜੇ ਤਬਕੇ ਦੀਆਂ ਕੁੜੀਆਂ 'ਤੇ ਹੀ ਠੁੱਕ ਵੱਜਦੀ ਹੈ। ਇੰਝ ਜਿਹੜੀਆਂ ਰਈਸਜ਼ਾਦੀਆਂ ਹੁੰਦੀਆਂ, ਉਹ ਮੇਰੇ ਹੱਥੋਂ ਨਿਕਲ ਜਾਂਦੀਆਂ ਸਨ। ਕਿਉਂਕਿ ਮੇਰਾ ਬਾਡੀਗਾਰਡ ਉਹਨਾਂ ਵੱਲ ਇਉਂ ਡੇਲੇ ਪਾੜ ਪਾੜ ਦੇਖਦਾ ਰਹਿੰਦਾ ਸੀ, ਜਿਵੇਂ ਬੋਕ ਤੁਕਿਆਂ ਕੰਨੀ ਝਾਕਦਾ ਹੁੰਦਾ ਹੈ। ਮੈਂ ਕਈ ਬਾਰੀ ਉਹਨੂੰ ਝਾੜਦਾ ਵੀ ਹੁੰਦਾ ਸੀ ਕਿ ਕਦੇ ਕੁੜੀ ਨਹੀਂ ਦੇਖੀ?। ਪਰ ਉਹਦੇ ਕੰਨ 'ਤੇ ਜੂੰ ਨਹੀਂ ਸੀ ਸਰਕਦੀ। ਅੱਖਾਂ ਗੱਡ ਕੇ ਘੂਰ-ਘੂਰ ਕੋਈ ਬੰਦਾ ਤੱਕੀ ਜਾਵੇ, ਅਜੋਕੇ ਦੌਰ ਦੀਆਂ ਪੜ੍ਹੀਆਂ-ਲਿਖੀਆਂ ਬੀਬੀਆਂ ਇਸ ਨੂੰ ਬੁਰਾ ਮੰਨਦੀਆਂ ਹਨ। ਅੰਗ-ਰੱਖਿਅਕਾਂ ਦੀ ਇਸ ਭੈੜੀ ਵਾਦੀ ਦੇ ਕਾਰਨ ਕਈ ਸੋਹਣੀਆਂ ਸੋਹਣੀਆਂ ਨੱਢੀਆਂ ਤੋਂ ਮੈਨੂੰ ਹੱਥ ਧੋਣੇ ਪਏ ਹਨ। ਇਸ ਲਈ ਹੁਣ ਮੈਂ ਇੱਕਲਾ ਹੀ ਜਾਣਾ ਆਉਣਾ ਪਸੰਦ ਕਰਦਾ ਹਾਂ। ਤਦੇ ਹੀ ਕਬਾਬ ਵਿਚ ਰੜਕਣ ਵਾਲੀਆਂ ਹੱਡੀਆਂ ਨੂੰ ਪਹਿਲਾਂ ਹੀ ਵੱਖ ਕਰਕੇ ਮੈਂ ਓਦਣ ਸਵੇਰੇ ਇਕੱਲਾ ਬਸ ਚੜ੍ਹ ਗਿਆ ਸੀ। ਵੈਸੇ ਜ਼ੁਲਫ਼ਾਂ ਨਾਲ ਖੇਡਣ ਦੇ ਚਾਨਸ ਆਪਣੀ ਕਾਰ ਨਾਲੋਂ ਬਸ ਵਿੱਚ ਕਿਤੇ ਜ਼ਿਆਦਾ ਹੁੰਦੇ ਹਨ। ਯੋਧਿਆਂ ਨੂੰ ਜੰਗ ਲਈ ਤੇ ਚੋਬਰਾਂ ਨੂੰ ਆਸ਼ਕੀ ਲਈ ਸਦਾ ਕਮਰ ਕੱਸ ਕੇ ਰੱਖਣੀ ਚਾਹੀਦੀ ਹੈ। ਇਸ਼ਕ ਲੜਾਉਣ ਦੇ ਮਾਮਲੇ ਵਿੱਚ ਮੈਂ ਕਦੇ ਢਿੱਲ ਨਹੀਂ ਵਰਤੀ। ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦਾ ਹਾਂ। ਸਾਡੇ ਗੁਆਂਢੀ ਪੰਡਤ ਜੀ ਸਦਾ ਕਹਿੰਦੇ ਹੁੰਦੇ ਹਨ, "ਨਾ ਜਾਨੇ ਕਬ, ਕਹਾਂ, ਕੇਸੇ, ਕਿਸ ਭੇਸ ਮੇ ਨਰਾਇਣ ਮਿਲ ਜਾਏ।" ਕੋਈ ਪਤਾ ਨਹੀਂ ਹੁੰਦਾ ਕਦੋਂ, ਕਿੱਥੇ, ਕਿਹੜੀ ਚੱਲਦੀ ਫਿਰਦੀ ਅੱਗ ਝੁਲਸਾ ਕੇ ਰੱਖ ਦਵੇ। ਜਵਾਨੀ ਵਿੱਚ ਹੁਸੀਨ ਹਾਦਸੇ ਹੁੰਦਿਆਂ ਦੇਰ ਨਹੀਂ ਲੱਗਦੀ।
ਕੀ ਕੀ ਨਹੀਂ ਸੋਚਿਆ ਸੀ? ਮੈਂ ਬੱਸ ਚੜ੍ਹਨ ਲੱਗੇ ਨੇ। ਪਰ ਇੱਕ ਵੀ ਕੰਮ ਦੀ ਸੂਰਤ ਮੱਥੇ ਨਹੀਂ ਸੀ ਲੱਗੀ।
ਦਿਹਾੜੀ ਖੋਟੀ ਗੁਜ਼ਰੀ ਸੀ। ਲੁਧਿਆਣੇ ਵੀ ਕੱਕਰ ਵਿੱਚ ਪਹਿਲਵਾਨੀ ਗੇੜੇ ਦਿੱਤੇ ਵਿਅਰਥ ਹੀ ਗਏ ਸਨ। ਘੁਮਾਰ ਮੰਡੀ ਵਾਲੇ ਜੱਗਦੰਬਾਂ ਹੋਟਲ ਵਿੱਚ ਵੀ ਕਾਂ ਹੀ ਪੈਂਦੇ ਸਨ। ਖ਼ਬਰ ਨਹੀਂ ਸਵੇਰੇ ਸਵੇਰੇ ਕੌਣ ਨੈਸ਼ ਮੱਥੇ ਲੱਗ ਗਿਆ ਸੀ। ਖ਼ੈਰ ਜਿਵੇਂ ਕਹਿੰਦੇ ਹੁੰਦੇ ਨੇ ਉਮੀਦ 'ਤੇ ਦੁਨੀਆਂ ਕਾਇਮ ਹੈ। ਉਵੇਂ ਆਸ ਦਾ ਪੱਲਾ ਘੁੱਟ ਕੇ ਫੜਦਾ ਹੋਇਆ ਮੈਂ ਰਾਹੇ ਰਾਹ ਜਾਂਦਾ ਆਸੇ ਪਾਸੇ ਦੇ ਖੁੱਲ੍ਹੇ ਬੂਹਿਆਂ ਵਾਲੇ ਘਰਾਂ ਵਿੱਚ ਝਾਤੀਆਂ ਮਾਰੀ ਜਾ ਰਿਹਾ ਸਾਂ। ਮਤੇ ਕੋਈ ਬੰਬ ਜਾਂ ਪਟਾਕਾ ਦਿਸ ਪਵੇ। ਬੜੀ ਤਮੰਨਾ ਸੀ ਕਿਸੇ ਪੈਂਡੂ ਮਾਲ ਦਾ ਚੱਸ ਵੇਖਣ ਦੀ। ਸ਼ਹਿਰਨਾ ਤੋਂ ਤਾਂ ਜੀਅ ਲਿਹਾ ਪਿਆ ਸੀ। ਸਿਆਲ ਦੀ ਨਿੱਘੀ-ਨਿੱਘੀ ਧੁੱਪ ਵਿੱਚ ਮੈਂ ਪੱਕੀ ਸੜਕ ਤੋਂ ਲਹਿ ਕੇ ਪਿੰਡ ਦੀ ਫਿਰਨੀ ਫੜ੍ਹ ਲਈ ਸੀ। ਜਦੋਂ ਮੇਰੇ ਕੋਲ ਦੀ ਕੋਈ ਲੰਘਦਾ ਸੀ ਤਾਂ ਮੈਂ ਪੈਰ ਸੰਭਲ-ਸੰਭਲ ਕੇ ਚੁੱਕਦਾ ਅਤੇ ਧਰਦਾ ਸੀ। ਮੈਨੂੰ ਡਰ ਰਹਿੰਦਾ ਸੀ ਕਿ ਮੇਰੇ ਬੈਗ ਵਿੱਚ ਪਾਈ ਹੋਈ ਟੀਨ ਦੀ ਪੀਪੀ ਕਿਧਰੇ ਖੜਕ ਨਾ ਜਾਏ। ਨਾਨੀ ਸਾਨੂੰ ਮਿਲਣ ਆਈ, ਮੇਰੇ ਲਈ ਦੇਸੀ ਘਿਉ ਦੀ ਪੰਜੀਰੀ ਮਾਰ ਕੇ ਉਸ ਪੀਪੀ ਵਿੱਚ ਲੈ ਆਈ ਸੀ। ਮੰਮੀ ਨੇ ਉਹ ਪੀਪੀ ਕਬਾੜੀਏ ਨੂੰ ਵੇਚਣ ਦੀ ਬਜਾਏ ਮੇਰੇ ਹੱਥ ਵਾਪਸ ਮੋੜ ਦਿੱਤੀ ਸੀ। ਮੇਰੇ ਵਰਗੇ ਅੱਪ ਟੂ ਡੇਟ, ਨੌਜਵਾਨ, ਟੋਹਰੀ ਮੁੰਡੇ ਦਾ ਪੀਪੀਆਂ ਚੁੱਕੀ ਫਿਰਨਾ ਤਾਂ ਪਰਸਨੈਲਟੀ(ਅਸਤਿੱਤਵ) 'ਤੇ ਦਾਗ ਲਾਉਣ ਵਾਲਾ ਕੰਮ ਹੈ। ਮੈਂ ਪੀਪੀ ਲਿਜਾਣਾ ਤਾਂ ਨਹੀਂ ਸੀ ਚਾਹੁੰਦਾ, ਪਰ ਮਜਬੂਰੀ ਵੀ ਕੋਈ ਚੀਜ਼ ਹੁੰਦੀ ਹੈ। ਘਰਦਿਆਂ ਦਾ ਹੁਕਮ ਜਿਉਂ ਵਜਾਉਣਾ ਸੀ। ਰਸਤੇ ਵਿੱਚ ਨੰਬਰ ਨਾ ਡਾਊਨ ਹੋਣ ਇਸ ਲਈ ਮੈਂ ਪੀਪੀ ਅਖਬਾਰ ਵਿੱਚ ਲਪੇਟ ਕੇ ਬੈਗ ਵਿੱਚ ਹੀ ਸਿੱਟ ਲਈ ਸੀ। ਸੱਪ ਵੀ ਮਰ ਗਿਆ ਸੀ ਸੋਟੀ ਵੀ ਨਹੀਂ ਟੁੱਟਣ ਦਿੱਤੀ ਸੀ। ਪੀਪੀ ਵੀ ਆਪਣੀ ਜਗ੍ਹਾ ਪਹੁੰਚ ਜਾਣੀ ਸੀ ਤੇ ਮੇਰੀ ਇਮਿਜ (ਪ੍ਰਤਿਮਾ) ਵੀ ਖ਼ਰਾਬ ਨਹੀਂ ਸੀ ਹੋਣੀ।
ਪੀਲੀ ਕਲੀ ਵਾਲੇ ਘਰ ਦੇ ਸਾਹਮਣੇ ਬਰੋਟਾ। ਬਰੋਟੇ ਦੇ ਨਾਲ ਦੀ ਗਲੀ ਵਿੱਚ ਜਾ ਕੇ ਅਖ਼ੀਰ 'ਤੇ ਹੱਟੀ। ਹੱਟੀ ਦੇ ਨਾਲ ਦੀ ਮੁੜਦਾ ਇੱਕ ਚੌੜਾ ਰਸਤਾ। ਖੱਬੇ ਪਾਸੇ ਦੇ ਦਸ ਮਕਾਨ ਲੰਘ ਕੇ ਗਿਆਰਵਾਂ ਘਰ। ਮੈਨੂੰ ਦਿੱਤੇ ਨਕਸ਼ੇ ਵਿੱਚ ਬਰੀਕ ਤੋਂ ਬਰੀਕ ਚੀਜ਼ ਦਾ ਵੀ ਵਰਣਨ ਹੋਣ ਕਰਕੇ ਘਰ ਲੱਭਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਸੀ ਆਈ। ਮੈਂ ਨੀਲੇ ਰੰਗ ਦੇ ਲੋਹੇ ਦੇ ਵੱਡੇ ਸਾਰੇ ਕਿਵਾੜ ਵਾਲੀ ਕੋਠੀ ਅੱਗੇ ਜਾ ਖੜ੍ਹਿਆ ਸੀ। ਕਾਲ-ਬੈੱਲ ਦੀ ਤਲਾਸ਼ ਵਿੱਚ ਮੇਰੀ ਨਿਗਾਹ ਨੇ ਦੋਨੋਂ ਥਮਲਿਆਂ 'ਤੇ ਕਰੋਲਾ ਦਿੱਤਾ ਸੀ। ਪਰ ਮੈਨੂੰ ਕੋਈ ਘੰਟੀ ਨਜ਼ਰ ਨਹੀਂ ਆਈ ਸੀ। ਦਰਵਾਜ਼ੇ ਨੂੰ ਹੀ ਧੱਪ-ਧਪਾਉਣ ਲੱਗਿਆਂ ਦੇਖਿਆ ਸੀ ਕਿ ਫਾਟਕ ਦਾ ਕੁੰਡਾ ਬਾਹਰੋਂ ਬੰਦ ਸੀ। ਨਾਨੀ ਟਾਈਮ ਪਾਸ ਕਰਨ ਲਈ ਕਿਸੇ ਦੇ ਘਰੇ ਗਈ ਹੋਵੇਗੀ। ਇਸ ਲਈ ਜਾਂਦੀ ਹੋਈ ਕੁੰਡਾ ਲਗਾ ਗਈ ਹੋਵੇਗੀ। ਕਿਹੜਾ ਬਗਾਨੇ ਥਾਂ ਹਾਂ? ਬੂਹਾ ਖੋਲ੍ਹ ਕੇ ਅੰਦਰ ਚੱਲਦਾ ਹਾਂ। ਐਵੇਂ ਦਰਾਂ 'ਚ ਕਿਤੇ ਕਿੰਨਾ ਕੁ ਚਿਰ ਖੜ੍ਹਾ ਰਹੂੰ? ਮੈਂ ਆਪਣੇ ਮਨ ਹੀ ਮਨ ਸਲਾਹਾਂ ਕਰਦਾ ਹੋਇਆ ਬੈਗ ਭੁੰਜੇ ਰੱਖ ਕੇ ਅਰਲ ਨੂੰ ਖੋਲ੍ਹਣ ਲੱਗ ਪਿਆ ਸੀ। ਅਰਲ ਦੀ ਸਖਤੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬੂਹਾ ਰੋਟੀ ਖਾ ਕੇ ਖੋਲ੍ਹਣਾ ਪੈਂਦਾ ਸੀ। ਰੱਬ ਜਾਣੇ ਨਾਨੀ ਕਿਵੇਂ ਖੋਲ੍ਹਦੀ- ਬੰਦ ਕਰਦੀ ਸੀ? ਅਰਲ ਖੁੱਲ੍ਹਦੀ ਘੱਟ ਹੈ ਤੇ ਚੀਕ ਚਿਹਾੜਾ ਬਹੁਤਾ ਪਾਉਂਦੀ ਸੀ। ਤੇਲ ਦੇਣ ਖੁਣੋਂ ਇੰਝ ਜਾਮ ਹੋਈ ਪਈ ਸੀ ਜਿਵੇਂ ਮੁਦੱਤਾਂ ਤੋਂ ਖੋਲ੍ਹੀ ਹੀ ਨਹੀਂ ਹੁੰਦੀ।
ਅਰਲ ਦਾ ਖੜਕਾ ਸੁਣ ਕੇ ਮੇਨ-ਗੇਟ ਜਿੱਥੇ ਮੈਂ ਖੜ੍ਹਾ ਸੀ, ਉੱਥੋਂ ਥੋੜ੍ਹੀ ਦੂਰ ਕੋਠੀ ਦਾ ਛੋਟਾ ਜਾਲੀ ਵਾਲਾ ਲੱਕੜ ਦਾ ਦਰਵਾਜ਼ਾ ਖੁੱਲ੍ਹਿਆ ਸੀ ਤੇ ਵਿੱਚੋਂ ਇੱਕ ਕੂਜ਼ਾ ਮਿਸ਼ਰੀ ਵਰਗੀ ਮਿੱਠੀ ਜਨਾਨਾ ਆਵਾਜ਼ ਆਈ ਸੀ, "ਹਾਂ ਜੀ, ਤੁਸੀਂ ਕੌਣ ਹੋ?"
ਕਿਸੇ ਅਜਨਬੀ ਖਾਤੂਨ ਦਾ ਅਕਸ਼ ਜਾਲੀ ਰਾਹੀ ਦੇਖ ਕੇ ਮੈਂ ਇੱਕਦਮ ਘਬਰਾ ਗਿਆ ਸੀ। ਸ਼ਾਇਦ ਇਹ ਕਿਸੇ ਹੋਰ ਦਾ ਘਰ ਹੈ। ਜਦੇ ਹੀ ਇਹ ਗੱਲ ਮੇਰੇ ਦਿਲ ਵਿੱਚ ਵੱਜੀ ਸੀ। ਮੈਂ ਅਰਲ ਨੂੰ ਵਿੱਚੇ ਛੱਡ ਕੇ ਆਪਣਾ ਬੈਗ ਚੁੱਕ ਕੇ ਉੱਧਰਲੇ ਦਰ ਵੱਲ ਨੂੰ ਚੱਲਿਆ ਗਿਆ ਸੀ।
"ਜੀ ਮੈਂ ਚੰਡੀ..।" ਭੁਚੱਕੇ ਖੜ੍ਹੇ ਤੋਂ ਮੈਥੋਂ ਬੌਖਲਾਹਟ ਵਿੱਚ ਕੋਈ ਗੱਲ ਨਹੀਂ ਬਣੀ ਸੀ।
ਉਹ ਬਾਹਰ ਗਲੀ ਵਿੱਚ ਨਿਕਲ ਆਈ। ਸਾਰੀ ਗਲੀ ਨੂਰੋ-ਨੂਰ ਹੋ ਗਈ ਸੀ। ਦਰਵਾਜ਼ਾ ਡੋਰ-ਸ਼ਟਰ ਦੇ ਧੱਕਣ ਨਾਲ ਖੁਦ ਆਪਣੇ ਆਪ ਢੋਇਆ ਗਿਆ ਸੀ। ਕੱਦ-ਕਾਠ ਅਤੇ ਉਮਰ ਤੋਂ ਉਹ ਮੇਰੇ ਹਾਣ ਦੀ ਅੱਲ੍ਹੜ ਹੀ ਲੱਗਦੀ ਸੀ। ਵੱਧ ਤੋਂ ਵੱਧ ਇੱਕ ਅੱਧਾ ਇੰਚ ਹੇਠ ਉੱਤੇ ਜਾਂ ਸਾਲ ਦੋ-ਸਾਲ ਇੱਧਰ ਉੱਧਰ ਦਾ ਫ਼ਰਕ ਹੋ ਸਕਦਾ ਹੈ। ਇਸ ਤੋਂ ਜ਼ਿਆਦਾ ਨਹੀਂ। ਉਹਨੇ ਗੰਦਲ ਵਰਗੇ ਪਤਲੇ ਸ਼ਰੀਰ 'ਤੇ ਸਾਦੀ ਜਿਹੀ ਕਾਲੀ ਰੰਗ-ਬਰੰਗੇ ਛੋਟੇ-ਛੋਟੇ ਫੁੱਲਾਂ ਵਾਲੀ ਪਰਿੰਟਡ ਕੁੜਤੀ, ਕਾਲੀ ਚੁੰਨੀ ਅਤੇ ਖੁੱਲ੍ਹੇ ਪਹੁੰਚਿਆਂ ਵਾਲੀ ਪਲੇਨ ਕਾਲੀ ਸਲਵਾਰ ਪਹਿਨੀ ਹੋਈ ਸੀ। ਲਾਖੀ ਪੁਸ਼ਾਕ ਵਿੱਚ ਮਹਿਬੂਸ ਕੀਤਾ ਹੋਇਆ ਕੱਚੇ ਦੁੱਧ ਵਰਗਾ ਗੋਰਾ ਚਿੱਟਾ ਬਦਨ ਬੜਾ ਉੱਠਦਾ ਸੀ। ਉਹਨੇ ਸਿਆਹ ਘਣੇ ਕਰੀਨੇ ਨਾਲ ਵਾਹੇ ਕੇਸਾਂ ਦੀਆਂ ਸਿਰ ਦੇ ਦੋਨੋਂ ਪਾਸੇ ਗੁੰਦੀਆਂ ਮੀਢੀਆਂ, ਮਗਰ ਕੀਤੀ ਗੁੱਤ ਵਿੱਚ ਰਲਾਈਆਂ ਹੋਈਆਂ ਸਨ। ਉਸ ਕੁਦਰਤ ਦੇ ਸ਼ਾਹਕਾਰ ਨੂੰ ਦੇਖਦਿਆਂ ਹੀ ਮੇਰੇ ਫਿਊਜ਼ ਉੱਡ ਗਏ ਸਨ। ਉਹਦੇ ਸ਼ਬਾਬ ਦੀ ਮਿਕਨਾਤੀਸੀ ਖਿੱਚ ਨੇ ਮੇਰਾ ਦਿਲ-ਓ-ਦਿਮਾਗ ਅਤੇ ਗਿਆਨ ਇੰਦਰੀਆਂ ਆਪਣੇ ਵੱਲ ਧੂਹ ਕੇ ਬੰਨ੍ਹ ਲਈਆਂ ਸਨ। ਮੈਨੂੰ ਖੜ੍ਹਾ ਅੱਖਾਂ ਸੇਕਦਾ ਤੱਕ ਕੇ ਉਹ ਬੋਲੀ ਸੀ, "ਕਿਹਨੂੰ ਮਿਲਣੈ?"
"ਜੀ ਮਅ ਮੈਂ ਗੁਰਮੁਖ ਸਿੰਘ ਕੇ ਘਰੇ ਜਾਣਾ ਸੀ।" ਮੈਂ ਭੈ-ਭੀਤ ਹੋਏ ਨੇ ਸੁਆਲ ਨੁਮਾ ਜੁਆਬ ਦਿੰਦਿਆਂ ਨਾਨੇ ਦਾ ਨਾਮ ਲੈ ਕੇ ਆਪਣੀ ਮੰਜ਼ਿਲ ਦੀ ਪੜਤਾਲ ਕੀਤੀ ਸੀ।
"ਜੀ ਉਹ ਤਾਂ…।" ਉਸ ਮੁਟਿਆਰ ਦੀ ਗੱਲ ਅਜੇ ਵਿੱਚੇ ਹੀ ਸੀ ਕਿ ਅੰਦਰੋਂ ਇੱਕ ਹੋਰ ਆਵਾਜ਼ ਪਈ ਸੀ।
"ਕੁੜੇ ਕੌਣ ਐ?"
ਨਾਨੀ ਦਾ ਬੋਲ ਮੈਂ ਸਿਆਣ ਲਿਆ ਸੀ ਤੇ ਦਰਵਾਜ਼ੇ ਨੂੰ ਖਿੱਚ ਕੇ ਖੋਲ੍ਹ ਦਿੱਤਾ ਸੀ। ਡੁੱਡ ਮਾਰਦਿਆਂ ਤੁਰੀ ਆਉਂਦੀ ਨਾਨੀ ਨੂੰ ਦੇਖ ਕੇ ਮੈਂ ਹੋਕਰਾ ਦਿੱਤਾ ਸੀ, "ਮੈਂ ਆਂ ਬੇਬੇ।"
ਉਸ ਕਾਮਿਨੀ ਨੇ ਪਿਛਾਂਹ ਹੱਟ ਕੇ ਮੈਨੂੰ ਅੰਦਰ ਵੜਨ ਦੇ ਦਿੱਤਾ।
"ਬੂ ਨੀ ਭਾਈਆਂ ਦੀਓ ਮਾਂ ਸਦਕੇ ਸਵੇਰ ਦਾ ਬਨੇਰੇ 'ਤੇ ਕਾਂ ਕਲੌਂਦਾ ਸੀ।ਅੱਜ ਕਿਧਰੋਂ ਰਾਹ ਭੁੱਲ ਗਿਐਂ?" ਮੈਨੂੰ ਦੇਖ ਕੇ ਨਾਨੀ ਨੂੰ ਗੋਡੇ-ਗੋਡੇ ਚਾਅ ਚੜ੍ਹ ਗਿਆ ਸੀ।
"ਪੈਰੀ ਪੈਂਨਾ ਆਂ।" ਆਖ ਕੇ ਮੈਂ ਕੋਲੇ ਆਈ ਨਾਨੀ ਦੇ ਝੁੱਕ ਕੇ ਅਜੇ ਗੋਡਿਆਂ ਕੋਲ ਹੀ ਹੱਥ ਲੈ ਕੇ ਗਿਆ ਸੀਕਿ ਨਾਨੀ ਨੇ ਮੈਨੂੰ ਮੋਢਿਆ ਤੋਂ ਫੜ੍ਹ ਕੇ ਗਲ ਨਾਲ ਲਿਆ ਸੀ।
"ਤਕੜੈਂ?"
"ਹਾਂ, ਘੋੜੇ ਅਰਗਾ?" ਮੈਂ ਆਪਣੇ ਮਖੌਲੀਏ ਸੁਭਾਅ ਮੁਤਾਬਕ ਨਾਨੀ ਨੂੰ ਉੱਤਰ ਦਿੱਤਾ ਸੀ।
ਫੇਰ ਜਿਵੇਂ ਪੁਰਾਣੀਆਂ ਬੁੱਢੀਆਂ ਵਿੱਚ ਗਲੇ ਮਿਲਣ ਦਾ ਰਿਵਾਜ ਹੁੰਦਾ ਹੀ ਹੈ। ਦੋ ਤਿੰਨ ਵਾਰ ਕਦੇ ਸੱਜੇ ਵਨੇ ਦੀ, ਕਦੇ ਖੱਬੇ ਤਰਫ਼ ਦੀ, ਈਦ ਵਾਲੇ ਦਿਨ ਮੁਸਲਮਾਨਾਂ ਦੇ ਪਾਸੇ ਬਦਲ ਬਦਲ ਗਲੇ ਮਿਲਣ ਵਾਂਗ ਨਾਨੀ ਮੈਨੂੰ ਸੀਨੇ ਨਾਲ ਲਾ ਕੇ ਘੁੱਟ-ਘੁੱਟ ਪਿਆਰ ਕਰਦੀ ਰਹੀ ਸੀ।
ਮਿਲਣੀ ਦੀ ਰਸਮ ਸਮਾਪਤ ਹੋਣ ਪਿੱਛੋਂ ਨਾਨੀ ਨੇ ਮੇਰਾ ਉਸ ਹੁਸੀਨਾ ਨਾਲ ਤਾਰੁਫ਼ ਕਰਵਾਇਆ ਸੀ, "ਰਾਜੂ ਆ ਮੇਰਾ ਦੋਹਤਾ …ਚੰਡੀਗੜ੍ਹ ਆਲਾ।"
ਮੈਂ ਉਸ ਰੂਪਵਤੀ ਵੱਲ ਤੱਕਿਆ ਸੀ ਤਾਂ ਉਹਨੇ ਮੁਸਕਾਨ ਨਾਲ ਮੇਰਾ ਵੈਲਕਮ ਕਰਕੇ ਮੈਨੂੰ ਬਚੇ-ਖੁਚੇ ਨੂੰ ਵੀ ਲੁੱਟ ਲਿਆ ਸੀ। ਉਹਦੀ ਇੱਕਵੰਜਾ ਤੋਪਾਂ ਦੀ ਸਲਾਮੀ ਵਰਗੀ 'ਸਾਸੀ ਕਾਲ' ਦੇ ਬਦਲੇ ਮੈਂ ਸਿਰ ਨਿਵਾ ਕੇ ਸਿਜਦਾ ਕਰਦਿਆਂ ਖ਼ਾਮੋਸ਼ ਫ਼ਤਹਿ ਬੁਲਾਈ ਸੀ। ਉਸ ਤੋਂ ਅਣਜਾਣ ਹੋਣ ਕਰਕੇ ਮੈਂ ਉਡੀਕਦਾ ਰਿਹਾ ਸੀ, ਪਰ ਨਾਨੀ ਨੇ ਉਹਦੇ ਸੰਬੰਧੀ ਕੋਈ ਜਾਣਕਾਰੀ ਨਸ਼ਰ ਨਹੀਂ ਸੀ ਕੀਤੀ ਕਿ ਉਹ ਕੌਣ ਸੀ। ਕੌਣ ਨਹੀਂ।
"ਚੱਲ ਆਜਾ ਲੰਘ ਆ।" ਨਾਨੀ ਮੂਹਰੇ ਮੂਹਰੇ, ਮੈਂ ਵਿਚਾਲੇ ਤੇ ਮੇਰੇ ਮਗਰ ਉਹ, ਅਸੀਂ ਤਿੰਨੇ ਅੱਗੜ-ਪਿੱਛੜ ਅੰਦਰ ਨੂੰ ਹੋ ਤੁਰੇ ਸੀ।
"ਗੁੱਡੀ ਆਏਂ ਕਰ, ਮੇਰਾ ਪੁੱਤ ਫਾਟਕ ਖੋਲ੍ਹ ਕੇ ਡਲੈਵਰ ਨੂੰ ਕਹੁ ਕਾਰ ਅੰਦਰ ਹੀ ਕਰ ਲਵੇ।" ਨਾਨੀ ਨੇ ਖੜ੍ਹ ਕੇ ਉਸ ਦਾਮਨੀ ਨੂੰ ਹੱਥ ਨਾਲ ਇਸ਼ਾਰਾ ਕਰਕੇ ਗੇਟ ਵੱਲ ਜਾਣ ਦਾ ਹੁਕਮ ਦਿੱਤਾ ਸੀ।
ਤਤਫਟ ਉਹਦੇ ਕਦਮਾਂ ਨੇ ਗੇਟ ਵੱਲ ਰੁਖ਼ ਕਰਿਆ ਸੀ।
"ਨਹੀਂ ਜੀ।" ਪਹਿਲਾਂ ਮੈਂ ਉਹਨੂੰ ਰੋਕਣ ਲੱਗਿਆ ਸੀ, ਫੇਰ ਜਦੇ ਹੀ ਸ਼ੁਰੂ ਕੀਤੇ ਵਾਕ ਦਾ ਬਾਕੀ ਹਿੱਸਾ ਪੂਰਾ ਕਰਦਿਆਂ ਮੈਂ ਨਾਨੀ ਨੂੰ ਸੰਬੋਧਨ ਕਰਿਆ ਸੀ, "ਨਹੀਂ ਬੇਬੇ, ਗੱਡੀ ਨ੍ਹੀਂ ਹੈਗੀ। ਮੈਂ ਬੱਸ 'ਤੇ ਹੀ ਆਇਆਂ।"
"ਹਾਏ ਹਾਏ, ਐਡੀ ਦੂਰ ਬੱਸਾਂ 'ਚ ਕਾਸ ਨੂੰ ਧੱਕੇ ਖਾਣੇ ਸੀ। ਉਹਨਾਂ ਸਾਬਣ-ਦਾਨੀਆਂ ਜਿਹੀਆਂ ਦਾ ਕੀ ਅਚਾਰ ਪਾਉਣੈ? ਜੇ ਸੁੱਖ ਹੀ ਨe੍ਹੀਂ ਲੈਣਾ। ਐਵੇਂ ਵਾਧੂ ਥਾਂ ਰੋਕਣ ਨੂੰ ਖੜ੍ਹਾਈਆਂ? ਬਹੁਤੇ ਹੀ ਸਰਫੇ ਜਿਹੇ ਨਾ ਕਰੀ ਜਾਇਆ ਕਰੋ।"
"ਉਹ…।" ਮੈਂ ਸਫ਼ਾਈ ਦੇਣ ਹੀ ਲੱਗਿਆ ਸੀ ਕਿ ਨਾਨੀ ਨੇ ਪਿੱਛੇ ਭੌਂ ਕੇ ਦੇਖਿਆ ਸੀ।
"ਹੋਰ ਕੌਣ ਕੌਣ ਆਇਐ?" "ਕੋਈ ਵੀ ਨਹੀਂ। ਮੈਂ ਕੱਲਾ ਈ ਆਂ।"
ਮੇਰਾ ਉੱਤਰ ਸੁਣ ਕੇ ਯਕਲਖਤ ਨਾਨੀ ਦਾ ਮੂੰਹ ਉਤਰ ਗਿਆ ਸੀ। ਹੁਲਾਸ ਦਾ ਚੰਨ ਨਾਨੀ ਦੇ ਚਿਹਰੇ ਦੇ ਅੰਬਰ ਤੋਂ ਰੱਬ ਜਾਣੇ ਕਿੱਥੇ ਅਤੇ ਕਿਹੜੇ ਬੱਦਲਾਂ ਵਿੱਚ ਛੁਪ ਗਿਆ ਸੀ। ਦਰਵਾਜ਼ੇ ਤੋਂ ਅਫ਼ਸੋਸੀਆਂ ਨਜ਼ਰਾਂ ਮੋੜ ਕੇ ਧਰਤੀ ਵਿੱਚ ਗੱਡਦੀ ਹੋਈ ਉਹ ਚੁੱਪ ਕਰਕੇ ਫਿਰ ਚੱਲ ਪਈ ਸੀ। ਮੇਰੇ ਆਉਣ ਕਾਰਨ ਨਾਨੀ ਨੂੰ ਚਿੰਬੜੀ ਹੋਈ ਫ਼ਰਹਤ ਦੀ ਚਾਮਚੜੀਕ ਯਾਨੀ ਮੈਂ ਕੱਲਾ ਈ ਆਂ। ਵਾਕ ਦਾ ਤੱਤਾ-ਤੱਤਾ ਖੁਰਚਣਾ ਲੱਗਣ ਨਾਲ ਉੱਡ-ਪੁੱਡ ਗਈ ਸੀ।
ਉਹ ਕਹਿਰਨ ਵੀ ਸਾਡੇ ਨਾਲ ਨਾਲ ਤੁਰੀ ਆ ਰਹੀ ਸੀ। ਮੈਂ ਤੁਰੇ ਜਾਂਦੇ ਨੇ ਸਾਰੇ ਘਰ 'ਚ ਨਿਗਾਹ ਮਾਰੀ ਸੀ। ਵਿਹੜਾ ਬਹੁਤ ਖੁੱਲ੍ਹਾ ਸੀ। ਤਿੰਨਾਂ ਚੌਹਾਂ ਮਾੜੇ ਰੈਂਕ ਵਾਲੇ ਅਫ਼ਸਰਾਂ ਦੇ ਕੁਆਟਰ ਬਣਨ ਜੋਗੀ ਥਾਂ ਕਾਠ ਮਾਰੀ ਪਈ ਸੀ। ਐਡੇ ਵਿਹੜੇ 'ਚ ਤੁਰ ਤੁਰ ਗੋਡੇ ਗਿੱਟੇ ਤਾਂ ਆਪੇ ਹੀ ਦੁਖਣੇ ਆ। ਮੈਂ ਨਾਨੀ ਦੇ ਲੰਙ ਮਾਰਨ ਦਾ ਕਾਰਨ ਲੱਭਦਾ ਹੋਇਆ ਚੱਲਦਾ ਗਿਆ ਸੀ। ਸਾਰੇ ਵਿਹੜੇ ਵਿੱਚਲੀ ਘੋਟੀ ਹੋਈ ਚਿੱਪਸ ਨੂੰ ਸੂਰਜ ਦੀਆਂ ਕਿਰਨਾਂ ਦੇ ਚੁੰਮਣ ਨਾਲ ਸ਼ਰਮਾਉਂਦੀ ਹੋਈ ਨੂੰ ਦੂਣਾਂ ਰੂਪ ਚੜ੍ਹਿਆ ਪਿਆ ਸੀ। ਫ਼ਰਸ਼ ਦੇ ਲਿਸ਼ਣ ਤੋਂ ਸਜਰੇ ਵੱਜੇ ਪੋਚੇ ਦਾ ਸਬੂਤ ਮਿਲ ਰਿਹਾ ਸੀ।
"ਦੇਖੀਂ ਬਚ ਕੇ ਆਈਂ। ਤਿਲਕ ਕੇ ਨਾ ਡਿੱਗ ਪਈ ਕਿਤੇ।"
ਨਿਝਿਜਕ ਆਪਣੀ ਸਧਾਰਨ ਚਾਲ ਚਲਦਾ ਹੋਇਆ ਮੈਂ ਨਾਨੀ ਦੀ ਤਾੜਨਾ ਮਗਰੋਂ ਇਹਤਿਆਤ ਨਾਲ ਤੁਰਨ ਲੱਗਿਆ ਸੀ ਤਾਂ ਮੇਰਾ ਪੈਰ ਫਿਸਲ ਗਿਆ ਸੀ। ਡਿੱਗਦਾ-ਡਿੱਗਦਾ ਕੱਪੜੇ ਸੁਕਣੇ ਪਾਉਣ ਨੂੰ ਬੰਨ੍ਹੀ ਹੋਈ ਰੱਸੀ ਨੂੰ ਹੱਥ ਪਾ ਕੇ ਮੈਂ ਮਸਾਂ ਬਚਿਆ ਸੀ।
"ਦੇਖਿਆ ਮੈਂ ਕਿਹਾ ਸੀ ਨਾ - ਹੁਣੇ ਲੱਤ ਬਾਂਹ ਤੁੜਵਾ ਲੈਣੀ ਸੀ।"
ਮੈਂ ਸ਼ਰਮ ਮੰਨਦਿਆਂ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਈ ਤੁਰਦਾ ਗਿਆ ਸੀ। ਧੁਰ ਜਾ ਕੇ ਸੱਜੇ ਪਾਸੇ ਕੰਧ ਨਾਲ ਰਸੋਈ ਸੀ ਅਤੇ ਖੱਬੇ ਪਾਸੇ ਗੁਸਲਖਾਨਾ ਤੇ ਪਖਾਨਾ ਬਣੇ ਹੋਏ ਸਨ। ਵਿਚਕਾਰ ਬਰਾਂਡਾ ਛੱਤਿਆ ਹੋਇਆ ਸੀ। ਵਿਸ਼ਾਲ ਭਵ-ਸਾਗਰ ਵਰਗੇ ਵਿਹੜੇ ਨੂੰ ਪਾਰ ਕਰਨ ਉਪਰੰਤ ਅਸੀਂ ਬਰਾਂਡੇ ਵਿੱਚ ਪਹੁੰਚ ਗਏ ਸਾਂ। ਸਾਰੇ ਬਰਾਂਡੇ ਦੇ ਮੂਹਰੇ ਲੱਕੜ ਦੀ ਚੁਗਾਠ ਵਿੱਚ ਜਾਲੀ ਲਾ ਕੇ ਮੱਖੀ ਮੱਛਰਾਂ ਦੀ ਰੋਕਥਾਮ ਦਾ ਪ੍ਰਬੰਧ ਕੀਤਾ ਹੋਇਆ ਸੀ। ਬਰਾਂਡੇ ਵਿੱਚੋਂ ਬੀਹੀ ਪਿਛਲੇ ਮੁਹੱਲੇ ਵੱਲ ਜਾਂਦੀ ਸੀ, ਜਿਸ ਦੇ ਆਸੇ ਪਾਸੇ ਦੋਨੇਂ ਤਰਫ਼ ਚਾਰ ਚਾਰ ਕਮਰੇ ਸਨ। ਬਰਾਂਡੇ ਵਿੱਚ ਡਹੇ ਹੋਏ ਮੰਜੇ ਉੱਤੇ ਬੈਗ ਰੱਖ ਕੇ ਮੈਂ ਬੈਠਣ ਲੱਗਾ ਸੀ ਤਾਂ ਨਾਨੀ ਨੇ ਹੋੜ ਦਿੱਤਾ ਸੀ, "ਅੜਕ ਜਾ - ਮੈਂ ਕੁਰਸੀ ਮੰਗਵਾਉਂਦੀ ਹਾਂ।" "ਕੋਈ ਨ੍ਹੀਂ ਬੇਬੇ। ਆਹ ਮੰਜਾ ਈ ਠੀਕ ਆ।"
"ਕੋਈ ਕਿਉਂ ਨਹੀਂ। ਸੁੱਖ ਨਾਲ ਸਾਰੇ ਹੀ ਨੇ।" ਨਾਨੀ ਨੇ ਮਜ਼ਾਕ ਨਾਲ ਮੇਰੀ ਗੱਲ ਰੋਲ ਕੇ ਮੈਨੂੰ ਕੱਚੇ ਲਾਹ ਦਿੱਤਾ ਸੀ। ਪਰ ਮੈਨੂੰ ਖੁਸ਼ੀ ਹੋਈ ਸੀ ਕਿ ਚੱਲੋ ਨਾਨੀ ਦੇ ਚਿਹਰੇ 'ਤੇ ਖੇੜਾ ਪਰਤਿਆ ਤਾਂ ਸਹੀ।
"ਜਾ ਬਿੱਲੇ, ਕੁਰਸੀ ਲਿਆ ਅੰਦਰੋਂ ਭੱਜ ਕੇ।"
ਉਹ ਹੰਸਗਾਮਿਨੀ ਕਾਹਲੀ-ਕਾਹਲੀ ਅੰਦਰ ਚਲੀ ਗਈ ਸੀ।
"ਮੈਂ ਕਿਹਾ ਬਾਣ ਚੁੱਭੂ ਤੇਰੇ ਬੈਠੇ ਦੇ।" ਨਾਨੀ ਨੇ ਕੁਰਸੀ ਮੰਗਵਾਉਣ ਦਾ ਮਕਸਦ ਸਪਸ਼ਟ ਕਰਿਆ ਸੀ।
ਮੈਂ ਖੜ੍ਹ ਕੇ ਕੁਰਸੀ ਉਡੀਕਣ ਲੱਗ ਪਿਆ ਸੀ। ਨਾਨੀ ਨੂੰ ਯਾਦ ਸੀ ਕਿ ਨਿੱਕਾ ਹੁੰਦਾ ਮੈਂ ਅਣਵਿਛੇ ਬਾਣ ਦੇ ਮੰਜੇ 'ਤੇ ਨਹੀਂ ਸੀ ਬੈਠਦਾ ਹੁੰਦਾ ਤੇ ਬਾਣ ਚੁੱਭਣ ਦੀ ਸ਼ਿਕਾਇਤ ਕਰਦਾ ਹੁੰਦਾ ਸੀ।
"ਥੋਡੇ ਜੀਅ ਜੀਅ ਕੋਲ ਕਾਰਾਂ ਨੇ। ਬੱਸਾਂ ਤੇ ਆਉਂਣ ਦੀ ਕੀ ਬਿਪਤਾ ਪਈ ਸੀ?" ਨਾਨੀ ਦੀ ਹੈਰਾਨੀ ਵਿਦਮਾਨ ਹੋਈ ਸੀ। ਉਹ ਮੈਨੂੰ ਕੁਰਸੀ ਫੜ੍ਹਾ ਕੇ ਚਲੀ ਗਈ ਸੀ। ਮੈਂ ਮੰਜੇ 'ਤੇ ਬੈਠੀ ਨਾਨੀ ਦੇ ਕੋਲ ਨੂੰ ਡਾਹ ਕੇ ਬੈਠ ਗਿਆ ਸੀ। ਉਹ ਨੱਢੀ ਮੇਰੇ ਆਉਣ ਤੋਂ ਪਹਿਲਾਂ ਬਰਾਂਡੇ ਵਿੱਚ ਹੀ ਝਾੜੂ-ਪੋਚਾ ਮਾਰ ਰਹੀ ਸੀ। ਚੁੰਨੀ ਨਾਨੀ ਕੋਲ ਮੰਜੇ 'ਤੇ ਰੱਖ ਕੇ ਉਹ ਫੁਰਤੀ ਨਾਲ ਰਹਿੰਦਾ ਪੋਚਾ ਫੇਰਨ ਲੱਗ ਗਈ ਅਤੇ ਮੈਂ ਤੇ ਨਾਨੀ ਗੱਲੀਂ ਜੁੱਟ ਗਏ ਸਾਂ।
"ਬਾਹਰੋਂ ਕੁੰਡਾ ਲੱਗਿਆ ਸੀ। ਮੈਂ ਕਿਹਾ ਬੇਬੇ ਕਿਸੇ ਦੇ ਘਰੇ ਗਈ ਹੋਣੀ ਏ?"
"ਨਾਂਹ, ਜਾਣਾ ਤਾਂ ਕੀਹਦੇ ਸੀ? ਊਈਂ ਕੋਈ ਨਿਆਣਾ-ਨਿਉਣਾ ਇੱਲਤ ਨਾਲ ਲਾ ਗਿਆ ਹੋਣੈ। ਫਾਟਕ ਤਾਂ ਕਦੇ ਖੋਲ੍ਹੇ ਹੀ ਨe੍ਹੀਂ। ਕਿਹੜਾ ਟਰੱਕ ਲਗਾਉਂਣਾ ਹੁੰਦੈ?"
ਮੇਰੇ ਸਾਹਮਣੇ ਪੈਰਾਂ ਭਾਰ ਬੈਠੀ ਉਹ ਚੰਦਰਮੁੱਖੀ ਫ਼ਰਸ਼ ਤੋਂ ਰਗੜ-ਰਗੜ ਪਏ ਹੋਏ ਧੱਬੇ ਲਾਹ ਰਹੀ ਸੀ। ਇੱਕ ਤਾਂ ਉਹ ਨੀਵੇਂ ਥਾਂ ਬੈਠੀ ਸੀ। ਦੂਸਰਾ ਕਦੇ ਕਦੇ ਉਹ ਜ਼ਿਆਦਾ ਝੁੱਕ ਜਾਂਦੀ ਸੀ ਤੇ ਉਹਦਾ ਸੂਟ ਵੀ ਗਲਵੇਂ ਤੋਂ ਹੇਠਾਂ ਨੂੰ ਹੋ ਜਾਂਦਾ ਸੀ। ਮੈਂ ਉਸ ਨਾਲੋਂ ਉੱਚੀ ਜਗ੍ਹਾ ਬੈਠਾ ਹੋਣ ਕਰਕੇ ਸੁਤੇ-ਸਿਧ ਉਹਦੇ ਵੱਲ ਦੇਖਣ ਲੱਗਿਆਂ ਮੇਰੀ ਨਿਗਾਹ ਉਹਦਿਆਂ ਮੰਦਰ ਦੀਆਂ ਟੱਲੀਆਂ ਵਾਂਗ ਲਮਕਦੇ, ਸਡੌਲ ਅਤੇ ਤਿੱਖੇ, ਨੰਗੇ ਸਤਨਾਂ ਉੱਤੇ ਜਾ ਪਈ ਸੀ। ਮੈਂ ਗੁਨਾਹ-ਏ-ਅਜ਼ੀਮ ਹੋਇਆ ਸਮਝ ਕੇ ਆਪਣੀ ਨਜ਼ਰ ਹੋਰ ਪਾਸੇ ਫੇਰ ਲਈ ਸੀ। ਭਾਵੇਂ ਨਜ਼ਰ ਤਾਂ ਮੈਂ ਹਟਾ ਲਈ ਸੀ, ਪਰ ਮੈਥੋਂ ਉੱਧਰੋਂ ਧਿਆਨ ਨਹੀਂ ਸੀ ਹਟਾ ਹੋਇਆ। ਉਹ ਤਜਹੀਰ ਵਾਲਾ ਦ੍ਰਿਸ਼ ਯਾਦ ਕਰਕੇ ਦਿਲ ਵਿੱਚ ਕੁੱਝ ਹੋਇਆ ਸੀ। ਮੈਂ ਸੋਚਿਆ ਸੀ। ਪਾਪ ਤਾਂ ਹੋ ਹੀ ਗਿਆ ਹੈ, ਕਿਉਂ ਨਾ ਲੱਗਦੇ ਹੱਥ ਇੱਕ ਹੋਰ ਝਾਤੀ ਲਾ ਲਈ ਜਾਵੇ। ਦੋਨੋਂ ਵਾਰ ਦੀ ਪ੍ਰਮਾਤਮਾ ਕੋਲੋਂ ਇੱਕੋ ਵਾਰੀ ਭੁੱਲ ਬਖਸ਼ਾਈ ਜਾਊ। ਫਿਰ ਦਿਮਾਗ ਨੇ ਇਹ ਆਖ ਕੇ ਵਰਜ ਦਿੱਤਾ ਸੀ। ਕੀ ਪਤਾ ਤੇਰੀ ਉਸ ਨਾਲ ਕੀ ਸਕੀਰੀ ਹੈ। ਜੇ ਕੋਈ ਵਿਵਰਜਿਤ ਰਿਸ਼ਤਾ ਹੋਇਆ, ਫੇਰ ਕੀ ਕਰੇਂਗਾ?
ਆਦਤ ਤੋਂ ਮਜਬੂਰ ਦਿਲ ਨੇ ਵੀ ਖਾਰ ਖਾ ਕੇ ਆਪਣਾ ਪੱਖ ਪੇਸ਼ ਕਰਿਆ ਸੀ। ਪਰ ਇਹ ਕਿਵੇਂ ਹੋ ਸਕਦੈ? ਜੇ ਕੋਈ ਨੇੜਲਾ ਸਾਕ ਹੁੰਦਾ ਤਾਂ ਤੈਨੂੰ ਜ਼ਰੂਰ ਗਿਆਨ ਹੁੰਦਾ। ਜੇ ਕੋਈ ਸੰਬੰਧ ਹੋਇਆ ਤਾਂ ਦੂਰ ਦਾ ਹੀ ਹੋਵੇਗਾ। ਐਨਾ ਅੱਜ-ਕੱਲ੍ਹ ਕਿਹੜਾ ਪੁੱਛਦਾ ਹੈ? ਇਉਂ ਸੋਚਣ ਲੱਗ ਜਾਵੇਂ ਤਾਂ ਹਰੇਕ ਹੀ ਭੈਣ ਬਣ ਜਾਊ।
ਮੈਂ ਦੁਬਾਰਾ ਦਰਸ਼ਨਾਂ ਦੀ ਮਨਛਾਂ ਨਾਲ ਦੀਦਿਆਂ ਦੀ ਦੋਨਾਲੀ ਦਾ ਨਿਸ਼ਾਨਾ ਵਿੰਨਿਆ ਸੀ। ਐਸੀ ਲਿਵ ਲੱਗੀ ਸੀ ਕਿ ਕੇਂਦਰਬਿੰਦੂ ਤੋਂ ਕਿਸੇ ਹੋਰ ਪਾਸੇ ਦੇਖ ਹੀ ਨਹੀਂ ਸੀ ਹੋਇਆ। ਵਾਸਨਾ ਦੀ ਇੱਕ ਚਿੰਗਾਰੀ ਮੇਰੇ ਅੰਦਰ ਸੁਲਗ ਗਈ ਸੀ। ਹਰ ਸੈਕਿੰਡ ਦੇ ਗੁਜ਼ਰਨ ਨਾਲ ਮੇਰੇ ਅੰਦਰ ਉਤੇਜਨਾ ਦੀ ਅੱਗ ਦੀਆਂ ਲਪਟਾਂ ਦਾ ਕੱਦ ਵੱਧਣ ਲੱਗਿਆ ਸੀ। ਨਾਨੀ ਤੋਂ ਬਚਣਾ ਵੀ ਲਾਜ਼ਮੀ ਸੀ। ਇਸ ਲਈ ਦਿਖਾਵੇ ਦੇ ਤੌਰ 'ਤੇ ਤਾਂ ਮੈਂ ਨਾਨੀ ਵੱਲ ਹੀ ਦੇਖਦਾ ਰਿਹਾ ਸੀ, ਪਰ ਟੇਢੀ ਜਿਹੀ ਅੱਖ ਮੇਰੀ ਉਸ ਚੰਚਲਹਾਰੀ ਦੇ ਸੀਨੇ ਵੱਲ ਹੀ ਭੱਜ-ਭੱਜ ਜਾਂਦੀ ਸੀ।
"ਗੱਡੀ ਲੈ ਆਉਂਦਾ। ਨਾਲੇ ਤੇਰੀ ਮਾਂ ਆ ਕੇ ਮਿਲ-ਗਿਲ ਜਾਂਦੀ। ਉਹਦਾ ਨਹੀਂ ਆਉਣ ਨੂੰ ਚਿੱਤ ਕਰਿਆ?" ਨਾਨੀ ਨੇ ਫੇਰ ਉਦਾਸ ਜਿਹੀ ਹੋ ਕੇ ਸੁਆਲ ਕੀਤਾ ਸੀ।
ਮੰਮੀ ਡੈਡੀ ਤਾਂ ਦਿੱਲੀ ਨੂੰ ਗਏ ਹੋਏ ਨੇ। ਮੈਂ ਰੁੱਖਾ ਜਿਹਾ ਉੱਤਰ ਦੇ ਕੇ ਢਿੱਡ ਵਿੱਚ ਕਿਹਾ ਸੀ। ਚੁੱਪ ਕਰ ਮਾਈ ਕਿਉਂ ਸੁਆਦ ਖ਼ਰਾਬ ਕਰਦੀ ਏਂ? ਮੈਨੂੰ ਵਿਹਲਾ ਹੋ ਲੈਣ ਦੇ, ਫੇਰ ਰੋ ਲਈ ਰੋਣੇ-ਧੋਣੇ।
"ਸੁੱਖ ਨਾਲ ਈ ਗਏ ਨੇ?" ਨਾਨੀ ਨੇ ਚਿੰਤਤ ਹੁੰਦਿਆਂ ਪੁੱਛਿਆ ਸੀ। "ਹਾਂ ਹਾਂ, ਨਵੀਂ ਕਾਰ ਨਿਕਲੀ ਆ ਇੱਕ ਸੀਲੋ ਉਹ ਲੈਣ ਗਏ ਆ। ਚੰਡੀਗੜ੍ਹ 'ਚ ਤਾਂ ਅਜੇ ਆਈ ਨ੍ਹੀਂ।" ਮੈਂ ਆਪਣੀ ਗੱਲ ਨਾਨੀ ਨਾਲੋਂ ਵਧੇਰੇ ਉਸ ਛੈਲ-ਛਬੀਲੀ ਨੂੰ ਸੁਣਾ ਕੇ ਕਰੀ ਸੀ।
"ਪੁਰਾਣੀਆਂ ਨੂੰ ਕੀ ਗੋਲੀ ਵੱਜ 'ਗੀ? ਬਲਾਅ ਸੋਹਣੀਆਂ ਪਈਆਂ ਸੀ। ਥੋਡੇ ਵੀ ਪੈਸੇ ਨ੍ਹੀਂ ਟਿੱਕਦੇ।" ਨਾਨੀ ਨੇ ਨੱਕ ਚੜ੍ਹਾਇਆ ਸੀ।
ਉਹ ਨਾਗਿਨ ਆਪਣਾ ਕੰਮ ਨਿਬੇੜ ਕੇ ਗੰਦੇ ਪਾਣੀ ਵਾਲੀ ਬਾਲਟੀ ਚੁੱਕ ਕੇ ਬਾਹਰ ਚੱਲੀ ਗਈ ਸੀ। ਰੰਗ ਵਿੱਚ ਭੰਗ ਪਈ ਤੋਂ ਮੈਂ ਸਾਰੀ ਇਕਾਗਰਤਾ ਨਾਨੀ ਨੂੰ ਸਮਰਪਤ ਕਰ ਦਿੱਤੀ ਸੀ।
"ਨਹੀਂ ਇਹ ਗੱਲ ਨ੍ਹੀਂ। ਮਾਰੂਤੀ ਤਾਂ ਤੁਹਾਨੂੰ ਪਤਾ ਈ ਆ ਵੇਚ 'ਤੀ ਸੀ। ਉਹਦੀ ਹੁਣ ਕਦਰ ਨe੍ਹੀਂ ਰਹੀ। ਜਣੇ-ਖਣੇ ਕੋਲ ਹੀ ਹੋ ਗਈ। ਹੁਣ ਤਾਂ ਜੱਟ-ਬੂਟ ਜਿਹੇ ਵੀ ਲਈ ਫਿਰਦੇ ਨੇ। - ਜਿਪਸੀ ਤਾਂ ਉਂਜ ਸਰਕਾਰੀ ਆ। ਕਈਆਂ ਹੱਥਾਂ 'ਚ ਪਈ ਹੋਣ ਕਰਕੇ ਦੂਏ ਤੀਏ ਦਿਨ ਹੀ ਬਿਗੜੀ ਰਹਿੰਦੀ ਆ। ਊਂਅ ਵੀ ਉਹਦੇ 'ਚ ਤਾਂ ਹੋਮ ਗਾਡੀਏ ਹੀ ਚੜ੍ਹੇ ਸੋਹਣੇ ਲੱਗਦੇ ਨੇ। - ਤੇ ਅਸਟੀਮ ਦਾ ਮੈਥੋਂ ਐਕਸੀਡੇਂਟ ਹੋ ਗਿਆ ਸੀ।"
"ਵੇ ਕਿਮੇਂ? ਤੇਰੇ ਸੱਟ-ਫੇਟ ਤਾਂ ਨ੍ਹੀਂ ਵੱਜੀ।" ਨਾਨੀ ਇੱਕਦਮ ਚੌਂਕ ਉੱਠੀ ਸੀ।
"ਨe੍ਹੀਂ, ਮੇਰੇ ਤਾਂ ਝਰੀਟ ਨਹੀਂ ਆਈ। ਪਰ ਗੱਡੀ ਸਾਰੀ ਜਿਵੇਂ ਸੇਕ ਲੱਗੇ ਤੋਂ ਮੋਮਜਾਮਾ ਸੁੰਗੜ ਜਾਂਦੈ, ਇਉਂ 'ਕੱਠੀ ਹੋ ਗਈ।"
"ਚੱਲ ਖਸਮਾਂ ਨੂੰ ਖਾਏ ਗੱਡੀ ਖੜ੍ਹੀ ਹੋ ਕੇ। ਤੇਰੀ ਜਾਨ ਬਚ 'ਗੀ ਐਨਾ ਥੋੜ੍ਹੈ? ਬੰਦਾ ਨ੍ਹੀਂ ਥਿਉਂਦਾ ਹੁੰਦਾ। ਗੱਡੀਆਂ ਦਾ ਥੋਡੇ ਅਰਗਿਆਂ ਨੂੰ ਕੀ ਘਾਟਾ ਆ? ਆਥਣ ਨੂੰ ਭਾਮੇਂ ਦਸ ਦਰਾਂ ਮੂਹਰੇ ਖੜ੍ਹੀਆਂ ਕਰ ਲੋਂ। ਹੌਲੀ ਚਲਾਇਆ ਕਰ, ਕੋਈ ਮਗਰ ਪਿਆ ਹੁੰਦੈ? ਭਾਈ ਤੂੰ ਤਾਂ ਤੇਜ ਵੀ ਬਹੁਤ ਚਲਾਉਂਦਾ ਹੈਂ।"
ਮੈਂ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਹ ਸੁੰਦਰੀ ਹੱਥ-ਹੁਥ ਧੋ ਪੂੰਝ ਕੇ ਨਾਨੀ ਨੂੰ ਪੁੱਛਣ ਆਈ। ਇਹਨਾਂ ਦੇ ਖਾਣ ਪੀਣ ਨੂੰ ਕੁੱਝ ਲਿਆਵਾਂ?
"ਆਹੋ ਭਾਈ ਬੀਬਾ ਰੋਟੀ ਤਾਂ ਖਾਊਗਾ ਹੀ। ਕਿੱਡੀ ਲੰਮੀ ਵਾਟ ਆ। ਤੜਕੇ ਦਾ ਘਰੋਂ ਨਿਕਲਿਆ ਹੋਣੈ।" ਮੇਰੀ ਤਾਂ ਪਹਿਲਾਂ ਹੀ ਟੈਂਕੀ ਫੁੱਲ ਸੀ। ਹੋਰ ਕਿਸੇ ਚੀਜ਼ ਦੇ ਅੰਦਰ ਪਾਉਣ ਦੀ ਰਤਾ ਵੀ ਥਾਂ ਨਹੀਂ ਸੀ। ਮੈਂ ਇਨਕਾਰ ਕਰ ਦਿੱਤਾ ਸੀ, "ਨਾਂਹ ਬੇਬੇ, ਰੋਟੀ ਨਹੀਂ। ਮੈਂ ਲੁਦੇਹਾਣੀਓ ਪਰਕਾਸ਼ ਦੇ ਹੋਟਲ ਚੋਂ ਭਟੂਰੇ ਖਾ ਲੇ ਸੀ। - ਚੌੜੇ ਬਜ਼ਾਰ ਮਾੜਾ ਜਿਹਾ ਕੰਮ ਸੀਗਾ।"
"ਤੇਰੀ ਪੱਤੇ ਚੱਟਣ ਦੀ ਆਦਤ ਨਾ ਗਈ। ਭਟੂਰੇ ਕਿਹੜਾ ਐਨੇ ਚਿਰ ਦੇ ਬੈਠੇ ਹੋਣੇ ਨੇ। ਕਿੱਦਣ ਦੇ ਹਜ਼ਮ ਹੋ ਗਏ ਹੋਣਗੇ।" ਨਾਨੀ ਨੇ ਮੋਹ ਜਤਾਇਆ ਸੀ।
"ਨਾ ਆਪਾਂ ਨੂੰ ਕਿਹੜਾ ਕੋਈ ਓਪਰਾਂ। ਲੋੜ ਹੋਊ ਮੈਂ ਆਪੇ ਆਖ ਦੂੰ। ਕੋਈ ਸੰਗ ਥੋੜ੍ਹਾ ਐ।"
ਮੈਨੂੰ ਸੀ ਐਨਾ ਕਹਿਣ ਨਾਲ ਨਾਨੀ ਖਾਣੇ ਵਾਲਾ ਪ੍ਰੋਗਰਾਮ ਠੱਪ ਕਰ ਦੇਵੇਗੀ। ਪਰ ਨਾਨੀ ਕਿੱਥੇ ਟਲਣ ਵਾਲੀ ਸੀ।
"ਇਉਂ ਕਰ ਗੁੱਡੇ ਰਸੋਈ ਵਿੱਚ ਮੁਸੰਮੀਆਂ ਪਈਆਂ ਹੋਣੀਆਂ, ਤਾਜ਼ਾ-ਤਾਜ਼ਾ ਜੂਸ ਬਣਾ ਲਿਆ। ਕਿਦੇਂ ਦੀਆਂ ਪਈਆਂ ਸੁੱਕੀ ਸੜੀ ਜਾਂਦੀਆਂ ਨੇ। ਤੈਨੂੰ ਕਿਹਾ ਤੂੰ ਖਾ ਲਿਆ ਕਰ। ਤੂੰ ਵੀ ਕਿਹੜਾ ਸੁਣਦੀ ਏਂ।" "ਜੀ ਅੱਛਾ।" ਮਦਮਸਤ ਹੱਥਣੀ ਵਾਂਗੂ ਝੂਲਦੀ ਹੋਈ ਉਹ ਗਜਗਾਮਿਨੀ ਚਲੀ ਗਈ ਸੀ। ਮੈਂ ਉਹਦੇ ਹੁਲਾਰੇ ਖਾਂਦੇ ਲੱਕ ਵੱਲ ਟਿਕਟਕੀ ਲਾ ਕੇ ਵੇਖਦਾ ਰਿਹਾ। ਗਜ਼ਬ ਦੀ ਮੜਕ ਸੀ ਉਹਦੀ ਤੋਰ ਵਿੱਚ। ਜੇ ਕਿਧਰੇ ਕੈਟਵਾਕ ਕਰਦੀਆਂ ਮਾਡਲਾਂ ਦੇ ਬਰਾਬਰ ਤੁਰੇ ਤਾਂ ਥੱਲਾ ਲਾ ਕੇ ਰੱਖ ਦਵੇ ਉਹਨਾਂ ਦਾ। ਮੋਰਾਂ ਦੀ ਚਾਲ ਨੂੰ ਵੀ ਮਾਤ ਪਾਉਂਦਾ ਸੀ ਨਖਰੋ ਦਾ ਮਟਕ-ਮਟਕ ਪੱਬ ਧਰਨਾ।
ਮੈਂ ਜਦੋਂ ਦਾ ਗਿਆ ਸੀ ਉਦੋਂ ਦਾ ਹੀ ਉਸ ਨਾਜ਼ਨੀਨ ਬਾਰੇ ਪੁੱਛਣ ਪੁੱਛਣ ਤਾਂ ਕਰ ਰਿਹਾ ਸੀ। ਪਰ ਚੁੱਪ ਇਸ ਲਈ ਰਿਹਾ ਸੀ ਕਿ ਸ਼ਾਇਦ ਨਾਨੀ ਆਪੇ ਹੀ ਘੜੇ ਤੋਂ ਕੌਲਾ ਚੁੱਕ ਦੇਵੇਗੀ। ਪਰ ਨਾਨੀ ਨੇ ਤਾਂ ਜਿਵੇਂ ਉਹਦੀ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਚੁੱਕੀ ਹੋਈ ਸੀ। ਆਸ਼ਕਾਂ ਕੋਲ ਵੀ ਕਿਹੜਾ ਸਬਰ ਦੇ ਭੰਡਾਰੇ ਹੁੰਦੇ ਹਨ? ਯਾਰਾਂ ਤੇ ਚੋਰਾਂ ਨੂੰ ਮਸਾਂ ਕਿਰਸ ਨਾਲ ਤਾਂ ਰੱਬ ਤਹੱਮਲ ਵਾਲਾ ਗੱਫਾ ਬਖਸ਼ਦਾ ਹੈ। ਮੇਰਾ ਵੀ ਉਤਸੁਕਤਾ ਦੇ ਰਾਹ ਦੌੜਦੇ ਦਾ ਵਾਹਣ ਹੋਇਆ ਪਿਆ ਸੀ। ਅਖ਼ੀਰ ਮੈਂ ਔਖੇ ਹੋਏ ਨੇ ਸਾਹਸ ਕਰਕੇ ਪੁੱਛ ਹੀ ਲਿਆ ਸੀ, "ਬੇਬੇ ਆਹ ਕੁੜੀ ਕੌਣ ਆ ਭਲਾਂ?"
ਨਾਨੀ ਨੇ ਪਹਿਲਾਂ ਤਾਂ ਆਸਾ ਪਾਸਾ ਦੇਖਿਆ ਸੀ ਤੇ ਤਸੱਲੀ ਕਰੀ ਸੀ ਕਿ ਕਿਤੇ ਉਹ ਕੁੜੀ ਨੇੜੇ-ਤੇੜੇ ਤਾਂ ਨਹੀਂ। ਫੇਰ ਜਿਵੇਂ ਚੁਗਲੀ ਕਰਨੀ ਹੁੰਦੀ ਹੈ, ਇਉਂ ਮੇਰੇ ਨੇੜੇ ਨੂੰ ਹੋ ਕੇ ਘੁੰਡੀ ਖੋਲ੍ਹਣ ਲੱਗੀ ਸੀ, "ਉਹ ਆਪਣਾ ਸ਼ੀਰੀ ਹੁੰਦਾ ਸੀ ਕ-ਨਾ? ਨਰੈਣਾ। ਜੀਹਦੀ ਆਪਣੇ ਪੱਠੇ ਕੁਤਰਦੇ ਦੀ 'ਕੇਰਾਂ ਬਾਂਹ ਵੱਢੀ ਗਈ ਸੀ। ਉਹਦੀ ਕੁੜੀ ਆ। ਬਹੁਤੀ ਸਾਊ, ਸਚਿਆਰੀ ਤੇ ਬੀਬੀ ਕੁੜੀ ਆ। ਮੈਨੂੰ ਤਾਂ ਰੱਬ ਵਰਗਾ ਆਸਰਾ ਇਹਦਾ। ਜੀਅ ਜਾਨ ਲਾ ਕੇ ਦਿਨ ਰਾਤ ਸੇਵਾ ਕਰਦੀ ਆ ਮੇਰੀ। ਤੂੰ ਤਾਂ ਆਪ ਸਿਆਣੈ ਮੇਰੇ ਤਾਂ ਨੈਣ ਪਰਾਣ ਖੜ੍ਹਦੇ ਜਾਂਦੇ ਨੇ ਦਿਨੋਂ-ਦਿਨ। ਮੇਰੇ ਸਭ ਕੰਮ ਇਹੀ ਕਰਦੀ ਆ। ਦਿਨ ਰਾਤ ਮੇਰੇ ਕੋਲ ਰਹਿੰਦੀ ਆ, ਨਾਲੇ ਮੈਨੂੰ ਸਾਂਭਦੀ ਹੈ। ਮੇਰਾ ਸਾਰਾ ਗੂੰਹ-ਮੂਤ ਕਰਦੀ ਆ ਬਿਚਾਰੀ। ਤੇਰੇ ਕੋਲ ਕਾਹਦਾ ਲੁੱਕ ਆ? ਐਨਾ ਤਾਂ ਕੋਈ ਸਕਾ ਵੀ ਨ੍ਹੀਂ ਕਰਦਾ, ਜਿੰਨਾ ਇਹ ਕਰਦੀ ਐ।"
ਉਹਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦੀ ਪਾਉਂਦੀ ਨਾਨੀ ਨੇ ਚੁੱਪ ਸਾਧ ਲਈ ਸੀ। ਨਾਨੀ ਦੇ ਦੱਸਣ ਨਾਲ ਇਹ ਨੁੱਕਤਾ ਤਾਂ ਸਾਫ਼ ਹੋ ਗਿਆ ਸੀ ਕਿ ਉਹ ਸਾਕ ਸਕੀਰੀ ਵਿੱਚੋਂ ਨਹੀਂ ਸੀ। ਹੋਰ ਕਿਤੇ ਕੋਈ ਮਾਮੀ ਜਾਂ ਮਾਸੀ ਨਿਕਲ ਆਉਂਦੀ ਤਾਂ ਗੰਡੇ ਹੀ ਗਲ ਜਾਣੇ ਸਨ। ਨਰੈਣੇ ਸ਼ੀਰੀ ਦੀ ਕੁੜੀ ਦੱਸ ਕੇ ਨਾਨੀ ਨੇ ਵੀ ਜਾਣੀ ਧਾਪੀ ਦੇ ਦਿੱਤੀ ਸੀ। ਉਂਝ ਦੇਖਣ ਨੂੰ ਉਹ ਕਮੀਆਂ ਦੀ ਕੁੜੀ ਤਾਂ ਲੱਗਦੀ ਹੀ ਨਹੀਂ ਸੀ। ਜੱਟੀਆਂ ਨਾਲੋਂ ਦੂਗਣਾ ਚੌਗਣਾ ਰੋਹਬ ਸੀ ਉਹਦਾ। ਉਸ ਸਾਦਗੀ ਤੇ ਸਹੁਪਣ ਦੀ ਮੂਰਤ ਦੀਆਂ ਨਾਨੀ ਤੋਂ ਸਿਫ਼ਤਾਂ ਸੁਣ ਕੇ ਮੈਂ ਉਹਦੇ ਤੇ ਹੋਰ ਵੀ ਆਸ਼ਕ ਹੋ ਗਿਆ ਸੀ।
ਨਾਨੀ ਆਖ਼ਰ ਬੁੜੀ ਸੀ। ਬੁੜੀਆਂ ਵਿਚਾਲੇ ਗੱਲ ਕਿਵੇਂ ਛੱਡ ਸਕਦੀਆਂ ਹਨ? ਉਹਨਾਂ ਨੂੰ ਤਾਂ ਇੱਕ ਵਾਰੀ ਛੇੜ ਲਉ। ਬਸ ਫੇਰ ਆਇਸ਼ਾ ਤੋਂ ਸ਼ੁਰੂ ਹੋ ਕੇ ਜੁਲਕਾ ਤੱਕ ਸਭ ਸੁਣਾ ਕੇ ਹੱਟਣਗੀਆਂ। ਨਾਨੀ ਨੇ ਵੀ ਦਮ ਲੈਣ ਮਗਰੋਂ ਥੋੜ੍ਹੀ ਹੋਰ ਆਵਾਜ਼ ਨੀਵੀਂ ਕਰਕੇ ਪ੍ਰਸੰਗ ਜਾਰੀ ਰੱਖਿਆ ਸੀ, "ਊਂਅ ਤਾਂ ਭਾਮੇਂ ਨੈਰਣੇ ਦਾ ਆਪਦਾ ਕਸੂਰ ਹੀ ਸੀ। ਸ਼ਰਾਬ ਨਾਲ ਰੱਜੇ ਹੋਏ ਨੇ ਚੱਲਦੀ ਮਸ਼ੀਨ ਦੇ ਟੋਕਿਆਂ 'ਚ ਜਾ ਕੇ ਹੱਥ ਅੜ੍ਹਾ ਲਏ ਸੀਗੇ। ਪੰਚਾਂ ਨੇ ਤਾਂ ਦਸ ਆਖਿਆ ਸੀ, ਪਰ ਤੇਰੇ ਨਾਨੇ ਨੇ ਬੀਹ ਹਜ਼ਾਰ ਦੇ ਦਿੱਤਾ ਸੀ। ਬਈ ਗਰੀਬ ਹਾਉਂਕਾ ਨਾ ਲਵੇ। ਨਿੱਕਾ ਹੁੰਦਾ ਹੀ ਆਪਣੇ ਰਲ ਗਿਆ ਸੀ। ਮੈਂ ਕਿਹਾ ਹੋਇਐ ਨਰੇਣੈ ਨੂੰ ਬਈ ਤੇਰੀ ਕੁੜੀ ਦੇ ਵਿਆਹ ਦਾ ਸਾਰਾ ਖਰਚ ਮੈਂ ਕਰੂੰ। ਭਾਮੇਂ ਜਿੰਨੇ ਮਰਜ਼ੀ ਪੈਸੇ ਲੱਗਣ, ਮੈਂ ਲਾਊਂ। ਜਿੰਨਾ ਚਿਰ ਕੋਈ ਥਾਂ ਨਹੀਂ ਲੱਭਦਾ ਓਨੀ ਦੇਰ ਮੇਰੀ ਸੇਵਾ ਕਰੇ।"
ਵੈਸੇ ਉਹਦੀ ਕਮਸੀਨ ਡੀਲ-ਡੌਲ ਵੀ ਉਹਦੇ ਕਵਾਰੇ ਹੋਣ ਦੀ ਸ਼ਾਹਦੀ ਭਰਦੀ ਸੀ, ਪਰ ਨਾਨੀ ਨੇ ਜਦੋਂ ਇਹ ਬਚਦਾ ਧੜਕਾ ਕੱਢ ਦਿੱਤਾ ਸੀ ਤਾਂ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਰਿਹਾ।
ਨਾਨੀ ਨੇ ਠੰਢ ਮਹਿਸੂਸ ਕਰਦਿਆਂ ਧੁੜਧੜੀ ਲਈ ਸੀ, "ਇੱਥੇ ਤਾਂ ਪਾਲਾ ਐ, ਬਾਹਰ ਧੁੱਪੇ ਚੱਲਦੇ ਆਂ।"
ਮੈਨੂੰ ਕੋਈ ਆਪੱਤੀ ਨਹੀਂ ਸੀ। ਮੈਂ ਉੱਠ ਕੇ ਮੰਜਾ ਚੁੱਕਣ ਲੱਗਿਆ ਸੀ ਤਾਂ ਨਾਨੀ ਨੇ ਵਰਜ ਦਿੱਤਾ ਸੀ, "ਇਹਨੂੰ ਪਿਆ ਰਹਿਣ ਦੇ ਇੱਥੇ ਹੀ। ਬਾਹਰ ਹੋਰ ਹੈਗਾ ਵਾ।"
ਨਾਨੀ ਨੇ ਬਰਾਂਡੇ ਦੇ ਦਰਵਾਜ਼ੇ ਦੇ ਦੋਨੋਂ ਪਲੜੇ ਖੋਲ੍ਹ ਕੇ ਵਿਚਾਲੇ ਗੁਟਕੇ ਅੜਾ ਦਿੱਤੇ ਸਨ ਤਾਂ ਕਿ ਹਵਾ ਪੈ ਕੇ ਗਿੱਲਾ ਫ਼ਰਸ਼ ਛੇਤੀ ਸੁੱਕ ਜਾਵੇ। ਅਸੀਂ ਬਾਹਰ ਆਏ ਸੀ ਤਾਂ ਲੋਹੇ ਦੀਆਂ ਪਾਈਪਾਂ ਵਾਲਾ ਨਮਾਰ ਦਾ ਫੋਲਡਿੰਗ ਸਿੰਗਲ ਬੈੱਡ ਕੰਧ ਨਾਲ ਲਾ ਕੇ ਰੱਖਿਆ ਪਿਆ ਸੀ। ਮੈਂ ਉਹ ਖੋਲ੍ਹ ਕੇ ਵਿਛਾ ਦਿੱਤਾ ਸੀ ਤੇ ਨਾਨੀ ਨਾਲ ਉਸੇ ਉੱਤੇ ਬੈਠ ਗਿਆ ਸੀ।
ਮੁਹੱਬਤ ਦੀ ਪਹਿਲੀ ਸਟੇਜ ਉੱਤੇ ਮਹਿਬੂਬ ਬਾਰੇ ਜਿੰਨੀ ਕੁ ਜਾਣਕਾਰੀ ਲੋੜੀਂਦੀ ਹੁੰਦੀ ਹੈ, ਉਹ ਤਾਂ ਮੈਂ ਨਾਨੀ ਤੋਂ ਪ੍ਰਾਪਤ ਕਰ ਚੁੱਕਿਆ ਸੀ। ਪਰ ਉਹਦੇ ਨਾਮ ਦੀ ਅਜੇ ਤੱਕ ਕੋਈ ਉੱਗ-ਸੁੱਗ ਨਹੀਂ ਸੀ ਨਿਕਲੀ। ਕੀ ਹੋ ਸਕਦਾ ਹੈ ਇਸ ਹੂਰ ਦਾ ਨਾਂ ? ਮੈਨਕਾ? ਨਹੀਂ! ਉਰਵਸ਼ੀ? ਨਹੀਂ! ਨਹੀਂ! ਸ਼ਕੁੰਤਲਾ? ਨਾਂਹ! ਫੇਰ ਨੂਰੀ ਜਾਂ ਹੁਸਨਾ ਹੋਵੇਗਾ? ਉਏ ਨਹੀਂ! ਹੀਰ ਸੋਹਣੀ ਸੱਸੀ ਸਾਹਿਬਾ ਪਦਮਣੀ। ਬਸ ਮੈਂ ਆਪਣੇ ਦਿਮਾਗ ਵਿੱਚ ਉਹਦੇ ਨਾਮ ਬਾਰੇ ਅਟਕਲ ਪੱਚੂ ਲਾ ਹੀ ਰਿਹਾ ਸੀ ਕਿ ਇਹ ਗੁੱਥੀ ਵੀ ਆਪੇ ਸੁਲਝ ਗਈ ਸੀ, ਜਦੋਂ ਨਾਨੀ ਨੇ ਉਹਨੂੰ ਯਾਦ ਕਰਵਾਇਆ ਸੀ, "ਨੀ ਕੁੜੇ ਜੀਤੀ? ਨੂਣਦਾਨੀ ਚੋਂ ਭੋਰਾ ਕਾਲਾ ਨੂਣ ਵੀ ਪਾ ਕੇ ਖੋਰ ਲੀਂ ਚੰਗੂੰਂ।"
ਆਏ ਹਾਏ ਜੀਤੀ! ਹੋਰ ਭਲਾਂ ਉਹਦਾ ਨਾਂ ਕੀ ਹੋ ਸਕਦਾ ਸੀ? ਪਹਿਲੀ ਤੱਕਣੀ ਵਿੱਚ ਹੀ ਮੈਂ ਆਪਣਾ ਸਭ ਕੁੱਝ ਉਹਨੂੰ ਹਾਰੀ ਬੈਠਾ ਸੀ। ਜਿੱਤੀ ਤਾਂ ਬੈਠੀ ਸੀ ਉਹ ਮੈਨੂੰ। ਮਾਰ ਕੇ ਰੱਖ ਦਿੱਤਾ ਸੀ ਇਸ ਜੀਤੀ ਨੇ ਮੈਨੂੰ।
ਪੈਦਲ ਚੱਲਿਆ ਹੋਣ ਕਰਕੇ ਮੈਨੂੰ ਵੱਟ ਲੱਗਿਆ ਸੀ। ਮੈਂ ਜੈਕਟ ਲਾ ਕੇ ਰੱਖ ਦਿੱਤੀ ਸੀ। ਜਿੱਥੇ ਮੈਂ ਬੈਠਾ ਸੀ ਰਸੋਈ ਉੱਥੋਂ ਬਿਲਕੁਲ ਸਾਹਮਣੇ ਸੀ। ਨਾਨੀ ਦੀ ਉਹਦੇ ਵੱਲ ਪਿੱਠ ਸੀ ਤੇ ਮੇਰਾ ਮੂੰਹ। ਰਸੋਈ ਦਾ ਬੂਹਾ ਖੁੱਲ੍ਹਾ ਹੋਣ ਕਰਕੇ ਜੀਤੀ ਮੁਸੰਮੀਆਂ ਛਿੱਲਦੀ ਮੈਨੂੰੁ ਸਾਫ਼ ਦਿਸ ਰਹੀ ਸੀ। ਚਾਰ ਮੁਸੰਮੀਆਂ ਦੇ ਛਿਲੜ ਲਾਹ ਕੇ ਉਹਨੇ ਜਾਰ ਵਿੱਚ ਪਾ ਦਿੱਤੀਆਂ ਸਨ ਅਤੇ ਜੂਸਰ ਦਾ ਬਟਨ ਦੱਬ ਦਿੱਤਾ ਸੀ। ਜਾਰ ਵਿੱਚ ਪਾਈਆਂ ਮੁਸੰਮੀਆਂ ਦੇ ਬਲੇਡ ਨੇ ਚੀਥੜੇ ਉੱਡਾ ਦਿੱਤੇ ਸਨ। ਜੂਸ ਥੱਲਿਓ ਟੂਟੀ ਰਾਹੀ ਕੌਲੇ ਵਿੱਚ ਚੋਣ ਲੱਗਿਆ ਹੀ ਸੀ ਕਿ ਚਲਦੇ-ਚਲਦੇ ਜੂਸਰ ਦਾ ਸ਼ੋਰ ਇੱਕਦਮ ਸੰਨਾਟੇ ਵਿੱਚ ਬਦਲ ਗਿਆ ਸੀ। ਜੂਸਰ ਦੇ ਅਚਾਨਕ ਬੰਦ ਹੋ ਜਾਣ ਕਾਰਨ ਨਾਨੀ ਨੇ ਪਿੱਠ ਘੁੰਮਾ ਕੇ ਪਿੱਛੇ ਦੇਖਿਆ ਸੀ।
ਜੀਤੀ ਵੀ ਜੂਸਰ ਦੇ ਇੰਝ ਰੁੱਕ ਜਾਣ ਕਾਰਨ ਪਰੇਸ਼ਾਨ ਸੀ। ਉਹਨੇ ਬਟਨ ਨੂੰ ਦੋ ਤਿੰਨ ਵਾਰ ਹੇਠ ਉੱਤੇ ਕਰਿਆ ਸੀ। ਪਰ ਜੂਸਰ ਨਹੀਂ ਸੀ ਚੱਲਿਆ। ਫਿਰ ਉਹਨੇ ਬਲਬ ਦੀ ਸਵਿੱਚ ਸਿੱਟ ਕੇ ਦੇਖੀ, ਬੱਲਬ ਵੀ ਨਹੀਂ ਸੀ ਜਗਿਆ ਤਾਂ ਉਹ ਸਮਝ ਗਈ ਸੀ। ਲਾਈਟ ਚਲੀ ਗਈ ਹੈ।
"ਲੈ ਅੱਗੇ ਨਾ ਕਦੇ ਪਿੱਛੇ ਨਾ। ਇਹਨੇ ਮੱਚਣੀ ਨੇ ਵੀ ਅੱਜ ਹੀ ਜਾਣਾ ਸੀ।" ਨਾਨੀ ਨੇ ਗਿਲਾ ਜਿਹਾ ਕਰਿਆ ਸੀ।
"ਹੁਣ?" ਜੀਤੀ ਰਸੋਈ ਚੋਂ ਬਾਹਰ ਸਾਡੇ ਕੋਲ ਆਈ ਸੀ।
"ਜਰਨੇਟਰ ਚਲਾ ਲੈ ਹੋਰ ਫੇਰ ਕੀ ਆ।" ਨਾਨੀ ਹਰ ਹੀਲੇ ਮੈਨੂੰ ਜੂਸ ਪਿਲਾਉਣਾ ਚਾਹੁੰਦੀ ਸੀ। ਸ਼ਹਿਰਾਂ ਵਾਲਿਆਂ ਦੀ ਮੇਜ਼ਬਾਨੀ ਅਤੇ ਪਿੰਡਾਂ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਵਿੱਚ ਇਹੀ ਤਾਂ ਇੱਕ ਵੱਡਾ ਅੰਤਰ ਹੁੰਦਾ ਹੈ। ਸ਼ਹਿਰੀਆਂ ਦਾ ਦਸਤੂਰ ਹੁੰਦਾ ਹੈ ਜੇ ਕੋਈ ਅੰਨ-ਪਾਣੀ ਪੁੱਛਣ ਦੇ ਜੁਆਬ ਵਿੱਚ ਰਵਾeਤੀ ਤੌਰ 'ਤੇ ਮਨ੍ਹਾ ਕਰ ਦੇਵੇ ਤਾਂ ਦੁਬਾਰਾ ਪੁੱਛਦੇ ਹੀ ਨਹੀਂ। ਪਰ ਪੈਂਡੂ ਸੁੱਕਾ ਨਹੀਂ ਮੁੜਨ ਦਿੰਦੇ। ਧੱਕੇ ਨਾਲ ਖੁਆ ਕੇ ਛੱਡਣਗੇ ਭਾਵੇਂ ਅਗਲੇ ਤੋਂ ਖਾਹ ਹੋਵੇ ਜਾਂ ਨਾ।
ਯਕ ਵਾਰੀ ਡੈਡੀ ਦਾ ਗੱਨਮੈਨ ਕਿਸ਼ਨਾ ਛੁੱਟੀ ਜਾਂਦਾ ਹੋਇਆ ਮੈਨੂੰ ਵੀ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਸੀ। ਦਿਨ ਛਿਪਦੇਸਾਰ ਪਤੰਦਰ ਨੇ ਘਰ ਦੀ ਕੱਢੀ ਦਾ ਡੱਟ ਖੋਲ੍ਹ ਲਿਆ ਸੀ। ਰੂੜੀ ਮਾਰਕਾ ਦੇਖ ਕੇ ਮੈਂ ਦੋ ਕੁ ਪੈੱਗ ਲਾ ਕੇ ਹੀ ਹਟ ਗਿਆ ਸੀ।
"ਛੋਟੇ ਸਾਬ੍ਹ ਲਾ ਤਾਂ ਸਹੀ ਅਜੇ ਤਾਂ ਸੰਘ ਵੀ ਨਹੀਂ ਗਿੱਲਾ ਹੋਇਆ ਹੋਣਾ।" ਕਹਿ ਕੇ ਕਿਸ਼ਨੇ ਨੇ ਇੱਕ ਹੋਰ ਜਾਮ ਬਣਾ ਦਿੱਤਾ ਸੀ।
ਅੱਖਾਂ ਮੀਚ ਕੇ ਮੈਂ ਔਖੇ ਸੌਖੇ ਨੇ ਉਹ ਵੀ ਖਿੱਚ ਲਿਆ ਸੀ ਤੇ ਆਪਣੀ ਕਪੈਸਟੀ ਪੂਰੀ ਹੋ ਗਈ ਦੇਖ ਕੇ ਆਖਿਆ ਸੀ, "ਲੈ ਬਈ ਕਿਸ਼ਨ ਸਿਆਂ ਆਪਣਾ ਤਾਂ ਕੋਟਾ ਹੋ ਗਿਆ ਪੂਰਾ।"
"ਆਹ ਖ਼ਾਲੀ ਕਰਨੀ ਆ ਸਾਰੀ।"
ਕਿਸ਼ਨਾ ਬੋਤਲ ਫੜ੍ਹੀ ਹੋਰ ਸ਼ਰਾਬ ਪਾਉਣ ਨੂੰ ਫਿਰਦਾ ਸੀ ਤੇ ਮੈਂ ਗਿਲਾਸ ਦੇ ਮੂੰਹ 'ਤੇ ਹੱਥ ਰੱਖ ਕੇ ਉਹਨੂੰ ਰੋਕਦਾ ਸੀ। ਕਿਸ਼ਨਾ ਪੰਜਾਬ ਪੁਲੀਸ ਦੇ ਮੋਢੇ ਉੱਪਰ ਲਿਖਿਆ ਹੋਇਆ ਨਾਹਰਾ ਮਾਰਦਾ ਪੀ ਪੀ ਕਰਦਾ ਰਿਹਾ ਸੀ ਤੇ ਮੈਂ ਸੋਹਣੀਆਂ ਕੁੜੀਆਂ ਵਾਲਾ ਲਾਰਾ ਉਚਾਰਦਾ ਨਾ ਨਾ ਕਰਦਾ ਰਿਹਾ ਸੀ।
"ਰਾਜੂ ਯਾਰ ਇੱਕ ਮੇਰੇ ਨਾਉਂ ਦਾ ਪੀ ਲੈ ਬਾਈ ਬਣ ਕੇ।"
ਜਦ ਉਹ ਮੰਨਿਆ ਹੀ ਨਹੀਂ ਸੀ ਤਾਂ ਮੈਂ ਢੈਲਾ ਪੈ ਕੇ ਇੱਕ ਹੋਰ ਪੀ ਲਿਆ ਸੀ। ਕਿਸ਼ਨੇ ਨੇ ਫੇਰ ਮੇਰੇ ਗਿਲਾਸ ਵਿੱਚ ਚੁਸਤੀ ਨਾਲ ਪਾ ਦਿੱਤੀ ਸੀ। ਮੈਨੂੰ ਸ਼ਰਮੋ-ਸ਼ਰਮੀ ਉਹ ਵੀ ਚੁੱਕਣਾ ਪਿਆ ਸੀ। ਉਸ ਤੋਂ ਬਾਅਦ ਅਗਲਾ ਹਾੜਾ ਪਾਉਂਣ ਤੋਂ ਮੈਂ ਕਿਸ਼ਨੇ ਨੂੰ ਇਨਕਾਰ ਕਰ ਦਿੱਤਾ ਸੀ, "ਨਾ ਮਿੱਤਰਾ ਹੁਣ ਹੋਰ ਨ੍ਹੀਂ ਪੀ ਹੋਣੀ। ਬਸ ਇਹ ਆਖ਼ਰੀ ਸੀ।"
ਪਰ ਕਿਸ਼ਨੇ ਨਾਲ ਮੇਰੀ ਬੁੱਕਲ ਖੁੱਲ੍ਹੀ ਹੋਣ ਕਰਕੇ ਉਹਨੂੰ ਮੇਰੀ ਰਗ-ਰਗ ਦਾ ਸਾਰਾ ਭੇਤ ਹੈ। ਮੇਰਾ ਗੁੱਟ ਫੜ੍ਹ ਕੇ ਉਹ ਬੋਲਿਆ ਸੀ, "ਇੱਕ ਸਤਾਰਾਂ ਸੈਕਟਰ ਵਾਲੇ ਵਕੀਲ ਕੀ ਡਿੰਪੀ ਦੇ ਨਾਂ ਤੇ ਹੋ ਜੇ।"
ਨਾਮ ਸੁਣਦਿਆਂ ਹੀ ਬੌਬ ਕੱਟ ਵਾਲਾਂ ਵਾਲੀ, ਮੱਥੇ ਉੱਤੇ ਬੰਨ੍ਹਿਆ ਹੈੱਡ-ਰਿਬਨ, ਜਾਗਿੰਗ ਸੂਟ ਪਾਈ ਰੋਜ਼-ਗਾਰਡਨ ਦੀ ਸੈਰ ਕਰਦੀ ਕੱਚੀ-ਕੈਲ ਡਿੰਪੀ ਮੇਰੀਆਂ ਅੱਖਾਂ ਅੱਗੇ ਉੱਘੜ ਆਈ ਸੀ ਤੇ ਮੱਲੋ-ਮੱਲੀ ਮੇਰਾ ਹੱਥ ਭਰੇ ਗਿਲਾਸ ਨੂੰ ਫੜ੍ਹਨ ਲਈ ਵੱਧ ਗਿਆ ਸੀ। ਉਹ ਪੈੱਗ ਮੁੱਕੇ ਤੋਂ ਕਿਸ਼ਨੇ ਨੇ ਅਗਲਾ ਜ਼ਾਮ ਪਾਉਂਣ ਲਈ ਪੁੱਛਿਆ ਸੀ, "ਹੁਣ ਨੀਰਜਾ ਦੇ ਨਾਂ 'ਤੇ ਵੀ ਇੱਕ ਹੋ ਜਾਵੇ?"
ਮੈਂ ਨੀਰਜਾ ਦਾ ਜੇਬ 'ਚ ਪਿਆ ਲੈਟਰ ਟੋਹ ਕੇ ਦੇਖਦਿਆਂ ਸਿਰ ਮਾਰ ਕੇ ਕਿਸ਼ਨੇ ਨੂੰ ਹਾਮੀ ਭਰ ਦਿੱਤੀ ਸੀ। ਉਹ ਪਿਆਲਾ ਮਿਹਦੇ ਦੇ ਹੜਪ ਕਰਨ ਮਗਰੋਂ ਕਿਸ਼ਨੇ ਨੇ ਫੇਰ ਟਰਾਈ ਮਾਰੀ ਸੀ, "ਉਹ ਜਿਹੜੀ ਸੁੱਖਨਾ ਝੀਲ 'ਤੇ ਬੁਲਾਉਂਦੀ ਹੁੰਦੀ ਹੈ। ਕੀ ਐ ਨਾਂ ਜਿਹਾ ਉਹਦਾ ਪਿੰਕੀ?"
"ਨਹੀਂ ਪਿੰਕੀ ਤਾਂ ਬੱਤਰਾ ਸਿਨਮੇ ਵਾਲੀ ਆ। ਝੀਲ ਵਾਲੀ ਤਾਂ ਰੀਟਾ ਆ ਰੀਟਾ।"
"ਚੱਕ ਫੇਰ ਉਹਨਾਂ ਨੂੰ ਕਾਹਨੂੰ ਛੱਡਣੈ?"
ਕਿਸ਼ਨੇ ਨੇ ਉਹਨਾਂ ਦੀ ਨਿਮਿਤ ਦਾ ਵੀ ਇੱਕ ਇੱਕ ਪੈੱਗ ਬਣਾ ਦਿੱਤਾ ਸੀ। ਕਦੇਂ ਫਲਾਣੀ ਦੇ ਨਾਮ ਤੇ ਅਤੇ ਕਦੇ ਧਿਮਕੀ ਦੇ ਨਾਂ ਦਾ ਕਰਦੇ ਕਰਦੇ ਪੱਟੂ ਨੇ ਮੁੱਕਦੀ ਗੱਲ ਚੰਡੀਗੜ੍ਹ ਦੀਆਂ ਸਭਨਾਂ ਕੁੜੀਆਂ ਦਾ ਨਾਂ ਲੈ ਲੈ ਕੇ ਮੈਨੂੰ ਪਹਿਲੇ ਤੋੜ ਦੀ ਸਾਰੀ ਬੋਤਲ ਪਿਲਾ ਦਿੱਤੀ ਸੀ। ਮੈਂ ਵੀ ਟੈਟ ਸੀ ਤੇ ਉਹ ਵੀ ਟੱਲੀ ਹੋ ਗਿਆ ਸੀ। ਲਾਲ ਪਰੀ ਮੁੱਕੀ ਤੋਂ ਕਿਸ਼ਨਾ ਰੋਟੀ ਲੈ ਆਇਆ ਸੀ। ਮੈਂ ਰੋਟੀ ਖਾਣ ਨੂੰ ਕੋਰਾ ਜੁਆਬ ਦੇ ਦਿੱਤਾ ਸੀ ਤਾਂ ਕਿਸ਼ਨਾ ਕਹਿੰਦਾ ਸੀ, "ਚੱਲ ਇੱਕਲਾ ਮੀਟ ਹੀ ਖਾਹ ਲੈ।"
ਉਹਦੇ ਤੋਂ ਮੀਟ ਦੀ ਦੌਰੀ ਫੜ੍ਹ ਕੇ ਵੀ ਮੈਂ ਪੰਗਾ ਹੀ ਲੈ ਬੈਠਾ ਸੀ। ਮੀਟ ਨੂੰ ਵੀ ਉਹਨੇ ਉਹੀ ਲੱਲ ਫੜ੍ਹ ਲਈ ਸੀ।
"ਇੱਕ ਸੈਂਖੀ ਮੇਰੇ ਨਾਂ ਦੀ।"
"ਇੱਕ ਗੁਆਂਢਣ ਦੇ ਨਾਂ ਦੀ।"
ਇਉਂ ਕਰਦੇ ਕਰਦੇ ਨੇ ਉਹਨੇ ਨਾਲੇ ਤਾਂ ਮੈਨੂੰ ਆਪਣੇ ਪਿੰਡ ਦੀਆਂ ਸਾਰੀਆਂ ਸੋਹਣੀਆਂ ਕੁੜੀਆਂ ਗਿਣਾਂ ਦਿੱਤੀਆਂ ਸਨ ਨਾਲੇ ਮੀਟ ਦਾ ਪਤੀਲਾ ਖੁਆ ਦਿੱਤਾ ਸੀ। ਨਸ਼ੇ ਦੀ ਲੋਰ ਵਿੱਚ ਮੈਂ ਤੇ ਕਿਸ਼ਨਾ ਪਤਾ ਨਹੀਂ ਮੀਟ ਕਿੱਥੇ ਪਾਈ ਗਏ ਸੀ। ਅੰਤਮ ਦੋ ਬੋਟੀਆਂ ਬਚ ਗਈਆਂ ਸਨ। ਮੇਰੀ ਬਸ ਹੋਈ ਪਈ ਸੀ। ਮੈਂ ਹੱਥ ਖੜ੍ਹੇ ਕਰ ਦਿੱਤੇ ਸਨ ਤਾਂ ਕਿਸ਼ਨਾ ਕਹਿਣ ਲੱਗਿਆ ਸੀ, "ਜਿੱਥੇ ਹਾਥੀ ਲੰਘ ਗਿਆ ਉੱਥੇ ਪੂਛ ਦੇ ਅੜਨ ਦਾ ਕੀ ਕੰਮ?"
"ਨਾ ਯਾਰਾ ਬਿਲਕੁਲ ਜਗ੍ਹਾ ਨ੍ਹੀਂ ਹੁਣ ਤਾਂ। ਸਵੇਰੇ ਖਾਹ ਲਵਾਂਗੇ।"
"ਸਵੇਰੇ ਨਹੀਂ, ਹੁਣ ਹੀ ਖਾਹ। ਨਹੀਂ ਮੈਂ ਗੁੱਸੇ ਆਂ।"
ਬੜੀ ਅਜੀਬ ਮੁਸੀਬਤ ਵਿੱਚ ਮੈਂ ਫੱਸਿਆ ਸੀ। ਇੱਕ ਚਮਚਾ ਵੀ ਮੈਂ ਹੋਰ ਨਹੀਂ ਸੀ ਖਾ ਸਕਦਾ। ਇਸ ਲਈ ਮੈਂ ਆਪਣੀ ਮਜਬੂਰੀ ਦੱਸੀ ਸੀ, "ਏਕਣ ਧੱਕਾ ਨਾ ਕਰ, ਉੱਲਟੀ ਆ ਜਾਣੀ ਏ ਨਹੀਂ ਤਾਂ।"
"ਆ ਜਾਣ ਦੇ ਜੋ ਆਉਂਦੈ। ਸਾਲੀ 'ਤੇ ਅੱਤਵਾਦ ਦਾ ਕੇਸ ਨਾ ਪੁਆਦਾਂਗੇ। ਆਹ ਚੱਕ ਤੈਨੂੰ ਖ਼ਾਲੀ ਕਰਨੀ ਹੀ ਪੈਣੀ ਹੈ।" ਉਹਨੇ ਕੌਲੀ ਭਰ ਕੇ ਮੇਰੇ ਵੱਲ ਰੋੜ ਦਿੱਤੀ ਸੀ।
"ਚੰਗਾ ਸਿਰ ਵਿੱਚ ਪਾ ਦੇ ਫਿਰ।" ਮੈਂ ਖਿੱਝ ਕੇ ਆਖਿਆ ਸੀ। ਅੱਕ ਗਿਆ ਸੀ ਮੈਂ ਉਹਦੀਆਂ ਨਿਆਣਿਆਂ ਵਰਗੀਆਂ ਹਰਕਤਾਂ ਤੋਂ। ਸ਼ਾਇਦ ਕਿਸ਼ਨਾ ਵੀ ਮੇਰੇ ਮਨ੍ਹਾ ਕਰਨ ਤੋਂ ਸਤਿਆ ਪਿਆ ਸੀ। ਬੌਂਗੇ ਜਿਹੇ ਨੇ ਸੱਚੀਂ ਮੀਟ ਦੀ ਕਟੋਰੀ ਚੁੱਕ ਕੇ ਮੇਰੇ ਸਿਰ ਵਿੱਚ ਮੁੱਧੀ ਮਾਰ ਦਿੱਤੀ ਸੀ। ਮੇਰੀ ਪੱਗ, ਕੇਸ, ਵਸਤਰ, ਸਾਰਾ ਕੁੱਝ ਤਰੀ ਨਾਲ ਲਿਬੜ ਗਿਆ ਸੀ।
ਇਹ ਤਜਰਬਾ ਤਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣਾ। ਹੁਣ ਜਦੋਂ ਨਾਨੀ ਨੰੂੰ ਜੂਸ ਪਿਆਉਣ ਦੀ ਰੱਟ ਫੜ੍ਹੀ ਬੈਠੀ ਦੇਖਿਆ ਸੀ ਤਾਂ ਮੈਨੂੰ ਡਰ ਜਿਹਾ ਲੱਗਿਆ ਕਿ ਕਿਤੇ ਨਾਨੀ ਵੀ ਕਿਸ਼ਨੇ ਵਾਲਾ ਹਾਲ ਹੀ ਨਾ ਕਰੇ। ਜੀਅ ਵਿੱਚ ਆਇਆ ਸੀ ਕਿ ਨਾਨੀ ਨੂੰ ਕਹਾਂ, "ਕੋਈ ਨਹੀਂ ਰਹਿਣ ਦੇ ਬੇਬੇ ਜੂਸ ਨੂੰ ਵੀ। ਅੱਗੇ ਹੀ ਠੰਢ ਹੈ।" ਪਰ ਮੈਂ ਮੂੰਹ ਬੰਦ ਹੀ ਰੱਖਿਆ ਸੀ।
"ਬੂਟ ਲਾ ਲੈ, ਲੱਤਾਂ ਉੱਤੇ ਧਰ ਕੇ ਠੀਕ ਹੋ ਕੇ ਬੈਠ ਜਾ। ਆਏਂ ਬੈਠਾ ਏਂ ਜਿਵੇਂ ਜੁੱਤੀ ਚੁੱਕ ਕੇ ਭੱਜਣਾ ਹੁੰਦੈ।"
ਨਾਨੀ ਦੀ ਬੁੱਢੀਆਂ ਵਾਲੀ ਬੁੜਬੁੜ ਨੂੰ ਮੈਂ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ ਸੀ। ਜੋ ਨੀਲੀ ਛੱਤਰੀ ਵਾਲਾ ਕਰਦਾ ਠੀਕ ਹੀ ਕਰਦਾ ਹੈ। ਮੇਰਾ ਹਿਰਦਾ ਤੁਠਾ ਹੋ ਗਿਆ ਸੀ ਕਿ ਚਲੋ ਚੰਗਾ ਹੋਇਆ ਜਿਹੜੀ ਬਿਜਲੀ ਚਲੀ ਗਈ ਸੀ। ਉਸ ਤੋਂ ਵਧੀਆ ਹੋਇਆ ਸੀ ਨਾਨੀ ਨੇ ਜੀਤੀ ਨੂੰ ਜਨਰੇਟਰ ਚਲਾਉਣ ਨੂੰ ਕਿਹਾ ਸੀ। ਇਹ ਤਾਂ ਆਪੇ ਹੀ ਰੱਬ ਨੇ ਸਬੱਬ ਬਣਾ ਦਿੱਤਾ ਸੀ। ਮਾੜੇ-ਧਿੜੇ ਬੰਦੇ ਤੋਂ ਦੋ ਘੜੀਆਂ ਇੰਜਣ ਦਾ ਹੈਂਡਲ ਹੀ ਨਹੀਂ ਹਿੱਲਦਾ ਹੁੰਦਾ, ਫੇਰ ਜੀਤੀ ਇੱਕਲੀ ਇੰਜਣ ਕਿੱਥੋਂ ਚਲਾ ਸਕਦੀ ਸੀ। ਬਿਜਲੀ ਉਤਪਾਦਕ ਚਾਲੂ ਕਰਨ ਲੱਗਿਆਂ ਮੈਂ ਜੀਤੀ ਨੂੰ ਆਪਣੇ ਡੌਲੇ ਜਿਹੜੇ ਮੈਂ ਡੰਬਲ ਫੇਰ ਫੇਰ ਬਣਾਏ ਨੇ, ਉਹ ਦਿਖਾ ਕੇ ਉਹਦੇ ਉੱਤੇ ਪ੍ਰਭਾਵ ਪਾ ਲੈਣਾ ਸੀ। ਸੂਰਤ ਨਾਲੋਂ ਸੋਹਣੇ ਸ਼ਰੀਰ 'ਤੇ ਜਨਾਨੀ ਜ਼ਿਆਦਾ ਮਰਦੀ ਹੁੰਦੀ ਹੈ। ਮੈਂ ਇੱਕੋ ਝਟਕੇ ਵਿੱਚ ਕੁੱਲ ਵੱਟਾ ਕੁੱਲ ਅੰਕ ਡੁੱਕਣ ਲਈ ਪਹਿਲਾਂ ਹੀ ਬਾਹਾਂ ਉੱਤਾਹ ਚੜ੍ਹਾਉਂਣ ਲੱਗ ਪਿਆ ਸੀ। ਡੌਲੇ ਨੰਗੇ ਨਾ ਹੋਣਗੇ ਤਾਂ ਜੀਤੀ ਨੂੰ ਦਿਸਣਗੇ ਕਿਵੇਂ?
ਦੂਰ ਮੁੱਖ-ਦਆਰ ਦੇ ਕੋਲ ਹੀ ਪੀਟਰ ਇੰਜਣ ਵਾਲਾ ਬਿਜਲੀ ਬਣਾਉ ਜੰਤਰ ਰਿਉ ਵਾਲੀ ਬੋਰੀ ਹੇਠ ਢਕਿਆ ਪਿਆ ਸੀ। ਜੀਤੀ ਜੈਨਰੇਟਰ ਵੱਲ ਤੁਰ ਗਈ ਸੀ। ਉਹਦੇ ਅੱਪ ਡਾਊਨ, ਅੱਪ ਡਾਊਨ ਕਰਦੇ ਨਿਤੰਬਾਂ ਨੂੰ ਮੈਂ ਨਿਹਾਰਦਾ ਰਿਹਾ ਸੀ। ਮੈਂ ਸਮਝਦਾ ਸੀ ਕਿ ਉਹ ਬੋਰੀ ਲਾਹੂ ਤੇ ਜੈਨਰੈਟਰ ਉੱਪਰ ਪਈ ਹੋਈ ਗਰਦ ਝਾੜ ਕੇ ਮੈਨੂੰ ਹਾਕ ਮਾਰੇਗੀ। ਪਰ ਮੇਰੇ ਦੇਖਦਿਆਂ-ਦੇਖਦਿਆਂ ਉਹਨੇ ਆਪ ਹੀ ਹੈਂਡਲ ਚੁੱਕ ਕੇ ਪਾਇਆ ਸੀ ਤੇ ਇੰਜਣ ਨੂੰ ਇਉਂ ਗੇੜਾ ਦੇਣ ਲੱਗ ਪਈ ਸੀ, ਜਿਵੇਂ ਇੰਜਣ ਨਹੀਂ ਸਿਲਾਈ ਮਸ਼ੀਨ ਦੀ ਹੱਥੀ ਹੁੰਦੀ ਹੈ। ਚੱਕਰ ਦੀ ਸਪੀਡ(ਗਤੀ) ਬਣਨ ਪੁਰ ਪੜੱਕ ਦੇਣੇ ਕਿੱਲੀ ਸਿੱਟ ਕੇ ਉਹਨੇ ਬਚਾ ਕੇ ਹੈਂਡਲ ਕੱਢ ਲਿਆ ਸੀ। ਸਾਇਲੈਂਸਰ ਰਾਹੀ ਧੂੰਆਂ ਮਾਰ ਕੇ ਧੁਕ-ਧੁਕ ਕਰਦਾ ਇੰਜਣ ਸਟਾਰਟ ਹੋ ਗਿਆ ਸੀ। ਸਾਰੀ ਯੋਜਨਾ ਦੀ ਫੱਟੀ ਪੋਚੀ ਜਾਣ ਤੇ ਮੈਂ ਡੌਲੇ ਪਲੋਸਦਾ ਰਹਿ ਗਿਆ ਸੀ। ਕਸਰਤ ਕਰ ਕੇ ਬਣਾਏ ਸ਼ਰੀਰ ਉੱਤੇ ਕਰਿਆ ਮੇਰਾ ਸਾਰਾ ਮਾਣ ਟੁੱਟ ਗਿਆ ਸੀ। ਮੈਂ ਠੰਡਾ-ਸੀਲਾ ਹੋ ਕੇ ਬੈਠਦਿਆਂ ਨੀਵੀਂ ਪਾ ਲਈ ਸੀ। ਅੰਨ੍ਹੇ ਝੋਟੇ ਜਿੰਨਾ ਜ਼ੋਰ ਸੀ ਰੰਨ ਦੇ ਮਲੂਕ ਅਤੇ ਲਚਕੀਲੇ ਸ਼ਰੀਰ ਵਿੱਚ। ਉਹਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਮੈਨੂੰ ਚਾਰੇ ਖਾਨਿਓ ਚਿੱਤ ਕਰ ਲਿਆ ਸੀ।
ਜਦੋਂ ਜੀਤੀ ਰਸ ਲੈ ਕੇ ਆਈ ਸੀ ਤਾਂ ਗਿਲਾਸ ਫੜ੍ਹਨ ਲੱਗੇ ਨੇ ਮੈਂ ਉਹਦੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਿਰਖ ਨਾਲ ਦੇਖੀਆਂ ਸਨ। ਲਾਈਨ ਤਾਂ ਕਲੀਅਰ ਹੀ ਹੈ। ਉਹਦੀਆਂ ਛਾਂਪ-ਛੱਲੇ ਤੋਂ ਸੱਖਣੀਆਂ ਉਂਗਲਾਂ ਦੇਖ ਕੇ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ ਸੀ। ਇਹ ਤੱਥ ਵੀ ਸਾਹਮਣੇ ਆ ਗਿਆ ਸੀ ਕਿ ਉਹਦਾ ਕਿਸੇ ਨਾਲ ਇਸ਼ਕ ਦਾ ਚੱਕਰ ਨਹੀਂ ਸੀ ਚਲਦਾ। ਜੇ ਉਹਦਾ ਕੋਈ ਆਸ਼ਕ ਹੁੰਦਾ ਤਾਂ ਪਿਆਰ ਦੀ ਨਿਸ਼ਾਨੀ ਕੋਈ ਟੂਮ-ਛੁੱਲਾ ਉਹਦੇ ਜ਼ਰੂਰ ਪਹਿਨਿਆ ਹੋਣਾ ਸੀ।
ਜੀਤੀ ਦੇ ਕਰ-ਕਮਲਾਂ ਨਾਲ ਬਣਾਇਆ ਹੋਇਆ ਜੂਸ ਦਾ ਗਿਲਾਸ ਵੀ ਮਦਰਾ ਦੇ ਪਿਆਲੇ ਨਿਆਈਂ ਸੀ। ਮੈਨੂੰ ਪਹਿਲੀ ਘੁੱਟ ਭਰਦਿਆਂ ਹੀ ਪੀਟਰ ਸਕਾਟ ਦੀ ਬੋਤਲ ਜਿੰਨਾ ਨਸ਼ਾ ਹੋ ਗਿਆ ਸੀ। ਜੀਅ ਤਾਂ ਕਰਦਾ ਸੀ ਉਹ ਪਿਲਾਉਂਦੀ ਰਹਿੰਦੀ ਤੇ ਮੈਂ ਪੀਂਦਾ ਰਹਿੰਦਾ। ਪਰ ਢਿੱਡ ਵੀ ਤਾਂ ਦੇਖਣਾ ਸੀ। ਇਸ ਕਰਕੇ ਇੱਕ ਗਿਲਾਸ ਲੈ ਕੇ ਹੀ ਮੈਂ ਬਸ ਕਰ ਦਿੱਤੀ ਸੀ।
ਮੈਨੂੰ ਢਿਲਕ ਕੇ ਕੂਹਣੀ ਦੇ ਆਸਰੇ ਅੱਧਾ ਲੇਟਿਆ ਅਤੇ ਅੱਧਾ ਬੈਠਾ ਦੇਖ ਕੇ ਨਾਨੀ ਮੰਜੇ ਦੀ ਇੱਕ ਨੁੱਕਰ ਵੱਲ ਘਿਸੜ ਕੇ ਇੱਕਠੀ ਹੋ ਗਈ ਸੀ, "ਲੈ ਲੋਟ ਹੋ ਕੇ ਪੈ ਜਾ। ਬਿੰਦ ਢੂਹੀ ਸਿੱਧੀ ਕਰ ਲੈ। ਦੋ ਢਾਈ ਘੰਟੇ ਦਾ ਕਿੱਡਾ ਲੰਬਾ ਸਫ਼ਰ ਏ।"
ਮੈਂ ਸਗੋਂ ਉੱਪਰ ਨੂੰ ਉੱਠ ਕੇ ਚੌਕਸ ਆਸਣ ਵਿੱਚ ਬਹਿ ਗਿਆ ਸੀ। ਕੁੱਝ ਪਲ ਚੁੱਪ ਰਹਿਣ ਮਗਰੋਂ ਮੈਂ ਖੜ੍ਹਾ ਹੋ ਕੇ, ਆਪਣੇ ਪਿਛਲੇ ਪਾਸੇ ਬਾਥਰੂਮ ਦੇ ਅੱਗੇ ਲੱਗੇ ਵਾਸ਼ਵੇਸਨ ਕੋਲ ਚਲਾ ਗਿਆ ਸੀ ਤੇ ਸਿੰਕ ਦੇ ਉੱਪਰ ਜੜੇ ਦਰਪਨ ਵਿੱਚ ਝਾਕ ਕੇ ਪੱਗ ਸੂਤ ਕਰਨ ਲੱਗਿਆ ਸੀ। ਭਾਪਿਆਂ ਵਾਂਗ ਮੈਂ ਵੀ ਪੱਗ ਵਿੱਚ ਕਦੇ ਵਲ ਨਹੀਂ ਪੈਣ ਦਿੰਦਾ। ਬਾਜ਼ ਸਦਾ ਪੱਗ 'ਚ ਟੰਗਿਆ ਹੁੰਦਾ ਹੈ। ਜਿਉਂ ਹੀ ਖਰਬੂਜੇ ਦੀਆਂ ਫਾੜੀਆਂ ਵਾਂਗੂੰ ਚਿਣੇ ਪੇਚਾਂ ਵਿੱਚ ਕੋਈ ਵਲ ਪਿਆ ਦੇਖਾਂ, ਜਦੇ ਬਾਜ਼ ਮਾਰ ਕੇ ਕੱਢ ਦਿੰਦਾ ਹਾਂ।
"ਹਾਹ ਪੱਗੜ ਨੂੰ ਲਾਹ ਦੇਹ। ਹੌਲਾ ਸਰੋਪਾ ਸਰੂਪਾ ਲਪੇਟ ਲੈ।"
"ਨਹੀਂ, ਪੱਗ ਈ ਠੀਕ ਆ।"
ਨਾਨੀ ਅੱਗੋਂ ਕੁੱਝ ਨਹੀਂ ਸੀ ਬੋਲੀ। ਆਏਂ ਕਿਵੇਂ ਮੈਂ ਲਾਹ ਦਿੰਦਾ? ਸਵੇਰੇ ਪੂਰਾ ਘੰਟਾਂ ਖਰਚ ਕੇ ਤਾਂ ਬੰਨ੍ਹੀ ਸੀ। ਉੱਥੋਂ ਮੈਂ ਬਰਾਂਡੇ ਨੂੰ ਸਿੱਧਾ ਹੋ ਗਿਆ ਸੀ। ਸਹਿਜ ਸੁਭਾਅ ਹੀ ਫੋਨ ਦਾ ਹੁੱਕਾ ਚੁੱਕ ਕੇ ਮੈਂ ਕੰਨਾਂ ਨੂੰ ਲਾ ਕੇ ਦੇਖਿਆ ਤਾਂ ਟੈਲੀਫੋਨ ਡੈੱਡ ਪਿਆ ਸੀ। ਮੈਨੂੰ ਸਮਝ ਆ ਗਈ ਸੀ ਕਿ ਜਦੋਂ ਵੀ ਅਸੀਂ ਨਾਨੀ ਨੂੰ ਫੋਨ ਕਰਦੇ ਹੁੰਦੇ ਹਾਂ ਤਾਂ ਅਭੀ ਲਾਈਨੇ ਵਿਅਸਤ ਹੈ। ਕ੍ਰਿਪਿਆ ਥੋੜ੍ਹੀ ਦੇਰ ਬਾਅਦ ਕੋਸ਼ਿਸ਼ ਕਰੇਂ। ਵਾਲਾ ਉਪਰੇਟਰ ਦਾ ਸੰਦੇਸ਼ ਕਿਉਂ ਸੁਣਨ ਨੂੰ ਮਿਲਦਾ ਹੁੰਦਾ ਹੈ।
"ਘਰ ਨੂੰ ਫੋਨ ਕਰਨਾ ਹੈ? ਇੱਥੋਂ ਨਹੀਂ ਹੋਣਾ। ਭੂੰਦੜੀਓ ਕਰਕੇ ਆਉਣਾ ਪਊ। ਪਿੰਡਾਂ ਦੀਆਂ ਤਾਂ ਲਾਈਨਾਂ ਹੀ ਖ਼ਰਾਬ ਰਹਿੰਦੀਆਂ ਨੇ। ਮੈਂ ਤਾਂ ਹਾਰ ਕੇ ਐਸ ਟੀ ਡੀ ਕਟਾ ਦਿੱਤੀ। ਐਵੇਂ ਅੱਬਰ ਦੇ ਪੈਸੇ ਭਰੀ ਜਾਣ ਦਾ ਕੀ ਫ਼ਾਇਦਾ?" ਨਾਨੀ ਦੀ ਨਿਗਾਹ ਮੇਰੇ ਵੱਲ ਹੀ ਸੀ।
"ਮੈਂ ਤਾਂ ਊਈਂ ਦੇਖਦਾ ਸੀ। ਘਰੇ ਤਾਂ ਮਾਨੀ ਉਤਰ ਕੇ ਪੀ ਸੀ ਓ ਤੋਂ ਫੋਨ ਕਰ ਕੇ ਠੀਕ ਠਾਕ ਪਹੁੰਚਣ ਦੀ ਤਲਾਹ ਦਿੱਤਾ ਸੀ।"
ਫੋਨ ਰੱਖ ਕੇ ਮੈਂ ਅੰਦਰੋਂ ਆਪਣਾ ਬੈਗ ਚੁੱਕ ਕੇ ਬਾਹਰ ਲੈ ਆਇਆ ਸੀ। ਬੈਗ ਦੀ ਜਿੱਪ ਖੋਲ੍ਹ ਕੇ ਮੈਂ ਕੋਟੀ ਅਤੇ ਸ਼ਾਲ ਕੱਢ ਕੇ ਨਾਨੀ ਨੂੰ ਫੜਾਉਂਦਿਆਂ ਕਿਹਾ ਸੀ, "ਬੇਬੇ ਆਹ ਲੈ, ਮੈਂ ਇਹ ਤੇਰੇ ਲਈ ਲਿਆਇਆਂ। ਘੁੰਮਣ ਗਿਆ ਸੀ ਆਗਰੇ ਕੰਨੀ।"
ਨਾਨੀ ਦੋਨੇ ਚੀਜ਼ਾਂ ਫੜ੍ਹਦੀ ਹੋਈ ਬੋਲੀ ਸੀ, "ਤੁਸੀਂ ਆ ਕੇ ਗੇੜਾ ਮਾਰ ਜਾਇਆ ਕਰੋ। ਮੈਂ ਸੁਗਾਤਾਂ ਕੀ ਕਰਨੀਆਂ ਨੇ?"
ਖ਼ਾਲੀ ਗਿਲਾਸ ਚੁੱਕਣ ਆਈ ਜੀਤੀ ਵੀ ਖੜ੍ਹੀ ਹੋ ਕੇ ਵਸਤਾਂ ਦੇਖਣ ਲੱਗ ਗਈ ਸੀ।
"ਭਰਤਪੁਰ, ਫਤਿਹਪੁਰ, ਸੀਕਰੀ, ਸਿਕੰਦਰਾ ਐਤਕੀ ਸਭ ਗਾਹ ਆਇਆਂ। ਮਥੁਰਾ ਦਾ ਕੋਈ ਮੰਦਰ ਨਹੀਂ ਬਚਿਆ ਹੋਣਾ ਜਿੱਥੇ ਮੱਥੇ ਨਾ ਟੇਕਿਆ ਹੋਵੇ।ਆਗਰਿਉਂ ਪੈਠਾ ਵੀ ਲਿਆਂਦਾ ਹੈ।" ਏਨਾ ਕਹਿ ਕੇ ਮੈਂ ਬੈਗ ਵਿੱਚੋਂ ਪੇਠੇ ਵਾਲੇ ਪੋਲੀਥੀਨ ਦੇ ਸੀਲਬੰਦ ਪੈਕਟ ਕੱਢ ਕੇ ਮੰਜੇ ਉੱਤੇ ਰੱਖ ਦਿੱਤੇ ਸਨ।
"ਵੇ ਐਨੇ? ਸਾਰੀ ਹੱਟੀ ਹੀ ਖਰੀਦ ਲਿਆਇਆ ਕਿ?"
"ਨਾਂਹ, ਥੋੜ੍ਹਾ ਥੋੜ੍ਹਾ ਹੀ ਲਿਆਂਦੈ, ਬੇਬੇ। ਅੱਡੋ-ਅੱਡ ਕਿਸਮਾਂ ਦਾ ਐ। - ਆਹ ਚੁੱਕ ਸਾਦਾ ਪੇਠਾ, ਸੰਦਲੀ ਪੇਠਾ, ਅੰਗੂਰੀ ਪੇਠਾ, ਆਹ ਗੁਲਾਬੀ ਪੇਠਾ ਤੇ ਕੇਸਰ ਪੇਠਾ।" ਮੈਂ ਵਾਰੋ-ਵਾਰੀ ਸਾਰੇ ਲਿਫ਼ਾਫ਼ਿਆਂ ਨੂੰ ਚੁੱਕ ਕੇ ਨਾਨੀ ਨੂੰ ਭਾਂਤ-ਸੁਭਾਂਤੇ ਪੇਠਿਆਂ ਤੋਂ ਜਾਣੂ ਕਰਵਾਇਆ ਸੀ।
"ਕਾਨੂੰ ਭਾਰ ਢੋਣਾ ਸੀ। ਮੈਨੂੰ ਤਾਂ ਸ਼ੂਗਰ(ਸ਼ੱਕਰਰੋਗ) ਆ। ਮੈਥੋਂ ਕਿੱਥੇ ਖਾਹ ਹੋਣੈ। ਤੁਸੀਂ ਹੀ ਖਾ ਲੈਂਦੇ।"
"ਅਸੀਂ ਤਾਂ ਹਫ਼ਤੇ ਦੇ ਖਾਂਦੇ ਹਾਂ। ਬਥੇਰਾ ਖਾਧਾ ਹੈ। ਹੁਣ ਤਾਂ ਨਕਸਨ ਮੁੜੀ ਪਈ ਹੈ - ਕੋਈ ਨਹੀਂ, ਹੌਲੀ ਹੌਲੀ ਰੋਟੀ ਦੀ ਥਾਂ ਸਵੇਰੇ ਸ਼ਾਮ ਦੋਹੇਂ ਡੰਗ ਪੇਠਾ ਹੀ ਖਾਈ ਚੱਲੀਂ।" ਮੈਂ ਨਾਨੀ ਨੂੰ ਆਪਣਾ ਸੁਝਾਅ ਦਿੱਤਾ ਸੀ।
"ਪਤੈ ਬੇਬੇ ਫਤਿਹਪੁਰ ਕਿਲ੍ਹੇ ਵਿੱਚ ਸਲੀਮ ਚਿਸਤੀ ਦੀ ਦਰਗਾਹ ਹੈ। ਬੜੀ ਹੀ ਕਰਨੀ ਵਾਲੇ ਪੀਰ ਹੋਏ ਨੇ। ਬੜੀ ਦੂਰੋਂ ਦੂਰੋਂ ਲੋਕ ਉੱਥੇ ਮੰਨਤਾਂ ਮੰਗਣ ਆਉਂਦੇ ਨੇ। ਕਹਿੰਦੇ ਨੇ ਉੱਥੇ ਮਜ਼ਾਰ 'ਤੇ ਧਾਗਾ ਬੰਨ੍ਹ ਕੇ ਜੋ ਮਰਜ਼ੀ ਸੁੱਖ ਲਉ। ਉਹੀ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਏ। ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੇ ਕਹਿੰਦੇ ਔਲਾਦ ਨ੍ਹੀਂ ਸੀ ਹੁੰਦੀ। ਉਹ ਨੰਗੇ ਪੈਂਰੀ ਦਿੱਲੀਉਂ ਪੈਦਲ ਚੱਲ ਕੇ ਆਇਆ ਸੀ ਉੱਥੇ। ਫੇਰ ਕਿਤੇ ਜਾ ਕੇ ਉਹਦੇ ਮੁੰਡਾ ਹੋਇਆ ਸੀ। ਅਕਬਰ ਨੇ ਉਹਦਾ ਨਾਮ ਸਲੀਮ ਹੀ ਰੱਖ ਦਿੱਤਾ ਸੀ। ਜੋ ਵੱਡਾ ਹੋ ਕੇ ਜਹਾਂਗੀਰ ਬਣਿਆ ਸੀ।ਮੈਂ ਵੀ ਮਜਾਰ 'ਤੇ ਚਾਦਰ ਚੜ੍ਹਾ ਆਇਆਂ।"
"ਫਿਕਰ ਨਾ ਕਰ। ਰੱਬ ਤੈਨੂੰ ਸਭ ਕੁੱਝ ਦੇਊ। ਭਰੋਸਾ ਰੱਖੀਦਾ ਹੈ। ਤੂੰ ਕਿਹੜਾ ਰੱਬ ਦੇ ਮਾਂਹ ਮਾਰੇ ਆ। ਸੋਹਣੀ ਵਹੁਟੀ ਵੀ ਮਿਲ ਜਾਊ ਤੇ ਮੁੰਡਾ ਵੀ ਹੋ ਜਾਊ, ਤਸੱਲੀ ਰੱਖ।"
ਨਾਨੀ ਦੇ ਛੇੜਣ ਨਾਲ ਇੱਕਦਮ ਮੇਰੇ ਨਿਗਾਹ ਜੀਤੀ 'ਤੇ ਚੱਲੀ ਗਈ ਸੀ, "ਸੱਚੀਂ ਜੀਤੀ ਮੇਰੀ ਹੋ ਜਾਊ। ਮੇਰੇ ਦਿਲ ਦੀ ਅਵਾਜ਼ ਸਾਹ ਬਣ ਕੇ ਬਾਹਰ ਨਿਕਲੀ ਸੀ।"
"ਨਾਸਤਿਕਾ ਬਾਣੀ ਪੜ੍ਹਿਆ ਕਰ। ਦਸਮੇ ਪਾਤਸ਼ਾਹ ਦਾ ਫ਼ਰਮਾਨ ਹੈ ਬਈ ਸਿੱਖ ਨੇ ਮਹਾਰਾਜ ਬੀੜ ਤੋਂ ਛੁੱਟ ਕਿਸੇ ਹੋਰ ਨੂੰ ਨਹੀਂ ਮੰਨਣਾ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗਰੂ ਮਾਨੀਓ ਗੰ੍ਰਥ। ਗੁਰੂ ਵਾਲਾ ਬਣ, ਸਿੱਖੀ ਵਿੱਚ ਰਹਿ। ਫੇਰ ਦੇਖੀ ਕਿਵੇਂ ਨੌ ਨਿਧਾਂ ਬਾਰਾਂ ਸਿਧਾਂ ਹੁੰਦੀਆਂ ਹਨ।"
ਨਾਨੀ ਨੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚੋਂ ਅਰਦਾਸ ਦਾ ਅੰਗ ਬਣ ਚੁੱਕਿਆ ਦੋਹਿਰਾ ਸੁਣਾ ਕੇ ਮੈਨੂੰ ਪ੍ਰਭਾਵਤ ਕਰਨਾ ਚਾਹਿਆ ਸੀ। ਵੈਸੇ ਇਹ ਕਿਹੜੀ ਗੱਲ ਸੀ? ਜੀਤੀ ਵਰਗੀ ਹੁਸੀਨਾ ਦਾ ਸਾਥ ਮਾਨਣ ਲਈ ਤਾਂ ਮੈਂ ਸਾਧ ਵੀ ਹੋ ਜਾਵਾਂ। ਚਿੱਲਾ ਕੱਟਣ ਲਈ ਵੀ ਤਿਆਰ ਹਾਂ।
ਮੈਂ ਮੁੱਢ ਤੋਂ ਅੰਗਰੇਜ਼ੀ ਮੀਡੀਅਮ ਸਕੂਲਾਂ ਵਿੱਚ ਪੜ੍ਹਿਆ ਹਾਂ। ਇਸ ਕਰਕੇ ਪੰਜਾਬੀ ਨਹੀਂ ਜਾਣਦਾ। ਇਸ ਵਜ੍ਹਾ ਨਾਲ ਨਾਨੀ ਨੇ ਥੋੜ੍ਹੀ ਰਿਆਇਤ ਕੀਤੀ ਸੀ। ਪੜ੍ਹ ਨਹੀਂ ਹੁੰਦਾ ਤਾਂ ਪਾਠ ਸੁਣ ਹੀ ਲਿਆ ਕਰ। ਅੰਮ੍ਰਿਤ ਵੇਲੇ ਗੁਰਦਆਰੇ ਜਾ ਕੇ।
"ਸੁਣਦੇ ਹੁੰਦੇ ਆਂ ਬੇਬੇ। ਸਵੇਰੇ ਸ਼ਾਮ ਘਰੇ ਮੰਮੀ ਦੀ ਪਾਠ ਵਾਲੀ ਰੀਲ ਲਾਈ ਹੁੰਦੀ ਹੈ।"
"ਜਾਣਦੀ ਆਂ ਮੈਂ ਜਿਹੜੀਆਂ ਟੇਪਾਂ ਲਾ ਕੇ ਗੁਰਬਾਣੀ ਤੁਸੀਂ ਸੁਣਦੇ ਹੋ। ਤੇਰੀ ਮਾਂ ਉਦੋਂ ਤੜਕੇ -ਤੜਕੇ ਹੀ ਕੀਰਤਨ ਸੋਹਿਲਾ ਠੋਕੀ ਫਿਰਦੀ ਸੀ।"
ਮੈਂ ਚੁੱਪ ਕਰ ਗਿਆ ਸੀ। ਦਰਅਸਲ ਘਟਨਾ ਉਦੋਂ ਇਹ ਹੋਈ ਸੀ ਕਿ ਨਾਨੀ ਸਾਡੇ ਕੋਲ ਰਾਤ ਰਹੀ ਸੀ। ਨਾਨੀ ਦੇ ਆਉਣ ਕਾਰਨ ਗੱਲਾਂ-ਬਾਤਾਂ ਕਰਦਿਆਂ ਮੰਮੀ ਨੂੰ ਰਾਤ ਨੂੰ ਰਹਿਰਾਸ ਸਾਹਿਬ ਦੀ ਰੀਲ ਲਾਉਣੀ ਯਾਦ ਨਹੀਂ ਸੀ ਰਹੀ। ਆਦਤ ਮੁਤਾਬਕ ਸਵੇਰੇ ਉੱਠ ਕੇ ਮੰਮੀ ਨੇ ਪਾਠ ਵਾਲੀ ਉਹੀ ਰੀਲ ਲਗਾ ਦਿੱਤੀ ਸੀ। ਮੰਮੀ ਜਿਹੜੀ ਪਾਠ ਵਾਲੀ ਰੀਲ ਸੁਬ੍ਹਾ-ਸ਼ਾਮ ਲਾਉਂਦੇ ਹੁੰਦੇ ਹਨ ਉਸ ਕੈਸਿਟ ਦੇ ਇੱਕ ਪਾਸੇ ਜਪੁਜੀ ਸਾਹਿਬ ਭਰਿਆ ਹੋਇਆ ਸੀ ਤੇ ਦੂਜੇ ਪਾਸੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲਾ। ਮੈਨੂੰ ਤਾਂ ਪਾਠ ਦੀ ਬਹੁਤੀ ਸਮਝ ਹੀ ਨਹੀਂ ਕਿ ਕਿਹੜਾ ਜਪੁਜੀ ਸਾਹਿਬ ਹੈ ਕਿਹੜਾ ਰਹਿਰਾਸ ਸਾਹਿਬ। ਸਾਡੇ ਅਸੀਂ ਰੀਲ ਜ਼ਰੂਰ ਲਗਾ ਲਈਦੀ ਹੈ। ਪਰ ਪਾਠ ਸੁਣਦਾ ਸੂਣਦਾ ਕੋਈ ਨਹੀਂ। ਹਾਂ ਚਮਕੀਲੇ ਦੇ ਗਾਣੇ ਹੋਣ ਤਾਂ ਮੇਰੇ ਵਰਗਾ ਸੁਣੇ ਵੀ। ਉਸ ਰੀਲ 'ਤੇ ਰਹਿਰਾਸ ਸਾਹਿਬ ਦਾ ਪਾਠ ਮੁੱਕ ਕੇ ਜਦੋਂ ਕੀਰਤਨ ਸੋਹਿਲਾ ਚੱਲ ਪਿਆ ਸੀ ਤਾਂ ਨਾਨੀ ਨੇ ਉੱਠ ਕੇ ਦੱਸਿਆ ਸੀ। ਇਹ ਤਾਂ ਕੀਰਤਨ ਸੋਹਿਲਾ ਹੈ। ਰਾਤ ਨੂੰ ਸੌਣ ਲੱਗੇ ਸੁਣੀਦਾ ਹੈ। ਅੰਮ੍ਰਿਤ ਵੇਲੇ ਤਾਂ ਜਪੁਜੀ ਸਾਹਿਬ ਲਾਇਆ ਕਰੋ। ਇਹ ਉਦੋਂ ਵਾਲਾ ਤੋੜਾ ਨਾਨੀ ਨੇ ਦੁਬਾਰਾ ਝਾੜ ਦਿੱਤਾ ਸੀ।
"ਭਰਤਪੁਰ 'ਚ ਬਰਡ ਸੈਂਚਰੀ ਦੇਖਣ ਗਿਆ ਸੀ?"
ਪਹਿਲੀ ਮਰਤਬਾ ਖੁੱਲ੍ਹ ਕੇ, ਅੱਖਾਂ ਵਿੱਚ ਅੱਖਾਂ ਪਾ ਕੇ ਜੀਤੀ ਮੇਰੇ ਨਾਲ ਹਮਕਲਾਮ ਹੋਈ ਸੀ। ਉਹਦੇ ਏਨਾ ਪੁੱਛਣ ਤੋਂ ਮੈਨੂੰ ਯਕੀਨ ਹੋ ਗਿਆ ਸੀ ਕਿ ਉਹ ਪਿੰਡਾਂ ਦੀਆਂ ਕੁੜੀਆਂ ਵਾਂਗ ਲੋਲ੍ਹੀ ਜਿਹੀ ਨਹੀਂ, ਸਗੋਂ ਚੇਤਨ ਦਿਮਾਗ ਦੀ ਮਾਲਕ ਹੈ।
ਬੰਦਾ ਦੇਹ ਦਾ ਸਖਤ ਤੇ ਜ਼ਬਾਨ ਦਾ ਨਰਮ ਹੋਵੇ ਤਾਂ ਔਰਤ ਆਪੇ ਹੀ ਉਹਦੇ ਵੱਸ ਹੋ ਜਾਂਦੀ ਹੈ। ਮੈਂ ਜਿੰਨੀ ਨਰਮਾਈ ਵਰਤ ਸਕਦਾ ਸੀ ਓਨੀ ਨਿਮਰਤਾ ਵਰਤ ਕੇ ਉੱਤਰ ਦਿੱਤਾ ਸੀ, "ਹਾਂ, ਗਿਆ ਸੀ। ਸੱਪ-ਸੁਪ ਵੀ ਉੱਥੇ ਖੁੱਲ੍ਹੇ ਹੀ ਤੁਰੇ ਫਿਰਦੇ ਆ। ਬਸ ਜੰਗਲ ਹੀ ਐ ਨਿਰਾ।"
"ਰਾਜੂ, ਸਾਇਬੇਰੀਅਨ ਕਰੇਨ ਸੀਗੇ ਉੱਥੇ?" ਉਹਨੇ ਇੱਕ ਹੋਰ ਸੁਆਲ ਕੀਤਾ।
"ਬਹੁਤ।"
ਜੀਤੀ ਨੇ ਮੈਨੂੰ ਨਾਮ ਲੈ ਕੇ ਬੁਲਾਇਆ ਸੀ ਤਾਂ ਮੇਰੀ ਖੁਸ਼ੀ ਦੀ ਕੋਈ ਇੰਤੀਹਾ ਨਹੀਂ ਰਹੀ ਸੀ। ਉਹਦੇ ਮੂੰਹੋਂ ਸੁਣ ਕੇ ਮੈਨੂੰ ਆਪਣਾ ਇਹ ਨਾਮ ਦੁਨੀਆਂ ਦਾ ਸਭ ਤੋਂ ਹੁਸੀਨ ਸ਼ਬਦ ਲੱਗਿਆ ਸੀ। ਰਾਜੂ ਕਿੰਨੇ ਪਿਆਰ ਵਿੱਚ ਗੁੰਨ੍ਹ ਕੇ ਉਸ ਨੇ ਪੁਕਾਰਿਆ ਸੀ। ਇੰਝ ਪ੍ਰਤੀਤ ਹੋਇਆ ਸੀ ਯਾਨੀ ਉਹਦੀ ਜ਼ਬਾਨੋਂ ਬੇਹਿਸਾਬ ਪੁਸ਼ਪਾਂ ਦੀ ਬਰਖਾ ਹੋਈ ਹੋਵੇ, ਜਿਵੇਂ ਕਿਸੇ ਫੁੱਲਾਂ-ਕਲੀਆਂ ਲੱਧੇ ਦਰਖ਼ਤ ਨੂੰ ਪੂਰੇ ਜ਼ੋਰ ਦੀ ਹਲੂਨਣ 'ਤੇ ਹੁੰਦੀ ਹੈ। ਮੈਂ ਜੀਤੀ ਦਾ ਗੱਲਬਾਤ ਲਈ ਖੋਲ੍ਹਿਆ ਰਾਹ ਬੰਦ ਨਹੀਂ ਸੀ ਹੋਣ ਦੇਣਾ ਚਾਹੁੰਦਾ, "ਸਾਇਬੇਰੀਅਨ ਕਰੇਨਾਂ ਬਾਰੇ ਕਿਵੇਂ ਜਾਣਦੀ ਏਂ ਤੂੰ?"
"ਅਖਬਾਰ 'ਚ ਲੇਖ ਪੜ੍ਹਿਆ ਸੀ ਉਹਨਾਂ ਬਾਰੇ।"
"ਵੇ ਕਿਹੜੀਆਂ ਕਬੈਨਾਂ ਦੀਆਂ ਗੱਲਾਂ ਕਰਦੇ ਓ, ਮੈਨੂੰ ਵੀ ਕੁੱਝ ਦੱਸੋਂ।" ਨਾਨੀ ਨੂੰ ਸ਼ਾਇਦ ਉਕਤਾਹਟ ਹੋ ਰਹੀ ਸੀ।
"ਕੰਮਬਾਇਨ ਨਹੀਂ, ਬੇਬੇ ਕਰੇਨ। ਸਾਇਬੇਰੀਆ ਮੁਲਖ ਦੀਆਂ ਇਹ ਕੂੰਜਾਂ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਉੱਡ ਕੇ ਹਰ ਸਾਲ ਭਾਰਤ ਵਿੱਚ ਚੋਗਾ ਚੁਗਣ ਆਉਂਦੀਆਂ ਹਨ। ਇਹਨਾਂ ਦੇ ਮੁਲਖ ਵਿੱਚ ਬਰਫ਼ ਜ਼ਿਆਦਾ ਪੈਣ ਲੱਗ ਜਾਂਦੀ ਹੈ। ਠੰਡ ਠੰਡ ਇਹ ਪੰਛੀ ਇੱਥੇ ਰਹਿੰਦੇ ਹਨ ਤੇ ਫਿਰ ਮੌਸਮ ਬਦਲੇ ਤੋਂ ਮੁੜ ਆਪਣੇ ਵਤਨ ਨੂੰ ਪਰਤ ਜਾਂਦੇ ਨੇ।"
"ਹੋਰ…ਅ ਆਦਮੀਆਂ ਨਾਲੋਂ ਤਾਂ ਇਹ ਪਰਿੰਦੇ ਹੀ ਸਿਆਣੇ ਨੇ। ਦਾਣਾ-ਫੱਕਾ ਚੁਗ ਕੇ ਘਰਾਂ ਨੂੰ ਤਾਂ ਮੁੜ ਜਾਂਦੇ ਨੇ। ਇਹ ਵੀ ਜਾਣਦੇ ਨੇ ਬਈ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ। ਆਦਮੀ ਤਾਂ ਪਰਦੇਸੀਂ ਗਿਆ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ। ਕਦੇਂ ਨਹੀਂ ਪਿੱਛੇ ਮੁੜਦਾ। - ਜਿਹੜਾ ਆਪਣੇ ਦੇਸ਼ ਦੀ ਮਿੱਟੀ 'ਚ ਖਾਕ ਨਾ ਹੋਵੇ, ਉਹਦੀ ਕਹਿੰਦੇ ਨੇ ਰੂਹ ਭਟਕਦੀ ਰਹਿੰਦੀ ਹੈ।" ਨਾਨੀ ਉਦਾਸ ਹੋ ਗਈ ਸੀ।
ਨਾਨੀ ਦਾ ਇਸ਼ਾਰਾ ਕਿੱਧਰ ਸੀ ਮੈਂ ਖੂਬ ਅੱਛੀ ਤਰ੍ਹਾਂ ਸਮਝ ਗਿਆ ਸੀ। ਫਿਰ ਮੈਂ ਡਾ: ਵਿਲਮਾਰ ਦੀ ਬਣਾਈ ਹੋਈ ਸੰਸਾਰ ਪ੍ਰਸਿੱਧ ਦਵਾਈ ਸਿਨੇਰਾਰੀਆ ਦੀਆਂ ਚਾਰ ਸ਼ੀਸ਼ੀਆਂ ਕੱਢ ਕੇ ਨਾਨੀ ਨੂੰ ਫੜਾਉਂਦਿਆ ਡਾਕਟਰ ਦੀ ਚਿਤਾਵਨੀ ਸੁਣਾ ਕੇ ਸਾਵਧਾਨ ਕਰਿਆ ਸੀ, "ਬੇਬੇ ਊਂਅ ਡਾਕਟਰ ਤਾਂ ਕਹਿੰਦਾ ਸੀ ਅੱਖਾਂ ਦੇਖਣੀਆਂ ਪੈਣੀਆਂ ਹਨ। ਮੋਤੀਆ ਨਾ ਉਤਰਦਾ ਹੋਵੇ। ਪਰ ਤੂੰ ਆਹ ਦਵਾਈ ਪਾ ਕੇ ਦੇਖ ਲਵੀਂ ਜੇ 'ਰਾਮ ਆ ਜਾਵੇ ਤਾਂ।"
"ਚੱਲ ਮੈਂ ਕਿਹੜਾ ਹੁਣ ਕਸੀਦਾ ਕਢਣੈ। ਬਸ ਘਰੇ ਘਰੇ ਤੁਰਨ ਫਿਰਨ ਯੋਗੀ ਰਹਾਂ। ਆਪੇ ਆਪਣੀ ਕ੍ਰਿਆ ਸੋਧੀ ਜਾਵਾਂ, ਏਨਾ ਹੀ ਬੜ੍ਹਾ ਹੈ।"
"ਦਵਾਈ ਪਾਈ ਤੋਂ ਅੱਖਾਂ ਲਾਲ ਹੋਣ, ਜਲਣ ਹੋਵੇ, ਜਾਲੇ ਜਿਹੇ ਅੱਖਾਂ ਅੱਗੇ ਆਉਣ ਜਾਂ ਬਹੁਤਾ ਪਾਣੀ ਨਿਕਲਦਾ ਰਹੇ ਤਾਂ ਬੰਦ ਕਰ ਦਵੀਂ, ਪਾਈ ਨਾ।"
ਮੈਂ ਨਾਨੀ ਨੂੰ ਦਵਾਈ ਦੇ ਬੁਰੇ ਪ੍ਰਭਾਵਾਂ ਬਾਰੇ ਦਸ ਕੇ ਹਟਿਆ ਸੀ ਕਿ ਜੀਤੀ ਨੇ ਇੱਕ ਸ਼ੀਸ਼ੀ ਚੁੱਕੀ ਸੀ ਤੇ ਹਿਦਾਇਤਾਂ ਪੜ੍ਹਦੀ ਹੋਈ ਬੋਲੀ ਸੀ, "ਜਰਮਨ ਦੀ ਬਣੀ ਹੋਈ ਆ। - ਪਾਈ 'ਤੇ ਥੋੜ੍ਹਾ ਬਹੁਤਾ ਪਾਣੀ ਤਾਂ ਨਿਕਲੂਗਾ ਹੀ। ਐਹ ਦੇਖੋ ਉੱਤੇ ਲਿਖਿਆ ਹੋਇਆ ਹੈ। - ਪਾਉਣ ਮਗਰੋਂ ਥੋੜ੍ਹਾ ਚਿਰ ਧੁੰਧਲਾ ਧੁੰਦਲਾ ਵੀ ਦਿਸੂਗਾ।"
ਜੀਤੀ ਨੇ ਨਾਨੀ ਮੂਹਰੇ ਮੈਨੂੰ ਝੂਠਾ ਸਾਬਤ ਕਰ ਦਿੱਤਾ ਸੀ। ਉਹਦੇ ਐਨਾ ਕੁ ਪੜ੍ਹਨ ਤੋਂ ਹੀ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਉਹ ਪੜ੍ਹਨ ਲਿਖਣ ਵਿੱਚ ਹੋਸ਼ਿਆਰ ਹੋਵੇਗੀ। ਕਿਉਂਕਿ ਦਵਾਈ ਦੀ ਡੱਬੀ ਉੱਪਰ ਲਿਖੀਆਂ ਇਨਸਟਰੱਕਸ਼ਨਜ਼ (ਨਿਰਦੇਸ਼) ਵਿੱਚ ਸਧਾਰਨ ਅੰਗਰੇਜ਼ੀ ਲਫ਼ਜ਼ਾਂ ਦੀ ਬਜਾਏ ਉਚੇਰੇ ਅਲਫ਼ਾਜ਼ ਵਰਤੇ ਹੋਏ ਸਨ। ਜਿਨ੍ਹਾਂ ਨੂੰ ਪੜ੍ਹਨ ਲਈ ਮੈਨੂੰ ਵੀ ਦਿੱਕਤ ਪੇਸ਼ ਆਉਂਦੀ ਸੀ। ਇਸ ਕਰਕੇ ਮੈਂ ਦਵਾ-ਫ਼ਰੋਸ਼ ਦੇ ਬੋਲੇ ਹੋਏ ਸੰਵਾਦ ਹੀ ਦੁਹਰਾ ਦਿੱਤੇ ਸਨ।
"ਇੱਕ ਸ਼ੀਸ਼ੀ ਨਾਨੀ ਚੁੱਕ ਕੇ ਪੁੱਠੀ ਸਿੱਧੀ ਕਰਦੀ ਹੋਈ ਉਸ ਉੱਪਰ ਲਿਖੀ ਹੋਈ ਕੀਮਤ ਲੱਭਣ ਲੱਗੀ ਸੀ। ਪਤਾ ਨ੍ਹੀਂ ਲੱਗਦਾ ਕੁਸ। ਅੰਗਰੇਜ਼ੀ ਹਿੰਦਸੇ ਆ 'ਚ ਹੀ ਲਿਖਿਆ ਹੋਣੈ। ਆਏਂ ਵੀ ਚੰਦਰਿਆਂ ਨੂੰ ਨ੍ਹੀਂ ਅਹੁੜਦਾ ਬਈ ਦੋ ਦੇਸੀ ਅੱਖਰ ਹੀ ਪਾ ਦਿਆ ਕਰਨ। ਤੂੰ ਆਪੇ ਹੀ ਦੱਸ ਦੇ ਕਿੰਨੇ ਲੱਗੇ ਨੇ?"
"ਕੋਈ ਨe੍ਹੀਂ ਬੇਬੇ ਤੂੰ ਪੈਸੇ ਪੁਸੇਆਂ ਦਾ ਫ਼ਿਕਰ ਨਾ ਕਰਿਆ ਕਰ।"
"ਨਾ ਭਾਈ ਸਿਆਣੇ ਕਹਿੰਦੇ ਆ ਲੇਖਾ ਮਾਵਾਂ ਧੀਆਂ ਦਾ। ਮੈਂ ਕਿਹੜਾ ਪੈਸੇ ਹਿੱਕ 'ਤੇ ਧਰ ਕੇ ਲੈ ਜਾਣੇ ਆ। ਖਵਨ੍ਹੀਂ ਕੈਅ ਦਿਨ ਜਿਉਂਣੈ। ਮੈਂ ਨਹੀਂ ਚਾਹੁੰਦੀ ਪੈਸਿਆਂ ਪਿੱਛੇ ਮੇਰੇ ਨਾਲ ਕੋਈ ਮੂੰਹ ਵਿੰਗਾ ਕਰੇ। - ਤੂੰ ਕਿਹੜਾ ਕਮਾਉਨੈ ਅਜੇ।"
"ਦੋ ਚਾਰ ਕਰੋੜ ਜਿਹੜੇ ਦੇਣੇ ਆ, ਦੇ ਦੇ ਬੇਬੇ।" ਮੈਂ ਭੋਲਾ ਜਿਹਾ ਮੂੰਹ ਬਣਾ ਕੇ ਗੱਲ ਮਾਰੀ ਸੀ।
"ਲੈ ਖਾਂ, ਮੇਰੇ ਕੋਲ ਕਿਹੜਾ ਮੋਰਨੀ ਸੂਅਦੀ ਆ? ਜਿੰਨੇ ਲੱਗੇ ਨੇ ਲੈ ਲਾ। - ਤੁਹਾਨੂੰ ਵੀ ਮਾਇਆ 'ਚ ਖੇਡਦਿਆਂ ਨੂੰ ਪੈਸੇ ਦੀ ਭੁੱਖ ਆ। ਪੁਲਸੀਆਂ ਨੂੰ ਤਾਂ ਦਿਨ ਰਾਤ ਅੰਨ੍ਹੀ ਕਮਾਈ ਹੁੰਦੀ ਏ। ਥੋਡੇ ਤਾਂ ਪੈਸੇ ਅੱਗ ਲਾਇਆਂ ਨਾ ਮੁੱਕਣ।" ਨਾਨੀ ਨੇ ਮਿੱਠਾ ਜਿਹਾ ਝਿੜਕਿਆ ਸੀ।
"ਕਾਹਨੂੰ ਬੇਬੇ? ਊਈਂ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਹੈ। ਹੁਣ ਤਾਂ ਹਲਾਤ ਸੁਧਰ ਗਏ। ਹੁਣ ਪੁਲੀਸ ਵਾਲਿਆਂ ਨੂੰ ਆਮਦਨ ਕਿੱਥੇ? ਉਹ ਵੇਲੇ ਲੱਦ ਗਏ ਜਦੋਂ ਮੁੰਡੇ ਦਾ ਨਾਂ ਅੱਤਵਾਦ ਦੇ ਕੇਸ ਚੋਂ ਕੱਢਵਾਉਂਣ ਦੇ ਮਾਰੇ ਲੋਕੀ ਨੋਟਾਂ ਦੀ ਬੋਰੀ ਭਰ ਕੇ ਘਰੇ ਦੇ ਜਾਂਦੇ ਹੁੰਦੇ ਸੀ। ਹੁਣ ਤਾਂ ਕੋਈ ਹੇਰਾਂ ਫੇਰੀ ਕਰੇ ਸਹੀ। ਸੀ ਬੀ ਆਈ ਤੇ ਵਿਜ਼ੀਲੈਂਸ ਵਾਲੇ ਝਟ ਤਪਤੀਸ਼ ਵਾਲੀ ਫ਼ਾਈਲ ਖੋਲ੍ਹ ਕੇ ਬੈਠ ਜਾਂਦੇ ਆ। ਉੱਤੋਂ ਹਯੂਮਅਨ ਰਾਇਟ (ਮਨੁੱਖੀ ਅਧਿਕਾਰ ਸੰਗਠਨ) ਵਾਲੇ ਅੱਡ ਆਪਦਾ ਜ਼ੋਰ ਲਾਉਣ ਲੱਗੇ ਹੋਏ ਨੇ। ਡੈਡੀ ਨੇ ਮੇਰੇ ਜੇਬ ਖਰਚ ਵਿੱਚ ਕਟੌਤੀ ਕਰਦਿਆਂ ਜਿਹੜਾ ਬਹਾਨਾ ਮਾਰਿਆ ਸੀ, ਉਹੀ ਭਾਸ਼ਨ ਮੈਂ ਅੱਗੋਂ ਨਾਨੀ ਨੂੰ ਸੁਣਾ ਦਿੱਤਾ ਸੀ।"
"ਤੁਹਾਡਾ ਹੀ ਆ ਸਭ ਕੁੱਝ।" ਨਾਨੀ ਨੇ ਸੁਨਿਆਰ ਦੀਆਂ ਸੌ ਸੱਟਾਂ ਦੇ ਬਰਾਬਰ ਦੀ ਲੁਹਾਰ ਵਾਲੀ ਇੱਕ ਸੱਟ ਮਾਰ ਦਿੱਤੀ ਸੀ।
ਮੈਂ ਬੈਗ ਵਿੱਚੋਂ ਪੀਪੀ ਕੱਢ ਕੇ ਉਸ ਉੱਤੋਂ ਅਖਬਾਰ ਲਾਹ ਹੀ ਰਿਹਾ ਸੀ ਕਿ ਜੀਤੀ ਤਾੜੀ ਮਾਰ ਕੇ ਹਸਦੀ ਹੋਈ ਬੋਲੀ ਸੀ, "ਹੈਨੂੰ ਪੀਪੀ ਨੂੰ ਕੀ ਠੰਡ ਲੱਗਦੀ ਸੀ? ਜਿਹੜਾ 'ਖਬਾਰ 'ਤੇ 'ਖਬਾਰ ਚਾੜ੍ਹ ਰੱਖੀਐ।"
ਜੀਤੀ ਦੇ ਚਿੱਟਿਆਂ ਦੰਦਾਂ ਚੋਂ ਹਾਸਾ ਕਿਰਦਾ ਦੇਖ ਕੇ ਮੈਨੂੰ ਕੋਈ ਜੁਆਬ ਨਹੀਂ ਸੀ ਅਹੁੜਿਆ। ਹੱਸਦੀ ਹੋਈ ਉਹ ਬਹੁਤ ਪਿਆਰੀ ਲੱਗਦੀ ਸੀ। ਆਮ ਕਰਕੇ ਅੱਟਹਾਸ ਵੇਲੇ ਲੋਕਾਂ ਦੇ ਉੱਪਰਲੇ ਦੰਦ ਹੀ ਨਜ਼ਰ ਆਉਂਦੇ ਹਨ। ਪਰ ਜੀਤੀ ਜਦੋਂ ਮੁਸਕਾਉਂਦੀ ਸੀ ਤਾਂ ਉਹਦੀ ਹੇਠਲੀ ਦੰਦ ਬੀੜ ਵੀ ਦਿਸਦੀ ਸੀ। ਹੱਸਦੀ ਹੋਈ ਉਹ ਬਹੁਤ-ਬਹੁਤ ਫਬਦੀ ਸੀ। ਇੰਝ ਲੱੱਗਦਾ ਸੀ ਜਿਵੇਂ ਹਾਸਾ ਸਿਰਫ਼ ਉਹਦੇ ਹੱਸਣ ਲਈ ਹੀ ਬਣਿਆ ਹੋਵੇ।
"ਪੀਪੀ ਦਾ ਜੰਗਾਲ ਲੱਗ ਕੇ ਲੀੜੇ ਖ਼ਰਾਬ ਹੋਣ ਤੋਂ ਬਚਾਉਣ ਲਈ ਅਖਬਾਰ ਦਿੱਤਾ ਹੋਣੈ ਨਾਲੇ ਇਹਨਾਂ ਪੜ੍ਹਾਕੂਆਂ ਦੀ ਸ਼ਾਨ 'ਚ ਫ਼ਰਕ ਪੈਂਦਾ ਹੈ ਹੱਥ 'ਚ ਪੀਪੀ ਚੁੱਕਣ ਨਾਲ। ਤਾਂ ਹੀ ਝੋਲੇ 'ਚ ਪਾ ਕੇ ਲਿਆਇਆ ਹੈ।" ਨਾਨੀ ਨੇ ਹੀ ਮੇਰੀ ਜਾਨਿਬ ਤੋਂ ਦਲੀਲ ਦੇ ਦਿੱਤੀ ਸੀ।
ਮੌਕਾ ਤਾੜ ਕੇ ਜੀਤੀ ਨੇ ਮੈਨੂੰ ਨਿਹੋਰਾ ਮਾਰਿਆ ਸੀ, "ਨਾਨੀ ਨੂੰ ਤਾਂ ਚੀਜ਼ਾਂ ਦੇ ਕੇ ਖੁਸ਼ ਕਰ 'ਤਾ। ਤੇ ਮੇਰੇ ਲਈ ਕੀ ਲਿਆਂਦਾ ਹੈ?"
"ਆਹ ਪੀਪੀ।" ਮੈਂ ਵੀ ਉਹਨੂੰ ਦਿਲਲਗੀ ਕਰੀ ਸੀ।
"ਮੈਂ ਸਿਰ 'ਚ ਮਾਰਨੀ ਆ।" ਜੀਤੀ ਨੇ ਨਖਰੇ ਨਾਲ ਆਖਿਆ ਸੀ।
"ਮਾਰ ਸਕਦੀ ਏਂ ਜੇ ਮਾਰਨੀ ਹੈ ਤਾਂ। - ਨਹੀਂ ਤਾਂ ਹੁਕਮ ਕਰੋ, ਕੀ ਚਾਹੀਦਾ ਹੈ? ਉਹੀ ਦੇ 'ਦਾਂਗੇ। ਮੈਨੂੰ ਜੀਤੀ ਨਾਲ ਗੱਲ ਬਣਦੀ ਨਜ਼ਰ ਆਈ ਸੀ।
"ਕਿਉਂ ਤੇਰੇ ਕੋਲ ਅਲਾਦੀਨ ਦਾ ਚਿਰਾਗ ਹੈ? ਬਈ ਜਿਹੜੀ ਸ਼ੈਅ ਮੰਗਾ ਉਹੀ ਦੇ ਦੇਵੇਂਗਾ।" ਜੀਤੀ ਨੇ ਆਪਣੀ ਤੇਜ਼-ਤਰਾਰੀ ਸਾਬਤ ਕਰੀ ਸੀ।
"ਮੇਰੀਆਂ ਤਾਂ ਸਿਵਿਆਂ 'ਚ ਲੱਤਾਂ ਨੇ। ਦੋ ਦਿਨ ਦੀ ਪਰਾਹੁਣੀ ਆ। ਮੈਂ ਕਿਹੜਾ ਹੰਢਾਉਣਾ ਹੈ ਇਹਨਾਂ ਨੂੰ। ਟਰੰਕ ਵਿੱਚ ਪਈਆਂ ਨੂੰ ਟਿੱਢੀਆਂ ਹੀ ਟੁੱਕਣਗੀਆਂ। ਲੈ ਤੂੰ ਹੀ ਲੈ ਲਾ।" ਨਾਨੀ ਨੇ ਕੋਟੀ ਅਤੇ ਸ਼ਾਲ ਦੋਨੋਂ ਜੀਤੀ ਨੂੰ ਪੇਸ਼ ਕਰ ਦਿੱਤੇ ਸਨ।
"ਨਹੀਂ ਬੇਜੀ ਮੈਂ ਤਾਂ ਊਈਂ ਕਿਹਾ ਸੀ। ਰਾਜੂ ਦਾ ਜਿਗਰਾ ਦੇਖਦੀ ਸੀ।" ਜੀਤੀ ਮੇਰੇ 'ਤੇ ਮਿਹਰਬਾਨ ਹੋਈ ਮੁਸਕਾਨਾਂ ਦੇ ਫ਼ਾਇਰ ਕਰਦੀ ਹੋਈ ਕਹਿ ਰਹੀ ਸੀ।
ਮੈਂ ਵੀ ਜੁਆਬੀ ਹਮਲਾ ਖੁੰਝਣ ਨਹੀਂ ਸੀ ਦਿੱਤਾ, "ਜਿਗਰਾ ਤਾਂ ਪਹਾੜ ਜਿੱਡਾ ਹੈ। ਭੁਲੇਖੇ 'ਚ ਨਾ ਰਹੀ।"
ਮੈਂ ਬੈਗ ਚੋਂ ਆਪਣਾ ਟਰੈਕ ਸੂਟ ਕੱਢਣ ਪਿੱਛੋਂ ਬੈਗ ਨੂੰ ਝਾੜਿਆ ਸੀ ਤੇ ਤਹਿ ਮਾਰ ਕੇ ਮੰਜੇ ਦੀ ਬਾਹੀ ਤੇ ਵਿੱਚਲਿਉਂ ਦੂਹਰਾ ਕਰ ਕੇ ਰੱਖ ਦਿੱਤਾ ਸੀ।
"ਨਾ ਸੁਣਦਾ ਨ੍ਹੀਂ। ਤੇਰੇ ਲੀੜੇ ਕਿੱਥੇ ਨੇ? ਕਿਤੇ ਰਾਹ ਰੂਹ 'ਚ ਤਾਂ ਨਹੀਂ ਸਿੱਟ ਆਇਆ।" ਨਾਨੀ ਫ਼ਿਕਰਮੰਦ ਲਹਿਜ਼ੇ ਵਿੱਚ ਬੋਲੀ ਸੀ।
"ਨਹੀਂ ਬੇਬੇ। ਲੀੜੇ-ਲੱਤੇ ਕੀ ਕਰਨੇ ਸੀ? ਮੈਂ ਸਵੇਰੇ ਮੁੜ ਹੀ ਜਾਣਾ ਐ। ਬਸ ਦਵਾਈ ਫੜਾਉਣ ਹੀ ਆਇਆ ਸੀ। ਆਉਣ ਨੂੰ ਵੇਲ ਹੀ ਨਹੀਂ ਮਿਲਿਆ ਘੌਲ ਜਿਹੀ ਹੁੰਦੀ ਰਹੀ। ਕਦੋਂ ਦੀਆਂ ਲਿਆਂਦੀਆਂ ਪਈਆਂ ਸਨ। ਮੈਂ ਕਿਹਾ ਕਿਤੇ ਮੁਨਿਆਦ ਹੀ ਨਾ ਲੰਘ 'ਜੇ।"
"ਨਾ ਰਾਜੂ ਸਵੇਰੇ ਸਵੂਰੇ ਮੈਂ ਕੋਈ ਨ੍ਹੀਂ ਜਾਣ ਦੇਣਾ। ਮਸਾਂ ਮਸਾਂ ਆਇਆ ਹੈਂ। ਮਹੀਨਾ ਦੋ ਮਹੀਨੇ ਰਹਿ। ਰੋਸ਼ਨੀ ਦਾ ਮੇਲਾ ਦੇਖ ਕੇ ਹੋਲੇ ਮਹਲੇ ਤੋਂ ਮਗਰੋਂ ਹੀ ਜਾਈਂ।"
"ਨਾ ਪਿੱਛੇ ਨਹੀਂ ਸਰਦਾ ਬੇਬੇ। ਮੈਂ ਤਾਂ ਅੱਜ ਦੇ ਦਿਨ ਹੀ ਬੜੀ ਮੁਸ਼ਕਲ ਨਾਲ ਵਿਹਲ ਕੱਢਿਆ ਹੈ।"
"ਨਾਂਹ ਭਾਈ ਗੁੱਸੇ ਰਹਿ ਚਾਹੇ ਰਾਜ਼ੀ ਰਹਿ। ਕਾਲੂੰ ਵੀਰਵਾਰ ਨੂੰ ਨਹੀਂ ਮੈਂ ਦੋਹਤਮਾਨ ਨੂੰ ਜਾਣ ਦੇਣਾ।"
"ਬਹੁਤੇ ਨਹੀਂ ਵਿਚਾਰ ਜਿਹੇ ਕਰੀ ਦੇ ਹੁੰਦੇ ਬੇਬੇ। ਸਾਰੇ ਦਿਨ ਇੱਕੋ ਜਿਹੇ ਹੀ ਹੁੰਦੇ ਨੇ। ਐਵੇਂ ਅੰਮ੍ਰਿਤ ਛੱਕ ਕੇ ਵੀ ਤੂੰ ਵਹਿਮ ਭਰਮ ਨਹੀਂ ਛੱਡੇ।"
"ਮੱਤਾਂ ਨਾ ਦੇ ਮੈਨੂੰ। ਕੀ ਹੋਇਐ ਜੇ ਚਾਰ ਅੱਖਰ ਪੜ੍ਹ ਗਿਆ ਹੈਂ ਤਾਂ, ਮੇਰੇ ਨਾਲੋਂ ਸਿਆਣਾ ਨ੍ਹੀਂ ਤੂੰ। ਤੇਰੀ ਮਾਂ ਦੀ ਵੀ ਮਾਂ ਹਾਂ ਮੈਂ। ਸਾਰੇ ਦਿੱਲੀ ਦੱਖਣ ਕੁੱਤਿਆਂ ਵਾਂਗੂੰ ਤਾਂ ਹੇਲੀਆਂ ਦਿੰਦਾ ਫਿਰਿਆ ਕਰ। ਪਰ ਨਾਨਕੇ ਨ੍ਹੀਂ ਤੈਥੋਂ ਆ ਕੇ ਰਹਿ ਹੁੰਦਾ। ਬੈਠਾ ਰਹਿ 'ਰਾਮ ਨਾਲ ਦਿੰਨੀ ਆ ਜਾਣ ਤੈਨੂੰ।" ਨਾਨੀ ਦਾ ਮਿਹਣਾ ਵਾਜਬ ਸੀ।
"ਕਿੱਥੇ ਬੇਬੇ? ਪੱਕੇ ਪੇਪਰ ਸਿਰ 'ਤੇ ਆਏ ਪਏ ਨੇ ਮੇਰੀ ਤਾਂ ਪੜ੍ਹਾਈ 'ਚ ਹਰਜ਼ ਹੁੰਦਾ ਹੈ। ਦਸਵੀਂ ਬੋਰਡ ਦੇ ਪੇਪਰ ਵਾ ਐਕੀ।"
ਇਮਤਿਆਨਾਂ ਦੇ ਲਾਏ ਬਹਾਨੇ ਨੇ ਨਾਨੀ ਨੂੰ ਜਾਣੀ ਬਰਫ਼ 'ਚ ਲਗਾ ਦਿੱਤਾ ਸੀ।
"ਅੱਛਾ। ਮੈਂ ਕਹਿੰਦੀ ਸੀ ਇੱਥੇ ਮੇਰੇ ਕੋਲ ਰਹਿੰਦਾ। ਨਾਲੇ ਮੈਨੂੰ ਸੁੱਖ ਹੁੰਦਾ। - ਇੱਥੇ ਦੁੱਧ ਘਿਉ ਖਾਲਸ ਤੇ ਖੁੱਲ੍ਹਾ ਹੈ। ਸ਼ਹਿਰਾਂ 'ਚ ਤਾਂ ਦੋਧੀ ਪਾਣੀ-ਧਾਣੀ ਜਿਹਾ ਪਾ ਕੇ ਦੇ ਜਾਂਦੇ ਨੇ। - ਤੈਨੂੰ ਪੰਜ਼ੀਰੀ ਹੋਰ ਮਾਰ ਦਿੰਦੀ।"
"ਨਾਂਹ ਨਾਂਹ ਪੰਜ਼ੀਰੀ ਪੰਜ਼ੁਰੀ ਦੀ ਨਾ ਬੇਬੇ ਤੂੰ ਖੇਚਲ ਕਰਿਆ ਕਰ।" ਪੰਜ਼ੀਰੀ ਦਾ ਨਾਉਂ ਸੁਣਦਿਆਂ ਹੀ ਮੈਂ ਬੋਲ ਉਠਿਆ ਸੀ। ਮੈਨੂੰ ਪਿਛਲੀ ਵਾਰੀ ਹੋਏ ਪੰਜ਼ੀਰੀ ਦੇ ਹਸ਼ਰ ਦਾ ਚੇਤਾ ਆ ਗਿਆ ਸੀ। ਪਿਛਲੀ ਵਾਰ ਜਿਹੜੀ ਪੰਜੀਰੀ ਨਾਨੀ ਦੇ ਕੇ ਆਈ ਸੀ। ਕਿਸੇ ਨੇ ਮੂੰਹ 'ਤੇ ਨਹੀਂ ਸੀ ਧਰੀ। ਸਾਡੇ ਵਿੱਚੋਂ ਕੋਈ ਵੀ ਪੰਜ਼ੀਰੀ ਦਾ ਸ਼ੌਕੀਨ ਨਹੀਂ ਹੈ। ਪੀਪੀ ਦੀ ਪੀਪੀ ਉਵੇਂ ਰੁੱਲਦੀ ਰਹੀ ਸੀ। ਉਲੀ ਲੱਗੀ ਤੋਂ ਕੁੱਤਿਆਂ ਨੂੰ ਵੀ ਪਾਈ ਸੀ। ਪਰ ਉਹਨਾਂ ਨੇ ਵੀ ਨਹੀਂ ਸੀ ਖਾਧੀ।"
ਨਾਨੀ ਨੇ ਬਥੇਰੇ ਲਾਲਚ ਦਿੱਤੇ ਸਨ। ਪਰ ਮੈਂ ਕਿੱਥੇ ਅੜੀਕੇ ਆਉਣ ਵਾਲਾ ਸੀ। ਜੀਤੀ ਨੇ ਪੇਠਾ ਰਸੋਈ ਵਿੱਚ, ਕੱਪੜੇ ਕਮਰੇ ਵਿੱਚ ਅਤੇ ਦਵਾਈ ਅਲਮਾਰੀ ਵਿੱਚ ਰੱਖ ਕੇ ਇਸ ਤਰ੍ਹਾਂ ਸਭ ਚੀਜ਼ਾਂ ਆਪਣੀ ਲੋੜੀਂਦੀ ਜਗ੍ਹਾ ਰੱਖ ਦਿੱਤੀਆਂ ਸਨ ਤੇ ਆਪਣੇ ਕੰਮ-ਧੰਦੇ ਜਾ ਲੱਗੀ ਸੀ। ਮੇਰਾ ਹਰਾਮੀ ਮਨ ਸੋਚਾਂ ਦੇ ਜਾਲ ਬੁਣਨ ਲੱਗ ਪਿਆ ਸੀ। ਮੈਂ ਨਾਨੀ ਨੂੰ ਉੱਥੇ ਨਾਨਕੀ ਰੁੱਕਣ ਤੋਂ ਆਪਣੀ ਮਗ਼ਬੂਰੀ ਦਾ ਵਾਸਤਾ ਪਾ ਕੇ ਜੁਆਬ ਤਾਂ ਦੇ ਹਟਿਆ ਸੀ। ਪਰ ਜੀਤੀ ਨੂੰ ਦੇਖ ਕੇ ਮੇਰਾ ਮਨ ਮਚਲਦਾ ਸੀ। ਜੀਅ ਕਰਦਾ ਸੀ ਮੈਂ ਦੋ ਚਾਰ ਦਿਨ ਨਾਨੀ ਕੋਲ ਰਹਾਂ। ਉੱਥੇ ਰਹੇ ਬਿਨਾਂ ਜੀਤੀ ਨਾਲ ਗੱਲ ਵੀ ਤਾਂ ਨਹੀਂ ਸੀ ਬਣ ਸਕਦੀ। ਸਾਢੇ ਪੰਜ ਫੁੱਟੀ ਸੱਪਣੀ ਨੂੰ ਕੀਲਣ ਲਈ ਸਮਾਂ ਤਾਂ ਲੱਗਣਾ ਹੀ ਸੀ। ਕੋਈ ਚੁੱਟਕੀ ਮਾਰਨ ਵਾਲਾ ਕੰਮ ਤਾਂ ਹੈ ਨਹੀਂ ਸੀ। ਖਿਆਲਾਂ ਦੇ ਗਲੋਟੇ ਅਟ੍ਹੇਰਦਿਆਂ ਮੈਂ ਮਨ ਬਦਲਣ ਲਈ ਦਲੀਲ ਪੈਦਾ ਕੀਤੀ ਸੀ। ਹਫ਼ਤਾ ਦੋ ਹਫ਼ਤੇ ਨਾ ਵੀ ਚੰਡੀਗੜ੍ਹ ਮੁੜਾਂ ਤਾਂ ਕਿਹੜੀ ਆਫ਼ਤ ਆਉਣ ਲੱਗੀ ਹੈ। ਪੜ੍ਹਾਈ ਪਿੱਛੇ ਪੈਣ ਤੋਂ ਸਿਵਾ ਤਾਂ ਹੋਰ ਕੋਈ ਨੁਕਸਾਨ ਨਹੀਂ। ਵੈਸੇ ਤਾਂ ਡੈਡੀ ਦੀ ਸਿਫ਼ਾਰਸ਼ ਨਾਲ ਹੀ ਪਾਸ ਹੋ ਜਾਵਾਂਗੇ। ਨਹੀਂ ਤਾਂ ਵੱਧ ਤੋਂ ਵੱਧ ਇੱਕ ਸਾਲ ਹੀ ਮਾਰਿਆ ਜਾਊ। ਪੇਪਰ ਹੀ ਨੇ ਇਸ ਵਰ੍ਹੇ ਨਾ ਸਹੀ ਅਗਲੇ ਸਾਲ ਦੇ ਲਾਂਗੇ। ਕਿਹੜਾ ਕੁੰਬ ਦਾ ਮੇਲਾ ਹੈ, ਜਿਹੜਾ ਬਾਰਾਂ ਵਰ੍ਹਿਆਂ ਮਗਰੋਂ ਆਊ। ਇਹ ਮਾਲ ਤਾਂ ਨਾ ਹੱਥੋਂ ਜਾਵੇ।
ਪਰ ਹੁਣ ਜੇ ਮੈਂ ਰੁਕਣ ਬਾਰੇ ਆਖਦਾ ਤਾਂ ਨਾਨੀ ਨੇ ਮੈਨੂੰ ਧੱਕੇ ਨਾਲ ਇਹ ਕਹਿ ਕੇ ਤੋਰ ਦੇਣਾ ਸੀ, "ਪੜੂ ਤੇਰਾ ਪਿਉ। ਨਾ ਭਾਈ, ਤੂੰ ਜਾ। ਸਕੂਲੋਂ ਨਾਗਾ ਪਾ ਕੇ ਮੈਨੂੰ ਨਾ ਉਲਾਂਭਾ ਦੁਆਈਂ। ਮੈਂ ਆਪਣੇ ਪੈਰੀਂ ਆਪ ਕੁਹਾੜੀ ਮਾਰ ਬੈਠਾ ਸੀ। ਕੁੱਝ ਨਹੀਂ ਸੀ ਹੋ ਸਕਦਾ।"
ਮੈਂ ਆਨੀ ਬਹਾਨੀ ਬਿੰਦੇ-ਝੱਟੇ ਜੀਤੀ ਨੂੰ ਦੇਖ ਲੈਂਦਾ ਸੀ। ਉਹ ਵੀ ਘੜੀ-ਮੁੜੀ ਮੇਰੇ ਵੱਲ ਤੱਕਦੀ ਰਹਿੰਦੀ ਸੀ। ਜਦੋਂ ਕਦੇ ਸਾਡੀ ਨਿਗਾਹ ਸਾਂਝੀ ਹੁੰਦੀ ਸੀ ਤਾਂ ਉਹ ਸ਼ਰਮਾ ਜਾਇਆ ਕਰਦੀ ਸੀ। ਮੇਰਾ ਵੀ ਮੰਦ ਮੰਦ ਮੁਸਕਾਉਣ ਲੱਗ ਜਾਂਦਾ ਹੁੰਦਾ ਸੀ।
ਮੈਂ ਥੱਲੇ ਨੂੰ ਝਾਕ ਰਿਹਾ ਸੀ ਕਿ ਰਸੋਈ ਦਾ ਦਰਵਾਜ਼ਾ ਬੰਦ ਹੋ ਗਿਆ ਸੀ। ਦਰਵਾਜ਼ੇ ਚੋਂ ਅੰਦਰੋਂ ਬਾਹਰ ਸਾਫ਼ ਸਾਫ਼ ਦਿਸਦਾ ਸੀ। ਪਰ ਬਾਹਰੋਂ ਜਾਲੀ 'ਤੇ ਰੰਗ ਕਰਿਆ ਹੋਣ ਕਰਕੇ ਕੁੱਝ ਵੀ ਦਿਖਾਈ ਨਹੀਂ ਦਿੰਦਾ ਸੀ। ਬੂਹਾ ਆਪੇ ਲੱਗ ਗਿਆ ਸੀ ਜਾਂ ਜੀਤੀ ਨੇ ਭੇੜਿਆ ਸੀ। ਮੈਂ ਨਹੀਂ ਜਾਣਦਾ। ਪਰ ਮੇਰਾ ਦਿਲ ਕਹਿੰਦਾ ਸੀ। ਹਵਾ ਨਾਲ ਢੋਹਿਆ ਗਿਆ ਹੋਊ। ਜੀਤੀ ਦਰ ਲਾਵੇ। ਇਹ ਨਹੀਂ ਹੋ ਸਕਦਾ। ਮੇਰੀ ਦਿਲਰੁਬਾ ਐਨੀ ਸੰਗਦਿਲ ਅਤੇ ਬੇਮੁਰੱਵਤ ਤਾਂ ਨਹੀਂ ਹੋ ਸਕਦੀ।
ਦਿਲ ਤਾਂ ਚਾਹੁੰਦਾ ਸੀ ਆਪ ਜਾ ਕੇ ਦਰਵਾਜ਼ਾ ਖੋਲ੍ਹ ਦੇਵਾਂ। ਪਰ ਨਾਨੀ ਸਿਰ 'ਤੇ ਬੈਠੀ ਸੀ। ਮੈਂ ਨਾਨੀ ਨੂੰ ਚੁੱਪ-ਗੜੁੱਪ ਦੇਖ ਕੇ ਗੱਲ ਛੇੜੀ ਸੀ, "ਹੋਰ ਮਾਮਿਆਂ ਦਾ ਫੋਨ ਫੂਨ ਆ ਜਾਂਦਾ ਹੋਣੈ?"
"ਨਾ ਕਿੱਥੇ ਪੁੱਤ ਰਾਮ ਰਾਮ ਕਹੁ। ਕਦੇ ਨਈਂ ਉਹਨਾਂ ਨੇ ਤਾਂ ਨਲਾਇਕਾਂ ਨੇ ਕਦੇ ਚਿੱਠੀ ਨਹੀਂ ਪਾਈ, ਤੂੰ ਫੋਨ ਕਹਿੰਨਾ ਹੈਂ। ਉਹਨਾਂ ਨੇ ਹੁਣ ਮੈਥੋਂ ਬੁੜੀ ਤੋਂ ਕੀ ਲੈਣੈ? ਹੱਥ ਵਢਾਈ ਬੈਠੀ ਹਾਂ ਰਾਜ਼ੀ ਬਾਜ਼ੀ ਰਹਿਣ ਜੁਆਨੀਆਂ ਮਾਨਣ।ਆਦਮੀ ਦੇ ਸਿਰ 'ਤੇ ਰਾਜ ਸੀ। ਸਿਰ ਦੇ ਸਾਈਂ ਮਗਰੋਂ ਤਾਂ ਕਾਹਦਾ ਜੀਣ ਆ। ਠੋਕਰਾਂ ਖਾਣ ਹੀ ਆ।"
ਨਾਨੀ ਦੀਆਂ ਅੱਖਾਂ ਭਰ ਕੇ ਛਲਕ ਪਈਆਂ ਸਨ। ਉਹਨੇ ਐਨਕਾਂ ਉੱਚੀਆਂ ਕਰਕੇ ਚੁੰਨੀ ਦੇ ਪੱਲੇ ਨਾਲ ਅੱਖਾਂ ਦੀਆਂ ਕੋਰਾਂ ਪੁੰਝੀਆਂ ਸਨ। ਮੇਰੇ ਤੋਂ ਨਾਨੀ ਦੇ ਦਰਦ ਨੂੰ ਹੋਰ ਫਰੋਲਣ ਦੀ ਜੁਰਅਤ ਨਹੀਂ ਸੀ ਹੋਈ। ਨਾਨੀ ਦਾ ਧਿਆਨ ਵਟਾਉਣ ਦੇ ਇਰਾਦੇ ਨਾਲ ਮੈਂ ਮਜ਼ਮੂਨ ਬਦਲਿਆ ਸੀ, "ਸੁਣਾ ਫੇਰ ਬੇਬੇ ਤੇਰੇ ਜੋੜਾਂ ਦੇ ਦਰਦ ਨੂੰ ਕੋਈ ਮੋੜ ਪਿਆ, ਕਿ ਨਹੀਂ?"
"ਨਾ ਕਾਹਨੂੰ ਉਮੇਂ ਈਂ ਆ। ਹੁਣ ਕੀ ਰਾਮ ਆਉਣਾ ਹੈ। ਸਗੋਂ ਠੰਡ ਨਾਲ ਤਾਂ ਰੋਗ ਹੋਰ ਜ਼ਿਆਦਾ ਵੱਧ ਗਿਆ ਹੈ।"
"ਮੈਂ ਤਾਂ ਕਹਿੰਨਾਂ ਕਾਲੂੰ ਮੇਰੇ ਨਾਲ ਹੀ ਉੱਠ ਚੱਲ। ਉੱਥੇ ਪੀ ਜੀ ਆਈ 'ਚ ਹੱਡੀਆਂ ਦਾ ਮਾਹਰ ਹੈ, ਚਾਵਲਾ। ਬਹੁਤ ਸਿਆਣਾ ਡਾਕਟਰ ਆ। ਉਹਦੇ ਤੋਂ ਤੇਰਾ ਇਲਾਜ਼ ਕਰਵਾ ਦਿੰਦੇ ਹਾਂ। ਨਾਲੇ ਤੈਨੂੰ ਸਾਭਾਂਗੇ।"
"ਤੂੰ ਆਪ ਤਾਂ ਮੇਰੇ ਕੋਲ ਰਹਿੰਦਾ ਨ੍ਹੀਂ। ਮੈਂ ਕਿਉਂ ਰਹਾਂ ਥੋਡੇ ਫੇਰ? ਮੇਰੇ ਘਰ ਘਾਟਾ ਕਿਸੇ ਚੀਜ਼ ਦਾ? ਅਗਲਾ ਕਹੂ ਕੁੜੀ ਦੇ ਟੁੱਕੜਿਆਂ 'ਤੇ ਬੈਠੀ ਆ ਬੁੜੀ।"
"ਕੋਈ ਕੁੱਝ ਨਹੀਂ ਕਹਿੰਦਾ ਬੇਬੇ ਤੈਨੂੰ।"
"ਨਾਂਹ ਨਿੱਕੜਿਆ ਫਰੀਦ ਦੀ ਬਾਣੀ ਕਹਿੰਦੀ ਆ 'ਬਾਰਿ ਪਰਾਏ ਬੈਸਣਾ, ਸਾਈਂ ਮੁਝੇ ਨ ਦੇਹਿ ਜੇ ਤੂ ਏਵੈ ਰਖਸੀ, ਜੀਓ ਸਰੀਰਹੁ ਲੇਹਿ।"
ਥੋੜ੍ਹਾ ਚਿਰ ਠਹਿਰਣ ਮਗਰੋਂ ਨਾਨੀ ਨੇ ਮੇਰਾ ਧਿਆਨ ਵਾਸ਼ਿੰਗ-ਮਸ਼ੀਨ ਵੱਲ ਦਿਵਾਇਆ ਸੀ, ਜੋ ਕਿ ਕਈ ਦਿਨਾਂ ਦੀ ਖ਼ਰਾਬ ਪਈ ਸੀ। ਮੈਂ ਮਸ਼ੀਨ ਚਲਾ ਕੇ ਦੇਖੀ ਸੀ ਤਾਂ ਉਸ ਵਿੱਚ ਕਰੰਟ ਨਹੀਂ ਸੀ ਆ ਰਿਹਾ। ਇਸ ਸੂਰਤ-ਏ-ਹਾਲ ਵਿੱਚ ਕੋਈ ਗਿਆ ਗੁਜ਼ਰਿਆ ਮਿਸਤਰੀ ਵੀ ਕਰੰਟ ਆਉਂਣ ਦੇ ਮੁਢਲੇ ਪੜਾਵਾਂ ਦਾ ਹੀ ਨਿਰਖਣ ਕਰੇਗਾ। ਮੈਂ ਵੀ ਸਭ ਤੋਂ ਪਹਿਲਾਂ ਪਲੱਗ ਖੋਲ੍ਹ ਕੇ ਜਾਂਚ ਲੈਣਾ ਬੇਹਤਰ ਜਾਤਾ ਸੀ। ਪਲੱਗ ਦੇ ਖੋਲ੍ਹਣ 'ਤੇ ਮੇਰਾ ਸ਼ੱਕ ਸਹੀ ਨਿਕਲਿਆ ਸੀ। ਲਾਈਵ ਤਾਰ ਭੁਰ ਕੇ ਪਿੰਨ ਨਾਲੋਂ ਟੁੱਟੀ ਹੋਈ ਸੀ। ਮੈਂ ਗੰਢ ਕੇ ਮਸ਼ੀਨ ਚਲਾ ਕੇ ਦੇਖੀ ਸੀ ਤਾਂ ਉਹ ਫਟ ਚੱਲ ਪਈ ਸੀ। ਮਸ਼ੀਨ ਦੀ ਗੜਗੜਾਹਟ ਸੁਣ ਕੇ ਜੀਤੀ ਗਦ-ਗਦ ਹੋ ਗਈ ਸੀ, "ਵਾਹ ਰਾਜੂ ਤੂੰ ਤਾਂ ਜੀਨੀਅਸ ਵਾ।"
ਜੀਤੀ ਦੇ ਕਹੇ ਤੋਂ ਇਉਂ ਸੰਗੀਤ ਝੜਿਆ ਸੀ ਜਿਵੇਂ ਸਿਤਾਰ ਦੀਆਂ ਤਾਰਾਂ ਨੂੰ ਕਿਸੇ ਨੇ ਛੇੜ ਦਿੱਤਾ ਹੋਵੇ। ਜੀਤੀ ਵੱਲੋਂ ਮਿਲੇ ਜੀਨੀਅਸ ਦੇ ਖ਼ਿਤਾਬ ਨਾਲ ਮੈਨੂੰ ਓਨੀ ਮੁਸੱਰਤ ਹੋਈ ਜਿੰਨੀ ਕਿਸੇ ਅਦਨੇ ਬੰਦੇ ਨੂੰ ਆਪਣੇ ਨਾਮ ਨਾਲ ਸਰ, ਯੂਅਰ ਐੱਕਸਲੈਸੀ ਜਾਂ ਹਿੱਜ ਹਾਈਨੈੱਸ ਵਰਗਾ ਲਕਬ ਜੁੜਣ ਪੁਰ ਹੁੰਦੀ ਹੈ। ਮੈਨੂੰ ਹੱਥਾਂ ਪੈਰਾਂ ਵਿੱਚ ਆਏ ਨੂੰ ਇੰਝ ਲੱਗਦਾ ਸੀ ਜਿਵੇਂ ਮੈਂ ਧਰਤੀ ਤੋਂ ਗਿੱਠ ਗਿੱਠ ਉੱਪਰ ਹੀ ਚਲ ਰਿਹਾ ਹੋਵਾਂ।
ਦੁਪਹਿਰ ਢਲ ਕੇ ਆਥਣ ਹੋ ਗਿਆ ਸੀ। ਧੁੱਪ ਨੂੰ ਛੁੱਟੀ ਦੇ ਕੇ ਛਾਂ ਪਹਿਰੇ 'ਤੇ ਆ ਬੈਠੀ ਸੀ। ਚਾਹ ਦਾ ਵੇਲੇ ਸੀ। ਨਾਨੀ ਦਾ ਅਮਲ ਟੁੱਟ ਰਿਹਾ ਸੀ। ਸੰਨ੍ਹੀ ਕਰਕੇ ਆ ਕੇ ਜੀਤੀ ਨੇ ਵੀ ਪਤੀਲਾ ਖੜ੍ਹਕਾਇਆ ਸੀ ਤਾਂ ਨਾਨੀ ਨੂੰ ਪਤਾ ਚੱਲ ਗਿਆ ਕਿ ਉਹ ਚਾਹ ਧਰਨ ਲੱਗੀ ਸੀ।
"ਜੀਤੀ ਚਾਹ ਤਾਂ ਇਹ ਪੀਂਦਾ ਨ੍ਹੀਂ। ਆਂਹਦੈ ਰੰਗ ਕਾਲਾ ਹੁੰਦਾ ਹੈ। ਆਪਣੇ ਦੋਨਾਂ ਜੋਗੀ ਕਰਕੇ ਇਹਦੇ ਲਈ ਗੜਵੀ ਕੁ ਦੁੱਧ ਕੋਸਾ ਕਰ ਦੇਈਂ।"
ਜੀਤੀ ਨਾਨੀ ਨੂੰ ਚਾਹ ਫੜਾ ਕੇ ਮੇਰੇ ਲਈ ਦੁੱਧ ਲੈਣ ਚਲੀ ਗਈ ਸੀ। ਮੇਰੇ ਦਿਮਾਗ ਵਿੱਚ ਇਹ ਸਕੀਮ ਉਸਲਵੱਟੇ ਲੈਣ ਲੱਗੀ ਸੀ ਕਿ ਜਦੋਂ ਜੀਤੀ ਲਿਆ ਕੇ ਦੁੱਧ ਦਾ ਗਿਲਾਸ ਮੈਨੂੰ ਫੜਾਉਗੀ ਤਾਂ ਮੈਂ ਗਿਲਾਸ ਪਕੜਣ ਦੇ ਪੱਜ ਨਾਲ ਉਹਦਾ ਹੱਥ ਘੁੱਟ ਲਵਾਂਗਾ।
ਪਰ ਜੋ ਬੰਦਾ ਸੋਚਦਾ ਹੈ, ਜੇ ਉਵੇਂ ਹੀ ਹੋਣ ਲੱਗ ਜਾਵੇ ਤਾਂ ਰੱਬ ਨੂੰ ਕੌਣ ਯਾਦ ਕਰੂ? ਮੇਰਾ ਦਿਲ ਟੁੱਟ ਗਿਆ ਸੀ ਜਦੋਂ ਜੀਤੀ ਦੁੱਧ, ਪੇਠਾ, ਬਿਸਕੁੱਟ ਅਤੇ ਖੋਏ ਦੀਆਂ ਪਿੰਨਿਆਂ ਛੋਟੀਆਂ ਛੋਟੀਆਂ ਪਲੇਟਾਂ ਵਿੱਚ ਪਾ ਕੇ, ਇੱਕ ਟਰੇਅ ਵਿੱਚ ਰੱਖ ਕੇ ਲੈ ਆਈ ਸੀ। ਹੁਣ ਮੈਂ ਬਣੀ ਬਣਾਈ ਟਰੇਅ ਤਾਂ ਉਹਦੇ ਹੱਥੋਂ ਫੜ੍ਹ ਨਹੀਂ ਸੀ ਸਕਦਾ। ਮੇਰਾ ਜੀਅ ਕਰਦਾ ਸੀ ਟਰੇਅ ਮੇਜ਼ ਤੋਂ ਚੁੱਕ ਕੇ ਵਿਹੜੇ ਵਿੱਚ ਚਲਾ ਕੇ ਮਾਰਾਂ। ਹੋਸ਼ ਤੋਂ ਕੰਮ ਲੈਂਦਿਆਂ ਮੈਂ ਨਵੀਂ ਚਾਲ ਚਲ ਕੇ ਦੁੱਧ ਤੋਂ ਪਹਿਲਾਂ ਪੀਣ ਲਈ ਪਾਣੀ ਮੰਗਿਆ ਸੀ। ਜੀਤੀ ਐਨੀ ਡੱਫਰ ਨਹੀਂ ਕਿ ਇੱਕ ਗਿਲਾਸ ਵੀ ਤਰਾਮੀ ਜਿੱਡੀ ਟਰੇਅ ਵਿੱਚ ਰੱਖ ਕੇ ਲਿਆਉਂਦੀ।
ਸੱਚ ਕਿਹਾ ਹੈ ਕਿਸੇ ਸ਼ਾਇਰ ਨੇ, 'ਲਾਖ ਤਦਬੀਰੇ ਕਰੇਂ ਇੰਨਸਾਂ ਤੋਂ ਕਿਆ ਹੋਤਾ ਹੈ। ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ।' ਉਵੇਂ ਮੈਨੂੰ ਜੀਤੀ ਨੇ ਪਤਾ ਹੀ ਨਹੀਂ ਸੀ ਲੱਗਣ ਦਿੱਤਾ ਕਿ ਕਿਹੜੇ ਵੇਲੇ ਪਾਣੀ ਮੇਜ਼ ਉੱਤੇ ਰੱਖ ਗਈ ਸੀ। ਮੇਰੀ ਸਾਰੀ ਮਨਸੂਬਾਬੰਦੀ ਧਰੀ ਧਰਾਈ ਰਹਿ ਗਈ ਸੀ। ਖ਼ੈਰ ਮੈਂ 'ਬੈਟਰ ਲੱਕ ਨੈਕਸਟ ਟਾਈਮ' ਆਖ ਕੇ ਆਪਣੇ ਮਨ ਨੂੰ ਤਸੱਲੀ ਦਿੱਤੀ ਸੀ।
ਖਾਸੀ ਦੇਰ ਤੱਕ ਅਸੀਂ ਨਾਨੀ ਦੋਹਤਾ ਦੁੱਖ-ਸੁੱਖ ਕਰਦੇ ਰਹੇ ਸਾਂ। ਜੀਤੀ ਨੇ ਧਾਰ ਚੋਂ ਕੇ ਲਿਆਂਦੇ ਕੱਚੇ ਦੁੱਧ ਨੂੰ ਉਬਾਲਾ ਦੇ ਠੰਢਾ ਹੋਣਾ ਰੱਖ ਦਿੱਤਾ ਸੀ ਤੇ ਆਪਣੇ ਘਰ ਦੁੱਧ ਫੜਾਉਣ ਚਲੀ ਗਈ ਸੀ। ਨਾਨੀ ਨੇ ਮੈਨੂੰ ਦੱਸਿਆ ਸੀ ਕਿ ਮੱਝ ਦਸ ਕਿੱਲੋ ਦੁੱਧ ਦਿੰਦੀ ਸੀ। ਇੱਕਲੀ ਨਾਨੀ ਅਤੇ ਜੀਤੀ ਲਈ ਦਸ ਕਿੱਲੋ ਦੁੱਧ ਬਹੁਤ ਜ਼ਿਆਦਾ ਸੀ। ਇਸ ਲਈ ਵਾਧੂ ਦੁੱਧ ਜੀਤੀ ਆਪਣੇ ਘਰ ਦੇ ਦਿੰਦੀ ਸੀ। ਜਾਂਦੀ ਹੋਈ ਜੀਤੀ, ਯਾਨੀ ਸਾਰੇ ਘਰ ਦੀ ਰੌਣਕ ਵੀ ਨਾਲ ਹੀ ਲੈ ਗਈ ਸੀ। ਮੈਨੂੰ ਉਹਦੇ ਬਿਨਾਂ ਘਰ ਸੁੰਨਾ-ਸੁੰਨਾ ਲੱਗਦਾ ਸੀ। ਥੋੜ੍ਹੀ ਦੇਰ ਹੋਰ ਮੈਂ ਨਾਨੀ ਨਾਲ ਉਰਲੀਆਂ ਪਰਲੀਆਂ ਮਾਰਦਾ ਰਿਹਾ ਸੀ। ਬਾਹਰ ਵੀ ਠੰਡ ਹੋ ਚੱਲੀ ਸੀ। ਨਾਨੀ ਉੱਠ ਅੰਦਰ ਪੂਜਾ-ਅਰਚਣਾ ਕਰਨ ਚਲੀ ਗਈ ਸੀ ਤੇ ਮੈਂ ਉੱਠ ਕੇ ਘਰ ਦੇਖਣ ਲੱਗ ਪਿਆ ਸੀ।
ਮੇਰੇ ਦੋ ਮਾਮੇ ਹਨ। ਦੋਨੋਂ ਹੀ ਬਾਹਰਲੇ ਮੁਲਖਾਂ ਵਿੱਚ ਪਰਵਾਰਾਂ ਸਮੇਤ ਵਸੇ ਹੋਏ ਹਨ। ਵੱਡਾ ਇੰਗਲੈਂਡ ਵਿੱਚ ਤੇ ਨਿੱਕਾ ਕਨੇਡਾ 'ਚ ਹੈ। ਨਿੱਕਾ ਮਾਮਾ ਕਹਿੰਦੇ ਨੇ ਉਦੋਂ ਬੀ ਏ ਦਾ ਪਹਿਲਾ ਭਾਗ ਹੀ ਕਰਦਾ ਸੀ। ਜਦੋਂ ਉਹਨੇ ਨਾਨੇ ਨਾਨੀ ਦੇ ਗਲ੍ਹ 'ਚ ਅੰਗੂਠਾ ਦੇਣਾ ਸ਼ੁਰੂ ਕਰ ਦਿੱਤਾ ਸੀ, "ਮੈਨੂੰ ਤਾਂ ਬਾਹਰ ਭੇਜੋ। ਨਹੀਂ, ਗੱਡੀ ਥੱਲੇ ਆ ਕੇ ਮਰਦਾਂ।"
ਸਭ ਨੇ ਮਾਮੇ ਨਾਲ ਬਥੇਰੀ ਸਿਰ ਖਪਾਈ ਕੀਤੀ ਸੀ, "ਸਿੱਧਰਿਆ! ਬਾਹਰ ਜਾ ਕੇ ਤੂੰ ਕੀ ਕਰੇਂਗਾ? ਜਦ ਇੱਥੇ ਹੀ ਡੱਕਾ ਤੋੜ ਕੇ ਦੂਹਰਾ ਨਹੀਂ ਕਰਦਾ। ਚੰਗਾ ਖਾਂਦਾ ਹੈਂ। ਚੰਗਾ ਪਹਿਨਦਾ ਹੈਂ। ਮੰਦਾ ਬੋਲਦਾ ਹੈਂ। ਸਿਰ ਗਲੀਆਂ ਕਰਦਾ ਹੈਂ। ਇੱਥੇ ਰੰਗ-ਭਾਗ ਲੱਗੇ ਹੋਏ ਨੇ। ਦੱਸ ਕਿਹੜੀ ਗੱਲੋਂ ਔਖਾ ਹੈਂ?"
ਪਰ ਮਾਮੇ ਦੇ ਕੁੱਝ ਪੱਲੇ ਨਹੀਂ ਸੀ ਪਿਆ। ਉਹਨੇ ਬਾਹਰ ਜਾਣ ਦੀ ਰੱਟ ਨਹੀਂ ਛੱਡੀ ਸੀ। ਇੱਕ ਦਿਨ ਕਲੇਸ਼ ਪਾ ਕੇ ਰੋਟੀ ਨਹੀਂ ਖਾਧੀ ਸੀ ਤੇ ਬਾਹਰ ਨੂੰ ਇਹ ਕਹਿੰਦਾ ਹੋਇਆ ਭੱਜ ਲਿਆ ਸੀ, "ਨਹਿਰ 'ਚ ਛਾਲ ਮਾਰਦਾਂ।"
ਨਾਨੇ ਨੇ ਤਾਂ ਉਹਦੀਆਂ ਗਿੱਦੜ-ਭੱਬਕੀਆਂ ਦੀ ਕੋਈ ਪਰਵਾਹ ਨਹੀਂ ਮੰਨੀ ਸੀ ਤੇ ਕਿਹਾ ਸੀ, "ਮਰ-ਮਰ, ਨਾਲੇ ਸਾਡੀ ਜਾਨ ਸੁਖਾਲੀ ਹੋਊ। ਕਹੇਂ ਤਾਂ ਮੈਂ ਨਾਲ ਚਲਦਾਂ ਤੈਨੂੰ ਧੱਕਾ ਦੇਣ ਨੂੰ।"
ਮਗਰ ਨਾਨੀ ਤੋਂ ਰਹਿ ਨਹੀਂ ਸੀ ਹੋਇਆ। ਆਖ਼ਰ ਮਾਂ ਸੀ। ਉਹ ਮਾਮੇ ਦੇ ਪਿੱਛੇ ਭੱਜੀ ਗਈ ਸੀ। ਮਸਾਂ ਮਿੰਨਤਾ-ਤਰਲੇ ਕਰਕੇ ਮਾਮੇ ਨੂੰ ਨਹਿਰ ਦੇ ਪੁੱਲ ਤੋਂ ਮੋੜ ਕੇ ਲਿਆਈ ਸੀ ਓਦਣ। ਜਿਵੇਂ ਮਰਦੀ ਨੂੰ ਜੀਉਣ ਲਈ ਅੱਕ ਚੱਬਣਾ ਹੀ ਪੈਦਾਂ ਹੈ, ਉਵੇਂ ਆਏ ਦਿਨ ਮਾਮੇ ਨੂੰ ਭਾਂਡੇ ਭੰਨਦਾ ਦੇਖ ਕੇ ਨਾਨੇ ਨੇ ਮਾਰਿਆ ਸੀ ਤਿੰਨ ਲੱਖ ਏਜੰਟ ਦੇ ਮੱਥੇ 'ਤੇ ਮਾਮੇ ਨੂੰ ਕੈਨੇਡਾ ਨੂੰ ਦਬੱਲ ਦਿੱਤਾ ਸੀ।
ਮਾਮਾ ਕੈਨੇਡਾ ਪੁਹੰਚਿਆ ਮਗਰੋਂ ਸੀ, ਚਿੱਠੀਆਂ ਪਹਿਲਾਂ ਪਾਉਣ ਲੱਗ ਗਿਆ ਸੀ, "ਮੈਂ ਤਾਂ ਬਹੁਤ ਔਖਾ ਹਾਂ।ਮੈਨੂੰ ਤਾਂ ਛੇਤੀ ਵਾਪਸ ਮੰਗਵਾ ਲਉ।ਮੇਰਾ ਨਹੀਂ ਇੱਥੇ ਜੀਅ ਲੱਗਦਾ।ਬਗੈਰਾ… ਬਗੈਰਾ…।"
ਨਾਨੇ ਨੇ ਕੋਈ ਹੇਜ਼ ਨਹੀਂ ਜਗਾਇਆ ਸੀ, "ਉਦੋਂ ਤਾਂ ਬਾਹਰ ਜਾਣ ਨੂੰ ਰੱਸੇ ਤੜੌਂਦਾ ਸੀ। ਹੁਣ ਉੱਥੇ ਹੀ ਰਹਿ ਜਿਹੋ ਜਿਹੀ ਲਾਇਕੀ ਦਾ ਮਾਲਕ ਹੈਂ। ਉਹੋ ਜਿਹਾ ਤੇਰੇ ਨਾਲ ਹੋਊ।"
ਨਾਨੀ ਨੇ ਹੀ ਖਹਿੜੇ ਪੈ ਕੇ ਮਾਮੇ ਨੂੰ ਬਾਹਰ ਭੇਜਣ ਲਈ ਨਾਨੇ ਨੂੰ ਮਨਾਇਆ ਸੀ। ਹੁਣ ਉਹ ਵੀ ਬੋਲਣ ਜੋਗੀ ਨਹੀਂ ਰਹੀ ਸੀ। ਦੋ ਤਿੰਨ ਸਾਲ ਮਾਮਾ ਕਨੇਡਾ ਵਿੱਚ ਰੁੱਲਦਾ- ਖੁੱਲਦਾ ਰਿਹਾ ਸੀ। ਤੇ ਫਿਰ ਇੱਕ ਦਿਨ ਮਾਮੇ ਦੀ ਚਿੱਠੀ ਆਈ ਸੀ ਕਿ ਉਹਨੂੰ ਪੱਕਾ ਹੋਣ ਲਈ ਉੱਧਰ ਵਿਆਹ ਕਰਵਾਉਣਾ ਪੈਣਾ ਸੀ। ਵਿਆਹ ਬਿਨਾਂ ਪੱਕੇ ਹੋਣ ਦਾ ਹੋਰ ਕੋਈ ਰਾਹ ਨਹੀਂ ਸੀ। ਮਾਂ -ਪਿਉ ਤਾਂ ਧੀਆਂ ਪੁੱਤ ਦੇ ਜੰਮਣ ਸਾਰ ਉਹਨਾਂ ਨੂੰ ਵਿਆਹੁਣ ਦੇ ਸੁਪਨੇ ਦੇਖਣ ਲੱਗ ਜਾਂਦੇ ਨੇ। ਨਾਨੇ ਨਾਨੀ ਨੂੰ ਵੀ ਪੁੱਤ ਨੂੰ ਹੱਥੀਂ ਨਾ ਵਿਆਹ ਸਕਣ ਦਾ ਦੁੱਖ ਤਾਂ ਹੋਇਆ ਸੀ। ਪਰ ਪੁੱਤ ਦੇ ਭਵਿੱਖ ਵੱਲ ਦੇਖਦਿਆਂ ਸੀਨੇ 'ਤੇ ਪੱਥਰ ਰੱਖ ਕੇ ਉਹਨਾਂ ਨੇ ਮਾਮੇ ਨੂੰ ਵਿਆਹ ਦੀ ਅਨੁਮਤੀ ਦੇਣ ਦਾ ਵਿਚਾਰ ਬਣਾ ਲਿਆ ਸੀ। ਅਜੇ ਘਰ ਵਿੱਚ ਸਲਾਹਾਂ ਚਲਦੀਆਂ ਸਨ ਕਿ ਮਾਮੇ ਨੂੰ ਫੋਨ ਕਰਿਆ ਜਾਵੇ ਜਾਂ ਚਿੱਠੀ ਪਾਈ ਜਾਵੇ ਕਿ ਮਾਮੇ ਦੀ ਹੀ ਚਿੱਠੀ ਆ ਗਈ ਸੀ। ਉਹਨੇ ਤਾਂ ਉੱਥੇ ਕਿਸੇ ਗੋਰੀ ਨਾਲ ਵਿਆਹ ਕਰਵਾ ਵੀ ਲਿਆ ਸੀ। ਵਿਆਹ ਨਾਲੋਂ ਜ਼ਿਆਦਾ ਗੋਰੀ ਸ਼ਬਦ ਨੇ ਨਾਨੇ ਨਾਨੀ ਦੇ ਦਿਲ 'ਤੇ ਸੱਟ ਮਾਰੀ ਸੀ। ਉਹ ਮਾਮੇ ਨੂੰ ਕਈ ਦਿਨ ਕੋਸਦੇ ਰਹੇ ਸਨ। ਓੜਕ ਹੋਏ ਬੀਤੇ 'ਤੇ ਮਿੱਟੀ ਪਾ ਕੇ ਨਾਨੇ ਨਾਨੀ ਨੇ ਮਾਮੇ ਨੂੰ ਵਧਾਈਆਂ ਦੀ ਚਿੱਠੀ ਲਿਖੀ ਸੀ ਕਿ ਉਹ ਪਿੰਡ ਨੂੰ ਵਿਆਹ ਦੀ ਮੂਵੀ ਅਤੇ ਵਹੁਟੀ ਦੀਆਂ ਫੋਟੋ ਭੇਜੇ। ਖ਼ਤ ਅਜੇ ਡਾਕ ਵਿੱਚ ਵੀ ਨਹੀਂ ਸੀ ਪਾਇਆ ਕਿ ਮਾਮੇ ਦਾ ਇੱਕ ਹੋਰ ਪੱਤਰ ਆ ਗਿਆ ਸੀ, ਜਿਸ ਵਿੱਚ ਮਾਮੇ ਦੇ ਘਰ ਕਨੈਡੀਅਨ ਮਾਮੀ ਦੀ ਕੁੱਖੋਂ ਕਾਕੇ ਦੇ ਜੰਮਣ ਦੀ ਖੁਸ਼ਖਬਰੀ ਦਰਜ਼ ਸੀ।
ਵਿਆਹ ਤੋਂ ਮਹੀਨੇ ਬਾਅਦ ਹੀ ਮੁੰਡਾ ਹੋ ਗਿਆ ਹੈ? ਕੀ ਦੱਸਾਂਗੇ ਅਸੀਂ ਸ਼ਰੀਕੇ ਕਬੀਲੇ ਨੂੰ? ਮੱਥਾ ਫੜ੍ਹ ਕੇ ਨਾਨਾ ਨਾਨੀ ਦੋਹੇਂ ਹੀ ਚਿੰਤਾ 'ਚ ਡੁੱਬ ਗਏ ਸਨ। ਉਹਨਾਂ ਦਾ ਤਾਂ ਪੁੱਤ ਦੀ ਕਰਤੂਤ ਬਾਰੇ ਖ਼ਿਆਲ ਆਉਂਦਿਆਂ ਹੀ ਧਰਤੀ ਵਿੱਚ ਗਰਕ ਜਾਣ ਨੂੰ ਚਿੱਤ ਕਰਦਾ ਸੀ।
"ਕੀ ਤੁਸੀਂ ਰੰਡੀ ਰੋਣਾ ਪਾਈ ਬੈਠੇ ਹੋ। ਓਧਰਲਿਆਂ ਮੁਲਖਾਂ 'ਚ ਇਵੇਂ ਹੀ ਹੁੰਦਾ ਹੈ। ਇਹ ਤਾਂ ਫੇਰ ਅਜੇ ਮਗਰੋਂ ਹੋਇਆ ਹੈ। ਓਧਰ ਤਾਂ ਨਿਆਣੇ ਪਹਿਲਾਂ ਤੇ ਵਿਆਹ ਮਗਰੋਂ ਹੁੰਦੇ ਨੇ।" ਡਬਲ ਐਮ ਏ ਵੱਡੇ ਮਾਮੇ ਨੇ ਨਾਨੇ ਨਾਨੀ ਨਾਲ ਕਾਫ਼ੀ ਮਗ਼ਜ਼ ਖਪਾਇਆ ਸੀ।
ਕਈ ਦਿਨ ਲੱਗੇ ਸਨ ਨਾਨੇ ਹੋਰਾਂ ਨੂੰ ਇਸ ਝਟਕੇ ਤੋਂ ਬਾਅਦ ਸੰਭਲਣ ਨੂੰ। ਹੌਲੀ-ਹੌਲੀ ਸਮੇਂ ਦੀ ਮਿੱਟੀ ਪੈਣ ਨਾਲ ਨਾਨੇ ਨਾਨੀ ਦੇ ਜ਼ਖ਼ਮਾਂ ਦੇ ਖੂਹ ਭਰੇ ਸਨ ਤਾਂ ਵੱਡੇ ਮਾਮੇ ਦੀ ਹਵਾ ਖ਼ਰਾਬ ਹੋ ਗਈ ਸੀ। ਹੁਣ ਉਹ ਬਾਹਰ ਜਾਣ ਦੀ ਮੂੜ੍ਹੀ ਦੇਣ ਲੱਗ ਪਿਆ ਸੀ।
"ਮੈਂ ਇੱਥੇ ਧੰਦ ਪਿੱਟਦਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਹਾਂ। ਓਧਰ ਛੋਟਾ ਮੇਮਾਂ ਨਾਲ ਐਸ਼ਾਂ ਕਰਦਾ ਫਿਰਦੈ। ਛੋਟੇ ਨੂੰ ਤਿੰਨ ਲੱਖ ਕੱਢ ਕੇ ਝੱਟ ਫੜਾ 'ਤਾ ਸੀ। ਹੁਣ ਮੇਰੀ ਵਾਰੀ ਸੱਪ ਕਿਉਂ ਸੁੰਘਦੈ ਥੋਨੂੰ? ਮੈਨੂੰ ਵੀ ਦਿਉ ਪੈਸੇ। ਮੈਂ ਨਹੀਂ ਇੱਥੇ ਰਹਿਣਾ। ਸਾਭੋਂ ਆਪਣਾ ਟਰੈਕਟਰ।"
ਇਉਂ ਵੱਡਾ ਮਾਮਾ ਵੀ ਖੇਤੀ ਤੋਂ ਸਨਿਆਸ ਲੈ ਕੇ ਘਰੇ ਬੈਠ ਗਿਆ ਸੀ। ਮਾਸੀ, ਮਾਸੜ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਮੇਰੇ ਮੰਮੀ, ਡੈਡੀ ਨੇ ਉਹਦੇ ਨਾਲ ਵੀ ਮੱਥਾ ਮਾਰਿਆ ਸੀ, "ਮੂਰਖਾ! ਨਿੱਕਾ ਤਾਂ ਕਮਲਾ ਸੀ, ਤੂੰ ਤਾਂ ਸਿਆਣਾ ਹੈਂ। ਕੋਈ ਅਕਲ ਦਾ ਲੜ ਸਿਰਾ ਫੜ੍ਹ।"
ਡੈਡੀ ਉਦੋਂ ਅਜੇ ਐਸ ਐਸ ਪੀ ਹੀ ਸਨ। ਉਹਨਾਂ ਨੇ ਮਾਮੇ ਨੂੰ ਜ਼ੋਰ ਲਾਇਆ ਸੀ ਕਿ ਜੇ ਖੇਤੀ ਨਹੀਂ ਕਰਨੀ ਤਾਂ ਆ ਤੈਨੂੰ ਭਰਤੀ ਕਰਵਾ ਦਿੰਦਾ ਹਾਂ। ਨੌਕਰੀ ਕਰ ਲੈ।
"ਲੈ ਮਰਨੈ ਮੈਂ ਪੁਲਿਸ 'ਚ ਭਰਤੀ ਹੋ ਕੇ। ਪੁਲਿਸੀਆਂ ਨੂੰ ਤਾਂ ਖਾੜਕੂ ਬੇਹੇ ਕੜਾਹ ਵਾਂਗੂੰ ਲੈਂਦੇ ਨੇ। ਕੋਈ ਜੂਨ ਆ ਪੁਲਸੀਆਂ ਦੀ? ਕੀ ਪਤਾ ਕਿਹੜੇ ਵੇਲੇ ਬਿਗਾਨੇ ਪੁੱਤ ਘੋਗਾ ਚਿੱਤ ਕਰ ਜਾਣ।" ਮਾਮਾ ਅਸਲੀ ਗੱਲਾਂ 'ਤੇ ਨਹੀਂ ਆਇਆ ਸੀ।
ਨਾਨੀ ਨੇ ਵਰਚਾਉਣ ਲਈ ਇਹ ਵੀ ਆਖਿਆ ਸੀ, "ਚੱਲ ਤੇਰਾ ਵਿਆਹ ਕਰ ਦਿੰਦੇ ਹਾਂ।"
ਪਰ ਵੱਡੇ ਮਾਮੇ ਦੇ ਦਿਮਾਗ ਵਿੱਚ ਵੱੜਿਆ ਹੋਇਆ ਫੌਰਨ ਦਾ ਕੀੜਾ ਕਿੱਥੇ ਨਿਕਲਣਾ ਸੀ? ਨਾਨੇ ਨੇ ਛੋਟੇ ਮਾਮੇ ਦੁਆਰਾ ਲਿਖੇ ਦੁੱਖਾਂ ਦਰਦਾਂ ਦੇ ਦਸਤਾਵੇਜ਼ਾਂ ਦਾ ਥੱਬਾ ਵੀ ਵੱਡੇ ਮਾਮੇ ਮੂਹਰੇ ਸਿੱਟਿਆ ਸੀ, ਤਾਂ ਕਿ ਉਹ ਚਿੱਠੀਆਂ ਪੜ੍ਹ ਕੇ ਵੱਡੇ ਮਾਮੇ ਨੂੰ ਕੋਈ ਸੋਝੀ ਆਵੇ। ਉਹਨਾਂ ਖ਼ਤਾਂ ਵਿੱਚ ਛੋਟੇ ਮਾਮੇ ਨੇ ਪਰਦੇਸਾਂ ਵਿੱਚ ਹੰਢਾਈਂਆਂ ਮੁਸੀਬਤਾਂ, ਪਰਵਾਸ ਦੀਆਂ ਔਕੜਾਂ ਅਤੇ ਦੁਸ਼ਵਾਰੀਆਂ ਦਾ ਵਰਣਨ ਕੀਤਾ ਹੋਇਆ ਸੀ। ਪਰ ਮਾਮਾ ਟੱਸ ਤੋਂ ਮਸ ਨਹੀਂ ਹੋਇਆ ਸੀ। ਜਿਵੇਂ ਨਿਆਣਾ ਹੱਠ ਕਰਦਾ ਹੁੰਦਾ ਹੈ ਕਿ ਮੈਂ ਤਾਂ ਇਹੀ ਟੁੱਟਿਆ ਹੋਇਆ ਖਿਡੌਣਾ ਹੀ ਲੈਣਾ ਹੈ। ਇਵੇਂ ਮਾਮਾ ਲੋਹੇ ਦਾ ਥਣ ਬਣਿਆਂ, ਬਜ਼ਿੱਦ ਰਿਹਾ ਸੀ। ਨਾਨਾ ਉਹਦੇ ਲਈ ਵੀ ਕੌੜਾ ਘੁੱਟ ਭਰਨ ਨੂੰ ਰਜ਼ਾਮੰਦ ਹੋ ਗਿਆ ਸੀ। ਪਰ ਐਨ ਮੌਕੇ 'ਤੇ ਬਿੱਲੀ ਦੇ ਭਾਗਾਂ ਨੂੰ ਛਿੱਕੂ ਟੁੱਟ ਕੇ ਡਿੱਗ ਗਿਆ ਸੀ। ਮਾਮੇ ਦਾ ਇੰਗਲੈਂਡ ਵਿੱਚ ਰਿਸ਼ਤਾ ਹੋ ਗਿਆ ਸੀ। ਤੇ ਵਿਆਹ ਕਰਵਾ ਕੇ ਉਹ ਛੇਤੀ ਹੀ ਇੰਗਲੈਂਡ ਚਲਿਆ ਗਿਆ ਸੀ।
ਪਹਿਲੇ ਪਹਿਲ ਤਾਂ ਦੋਨੋਂ ਮਾਮਿਆਂ ਦੇ ਨਾਨੇ ਨਾਨੀ ਨੂੰ ਛੇਤੀ ਛੇਤੀ ਟੈਲੀਫੂਨ ਅਤੇ ਚਿੱਠੀਆਂ ਆਉਂਦੇ ਰਹੇ ਸਨ। ਫਿਰ ਪਹਿਲਾਂ ਹੌਲੀ ਹੌਲੀ ਫੋਨ ਕਾਲਾਂ ਵਿੱਚ ਅੰਤਰਾਲ ਵੱਧਦਾ ਗਿਆ ਸੀ ਤੇ ਛੇਕੜ ਨੂੰ ਟੈਲੀਫੋਨ ਆਉਣੇ ਬਿਲਕੁਲ ਬੰਦ ਹੋ ਗਏ ਸਨ। ਤੇ ਇਹੋ ਹਾਲ ਚਿੱਠੀਆਂ ਦਾ ਵੀ ਹੋਇਆ ਸੀ। ਆਹਿਸਤਾ ਆਹਿਸਤਾ ਚਿੱਠੀਆਂ ਦੀ ਰਫ਼ਤਾਰ ਘੱਟਦੀ ਗਈ ਸੀ। ਇੱਕ ਚਿੱਠੀ ਤੋਂ ਦੂਜੀ ਚਿੱਠੀ ਵਿਚਲਾ ਫ਼ਾਸਲਾ ਹਫ਼ਤਿਆਂ ਤੋਂ ਮਹੀਨਿਆਂ ਤੱਕ ਤੇ ਮਹੀਨਿਆਂ ਤੋਂ ਵੱਧਦਾ- ਵੱਧਦਾ ਸਾਲਾ ਤੱਕ ਪਹੁੰਚ ਗਿਆ ਸੀ। ਇਉਂ ਹੁਣ ਕਦੇ-ਕਦਾਈਂ ਕੋਈ ਤਿੜਕੀ-ਫਿੜਕੀ ਚਿੱਠੀ ਆ ਜਾਂਦੀ ਹੈ। ਇੱਕ ਮਾਮੇ ਨੇ ਨਹੀਂ, ਦੋਨਾਂ ਨੇ ਹੀ ਇਸ ਤਰ੍ਹਾਂ ਕੀਤਾ ਸੀ। ਇੰਝ ਲੱਗਦਾ ਹੈ ਜਿਵੇਂ ਉਹ ਦੋਨੇਂ ਹਰ ਕਦਮ ਸਲਾਹ ਬਣਾ ਕੇ ਚੁੱਕਦੇ ਹੁੰਦੇ ਹੋਣ। ਜਦੋਂ ਇੱਕ ਦੀ ਚਿੱਠੀ ਆਉਣੀ, ਉਦੋਂ ਹੀ ਦੂਜੇ ਦੀ ਵੀ। ਜਦੋਂ ਦੂਜੇ ਫੋਨ ਨਾ ਕਰਨਾ, ਉਦੋਂ ਪਹਿਲੇ ਨੇ ਵੀ ਬੱਤੀ ਨਾ ਵਟਾਉਣੀ।
ਨਾਨਾ ਦਿਲ ਦਾ ਮਰੀਜ਼ ਹੋਣ ਕਰਕੇ ਪੁੱਤਾਂ ਦੇ ਵਿਜੋਗ ਵਿੱਚ ਹੀ ਪਰਲੋਕ ਸਿਧਾਰ ਗਿਆ ਸੀ। ਵੱਡੇ ਮਾਮੇ ਨੇ ਤਾਂ ਸਸਕਾਰ 'ਤੇ ਆਉਣ ਨੂੰ ਜੁਆਬ ਦੇ ਦਿੱਤਾ ਸੀ ਕਿ ਐਡੀ ਛੇਤੀ ਉਸ ਨੂੰ ਟਿਕਟ ਨਹੀਂ ਮਿਲਣੀ ਅਤੇ ਨਾ ਹੀ ਕੰਮ ਤੋਂ ਛੁੱਟੀ ਮਿਲਣੀ ਹੈ। ਪਰ ਛੋਟਾ ਮਾਮਾ ਹਾਜ਼ਰ ਹੋ ਗਿਆ ਸੀ।
ਜਦੋਂ ਵੱਡੇ ਮਾਮੇ ਨੂੰ ਛੋਟੇ ਮਾਮੇ ਦੇ ਇੰਡੀਆ ਆਉਣ ਦੀ ਖਬਰ ਲੱਗੀ ਸੀ ਉਹਦੀ ਤਾਂ ਖਾਨਿਓ ਚਲੀ ਗਈ ਸੀ। ਦਿਨ ਦਾ ਚੈਨ ਰਾਤ ਦੀ ਨੀਂਦ ਹਰਾਮ ਹੋ ਗਈ ਸੀ ਉਹਦੀ। ਉਹਨੂੰ ਡਰ ਸੀ ਕਿਤੇ ਸਾਰੀ ਜ਼ਮੀਨ ਨੂੰ ਛੋਟਾ ਹੀ ਨਾ ਹੂੰਝਾ ਮਾਰ ਜਾਵੇ। ਤੇ ਉਹ ਪਿੱਛੋਂ ਡੰਡੇ ਵਜਾਉਂਦਾ ਹੀ ਰਹਿ ਜਾਵੇ। ਬਿਨਾਂ ਸੂਚਨਾ ਦਿੱਤਿਆਂ ਵੱਡਾ ਮਾਮਾ ਵੀ ਨਾਨੇ ਦੇ ਭੋਗ 'ਤੇ ਆ ਧਮਕਿਆ ਸੀ। ਦੋਹਾਂ ਮਾਮਿਆਂ ਨੇ ਦਬਾਦਬ ਜ਼ਮੀਨ ਵੰਡ ਲਈ ਸੀ। ਉਹਨਾਂ ਨੂੰ ਖਦਸ਼ਾ ਸੀ ਕਿ ਕਿਤੇ ਭਣੋਇਏੇ ਹੀ ਨਾ ਕੁੰਡੀ ਲਗਾ ਜਾਣ। ਬਾਪ ਦੀ ਜਾਇਦਾਦ ਚੋਂ ਕੁੜੀ ਦਾ ਮੁੰਡੇ ਦੇ ਬਰਾਬਰ ਦਾ ਹੱਕ ਦਿਵਾਉਣ ਵਾਲੇ ਭਾਰਤ ਸਰਕਾਰ ਦੇ ਬਣਾਏ ਕਾਨੂੰਨ ਦੀ ਉਹਨਾਂ ਨੂੰ ਭਿਣਕ ਸੀ। ਜੇ ਭੈਣਾ ਹਿੱਸਾ ਲੈ ਗਈਆਂ ਤਾਂ ਪਿੱਛੇ ਕੀ ਬਚਣੈ?
ਕੈਨੇਡਾ ਵਾਲੇ ਮਾਮੇ ਨੇ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਕਰਕੇ ਪੈਸੇ ਬੈਂਕ ਵਿੱਚ ਮੁਨਿਆਦੀ ਜਮ੍ਹਾਂ ਕਰਵਾ ਦਿੱਤੇ ਸਨ ਅਤੇ ਵੱਡਾ ਮਾਮਾ ਆਪਣੀ ਭੋਏਂ ਠੇਕੇ 'ਤੇ ਚਾੜ੍ਹ ਗਿਆ ਸੀ। ਨਾਨੀ ਕੋਲ ਉਹਦੇ ਗੁਜ਼ਾਰੇ ਜੋਗੇ ਚਾਰ ਕਿੱਲੇ ਰਹਿ ਗਏ ਹਨ। ਉਹਨਾਂ ਚਾਰਾਂ ਖੱਤਿਆਂ ਦਾ ਚਾਲੀ ਹਜ਼ਾਰ ਰੁਪਇਆ ਸਲਾਨਾ ਠੇਕਾ ਨਾਨੀ ਦੇ ਬਚਤ ਖਾਤੇ ਵਿੱਚ ਅਣਛੋਹਿਆ ਹੀ ਜਮ੍ਹਾਂ ਹੋਈ ਜਾਂਦਾ ਹੈ। ਨਾਨੀ ਤੋਂ ਤਾਂ ਐੱਫ ਡੀ ਦਾ ਵਿਆਜ਼ ਹੀ ਨਹੀਂ ਮੁਕਦਾ।
ਭੋਗ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਮਾਮੇ ਵਾਪਸ ਆਪੋ ਆਪਣੇ ਦੇਸ਼ਾਂ ਨੂੰ ਪਰਤ ਗਏ ਸਨ। ਛੋਟਾ ਮਾਮਾ ਜਾਣ ਲੱਗਿਆ ਮਲਮੀ ਜਿਹੀ ਜੀਭ ਨਾਲ ਨਾਨੀ ਨੂੰ ਸੁਲਾਹ ਮਾਰ ਗਿਆ ਸੀ, "ਬੀਬੀ 'ਕੱਲੀ ਇੱਥੇ ਕੀ ਕਰੇਂਗੀ? ਮੇਰੇ ਕੋਲ ਆ ਜਾ ਉੱਕੀ-ਪੁੱਕੀ। ਪੋਤੇ ਪੋਤੀ ਤੇ ਨੂੰਹ ਦਾ ਦਰਸ਼ਨ ਮੇਲਾ ਕਰ ਲਵੀਂ, ਨਾਲੇ ਬਾਹਰਲੀ ਕੰਟਰੀ ਦੇਖ ਲਵੀਂ ਮੈਂ ਕਾਗ਼ਜ਼ ਘੱਲੂੰਂ।"
ਨਾਨੀ ਨੇ ਮਾਮੇ ਨੂੰ ਸੋਚੂੰਗੀ ਆਖ ਕੇ ਟਾਲ ਦਿੱਤਾ ਸੀ। ਨਾਨੀ ਨੇ ਸੋਚਿਆ ਸੀ ਕਿਤੇ ਮਾਮਾ ਬਾਹਰਲਿਆਂ ਵਾਂਗੂੰ ਫੈਂਟਰ ਮਾਰ ਗਿਆ ਸੀ। ਪਰ ਨਹੀਂ, ਮਾਮੇ ਨੇ ਸੱਚੀਂ ਕੈਨੇਡਾ ਜਾਂਦਿਆਂ ਹੀ ਰਾਹਦਾਰੀ ਤੇ ਲੋੜੀਂਦੇ ਕਾਗ਼ਜ਼ ਭੇਜ ਦਿੱਤੇ ਸਨ।
ਅਸੀਂ ਭੱਜ ਨੱਠ ਕਰਕੇ ਨਾਨੀ ਦਾ ਪਾਸਪੋਰਟ ਅਤੇ ਵੀਜੇ ਦਾ ਪ੍ਰਬੰਧ ਕਰ ਦਿੱਤਾ ਸੀ। ਪਰ ਨਾਨੀ ਮਸਾਂ ਹੀ ਮਹੀਨਾ ਟਿਕੀ ਸੀ ਕਨੇਡਾ 'ਚ। ਦੋ ਮਹੀਨੇ ਇੰਗਲੈਂਡ ਰਹਿ ਕੇ ਤਿੰਨ ਮਹੀਨਿਆਂ ਬਾਅਦ ਬਰੰਗ ਲਿਫ਼ਾਫ਼ੇ ਵਾਂਗੂੰ ਵਾਪਸ ਪਰਤ ਆਈ ਸੀ, "ਆ ਕੇ ਦੱਸਦੀ ਸੀ ਖੁੱਡ ਜਿਹੀ 'ਚ ਚੌਵੀ ਘੰਟੇ ਤਾੜੀ ਰੱਖਦੇ ਸੀ। ਨਿਆਣੇ ਦੇ ਜਾਣੇ ਅਖੇ ਸਾਂਭੀ ਚੱਲ।"
ਕੈਨੇਡਾ ਘਰਾਂ ਦੇ ਹੇਠਾਂ ਤਹਿਖਾਨਿਆਂ ਵਾਂਗੂੰ ਕਮਰੇ ਬਣੇ ਹੁੰਦੇ ਨੇ, ਬੇਸਮੈਟ ਕਹਿੰਦੇ ਹਨ ਉਹਨਾਂ ਸਰੁੰਗਾਂ ਜਿਹੀਆਂ ਨੂੰ। ਬਹੁਤੇ ਲੋਕ ਤਾਂ ਉੱਧਰ ਇਹਨਾਂ ਭੋਰਿਆਂ 'ਚ ਹੀ ਜ਼ਿੰਦਗੀਆਂ ਗਾਲੀ ਜਾਂਦੇ ਹਨ। ਨਾਨੀ ਨੂੰ ਉੱਥੇ ਭੋਰੇ ਜਿਹੇ ਵਿੱਚ ਹੀ ਕੈਦ ਕਰੀ ਰੱਖਦੇ ਸਨ ਤੇ ਮਾਮਾ ਮਾਮੀ ਆਪ ਤਾਂ ਦੌਰੇ 'ਤੇ ਹੀ ਰਹਿੰਦੇ ਸਨ। ਕੰਮਕਾਰ ਦੇ ਸਿਲਸਿਲੇ ਵਿੱਚ ਜਾਂ ਕਿਸੇ ਹੋਰ? ਅੱਲਾ ਜਾਣੇ! ਨਿਆਣੇ ਸਾਂਭਣ ਵਾਲੀ ਆਇਆ ਨੂੰ ਉੱਧਰ ਚਾਇਲਡ ਮਾਈਂਡਰ ਕਹਿੰਦੇ ਹਨ। ਕਈ ਕਈ ਡਾਲਰ ਮੰਗਦੀਆਂ ਹਨ ਉਹ ਨਿਆਣਾ ਸੰਭਾਲਣ ਦਾ। ਇਸ ਲਈ ਬੇਬੀ ਸਿਟਰ ਦਾ ਖਰਚਾ ਬਚਾਉਣ ਲਈ ਸਾਜ਼ਿਸ਼ ਨਾਲ ਮਾਮੇ ਨੇ ਨਾਨੀ ਨੂੰ ਆਪਣੇ ਕੋਲ ਬੁਲਾਇਆ ਸੀ। ਰੋਟੀ ਪਾਣੀ ਤੇ ਨਾਨੀ ਕੀ ਮਾੜੀ ਸੀ?
ਨਾਨੀ ਦੀ ਨੂੰਹ ਰਾਣੀ ਆਪ ਤਾਂ ਹਨੇਰੇ ਸਵੇਰੇ ਹੀ ਘਰੇ ਵੜਦੀ ਹੁੰਦੀ ਸੀ। ਜਦੋਂ ਕਨੈਡੀਅਨ ਮਾਮੀ ਘਰ ਆਉਂਦੀ ਤਾਂ ਸਾਰੇ ਦਿਨ ਦੇ ਵਿਰੇ-ਵਰਾਏ ਜੁਆਕ ਉਹਨੂੰ ਦੇਖਦਿਆਂ ਹੀ ਰੋਣ ਲੱਗ ਜਾਂਦੇ ਸਨ। ਨਾਨੀ ਦੀ ਦਿਨ ਭਰ ਦੀ ਕੀਤੀ-ਕੱਤਰੀ ਖੂਹ ਵਿੱਚ ਪੈ ਜਾਂਦੀ ਸੀ। ਉੱਤੋਂ ਮਾਮੀ ਚਾਰੇ ਪੌੜ ਚੁੱਕ ਕੇ ਨਾਨੀ ਨੂੰ ਪੈ ਨਿਕਲਦੀ ਸੀ ਅਖੇ, "ਸਾਰੀ ਦਿਹਾੜੀ ਮੇਰੇ ਬੱਚਿਆਂ ਨੂੰ ਰੁਆਈ ਰੱਖਦੀ ਹੈ।"
ਮਾਮੀ ਦੀਆਂ ਅੰਗਰੇਜ਼ੀ ਗਾਲਾਂ ਦੀ ਤਾਂ ਭਲਾਂ ਨਾਨੀ ਨੂੰ ਕੋਈ ਸਮਝ ਨਹੀਂ ਲੱਗਦੀ ਹੁੰਦੀ ਸੀ। ਪਰ ਬੰਦਾ ਫੇਸ ਐਕਸਪਰੈਸ਼ਨਸ (ਚਿਹਰੇ ਦੇ ਹਾਵ-ਭਾਵ) ਤਾਂ ਸਮਝ ਹੀ ਲੈਂਦਾ ਹੈ ਨਾ। ਮਾਮੇ ਆਏ ਕੋਲ ਮਾਮੀ ਉਹਨੂੰ ਵੀ ਪਤਾ ਨਹੀਂ ਕਿਹੜਾ ਸਬਕ ਪੜਾਉਂਦੀ ਸੀ। ਉਹ ਵੀ ਨਾਨੀ ਉੱਪਰ ਨਜ਼ਲਾ ਝਾੜਣ ਲੱਗ ਜਾਂਦਾ ਸੀ, "ਬੀਬੀ ਤੂੰ ਚੰਗਾ ਭਲਾ ਜਾਣਦੀ ਏ ਬਈ ਤੈਨੂੰ ਇਹ ਲਾਈਕ ਨਹੀਂ ਕਰਦੀ। ਫੇਰ ਮੌਕਾ ਹੀ ਕਿਉਂ ਦਿੰਨੀ ਏ ਇਹਨੂੰ ਕੁੱਝ ਕਹਿਣ ਦਾ। - ਸਾਰੀ ਦਿਹਾੜੀ ਕੀ ਚੱਕੀ ਪੀਹਦੀ ਹੁੰਨੀ ਏ? ਦੋ ਬਲੂਰ ਨਹੀਂ ਤੈਥੋਂ ਸਾਂਭ ਹੁੰਦੇ?"
ਜਦ ਢਿੱਡੋਂ ਕੱਢਿਆ ਹੀ ਨਾਨੀ ਨੂੰ ਸਿੱਧੇ ਮੂੰਹ ਨਹੀਂ ਬੁਲਾਉਂਦਾ ਸੀ ਤਾਂ ਬਿਗਾਨੀ ਧੀ ਨੇ ਕੀ ਸਿਆਨਣਾ ਸੀ? ਨੂੰਹ ਪੁੱਤ ਤੋਂ ਮਨ ਖੱਟਾ ਕਰਕੇ ਨਾਨੀ ਵਾਪਸ ਇੰਡੀਆ ਆਉਣ ਲੱਗੀ ਸੀ ਕਿ ਇੰਗਲੈਂਡ ਵਾਲੀ ਮਾਮੀ ਫੋਨ ਕਰਕੇ ਕਹਿਣ ਲੱਗੀ ਸੀ, "ਬੀਬੀ ਜੀ, ਚਾਰ ਦਿਨ ਸਾਡੇ ਕੋਲ ਕੱਟ ਜਾਊ।"
ਨਾਨੀ ਤਾਂ ਮੰਨਦੀ ਨਹੀਂ ਸੀ, "ਛੱਡੋ ਜਾਣਦੀ ਆਂ ਮੈਂ ਜਿਹੜੀ ਥੋਡੀਆਂ ਬਾਹਾਂ ਆਕੜੀਆਂ ਹੋਈਆਂ ਨੇ। ਅੱਗੇ ਜਿਹੋ ਜਿਹਾ ਛੋਟੇ ਨੇ ਰੰਗ ਲਾਇਆ ਹੈ, ਉਹੋ ਜਿਹੀਆਂ ਪੂਰੀਆਂ ਤੁਸੀਂ ਪਾਉਂਗੇ। ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਨੇ। ਮੈਂ ਆਪਦੇ ਘਰੇ ਹੀ ਚੰਗੀ ਹਾਂ।"
ਪਰ ਵੱਡੀ ਮਾਮੀ ਟੈਲੀਫੂਨ 'ਤੇ ਘੰਟਾ ਮਿੰਨਤਾਂ ਕਰਦੀ ਮਨਾਉਂਦੀ ਰਹੀ ਸੀ, "ਮਾਤਾ ਜੀ ਇੱਕ ਵਾਰ ਹਫ਼ਤੇ ਲਈ ਆ ਕੇ ਦੇਖ ਲਵੋਂ। ਜੇ ਚਿੱਤ ਨਾ ਲੱਗਿਆ ਤਾਂ ਬੇਸ਼ੱਕ ਦੀ ਮੁੜ ਜਾਇਓ। ਜੀਹਨੇ ਬਜ਼ੁਰਗਾਂ ਦੀ ਸੇਵਾ ਨਾ ਕਰੀ ਹੋਵੇ। ਉਹ ਸਿੱਧਾ ਨਰਕਾਂ ਦਾ ਭਾਗੀ ਬਣਦਾ ਹੈ। ਮੈਨੂੰ ਸੇਵਾ ਦਾ ਮੌਕਾ ਦੇ ਕੇ ਜਨਮ ਸਫਲਾ ਕਰ ਲੈਣ ਦਿਓ। ਪਲੀਜ਼! ਮੈਨੂੰ ਪੁੰਨ ਖੱਟ ਲੈਣ ਦਿਉ।"
ਨਾਨੀ ਨੇ ਸੋਚਿਆ ਸੀ ਛੋਟੀ ਨੂੰਹ ਤਾਂ ਚਿੱਟ ਚਮੜੀ ਮੇਮ ਸੀ। ਉਹਨੇ ਤਾਂ ਨਹੀਂ ਪਸੰਦ ਕਰਿਆ ਸੀ। ਸਿਆਣਿਆਂ ਦਾ ਆਦਰ ਮਾਣ ਉਹ ਕੀ ਜਾਣੇ? ਇਹ ਵੱਡੀ ਤਾਂ ਦੇਸੀ ਹੈ। ਸਾਡੀਆਂ ਰਹੁ-ਰੀਤਾਂ ਨੂੰ ਜਾਣਦੀ ਹੈ। ਨੇਕ ਖਾਨਦਾਨ ਦੀ ਜੰਮੀ ਜਾਈ ਹੈ। ਇਸ ਲਈ ਨਾਨੀ ਉਹਨਾਂ ਕੋਲ ਹਫ਼ਤੇ ਲਈ ਇੰਗਲੈਂਡ ਰੁੱਕ ਗਈ ਸੀ। ਮਾਮੇ ਮਾਮੀ ਨੇ ਪੂਰੇ ਹਫ਼ਤੇ ਦੀਆਂ ਛੁੱਟੀਆਂ ਬੁੱਕ ਕਰਕੇ ਦਿਨ ਰਾਤ ਨਾਨੀ ਦੀ ਸੇਵਾ ਕੀਤੀ ਸੀ। ਮਾਮੀ ਰੋਜ਼ ਛੱਤੀ ਪ੍ਰਕਾਰ ਦੇ ਭੋਜਨ ਬਣਾ ਕੇ ਨਾਨੀ ਨੂੰ ਪਿਆਰ ਨਾਲ ਤੁੰਨ-ਤੁੰਨ ਖਵਾਉਂਦੀ ਸੀ। ਅੱਧੀ ਅੱਧੀ ਰਾਤ ਤੱਕ ਮਾਮਾ ਮਾਮੀ ਨਾਨੀ ਦੀਆਂ ਲੱਤਾਂ ਬਾਹਾਂ ਘੁੱਟਦੇ ਰਹਿੰਦੇ ਸਨ। ਨਾਨੀ ਬੜੀ ਮੁਤਾਸਿਰ ਹੋਈ ਕਿ ਚਲੋ ਸਾਰੇ ਹੀ ਗੰਦੇ ਆਂਡੇ ਤਾਂ ਨਹੀਂ ਨਿਕਲੇ। ਕੋਈ ਤਾਂ ਚੰਗਾ ਨਿਕਲਿਆ ਹੈ। ਅਜੇ ਨਾਨੀ ਦੀ ਫਲਾਇਟ ਵਿੱਚ ਇੱਕ ਦਿਨ ਰਹਿੰਦਾ ਸੀ। ਨਾਨੀ ਦੇ ਅਟੈਚੀਕੇਸ ਪੈਕ ਕਰਦੀ ਮਾਮੀ ਤਾਂ ਫੁੱੱਟਫੁੱਟ ਰੋਣ ਲੱਗ ਗਈ ਸੀ।
"ਮਾਤਾ ਜੀ ਹਫ਼ਤਾ ਤਾਂ ਅੱਖ ਝਪਕਦਿਆਂ ਹੀ ਲੰਘ ਗਿਆ। ਸਾਡਾ ਤਾਂ ਚਾਅ ਹੀ ਨਹੀਂ ਪੂਰਾ ਹੋਇਆ। ਤੁਸੀਂ ਪੱਕੇ ਹੀ ਰਹਿ ਪਉ। ਸਾਨੂੰ ਆਸਰਾ ਹੋਉ ਤੁਹਾਡਾ। ਸਿਆਣਾ ਘਰ ਹੋਵੇ ਸੌ ਸਲਾਹ ਮਸ਼ਵਰਾ ਦਿੰਦਾ ਹੈ। ਤੁਸੀਂ ਇੰਡੀਆ ਜਾਵੋਗੇ ਤਾਂ ਲੋਕ ਸਾਡੇ ਮੂੰਹ 'ਚ ਹੱਥ ਦੇਣਗੇ। ਅਗਲਾ ਕਹੂ ਮਾਂ ਨੂੰ ਪੁੱਤਾਂ ਨੇ ਸਾਂਭਿਆ ਨਹੀਂ। ਜ਼ਮੀਨਾ ਪੈਸੇ ਲੈ ਕੇ ਰੜੇ 'ਚ ਕੱਢ ਮਾਰੀ। ਬੁਰੇ ਤਾਂ ਅਸੀਂ ਹੀ ਵਜਣਾ ਹੈ ਨਾ। ਜੇ ਬੁਢਾਪੇ ਵਿੱਚ ਨਾ ਕੰਮ ਆਏ ਤਾਂ ਧੀਆਂ ਪੁੱਤਾ ਨੂੰ ਕੀ ਫੂਕਣਾ ਹੈ? ਨੂੰਹ ਤੇ ਧੀ ਚ ਕੀ ਫ਼ਰਕ ਹੁੰਦਾ ਹੈ? ਤੁਸੀਂ ਹਾੜੇ ਹਾੜੇ ਸਾਨੂੰ ਇਉਂ ਛੱਡ ਕੇ ਨਾ ਜਾਉ।"
ਨਾਨੀ ਨੂੰ ਓਨਾ ਨਾਨੇ ਦੇ ਅਕਾਲ ਚਲਾਣੇ ਦਾ ਦੁੱਖ ਨਹੀਂ ਹੋਇਆ ਹੋਣਾ, ਜਿੰਨੀ ਨੂੰਹ ਦੇ ਨਿਸ਼ਕਾਮ ਸੇਵਾ ਭਾਵੀ ਵਿਚਾਰ ਸੁਣ ਕੇ ਖੁਸ਼ੀ ਹੋਈ ਸੀ। ਇਸ ਕਲਯੁਗ ਵਿੱਚ ਤਾਂ ਸਰਵਨ ਪੁੱਤਾਂ ਨੂੰ ਦੁਨੀਆਂ ਤਰਸਦੀ ਹੈ ਤੇ ਐਡੀ ਸੇਵਾਦਾਰਨੀ ਨੂੰਹ ਗਲਤੀ ਨਾਲ ਰੱਬ ਧਰਤੀ 'ਤੇ ਕਿਵੇਂ ਘੱਲ ਦਿੱਤੀ ਸੀ? ਨਾਨੀ ਹੈਰਾਨ ਸੀ। ਸੋਚ ਸੋਚ ਕੇ ਨਾਨੀ ਦੇ ਮਨ ਵਿੱਚ ਆਇਆ ਸੀ ਕਿ ਵੱਡੇ ਮਾਮੇ ਦੇ ਵਿਆਹ ਨੂੰ ਢਾਈ ਤਿੰਨ ਸਾਲ ਗੁਜ਼ਰ ਗਏ ਸਨ ਕੋਈ ਬਾਲ ਬੱਚਾ ਨਹੀਂ ਸੀ। ਬਹੂ ਉਮੀਦ ਨਾਲ ਹੋਵੇਗੀ। ਇਸ ਲਈ ਜ਼ਿਆਦਾ ਜ਼ੋਰ ਪਾ ਰਹੀ ਹੈ। ਘਰ ਵਿੱਚ ਕੋਈ ਸਿਆਣੀ ਬੁੜੀ ਵੀ ਚਾਹੀਦੀ ਸੀ। ਸੋ ਨਾਨੀ ਉੱਥੇ ਠਹਿਰਣ ਲਈ ਰਾਜ਼ੀ ਹੋ ਗਈ ਸੀ।
ਦੋ ਚਾਰ ਦਿਨ ਲੰਘਿਆਂ ਤੋਂ ਨਾਨੀ ਨੇ ਮਾਮੀ ਨੂੰ ਇਕੱਲੀ ਦੇਖ ਕੇ ਉਹਦੇ ਤੋਂ ਪੁੱਛ ਹੀ ਲਿਆ ਸੀ, "ਪੁੱਤ ਮਹੀਨਾ ਕੈਵਾਂ ਚੱਲਦੈ?"
"ਕਾਹਦਾ ਮਹੀਨਾ? ਮੈਂ ਸਮਝੀ ਨਹੀਂ?"
"ਬੇਟਾ ਆਹੀ, ਮੇਰਾ ਮਤਲਬ ਗਰਭ ਕਦੋਂ ਦਾ ਠਹਿਰਿਆ ਹੋਇਆ ਹੈ।"
"ਥੋਨੂੰ ਕਿਹਨੇ ਕਿਹੈ? - ਕੋਈ ਗਰਭ-ਗੁਰਭ ਨਹੀਂ ਠਹਿਰਿਆ। ਤੁਹਾਨੂੰ ਇੰਡੀਆ ਵਾਲਿਆਂ ਨੂੰ ਵੀ ਬਸ, ਇਹ ਕੰਮ ਹੀ ਆਉਂਦੇ ਨੇ। ਪਹਿਲਾਂ ਵਿਆਹ ਕਰ ਲਉ। ਫੇਰ ਹਰੇਕ ਵਰ੍ਹੇ ਉਪਰੋਥਲੀ ਨਿਆਣੇ 'ਤੇ ਨਿਆਣੇ ਬਣਾਈ ਜਾਉ। ਐਡੀ ਛੇਤੀ ਜੁਆਕ ਜੰਮ ਕੇ ਮੈਂ ਆਪਣੀ ਬੌਡੀ ਖਰਾਬ ਕਰਨੀ ਆ। ਮਸਾਂ ਕਦੇ ਡਾਇਟਿੰਗ 'ਤੇ ਕਦੇ ਐਕਸਰਸਾਇਜਜ਼ ਨਾਲ ਸੌ ਸੌ ਪਾਪੜ ਵੇਲ ਕੇ ਫ਼ਿਗਰ ਮੈਨਟੈਨ ਕਰਕੇ ਰੱਖਦੀ ਆਂ।" ਮਾਮੀ ਸੂਈ ਕੁੱਤੀ ਵਾਂਗੂੰ ਝਈ ਲੈ ਕੇ ਨਾਨੀ ਨੂੰ ਪਈ ਸੀ।
ਨਾਨੀ ਨੇ ਉੱਥੇ ਹੀ ਸਾਹ ਘੁੱਟ ਲਿਆ ਸੀ।
ਇੰਡੀਆ 'ਚ ਸਾਡੀ ਮਾਂ ਨੂੰ ਕੋਈ ਸਾਂਭਣ ਵਾਲਾ ਨਹੀਂ। ਅਸੀਂ ਇਹਦੀ ਦੇਖਭਾਲ ਕਰਾਂਗੇ। ਇਹ ਆਖ ਮਾਮੇ ਮਾਮੀ ਨੇ ਨਾਨੀ ਪੱਕੀ ਕਰਵਾ ਲਈ ਸੀ। ਵਲਾਇਤ ਵਿੱਚ ਬੁੱਢਿਆਂ ਨੂੰ ਪੈਨਸ਼ਨ ਵਾਂਗ ਕੋਈ ਐਲਡਰੀ ਅਲਾਉਂਸ(ਬਜ਼ੁਰਗ ਭੱਤਾ) ਮਿਲਦਾ ਹੈ। ਉਹ ਵੀ ਸਦਾ ਲਈ ਨਾਨੀ ਨੂੰ ਸੋਸ਼ਲ ਸਕਿਉਰਟੀ ਨੇ ਲਗਾ ਦਿੱਤਾ ਸੀ। ਨਾਨੀ ਨੂੰ ਹਰੇਕ ਹਫ਼ਤੇ ਹੀ ਚੈੱਕ ਡਿੱਗਣ ਲੱਗ ਪਏ ਸਨ।
ਮਾਮੀ ਦੇ ਹੱਥ ਨਾਨੀ ਦੀਆਂ ਲੱਤਾਂ ਦੱਬਣ ਤੋਂ ਹੱਟ ਕੇ ਚੈੱਕ ਚੁੱਕਣ ਵੱਲ ਰੁੱਝ ਗਏ ਸਨ। ਧੀਰੇ ਧੀਰੇ ਮਾਮੀ ਦੇ ਵਿਵਹਾਰ ਵਿੱਚ ਵੀ ਨਾਨੀ ਨੂੰ ਤਬਦੀਲੀ ਮਹਿਸੂਸ ਹੋਣ ਲੱਗ ਪਈ ਸੀ। ਮਾਮਾ ਵੀ ਨਾਨੀ ਤੋਂ ਦੂਰ ਦੂਰ ਹੀ ਰਹਿੰਦਾ ਸੀ। ਮਾਮਾ ਮਾਮੀ ਆਪਸ ਵਿੱਚ ਵੀ ਇੱਕ ਦੂਜੇ ਨੂੰ ਵੱਢੂੰਂ-ਖਾਊਂ ਕਰਦੇ ਰਹਿੰਦੇ ਸਨ। ਘਰ ਵਿੱਚ ਜੋ ਖਿਚੜੀ ਪੱਕ ਰਹੀ ਸੀ ਨਾਨੀ ਉਸ ਤੋਂ ਲਾਇਲਮ ਸੀ। ਪਰ ਨਾਨੀ ਕੋਈ ਦੁੱਧ ਚੁੰਘਦੀ ਕਾਕੀ ਵੀ ਨਹੀਂ ਸੀ ਜਿਹੜੀ ਮਾਮੇ ਮਾਮੀ ਦੇ ਬਦਲੇ ਵਤੀਰੇ ਨੂੰ ਨਾ ਤਾੜ ਸਕਦੀ। ਇੱਕ ਦਿਨ ਨਾਨੀ ਨੇ ਉਹਨਾਂ ਦੀਆਂ ਗੱਲਾਂ ਚੋਰੀ ਉਹਲੇ ਖੜ੍ਹ ਕੇ ਸੁਣ ਲਈਆਂ ਸਨ। ਮਾਮੀ ਮਾਮੇ ਨੂੰ ਕਹਿ ਰਹੀ ਸੀ, "ਖੱਸਮਾਂ ਮਾਤਾ ਨੂੰ ਕਦੋਂ ਡੱਕਰਨਾ ਹੈ? ਦਫ਼ਾ ਕਰ ਇਹਨੂੰ ਛੇਤੀ ਦੇਣੇ, ਧਰਨਾ ਮਾਰੀ ਬੈਠੀ ਹੈ।"
"ਤੇਰਾ ਈ ਪਲੈਨ ਸੀ। ਤੂੰ ਟੈਂਚੀ ਫੜ੍ਹੇ ਸੀ ਹੱਥੋਂ। ਮੈਂ ਚੱਲਿਆ ਸੀ ਹੀਥਰੋਂ ਤੋਂ ਚੜ੍ਹਾਉਣ।"
"ਮੈਂ ਤਾਂ ਇਨਕਮ ਸਪੋਰਟ ਦੀ ਮਾਰੀ ਨੇ ਸਾਰਾ ਢਕਵੰਜ ਕਰਿਆ ਸੀ। ਬੁੜ੍ਹੀ ਤਾਂ ਦੱਦ ਹੀ ਲੱਗ ਗਈ। ਪੈਸੇ ਲਵਾਇਆਂ ਦਾ ਕੀ ਫ਼ਾਇਦਾ ਜੇ ਬੁੜ੍ਹੀ ਨੇ ਇੱਥੇ ਹੀ ਰਹਿਣਾ ਹੈ ਤਾਂ। ਚੈੱਕ ਨੂੰ ਮੈਂ ਰਗੜ ਕੇ ਫੋੜ੍ਹੇ 'ਤੇ ਲਾਉਣਾ ਹੈ। ਉਹਦੂੰ ਦੂਣੇ ਪੌਂਡਾਂ ਦਾ ਤਾਂ ਇਹ ਡੁੱਡੀ ਜਿਹੀ ਬਦਾਮ ਰੋਗਨ ਹੀ ਝੱਸ ਜਾਂਦੀ ਹੈ। ਇਹਨੂੰ ਪੁੱਛੇ ਕੋਈ ਗਾਹਾਂ ਦੀ ਗਾਹਾਂ ਇਹਦੇ 'ਤੇ ਜਵਾਨੀ ਆਉਣੀ ਹੈ ਕਿ ਬੁਢੇਪਾ। ਮੈਰਾਥਨ 'ਚ ਹਿੱਸਾ ਲੈਣੋਂ ਤਾਂ ਇਹ ਰਹੀ। ਬੁੜ੍ਹਿਆਂ ਦੇ ਹੱਡ ਗੋਡੇ ਤਾਂ ਦੁੱਖਦੇ ਹੀ ਹੁੰਦੇ ਨੇ। ਮੈਂ ਤਾਂ ਕੋਈ ਨਹੀਂ ਮਾਲਸ਼ਾਂ ਕਰਦਾ ਦੇਖਿਆ। ਇਹ ਜੱਗੋਂ ਅਲਿਹਦੀ ਆਗੀ।"
"ਰੱਬ ਦਾ ਖੌਫ਼ ਕਰ। ਕੱਲ੍ਹ ਨੂੰ ਤੈਂ ਨ੍ਹੀਂ ਬੁੜ੍ਹੀ ਹੋਣਾ?"
"ਮੈਂ ਇਹੋ ਜਿਹੇ ਖੇਖਣ ਨਹੀਂ ਕਰਦੀ। ਢਿੱਲਾ ਮੱਸਾ ਹੋਵੇ ਬੰਦਾ ਦੋ ਐਨਾਡਿਨ ਦੀਆਂ ਗੋਲੀਆਂ ਚੱਬ ਲਵੇ। ਪਰ ਇਹ ਮਹਾਰਾਣੀ ਤਾਂ ਸਾਡਾ ਦਿਵਾਲਾ ਕੱਢਣ 'ਤੇ ਤੁਲੀ ਹੋਈ ਆ। ਤੂੰ ਵੀ ਮਗ਼ਜ਼, ਬਦਾਮਾਂ ਦੇ ਪੈਕਟ ਲਿਆ ਦਿੰਨਾ ਏਂ। ਨਾ ਮੇਵੇ ਚਰ ਕੇ ਇਹਨੇ ਕੀ ਸੂਮੋ ਘੁਲਣੀ ਆ? ਸਾਰੀ ਦਿਹਾੜੀ ਹੀਟਰ ਹੀ ਨਹੀਂ ਬੁਝਾਉਂਦੀ। ਜ਼ੋਰ ਨਹੀਂ ਨਾ ਲੱਗਦਾ, ਬਿੱਲ ਤਾਂ ਸਾਨੂੰ ਦੇਣਾ ਪੈਂਦਾ ਹੈ। ਮੇਰੀ ਮੰਨ ਇਹਨੂੰ ਜਹਾਜ਼ ਚੜ੍ਹਾਦੇ ਚੁੱਪ ਕਰਕੇ। ਉੱਥੇ ਮਰੇ ਖਪੇ। ਪੈਸੇ ਤਾਂ ਬਥੇਰੇ ਨੇ ਇਹਦੇ ਕੋਲ ਮੈਂ ਆਪਣੇ ਅੱਖੀਂ ਰਸੀਦਾਂ ਦੇਖੀਆਂ ਨੇ ਬੈਂਕਾਂ ਭਰੀ ਫਿਰਦੀ ਆ।"
"ਏਸ ਉਮਰ 'ਚ ਇਕੱਲੀ ਹੁਣ ਉਹ ਕਿੱਥੇ ਜਾਵੇ?" ਮਾਮਾ ਮੇਮਣੇ ਵਾਂਗੂੰ ਮਮੀਆਇਆ ਸੀ।
"ਇੰਡੀਆ, ਨਹੀਂ ਕਨੇਡਾ ਮੁੜ ਜਾਏ। ਉਹਨਾਂ ਦੀ ਮਾਂ ਨਹੀਂ। ਤੇਰੀ ਕੋਈ ਬਹੁਤੀ ਆ। ਮੇਰੇ ਆਖੇ ਲੱਗ ਤਾਂ ਕਿ ਇਹਦਾ ਜਿਹੜਾ ਜਾਇਰੋ ਆਉਂਦਾ। ਉਹ ਪੈਸੇ ਆਪਾਂ ਸੇਵ(ਜੋੜ) ਕਰ ਲਈਏ ਕਿਤੇ ਹਾਲੀਡੇਅ ਕਰਨ ਹੀ ਚੱਲਾਂਗੇ। ਦਫ਼ਾ ਕਰ ਇਹਨੂੰ।"
"ਤੂੰ ਹੱਦ ਤੋਂ ਜ਼ਿਆਦਾ ਹੀ ਵਧੀ ਜਾਂਨੀ ਏ। ਜ਼ਬਾਨ ਸੰਭਾਲ ਕੇ ਬੋਲ। ਉਹ ਮੇਰੀ ਮਾਂ ਆ।" ਰੋਹ ਵਿੱਚ ਆ ਕੇ ਮਾਮੇ ਨੇ ਲਲਕਾਰਿਆ ਸੀ।
"ਜਾਹ ਵਗ ਜਾ ਤੂੰ ਵੀ ਨਾਲ ਹੀ। ਲੈ ਜਾ ਬੁੜ੍ਹੀ ਨੂੰ ਇੰਡੀਆ ਹੀ ਨਾਲੇ ਦੁੱਧ ਚੁੰਘੀ ਜਾਈਂ ਇਹਦਾ ਉੱਥੇ ਬੈਠਾ। - ਡੱਕਰ ਦੇ, ਨਹੀਂ ਮੈਂ ਧੱਕੇ ਮਾਰ ਕੇ ਕੱਢੂੰ।"
ਇਹਨਾਂ ਸੁਣ ਕੇ ਮਾਮੇ ਨੇ ਮਾਮੀ ਮੂਹਰੇ ਸਾਹ ਨਹੀਂ ਸੀ ਕੱਢਿਆ। ਓਦਣ ਤੋਂ ਬਾਅਦ ਨਾਨੀ ਨੇ ਨਾ ਚੰਗੀ ਕਹੀ ਸੀ, ਨਾ ਮੰਦੀ। ਬਹੁਤਾ ਫਿੱਕ ਪੈਣ ਤੋਂ ਪਹਿਲਾਂ ਹੀ ਚੁੱਪ ਕਰਕੇ ਨਾਨੀ ਇੰਡੀਆ ਨੂੰ ਚੜ੍ਹ ਆਈ ਸੀ। ਮੁੜ ਕੇ ਮਾਮਿਆਂ ਨੇ ਨਾਨੀ ਦੀ ਬਾਤ ਨਹੀਂ ਪੁੱਛੀ ਸੀ। ਤੀਵੀਆਂ ਦੀ ਬੰਦਿਆਂ ਨਾਲੋਂ ਸਹਿਨਸ਼ਕਤੀ ਕੁੱਝ ਜ਼ਿਆਦਾ ਹੁੰਦੀ ਹੈ ਇਸ ਲਈ ਨਾਨੀ ਪੁੱਤਾਂ ਅਤੇ ਪਤੀ ਦੇ ਵਿਛੋੜੇ ਦੀ ਸੱਟ ਝੱਲ ਕੇ ਵੀ ਜੀਵੀ ਜਾ ਰਹੀ ਹੈ। ਉਂਝ ਜਿਉਂਦੀ ਕਹਿਣਾ ਢੁੱਕਦਾ ਨਹੀਂ। ਠੀਕ ਤਾਂ ਇਹ ਹੋਵੇਗਾ ਜੇ ਕਹੀਏ ਤਿਲ-ਤਿਲ ਮਰੀ ਜਾ ਰਹੀ ਹੈ।
ਪੌੜ੍ਹੀਆਂ ਦੇ ਕੋਲ ਹੀ ਇੱਕ ਨਿੱਕਾ ਜਿਹਾ ਦਰਵਾਜ਼ਾ ਸੀ, ਜੋ ਕਿ ਘਰ ਦੇ ਦੂਜੇ ਪੋਰਸ਼ਨ ਵੱਲ ਖੁੱਲ੍ਹਦਾ ਸੀ। ਦਰਅਸਲ ਇਹ ਨਾਲ ਵਾਲਾ ਘਰ ਨਾਨੇ ਨੇ ਸਸਤੇ ਭਾਅ ਵਿਕਦਾ ਮਾਲ ਡੰਗਰ ਵਾਸਤੇ ਖਰੀਦ ਲਿਆ ਸੀ। ਮੈਂ ਉੱਧਰ ਚਲਾ ਗਿਆ ਸੀ। ਸਾਰੇ ਸੁੰਞੇ ਘਰ ਵਿੱਚ ਉੱਲੂ ਬੋਲਦੇ ਸਨ। ਇਸ ਮਕਾਨ ਦੇ ਵਿਹੜੇ ਦਾ ਕੁੱਝ ਹਿੱਸਾ ਕੱਚਾ ਤੇ ਬਾਕੀ ਸਧਾਰਨ ਇੱਟਾ ਦਾ ਫ਼ਰਸ਼ ਲਾ ਕੇ ਪੱਕਾ ਕਰਿਆ ਹੋਇਆ ਸੀ। ਜਿਵੇਂ ਆਮ ਜੱਟਾਂ ਦੇ ਘਰ ਹੁੰਦੇ ਹੀ ਹਨ। ਇਸ ਵਿੱਚ ਦੋ ਕਮਰੇ ਪਾ ਕੇ ਮੂਹਰੇ ਟਰੈਕਟਰ ਖੜ੍ਹਾਉਣ ਲਈ ਖੁੱਲ੍ਹਾ ਬਰਾਂਡਾ ਬਣਾਇਆ ਹੋਇਆ ਸੀ। ਬਰਾਂਡੇ ਵਿੱਚੋਂ ਅੱਗੇ ਲੰਘ ਕੇ ਮੈਂ ਪਹਿਲਾਂ ਸੱਜੇ ਕਮਰੇ ਵਿੱਚ ਗਿਆ ਸੀ। ਕਮਰੇ ਵਿੱਚ ਹਨੇਰਾ ਸੀ। ਮੈਂ ਟੋਹ-ਟਾਹ ਕੇ ਸਵਿੱਚ ਦੱਬ ਕੇ ਚਾਨਣ ਕੀਤਾ ਸੀ। ਕਮਰੇ ਦਾ ਫ਼ਰਸ਼ ਪੱਕਾ, ਛੱਤ 'ਤੇ ਲੈਂਟਰ ਅਤੇ ਖੁਰਲੀ ਵੀ ਸੀਮੈਂਟ ਦੀ ਬਣੀ ਹੋਈ ਸੀ। ਪਸ਼ੂਆਂ ਦੇ ਸੰਗਲ ਵੱਜ ਕੇ ਖੁਰਲੀ ਦੀ ਕਿਨਾਰੀ ਨਾ ਭੁਰੇ ਇਸ ਲਈ ਲੋਹੇ ਦੀ ਗਲੈਰਨ ਸਾਰੇ ਬੰਨੇ 'ਤੇ ਮੜ੍ਹੀ ਹੋਈ ਸੀ। ਖੁਰਲੀ ਵੱਲੋਂ ਪੱਕਾ ਫ਼ਰਸ਼ ਉੱਚਾ ਤੇ ਦੂਜਾ ਪਾਸੇ ਨੀਵਾਂ ਸੀ। ਦੂਜੇ ਪਾਸੇ ਕੰਧ ਨਾਲ ਪਸ਼ੂਆਂ ਦੇ ਮਲ-ਮੂਤਰ ਦੇ ਨਿਕਾਸ ਲਈ ਪੱਕੀ ਸੀਮੈਂਟ ਦੀ ਟੀਪ ਕਰੀ ਨਾਲੀ ਸੀ। ਜੋ ਕਿ ਬਾਹਰ ਸਿਵਰੇਜ਼ ਵਿੱਚ ਡਿੱਗਦੀ ਸੀ। ਪਸ਼ੂ ਬੰਨ੍ਹਣ ਲਈ ਸਰੀਏ ਦੇ ਕੁੰਡੇ ਖੁਰਲੀ ਵਿੱਚ ਪੱਕੇ ਜੜੇ ਹੋਏ ਸਨ। ਮੈਂ ਕਿਲੇ ਗਿਣੇ ਪੂਰੇ ਵੀਹ ਸਨ। ਕਿਸੇ ਵੇਲੇ ਇਹ ਸਾਰੀ ਖੁਰਲੀ ਭਰੀ ਹੁੰਦੀ ਹੋਵੇਗੀ। ਤੇ ਰੱਬ ਦੇ ਰੰਗ ਉਦੋਂ ਉੱਥੇ ਸਿਰਫ਼ ਇੱਕ ਕੁੰਡੇ ਸਿੰਙਾਂ ਅਤੇ ਬੱਲੇ ਮੱਥੇ ਵਾਲੀ ਸੱਜਰ ਸੂਈ ਝੋਟੀ ਤੇ ਉਸ ਦਾ ਕੱਟਾ ਹੀ ਸੀ। ਚਰਦੀ ਚਰਦੀ ਮੱਝ ਮੈਨੂੰ ਦੇਖ ਕੇ ਰੁੱਕ ਗਈ ਸੀ ਤੇ ਇੰਝ ਡਰ ਕੇ ਦੇਖਣ ਲੱਗੀ ਸੀ ਜਿਵੇਂ ਮੈਂ ਸਲੋਤਰੀ ਹੁੰਦਾ ਹਾਂ। ਮੈਨੂੰ ਕੱਟਾ ਬੜਾ ਪਿਆਰਾ ਲੱਗਿਆ ਸੀ। ਮੈਂ ਮੋਹ ਨਾਲ ਕੱਟੇ ਦਾ ਕੂਲਾ ਕੂਲਾ ਪਿੰਡਾ ਹੱਥ ਫੇਰ ਕੇ ਪਲੋਸਣ ਲੱਗਿਆ ਸੀ ਤਾਂ ਹਾਲ-ਪਾਹਰਿਆ ਪਾਉਂਦੀ ਹੋਈ ਮੱਝ ਤਾਂ ਕਿੱਲਾ ਤੜਾਉਣ ਨੂੰ ਆਈ ਸੀ। ਮੈਨੂੰ ਕੁੱਝ ਸਮਝ ਨਹੀਂ ਸੀ ਲੱਗਦੀ ਕਿ ਅਚਾਨਕ ਚੰਗੀ ਭਲੀ ਮੱਝ ਨੂੰ ਕੀ ਡੂਮਣਾ ਲੜ ਗਿਆ ਸੀ, ਜਿਹੜਾ ਉੱਚੀ ਉੱਚੀ ਰੰਭ ਕੇ ਮੈਨੂੰ ਹੱਲੇ ਕਰ ਕਰ ਪੈਂਦੀ ਸੀ। ਮੈਂ ਧਿਆਨ ਨਾਲ ਵਾਚਿਆ ਸੀ। ਮੱਝ ਦੇ ਚਿਹਰੇ 'ਤੇ ਭੈਅ ਦੀਆਂ ਪਰਤਾਂ ਜੰਮੀਆਂ ਹੋਈਆਂ ਸਨ। ਉਹਦੀਆਂ ਸੇਜਲ ਅੱਖਾਂ ਮੈਥੋਂ ਰਹਿਮ ਦੀ ਭੀਖ ਮੰਗ ਰਹੀਆਂ ਸਨ। ਮੈਨੂੰ ਉਸ ਤੇ ਤਰਸ ਆਉਣ ਦੇ ਨਾਲ ਨਾਲ ਸਾਰੀ ਗੱਲ ਵੀ ਸਮਝ ਆ ਗਈ ਸੀ। ਮੈਂ ਫ਼ੌਰਨ ਕੱਟੇ ਤੋਂ ਆਪਣੇ ਹੱਥ ਹਟਾ ਲਏ ਸਨ, ਤਾਂ ਜਾ ਕੇ ਮੱਝ ਕੁੱਝ ਸਕਤੇ ਵਿੱਚ ਆਈ ਸੀ। ਮੱਝ ਨੇ ਸ਼ਾਇਦ ਮੈਨੂੰ ਕਸਾਈ ਜਾਂ ਕੱਟਿਆਂ ਵਾਲਾ ਜਾਣ ਇਹ ਸਮਝਿਆ ਸੀ ਕਿ ਮੈਂ ਉਸ ਦੇ ਲਖਤ-ਏ-ਜਿਗਰ ਨੂੰ ਉਸ ਨਾਲੋਂ ਸਦਾ ਲਈ ਜੁਦਾ ਕਰਨ ਖ਼ਾਤਰ ਗਿਆ ਸੀ। ਜਾਨਵਰਾਂ ਵਿੱਚ ਵੀ ਕਿੰਨੀ ਬੁੱਧੀ ਹੁੰਦੀ ਹੈ। ਕੌਣ ਕਹਿੰਦਾ ਹੈ ਰੱਬ ਨੇ ਦਿਮਾਗ ਸਿਰਫ਼ ਬੰਦੇ ਨੂੰ ਹੀ ਦਿੱਤਾ ਹੈ। ਪਰ ਸ਼ਾਇਦ ਇਸ ਘਟਨਾ ਦਾ ਵਾਸਤਾ ਓਨਾ ਦਿਮਾਗ ਨਾਲ ਨਹੀਂ ਜਿੰਨਾ ਇਹ ਦਿਲ ਨਾਲ ਬਾਵਸਤਾ ਹੈ। ਮੈਂ ਫੁਹੜੇ ਨਾਲ ਮਹਿੰ ਹੇਠੋਂ ਗੋਹਾ ਪਾਸੇ ਖਿੱਚ ਕੇ ਬਾਹਰ ਆ ਗਿਆ ਸੀ।
ਫਿਰ ਮੈਂ ਨਾਲ ਵਾਲੇ ਕਮਰੇ ਵਿੱਚ ਰਾਊਂਡ ਲਾਉਣ ਗਿਆ ਤਾਂ ਦੇਖਿਆ ਉੱਥੇ ਸਿਰਫ਼ ਕਣਕ ਵਾਲਾ ਢੋਲ ਤੇ ਤੇਲ ਵਾਲਾ ਪੁਰਾਣਾ ਡਰੰਮ ਹੀ ਪਿਆ ਸੀ। ਇੱਕ ਪਾਸੇ ਗੁੱਠ ਨਾਲ ਤੂੜੀ ਪਈ ਸੀ। ਉਸ ਕਮਰੇ ਦੀ ਬਾਰੀ ਜੋ ਪਿੱਛੇ ਨੂੰ ਖੁੱਲ੍ਹਦੀ ਸੀ, ਖੋਲ੍ਹ ਕੇ ਮੈਂ ਬਾਹਰ ਝਾਕ ਕੇ ਦੇਖਿਆ ਸੀ। ਉਸ ਕਮਰੇ ਦੇ ਪਿੱਛੇ ਗੋਬਰ ਗੈਸ ਪਲਾਂਟ ਲੱਗਿਆ ਹੋਇਆ ਸੀ। ਮੈਂ ਉੱਥੇ ਖੜ੍ਹੇ ਨੇ ਹੀ ਲੋਹੇ ਦੀ ਖਸਤਾ ਹਾਲਤ ਅਤੇ ਢੱਕਣ ਵਿੱਚ ਹੋਏ ਮਗੋਰਿਆਂ ਤੋਂ ਕਿਆਫ਼ਾ ਲਾ ਲਿਆ ਕਿ ਡੰਗਰ ਨਾ ਹੋਣ ਕਰਕੇ ਪਲਾਂਟ ਬੰਦ ਪਿਆ ਸੀ। ਨਾਲੇ ਗੋਬਰ ਗੈਸ ਦੀ ਨਾਨੀ ਨੂੰ ਹੁਣ ਜ਼ਰੂਰਤ ਵੀ ਨਹੀਂ ਰਹੀ। ਕਿਉਂਕਿ ਕੁਕਿੰਗ ਗੈਸ ਏਜੰਸੀ ਵਾਲੇ ਗੁਪਤੇ ਦੀ ਡੈਡੀ ਨੇ ਡਿਊਟੀ ਲਾਈ ਹੋਈ ਹੈ। ਉਹ ਆਪੇ ਹਰ ਮਹੀਨੇ ਮੁੱਕਣ ਤੋਂ ਪਹਿਲਾਂ ਲੁਧਿਆਣਿਉਂ ਦੂਜਾ ਸਲੈਂਡਰ ਇੱਥੇ ਪੁਚਾ ਦਿੰਦਾ ਹੈ।
ਯਕਾਯਕ ਕਬੂਤਰ ਦੇ ਗੁਟਕਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ। ਮੈਂ ਆਵਾਜ਼ ਦੇ ਪਿੱਛੇ ਆਪਣੀਆਂ ਨਜ਼ਰਾਂ ਭਜਾਈਆਂ ਸਨ ਤਾਂ ਦੇਖਿਆ ਸੀ ਰੋਸ਼ਨਦਾਨ ਵਿੱਚ ਗੋਲੇ ਕਬੂਤਰਾਂ ਨੇ ਆਲ੍ਹਣਾ ਪਾਇਆ ਹੋਇਆ ਸੀ। ਮੈਂ ਲੱਖਣ ਲਾਇਆ ਸੀ ਕਿ ਨਾਨੀ ਉੱਧਰ ਨਹੀਂ ਜਾਂਦੀ ਹੋਵੇਗੀ। ਨਹੀਂ ਤਾਂ ਉਹਨੇ ਕਬੂਤਰਾਂ ਨੂੰ ਕਿੱਦਣ ਦਾ ਉੱਡਾ ਦੇਣਾ ਸੀ। ਉਹਨੇ ਆਖਣਾ ਸੀ, ਕਬੂਤਰਾਂ ਦਾ ਵਸਦੇ ਘਰਾਂ ਵਿੱਚ ਬੋਲਣਾ ਮਾੜਾ ਹੁੰਦਾ ਹੈ। ਘਰ ਉਜੜ ਜਾਂਦੇ ਹਨ। ਜਾਂ ਖ਼ੌਰੇ ਨਾਨੀ ਨੂੰ ਕਬੂਤਰਾਂ ਦੇ ਇਸ ਆਸ਼ੀਆਨੇ ਦਾ ਪਤਾ ਹੋਵੇਗਾ ਤੇ ਉਸ ਨੇ ਜਾਣ ਕੇ ਅਣਗੌਲਿਆ ਕਰ ਦਿੱਤਾ ਹੋਵੇ। ਇਸ ਘਰ ਦੀ ਗਿਣਤੀ ਹੁਣ ਵਸਦਿਆਂ ਵਿੱਚ ਵੀ ਤਾਂ ਨਹੀਂ ਹੁੰਦੀ। ਉਜੜਿਆਂ ਤਾਂ ਪਿਆ ਹੈ। ਏਦੂੰ ਜ਼ਿਆਦਾ ਉਜਾੜਾ ਹੋਰ ਕੀ ਹੋ ਸਕਦਾ ਹੈ? ਵੈਸੇ ਤਾਂ ਇਸ ਘਰ ਵਿੱਚ ਐਸ਼ੋ -ਇਸ਼ਰਤ ਦੀ ਹਰ ਚੀਜ਼ ਹੈ। ਕਿਸੇ ਚੀਜ਼ ਦੀ ਤੋਟ ਨਹੀਂ ਹੈ। ਦਾਤੇ ਨੇ ਸਭ ਕੁੱਝ ਦਿੱਤਾ ਹੈ। ਜੇ ਕੁੱਝ ਨਹੀਂ ਹੈ ਤਾਂ ਸੁੱਖ ਨਹੀਂ ਹੈ, ਸਕੂਨ ਨਹੀਂ ਹੈ ਤੇ ਸਭ ਤੋਂ ਵੱਡੀ ਚੀਜ਼ ਕੋਈ ਬੰਦਾ ਨਹੀਂ ਹੈ। ਇਨਸਾਨਾਂ ਦੀ ਕਮੀ ਜ਼ਰੂਰ ਰੜਕਦੀ ਹੈ। ਸਾਰਾ ਘਰ ਬਾਂ-ਬਾਂ ਕਰ ਰਿਹਾ ਸੀ। ਨਾਨੀ ਇਕੱਲੀ ਨਾਲ ਉਹ ਮਕਾਨ ਘਰ ਥੋੜਾ ਬਣਨ ਲੱਗਿਆ ਹੈ। ਇਕੱਲਾ ਹੱਥ, ਪੈਰ ਜਾਂ ਹੋਰ ਅੰਗ ਰੱਖ ਕੇ ਕਿਸੇ ਨੂੰ ਜੇ ਕਹੀਏ ਕਿ ਇਹ ਸਮੁੱਚਾ ਇਨਸਾਨ ਹੈ ਤਾਂ ਅਗਲਾ ਤੁਹਾਨੂੰ ਮੂਰਖ ਆਖ ਕੇ ਤੁਹਾਡੇ 'ਤੇ ਹੱਸੇਗਾ। ਇੱਕ ਅੰਗ ਨਾਲ ਮਨੁੱਖੀ ਸ਼ਰੀਰ ਥੋੜ੍ਹਾ ਬਣ ਜਾਂਦਾ ਹੈ। ਫਿਰ ਦੂਜੇ ਪਾਸੇ ਸਾਬਤੇ ਸ਼ਰੀਰ ਵਿੱਚੋਂ ਕੋਈ ਇੱਕ ਅੰਗ ਘੱਟ ਹੋਵੇ ਤਾਂ ਸ਼ਰੀਰ ਡਿਸਏਬਲਡ (ਅਪਾਹਜ) ਹੋ ਜਾਂਦਾ ਹੈ। ਉਸ ਵਿਸ਼ੇਸ਼ ਅੰਗ ਦੀ ਕਮੀ ਤੋਂ ਸਾਰਾ ਸ਼ਰੀਰ ਸਦਾ ਪੀੜਤ ਅਤੇ ਪ੍ਰਭਾਵਤ ਰਹਿੰਦਾ ਹੈ। ਹਰ ਅੰਗ ਦੀ ਇੱਕ ਆਪਣੀ ਹੀ ਮਹੱਤਤਾ ਹੁੰਦੀ ਹੈ। ਜੋ ਕੰਮ ਇੱਕ ਅੰਗ ਕਰ ਸਕਦਾ ਹੈ, ਉਸ ਕਾਰਜ ਨੂੰ ਦੂਜਾ ਅੰਗ ਸਿਰੇ ਨਹੀਂ ਚਾੜ੍ਹ ਸਕਦਾ। ਕੀ ਅੱਖਾਂ ਸੁਣ ਸਕਦੀਆਂ ਹਨ? ਕੰਨ ਬੋਲ ਸਕਦੇ ਹਨ? ਮੂੰਹ ਦੇਖ ਸਕਦਾ ਹੈ? ਨਹੀਂ! ਕਦਾਚਿਤ ਨਹੀਂ!! ਜਿਸ ਕਾ ਕਾਮ ਉਸੀ ਕੋ ਸਾਜੇ, ਔਰ ਕਰੇ ਤੋਂ ਠੈਂਗਾ ਵਾਜੇ। ਮੈਨੂੰ ਉਸ ਅਪੰਗ ਘਰ ਦੀ ਇਹ ਦਸ਼ਾ ਦੇਖ ਕੇ ਰੋਣਾ ਆ ਗਿਆ ਸੀ। ਉੱਥੇ ਨਾ ਪੰਜੇਬ ਦੀ ਛਣਕਾਰ, ਨਾ ਰੱਤੇ ਚੂੜੇ ਟਣਕਾਰ, ਨਾ ਸਾਲੂ ਵਾਲੀ ਨਾਲ ਚੀਰੇ ਵਾਲੇ ਦੀ ਨੋਕ-ਝੋਕ, ਨਾ ਦਿਉਰਾਂ ਭਰਜਾਈਆਂ ਦੇ ਹਾਸੇ ਮਖੌਲ, ਨਾ ਤੋਤਲੀਆਂ ਜ਼ਬਾਨਾਂ, ਨਾ ਕਿਲਕਾਰੀਆਂ, ਨਾ ਪੈਰੀ ਪੈਣਾ, ਨਾ ਬੁੱਢ ਸੁਹਾਗਣ, ਕੁੱਝ ਵੀ ਤਾਂ ਨਹੀਂ ਸੀ। ਕਿੰਨਾ ਕੁੱਝ ਮਨਫੀ ਹੈ ਉੱਥੇ। ਮੇਰਾ ਜੀਅ ਵੀ ਉਸ ਸ਼ਮਸ਼ਾਨ ਵਰਗੇ ਘਰ ਚੋਂ ਕਿਤੇ ਦੂਰ ਭੱਜਣ ਨੂੰ ਕਰਦਾ ਸੀ। ਉਹ ਬੇਰੌਣਕਾ ਘਰ, ਘਰ ਘੱਟ ਤੇ ਭੂਤਾਂ ਦਾ ਡੇਰਾ ਬਹੁਤਾ ਲੱਗਦਾ ਸੀ। ਪਰਿਵਾਰਕ ਉਲਝਣਾ ਬਾਰੇ ਸੋਚਦਿਆਂ ਮੈਂ ਆਪ ਉਦਾਸ ਹੋ ਕੇ ਬਾਹਰ ਨਿਕਲ ਆਇਆ ਸੀ।
ਉੱਧਰੋਂ ਮੁੜ ਕੇ ਰਿਹਾਇਸ਼ੀ ਮਕਾਨ ਦੀਆਂ ਅੱਧੀਆਂ ਕੁ ਪੌੜੀਆਂ ਹੀ ਚੜਿਆ ਸਾਂ ਕਿ ਮੈਨੂੰ ਚੁਬਾਰੇ ਵਿੱਚ ਲਟਕਦੇ ਜਿੰਦੇ ਦਿਸ ਗਏ ਸਨ। ਮੇਰਾ ਅੱਗੇ ਹੋਰ ਪੌੜੀ ਚੜ੍ਹਣ ਨੂੰ ਮਨ ਹੀ ਨਹੀਂ ਸੀ ਕੀਤਾ। ਮੈਂ ਵਾਪਸ ਆਇਆ ਸੀ ਤਾਂ ਦੇਖਿਆ ਸੀ ਨਾਨੀ ਖੜ੍ਹੀ ਅਰਦਾਸ ਕਰ ਰਹੀ ਸੀ। ਟਹਿਲਦਾ ਟਹਿਲਦਾ ਮੈਂ ਰਸੋਈ ਵਿੱਚ ਚਲਿਆ ਗਿਆ ਸੀ। ਜਿਵੇਂ ਚੰਦਨ ਦੇ ਰੁੱਖ ਕੋਲ ਉੱਗੀਆਂ ਸਧਾਰਨ ਵੇਲ ਬੂਟੀਆਂ ਵੀ ਮਹਿਕਣ ਲੱਗ ਜਾਂਦੀਆਂ ਹਨ। ਉਵੇਂ ਭਾਵੇਂ ਜੀਤੀ ਆਪ ਤਾਂ ਇੱਥੇ ਮੌਜੂਦ ਨਹੀਂ ਸੀ। ਪਰ ਹਰ ਵੇਲੇ ਰਸੋਈ ਵਿੱਚ ਖੜ੍ਹੀ ਰਹਿੰਦੀ ਹੋਣ ਕਰਕੇ ਮੈਨੂੰ ਰਸੋਈ ਵਿੱਚੋਂ ਜੀਤੀ ਦੇ ਜਿਸਮ ਦੀ ਖ਼ੁਸ਼ਬੂ ਆ ਰਹੀ ਸੀ। ਮੇਰਾ ਤਨ-ਮਨ ਖਿੜ ਗਿਆ ਸੀ। ਮੇਰਾ ਜ਼ਿਹਨ ਭਾਵੁਕਤਾ ਦੇ ਪਿੰਜਰੇ ਚੋਂ ਨਿਕਲ ਕੇ ਜੀਤੀ ਦੇ ਖ਼ਿਆਲ ਵਾਲੇ ਅੰਬਰ ਵਿੱਚ ਬੁਲੰਦ ਉਡਾਨਾ ਭਰਨ ਲੱਗ ਗਿਆ ਸੀ। ਅੱਧਾ ਘੰਟਾ ਹੋ ਗਿਆ ਸੀ ਜੀਤੀ ਨੂੰ ਆਪਣੇ ਘਰ ਗਈ ਨੂੰ। ਮੈਨੂੰ ਉਹਦੇ ਬਾਰੇ ਫ਼ਿਕਰ ਹੋਣ ਲੱਗੀ ਸੀ।
ਉਹ ਮੁੜੀ ਕਿਉਂ ਨਹੀਂ? ਆਉਂਦੀ ਹੀ ਹੋਊ। ਕਿਸੇ ਸਹੇਲੀ ਨੂੰ ਮੇਰੇ ਬਾਰੇ ਦੱਸਣ ਲੱਗ ਗਈ ਹੋਣੀ ਏ। ਜਾਂ ਕਿਸੇ ਚਾਲੂ ਤੀਵੀਂ ਤੋਂ ਮੈਨੂੰ ਪੱਟਣ ਦੀ ਜੁਗਤ ਪੁੱਛਦੀ ਹੋਣੀ ਹੈ। ਮੈਂ ਆਪੇ ਆਪਣਾ ਦਿਲ ਧਰਾਉਣ ਲਈ ਕਿਆਸ-ਅਰਾਈਆਂ ਕਰਦਾ ਰਿਹਾ ਸੀ। ਜੀਤੀ ਦਾ ਐਨਾ ਕੁ ਫਰਾਕ ਹੀ ਮੇਰੇ ਲਈ ਭਾਰੀ ਹੋ ਗਿਆ ਸੀ।
ਫਿਰ ਮੈਂ ਰਸੋਈ ਦੇ ਬੰਦ ਦਰਵਾਜ਼ੇ ਰਾਹੀ ਬਾਹਰੋਂ ਕੁੱਝ ਨਾ ਦਿਸਣ ਵਾਲੇ ਰਾਹ ਦੇ ਰੋੜੇ ਨੂੰ ਦੂਰ ਕਰਨ ਦੀ ਜੁਗਤ ਲੜਾਉਣ ਲੱਗ ਪਿਆ ਸੀ। ਮੇਰਾ ਜੀਅ ਕਰਦਾ ਸੀ ਸਣੇ ਚੁਗਾਠ ਦਰਵਾਜ਼ਾ ਹੀ ਪੱਟ ਕੇ ਰੱਖ ਦੇਵਾਂ। ਨਾ ਰਹੂ ਬਾਂਸ ਨਾ ਵੱਜੂ ਬੰਸਰੀ। ਪਰ ਇਹ ਤਾਂ ਮੂਲੋਂ ਹੀ ਅਣਹੋਣੀ ਗੱਲ ਸੀ। ਕਦੇ ਮੈਂ ਸੋਚਾਂ ਗੈਸ ਚੁੱਲ੍ਹਾ ਤੇ ਸਿਲੰਡਰ ਹੀ ਚੁੱਕ ਕੇ ਵਿਹੜੇ ਵਿੱਚ ਰੱਖ ਲਵਾਂ। ਕਹਾਂ ਜੀਤੀ ਨੂੰ ਗਰਮੀ ਲੱਗਦੀ ਹੋਊ ਤਾਂ ਦਿਮਾਗ ਆਖੇ, ਪਾਗਲਾਂ ਉੱਤੋਂ ਮਹੀਨਾਂ ਦੇਖ ਕਿਹੜਾ ਹੈ? ਦਸੰਬਰ ਚ ਗਰਮੀ ਨਹੀਂ ਠੰਢ ਲੱਗਦੀ ਹੁੰਦੀ ਹੈ। ਆਪਦੇ ਪਾਈ ਹੋਈ ਜਾਕਟ ਕੰਨੀ ਹੀ ਦੇਖ ਲਾ।
ਮੈਂ ਦੁਪਿਹਰ ਵਾਲਾ ਸੰਕਟ ਦੂਰ ਕਰਨਾ ਚਾਹੁੰਦਾ ਸੀ। ਪਰ ਅਕਲ ਕੋਈ ਕੰਮ ਨਹੀਂ ਸੀ ਕਰ ਰਹੀ। ਕੋਈ ਹੱਲ ਨਾ ਨਿਕਲਣ ਤੇ ਮੈਂ ਮਾਯੂਸ ਜਿਹਾ ਹੋ ਕੇ ਰਸੋਈ ਚੋਂ ਨਿਕਲਿਆ ਸੀ ਤਾਂ ਮੇਰੀ ਨਜ਼ਰ ਬਰਾਂਡੇ ਵਿੱਚ ਖੜ੍ਹੀ ਨਾਨੀ 'ਤੇ ਜਾ ਪਈ ਸੀ। ਬਰਾਂਡੇ ਵਿੱਚ ਟਿਊਬ ਜਗਦੀ ਹੋਣ ਕਰਕੇ ਉਹ ਮੈਨੂੰ ਬਾਹਰ ਖੜ੍ਹੇ ਨੂੰ ਜਾਲੀ ਵਿੱਚ ਵੀ ਦਿਸ ਰਹੀ ਸੀ। ਖੁਸ਼ੀ ਵਿੱਚ ਮੇਰਾ ਦਿਲ ਨੇ ਕਲਾ-ਬਾਜ਼ੀਆਂ ਲਾਈਆਂ ਸਨ। ਲਾਈਟ ਲਾਈ ਤੋਂ ਤਾਂ ਜੀਤੀ ਨੇ ਵੀ ਦਿਸਣਾ ਸੀ!
ਪਿੱਛੇ ਰਸੋਈ ਵਿੱਚ ਮੁੜ ਕੇ ਜੀਤੀ ਦਾ ਹੱਥ ਵਟਾਉਣ ਦੇ ਇਰਾਦੇ ਨਾਲ ਮੈਂ ਉਬਾਲਾ ਦੇ ਕੇ ਠੰਡੇ ਹੋਣ ਲਈ ਰੱਖੇ ਦੁੱਧ ਦਾ ਪਤੀਲਾ ਚੁੱਕ ਕੇ ਫ਼ਰਿੱਜ ਵਿੱਚ ਰੱਖ ਦਿੱਤਾ ਸੀ। ਫੱਲਾਂ ਨਾਲ ਭਰੇ ਪਏ ਰਿਫਰਿੱਜਰੇਟਰ ਨੂੰ ਸਾਹ ਨਹੀਂ ਸੀ ਆਉਂਦਾ। ਸ਼ਾਇਦ ਨਾਨੀ ਪੂਰੇ ਹਫ਼ਤੇ ਦੀ ਤਰਕਾਰੀ ਇੱਕੋਂ ਦਿਨ ਲੈ ਕੇ ਰੱਖ ਲੈਂਦੀ ਸੀ। ਮੇਰੇ ਕਰਨ ਲਾਇਕ ਹੋਰ ਕੋਈ ਕੰਮ ਨਹੀਂ ਸੀ, ਜਿਸ ਨੂੰ ਮੁਕੰਮਲ ਕੇ ਮੈਂ ਜੀਤੀ ਦਾ ਮਦਦਗਾਰ ਬਣ ਸਕਦਾ ਹੁੰਦਾ। ਪਰ ਮੇਰਾ ਦਿਲ ਕਹਿੰਦਾ ਸੀ। ਕੋਈ ਨਾ ਕੋਈ ਤਾਂ ਹੋਊਗਾ ਹੀ? ਜ਼ਿੰਦਗੀ ਵਿੱਚ ਦੁੱਖ ਤੇ ਘਰਾਂ ਵਿੱਚ ਕੰਮ ਵੀ ਕਦੇ ਮੁੱਕੇ ਨੇ? ਅਜੇ ਮੈਂ ਹੱਥ ਪੱਲੇ ਮਾਰ ਹੀ ਰਿਹਾ ਸਾਂ ਕਿ ਬਾਹਰ ਜਿਵੇਂ ਧੋਬੀਘਾਟ 'ਤੇ ਧੋਬੀ ਪੱਥਰਾਂ ਨੂੰ ਕੁੱਟ ਕੁੱਟ ਕੱਪੜੇ ਧੋਦੇਂ ਹੁੰਦੇ ਹਨ ਕੁੱਝ ਉਸ ਪ੍ਰਕਾਰ ਦਾ ਖੜਕਾ ਹੋਣ ਲੱਗ ਗਿਆ ਸੀ।
ਮੈਂ ਬੂਹੇ ਨੂੰ ਧੱਕਾ ਮਾਰ ਕੇ ਤੀਰ ਵਾਂਗੂੰ ਵਿਹੜੇ ਵਿੱਚ ਗਿਆ ਸੀ। ਟੈਂਕੀ ਚੋਂ ਪਾਣੀ ਦਾ ਛਰਲਾ ਹੇਠਾਂ ਜ਼ਮੀਨ ਡਿੱਗ ਰਿਹਾ ਸੀ। ਸਿਖਰ ਚੁਬਾਰੇ ਉੱਤੇ ਝੋਪੜੀ ਦੀ ਸ਼ਕਲ ਵਰਗੀ ਨਵੇਂ ਰਿਵਾਜ ਦੀ ਵੱਡੀ ਟੈਂਕੀ ਬਣੀ ਹੋਈ ਸੀ। ਜੀਤੀ ਜਾਂਦੀ ਹੋਈ ਟੈਂਕੀ ਭਰਨ ਲਈ ਮੋਟਰ ਚਲਾ ਗਈ ਸੀ। ਹੁਣ ਟੈਂਕੀ ਭਰ ਕੇ ਓਵਰਫਲੋਅ ਵਾਲੀ ਨਾਲੀ ਰਾਹੀਂ ਪਾਣੀ ਦੀ ਧਾਰ ਥੱਲੇ ਡਿੱਗਣ ਲੱਗ ਗਈ ਸੀ। ਮੈਂ ਨਾਨੀ ਦੇ ਕਹਿਣ ਤੋਂ ਪਹਿਲਾਂ ਆਪ ਹੀ ਦੌੜ ਕੇ ਮੋਟਰ ਦਾ ਸਟਾਰਟਰ ਉਤਾਂਹ ਚੁੱਕ ਦਿੱਤਾ ਸੀ। ਮੁੜ ਕੇ ਸਿੱਧਾ ਬਰਾਂਡੇ ਵਿੱਚ ਚਲਾ ਗਿਆ ਸੀ। ਨਾਨੀ ਇਬਾਦਤ ਨਿਬੇੜ ਦੇ ਗੁਟਕਾ ਰੁਮਾਲ ਵਿੱਚ ਲਪੇਟ ਰਹੀ ਸੀ।
ਸਵੇਰ ਦੀ ਪੱਗ ਕਸ ਕੇ ਬੰਨ੍ਹੀ ਹੋਣ ਕਰਕੇ ਹੁਣ ਮੇਰੇ ਕੰਨ ਦੁੱਖਣ ਲੱਗ ਗਏ ਸਨ। ਜਿਵੇਂ ਸਿਰ 'ਤੇ ਰੱਖਿਆ ਘੜਾ ਜਾਂ ਟੋਕਰਾ ਡਿੱਗਣ ਤੋਂ ਫੜ੍ਹ ਕੇ ਰੱਖੀਦਾ ਹੈ। ਉਵੇਂ ਮੈਂ ਦੋਨੋਂ ਹੱਥ ਪੱਗ ਨੂੰ ਲਾਉਂਦਿਆਂ ਨਾਨੀ ਨੂੰ ਕਿਹਾ ਸੀ, "ਲਿਆ ਬੇਬੇ ਫੇਰ ਕੋਈ ਦਵੱਟਾ-ਦਵੁਟਾ ਦੇ ਬੰਨ੍ਹਣ ਨੂੰ।"
"ਦਿੰਨੀ ਆ ਦੇਖ ਕੇ ਕੋਈ, ਆਹ ਬੈਠਕ ਦਾ ਬਾਰ ਖੋਲ੍ਹ ਕੇ ਟੈਲੀਵਿਜ਼ਨ ਲਾਉਣਾ ਤਾਂ ਲਾ ਲੈ।"
ਹਨੇਰਾ ਹੋ ਚੱਲਿਆ ਸੀ। ਨਾਨੀ ਨੇ ਬਰਾਂਡੇ ਦੇ ਬੱਲਬ ਦਾ ਸਵਿੱਚ ਦੱਬ ਕੇ ਸਾਰੇ ਪ੍ਰਕਾਸ਼ ਖਿੰਡਾ ਦਿੱਤਾ ਸੀ। ਮੈਂ ਬੈਠਕ ਵਿੱਚ ਜਾ ਕੇ ਸਵਿੱਚ ਬੋਰਡ ਲੱਭ ਕੇ ਟਿਊਬ ਜਗਾਈ ਸੀ। ਦਰ ਵੱੜਦਿਆਂ ਖੱਬੇ ਹੱਥ ਮੇਜ਼ ਤੇ ਕੁਰਸੀਆਂ ਰੱਖੀਆਂ ਹੋਈਆਂ ਸਨ। ਕਮਰੇ ਦੇ ਇੱਕ ਕੋਨੇ ਵਿੱਚ ਟੀ ਵੀ ਅਤੇ ਵਿਡੀਓ ਪਏ ਸਨ। ਦੂਸਰੇ ਪਾਸੇ ਕੰਧ ਨਾਲ ਡਬਲ-ਬੈੱਡ ਡਹੇ ਹੋਏ ਸਨ ਤੇ ਪਲੰਘਾਂ ਦੇ ਸਿਰਹਾਣੇ ਵੱਲ ਕੰਧ ਵਿੱਚ ਸ਼ੋਅ-ਕੇਸ ਬਣਿਆ ਹੋਇਆ ਸੀ। ਜਿਸ ਵਿੱਚ ਕੁੱਝ ਸਜਾਵਟ ਦੀ ਸਮੱਗਰੀ ਤੋਂ ਇਲਾਵਾ ਘਰ ਦੇ ਮੈਂਬਰਾਂ ਦੀਆਂ ਫੋਟੋਆਂ ਵੀ ਪਈਆਂ ਸਨ। ਮੇਰੀ ਫੋਟੋ ਸਭ ਨਾਲੋਂ ਸਾਫ਼ ਸੀ। ਮੇਰੇ ਮਨ ਵਿੱਚ ਆਇਆ ਸੀ, ਜੀਤੀ ਰੂਹ ਨਾਲ ਸਾਫ਼ ਕਰਦੀ ਹੋਣੀ ਏਂ।
ਮੰਜੇ ਤੋਂ ਟਰੈਕ ਸੂਟ ਚੁੱਕ ਕੇ ਮੈਂ ਕੱਪੜੇ ਬਦਲ ਲਏ ਸਨ। ਨਾਨੀ ਨੇ ਡੱਬੀਦਾਰ ਪਰਨਾ ਦੇ ਦਿੱਤਾ ਸੀ। ਮੈਂ ਦੁਪੱਟਾ ਫੜ੍ਹ ਕੇ ਆਰਸੀ ਮੂਹਰੇ ਹੋਇਆ ਸੀ ਤਾਂ ਮੇਰਾ ਪੱਗ ਲਾਹੁਣ ਨੂੰ ਚਿੱਤ ਨਹੀਂ ਸੀ ਕਰਿਆ । ਕੁਦਰਤੀ ਓਦਣ ਸਵੇਰੇ ਬੰਨ੍ਹੀ ਵੀ ਬਹੁਤ ਸੋਹਣੀ ਗਈ ਸੀ। ਪਰ ਲਾਹੁਣੀ ਤਾਂ ਪੈਣੀ ਹੀ ਸੀ। ਪੱਗ ਲਾਹ ਕੇ ਮੈਂ ਅੰਗੀਠੀ 'ਤੇ ਰੱਖੀ ਸੀ ਤਾਂ ਮੇਰੇ ਸਿਰ 'ਤੇ ਇੱਕ ਦੀ ਬਜਾਏ ਜਾਨਵਰਾਂ ਦੇ ਸਿੰਗਾਂ ਵਾਂਗੂੰ ਦੋ ਜੂੜੇ ਕਰੇ ਦੇਖ ਕੇ ਨਾਨੀ ਬੋਲੀ ਸੀ, "ਵੇ ਆਹ ਕੀ ਕੁੜੀਆਂ ਵਾਂਗੂੰ ਲੱਡੂ ਜਿਹੇ ਕਰੇ ਆ?"
"ਬੇਬੇ ਪੱਗ ਨੂੰ ਵਧੀਆ ਸ਼ੇਪ ਦੇਣ ਲਈ ਦੋ ਜੂੜੇ ਕਰੇ ਨੇ। ਰਿਵਾਜ਼ ਹੀ ਆ ਏਕਣ ਪੱਗਾਂ ਬੰਨ੍ਹਣ ਦਾ। ਅੱਜ-ਕੱਲ੍ਹ ਸਾਰੇ ਮੁੰਡੇ-ਖੁੰਡੇ ਹੀ ਆਂਏ ਪਾਸੀਂ ਜੂੜੇ ਕਰਕੇ ਪੱਗਾਂ ਬੰਨ੍ਹਦੇ ਨੇ।"
"ਨਵੀਆਂ ਹੀ ਪੁੱਠੀਆਂ-ਸਿਧੀਆਂ ਘਤੀਤਾਂ ਕਰੀ ਜਾਂਦੇ ਹੋ। ਤੇਰੇ ਨਾਨੇ ਹੋਰਾਂ ਨੇ ਤਾਂ ਇੱਕ ਵਾਰੀ ਮਾਵੇ ਆਲੀ ਪੱਗ ਬੰਨ੍ਹ ਲੈਣੀ ਤੇ ਕਈ ਕਈ ਦਿਨ ਨਾ ਢਾਹੁਣੀ। ਉਵੇਂ ਜਿਮੇਂ ਟੋਪੀ ਆਂਗੂੰ ਚੁੱਕ ਕੇ ਸਿਰ 'ਤੇ ਧਰ ਲੈਣੀ। ਤੁਸੀਂ ਤਾਂ ਰੋਜ਼ ਢਾਹ-ਢਾਹ ਨਵੇਂ ਸਿਰੀਓ ਬੰਨ੍ਹਦੇ ਹੋ।"
ਪਰਨੇ ਦੀ ਪੂਣੀ ਕਰਨ ਲਈ ਤੈਹਾਂ ਮਾਰ ਮਾਰ ਮੈਂ ਦੋ ਇੰਚ ਚੋੜ੍ਹੀ ਪੱਟੀ ਬਣਾ ਲਈ ਸੀ। ਬਾਰੀ ਵਿੱਚ ਲੱਗੇ ਆਇਨੇ ਅੱਗੇ ਖੜ੍ਹ ਕੇ ਪਹਿਲਾਂ ਤਾਂ ਸਿੱਧਾ ਮਲਵਈ ਸਟਾਇਲ ਹੀ ਬੰਨਣ ਲੱਗਿਆ ਸੀ। ਫੇਰ ਸੋਚਿਆ ਸੀ। ਮਨਾ ਇਸ ਸਟਾਇਲ 'ਚ ਜੀਤੀ ਨੇ ਪੱਗ ਬੰਨ੍ਹੀ ਦੇਖੀ ਹੀ ਹੈ। ਵਧੀਆ ਪੱਗ ਬੰਨ੍ਹਣ ਦਾ ਤਾਂ ਲੋਹਾ ਉਹ ਮੰਨ ਹੀ ਗਈ ਹੋਣੀ ਏ। ਕਿਉਂ ਨਾ ਐਤਕੀ ਪਰਨਾ ਵੀ ਟਿਕਾ ਕੇ ਨਵੇਂ ਤਰੀਕੇ ਨਾਲ ਬੰਨ੍ਹ ਕੇ ਦਖਾਈਏ।
ਮੂਹਰਿਉਂ ਮੱਥੇ ਤੋਂ ਦੀ ਲੜ੍ਹ ਵਲਦਿਆਂ ਪਹਿਲਾ ਪੇਚ ਧਰ ਕੇ ਇੱਕ ਇੱਕ ਲੜ੍ਹ ਮੈਂ ਸਫ਼ਾਈ ਅਤੇ ਤਸੱਲੀ ਨਾਲ ਚਿਣ-ਚਿਣ ਰੱਖਿਆ ਸੀ। ਕੂਕਿਆਂ ਵਾਂਗਰ ਗੋਲ ਪਰਨਾ ਬੰਨ੍ਹ ਕੇ ਸਿਰ ਢੱਕਿਆ ਸੀ ਤਾਂ ਸਾਫ਼ ਸੁਥਰਾ ਵਿੱਛਿਆ ਹੋਇਆ ਬਿਸਤਰਾ ਵੀ ਮੈਨੂੰ ਸਿਲਵਟਾ ਪੈਣ ਨੂੰ ਤਰਸਦਾ ਜਾਪਿਆ ਸੀ। ਟੀਵੀ ਦੇਖਣ ਨੂੰ ਜੀਅ ਕੀ ਕਰਨਾ ਸੀ? ਮੰਜੇ 'ਤੇ ਲੇਟਦਿਆਂ ਹੀ ਮੈਂ ਸਤਰੰਗੇ ਸੁਪਨਿਆਂ ਦੀ ਘੋੜੀ ਚੜ੍ਹ ਗਿਆ ਸੀ। ਰਾਤ ਨੂੰ ਨਾਨੀ ਕੋਲੋਂ ਪਿਸ਼ਾਬ ਕਰਨ ਜਾਣ ਦਾ ਬਹਾਨਾ ਮਾਰ ਕੇ ਜੀਤੀ ਮੇਰੇ ਨਾਲ ਆ ਪਵੇਗੀ। ਸਿਆਲ ਦੀ ਇਸ ਲੰਮੀ ਤੇ ਠੰਡੀ ਸ਼ਬ ਵਿੱਚ ਅਸੀਂ ਜਿਸਮਾਨੀ ਸੇਕ ਨਾਲ ਇੱਕ ਦੂਸਰੇ ਨੂੰ ਨਿੱਘਾ ਕਰੀ ਰੱਖਾਂਗੇ। ਸਾਰੀ ਰੈਣ ਅਸੀਂ ਗੁਸਤਾਖੀਆਂ ਕਰਦੇ ਰਹਾਂਗੇ ਤੇ ਤੜਕੇ ਦਿਨ ਚੜ੍ਹਣ ਤੋਂ ਪਹਿਲਾਂ ਹੀ ਜੀਤੀ ਆਪਣੇ ਕੱਪੜੇ ਪਾ ਕੇ ਨਾਨੀ ਕੋਲ ਵਿਛੇ ਆਪਣੇ ਮੰਜੇ 'ਤੇ ਜਾ ਕੇ ਲੇਟ ਜਾਵੇਗੀ। ਅਜਿਹਾ ਕੁੱਝ ਹਕੀਕਤਨ ਵਾਪਰਨ ਵੇਲੇ ਤਾਂ ਹਰੇਕ ਨੂੰ ਮਜ਼ਾ ਆਉਂਦਾ ਹੈ। ਪਰ ਮੈਨੂੰ ਤਾਂ ਅਜਿਹਾ ਚਿਤਵਦਿਆਂ ਹੀ ਬੜਾ ਆਨੰਦ ਆ ਰਿਹਾ ਸੀ। ਮੈਂ ਤਾਂ ਸੁਆਦ-ਸੁਆਦ ਹੋਇਆ ਪਿਆ ਸੀ।
ਉੱਠ ਕੇ ਜੀਤੀ ਦੀ ਬਿੜਕ ਲੈਣ ਲਈ ਬਾਹਰ ਆਇਆ ਸੀ ਤਾਂ ਜੀਤੀ ਦਰ ਵੜ ਹੀ ਰਹੀ ਸੀ। ਟਰੈਕ ਸੂਟ ਦੇ ਅੱਪਰ ਦੀ ਜਿੱਪ ਨਾਲ ਖੇਡਦਾ, ਉਹਨੂੰ ਹੇਠਾਂ ਉੱਤੇ ਕਰਦਾ ਮੈਂ ਬਰਾਂਡੇ ਦੇ ਦਰਾਂ ਤੱਕ ਆ ਗਿਆ ਸੀ। ਉਹ ਆਉਂਦੀ ਹੀ ਫਿਰ ਰਸੋਈ ਵਿੱਚ ਵੜ੍ਹ ਗਈ। ਮੇਰਾ ਮਨ ਕਰਦਾ ਸੀ ਉਹਦੇ ਮਗਰੇ ਹੀ ਚਲਿਆ ਜਾਵਾਂ।
"ਠੰਡ ਆ ਬਾਹਰ ਤਾਂ ਅੰਦਰੇ ਵੜ੍ਹ ਚੱਲ।" ਨਾਨੀ ਬਾਹਰੋਂ ਅੰਦਰ ਨੂੰ ਆਉਂਦੀ ਹੋਈ ਬੋਲੀ ਸੀ।
ਨਾਨੀ ਜਦੋਂ ਮੈਨੂੰ ਹੱਕ ਕੇ ਅੰਦਰ ਲੈ ਆਈ ਤਾਂ ਨਿਰੀ ਵਿਹੁ ਵਰਗੀ ਲੱਗੀ ਸੀ।
ਜੀਤੀ ਰਸੋਈ ਵਿੱਚੋਂ ਨਿਕਲ ਆਈ ਸੀ, "ਬੇਜੀ ਮੈਂ ਤਾਂ ਜਾਗ ਲਾਉਣ ਲਈ ਬਾਹਰ ਦੁੱਧ ਰੱਖ ਕੇ ਗਈ ਸੀ। ਤੁਸੀਂ ਚੁੱਕ ਕੇ ਫਰਿੱਜ 'ਚ ਰੱਖ 'ਤਾ।"
"ਮੈਂ ਤਾਂ ਭਾਈ ਰਸੋਈ 'ਚ ਗਈ ਓ ਨ੍ਹੀਂ।" ਨਾਨੀ ਨੇ ਜੀਤੀ ਨੇ ਆਪਣੀ ਬੇਗੁਨਾਹੀ ਪੇਸ਼ ਕਰਕੇ ਮੈਨੂੰ ਪ੍ਰਸ਼ਨ ਕਰਿਆ ਸੀ, "ਰਾਜੂ ਕਿਤੇ ਤੂੰ ਤਾਂ ਨਹੀਂ ਦੁੱਧ ਛੇੜਿਆ?"
ਮੈਨੂੰ ਭੱਜਣ ਨੂੰ ਵਾਹਣ ਨਹੀਂ ਸੀ ਥਿਉਂਦਾ। ਮੈਂ ਸੰਨ੍ਹ 'ਤੇ ਫੜ੍ਹੇ ਗਏ ਚੋਰ ਵਾਂਗ ਭਵੱਤਰਿਆ ਹੋਇਆ ਨਾਨੀ ਵੱਲ ਦੇਖਣ ਲੱਗ ਪਿਆ ਸੀ। ਮੂਹਰੇ ਨੂੰ ਸਿਰ ਹਿਲਾ ਕੇ ਮੈਂ ਆਪਣਾ ਕਸੂਰ ਸਵਿਕਾਰਿਆ ਸੀ, "ਮੈਂ ਕਿਹਾ ਕਿਤੇ ਫਰਿੱਜ 'ਚ ਰੱਖਣ ਨੂੰ ਧਰਿਆ ਵਾ।"
"ਚੱਲ ਕਿਹੜਾ ਪਰਲੋਂ ਆ ਗਈ। - ਬਾਹਰ ਕੱਢ ਕੇ ਬਿੰਦ ਪਿਆ ਰਹਿਣ ਦੇ ਓਮੇਂ ਈ।" ਨਾਨੀ ਨੇ ਫੈਸਲਾ ਮੇਰੇ ਹੱਕ ਵਿੱਚ ਸੁਣਾ ਦਿੱਤਾ ਸੀ।
ਸ਼ਕਾਇਤੀ ਟੱਟੂ ਨਿਆਣੇ ਵਾਂਗਰ ਲੂਤੀ ਲਾ ਕੇ ਜੀਤੀ ਵਾਪਸ ਪਰਤ ਗਈ ਸੀ।
"ਜੀਤੀ, ਦੁੱਧ ਵਿੱਚ ਫੱਕਾ ਚੌਲਾਂ ਦਾ ਸੁੱਟ ਕੇ ਕੌਲੀ ਰਿੰਨ੍ਹ ਦੇਈ। ਖੀਰ ਦਾ ਤਾਂ ਸ਼ੌਕਿਨ ਹੈ। ਦੋ ਮੁੱਠੀਆਂ ਬਦਾਮ ਦੀਆਂ ਗਿਰੀਆਂ ਵੀ ਭੰਨ੍ਹ ਕੇ ਸੁੱਟ ਦੇਈਂ। ਕਿਤਾਬਾਂ ਨਾਲ ਸਾਰੀ ਦਿਹਾੜੀ ਮੱਥਾਂ ਮਾਰਦਾ ਰਹਿੰਦਾ ਹੈ। ਇਹਦਾ ਦਿਮਾਗ ਵਧੇ।"
ਬਰਾਂਡੇ ਵਿੱਚ ਖੜ੍ਹੀ ਨਾਨੀ ਨੇ ਜੀਤੀ ਨੂੰ ਆਦੇਸ਼ ਚਾੜ੍ਹ ਮੇਰੇ ਵੱਲ ਫੇਰ ਤਵੱਜੋਂ ਦਿੱਤੀ ਸੀ, "ਜੇ ਕਹੇ ਤਾਂ ਆਂਡੇ ਮੰਗਾ ਕੇ ਭੁਰਜੀ ਬਣਵਾ ਦਿੰਦੀ ਆਂ।"
"ਜੋ ਬਣਿਆ ਹੈ ਉਹੀ ਛੱਕ ਲਾਂਗੇ। ਐਵੇਂ ਕਾਹਨੂੰ ਖੇਚਲ ਕਰਨੀ ਏ।"
"ਖੇਚਲ ਨੂੰ ਤਾਂ ਕੀ ਆ। ਸਿਆਣੇ ਕਹਿੰਦੇ ਨੇ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ। ਜੋ ਤੇਰੀ ਰੂਹ ਕਰਦੀ ਹੈ ਉਹੀ ਖਾਹ ਲਵੀਂ। ਮੈਂ ਕਹਿੰਨੀ ਆ ਜੀਤੀ ਨੂੰ।" ਨਾਨੀ ਇੱਕ ਹੱਥ ਨਾਲ ਕਿਰਪਾਨ ਤੇ ਦੂਏ ਨਾਲ ਗਾਤਰਾ ਠੀਕ ਕਰਦੀ ਹੋਈ ਪਿੱਛੇ ਰਸੋਈ ਵੱਲ ਜਾਣ ਲੱਗੀ ਸੀ।
ਮੈਂ ਜੀਤੀ ਨੂੰ ਕੌਫਤ ਦੇਣ ਦੇ ਹੱਕ ਵਿੱਚ ਨਹੀਂ ਸੀ, "ਨਾ ਉਚੇਚ ਕਰਨ ਦੀ ਕੋਈ ਲੋੜ੍ਹ ਨਹੀਂ। ਮੈਂ ਤਾਂ ਆਂਡੇ ਖਾਣੇ ਛੱਡੇ ਹੋਏ ਨੇ।" ਮੈਂ ਜਾਣ ਬੁੱਝ ਕੇ ਝੂਠ ਬੋਲ ਦਿੱਤਾ ਸੀ। ਮੈਨੂੰ ਪਤਾ ਸੀ ਕਿ ਏਨੇ ਬਿਨਾਂ ਨਾਨੀ ਟਲਣ ਵਾਲੀ ਨਹੀਂ ਸੀ। ਐਵੇਂ ਭੁਰਜੀ ਬਣਾਉਣ ਲਈ ਜੀਤੀ ਨੂੰ ਹੋਰ ਟਟਵੈਰ ਕਰਨਾ ਪੈ ਜਾਂਣਾ ਸੀ।
ਨਾਨੀ ਟਿਕ ਗਈ ਸੀ ਤੇ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਈ ਸੀ। ਕਮਰਾ ਠੰਡਾ ਸੀ। ਨਾਨੀ ਨੇ ਕੋਨੇ ਵਿੱਚ ਪਿਆ ਰੂਮ ਹੀਟਰ ਚਲਾ ਦਿੱਤਾ ਸੀ। ਅਸੀਂ ਬੈਠ ਕੇ ਕਬੀਲਦਾਰੀ ਦੀਆਂ ਗੱਲਾਂ ਫੇਰ ਛੇੜ ਲਈਆਂ ਸਨ। ਮੈਂ ਨਾਨੀ ਕੋਲ ਬੈਠਾ ਹੋਇਆ ਵੀ ਉੱਥੋਂ ਗ਼ੈਰਹਾਜ਼ਰ ਸੀ। ਮੈਨੂੰ ਫੁਰਨਾ ਫੁਰਿਆ ਸੀ ਕਿ ਆਈ ਪੀ ਐਸ ਸੁਰਜਣ ਸਿਹੁੰ ਦੀ ਲੜਕੀ ਵਾਲਾ ਛੱਲਾ ਆਪਣੀ ਚੀਚੀ ਚੋਂ ਲਾਹ ਕੇ ਜੀਤੀ ਨੂੰ ਦੇ ਦੇਵਾਂ। ਸਵੀਟੀ ਨਾਲ ਤੋੜ ਵਿਛੋੜੀ ਹੋਈ ਨੂੰ ਵੀ ਖ਼ਾਸਾ ਚਿਰ ਹੋ ਗਿਆ ਸੀ। ਫੇਰ ਉਸ ਦਾ ਛੱਲਾ ਅੜਾਈ ਫਿਰਨ ਦਾ ਕੀ ਫ਼ਾਇਦਾ ਸੀ?
ਮੈਂ ਮਨ ਨਾਲ ਗੱਲਾਂ ਕਰਨ ਲੱਗ ਪਿਆ ਸੀ। ਨਹੀਂ ਇਹਨੂੰ ਪੁਰਾਣਾ ਕਿਉਂ ਦੇਵਾਂ? ਨਕਲੀ ਇਹਨੇ ਕੀ ਸਿਰ 'ਚ ਮਾਰਨਾ ਹੈ? ਉਂਝ ਵੀ ਛੱਲਾ ਤਾਂ ਹਰੇਕ ਹੀ ਲੱਲੀ-ਛੱਲੀ ਦੇ ਦਿੰਦਾ ਹੈ। ਇਹਨੂੰ ਅਸਲੀ ਸੋਨੇ ਦੀ ਜ਼ੰਜ਼ੀਰੀ ਗਲੋਂ ਲਾਹ ਕੇ ਦੇ ਦਿੰਦਾ ਹਾਂ। ਰਸੋਈ 'ਚ ਜਾ ਕੇ ਕਹੂੰ, "ਤੂੰ ਕਹਿੰਦੀ ਸੀ ਨਾ ਮੈਂ ਤੇਰੇ ਲਈ ਕੁੱਝ ਨ੍ਹੀਂ ਲਿਆਂਦਾ। ਆਹ ਦੇਖ ਮੈਂ ਤੇਰੇ ਲਈ ਸੋਨੇ ਦੀ ਚੈਨ ਲਿਆਇਆਂ।"
ਜੀਤੀ ਗਿੱਚੀ ਤੋਂ ਗੁੱਤ ਚੁੱਕ ਕੇ ਮੇਰੇ ਵੱਲ ਪਿੱਠ ਕਰਕੇ ਕਹੇਗੀ, "ਲਉ ਆਪੇ ਹੀ ਪਾ ਦਿਉ। ਮੇਰੇ ਗਲੇ 'ਚ ਆਪਣੇ ਪਿਆਰ ਦੀ ਨਿਸ਼ਾਨੀ।"
ਫਿਰ ਜਦੋਂ ਮੈਂ ਸੰਗਲੀ ਉਹਦੇ ਗਲ ਵਿੱਚ ਪਾ ਕੇ ਕੁੰਡੇ ਦਾ ਮੂੰਹ ਘੁੱਟ ਕੇ ਮੀਚ ਹਟਾਂਗਾ ਤਾਂ ਉਹ ਲਾਕੇਟ ਨੂੰ ਚੁੰਮ ਕੇ ਆਖੇਗੀ, "ਥੈਂਕ ਯੂ, ਬਹੁਤ ਸੋਹਣੀ ਏ ਇਹ ਤਾਂ।"
"ਪਰ ਤੇਰੇ ਨਾਲੋਂ ਜ਼ਿਆਦਾ ਨਹੀਂ।" ਮੇਰੇ ਵੱਲੋਂ ਕਰੀ ਹੋਈ ਤਾਰਿਫ਼ ਸਾਡੇ ਦਿਲਾਂ ਵਿੱਚਲਾ ਫਾਸਲਾ ਹੋਰ ਘਟਾ ਦੇਵੇਗੀ। ਕਿਉਂਕਿ ਸੋਹਣੀਆਂ ਨਾਰਾਂ ਤਾਂ ਸਿਫ਼ਤ-ਸਰਾਹ ਦੀਆਂ ਭੁੱਖੀਆਂ ਹੁੰਦੀਆਂ ਹਨ।
"ਰਾਜੂ ਮੈਂ ਮਰਦੇ ਦਮ ਤੱਕ ਇਹਨੂੰ ਆਪਣੀ ਹਿੱਕ ਨਾਲ ਲਾ ਕੇ ਰੱਖੂੰਦੱਸ, ਇਹਦੇ ਬਦਲੇ ਮੈਂ ਤੈਨੂੰ ਕੀ ਦਵਾਂ?" ਜੀਤੀ ਮੇਰੀ ਹੁਸਨਪ੍ਰਸਤੀ ਉੱਤੋਂ ਜਾਨ ਨਿਸਾਰ ਕਰੇਗੀ।
ਮੈਂ ਅੱਗੋਂ ਕਹਾਂਗਾ, "ਜੀਹਨੂੰ ਤੂੰ ਮਿਲਗੀ ਜੀਤੀ, ਉਹਨੂੰ ਹੋਰ ਕੀ ਚਾਹੀਦੈ? ਬਸ ਮੈਨੂੰ ਵੀ ਤੇਰੀ ਮੁਹੱਬਤ ਦੇ ਸਿਵਾ ਹੋਰ ਕਿਸੇ ਚੀਜ਼ ਦੀ ਲੋੜ੍ਹ ਨਹੀਂ।" ਤੇ ਉਹ ਮੇਰੇ ਨਾਲ ਚਿਚੜੀ ਵਾਂਗੂੰ ਚਿੰਬੜ ਜਾਵੇਗੀ।
ਇਸ਼ਕ ਦਾ ਭੂਤ ਸਵਾਰ ਹੋਏ ਤੇ ਤਾਂ ਆਸ਼ਿਕ ਖੁਦਾ ਦੀ ਪਰਵਾਹ ਨਹੀਂ ਕਰਦੇ। ਫਿਰ ਨਾਨੀ ਕਿਹੜੇ ਬਾਗ ਦੀ ਮੂਲੀ ਸੀ। ਨਾ ਨਾਨੀ ਨੇ ਕੁੱਝ ਪੁੱਛਿਆ ਸੀ ਤੇ ਨਾ ਯਾਰਾਂ ਨੇ ਕੁੱਝ ਦੱਸਿਆ ਸੀ। ਬਸ ਚੁੱਪਚਾਪ ਮੈਂ ਉੱਠ ਕੇ ਤੁਰ ਪਿਆ ਸੀ, ਜੀਤੀ ਵੱਲ ਨੂੰ। ਨਾਨੀ ਨੇ ਸ਼ਾਇਦ ਸਮਝਿਆ ਸੀ ਕਿ ਬਾਥਰੂਮ ਜਾ ਰਿਹਾ ਸੀ। ਮੈਂ ਮਨ ਵਿੱਚ ਦ੍ਰਿੜਤਾ ਨਾਲ ਧਾਰ ਲਿਆ ਸੀ ਕਿ ਮੈਂ ਇਸ ਵਾਰ ਜੀਤੀ ਨਾਲ ਪੇਚਾ ਪਾ ਕੇ ਹੀ ਸਾਹ ਲਵਾਂਗਾ। ਇਸ ਲਈ ਰਸਤੇ ਵਿੱਚ ਹੀ ਮੈਂ ਬੋਲੇ ਜਾਣ ਵਾਲੇ ਸੰਵਾਦਾਂ ਨੂੰ ਤਰਤੀਬ ਦੇਣ ਲੱਗ ਪਿਆ ਸੀ। ਮੇਰੇ ਦਰ ਵੜਦਿਆਂ ਹੀ ਜੀਤੀ ਨੇ ਪੁੱਛਣਾ ਹੈ, "ਕੀ ਲੈਣਾ ਏ ਰਾਜੂ?"
"ਬੁੱਝ ਲੈ ਆਪੇ।"
"ਮੈਂ ਕੋਈ ਜੋਤਿਸ਼ੀ ਥੋੜ੍ਹੀ ਆਂ।"
"ਫੱਕਰਾਂ ਨੂੰ ਖੈਰ, ਪਪੀਹੇ ਨੂੰ ਸੁਆਂਤੀ ਬੂੰਦ, ਚਕੋਰ ਨੂੰ ਚੰਨ ਤੇ ਕੰਜਰੀ ਨੂੰ ਪੈਸੇ ਤੋਂ ਬਿਨਾਂ ਕੁੱਝ ਹੋਰ ਨਹੀਂ ਲੋੜੀਂਦਾ ਹੁੰਦਾ ਜੀਤੀ।" ਮੈਂ ਸ਼ਾਇਰਾਨਾ ਅੰਦਾਜ਼ ਵਿੱਚ ਜੁਆਬ ਦੇਵਾਂਗਾ।
"ਬੁਝਾਰਤਾਂ ਨਾ ਪਾ। ਸਾਫ਼-ਸਾਫ਼ ਦੱਸ?"
"ਜੋ ਹਰ ਆਸ਼ਿਕ ਨੂੰ ਚਾਹੀਦਾ ਹੁੰਦਾ ਹੈ। ਮੈਨੂੰ ਵੀ ਉਹ ਦੇ ਦੇ।"
"ਕੀ ਜੁੱਤੀਆਂ?" ਜੀਤੀ ਮੈਨੂੰ ਚਿੜਾਉਣ ਲਈ ਕਹੇਗੀ।
ਮੈਂ ਉਸ ਦੇ ਮਜ਼ਾਕ 'ਤੇ ਹਾਸਾ ਰੋਕ ਕੇ ਰੱਖਾਂਗਾ ਤੇ ਸੰਜ਼ੀਦਾ ਜਿਹਾ ਮੂੰਹ ਬਣਾ ਕੇ ਕਹਾਂਗਾ, "ਨਹੀਂ, ਇਸ਼ਕ।"
"ਯੂ ਮੀਨ ਲਵ?" ਜੀਤੀ ਮੈਨੂੰ ਪ੍ਰਭਾਵਤ ਕਰਨ ਲਈ ਅੰਗਰੇਜ਼ੀ ਦਾ ਪ੍ਰਯੋਗ ਜ਼ਰੂਰ ਕਰੇਗੀ।
"ਹਾਂ, ਤੇਰਾ ਪਿਆਰ ਜੀਤੀਏ ਤੇਰਾ ਪਿਆਰ।"
"ਆਸ਼ਕਾਂ ਨੂੰ ਇਸ਼ਕ ਨਹੀਂ। ਛਿੱਤਰਾਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਹੈ।" ਜੀਤੀ ਮੈਨੂੰ ਹੋਰ ਸਤਾਏਗੀ।
"ਤੇਰੇ ਲਈ ਉਹ ਵੀ ਮਨਜ਼ੂਰ ਹੈ ਜੀਤੀ।" ਮੈਂ ਗੱਲਾਂ ਵਿੱਚ ਉਹਨੂੰ ਵਾਰੇ ਨਹੀਂ ਆਉਣ ਦਿਆਂਗਾ ਤੇ ਅਵੱਲ ਤਾਂ ਉਹ ਐਨੇ ਨਾਲ ਹੀ ਆਪਣੀ ਸ਼ਿਕਸਤ ਸਵਿਕਾਰ ਕੇ ਮੇਰੇ ਕਦਮਾਂ ਵਿੱਚ ਡਿੱਗ ਪਵੇਗੀ। ਜੇ ਖੁਦਾ-ਨਾ-ਖਾਸਤਾ ਅਜਿਹਾ ਨਾ ਹੋ ਸਕਿਆ ਤਾਂ ਫੇਰ ਉਹ ਸ਼ਰਮਾਉਂਦੀ ਹੈ ਜਾਂ ਗੁੱਸੇ ਹੁੰਦੀ ਹੈ। ਅੱਗਲਾ ਦਾਅ ਉਹਦਾ ਪ੍ਰਤੀਕਰਮ ਦੇਖ ਕੇ ਹੀ ਖੇਡਿਆ ਜਾਵੇਗਾ। ਨੜੀਨਵੇ ਫੀਸਦੀ ਤਾਂ ਉਸ ਦੇ ਇਹ ਕਹਿਣ ਦੇ ਇਮਕਾਨ ਲੱਗਦੇ ਹਨ, "ਬਸ ਐਨੀ ਛੋਟੀ ਜਿਹੀ ਚੀਜ਼ ਮੰਗਣ ਆਇਆ ਸੀ। ਮੰਗਣਾਂ ਹੀ ਸੀ ਤਾਂ ਕੁੱਝ ਹੋਰ ਮੰਗਦਾ। ਪਿਆਰ ਤਾਂ ਮੈਂ ਉਂਝ ਵੀ ਤੈਨੂੰ ਦੇ ਹੀ ਦੇਣਾ ਸੀ।"
"ਤੂੰ ਕੀ ਜਾਣੇ ਜੀਤੀ ਜਿਹਨੂੰ ਤੂੰ ਛੋਟੀ ਜਿਹੀ ਚੀਜ਼ ਆਖ ਰਹੀ ਹੈ ਉਹ ਮੇਰੇ ਲਈ ਕਿੰਡੀ ਵੱਡੀ ਨਿਆਮਤ ਹੈ।"
ਹੁਣ ਹੋਰ ਵਿਲੰਭ ਕਰਨਾ ਉਚਿਤ ਨਹੀਂ ਸੀ। ਕਈ ਵਾਰ ਰਿਹੈਅਸਲ(ਅਭਿਆਸ) ਵਿੱਚ ਲੱਗਿਆ ਬਹੁਤਾ ਜ਼ੋਰ ਵੀ ਪਰਫਾਰਮੈਂਸ(ਪਰਦਰਸ਼ਨ) ਦਾ ਕਚਰਾ ਕਰ ਦਿੰਦਾ ਹੈ। ਅਜਿਹੀਆਂ ਕਲਪਨਾਵਾਂ ਕਰਦਾ ਹੋਇਆ ਮੈਂ ਰਸੋਈ ਵਿੱਚ ਚਲਿਆ ਗਿਆ ਸੀ ਤੇ ਅੰਦਰ ਵੜਦਿਆਂ ਹੀ ਜੀਤੀ ਤੋਂ ਥੋੜ੍ਹਾ ਹੱਟਵਾਂ ਖੜ੍ਹੋ ਗਿਆ ਸੀ। ਉਹਨੇ ਮੇਰੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ। ਮੈਂ ਆਪਣੀ ਮੌਜ਼ੂਦਗੀ ਦਾ ਉਹਨੂੰ ਗਿਆਨ ਕਰਵਾਉਣ ਲਈ ਝੂਠੀ-ਮੂਠੀ ਖੰਘਿਆ ਵੀ ਸੀ। ਪਰ ਉਹਨੇ ਤਾਂ ਜਿਵੇਂ ਮੈਂ ਜੇਠ ਹੁੰਦਾ ਹਾਂ ਤੇ ਉਹ ਮੇਰੀ ਛੋਟੀ ਭਰਜਾਈ, ਇੰਝ ਮੇਰੇ ਵੱਲ ਅੱਖ ਪੱਟ ਕੇ ਨਹੀਂ ਸੀ ਦੇਖਿਆ। ਇਸ਼ਕ ਦੇ ਮਾਮਲੇ ਵਿੱਚ ਮੁੱਢ ਤੋਰਨਾ ਹੀ ਔਖਾ ਹੁੰਦਾ ਹੈ, ਫੇਰ ਤਾਂ ਗੱਲ ਆਪੇ ਹੀ ਰੁੜੀ ਜਾਂਦੀ ਹੈ। ਉਹਦੀਆਂ ਨਜ਼ਰਾਂ ਵਿੱਚ ਮੈਂ ਕਿੱਥੇ ਖੜ੍ਹਾ ਸੀ। ਇਹ ਲੁਪਤ ਭੇਦ ਜਾਣੇ ਬਗੈਰ ਫਾੜ ਸੋਟਾ ਮਾਰਨ ਦੀ ਬਜਾਏ ਮੇਰੇ ਮਨ ਵਿੱਚ ਆਇਆ ਸੀ, ਕਿਉਂ ਨਾ ਇਹਦੇ ਕੋਲ ਕੋਈ ਗਾਣਾ ਗਾ ਕੇ ਮੁਹੱਬਤ ਦਾ ਇਜ਼ਹਾਰ ਕਰਾਂ। ਜੇ ਜੀਤੀ ਨੂੰ ਮੇਰਾ ਪਿਆਰ ਮਨਜ਼ੂਰ ਨਾ ਹੋਇਆ ਜਾਂ ਉਹਨੇ ਬੁਰਾ ਮਨਾਇਆਂ ਤਾਂ ਮੈਂ ਇਹ ਕਹਿ ਕੇ ਸਾਫ਼ ਬਰੀ ਹੋ ਜਾਵਾਂਗਾ ਕਿ ਮੈਂ ਤਾਂ ਮਹਿਜ਼ ਨਗ਼ਮਾ ਹੀ ਗੁਣਗੁਣਾ ਰਿਹਾ ਸੀ। ਕਿਹੜਾ ਗੀਤ ਗਾਵਾਂ? 'ਕਾਟੇ ਨਹੀਂ ਕੱਟਤੇ, ਯੇ ਦਿਨ ਯਹਿ ਰਾਤ, ਕਹਿਨੀ ਥੀ ਤੁਮ ਸੇ ਜੋ ਦਿਲ ਕੀ ਬਾਤ, ਲੋ ਆਜ ਮੈਂ ਕਹਿਤਾ ਹੂੰ, ਆਈ ਲਵ ਯੂ।' ਨਹੀਂ ਇਹ ਮਿਸ਼ਰਾ ਇੱਥੇ ਫਿੱਟ ਨਹੀਂ ਹੁੰਦਾ। ਕੋਈ ਹੋਰ। ਹਾਂ ਇਹ ਠੀਕ ਰਹੇਗਾ 'ਹਮ ਕੋ ਤੁਮ ਸੇ, ਹੋ ਗਿਆ ਹੈ ਪਿਆਰ ਕਿਆ ਕਰੇਂ। ਬੋਲੋ ਤੋਂ ਜੀਏਂ, ਬੋਲੋ ਤੋਂ ਮਰ ਜਾਏਂ। ਓ।'
ਪਰ ਜਿਉਂ ਹੀ ਮੂਡ ਬਣਾ ਕੇ ਮੈਂ ਖੰਘੂਰੇ ਨਾਲ ਗਲਾ ਸਾਫ਼ ਕਰਕੇ ਗਾਉਣ ਦਾ ਪ੍ਰੀਯਾਸ ਕੀਤਾ ਸੀ, ਸੰਘ ਵਿੱਚੋਂ ਬੋਲ ਹੀ ਨਹੀਂ ਸਨ ਨਿਕਲੇ। ਸਾਰੀ ਜ਼ਬਾਨ ਹੀ ਠਾਕੀ ਗਈ ਸੀ। ਵੱਡੇ ਵੱਡੇ ਮਹਾਬਲੀ, ਜੋਧੇ, ਸੂਰਵੀਰ, ਫੋਜਾਂ ਦੇ ਜਰਨੈਲ ਜਿਨ੍ਹਾਂ ਨੇ ਦਰਜਨਾਂ ਜੰਗਾਂ ਜਿੱਤੀਆਂ ਹੋਣ ਉਹ ਵੀ ਇੱਥੇ ਆ ਕੇ ਮਾਰ ਖਾਂਦੇ ਰਹੇ ਹਨ। ਬਾਰਾਂ ਵਰ੍ਹੇ ਮੰਗੂ ਚਾਰਨੇ, ਪੱਟ ਖਵਾਉਣੇ, ਮਾਊਂਟ ਅੇਵਰਰੈਸਟ 'ਤੇ ਚੜ੍ਹਨਾ। ਪਹਾੜ ਚੀਰ ਕੇ ਨਹਿਰ ਕੱਢਣੀ, ਸਭ ਕੁੱਝ ਬੰਦੇ ਲਈ ਸੌਖਾ ਹੈ। ਪਰ ਕਿਸੇ ਨੂੰ ਇਹ ਕਹਿਣਾ ਕਿ ਮੈਂ ਤੈਨੂੰ ਮੁਹੱਬਤ ਕਰਦਾ ਹਾਂ ਦੁਨੀਆਂ ਵਿੱਚ ਸਭ ਤੋਂ ਮੁਸ਼ਕਲ ਕੰਮ ਹੈ।
ਜੀਤੀ ਖੜ੍ਹੀ ਆਪਣੇ ਧਿਆਨ ਦਾਲ ਚੁੱਗ ਰਹੀ ਸੀ। ਮੈਂ ਉਹਦੇ ਕੋਲੋਂ ਭਾਂਡਿਆਂ ਵਾਲੀ ਟੋਕਰੀ ਵਿੱਚੋਂ ਜੱਗ ਚੁੱਕ ਕੇ ਜੱਗ ਨੂੰ ਨਿਭਾਲਦਾ ਰਿਹਾ ਸੀ। ਉਹ ਫਿਰ ਵੀ ਕੁੱਝ ਨਹੀਂ ਬੋਲੀ ਸੀ ਤਾਂ ਮੈਂ ਗੱਲ ਸ਼ੁਰੂ ਕਰਨ ਲਈ ਆਖਿਆ ਸੀ, "ਜੱਗ ਆ ਇਹ?"
ਮੈਂ ਜੀਤੀ ਵੱਲ ਝਾਕਦਾ ਰਿਹਾ ਸੀ। ਉਹਨੂੰ ਜਿਵੇਂ ਸੁਣਿਆ ਹੀ ਨਹੀਂ ਸੀ ਜਾਂ ਉਹਨੇ ਕੰਨਾਂ ਵਿੱਚ ਕੌੜਾ ਤੇਲ ਪਾਇਆ ਹੋਇਆ ਸੀ। ਉਹਦੀ ਚੁੱਪ ਮੈਨੂੰ ਅੱਖਰਦੀ ਸੀ। ਜੱਗ ਰੱਖ ਕੇ ਮੈਂ ਗਿਲਾਸ ਉੱਠਾ ਲਿਆ ਸੀ ਤੇ ਉਸ ਨੂੰ ਨਿਰਖਣ ਲੱਗ ਪਿਆ ਸੀ।
"ਅੱਛਾ ਗਿਲਾਸ ਐ ਇਹ?" ਉਹਦੇ ਗੂੰਗੀ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਮੈਂ ਥੋੜ੍ਹੀ ਸੁਰ ਹੋਰ ਉੱਚੀ ਕਰੀ ਸੀ, "ਤਾਂ ਕੱਚ ਦਾ ਗਿਲਾਸ ਹੈ ਇਹ।"
ਉਹਨੇ ਮਾਂ ਦੀ ਧੀ ਨੇ ਜਿਵੇਂ ਕਸਮ ਖਾਧੀ ਹੋਈ ਸੀ ਮੈਨੂੰ ਨਾ ਬੁਲਾਉਣ ਦੀ। ਉਹਨੇ ਮੇਰਾ ਕੋਈ ਨੋਟਿਸ ਨਹੀਂ ਲਿਆ ਸੀ। ਮੈਨੂੰ ਉਹਦੀ ਚਸ਼ਮਪੋਸ਼ੀ ਤੋਂ ਬਹੁਤ ਖਿੱਝ ਚੜ੍ਹ ਰਹੀ ਸੀ। ਦੋ ਸ਼ਬਦ ਬੋਲਣ ਨਾਲ ਉਹਦੀ ਕੀ ਸੁਰਖੀ ਲਹਿੰਦੀ ਸੀ ਜਾਂ ਜੀਭ ਘੱਸਣ ਲੱਗੀ ਸੀ। ਗੁੱਸੇ ਵਿੱਚ ਮੈਂ ਗਿਲਾਸ ਚਲਾ ਕੇ ਵਾਪਸ ਭਾਂਡਿਆਂ ਵਿੱਚ ਮਾਰਿਆ ਸੀ। ਭਾਵੇਂ ਟੁੱਟ ਕੇ ਉੱਥੇ ਕੱਚ ਖਿਲਰ ਜਾਂਦਾ, ਮੈਨੂੰ ਕੋਈ ਪਰਵਾਹ ਨਹੀਂ ਸੀ। ਮੈਂ ਟੋਕਰੀ ਵਿੱਚੋਂ ਚਮਚੇ ਨੂੰ ਹੱਥ ਪਾਇਆ ਤਾਂ ਉਹ ਬੋਲ ਪਈ ਸੀ।
"ਆਹੋ ਇਹ ਚਮਚਾ ਹੀ ਹੈ।ਸਟੀਲ ਦਾ ਚਮਚਾ।"
ਮੇਰੇ ਨਾਲ ਨਜ਼ਰਾਂ ਮਿਲਾ ਕੇ ਜੀਤੀ ਮੁਸ਼ਕੜੀਏ ਹੱਸੀ ਸੀ। ਉਹਦੇ ਬੋਲਾਂ ਵਿੱਚ ਵਿਅੰਗ ਦੀ ਝਲਕ ਸੀ। ਮੈਂ ਘਬਰਾ ਗਿਆ ਸੀ। ਮੇਰੇ ਲਈ ਇੱਕ ਪਲ ਵੀ ਉੱਥੇ ਖੜ੍ਹਨਾ ਦੁੱਭਰ ਹੋ ਗਿਆ ਤੇ ਮੈਂ ਕੰਨ ਲਪੇਟ ਕੇ ਓਨੀ ਪੈਰੀਂ ਬਾਹਰ ਆ ਗਿਆ ਸੀ। ਮੈਨੂੰ ਆਪਣੇ ਆਪ ਉੱਤੇ ਬੜੀ ਸ਼ਰਮ ਆਈ ਸੀ। ਛਛੋਰੇਪਨ ਵਿੱਚ ਬੱਚਕਾਨਾ ਹਰਕਤ ਕਰਕੇ ਮੈਂ ਖੁਦ ਆਪਣੀ ਪੱਟੀ ਮੇਸ ਕਰਵਾ ਲਈ ਸੀ। ਥੋੜ੍ਹੀ ਦੇਰ ਬਾਅਦ ਉਹ ਬਾਹਰ ਕਿੱਲੀ ਤੋਂ ਲਟਕਦਾ ਪੋਣਾ ਚੁੱਕਣ ਆਈ ਸੀ ਤਾਂ ਮੈਥੋਂ ਉਹਦੇ ਨਾਲ ਨਜ਼ਰਾਂ ਨਹੀਂ ਸਨ ਮਿਲਾ ਹੋਈਆਂ। ਸੰਗਦੇ ਹੋਏ ਨੇ ਮੈਂ ਨੀਵੀਂ ਪਾਈ ਰੱਖੀ ਸੀ। ਉਹਦੇ ਦੁਬਾਰਾ ਰਸੋਈ ਵਿੱਚ ਵੜਨਸਾਰ ਮੈਂ ਰੇਸ ਫੜ੍ਹੀ ਸੀ ਤੇ ਨਾਨੀ ਕੋਲ ਆ ਕੇ ਸਾਹ ਲਿਆ ਸੀ।ਰੋਟੀ ਤਿਆਰ ਕਰਕੇ ਜੀਤੀ ਨਾਨੀ ਦੇ ਸੌਣ ਕਮਰੇ ਵਿੱਚ ਹੀ ਲੈ ਆਈ ਸੀ। ਇੱਕ ਫੁਲਕਾ ਨਾਨੀ ਨੂੰ ਮੂੰਗੀ ਦੀ ਦਾਲ ਵਿੱਚ ਚੂਰ ਕੇ ਤੇ ਮੇਰੇ ਲਈ ਦੋ ਪਰਸ਼ਾਦੇ ਥਾਲੀ ਵਿੱਚ ਰੱਖ ਲੈ ਆਈ ਸੀ।
"ਪਤਲੀਆਂ ਲਾਹੀ ਤੇ ਵੇਲ ਕੇ ਰੋਟੀ ਵੱਡੀ ਕਰ ਦੇਈਂ। ਵੱਡੀਆਂ ਵੱਡੀਆਂ ਰੋਟੀਆਂ ਤਾਂ ਖੁਸ਼ ਹੋ ਕੇ ਖਾਂਦਾ ਹੈ ਇਹ।" ਨਾਨੀ ਨੇ ਜੀਤੀ ਨੂੰ ਤਾਕੀਦ ਕੀਤੀ ਸੀ।
ਨਾਨੀ ਜੀਤੀ ਦੇ ਕੰਮਾਂ ਵਿੱਚ ਲੋੜ ਤੋਂ ਜ਼ਿਆਦਾ ਹੀ ਮੀਨ ਮੇਖ ਕਰ ਰਹੀ ਸੀ। ਇਸ ਲਈ ਜੀਤੀ ਦੇ ਕਮਰੇ ਵਿੱਚੋਂ ਜਾਂਦਿਆਂ ਹੀ ਮੈਂ ਨਾਨੀ ਨੂੰ ਘੁਰਕਿਆ ਸੀ, "ਬੇਬੇ ਤੂੰ ਜ਼ਿਆਦਾ ਟੋਕਾ ਟਾਕੀ ਨਾ ਕਰਿਆ ਕਰ। ਸਾਰਾ ਮਾਮਿਆਂ ਦਾ ਕਸੂਰ ਹੀ ਨਹੀਂ, ਤੂੰ ਵੀ ਨੱਕ ਬੁੱਲ੍ਹ ਜਿਹੇ ਮਾਰਨੋਂ ਬਾਜ਼ ਨਹੀਂ ਆਉਂਦੀ। ਆਪਣੀਆਂ ਖਸਲਤਾਂ ਨੂੰ ਬਦਲ।"
ਨਾਨੀ ਦਾ ਮੂੰਹ ਅਲੀਗੜ ਦੇ ਤਾਲੇ ਵਾਂਗੂੰ ਬੰਦ ਹੋ ਗਿਆ ਸੀ। ਪਰ ਥੋੜ੍ਹੇ ਚਿਰ ਲਈ।
"ਦੇਖ ਕੀ ਸੋਹਣਿਆਂ ਰੂੰ ਵਰਗੀਆਂ ਪੋਲੀਆਂ-ਪੋਲੀਆਂ ਰੋਟੀਆਂ ਹਨ। ਥੋਡੇ ਦਫ਼ੇ ਹੋਣੇ ਗੋਰਖੇ ਦੀਆਂ ਤਾਂ ਖਲਪਾੜਾਂ ਵਰਗੀਆਂ ਹੁੰਦੀਆਂ ਬੇਸੁਆਦੀਆਂ ਵਿੰਗੀਆਂ-ਟੇਡੀਆਂ ਜਿਹੀਆਂ ਜਾਣੀ ਪੈਰਾਂ ਨਾਲ ਪਕਾਈਆਂ ਹੁੰਦੀਆਂ ਨੇ।"
ਮੇਰੇ ਤੋਂ ਆਪਣੇ ਰਸੋਈਏ ਬਹਾਦਰ ਦੀ ਬੇਇੱਜ਼ਤੀ ਜਰੀ ਨਹੀਂ ਸੀ ਗਈ, "ਜਾਣ ਦੇ ਬੇਬੇ, ਨਿਪਾਲੀ ਤਾਂ ਸਿਰੇ ਦਾ ਖਾਣਾ ਬਣਾਉਂਦੇ ਨੇ। ਉਹਨਾਂ ਦੀ ਕਿਹੜਾ ਰੀਸ ਕਰ ਲਊ?"
ਨਿਰਸੰਦੇਹ ਬਹਾਦਰ ਵਧੀਆ ਬਾਵਰਚੀ ਹੈ। ਉਂਗਲਾਂ ਚਟਾ ਦਿੰਦਾ ਹੈ। ਪਰ ਜਵਾਬ ਕੋਈ ਜੀਤੀ ਦੇ ਬਣਾਏ ਖਾਣੇ ਦਾ ਵੀ ਨਹੀਂ ਸੀ। ਮੈਂ ਅਜੇ ਦੂਸਰੀ ਰੋਟੀ ਦੀ ਪਹਿਲੀ ਬੁਰਕੀ ਹੀ ਤੋੜੀ ਸੀ ਕਿ ਜੀਤੀ ਮੈਨੂੰ ਹੋਰ ਪੁੱਛਣ ਆ ਗਈ ਸੀ। ਮੈਂ ਉਸ ਨੂੰ ਹੋਰ ਲੈਣ ਤੋਂ ਮਨ੍ਹਾ ਕਰਿਆ ਸੀ ਤਾਂ ਨਾਨੀ ਬਦਲਾ ਲੈਣ ਲਈ ਮੇਰੇ ਗਲ ਪੈ ਗਈ ਸੀ, "ਤੇਰੇ ਅਰਗੇ ਗੱਭਰੂ ਮੂਹਰੇ ਤਾਂ ਛਾਬਾ ਭਰਿਆ ਹੋਵੇ, ਉਹ ਵੀ ਗਪਲ ਗਪਲ ਛੱਕ ਜੇ। ਤੇਰੇ ਆਹ ਦੋ ਫੁਲਕੀਆਂ ਹੀ ਅੜ ਗਈਆਂ?"
"ਨਹੀਂ, ਬਸ ਭੁੱਖ ਨਹੀਂ ਬੇਬੇ।" ਮੈਂ ਲਿੱਚ-ਗੜੀਚੀਆਂ ਕਰਦਿਆਂ ਡਕਾਰ ਮਾਰਿਆ ਸੀ।
"ਲੱਗਦੈ ਮੇਰੇ ਹੱਥਾਂ ਦੀਆਂ ਪਕਾਈਆਂ ਇਹਨੂੰ ਸੁਆਦ ਨਹੀਂ ਲੱਗੀਆਂ।" ਜੀਤੀ ਨੇ ਵੀ ਨਾਜ਼ ਨਖਰੇ ਜਿਹੇ ਨਾਲ ਆਪਣਾ ਪੱਤਾ ਸੁੱਟ ਦਿੱਤਾ ਸੀ।
"ਬਾਬੇ ਦੀ ਸਹੁੰ, ਢਿੱਡ ਭਰਿਆ ਪਿਐ।" ਮੈਨੂੰ ਜੀਤੀ ਦੇ ਨਰਾਜ਼ ਹੋ ਜਾਣ ਦੀ ਵੀ ਚਿੰਤਾ ਸੀ।
"ਰੱੱਖ ਦੇ ਇੱਕ।"
ਨਾਨੀ ਦੀ ਹੱਲਾਸ਼ੇਰੀ ਨਾਲ ਜੀਤੀ ਨੇ ਮੱਲੋ-ਮੱਲੀ ਇੱਕ ਰੋਟੀ ਮੇਰੀ ਥਾਲੀ ਵਿੱਚ ਧਰਦਿਆਂ ਪੁੱਛਿਆ ਸੀ, "ਖੀਰ ਹੋਰ ਲਿਆਂਵਾ?"
"ਨਹੀਂ ਨਹੀਂ । ਕੋਈ ਲੋੜ ਨਹੀਂ ਜੀ। ਰੱਜ ਗਿਆਂ। ਪਾਣੀ ਹੋਰ ਲਿਆ ਦੋ।"
ਮੈਂ ਜੀਤੀ ਨੂੰ ਖ਼ਾਲੀ ਜੱਗ ਚੁੱਕ ਕੇ ਫੜ੍ਹਾ ਦਿੱਤਾ ਸੀ। ਮੈਨੂੰ ਇੱਕ ਤਾਂ ਮੁੜਕਾ ਬਹੁਤ ਆਉਂਦਾ ਹੈ ਤੇ ਦੂਜਾ ਪਿਆਸ ਬਹੁਤ ਲੱਗਦੀ ਹੈ। ਜਦੋਂ ਜੀਤੀ ਰੋਟੀ ਦੀ ਥਾਲੀ ਫੜਾ ਕੇ ਗਈ ਸੀ ਉਦੋਂ ਵੀ ਮੈਂ ਸਭ ਤੋਂ ਪਹਿਲਾਂ ਪਾਣੀ ਨੂੰ ਹੀ ਹੱਥ ਪਾਇਆ ਸੀ ਤੇ ਹੁਣ ਵੀ ਗਿਲਾਸ ਵਿੱਚ ਬਚਦਾ ਪਾਣੀ ਪੀਂਦਾ ਦੇਖ ਕੇ ਜੀਤੀ ਨੇ ਤਨਜ਼ ਨਾਲ ਆਖਿਆ ਸੀ, "ਤਦੇ ਈ ਤਾਂ ਸ਼ਹਿਰੀਏ ਪੋਲੜ ਜਿਹੇ ਰਹਿ ਜਾਂਦੇ ਨੇ। ਰੋਟੀ ਖਾਂਦੇ ਨਹੀਂ, ਪਾਣੀ ਨਾਲ ਹੀ ਢਿੱਡ ਭਰ ਲੈਣਗੇ।"
ਮੈਂ ਛਾਤੀ ਫੁਲਾਈ ਸੀ, "ਤੂੰ ਕੀ ਕਹਿਣਾ ਚਾਹੁੰਦੀ ਐਂ ਪੇਂਡੂ ਸਾਡੇ ਨਾਲੋਂ ਤਾਕਤਵਰ ਹੁੰਦੇ ਨੇ? ਮੇਰੇ ਵਿੱਚ ਜਾਨ ਨਹੀਂ?"
"ਰਾਜੂ ਮੈਂ ਤੇਰੀ ਗੱਲ ਨਹੀਂ ਕਰਦੀ।" ਤਾਜ਼ੇ ਫੁੱਲਾਂ ਵਿੱਚੋਂ ਚੂਸੀ ਹੋਈ ਖ਼ੁਸ਼ਬੂ ਨੂੰ ਫ਼ਿਜ਼ਾ ਵਿੱਚ ਖਿਡਾਉਂਦੀ ਫਿਰਦੀ ਤਿਤਲੀ ਵਾਂਗ ਉਹ ਮਹਿਕਾਂ ਵੰਡਦੀ ਜੱਗ ਲੈ ਕੇ ਕਮਰੇ ਚੋਂ ਨਿਕਲ ਗਈ ਸੀ। ਥੋੜ੍ਹੇ ਚਿਰ ਬਾਅਦ ਪਾਣੀ ਨਾਲ ਉਹ ਹੋਰ ਫੁਲਕਾ ਲੈ ਆਈ ਸੀ। ਮੈਂ ਥੋੜ੍ਹੀ ਬਹੁਤੀ ਨਾਹ-ਨੁੱਕਰ ਕਰੀ ਸੀ।
"ਇੱਕ ਮੇਰੇ ਕਹੇ 'ਤੇ ਖਾਹ ਲਵੋ।" ਜੀਤੀ ਨੇ ਮੁਹੱਬਤੀ ਇਸਰਾਰ ਨਾਲ ਆਖ ਕੇ ਮੇਰੇ ਜੁਆਬ ਦੀ ਉਡੀਕ ਵਿੱਚ ਮੇਰੇ 'ਤੇ ਨਜ਼ਰਾਂ ਗੱਡੀ ਰੱਖੀਆਂ ਸਨ।
ਮੇਰੇ ਮਨ ਵਿੱਚ ਆਇਆ ਸੀ ਮੈਂ ਉਹਨੂੰ ਜੁਆਬ ਦੇਵਾਂ, "ਜੇ ਤੂੰ ਇਉਂ ਹੀ ਪਿਆਰ ਨਾਲ ਦੇਵੇ ਤਾਂ ਤੇਰੇ ਹੱਥੋਂ ਮੌਰਾ ਮਿਲੇ, ਉਹ ਵੀ ਨਾ ਛੱਡੀਏ।" ਪਰ ਨਾਨੀ ਦੀ ਹਜ਼ੂਰੀ ਵਿੱਚ ਮੈਂ ਇਹ ਕਿਵੇਂ ਕਹਿ ਸਕਦਾ ਸੀ। ਅਸੀਂ ਦੋਹੇਂ ਤਨਹਾਈ 'ਚ ਇਕੱਲੇ ਹੁੰਦੇ ਤਾਂ ਸ਼ਾਇਦ ਮੈਂ ਕੁੱਝ ਕਹਿ ਦਿੰਦਾ।
"ਇੰਝ ਕਰੋ ਦੁਬਾਰਾ ਪਰਾਂਤ ਭਰ ਕੇ ਆਟਾ ਗੁੰਨ ਲਉ।" ਮੈਂ ਜੀਤੀ ਨੂੰ ਬਾਗੋਬਾਗ ਕਰਨ ਲਈ ਕਹਿ ਦਿੱਤਾ ਸੀ। ਉਹਨੇ ਤਾਂ ਜਿਵੇਂ ਪਹਿਲਾਂ ਹੀ ਗਰਾ ਰੋਟੀਆਂ ਪਕਾ ਕੇ ਜਮ੍ਹਾਂ ਕਰੀਆਂ ਹੁੰਦੀਆਂ ਹਨ, ਇੰਝ ਲੱਗ ਗਈ ਸੀ ਢੋਣ। ਨਾ ਭੁੱਖ ਹੋਣ ਦੇ ਬਾਵਜੂਦ ਵੀ ਮੈਂ ਚਾਮ੍ਹਲ ਕੇ ਤਿੰਨ ਚਾਰ ਮੰਨੀਆਂ ਹੋਰ ਰਗੜ ਗਿਆ ਸੀ। ਪ੍ਰੀਤੀ ਭੋਜਨ ਮਗਰੋਂ ਜੀਤੀ ਸਾਡੇ ਜੂਠੇ ਭਾਂਡੇ ਮਾਂਜਣ ਲਈ ਲੈ ਗਈ ਸੀ। ਅਸੀਂ ਗੱਲਾਂ ਮਾਰਨ ਲੱਗ ਪਏ ਸੀ।
ਅੱਧੇ ਕੁ ਘੰਟੇ ਬਾਅਦ ਜੀਤੀ ਦੋ ਗਿਲਾਸ ਤੇ ਦੁੱਧ ਦਾ ਜੱਗ ਲੈ ਕੇ ਦਾਖਲ ਹੋਈ ਸੀ। ਪੌਣਾ ਕੁ ਗਿਲਾਸ ਨਾਨੀ ਨੇ ਲੈ ਲਿਆ ਸੀ ਤੇ ਮੈਂ ਮਨ੍ਹਾ ਕਰ ਦਿੱਤਾ ਸੀ। ਚੌੜ ਵਿੱਚ ਆ ਕੇ ਰੋਟੀਆਂ ਤਾਂ ਖਾਹ ਲਈਆਂ ਸਨ। ਦੁੱਧ ਦੀ ਰਤਾ ਵੀ ਗੁੰਜਾਇਸ਼ ਨਹੀਂ ਸੀ। ਐਕਸੈਸਿਵ ਔਫ ਐਨੀ ਥਿੰਗ ਇਜ਼ ਬੈਡ। ਮੈਂ ਵੀ ਔਖਾ ਹੋ ਗਿਆ ਸੀ। ਮੈਂ ਢਿੱਡ 'ਤੇ ਹੱਥ ਰੱਖ ਕੇ ਔਖੇ ਔਖੇ ਸਾਹ ਲੈ ਕੇ ਦਿਖਾਏ ਸਨ। ਮੇਰੀ ਐਕਟਿੰਗ ਦੇਖ ਕੇ ਨਾਨੀ ਤੇ ਜੀਤੀ ਨੇ ਮੈਨੂੰ ਦੁੱਧ-ਪਾਨ ਤੋਂ ਛੋਟ ਦੇ ਦਿੱਤੀ ਸੀ।
"ਚੱਲ ਤੂੰ ਹੀ ਪੀ ਲੈ ਗਰਮ-ਗਰਮ। ਨਾਲੇ ਬਹਿ ਜਾ ਦਮ ਲੈ ਲਾ ਬਿੰਦ। ਸਾਰੀ ਦਿਹਾੜੀ ਚੱਲ ਸੋ ਚੱਲ। ਤੂੰ ਵੀ ਬੰਦਾ ਆਖ਼ਰ ਨੂੰ ਮਸ਼ੀਨ ਤਾਂ ਨਹੀਂ।"
ਜੀਤੀ ਨਾਨੀ ਦੀ ਪੈਂਦ ਸੰਕੋਚ ਨਾਲ ਬੈਠ ਗਈ ਸੀ। ਉਹਦੀ ਮਿੰਨ੍ਹੀ-ਮਿੰਨ੍ਹੀ ਤਬੱਸਮ ਮੈਨੂੰ ਇਲਾਹੀ ਖੁਸ਼ੀਆਂ ਬਖਸ਼ ਰਹੀ ਸੀ। ਹੁਣ ਪਾਸਾ ਪਲਟ ਗਿਆ ਸੀ। ਮੇਰੀ ਜਗ੍ਹਾ ਨਾਨੀ ਦਾ ਕੇੜਾ ਹੁਣ ਜੀਤੀ 'ਤੇ ਚੜ੍ਹਨਾ ਸੀ। ਮੈਂ ਵੀ ਨਿਉਂਦਾ ਮੋੜਨ ਲਈ, ਜਿਹੜੀਆਂ ਉਹਨੇ ਮੈਨੂੰ ਰੋਟੀਆਂ ਮਜ਼ਬੂਰ ਕਰਕੇ ਖੁਆਈਆਂ ਸਨ, ਉਹਨਾਂ ਦੇ ਵੱਟੇ ਜੀਤੀ ਨੂੰ ਸਾਰਾ ਜੱਗ ਪਲਾਉਣ ਦੀ ਠਾਣ ਲਈ ਸੀ।
ਜੀਤੀ ਚਲਾਕ ਨਿਕਲੀ ਸੀ। ਉਹ ਫ਼ਰਜ਼ਾਨਗੀ ਨਾਲ ਜੱਗ ਵਿੱਚ ਪਹਿਲਾਂ ਹੀ ਮਾਪ ਕੇ ਦੋ ਗਿਲਾਸ ਦੁੱਧ ਦੇ ਲਿਆਈ ਸੀ। ਜਿਸ ਵਿੱਚੋਂ ਇੱਕ ਨਾਨੀ ਨੇ ਲੈ ਲਿਆ ਸੀ ਤੇ ਦੂਜਾ ਉਹ ਅਸਾਨੀ ਨਾਲ ਪੀ ਗਈ ਸੀ। ਨਾਨੀ ਆਪਣੇ ਦੰਦ ਲਾਹ ਕੇ ਡੱਬੀ ਵਿੱਚ ਰੱਖ ਰਹੀ ਸੀ ਕਿ ਜੀਤੀ ਨਾਨੀ ਤੋਂ ਅੱਖ ਬਚਾ ਕੇ ਇਸ਼ਾਰੇ ਨਾਲ ਕੁੱਝ ਬੋਲੀ ਸੀ। ਭਾਵੇਂ ਉਹਦੀ ਆਵਾਜ਼ ਤਾਂ ਨਹੀਂ ਸੀ ਆਈ। ਪਰ ਬੁੱਲ੍ਹਾਂ ਦੀ ਹਰਕਤ ਤੋਂ ਮੈਂ, ਜਿਹੜੇ ਉਹਨੇ ਦੋ ਮੂਕ ਸ਼ਬਦ ਬੋਲੇ ਸਨ, ਉਹ ਖੂਬ ਅੱਛੀ ਤਰ੍ਹਾਂ ਸਮਝ ਗਿਆ ਸੀ। "ਪੋਲੜ ਸ਼ਹਿਰੀਆ।" ਉਹਨੇ ਮੈਨੂੰ ਛੇੜਿਆ ਸੀ। ਇਸ ਤੋਂ ਪਹਿਲਾਂ ਕਿ ਮੈਂ ਵੀ ਉਹਨੂੰ ਭਾਜੀ ਮੋੜਦਾ ਨਾਨੀ ਦਾ ਧਿਆਨ ਮੇਰੇ ਉੱਤੇ ਆ ਟਿਕਿਆ ਸੀ। ਉਹ ਨਾਨੀ ਦਾ ਤੇ ਆਪਣਾ ਗਿਲਾਸ ਲੈ ਕੇ ਚਲੀ ਗਈ।
ਉਹਦੇ ਛੇੜਨ ਨੇ ਮੇਰੇ ਅੰਦਰ ਖਲਬਲੀ ਮਚਾ ਦਿੱਤੀ ਸੀ। ਮੈਨੂੰ ਸੀ ਕਿਹੜਾ ਵੇਲਾ ਹੋਵੇ ਨਾਨੀ ਸੌਵੇਂ ਤਾਂ ਜੋ ਮੈਂ ਤੇ ਜੀਤੀ ਕਾਮ ਖੇਡ ਖੇਡੀਏ। ਨਾਨੀ ਲੇਟ ਤਾਂ ਗਈ ਸੀ, ਪਰ ਪਈ ਹੋਈ ਇੱਕ ਗੱਲ ਛੱਡਦੀ ਸੀ ਦੂਜੀ ਫੜ ਲੈਂਦੀ ਸੀ। ਗੱਲਾਂ ਕਰਦਿਆਂ ਨੀਂਦ ਕਿਵੇਂ ਆ ਸਕਦੀ ਹੈ? ਸੌਣ ਲਈ ਤਾਂ ਚੁੱਪ ਕਰਕੇ ਅੱਖਾਂ ਬੰਦ ਕਰਨੀਆਂ ਜ਼ਰੂਰੀ ਹਨ। ਜਿੰਨਾ ਚਿਰ ਮੈਂ ਕੋਲ ਬੈਠਾ ਸੀ, ਉਹਨਾਂ ਚਿਰ ਨਾਨੀ ਦੀਆਂ ਗੱਲਾਂ ਨਹੀਂ ਸਨ ਮੁਕਣੀਆਂ। ਜੇ ਜੀਤੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਘੋਲ ਦਿੰਦੀ ਤਾਂ ਨਜ਼ਾਰਾ ਆ ਜਾਣਾ ਸੀ। ਉਦੋਂ ਨੂੰ ਤਾਂ ਨਾਨੀ ਨੇ ਕਦੋਂ ਦੀ ਸੌਂ ਜਾਣਾ ਸੀ। ਨਾਨੀ ਨੂੰ ਸੌਣ ਲਈ ਇੱਕਲੀ ਛੱਡ ਕੇ ਜਾਣ ਨੂੰ ਮੈਂ ਨਕਲੀ ਉਬਾਸੀ ਲੈ ਕੇ ਮੰਜੇ ਤੋਂ ਉੱਠਿਆ ਸੀ, "ਮੈਂ ਫੇਰ ਚੱਲ ਕੇ ਓਧਰ ਪੈਂਦਾ ਹਾਂ।"
"ਓਧਰ ਕਿੱਧਰ?"
"ਦੂਏ ਕਮਰੇ ਵਿੱਚ।"
"ਇੱਥੇ ਹੀ ਪਿਆ ਰਉ।"
"ਤੇ ਜੀਤੀ ਫੇਰ?" ਮੈਂ ਕਮਰੇ ਵਿੱਚ ਡਹੇ ਦੋ ਹੀ ਮੰਜੇ ਦੇਖ ਕੇ ਕਿਹਾ ਸੀ।
"ਉਹਨੂੰ ਤਾਂ ਮੈਂ ਕਹਿ ਦਿੱਤਾ ਭਾਵੇਂ ਅੱਜ ਦਾ ਦਿਨ ਆਪਣੇ ਘਰੇ ਚਲੀ ਜਾਵੇ।"
ਏਨਾ ਸੁਣ ਕੇ ਮੇਰਾ ਉੱਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ ਸੀ। ਨਾਨੀ ਨੇ ਇਹ ਕੀ ਕੰਮ 'ਚ ਘੜੰਮ ਪਾ ਦਿੱਤਾ ਸੀ। ਜਿਵੇਂ ਦਾਲ ਖਾਂਦੇ ਕੋਕੜੂ ਆਏ ਤੋਂ ਸਾਰਾ ਸੁਆਦ ਵਿਗੜ ਜਾਂਦਾ ਹੈ। ਉਵੇਂ ਮੇਰਾ ਮੂਡ ਹੀ ਖ਼ਰਾਬ ਹੋ ਗਿਆ ਸੀ।
ਜੀਤੀ ਸਾਰੇ ਕੰਮ ਮੁਕਾ ਕੇ ਕਮਰੇ ਵਿੱਚ ਨਾਨੀ ਤੋਂ ਇਜਾਜ਼ਤ ਮੰਗਣ ਆਈ ਸੀ, "ਚੰਗਾ ਮੈਂ ਜਾਵਾਂ ਫੇਰ ਬੇਜੀ?"
"ਆ ਗਿਆ ਨਰੈਣਾ?" ਨਾਨੀ ਨੇ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ ਸੀ।
"ਨਈਂ ਬਾਪੂ ਤਾਂ ਨਈਂ ਆਇਆ ਗਾ।"
"ਤੂੰ ਕਹਿ ਕੇ ਨਹੀਂ ਸੀ ਆਈ?" ਨਾਨੀ ਨੇ ਉਹਨੂੰ ਘੂਰਿਆ ਸੀ।
"ਨਹੀਂ ਬਾਪੂ ਤਾਂ ਘਰੇ ਨਹੀਂ ਸੀ, ਗਿਆ ਹੋਇਆ ਸੀ ਕਿਤੇ। ਮੈਂ ਬੀਬੀ ਨੂੰ ਦੱਸ ਕੇ ਵਗੇ ਆਈ ਸੀ। ਉਹ ਕਹਿੰਦੀ ਸੀ ਘੱਲ ਦਿਊ ਬਾਪੂ ਨੂੰ। ਪਰ ਪਤਾ ਨਹੀਂ।"
"ਅੜਕ ਜਾ ਡੀਕ ਲੈ ਬਿੰਦ ਝਟ।" ਨਾਨੀ ਨੇ ਆਪਣੀਆਂ ਲੱਤਾਂ ਉੱਪਰ ਨੂੰ ਖਿੱਚ ਕੇ ਜੀਤੀ ਦੇ ਬੈਠਣ ਲਈ ਜਗ੍ਹਾ ਬਣਾਈ ਸੀ।
"ਆਇਆ ਨਹੀਂ ਹੋਣਾ ਬਾਪੂ ਹਲੇ। -ਕੋਈ ਨਹੀਂ ਚਲੀ ਜਾਂਨੀ ਆਂ।" ਜੀਤੀ ਨੇ ਤਰਲਾ ਕੀਤਾ ਸੀ।
"ਨਾ ਬੀਬਾ ਮੈਂ ਜਵਾਨ ਜਹਾਨ ਕੁੜੀ ਨੂੰ ਐਹ ਵੇਲੇ 'ਨੇਰੇ 'ਚ ਕੱਲੀ ਨਈਂ ਜਾਣ ਦੇਣਾ। ਉੱਤੋਂ ਜਮਾਨਾ ਤਾਂ ਦੇਖ ਕਿਹੜੈ?"
"ਪਰ ਕੀ ਪਤਾ ਬਾਪੂ ਕਦੋਂ ਮੁੜੇ?"
ਜਦੋਂ ਨਾਨੀ ਬੋਲਦੀ ਸੀ ਮੈਂ ਨਾਨੀ ਵੱਲ ਦੇਖਣ ਲੱਗ ਜਾਂਦਾ ਸੀ, ਜਦੋਂ ਜੀਤੀ ਬੋਲਦੀ ਜੀਤੀ ਵੱਲ ਸਿਰ ਘੁੰਮਾ ਲੈਂਦਾ ਸੀ। ਉਹ ਮਜ਼ਬੂਰ ਹੋ ਕੇ ਬੈਠ ਗਈ ਸੀ।
ਕੁੱਝ ਦੇਰ ਬੈਠੀ ਰਹਿਣ ਮਗਰੋਂ ਨਾਨੀ ਨੇ ਜੀਤੀ ਦੀ ਬੇਜ਼ਾਰੀ ਨੂੰ ਮਹਿਸੂਸ ਕਰਦਿਆਂ ਕਿਹਾ ਸੀ, "ਜੇ ਜਾਣਾ ਹੀ ਹੈ ਤਾਂ ਚੱਲ ਮੈਂ ਰਾਜੂ ਨੂੰ ਭੇਜ ਦਿੰਦੀ ਆਂ ਤੇਰੇ ਨਾਲ।"
ਮੈਨੂੰ ਨਾਨੀ ਤੋਂ ਇਹ ਗੱਲ ਸੁਣਨ ਦੀ ਤਾਂ ਰੰਚਕ ਮਾਤਰ ਵੀ ਤਵੱਕੋਂ ਨਹੀਂ ਸੀ। ਮੈਨੂੰ ਚਾਅ ਚੜ੍ਹ ਗਿਆ ਸੀ। "ਰਾਜੂ ਪੁੱਤ ਉੱਠ ਕੇਰਾਂ ਮੱਲ ਬਣ ਕੇ ਇਹਨੂੰ ਛੱਡ ਆ।"
ਮੈਂ ਰਜਾਈ ਚਲਾ ਕੇ ਪਰ੍ਹਾਂ ਮਾਰੀ ਸੀ ਤੇ ਕਰਾਟੇ ਵਾਲਿਆਂ ਦੀ ਤਰ੍ਹਾਂ ਛਾਲ ਮਾਰ ਕੇ ਮੰਜੇ ਤੋਂ ਉੱਠਿਆ ਸੀ। "ਤੁਸੀਂ ਤਾਂ ਐਵੇਂ ਹੀ ਕਰੀ ਜਾਂਨੇ ਹੋ, ਬੇਜੀ। ਮੈਂ ਚਲੀ ਜਾਣਾ ਸੀ।" ਸਾਫ਼ ਪਤਾ ਲੱਗ ਰਿਹਾ ਸੀ ਕਿ ਜੀਤੀ ਇਹ ਦਿੱਲੋਂ ਨਹੀਂ ਸੀ ਕਹਿ ਰਹੀ। "ਕੋਈ ਨਹੀਂ ਮੈਂ ਕਿਹੜਾ ਇੱਥੇ ਬੈਠੇ ਨੇ ਮੋਟਾ ਹੋਣੈ। ਚੱਲਦਾਂ ਨਾਲੇ ਬਹਾਨੇ ਨਾਲ ਪਿੰਡ ਵੀ ਦੇਖ ਲਵਾਂਗੇ।" ਮੈਂ ਨਾਨੀ ਦਾ ਸਮਰਥਨ ਕੀਤਾ ਸੀ। "ਇੱਥੇ ਦੇਖਣ ਨੂੰ ਕੀ ਐ? ਇਹ ਕਿਹੜਾ ਚੰਡੀਗੜ੍ਹ ਐ?" ਜੀਤੀ ਮੈਨੂੰ ਜਿਹਮਤ ਨਹੀਂ ਸੀ ਦੇਣਾ ਚਾਹੁੰਦੀ। "ਕਿਉਂ ਚੰਡੀਗੜ੍ਹ ਨੂੰ ਕੀ ਅੰਬ ਲੱਗੇ ਨੇ?"
ਇਸ ਤੋਂ ਪਹਿਲਾਂ ਕਿ ਨਾਨੀ ਦੀ ਸਲਾਹ ਬਦਲਦੀ ਮੈਂ ਉਹਨੂੰ ਉੱਥੋਂ ਤੋਰ ਲੈਣਾ ਚਾਹੁੰਦਾ ਸੀ। ਮੈਂ ਅੱਗੇ ਵਧ ਕੇ ਦਰਵਾਜ਼ਾ ਖੋਲ੍ਹਿਆ ਸੀ, "ਅੱਛਾ ਬੇਬੇ ਮੈਂ ਦੌਰਾ ਕਰ ਆਵਾਂ।"
ਨਾਨੀ ਨੇ ਮੰਜੇ ਉੱਤੇ ਪਏ ਖੇਸ ਦਿਖਾਉਂਦਿਆ ਕਿਹਾ ਸੀ, "ਠੰਡ ਹੋਊ ਲੋਈ ਲੈ ਲਾ।"
"ਨਾ ਠੰਡ ਕਿੱਥੇ?" ਨਾਨੀ ਨੂੰ ਜੁਆਬ ਦੇ ਕੇ ਮੈਂ ਮਨ ਹੀ ਮਨ ਸੋਚਿਆ ਸੀ, ਜਿੱਥੇ ਦੋ ਜੁਆਨ ਜਿਸਮਾਂ ਵਿੱਚ ਨੇੜਤਾ ਹੋਵੇ ਉੱਥੇ ਠੰਡ ਨਹੀਂ, ਗਰਮੀ ਹੁੰਦੀ ਹੈ।
"ਚੰਗਾ, ਕੁੱਤੇ ਬਿੱਲੇ ਤੋਂ ਸੋਟੀ ਨਾਲ ਲੈ ਜਾ।"
"ਸੋਟੀ ਨੂੰ ਕੀ ਆ।"
ਮੈਂ ਕਮਰੇ ਵਿੱਚੋਂ ਨਿਕਲਣ ਹੀ ਲੱਗਿਆ ਸੀ ਕਿ ਨਾਨੀ ਨੇ ਆਪਣੇ ਸਿਰਹਾਣਿਉਂ ਹਾਕੀ ਚੁੱਕ ਕੇ ਮੇਰੇ ਵੱਲ ਕਰ ਦਿੱਤੀ ਸੀ। ਨਾਨੀ ਛੋਟੇ ਮਾਮੇ ਦੀ ਉਸ ਹਾਕੀ ਦਾ ਖੂੰਡੀ ਵਜੋਂ ਤੁਰਨ ਲੱਗੀ ਇਸਤੇਮਾਲ ਕਰਿਆ ਕਰਦੀ ਹੈ। ਮੈਂ ਚੁੱਪਚਾਪ ਹਾਕੀ ਫੜ ਲਈ ਤੇ ਉੱਥੋਂ ਖਿਸਕਣ ਦੀ ਕੀਤੀ ਸੀ। ਜੇ ਜ਼ਿਆਦਾ ਰੱਫੜ ਪਾਉਂਦਾ ਤਾਂ ਹੋ ਸਕਦਾ ਸੀ ਕਿ ਸਲਾਹ ਬਦਲ ਕੇ ਨਾਨੀ ਮੇਰੇ ਬਾਹਰ ਜਾਣ 'ਤੇ ਹੀ ਪਾਬੰਦੀ ਲਾ ਦਿੰਦੀ। ਜੇਲ੍ਹ ਵਿੱਚੋਂ ਅਜ਼ਾਦ ਹੋਏ ਕੈਦੀ ਵਾਂਗ ਮੈਂ ਉੱਥੋਂ ਹਿੱਲਿਆ ਸੀ।
ਘਰੋਂ ਬਾਹਰ ਨਿਕਲ ਕੇ ਜਦੋਂ ਅਸੀਂ ਦਰਵਾਜ਼ਾ ਝਮਿਆਂ ਸੀ ਤਾਂ ਸਾਰੇ ਮੁਹੱਲੇ ਵਿੱਚ ਸੁੰਨ-ਸਰਾਂ ਸੀ। ਜਿੱਧਰ ਨੂੰ ਜੀਤੀ ਗਈ ਸੀ, ਮੈਂ ਵੀ ਉੱਧਰ ਨੂੰ ਅਹੁਲਿਆ ਸੀ। ਸ਼ਹਿਰੀ ਤੜਕ-ਭੜਕ ਵਾਲੀ ਜ਼ਿੰਦਗੀ ਦੇ ਇੱਕਦਮ ਉਲਟ ਸ਼ਾਤੀ ਭਰਪੂਰ ਪਿੰਡ ਦਾ ਵਾਤਾਵਰਣ ਮੈਨੂੰ ਟੁੰਬ ਗਿਆ ਸੀ। ਮੈਨੂੰ ਇੰਝ ਪ੍ਰਤੀਤ ਹੋਇਆ ਸੀ ਜਿਵੇਂ 'ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ।' ਵਾਲੀ ਸਾਹਿਬਾਂ ਦੀ ਫ਼ਰਿਆਦ ਮੁਦੱਤਾਂ ਬਾਅਦ ਓਦੇਂ ਰੱਬ ਨੇ ਸੁਣੀ ਸੀ। ਨਹੀਂ ਪ੍ਰੇਮੀਆਂ ਨੂੰ ਇਸ ਚੰਦਰੇ ਜਹਾਨ ਵਿੱਚ ਇਕਾਂਤ ਕਿੱਥੇ ਨਸੀਬ ਹੁੰਦਾ ਹੈ? ਸ਼ਾਇਦ ਠੰਡ ਕਾਰਨ ਲੋਕ ਆਪੋਂ ਆਪਣੇ ਜੂਲਿਆਂ ਵਿੱਚ ਵੜੇ ਬੈਠੇ ਸਨ। ਜੀਤੀ ਨੂੰ ਇਕੱਲਿਆਂ ਜੀਅ ਭਰ ਕੇ ਦੇਖਣ ਦਾ ਮੈਨੂੰ ਵਧੀਆ ਅਵਸਰ ਪ੍ਰਾਪਤ ਹੋ ਗਿਆ ਸੀ। ਮੈਂ ਨਿਧੜਕ ਹੋ ਕੇ ਜੀਤੀ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਿਆ ਸੀ। ਸੱਚੀਂ! ਜੀਤੀ ਜਿੰਨੀ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਸੀ ਦੇਖੀ। ਬਾਜੀਆਂ ਕੁੜੀਆਂ ਦੀ ਸ਼ਕਲ ਸੋਹਣੀ ਹੁੰਦੀ ਹੈ, ਪਰ ਸ਼ਰੀਰ ਨਹੀਂ। ਜੇ ਕਿਸੇ ਦਾ ਸ਼ਰੀਰ ਸੋਹਣਾ ਹੋਵੇ ਤਾਂ ਸ਼ਕਲ ਪੱਖੋਂ ਸਰਿਆ ਪਿਆ ਹੁੰਦਾ ਹੈ। ਪਰ ਜੀਤੀ। ਜੀਤੀ ਦੀ ਤਾਂ ਹਰ ਇੱਕ ਚੀਜ਼ ਸੋਹਣੀ ਸੀ। ਉਹਦਾ ਚਿਹਰਾ ਸ਼ਰੀਰ ਹੱਥ ਪੈਰ ਉਹਦਾ ਤੁਰਨਾ ਬੋਲਣਾ ਹੱਸਣਾ। ਕੀ ਕੀ ਗਿਣਾਵਾਂ? ਉਸ ਕੋਲ ਬੰਦੇ ਨੂੰ ਸ਼ਹੀਦ ਕਰ ਦੇਣ ਵਾਲੀਆਂ ਅਦਾਵਾਂ ਦਾ ਤਾਂ ਕੋਈ ਘਾਟਾ ਹੀ ਨਹੀਂ ਸੀ। ਲੋਕਾਂ ਦੇ ਦਰਾਂ ਵਿੱਚ ਬਨੇਰਿਆਂ 'ਤੇ ਲੱਗੇ ਬੱਲਬਾਂ ਦੇ ਪ੍ਰਕਾਸ਼ ਵਿੱਚ ਜੀਤੀ ਦਾ ਅੰਗ ਅੰਗ ਧੁੱਪੇ ਰੱਖੇ ਚਾਂਦੀ ਦੇ ਵਰਕ ਵਾਂਗ ਲਿਸ਼ਕ ਰਿਹਾ ਸੀ। ਉਹਨੂੰ ਪਿਆਰ ਦੇ ਨਜ਼ਰੀਏ ਤੋਂ ਦੇਖਦਿਆਂ ਮੈਨੂੰ ਸਰਦਾਰ ਪੰਛੀ ਦਾ ਸ਼ਿਅਰ ਯਾਦ ਆਇਆ ਸੀ ਜੋ ਕਿ ਉਸ ਵਕਤ ਜੀਤੀ ਤੇ ਪੂਰੀ ਤਰ੍ਹਾਂ ਢੁੱਕਦਾ ਸੀ:- ਜਬੀਂ ਰੌਸ਼ਨ, ਨਯਨ ਰੌਸ਼ਨ, ਲਬੋ ਰੁਖਸਾਰ ਭੀ ਰੌਸ਼ਨ, ਅੰਧੇਰੇ ਮੇਂ ਅਗਰ ਕਹਤੇ ਤੋ ਕਿਸ-ਕਿਸ ਕੋ ਦੀਆ ਕਹਤੇ।
ਜੀਤੀ ਦੀਆਂ ਪਤਲੀਆਂ ਅਤੇ ਸੁਰਖ-ਸ਼ਰਬਤੀ ਬੁੱਲ੍ਹੀਆਂ ਦੇਖ ਕੇ ਮੇਰਾ ਮਨ ਹੋਰ ਵੀ ਲਲਚਾਉਣ ਲੱਗਿਆ ਸੀ। ਜੀਤੀ ਨੇ ਮੇਰੀਆਂ ਨਿਗਾਹਾਂ ਨਾਲ ਆਪਣੀਆਂ ਨਜ਼ਰਾਂ ਭਿੜਾ ਕੇ ਮੈਨੂੰ ਹੋਰ ਦਿਸ਼ਾ ਵਿੱਚ ਦੇਖਣ ਲਈ ਮਜ਼ਬੂਰ ਕਰ ਦਿੱਤਾ ਸੀ। ਪਰ ਮੈਂ ਚੋਰ ਅੱਖ ਨਾਲ ਉਹਨੂੰ ਤੱਕਣੋਂ ਰਹਿ ਨਹੀਂ ਸੀ ਸਕਿਆ। ਮੈਂ ਤੇ ਜੀਤੀ ਵਾਹੋ-ਦਾਹੀ ਤੁਰੇ ਜਾ ਰਹੇ ਸਾਂ। ਪਰੇਡ ਕਰਦੇ ਫੌਜੀਆਂ ਵਾਂਗ ਇੱਕ ਦੂਏ ਦੇ ਕਦਮ ਨਾਲ ਕਦਮ ਮਿਲਾ ਕੇ, ਮੋਢੇ ਨਾਲ ਮੋਢਾ ਲਾ ਕੇ। ਮੈਂ ਸੋਚਦਾ ਸੀ ਉਹਦੇ ਨਾਲ ਕੋਈ ਗੱਲ ਸ਼ੁਰੂ ਕਰਾਂ। ਪਰ ਕੀ? ਜੇ ਕਹਿੰਦਾ ਠੰਡ ਲੱਗਦੀ ਆ। ਤਾਂ ਉਹਨੇ ਕਹਿਣਾ ਸੀ। ਭੂਰਾ ਲੈ ਆਉਂਦਾ ਫੇਰ।
ਜੇ ਇਹ ਆਖਦਾ ਕਿ ਹਨੇਰਾ ਬਹੁਤ ਹੈ।ਇੰਝ ਤਾਂ ਅੱਗੋਂ ਉਹ ਮੇਰੀ ਮੂਰਖਤਾ ਉੱਤੇ ਹੱਸਦੀ, "ਰਾਤ ਨੂੰ ਹੋਰ ਕੀ ਧੁੱਪ ਨਿਕਲਣੀ ਐ?"
ਵਾਰਤਾਲਾਪ ਦੀ ਸ਼ੁਰੂਆਤ ਕਰਨ ਲਈ ਕੋਈ ਵੀ ਫਜ਼ੂਲ ਤੇ ਬੇਤੁਕੀ ਜਿਹੀ ਗੱਲ ਛੇੜੀ ਜਾ ਸਕਦੀ ਸੀ। ਪਰ ਮੈਨੂੰ ਕੁੱਝ ਵੀ ਕਹਿਣ ਲਈ ਯਾਦ ਨਹੀਂ ਸੀ ਆਇਆ। ਮੈਂ ਅਜੇ ਜਕੋਂ ਤੱਕੋਂ ਵਿੱਚ ਹੀ ਸੀ ਕਿ ਉਹ ਰੁੱਕ ਗਈ ਸੀ। ਖੜ੍ਹੀਂ, "ਇੱਕ ਮਿੰਟ।"
ਮੈਨੂੰ ਜੀਤੀ ਦੇ ਇੰਝ ਅਚਨਚੇਤ ਖੜ੍ਹਨ ਦਾ ਪਹਿਲਾਂ ਪਤਾ ਨਹੀਂ ਸੀ। ਇਸ ਲਈ ਮੈਂ ਉਸ ਦੇ ਵਾਕ ਪੂਰਾ ਕਰਨ ਤੱਕ ਉਸ ਤੋਂ ਦੋ ਤਿੰਨ ਕਦਮ ਅੱਗੇ ਲੰਘ ਗਿਆ ਸੀ। ਮੈਂ ਪਿੱਛੇ ਨੂੰ ਇੱਕ ਉਲਾਂਘ ਪੁੱਟ ਕੇ ਉਹਦੇ ਨੇੜੇ ਨੂੰ ਹੋਇਆ ਸੀ। ਅਸੀਂ ਫੇਸ ਟੂ ਫੇਸ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਸਾਂ। ਜੀਤੀ ਨੇ ਸ਼ਾਲ ਦੀ ਬੁੱਕਲ ਖੋਲ੍ਹ ਕੇ ਆਪਣੀਆਂ ਬਾਹਾਂ ਪਾਸਿਆਂ ਨੂੰ ਸਿੱਧੀਆਂ-ਸਤੂਕ ਫੈਲਾਅ ਲਈਆਂ ਸਨ। ਸ਼ਾਲ ਆਪਣੀ ਪਿੱਠ ਪਿੱਛੇ ਤਾਣ ਕੇ ਜੀਤੀ ਮੇਰੇ ਮੂਹਰੇ ਖੜ੍ਹੀ ਸੀ। ਸ਼ਾਲ ਦੀ ਇੱਕ ਕੰਨੀ ਉਹਦੇ ਸੱਜੇ ਹੱਥ ਅਤੇ ਦੂਸਰਾ ਸਿਰਾ ਖੱਬੇ ਹੱਥ ਵਿੱਚ ਫੜਿਆ ਹੋਇਆ ਸੀ। ਉਹਦੀ ਹਿੱਕ ਵਿੱਚ ਅਸਲੀ ਅਕਾਰ ਨਾਲੋਂ ਜ਼ਿਆਦਾ ਉਭਾਰ ਆਇਆ ਦੇਖ ਕੇ ਮੈਨੂੰ ਲੱਗਿਆ ਸੀ, ਜਿਵੇਂ ਉਹ ਮੈਨੂੰ ਜੱਫੀ ਪਾ ਕੇ ਉੱਤੋਂ ਦੀ ਸ਼ਾਲ ਵਲ ਲਵੇਗੀ। ਇੰਝ ਸ਼ਰੀਰਾਂ ਦੇ ਇਰਦ-ਗਿਰਦ ਲਿਪਟੇ ਸ਼ਾਲ ਦੀ ਕਰਿੰਗੜੀ ਸਾਨੂੰ ਨੂੜ ਕੇ ਇੱਕ ਦੂਸਰੇ ਤੋਂ ਵੱਖ ਨਹੀਂ ਹੋਣ ਦੇਵੇਗੀ। ਮੇਰਾ ਵੀ ਜੀਅ ਕਰਦਾ ਸੀ ਜੀਤੀ ਨੂੰ ਧਾਹ ਕੇ ਗਲਵੱਕੜੀ ਪਾ ਲਵਾਂ। ਜਿਵੇਂ ਘਲਾੜੀ ਗੰਨੇ ਨੂੰ ਨਿਚੋੜ ਸੁੱਟਦੀ ਹੈ। ਉਵੇਂ ਜੀਤੀ ਦੇ ਗੁਲਫਾਮ ਛਾਂਟਵੇਂ ਸ਼ਰੀਰ ਨੂੰ ਬਾਹਾਂ ਵਿੱਚ ਘੁੱਟ ਕੇ ਨਪੀੜ ਲਵਾਂ। ਕੋਲ ਹੀ ਮਿੱਟੀ ਦਾ ਟਿੱਬਾ ਵੀ ਸੀ। ਜਿਸ ਦਾ ਓਹਲਾ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਸੀ। ਕਾਮ ਚੇਸ਼ਟਾ ਦੀ ਜਵਾਲਾ ਮੈਨੂੰ ਭਸਮ ਕਰੀ ਜਾ ਰਹੀ ਸੀ। ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਿਆ ਸੀ। ਮੈਂ ਅੱਗੇ ਵੱਧ ਕੇ ਜੱਟ-ਜੱਫਾ ਪਾਉਣ ਹੀ ਲੱਗਿਆ ਸੀ ਕਿ ਉਹਨੇ ਸ਼ਾਲ ਨੂੰ ਝੂਣਨ ਕੇ ਝਾੜਿਆ ਸੀ ਤੇ ਦੁਬਾਰਾ ਸਵਾਰ ਕੇ ਬੁੱਕਲ ਮਾਰਦੀ ਹੋਈ ਚੱਲ ਆਖ ਕੇ ਤੁਰ ਪਈ ਸੀ।
ਮੇਰੇ ਸਾਰੇ ਮਚਲਦੇ ਅਰਮਾਨ ਪਾਣੀ ਦੀ ਝੱਗ ਵਾਂਗੂੰ ਹੇਠਾਂ ਬਹਿ ਗਏ ਸਨ। ਕਾਮ ਕ੍ਰੀੜਾ ਦਾ ਵਿਚਾਰ ਮੁਲਤਵੀ ਕਰਕੇ ਮੈਂ ਉਹਦੇ ਮਗਰ ਨਸਿਆ ਸੀ। ਸ਼ੂਕਦੇ ਵੇਗ ਨੂੰ ਕਿਵੇਂ ਕਾਬੂ ਕਰਿਆ ਸੀ। ਇਹ ਮੈਂ ਹੀ ਜਾਣਦਾ ਹਾਂ। ਮੁਹੱਲੇ ਵਿੱਚੋਂ ਨਿਕਲ ਕੇ ਅਸੀਂ ਪਿੰਡ ਦੀ ਜੂਹ 'ਤੇ ਪੈ ਗਏ ਸੀ। ਪਿੰਡ ਦੇ ਬਾਹਰਲਾ ਰਾਹ ਹੋਣ ਕਰਕੇ ਬੇਸ਼ੱਕ ਪਾਲਾ ਤਾਂ ਸੀ, ਪਰ ਮੌਸਮ ਸਾਫ਼ ਸੀ। ਧੁੰਦ ਅਜੇ ਨਹੀਂ ਸੀ ਪਈ। ਅੱਧੀ ਰਾਤੋਂ ਬਾਅਦ ਪੈਣ ਲੱਗਦੀ ਸੀ। ਚੰਨ ਦੀ ਚਾਨਣੀ ਅਤੇ ਤਾਰਿਆਂ ਦੀ ਮਿੰਨ੍ਹੀ- ਮਿੰਨ੍ਹੀ ਲੋਅ ਦੇ ਬਾਵਜੂਦ ਵੀ ਹਨੇਰਾਂ ਬਹੁਤ ਸੰਘਣਾ ਸੀ। ਸਾਨੂੰ ਇੱਕ ਦੂਜੇ ਦੇ ਚਿਹਰੇ ਤਾਂ ਸਾਫ਼ ਨਹੀਂ ਸਨ ਦਿਸਦੇ। ਬਸ ਇੱਕ ਦੂਸਰੇ ਦੇ ਬੁੱਤ ਜਿਹੇ ਹੀ ਨਜ਼ਰ ਆਉਂਦੇ ਸਨ। ਇਸ ਰਾਹ ਤੇ ਰੋਸ਼ਨੀ ਦੇ ਕੋਈ ਇੰਤਜ਼ਾਮ ਨਾ ਹੋਣ ਦਾ ਇੱਕ ਮਾਤਰ ਕਾਰਨ ਇਹ ਸੀ ਕਿ ਬਹੁਤਿਆਂ ਘਰਾਂ ਦੇ ਗਲੀਆਂ ਵੱਲ ਮੂੰਹ 'ਤੇ ਇੱਧਰ ਨੂੰ ਪਿੱਠਾਂ ਲੱਗਦੀਆਂ ਸਨ। ਦੋ ਸੂਬਿਆਂ ਦੀ ਸਾਂਝੀ ਰਾਜਧਾਨੀ ਦੀ ਰਾਤ ਵੇਲੇ ਦੀ ਚਮਕ-ਦਮਕ ਅਤੇ ਅੱਖਾਂ ਚੁੰਧਿਆ ਦੇਣ ਵਾਲੀਆਂ ਸਟਰੀਟ ਲਾਈਟਾਂ ਦਾ ਆਦੀ ਹੋਣ ਕਰਕੇ ਪਿੰਡ ਦੀ ਇਹ ਘਣਘੋਰ ਹਨੇਰੀ ਰਾਤ ਦਾ ਮੈਨੂੰ ਰੋਮਾਂਟਿਕ ਲੱਗਣਾ ਤਾਂ ਸੁਭਾਵਕ ਹੀ ਸੀ। ਪਰ ਜੀਤੀ ਦਾ ਸਾਥ ਤਾਂ ਸੋਨੇ 'ਤੇ ਸੁਹਾਗਾ ਹੀ ਸੀ। ਹੁਸੀਨ ਨਾਰ ਹਨੇਰੇ ਵਿੱਚ ਹੋਰ ਵੀ ਹੁਸਨਾਕ ਲੱਗਦੀ ਹੈ। ਇਸ ਗੱਲ ਦਾ ਆਭਾਸ ਵੀ ਮੈਨੂੰ ਜੀਤੀ ਨੂੰ ਦੇਖ ਕੇ ਹੀ ਹੋਇਆ ਸੀ। ਉਹਦੇ ਡਲਕਾਂ ਮਾਰਦੇ ਰੂਪ ਦੀ ਝਾਲ ਨਹੀਂ ਝੱਲੀ ਜਾਂਦੀ ਸੀ।
ਥੋੜ੍ਹਾ ਹੋਰ ਅੱਗੇ ਗਏ ਸੀ ਤਾਂ ਟਾਵੇਂ ਟਾਵੇਂ ਖੰਭਿਆਂ ਉੱਤੇ ਬਿਜਲੀ ਦੇ ਲਾਟੂ ਜਗਮਗਾਉਂਦੇ ਹੋਣ ਕਰਕੇ ਰਸਤਾਂ ਵਿੱਚ ਪਹਿਲਾਂ ਨਾਲੋਂ ਕੁੱਝ ਉਜਾਲਾ ਸੀ। ਗੁਰਦੁਆਰੇ ਸਾਹਵਿਉਂ ਦੀ ਲੰਘਦਿਆਂ ਸਿਰ ਨਿਵਾ ਕੇ ਮੈਂ ਇਹ ਹੀ ਦੁਆ ਮੰਗੀ ਸੀ। ਹੇ ਰੱਬ ਸੱਚਿਆ ਮੇਰੇ ਲਈ ਕੋਈ ਚਮਤਕਾਰ ਕਰ ਦੇ।
ਸਾਰਾ ਪਿੰਡ ਵਗਲ ਕੇ ਅਸੀਂ ਵਿਹੜੇ ਦੇ ਨਜ਼ਦੀਕ ਆ ਗਏ ਸਾਂ। ਫਿਰਨੀ ਤੋਂ ਅਸੀਂ ਜਿਸ ਬੀਹੀ ਵਿੱਚ ਮੁੜਨਾ ਸੀ। ਉਸ ਦੇ ਮੋੜ ਉੱਤੇ ਚਾਰ ਪੰਜ ਕੁੱਤੇ ਪੁਲਿਸ ਵਾਲਿਆਂ ਵਾਂਗੂੰ ਨਾਕਾ ਲਗਾਈ ਬੈਠੇ ਮੀਟਿੰਗ ਕਰ ਰਹੇ ਸਨ। ਜਿਉਂ ਹੀ ਅਸੀਂ ਉਹਨਾਂ ਦੇ ਕੋਲ ਦੀ ਲੰਘਣ ਲੰਘੇ ਤਾਂ ਇੱਕ ਕੁੱਤੇ ਨੇ ਬਊਂ-ਬਊਂ ਕਰਕੇ ਮੇਰੇ 'ਤੇ ਧਾਵਾ ਬੋਲ ਦਿੱਤਾ ਸੀ ਤੇ ਉਹਦੇ ਮਗਰੇ ਹੀ ਬਾਕੀ ਵੀ ਪੈ ਨਿਕਲੇ ਸਨ। ਜੀਤੀ ਨੂੰ ਉਹਨਾਂ ਵਿੱਚੋਂ ਇੱਕ ਕੁੱਤਾ ਵੀ ਨਹੀਂ ਸੀ ਭੌਂਕਿਆ। ਸਾਰੇ ਮੇਰੇ ਦੁਆਲੇ ਹੀ ਹੋ ਗਏ ਸਨ। ਜਿਵੇਂ ਮੇਰੇ ਇੱਕਲੇ ਦੇ ਹੀ ਵਰੰਟ ਨਿਕਲੇ ਸਨ। ਮੈਂ ਪਹਿਲਾਂ ਤਾਂ ਇੱਕਦਮ ਭੈਅ ਖਾ ਗਿਆ ਸੀ ਕਿ ਕਿਤੇ ਮੇਰੀ ਲੱਤ-ਲੁੱਤ ਹੀ ਨਾ ਪਾੜ ਦੇਣ। ਮੈਂ ਡਰਦਾ ਮਾਰਾ ਜੀਤੀ ਦੀ ਆੜ ਵਿੱਚ ਲੁੱਕਣ ਨੂੰ ਫਿਰਦਾ ਸੀ। ਪਰ ਫੇਰ ਮੇਰੇ ਮਨ 'ਚ ਆਇਆ ਸੀ, ਮੈਂ ਇਹ ਕੀ ਕਰਨ ਲੱਗਿਆ ਹਾਂ? ਮੇਰੇ ਨਾਲ ਜੀਤੀ ਹੈ। ਤੀਵੀਂ ਸਦਾ ਬਹਾਦਰ ਆਦਮੀ ਦੀ ਕਦਰ ਕਰਦੀ ਹੁੰਦੀ ਹੈ। ਜਿਹੜੇ ਬੰਦੇ ਨੂੰ ਕੁੱਤਾ ਹੀ ਡਰਾ ਗਿਆ, ਉਹਦੇ ਨਾਲੋਂ ਵੱਡਾ ਡਰਪੋਕ ਹੋਰ ਕੌਣ ਹੋਊ? ਇੱਕੋ ਸਾਹ ਹਨੂੰਮਾਨ ਚਾਲਿਸਾ ਦਾ ਜਾਪ ਕਰਦਿਆਂ ਦਲੇਰੀ ਕਰਕੇ ਮੈਂ ਇੱਕ ਕੁੱਤੇ ਦੇ ਜੁਬਾੜਿਆਂ 'ਤੇ ਵੱਟ ਕੇ ਹਾਕੀ ਮਾਰੀ ਸੀ ਤਾਂ ਬਾਕੀ ਸਾਰੇ ਮੈਨੂੰ ਵੱਢਣ ਨੂੰ ਆਏ ਸਨ। ਜੀਹਦੇ ਹਾਕੀ ਵੱਜੀ ਸੀ ਉਹ ਕੁੱਤਾ ਤਾਂ ਉੱਥੇ ਹੀ ਫੁੜਕ ਕੇ ਡਿੱਗ ਪਿਆ ਸੀ। ਮੈਂ ਹਾਕੀ ਹਵਾ ਵਿੱਚ ਘੁੰਮਾ ਕੇ ਦੂਜਿਆਂ ਵੱਲ ਨੂੰ ਵੀ ਹੋਇਆ ਸੀ ਤਾਂ ਚਊਂ ਚਊਂ ਕਰਦੇ ਸਾਰੇ ਚੱਡਿਆਂ ਵਿੱਚ ਪੂਛਾਂ ਦੇ ਕੇ ਉੱਥੋਂ ਭੱਜ ਗਏ ਸਨ। ਕੁੱਤਿਆਂ ਨੂੰ ਮੈਦਾਨ ਛੱਡ ਕੇ ਭੱਜਦੇ ਦੇਖ ਕੇ ਮੇਰੇ ਵਿੱਚ ਹੋਰ ਵੀ ਹਿੰਮਤ ਆ ਗਈ ਸੀ। ਇਹ ਜਾਣਦਾ ਹੋਇਆ ਵੀ ਕਿ ਕੁੱਤਿਆਂ ਨੇ ਮੈਨੂੰ ਡਾਹ ਨਹੀਂ ਸੀ ਦੇਣੀ, ਫੇਰ ਵੀ ਜਾਣ ਬੁੱਝ ਕੇ ਉਹਨਾਂ ਦੇ ਪਿੱਛੇ ਦੌੜਿਆ ਸੀ। ਮਿੰਟਾਂ ਸਕਿੰਟਾਂ ਵਿੱਚ ਹੀ ਉਹ ਮੇਰੀਆਂ ਅੱਖਾਂ ਤੋਂ ਉਹਲੇ ਹੋ ਗਏ ਸਨ। ਕੁੱਤਿਆਂ ਨੂੰ ਤਿੱਤਰ-ਬਿੱਤਰ ਕਰਕੇ ਮੈਂ ਆਪਣੇ ਆਪ ਨੂੰ ਜੀਤੀ ਦੀਆਂ ਨਜ਼ਰਾਂ ਵਿੱਚ ਹੀਰੋ ਬਣਿਆ ਮਹਿਸੂਸ ਕਰ ਰਿਹਾ ਸਾਂ। ਮੁੜ ਕੇ ਆਇਆ ਸੀ ਤਾਂ ਜਿੱਥੇ ਮੈਂ ਉਹਨੂੰ ਛੱਡ ਕੇ ਗਿਆ ਸੀ, ਜੀਤੀ ਉਸੇ ਸਥਾਨ 'ਤੇ ਹੀ ਖੜ੍ਹੀ ਮੇਰੀ ਉਡੀਕ ਕਰ ਰਹੀ ਸੀ। ਜੀਤੀ ਨਾਲ ਆ ਕੇ ਰਲਦਿਆਂ ਉਹਦੇ ਤੋਂ ਸ਼ਾਬਾਸ਼ ਲੈਣ ਲਈ ਮੈਂ ਆਪੇ ਰਾਹ ਪੱਧਰ ਕਰਿਆ ਸੀ, "ਪਤਾ ਨਹੀਂ ਸਾਲੇ ਲੋਕ ਕਤੀੜ ਕਿਉਂ ਰੱਖਦੇ ਨੇ?" "ਬੇਜੀ ਦੱਸਦੇ ਸੀ, ਤੁਹਾਡੇ ਤਾਂ ਆਪ ਦੋ ਕੁੱਤੇ ਰੱਖੇ ਹੋਏ ਨੇ।" ਬੋਲਦੀ ਹੋਈ ਉਹ ਤਿੱਖੀ ਟੋਰ ਤੁਰ ਪਈ ਸੀ।
ਮੈਂ ਵੀ ਉਹਦੇ ਬਰੋਬਰ ਤੁਰਨ ਲਈ ਆਪਣੀ ਚਾਲ ਵਿੱਚ ਚੁੱਸਤੀ ਲਿਆਂਦੀ ਸੀ। ਜੀਤੀ ਦੀ ਹਾਜ਼ਰ ਜੁਆਬੀ ਨੇ ਮੈਨੂੰ ਮੁੱਧੇ-ਮੂੰਹ ਸੁੱਟ ਦਿੱਤਾ ਸੀ। ਮੈਂ ਸਫ਼ਾਈ ਦੇਣ ਲੱਗਿਆ ਸੀ, "ਉਹ ਤਾਂ ਡੈਡੀ ਦੇ ਰੱਖੇ ਨੇ। ਮੈਨੂੰ ਕਤੀੜ ਰੱਖਣ ਦਾ ਕੋਈ ਸ਼ੌਕ ਨਹੀਂ। ਵੈਸੇ ਉਹ ਕੋਈ ਐਸੇ ਵੈਸੇ ਕੁੱਤੇ ਥੋੜ੍ਹੀ ਆ। ਡਾਬਰ ਮੈਨ ਤਾਂ ਚੋਟੀ ਦਾ ਕੁੱਤਾ ਐ। ਜਾਣਦੀ ਏਂ ਕਿੰਨਾ ਮਹਿੰਗਾ ਆਇਆ ਸੀ? ਛੋਟਾ ਗੱਦੀ ਤਾਂ ਉਈਂ ਸੋਹਣਾ ਲੱਗਦਾ ਹੈ ਘਰੇ ਠੁਮਕ-ਠੁਮਕ ਕਰਦਾ ਫਿਰਦਾ। ਕਿੱਥੇ ਉਹ ਤੇ ਕਿੱਥੇ ਇਹ ਸੜੇ-ਪਲੇ ਜਿਹੇ ਪਾਂ ਵਾਲੇ ਅਵਾਰਾ ਕੁੱਤੇ।"
"ਨਹੀਂ ਰਾਜੂ ਏਦਾਂ ਨਹੀਂ ਕਹੀਦਾ। ਲਾਹਨਤ ਹੈ ਉਸ ਅੱਖ 'ਤੇ ਜੋ ਸਿਰਫ਼ ਬਾਹਰੀ ਖੂਬਸੂਰਤੀ ਨੂੰ ਦੇਖਦੀ ਹੈ ਤੇ ਹੋਰ ਖੂਬੀਆਂ ਨੂੰ ਤੱਕਣ ਦਾ ਯਤਨ ਨਹੀਂ ਕਰਦੀ। ਤੂੰ ਕੀ ਜਾਣੇ ਇਹਨਾਂ ਦੇ ਸਾਨੂੰ ਕਿੰਨੇ ਫ਼ਾਇਦੇ ਨੇ। ਕੁੱਤੇ ਨੂੰ ਪਾਲਣ ਦਾ ਤਾਂ ਜੱਗ ਕਰਨ ਜਿੰਨਾਂ ਪੁੰਨ ਲੱਗਦਾ ਹੈ। ਯੂਰਪੀਅਨ ਲੋਕ ਕੁੱਤੇ ਨੂੰ ਬੜਾ ਸ਼ੁਭ ਮੰਨਦੇ ਹਨ। ਪੱਛਮੀ ਦੇਸ਼ਾਂ ਵਿੱਚ ਇਸਾਈ ਲੋਕ ਆਪਣੇ ਭਾਗ ਚਮਕਾਉਣ ਹਿੱਤ ਕ੍ਰਿਸਮਿਸ ਤੋਂ ਪੂਰਬ ਖਾਸ ਤੌਰ 'ਤੇ ਕੁੱਤਾ ਖਰੀਦ ਕੇ ਘਰ ਲਿਆਉਂਦੇ ਹਨ। ਸਬਾਬ ਦਾ ਕੰਮ ਕਰਨ ਲਈ ਦੋਸਤਾਂ-ਮਿੱਤਰਾਂ ਨੂੰ ਤੋਹਫੇ ਦੇ ਤੌਰ 'ਤੇ ਕੁੱਤਾ ਭੇਂਟ ਕਰਦੇ ਹਨ। ਵਿਦੇਸ਼ਾਂ ਵਿੱਚ ਵਰ੍ਹਿਆਂ ਤੋਂ ਇਹ ਰੀਤ ਚੱਲੀ ਆ ਰਹੀ ਹੈ। ਪਰ ਕੁੱਝ ਅਗਿਆਨੀ ਲੋਕਾਂ ਨੇ ਇਸ ਰਿਵਾਜ਼ ਨੂੰ ਭੇਡ-ਚਾਲ ਸਮਝ ਕੇ ਕ੍ਰਿਸਮਿਸ ਤੋਂ ਪਹਿਲਾਂ ਕੁੱਤਾ ਲੈ ਲੈਣਾ ਤੇ ਮਗਰੋਂ ਵੇਚ ਦੇਣਾ ਜਾਂ ਘਰੋਂ ਕੱਢ ਦੇਣਾ। ਅਜਿਹੇ ਵਿਅਕਤੀਆਂ ਨੂੰ ਅਕਲ-ਦਾਨ ਦੇਣ ਲਈ ਡਾਗ ਇੱਜ਼ ਫਾਰ ਲਾਇਫ਼, ਨਾਟ ਜੱਸਟ ਫਾਰ ਕ੍ਰਿਸਮਿਸ ਅੰਗਰੇਜ਼ੀ ਮੁਹਾਵਰੇ ਦਾ ਜਨਮ ਹੋਇਆ ਹੈ।
ਕਹਿੰਦੇ ਨੇ ਜਿੱਥੇ ਕੁੱਤਾ ਹੋਵੇ ਉੱਥੇ ਨੇੜੇ ਤੇੜੇ ਕੋਈ ਬੁਰੀ ਬਲਾਅ ਨਹੀਂ ਭਟਕਦੀ। ਕੁੱਤੇ ਦੇ ਤੁੱਲ ਤਾਂ ਕੋਈ ਦੂਜਾ ਜਨੌਰ ਨਹੀਂ। ਇਹ ਸਭ ਤੋਂ ਵਫ਼ਾਦਾਰ ਜਾਨਵਰ ਹੈ। ਇਹ ਮਾਲਕ ਦਾ ਬੰਦਿਆਂ ਵਾਂਗ ਨੂਣ ਖਾਹ ਕੇ ਹਰਾਮ ਨਹੀਂ ਕਰਦਾ। ਜਿਉਂਦੇ ਜੀ ਪਾਲਕ ਦਾ ਦਰ ਨਹੀਂ ਛੱਡਦਾ। ਇੱਕ ਇੱਕ ਬੁਰਕੀ ਦੀ ਕੀਮਤ ਚੁੱਕਾਉਣ ਲਈ ਦਿਨ ਰਾਤ ਪਹਿਰਾ ਦਿੰਦਾ ਹੈ, ਮਾਲਕ ਦੀ ਜਾਨ-ਮਾਲ ਦੀ ਰਾਖੀ ਕਰਦਾ ਹੈ। ਸੋਟੇ ਖਾਹ ਕੇ ਵੀ ਇਹ ਬੇਜ਼ਬਾਨ ਬੰਦੇ ਦੇ ਅੱਗੇ ਪਿੱਛੇ ਪੂਛ ਹਿਲਾਉਂਦਾ ਰਹਿੰਦਾ ਹੈ। ਪ੍ਰਮਾਤਮਾਂ ਨੇ ਇਸ ਮਾਸੂਮ ਜਾਨਵਰ ਨੂੰ ਐਨੀ ਸ਼ਕਤੀ ਦਿੱਤੀ ਹੈ ਕਿ ਜੇ ਭੁਚਾਲ ਜਾਂ ਕੋਈ ਹੋਰ ਸੰਕਟ ਆਉਂਣਾ ਹੋਵੇ ਤਾਂ ਕੁੱਤੇ ਨੂੰ ਅਗਾਂਊਂ ਹੀ ਗਿਆਨ ਹੋ ਜਾਂਦਾ ਹੈ। ਸਾਇੰਸਦਾਨਾਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਕੁੱਤੇ ਦੀ ਸੁੰਘਣ ਸਕਤੀ ਬਹੁਤ ਹੁੰਦੀ ਹੈ, ਜਿਸ ਦਾ ਲਾਭ ਉੱਠਾ ਕੇ ਪੁਲਿਸ ਅਪਰਾਧੀਆਂ ਤੱਕ ਪਹੁੰਚਦੀ ਹੈ। ਕੁੱਤੇ ਦੀ ਵਿੰਗੀ ਪੂਛ ਬਾਰੇ ਤਾਂ ਤੈਨੂੰ ਦੱਸਣ ਦੀ ਲੋੜ੍ਹ ਹੀ ਨਹੀਂ।"
ਜੇ ਹਲਕ ਜਾਵੇ ਤਾਂ ਕੁੱਤਾ ਖ਼ਤਰਨਾਕ ਵੀ ਬਹੁਤ ਹੈ। ਜੀਹਨੂੰ ਵੱਢੇ ਉਹਨੂੰ ਢਿੱਡ 'ਚ ਚੌਦਾ ਟੀਕੇ ਲਵਾਉਣੇ ਪੈਂਦੇ ਨੇ। ਵੇਦਾਂ ਵਿੱਚ ਲਿਖਿਆ ਹੈ, ਜਦੋਂ ਕੋਈ ਦੇਵਤਾ ਸਰੂਪ ਭਲਾ ਆਦਮੀ ਮਰਦਾ ਹੈ ਤਾਂ ਕੁੱਤਾ ਉਹਦੇ ਸੋਗ ਵਿੱਚ ਚੁੱਪਚਾਪ ਅੱਥਰੂ ਵਹਾਉਂਦਾ ਰਹਿੰਦਾ ਹੈ ਤੇ ਜੇ ਕੋਈ ਹੈਵਾਨ ਮਰੇ ਤਾਂ ਕੁੱਤਾ ਜ਼ੋਰ-ਜ਼ੋਰ ਦੀ ਕੂਕਦਾ ਹੈ, ਪਰ ਇੱਕ ਵੀ ਹੰਝੂ ਨਹੀਂ ਸੁੱਟਦਾ।"
ਜੀਤੀ ਕਥਾਕਾਰਾਂ ਵਾਂਗ ਪ੍ਰਵਚਨ ਕਰੀ ਜਾ ਰਹੀ ਸੀ। ਮੈਂ ਉਹਨੂੰ ਵਿੱਚੋਂ ਟੋਕਿਆ ਸੀ, "ਤੈਨੂੰ ਐਨੀਆਂ ਗੂੜ ਗਿਆਨ ਦੀਆਂ ਗੱਲਾਂ ਕੌਣ ਦੱਸਦੈ?"
"ਇਹ ਤਾਂ ਜਨਰਲ ਨੌਲਿਜ ਹੈ।"
"ਕਮਾਲ ਐ ਤੂੰ ਤਾਂ ਪਿੰਡ 'ਚ ਰਹਿੰਦੀ ਏ। ਮੈਂ ਸ਼ਹਿਰ 'ਚ ਰਹਿੰਦਾ ਹਾਂ, ਫੇਰ ਵੀ ਇਹੋ ਜਿਹੀਆਂ ਬੌਧਿਕ ਗੱਲਾਂ ਦਾ ਮੈਨੂੰ ਪਤਾ ਹੀ ਨਹੀਂ। - ਕਿੰਨੀਆਂ ਜਮਾਤਾਂ ਪੜ੍ਹੀ ਏਂ?"
"ਏਸ ਵਰ੍ਹੇ ਮੈਟ੍ਰਿਕ ਕਰ ਜਾਣੀ ਸੀ, ਜੇ ਨਾ ਹੱਟਦੀ ਤਾਂ।" ਜੀਤੀ ਦੀ ਅਵਾਜ਼ ਵਿੱਚੋਂ ਪਛਤਾਵਾ ਸਿਮਿਆ ਸੀ। "ਫੇਰ ਹੱਟ ਕਾਹਤੋਂ ਗਈ?"
"ਮੈਂ ਤਾਂ ਪੜ੍ਹਨਾ ਚਾਹੁੰਦੀ ਸੀ। ਬੇਜੀ…।" ਕਹਿ ਕੇ ਝੇਪ ਮੰਨਦਿਆਂ ਉਹਨੇ ਮੇਰੇ ਭਰਨ ਲਈ ਖ਼ਾਲੀ ਥਾਂ ਛੱਡ ਦਿੱਤੀ ਸੀ। ਉਹਦੇ ਅਧੂਰੇ ਵਾਕ ਨੂੰ ਆਪਣੇ ਜ਼ਿਹਨ ਵਿੱਚ ਮੁਕੰਮਲ ਕਰਦਾ ਹੋਇਆ ਮੈਂ ਸਭ ਬੁੱਝ ਗਿਆ ਸੀ ਕਿ ਜੀਤੀ ਦੇ ਘਰਦਿਆਂ ਨੇ ਜੀਤੀ ਨੂੰ ਪੜ੍ਹਨੋਂ ਹਟਾ ਕੇ ਨਾਨੀ ਦੀ ਖਿਦਮਤ ਵਿੱਚ ਛੱਡ ਦਿੱਤਾ ਸੀ। ਜੀਤੀ ਨੂੰ ਅਫ਼ਸੋਸ ਤੋਂ ਦੂਰ ਲਿਜਾਂਦਿਆਂ ਮੈਂ ਆਖਿਆ ਸੀ, "ਇਹ ਗੱਲ ਦੀ ਨਹੀਂ ਸਮਝ ਲੱਗਦੀ ਉਹ ਕੁੱਤੇ ਮੈਨੂੰ ਹੀ ਕਿਉਂ ਭੌਂਕੇ?"
"ਇੱਕ ਨੂੰ ਦੇਖ ਕੇ ਦੂਜਾ ਭੌਂਕਦਾ ਹੀ ਹੁੰਦਾ ਹੈ।" ਜੀਤੀ ਨੇ ਦੰਦ ਕੱਢਦੀ ਹੋਈ ਨੇ ਸ਼ਰਾਰਤ ਕੀਤੀ ਸੀ। ਮੈਂ ਉਹਦੇ ਮਖੌਲ ਦੇ ਜੁਆਬੀ ਹਮਲੇ ਵਿੱਚ ਕਚੀਚੀ ਵੱਟ ਕੇ ਦੋਨੋਂ ਹੱਥ ਉਹਦੇ ਗਲ ਨੂੰ ਪਾ ਕੇ ਜੀਤੀ ਨੂੰ ਝਟਕਿਆ ਸੀ, "ਅੱਛਾ ਜੀ ਤੁਸੀਂ ਮੈਨੂੰ ਕੁੱਤਾ ਕਿਹੈ। ਹੈਂ…?"
"ਹਾਈ… ਹਾਏ… ਮਰ 'ਗੀ… ਮੈਂ। - ਛੱਡ ਗਲਾ ਘੁੱਟਿਆ ਗਿਐ।"
ਜੀਤੀ ਨੇ ਆਪਣੇ ਹੱਥਾਂ ਨਾਲ ਮੈਥੋਂ ਧੌਣ ਛੁਡਾਉਂਣ ਦਾ ਹਲਕਾ ਜਿਹਾ ਯਤਨ ਤਾਂ ਕੀਤਾ ਸੀ। ਪਰ ਵਿਸ਼ੇਸ਼ ਜ਼ੋਰ ਨਹੀਂ ਸੀ ਲਾਇਆ। ਖ਼ੌਰੇ ਉਹ ਵੀ ਕਦੋਂ ਦੀ ਮੇਰੇ ਨਾਲ ਇਉਂ ਖੁੱਲ੍ਹਣ ਨੂੰ ਫਿਰਦੀ ਸੀ। ਮੈਂ ਉਂਗਲਾਂ ਦਾ ਦਬਾਅ ਪਾ ਕੇ ਜੀਤੀ ਦਾ ਗਲਾ ਸੱਚੀਂ ਘੁੱਟਣ ਦਾ ਡਰਾਮਾ ਕਰਦੇ ਹੋਏ ਨੇ ਉਹਨੂੰ ਧੂਹ ਕੇ ਥੋੜ੍ਹਾ ਆਪਣੇ ਨੇੜੇ ਕਰ ਲਿਆ ਸੀ। "ਅਈ ਬਚਾ ਲੈ ਬੀਬੀ ਕੀ ਕਰਦੈਂ ਰਾਜੂ ਛੱਡ ਵੀ ਦੇ ਕੋਈ ਦੇਖ ਲਊ।"
ਜੀਤੀ ਦੇ ਮੁੱਖੋਂ ਅਜਿਹੇ ਬੋਲ ਸੁਣਨ ਨੂੰ ਤਾਂ ਮੈਂ ਤਰਸਿਆ ਪਿਆ ਸੀ। ਮੈਂ ਭਲੀ ਪ੍ਰਕਾਰ ਜਾਣਦਾ ਹਾਂ ਕਿ ਔਰਤ ਦੀ ਨਾਂਹ ਦਾ ਮਤਲਬ ਹਾਂ ਅਤੇ ਕੋਈ ਆ ਜੂ ਦਾ ਅਰਥ ਕਰ ਲਾ ਹੁੰਦਾ ਹੈ। ਨਾਨਕੇ ਨਗਰੀ ਦੀਆਂ ਗਲੀਆਂ ਵਿੱਚ ਖਰਮਸਤੀਆਂ ਕਰਦੇ ਅਸੀਂ ਅੱਗੇ ਵੱਧਦੇ ਜਾ ਰਹੇ ਸਾਂ। ਮੈਂ ਆਪ ਵੀ ਜੀਤੀ ਦੇ ਨਾਲ ਨੂੰ ਲੱਗਿਆ ਸੀ ਤਾਂ ਉਹਨੇ ਜਾਣ ਕੇ ਮੈਨੂੰ ਡਰਾਉਣ ਲਈ ਉੱਚੀ ਸਾਰੀ ਚੀਕ ਮਾਰੀ ਸੀ। ਮੈਂ ਉਹਦੀ ਗਰਦਨ ਤੋਂ ਮੂਹਰਲਾ ਹੱਥ ਤਾਂ ਝਬਦੇ ਹੀ ਸਿੱਧਾ ਉੱਪਰ ਨੂੰ ਚੁੱਕ ਕੇ ਪਾਸੇ ਕਰ ਲਿਆ ਸੀ। ਪਿਛਲਾ ਹੱਥ ਹਟਾਉਂਣ ਲੱਗਿਆਂ ਮੇਰਾ ਹੱਥ ਜ਼ਰਾ ਕੁ ਉਹਦੀ ਢੂਹੀ ਨਾਲ ਘਿਸਰਿਆ ਸੀ ਤਾਂ ਮੈਂ ਬਾਕੀ ਪੂਰੀ ਤਰ੍ਹਾਂ ਉਹਦੀ ਪਿੱਠ 'ਤੇ ਝਾਵੇਂ ਵਾਂਗੂੰ ਰਗੜ ਕੇ ਹੇਠਾਂ ਕਰਿਆ ਸੀ। ਜ਼ਾਹਰ ਹੈ ਇਹ ਕ੍ਰਿਆ ਮੈਨੂੰ ਤੇਜ਼ੀ ਨਾਲ ਭੁਗਤਾਉਂਣੀ ਪਈ ਸੀ। ਜੀਤੀ ਦੇ ਬਦਨ ਨਾਲ ਖਹਿਣ ਕਰਕੇ ਇੱਕ ਸੁਆਦਲੀ ਜਿਹੀ ਝਰਨਾਹਟ ਮੇਰੇ ਸ਼ਰੀਰ ਵਿੱਚ ਫਿਰ ਗਈ ਸੀ। ਮੈਨੂੰ ਆਪਣੇ ਹੱਥਾਂ ਵਿੱਚੋਂ ਭਿੰਨੀ-ਭਿੰਨੀ ਖ਼ੁਸ਼ਬੋ ਦੀਆਂ ਲਪਟਾ ਉੱਠਦੀਆਂ ਪ੍ਰਤੀਤ ਹੋਈਆਂ ਸਨ। ਮੇਰਾ ਜੀਅ ਕਰਦਾ ਸੀ ਆਪਣੇ ਦਸਤ-ਏ-ਮੁਬਾਰਕ ਨੂੰ ਚੁੰਮੀ ਜਾਵਾਂ। ਧੱਕੇ ਨਾਲ ਖਾਣਾ ਅਤੇ ਖੁਆਉਣਾ, ਹੱਸ ਹੱਸ ਬੋਲਣਾ ਅਤੇ ਬੁਲਾਉਣਾ, ਕਸ਼ਟ ਨਾ ਦੇਣਾ, ਸਗੋਂ ਮਦਦ ਕਰਨੀ, ਬਿਟ ਬਿਟ ਦੇਖੀ ਜਾਣਾ, ਨਜ਼ਰਾਂ ਮਿਲਦਿਆਂ ਪਟੱਕ ਦੇਣੇ ਨੀਵੀਂ ਪਾ ਲੈਣੀ, ਗੁੱਝੇ ਮਖੌਲ ਕਰਨੇ ਸ਼ਾਸ਼ਤਰਾਂ ਵਿੱਚ ਪ੍ਰੇਮ ਦੇ ਜਿੰਨੇ ਲੱਛਣ ਦੱਸੇ ਹਨ। ਉਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੁੰਦੀਆਂ ਸਨ। ਜੀਤੀ ਦਾ ਰੁਖ਼ ਦੇਖਦਿਆਂ ਮੈਂ ਹੌਂਸਲਾ ਕਰਕੇ ਆਨੇ ਵਾਲੀ ਥਾਂ 'ਤੇ ਆਉਣ ਦਾ ਯਤਨ ਕੀਤਾ ਸੀ, "ਅੱਛਾ ਜੀਤ! ਤੁਹਾਡੀ ਨਜ਼ਰ 'ਚ ਪਿਆਰ ਦੇ ਕੀ ਮਾਇਅਨੇ ਹਨ?"
ਜੀਤੀ ਸੁਣ ਕੇ ਠੰਠਭਰ ਗਈ ਸੀ ਤੇ ਕੁੱਝ ਪਲ ਇੰਝ ਖ਼ਾਮੋਸ਼ ਰਹੀ ਸੀ, ਜਿਵੇਂ ਉਹਨੂੰ ਮੇਰੇ ਕੋਲੋਂ ਅਜਿਹਾ ਕੁੱਝ ਸੁਣਨ ਦੀ ਆਸ ਹੀ ਨਹੀਂ ਸੀ। ਫੇਰ ਉਹ ਹਲੀਮੀ ਨਾਲ ਦੱਸਣ ਲੱਗੀ ਸੀ, "ਮੇਰੇ ਖ਼ਿਆਲ ਨਾਲ…।" ਜੀਤੀ ਨੇ ਵਖਿਆਨ ਕਰਨਾ ਆਰੰਭਿਆ ਹੀ ਸੀ ਕਿ ਸਾਹਮਣਿਓ ਚਾਰ ਪੰਜ ਮੁੰਡਿਆਂ ਦਾ ਟੋਲਾ ਘੁਸਰ-ਮੁਸਰ ਕਰਦਾ ਸਾਡੇ ਵੱਲ ਆਉਂਦਾ ਦਿਖਾਈ ਦਿੱਤਾ ਸੀ। ਉਹਨਾਂ ਨੂੰ ਦੇਖ ਕੇ ਜੀਤੀ ਨੇ ਚੁੱਪ ਕਰਕੇ ਸਿਰ ਧਰਤੀ ਵਿੱਚ ਗੱਡ ਲਿਆ ਸੀ। ਜੀਤੀ ਦੇ ਅਜਿਹਾ ਕਰਨ ਦਾ ਮੰਤਵ ਮੈਂ ਸਮਝ ਗਿਆ ਸੀ। ਚੰਡੀਗੜ੍ਹ ਦੀਆਂ ਵੀ ਕਈਆਂ ਕੁੜੀਆਂ ਨੂੰ ਲੋਕ-ਲਾਜ ਮਾਰ ਜਾਂਦੀ ਹੈ। ਸ਼ਹਿਰਾਂ ਵਿੱਚ ਵੀ ਅਜੇ ਤੱਕ ਪੂਰੀ ਤਰ੍ਹਾਂ ਨਵੀਨੀਕਰਣ ਨਹੀਂ ਹੋਇਆ। ਪਿੰਡ ਤਾਂ ਪੱਛੜੇ ਹੋਏ ਹਨ ਹੀ। ਸਾਨੂੰ ਇੱਕਠੇ ਦੇਖ ਕੇ ਉਹਨਾਂ ਮੂੜ-ਮੱਤ ਦਿਹਾਤੀਆਂ ਨੂੰ ਜੀਤੀ ਦੀ ਬਦਨਾਮੀ ਕਰਨ ਦਾ ਬਹਾਨਾ ਥਿਆ ਜਾਣਾ ਸੀ। ਮਸ਼ੂਕ ਦੀ ਬਦਖੋਹੀ ਕਰਵਾਉਂਣ ਵਾਲਾ ਆਸ਼ਕ ਕਲੰਕੀ ਕਹਾਉਂਦਾ ਹੈ। ਮੈਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਜੀਤੀ ਤੋਂ ਥੋੜ੍ਹਾ ਪਰ੍ਹਾਂ ਨੂੰ ਹੋ ਗਿਆ ਸੀ ਤੇ ਇਸ ਤਰੀਕੇ ਨਾਲ ਅਸੀਂ ਮੁੰਡੀਰ ਨੂੰ ਭੁਲੇਖਾ ਪਾਉਣ ਦਾ ਅਸਫਲ ਜਿਹਾ ਉਪਰਾਲਾ ਕੀਤਾ ਸੀ। ਪਰ ਦੁਨੀਆਂ ਵਾਲੇ ਵੀ ਕਿਆਮਤ ਦੀ ਨਜ਼ਰ ਰੱਖਦੇ ਹਨ। ਉਹਨਾਂ ਨੇ ਸਾਨੂੰ ਦੂਰੋਂ ਆਪਸ ਵਿੱਚ ਗੱਲਾਂ ਕਰਦੇ ਤੱਕ ਲਿਆ ਸੀ। ਮੈਂ ਆਪਣੇ ਸਿਰ ਜੀਤੀ ਵੱਲੋਂ ਕੋਈ ਉਲਾਂਭਾ ਆਉਂਣ ਦੇ ਡਰੋਂ ਜੀਤੀ ਤੋਂ ਵਕਫ਼ੇ ਉੱਤੇ ਹੀ ਰਿਹਾ ਸੀ। ਉਹ ਢਾਣੀ ਕਰੀਬ ਆਈ ਸੀ ਤਾਂ ਮੈਂ ਸੋਚਿਆ ਸੀ ਉਹ ਜਾਂ ਮੇਰੇ ਵੱਲ ਦੀ ਜਾਂ ਜੀਤੀ ਦੇ ਪਰਲੇ ਪਾਸੇ ਦੀ ਲੰਘ ਜਾਣਗੇ। ਪਰ ਲਗੌੜ ਨੇ ਤਾਂ ਸ਼ਰਮ ਹੀ ਲਾਹੀ ਹੋਈ ਲੱਗਦੀ ਸੀ। ਉਹ ਸਾਰੇ ਜਾਣੇ ਜਾਣ ਕੇ ਮੇਰੇ ਅਤੇ ਜੀਤੀ ਦੇ ਵਿਚਾਲੇ ਦੀ ਲੰਘੇ ਸਨ। ਜਿਸ ਕਰਕੇ ਸਾਨੂੰ ਦੋਹਾਂ ਨੂੰ ਕੰਧਾਂ ਵੱਲ ਹੋਰ ਸਰਕਣਾ ਪਿਆ ਸੀ। ਉਹ ਵਾਘੇ ਦੀ ਸਰਹੱਦ ਵਾਂਗ ਸਾਨੂੰ ਦੋਨਾਂ ਨੂੰ ਨਿਖੇੜ ਗਏ ਸਨ। ਉਸ ਬੀਹੀ ਦੇ ਸਿਰੇ ਤੱਕ ਅਸੀਂ ਉਵੇਂ ਖ਼ਾਮੋਸ਼ ਉਸੇ ਵਿੱਥ 'ਤੇ ਸਮਾਨ-ਅੰਤਰ ਚਲਦੇ ਗਏ ਸੀ। ਮੋੜ ਮੁੜਣ ਲੱਗੇ ਨੇ ਮੈਂ ਪਿੱਛੇ ਪਿੱਠ ਘੁਮਾ ਕੇ ਦੇਖਿਆ ਸੀ। ਉਹ ਮੁੰਡੇ ਵੀ ਪਿਛਾਂਹ ਮੁੜ ਮੁੜ ਦੇਖ ਰਹੇ ਸਨ, ਹੱਸ ਰਹੇ ਸਨ ਅਤੇ ਇੱਕ ਦੁਸਰੇ ਨੂੰ ਕੁੱਝ ਦੱਸ ਰਹੇ ਸਨ। ਮੈਨੂੰ ਉਹਨਾਂ ਉੱਤੇ ਬਹੁਤ ਗੁੱਸਾ ਆਇਆ ਸੀ। ਗੱਲ ਕਰ ਮੇਰੇ ਡੱਬ 'ਚ ਰਿਵਾਲਵਰ ਨਹੀਂ ਸੀ, ਜੇ ਹੁੰਦਾ ਤਾਂ ਗੋਲੀਆਂ ਮਾਰ ਕੇ ਸਾਰਿਆਂ ਦੇ ਭੰਬੂ ਉੱਡਾ ਦਿੰਦਾ।
ਉੱਥੋਂ ਮੁੜ ਕੇ ਅਸੀਂ ਭੀੜੀ ਜਿਹੀ ਬੀਹੀ ਵਿੱਚ ਪ੍ਰਵੇਸ਼ ਕਰ ਗਏ ਸੀ। ਹੁਣ ਸਾਡੇ ਦਰਮਿਆਨ ਜੋ ਵਿੱਥ ਸੀ ਉਹ ਘੱਟ ਗਈ ਸੀ। ਬਰੋਬਰ ਤੁਰੇ ਜਾਂਦੇ ਨੂੰ ਮੈਨੂੰ ਜੀਤੀ ਨੇ ਡੌਲਿਓ ਫੜ ਕੇ ਆਪਣੇ ਵੱਲ ਧਰੀਕ ਲਿਆ ਸੀ। ਮੈਂ ਵੀ ਉਹਨੂੰ ਗਲਵੱਕੜੀ ਪਾ ਕੇ ਕੰਧ 'ਚ ਗੱਡਣ ਲੱਗਿਆ ਸੀ ਕਿ ਉਹ ਬੋਲ ਪਈ ਸੀ, "ਥੱਲੇ ਦੇਖ ਕੇ ਚੱਲੋ। ਜੇ ਮੈਂ ਬਚਾਉਂਦੀ ਨਾ ਤਾਂ ਗੰਦ ਮਿਧ ਲੈਣਾ ਸੀ ਹੁਣੇ।" ਮੈਂ ਥੱਲੇ ਦੇਖਿਆ ਸੀ ਕਿਸੇ ਜਾਨਵਰ ਦਾ ਹੱਗਿਆ ਹੋਇਆ ਸੀ। ਅਸੀਂ ਫਿਰ ਤੁਰ ਪਏ ਸਾਂ। ਮੈਂ ਮਨ ਵਿੱਚ ਸੋਚਿਆ ਸੀ ਕਿ ਕੀ ਵਾਕਈ ਹੀ ਉਹਨੇ ਮੈਨੂੰ ਗੂੰਹ 'ਤੇ ਪੈਰ ਧਰਨ ਤੋਂ ਬਚਾਇਆ ਸੀ? ਜਾਂ ਬਹਾਨੇ ਨਾਲ ਮੈਨੂੰ ਫੜਿਆ ਸੀ? ਨਹੀਂ! ਉਹਨੇ ਮੈਨੂੰ ਛੂਹਣ ਦੀ ਖ਼ਾਤਰ ਹੀ ਅਜਿਹਾ ਕੀਤਾ ਸੀ। ਗੰਦੇ ਤੋਂ ਬਚਾਉਣ ਲਈ ਤਾਂ ਉਹ ਮੂੰਹੋਂ ਬੋਲ ਕੇ ਵੀ ਦੱਸ ਸਕਦੀ ਸੀ। ਹਾਂ! ਹਾਂ!! ਇਹੀ ਦਰੁਸਤ ਹੈ। ਮੇਰੇ ਮਸਤਕ ਵਿੱਚ ਵਿਚਾਰਾਂ ਦੇ ਹਥੌੜੇ ਵੱਜੇ ਸਨ। ਜੀਤੀ ਨੇ ਦੂਰੋਂ ਹੀ ਉਂਗਲ ਦਾ ਇਸ਼ਾਰਾ ਕਰਕੇ ਆਪਣਾ ਘਰ ਦਿਖਾਉਂਦਿਆ ਕਿਹਾ ਸੀ, "ਔਹ ਘਰ ਏ।"
ਉਹਦਾ ਮਕਾਨ ਨੇੜੇ ਵੀ ਆ ਗਿਆ ਸੀ ਤੇ ਮੈਂ ਅਜੇ ਤੱਕ ਕੋਈ ਐਕਸ਼ਨ ਹੀ ਨਹੀਂ ਸੀ ਲੈ ਸਕਿਆ। ਜੀਤੀ ਨੂੰ ਦੇਹਲੀ ਚੜ੍ਹਾ ਕੇ ਜਦ ਮੁੜਣ ਲੱਗਿਆ ਸੀ ਤਾਂ ਉਹਨੇ ਮੈਨੂੰ ਰੋਕਿਆ ਸੀ, "ਅੰਦਰ ਨ੍ਹੀਂ ਆਉਂਣਾ?"
ਜਾਵਾਂ? ਜਾਂ ਨਾ ਜਾਵਾਂ? ਮੈਂ ਅਜੇ ਫੈਸਲਾ ਕਰ ਹੀ ਰਿਹਾ ਸੀ ਕਿ ਅੰਦਰੋਂ ਜੀਤੀ ਦੀ ਮਾਂ ਆ ਗਈ ਸੀ। ਮੈਂ ਉਸ ਨੂੰ ਜਾਣਦਾ ਸੀ ਕਿਉਂਕਿ ਜਦੋਂ ਨਾਨੀ ਸਾਡੇ ਕੋਲ ਚੰਡੀਗੜ੍ਹ ਆਉਂਦੀ ਹੁੰਦੀ ਹੈ ਤਾਂ ਹਰ ਵਾਰ ਜੀਤੀ ਦੀ ਮਾਂ ਨੂੰ ਹੀ ਸਾਥ ਵੱਜੋਂ ਨਾਲ ਲਿਆਉਂਦੀ ਹੁੰਦੀ ਹੈ। ਬਿਰਧ ਹੋਣ ਕਰਕੇ ਨਾਨੀ ਇੱਕਲੀ ਸਫ਼ਰ ਨਹੀਂ ਕਰ ਸਕਦੀ। ਮੈਂ ਜੀਤੀ ਦੀ ਮਾਂ ਨੂੰ ਤਸਲੀਮ ਅਰਜ਼ ਕਰੀ ਸੀ।
"ਆ ਜਾ ਰਾਜੂ ਲੰਘ ਆ।" ਜੀਤੀ ਦੀ ਮਾਂ ਨੇ ਖੁਸ਼ਾਮਦੀਦੀ ਕਹਿੰਦਿਆਂ ਮੇਰਾ ਸਿਰ ਪਲੋਸਿਆ ਸੀ।
"ਫੇਰ ਕਦੇ ਸਹੀ।" ਮੈਂ ਘਸਿਆ ਪਿੱਟਿਆ ਜਿਹਾ ਟਾਲਾ ਲਾਇਆ ਸੀ। "ਫੇਰ ਕਿੱਥੇ ਆਉਣਾ ਤੈਂ।" ਜੀਤੀ ਦੇ ਬੋਲਾਂ ਵਿੱਚ ਨਿਹੋਰਾ, ਤੜਫ, ਗਿਲਾ, ਸ਼ਿਕਾਇਤ ਕਈ ਜਜ਼ਬੇ ਪਰੋਏ ਪਏ ਸਨ। ਕੋਈ ਹੋਰ ਗੱਲ ਨਾ ਸਹੀ ਕਮ-ਅਜ-ਕਮ ਜੀਤੀ ਨੂੰ ਕੁੱਝ ਪਲ ਹੋਰ ਅੱਖਾਂ ਮੂਹਰੇ ਦੇਖਣ ਦਾ ਬਹਾਨਾ ਮਿਲ ਰਿਹਾ ਸੀ। ਮੈਂ ਅੰਦਰ ਚਲਿਆ ਗਿਆ ਸੀ।
"ਧੰਨ ਭਾਗ ਕੀੜੀ ਦੇ ਘਰ ਭਗਵਾਨ ਪਧਾਰਿਆ ਹੈ।" ਜੀਤੀ ਦੀ ਮਾਂ ਨੇ ਦਬਾਦਬ ਸੰਦੂਕ ਵਿੱਚੋਂ ਨਵੀਂ ਅਣਲੱਗ ਚਾਦਰ ਕੱਢ ਕੇ ਮੰਜੇ 'ਤੇ ਵਿਛਾ ਕੇ ਮੈਨੂੰ ਕਮਰੇ ਵਿੱਚ ਬਿਠਾਇਆ ਸੀ। ਉੱਥੇ ਹੀ ਜੀਤੀ ਦਾ ਬਾਪ ਵੀ ਆ ਗਿਆ ਸੀ। ਡੈਡੀ ਦੀ ਅੰਮ੍ਰਿਤਸਰ ਨਿਯੁਕਤੀ ਵੇਲੇ ਉਹ ਸਾਡੇ ਕੋਲ ਆਇਆ ਸੀ। ਉਹਦੋਂ ਮੈਂ ਅੱਠ-ਦਸ ਸਾਲ ਦਾ ਹੁੰਦਾ ਸੀ। ਮੈਨੂੰ ਉਹਦਾ ਚੇਤਾ ਸੀ। ਨਰੈਣੇ ਵਿੱਚ ਬਹੁਤਾ ਬਦਲਾਓ ਨਹੀਂ ਆਇਆ ਸੀ ਸਿਵਾਏ ਉਹਦੀ ਦਾੜੀ ਚਿੱਟੀ ਹੋਣ ਦੇ।
ਜੀਤੀ ਨੇ ਆਪਣੇ ਬਾਪ ਨਾਲ ਮੇਰੀ ਜਾਣ ਪਛਾਣ ਕਰਵਾਈ ਸੀ, "ਬਾਅ ਜੀ ਦਾ ਦੋਹਤਾ ਹੈ ਇਹ।"
ਮੇਰੇ ਨਾਨੇ ਨੂੰ ਸਭ ਬਾਅ ਜੀ ਹੀ ਕਹਿੰਦੇ ਸਨ। ਨਰੈਣ ਸਿੰਘ ਨੇ ਮੈਨੂੰ ਦੇਖ ਕੇ, ਮੇਰੇ ਆਪਣੇ ਡੈਡੀ ਵਰਗੇ ਮੜੰਗੇ ਤੋਂ ਅੰਦਾਜ਼ਾ ਤਾਂ ਪਹਿਲਾਂ ਹੀ ਲਾ ਲਿਆ ਸੀ। ਪਰ ਤਸੱਲੀ ਕਰਨ ਲਈ ਪੁੱਛਿਆ ਸੀ, "ਕਿਹੜੀ? ਜਿਹੜੀ ਬੀਬੀ ਜਗਰਾਮੀ ਵਿਆਹੀ ਹੋਈ ਹੈ, ਉਹਦਾ ਕਾਕਾ ਏਂ?"
ਮੈਂ ਹਾਂ ਵਿੱਚ ਸਿਰ ਹਿਲਾਇਆ ਸੀ ਤਾਂ ਉਹ ਮੈਨੂੰ ਮੁਖਾਤਬ ਹੋਇਆ ਸੀ। "ਮੈਂ ਆਉਣ ਹੀ ਲੱਗਿਆ ਸੀ। ਅਜੇ ਹੁਣੇ ਈ ਆਇਆ ਸੀ। - ਹੋਰ ਬਈ ਜਗਰਾਮਾਂ ਆਲਿਆ ਲਾਣਾ ਬਾਣਾ ਕੈਮ ਆ?"
"ਹਾਂ ਜੀ।" ਮੈਂ ਪੂਰੇ ਅਦਬ ਨਾਲ ਬੋਲਿਆ ਸੀ।
"ਹੁਣ ਤਾਂ ਚੰਡੀਗੜ੍ਹ ਰਹਿੰਦੇ ਨੇ ਇਹ। ਚੰਡੀਗੜ੍ਹੀਆ ਕਹੋ।" ਜੀਤੀ ਦੀ ਮਾਂ ਨੂੰ ਮੇਰੇ ਬਾਰੇ ਜ਼ਿਆਦਾ ਵਾਕਫ਼ੀਅਤ ਹੋਣ ਕਰਕੇ ਉਹਨੇ ਸੋਧ ਕਰਵਾਈ ਸੀ।
ਨਰੈਣੇ ਨੇ ਆਪਣੇ ਆਪ ਨੂੰ ਸਹੀ ਠਹਿਰਾਇਆ ਸੀ, "ਜਗਰਾਵਾਂ ਦਾ ਪਿੱਛਾ ਹੈ ਤਾਂ ਵੱਜਣਾ ਤਾਂ ਇਹਨਾਂ ਨੇ ਜਗਰਾਵਾਂ ਵਾਲੇ ਹੀ ਹੈ। ਭਾਂਮੇ ਵਲੈਤ ਚਲੇ ਜਾਣ। - ਹੋਰ ਬਈ ਜੁਆਨਾ ਤੇਰਾ ਭਾਪਾ ਤੇ ਬੀਬੀ ਵੀ ਆਏ ਨੇ?"
"ਨਹੀਂ ਜੀ, ਉਹਨਾਂ ਕੋਲ ਟਾਈਮ ਨਹੀਂ ਸੀ।"
"ਆਹੋ ਭਾਈ ਉਹਨਾਂ ਕੋਲ ਵਿਹਲ ਕਿੱਥੇ? ਤੇਰੇ ਭਾਪੇ ਦੀਆਂ ਤਾਂ ਪੰਜੇ ਉਂਗਲਾਂ ਘਿਉ 'ਚ ਨੇ ਫੇਰ। ਉੱਤਲੇ ਅਫ਼ਸਰਾਂ ਨਾਲ ਪੂਰੀ ਬਣਦੀ ਆ। ਚੰਮ ਦੀਆਂ ਚਲਾਉਂਦੈ। ਹੈ ਕਿ ਨਾ?"
ਮੈਂ ਚੰਕ੍ਰਿਤ ਹੋਇਆ ਸੋਚਣ ਲੱਗ ਗਿਆ ਸੀ ਕਿ ਨਰੈਣੇ ਨੂੰ ਡੈਡੀ ਦੇ ਡੀ ਜੀ ਪੀ ਨਾਲ ਚੰਗੇ ਸੰਬੰਧਾਂ ਬਾਰੇ ਕਿਵੇਂ ਪਤਾ ਲੱਗਿਆ ਸੀ? ਹੋ ਸਕਦਾ ਨਾਨੀ ਨੇ ਹੀ ਦੱਸਿਆ ਹੋਵੇ? ਹਾਂ ਨਾਨੀ ਦੀ ਹੀ ਜ਼ਬਾਨ ਨਹੀਂ ਰਹੀ ਹੋਣੀ। ਬਾਹਰੋਂ ਇੱਕ ਛੋਟੇ ਜਿਹੇ ਅੰਞਾਣੇ ਨੇ ਆ ਕੇ ਮੇਰੀ ਮੰਜੇ ਦੇ ਪਾਵੇ ਨਾਲ ਖੜ੍ਹੀ ਕਰੀ ਹਾਕੀ ਚੁੱਕ ਲਈ ਸੀ। ਨਰੈਣੇ ਨੇ ਉਹਨੂੰ ਝਿੜਕ ਕੇ ਹਾਕੀ ਵਾਪਸ ਰੱਖਣ ਲਈ ਖੋਹੀ ਸੀ। ਨਿਆਣੇ ਨੂੰ ਰੋਣ ਲੱਗਿਆ ਦੇਖ ਕੇ ਮੈਂ ਨਰੈਣੇ ਨੂੰ ਕਿਹਾ ਸੀ, "ਕੋਈ ਗੱਲ ਨਈਂ ਜੀ, ਬੱਚਾ ਹੈ। ਖੇਡ ਲੈਣ ਦਿਉ।"
ਉਹ ਜਾਤਕ ਆਪਣੇ ਕੱਦ ਨਾਲੋਂ ਡੂਹਢੀ ਹਾਕੀ ਲੈ ਕੇ ਜ਼ਮੀਨ 'ਤੇ ਪਏ ਰੋੜਾਂ ਨੂੰ ਠੋਕਰਾਂ ਮਾਰਨ ਢਹਿ ਪਿਆ ਸੀ। ਨਰੈਣੇ ਨੇ ਉਸ ਬਾਲਕ ਦਾ ਪ੍ਰੀਚਯ ਦਿੰਦਿਆਂ ਦੱਸਿਆ ਸੀ ਕਿ ਉਹ ਜੀਤੀ ਦੀ ਵੱਡੀ ਭੈਣ ਦਾ ਮੁੰਡਾ ਸੀ ਅਤੇ ਉਹਨਾਂ ਕੋਲ ਹੀ ਰਹਿੰਦਾ ਸੀ। ਜੀਤੀ ਦੇ ਮਾਂ-ਪਿਉ ਦੋਨਾਂ ਵਿੱਚੋਂ ਕਿਸੇ ਨੇ ਵੀ ਮੇਰੇ ਬਰਾਬਰ ਬੈਠਣ ਦੀ ਜੁਰਅਤ ਨਹੀਂ ਸੀ ਕੀਤੀ। ਜਿਵੇਂ ਅਰਦਾਸ ਮੌਕੇ ਖੜ੍ਹੀਦਾ ਹੈ ਇਉਂ ਉਹ ਮੇਰੇ ਅੱਗੇ ਹੱਥ ਜੋੜੀ ਤਾਬੇਦਾਰੀ ਵਿੱਚ ਖਲੋਤੇ ਸਨ। ਉਹਨਾਂ ਦਾ ਸਲੂਕ ਅਦਬ ਦੀ ਸੀਮਾ ਪਾਰ ਕਰਕੇ ਗੁਲਾਮੀ ਦੀ ਹੱਦ ਤੱਕ ਪੁੱਜਿਆ ਹੋਇਆ ਸੀ। ਇਹਨਾਂ ਲੋਕਾਂ ਨੂੰ ਵਿਰਸੇ ਵਿੱਚ ਹੀ ਅਜਿਹੇ ਸੰਸਕਾਰ ਮਿਲਦੇ ਹਨ। ਜਿਹਨਾਂ ਤੋਂ ਇਹ ਚਾਹ ਕੇ ਵੀ ਮੁਕਤੀ ਨਹੀਂ ਪਾ ਸਕਦੇ। ਮੈਨੂੰ ਉਹਨਾਂ ਦਾ ਸ਼ਨਾਖਤੀ ਪਰੇਡ ਵਾਸਤੇ ਖੜ੍ਹੇ ਮੁਜਰਮਾਂ ਵਰਗਾ ਵਤੀਰਾ ਬਹੁਤ ਚੁਭਿਆ ਸੀ। ਨਰੈਣੇ ਨੇ ਆਪਣੀ ਜਾਣਕਾਰੀ ਤਾਜ਼ਾ ਰੱਖਣ ਲਈ ਮੈਨੂੰ ਪੁੱਛਿਆ ਸੀ, "ਸਾਬ੍ਹ ਦੀ ਬਾਡਰ 'ਤੇ ਹੀ ਹੋਣੀ ਆ ਡਿਊਟੀ ਹਲੇ ਵੀ?"
"ਨਹੀਂ ਜੀ ਬਾਰਡਰ ਤੋਂ ਤਾਂ ਬਹੁਤ ਚਿਰ ਹੋਇਆ ਹੈ ਬਦਲੀ ਹੋਈ ਨੂੰ।"
"ਵਰ੍ਹਿਆਂ ਜਾਂਦਿਆਂ ਨੂੰ ਕੀ ਲੱਗਦੈ। ਭੋਰਾ ਕੁ ਹੁੰਦਾ ਸੀ ਤੂੰ। ਹੁਣ ਤਾਂ ਸੁੱਖ ਨਾਲ ਗੱਭਰੂ ਹੋ ਗਿਆ ਏਂ। ਇਉਂ ਲੱਗਦਾ ਹੈ ਜਿੰਕੂ ਕੱਲ੍ਹ ਦੀਆਂ ਹੀ ਗੱਲਾਂ ਹੁੰਦੀਆਂ ਨੇ। - ਕੀ ਸੇਵਾ ਕਰੀਏ ਤੇਰੀ ਸਰਦਾਰਾ? - ਬੱਤਾ-ਬੁੱਤਾ ਲਿਆਈਏ?"
ਨਰੈਣੇ ਨੇ ਮੈਨੂੰ ਮੇਰਾ ਬਚਪਨ ਯਾਦ ਕਰਵਾਇਆ ਸੀ। ਨਿੱਕਾਂ ਹੁੰਦਾ ਮੈਂ ਗੋਲੀ ਵਾਲਾ ਲਾਲ ਸੋਡਾ ਦੁੱਧ ਵਿੱਚ ਪਾ ਕੇ ਬੜੇ ਚਾਅ ਨਾਲ ਪੀਂਦਾ ਹੁੰਦਾ ਸੀ। ਮੇਰੀ ਇਹ ਆਦਤ ਨਰੈਣੇ ਨੂੰ ਅਜੇ ਤੱਕ ਯਾਦ ਸੀ। ਹੁਣ ਵੀ ਮੈਂ ਅਣਸਰਦੇ ਨੂੰ ਹੀ ਸਾਦਾ ਦੁੱਧ ਪੀਂਦਾ ਹਾਂ। ਨਹੀਂ ਤਾਂ ਰੂਹਅੱਫਜ਼ਾ ਜਾਂ ਸ਼ਰਬਤ-ਏ-ਆਜ਼ਮ ਪਾ ਕੇ ਹੀ ਦੁੱਧ ਪੀਣਾ ਪਸੰਦ ਕਰਦਾ ਹਾਂ।
"ਰੁੱਤ ਬੱਤਿਆਂ ਦੀ ਏ?" ਜੀਤੀ ਦੀ ਮਾਂ ਨੇ ਪਤੀ ਦੇ ਕਹੇ ਵਿੱਚ ਨੁਕਸ ਕੱਢਿਆ ਸੀ। "ਗਰਮ ਕਰਕੇ ਲੈ ਆਉ ਦੁੱਧ ਦੀ ਘੁੱਟ ਫੇਰ।"
ਮੈਨੂੰ ਘੱਟੋ-ਘੱਟ ਇੱਕ ਹੋਰ ਗਿਲਾਸ ਅੰਦਰ ਸਿੱਟਣਾ ਪੈਣਾ ਸੀ। ਮੈਂ ਬਿਗਾਨੇ ਘਰ ਇੱਕ ਘੁੱਟ ਭਰ ਕੇ ਬਾਕੀ ਜੂਠਾ ਦੁੱਧ ਵਿੱਚ ਨਹੀਂ ਸੀ ਛੱਡਣਾ ਚਾਹੁੰਦਾ ਤੇ ਸਾਰਾ ਮੈਂ ਪੀ ਨਹੀਂ ਸੀ ਸਕਦਾ, "ਨਹੀਂ ਜੀ ਕਿਸੇ ਪਦਾਰਥ ਦੀ ਲੋੜ ਨਹੀਂ।"
"ਹਾਂ ਮੁਸ਼ਕ ਆਉਂਦਾ ਹੋਣੈ ਤੈਨੂੰ ਸਾਡੇ ਗਰੀਬਾਂ ਦੇ ਖਾਣੇ-ਦਾਣੇ ਚੋਂ।"
"ਨਾਂਹ ਜੀ ਇਹ ਅੰਦਾਜ਼ਾ ਤੁਸੀਂ ਕਿਵੇਂ ਲਾ ਲਿਆ?" ਨਰੈਣਾ ਗਲਤ ਮਤਲਬ ਕੱਢ ਗਿਆ ਸੀ। ਮੈਂ ਸੱਚਮੁੱਚ ਊਚ-ਨੀਚ, ਜਾਤ-ਪਾਤ, ਧਰਮ-ਮਜ਼ਹਬ, ਛੂਤ-ਛਾਤ, ਵੱਡਾ-ਛੋਟਾ, ਗਰੀਬ-ਅਮੀਰ, ਰੰਗ, ਨਸਲ ਆਦਿਕ ਭੇਦ-ਭਾਵਨਾ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਿ ਬੋ। ਦੇ ਸਿਧਾਂਤ 'ਤੇ ਅਮਲ ਕਰਦਾ ਹਾਂ। ਭਾਵੇਂ ਮੈਂ ਰੱਜਿਆ ਹੋਇਆ ਸੀ, ਫੇਰ ਵੀ ਪ੍ਰੀਖਿਆ ਵਿੱਚੋਂ ਗੁਜ਼ਰਨ ਲਈ ਮੈਨੂੰ ਉਹਨਾਂ ਦੇ ਘਰੋਂ ਕਿਸੇ ਨਾ ਕਿਸੇ ਵਸਤੂ ਦਾ ਸੇਵਨ ਜ਼ਰੂਰ ਕਰਨਾ ਪੈਣਾ ਸੀ, "ਲੈ ਆਉ ਥੋਨੂੰ ਗੁੱਸੇ ਕਾਹਨੂੰ ਕਰਨੈ।"
ਨਰੈਣੇ ਨੇ ਜੀਤੀ ਨੂੰ ਆਗਿਆ ਦੇ ਕੇ ਉੱਥੋਂ ਤੋਰ ਦਿੱਤਾ ਸੀ। ਤਤਖਿਨ ਜੀਤੀ ਚਿੱਟੇ ਰੰਗ ਦਾ ਅਲਮੀਨੀਅਮ ਦੀ ਡੰਡੀ ਵਾਲਾ ਦੁੱਧ ਦਾ ਕੱਪ ਲੈ ਆਈ ਸੀ। ਮੈਂ ਬਿਨਾਂ ਕੋਈ ਸੂਗ ਮੰਨਿਆਂ ਦੁੱਧ ਪੀਣ ਲੱਗ ਗਿਆ ਸੀ।
ਸਾਡੀ ਕੋਠੀ ਅਤੇ ਉਹਨਾਂ ਦੀ ਕੋਠੜੀ ਤੱਕ ਅੱਪੜਨ ਲਈ ਕਿੰਨਾ ਫਾਸਲਾ ਤੈਅ ਕਰਨਾ ਪੈਂਦਾ ਸੀ। ਪਰ ਐਨਾ ਜ਼ਿਆਦਾ ਵੀ ਨਹੀਂ ਸੀ ਜੋ ਮੁਕਾਇਆ ਨਾ ਜਾ ਸਕਦਾ ਹੋਵੇ। ਕਿਉਂ ਰੱਬ ਨੇ ਗਰੀਬੀ ਤੇ ਅਮੀਰੀ ਬਣਾ ਕੇ ਇਨਸਾਨਾਂ ਨੂੰ ਦੋ ਧੜਿਆਂ ਵਿੱਚ ਵੰਡ ਰੱਖਿਆ ਹੈ? ਕਿਤੇ ਐਨੇ ਕਮਰੇ ਨੇ ਤੇ ਕੋਈ ਰਹਿਣ ਵਾਲਾ ਨਹੀਂ। ਕਿਤੇ ਪੂਰੇ ਜੀਆਂ ਲਈ ਕਮਰੇ ਹੀ ਨਹੀਂ। ਉਸ ਦੇ ਨਿਰਧਨ ਬਾਪ ਕੋਲ ਧੀ ਦੇ ਤਨ ਢਕਣਯੋਗ ਕੱਪੜਾ ਲੈਣ ਲਈ ਧਨ ਨਹੀਂ ਹੈ। ਸਾਡੇ ਕੋਲ ਐਨਾ ਹੈ ਕਿ ਕਈ ਸੈਂਕੜਿਆਂ ਦੀ ਇੱਜ਼ਤ ਢਕੀ ਜਾ ਸਕਦੀ ਹੈ। ਜੀਤੀ ਸੁਘੜ, ਸਿਆਣੀ, ਸੁਸ਼ੀਲ, ਸਾਊ, ਸ਼ਰੀਫ਼, ਚੁਸਤ, ਹੁਸ਼ਿਆਰ, ਸੋਹਣੀ-ਸੁਨੱਖੀ ਅਤੇ ਸੂਝਵਾਨ ਜਿਹੇ ਵਸਫ਼ ਹੋਣ ਪਾਰੋਂ ਹਰ ਲਿਹਾਜ਼ ਨਾਲ ਮੇਰੇ ਮਾਪਦੰਡਾਂ ਉੱਤੇ ਪੂਰੀ ਉੱਤਰਦੀ ਸੀ। ਮੈਂ ਤਾਂ ਨਿਰਸੰਦੇਹ ਉਹਦੇ ਪੂਰਾਂ ਯੋਗ ਸੀ ਹੀ। ਮੈਥੋਂ ਜ਼ਿਆਦਾ ਖੁਸ਼ ਉਹਨੂੰ ਹੋਰ ਕੌਣ ਰੱਖ ਸਕਦਾ ਹੈ? ਮੈਂ ਆਪਣੇ ਅੰਤਹਕਰਣ ਜੀਤੀ ਨਾਲ ਵਿਆਹ ਕਰਵਾਉਣ ਦਾ ਸੰਕਲਪ ਕਰ ਲਿਆ ਸੀ। ਸਾਨੂੰ ਇੱਕ ਹੋਣ ਤੋਂ ਕੌਣ ਡੱਕ ਸਕਦਾ ਹੈ?
ਬਰਾਦਰੀ ਰੋਕ ਲਾ ਸਕਦੀ ਹੈ। ਜੀਤੀ ਨਾਲ ਤੇਰੀ ਜਾਤ ਨਹੀਂ ਮਿਲਦੀ। ਤੂੰ ਜੱਟ ਸਰਦਾਰ ਤੇ ਉਹ? ਕਿੱਥੇ ਰਾਜਾ ਭੋਜ ਤੇ ਕਿੱਥੇ ਗੱਗੂ ਤੇਲੀ। ਮੇਰੇ ਦਿਮਾਗ ਦੀ ਕਿਸੇ ਖੱਲ ਵਿੱਚੋਂ ਆਵਾਜ਼ ਉੱਠੀ ਸੀ।
ਮੈਂ ਉਸ ਅਵਾਜ਼ ਨੂੰ ਦਬਾਉਣ ਦਾ ਉਪਰਾਲਾ ਕੀਤਾ ਸੀ। ਲੈ ਹੁਣ ਜਮਾਨਾ ਬਦਲ ਗਿਐ। ਲੋਕ ਜਾਗਰੁਕ ਅਤੇ ਅਗਾਂਹਵੱਧੂ ਹੋ ਗਏ ਹਨ। ਜਾਤਾਂ, ਗੋਤਾਂ ਨੂੰ ਨਵੀਂ ਪੀੜੀ ਦੇ ਪੜ੍ਹੇ ਲਿਖੇ ਬਹੁਤਾ ਨਹੀਂ ਗੌਲਦੇ।
ਚੱਲ ਜੇ ਮੰਨ ਵੀ ਲਈਏ ਕਿ ਜਾਤਾਂ ਦੀ ਹੁਣ ਪੁੱਛ ਪ੍ਰਤੀਤ ਨਹੀਂ ਰਹੀ। ਅੰਤਰ-ਜਾਤੀ ਵਿਆਹ ਆਮ ਜਿਹੀ ਗੱਲ ਹੋ ਗਈ ਹੈ। ਕੀ ਨਰੈਣਾ ਮੰਨ ਜਾਊ ਆਪਣੀ ਧੀ ਦਾ ਹੱਥ ਤੇਰੇ ਹੱਥ 'ਚ ਫੜਾਉਣ ਲਈ? ਮੇਰੀ ਖੋਪੜੀ ਦੀ ਪਟਾਰੀ ਵਿੱਚ ਬੈਠਾ ਸ਼ੱਕ ਦਾ ਸੱਪ ਫੁੰਕਾਰਿਆ ਸੀ। ਉਹਨੂੰ ਭਲਾਂ ਕੀ ਇਤਰਾਜ਼ ਹੋ ਸਕਦਾ ਹੈ? ਝੁੱਗੀਆ ਚੋਂ ਉੱਠ ਕੇ ਉਹਦੀ ਕੁੜੀ ਨੇ ਮਹਿਲਾ ਵਿੱਚ ਜਾ ਵਸਣਾ ਹੈ। ਉਹਦੇ ਕੀ ਦਿਮਾਗ 'ਚ ਨੁਕਸ ਪਿਆ ਹੈ, ਜਿਹੜਾ ਕੋਈ ਟੰਟਾਂ ਖੜ੍ਹਾ ਕਰੂ? ਅਵੱਲ ਤਾਂ ਉਹਨੇ ਕੁਸਕਣਾ ਨਹੀਂ, ਜੇ ਰੱਬ ਨਾ ਕਰੇ ਅੜੀਕਾ ਸਿੰਘ ਬਣ ਕੇ ਹੀਲ-ਹੁਜੱਤ ਕਰਨ ਲੱਗਿਆ ਤਾਂ ਟੁੰਡੀ ਲਾਟ ਕਰ ਕੀ ਲਊ? ਲੈ ਕੇ ਕਿਰਪਾਨ ਝਟਕਾ ਵੀ ਦਿਊਂ। ਬਾਹਲਾ ਈ ਹੋਇਆ ਤਾਂ ਜੀਤੀ ਨੂੰ ਕੱਢ ਕੇ ਹੀ ਲੈਜੂੰ। ਮੇਰੀ ਲੰਡੇ ਚਿੱੜੇ ਦੀ ਕੀ ਪੂਛ ਫੜ ਲਊ? ਮੇਰੀ ਜਵਾਨੀ ਦਾ ਜ਼ੋਸ਼ ਗੜਕਿਆ ਸੀ।
ਇੱਕ ਹੋਰ ਸ਼ੰਕੇ ਦੀ ਬਿਜਲੀ ਮੇਰੇ ਜ਼ਿਹਨ ਵਿੱਚ ਕੜਕੀ ਸੀ। ਫਰਜ ਕਰ ਜੇ ਤੇਰੇ ਘਰਦੇ ਨਾ ਮੰਨੇ, ਤਦ? ਅਰਦਲੀ ਦੀ ਧੀ ਦਾ ਡੋਲਾ ਕਿਵੇਂ ਉਹ ਸ਼ੀਸ਼ ਮਹਿਲ ਵਰਗੀ ਕੋਠੀ ਵਿੱਚ ਵੜਨ ਦੇ ਦੇਣਗੇ? ਉਹਨਾਂ ਦਾ ਵੀ ਸਮਾਜ ਵਿੱਚ ਕੋਈ ਰੁਤਬਾ ਹੈ। ਖਾਨਦਾਨ ਦੇ ਵਕਾਰ ਦਾ ਮਾਮਲਾ ਹੈ। ਰਿਸ਼ਤੇਦਾਰੀ ਬਰਾਬਰ ਵਿੱਚ ਹੀ ਨਿਭਦੀ ਹੁੰਦੀ ਹੈ। ਇਹ ਕੋਈ ਗੁੱਡੇ-ਗੁੱਡੀ ਦਾ ਖੇਡ ਥੋੜ੍ਹੈ? ਕਈ ਪੁਸ਼ਤਾਂ ਤੱਕ ਚੱਲਣ ਵਾਲਾ ਵਣਜ ਹੈ।
ਮੇਰੇ ਵਿਚਲਾ ਆਸ਼ਕ ਜ਼ਿਦਿਆ ਸੀ। ਉਹਨਾਂ ਨੂੰ ਮੇਰੀ ਖੁਸ਼ੀ ਨਾਲੋਂ ਆਪਣੇ ਨੱਕ-ਨਮੂਜ ਦੀ ਬਹੁਤੀ ਪਰਵਾਹ ਹੈ? ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ। ਵਾਹ ਤਾਂ ਪੂਰਾ ਲਾਊ ਮੰਨਾਉਂਣ ਦੀ, ਜੇ ਨਾ ਹੀ ਗੱਲ ਬਣਦੀ ਦਿਸੀ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੀ ਪਰਵਾਰਾ ਹੋ ਕੇ ਕੋਰਟ ਮੈਰਿਜ਼ ਕਰਵਾ ਲਊ। ਆਪੇ ਸਿੱਧੇ ਹੋ ਜਾਣਗੇ। ਸੁੱਖ ਨਾਲ ਉਹਨਾਂ ਦਾ ਇੱਕਲਾ-ਇਕਹਿਰਾ ਪੁੱਤ ਤਾਂ ਹਾਂ ਮੈਂ। ਆਪਣੇ ਕੁਲਦੀਪਕ ਦੇ ਮੋਹ ਵੱਸ ਹੋ ਕੇ ਆਪੇ ਹੌਲੀ ਹੌਲੀ ਮੰਨ ਜਾਣਗੇ। ਇਹ ਮਸਲਾ ਵੀ ਹੱਲ ਹੋਇਆ ਸੀ ਤਾਂ ਸਭ ਤੋਂ ਪ੍ਰਮੁੱਖ ਸ਼ੁਬ੍ਹੇ ਨੇ ਮੇਰੀ ਸੋਚ ਦਾ ਰਾਹ ਘੇਰ ਲਿਆ ਸੀ। ਪਰ ਜੇ ਜੀਤੀ ਨਾ ਰਜ਼ਾਮੰਦ ਹੋਈ ਤਾਂ ਉਸ ਸੂਰਤ ਵਿੱਚ ਕੀ ਕਰੇਂਗਾ?
ਮੇਰਾ ਹੰਕਾਰ ਬੋਲਿਆ ਸੀ। ਉਹਦੀ ਕੀ ਮਜਾਲ ਹੈ ਉਜਰ ਕਰ ਜਾਵੇ? ਉਹਦਾ ਤਾਂ ਪਿਉ ਵੀ ਮੰਨੂ। ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲਿਆ ਤਾਂ ਮੈਨੂੰ ਉਂਗਲ ਟੇਢੀ ਵੀ ਕਰਨੀ ਆਉਂਦੀ ਹੈ। ਪਿਆਰ ਅਤੇ ਜੰਗ ਵਿੱਚ ਹਰ ਚੀਜ਼ ਜਾਇਜ਼ ਹੈ। ਧੱਕੇ ਨਾਲ ਚੁੱਕ ਕੁ ਲੈ ਜਾਊਂ। ਮੇਰੀ ਨਾ ਬਣੂਗੀ ਤਾਂ ਮੈਂ ਕਿਸੇ ਹੋਰ ਜੋਗੀ ਵੀ ਨਹੀਂ ਛੱਡਣੀ। ਜਿਹੜੀ ਜਨਾਨੀ ਸ਼ਕਲ ਅਤੇ ਅਕਲ ਨਾਲ ਨਾ ਪ੍ਰਾਪਤ ਹੋ ਸਕੇ, ਉਹ ਪੈਸੇ ਅਤੇ ਤਾਕਤ ਨਾਲ ਹਥਿਆਈ ਜਾ ਸਕਦੀ ਹੈ। - ਪਰ ਮੈਨੂੰ ਪਤਾ ਇਹ ਸਭ ਕਰਨ ਦੀ ਨੌਬਤ ਹੀ ਨਹੀਂ ਆਉਣੀ। ਜੀਤੀ ਤਾਂ ਆਪ ਮੇਰੇ ਉੱਤੇ ਡੁੱਲੀ ਫਿਰਦੀ ਹੈ।
ਦੁੱਧ ਦੇ ਉਸ ਇੱਕ ਕੱਪ ਨੂੰ ਪੀਣ ਲਈ ਜਿੰਨਾ ਵੱਧ ਤੋਂ ਵੱਧ ਸਮਾਂ ਮੈਂ ਲਾ ਸਕਦਾ ਸੀ ਮੈਂ ਲਾਇਆ ਸੀ। ਛੇਕੜ ਨੂੰ ਦੁੱਧ ਨੇ ਮੁੱਕਣਾ ਤਾਂ ਸੀ ਹੀ। ਦੁੱਧ ਦੀ ਆਖ਼ਰੀ ਘੁੱਟ ਸੁੜਕ ਕੇ ਮੈਂ ਕੱਪ ਹੇਠਾਂ ਪਾਵੇ ਨਾਲ ਰੱਖ ਦਿੱਤਾ ਸੀ। ਉਹਨਾਂ ਸਭਨਾਂ ਦੀ ਪੁਰਖਲੂਸ ਪ੍ਰੋਹਣਾਚਾਰੀ ਦਾ ਧੰਨਵਾਦ ਕੀਤਾ ਸੀ ਤੇ ਇਜਾਜ਼ਤ ਲੈ ਕੇ ਉੱਠ ਖੜਿਆ ਸੀ। ਬਾਹਰ ਆ ਕੇ ਮੈਂ ਆਪਣੇ ਆਪ 'ਤੇ ਖਿੱਝ ਰਿਹਾ ਸਾਂ। ਮੇਰੇ ਨਾਲ ਵੀ ਨਾ ਸੁੱਤੀ, ਨਾ ਕੱਤਿਆ ਵਾਲੀ ਹੋਈ ਸੀ। ਠੰਡ ਵਿੱਚ ਠੱਰਿਆ ਵੀ ਸੀ ਤੇ ਕੁੱਝ ਕਰਿਆ ਵੀ ਨਹੀਂ ਸੀ। ਮੈਂ ਅਜੇ ਜੀਤੀ ਦੇ ਗ੍ਰਹਿ ਤੋਂ ਬਹੁਤੀ ਦੂਰ ਨਹੀਂ ਸੀ ਆਇਆ। ਅੰਤਮ ਵਾਰ ਜੀਤੀ ਦੇ ਘਰ ਵੱਲ ਖੈਰ-ਅਬਾਦ ਕਰਨ ਲਈ ਜਿਉਂ ਹੀ ਮੈਂ ਪਿੱਛੇ ਧੌਣ ਘੁੰਮਾਈ ਸੀ ਤਾਂ ਦੇਖਿਆ ਸੀ, ਜੀਤੀ ਭੱਜੀ ਭੱਜੀ ਮੇਰੇ ਮਗਰ ਆ ਰਹੀ ਸੀ। ਨਾ ਉਹਦੇ ਸਿਰ 'ਤੇ ਸ਼ਾਲ ਸੀ, ਨਾ ਤੇੜ ਕੋਟੀ ਤੇ ਨਾ ਪੈਰੀਂ ਜੁੱਤੀ ਸੀ। ਕ੍ਰਿਸ਼ਨ ਦੇ ਪ੍ਰੀਤ ਵਿੱਚ ਵੈਰਾਗਣ ਹੋਈ ਮੀਰਾ ਵਰਗਾ ਜੀਤੀ ਨੇ ਭੇਸ ਧਾਰਿਆ ਹੋਇਆ ਸੀ। ਉਹਦੇ ਹੱਥ ਵਿੱਚ ਮੇਰੀ ਹਾਕੀ ਸੀ ਜੋ ਮੈਂ ਉਹਨਾਂ ਦੇ ਘਰੇ ਹੀ ਭੁੱਲ ਆਇਆ ਸੀ। ਮੈਂ ਕਹਿਣ ਲੱਗਿਆ ਸੀ। ਮੋਟੇ ਕੱਪੜੇ ਪਾ ਲੈ ਨਹੀਂ ਠੰਡ ਲੱਗ ਜਾਊ। ਪਰ ਫਿਰ ਸੋਚਿਆ ਸੀ, ਉਹ ਤਾਂ ਖੁਦ ਆਪ ਆਫਤਾਬ ਹੈ ਉਹਨੂੰ ਸਰਦੀ ਕਿਸ ਤਰ੍ਹਾਂ ਲੱਗ ਸਕਦੀ ਹੈ? ਜਿਉਂ ਜਿਉਂ ਉਹ ਮੇਰੇ ਕਰੀਬ ਆ ਰਹੀ ਸੀ। ਤਿਉਂ ਤਿਉਂ ਉਹਦੇ ਕਦਮਾਂ ਦੀ ਰਫ਼ਤਾਰ ਘੱਟਦੀ ਜਾ ਰਹੀ ਸੀ। ਉਹਦੇ ਭੱਖਦੇ ਜੋਬਨ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਸਾਰੀ ਸੁੰਦਰਤਾ ਜੀਤੀ ਨੂੰ ਬਣਾਉਣ 'ਤੇ ਹੀ ਖਰਚ ਕਰ ਦਿੱਤੀ ਸੀ।
"ਤੇਰੀ ਹਾਕੀ ਤਾਂ ਇੱਥੇ ਹੀ ਰਹਿ ਜਾਣੀ ਸੀ ਰਾਜੂ।" ਉਹਦਾ ਦਮ ਨਾਲ ਦਮ ਨਹੀਂ ਸੀ ਰਲ ਰਿਹਾ। ਉਹਨੇ ਹਾਕੀ ਮੈਨੂੰ ਫੜਾਉਣ ਲਈ ਮੇਰੇ ਵੱਲ ਵਧਾਈ ਸੀ। ਮੇਰੇ ਮਨ ਵਿੱਚ ਇੱਕ ਖ਼ਿਆਲ ਉਪਜਿਆ ਸੀ ਕਿ ਕੀ ਵਾਕਈ ਉਹ ਹਾਕੀ ਫੜਾਉਣ ਆਈ ਸੀ ਜਾਂ ਮੈਨੂੰ ਮਿਲਣ?
ਸੌ ਫੀਸਦੀ ਤੈਨੂੰ ਮਿਲਣ ਆਈ ਹੈ। ਐਨਾ ਵੀ ਨਹੀਂ ਸਮਝਦਾ? ਗੋਲੀ ਮਾਰੋ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ। ਮੌਕਾ ਖਾਲੀ ਨਾ ਹੱਥੋਂ ਜਾਵੇ। ਇਹੋ ਜਿਹੇ ਕੰਮ ਜਾਂ ਜਦੇ ਜਾਂ ਕਦੇ। ਮੇਰੇ ਅੰਦਰੋਂ ਲੁੱਚਾ ਰਾਜੂ ਬੋਲਿਆ ਸੀ। ਮੇਰੇ ਹੱਥ ਜੀਤੀ ਨੂੰ ਲਿਪੇਟ ਵਿੱਚ ਲੈਣ ਲਈ ਉੱਠਣ ਲੱਗੇ ਸਨ। ਇਹ ਕੀ ਕਰਨ ਲੱਗਿਆਂ ਹੈਂ। ਤੂੰ ਤਾਂ ਉਹਦਾ ਮੁਹਾਫ਼ਿਜ਼ ਬਣ ਕੇ ਆਇਆ ਸੀ। ਇਹੀ ਗੁੱਲ ਖਿਲਾਉਣਾ ਸੀ ਤਾਂ ਉਹਦੀਆਂ ਨਜ਼ਰਾਂ ਵਿੱਚ ਭੱਦਰ ਪੁਰਸ਼ ਬਣਨ ਦੀ ਕੀ ਲੋੜ ਸੀ? ਕਿਸੇ ਗੈਬੀ ਤਾਕਤ ਨੇ ਮੈਨੂੰ ਆਪਣੇ ਵੱਸ ਵਿੱਚ ਕਰਕੇ ਰੋਕ ਲਿਆ ਸੀ।
ਮੇਰੇ ਅੰਤਰੀਵ ਇਨਸਾਨ ਅਤੇ ਸ਼ੈਤਾਨ ਖਹਿਬੜ ਕੇ ਆਪਸ ਵਿੱਚ ਗੁੱਥਮਗੁਥਾਂ ਹੋਣ ਲੱਗੇ ਸਨ।
"ਤੇਰੇ ਖਾਤਰ ਉਹ ਹਾਕੀ ਦੇ ਪੱਜ ਨਾਲ ਆਈ ਏ। ਸੁੱਕੀ ਨਾ ਜਾਵੇ। ਮਰ ਲੈ। ਪਾ ਲੈ ਜੱਫੀ। ਹੱਥ ਟੁੱਟੇ ਨੇ?" ਮੇਰੇ ਅੰਦਰੋਂ ਇਖਲਾਕ ਵਿਰੋਧੀ ਅਨਸਰ ਨੇ ਮੈਨੂੰ ਉਂਗਲਾ ਲਗਾਈ ਸੀ।
"ਨਹੀਂ ਕਮਲਿਆ ਵਾੜ ਵੀ ਕਦੇ ਖੇਤ ਨੂੰ ਖਾਂਦੀ ਏ?" ਮੇਰੀ ਆਤਮਾ ਉਪਦੇਸ਼ ਦਿੰਦੀ ਸੀ।
"ਗਰੀਬਾਂ ਦੀਆਂ ਕੁੜੀਆਂ ਨੂੰ ਰੱਬ ਸੋਹਣੀਆਂ ਹੀ ਤਾਂ ਬਣਾਉਂਦੈ, ਬਈ ਉਹ ਅਮੀਰਾਂ ਦੇ ਭੋਗ ਵਿਲਾਸ ਦੇ ਕੰਮ ਆ ਸਕਣ।" ਮੇਰੀਆਂ ਰਗਾਂ ਵਿੱਚ ਦੌੜਦੇ ਜਾਗੀਰਦਾਰੀ ਖੂਨ ਨੇ ਬੜਕ ਮਾਰੀ ਸੀ।
"ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।" ਮੇਰੇ ਜ਼ਮੀਰ ਨੇ ਮੈਨੂੰ ਵਰਜਿਆ ਸੀ। ਵਿਰੋਧਮਈ ਤੱਤਾਂ ਦਰਮਿਆਨ ਪਰਸਪਰ ਸੰਗਰਾਮ ਹੁੰਦਾ ਰਿਹਾ ਸੀ।
"ਚੱਕ ਦੇ ਫੱਟੇ। ਮਰਦ ਬਣ, ਮਰਦ।" ਮੇਰੇ ਅੰਦਰਲਾ ਜ਼ਿੰਮੀਦਾਰ ਗੱਜਿਆ ਸੀ।
"ਪੈਸਾ, ਇੱਜ਼ਤ ਤੇ ਨੇਕੀ ਕਮਾਉਣ ਨੂੰ ਵਰੇ ਲੱਗ ਜਾਂਦੇ ਨੇ। ਗੁਆਉਣ ਨੂੰ ਬਿੰਦ ਨਹੀਂ ਲੱਗਦਾ। ਅਕਲ ਨੂੰ ਹੱਥ ਮਾਰ।" ਮੇਰੇ ਮਨ ਮਸਤਕ ਵਿੱਚ ਬੋਲਾਂ ਦੇ ਘੁੰਗਰੂ ਛਣਕੇ ਸਨ। ਮੇਰੇ ਵਜੂਦ ਵਿੱਚ ਨੇਕੀ ਅਤੇ ਬਦੀ ਦੀ ਜੰਗ ਜਾਰੀ ਹੀ ਸੀ ਕਿ ਉਹ ਹਾਕੀ ਮੇਰੇ ਸਪੁਰਦ ਕਰਕੇ ਵਾਪਸ ਮੁੜਨ ਲਈ ਘੁੰਮੀ ਸੀ। ਮੇਰੇ ਵੱਲ ਉਹਦੀ ਪਿੱਠ ਸੀ। ਜਨਾਨੀ ਨੂੰ ਮੂਹਰਿਓ ਜੱਫੀ ਪਾਉਣ ਨਾਲੋਂ ਪਿੱਛਿਉਂ ਬਾਹਾਂ ਵਿੱਚ ਭਰਨ ਨਾਲ ਜੋ ਸੁਆਦ ਆਉਂਦਾ ਹੈ। ਉਹ ਸਿਰਫ਼ ਮਾਣਿਆ ਹੀ ਜਾ ਸਕਦਾ ਹੈ ਬਿਆਨ ਨਹੀਂ ਕਰਿਆ ਜਾ ਸਕਦਾ। ਮੇਰੀ ਲਿੰਗਕ ਭੁੱਖ ਸਿਖਰਾਂ 'ਤੇ ਪਹੁੰਚੀ ਹੋਈ ਹੋਣ ਨਾਲ ਮੇਰੇ ਅੰਗਾਂ ਵਿੱਚ ਅਸੀਮ ਤਨਾਓ ਉਤਪਨ ਹੋ ਚੁੱਕਿਆ ਸੀ। ਮੈਂ ਖ਼ਤਾ ਕਰਨ 'ਤੇ ਤੁਲਿਆ ਹੋਇਆ ਸਾਂ। ਕਾਮਸੂਤਰ ਵਿੱਚ ਲਿਖਿਆ ਹੈ, "ਛੇਤੀ ਭੱਖਾਉਣ ਲਈ ਔਰਤ ਨੂੰ ਗਰਦਨ ਤੋਂ ਚੁੰਮਣਾ ਚਾਹੀਦਾ ਹੈ।" ਜੀਤੀ ਦੀ ਬੋਤਲ ਵਰਗੀ ਧੌਣ ਨੂੰ ਪਿੱਛਿਓ ਚੁੰਮਣ ਲਈ ਮੈਂ ਉਹਨੂੰ ਫੜਨ ਲੱਗਿਆ ਹੀ ਸੀ। ਇੱਕ ਦੋ ਉਲਾਘਾਂ ਪੱਟ ਕੇ ਜੀਤੀ ਰੁੱਕ ਗਈ ਸੀ। ਜਿਵੇਂ ਉਹਨੂੰ ਅਚਾਨਕ ਕੁੱਝ ਯਾਦ ਆ ਗਿਆ ਸੀ। ਮੈਂ ਥਾਏਂ ਰੁੱਕ ਗਿਆ ਸੀ। ਜੀਤੀ ਬੇਯਕੀਨੀ ਜਿਹੀ ਨਾਲ ਬੋਲੀ ਸੀ, "ਸੱਚਅ ਵੀਰ ਜੀ, ਮੈਂ ਗੈਸ ਨੂੰ ਰੈਗੂਲੇਟਰ ਤੋਂ ਬੰਦ ਕਰਨੀ ਭੁੱਲ 'ਗੀ ਸੀ। ਬੇਜੀ ਨੂੰ ਕਹਿ ਦਿਉ ਸਿੰਲੈਂਡਰ ਤੋਂ ਦੇਖ ਕੇ ਬੰਦ ਕਰ ਲੇਣ।"
"ਹੈਂ?" ਮੇਰੇ ਅਖਤਿਆਰ ਤੋਂ ਬਿਨਾਂ ਪਤਾ ਨਹੀਂ ਕਿਵੇਂ ਮੇਰੀ ਜ਼ਬਾਨੋਂ ਇਹ ਨਿਕਲ ਗਿਆ ਸੀ।
"ਵੀਰ ਜੀ!" ਇਹ ਉਹਨੇ ਕੀ ਮੂੰਹੋਂ ਭੈੜਾ ਵਾਕ ਕੱਢ ਦਿੱਤਾ ਸੀ। ਮੈਨੂੰ ਆਪਣੇ ਕੰਨਾਂ ਉੱਪਰ ਯਕੀਨ ਹੀ ਨਹੀਂ ਸੀ ਆਇਆ। ਜਿਹੜਾ ਉਹ ਨਵਾਂ ਪੈਂਤਰਾ ਹੁਣ ਖੇਡ ਰਹੀ ਸੀ, ਉਹ ਜਾਨਣ ਲਈ ਮੈਂ ਉਹਨੂੰ ਪੁੱਛਿਆ ਸੀ, "ਕੀ ਕਿਹਾ ਹੈ?"
ਉਹ ਦੁਬਾਰਾ ਪਹਿਲਾਂ ਦੀ ਤਰ੍ਹਾਂ ਠਰਮੇ ਨਾਲ ਦੱਸਣ ਲੱਗੀ ਸੀ, "ਮੈਂ ਸ਼ਾਇਦ ਗੈਸ ਨਹੀਂ ਬੰਦ ਕਰੀ। ਤੁਸੀਂ ਆਪ ਤਸੱਲੀ ਕਰ ਲਿਉ ਜਾਂ ਬੈਜੀ ਨੂੰ ਕਹਿ ਦੇਣਾ।"
ਇਸ ਤੋਂ ਇਲਾਵਾ ਪਹਿਲਾਂ ਤੂੰ ਕੁੱਝ ਹੋਰ ਵੀ ਆਖਿਆ ਸੀ? ਮੈਂ ਆਪਣੇ ਭਰਮ ਤੋਂ ਮੁਕਤ ਹੋਣਾ ਚਾਹੁੰਦਾ ਸਾਂ।
"ਹੋਰ ਕੀ ਕਿਹਾ ਸੀ? ਕੁੱਝ ਵੀ ਤੇ ਨਹੀਂ।"
ਜੀਤੀ ਦੇ ਬੋਲਦੀ ਤੋਂ ਮੈਂ ਉਹਦੇ ਮੁਖੜੇ ਨੂੰ ਆਪਣੀਆਂ ਅੱਖਾਂ ਦੀ ਲਾਈ-ਡਿਟੈਕਟਰ ਰਾਹੀਂ ਨਿਰਖ ਨਾਲ ਦੇਖਦਾ ਰਿਹਾ ਸੀ।
"ਓਹਾਂ, ਵੀਰ ਜੀ? ਆਹੋ ਆਹੋ ਵੀਰ ਜੀ ਹੀ ਕਿਹਾ ਸੀ। - ਕੀ ਮੈਂ ਤੇਰੀਆਂ ਭੈਣਾਂ ਵਰਗੀ ਨਹੀਂ?"
ਜੀਤੀ ਦੀਆਂ ਮਾਸਪੇਸ਼ੀਆਂ ਵਿੱਚ ਕੋਈ ਅਕੜੀਲਾਪਨ ਜਾਂ ਖਿਚਾਉ ਉਜਾਗਰ ਨਹੀਂ ਸੀ ਹੋਇਆ। ਜੋ ਕਿ ਆਮ ਕਰਕੇ ਝੂਠ ਬੋਲਦੇ ਵਿਅਕਤੀ ਦੇ ਚਿਹਰੇ ਉੱਤੇ ਦੇਖਿਆ ਜਾ ਸਕਦਾ ਹੈ। ਉਹਦੀਆਂ ਅੱਖਾਂ ਵਿੱਚ ਨਿਰਛੱਲਤਾ, ਹੋਠਾਂ 'ਤੇ ਸੱਚਾਈ ਤੇ ਚਿਹਰੇ 'ਤੇ ਮਸੂਮੀਅਤ ਸੀ। ਉਹ ਮਸੂਮੀਅਤ ਜੋ ਜ਼ਿਬਾਹ ਹੋਣ ਜਾ ਰਹੇ ਬੱਕਰੇ ਦੇ ਮੂੰਹ ਉੱਪਰ ਹੁੰਦੀ ਹੈ।
"ਹਾਂ। ਹਾਂ। ਇੱਕ ਵਾਰ ਫੇਰ ਕਹੀਂ?" ਮੈਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ। "ਵੀਰ ਜੀ।" ਜੀਤੀ ਨੇ ਫਿਰ ਉਚਾਰਿਆ ਸੀ।
ਵੀਰ ਜੀ-ਵੀਰ ਜੀ ਦੀਆਂ ਪ੍ਰਤੀ-ਧੁੰਨੀਆਂ ਗੁਬੰਦ ਵਿੱਚ ਮਾਰੀ ਹਾਕ ਵਾਂਗਰ ਗੂੰਜਦੀਆਂ ਮੇਰੀ ਅੰਤਰ-ਆਤਮਾ ਨਾਲ ਜਾ ਟਕਰਾਈਆਂ ਸਨ। ਮੈਨੂੰ ਸਦਮਾਖੇਜ਼ ਝਟਕਾ ਲੱਗਿਆ ਸੀ ਤੇ ਨਾਲ ਹੀ ਮਹਿਸੂਸ ਹੋਇਆ ਸੀ ਜਿਵੇਂ ਮੇਰੇ ਅੰਦਰ ਕੋਈ ਵਿਸਫੋਟਕ ਧਮਾਕਾ ਹੋਇਆ ਹੋਵੇ। ਜਿਸ ਦੇ ਪ੍ਰਣਾਮਸਰੂਪ ਮੇਰੇ ਅੰਦਰ ਕੁੱਝ ਤਿੜਕ ਗਿਆ ਸੀ। ਉਹ ਮੈਨੂੰ ਭਰਾ ਸਮਝਦੀ ਰਹੀ ਸੀ ਤੇ ਮੇਰੀ ਗੰਦੀ ਜ਼ਿਹਨੀਅਤ ਮੇਰੇ ਤੋਂ ਕਿੱਡਾ ਵੱਡਾ ਪਾਪ ਕਰਵਾਈ ਜਾ ਰਹੀ ਸੀ। ਮੈਂ ਉਸ ਬਾਰੇ ਕੀ ਕੀ ਸੋਚੀ ਜਾ ਰਿਹਾ ਸਾਂ। ਜੀਤੀ ਦੇ ਭੋਲੇਪਨ ਨੂੰ ਮੈਂ ਕਤਲ ਨਹੀਂ ਸੀ ਕਰ ਸਕਿਆ ਤੇ ਸੋਚਣ ਲੱਗਾ ਸੀ, "ਕਾਸ਼ ਜੇ ਤੂੰ ਜੀਤੀ ਪਹਿਲਾਂ ਹੀ ਵੀਰ ਸ਼ਬਦ ਦੀ ਸੋਟੀ ਮਾਰ ਕੇ ਮੇਰੇ ਅੰਦਰ ਬੈਠੇ ਹਵਸ ਦੇ ਕੁੱਤੇ ਨੂੰ ਭਜਾ ਦਿੰਦੀ ਤਾਂ ਇਹ ਦੁਪਹਿਰ ਦਾ ਮੇਰੇ ਅੰਦਰ ਬੈਠਾ ਭੌਂਕਦਾ ਤਾਂ ਨਾ ਰਹਿੰਦਾ।"
ਜੀਤੀ ਨੇ ਮੈਨੂੰ ਖ਼ਿਆਲਾਂ ਵਿੱਚ ਡੁੱਬੇ ਹੋਏ ਨੂੰ ਝੰਜੋੜਿਆ ਸੀ, "ਕੀ ਹੋਇਐ? ਇੱਕਲੇ ਜਾਂਦੇ ਨੂੰ ਡਰ ਲੱਗਦੈ ਤਾਂ ਹੁਣ ਬਾਪੂ ਤੈਨੂੰ ਛੱਡ ਕੇ ਆਵੇ ਰਾਜੂ ਵੀਰੇ।"
"ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਭੈਣ ਜੀ! ਚੰਗਾ ਮੈਂ ਚੱਲਦਾਂ ਫੇਰ।" ਜੀਤੀ ਦਾ ਚੁਣਿਆ ਹੋਇਆ ਰਿਸ਼ਤਾ ਕਬੂਲ ਕਰਕੇ ਮੈਂ ਉੱਥੋਂ ਚੱਲਿਆ ਸੀ ਤਾਂ ਦੂਰ-ਦੁਰਾਡਿਉਂ ਕਿਤੋਂ ਉੱਚੀ ਉੱਚੀ ਕੂਕਦੇ ਕੁੱਤਿਆਂ ਦੀ ਆਵਾਜ਼ ਵੀ ਮੇਰੇ ਕੰਨਾਂ ਵਿੱਚ ਪਈ ਸੀ।

ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk"ਥੋਡੇ ਜੀਅ ਜੀਅ ਕੋਲ ਕਾਰਾਂ ਨੇ। ਬੱਸਾਂ ਤੇ ਆਉਂਣ ਦੀ ਕੀ ਬਿਪਤਾ ਪਈ ਸੀ?" ਨਾਨੀ ਦੀ ਹੈਰਾਨੀ ਵਿਦਮਾਨ ਹੋਈ ਸੀ। ਉਹ ਮੈਨੂੰ ਕੁਰਸੀ ਫੜ੍ਹਾ ਕੇ ਚਲੀ ਗਈ ਸੀ। ਮੈਂ ਮੰਜੇ 'ਤੇ ਬੈਠੀ ਨਾਨੀ ਦੇ ਕੋਲ ਨੂੰ ਡਾਹ ਕੇ ਬੈਠ ਗਿਆ ਸੀ। ਉਹ ਨੱਢੀ ਮੇਰੇ ਆਉਣ ਤੋਂ ਪਹਿਲਾਂ ਬਰਾਂਡੇ ਵਿੱਚ ਹੀ ਝਾੜੂ-ਪੋਚਾ ਮਾਰ ਰਹੀ ਸੀ। ਚੁੰਨੀ ਨਾਨੀ ਕੋਲ ਮੰਜੇ 'ਤੇ ਰੱਖ ਕੇ ਉਹ ਫੁਰਤੀ ਨਾਲ ਰਹਿੰਦਾ ਪੋਚਾ ਫੇਰਨ ਲੱਗ ਗਈ ਅਤੇ ਮੈਂ ਤੇ ਨਾਨੀ ਗੱਲੀਂ ਜੁੱਟ ਗਏ ਸਾਂ।

This is the best Story i have ever read
ReplyDeleteThanks....
Manjinder