ਟੁਰਰ-ਰ-ਟੁਰਰ। ਘੂਕ ਸੁੱਤੀ ਪਈ ਨਵਨੀਤ ਨੂੰ ਟਾਈਮਪੀਸ ਨੇ ਬਾਂਗ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰਦਿਆਂ, ਸੱਤ ਵੱਜਣ ਦਾ ਸੰਕੇਤ ਦਿੱਤਾ। ਅੱਧ-ਸੁੱਤੀ ਹਾਲਤ ਵਿੱਚ ਹੀ ਉਸ ਨੇ, ਮੰਜੇ ਦੇ ਨਾਲ ਪਏ ਮੇਜ਼ ਉੱਤੇ ਰੱਖੇ ਕਲਾਕ ਦੇ ਸਿਰ 'ਤੇ ਹੱਥ ਮਾਰ ਕੇ ਅਲਾਰਮ ਨੂੰ ਬੰਦ ਕਰ ਦਿੱਤਾ। ਮੁੜ ਉਸ ਨੂੰ ਆਲਸ ਤੇ ਨੀਂਦ ਨੇ ਦਬੋਚ ਲਿਆ।
ਬਾਹਰ ਸੜਕ ਉੱਤੇ ਹੋਏ ਖੜਕੇ ਦੀ ਆਵਾਜ਼ ਕਾਰਨ ਨਵਨੀਤ ਨੂੰ ਜਾਗ ਤਾਂ ਆ ਗਈ। ਪਰ ਸੁਸਤੀ ਤੇ ਨੀਂਦਰ ਕਾਰਨ ਉਸ ਦੀਆਂ ਪਲਕਾਂ ਅਜੇ ਵੀ ਬੰਦ ਸਨ। ਸਿਰਫ਼ ਚੇਤਨਾ ਹੀ ਜਾਗੀ ਸੀ।
ਜਾਗੋ ਮੀਟੀ ਅਵਸਥਾ ਵਿੱਚ ਨਵਨੀਤ ਦੇ ਹੱਥ ਨੇ ਹਮਬਿਸਤਰ ਦਿਲਰਾਜ ਦੀ ਤਲਾਸ਼ ਵਿੱਚ ਸਾਰੇ ਮੰਜੇ 'ਤੇ ਨਾਗ ਵਾਂਗੂੰ ਮੇਲਣਾ ਸ਼ੁਰੂ ਕਰ ਦਿੱਤਾ। ਉਸ ਨੇ ਚੰਗੀ ਤਰ੍ਹਾਂ ਹੱਥ ਫੈਲਾ ਕੇ ਸਾਰਾ ਪਲੰਘ ਟੋਹਿਆ। ਪਰ ਅਫ਼ਸੋਸ! ਦਿਲਰਾਜ ਨੂੰ ਛੋਹ ਨਾ ਸਕੀ। ਫਿਰ ਸੁਤ-ਉਨੀਂਦੇ ਵਿੱਚ ਹੀ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਦੇਖਿਆ, ਦਿਲਰਾਜ ਮੰਜੇ 'ਤੇ ਨਹੀਂ ਸੀ।
ਨਵਨੀਤ ਨੇ ਕਰਵਟ ਬਦਲ ਕੇ ਟਾਈਮ 'ਤੇ ਨਿਗਾਹ ਮਾਰੀ। ਸੱਤ ਵੱਜ ਕੇ ਪੱਚੀ ਮਿੰਟ ਹੋ ਗਏ ਤੱਕ ਕੇ ਉਸ ਦੀਆਂ ਅੱਖਾਂ ਇੱਕਦਮ ਚੌਪਾਟ ਖੁੱਲ੍ਹ ਗਈਆਂ ਤੇ ਉਹ ਉੱਠ ਕੇ ਬੈਠ ਗਈ। ਉਸ ਨੇ ਅੱਖਾਂ ਮਲ ਕੇ ਇੱਕ ਅੰਗੜਾਈ ਲਈ ਅਤੇ ਕਮਰੇ ਵਿੱਚ ਹਰ ਪਾਸੇ ਨਜ਼ਰ ਦੌੜਾਈ। ਪਰ ਦਿਲਰਾਜ ਨਾ ਦਿਸਿਆ।
"ਰਾਜ?" ਨਵਨੀਤ ਨੇ ਆਪਣੀ ਰਸ ਭਿੰਨੀ ਆਵਾਜ਼ ਵਿੱਚ ਹੋਰ ਮਿਠਾਸ ਭਰ ਕੇ ਪੁਕਾਰਿਆ। ਕੋਈ ਉੱਤਰ ਨਾ ਮਿਲਣ 'ਤੇ ਉਹਨੇ ਸਿਰਹਾਣੇ ਵੱਲ ਖੁੰਟੀ ਉੱਤੇ ਲਟਕਦਾ ਡਰੈਸਿੰਗ ਗਾਊਨ ਚੁੱਕਿਆ ਤੇ ਅੰਗੀਕਾਰ ਕਰਦੀ ਹੋਈ ਬਾਥਰੂਮ ਵੱਲ ਵਧੀ। ਦਿਲਰਾਜ ਉੱਥੇ ਵੀ ਨਹੀਂ ਸੀ। ਬਿਨਾਂ ਦੱਸਿਆਂ ਚਲਾ ਗਿਆ ਸੀ। ਪੁਨੂੰ ਵਾਂਗ ਸੱਸੀ ਨੂੰ ਸੁੱਤੀ ਛੱਡ ਕੇ। ਸਵੇਰੇ ਆਪਣੇ ਆਪ ਨੂੰ ਇਕੱਲਿਆਂ ਪਾ ਕੇ ਨਵਨੀਤ ਦਾ ਰਾਤ ਦਾ ਮਜ਼ਾ ਵੀ ਕਿਰਕਰਾ ਹੋ ਗਿਆ।
ਹਰ ਜੁਮੇਰਾਤ ਦੀ ਤਰ੍ਹਾਂ ਕੱਲ੍ਹ ਵੀ ਉਹ ਪਹਿਲਾਂ ਸਿਟੀ ਸੈਂਟਰ ਦੀ ਨਾਈਟ ਕਲੱਬ ਵਿੱਚ ਦੇਰ ਤੱਕ ਨੱਚਦੇ ਅਤੇ ਬੀਅਰ ਪੀਂਦੇ ਰਹੇ ਸਨ। ਫਿਰ ਚਾਇਨਾ ਟਾਊਨ ਦੇ ਸਭ ਤੋਂ ਪ੍ਰਸਿਧ ਅਤੇ ਉਮਦਾ ਰੈਸਟੋਰੈਂਟ ਚੁੰਗ ਯਿੰਗ ਤੋਂ ਖਾਣਾ ਖਾ ਕੇ ਬਾਰਾਂ ਵਜ੍ਹੇ ਘਰ ਪਰਤੇ ਸਨ। ਬੈੱਡਰੂਮ ਤੀਕਰ ਪਹੁੰਚਣ ਤੱਕ ਪੀਤੀ ਸ਼ਰਾਬ ਦਾ ਨਸ਼ਾ ਸਿਖਰਾਂ ਛੋਹ ਚੁੱਕਿਆ ਸੀ ਤੇ ਉਹਨਾਂ ਦੀ ਹਵਸ ਚਰਮ-ਸੀਮਾ 'ਤੇ ਪਹੁੰਚ ਗਈ ਸੀ। ਸਵੇਰ ਦੇ ਤਿੰਨ ਵਜੇ ਤੱਕ ਉਹ ਇੱਕ ਦੂਸਰੇ ਨੂੰ ਚੁੰਮਦੇ… ਚੱਟਦੇ… ਚੂੰਢਦੇ… ਅਤੇ ਚੋਦਦੇ ਹੋਏ ਹੰਢਾਉਂਦੇ ਰਹੇ ਸਨ।
ਦਿਲਰਾਜ ਤਾਂ ਸਵਾ ਤਿੰਨ ਹੀ ਘੁਰਾੜੇ ਮਾਰਨ ਲੱਗ ਪਿਆ ਸੀ। ਪਰ ਉਹ ਸਾਢੇ ਤਿੰਨ ਜਾਂ ਚਾਰ ਦੇ ਕਰੀਬ ਸੁੱਤੀ ਸੀ।
ਉਨੀਂਦੇ ਅਤੇ ਹੈਂਗ ਉਵਰ ਕਾਰਨ ਨਵਨੀਤ ਦਾ ਸਿਰ ਫਟਿਆ ਜਾ ਰਿਹਾ ਸੀ। ਬਾਥਰੂਮ ਵਿੱਚੋਂ ਆ ਕੇ ਉਸ ਨੇ ਦੋ ਗੋਲੀਆਂ ਲਈਆਂ। ਘੜੀ ਅਨੁਸਾਰ ਵਕਤ ਸਾਡੇ ਸੱਤ ਦਾ ਹੋ ਗਿਆ ਸੀ ਤੇ ਅੱਠ ਵਜੇ ਉਸ ਨੇ ਨਿਊ ਸਟਰੀਟ ਸਟੇਸ਼ਨ ਤੋਂ ਸਾਊਥਾਲ ਨੂੰ ਜਾਣ ਵਾਲੀ ਟਰੇਨ ਫੜ੍ਹਨੀ ਹੈ। ਸਾਊਥਾਲ ਹੋਈ ਰੇਲਾਂ ਦੀ ਆਪਸੀ ਟੱਕਰ ਦੀ ਦੁਰਘਟਨਾ ਕਾਰਨ ਸਾਊਥਾਲ ਵੱਲ ਜਾਣ ਵਾਲੀਆਂ ਰੇਲਾਂ ਦੀ ਸੰਖਿਆ ਵਿੱਚ ਕਟੌਤੀ ਕਰ ਦਿੱਤੀ ਗਈ ਸੀ। ਕੱਲ੍ਹ ਸ਼ਾਮ ਤੱਕ ਹੋਰ ਕੋਈ ਟਰੇਨ ਨਹੀਂ ਜਾਣੀ। ਇਸ ਲਈ ਉਸ ਦੀ ਇਹ ਰੇਲ ਫੜ੍ਹਨੀ ਜ਼ਰੂਰੀ ਹੈ।
ਸਾਊਥਾਲ ਮਾਂ-ਬਾਪ ਤੋਂ ਇਲਾਵਾ ਨਵਨੀਤ ਦੀ ਇੱਕ ਤਲਾਕਸ਼ੁਦਾ ਭੈਣ ਵੀ ਰਹਿੰਦੀ ਹੈ। ਪਹਿਲ ਪ੍ਰਿਥਮੇ ਉਹ ਹਰ ਸ਼ੁੱਕਰਵਾਰ ਸ਼ਾਮ ਨੂੰ ਘਰੇ ਚਲੀ ਜਾਂਦੀ ਸੀ ਤੇ ਵੀਕ ਐਂਡ(ਹਫਤਾ ਅੰਤ) ਦੀਆਂ ਛੁੱਟੀਆਂ ਪਰਿਵਾਰ ਨਾਲ ਬਿਤਾਉਣ ਤੋਂ ਬਾਅਦ ਸੋਮਵਾਰ ਸਵੇਰੇ ਕੰਮ 'ਤੇ ਲੱਗਣ ਤੋਂ ਪਹਿਲਾਂ ਬਰਮਿੰਘਮ ਵਾਪਸ ਆ ਜਾਇਆ ਕਰਦੀ ਸੀ।
ਰਾਤੀ ਅੰਨ੍ਹੇ ਅੰਤਰ-ਵੇਗ ਤਹਿਤ ਤੀਬਰਤਾ ਅਤੇ ਲਾਹਪਰਵਾਹੀ ਨਾਲ ਉਤਾਰ ਕੇ ਸੁੱਟੇ ਵਸਤਰ, ਜ਼ੀਨ ਟਰਾਊਜ਼ਰ ਅਤੇ ਸਿਲਕੀ ਬਲਾਊਜ਼ ਨਵਨੀਤ ਨੇ ਕਮਰੇ ਦੇ ਵੱਖ ਵੱਖ ਕੋਨਿਆਂ ਵਿੱਚੋਂ ਇਕੱਠੇ ਕੀਤੇ। ਹੇਠਲਾ ਕੋਈ ਕੱਪੜਾ(ਅੰਗੀ ਤੇ ਕੱਛੀ) ਉਸ ਨੇ ਪਹਿਨਣਾ ਨਹੀਂ ਹੈ। ਇੱਕ ਤਾਂ ਵਕਤ ਨਹੀਂ ਹੈ ਤੇ ਦੂਜਾ ਦਿਲਰਾਜ ਨਾਲ ਦੋਸਤੀ ਮਗਰੋਂ ਇਹ ਆਦਤ ਹੀ ਨਹੀਂ ਰਹੀ। ਕਿਉਂਕਿ ਦਿਲਰਾਜ ਗੁਪਤ(ਅੰਦਰੂਨੀ) ਵਸਤਰਾਂ ਨੂੰ ਪਾਉਣ ਲਾਉਣ ਨੂੰ ਸਮਾਂ ਬਰਬਾਦ ਕਰਨਾ ਆਖਦਾ ਹੈ।
ਨਵਨੀਤ ਨੇ ਕਾਲੀ ਲੀਵਾਇਜ਼ ਜ਼ੀਨ ਗੋਰੇ ਪੱਟਾਂ ਵਿੱਚ ਅੜਾਈ ਤੇ ਸਫ਼ੈਦ ਸਿਲਕੀ ਬਲਾਊਜ਼ ਦੇ ਕ੍ਰਮਵਾਰ ਥੱਲੇ ਤੋਂ ਸ਼ੁਰੂ ਹੋ ਕੇ ਚਾਰ ਬਟਨ ਕੱਸ ਕੇ ਜਦੋਂ ਪੰਜਵਾਂ ਸਿਖਰ ਵਾਲਾ ਗੁਦਾਮ ਕੱਸਣ ਲੱਗੀ ਤਾਂ ਉਪਰਲਾ ਬਟਨ ਟੁੱਟਿਆ ਹੋਇਆ ਮਿਲਿਆ। ਉੱਖੜੇ ਗੁਦਾਮ ਵਾਲੇ ਸਥਾਨ ਤੋਂ ਧਾਗੇ ਚੁੱਗਦਿਆਂ ਉਸ ਨੂੰ ਦਿਲਰਾਜ ਉੱਤੇ ਗੁੱਸਾ ਅਤੇ ਪਿਆਰ ਦੋਨੋਂ ਇਕੱਠੇ ਆਏ।
"ਜਨੂੰਨ ਸਵਾਰ ਹੋਏ 'ਤੇ ਕਿਵੇਂ ਪਾਗਲ ਜਿਹਾ ਟੁੱਟ ਕੇ ਪੈਂਦਾ ਹੈ।" ਉਹ ਬੁੜਬੜਾਈ।
ਜਨੂੰਨ! ਜਨੂੰਨ ਨੂੰ ਯਾਦ ਕਰਦਿਆਂ ਹੀ ਉਸੇ ਵਕਤ ਉਸ ਨੂੰ ਆਪਣੇ ਮਨ ਅੰਦਰਲੇ ਵਲਵਲਿਆਂ ਦਾ ਵੀ ਚੇਤਾ ਆ ਗਿਆ। ਨਵਨੀਤ ਦੀ ਖ਼ੁਦ ਆਪਣੀ ਅਵਸਥਾ ਵਿੱਚ ਵੀ ਤਾਂ ਉਸ ਸਮੇਂ ਕੋਈ ਬਹੁਤੀ ਭਿੰਨਤਾ ਨਹੀਂ ਹੁੰਦੀ। ਉਹ ਵੀ ਤਾਂ ਦਿਲਰਾਜ 'ਤੇ ਇੰਝ ਟੁੱਟ ਪੈਂਦੀ ਹੈ, ਜਿਵੇਂ ਭੁੱਖੀ ਸ਼ੇਰਨੀ ਸ਼ਿਕਾਰ ਉੱਤੇ ਝਪਟਦੀ ਹੈ। ਦਿਲਰਾਜ ਦੀ ਗਰਦਣ ਅਤੇ ਛਾਤੀ ਉੱਤੇ ਉਸ ਦੇ ਦੰਦਾਂ ਦੇ ਨਿਸ਼ਾਨਾਂ ਦਾ ਕਈ ਕਈ ਦਿਨਾਂ ਤੱਕ ਰਹਿਣਾ, ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਅਜਿਹਾ ਕੁੱਝ ਸੋਚਦਿਆਂ ਹੀ ਨਵਨੀਤ ਦੇ ਦੁੱਧੀਆ ਰੰਗ ਉੱਤੇ ਲਾਲੀ ਦੀਆਂ ਪਰਤਾਂ ਚੜ੍ਹ ਗਈਆਂ।
ਟੈਕਸੀ ਦਾ ਹਾਰਨ ਵੱਜਿਆ। ਨਵਨੀਤ ਨੇ ਕੰਨ ਖੜ੍ਹੇ ਕਰਕੇ ਸੁਣਿਆ, ਇਹ ਉਸੇ ਲਈ ਹੀ ਸੀ। ਹਾਏ ਰੱਬਾ! ਸੱਤ ਚਾਲੀ ਹੋ ਗਏ। ਸ਼ੁਕਰ ਹੈ ਟੈਕਸੀ ਕੱਲ੍ਹ ਸਵੇਰੇ ਹੀ ਬੁੱਕ ਕਰਵਾ ਦਿੱਤੀ ਸੀ, ਨਹੀਂ ਤਾਂ ਦਸ ਪੰਦਰਾਂ ਮਿੰਟ ਹੋਰ ਖ਼ਰਾਬ ਹੋ ਜਾਣੇ ਸਨ।
ਨਵਨੀਤ ਉਸ ਬਲਾਊਜ਼, ਜ਼ੀਨ ਅਤੇ ਇੱਕ ਕਾਲੇ ਚਮੜੇ ਦੇ ਉਵਰ ਕੋਟ ਦੇ ਸਵਾਏ ਹੁਣ ਹੋਰ ਕੋਈ ਕੱਪੜਾ ਨਹੀਂ ਸੀ ਪਹਿਨ ਸਕਦੀ। ਕਿਉਂਕਿ ਸਭ ਸਾਫ਼ ਕੱਪੜੇ ਪਹੁੰਚ ਤੋਂ ਦੂਰ ਹਨ ਤੇ ਬਾਕੀ ਬਹੁਤ ਮੈਲੇ ਹਨ। ਸਮਾਨ ਜ਼ਿਆਦਾ ਹੋਣ ਕਰਕੇ ਨਾਲ ਲਿਜਾਣ ਵਾਲੇ ਕੱਪੜੇ ਉਹਨੇ ਕੱਲ੍ਹ ਦਿਨੇ ਬੈਗਾਂ ਵਿੱਚ ਘਾਲਣਾ ਘਾਲ ਕੇ ਪੈਕ ਕੀਤੇ ਸਨ ਤਾਂ ਕੇ ਘੱਟ ਤੋਂ ਘੱਟ ਨਗ ਹੋਣ ਤੇ ਚੁੱਕਣ ਵਿੱਚ ਕੋਈ ਦਿੱਕਤ ਨਾ ਆਵੇ। ਵਕਤ ਹੁਣ ਨਵਨੀਤ ਨੂੰ ਕੱਪੜੇ ਫਰੋਲਣ ਦੀ ਬਿਲਕੁਲ ਇਜਾਜ਼ਤ ਨਹੀਂ ਬਖਸ਼ਦਾ।
ਬਟਨ ਦੀ ਅਣਹੋਂਦ ਤੇ ਬਲਾਊਜ਼ ਦਾ ਗਲਵਾਂ ਖੁੱਲ੍ਹਾ ਹੋਣ ਕਰਕੇ ਨਵਨੀਤ ਦੀਆਂ ਵਡੇਰੀਆਂ ਛਾਤੀਆਂ ਦਾ ਬਹੁਤਾ ਭਾਗ ਅਣਕੱਜਿਆ ਬਚਦਾ ਸੀ। ਬਰਾ(ਬ੍ਰੈਜ਼ੀਅਰ) ਪਹਿਨਣਾ ਹੁਣ ਉਸ ਦੀ ਜ਼ਰੂਰਤ ਬਣ ਗਿਆ ਸੀ। ਉਸ ਨੇ ਬਲਾਊਜ਼ ਉਤਾਰਿਆ ਅਤੇ ਬੈੱਡ ਹੇਠੋਂ ਲੱਭ ਕੇ ਇੱਕ ਸੀਨਾਬੰਦ ਧਾਰਨ ਕੀਤਾ। ਬਲਾਊਜ਼ ਬਾਹਾਂ ਵਿੱਚ ਚਾੜ੍ਹ ਕੇ ਮੁੜ ਚਾਰੇ ਬਟਨ ਕਸੇ। ਉੱਪਰਲੀ ਬਟਨ ਵਿਹੂਣੀ ਥਾਂ ਬਸਕੂਆ ਅੜਾ ਕੇ ਕੰਮ ਚਲਾਉਣ ਬਾਰੇ ਸੋਚ ਕੇ ਉਹਨੇ ਦਰਾਜ ਵਿੱਚੋਂ ਕੱਢ ਕੇ ਸੇਫਟੀ ਪਿੰਨ ਬੌਕਸ ਖੋਲ੍ਹਿਆ। ਕਾਹਲੀ ਅੱਗੇ ਟੋਏ, ਡੱਬਾ ਖਾਲੀ ਸੀ। ਉਹਨੇ ਇੱਧਰ ਉੱਧਰ ਹੱਥ ਪੈਰ ਮਾਰੇ, ਪਰ ਉਹਨੂੰ ਕਿਤੋਂ ਵੀ ਬਸਕੂਆ ਨਾ ਧਿਆਇਆ। ਐਨ ਮੌਕੇ ਉਹਨੂੰ ਬਰੇਨ-ਵੇਵ ਆਈ। ਉਹਨੇ ਸਾਰੇ ਬਟਨ ਖੋਲ੍ਹੇ ਤੇ ਬਲਾਊਜ਼ ਦੇ ਦੋਨੋਂ ਸਿਰਿਆਂ ਦੀ ਪੂਣੀ ਵੱਟ ਕੇ ਹਿੱਕ ਕੋਲ ਘੁੱਟ ਕੇ ਗੰਢ ਮਾਰ ਲਈ। ਇਸ ਤਰ੍ਹਾਂ ਬੁੱਤਾ ਵੀ ਸਰ ਗਿਆ ਸੀ ਤੇ ਫੈਸ਼ਨ ਦਾ ਫੈਸ਼ਨ ਵੀ ਬਣ ਗਿਆ ਸੀ। ਹਸੀਨ ਗੋਰਾ ਬਦਨ ਲੈਦਰ ਦੇ ਕਾਲੇ ਕੋਟ ਵਿੱਚ ਕੈਦ ਕਰਕੇ ਉਹ ਬੈੱਡਰੂਮ ਵਿੱਚੋਂ ਨਿਕਲੀ।
ਪੂਰੇ ਪੰਜ ਮਿੰਟ ਉਡੀਕਣ ਉਪਰੰਤ ਟੈਕਸੀ ਡਰਾਈਵਰ ਨੇ ਅੱਕ ਕੇ ਦਰਵਾਜ਼ੇ 'ਤੇ ਆ ਦਸਤਕ ਕਰੀ।
ਨਵਨੀਤ ਨੇ ਦਗੜ ਦਗੜ ਪੌੜ੍ਹੀਆਂ ਉਤਰਦਿਆਂ ਕਿਹਾ, "ਕੰਮੀਗ -ਕੰਮੀਗ।"
ਦਰ ਖੋਲ੍ਹਦਿਆਂ ਹੀ ਨਵਨੀਤ ਨੇ ਮੁਸਕਰਾ ਕੇ ਡਰਾਈਵਰ ਨੂੰ ਸੰਬੋਧਨ ਹੁੰਦਿਆਂ ਮਾਫ਼ੀ ਮੰਗੀ, "ਸੌਰੀ ਟੂ ਕੀਪ ਯੂ ਵੇਟਿੰਗ।"
ਇਸ ਤੋਂ ਪਹਿਲਾਂ ਕਿ ਡਰਾਈਵਰ ਆਪਣੀ ਤਲਖ਼ੀ ਜ਼ਾਹਰ ਕਰਦਾ ਨਵਨੀਤ ਆਪਣਾ ਸਮਾਨ ਚੁੱਕ ਕੇ ਦਰਵਾਜ਼ੇ ਤੋਂ ਬਾਹਰ ਰੱਖਣ ਲੱਗ ਪਈ।
ਅਧਖੜ, ਕੁਰੂਪ ਤੇ ਢਿੱਡਲ ਜਿਹੇ ਟੈਕਸੀ ਡਰਾਈਵਰ ਦਾ ਹਿਰਖ ਨਵਨੀਤ ਵਰਗੀ ਸੁਨੱਖੀ ਰੰਨ ਦੇਖਦਿਆਂ ਹੀ ਅਲੋਪ ਹੋ ਗਿਆ। ਉਸ ਨੇ ਨਵਨੀਤ ਦੇ ਹੱਥਾਂ ਵਿੱਚੋਂ ਭਾਰੀ ਬੈਗ ਫੜ੍ਹੇ ਤੇ ਕਾਰ ਵਿੱਚ ਟਿਕਾਉਣ ਲੱਗ ਪਿਆ।
ਉੱਪਰਲੇ ਕਮਰਿਆਂ ਨੂੰ ਜਿੰਦਰਾ ਲਗਾਉਣ ਲਈ ਜਦ ਨਵਨੀਤ ਮੇਜ਼ ਤੋਂ ਚਾਬੀਆਂ ਦਾ ਛੱਲਾ ਚੁੱਕਣ ਲੱਗੀ ਤਾਂ ਕੁੰਜੀਆਂ ਹੇਠ ਤਹਿ ਮਾਰਿਆ ਇੱਕ ਕਾਗ਼ਜ਼ ਪਿਆ ਸੀ। ਉਸ ਨੇ ਫੌਰਨ ਅੰਦਾਜ਼ਾ ਲਾਇਆ ਕਿ ਦਿਲਰਾਜ ਉਸ ਲਈ ਕੁੱਝ ਲਿਖ ਕੇ ਛੱਡ ਗਿਆ ਹੋਵੇਗਾ। ਅਕਸਰ ਇਸੇ ਤਰ੍ਹਾਂ ਹੀ ਦਿਲਰਾਜ ਕੋਈ ਨਾ ਕੋਈ ਪੈਗਾਮ ਲਿਖ ਕੇ ਉਸ ਤੋਂ ਚੋਰੀ ਕਿਸੇ ਅਜਿਹੀ ਥਾਂ ਰੱਖ ਜਾਇਆ ਕਰਦਾ ਹੈ। ਜਿਥੋਂ ਉਸ ਨੂੰ ਅਸਾਨੀ ਨਾਲ ਮਿਲ ਸਕਦਾ ਹੋਵੇ। ਕੋਈ ਨਾ ਕੋਈ ਪਿਆਰਾ ਜਿਹਾ ਸੰਦੇਸ਼, ਸ਼ਿਅਰ ਜਾਂ ਸਿਰਫ਼ ਆਈ 'ਲੱਵ ਯੂ' ਹੀ। ਦਿਲਰਾਜ ਦੁਆਰਾ ਲਿਖਿਆ ਇਹ ਤਲਿੱਸਮੀ ਵਾਕ ਆਈ ਲਵ ਯੂ ਨਵਨੀਤ ਨੂੰ ਮਹਿਜ਼ ਤਿੰਨ ਲਫ਼ਜ਼ਾਂ ਦਾ ਚਾਲੂ ਜਿਹਾ ਡਾਇਲਾਗ ਹੀ ਨਹੀਂ, ਬਲਕਿ ਕੁੱਲ ਜੀਵਨ ਦੀ ਪੂੰਜੀ ਤੇ ਆਪਣੀ ਤਕਦੀਰ ਰੇਖਾਂ ਲੱਗਦਾ। ਬਜ਼ੁਰਗਾਂ ਦੀ ਅਸੀਸ ਵਰਗਾਂ ਇਹ ਤ੍ਰਿ-ਸ਼ਬਦੀ ਵਾਕ ਪੜ੍ਹ ਕੇ ਉਹ ਹਰ ਬਾਰ ਧਨ- ਧਨ ਹੋ ਜਾਂਦੀ, ਯਾਨੀ ਉਹਨੂੰ ਰਿਸ਼ੀਆਂ ਮੁਨੀਆਂ ਦਾ ਵਰਦਾਨ ਪ੍ਰਾਪਤ ਹੋ ਗਿਆ ਹੋਵੇ। ਨਵਨੀਤ ਨੂੰ ਦਿਲਰਾਜ ਦੀ ਇਸ ਕਾਤਲਾਨਾ ਅਦਾ ਉੱਤੇ ਹਮੇਸ਼ਾਂ ਬੜਾ ਪਿਆਰ ਆਉਂਦਾ। ਉਸ ਦਾ ਪੜ੍ਹਨ ਲਈ ਮਨ ਉਤਾਵਲਾ ਹੋ ਰਿਹਾ ਸੀ। ਉਸ ਨੇ ਖੋਲ੍ਹ ਕੇ ਉੱਡਦੀ ਉੱਡਦੀ ਨਜ਼ਰ ਮਾਰੀ ਪੂਰਾ ਏ ਫੋਰ ਸਫਾ ਭਰਿਆ ਪਿਆ ਸੀ। ਲਿਖਾਈ ਸਿਆਣੀ ਉਸ ਦਾ ਅਨੁਮਾਨ ਸਹੀ ਨਿਕਲਿਆ। ਵਕਤ ਦੀ ਕਮੀ ਕਾਰਨ ਉਹ 'ਡਿਅਰ ਨੈਵ' ਤੋਂ ਸਿਵਾਏ ਕੁੱਝ ਵੀ ਪੜ੍ਹ ਨਾ ਸਕੀ। ਉਸ ਦਾ ਧਿਆਨ ਤਾਂ ਰੇਲ ਗੱਡੀ ਫੜ੍ਹਨ ਵਿੱਚ ਲੱਗਿਆ ਹੋਇਆ ਸੀ। ਉੱਤੋਂ ਬੇਸਬਰਾ ਟੈਕਸੀ ਵਾਲਾ ਹਾਰਨ 'ਤੇ ਹਾਰਨ ਮਾਰੀ ਜਾ ਰਿਹਾ ਸੀ। ਫਿਰ ਕਦੇ ਫ਼ੁਰਸਤ ਵਿੱਚ ਪੜ੍ਹਨ ਬਾਰੇ ਸੋਚ ਕੇ, ਨਵਨੀਤ ਨੇ ਉਹ ਖ਼ਤ ਸਾਂਭ ਲਿਆ ਤੇ ਖਿੜਕੀਆਂ ਦਰਵਾਜ਼ੇ ਬੰਦ ਕਰਨ ਲੱਗੀ।
ਇੱਕ ਵਾਰ ਫਿਰ ਟੈਕਸੀ ਡਰਾਈਵਰ ਨੇ ਦਰਵਾਜ਼ਾ ਘੰਟੀ ਆ ਮਾਰੀ। ਕਾਹਲੀ ਵਿੱਚ ਨਵਨੀਤ ਨੇ ਲਾਈਟਾਂ, ਗੈਸ ਅਤੇ ਟੂਟੀਆਂ ਦਾ ਨਿਰਖਣ ਕੀਤਾ। ਅਲਾਰਮ ਚਾਲੂ ਕਰਿਆ ਅਤੇ ਬਾਹਰ ਨਿਕਲ ਕੇ ਮੁੱਖ ਦੁਆਰ ਤਸੱਲੀ ਨਾਲ ਬੰਦ ਕਰ ਦਿੱਤਾ।
ਉਹ ਟੈਕਸੀ ਵਿੱਚ ਬੈਠੀ ਹੱਥ ਲਾ ਲਾ ਨਗ ਗਿਣਦੀ। ਸਭ ਪੂਰੇ ਹੁੰਦੇ। ਕੁੱਝ ਪਲਾਂ ਦਾ ਵਕਫ਼ਾ ਪੈਣ ਪਿੱਛੋਂ ਫਿਰ ਉਸ ਦੇ ਜ਼ਿਹਨ ਵਿੱਚ ਕਿਸੇ ਚੀਜ਼ ਦੇ ਪਿੱਛੇ ਰਹਿ ਜਾਣ ਦੀ ਸ਼ੰਕਾਂ ਪੈਦਾ ਹੁੰਦੀ। ਉਹ ਸਾਰਾ ਅਸਬਾਬ ਟੋਹਦੀ ਤੇ ਖੋਜੀ ਜਾਣ ਵਾਲੀ ਵਸਤੂ ਨੂੰ ਹੱਥ ਲਾ ਕੇ ਤਸੱਲੀ ਕਰਦੀ ਅਤੇ ਨਿਸਚਿੰਤ ਹੋ ਕੇ ਬੈਠ ਜਾਂਦੀ। ਨਵਨੀਤ ਨੇ ਇਹ ਕਿਰਿਆ ਸਟੇਸ਼ਨ ਪਹੁੰਚਣ ਤੱਕ ਕਈ ਮਰਤਬਾ ਦੋਹਰਾਈ।
ਸਟੇਸ਼ਨ ਉੱਤੇ ਅੱਪੜਦਿਆਂ ਹੀ ਉਹਨੇ ਇੱਕ ਥੰਮਲੇ ਨਾਲ ਲੱਗੇ ਸ਼ੀਸ਼ੇ ਵਿੱਚ ਆਪਣੀਆਂ ਅਜ਼ਾਦ ਜ਼ੁਲਫ਼ਾਂ ਦਾ ਜਾਇਜ਼ਾ ਲਿਆ। ਉਂਗਲਾਂ ਦੀ ਕੰਘੀ ਬਣਾ ਕੇ ਵਿਖਰੀਆਂ ਲਟਾਂ ਨੂੰ ਸਵਾਰਿਆ। ਹਫੜਾ-ਦਫੜੀ ਵਿੱਚ ਕਾਊਂਟਰ ਤੋਂ ਟਿਕਟ ਖਰੀਦਣ ਲਈ ਪੌਂਡ ਦਿੱਤੇ। ਮੁੜੀ ਭਾਨ ਜੇਬ ਵਿੱਚ ਪਾ ਕੇ ਹੱਥ ਅਜੇ ਬਾਹਰ ਹੀ ਕੱਢਿਆ ਸੀ ਕਿ ਟਿਕਟ ਦੇਣ ਵਾਲੇ ਕਰਮਚਾਰੀ ਨੇ ਟਿਕਟ ਦੇ ਨਾਲ ਗੱਡੀ ਦੇ ਦੋ ਮਿੰਟਾਂ ਬਾਅਦ ਰਵਾਨਗੀ ਦੀ ਸੂਚਨਾ ਵੀ ਦੇ ਦਿੱਤੀ। ਉਹਨੇ ਕਦਮਾਂ ਵਿੱਚ ਤੇਜੀ ਲਿਆਂਦੀ ਤੇ ਪਲੇਟਫ਼ਾਰਮ ਉੱਤੇ ਖੜ੍ਹੀ ਗੱਡੀ ਦੇ ਸਭ ਤੋਂ ਨੇੜਲੇ ਡੱਬੇ ਵਿੱਚ ਪ੍ਰਵੇਸ਼ ਕਰ ਗਈ।
ਗੱਡੀ ਵਿੱਚ ਉੱਪਰ ਛੱਤ ਨਾਲ ਬਣੇ ਲਗੇਜ ਸਟੋਰਿਜ ਕੰਮਪਾਰਟਮੈਂਟ ਵਿੱਚ ਆਪਣਾ ਸਮਾਨ ਟਿਕਾ ਕੇ ਨਵਨੀਤ ਨੇ ਮਸਾਂ ਸੁੱਖ ਦਾ ਸਾਹ ਲਿਆ।
ਭਾਵੇਂ ਰੇਲ ਦੇ ਆਟੋਮੈਟਿਕ ਦਰਵਾਜ਼ੇ ਆਪਣੇ ਆਪ ਖੁੱਲ੍ਹਦੇ ਤੇ ਖੁਦ-ਬ-ਖੁਦ ਬੰਦ ਹੋ ਜਾਂਦੇ ਸਨ। ਪਰ ਫਿਰ ਵੀ ਰੇਲਵੇ ਕਰਮਚਾਰਿਆਂ ਨੇ ਹੱਥ ਲਾ ਕੇ ਸਾਰੇ ਡੱਬਿਆਂ ਦੀ ਸੁਰੱਖਿਆ ਲਈ ਤਸੱਲੀ ਕਰਨ ਉਪਰੰਤ ਗੱਡੀ ਨੂੰ ਤੋਰਨ ਦਾ ਇਸ਼ਾਰਾ ਦੇ ਦਿੱਤਾ। ਬੇਆਵਾਜ਼, ਬਿਨਾਂ ਕਿਸੇ ਝਟਕੇ ਗੱਡੀ ਆਪਣੀ ਮੰਜ਼ਿਲ ਵੱਲ ਵਧਣੀ ਸ਼ੁਰੂ ਹੋ ਗਈ।
ਨਵਨੀਤ ਨੂੰ ਦਿਲਰਾਜ ਦੇ ਪ੍ਰੇਮ ਪੱਤਰ ਦਾ ਖ਼ਿਆਲ ਆਇਆ। ਉਸ ਨੇ ਉਵਰ ਕੋਟ ਦੀਆਂ, ਪੈਂਟ ਦੀਆਂ, ਬੈਗਾਂ ਦੀਆਂ ਸਭ ਜੇਬਾਂ ਟਟੋਲੀਆਂ। ਉਹ ਕਾਗ਼ਜ਼ ਦਾ ਪੁਰਜ਼ਾ ਕਿਤੋਂ ਵੀ ਨਾ ਥਿਆਇਆ।
ਸ਼ਾਇਦ ਕਮਰੇ ਵਿੱਚ ਹੀ ਭੁੱਲ ਆਈ। ਉਹਦੇ ਚਿਹਰੇ 'ਤੇ ਅਫ਼ਸੋਸ ਦੀ ਪਰਤ ਚੜ੍ਹ ਗਈ। ਉਸ ਦੀ ਚਿੰਤਾ ਤੇ ਪੜ੍ਹਨ ਦੀ ਅੱਚਵੀ ਵਿੱਚ ਵਾਧਾ ਹੋਣ ਲੱਗਾ।
ਮਹਿਬੂਬ ਵਲੋਂ ਲਿਖਿਆ ਪ੍ਰੇਮ ਪੱਤਰ ਭਾਵੇਂ ਪਹਿਲਾ ਹੋਵੇ, ਭਾਵੇਂ ਸੌਵਾਂ ਜਾਂ ਹਜ਼ਾਰਵਾਂ। ਉਸ ਨੂੰ ਪੜ੍ਹਨ ਦੀ ਉਤਸੁਕਤਾ ਸਦੈਵ ਇਕੋ ਜਿਹੀ ਹੀ ਹੁੰਦੀ ਹੈ। ਅਸਹਿ ਤੇ ਉਤਾਵਲੀ ਸਬਰ ਨਹੀਂ ਕਰ ਹੁੰਦਾ ਬੇਚੈਨੀ ਤੇ ਤੋੜ ਜਿਹੀ ਲੱਗੀ ਰਹਿੰਦੀ ਹੈ।
ਬੇਜ਼ਾਰ ਹੋਈ ਨਵਨੀਤ ਦਿਲਰਾਜ ਦੀ ਉਹ ਫੋਟੋ ਕੱਢ ਕੇ ਨਿਹਾਰਨ ਲੱਗੀ, ਜੋ ਉਹ ਆਪਣੇ ਘਰਦਿਆਂ ਨੂੰ ਦਿਖਾਉਣ ਅਤੇ ਪਰਵਾਨਗੀ ਲਈ ਲੈ ਜਾ ਰਹੀ ਹੈ।
ਕਹੂੰਗੀ ਮੁੰਡੇ ਇਸ ਤਰ੍ਹਾਂ ਦੇ ਹੁੰਦੇ ਹਨ। ਹਰ ਵਾਰ ਕਿਸੇ ਨਾ ਕਿਸੇ ਭੌਂਦੂ ਜਿਹੇ ਦੀ ਫੋਟੋ ਪਸੰਦ ਕਰਨ ਲਈ ਮੂਹਰੇ ਕਰ ਦਿੰਦੇ ਸੀ। ਉਹਦੀ ਗੌਰਵ ਨਾਲ ਆਕੜ ਕੇ ਬੈਠੀ ਦੀ ਗਿੱਠ ਲੰਮੀ ਧੌਣ ਹੋਰ ਦੋ ਉਂਗਲਾਂ ਉੱਚੀ ਹੋ ਗਈ।
ਅੱਜ ਨਵਨੀਤ ਨੂੰ ਘਰੇ ਗਈ ਨੂੰ ਪੂਰੇ ਦੋ ਮਹੀਨੇ ਹੋ ਗਏ ਹਨ। ਉਸ ਦੀ ਯਾਦਦਾਸ਼ਤ ਵਿੱਚ ਪਿਛਲੀ ਦਫ਼ਾ ਦਾ ਵਾਕਿਆ ਇੰਝ ਸੱਜਰਾ ਪਿਆ ਸੀ ਜਿਵੇਂ ਅਜੇ ਕੱਲ੍ਹ ਹੀ ਵਾਪਰਿਆ ਹੋਵੇ। ਪਿਛਲੀ ਵਾਰ ਵੀ ਹਰ ਸਪਤਾਹ-ਅੰਤ ਦੀ ਤਰ੍ਹਾਂ ਜਦ ਉਹ ਆਪਣੇ ਘਰੇ ਗਈ ਸੀ ਤਾਂ ਲੜ ਝਗੜ ਕੇ ਆਈ ਸੀ। ਇਸ ਲਈ ਮੁੜ ਜਾਣ ਨੂੰ ਉਸ ਦਾ ਜੀਅ ਹੀ ਨਹੀਂ ਸੀ ਕੀਤਾ। ਹਰ ਵਾਰ ਘਰੇ ਗਈ ਨੂੰ ਉਸ ਨੂੰ ਘਰਦੇ ਵਿਆਹ ਲਈ ਜ਼ੋਰ ਪਾਉਂਦੇ। ਉਸ ਨੂੰ ਸਿਆਸੀ ਪਨਾਹਗੀਰ, ਨਾਜਾਇਜ਼ ਆਏ ਜਾਂ ਇੰਡੀਆ ਵਸਦੇ ਕਿਸੇ ਮੁੰਡੇ ਦੀ ਤਸਵੀਰ ਦਿਖਾਉਂਦੇ। ਪਹਿਲੀ ਕੁੜੀ ਦੇ ਛੱਡਈਏ ਮਗਰੋਂ ਵਲਾਇਤੀ ਮੁੰਡੇ ਉਹਨਾਂ ਦੇ ਮਨੋਂ ਹੀ ਲਹਿ ਗਏ ਸਨ। ਨਵਨੀਤ ਚੁੱਪ ਰਹਿ ਕੇ, ਆਨੇ ਬਹਾਨੇ ਮਾਰ ਕੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਟਾਲ-ਮਟੋਲ ਕਰਕੇ ਸਾਰ ਦਿੰਦੀ ਹੁੰਦੀ ਸੀ। ਪਰ ਪਿਛਲੀ ਵਾਰ ਜਦੋਂ ਜ਼ਿਆਦਾ ਹੀ ਦਬਾਅ ਪਾਇਆ ਗਿਆ ਸੀ ਤਾਂ ਨਵਨੀਤ ਤੋਂ ਰਹਿ ਨਹੀਂ ਸੀ ਹੋਇਆ। ਉਹ ਖਿੱਝ ਕੇ ਚੀਕ ਉੱਠੀ ਸੀ, "ਇਹ ਕੀ ਕਿਸੇ ਅਣਜਾਣ ਬੰਦੇ ਨਾਲ ਸ਼ਾਦੀ ਕਰ ਲਉ। ਜਿਸ ਨੂੰ ਕਦੇ ਮਿਲੇ ਨਹੀਂ, ਜਿਸ ਬਾਰੇ ਕੁੱਝ ਜਾਣਦੇ ਨਹੀਂ। ਜਿਸ ਦੇ ਸੁਭਾਅ ਤੋਂ ਨਾ-ਵਾਕਫ਼। ਇਟਸ ਇਮਪੌਸੀਬਲ।"
"ਦੇਖ ਲ੍ਹੀਂ, ਗੱਲਬਾਤ ਕਰ ਲ੍ਹੀਂ। ਤੈਨੂੰ ਜਚੂ ਤਾਂ ਹਾਂ ਕਰ ਦੇਈਂ, ਨਹੀਂ ਅਗਲਾ ਤੈਨੂੰ ਮੂੰਹ ਵਿੱਚ ਤਾਂ ਨਹੀਂ ਪਾਉਣ ਲੱਗਾ। ਦੇਖਣ ਵਿੱਚ ਕੀ ਹਰਜ ਹੈ।" ਨਵਨੀਤ ਦੀ ਮਾਂ ਨੇ ਉਸ ਨੂੰ ਰਜ਼ਾਮੰਦ ਕਰਨ ਲਈ ਕੋਸ਼ਿਸ਼ ਕੀਤੀ ਸੀ।
"ਇੱਕ ਵਾਰ ਦੇਖ ਲੈਣ ਜਾਂ ਘੰਟਾਂ ਖੰਡ ਗੱਲਬਾਤ ਕਰਨ ਨਾਲ ਕਿਸੇ ਬਾਰੇ ਕੀ ਪਤਾ ਲੱਗਦੈ? ਆਈ ਕਾਂਟ ਮੈਰੀ ਸਮਵੱਨ ਲਾਈਕ ਦੈਟ।" ਨਵਨੀਤ ਨੇ ਕੋਈ ਲੱਤ ਨਹੀਂ ਲਾਈ ਸੀ।
"ਪੁੱਤ ਮੁੰਡਾ ਸਟੇਅ (ਅਸਾਇਲਮ) 'ਤੇ ਆ, ਸਾਊ ਹੈ, ਚੰਗਾ ਖਾਨਦਾਨ ਹੈ। ਪਿਛਿਉਂ ਵੀ ਤਕੜੇ ਨੇ, ਨਾਲੇ ਅਗਲੇ ਦਾ ਭਲਾ ਹੋ ਜਾਉ। ਅਗਲਾ ਸਾਰੀ ਉਮਰ ਨਿਵ ਕੇ ਰਹੂ।" ਉਸ ਦੀ ਮਾਂ ਨੇ ਮੁੰਡੇ ਦੀ ਵਕਾਲਤ ਕਰਦਿਆਂ ਕਿਹਾ ਸੀ।
ਇੱਕ ਪਲ ਲਈ ਨਵਨੀਤ ਨੇ ਮਨ ਹੀ ਮਨ ਸੋਚਿਆ ਸੀ। ਸਟੇਆਂ ਵਾਲੇ ਮੂੰਹ ਚੁੱਕ ਕੇ ਸਾਊਥਾਲ ਨੂੰ ਹੀ ਕਿਉਂ ਆ ਜਾਂਦੇ ਹਨ? ਫਿਰ ਉਸ ਦੇ ਮਨ ਵਿੱਚ ਇੰਡੀਆ ਤੋਂ ਆਏ ਤਮਾਮ ਮੁੰਡਿਆਂ ਲਈ ਨਫ਼ਰਤ ਪੈਦਾ ਹੋ ਗਈ ਸੀ।
"ਨਹੀਂ ਮੰਮਾਂ, ਮੈਂ ਪਹਿਲਾਂ ਸੈੱਟਲ ਹੋਣਾ ਹੈ। ਸਾਰੀ ਉਮਰ ਵਿਆਹੇ ਹੀ ਰਹਿਣਾ ਹੈ। ਮੈਂ ਕੁੱਝ ਚਿਰ ਅਜ਼ਾਦੀ ਮਾਨਣਾ ਚਾਹੁੰਦੀ ਹਾਂ। ਮੈਂ ਅਜੇ ਵਿਆਹ ਲਈ ਰੈਡੀ(ਤਿਆਰ) ਨਹੀਂ।" ਏਨਾ ਕਹਿ ਕੇ ਨਵਨੀਤ ਨੇ ਜਿਰਹਾ ਦਾ ਅੰਤ ਕਰ ਦਿੱਤਾ ਸੀ।
ਕਾਨੂੰਨੀ ਬੰਦਸ਼ਾਂ ਮਾਪਿਆਂ ਨੂੰ ਜ਼ਿਆਦਾ ਜ਼ੋਯ-ਜਬਰਦਸਤੀ ਕਰਨ ਦੀ ਵੀ ਇਜਾਜ਼ਤ ਨਹੀਂ ਦਿੰਦੀਆਂ। ਵੱਡੀ ਕੁੜੀ ਦੇ ਤਲਾਕ ਪਿੱਛੋਂ ਨਵਨੀਤ ਦੇ ਮਾਪਿਆਂ ਦੇ ਫ਼ਿਕਰ ਦੂਣ ਸਵਾਏ ਹੋ ਗਏ ਹਨ। ਨਵਨੀਤ ਨੂੰ ਦਰੋਂ ਤੋਰ ਕੇ ਉਹ ਕੁੱਝ ਸੁਖਾਲੇ ਹੋਣਾ ਚਾਹੁੰਦੇ ਹਨ ਤਾਂ ਕਿ ਫਿਰ ਦੂਜੀ ਲੜਕੀ ਦੇ ਭਵਿੱਖ ਬਾਰੇ ਵੀ ਕੁੱਝ ਸੋਚ ਸਕਣ। ਉਹ ਆਪਣੀ ਤਰਸਯੋਗ ਹਾਲਤ ਬਾਰੇ ਕਿਸੇ ਨੂੰ ਦੱਸ ਕੇ ਰੋ ਵੀ ਨਹੀਂ ਸਕਦੇ। ਘਰ ਘਰ ਇਹੋ ਅੱਗ ਹੈ। ਪੜ੍ਹੇ ਲਿਖੇ ਵਲਾਇਤੀ ਜੰਮਪਲ ਬੱਚਿਆਂ ਅੱਗੇ ਏਸ਼ੀਅਨ ਮਾਪਿਆਂ ਦੀ ਕੋਈ ਬਹੁਤੀ ਪੇਸ਼ ਵੀ ਤਾਂ ਨਹੀ ਜਾਂਦੀ। ਹੋਰਾਂ ਲੋਕਾਂ ਵਾਂਗੂੰ ਨਵਨੀਤ ਦੇ ਵਾਲਦਾਇਨ ਕੋਲ ਵੀ ਚੁੱਪ ਵੱਟਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।
ਉਸ ਦਿਨ ਮਗਰੋਂ ਨਵਨੀਤ ਕਈ ਹਫਤਿਆਂ ਤੋਂ ਘਰ ਨਹੀਂ ਸੀ ਗਈ। ਕਦੇ ਕਦਾਈ ਫੋਨ ਜ਼ਰੂਰ ਕਰ ਲਿਆ ਕਰਦੀ ਸੀ। ਫੋਨ ਕਰਨ ਬਾਅਦ ਅਕਸਰ ਸੋਚਾਂ ਦੇ ਵਹਿਣ ਵਿੱਚ ਰੁੜ ਕੇ ਨਵਨੀਤ ਨੂੰ ਆਪਣੀ ਮਾਂ ਦੀ ਦੱਸੀ ਗੱਲ ਯਾਦ ਆਉਂਦੀ ਸੀ ਕਿ ਉਸ ਦੀ ਮਾਂ ਨੇ ਉਸ ਦੇ ਬਾਪ ਨੂੰ ਵਿਆਹ ਤੋਂ ਪਹਿਲਾਂ ਦੇਖਣਾ ਤਾਂ ਦੂਰ, ਉਸ ਦੀ ਤਸਵੀਰ ਤੱਕ ਨਹੀਂ ਸੀ ਦੇਖੀ। ਉਦੋਂ ਰਿਵਾਜ ਹੀ ਨਹੀਂ ਸੀ ਹੁੰਦਾ। ਮਾਪਿਆਂ ਨੇ ਜਿਵੇਂ ਕਰ ਦਿੱਤਾ ਬੱਚਿਆਂ ਨੇ ਉਵੇਂ ਹੀ ਸਵਿਕਾਰ ਲਿਆ। ਪਸ਼ੂਆਂ ਵਾਂਗੂੰ ਜਿਸ ਦੇ ਹੱਥ ਬਜ਼ੁਰਗਾਂ ਨੇ ਸੰਗਲ ਫੜਾਇਆ ਲੜਕੀਆਂ ਮੁਜ਼ਰਮਾਂ ਦੀ ਤਰ੍ਹਾਂ ਸਜ਼ਾ ਭੁਗਤਣ ਉਸੇ ਮਗਰ ਤੁਰ ਪੈਂਦੀਆਂ ਸਨ।
ਬੇਚਾਰੀਆਂ ਕੁੜੀਆਂ। ਨਵਨੀਤ ਨੂੰ ਅਜਿਹੇ ਪ੍ਰਾਚੀਨ ਰਸਮਾਂ ਤੇ ਸਨਾਤਨੀ ਰਿਵਾਜਾਂ ਉੱਤੇ ਹੈਰਾਨੀ ਵੀ ਹੁੰਦੀ ਤੇ ਹਾਸਾ ਵੀ ਆਉਂਦਾ।
"ਬਲੱਡੀ ਹੈੱਲ! ਕਿਹੋ ਜਿਹਾ ਜਮਾਨਾ ਸੀ।" ਸੰਜ਼ੀਦਗੀ ਦੇ ਆਲਮ ਵਿੱਚੋਂ ਨਿਕਲ ਕੇ ਨਵਨੀਤ ਆਪੇ ਹੀ ਖਿੜਖਿੜਾ ਕੇ ਹੱਸ ਪੈਂਦੀ।
ਰੇਲ ਸ਼ਹਿਰੀ ਇਮਾਰਤਾਂ ਦੇ ਝੁੰਡ ਵਿੱਚੋਂ ਨਿਕਲ ਕੇ ਹਰੇ ਕਚੂਰ ਖੇਤਾਂ ਦੇ ਖੁੱਲ੍ਹੇ ਵਾਤਾਵਰਨ ਅਤੇ ਤਾਜ਼ੀ ਹਵਾ ਨੂੰ ਚੀਰਦੀ ਜਾ ਰਹੀ ਸੀ। ਹਲਕੀ-ਹਲਕੀ ਸਿਆਲ ਦੀ ਨਿੱਘੀ ਧੁੱਪ ਸੀ। ਕਿਸੇ ਜਗ੍ਹਾ ਖੱਤਿਆਂ ਵਿੱਚ ਗਾਵਾਂ, ਕਿਤੇ ਭੇਡਾਂ ਤੇ ਕਿਸੇ ਥਾਂ ਸੂਰ ਘਾਹ ਵਿੱਚ ਮਗਨ ਹੋਏ ਚਰੀ ਜਾ ਰਹੇ ਸਨ। ਕਦੇ ਕਦੇ ਰੇਲ ਦੀ ਪਟੜੀ ਦੇ ਨਾਲੋਂ ਨਾਲ ਸ਼ੁਰੂ ਹੋ ਕੇ ਦੂਰ ਦੂਰ ਤੱਕ ਸਿਰਫ਼ ਖੇਤ ਹੀ ਖੇਤ, ਖਲਿਆਣ ਹੀ ਖਲਿਆਣ, ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ। ਭੱਜੇ ਜਾਂਦੇ ਦਰਖ਼ਤ, ਪਹਾੜ ਅਤੇ ਕਾਦਰ ਦੀ ਕੁਦਰਤ ਦੇ ਮਨ-ਮੋਹਣੇ ਦ੍ਰਿਸ਼ਾਂ ਨੇ ਨਵਨੀਤ ਦੇ ਸੀਨੇ ਵਿਚਲੀਆਂ ਕੁਸੈਲੀਆਂ ਯਾਦਾਂ ਨੂੰ ਧੋ ਸੁੱਟਿਆ। ਬਾਰੀ ਵਿੱਚੋਂ ਬਾਹਰ ਦੇਖਦੀ-ਦੇਖਦੀ ਉਹ ਆਪਣੇ ਰੋਸ਼ਨ ਮੁਸਤਕਬਿਲ ਬਾਰੇ ਸੋਚਾਂ ਸੋਚਦੀ ਨੀਂਦ ਦੀ ਆਗੋਸ਼ ਵਿੱਚ ਚਲੀ ਗਈ।
ਕੋਈ ਡੇਢ ਸਾਲ ਪਹਿਲਾਂ ਨਵਨੀਤ ਨੂੰ ਸਾਊਥਾਲ ਬਾਰਕਲੇ ਬੈਂਕ ਵਿੱਚ ਨੌਕਰੀ ਮਿਲੀ ਸੀ। ਖੁਸ਼ਕਿਸਮਤੀ ਨਾਲ ਛੇ ਮਹੀਨੇ ਬਾਅਦ ਹੀ ਉਸ ਦੀ ਤਰੱਕੀ ਵੀ ਹੋ ਗਈ ਸੀ। ਉਹ ਕੈਸ਼ੀਅਰ ਤੋਂ ਫ਼ਾਇਨੈਨਸ਼ੀਅਲ ਅਡਵਾਇਜ਼ਰ ਬਣ ਗਈ ਸੀ। ਐਨੀ ਜਲਦੀ ਉਚੇਰਾ ਰੁੱਤਬਾ ਹਾਸਲ ਕਰਵਾਉਣ ਵਿੱਚ ਵੀ ਉਸ ਦੇ ਸੁਹੱਪਣ ਨੇ ਅਹਿਮ ਕਿਰਦਾਰ ਨਿਭਾਇਆ ਸੀ। ਗੋਰਾ ਅਫ਼ਸਰ ਪਹਿਲੇ ਦਿਨੋਂ ਹੀ ਉਸ ਉੱਤੇ ਮਰ-ਮਿਟਿਆ ਸੀ। ਪਰ ਨਵਨੀਤ ਨੇ ਕਦੇ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੱਤੀ। ਜਦੋਂ ਤਰੱਕੀ ਦਾ ਚੋਗਾ ਪਾਉਣ ਮਗਰੋਂ ਵੀ ਨਵਨੀਤ ਛੱਤਰੀ ਉੱਤੇ ਨਹੀਂ ਬੈਠੀ ਸੀ ਤਾਂ ਉਹੀ ਦਿਆਲੂ ਅਫ਼ਸਰ ਉਸ ਤੋਂ ਪੂਰਾ ਦੁੱਖੀ ਹੋ ਗਿਆ ਸੀ। ਝਟਪਟ ਨਵਨੀਤ ਦੇ ਆਹੁਦੇ ਵਿੱਚ ਦੁਬਾਰਾ ਤਬਦੀਲੀ ਕਰਨਾ ਸੰਭਵ ਨਹੀਂ ਸੀ। ਇਸ ਕਰਕੇ ਸਤੇ ਹੋਏ ਅਫ਼ਸਰ ਨੇ ਤੰਗ ਕਰਨ ਲਈ ਉਸ ਦਾ ਸਾਊਥਾਲ ਤੋਂ ਮਿਡਲੈਂਡ ਦੀ ਬਰਾਂਚ (ਸ਼ਾਖ਼ਾ) ਵਿੱਚ ਤਬਾਦਲਾ ਕਰਵਾ ਦਿੱਤਾ ਸੀ।
ਸਵੇਰੇ-ਸ਼ਾਮ ਕੰਮਾਂ-ਕਾਰਾਂ ਵਾਲੇ ਮਸਰੂਫ ਵਕਤ ਵਿੱਚ ਮੋਟਰਵੇਅ 'ਤੇ ਆਹਿਸਤਾ- ਆਹਿਸਤਾ ਕੀੜੀ ਦੀ ਤੋਰ ਤੁਰਦੇ ਟਰੈਫ਼ਿਕ ਤੋਂ ਨਵਨੀਤ ਪਹਿਲੇ ਹਫ਼ਤੇ ਹੀ ਉਕਤਾ ਗਈ ਸੀ। ਇੱਕ ਸੌ ਦਸ ਮੀਲ ਆਉਣਾ ਤੇ ਫਿਰ ਇੱਕ ਸੌ ਦਸ ਮੀਲ ਜਾਣਾ ਕੋਈ ਖੇਡ ਨਹੀਂ ਸੀ। ਉੱਪਰੋਂ ਬੇਅਰਾਮੀ ਅਤੇ ਖਰਚਾ ਵਾਧੂ ਦਾ ਸੀ। ਨਵਨੀਤ ਨੇ ਨਿੱਤ ਦੇ ਜਾਣ ਆਉਣ ਦੇ ਤਰਦੱਦ ਤੋਂ ਬਚਣ ਲਈ ਬਰਮਿੰਘਮ ਹੀ ਮਕਾਨ ਕਿਰਾਏ 'ਤੇ ਲੈ ਲਿਆ ਸੀ। ਯੂਨੀਵਰਸਿਟੀ ਵੀ ਉਹ ਇਕੱਲੀ ਹੋਸਟਲ ਵਿੱਚ ਰਹਿ ਚੁੱਕੀ ਸੀ। ਇਸ ਲਈ ਘਰਵਾਲਿਆਂ ਨੇ ਵੀ ਇਸ ਦੀ ਵਿਰੋਧਤਾ ਨਹੀਂ ਕੀਤੀ ਸੀ। ਫਿਰ ਨੌਕਰੀ ਕੀ ਤੇ ਨਖਰਾ ਕੀ? ਨੌਕਰੀ ਸਵਿਕਾਰਨ ਮੌਕੇ ਕੌਨਟਰੈਕਟ (ਅਹਿਦਨਾਮਾ) 'ਤੇ ਦਸਤਖ਼ਤ ਕਰਕੇ ਉਸ ਨੇ ਖੁਦ ਕਬੂਲਿਆ ਸੀ ਕਿ ਜੇ ਬੈਂਕ ਚਾਹੇ ਤਾਂ ਉਸ ਨੂੰ ਦੇਸ਼ ਦੀ ਕਿਸੇ ਵੀ ਸ਼ਾਖਾ ਵਿੱਚ ਭੇਜ ਸਕਦੀ ਹੈ।
ਓਪਰੀ ਜਗ੍ਹਾ ਕੋਈ ਜਾਣ-ਪਹਿਚਾਣ ਨਾ ਹੋਣ ਕਰਕੇ ਦਰਪੇਸ਼ ਆਉਣ ਵਾਲੀਆਂ ਨਿੱਕੀਆਂ ਮੋਟੀਆਂ ਔਕੜਾਂ ਤੇ ਪਰੇਸ਼ਾਨੀਆਂ ਨਵਨੀਤ ਨੂੰ ਕਈ ਵਾਰ ਥਕਾ ਦਿੰਦੀਆਂ ਤਾਂ ਵਧੀ ਤਨਖ਼ਾਹ ਤੇ ਤਰੱਕੀ ਬਾਰੇ ਸੋਚ ਕੇ ਉਸ ਵਿੱਚ ਨਵੀਨ ਸ਼ਕਤੀ ਪੈਦਾ ਹੋ ਜਾਂਦੀ। ਪਹਿਲੇ ਪਹਿਲ ਤਾਂ ਇਕੱਲੀ ਰਹਿਣਾ ਉਸ ਨੂੰ ਔਖਾ ਲੱਗਾ ਸੀ, ਪਰ ਹੌਲੀ ਹੌਲੀ ਉਹ ਗਿੱਝ ਗਈ ਸੀ।
ਇੱਥੇ ਬਰਮਿੰਘਮ ਬੈਂਕ ਵਿੱਚ ਹੀ ਨਵਨੀਤ ਦੀ ਕੌਲੀਗ(ਸਹਿਕਾਰੀ) ਦਿਲਰਾਜ ਨਾਲ ਵਾਕਫ਼ੀਅਤ ਪਹਿਲਾਂ ਮਿੱਤਰਤਾ ਬਣੀ ਅਤੇ ਫਿਰ ਮਿੱਤਰਤਾ ਮੁਹੱਬਤ ਦਾ ਰੂਪ ਧਾਰਨ ਕਰ ਗਈ ਸੀ। ਨਵਨੀਤ ਤੇ ਦਿਲਰਾਜ ਨੂੰ ਸਾਂਝਾ ਦਫ਼ਤਰ ਵਰਤਣਾ ਪੈਂਦਾ ਸੀ। ਉਹ ਇਕੱਠੇ ਕੰਮ ਕਰਦੇ ਤੇ ਬਰੇਕਾਂ ਵਿੱਚ ਵੀ ਜੁਦਾ ਨਹੀਂ ਹੁੰਦੇ ਸਨ। ਦੋ ਪੱਥਰ ਵੀ ਆਪਸ ਵਿੱਚ ਟਕਰਾਉਣ ਤਾਂ ਅੱਗ ਪੈਦਾ ਹੋ ਜਾਂਦੀ ਹੈ। ਫਿਰ ਉਹ ਤਾਂ ਜੋਬਨ ਦੀ ਭੱਠੀ ਵਿੱਚ ਪਏ ਭੱਖਦੇ ਦੋ ਅੰਗਿਆਰ ਜਿਸਮ ਸਨ। ਜਿੰਨ੍ਹਾ ਵਿੱਚ ਦੋ ਧੜਕਦੇ ਦਿਲ ਸਨ। ਉਹਨਾਂ ਨੇ ਤਾਂ ਲਟ-ਲਟ ਆਪੇ ਹੀ ਮੱਚਣਾ ਸੀ। ਉਹਨਾਂ ਦਾ ਵਧੇਰੇ ਸਮਾਂ ਇਕੱਠੇ ਗੁਜ਼ਾਰਨ ਕਰਕੇ ਇੱਕ ਦੂਜੇ ਵੱਲ ਅਕਰਸ਼ਿਤ ਹੋਣਾ ਤਾਂ ਬਿਲਕੁਲ ਸੁਭਾਵਿਕ ਸੀ।
ਨਵਨੀਤ ਨੂੰ ਜਿੰਨਾ ਸੁਨੱਖਾ ਦਿਲਰਾਜ ਆਪ ਲਗਦਾ। ਉਸ ਤੋਂ ਵਧੇਰੇ ਸੋਹਣਾ ਉਹਦਾ ਨਾਂ ਲਗਦਾ। ਉਂਝ ਤਾਂ ਬਥੇਰੇ ਇੰਡੀਅਨ ਮੁੰਡੇ ਆਪਣੇ ਆਪ ਨੂੰ ਰਾਜ ਕਹਾਉਂਦੇ ਹਨ। ਹਰ ਦੂਜੇ ਚੌਥੇ ਭਾਰਤੀ ਮੁੰਡੇ ਦੇ ਨਾਮ ਨਾਲ ਰਾਜ ਸ਼ਬਦ ਦਾ ਇਸਤੇਮਾਲ ਹੁੰਦਾ ਹੈ। ਪਰ ਨਵਨੀਤ 'ਤੇ ਰਾਜ ਕਰਨ ਵਾਲਾ ਰਾਜ ਆਮ ਜਿਹੇ ਮੁੰਡਿਆਂ ਵਰਗਾ ਨਹੀਂ ਸੀ। ਨਵਨੀਤ ਨੂੰ ਉਹ ਸਾਰੇ ਜਹਾਨ ਤੋਂ ਵੱਖਰਾ ਲੱਗਦਾ ਸੀ। ਰਾਜਵਿੰਦਰ, ਰਾਜਇੰਦਰ, ਮੇਘਰਾਜ, ਦੇਵਰਾਜ ਵਗੈਰਾ ਨਾਮ ਤਾਂ ਉਸ ਨੇ ਅਨੈਕਾਂ ਸੁਣ ਰੱਖੇ ਸਨ। ਪਰ ਦਿਲਰਾਜ ਤਾਂ ਉਹਨੇ ਪਹਿਲੀ ਵਾਰ ਸੁਣਿਆ ਸੀ। ਦਿਲ-ਰਾਜ! ਵਾਹ ਕਿਆ ਨਾਮ ਹੈ। ਜਦ ਪਹਿਲੀ ਵਾਰੀ ਨਵਨੀਤ ਨੇ ਸੁਣਿਆ ਸੀ ਤਾਂ ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲ ਗਿਆ ਸੀ।
ਕਿੰਨਾ ਅੱਨਕੌਮਅਨ(ਅਸਧਾਰਨ) ਤੇ ਅੱਨਯੂਅਲ(ਨਿਰਾਲਾ) ਜਿਹਾ ਹੈ। ਦਿਲ ਤੇ ਰਾਜ, ਦੋ ਹਸੀਨ ਸ਼ਬਦਾਂ ਦੇ ਸੋਹਣੇ ਸੰਗਮ ਤੋਂ ਬਣਿਆ ਇਹ ਖੂਬਸੂਰਤ ਨਾਮ। ਫਿਰ ਡਾਢੇ ਚਿਰ ਤੱਕ ਉਹ ਉਸ ਦੇ ਨਾਮ ਬਾਰੇ ਇਸੇ ਤਰ੍ਹਾਂ ਦੀਆਂ ਫ਼ਿਲੌਸਫ਼ੀਆਂ ਸੋਚਦੀ ਰਹੀ ਸੀ।
ਨਵਨੀਤ ਨੂੰ ਦਿਲਰਾਜ ਬਾਰੇ ਇੱਕ ਹੋਰ ਦਿਲਚਸਪ ਗੱਲ ਇਹ ਲੱਗੀ ਸੀ ਕਿ ਦਿਲਰਾਜ ਨਾਮ ਨਾਲ ਨਾ ਮੱਧ-ਨਾਮ ਲਿਖਦਾ ਤੇ ਨਾ ਹੀ ਗੋਤ। ਮੱਧ-ਨਾਮ ਸਿੰਘ ਤੋਂ ਉਸ ਦੇ ਧਰਮ ਜਾਣੀ ਸਿੱਖ ਹੋਣ ਦਾ ਗਿਆਨ ਹੁੰਦਾ ਸੀ ਤੇ ਗੋਤ ਬਰਾੜ ਦੁਆਰਾ ਉਸ ਦੀ ਜਾਤ ਜਾਣੀ ਜੱਟ ਹੋਣ ਦਾ ਪਤਾ ਚੱਲਦਾ ਸੀ। ਉਹ ਸਿਰਫ਼ ਤੇ ਸਿਰਫ਼ ਦਿਲਰਾਜ ਹੀ ਲਿਖਦਾ ਸੀ। ਕਿਸੇ ਮਜ਼ਬ ਜਾਂ ਉੱਚੀ ਜਾਤ ਦੇ ਲੇਬਲ ਦਾ ਮੁਹਤਾਜ ਨਹੀਂ ਸੀ। ਉਹ ਤਾਂ ਆਪਣੀ ਪਹਿਚਾਣ ਖੁਦ ਆਪ ਸੀ। ਜਦੋਂ ਕਦੇ ਨਵਨੀਤ ਦਿਲਰਾਜ ਮੁਅਤੱਲਕ ਸੋਚਦੀ, ਉਸ ਦੇ ਹਿਰਦੇ ਵਿੱਚ ਖੁਦ-ਬ-ਖੁਦ ਸਿਫ਼ਤਾਂ ਦੇ ਪੁਲਾਂ ਦਾ ਨਿਰਮਾਣ ਹੋ ਜਾਂਦਾ। ਉਸ ਨੂੰ ਦਿਲਰਾਜ ਵਿੱਚ ਖੂਬੀਆਂ ਹੀ ਖੂਬੀਆਂ ਨਜ਼ਰ ਆਉਂਦੀਆਂ, ਕਦੇ ਕੋਈ ਖਾਮੀ ਨਾ ਦਿਸਦੀ। ਉਹ ਦਿਲਰਾਜ ਦੀ ਸ਼ਾਇਸਤਗੀ ਅਤੇ ਸੁਹਿਰਦਤਾ ਦੁਆਰਾ ਕਾਇਲ ਹੋ ਚੁੱਕੀ ਸੀ।
ਇੱਕ ਵਾਰ ਨਵਨੀਤ ਦਿਲਰਾਜ ਨਾਲ ਬੈਂਕ ਹਾਲੀਡੇਅ(ਛੁੱਟੀ) ਨੂੰ ਸਟਰੈਟਫੋਰਡ- ਅੱਪਔਨ- ਐਵਨ ਸ਼ੈਕਸਪੀਅਰ ਦਾ ਜਨਮ-ਅਸਥਾਨ ਦੇਖਣ ਗਈ ਸੀ। ਰੌਇਅਲ ਸ਼ੈਕਸਪੀਅਰ ਥੈਟਰ ਵਿੱਚੋਂ ਰੌਮੀਓ ਐਂਡ ਜੁਲੀਅਟ ਨਾਟਕ ਦੇਖ ਕੇ ਜਦੋਂ ਉਹ ਬਾਹਰ ਵਾਟਰਸਾਇਡ ਰੋਡ ਉੱਤੇ ਨਿਕਲੇ ਸਨ ਤਾਂ ਉਹਨਾਂ ਦੇ ਮੂਹਰਿਉ ਲੰਘਣ ਵਾਲੇ ਤਕਰੀਬਨ ਹਰ ਜੋੜੇ ਦੇ ਹੱਥਾਂ ਵਿੱਚ ਪਾਏ ਦੇਖ ਕੇ ਦਿਲਰਾਜ ਨੇ ਵੀ ਨਵਨੀਤ ਨੂੰ ਉਸ ਦਾ ਹੱਥ ਫੜ੍ਹਨ ਦੀ ਪ੍ਰਵਾਨਗੀ ਮੰਗਣ ਲਈ ਇਲਤਿਜ਼ਾ ਕੀਤੀ ਸੀ, "ਨੈਵ, ਕੈਨ ਆਈ ਹੋਲਡ ਯੂਅਰ ਹੈਂਡਪਲੀਜ਼?"
ਨਵਨੀਤ ਉੱਪਰ ਇਸ ਦਾ ਬਹੁਤ ਡੂੰਘਾ ਪ੍ਰਭਾਵ ਪਿਆ ਸੀ।
ਕਿੰਨਾ ਸੱਭਿਅਕ ਹੈ। ਹੱਥ ਫੜ੍ਹਨ ਦੀ ਜੁਰਅਤ ਵੀ ਇਜਾਜ਼ਤ ਮੰਗੇ ਬਿਨਾਂ ਨਹੀਂ ਕਰਦਾ। ਨਵਨੀਤ ਦੇ ਤਸੱਵਰ ਵਿੱਚ ਉਕਰੀ ਦਿਲਰਾਜ ਦੀ ਤਸਵੀਰ ਹੋਰ ਸੁੰਦਰ ਹੋ ਗਈ ਸੀ। ਇਸ ਤੋਂ ਪਹਿਲਾਂ ਦਿਲਰਾਜ ਨੇ ਕਦੇ ਨਵਨੀਤ ਨੂੰ ਸਪਰਸ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਨਵਨੀਤ ਨੇ ਬਿਨਾਂ ਕੁੱਝ ਬੋਲਿਆਂ ਮੁਸਕਰਾ ਕੇ ਦਿਲਰਾਜ ਦੇ ਮਜ਼ਬੂਤ ਪੰਜੇ ਵਿੱਚ ਆਪਣੇ ਹੱਥ ਦੀਆਂ ਨਰਮ ਮੁਲਾਇਮ ਉਂਗਲਾਂ ਫਸਾ ਦਿੱਤੀਆਂ ਸਨ। ਇਹ ਛੇ ਮਹੀਨਿਆਂ ਦੀ ਜਾਣ-ਪਛਾਣ ਪਿੱਛੋਂ ਪਹਿਲੀ ਵਾਰ ਸੀ ਜਦੋਂ ਦਿਲਰਾਜ ਦੇ ਜਿਸਮ ਨਾਲ ਨਵਨੀਤ ਦਾ ਬਦਨ ਛੂਹਿਆ ਸੀ। ਉਹ ਵੀ ਕੇਵਲ ਹੱਥ ਨਾਲ ਹੱਥ।
ਕਿੰਨਾ ਸਬਰ ਹੈ ਦਿਲਰਾਜ ਵਿੱਚ। ਸਟੈਟਫਰਡ ਦੀਆਂ ਗਲੀਆਂ ਵਿੱਚ ਦਿਲਰਾਜ ਦੇ ਹੱਥਾਂ ਵਿੱਚ ਹੱਥ ਪਾਈ ਤੁਰੀ ਜਾਂਦੀ ਨਵਨੀਤ ਦੇ ਜ਼ਿਹਨ ਵਿੱਚ ਯਕਦਮ ਇਹ ਖ਼ਿਆਲ ਆਇਆ ਸੀ। ਫਿਰ ਉਹ ਦਿਲਰਾਜ ਦੇ ਮੂਹਰੇ ਉਹਦਾ ਰਾਹ ਘੇਰ ਕੇ ਰੁੱਕ ਗਈ ਸੀ। ਦੋਹੇਂ ਆਹਮਣੋ-ਸਾਹਮਣੇ ਖੜ੍ਹੇ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਲੱਗ ਪਏ ਸਨ। ਨਵਨੀਤ ਨੇ ਦਿਲਰਾਜ ਦੀਆਂ ਨਿਗਾਹਾਂ ਵਿੱਚ ਪਹਿਲੀ ਮਰਤਬਾ ਕਹਿਰਾਂ ਦੀ ਤਪਸ਼ ਦੇਖੀ ਸੀ। ਉਸ ਤਪਸ਼ ਦੇ ਸੇਕ ਨਾਲ ਉਹ ਆਪਣੇ ਆਪ ਨੂੰ ਪਿਘਲਣੋਂ ਡੱਕ ਨਹੀਂ ਸਕੀ ਸੀ। ਉਸ ਦੀਆਂ ਬਾਹਵਾਂ ਬੇਪਰਵਾਹੀਆਂ ਹੋ ਕੇ ਦਿਲਰਾਜ ਦੇ ਗਲੇ ਨੂੰ ਜਾ ਲਿਪਟੀਆਂ ਸਨ ਤੇ ਹੋਂਠ ਬਾਗੀ ਹੋ ਕੇ ਦਿਲਰਾਜ ਦੇ ਬੁੱਲ੍ਹਾਂ ਨਾਲ ਜਾ ਮਿਲੇ ਸਨ। ਨਮਕੀਨ ਅਤੇ ਮਿੱਠਾ ਜਿਹਾ ਇੱਕ ਸੁਆਦ ਉਹਨਾਂ ਦੇ ਸ਼ਰੀਰਾਂ ਵਿੱਚ ਯਾਤਰਾ ਕਰ ਗਿਆ ਸੀ। ਕਾਫ਼ੀ ਦੇਰ ਤੱਕ ਉਹ ਇਸੇ ਮੁੰਦਰਾਂ ਵਿੱਚ ਖੜ੍ਹੇ ਰਹੇ ਸਨ।
ਉਸ ਦਿਨ ਮਗਰੋਂ ਉਹਨਾਂ ਦਰਮਿਆਨ ਚੁੰਮਣ ਅਤੇ ਬਗਲਗੀਰ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਨਵਨੀਤ ਤੇ ਦਿਲਰਾਜ ਅਕਸਰ ਵਿਹਲੇ ਸਮੇਂ ਕਿਤੇ ਇਕਾਂਤ ਵਿੱਚ ਬੈਠ ਕੇ ਘੰਟਿਆਂ ਬੱਧੀ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾ ਕਰਦੇ ਰਹਿੰਦੇ। ਸਮੇਂ ਦੀ ਨਜ਼ਾਕਤ ਨਾਲ ਪੱਪੀ-ਸ਼ੱਪੀ ਦਾ ਵਟਾਂਦਰਾ ਵੀ ਹੋ ਜਾਂਦਾ। ਨਵਨੀਤ ਹਲਕੀ ਫੁਲਕੀ ਚੁੰਮੀ ਦੇ ਕੇ ਮੁਸਕਰਾ ਛੱਡਦੀ। ਮੁੜ ਉਹ ਪ੍ਰੇਮ-ਪਿਆਰ ਦੀਆਂ ਗੱਲਾਂ ਵਿੱਚ ਰੁੱਝ ਜਾਂਦੇ। ਦਿਲਰਾਜ ਦੇ ਮੁੱਖੋਂ ਕੋਈ ਦਿਲਕਸ਼ ਫਿਕਰਾ ਸੁਣ ਕੇ ਨਵਨੀਤ ਬਲਿਹਾਰੀ ਜਾਂਦੀ। ਖੁਸ਼ੀ ਨਾਲ ਉਹ ਦਿਲਰਾਜ ਦੀ ਬੁੱਗੀ ਲੈ ਲੈਂਦੀ। ਇਹ ਬੋਸਾ ਪਹਿਲੀ ਪੱਪੀ ਨਾਲੋਂ ਲੰਮੇਰਾ ਹੁੰਦਾ। ਕਿੱਸ ਕਰਨੋਂ ਹਟ ਕੇ ਫਿਰ ਉਹ ਭਵਿੱਖ ਦੀਆਂ ਯੋਜਨਾਵਾ ਬਣਾਉਣ ਲੱਗਦੇ। ਮੋਹ ਨਾਲ ਦਿਲਰਾਜ ਉਸ ਨੂੰ ਚੂਸਦਾ। ਇਸ ਚੂਪੇ ਦੀ ਮਿਆਦ ਪਿਛਲੀਆਂ ਚੁੰਮੀਆਂ ਨਾਲੋਂ ਜ਼ਿਆਦਾ ਹੁੰਦੀ। ਫਿਰਹਰ ਵਾਰ ਚੁੰਮਣ ਲੰਬੇ ਹੁੰਦੇ ਜਾਂਦੇ। ਕਦੇ ਕਦੇ ਚੁੰਮਣਾਂ ਦੀ ਕੜੀ ਲੰਬੀ ਹੋਣ ਪੁਰ ਨਵਨੀਤ ਦੇ ਅੰਦਰ ਕੋਈ ਕਰੰਟ ਜਿਹਾ ਲਰਜ਼ਾ ਜਾਂਦਾ। ਉਸ ਨੂੰ ਸਰੂਰ ਅਤੇ ਅਨੰਦ ਆਉਣ ਲਗਦਾ। ਦਿਮਾਗ ਸੁੰਨ ਹੋਣਾ ਸ਼ੁਰੂ ਹੋ ਜਾਂਦਾ। ਇਸ ਤੋਂ ਪਹਿਲਾਂ ਕਿ ਕੋਈ ਘਟਨਾ ਵਾਪਰੇ, ਉਹ ਹਟ ਜਾਂਦੀ ਤੇ ਫਿਰ ਆਪਣੇ ਆਪ ਨੂੰ ਦਿਲਰਾਜ ਤੋਂ ਨਿਖੇੜ ਕੇ ਅਵਸਥਾ ਨੂੰ ਨੌਰਮਲ(ਸੰਭਲ ਜਾਂਦੀ) ਕਰ ਲਿਆ ਕਰਦੀ। ਹਮੇਸ਼ਾਂ ਇਸੇ ਤਰ੍ਹਾਂ ਹੁੰਦਾ। ਉਹ ਆਪਣੇ ਤੇ ਦਿਲਰਾਜ ਦਰਮਿਆਨ ਇੱਕ ਫ਼ਰਜ਼ੀ ਦਿਵਾਰ, ਇੱਕ ਅਨਇਗਜ਼ਿਸਟਡ ਸਰਹੱਦ ਬਣਾ ਲੈਂਦੀ। ਇਸ ਤਰ੍ਹਾਂ ਉਹ ਬਸ ਲਾਡ-ਬਾਡੀਆਂ ਕਰ ਕੇ ਟਲ ਜਾਂਦੇ ਤੇ ਇਸ ਤੋਂ ਵੱਧ ਕੁੱਝ ਵੀ ਨਾ ਕਰਦੇ।
ਅਕਸਰ ਉਹ ਦੋਨੋਂ ਡਿਸਕੋ ਜਾਂਦੇ, ਸੇਰੋ-ਤਫ਼ਰੀਹ ਕਰਦੇ, ਵਾਇਨ ਪੀਂਦੇ ਤੇ ਕੈਂਡਲ ਲਾਇਟ ਡਿਨਰ ਕਰਦੇ। ਇਸ ਤਰ੍ਹਾਂ ਇੱਕ ਦੂਜੇ ਦਾ ਸਾਥ ਮਾਨਣ ਦੇ ਨਾਲ ਨਾਲ ਇੱਕ ਦੂਜੇ ਬਾਰੇ ਆਪਣੀ ਜਾਣਕਾਰੀ ਵੀ ਵਧਾਉਂਦੇ ਰਹਿੰਦੇ। ਇੱਕ ਦੂਜੇ ਨੂੰ ਆਪਣੇ ਸ਼ੌਕ, ਰੂਚੀਆਂ, ਸਵਾਦ, ਪਸੰਦ, ਨਾ-ਪੰਸਦ, ਸੱਧਰਾਂ ਅਤੇ ਆਪਣੀਆਂ ਖ਼ਾਹਸ਼ਾਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ। ਉਹ ਟੈਲੀਵਿਜ਼ਨ ਉੱਪਰ ਆਉਂਦੇ ਪ੍ਰੋਗਰਾਮਾਂ ਵਰਗੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਲੈ ਕੇ ਆਪਣੀਆਂ ਸਾਬਕਾ ਮੁਹੱਬਤਾਂ ਵਰਗੇ ਵੱਡੇ-ਵੱਡੇ ਅਹਿਮ ਵਿਸ਼ਿਆਂ 'ਤੇ ਜ਼ਿਕਰ ਕਰਕੇ ਆਪਸੀ ਸਾਂਝ ਵਧਾਇਆ ਕਰਦੇ ਸਨ। ਨਵਨੀਤ ਦੀ ਜ਼ਿੰਦਗੀ ਵਿੱਚ ਦਿਲਰਾਜ ਹੀ ਪਹਿਲਾ ਪਿਆਰ ਸੀ। ਪਰ ਜਦੋਂ ਦਿਲਰਾਜ ਆਪਣੀਆਂ ਪੁਰਾਣੀਆਂ ਪ੍ਰੇਮਕਾਵਾਂ ਦੇ ਕਿੱਸੇ ਚਟਖਾਰੇ ਲੈ ਲੈ ਕੇ ਸੁਣਾਉਂਦਾ ਤਾਂ ਨਵਨੀਤ ਨੂੰ ਹੇਠੀ ਮਹਿਸੂਸ ਹੁੰਦੀ। ਉਹ ਦਿਲਰਾਜ ਦੀ ਸਹਿਣਸ਼ੀਲਤਾ ਨੂੰ ਪਰਖਣ ਅਤੇ ਆਪਣੇ ਆਪ ਨੂੰ ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੋਈ-ਨਾ-ਕੋਈ ਐਵੇਂ ਹੀ ਅਫ਼ਸਾਨਾ ਘੜ ਕੇ ਸੁਣਾਦਿਆ ਕਰਦੀ। ਜਦੋਂ ਦਿਲਰਾਜ ਦੇ ਵਰਤਾਉ ਤੋਂ ਕੋਈ ਇਤਰਾਜ਼ ਦਾ ਚਿੰਨ ਨਾ ਉੱਭਰਦਾ ਤਾਂ ਨਵਨੀਤ ਨੂੰ ਇਤਮਿਨਾਨ ਹੋ ਜਾਂਦਾ ਤੇ ਦਿਲਰਾਜ ਲਈ ਉਸ ਦੇ ਮਨ ਵਿੱਚ ਮਹਾਨਤਾ ਵੀ ਵੱਧ ਜਾਂਦੀ।
ਦਿਲਰਾਜ ਮੈਨੂੰ ਤੇਰਾ ਸਿਗਰਟ ਪੀਣਾ ਪਸੰਦ ਨਹੀਂ। ਆਈ ਡੌਂਟ ਮਾਈਂਡ ਡਰੀਕਿੰਗ। ਇੱਟਸ ਜੱਸਟ ਸਮੋਕਿੰਗ। ਇੱਕ ਦਫ਼ਾ ਨਵਨੀਤ ਨੇ ਅਦਾ ਨਾਲ ਆਖ ਕੇ ਉਸ ਦੇ ਮੂੰਹ ਵਿੱਚੋਂ ਸਿਗਰਟ ਕੱਢ ਲਈ ਸੀ।
"ਓਕੇ। ਹੁਣ ਤੋਂ ਨਹੀਂ ਪੀਂਦਾ।" ਬਿਨਾਂ ਕੁੱਝ ਸੋਚੇ-ਸਮਝੇ ਦਿਲਰਾਜ ਦੇ ਦਿੱਤੇ ਜਵਾਬ ਨੇ ਨਵਨੀਤ ਨੂੰ ਮਾਲਾਮਾਲ ਕਰ ਦਿੱਤਾ ਸੀ। ਉਹਨੇ ਦਿਲਰਾਜ ਦੇ ਹੱਥੋਂ ਫੜ੍ਹ ਕੇ ਸ਼ਰਾਬ ਦੇ ਪਿਆਲੇ ਨੂੰ ਮੂੰਹ ਲਾ ਲਿਆ ਸੀ। ਇੱਕੋਂ ਜਾਮ ਪੀ ਕੇ ਨਵਨੀਤ ਨੂੰ ਲੱਗਿਆ ਸੀ ਜਿਵੇਂ ਉਹਦੀ ਚੁਰਾਸੀ ਕੱਟੀ ਗਈ ਹੋਵੇ।
ਮਹਿਬੂਬ ਨੂੰ ਰਿਝਾਉਣ ਲਈ ਇਨਸਾਨ ਕੀ ਨਹੀਂ ਕਰਦਾ? ਨਵਨੀਤ ਵੀ ਸ਼ਰਾਬ ਦਿਲਰਾਜ ਨੂੰ ਖੁਸ਼ ਕਰਨ ਲਈ ਤੇ ਕੰਪਨੀ ਦੇਣ ਲਈ ਹੀ ਪੀਣ ਲੱਗੀ ਸੀ। ਵਰਨਾ ਉਸ ਨੂੰ ਸ਼ਰਾਬ ਨਾਲੋਂ ਵੱਧ ਨਸ਼ਾ ਤਾਂ ਦਿਲਰਾਜ ਦੀ ਸੰਗਤ ਦਾ ਸੀ। ਉਹ ਉਸ ਦਾ ਹੋਣ ਵਾਲਾ ਪਤੀ ਸੀ। ਦਿਲਰਾਜ ਖ਼ਾਤਰ ਤਾਂ ਉਹ ਮੀਰਾ ਵਾਂਗੂੰ ਜ਼ਹਿਰ ਵੀ ਪੀਣ ਲਈ ਤਿਆਰ ਸੀ।
ਨਵਨੀਤ ਨੂੰ ਦਿਲਰਾਜ ਦੀ ਕੋਈ ਆਦਤ ਬੁਰੀ ਲੱਗਦੀ ਤਾਂ ਝੱਟ ਦਿਲਰਾਜ ਉਸ ਆਦਤ ਨੂੰ ਤਿਆਗ ਦਿੰਦਾ ਸੀ। ਜੋ ਦਿਲਰਾਜ ਨੂੰ ਚੰਗਾ ਲੱਗਦਾ, ਨਵਨੀਤ ਉਸ ਨੂੰ ਆਪਣੀ ਫ਼ਿਤਰਤ ਦਾ ਹਿੱਸਾ ਬਣਾ ਲੈਂਦੀ ਸੀ।
ਨਵਨੀਤ ਨੂੰ ਸੁਪਨਿਆਂ ਦੇ ਰਾਜਕੁਮਾਰ ਦੀ ਉਡੀਕ ਮੁੱਕ ਗਈ ਸੀ ਤੇ ਦਿਲਰਾਜ ਨੂੰ ਵੀ ਖ਼ਿਆਲਾਂ ਦੀ ਰਾਣੀ, ਮਲਕਾ-ਏ-ਹੁਸਨ ਮਿਲ ਗਈ ਸੀ। ਉਹ ਵੀ ਨਵਨੀਤ ਦੇ ਰੂਪ ਦਾ ਪੂਰਾ ਕਦਰਦਾਨ ਸੀ। ਦੋਨੋਂ ਤਰਫ਼ ਲੱਗੀ ਇੱਕੋ ਜਿਹੀ ਅੱਗ ਦੇ ਸੇਕ ਨਾਲ ਉਹਨਾਂ ਦੀ ਪ੍ਰੀਤ ਦਿਨੋਂ-ਦਿਨ ਪਕੇਰੀ ਹੋਣ ਲੱਗੀ ਸੀ। ਮੁਹੱਬਤ ਦੀ ਦਿਨ-ਬ-ਦਿਨ ਪੀਂਡੀ ਜਾਂਦੀ ਗੰਢ ਉਹਨਾਂ ਨੂੰ ਹਰ ਰੋਜ਼ ਕਦਮ ਕਦਮ ਇੱਕ ਦੂਜੇ ਦੇ ਕਰੀਬ ਕਰ ਦਿੰਦੀ ਸੀ। ਉਹ ਆਪਸ ਵਿੱਚ ਇਸ ਹੱਦ ਤੱਕ ਘੁੱਲ-ਮਿਲ ਗਏ ਸਨ ਕਿ ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹਨਾਂ ਦੀ ਸਿਰਜਣਾ ਇੱਕ ਦੂਸਰੇ ਲਈ ਹੀ ਹੋਈ ਹੈ। ਉਹਨਾਂ ਦੇ ਸਾਥੀ ਅਤੇ ਦੋਸਤ ਵੀ ਪਰਫੈੱਕਟ ਕੱਪਲ ਅਤੇ ਯੂ ਟੂ ਆਰ ਮੇਡ ਫੌਰ ਈਚ ਅਦਰ ਆਖ ਕੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਕਰਵਾ ਦਿੰਦੇ ਸਨ।
ਇੱਕ ਦਿਨ ਦਿਲਰਾਜ ਮੀਂਹ ਵਿੱਚ ਭਿੱਜਿਆ ਹੋਇਆ ਨਵਨੀਤ ਦੇ ਘਰ ਆਇਆ ਸੀ। ਉਸ ਦੇ ਬੈਗ ਵਿੱਚ ਭੁੰਨਿਆ ਚਿਕਿਨ ਟਿੱਕਾ, ਬਕਾਰਡੀ ਦੀ ਬੋਤਲ ਤੇ ਇੱਕ ਵਿਡਿਉ ਕੈਸਟ ਸੀ। ਨਵਨੀਤ ਮਾਇਕਰੋਵੇਵ ਵਿੱਚ ਟਿੱਕਾ ਗਰਮ ਕਰਨਾ ਰੱਖ ਕੇ, ਦੋ ਗਿਲਾਸ ਤੇ ਕੋਕ ਦੀ ਬੋਤਲ ਲੈ ਕੇ ਦਿਲਰਾਜ ਕੋਲ ਜਾ ਬੈਠੀ ਸੀ। ਇੱਕ ਇੱਕ ਪਟਿਆਲੇ ਸ਼ਾਹੀ ਪੈੱਗ ਖਿੱਚ ਕੇ ਉਹ ਟਿੱਕਾ ਖਾਣ ਲੱਗ ਪਏ ਸਨ। ਉਹਨਾਂ ਨੂੰ ਸ਼ਰਾਬ ਦੇ ਸੁਮੇਲ ਨਾਲ ਲਜ਼ੀਜ਼ ਟਿੱਕਾ ਹੋਰ ਵੀ ਸੁਆਦੀ ਲੱਗਾ ਸੀ। ਚਿਕਿਨ ਟਿੱਕਾ ਨਵਨੀਤ ਦਾ ਮਨਭਾਉਂਦਾ ਖਾਣਾ ਹੈ। ਟਿੱਕੇ ਦਾ ਨਾਂ ਸੁਣਦਿਆਂ ਹੀ ਉਸ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਉਸ ਦੀ ਇਸ ਕਦਰ ਪਸੰਦੀਦਾ ਖੁਰਾਕ ਹੈ ਕਿ ਉਹ ਬਰੈੱਕਫਾਸਟ, ਲੰਚ, ਡਿਨਰ ਅਤੇ ਸਪਰ, ਚਾਰੋ ਵਕਤ ਇਸ ਨੂੰ ਰੋਜ਼ ਖੁਸ਼ ਹੋ ਕੇ ਖਾ ਸਕਦੀ ਹੈ। ਦਿਲਰਾਜ ਨਵਨੀਤ ਦੀਆਂ ਜ਼ੋਰੀਆਂ-ਕਮਜ਼ੋਰੀਆਂ ਦਾ ਗਿਆਤਾ ਸੀ। ਖਾਣ ਪੀਣ ਦੇ ਨਾਲ ਮੰਨੋਰੰਜਨ ਲਈ ਉਹਨਾਂ ਨੇ ਉਹ ਅਡੱਲਟ ਮੂਵੀ ਵੀ ਲਗਾ ਲਈ ਸੀ।
ਕੁੱਝ ਸਮੇਂ ਪਿੱਛੋਂ ਬੋਤਲ ਖ਼ਾਲੀ, ਮੀਟ ਖ਼ਤਮ ਤੇ ਮੂਵੀ ਮੁੱਕ ਚੁੱਕੀ ਸੀ। ਨਵਨੀਤ ਦਿਲਰਾਜ ਦੀ ਬੁਕੱਲ ਵਿੱਚ ਬੈਠੀ ਚੋਹਲ-ਮੋਹਲ ਕਰ ਰਹੀ ਸੀ। ਲਮਹਾ ਲਮਹਾ ਦੋਨਾਂ ਦੀ ਉਤੇਜਨਾ ਵੱਧਦੀ ਜਾ ਰਹੀ ਸੀ। ਜੋਬਨਮੱਤੀ ਨਵਨੀਤ ਦਾ ਆਪਣੇ ਬਦਨ ਨੂੰ ਦਿਲਰਾਜ ਦੇ ਜਿਸਮ ਨਾਲੋਂ ਜੁਦਾ ਕਰਨ ਨੂੰ ਤਾਂ ਜੀਅ ਨਹੀਂ ਕਰਦਾ ਸੀ। ਪਰ ਕਿਵੇਂ ਨਾ ਕਿਵੇਂ ਉਹ ਸੰਪਰਕ ਤੋੜਨ ਵਿੱਚ ਕਾਮਯਾਬ ਹੋ ਗਈ ਸੀ।
ਦਿਲਰਾਜ ਨੇ ਪਿਆਸੇ ਬੁੱਲ੍ਹ ਵਧਾ ਕੇ ਹੋਰ ਚੁੰਮਣ ਦੀ ਲਾਲਸਾ ਦਰਸਾਈ ਸੀ। ਨਵਨੀਤ ਤੋਂ ਮਸਾਂ ਹੀ ਨਾਂਹ ਵਿੱਚਸਿਰ ਹਿਲਾ ਹੋਇਆ ਸੀ, "ਮੈਂ ਕਿੰਨਾ ਤਕਦੀਰ ਦਾ ਧਨੀ ਹਾਂ, ਜਿਸ ਨੂੰ ਤੇਰਾ ਪਿਆਰ ਮਿਲਿਆ ਹੈਂ।" ਦਿਲਰਾਜ ਦੇ ਬੋਲਾਂ ਨੇ ਉਸ ਦੇ ਕੰਨਾਂ ਵਿੱਚ ਰਸ ਘੋਲ ਦਿੱਤਾ ਸੀ।
ਨਵਨੀਤ ਤੋਂ ਵੀ ਆਪਣੀਆਂ ਭਾਵਨਾਵਾਂ ਦਾ ਵਰਣਨ ਕੀਤੇ ਬਿਨਾਂ ਰਹਿ ਨਹੀਂ ਸੀ ਹੋਇਆ, "ਨਹੀਂ ਖ਼ੁਸ਼ਕਿਸਮਤ ਤਾਂ ਮੈਂ ਹਾਂ ਜਿਸ ਨੂੰ ਤੂੰ ਮਿਲਿਆ ਹੈਂ।"
"ਆ ਨਾ ਫੇਰ।" ਦਿਲਰਾਜ ਨੇ ਨਵਨੀਤ ਨੂੰ ਕਲਾਈਉਂ ਫੜ੍ਹ ਕੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਸੀ।
"ਨਾ ਪਲੀਜ਼।" ਨਵਨੀਤ ਨੇ ਉਤਲੇ ਮਨੋਂ ਹੀ ਜੁਆਬ ਦਿੱਤਾ ਸੀ।
ਨਵਨੀਤ ਦਾ ਆਪਾ ਵੀ ਦਿਲਰਾਜ ਦੀ ਛੋਹ ਲਈ ਤੜਪਦਾ ਸੀ। ਦਿਲਰਾਜ ਨੇ ਦੋਨੋਂ ਹੱਥਾਂ ਵਿਚਾਲੇ ਨਵਨੀਤ ਦੇ ਮੁੱਖ ਨੂੰ ਫੜ ਲਿਆ ਸੀ। ਦੋਨੋਂ ਤਲੀਆਂ ਨੂੰ ਗੱਲਾਂ ਨਾਲ ਛੂਹਦਿਆਂ ਹੀ ਨਵਨੀਤ ਨੇ ਦਿਲਰਾਜ ਦੇ ਹੱਥਾਂ ਵਿਚਲੇ ਨਿੱਘ ਨੂੰ ਮਹਿਸੂਸ ਕੀਤਾ ਸੀ। ਦਿਲਰਾਜ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਿਆ ਸੀ। ਨਵਨੀਤ ਨੇ ਦਿਲਰਾਜ ਦੀਆਂ ਅੱਖਾਂ ਵਿਚਲੀ ਚਮਕ ਨੂੰ ਤੱਕਦਿਆਂ ਹੀ ਇੱਕ ਵਾਰ ਤਾਂ ਨਜ਼ਰਾ ਝੁਕਾ ਲਈਆਂ ਸਨ। ਪਰ ਮਜਬੂਰਨ ਹੀ ਅਗਲੇ ਖਿਣ ਦਿਲਰਾਜ ਨੂੰ ਵੇਗਮਤਾ ਨਾਲ ਚੁੰਮਣਾ ਸ਼ੁਰੂ ਕਰ ਦਿੱਤਾ ਸੀ।
ਦਿਲਰਾਜ ਕੋਈ ਓਪਰਾ ਨਹੀਂ ਸੀ, ਉਸ ਦਾ ਘੋਖਿਆ ਪਰਖਿਆ ਹੋਇਆ ਸੀ। ਉਹਨਾਂ ਦਾ ਛੇਤੀ ਵਿਆਹ ਵੀ ਹੋ ਜਾਣਾ ਸੀ। ਉਹ ਦੋਨੋਂ ਪੱਛਮੀ ਮਾਹੌਲ ਦੀ ਪੈਦਾਇਸ਼ ਤੇ ਪਰਵਰਸ਼ ਸਨ। ਉਹਨਾਂ ਦੀ ਪੂਰੇ ਬਾਰਾਂ ਮਹੀਨਿਆਂ ਦੀ ਵਾਕਫ਼ੀਅਤ ਸੀ। ਇਹਨਾਂ ਸਾਰੀਆਂ ਗੱਲਾਂ ਦੀ ਜ਼ੋਰਦਾਰ ਛੱਲ ਨੇ ਨਵਨੀਤ ਦੇ ਰੇਤੇ ਵਰਗੇ ਈਮਾਨ ਨੂੰ ਰੋੜ ਦਿੱਤਾ ਸੀ। ਦਿਲਰਾਜ ਨੂੰ ਜ਼ਿਆਦਾ ਉਕਸਾਉਣ ਦੀ ਲੋੜ ਵੀ ਨਹੀਂ ਸੀ ਪਈ। ਦਿਲਰਾਜ ਦੇ ਹੱਥ ਬਦਨ 'ਤੇ ਫਿਰਦਿਆਂ ਹੀ ਉਹ ਕੁੱਝ ਬਹਿਕ ਗਈ ਸੀ। ਬਾਕੀ ਰਹਿੰਦੀ-ਖੂੰਦੀ ਕਸਰ ਬਕਾਰਡੀ ਨੇ ਵੀ ਅੰਦਰ ਖੌਰੂ ਪਾ ਕੇ ਕੱਢ ਦਿੱਤੀ ਸੀ। ਬੇਕਾਬੂ ਹੋਈ ਚੁੰਮਦਿਆਂ ਚੁੰਮਦਿਆਂ ਉਹ ਖ਼ੁਦ ਹੀ ਖ਼ਾਸੀ ਉਤੇਜਤ ਹੋ ਗਈ ਸੀ। ਪਲਾ ਛਿਣਾਂ ਵਿੱਚ ਹੀ ਉਸ ਦੀ ਬੇਖੁਦੀ ਨੇ ਬਾਈ ਵਰ੍ਹਿਆਂ ਦਾ ਸਾਂਭਿਆ ਹੁਸਨ ਦਿਲਰਾਜ ਨੂੰ ਅਰਪਣ ਕਰਵਾ ਦਿੱਤਾ ਸੀ। ਉਹ ਇੱਕ ਦੂਜੇ ਵਿੱਚ ਸਮਾਅ ਗਏ ਸਨ।
ਫਿਰ ਇਹ ਕਿਰਿਆ ਕੁੱਝ ਹਫ਼ਤਿਆਂ ਮਗਰੋਂ ਕਰਿਆ ਜਾਣ ਵਾਲਾ ਕਾਰਜ ਬਣ ਗਈ ਸੀ। ਹਫ਼ਤਿਆਂ ਤੋਂ ਦਿਨਾਂ ਬਾਅਦ ਪੂਰੀ ਕਰੀ ਜਾਣ ਵਾਲੀ ਲੋੜ ਦਾ ਰੂਪ ਧਾਰਨ ਕਰ ਗਈ ਸੀ। ਦਿਨਾਂ ਤੋਂ ਨੇਮ। ਨੇਮ ਤੋਂ ਨਿਤਪ੍ਰਤਾ ਦੇ ਕਾਰ(ਰੂਟੀਨ) ਵਿੱਚ ਵੀ ਬਦਲਦਿਆਂ ਬਹੁਤਾ ਸਮਾਂ ਨਹੀਂ ਲੱਗਿਆ ਸੀ। ਦਿਲਰਾਜ ਆਪਣੀਆਂ ਬਹੁਤੀਆਂ ਰਾਤਾਂ ਨਵਨੀਤ ਦੇ ਮਕਾਨ ਵਿੱਚ ਹੀ ਬਿਤਾਉਂਦਾ ਸੀ। ਹੁਣ ਨਵਨੀਤ ਵੀ ਕਈ ਵਾਰ ਸ਼ਨੀਚਰਵਾਰ ਐਤਵਾਰ ਘਰੇ ਜਾਣ ਦੀ ਬਜਾਏ ਦਿਲਰਾਜ ਨਾਲ ਹੀ ਵਕਤ ਗੁਜ਼ਾਰਨ ਲੱਗ ਪਈ ਸੀ।
ਜੇ ਕਦੇ ਦੋ ਤਿੰਨ ਦਿਨ ਦਿਲਰਾਜ ਨਵਨੀਤ ਨਾਲ ਨਾਂ ਸੌਂਦਾ ਤਾਂ ਉਹ ਤੜਫਣ ਲੱਗ ਜਾਂਦੀ ਸੀ। ਨਵਨੀਤ ਤੋਂ ਦਿਲਰਾਜ ਦਾ ਵਕਫ਼ਾ ਝੱਲ ਨਾ ਹੁੰਦਾ। ਉਸ ਨੂੰ ਕੁੱਝ ਵੀ ਚੰਗਾ ਨਾ ਲੱਗਦਾ। ਅੱਕ ਕੇ ਉਹ ਦਿਲਰਾਜ ਨੂੰ ਅੱਧੀ ਰਾਤੋਂ ਫੋਨ ਕਰਦੀ ਤੇ ਦਿਲਰਾਜ ਵੀ ਆਪਣੇ ਘਰੋਂ ਫ਼ੌਰਨ ਸਿਰ ਭਾਰ ਦੌੜਿਆ ਆਉਂਦਾ। ਉਹ ਸਾਰੀ ਰਾਤ ਦਿਲਰਾਜ ਨੂੰ ਆਪਣਾ ਬੰਦੀ ਬਣਾਈ ਰੱਖਦੀ। ਉਹਦੇ ਤੋਂ ਮਨ-ਆਈਆਂ ਕਰਵਾਉਂਦੀ ਰਹਿੰਦੀ। ਦਿਲਰਾਜ ਰੋਮਾਂਚਕ ਨਾਵਲ ਵਾਂਗ ਨਵਨੀਤ ਨੂੰ ਰਾਤ ਦੇ ਪਹਿਲੇ ਅੱਧ, ਮੁੱਢ ਤੋਂ ਅਖ਼ੀਰ ਤੱਕ ਪੜ੍ਹਦਾ ਤੇ ਫਿਰ ਪਿਛਲੇ ਪਹਿਰ ਖ਼ਾਸ-ਖ਼ਾਸ ਪੰਨੇ ਦੁਬਾਰਾ ਪੜ੍ਹਦਾ-ਪੜ੍ਹਦਾ ਸੌਂ ਜਾਂਦਾ ਸੀ ਤੇ ਨਵਨੀਤ ਖੁੱਲ੍ਹੀ ਕਿਤਾਬ ਵਾਂਗ ਉਹਦੀ ਹਿੱਕ ਨਾਲ ਲੱਗੀ ਰਹਿੰਦੀ ਸੀ।
ਉਹ ਇੰਗਲੈਂਡ, ਯਾਨੀ ਇੱਕ ਅਜ਼ਾਦ ਮੁਲਖ ਦੇ ਬਾਸ਼ੀਦੇ ਹਨ। ਜਿੱਥੇ ਕਿਸੇ ਨੂੰ ਕੋਈ ਰੋਕ-ਟੋਕ ਨਹੀਂ ਹੈ। ਹਰ ਕੋਈ ਆਪਣੀ ਪੂਰਨ ਅਜ਼ਾਦੀ ਮਾਣਦਾ ਹੈ। ਮੁੰਡੇ ਕੁੜੀ ਦਾ ਵਿਆਹ ਤੋਂ ਬਿਨਾਂ ਘੁੰਮਣਾ ਫਿਰਨਾ, ਸ਼ਰੇਆਮ ਸੜਕਾਂ 'ਤੇ ਚੁੰਮਣਾ, ਇੱਕ ਬੰਦ ਕਮਰੇ ਵਿੱਚ ਇਕੱਠੇ ਤੜੇ ਰਹਿਣਾ, ਕੁੱਝ ਵੀ ਬੁਰਾ ਨਹੀਂ ਸਮਝਿਆ ਜਾਂਦਾ। ਇਸ ਸਮਾਜ ਵਿੱਚ ਸਭ ਕੁੱਝ ਵਾਜਬ ਹੈ। ਇਵਨ(ਇੱਥੋਂ ਤੱਕ ਕਿ) ਵਿਆਹ ਤੋਂ ਪਹਿਲਾਂ ਹੋਣ ਵਾਲੇ ਜੀਵਨ-ਸਾਥੀ ਨੂੰ ਪਰਖਣਾ ਵੀ ਵਿਵਰਜਿਤ ਨਹੀਂ ਹੈ ਕਿ ਉਹ ਸ਼ਰੀਰਕ ਭੁੱਖ ਪੱਖੋਂ ਸੰਤੁਸ਼ਟ ਕਰਨ ਦੀ ਸਮਰਥਾ ਰੱਖਦਾ ਹੈ ਜਾਂ ਨਹੀਂ। ਉਹ ਵੀ ਇਸ ਅਜ਼ਾਦੀ ਦਾ ਖੂਬ ਫ਼ਾਇਦਾ ਉਠਾਉਂਦੇ। ਉਹਨਾਂ ਨੇ ਇੱਕ ਦੂਜੇ ਨੂੰ ਦਿਲੋਂ ਸਵਿਕਾਰਿਆ ਤੇ ਤਨੋਂ ਰੱਜ ਕੇ ਹੰਢਾਇਆ ਹੋਇਆ ਹੈ। ਕਸਰ ਹੈ ਤਾਂ ਸਿਰਫ਼ ਧਾਰਮਿਕ ਰਸਮ ਦੀ ਪੂਰਤੀ ਦੀ ਤੇ ਗਿੱਠ ਕੁ ਦੇ ਕਾਗ਼ਜ਼ ਤੇ ਹਸਤਾਖਰਾਂ ਦੀ ਜੋ ਕਾਨੂੰਨਨ ਪਤੀ ਪਤਨੀ ਬਣਨ ਲਈ ਜ਼ਰੂਰੀ ਹਨ। ਉਹਨਾਂ ਦੇ ਵਿਆਹ ਦੀ ਯੋਜਨਾ ਵੀ ਚਿਰਾਂ ਤੋਂ ਢੱਕੀ ਰਿੱਝ ਰਹੀ ਹੈ। ਪਰ ਹੁਣ ਨਵਨੀਤ ਨੇ ਉਸ ਉੱਤੋਂ ਢੱਕਣ ਚੁੱਕ ਕੇ ਭਾਫ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਹੈ ਤੇ ਰਾਤ ਪਿਆਰ ਕਰਦਿਆਂ ਦਿਲਰਾਜ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਸੀ। ਜ਼ਿੰਦਗੀ ਦਾ ਮਨ ਪਸੰਦ ਹਮਸਫ਼ਰ ਮਿਲਣ ਦੀ ਨਵਨੀਤ ਨੂੰ ਅਥਾਹ ਖੁਸ਼ੀ ਹੈ।
ਟਰੇਨ ਝਟਕਾ ਜਿਹਾ ਮਾਰ ਕੇ ਰੁੱਕੀ। ਕੋਈ ਸਟੇਸ਼ਨ ਆ ਗਿਆ ਸੀ। ਨਵਨੀਤ ਨੇ ਅੱਬੜਬਾਹੇ ਉੱਠ ਕੇ ਦੇਖਿਆ ਤੇ ਤਸੱਲੀ ਕਰਕੇ ਬੈਠ ਗਈ। ਇਹ ਉਸ ਦੀ ਮੰਜ਼ਿਲ ਨਹੀਂ ਸੀ। ਇਸ ਸਟੇਸ਼ਨ ਉੱਤੇ ਚੰਦ ਕੁ ਸੀਟਾਂ ਖ਼ਾਲੀ ਹੋਈਆਂ ਤੇ ਕੁੱਝ ਨਵੇਂ ਮੁਸਾਫ਼ਰ ਵੀ ਚੜ੍ਹੇ। ਉਹਨਾਂ ਨਵੇਂ ਯਾਤਰੀਆਂ ਵਿੱਚ ਇੱਕ ਲੰਮੀ ਪਤਲੀ ਡਾਂਗ ਜਿਹੀ ਅੰਗਰੇਜ਼ ਮੁਟਿਆਰ ਚੜ੍ਹੀ। ਨਵਨੀਤ ਨੂੰ ਉਸ ਦਾ ਚਿਹਰਾ ਜਾਣਿਆ ਪਛਾਣਿਆ ਹੋਇਆ ਲੱਗਿਆ। ਨਵਨੀਤ ਨੇ ਉਸ ਨਾਰ ਵੱਲ ਗੌਰ ਨਾਲ ਤੱਕਿਆ।
"ਨਹੀਂ ਇਹ ਮੈਲਨੀ ਨਹੀਂ।" ਜਦੋਂ ਉਹ ਇਸਤਰੀ ਕਰੀਬ ਆ ਕੇ ਬੈਠ ਗਈ ਤਾਂ ਨਵਨੀਤ ਨੂੰ ਤਸੱਲੀ ਹੋ ਗਈ।
ਮੈਲਨੀ ਨਵਨੀਤ ਦੀ ਸਕੂਲ ਵਿੱਚ ਬਹੁਤ ਗੂੜੀ ਦੋਸਤ ਹੋਇਆ ਕਰਦੀ ਸੀ। ਹੁਣ ਕਾਫ਼ੀ ਅਰਸੇ ਤੋਂ ਦੋਹਾਂ ਦਾ ਸੰਪਰਕ ਨਹੀਂ ਹੋਇਆ ਸੀ। ਨਵਨੀਤ ਮਸਰੂਫ ਹੀ ਬਹੁਤ ਹੋ ਗਈ ਸੀ। ਵੈਸੇ ਨਵਨੀਤ ਦਾ ਮੈਲਨੀ ਨੂੰ ਮਿਲਣ ਨੂੰ ਜੀਅ ਤਾਂ ਬਹੁਤ ਕਰਦਾ ਸੀ। ਇੱਕ ਦੋ ਵਾਰ ਨਵਨੀਤ ਵੱਲੋਂ ਮਿਲਣ ਦੇ ਉਪਰਾਲੇ ਕਰਨ 'ਤੇ ਵੀ ਕਿਸੇ ਵਜ੍ਹਾ ਕਾਰਨ ਮੈਲਨੀ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ ਸੀ।
ਨਵਨੀਤ ਨੂੰ ਆਪਣੀ ਬਾਲ ਵਰੇਸ ਦਾ ਉਹ ਵਾਕਿਆ ਯਾਦ ਆਇਆ, ਜਦੋਂ ਉਹਦੀ ਆਯੂ ਚੋਦਾਂ ਪੰਦਰਾਂ ਸਾਲ ਦੀ ਸੀ ਤੇ ਮੈਲਨੀ ਨਾਲ ਉਹ ਫੋਰਥ ਫ਼ੌਰਮ(ਚੋਥੀ ਸ਼੍ਰੈਣੀ) ਵਿੱਚ ਪੜ੍ਹਦੀ ਸੀ। ਮੈਲਨੀ ਨੇ ਨਵਨੀਤ ਨੂੰ ਜਮਾਤ ਵਿੱਚ ਸਾਰੀਆਂ ਸਹੇਲੀਆਂ ਦੀ ਮੌਜੂਦਗੀ ਵਿੱਚ ਸਰਸਰੀ ਹੀ ਇੱਕ ਦਿਨ ਉਸ ਦੀ ਸੈਕਸ ਲਾਈਫ਼ ਬਾਰੇ ਪੁੱਛਿਆ ਸੀ। ਨਵਨੀਤ ਨੇ ਜੁਆਬ ਵਿੱਚ ਇਕਸਾਇਟਿਡ(ਮਜ਼ੇਦਾਰ) ਜਾਂ ਬੋਰਿੰਗ(ਨਿਰ-ਆਨੰਦ) ਕਹਿਣ ਦੀ ਬਜਾਏ ਇਹ ਉੱਤਰ ਦਿੱਤਾ ਸੀ ਕਿ ਉਸ ਨੇ ਤਾਂ ਕਦੇ ਤਜ਼ਰਬਾ ਹੀ ਨਹੀਂ ਕੀਤਾ। ਇਹ ਸੁਣ ਕੇ ਉਸ ਦੀਆਂ ਸਹੇਲੀਆਂ ਨੂੰ ਅਚੰਬਾਂ ਲੱਗਿਆ ਸੀ ।
"ਯੂ ਆਰ ਕਿਡਿੰਗ।" ਮੈਲਨੀ ਨੂੰ ਵਿਸ਼ਵਾਸ ਨਹੀਂ ਸੀ ਹੋਇਆ।
"ਨੋ ਐਮ ਨਾਟ।" ਨਵਨੀਤ ਨੇ ਦ੍ਰਿੜਤਾ ਨਾਲ ਯਥਾਰਥ ਦੀ ਪੁਸ਼ਟੀ ਕੀਤੀ ਸੀ।
ਉਹਨਾਂ ਸਭ ਨੇ ਹੈਰਾਨੀ ਨਾਲ ਨਵਨੀਤ ਤੋਂ ਪੁੱਛਿਆ ਸੀ, "ਆਰ ਯੂ ਸਟਿਲ ਵਿਰਜਿਨ?" (ਕੀ ਤੂੰ ਅਜੇ ਤੱਕ ਪਾਕੀਜ਼ ਜਾਣੀ ਸੁੱਚੀ ਹੈਂ?)
"ਯੈਅ!" ਨਵਨੀਤ ਨੇ ਡਰਦਿਆਂ ਡਰਦਿਆਂ ਜੁਰਮ ਦਾ ਇਕਬਾਲ ਕਰਿਆ ਸੀ।
ਬਾਕੀ ਸਾਰੀਆਂ ਹੰਢੀਆਂ ਹੋਈਆਂ ਕੁੜੀਆਂ ਸਹਿਵਾਸ ਕਲਾ ਵਿੱਚ ਮਾਹਰ ਸਨ। ਫਿਰ ਅਕਸਰ ਨਵਨੀਤ ਨੂੰ ਉਸ ਦੀਆਂ ਸਹੇਲੀਆਂ 'ਵਿਰਜਿਨ' (ਅਣਲੱਗ) ਵਿਰਜਿਨ ਕਹਿ ਕੇ ਉਸ ਦਾ ਮਜ਼ਾਕ ਉਡਾਉਣ ਲੱਗ ਪਈਆਂ ਸਨ। ਨਵਨੀਤ ਕਈ ਕਈ ਦਿਨ ਚਿੰਤਾਗ੍ਰਸਤ ਰਿਹਾ ਕਰਦੀ ਸੀ। ਵੈਸੇ ਇਸ ਤਰ੍ਹਾਂ ਨਵਨੀਤ ਇਕੱਲੀ ਨਾਲ ਹੀ ਨਹੀਂ ਸੀ ਹੋਇਆ। ਉਸ ਦੀ ਉਮਰ ਦੀਆਂ ਅਨੇਕਾਂ ਕੁੜੀਆਂ ਨਾਲ ਵਾਪਰਦਾ ਸੀ। ਪਰ ਏਸ਼ੀਅਨ ਕੁੜੀਆਂ ਨੂੰ ਇਸ ਦਾ ਵਧੇਰੇ ਨਿਸ਼ਾਨਾ ਬਣਾਇਆ ਜਾਂਦਾ ਸੀ। ਹਰ ਕੁੜੀ ਉਹ ਹੀ ਕਰਦੀ ਸੀ, ਜੋ ਨਵਨੀਤ ਕਰਨ ਨੂੰ ਸੋਚਦੀ ਸੀ। ਉਸ ਵੇਲੇ ਨਵਨੀਤ ਦਾ ਜੀਅ ਕਰਦਾ ਸੀ ਕਿ ਉਹ ਜਿਹੜਾ ਵੀ ਮੁੰਡਾ ਦੇਖੇ, ਉਸੇ ਨਾਲ ਸ਼ਰੀਰਕ ਸੰਬੰਧ ਸਥਾਪਤ ਕਰਕੇ, ਸਹੇਲੀਆਂ ਨੂੰ ਮੂੰਹ ਤੋੜਵਾਂ ਜੁਆਬ ਦੇਵੇ। ਜਲਦੀ ਤੋਂ ਜਲਦੀ ਪਵਿਤਰਤਾ ਦੇ ਕਲੰਕ ਨੂੰ ਧੋ ਸੁੱਟੇ। ਨਵਨੀਤ ਵੱਲ ਸਭ ਕੁੜੀਆਂ ਇੰਝ ਨਫ਼ਰਤ ਦੀ ਨਿਗਾਹ ਨਾਲ ਦੇਖਦੀਆਂ ਸਨ। ਜਿਵੇਂ ਉਹ ਅਛੂਤ ਹੋਵੇ ਜਾਂ ਉਸ ਨੂੰ ਕੋਈ ਲਾਗ ਦੀ ਬਿਮਾਰੀ ਹੋਵੇ।
ਇੱਕ ਵਾਰ ਨਵਨੀਤ ਨੂੰ ਉਦਾਸੀਨ ਤੇ ਰੁਦਨ ਕਰਦੀ ਤੱਕ ਕੇ ਅਧਿਆਪਿਕਾ ਮਿਸ ਕੈਮਬੈੱਲ ਨੇ ਕਾਰਨ ਜਾਨਣ ਉਪਰੰਤ ਸਮਝਾਇਆ ਸੀ। ਵਿਰਜੈਨਟੀ (ਕੁਆਰਾਪਨ) ਤਾਂ ਇੱਕ ਪਰੀਸ਼ੀਅਸ ਗਿਫਟ(ਅਮੁੱਲ ਤੋਹਫਾ) ਹੈ। ਜੋ ਵਿਆਹ ਤੋਂ ਬਾਅਦ ਅਸੀਂ ਆਪਣੇ ਸਾਥੀ ਨੂੰ ਦੇ ਸਕਦੇ ਹਾਂ। ਇਸ ਅਨਮੋਲ ਚੀਜ਼ ਨੂੰ ਕਾਰ ਦੀ ਪਿਛਲੀ ਸੀਟ ਲਬੇੜ ਕੇ ਅਜਾਈਂ ਲੁੱਟਾਉਣ ਨਾਲੋਂ ਤੂੰ ਉਸ ਨੂੰ ਸੌਂਪੀ, ਜੋ ਇਸ ਦਾ ਸਹੀ ਹੱਕਦਾਰ ਹੋਵੇ। ਹੁਣ ਤੂੰ ਇਹ ਨਾਇਯਾਬ ਗਹਿਣਾ ਜਿਸ ਕਿਸੇ ਦੇ ਵੀ ਹਵਾਲੇ ਕਰੇਂਗੀ, ਹੋ ਸਕਦਾ ਉਸ ਨੂੰ ਇਸ ਦੀ ਕਦਰ ਹੀ ਨਾ ਹੋਵੇ ਤੇ ਨਿਕਟ ਭਵਿੱਖ ਵਿੱਚ ਉਹ ਤੈਨੂੰ ਪਹਿਚਾਣੇ ਵੀ ਨਾ। ਇਹ ਨਿਆਮਤ ਇੱਕ ਵਾਰ ਗੁਆ ਕੇ ਹਿਯਾਤੀ ਵਿੱਚ ਦੁਬਾਰਾ ਹਾਸਲ ਨਹੀਂ ਹੋਣੀ। ਇਸ ਲਈ ਸੰਜ਼ੀਦਗੀ ਨਾਲ ਸੋਚ ਕੇ ਕਦਮ ਚੁੱਕੀ ਤੇ ਹਮੇਸ਼ਾਂ ਯਾਦ ਰੱਖੀ। ਟਰੂ ਲੱਵ ਕੈਨ ਵੇਟ! (ਸੱਚਾ ਪਿਆਰ ਜਿਨਸੀ ਸੰਬਧਾਂ ਦਾ ਭੁੱਖਾ ਨਹੀਂ ਹੁੰਦਾ ਤੇ ਸ਼ਰੀਰਕ ਮਿਲਨ ਲਈ ਕਾਹਲ ਨਹੀਂ ਕਰਦਾ)।
ਮਿਸ ਕੈਮਬੈੱਲ ਦੀ ਸਿਖਿਆ ਨੇ ਨਵਨੀਤ ਨੂੰ ਡਾਵਾਂ-ਡੋਲ ਸਥਿਤੀ ਵਿੱਚੋਂ ਕੱਢ ਕੇ ਉਸ ਦੇ ਹੌਸਲੇ ਬੁਲੰਦ ਕਰ ਦਿੱਤੇ ਸਨ। ਉਸ ਅੰਦਰ ਸਵੈ-ਵਿਸ਼ਵਾਸ਼ ਜਗਾ ਦਿੱਤਾ ਸੀ।
ਮੈਂ ਇੰਗਲਿਸ਼ ਨਹੀਂ, ਏਸ਼ੀਅਨ ਹਾਂ! ਨਵਨੀਤ ਦੀ ਅੰਤਰ ਆਤਮਾ ਨੇ ਉਸ ਨੂੰ ਖ਼ਤਾ ਕਰਨ ਤੋਂ ਵਰਜ ਦਿੱਤਾ ਸੀ। ਉਸ ਦਾ ਕੋਈ ਮਰਦ ਮਿੱਤਰ ਨਹੀਂ ਸੀ। ਜੇ ਹੁੰਦਾ ਤਾਂ ਸ਼ਾਇਦ ਮੁਮਕਿਨ ਸੀ ਉਹ ਕੁੱਝ ਕਰ ਗੁਜ਼ਰਦੀ। ਉਹ ਸੰਭਲ ਗਈ ਸੀ ਤੇ ਉਸ ਨੇ ਕਿਸੇ ਮੁੰਡੇ ਨਾਲ ਦੋਸਤੀ ਨਹੀਂ ਕੀਤੀ ਸੀ। ਬਸ ਪੜ੍ਹਾਈ ਵਿੱਚ ਮਸਰੂਫ ਰਹੀ ਸੀ ਤੇ ਸਕੂਲ ਤੋਂ ਕਾਲਜ ਤੇ ਕਾਲਜ ਤੋਂ ਯੂਨੀਵਰਸਿਟੀ ਦਾ ਸਫ਼ਰ ਤੈਅ ਕਰਦੀ ਨੌਕਰੀ ਤੱਕ ਅੱਪੜ ਗਈ ਸੀ।
ਹੁਣ ਤਾਂ ਮੇਰੀ ਇਹ ਅਵਸਥਾ ਹੈ ਕਿ ਮੈਂ ਪੂਰੇ ਇੰਗਲੈਂਡ ਨੂੰ ਕਾਮ ਵਿਗਿਆਨ ਪੜ੍ਹਾ ਸਕਦੀ ਹਾਂ। ਨਵਨੀਤ ਨੂੰ ਇਹ ਸੋਚ ਕੇ ਆਪਣੇ ਆਪ 'ਤੇ ਫ਼ਖ਼ਰ ਹੋ ਗਿਆ। ਉਸ ਦੀਆਂ ਬੁੱਲ੍ਹੀਆ 'ਤੇ ਆਪ ਮੁਹਾਰੇ ਮੁਸਕਾਨਾਂ ਆ ਲਿਪਟੀਆਂ। ਸੰਗ ਨਾਲ ਲਾਲ ਹੋਈ ਜਾਂਦੀ ਦੀ ਬਿਰਤੀ ਟਿਕਟ ਚੈੱਕਰ ਦੀ ਟਿਕਟ ਪਲੀਜ਼ ਨਾਲ ਟੁੱਟ ਗਈ। ਨਵਨੀਤ ਨੇ ਸੁਪਨਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਚੈੱਕਰ ਨੂੰ ਟਿਕਟ ਫੜਾਇਆ। ਉਹ ਟਿਕਟ ਪੰਚ ਕਰਕੇ ਅਗਾਂਹ ਚਲਾ ਗਿਆ।
ਬਿ੍ਿਰਟਸ਼ ਰੇਲ ਸਟੇਸ਼ਨ 'ਤੇ ਗੱਡੀ ਦੇ ਰੁੱਕਣ ਸਾਰ ਹੀ ਨਵਨੀਤ ਉੱਠ ਖੜੀ ਹੋਈ ਤੇ ਸਮਾਨ ਇਕੱਤਰ ਕਰਨ ਵਿੱਚ ਜੁੱਟ ਗਈ। ਅੱਜ ਪਹਿਲੀ ਮਰਤਬਾ ਉਸ ਨੂੰ ਸਟੇਸ਼ਨ ਦੇ ਨਿਕਾਸ ਮਾਰਗ ਵੱਲ ਜਾਂਦੀ ਨੂੰ ਗੁੱਸਾ ਨਹੀਂ ਸੀ ਆਇਆ। ਨਹੀਂ ਤਾਂ ਇਸ ਤੋਂ ਪਹਿਲਾਂ ਜਦੋਂ ਵੀ ਉਹ ਇਸ ਪਲੇਟਫ਼ਾਰਮ 'ਤੇ ਤੁਰਦੀ ਹੁੰਦੀ ਸੀ ਤਾਂ ਉਹ ਲੋਹੀ-ਲਾਖੀ ਹੋ ਜਾਂਦੀ ਸੀ। ਸਟੇਸ਼ਨ 'ਤੇ ਕੰਮ ਕਰਨ ਵਾਲੇ ਤੇ ਪੁਰਖ ਯਾਤਰੀ ਹਰ ਕੋਈ ਉਸ ਵੱਲ ਅੱਖਾਂ ਪਾੜ ਪਾੜ ਤੱਕਦੇ। ਦਰਅਸਲ ਉੱਥੋਂ ਆਉਣ ਜਾਣ ਵਾਲੀ ਹਰ ਸੁਨੱਖੀ ਮੁਟਿਆਰ ਵੱਲ ਲੋਕ ਇਸੇ ਤਰ੍ਹਾਂ ਅੱਖਾਂ ਗੱਡ ਕੇ ਦੇਖਦੇ ਹਨ। ਖ਼ਾਸ ਕਰ ਉੱਜਡ ਤੇ ਅਨਪੜ੍ਹ ਇੰਡੀਆ ਤੋਂ ਆਏ ਆਦਮੀਆਂ ਦੀ ਤਾਂ ਜਨਾਨੀਆਂ ਨੂੰ ਤਾੜਨਾ ਜਾਣੀ ਹੌਬੀ(ਸ਼ੌਕ) ਹੀ ਹੁੰਦੀ ਹੈ। ਇੰਡੀਆ ਵਾਲਿਆਂ ਦੀ ਇਸੇ ਬੁਰੀ ਆਦਤ ਕਾਰਨ ਨਵਨੀਤ ਇੰਡੀਆ ਤੋਂ ਆਏ ਕਿਸੇ ਵੀ ਮੁੰਡੇ ਨੂੰ ਆਪਣੇ ਜੀਵਨ ਦੇ ਪੰਧ ਦਾ ਹਮਰਾਹੀ ਚੁਣਨ ਤੋਂ ਕੰਨੀ ਕਤਰਾਉਂਦੀ ਹੈ। ਪਰ ਅੱਜ ਉਸ ਦੀ ਹਿੱਕੜੀ ਵਿੱਚ ਉਮੰਗਾਂ ਅਤੇ ਨੈਣਾਂ ਵਿੱਚ ਸੁਨਿਹਰੀ ਖ਼ਾਬ ਸਜੇ ਹੋਣ ਕਰਕੇ ਉਸ ਨੂੰ ਜੱਗ ਦੀ ਕੋਈ ਸਾਰ ਨਹੀਂ ਸੀ। ਅੱਜ ਦੁਨੀਆਂ ਦੀ ਹਰ ਸ਼ੈਅ ਉਸ ਨੂੰ ਬੌਣੀ-ਬੌਣੀ ਪ੍ਰਤੀਤ ਹੁੰਦੀ ਸੀ।
ਵੇਟਿੰਗਰੂਮ(ਉਡੀਕ-ਕਖਸ਼) ਵਿੱਚੋਂ ਨਵਨੀਤ ਨੇ ਆਪਣੇ ਘਰ ਨੂੰ ਫੋਨ ਕਰਕੇ ਪਹੁੰਚਣ ਦੀ ਇਤਲਾਹ ਦਿੱਤੀ। ਨਵਨੀਤ ਦਾ ਪਿਤਾ ਉਸ ਨੂੰ ਸਟੇਸ਼ਨ ਤੋਂ ਲਿਜਾਣ ਲਈ ਪਹਿਲਾਂ ਹੀ ਚੱਲ ਪਿਆ ਸੀ।
ਨਵਨੀਤ ਬੈਂਚ 'ਤੇ ਬੈਗ ਰੱਖ ਕੇ ਇੰਤਜ਼ਾਰ ਵਿੱਚ ਟਹਿਲਣ ਲੱਗੀ। ਸਹਿਜ-ਸੁਭਾ ਹੀ ਉਸ ਦਾ ਖੱਬਾ ਹੱਥ ਖੱਬੇ ਤੇ ਸੱਜਾ ਹੱਥ ਸੱਜੇ ਪਾਸੇ ਵਾਲੀਆਂ ਪੈਂਟ ਦੀਆਂ ਪਿਛਲੀਆਂ ਜੇਬਾਂ ਵਿੱਚ ਚਲੇ ਗਏ। ਖੱਬੀ ਜੇਬ ਵਿੱਚ ਉਸ ਦੀਆਂ ਉਂਗਲਾ ਦੇ ਪੋਟਿਆਂ ਨੂੰ ਕੋਈ ਕਾਗ਼ਜ਼ ਰੜਕਿਆ।
ਦਿਲਰਾਜ ਦਾ ਖ਼ਤ। ਕਾਗ਼ਜ਼ ਦਾ ਟੁੱਕੜਾ ਬਾਹਰ ਕੱਢਦਿਆਂ ਹੀ ਨਵਨੀਤ ਨੇ ਦਿਲਰਾਜ ਦਾ ਪੱਤਰ ਬਿਨਾਂ ਕਿਸੇ ਕਠਨਾਈ ਦੇ ਬੁੱਝ ਲਿਆ। ਸ਼ਾਇਦ ਉਸ ਨੇ ਉੱਦੋਂ ਖੱਬੀ ਮਗਰਲੀ ਜੇਬ ਨਹੀਂ ਸੀ ਫਰੋਲੀ।
ਨਵਨੀਤ ਦੇ ਗਰੀਬ ਬੁੱਲ੍ਹਾਂ 'ਤੇ ਮਹਿਮਾਨਾਂ ਬਣ ਕੇ ਆਈਆਂ ਅਮੀਰ ਮੁਸਕਾਨਾਂ ਜ਼ਿਆਦਾ ਚਿਰ ਟਿਕ ਨਾ ਸਕੀਆਂ। ਚਿੱਠੀ ਪੜ੍ਹਦਿਆਂ ਹੀ ਬਰਫ਼ ਦੀ ਢਿੱਗ ਵਾਂਗ ਉਹ ਬੈਂਚ ਉੱਤੇ ਡਿੱਗ ਪਈ। ਉਸ ਨੇ ਕਰੋਧ ਵਿੱਚ ਉਹ ਰੁੱਕਾ ਗੁੱਛਾ-ਮੁੱਛਾ ਕਰਕੇ ਮੁੱਠੀ ਵਿੱਚ ਹੀ ਘੁੱਟ ਲਿਆ। ਉਸ ਦਾ ਜੀਅ ਤਾਂ ਕਰਦਾ ਸੀ ਕਿ ਉਹ ਵੈਣ ਪਾਏ, ਦੁਹੱਥੜ ਮਾਰ ਕੇ ਕੂਕੇ। ਗੱਭਰੂ ਪੁੱਤ ਮਰੇ 'ਤੇ ਰੋਂਦੀ ਮਾਂ ਵਾਂਗ ਛਾਤੀ ਪਿੱਟ ਪਿੱਟ ਵਿਰਲਾਪ ਕਰੇ। ਪਰ ਉਹ ਅਜਿਹਾ ਕੁੱਝ ਵੀ ਨਹੀਂ ਕਰ ਸਕੀ। ਭਾਵੇਂ ਉਸ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੱਝੂ ਨਹੀਂ ਟਪਕਿਆ। ਪਰ ਉਸ ਦਾ ਦਿਲ ਰੋਇਆ, ਬਹੁਤ ਰੋਇਆ ਮੋਹਲੇਧਾਰ ਮੀਹ ਵਾਂਗੂ ਜ਼ਾਰੋਜ਼ਾਰ।
ਐਨੇ ਨੂੰ ਨਵਨੀਤ ਦਾ ਪਿਤਾ ਉਡੀਕ-ਘਰ ਵਿੱਚ ਆ ਗਿਆ। ਉਹ ਦੋ ਮਹੀਨਿਆਂ ਮਗਰੋਂ ਵੀ ਤਪਾਕ ਨਾਲ ਮਿਲਣ ਦੀ ਬਜਾਏ ਬੇਦਿਲੀ ਤੇ ਰੁਖੇਪਨ ਨਾਲ ਬਾਪ ਨੂੰ ਮਿਲੀ। ਪਿਤਾ ਤੋਂ ਵੀ ਕੋਈ ਖੁਸ਼ੀ ਦਾ ਭਾਵ ਨਾ ਪ੍ਰਗਟਾ ਹੋਇਆ। ਕਾਰ ਵਿੱਚ ਸਟੇਸ਼ਨ ਤੋਂ ਘਰ ਆਉਂਦਿਆਂ ਉਹਨਾਂ ਬਾਪ ਧੀ ਨੇ ਆਪਸ ਵਿੱਚ ਇੱਕ ਵੀ ਬੋਲ ਸਾਂਝਾ ਨਾ ਕੀਤਾ। ਨਵਨੀਤ ਦੇ ਪਿਤਾ ਨੇ ਉਸ ਦੀ ਬੇਰੁਖੀ ਦਾ ਕਾਰਨ ਪਿਛਲੀ ਦਫ਼ਾ ਦਾ ਹੋਇਆ ਤਕਰਾਰ ਸਮਝਿਆ।
ਨਵਨੀਤ ਘਰੇ ਜਾ ਕੇ ਮਾਂ ਅਤੇ ਭੈਣ ਨੂੰ ਵੀ ਉਸੇ ਤਰ੍ਹਾਂ ਹੀ ਬਿਨਾਂ ਕਿਸੇ ਚਾਅ, ਨਾਖੁਸ਼ ਤਬੀਅਤ ਨਾਲ ਮਿਲੀ। ਸੰਖੇਪ ਜਿਹੀ ਗੁਫ਼ਤਗੂ ਮਗਰੋਂ ਜਲਦ ਹੀ ਸਭ ਨੇ ਨਵਨੀਤ ਦੇ ਉੱਖੜੇ ਵਿਵਹਾਰ ਤੇ ਕੁਰੱਖਤ ਵਤੀਰੇ ਨੂੰ ਤਾੜ ਲਿਆ। ਨਵਨੀਤ ਕੁੱਝ ਦੇਰ ਚੁੱਪ ਤੇ ਗ਼ਮਜ਼ਦਾ ਹੋਈ ਬੈਠੀ ਰਹੀ। ਬਾਕੀ ਮੈਬਰਾਂ ਵਿੱਚ ਵੀ ਕੋਈ ਬਹੁਤਾ ਵਿਚਾਰ ਵਟਾਂਦਰਾ ਨਾ ਹੋਇਆ। ਚਾਹ ਪੀਂਦਿਆਂ ਅਚਾਨਕ ਨਵਨੀਤ ਦੀ ਨਜ਼ਰ ਲੰਡਨ ਦੇ ਸਭ ਤੋਂ ਮਸ਼ਹੂਰ ਬੋਲਡ ਸਟੂਡਿਓ ਦੇ ਲਿਫ਼ਾਫ਼ੇ ਤੇ ਪਈ। ਉਸ ਨੇ ਲਿਫ਼ਾਫ਼ਾ ਚੁੱਕਿਆ ਵਿੱਚ ਕਿਸੇ ਖੁਬਸੂਰਤ ਨੌਜਵਾਨ ਦੀ ਫੋਟੋ ਅਤੇ ਨਾਲ ਇੱਕ ਸਫ਼ੇ ਉੱਤੇ ਬਾਇਉ ਡੇਟਾ ਲਿਖਿਆ ਸੀ।
"ਐਵੇਂ ਸ਼ਿੰਦੀ (ਨਵਨੀਤ ਦੀ ਮਾਂ ਦੀ ਸਹੇਲੀ) ਮੱਲੋ-ਮੱਲੀ ਰੱਖ ਗਈ। ਮੈਂ ਤਾਂ ਬਥੇਰੀ ਮੋੜੀ ਸੀ। ਹੁਣ ਸ਼ਾਮ ਨੂੰ ਜਾ ਕੇ ਮੋੜ ਕੇ ਆਊਂਗੀ। ਲਿਆ ਪਰ੍ਹੇ ਰੱਖ ਦੇਵਾਂ।" ਨਵਨੀਤ ਦੀ ਮਾਂ ਫੋਟੋ ਫੜ੍ਹਨ ਲਈ ਅੱਗੇ ਵਧੀ।
"ਕੌਣ ਹੈ?" ਨਵਨੀਤ ਨੇ ਤਫ਼ਤੀਸ਼ ਕਰੀ।
"ਉਹਦਾ ਭਤੀਜਾ ਪਿਛਲੇ ਹਫ਼ਤੇ ਇੰਡੀਆ ਤੋਂ ਆਇਐ। ਤੇਰੇ ਰਿਸ਼ਤੇ ਨੂੰ ਜ਼ੋਰ ਪਾਉਂਦੇ ਸੀ। ਅਸੀਂ ਤਾਂ ਉਸੇ ਵੇਲੇ ਨਾਂਹ ਕਰ ਦਿੱਤੀ ਸੀ।" ਮਾਂ ਨੇ ਸਫ਼ਾਈ ਪੇਸ਼ ਕਰੀ।
"ਤੁਹਾਨੂੰ ਪਸੰਦ ਹੈ?" ਨਵਨੀਤ ਨੇ ਫੋਟੋ ਵੱਲ ਨੀਝ ਨਾਲ ਤੱਕਦਿਆਂ ਪੁੱਛਿਆ।
"ਸਾਡੀ ਪਸੰਦ ਨਾ-ਪਸੰਦ ਨਾਲ ਕੀ ਹੁੰਦੈ।" ਮਾਂ ਵੱਲੋਂ ਇਹ ਨਿਹੋਰਾ ਵੀ ਸੀ ਤੇ ਪੁੱਛੇ ਸਵਾਲ ਦਾ ਉੱਤਰ ਹਾਂ ਵੀ ਸੀ।
ਨਵਨੀਤ ਆਪਣੇ ਬੈਗ ਅਤੇ ਉਹ ਤਸਵੀਰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਉਸ ਦੇ ਅਜਿਹੇ ਪ੍ਰਤੀਕ੍ਰਮ ਦੀ ਕਿਸੇ ਨੂੰ ਵੀ ਆਸ ਨਹੀਂ ਸੀ।
ਉਹ ਮੁੰਡਾ ਦਿਲਰਾਜ ਵਾਂਗ ਕਲੀਨ ਸ਼ੇਵ ਸੋਹਣਾ ਸੁਨੱਖਾਂ ਸੀ। ਨਵਨੀਤ ਨੇ ਬਾਇa ਡੇਟਾ ਧਿਆਨ ਨਾਲ ਪੜ੍ਹਿਆ। ਉਸ ਮੁੰਡੇ ਦਾ ਨਾਂ ਦਲਜੀਤ ਪੜ੍ਹਦਿਆਂ ਹੀ ਨਵਨੀਤ ਨੂੰ ਦਿਲਰਾਜ ਦਾ ਚੇਤਾ ਆ ਗਿਆ ਤੇ ਮਨ ਦਿਲਰਾਜ ਲਈ ਘ੍ਰਿਣਾ ਨਾਲ ਭਰ ਗਿਆ।
ਨਵਨੀਤ ਦੀਆਂ ਅੱਖਾਂ ਅੱਗੇ ਦਿਲਰਾਜ ਦੀ ਉਸ ਚਿੱਠੀ ਵਿਚਲੇ ਅੱਖਰ ਨੱਚਣ ਲੱਗੇ।
"ਮੈਨੂੰ ਵਿਆਹ ਲਈ ਉਹ ਕੁੜੀ ਚਾਹੀਦੀ ਹੈ। ਜਿਹੜੀ ਮੇਰੇ ਪੇਰੈਂਟ ਦੀ ਸੇਵਾ ਕਰੇ। ਏਸ਼ੀਅਨ ਕਲਚਰ ਬਾਰੇ ਜਾਣਦੀ ਹੋਵੇ, ਟਿਪੀਕਲ ਇੰਡੀਅਨ ਹੋਵੇ। ਤੇਰੇ ਵਰਗੀ ਅਵਾਰਾ, ਵੈਸਟਰਨਾਇਜ਼ਡ ਨਹੀਂ। ਜਿਹੜੀ ਕੁੜੀ ਵਿਆਹ ਤੋਂ ਪਹਿਲਾਂ ਮੇਰੇ ਨਾਲ ਸਭ ਕੁੱਝ ਕਰ ਸਕਦੀ ਹੈ। ਉਹ ਵਿਆਹ ਤੋਂ ਬਾਅਦ ਪਤਾ ਨਹੀਂ ਕੀ ਚੰਨ ਚਾੜਦੀ ਫਿਰੂ। ਮੈਨੂੰ ਮਾਡਰਨ ਖ਼ਿਆਲਾਂ ਵਾਲੀ ਤੇਰੇ ਵਰਗੀ ਗਸ਼ਤੀ ਨਹੀਂ, ਸਾਊ-ਸ਼ਰੀਫ਼, ਪਾਕ-ਦਾਮਨ ਯਾਨੀ ਅਣਲੱਗ! ਬੀਵੀ ਚਾਹੀਦੀ ਹੈ। ਖੌਰੇ ਤੂੰ ਕੀਹਦੇ ਕੀਹਦੇ ਨਾਲ ਖੇਹ ਖਾਧੀ ਹੈ। ਤੂੰ ਮੇਰੀ ਕਲਪਨਾ ਤੋਂ ਬਹੁਤ ਪਰ੍ਹੇਂ ਹੈਂ। ਅਲਬੱਤਾ ਮੈਂ ਤੇਰੇ ਨਾਲ ਯਾਦਗਾਰੀ ਵਕਤ ਬਿਤਾਇਆ ਹੈ।"
"ਆਪ ਕੀ ਦੁੱਧ-ਧੋਤਾ ਹੈ? ਵਿਰਜਿਨ ਭਾਲਦੈ।" ਨਵਨੀਤ ਦਾ ਤਨ ਗੁੱਸੇ ਨਾਲ ਭਖ ਉੱਠਿਆ।
ਹੁਣ ਸਮਝੀ ਆਂ। ਇਸੇ ਕਰਕੇ ਆਪਣੇ ਘਰ ਵੀ ਨਹੀਂ ਸੀ ਲੈ ਕੇ ਗਿਆ। ਤਦੇ ਤਾਂ ਉਸ ਨੇ ਆਪਣੇ ਪਰਿਵਾਰ ਨਾਲ ਨਹੀਂ ਮਿਲਾਇਆ ਸੀ। ਨਵਨੀਤ ਦਾ ਜ਼ਿੰਦਗੀ ਦੇ ਇਸ ਭੱਦੇ ਤਜ਼ਰਬੇ ਨਾਲ ਬਹੁਤ ਦਿਲ ਦੁੱਖਿਆ।
ਨਵਨੀਤ ਨੇ ਆਪਣੇ ਮਾਂ-ਬਾਪ ਤੇ ਭੈਣ ਦੇ ਵਿਆਹ ਦੀ ਤੁਲਨਾ ਕਰੀ। ਦੋਨਾਂ ਨੂੰ ਜਾਂਚਿਆ। ਡੈਡ ਭਾਵੇਂ ਮੰਮ ਨੂੰ ਮਾਰਦਾ ਕੁੱਟਦਾ ਸੀ। ਪਰ ਫਿਰ ਵੀ ਉਹ ਇਕੱਠੇ ਹਨ। ਭੈਣ ਜੀ ਨੇ ਲਵ-ਮੈਰਿਜ ਕਰਵਾਈ ਸੀ ਤੇ ਇੱਕ ਸਾਲ ਬਾਅਦ ਉਹਦੀ ਤਲਾਕ ਲਈ ਅਰਜ਼ੀ ਕੋਰਟ ਵਿੱਚ ਸੀ।
ਹੁਣ ਤੱਕ ਤਾਂ ਨਵਨੀਤ ਵਿਚਾਰਾਂ ਵਿੱਚ ਪ੍ਰੇਮ ਵਿਆਹ ਨੂੰ ਹੀ ਤਰਜੀਹ ਦਿੰਦੀ ਹੁੰਦੀ ਸੀ। ਅੱਜ ਪਹਿਲੀ ਵਾਰ ਉਸ ਦੇ ਦਿਮਾਗ ਨੇ ਸੋਚਿਆ ਕਿ, "ਦੀਦੀ ਦੀ ਤਾਂ ਜੀਜਾ ਜੀ ਨਾਲ ਵਿਆਹ ਤੋਂ ਪੰਜ ਸਾਲ ਪਹਿਲਾਂ ਦੀ ਦੋਸਤੀ ਸੀ। ਕੀ ਫ਼ਾਇਦਾ ਹੋਇਆ ਹੈ? ਇਸ ਨਾਲੋਂ ਤਾਂ ਮੰਮੀ ਡੈਡੀ ਦੀ ਅਰੇਂਜਡ ਮੈਰਿਜ ਵਧੇਰੇ ਕਾਮਯਾਬ ਰਹੀ ਹੈ। ਭਾਵੇਂ ਉਹ ਲੜਦੇ-ਝਗੜਦੇ ਵੀ ਰਹੇ। ਰਿਸ਼ਤੇਦਾਰ ਉਹਨਾਂ ਦੀ ਸੁਲ੍ਹਾ ਕਰਵਾਉਣ ਲਈ ਵੀ ਤਾਂ ਆ ਜਾਂਦੇ ਸਨ। ਭੈਣ ਜੀ ਦੇ ਟੁੱਟਦੇ ਵਿਆਹ ਵਿੱਚ ਤਾਂ ਕਿਸੇ ਨੇ ਦਖਲਅੰਦਾਜ਼ੀ ਨਹੀਂ ਸੀ ਕਰੀ। ਕਿਉਂਕਿ ਉਸ ਵਿਆਹ ਵਿੱਚ ਸਿਰਫ਼ ਦੀਦੀ ਦੀ ਹੀ ਮਰਜ਼ੀ ਤੇ ਉਸ ਦੀ ਇਕੱਲੀ ਦੀ ਹੀ ਉਹ ਚੋਣ ਸੀ। ਕੀ ਖੱਟਿਆ ਦੀਦੀ ਨੇ ਲੱਵ-ਮੈਰਿਜ ਚੋਂ? ਕੀ ਫ਼ਰਕ ਹੈ? ਕੀ ਸਵਰਦਾ ਹੈ ਵਾਕਫ਼ ਬੰਦੇ ਨਾਲ ਵਿਆਹ ਕਰਵਾ ਕੇ? ਸਭ ਮਰਦ ਇਕੋ ਜਿਹੇ ਹੁੰਦੇ ਹਨ। ਮੈਂ ਵੀ ਅੰਗ ਲਗਾ ਕੇ ਦਿਲਰਾਜ ਨੂੰ ਸਮਝ ਨਹੀਂ ਸਕੀ, ਉਸ ਦੀ ਨੀਅਤ ਨਹੀਂ ਜਾਣ ਸਕੀ।"
ਨਵਨੀਤ ਦੇ ਅੰਦਰ ਹੀ ਅੰਦਰ ਕਈ ਕੁੱਝ ਰਿੱਝਣ ਲੱਗਿਆ। ਉਸ ਨੇ ਦਿਮਾਗ ਨੂੰ ਠੰਡਾ ਕਰਕੇ ਸੋਚਣ ਦਾ ਯਤਨ ਕਰਿਆ, "ਨਹੀਂ ਮੈਂ ਜਲਦਬਾਜੀ ਵਿੱਚ ਕਿਸੇ ਅਜਨਬੀ ਨਾਲ ਸ਼ਾਦੀ ਨਹੀਂ ਕਰਾਂਗੀ। ਮੈਂ ਦਿਲਰਾਜ ਦੀ ਗ਼ਲਤਫ਼ਹਿਮੀ ਦੂਰ ਕਰਾਂਗੀ। ਉਸ ਤੋਂ ਬਿਨਾਂ ਕਿਵੇਂ ਕੱਟਾਂਗੀ ਇਸ ਪਹਾੜ ਵਰਗੀ ਜ਼ਿੰਦਗੀ ਨੂੰ? ਜੇ ਦਿਲਰਾਜ ਨਾ ਮੰਨਿਆ ਤਾਂ ਮੈਂ ਵਿਆਹ ਹੀ ਨਹੀਂ ਕਰਵਾਉਣਾ। ਹੋਰ ਕੋਈ ਦਿਲਰਾਜ ਵਰਗਾ ਨਹੀਂ ਹੋ ਸਕਦਾ।"
ਇਨਸਾਨੀ ਦਿਲ ਕੋਈ ਬਿਜਲੀ ਦਾ ਸਵਿੱਚ ਥੋੜ੍ਹਾ ਹੁੰਦਾ ਹੈ ਕਿ ਜਦੋਂ ਜੀਅ ਚਾਹਿਆ ਔਫ ਕਰਕੇ ਕਰੰਟ ਰੋਕ ਲਉ ਤੇ ਜਦੋਂ ਮਨ ਕਰੇ ਔਨ ਕਰਕੇ ਕਰੰਟ ਲੰਘ ਲੈਣ ਦਿਉ। ਤਾਂਹੀਓ ਤਾਂ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਨਵਨੀਤ ਆਪਣੇ ਮਨ ਵਿੱਚ ਉੱਗੇ ਹੋਏ ਦਿਲਰਾਜ ਦੀ ਉਲਫ਼ਤ ਦੇ ਘਣੇ ਰੁੱਖ ਨੂੰ ਜੜ੍ਹੋਂ ਪੁੱਟਣਾ ਤਾਂ ਦੂਰ ਉਸ ਨੂੰ ਛਾਂਗ ਵੀ ਨਹੀਂ ਸਕੀ ਸੀ।
ਉਸ ਨੇ ਦਿਲਰਾਜ ਅਤੇ ਦਲਜੀਤ ਦੋਨਾਂ ਦੀਆਂ ਫੋਟੋਆਂ ਨੂੰ ਬਰਾਬਰ ਰੱਖ ਕੇ ਨਿਰਖ ਨਾਲ ਵਾਚਿਆ। ਦੋਨੋਂ ਫੋਟੋਆਂ ਦੋ ਵੱਖੋ-ਵੱਖਰੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੀਆਂ ਪ੍ਰਤੀਨਿਧ ਬਣਿਆਂ ਉਸ ਦੀਆਂ ਨਜ਼ਰਾਂ ਅੱਗੇ ਪਈਆਂ ਸਨ।
ਇੱਕ ਪਾਸੇ ਅਰੇਂਜ ਮੈਰਿਜ, ਭਾਰਤੀ ਲੜਕਾ, ਨਵਾਂ ਬਿਲਕੁਲ ਅਣਜਾਣ ਵਿਅਕਤੀ। ਦੂਜੀ ਤਰਫ਼ ਲੱਵ ਮੈਰਿਜ, ਵਲਾਇਤੀ ਮੁੰਡਾ, ਜੋ ਵਾਕਫ਼, ਦੋਸਤ, ਪ੍ਰੇਮੀ ਹੈ।
ਕਿਸ ਸੱਭਿਆਚਾਰ ਨੂੰ ਚੁਣੇ ਕੇ ਗ੍ਰਹਿਣ ਕਰੇ ਤੇ ਕਿਸ ਨੂੰ ਠੁਕਰਾਏ? ਇਸ ਸਵਾਲ ਨੂੰ ਹੱਲ ਕਰਨ ਲਈ ਨਵਨੀਤ ਆਪਣੇ ਵਿਚਾਰਾਂ, ਭਾਵਨਾਵਾਂ, ਸੋਚ ਤੇ ਜ਼ਿਹਨ ਨਾਲ ਖਿੱਚੋਤਾਣ ਕਰਦੀ ਕਾਫ਼ੀ ਦੇਰ ਤੱਕ ਜੂਝਦੀ ਰਹੀ।
"ਦਿਲਰਾਜ ਐਸਾ ਨਹੀਂ, ਮੈਂ ਉਸ ਦੀ ਮਿੰਨਤ ਕਰਾਂਗੀ। ਉਸ ਨੂੰ ਸਮਝਾਵਾਂਗੀ। ਉਹ ਮੰਨ ਜਾਵੇਗਾ । ਹਾਂ, ਉਹ ਮੇਰੇ ਆਖੇ ਲੱਗ ਜਾਵੇਗਾ। ਜਿਸ ਨੂੰ ਸਭ ਕੁੱਝ ਲੁਟਾਇਐ, ਜੇ ਉਹ ਨਾ ਮੈਨੂੰ ਰੱਖੇਗਾ ਤਾਂ ਫਿਰ ਹੋਰ ਕੌਣ ਸੰਭਾਲੇਗਾ? ਨਹੀਂ ਮੈਨੂੰ ਹੋਰ ਕਿਸੇ ਨੇ ਨਹੀਂ ਅਪਣਾਉਣਾ। ਮੈਂ ਤਾਂ ਹੁਣ ਸਿਰਫ਼ ਦਿਲਰਾਜ ਜੋਗੀ ਹੀ ਰਹਿ ਗਈ ਹਾਂ। ਉਹ ਦੁੱਖੀ ਹੋ ਕੇ ਰੱਖੇ ਭਾਵੇਂ ਖੁਸ਼ ਹੋ ਕੇ, ਪਿਆਰ ਨਾਲ ਚਾਹੇ ਵੱਢ-ਟੁੱਕ ਕੇ, ਜਿਵੇਂ ਮਰਜ਼ੀ ਰੱਖੇ ਮੈਂ ਉਸ ਨਾਲ ਹੀ ਰਹਿਣਾ ਹੈ। ਹੋਰ ਕੌਣ ਲਏਗਾ ਮੈਨੂੰ ਜੂਠ ਨੂੰ?ਏਸ਼ੀਅਨ ਨਾਰੀ ਇੱਕ ਵਾਰ ਜਿਸ ਨੂੰ ਪਤੀ ਮੰਨ ਲੈਂਦੀ। ਸਾਰੀ ਉੱਮਰ ਉਸ ਦਾ ਪੱਲਾ ਨਹੀਂ ਛੱਡਦੀ। ਪਤੀ ਦੀ ਮੱਚਦੀ ਚਿਖਾ ਵਿੱਚ ਛਾਲ ਮਾਰ ਕੇ ਸਤੀ ਹੋ ਜਾਂਦੀ ਹੈ। ਜਿਉਂਦੇ ਜੀਅ ਆਪਣੇ ਖਸਮ ਨੂੰ ਛੱਡਣਾ ਇਸਤਰੀ ਦਾ ਧਰਮ ਨਹੀਂ।" ਉਸ ਨੇ ਖੁਦ ਨੂੰ ਧਰਵਾਸਾ ਦੈਣ ਲਈ ਦਿਲਰਾਜ ਦੇ ਹੱਕ ਵਿੱਚ ਦਲੀਲਾਂ ਘੱੜੀ ਤਾਂ ਉਸ ਦੀ ਨਿਗਾਹ ਦਿਲਰਾਜ ਦੇ ਖ਼ਤ ਤੇ ਪੈਂਦਿਆਂ ਹੀ ਉਸ ਦੀ ਲੇਰ ਨਿਕਲ ਗਈ।
ਦਿਲਰਾਜ ਦੇ ਖ਼ਿਲਾਫ਼ ਉਸ ਦੇ ਚੁਸਤ ਦਿਮਾਗ ਚੋਂ ਜਨਮੀ ਵਿਰੋਧੀ-ਸੋਚ ਨੇ ਆਪਣਾ ਰੰਗ ਦਿਖਾਇਆ, "ਮੈਂ ਭਾਰਤੀ ਮਹਿਲਾ ਨਹੀਂ! ਬਰਤਾਨਵੀ ਨਾਗਰਿਕ ਹਾਂ! ਜੇ ਮਰਦ ਦਾ ਕੁੱਝ ਨਹੀਂ ਵਿਗੜਦਾ ਤਾਂ ਔਰਤ ਦਾ ਕੀ ਘੱਸ ਜਾਂਦਾ ਹੈ? ਜੇ ਦਿਲਰਾਜ ਨੂੰ ਕੋਈ ਫ਼ਰਕ ਨਹੀ ਪਿਆ ਤਾਂ ਮੇਰੀ ਕੀ ਮੋਟਰ ਸੜ੍ਹ ਗਈ? ਮੈਨੂੰ ਕਿਹੜਾ ਮਰਦਾਂ ਦਾ ਘਾਟਾ ਹੈ! ਜਿਸ ਨੂੰ ਮੇਰੀ ਕਦਰ ਨਹੀਂ। ਮੈਂ ਕਿਉਂ ਉਹਦੇ ਪਿੱਛੇ ਕਲਪਦੀ ਹਾਂ ?"
ਨਵਨੀਤ ਦੇ ਵਿਦਰੋਹੀ ਮਨ ਨੇ ਭਾਵੁਕਤਾ ਦੀ ਢਾਲ ਵਿੱਚ ਸੁਰੱਖਿਅਤ ਦਿਲਰਾਜ ਦੇ ਪ੍ਰੇਮ ਨੂੰ ਕਤਲ ਕਰਨ ਲਈ ਵਾਰ ਕੀਤਾ, "ਹੂੰ।"
ਫਿਰ ਨਵਨੀਤ ਨੂੰ ਦਿਲਰਾਜ ਨਾਲ ਬਿਤਾਏ ਦਿਨ ਤੇ ਇਕੱਠੇ ਗੁਜ਼ਾਰੀਆਂ ਰਾਤਾਂ ਦਾ ਖ਼ਿਆਲ ਆਇਆ ਤੇ ਉਹਦੀ ਸੋਚ ਪਲਟਾ ਖਾ ਗਈ, "ਪਰ ਦਿਲਰਾਜ, ਉਹ ਮੇਰਾ ਹੈ ਸਿਰਫ਼ ਮੇਰਾ ਰਾਜ ਮੈਂ ਉਹਦੇ ਬਿਨਾਂ ਅੱਧੀ ਹਾਂ ਤੇ ਉਹ ਮੇਰੇ ਬਾਜੋਂ ਅਮੁਕੰਮਲ ਉਹ ਮੈਨੂੰ ਨਹੀਂ ਛੱਡ ਸਕਦਾ। ਕਦੇ ਵੀ ਨਹੀਂ…।"
ਕੋਈ ਫੈਸਲਾ ਕਰ ਸਕਣ ਤੋਂ ਅਸਮਰਥ ਹੋ ਕੇ ਉਹ ਖਿੱਝ ਗਈ, "ਹਾਏ ਰੱਬਾ ਮੈਂ ਕੀ ਕਰਾਂ?" ਖਿਆਲਾਂ ਦੀ ਕਸ਼-ਮ-ਕਸ਼ ਤੇ ਸ਼ਿਦੱਤ ਦੀ ਸੋਚ ਵਿਚਾਰ ਮਗਰੋਂ ਨਵਨੀਤ ਮਨ ਬਣਾਉਣ ਵਿੱਚ ਸਫ਼ਲ ਹੋ ਗਈ।
"ਜੇ ਅੱਜ ਦਿਲਰਾਜ ਕਹੇ ਲੱਗ ਕੇ ਸ਼ਾਦੀ ਲਈ ਰਾਜ਼ੀ ਹੋ ਵੀ ਗਿਆ ਤਾਂ ਹੋ ਸਕਦਾ ਹੈ ਕੱਲ੍ਹ ਨੂੰ ਫੇਰ ਸ਼ੱਕ ਕਰਨ ਲੱਗ ਜਾਵੇ। ਫਿਰ ਮੈਂ ਕੀ ਕਰਾਂਗੀ? ਨਹੀਂ, ਕੱਚੀਆਂ ਨੀਹਾਂ ਤੇ ਉਸਾਰੀ ਕਰਨ ਦਾ ਕੋਈ ਫ਼ਾਇਦਾ ਨਹੀਂ। ਜੇਕਰ ਉਹ ਸੀਲਬੰਦ ਭਾਲਦਾ ਹੈ ਤਾਂ ਮੈਂ ਕਿਉਂ ਚੁਪੇ ਹੋਏ ਗੰਨੇ ਉੱਤੇ ਲੁੱਝਦੀ ਫਿਰਦੀ ਆਂ। ਹਾਂ, ਮੈਂ ਇਸ ਅਜਨਬੀ ਦਲਜੀਤ ਨਾਲ ਹੀ ਵਿਆਹ ਕਰਵਾਉਂਗੀ। ਘੱਟੋਂ-ਘੱਟ ਇਸ ਨੂੰ ਮੇਰੇ ਅਣਲੱਗ ਹੋਣ ਦਾ ਭਰਮ ਤਾਂ ਹੋਵੇਗਾ ਨਾਲੇ ਮੈਨੂੰ ਵਿਸ਼ਵਾਸ਼ ਹੋਵੇਗਾ ਕਿ ਮੈਂ ਆਪਣੇ ਪਤੀ ਦੇ ਅਣਛੋਹੇ ਮਾਸ ਨੂੰ ਵਰਤ ਰਹੀ ਹਾਂ।"
ਮਜ਼ਬੂਤ ਇਰਾਦੇ ਨਾਲ ਉਸ ਨੇ ਦਿਲਰਾਜ ਦੀ ਫੋਟੋ ਤੇ ਚਿੱਠੀ ਪਾੜ ਦਿੱਤੀ ਤੇ ਪਿਆਰ ਨਾਲ ਦਲਜੀਤ ਦੀ ਫੋਟੋਗ੍ਰਾਫ ਨੂੰ ਫ਼ਰੇਮ ਵਿੱਚ ਜੜਿਆ। ਫੋਟੋ ਜੜ ਕੇ ਉਸ ਨੇ ਥੋੜ੍ਹਾ ਰੁੱਕ ਕੇ ਆਪਣੀ ਚੋਣ ਪ੍ਰਤੀ ਦੁਬਾਰਾ ਤੇ ਆਖ਼ਰੀ ਵਾਰ ਸੋਚ ਕੇ ਫੈਸਲਾਕੁਨ ਲਹਿਜ਼ੇ ਵਿੱਚ ਉਚਾਰਿਆ, "ਹਾਂ ਹੁਣ ਮੈਂ ਜ਼ਿੰਦਗੀ ਦਾ ਨਵੇਂ ਸਿਰਿਉਂ ਆਗਾਜ਼ ਕਰਾਂਗੀ।"
ਖੁੱਲ੍ਹੇ ਵਾਲਾਂ ਨੂੰ ਰਬੜਬੈਂਡ ਪਾ ਕੇ ਬੰਨ੍ਹਦੀ ਹੋਈ ਉਹ ਕਮਰੇ ਚੋਂ ਬਾਹਰ ਆਈ। ਥੱਲੇ ਜਾ ਕੇ ਘਰਵਾਲਿਆਂ ਨੂੰ ਆਪਣੇ ਨਿਰਣੇ ਤੋਂ ਜਾਣੂ ਕਰਵਾਇਆ। ਸਭ ਨੂੰ ਅਸਚਰਜ ਹੋਇਆ। ਪਰੰਤੂ ਜਲਦ ਹੀ ਮਾਪਿਆਂ ਦੇ ਚਿਹਰੇ 'ਤੇ ਖ਼ਬਰ ਸੁਣ ਕੇ ਖੁਸ਼ੀ ਦੀ ਲਹਿਰ ਦੌੜ ਗਈ। ਸਾਰੇ ਪਰਿਵਾਰ ਦੀਆਂ ਖੁਸ਼ੀਆਂ ਦਾ ਕੋਈ ਅੰਤ ਨਾ ਰਿਹਾ। ਸਾਰਾ ਟੱਬਰ ਉਸ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ।
ਮਾਪਿਆਂ ਦੁਆਰਾ ਪਸੰਦ ਕੀਤੇ ਮੁੰਡੇ ਦਲਜੀਤ ਦੀ ਫਰੇਮਬੱਧ ਫੋਟੋ ਨਵਨੀਤ ਦੇ ਕਮਰੇ ਦੀ ਸਜਾਵਟ ਵਧਾ ਰਹੀ ਸੀ। ਇਸ ਵਾਰ ਨਵਨੀਤ ਨੂੰ ਆਪਣੇ ਕਰੇ ਫੈਸਲੇ 'ਤੇ ਕੋਈ ਅਫ਼ਸੋਸ ਨਹੀਂ ਸੀ। ਉਹ ਅੱਜੀਂ-ਪੱਜੀਂ ਕਮਰੇ ਵਿੱਚ ਜਾ ਕੇ ਦਲਜੀਤ ਦੀ ਤਸਵੀਰ ਨੂੰ ਕਦੇ ਸੀਨੇ ਨਾਲ ਲਾਉਂਦੀ ਤੇ ਕਦੇ ਚੁੰਮਦੀ ਹੋਈ ਖੁਸ਼ੀ ਵਿੱਚ ਝੂਮ ਉੱਠਦੀ। ਨਵਨੀਤ ਨੇ ਦਿਲਰਾਜ ਨੂੰ ਬੀਤ ਚੁੱਕੀ ਰਾਤ ਵਾਲੇ ਕਿਸੇ ਭਿਆਨਕ ਖ਼ਾਬ ਵਾਂਗ ਵਿਸਾਰ ਦਿੱਤਾ ਸੀ। ਹੁਣ ਦਲਜੀਤ ਹੀ ਉਸ ਦੀ ਹਕੀਕਤ, ਦਲਜੀਤ ਹੀ ਉਸ ਦਾ ਭਵਿੱਖ ਅਤੇ ਦਲਜੀਤ ਹੀ ਉਸ ਦਾ ਸੰਸਾਰ ਬਣ ਗਿਆ ਸੀ।
****

ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk

No comments:
Post a Comment