ਆਦਿਕਾ: ਇਹ ਕਹਾਣੀ ਮੇਰੀ ਪਹਿਲਾਂ ਲਿਖੀ ਕਹਾਣੀ 'ਲੇਡੀ ਗੌਡੀਵਾ ਦਾ ਨੰਗਾ ਸੱਚ' ਦਾ ਅਗਲਾ ਭਾਗ ਹੈ। ਇਸ ਵਿਚ ਮੈਂ ਗੌਡੀਵਾ ਦਾ ੨੦੧੦ ਵਿਚ ਪੁਨਰ ਜਨਮ ਦਿਖਾਇਆ ਹੈ। ਇਹ ਕਹਾਣੀ ਲਿਖ ਕੇ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਔਰਤ ਦੀ ਦਸ਼ਾ ਵਿਚ ਕਦੇ ਵੀ ਸੁਧਾਰ ਨਹੀਂ ਆਇਆ। ਔਰਤ ਨੂੰ ਹਰ ਜੁੱਗ ਵਿਚ ਨੰਗੀ ਕੀਤਾ ਜਾਂਦਾ ਹੈ। ਚਾਹੇ ਦਰੋਪਦੀ ਦੇ ਰੂਪ ਵਿਚ ਜ਼ਬਰਦਸਤੀ। ਚਾਹੇ ਗਿਆਰਵੀਂ ਸਦੀ ਦੀ ਗੌਡੀਵਾ ਦੇ ਰੂਪ ਵਿਚ ਮਜ਼ਬੂਰਨ ਜਾਂ ਮੌਜੁਦਾ ਨਗਨ ਨ੍ਰਿਤਕੀਆਂ ਦੇ ਰੂਪ ਵਿਚ ਉਕਸਾਕੇ।ਕੀ ਇਹ ਨਗਨਤਾ ਕਦੇ ਰੁੱਕੇਗੀ? ਮੇਰੀ ਇਹ ਕਹਾਣੀ ਲਿਖਣ ਦਾ ਮਕਸਦ ਸਮਾਜ ਅੱਗੇ ਇਹ ਸਵਾਲ ਖੜ੍ਹੇ ਕਰਨਾ ਹੈ!-ਬਲਰਾਜ ਸਿੰਘ ਸਿੱਧੂ, ਯੂ. ਕੇ.
'ਖੜਾਕ!!!'
ਰੌਇਲਮੇਲ ਦੇ ਡਾਕੀਏ ਨੇ ਚਿੱਠੀਆਂ ਦਾ ਥੱਬਾ ਮੁੱਖ ਦਰਵਾਜ਼ੇ ਵਿਚ ਬਣੇ ਲੈਟਰਬੌਕਸ ਰਾਹੀਂ ਗੌਡੀਵਾ ਦੇ ਘਰ ਅੰਦਰ ਸਿੱਟ ਦਿੱਤਾ।ਖਤਦਾਨ ਦੇ ਢੱਕਣ ਨਾਲ ਹੋਏ ਖੜਕੇ ਕਾਰਨ ਬੈਠਕ ਵਿਚ ਘੂਕ ਸੁੱਤੀ ਪਈ ਗੌਡੀਵਾ ਨੂੰ ਜਾਗ ਆ ਗਈ। ਬੈੱਡਸੈਟੀ ਉੱਤੇ ਲੇਟੀ ਹੋਈ ਨੇ ਉਹਨੇ ਅੱਖਾਂ ਖੋਲ੍ਹੀਆਂ ਤਾਂ ਛੱਤ ਦੇ ਭੁਰ ਰਹੇ ਪਲਾਸਤਰ ਦੇ ਖਲੇਪਰਾਂ ਵਿਚੋਂ ਸੀਮਿੰਟ ਕਿਰ ਕੇ ਉਸਦੀਆਂ ਅੱਖਾਂ ਵਿਚ ਪੈ ਗਿਆ।ਗੌਡੀਵਾ ਨੇ ਤਤਫੱਟ ਉੱਠ ਕੇ ਅੱਖਾਂ ਮੀਚੀਆਂ ਤੇ ਸੀਮਿੰਟ ਦੇ ਕਣਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ।ਉਂਗਲਾਂ ਦੀ ਦਬਾਅਪੂਰਬਕ ਰਗੜ ਨਾਲ ਭਾਵੇਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਪਰ ਉਹਨੂੰ ਰੜਕਦੇ ਸੀਮਿੰਟ ਦੇ ਕਣਾਂ ਤੋਂ ਨਿਜਾਤ ਮਿਲ ਗਈ।
ਗੌਡੀਵਾ ਨੇ ਬੂਹੇ ਕੋਲ ਡਿੱਗੀਆਂ ਚਿੱਠੀਆਂ ਵੱਲ ਦੇਖਿਆ, ਉਸਨੂੰ ਆਪਣਾ ਸਿਰ ਭਾਰਾ ਭਾਰਾ ਮਹਿਸੂਸ ਹੋਇਆ। ਇਕ ਨਾ ਕਾਬਲ-ਏ-ਬਰਦਾਸ਼ਤ ਦਰਦ ਮੱਥੇ ਵਿਚ ਸ਼ੁਰੂ ਹੋ ਗਿਆ।ਪੁੜਪੜੀਆਂ ਝਰਨ ਝਰਨ ਕਰਨ ਲੱਗੀਆਂ।ਰਾਤ ਤਾਂ ਉਸਨੇ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ।ਫਿਰ ਇਹ 'ਹੈਂਗਓਵਰ' ਕਿਵੇਂ ਹੋ
ਗਿਆ? ਉਸਨੂੰ ਕੋਈ ਸਮਝ ਨਾ ਆਈ।ਉਸਨੇ ਚਿੱਠੀਆਂ ਚੁੱਕੀਆਂ ਤੇ ਰਸੋਈ ਵਿਚ ਜਾ ਕੇ ਪਹਿਲਾਂ ਪਾਣੀ ਨਾਲ ਦੋ ਗੋਲੀਆਂ 'ਪੈਰਾਸੀਟਾਮੋਲ' ਦੀਆਂ ਲਈਆ ਤੇ ਫਿਰ ਇਕ ਇਕ ਕਰਕੇ ਚਿੱਠੀਆਂ ਖੋਲ੍ਹਣ ਲੱਗੀ।
ਗਿਆ? ਉਸਨੂੰ ਕੋਈ ਸਮਝ ਨਾ ਆਈ।ਉਸਨੇ ਚਿੱਠੀਆਂ ਚੁੱਕੀਆਂ ਤੇ ਰਸੋਈ ਵਿਚ ਜਾ ਕੇ ਪਹਿਲਾਂ ਪਾਣੀ ਨਾਲ ਦੋ ਗੋਲੀਆਂ 'ਪੈਰਾਸੀਟਾਮੋਲ' ਦੀਆਂ ਲਈਆ ਤੇ ਫਿਰ ਇਕ ਇਕ ਕਰਕੇ ਚਿੱਠੀਆਂ ਖੋਲ੍ਹਣ ਲੱਗੀ।
ਲਾਲ ਅੱਖਰਾਂ ਵਿਚ ਪਾਣੀ ਦਾ ਬਿੱਲ… ਬਿਜਲੀ ਕੱਟ ਦੇਣ ਦੀ ਧਮਕੀ… ਕਰੈਡਿਟ ਕਾਰਡ ਦੀ ਬੈਂਕ ਸਟੇਟਮੈਂਟ ਉੱਤੇ ਵਿਆਜ ਅਤੇ ਪੈਂਲਟੀਆਂ ਲੱਗ ਕੇ ਅਦਾਇਗੀ ਦੀ ਵਧੀ ਰਕਮ… ਪੇਅ ਐਜ਼ ਯੂ ਗੋ ਫੋਨ ਨੂੰ ਲੰਮੇ ਅਰਸੇ ਤੋਂ ਟੌਪ ਅੱਪ ਨਾ ਕਰਿਆ ਹੋਣ ਕਰਕੇ ਫੋਨ ਕੰਪਨੀ ਵੱਲੋਂ ਨੰਬਰ ਬੰਦ ਕਰ ਦੇਣ ਦੀ ਚਿਤਾਵਨੀ… ਤੇ ਮਲਕਾ ਇਲੀਜ਼ਬਥ ਦੀ ਫੋਟੋ ਵਾਲੀ ਮੋਹਰ ਵਾਲਾ ਲੰਡਨ ਦੇ ਡਾਕਖਾਨੇ ਤੋਂ ਆਇਆ ਬਾਪ ਦਾ ਖਤ…
ਗੌਡੀਵਾ ਨੇ ਫਟਾਫਟ ਪਿਤਾ ਦੀ ਚਿੱਠੀ ਖੋਲ੍ਹੀ ਤੇ ਮਜ਼ਬੂਨ ਪੜ੍ਹਣ ਲੱਗੀ।
ਪਿਆਰੀ ਗੌਡੀਵਾ,
ਤੈਨੂੰ ਕਈ ਈ-ਮੇਲਾਂ ਕੀਤੀਆਂ, ਪਰ ਤੇਰਾ ਕੋਈ ਜੁਆਬ ਨਹੀਂ ਆਇਆ।ਫੋਨ ਵੀ ਤੇਰਾ ਅਕਸਰ ਬੰਦ ਆਉਂਦਾ ਹੈ।ਤੇਰੇ ਲਾਡਲੇ ਭਰਾ ਹੈਰੀ ਨੂੰ ਚੋਰੀ ਦੇ ਕੇਸ ਵਿਚ ਛੇ ਮਹੀਨੇ ਦੀ ਜੇਲ੍ਹ ਹੋ ਗਈ ਹੈ।ਉਹ ਤੇਰੇ ਕਵੈਂਟਰੀ ਦੇ ਨਜ਼ਦੀਕ ਹੀ 'ਬਲੈਕਨਹਰਟਸ' ਜੇਲ੍ਹ ਵਿਚ ਹੈ। ਅਸੀਂ ਲੰਡਨ ਐਡੀ ਦੂਰ ਰਹਿੰਦੇ ਹਾਂ ਤੇ ਕਿਰਾਇਆ ਲਗਾ ਕੇ ਉਸਨੂੰ ਮਿਲਣ ਜਾਣ ਦੀ ਸਾਡੇ ਵਿਚ ਸਮਰਥਾ ਨਹੀਂ ਹੈ।ਤੂੰ ਉਸਨੂੰ ਮਿਲ ਆਇਆ ਕਰ।ਉਸਦੀਆਂ ਕਈ ਚਿੱਠੀਆਂ ਆ ਗਈਆਂ ਹਨ।ਉਸ ਕੋਲ ਸਿਗਰਟਾਂ ਖਰੀਦਣ ਲਈ ਇਕ ਵੀ ਪੈਨੀ ਨਹੀਂ ਹੈ। ਤੂੰ ਤਾਂ ਜਾਣਦੀ ਹੀ ਹੈ ਉਸਦੇ ਸਿਗਰਟਾਂ ਦੇ ਭੁੱਸ ਨੂੰ। ਉਸਦੀ ਸਿਗਰਟਨੋਸ਼ੀ ਬਿਨਾ ਜਾਨ ਨਿਕਲਣ ਲੱਗ ਜਾਂਦੀ ਹੈ। ਲੋਕਾਂ ਤੋਂ ਸਿਗਰਟਾਂ ਮੰਗ ਕੇ ਜਾਂ ਭੁੰਝੇ ਡਿੱਗੀਆਂ ਅੱਧ-ਪਚੱਧੀਆਂ ਸਿਗਰਟਾਂ ਪੀ ਕੇ ਗੁਜ਼ਾਰਾ ਕਰਦਾ ਹੈ। ਹੋ ਸਕੇ ਤਾਂ ਉਸਨੂੰ ਵੀਹ ਪੌਂਡ ਦਾ ਪੋਸਟਲ ਆਰਡਰ ਭੇਜ ਦੇਈਂ ਤਾਂ ਜੋ ਉਹ ਜੇਲ੍ਹ ਵਿਚੋਂ ਸਿਗਰਟਾਂ ਖਰੀਦ ਸਕੇ।ਹਾਂ ਉਸਨੂੰ ਮਿਲਣ ਜਾਂਦੀ ਹੋਈ ਆਪਣੀ ਤਸਵੀਰ ਵਾਲਾ ਕੋਈ ਸ਼ਨਾਖਤੀ ਪੱਤਰ, ਡਰਾਇਵਰ'ਸ ਲਾਇਸੰਸ, ਦੋ ਪਤੇ ਦੇ ਸਬੂਤ ਜਿਵੇਂ ਡਾਕਟਰੀ ਕਾਰਡ ਤੇ ਘਰ ਦੇ ਬਿੱਲ ਲੈ ਜਾਵੀਂ। ਉਸ ਦਾ ਕੈਦੀ ਨੰਬਰ ਐਚ ਐਮ ੪੭੬੯ ਹੈ।
ਤੇਰੀ ਭੈਣ ਵਿਰੌਨਿਕਾ ਆਪਣੇ ਪ੍ਰੇਮੀ ਨਾਲ ਲੜ੍ਹ ਕੇ ਘਰੋਂ ਬਾਹਰ ਚਲੀ ਗਈ ਸੀ ਤੇ ਰਾਤ ਨੂੰ ਪਾਰਕ ਵਿਚ ਸੌਂ ਗਈ ਸੀ। ਉਥੇ ਕੁਝ ਨਸ਼ੇੜੀਆਂ ਨੇ ਸ਼ਰਾਬ ਪਿਲਾ ਕੇ ਉਸ ਨਾਲ ਜ਼ਬਰ-ਜਿਨਾਹ ਕਰ ਦਿੱਤਾ।ਸਭ ਦੋਸ਼ੀ ਬਲਾਤਕਾਰ ਦੇ ਕੇਸ ਵਿਚੋਂ ਇਹ ਆਖ ਕੇ ਬਰੀ ਹੋ ਗਏ ਕਿ ਸਭ ਕੁਝ ਵਿਰੌਨਿਕਾ ਦੀ ਸਹਿਮਤੀ ਨਾਲ ਹੋਇਆ ਸੀ।ਇਸ ਘਟਨਾ ਤੋਂ ਬਾਅਦ ਵਿਰੌਨਿਕਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਰਹੀ।ਉਹ ਪਾਗਲ ਜਿਹੀ ਹੋ ਗਈ ਹੈ। ਨਾ ਕੁਝ ਖਾਂਦੀ ਹੈ, ਨਾ ਪੀਂਦੀ ਹੈ ਤੇ ਨਾ ਹੀ ਕਿਧਰੇ ਬਾਹਰ ਜਾਂਦੀ ਹੈ।ਦਿਨ ਰਾਤ ਆਪਣੇ ਕਮਰੇ ਵਿਚ ਪਈ ਕੁਝ ਸੋਚਦੀ ਰਹਿੰਦੀ ਹੈ। ਬਾਹਰ ਨਿਕਲਣ ਲੱਗੀ ਉਹ ਡਰ ਜਾਂਦੀ ਹੈ।ਕਈ ਵਾਰ ਤਾਂ ਉਸਨੂੰ ਦੌਰੇ ਵੀ ਪੈਣ ਲੱਗ ਜਾਂਦੇ ਹਨ ਤੇ ਉਹ ਬੇਹੋਸ਼ ਹੋ ਜਾਂਦੀ ਹੈ।ਡਾਕਟਰ ਕਹਿੰਦੇ ਹਨ ਉਸਨੂੰ 'ਪੋਸਟ ਸ਼ੌਕ ਫੋਬੀਆ' ਦੀ ਬਿਮਾਰੀ ਹੋ ਗਈ ਹੈ ਤੇ ਹਸਪਤਾਲ ਰੱਖ ਕੇ ਮਨੋਗਿਆਨੀ ਤੋਂ ਇਲਾਜ ਕਰਵਾਉਣਾ ਪਵੇਗਾ। ਤੂੰ ਉਸਨੂੰ ਫੋਨ ਕਰਕੇ ਕੁਝ ਸਮਝਾਈਂ। ਮੇਰੀ ਤਾਂ ਉਹ ਕੋਈ ਸੁਣਦੀ ਨਹੀਂ।
ਮੇਰੇ ਡਿਸਬਿਲਟੀ ਅਲਾਉਂਸ ਅਤੇ ਤੇਰੀ ਮਾਂ ਦੇ ਸਰਕਾਰੀ ਭੱਤਿਆਂ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਹੱਥ ਬਹੁਤ ਤੰਗ ਹੈ।ਮੈਂ ਤਾਂ ਬਰੈਡ ਵੀ ਸੁੱਕੀ ਹੀ ਖਾਹ ਕੇ ਫੋਕਾ ਪਾਣੀ ਪੀ ਕੇ ਗੁਜਾਰਾ ਕਰਦਾ ਹਾਂ। ਤੇਰੀ ਮਾਂ ਇੰਡੀਅਨਾਂ ਦੇ ਟੈਂਪਲ ਚੋਂ 'ਫਰੀਅ ਫੂਡ' (ਲੰਗਰ) ਖਾਹ ਲੈਂਦੀ ਹੈ।ਹੋ ਸਕੇ ਤਾਂ ਕੁਝ ਪੌਂਡ ਭੇਜ ਦੇਈਂ।
ਉਮੀਦ ਹੈ ਤੂੰ ਤੇ ਲਿਉ ਰਾਜੀ ਖੁਸ਼ੀ ਹੋਵੋਗੇ। ਲਿਉ ਨੇ ਬੁੱਕੀ ਜਾ ਕੇ ਘੋੜੇ ਲਾਉਣੇ ਅਤੇ ਕਸੀਨੋ ਜਾਣਾ ਛੱਡ ਦਿੱਤਾ ਹੋਵੇਗਾ।…
ਇਸ ਤੋਂ ਅੱਗੇ ਦੀ ਇਬਾਰਤ ਪੜ੍ਹਨ ਦੀ ਗੌਡੀਵਾ ਵਿਚ ਸ਼ਕਤੀ ਨਾ ਰਹੀ। ਉਸ ਨੂੰ ਮਾਇਗ੍ਰੇਨ ਨਾਲ ਚੱਕਰ ਆਉਣ ਲੱਗੇ ਤੇ ਰਸੋਈ ਵਿਚ ਹੀ ਭੁੱਝੇ ਪਸਰ ਗਈ।ਪੈਣ ਸਾਰ ਉਸਨੂੰ ਕੋਈ ਸੁਰਤ ਨਾ ਰਹੀ।ਨੀਂਦ ਆ ਗਈ ਜਾਂ ਉਹ ਬੇਹੋਸ਼ ਹੋ ਗਈ।
ਪੂਰੇ ਪੰਜ ਘੰਟਿਆਂ ਬਾਅਦ ਉਹ ਗਹਿਰੀ ਨੀਂਦ ਵਿਚੋਂ ਜਾਗੀ।ਖੁਦ ਨੂੰ ਰਸੋਈ ਦੇ ਫਰਸ਼ ਉੱਤੇ ਲੇਟਿਆ ਪਾ ਕੇ ਗੌਡੀਵਾ ਨੂੰ ਝਟਕਾ ਲੱਗਿਆ।ਉਹ ਉੱਠੀ ਤੇ ਪਾਣੀ ਦਾ ਗਿਲਾਸ ਭਰ ਕੇ ਬੈਠਕ ਵਿਚ ਸੈਟੀ ਉੱਤੇ ਜਾ ਬੈਠੀ।ਗੌਡੀਵਾ ਨੇ ਆਪਣਾ ਧਿਆਨ ਖੰਡਤ ਕਰਨ ਦੇ ਮਕਸਦ ਨਾਲ ਕਈ ਸਾਲ ਪੁਰਾਣੇ ਟੈਲੀਵਿਜ਼ਨ ਦਾ ਬਟਨ ਦਬਾਇਆ ਤਾਂ ਇਕ ਚਮਕਾਰਾ ਮਾਰ ਕੇ ਟੀਵੀ ਬੁੱਝ ਗਿਆ।ਟੀਵੀ ਦੀ ਪਿਕਚਰ ਟਿਉਬ ਵਿਚੋਂ ਨਿਕਲੇ ਧੂੰਏ ਦੀ ਦੂਰਗੰਧ ਸਾਰੇ ਕਮਰੇ ਵਿਚ ਫੈਲ ਗਈ।
ਗੌਡੀਵਾ ਮੁੜ ਆ ਕੇ ਸੈਟੀ ਉੱਤੇ ਬੈਠ ਗਈ।ਸੈਟੀ ਦੇ ਵਿਚਾਲਿਉਂ ਫੱਟ ਜਾਣ ਕਾਰਨ ਨਿਕਲੇ ਮਗੋਰੇ ਦੀ ਬਾਹਰ ਨਿਕਲਦੀ ਸਪੰਜ ਨੂੰ ਉਸਨੇ ਉਂਗਲਾਂ ਨਾਲ ਥੁੰਨ ਕੇ ਅੰਦਰ ਧੱਕ ਦਿੱਤਾ।
ਦਰ ਨੂੰ ਚਾਬੀ ਲੱਗਣ ਦੀ ਅਵਾਜ਼ ਆਈ ਤੇ ਜਿਉਂ ਹੀ ਗੌਡੀਵਾ ਨੇ ਦਰਵਾਜ਼ੇ ਵੱਲ ਧੌਣ ਘੁੰਮਾਈ। ਉਸ ਦਾ ਪਤੀ ਲਿਉਨਾਰਡ ਅੰਦਰ ਦਾਖਿਲ ਹੋ ਗਿਆ।
"ਤੁਸੀਂ ਹੁਣ ਆ ਰਹੇ ਹੋ? ਸਾਰੀ ਰਾਤ ਕਿੱਥੇ ਰਹੇ?" ਗੌਡੀਵਾ ਨੇ ਦਰਦ ਭਰੀ ਅਵਾਜ਼ ਵਿਚ ਪੁੱਛਿਆ।
"ਇਹ ਨਾ ਪੁੱਛ ਕਿੱਥੋਂ ਆਇਆਂ। ਇਹ ਪੁੱਛ ਕੀ ਲੈ ਕੇ ਆਇਆ ਹਾਂ। ਆਹ ਦੇਖ ਮਨੀ ਮਨੀ ਮਨੀ।" ਲਿਉਨਾਰਡ ਨੇ ਪਹਿਨੀ ਹੋਈ ਫਟੀ ਜ਼ੀਨ ਦੀ ਪਿਛਲੀ ਜੇਬ ਵਿਚੋਂ ਪੰਜ ਪੌਂਡ ਦੇ ਨੌਟਾਂ ਦਾ ਥੱਬਾ ਕੱਢਿਆ ਤੇ ਤਾਸ਼ ਦੇ ਪੱਤਿਆਂ ਦਾ ਪੱਖਾ ਬਣਾਉਣ ਵਾਂਗ ਸਾਰੇ ਨੋਟ ਹੱਥਾਂ ਵਿਚ ਖਿਲਾਰ ਕੇ ਗੌਡੀਵਾ ਨੂੰ ਦਿਖਾਏ।
ਗੌਡੀਵਾ ਹੈਰਤਅੰਗੇਜ਼ ਹੋ ਗਈ, "ਐਨੇ ਪੌਂਡ? ਇਹ ਕਿਥੋਂ ਆਏ?"
"ਬਸ ਆ ਗਏ। ਤੈਂ ਅੰਬ ਖਾਣੇ ਨੇ ਜਾ ਦਰੱਖਤ ਗਿਣਨੇ ਨੇ?"
ਗੌਡੀਵਾ ਚੀਖੀ, "ਫੇਰ ਵੀ ਕਿਥੋਂ ਆਏ ਐਨੇ ਨੋਟ? ਕਿਧਰੇ ਚੋਰੀ…।"
"ਲੈ, ਤੈਨੂੰ ਮੈਂ ਇਹੋ ਜਿਹਾ ਲੱਗਦਾਂ? ਚੋਰੀ ਕਰਨ ਲਈ ਦਲੇਰੀ ਚਾਹੀਦੀ ਹੈ, ਮੇਰੇ ਕੋਲ ਐਨਾ ਜਿਗਰਾ ਕਿਥੇ?"
"ਰਾਤ ਮੀਂਹ ਤਾਂ ਪਿਆ ਨਹੀਂ, ਬਈ ਅਸਮਾਨ ਤੋਂ ਐਨੇ ਨੋਟ ਡਿੱਗ ਪਏ।" ਗੌਡੀਵਾ ਤਨਜ਼ਭਰਪੂਰ ਲਹਿਜੇ ਵਿਚ ਬੋਲੀ।
"ਕੱਲ੍ਹ ਸ਼ਾਮੀਂ ਜਦੋਂ ਤੂੰ ਕਲੱਬ ਨੂੰ ਚਲੀ ਗਈ। ਮੈਂ ਔਫ ਲਾਇਸੰਸ ਸ਼ੌਪ (ਠੇਕਾ) ਨੂੰ ਸੁਪਰ ਟੈਂਨਟ (ਵੱਧ ਨਸ਼ੇ ਵਾਲੀ ਬੀਅਰ) ਦਾ ਡੱਬਾ ਲੈਣ ਚਲਿਆ ਗਿਆ। ਰਸਤੇ ਵਿਚ ਜਾਂਦੇ ਨੂੰ ਮੈਨੂੰ ਦਸ ਪੌਂਡ ਦਾ ਨੋਟ ਲੱਭ ਗਿਆ। ਮੈਂ ਉਹ ਲੈ ਕੇ ਬੁੱਕੀ ਵਿਚ ਚਲਿਆ ਗਿਆ। ਵਰਿੰਗਟਨ ਦੀ ਰੇਸ ਚੱਲਣ ਵਾਲੀ ਸੀ। ਭਾਅ ਸੋਹਣਾ ਸੀ। ਮੈਂ ਪੰਜ ਪੌਂਡ ਲਾ ਦਿੱਤੇ। ਘੋੜਾ ਜਿੱਤ ਗਿਆ। ਫੇਰ ਮੈਂ ਦੋ ਤਿੰਨ ਰੇਸਾਂ ਹੋਰ ਲਾਈਆਂ। ਮੈਨੂੰ ਦੋ ਘੰਟਿਆਂ ਵਿਚ ਅੱਸੀ ਪੌਂਡ ਬਣ ਗਏ। ਮੈਂ ਤਾਂ ਮਾਰਾਂ ਪੁੱਠੀਆਂ ਛਾਲਾਂ। ਅੱਸੀ ਪੌਂਡ ਲੈ ਕੇ ਮੈਂ ਬਿੰਗੋ ਹਾਲ ਵਿਚ ਚਲਿਆ ਗਿਆ। ਮਖਿਆਂ ਟੌਰ ਨਾਲ ਪੀਂਦੇ ਹਾਂ ਤੇ ਨਾਲੇ ਤਾਸ਼ ਦੀ ਬਾਜ਼ੀ ਲਾਵਾਂਗੇ। ਉਥੇ ਪੋਕਰ ਵਿਚ ਮੈਂ ਪਹਿਲਾਂ ਤਾਂ ਹਾਰਦਾ ਰਿਹਾ। ਫਿਰ ਮੈਂ ਐਸੀਆਂ ਚਾਲਾਂ ਚੱਲੀਆਂ ਤੂੰ ਪੁੱਛ ਹੀ ਨਾ। ਕੱਲ੍ਹ ਮੇਰਾ 'ਲੱਕੀ ਡੇਅ'(ਭਾਗਾਂ ਵਾਲਾ ਦਿਹਾੜਾ) ਸੀ।ਮੈਨੂੰ ਤਿੰਨ ਸੌ ਪੌਂਡ ਬਣ ਗਏ। ਸੌ ਕੁ ਤਾਂ ਮੈਂ ਰਾਤ ਐਸ਼ ਕਰਨ 'ਤੇ ਉਡਾ ਦਿੱਤਾ। ਬਾਕੀ ਆਹ ਦੋ ਸੌ ਬਚੇ ਨੇ।" ਲਿਉਨਾਰਡ ਨੇ ਫੁਰਤੀ ਨਾਲ ਨੋਟਾਂ ਦੀ ਗਿਣਤੀ ਮਾਰੀ।
ਗੌਡੀਵਾ ਨੇ ਸੁੱਖ ਦਾ ਸਾਹ ਲਿਆ, "ਚੱਲ ਸ਼ੁਕਰ ਐ। ਇਹਦੇ ਨਾਲ ਬਿਜ਼ਲੀ ਤੇ ਪਾਣੀ ਦਾ ਬਿੱਲ ਦਿੱਤਾ ਜਾਵੇਗਾ।"
"ਹੋਰ ਨਾ ਕੁਸ਼ ਕਹਿ'ਦੀਂ। ਮੁੱਕੀ ਮਾਰ ਕੇ ਮੈਂ ਜਾਬਾਂ ਭੰਨ੍ਹ'ਦੂੰ।ਮੇਰੀ ਜਾਨ ਨਿਕਲਦੀ ਜਾਂਦੀ ਐ, ਇਹਦਾ ਤਾਂ ਮੈਂ ਕੋਕ (ਕੋਕੇਨ) ਲੈਣੈ।"
"ਚੰਗਾ ਮਨ ਮਰਜ਼ੀਆਂ ਕਰ। ਬਿਜਲੀ ਕੱਟੀ ਜਾਣੀ ਆ ਤੇ ਪਾਣੀ ਅਗਲਿਆਂ ਨੇ ਬੰਦ ਕਰ ਦੇਣੈ। ਬਿੱਲ ਲਾਲ ਅੱਖਰਾਂ ਵਿਚ ਆਏ ਪਏ ਨੇ। ਗੁਆਂਢੀਆਂ ਨੇ ਤਾਂ ਉਹ ਦੇਣੇ ਨ੍ਹੀਂ।"
"ਮੈਂ ਕਿਉਂ ਦੇਵਾਂ ਬਿੱਲ? ਤੂੰ ਦੇਹ। ਕੁੱਤੀਏ, ਘੰਟਾ ਘੰਟਾ ਨਹਾਉਂਦੀ ਰਹਿੰਦੀ ਏਂ। ਤੈਨੂੰ ਖਲ੍ਹ ਲੱਗੀ ਹੁੰਦੀ ਐ? ਨਾਇਟ ਕਲੱਬਾਂ ਵਿਚ ਜਿਨ੍ਹਾਂ ਧਗੜਿਆਂ ਨਾਲ ਨੱਚਦੀ ਐਂ, ਥੋੜ੍ਹਾ ਚੱਟਦੇ ਹੋਣਗੇ ਤੈਨੂੰ। ਤੈਨੂੰ ਨਹਾਉਣ ਦੀ ਕੀ ਲੋੜ੍ਹ ਹੈ। ਪੰਜ ਇਸ਼ਨਾਨਾ ਤਾਂ ਤੇਰਾ ਲੋਕੀ ਕਰਵਾ ਦਿੰਦੇ ਹੋਣੇ ਨੇ।…" ਲਿਉਨਾਰਡ ਤੈਸ਼ ਵਿਚ ਆਇਆ ਅਵਾ-ਤਵਾ ਬੋਲਦਾ ਰਿਹਾ।
ਇਹ ਬਚਨ ਲਿਉਨਾਰਡ ਦੇ ਮੂੰਹੋਂ ਸੁਣ ਕੇ ਗੌਡੀਵਾ ਨੇ ਹਿਕਾਰਤ ਨਾਲ ਲਿਉਨਾਰਡ ਵੱਲ ਦੇਖਿਆ। ਉਸਦੀਆਂ ਨਜ਼ਰਾਂ ਤੋਂ ਲਿਉਨਾਰਡ ਨੂੰ ਦੇਖਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਸ ਨੇ ਸੈਟੀ 'ਤੇ ਬੈਠੀ ਬੈਠੀ ਨੇ ਆਪਣੇ ਗੋਡਿਆਂ ਉੱਤੇ ਕੂਹਣੀਆਂ ਰੱਖੀਆਂ ਤੇ ਹੱਥਾਂ ਦੀਆਂ ਤਲੀਆਂ ਨਾਲ ਆਪਣਾ ਸਾਰਾ ਮੂੰਹ ਢੱਕ ਲਿਆ।
ਲਿਉਨਾਰਡ ਨੇ ਜੇਬ ਵਿਚੋਂ ਰਿਜ਼ਲੇ ਦਾ ਪੈਕਟ ਕੱਢਿਆ ਤੇ ਉਸ ਅੰਦਰੋਂ ਦੋ ਕਾਗਜ਼ ਕੱਢ ਕੇ ਜੀਭ ਨਾਲ ਘਸਾਏ। ਥੁੱਕ ਲਾ ਕੇ ਦੋਨਾਂ ਕਾਗਜ਼ਾਂ ਨੂੰ ਜੋੜਿਆ ਤੇ ਜੇਬ ਵਿਚੋਂ ਮਰਹਵਾਨਾ ਕੱਢ ਕੇ ਭੋਰ-ਭੋਰ ਉਸ ਵਿਚ ਭਰਿਆ। ਗੌਡੀਵਾ ਨੇ ਮੁੱਖ ਤੋਂ ਹੱਥ ਹਟਾ ਕੇ ਜਦੋਂ ਲਿਉਨਾਰਡ ਨੂੰ ਬੀੜੀ ਬਣਾਉਂਦੇ ਦੇਖਿਆ ਤਾਂ ਉਸ ਨੂੰ ਵੀ ਤਲਬ ਹੋਈ, "ਇਕ ਸੂਟਾ ਮੇਰੇ ਲਈ ਵੀ ਬਣਾ ਦੇਈਂ?"
"ਬਣਾ ਦਿੰਨਾਂ। ਮਾਲ ਬਹੁਤ ਖਾਲਸ ਮਿਲਿਐ। ਸਾਰੀ ਦਿਹਾੜੀ ਗੁੱਡੀ ਆਂਗੂੰ ਅਸਮਾਨ 'ਤੇ ਉੱਡੀ ਫਿਰੇਂਗੀ।"
"ਕੀ ਐ?"
"ਮਰਹਵਾਨਾ।"
"ਨਾ ਬਾਬਾ, ਮੈਨੂੰ ਤਾਂ ਤੂੰ ਤਬਾਕੂ ਵਾਲਾ ਹੀ ਬਣਾਈ।"
"ਲੈ ਫੇਰ ਆਪੇ ਬਣਾ ਲੈ।" ਲਿਉਨਾਰਡ ਵਾਹੋਦਾਈ ਦਮ ਦਰ ਦਮ ਖਿੱਚਣ ਲੱਗਿਆ।
ਗੌਡੀਵਾ ਨੇ ਰਿਜ਼ਲਾ ਤੇ ਤਬਾਕੂ ਲਿਉਨਾਰਡ ਤੋਂ ਲੈ ਕੇ ਆਪਣੇ ਲਈ ਸਿਗਰਟ ਬਣਾ ਲਿੱਤੀ। ਆਹੀਸਤਾ-ਆਹੀਸਤਾ ਕਸ਼ ਖਿਚਦੀ ਹੋਈ ਗੌਡੀਵਾ ਸੋਚਾਂ ਦੇ ਵਹਿਣ ਵਿਚ ਵਹਿ ਗਈ। ਦਿਨੋਂ-ਦਿਨ ਉਸਦੀ ਆਰਥਿਕ ਸਥਿਤੀ ਨਿਘਰਦੀ ਜਾ ਰਹੀ ਸੀ।ਲਿਉਨਾਰਡ ਨੂੰ ਜੂਏ ਅਤੇ ਨਸ਼ਿਆਂ ਦੀ ਬੁਰੀ ਲੱਤ ਪੈ ਗਈ ਸੀ।ਲਿਉਨਾਰਡ ਘਰ ਚਲਾਉਣ ਵਿਚ ਗੌਡੀਵਾ ਦਾ ਕੋਈ ਵਿਸ਼ੇਸ਼ ਸਹਿਯੋਗ ਨਹੀਂ ਸੀ ਦੇ ਰਿਹਾ।ਇਕੱਲੀ ਗੌਡੀਵਾ ਲਈ ਸਾਰੇ ਘਰੇਲੂ ਖਰਚੇ ਚੁੱਕਣੇ ਸੰਭਵ ਹੀ ਨਹੀਂ ਨਾਮੁਮਕਿਨ ਸਨ।ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੰਪਤੀ ਜੋੜੇ ਵਿਚ ਆਏ ਦਿਨ ਤਕਰਾਰਬਾਜ਼ੀ ਹੁੰਦੀ ਰਹਿੰਦੀ।ਜਿਸ ਸਦਕਾ ਗੌਡੀਵਾ ਅਤੇ ਲਿਉਨਾਰਡ ਦੇ ਸਬੰਧਾਂ ਵਿਚ ਵੀ ਦਰਾਰ ਪੈਦਾ ਹੋ ਗਈ ਸੀ। ਉਹ ਇਕ ਛੱਤ ਥੱਲੇ ਰਹਿੰਦੇ ਹੋਏ ਵੀ ਅਜਨਬੀਆਂ ਵਾਂਗ ਵਿਚਰਦੇ। ਉਹ ਜ਼ਿੰਦਗੀ ਜਿਉਂ ਨਹੀਂ ਸੀ ਰਹੇ, ਬਲਕਿ ਦਿਨ ਕੱਟੀਆਂ ਕਰ ਰਹੇ ਸਨ। ਜਿਵੇਂ ਕੋਈ ਹੋਟਲ ਜਾਂ ਧਰਮਸ਼ਾਲਾ ਵਿਚ ਰੈਣ ਬਸੇਰਾ ਕਰਨ ਲਈ ਆਇਆ ਹੋਵੇ ਤੇ ਅਗਲੀ ਸੁਬ੍ਹਾ ਉਸਨੇ ਕਿਧਰੇ ਹੋਰ ਚਲਾ ਜਾਣਾ ਹੋਵੇ।ਜੌਬ ਸੀਕਰ ਤੋਂ ਮਿਲਣ ਵਾਲੀ ਨਿਗੁਣੀ ਜਿਹੀ ਰਕਮ ਨਾਲ ਕੇਵਲ ਸਾਹ ਤਾਂ ਲਿਆ ਜਾਂ ਸਕਦਾ ਸੀ ਪਰ ਜਿਉਂਇਆ ਨਹੀਂ ਸੀ ਜਾ ਸਕਦਾ।ਜਿਉਂਣ ਲਈ ਬੰਦੇ ਦੀਆਂ ਬਹੁਤ ਲੋੜ੍ਹਾਂ ਹੁੰਦੀਆਂ ਹਨ, ਜੋ ਸਰਕਾਰੀ ਭੱਤੇ ਨਾਲ ਪੂਰੀਆਂ ਨਹੀਂ ਹੋ ਸਕਦੀਆਂ ਹਨ।ਗੌਡੀਵਾ ਨੇ ਧਨ ਕਮਾਉਣ ਦੀਆਂ ਕਈ ਅਣਥੱਕ ਕੋਸ਼ਿਸ਼ਾਂ ਕੀਤੀਆਂ, ਪਰ ਕਿਸੇ ਵਿਚ ਵੀ ਉਸਨੂੰ ਕੋਈ ਕਾਮਯਾਬੀ ਨਾ ਮਿਲੀ।
ਜਦੋਂ ਦਾ ਗੌਡੀਵਾ ਨੇ ਜਵਾਨੀ ਵਿਚ ਪੈਰ ਧਰਿਆ ਸੀ, ਉਸਦੇ ਹੁਸਨ ਨੇ ਕਹਿਰ ਮਚਾਇਆ ਹੋਇਆ ਸੀ।ਸਕੂਲ ਤੋਂ ਲੈ ਕੇ ਕਾਲਜ ਦੇ ਸਫਰ ਤੱਕ ਪਤਾ ਨਹੀਂ ਕਿੰਨਿਆਂ ਕੁ ਮੁੰਡਿਆਂ ਦੀਆਂ ਉਸਨੂੰ ਰੋਜ਼ ਪੇਸ਼ਕਸ਼ਾਂ ਆਉਂਦੀਆਂ ਸਨ।ਲਿਉਨਾਰਡ ਨੂੰ ਦੇਖ ਕੇ ਗੌਡੀਵਾ ਨੂੰ ਲਗਦਾ ਜਿਵੇਂ ਉਸ ਨੇ ਆਪਣੇ ਹੁਸਨ ਦਾ ਖਜ਼ਾਨਾ ਖੂਹ ਵਿਚ ਸਿੱਟ ਦਿੱਤਾ ਹੋਵੇ।
ਕੁਝ ਅਰਸਾ ਪਹਿਲਾਂ ਇਕ ਮਾਡਲਿੰਗ ਏਜੰਸੀ ਨੂੰ ਖੂਬਸੂਰਤ ਮਾਡਲਾਂ ਦੀ ਜ਼ਰੂਰਤ ਸੀ। ਆਪਣੀ ਸੁੰਦਰਤਾ ਦਾ ਲਾਹਾ ਖੱਟਣ ਲਈ ਗੌਡੀਵਾ ਨੇ ਉਸ ਮਾਡਲਿੰਗ ਏਜੰਸੀ ਦਾ ਇਸ਼ਤਿਆਰ ਦੇਖ ਕੇ ਫਾਰਮ ਭਰ ਦਿੱਤੇ ਸਨ। ਗੌਡੀਵਾ ਨੂੰ ਔਡੀਸ਼ਨ ਲਈ ਬੁਲਾਇਆ ਗਿਆ। ਗੌਡੀਵਾ ਜਦੋਂ ਔਡੀਸ਼ਨ ਦੇਣ ਗਈ ਤਾਂ ਉਥੇ ਇਕ ਤੋਂ ਵੱਧਕੇ ਇਕ ਹੁਸੀਨ ਕੁੜੀ ਆਈ ਹੋਈ ਸੀ। ਗੌਡੀਵਾ ਡਰੀ ਡਰੀ ਸਹਿਮੀ ਜਿਹੀ ਵੈਟਿੰਗਰੂਮ ਦੀ ਇਕ ਨੁੱਕਰ ਨਾਲ ਲੱਗੀ ਬੈਠੀ ਸੀ।ਜਦੋਂ ਉਸਦੀ ਵਾਰੀ ਆਈ ਤਾਂ ਉਸਨੂੰ ਸਟੂਡੀਉ ਅੰਦਰ ਬੁਲਾਇਆ ਗਿਆ।ਉਸਦੀਆਂ ਵੱਖੋ-ਵੱਖਰੇ ਅੰਦਾਜ਼ ਵਿਚ ਕੁਝ ਫੋਟੋਆਂ ਖਿਚੀਆਂ ਗਈਆਂ। ਘਬਰਾਹਟ ਕਾਰਨ ਗੌਡੀਵਾ ਤੋਂ ਨਾ ਤਾਂ ਫੋਟੋਗ੍ਰਾਫਰ ਦੀ ਮੰਗ ਅਨੁਸਾਰ ਪੋਜ਼ ਬਣਾ ਹੋਏ ਅਤੇ ਨਾ ਹੀ ਉਸਦੇ ਕਹੇ ਮੁਤਾਬਿਕ ਚਿਹਰੇ ਦੇ ਭਾਵ ਵਿਅਕਤ ਕਰ ਹੋਏ।ਹੰਢਿਆ ਹੋਇਆ ਫੋਟੋਗ੍ਰਾਫਰ ਇਹ ਗੱਲ ਤਾੜ ਗਿਆ ਸੀ ਕਿ ਗੌਡੀਵਾ ਅਨਜਾਣ ਹੈ ਤੇ ਸ਼ੁਹਰਤ ਨਹੀਂ ਬਲਕਿ ਧਨ ਦੀ ਗਰਜ਼ ਨਾਲ ਮਾਡਲਿੰਗ ਕਰਨਾ ਚਾਹੁੰਦੀ ਹੈ। ਉਹ ਇਸ਼ਾਰੇ ਨਾਲ ਗੌਡੀਵਾ ਨੂੰ ਪਾਸੇ ਲੈ ਗਿਆ ਸੀ, "ਦੇਖ ਯੰਗ ਲੇਡੀ।ਮੇਰੀ ਗੱਲ ਧਿਆਨ ਨਾਲ ਸੁਣੀ। ਕਹਿੰਦੇ ਹੁੰਦੇ ਨੇ ਆਉਲੇ ਦਾ ਖਾਧਾ ਤੇ ਸਿਆਣੇ ਦੇ ਕਹੇ ਦਾ ਬਾਅਦ ਵਿਚ ਪਤਾ ਲੱਗਦਾ ਹੁੰਦੈ। ਤੂੰ ਤਾਂ ਬਾਹਰ ਦੇਖਿਆ ਹੀ ਹੈ। ਕਿੰਨੀਆਂ ਕੁੜੀਆਂ ਇਸ ਫੀਲਡ ਵਿਚ ਆਉਣ ਲਈ ਤਰਲੋ ਮੱਛੀ ਹੋਈਆਂ ਫਿਰਦੀਆਂ ਹਨ। ਮੈਂ ਤੇਰੀ ਸੀ.ਵੀ.(ਨਿਜੀ ਜਾਣਕਾਰੀ ਅਤੇ ਨੌਕਰੀਆਂ ਦੀ ਤਫਸੀਲ) ਪੜ੍ਹੀ ਹੈ। ਤੇਰੇ ਕੋਲ ਤਾਂ ਕੋਈ ਬਹੁਤ ਵਿਦਿਅਕ ਯੋਗਤਾ ਜਾਂ ਸਿਖਲਾਈ ਵੀ ਨਹੀਂ ਹੈ। ਇਹ ਮੁਹਿੰਮ ਉਸਰ ਕਰਨੀ ਕੋਈ 'ਖਾਲਾ ਜੀ ਦਾ ਵਾੜਾ' ਨਹੀਂ ਹੈ।ਪਰ ਜੇ ਇਨਸਾਨ ਦ੍ਰਿੜ ਇਰਾਦਾ ਕਰ ਲਵੇ ਤਾਂ ਉਹ ਕਿਹੜੀ ਮੰਜ਼ਿਲ ਹੈ ਜਿਥੇ ਇਨਸਾਨ ਨਹੀਂ ਪਹੁੰਚ ਸਕਦਾ? ਹੁਣ ਤੂੰ ਇੰਟਰਵਿਉਂ ਵਿਚ ਪੈਨਲ ਨੂੰ ਜਦੋਂ ਇਹ ਫੋਟੋਆਂ ਦਿਖਾਵੇਂਗੀ ਅਤੇ ਇਸ ਅਵਸਥਾ ਵਿਚ ਜਾਵੇਗੀ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਨੇ ਤੈਨੂੰ ਨਕਾਰ ਦੇਣਾ ਹੈ। ਮੈਨੂੰ ਇਸ ਖੇਤਰ ਵਿਚ ਆਇਆਂ ਪੱਚੀ ਸਾਲ ਹੋ ਗਏ ਹਨ। ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਮੈਂ ਮਾਡਲ, ਸੁਪਰ ਮਾਡਲ ਬਣਇਆ ਹੈ। ਕਈ ਤਾਂ ਮਿਸ ਵਰਲਡ ਅਤੇ ਮਿਸ ਯੂਨੀਵਰਸ ਬਣ ਗਈਆਂ। ਨਾਇਓਮੀ ਕੈਂਬਲ ਦਾ ਫੋਟੋ ਸ਼ੂਟ ਕਰਕੇ ਕਦੇ ਮੈਂ ਉਸਦਾ ਪੋਰਟੋਫੋਲੀਓ ਬਣਾਇਆ ਸੀ। ਅੱਜ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਸੁਪਰ ਮਾਡਲਾਂ ਵਿਚੋਂ ਇਕ ਹੈ। ਇਹ ਨਾ ਸਮਝੀ ਕਿ ਉਹਨਾਂ ਕੋਲ ਹੁਸਨ ਤੇ ਸੋਹਣੇ ਸ਼ਰੀਰ ਸਨ, ਜਿਸਦੇ ਬਲਬੂਤੇ ਉੱਤੇ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤੇ। ਨਹੀਂ! ਇਹ ਸਭ ਮੇਰੀ ਕਲਾ ਦਾ ਕਮਾਲ ਹੈ। ਮੇਰੇ ਕੈਮਰੇ ਦੇ ਝੂਠ ਬੋਲਣ ਦਾ ਸਹਾਰਾ ਲੈ ਕੇ ਉਹ ਇਸ ਸਥਾਨ ਉੱਤੇ ਪਹੁੰਚੀਆਂ। ਕਦੇ ਮਾਡਲਾਂ ਐਕਟਰਸਾਂ ਨੂੰ ਉਹਨਾਂ ਦੇ ਘਰ ਬਿਨਾ ਮੇਅਕਪ ਦੇ ਮਿਲਕੇ ਵੇਖੀ। ਉਹ ਤੈਨੂੰ ਕਿੰਨੀਆਂ ਬਦਸੂਰਤ ਦਿਖਾਈ ਦੇਣਗੀਆਂ। ਖੁਦ ਤੈਨੂੰ ਵੀ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਆਵੇਗਾ। ਸਭ ਮੇਰੀ ਕ੍ਰਿਪਾ ਨਾਲ ਹੋਇਆ ਹੈ।"
"ਗੁਰੂ ਜੀ, ਫੇਰ ਥੋੜ੍ਹੀ ਜਿਹੀ ਕ੍ਰਿਪਾ ਮੇਰੇ ਉੱਤੇ ਵੀ ਕਰ ਦਿਉ? ਮੇਰੀਆਂ ਹਸਰਤਾਂ ਬਹੁਤ ਵੱਡੀਆਂ ਨਹੀਂ। ਮੈਨੂੰ ਪੂਰਾ ਅਸਮਾਨ ਨਹੀਂ, ਬਸ ਛੋਟੀ ਜਿਹੀ ਬੱਦਲੀ ਚਾਹੀਦੀ ਹੈ।" ਗੌਡੀਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਫੋਟੋਗ੍ਰਾਫਰ ਦੇ ਚਿਹਰੇ ਉੱਤੇ ਖਲਨਾਇਕੀ ਮੁਸਕਾਨ ਖੇਡਣ ਲੱਗੀ, "ਹੂੰ! ਕਿਉਂ ਨਹੀਂ। ਕਿਉਂ ਨਹੀਂ। ਗੁਰੂ ਜੀ ਕਹਿੰਦੀ ਏ ਤਾਂ ਪਹਿਲਾਂ ਗੁਰੂ ਦਖਸ਼ਣਾ ਵੀ ਦੇਣੀ ਪਊ।"
"ਪਰ ਮੇਰੇ ਗਰੀਬ ਕੋਲ ਤਾਂ ਦੇਣ ਲਈ ਕੁਝ ਵੀ ਨਹੀਂ ਹੈ। ਆਹ ਦੇਖੋ ਬਸ ਦਾ ਘਰ ਵਾਪਿਸ ਜਾਣ ਦਾ ਕਿਰਾਇਆ, ਸਿਰਫ ਡੇਢ ਪੌਂਡ ਹੈ।ਮੈਂ ਤੁਹਾਨੂੰ ਕੀ ਦੇਹ ਸਕਦੀ ਹਾਂ?" ਗੌਡੀਵਾ ਨੇ ਆਪਣੀ ਹਾਲਤ ਅਤੇ ਅਸਮਰਥਤਾ ਪ੍ਰਗਟਾਈ।
ਫੋਟੋਗ੍ਰਾਫਰ ਗੌਡੀਵਾ ਵੱਲ ਦੇਖਦਾ ਹੋਇਆ ਨਸ਼ਿਆਇਆ ਪਿਆ ਸੀ, "ਮਾਇਆ ਤਾਂ ਬੀਬਾ ਆਉਣੀ ਜਾਣੀ ਚੀਜ਼ ਹੈ। ਅੱਜ ਮੇਰੇ ਕੋਲ ਹੈ। ਕੱਲ੍ਹ ਤੇਰੇ ਕੋਲ। ਤੇ ਪਰਸੋਂ ਕਿਸੇ ਹੋਰ ਕੋਲ। ਇਹ ਸ਼ੈਅ ਤਾਂ ਖੋਹੀ ਵੀ ਜਾ ਸਕਦੀ ਹੈ। ਚੋਰੀ ਵੀ ਕਰੀ ਜਾ ਸਕਦੀ ਹੈ। ਤੈਨੂੰ ਜਿਹੜੀ ਦੌਲਤ ਨਾਲ ਰੱਬ ਨੇ ਨਿਵਾਜਿਆ ਹੈ ਤੂੰ ਨਹੀਂ ਜਾਣਦੀ। ਉਹ ਨਾ ਤਾਂ ਤੇਰੇ ਕੋਲੋਂ ਕੋਈ ਖੋਹ ਸਕਦਾ ਹੈ ਤੇ ਨਾ ਹੀ ਕੋਈ ਚੋਰੀ ਕਰ ਸਕਦਾ ਹੈ। ਬਸ ਤੇਰੀ ਇੱਛਾ ਨਾਲ ਕੁਝ ਪਲਾਂ ਲਈ ਮਾਣ ਸਕਦਾ ਹੈ।"
ਗੌਡੀਵਾ ਬੌਂਦਲ ਗਈ ਸੀ, "ਮੱਮ… ਮੈਂ… ਮੈਂ ਕੁਝ ਸਮਝੀ ਨਹੀਂ।"
"ਮੈਂ ਕਿਹੜਾ ਤੈਨੂੰ ਅਲਜ਼ਬਰੇ ਦੇ ਸੁਆਲ ਸਮਝਾ ਰਿਹਾਂ ਜਿਹੜੇ ਤੂੰ ਸਮਝੀ ਨਹੀਂ। ਗੱਲ ਸਿੱਧੀ ਤੇ ਸਰਲ ਜਿਹੀ ਹੈ। ਤੈਨੂੰ ਰੱਬ ਨੇ ਰੱਜਵਾਂ ਰੂਪ ਦਿੱਤਾ ਹੈ। ਤੂੰ ਇਸ ਦਾ ਫਇਦਾ ਉੱਠਾ। ਇਹ ਸ਼ਰੀਰ ਤਾਂ ਨਾਸਵਾਨ ਹੈ। ਕੱਲ੍ਹ ਨੂੰ ਇਸ ਦੇਹੀ ਨੇ ਤਾਂ ਕਬਰਾਂ ਵਿਚ ਦਫਨ ਹੋ ਕੇ ਮਿੱਟੀ ਬਣ ਜਾਣਾ ਹੈ। ਮੇਰੇ ਕਹਿਣ ਦਾ ਭਾਵ ਹੈ, 'ਕੱਟ ਦਾ ਹੇਅ ਵਾਇਲ ਸਨ ਸ਼ਾਇਨ'।" ਫੋਟੋਗ੍ਰਾਫਰ ਨੇ ਗੌਡੀਵਾ ਨੂੰ ਅੱਖ ਦੱਬ ਦਿੱਤੀ।
"ਮੇਰੇ ਅਜੇ ਵੀ ਕੁਝ ਪੱਲੇ ਨਹੀਂ ਪਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?"
"ਬੀਬਾ ਜਾਂ ਤਾਂ ਤੂੰ ਬਹੁਤ ਭੋਲੀ ਹੈਂ ਜਾਂ ਡਰਾਮੇਬਾਜ਼। ਨਾ ਸਮਝੀ ਦਾ ਨਾਟਕ ਕਰ ਰਹੀ ਹੈਂ। ਮੇਰੇ ਕਹਿਣ ਦਾ ਐਨਾ ਹੀ ਤਾਤਪਰਜ਼ ਹੈ ਕਿ ਮੈਂ ਮਾਡਲਿੰਗ ਦੀ ਦੁਨੀਆਂ ਵਿਚ ਆਪਣੇ ਹੁਨਰ ਨਾਲ ਤੈਨੂੰ ਸ਼ੁਹਰਤ ਦੀ ਬੁਲੰਦੀ ਤੱਕ ਪਹੁੰਚਾ ਦੇਵਾਂਗਾ। ਐਨੀ ਦੌਲਤ ਤੇਰੇ ਕਦਮਾਂ ਵਿਚ ਹੋਵੇਗੀ ਕਿ ਤੇਰੀਆਂ ਸੱਤ ਪੁਸ਼ਤਾਂ ਤੋਂ ਅੱਗ ਲਾਇਆਂ ਨਹੀਂ ਮੁੱਕਣੀ। ਬਸ ਆਪਣੇ ਹੁਸਨ ਦੀ ਗਾਗਰ 'ਚੋਂ ਇਕ ਤੁਪਕਾ ਪਿਆਸੇ ਨੂੰ ਪਿਲਾਦੇ। ਸਿਰਫ ਇਕ ਰਾਤ… ਡੁਬਈ ਦੇ ਸੈਵਨ ਸਟਾਰ ਪਾਲਮ ਹੋਟਲ ਵਿਚ ਲੈ ਕੇ ਜਾਊਂ ਤੈਨੂੰ। ਫੇਰ ਦੁਖੀਂ ਤੇਰੀ ਦੁਨੀਆਂ ਬਦਲ ਜਾਊਗੀ। ਤੇਰੀ ਜੂਨ ਸੁਧਰ ਜਾਊ।"
"ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਉ। ਐਡੇ ਵੱਡੇ ਬੰਦੇ ਹੋ ਕੇ ਤੁਹਾਨੂੰ ਔਰਤ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਆਈ? ਤੁਹਾਨੂੰ ਸ਼ਰਮ ਆਉਂਣੀ ਚਾਹੀਦੀ ਹੈ। ਮੈਂ ਤੁਹਾਡੀਆਂ ਬੱਚੀਆਂ ਦੀ ਉਮਰ ਦੀ ਹਾਂ।" ਐਨਾ ਆਖ ਕੇ ਗੌਡੀਵਾ ਨੇ ਗੁੱਸੇ ਵਿਚ ਫੋਟੋਗ੍ਰਾਫਰ ਦੇ ਥੱਪੜ ਜੜ੍ਹ ਦਿੱਤਾ ਸੀ।
"ਹਰ ਔਰਤ ਵਿਕਾਉ ਨਹੀਂ ਹੁੰਦੀ। ਉਮੀਦ ਹੈ ਇਸ ਤਮਾਚੇ ਨਾਲ ਤੁਹਾਨੂੰ ਕੋਈ ਅਕਲ ਆ ਜਾਵੇਗੀ।" ਗੌਡੀਵਾ ਹੱਥ ਵਿਚ ਫੜ੍ਹੀ ਸੀ. ਵੀ. ਫੋਟੋਗ੍ਰਾਫਰ ਦੇ ਮੂੰਹ ਉੱਤੇ ਮਾਰ ਕੇ ਪੈਰ ਪਟਕਦੀ ਹੋਈ ਉੱਥੋਂ ਵਾਪਿਸ ਘਰ ਆ ਗਈ ਸੀ।
ਇਸ ਘਟਨਾ ਦੇ ਕੌੜੇ ਤਜ਼ਰਬੇ ਉਪਰੰਤ ਗੌਡੀਵਾ ਨੇ ਕਿਸੇ ਮਾਡਲਿੰਗ ਏਜੰਸੀ ਨਾਲ ਸੰਪਰਕ ਨਹੀਂ ਸੀ ਕੀਤਾ। ਉਸਦਾ ਮਨ ਖੱਟਾ ਹੋ ਗਿਆ ਸੀ। ਜਾਂ ਆਖ ਲਵੋ, ਉਸਦਾ ਹੀਆਂ ਹੀ ਨਹੀਂ ਸੀ ਪਿਆ। ਉਹ ਸਟੋਰਾਂ, ਸ਼ਾਪਿੰਗਸੈਂਟਰਾਂ, ਦੁਕਾਨਾਂ, ਰੈਸਟੋਰੈਂਟਾਂ, ਫੈਕਟਰੀਆਂ ਵਿਚ ਸਾਰਾ ਸਾਰਾ ਦਿਨ ਨੌਕਰੀ ਦੀ ਤਲਾਸ਼ ਵਿਚ ਭਟਕਦੀ ਰਹਿੰਦੀ। ਪਰ ਕਿਤੋਂ ਵੀ ਸਫਲਤਾ ਉਸਦੇ ਹੱਥ ਨਾ ਲੱਗਦੀ। ਅਮਰੀਕਾ ਦੇ ਧੱਕੇ ਚੜ੍ਹ ਕੇ ਇੰਗਲੈਂਡ ਵੱਲੋਂ ਇਰਾਕ 'ਤੇ ਕੀਤੇ ਹਮਲੇ ਬਾਅਦ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਤਹਿਤ ਅਨੇਕਾਂ ਇਰਾਕੀਆਂ ਨੇ ਆ ਕੇ ਇੰਗਲੈਂਡ ਵਿਚ ਸ਼ਰਨ ਲੈ ਲਈ ਸੀ। ਜਿਸ ਨਾਲ ਇੰਗਲੈਂਡ ਦੀ ਅਬਾਦੀ ਵਿਚ ਵਾਧਾ ਹੋਣਾ ਲਾਜ਼ਮੀ ਸੀ। ਫਿਰ ਯੂਰਪੀਅਨ ਯੂਨੀਅਨ ਸੰਘ ਵਿਚ ਰਲਣ ਕਰਕੇ ਯੂਰਪੀਅਨ ਲੋਕਾਂ ਦੀ ਇੰਗਲੈਂਡ ਵਿਚ ਆਮਦ ਹੋ ਗਈ। ਪੌਲੈਂਡ, ਰੂਸ, ਜਰਮਨ, ਚੈਕਲਸੁਵਾਕੀਆ, ਲੈਟਵੀਆ ਆਦਿ ਗਰੀਬ ਮੁਲਖਾਂ ਦੇ ਬਾਸ਼ੀਦੇ ਇੰਗਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਦੇ ਮੰਤਵ ਨਾਲ ਆ ਗਏ।ਜਿਸ ਨਾਲ ਇੰਗਲੈਂਡ ਵਿਚ ਬੇਰੋਜ਼ਗਾਰੀ ਦੀ ਦਰ ਤੇਜ਼ੀ ਨਾਲ ਵਧਣ ਲੱਗੀ। ਨੌਕਰੀਆਂ ਉੱਤੇ ਯੂਰਪੀਅਨ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਣ ਲੱਗੀ। ਇੰਗਲੈਂਡ ਦੇ ਅੰਗਰੇਜ਼ ਅਤੇ ਪੱਕੇ ਨਾਗਰਿਕ ਬੇਰੋਜ਼ਗਾਰ ਹੋ ਗਏ। ਲੋਕ ਪਿਟਣ ਲੱਗੇ। ਪਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਸੀ।ਡਿਗਰੀਆਂ, ਯੋਗਤਾਵਾਂ, ਹੁਨਰਮੰਦ ਅਤੇ ਤਜ਼ਰਬਿਆਂ ਵਾਲੇ ਇੰਗਲਿਸ਼ਤਾਨੀਏ ਸਰਕਾਰੀ ਭੱਤਿਆਂ 'ਤੇ ਗੁਜ਼ਾਰਾ ਕਰਨ ਯੋਗੇ ਰਹਿ ਗਏ।ਅਜਿਹੀ ਸਥਿਤੀ ਵਿਚੋਂ ਗੁਜ਼ਰ ਰਹੇ ਮੁਲਖ ਵਿਚ ਗੌਡੀਵਾ ਵਰਗੀ ਸਧਾਰਨ ਲੜਕੀ ਲਈ ਰੁਜ਼ਗਾਰ ਲੱਭਣਾ ਤਾਂ ਹੋਰ ਵੀ ਮੁਸ਼ਕਿਲ ਗੱਲ ਸੀ।
ਇਕ ਦਿਨ ਨੌਕਰੀ ਦੀ ਜੂਸਤਜੂ ਵਿਚ ਜੌਬ ਸੈਂਟਰਾਂ ਅਤੇ ਸ਼ਾਪਿੰਗ ਸੈਂਟਰਾਂ ਦੀ ਖਾਕ ਛਾਣਦਿਆਂ ਗੌਡੀਵਾ ਥੱਕ ਟੁੱਟ ਕੇ ਚੂਰ ਹੋਈ ਸ਼ਾਪਿੰਗ ਸੈਂਟਰ ਦੇ ਆਰਕੇਡ ਵਿਚ ਬੈਂਚ ਉੱਤੇ ਬੈਠੀ ਸੀ।
ਮਾਯੂਸੀ ਦੇ ਆਲਮ ਵਿਚ ਘਿਰੀ ਹੋਈ ਨੂੰ ਗੌਡੀਵਾ ਨੂੰ ਦੇਖ ਕੇ ਉਹਦੇ ਕੋਲ ਇਕ ਪੰਜਾਹ ਕੁ ਸਾਲਾਂ ਦੀ ਔਰਤ ਆ ਕੇ ਬੈਠ ਗਈ ਸੀ। ਗੌਡੀਵਾ ਨੇ ਉਸ ਵੱਲ ਦੇਖਿਆ।ਉਸ ਔਰਤ ਨੇ ਆਪਣੇ ਚਿਹਰੇ ਦੀਆਂ ਝੂਰੜੀਆਂ ਨੂੰ ਮੇਅਕਪ ਅਤੇ ਫਾਊਂਡੇਸ਼ਨ ਵਿਚ ਲਕੋਇਆ ਹੋਇਆ ਸੀ।ਸ਼ਰੀਰ ਬਣਤਰ ਤੋਂ ਫਿੱਟ ਅਤੇ ਪਹਿਨੇ ਹੋਏ ਮਹਿੰਗੇ ਸਕਰਟ ਸੂਟ ਕਾਰਨ ਦੇਖਣ ਨੂੰ ਉਹ ਆਕਰਸ਼ਕ ਲੱਗਦੀ ਸੀ।
ਉਸ ਅਜਨਬੀ ਔਰਤ ਨੇ ਗੌਡੀਵਾ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਸਨ, "ਬੜੀ ਉਦਾਸ ਲੱਗਦੀ ਹੈਂ। ਬੋਆਏ ਫਰੈਂਡ ਨਾਲ ਝਗੜਾ, ਕਰਜੇ ਦਾ ਬੋਝ ਜਾਂ ਨੌਕਰੀ ਦਾ ਮਸਲਾ?"
"ਤਿੰਨੋਂ। ਪਰ ਤੁਹਾਨੂੰ ਕਿਵੇਂ ਪਤਾ ਲੱਗਾ?" ਗੌਡੀਵਾ ਦੀ ਥੱਕੀ ਅਤੇ ਕੰਬਦੀ ਅਵਾਜ਼ ਨਿੱਕਲੀ ਸੀ।
"ਤਿੰਨ ਹੀ ਤਾਂ ਮਸਲੇ ਨੇ ਅੱਜ ਦੇ ਦੌਰ ਵਿਚ ਇੰਗਲੈਂਡੀਆਂ ਦੇ।ਬੇਰੋਜ਼ਗਾਰ ਐਂ ਤਾਂ ਪਹਿਲਾਂ ਨੌਕਰੀ ਦਾ ਮਸਲਾ ਨਜਿੱਠ ਲੈ। ਬਾਕੀ ਦੋ ਆਪੇ ਹੱਲ ਹੋ ਜਾਣਗੇ।"
"ਮੈਂ ਤਾਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ। ਪਰ ਕੀ ਕਰਾਂ? ਕਿਧਰੇ ਵੀ ਹੱਥ ਨਹੀਂ ਪੈਂਦਾ। ਹਰ ਥਾਂ ਤੋਂ ਨਿਰਾਸ਼ਾਂ ਹੀ ਹੱਥ ਲੱਗਦੀ ਹੈ।ਮੈਨੂੰ ਤਾਂ ਪੱਬਾਂ ਵਿਚ ਕੋਈ ਗਿਲਾਸ ਭਰਨ ਲਈ ਵੀ ਨਹੀਂ ਰੱਖਦਾ।"
"ਮੇਰੇ ਲਈ ਕੰਮ ਕਰੇਂਗੀ? ਏਸਕੌਰਟਿੰਗ ਏਜੰਸੀ ਹੈ ਮੇਰੀ।"
"ਮੈਨੂੰ ਕੰਮ ਕਰਨਾ ਕੀ ਪਊਗਾ?"
"ਕੁਝ ਖਾਸ ਨਹੀਂ। ਬਸ ਸਮਝ ਲੈ ਐਸ਼-ਅਯਾਸ਼ੀ ਕਰਨੀ ਪਵੇਗੀ ਤੇ ਜਿਸ ਲਈ ਤੈਨੂੰ ਨੋਟ ਮਿਲਗੇ। ਵੱਡੇ ਵੱਡੇ ਵਪਾਰੀ, ਬਿਜ਼ਨਸ ਟਾਇਕੂਨ, ਮੰਤਰੀ, ਰਾਜਦੂਤ, ਪ੍ਰਸਿੱਧ ਹਸਤੀਆਂ, ਉੱਘੇ ਖਿਡਾਰੀ। ਦੇਸੀ… ਵਿਦੇਸ਼ੀ। ਇਕ ਤੋਂ ਵੱਧਕੇ ਇਕ ਅਮੀਰ ਮੇਰਾ ਗਾਹਕ ਹੈ।ਬਸ ਉਹਨਾਂ ਦਾ ਕੁਝ ਦੇਰ ਲਈ ਦਿਲ ਲਵਾਉਣਾ ਹੈ। ਉਹਨਾਂ ਦਾ ਮਨੋਰੰਜਨ ਕਰਨਾ ਹੈ।"
"ਕੀ ਮਤਲਬ?"
"ਮਤਲਬ। ਅਮੀਰ ਲੋਕਾਂ ਨਾਲ ਰੋਲਜ਼ ਰੋਇਸ, ਬੈਂਟਲੀ, ਲਿਮੋਜ਼ੀਨ, ਛੋਫਰ ਡਰਿਵਨ ਕਾਰਾਂ ਵਿਚ ਬੈਠ ਕੇ ਹਿਆਤ, ਰਿਜ਼ੈਂਸੀ ਵਰਗੇ ਫਾਇਵ ਸਟਾਰ ਹੋਟਲਾਂ ਵਿਚ ਜਾ ਕੇ ਭੋਜਨ ਖਾਣਾ, ਸ਼ਰਾਬਾਂ, ਸ਼ੈਮਪੇਨਾਂ ਪੀਣੀਆਂ। ਉਹਨਾਂ ਨੂੰ ਸੰਗਤ ਦੇਣੀ ਹੈ। ਉਹਨਾਂ ਦਾ ਦਿਲ ਬਹਿਲਾਉਣ ਲਈ ਉਹਨਾਂ ਦੀਆਂ ਝੂਠੀਆਂ ਮੂਠੀਆਂ ਤਾਰੀਫਾਂ ਕਰਨੀਆਂ ਅਤੇ ਉਹਨਾਂ ਨੂੰ ਅਹਿਸਾਸ ਕਰਵਾਉਣਾ ਹੈ ਕਿ ਉਹ ਇਸ ਦੁਨੀਆਂ ਵਿਚ ਇਕੱਲੇ ਨਹੀਂ ਹਨ। ਉਹਨਾਂ ਨੂੰ ਕੋਈ ਚਾਹੁਣ ਵਾਲਾ ਵੀ ਹੈ।ਅਮੀਰ ਲੋਕ ਭਰਮ ਦੇ ਕਿਲ੍ਹੇ ਵਿਚ ਜਿਉਂ ਰਹੇ ਹੁੰਦੇ ਹਨ। ਉਨ੍ਹਾਂ ਨੂੰ ਉਸੇ ਵਿਚ ਹੀ ਕੈਦ ਕਰਕੇ ਰੱਖਣਾ ਹੈ।ਕੰਮ ਕੋਈ ਬਹੁਤਾ ਮੁਸ਼ਕਿਲ ਨਹੀਂ ਹੈ। ਨਾਵਾਂ ਵੀ ਸੋਹਣਾ ਬਣਦਾ ਹੈ।"
"ਕੀ ਇਸ ਕੰਮ ਵਿਚ ਮੈਨੂੰ ਆਪਣਾ ਜਿਸਮ ਵੀ ਦਾਅ 'ਤੇ ਲਾਉਣਾ ਪਵੇਗਾ?"
"ਮੈਂ ਸਿਰਫ ਏਸਕੌਰਟਿੰਗ ਦਾ ਕੰਮ ਕਰਦੀ ਹਾਂ।ਜਿਸਮਫਰੋਸ਼ੀ ਨਹੀਂ। ਹਾਂ ਕੋਈ ਗਾਹਕ ਤੈਨੂੰ ਚੰਗਾ ਲੱਗੇ ਤੇ ਉਸ ਨਾਲ ਤੇਰੀ ਸਹੀ ਸੌਦੇਬਾਜ਼ੀ ਹੋ ਜਾਵੇ ਤਾਂ ਤੇਰੀ ਇੱਛਾ ਹੈ। ਤੇਰੇ ਗਾਹਕ ਨਾਲ ਹਮਬਿਸਤਰੀ ਕਰਨ ਵਿਚ ਮੈਨੂੰ ਕੋਈ ਇਤਰਾਜ਼ ਨਹੀਂ। ਤੇਰਾ ਜਿਸਮ ਹੈ, ਤੂੰ ਇਸ ਨਾਲ ਜੋ ਮਰਜ਼ੀ ਕਰ। ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਸੇ ਵੀ ਸੈਕਸ ਤਾਂ ਇਕ ਵਿਸਮਾਦਮਈ ਸੁਪਨਾ ਹੁੰਦਾ ਹੈ, ਜਿਆਦਾ ਦੇਰ ਨਹੀਂ ਰਹਿੰਦਾ ਤੇ ਅਖੀਰ ਤੇ ਜਿਸਨੇ ਟੁੱਟਣਾ ਹੁੰਦਾ ਹੈ।"
"ਹੂੰਅ, ਮੈਂ ਸੋਚੂੰਗੀ।"
"ਕਿਸਮਤ ਜਦੋਂ ਬੂਹੇ 'ਤੇ ਦਸਤਕ ਦੇ ਰਹੀ ਹੋਵੇ ਤਾਂ ਕੁੰਡਾ ਖੋਲ੍ਹਣ ਵਿਚ ਬਹੁਤੀ ਦੇਰ ਨਹੀਂ ਕਰੀਦੀ, ਕਿਉਂਕਿ ਤਕਦੀਰ ਬੜੀ ਬੇਸਬਰੀ ਹੁੰਦੀ ਹੈ। ਉਹ ਜ਼ਿਆਦਾ ਦੇਰ ਖੜ੍ਹ ਕੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ।ਮੇਰਾ ਨਾਮ ਸ਼ੈਰਨ ਹੈ, ਤੇਰਾ ਨਾਮ ਤਾਂ ਮੈਂ ਪੁੱਛਿਆ ਹੀ ਨਹੀਂ।"
"ਗੌਡਾਇਵਾ।"
ਸ਼ੈਰਨ ਉੱਚੀ-ਉੱਚੀ ਖਿੜਖਿੜਾ ਕੇ ਹੱਸ ਪਈ।
"ਕੀ ਗੱਲ ਹੋਈ? ਕੀ ਮੈਂ ਕੋਈ ਚੁਟਕਲਾ ਸੁਣਾ ਦਿੱਤਾ ਜੋ ਤੁਸੀਂ ਐਨੀ ਜ਼ੋਰ ਨਾਲ ਹੱਸ ਰਹੇ ਹੋ?"
"ਨਹੀਂ, ਸਿਗਰਟ ਲਵੇਂਗੀ?" ਸ਼ੈਰਨ ਨੇ ਡਨਹਿੱਲ ਦੀ ਮੈਨਥਲ ਸਿਗਰਟ ਵਾਲੀ ਡੱਬੀ ਵਿਚੋਂ ਇਕ ਸਿਗਰਟ ਖਿੱਚ ਕੇ ਮੂੰਹ ਵਿਚ ਪਾਉਂਦਿਆਂ ਗੌਡੀਵਾ ਨੂੰ ਸਿਗਰਟ ਦੀ ਪੇਸ਼ਕਸ਼ ਕਰੀ। ਗੌਡੀਵਾ ਨੇ ਸਿਗਰਟ ਲੈ ਕੇ ਸ਼ੈਰਨ ਤੋਂ ਉਸਦੇ ਲਾਇਟਰ ਨਾਲ ਸੁਲਗਾ ਲਈ। ਸਿਗਰਟ ਦਾ ਇਕ ਲੰਬਾਂ ਕਸ਼ ਖਿੱਚ ਕੇ ਸ਼ੈਰਨ ਨੇ ਧੂੰਆਂ ਹਵਾ ਵਿਚ ਛੱਡਿਆ, "ਮੈਂ ਸੋਚਦੀ ਹਾਂ ਕਿ ਕੀ ਅਜੀਬ ਇਤਫਾਕ ਹੈ। ਤੂੰ ਮੈਨੂੰ ਕਿਥੇ ਮਿਲੀ ਹੈਂ। ਉਹ ਸਾਹਮਣੇ ਘੋੜੇ 'ਤੇ ਅਰਧ ਨਗਨ ਬੈਠੀ ਔਰਤ ਦਾ ਬੁੱਤ ਦੇਖ ਰਹੀ ਹੈਂ? ਉਸਦਾ ਨਾਮ ਵੀ ਗੌਡੀਵਾ ਸੀ।ਗਿਆਰਵੀਂ ਸਦੀ ਵਿਚ ਇਹ ਇਸ ਸ਼ਹਿਰ ਦੀ ਮਾਲਕਣ ਸੀ। ਇਸ ਨੂੰ ਇਸਦੇ ਪਤੀ ਨੇ ਹੀ ਨੰਗੀ ਕਰਕੇ ਕਵੈਂਟਰੀ ਦੀਆਂ ਗਲੀਆਂ ਵਿਚ ਘੁੰਮਾਇਆ।ਇਸ ਤਮਾਸ਼ੇ ਨੂੰ ਦੇਖਣ ਵਾਲੇ ਟੌਮ ਦਾ ਬੁੱਤ ਔਹ ਸਾਹਮਣੇ ਸ਼ਾਪਿੰਗ ਸ਼ੈਂਟਰ ਵਿਚ ਲੱਗਿਆ ਹੈ। ਸਦੀਆਂ ਬੀਤ ਗਈਆਂ ਹਨ। ਪਰ ਔਰਤ ਦੀ ਦਸ਼ਾ ਵਿਚ ਕੋਈ ਸੁਧਾਰ ਨਹੀਂ ਆਇਐ। ਔਰਤ ਨੂੰ ਕੱਲ੍ਹ ਵੀ ਨੰਗਿਆਂ ਕੀਤਾ ਜਾਂਦਾ ਸੀ ਤੇ ਅੱਜ ਵੀ। ਮਹਿਜ਼ ਢੰਗ ਤਰੀਕੇ ਹੀ ਬਦਲੇ ਹਨ।ਸਥਿਤੀ ਕਦੇ ਵੀ ਨਹੀਂ ਬਦਲੇਗੀ। ਸ਼ਾਇਦ ਇਹ ਪ੍ਰਚਲਨ ਭਵਿੱਖ ਵਿਚ ਵੀ ਜਾਰੀ ਰਹੇਗਾ।ਔਰਤ ਨੂੰ ਜਦੋਂ ਕੋਈ ਮਰਦ ਸੋਹਣਾ ਲੱਗਦਾ ਹੈ ਤਾਂ ਉਹ ਉਸਨੂੰ ਪਿਆਰ ਕਰਨ ਲੱਗ ਜਾਂਦੀ ਹੈ। ਉਸਦਾ ਬੱਚਾ ਪੈਦਾ ਕਰਨਾ ਲੋਚਦੀ ਹੈ। ਪਰ ਮਰਦ ਨੂੰ ਜਦੋਂ ਕੋਈ ਔਰਤ ਸੋਹਣੀ ਲੱਗਦੀ ਹੈ ਤਾਂ ਉਹ ਉਸ ਨੂੰ ਨੰਗਿਆ ਕਰਨ ਦੀਆਂ ਜੁਗਤਾਂ ਲੜਾਉਣ ਲੱਗ ਜਾਂਦਾ ਹੈ। ਔਰਤ ਨਾਲ ਰਿਸ਼ਤਾ ਜੋੜਣ ਤੋਂ ਵੀ ਪਹਿਲਾਂ ਮਰਦ ਦੇ ਜ਼ਿਹਨ ਵਿਚ ਉਸਨੂੰ ਭੋਗਣ ਦੀ ਕਾਮਨਾ ਜਨਮ ਲੈਂਦੀ ਹੈ।ਮਰਦਾਂ ਦੀ ਇਸੇ ਕਮਜ਼ੋਰੀ ਦਾ ਫਾਇਦਾ ਉੱਠਾਉਣਾ, ਮੇਰਾ ਧੰਦਾ ਹੈ।ਬੋਲ ਕੀ ਕਹਿੰਦੀ ਐਂ?" ਸ਼ੈਰਨ ਗੌਡੀਵਾ ਮੂਹਰੇ ਦਾਨਿਸ਼ਵਰ ਬਣੀ ਬੈਠੀ ਸੀ।
"ਮੈਨੂੰ ਸੋਚਣ ਲਈ ਵਕਤ ਦਿਉ।"
"ਠੀਕ ਹੈ, ਮੇਰਾ ਨੰਬਰ ਆਪਣੇ ਫੋਨ ਵਿਚ ਸੇਵ ਕਰ ਲੈ। ਜਦੋਂ ਮਨ ਬਣੇ, ਮੇਰੇ ਕੋਲ ਆ ਜਾਈਂ। ਮਿਸ਼ਨ 'ਤੇ ਜਾਣ ਵੇਲੇ ਵਧੀਆ ਕੱਪੜੇ ਅਤੇ ਕੀਮਤੀ ਗਹਿਣੇ।ਸਭ ਮੈਂ ਮੁਹੱਈਆ ਕਰਾਂਗੀ। ਹਫਤੇ ਵਿਚ ਦੋ ਵਾਰ ਤੈਨੂੰ ਮੁਫਤ ਬਿਉਟੀ ਥੈਰਪੀ ਅਤੇ ਕਸਰਤ ਲਈ ਜ਼ਿਮ, ਸਵਿੰਮੀਗ ਪੂਲ, ਸਟੀਮਰੂਮ, ਸੋਨਾਬਾਥ, ਸੋਲਰ ਬੈੱਡ ਤੇ ਜਕੂਜ਼ੀ ਦੀਆਂ ਸਭ ਸਹੂਲਤਾਂ ਤੇਰੇ ਲਈ ਮੁਫਤ ਹੋਣਗੀਆਂ।"
ਸ਼ੈਰਨ ਦੀ ਗੱਲ ਸੁਣ ਕੇ ਗੌਡੀਵਾ ਹਫਲ ਗਈ,"ਜੇ ਇਹ ਗੱਲ ਐ ਤਾਂ ਠੀਕ ਹੈ ਮੈਂ ਤਿਆਰ ਹਾਂ। ਬੋਲੋ ਕਦੋਂ ਤੋਂ ਸ਼ੁਰੂ ਕਰੀਏ।ਪਰ ਮੈਨੂੰ ਦਿਹਾੜੀ ਦੇ ਕਿੰਨੇ ਕੁ ਪੌਂਡ ਬਣ ਜਾਇਆ ਕਰਨਗੇ?"
"ਘੰਟੇ ਦਾ ਘੱਟੋ-ਘੱਟ ਸੌ ਕੁ ਪੌਂਡ ਤਾਂ ਕਿਤੇ ਗਿਆ ਨਹੀਂ। ਇਸ ਤੋਂ ਵੱਧ ਵੀ ਸਕਦੇ ਨੇ। ਇਹ ਤਾਂ ਤੇਰੇ 'ਤੇ ਮੁਨੱਸਰ ਕਰਦਾ ਹੈ। ਗਾਹਕਾਂ ਵੱਲੋਂ ਮਿਲਣ ਵਾਲੇ ਤੋਹਫੇ ਵਾਧੂ ਦੇ।ਵੈਸੇ ਮੈਂ ਆਪਣੇ ਗਾਹਕਾਂ ਨੂੰ ਉਹਨਾਂ ਦੀ ਹੈਸੀਅਤ ਦੇਖ ਕੇ ਚਾਰਜ ਕਰਦੀ ਹਾਂ। ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ।ਮੈਂ ਗਾਹਕ ਨੂੰ ਜੋ ਚਾਰਜ ਕਰਾਂਗੀ। ਉਸ ਵਿਚੋਂ ਆਪਣਾ ਬਰਾਬਰ ਦਾ ਅੱਧ, ਫਿਫਟੀ ਫਿਫਟੀ।ਸ਼ੁਭ ਕੰਮ ਵਿਚ ਦੇਰੀ ਨਹੀਂ ਕਰੀਦੀ। ਚੱਲ ਅੱਜ ਤੋਂ ਹੀ ਕੰਮ ਸ਼ੁਰੂ ਕਰਦੇ ਹਾਂ। ਤੈਨੂੰ ਇਕ ਹਫਤੇ ਦੀ ਟਰੇਨਿੰਗ ਦੇਵਾਂਗੇ।ਤੇਰੀ ਚਾਲ-ਢਾਲ, ਬੋਲ-ਬਾਣੀ ਸਭ ਕੁਝ ਸੁਧਾਰਾਂਗੇ। ਤੇਰੇ ਰੂਪ ਨੂੰ ਨਿਖਾਰਾਂਗੇ। ਗਾਹਕ ਨਾਲ ਚਿਕਨੀਆਂ ਚੋਪੜੀਆਂ ਕੀ ਗੱਲਾਂ ਕਰਨੀਆਂ ਹਨ। ਉਸਦਾ ਮਨ ਪਰਚਾਵਾ ਕਿਵੇਂ ਕਰਨਾ ਹੈ ਤੇ ਉਸਦਾ ਸਮਾਂ ਚੁਸਤੀ ਨਾਲ ਕਿਵੇਂ ਬਰਬਾਦ ਕਰਨਾ ਹੈ। ਸਭ ਗੁਰ ਤੈਨੂੰ ਮੈਂ ਸਿਖਾਵਾਂਗੀ।"
"ਹੁਣ ਆਪਾਂ ਵਕਤ ਖਰਾਬ ਨਾ ਕਰੀਏ ਤੇ ਇਥੋਂ ਤਿੱਤਰ ਹੋਈਏ। ਮੇਰੇ ਕੋਲੋਂ ਹੋਰ ਸਬਰ ਨਹੀਂ ਹੁੰਦਾ।" ਗੌਡੀਵਾ ਸ਼ੈਰਨ ਨੂੰ ਬਾਹੋਂ ਫੜ੍ਹ ਕੇ ਉੱਠ ਕੇ ਖੜੀ ਹੋ ਗਈ ਸੀ।
ਸ਼ੈਰਨ ਨੇ ਤਿੰਨ ਦਿਨਾਂ ਵਿਚ ਹੀ ਗੌਡੀਵਾ ਨੂੰ ਸਿੱਖਿਅਤ ਕਰ ਦਿੱਤਾ ਸੀ। ਚੌਥੇ ਦਿਨ ਗੌਡੀਵਾ ਦਾ ਪਰੋਫਾਇਲ ਅਤੇ ਫੋਟੋਆਂ ਸ਼ੈਰਨ ਦੀ ਵੈਬਸਾਇਟ ਉੱਤੇ ਨਸ਼ਰ ਹੋ ਗਈਆਂ ਸਨ। ਖੁਸ਼ਕਿਸਮਤੀ ਨਾਲ ਪੰਜਵੇਂ ਦਿਨ ਹੀ ਗੌਡੀਵਾ ਲਈ ਇਕ ਅਰਬ ਦੇ ਹੀਰਿਆਂ ਦੇ ਵਪਾਰੀ ਦਾ ਨਿਉਅਤਾ ਆ ਗਿਆ ਸੀ।ਉਸ ਵਪਾਰੀ ਨੇ ਇਕ ਦਿਨ ਲਈ ਲੰਡਨ ਘੁੰਮਣਾ ਸੀ ਤੇ ਉਹ ਵੀ ਗੌਡੀਵਾ ਦੇ ਹੁਸੀਨ ਸਾਥ ਨਾਲ। ਲੰਡਨ ਵਿਚ ਬਚਪਨ ਬਿਤਾਇਆ ਹੋਣ ਕਰਕੇ ਗੌਡੀਵਾ ਨੂੰ ਲੰਡਨ ਬਾਰੇ ਕਾਫੀ ਜਾਣਕਾਰੀ ਸੀ, ਬੇਸ਼ਕ ਉਸ ਨੇ ਸਭ ਥਾਵਾਂ ਪਹਿਲਾਂ ਕਦੇ ਘੁੰਮ ਕੇ ਨਹੀਂ ਸਨ ਦੇਖੀਆਂ।
ਸਾਢੇ ਦਸ ਘੰਟੇ ਅਰਬੀ ਨਾਲ ਸੈਰ-ਓ-ਤਫਰੀ ਕਰਨ, ਚੰਗਾ ਖਾਣ ਪੀਣ ਤੋਂ ਇਲਾਵਾ ਹੀਰਿਆਂ ਦੀ ਮਾਲਾ ਦਾ ਤੋਹਫਾ ਗੌਡੀਵਾ ਨੂੰ ਮਿਲਿਆ ਸੀ ਤੇ ਜਦੋਂ ਕਵੈਂਟਰੀ ਵਾਪਿਸ ਆਈ ਸੀ ਤਾਂ ਸ਼ੈਰਨ ਨੇ ਗੌਡੀਵਾ ਦੀ ਤਨਖਾਹ ਹਜ਼ਾਰ ਪੌਂਡ ਨਕਦ ਉਸਨੂੰ ਦਿੱਤੇ ਸਨ। ਗੌਡੀਵਾ ਨੋਟਾਂ ਨੂੰ ਫੈਂਟ ਫੈਂਟ ਫੁੱਲਿਆਂ ਨਹੀਂ ਸੀ ਸਮਾ ਰਹੀ।ਗੌਡੀਵਾ ਦੇ ਮਨ ਵਿਚ ਖਿਆਲ ਆਇਆ ਸੀ ਕਿ ਉਸ ਨੇ ਇਹ ਨੌਕਰੀ ਜੇ ਕਿਧਰੇ ਪਹਿਲਾਂ ਕੀਤੀ ਹੁੰਦੀ ਤਾਂ ਅੱਜ ਨੂੰ ਸਾਰਾ ਮਿਡਲੈਂਡ ਖਰੀਦਿਆ ਹੋਣਾ ਸੀ।
ਸਮਾਂ ਬੀਤਦਾ ਗਿਆ। ਹੌਲੀ ਹੌਲੀ ਗਾਹਕਾਂ ਵਿਚ ਗੌਡੀਵਾ ਦੀ ਮੰਗ ਵਧਣ ਲੱਗ ਪਈ ਸੀ। ਚਾਰ ਪੰਜ ਧਨਾਡ ਤਾਂ ਗੌਡੀਵਾ ਦੇ ਪੱਕੇ ਹੀ ਗਾਹਕ ਬਣ ਗਏ ਸਨ।ਜਿਨ੍ਹਾਂ ਵਿਚੋਂ ਅਸਟਰੇਲੀਆ ਦਾ ਇਕ ਰਾਜਦੂਤ ਤਾਂ ਗੌਡੀਵਾ ਉੱਤੇ ਜਾਨ ਛਿੜਕਦਾ ਸੀ।ਜਦ ਵੀ ਉਹ ਇੰਗਲੈਂਡ ਆਉਂਦਾ ਤਾਂ ਸ਼ੈਰਨ ਨੂੰ ਆਖ ਕੇ ਗੌਡੀਵਾ ਨੂੰ ਹੀ ਬੁੱਕ ਕਰਦਾ ਸੀ। ਕਈ ਵਾਰ ਉਸ ਦਾ ਸ਼ੈਰਨ ਲਾਹਾ ਵੀ ਲੈਂਦੀ ਸੀ। ਜਾਣ-ਬੁੱਝ ਕੇ ਉਸਨੂੰ ਝੂਠ ਬੋਲ ਦਿੰਦੀ ਕਿ ਗੌਡੀਵਾ ਵਿਹਲੀ ਨਹੀਂ ਹੈ। ਉਹ ਰਾਜਦੂਤ ਵੱਧ ਮਾਇਆ ਦੇਣ ਦੀ ਪੇਸ਼ਕਸ਼ ਕਰਦਾ। ਸ਼ੈਰਨ ਉਸ ਤੋਂ ਇਸ ਤਰ੍ਹਾਂ ਜ਼ਿਆਦਾ ਰਕਮ ਝਾੜ ਕੇ ਗੌਡੀਵਾ ਨੂੰ ਭੇਜ ਦਿੰਦੀ ਸੀ।ਇਕ ਵਾਰ ਉਹ ਪੂਰੇ ਹਫਤੇ ਲਈ ਇੰਗਲੈਂਡ ਆਇਆ ਤਾਂ ਉਸਨੇ ਦਿਨ ਰਾਤ ਲਈ ਸਾਰਾ ਹਫਤਾ ਗੌਡੀਵਾ ਨੂੰ ਨਾਲ ਰੱਖਿਆ। ਗੌਡੀਵਾ ਨੂੰ ਵੀ ਉਹ ਚੰਗਾ ਲੱਗਦਾ ਸੀ। ਪੜ੍ਹਿਆ ਲਿਖਿਆ ਸਭਿਅਕ ਇੰਨਸਾਨ ਤੇ ਫਿਰ ਉੱਚਾ ਅਹੁਦੇਦਾਰ ਸੀ। ਉਮਰ ਕੁਝ ਜ਼ਿਆਦਾ ਸੀ ਪਰ ਦੇਖਣ ਨੂੰ ਮਾੜਾ ਨਹੀਂ ਸੀ ਲੱਗਦਾ। ਗੌਡੀਵਾ ਵੀ ਉਸਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ।ਗੌਡੀਵਾ ਨੂੰ ਉਸਦੇ ਲਤੀਫੇ ਸੁਣਾਉਣੇ ਬਹੁਤ ਪਸੰਦ ਸਨ। ਗੱਲ ਗੱਲ ਉੱਤੇ ਉਹ ਕੋਈ ਨਾ ਕੋਈ ਲਤੀਫਾ ਜੜ ਦਿੰਦਾ ਸੀ। ਗੌਡੀਵਾ ਵੀ ਉਸ ਵੱਲ ਥੋੜ੍ਹਾ ਖਿਚੀ ਗਈ ਸੀ। ਇਸ ਕਰਕੇ ਇਕ ਵਾਰ ਉਲਾਰ ਹੋਈ ਉਹ ਰਾਜਦੂਤ ਨੂੰ ਗੱਲ੍ਹ ਉੱਤੇ ਸੰਖੇਪ ਵਿਦਾਇਗੀ ਚੁੰਮਣ ਦੇਣ ਲੱਗੀ ਆਪਣੇ ਹੋਂਠ ਉਸਦੇ ਲਬ੍ਹਾਂ ਨਾਲ ਜੋੜ ਬੈਠੀ ਸੀ। ਪਰ ਫੇਰ ਉਹ ਛੇਤੀ ਹੀ ਸੰਭਲ ਗਈ ਸੀ। ਗੌਡੀਵਾ ਨੇ ਤੈਸ਼ ਵਿਚ ਆ ਕੇ ਇਹ ਗੱਲ ਸ਼ੈਰਨ ਨੂੰ ਦੱਸ ਦਿੱਤੀ ਸੀ ਤੇ ਸ਼ੈਰਨ ਨੇ ਉਸ ਤੋਂ ਮਗਰੋਂ ਕਾਫੀ ਅਰਸੇ ਤੱਕ ਗੌਡੀਵਾ ਨੂੰ ਉਸ ਰਾਜਦੂਤ ਲਈ ਬੁੱਕ ਨਹੀਂ ਸੀ ਕੀਤਾ।ਗੌਡੀਵਾ ਦੀ ਬਜਾਏ ਰਾਜਦੂਤ ਕੋਲ ਹੋਰ ਕੁੜੀਆਂ ਜਾਂਦੀਆਂ ਰਹੀਆਂ ਸਨ। ਪਰ ਰਾਜਦੂਤ ਦਾ ਮਨ ਕਿਸੇ ਹੋਰ ਨਾਲ ਨਾ ਮਿਲਿਆ ਤੇ ਉਸਨੇ ਸ਼ੈਰਨ ਨੂੰ ਧਮਕੀ ਭਰੇ ਲਹਿਜ਼ੇ ਵਿਚ ਆਖ ਦਿੱਤਾ ਸੀ ਕਿ ਜਾਂ ਤਾਂ ਗੌਡੀਵਾ ਨੂੰ ਭੇਜੇ ਨਹੀਂ ਉਹ ਕੋਈ ਹੋਰ ਏਸਕੌਰਟਿੰਗ ਏਜੰਸੀ ਲੱਭ ਲਵੇਗਾ।ਮਜ਼ਬੂਰਨ ਸ਼ੈਰਨ ਨੂੰ ਗੌਡੀਵਾ ਭੇਜਣੀ ਪਈ ਸੀ।
ਗੌਡੀਵਾ ਨੂੰ ਲੰਮੇ ਵਕਫੇ ਉਪਰੰਤ ਦੇਖ ਕੇ ਸ਼ਰਸਾਰ ਹੋਏ ਰਾਜਦੂਤ ਨੇ ਉਸਨੂੰ ਅਨੇਕਾਂ ਉਪਹਾਰ ਦਿੱਤੇ ਸਨ। ਉਸ ਤੋਂ ਬਾਅਦ ਰਾਜਦੂਤ ਨੇ ਗੌਡੀਵਾ ਅੱਗੇ ਇਕ ਪ੍ਰਸਤਾਵ ਰੱਖਿਆ ਸੀ ਕਿ ਉਹ ਸ਼ੈਰਨ ਦੀ ਏਜੰਸੀ ਨੂੰ ਵਿਚੋਂ ਕੱਢ ਕੇ ਉਸ ਨਾਲ ਸਿੱਧਾ ਰਾਬਤਾ ਕਾਇਮ ਕਰ ਲਵੇ। ਇਸ ਨਾਲ ਉਸਨੂੰ ਅੱਧ ਵੀ ਏਜੰਸੀ ਨੂੰ ਨਹੀਂ ਦੇਣਾ ਪਵੇਗਾ ਤੇ ਰਾਜਦੂਤ ਜਦ ਚਾਹੇ ਗੌਡੀਵਾ ਨੂੰ ਮਿਲ ਸਕਦਾ ਹੋਵੇਗਾ।ਇਸ ਪ੍ਰਸਤਾਵ ਬਾਰੇ ਗੌਡੀਵਾ ਨੇ ਠੰਡੇ ਦਿਮਾਗ ਨਾਲ ਇਕ ਵਾਰ ਸੋਚਿਆ ਸੀ।ਰਾਜਦੂਤ ਬੜਾ ਸਲੀਕੇ ਵਾਲਾ, ਪੜ੍ਹਿਆ ਲਿਖਿਆ, ਸਭਿਅਕ ਮਨੁੱਖ ਸੀ। ਉਸਨੇ ਕਦੇ ਗੌਡੀਵਾ ਨੂੰ ਹੱਥ ਲਾ ਕੇ ਛੂਹਿਆ ਤੱਕ ਨਹੀਂ ਸੀ।ਨਾ ਹੀ ਕਦੇ ਉਸਦੀ ਗੱਲਬਾਤ ਵਿਚੋਂ ਗੌਡੀਵਾ ਨੂੰ ਹਵਸ ਦਾ ਝਲਕਾਰਾ ਪਿਆ ਸੀ ਅਤੇ ਨਾ ਹੀ ਉਸਦੇ ਵਿਵਹਾਰ ਵਿਚੋਂ ਹਲਕਿਆਪਨ ਦਿਖਾਈ ਦਿੱਤਾ ਸੀ।ਉਸਨੂੰ ਗੌਡੀਵਾ ਨਾਲ ਇਸ਼ਕ ਹੋ ਗਿਆ ਸੀ ਜਾਂ ਉਸਨੂੰ ਧਨ ਲੁਟਾਉਣ ਦਾ ਸ਼ੌਂਕ ਸੀ। ਇਸ ਗੱਲ ਦਾ ਗੌਡੀਵਾ ਖੁਦ ਵੀ ਕਦੇ ਨਿਰਣਾ ਨਹੀਂ ਸੀ ਕਰ ਸਕੀ।ਤੋਹਫਿਆਂ ਦੀ ਝੇਪ ਅਤੇ ਰਾਜਦੂਤ ਨਾਲ ਹੋਈਆਂ ਅਨੇਕਾਂ ਮਿਲਣੀਆਂ ਨੂੰ ਮੁੱਖ ਰੱਖ ਕੇ ਗੌਡੀਵਾ ਨੇ ਰਾਜਦੂਤ ਨੂੰ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਸੀ। ਉਸ ਤੋਂ ਬਾਅਦ ਰਾਜਦੂਤ ਅਸਟਰੇਲੀਆ ਤੋਂ ਜਹਾਜ਼ ਵਿਚ ਬੈਠਣ ਲੱਗਾ ਗੌਡੀਵਾ ਨੂੰ ਫੋਨ ਕਰਕੇ ਇਤਲਾਹ ਦੇ ਦਿੰਦਾ ਸੀ ਤੇ ਗੌਡੀਵਾ ਟੈਕਸੀ ਲੈ ਕੇ ਏਅਰਪੋਰਟ ਉੱਤੇ ਫੁੱਲਾਂ ਦਾ ਗੁਲਦਸਤਾ ਲਈ ਖੜ੍ਹੀ, ਰਾਜਦੂਤ ਦਾ ਇੰਤਜ਼ਾਰ ਕਰ ਰਹੀ ਹੁੰਦੀ। ਗੌਡੀਵਾ ਰਾਜਦੂਤ ਦੇ ਨਾਲ ਉਹਦੀ ਨਿੱਜੀ ਸਕੱਤਰ ਦੀ ਤਰ੍ਹਾਂ ਮੀਟਿੰਗਾਂ, ਪਾਰਟੀਆਂ ਅਤੇ ਸਮਾਗਮਾਂ ਵਿਚ ਸ਼ਿਰਕਤ ਕਰਦੀ।ਜਿਸਦੇ ਇਵਜ਼ ਵਿਚ ਗੌਡੀਵਾ ਨੂੰ ਬਹੁਤ ਸਾਰਾ ਧਨ ਮਿਲਦਾ।ਗੌਡੀਵਾ ਰਾਜਦੂਤ ਦੀ ਮਿੱਤਰਤਾ ਤੋਂ ਬਹੁਤ ਖੁਸ਼ ਸੀ।
ਇਉਂ ਹੀ ਇਕ ਵਾਰ ਰਾਜਦੂਤ ਹਫਤੇ ਦੀਆਂ ਛੁੱਟੀਆਂ ਕੱਟਣ ਇੰਗਲੈਂਡ ਆਇਆ ਸੀ। ਉਸਨੇ ਇੰਟਰਨੈੱਟ 'ਤੇ ਪਹਿਲਾਂ ਹੀ ਵਰਿਕਸ਼ਾਇਰ ਦੀ ਕੰਟਰੀਸਾਇਡ 'ਤੇ ਸਥਿਤ ਇਕ ਵਿਲਾ ਬੁੱਕ ਕਰ ਲਿਆ ਸੀ। ਗੌਡੀਵਾ ਨੂੰ ਲੈ ਕੇ ਉਹ ਉਥੇ ਚਲਾ ਗਿਆ ਸੀ। ਬਾਰਬੀਕਿਉ ਅਤੇ ਸ਼ਰਾਬ ਦਾ ਸਾਰਾ ਦਿਨ ਦੌਰ ਚਲਦਾ ਰਿਹਾ ਹੋਣ ਕਰਕੇ ਆਥਣ ਤੱਕ ਰਾਜਦੂਤ ਬਹੁਤ ਸ਼ਰਾਬੀ ਹੋ ਗਿਆ ਸੀ। ਗੌਡੀਵਾ ਨੇ ਉਸਨੂੰ ਇਸ ਕਦਰ ਸ਼ਰਾਬ ਪੀਂਦਿਆਂ ਪਹਿਲਾਂ ਕਦੇ ਨਹੀਂ ਸੀ ਦੇਖਿਆ।ਪੂਰਾ ਟੱਲੀ ਹੋ ਕੇ ਜਦ ਉਹ ਯਬਲੀਆਂ ਮਾਰਨ ਲੱਗ ਪਿਆ ਸੀ ਤਾਂ ਗੌਡੀਵਾ ਉਸ ਨੂੰ ਬਗੀਚੇ ਵਿਚੋਂ ਉੱਠਾ ਕੇ ਉਸਦੇ ਸੌਣ ਕਮਰੇ ਵਿਚ ਲੇਟਾ ਆਈ ਸੀ।
ਉਸ ਉਪਰੰਤ ਆਪਣੇ ਕਮਰੇ ਵਿਚ ਆ ਕੇ ਗੌਡੀਵਾ ਨੇ ਗਹਿਣੇ ਉਤਾਰ ਕੇ ਅਜੇ ਲਿਗਾਰੀ ਪਹਿਨੀ ਹੀ ਸੀ ਕਿ ਰਾਜਦੂਤ ਹੱਥ ਵਿਚ ਸ਼ਰਾਬ ਦੀ ਬੋਤਲ ਫੜ੍ਹੀ ਗੌਡੀਵਾ ਦੇ ਕਮਰੇ ਵਿਚ ਆ ਧੁੱਸਿਆ ਸੀ।
"ਬੇਬ, ਤੂੰ ਮੈਨੂੰ ਛੱਡ ਕੇ ਇਥੇ ਕਿਉਂ ਆ ਗਈ? ਅੱਜ ਤੂੰ ਮੇਰੇ ਨਾਲ ਸੌਵੇਂਗੀ।" ਲੜਖੜਾਉਂਦਾ ਹੋਇਆ ਰਾਜਦੂਤ ਗੌਡੀਵਾ ਨਾਲ ਮੰਜੇ ਉੱਤੇ ਆ ਕੇ ਬੈਠ ਗਿਆ ਸੀ ਤੇ ਗੌਡੀਵਾ ਦੇ ਲੱਕ ਦੁਆਲੇ ਹੱਥ ਪਾ ਕੇ ਉਸਨੂੰ ਆਪਣੇ ਨਾਲ ਜੋੜਦਾ ਹੋਇਆ ਬੋਲਿਆ ਸੀ, "ਈਵ, ਤੂੰ ਧਰਮ ਨਾਲ ਬਹੁਤ ਸੋਹਣੀ ਐਂ। ਸਹੁੰ ਲੱਗੇ ਜਦੋਂ ਹੱਸਦੀ ਏਂ ਨਾ, ਕਾਲਜਾ ਧੂਹ ਕੇ ਬੰਦੇ ਦਾ ਬਾਹਰ ਕੱਢ ਲੈਂਦੀ ਹੈਂ।"
"ਤੁਹਾਨੂੰ ਜ਼ਿਆਦਾ ਚੜ੍ਹ ਗਈ ਹੈ। ਤੁਸੀਂ ਹੁਣ ਸੌਂ ਜਾਉ। ਆਪਾਂ ਸਵੇਰੇ ਗੱਲ ਕਰਾਂਗੇ।ਮੈਂ ਵੀ ਬਹੁਤ ਥੱਕ ਗਈ ਹਾਂ।" ਗੌਡੀਵਾ ਨੇ ਆਪਣੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ ਸੀ।
"ਈਵਾ ਤੇਰੇ ਬੁੱਲ੍ਹ ਨਾ, ਯੋਰਕਸ਼ਾਇਰ ਦੀ ਪੁਡਿੰਗ ਵਰਗੇ ਨੇ ਮਿੱਠੇ ਤੇ ਸਟਰੋਬਰੀਆਂ ਵਰਗੇ ਰਸੀਲੇ। ਬੰਦਾ ਮੂੰਹ ਨੂੰ ਲਾ ਕੇ ਚੂਸਣੋਂ ਨਾ ਹਟੇ।" ਵਾਹੋਦਾਹੀ ਰਾਜਦੂਤ ਗੌਡੀਵਾ ਦੇ ਮੁੱਖ ਨੂੰ ਚੁੰਮਣ ਅਤੇ ਚੱਟਣ ਲੱਗ ਗਿਆ ਸੀ।
ਗੌਡੀਵਾ ਨੇ ਅਸੁਵਿਧਾ ਮਹਿਸੂਸ ਕਰਦਿਆਂ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਰਾਜਦੂਤ ਨੂੰ ਆਪਣੇ ਤੋਂ ਪਰ੍ਹਾਂ ਧੱਕਣਾ ਚਾਹਿਆ ਸੀ, "ਕੀ ਕਰਦੇ ਹੋ? ਮੈਨੂੰ ਚੰਗਾ ਨਹੀਂ ਲੱਗ ਰਿਹਾ। ਪਲੀਜ਼ ਹੱਟ ਜਾਉ।"
"ਲੈ ਆਏਂ ਕਿਵੇਂ ਹੱਟ ਜਾਵਾਂ। ਮੈਂ ਤੈਨੂੰ ਹਜ਼ਾਰਾਂ ਪੌਂਡ ਲੁਟਾਏ ਨੇ। ਅੱਜ ਦੀ ਰਾਤ ਉਹਨਾਂ ਨੂੰ ਵਸੂਲਣ ਦੀ ਰਾਤ ਐ ਮੇਰੀ ਜਾਨ।"
"ਤੁਸੀਂ ਪੌਂਡ ਦਿੱਤੇ ਹਨ ਤਾਂ ਮੈਂ ਉਸਦੇ ਬਦਲੇ ਤੁਹਾਨੂੰ ਵਧੀਆ ਸਰਵਿਸ ਵੀ ਤਾਂ ਦਿੱਤੀ ਹੈ।"
"ਸਰਵਿਸ ਤਾਂ ਤੇਰੀ ਅੱਜ ਮੈਂ ਕਰਦਾਂ। ਹਿਣਕਦੀ ਫਿਰਦੀ ਐਂ।" ਰਾਤਦੂਤ ਨੇ ਬਿਸਤਰੇ ਉੱਤੇ ਢਾਹ ਕੇ ਗੌਡੀਵਾ ਦੇ ਕੱਪੜੇ ਫਾੜਨੇ ਸ਼ੁਰੂ ਕਰ ਦਿੱਤੇ ਸਨ। ਗੌਡੀਵਾ ਦਾ ਖੱਬਾ ਗੁੱਟ ਸੱਜੇ ਅਤੇ ਸੱਜਾ ਗੁੱਟ ਖੱਬੇ ਹੱਥ ਨਾਲ ਫੜ ਕੇ ਰਾਜਦੂਤ ਨੇ ਬਿਸਤਰੇ ਉੱਤੇ ਨੱਪ ਲਿੱਤੇ ਸਨ। ਤਿਲਮਿਲਾਉਂਦੀ ਹੋਈ ਗੋਡੀਵਾ ਨੇ ਆਪਣੇ ਆਪ ਨੂੰ ਰਿਹਾਅ ਕਰਵਾਉਣ ਦੇ ਯਤਨ ਵਿਚ ਹੁੱਝਕੇ ਮਾਰੇ ਸਨ। ਪਰ ਵਿਅਰਥ ਗਏ ਕਿਉਂਕਿ ਰਾਜਦੂਤ ਵਿਚ ਉਸ ਨਾਲੋਂ ਜ਼ਿਆਦਾ ਜ਼ੋਰ ਸੀ।
"ਮੈਨੂੰ ਛੱਡ। ਮੈਂ ਵਿਕਾਉ ਨਹੀਂ।"
"ਨਾ ਹੋਰ ਤੂੰ ਲੰਡਨ ਦੇ ਆਰਟ ਮਿਉਜ਼ਿਅਮ ਵਿਚ ਰੱਖਣ ਵਾਲੀ ਹੈਂ। ਮੈਡਮ ਟੂਸੋਡ 'ਚ ਤੇਰਾ ਬੁੱਤ ਲਾਈਏ?"
ਰਾਜਦੂਤ ਦੀ ਜ਼ਬਰਦਸਤੀ ਤੋਂ ਬਚਣ ਦਾ ਕੋਈ ਹੀਲਾ ਨਾ ਚੱਲਦਾ ਦੇਖ ਕੇ ਗੌਡੀਵਾ ਨੇ ਦਿਮਾਗ ਲੜਾਇਆ ਤਾਂ ਐਨ ਉਸੇ ਵਕਤ ਉਸਨੂੰ ਸ਼ੈਰਨ ਵੱਲੋਂ ਦਿੱਤਾ ਗਿਆ ਹਿੰਸਕ ਗਾਹਕਾਂ ਨਾਲ ਨਿਪਟਣ ਦਾ ਗੁਰ-ਮੰਤਰ ਚੇਤੇ ਆ ਗਿਆ ਸੀ। ਗੌਡੀਵਾ ਇਕਦਮ ਢਿੱਲੀ ਪੈ ਗਈ ਸੀ।
"ਹਨੀ, ਤੁਹਾਨੂੰ ਤਾਂ ਪਿਆਰ ਕਰਨਾ ਵੀ ਨਹੀਂ ਆਉਂਦਾ। ਇੰਝ ਧੱਕਾ-ਮੁੱਕੀ ਥੋੜ੍ਹਾ ਕਰਦੀ ਹੈ। ਛੱਡੋ ਮੈਨੂੰ, ਮੈਂ ਤੁਹਾਨੂੰ ਪਿਆਰ ਕਰਨਾ ਸਿਖਾਉਂਦੀ ਹਾਂ।ਤੁਸੀਂ ਬੈੱਡ 'ਤੇ ਲੇਟੋ ਲਿਆਉ ਪਹਿਲਾਂ ਮੈਂ ਤੁਹਾਡੇ ਮਸਾਜ਼ ਕਰਾਂ।" ਗੌਡੀਵਾ ਨਜ਼ਾਕਤ ਨਾਲ ਬੋਲੀ ਸੀ।
ਗੌਡੀਵਾ ਦੇ ਮਿਸਰੀ ਵਰਗੇ ਬੋਲ ਸੁਣ ਕੇ ਇਕ ਵਾਰ ਤਾਂ ਰਾਜਦੂਤ ਝੂਜਲਾ ਗਿਆ ਸੀ ਤੇ ਗੌਡੀਵਾ ਨੂੰ ਅਜ਼ਾਦ ਕਰਕੇ ਢਹੇ ਹੋਏ ਭਲਵਾਨ ਵਾਂਗ ਪਲੰਘ ਉੱਤੇ ਡਿੱਗ ਪਿਆ ਸੀ, "ਹਾਏ ਗੌਡਾਈਵਾ! ਮੈਂ ਤਰਸਿਆ ਪਿਆਂ। ਅੱਜ ਸਾਰੀ ਰਾਤ ਪਿਆਰ ਕਰ ਕਰ ਕੇ ਮੈਨੂੰ ਮਾਰ'ਦੇ।"
"ਹਾਂ ਕਿਉਂ ਨਹੀਂ, ਹਜੂਰ ਅੱਜ ਦੀ ਰਾਤ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਂਗੇ। ਪਹਿਲਾਂ ਇਕ ਇਕ ਲਵਲੀ ਜਿਹਾ ਪੈੱਗ ਹੋ ਜਾਏ।" ਗੌਡੀਵਾ ਨੇ ਰਾਜਦੂਤ ਦੀਆਂ ਅੱਖਾਂ ਵਿਚ ਅੱਖਾਂ ਪਾ ਅੱਖ ਦੱਬੀ ਸੀ।
ਰਾਜਦੂਤ ਚਾਮ੍ਹਲ ਗਿਆ ਸੀ, "ਜਿਵੇਂ ਤੇਰੀ ਮਰਜ਼ੀ। ਸਾਡਾ ਫੱਕਰਾਂ ਦਾ ਕੀ ਐ?"
ਗੌਡੀਵਾ ਨੇ ਇਕ ਗਿਲਾਸ ਅੱਧਾ ਕੁ ਆਪਣੇ ਲਈ ਅਤੇ ਇਕ ਰਾਜਦੂਤ ਲਈ ਤੁੰਨ ਕੇ ਭਰ ਦਿੱਤਾ ਸੀ। ਆਪਣੇ ਗਿਲਾਸ ਵਿਚੋਂ ਇਕ ਘੁੱਟ ਭਰਕੇ ਗੌਡੀਵਾ ਨੇ ਮੇਜ਼ 'ਤੇ ਰੱਖ ਦਿੱਤਾ ਤੇ ਦੂਜਾ ਗਿਲਾਸ ਚੁੱਕ ਕੇ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ।
ਸੁੱਕੀ ਸ਼ਰਾਬ ਦਾ ਵੱਡਾ ਸਾਰਾ ਘੁੱਟ ਭਰ ਕੇ ਰਾਜਦੂਤ ਨੇ ਅੱਥੂ ਲਿਆ ਸੀ, "ਯਾਰ ਕੌੜੀ ਬਹੁਤ ਹੈ।"
"ਲਿਆਉ ਫੇਰ ਮਿੱਠੀ ਕਰ ਦੇਵਾਂ।" ਗੌਡੀਵਾ ਨੇ ਅੱਖਾਂ ਵਿਚ ਵਾਸਨਾ ਭਰਕੇ ਅਦਾ ਨਾਲ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰੀ ਸੀ ਤੇ ਰਾਜਦੂਤ ਦੇ ਗਿਲਾਸ ਵਿਚੋਂ ਛੋਟੀ ਜਿਹੀ ਘੁੱਟ ਭਰੀ ਲਿੱਤੀ ਸੀ। ਗੌਡੀਵਾ ਨੇ ਗਿਲਾਸ ਫੇਰ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ, "ਲਉ, ਹੁਣ ਪੀ ਕੇ ਦੇਖੋ ਮੇਰੀ ਸਰਕਾਰ।"
ਸ਼ਰਾਬ ਤਾਂ ਭਾਵੇਂ ਅਜੇ ਵੀ ਕੌੜੀ ਹੀ ਸੀ। ਪਰ ਲਾਚੜਿਆਂ ਹੋਇਆ ਰਾਜਦੂਤ ਬਿਨਾ ਕਿਸੇ ਉਜਰ ਦੇ ਅੱਖਾਂ ਮੀਚ ਕੇ ਸਾਰਾ ਪੈੱਗ ਪੀ ਗਿਆ ਸੀ। ਗੌਡੀਵਾ ਨੇ ਰਾਜਦੂਤ ਦੀ ਟਾਈ ਢਿੱਲੀ ਕਰਕੇ ਉਸਦੀ ਕਮੀਜ਼ ਦੇ ਉੱਪਰਲੇ ਦੋ ਬਟਨ ਖੋਲ੍ਹੇ ਤੇ ਉਸਦੀ ਖੁਰਦੜੀ ਛਾਤੀ ਉੱਤੇ ਆਪਣਾ ਮੁਲਾਇਮ ਹੱਥ ਫੇਰਿਆ ਸੀ। ਵਿਸਮਾਦ ਵਿਚ ਅੱਖਾਂ ਮੁੰਦ ਕੇ ਰਾਜਦੂਤ ਨੇ ਚੜ੍ਹਦੇ ਸਰੂਰ ਨੂੰ ਅਨੁਭਵ ਕੀਤਾ ਸੀ।
"ਤੁਸੀਂ ਜਦੋਂ ਨਸ਼ੇ ਦੀ ਲੋਰ ਵਿਚ ਹੁੰਦੇ ਹੋ ਤਾਂ ਬਹੁਤ ਪਿਆਰੀਆਂ ਗੱਲਾਂ ਕਰਦੇ ਹੋ। ਇਕ ਪੈੱਗ ਹੋਰ ਹੋ ਜਾਏ?"
"ਇਕ ਨਹੀਂ। ਤੂੰ ਦੋ ਪਿਲਾ।"
ਗੌਡੀਵਾ ਨੇ ਫੁਰਤੀ ਨਾਲ ਪੈੱਗ ਭਰਿਆ ਤੇ ਰਾਜਦੂਤ ਨੂੰ ਗਟਾਗਟ ਪਿਲਾ ਦਿੱਤਾ ਸੀ। ਨਾਲ ਲੱਗਦਾ ਹੀ ਉਸਨੇ ਦੂਜਾ ਪੈੱਗ ਰਾਜਦੂਤ ਦੇ ਹਲਕ ਵਿਚ ਸਿੱਟ ਦਿੱਤਾ ਸੀ। ਰਾਜਦੂਤ ਦੀ ਛਾਤੀ ਉੱਤੇ ਹੱਥ ਰੱਖ ਕੇ ਗੌਡੀਵਾ ਨੇ ਹਲਕਾ ਜਿਹਾ ਧੱਕਾ ਮਾਰਿਆ ਸੀ ਤਾਂ ਰਾਜਦੂਤ ਬਿਸਤਰੇ 'ਤੇ ਲਾਸ਼ ਬਣ ਕੇ ਡਿੱਗ ਪਿਆ ਸੀ। ਗੌਡੀਵਾ ਉਸਦੇ ਉੱਪਰ ਲੇਟ ਗਈ ਸੀ।ਰਾਜਦੂਤ ਨੇ ਗੌਡੀਵਾ ਦੁਆਲੇ ਆਪਣੀਆਂ ਬਾਹਾਂ ਵਲ ਦਿੱਤੀਆਂ ਸਨ। ਰਾਜਦੂਤ ਦੀਆਂ ਗੱਲ੍ਹਾਂ ਨਾਲ ਗੌਡੀਵਾ ਆਪਣੇ ਰੁਖਸਾਰ ਘਸਾਉਣ ਲੱਗ ਪਈ ਸੀ। ਰਾਜਦੂਤ ਦੀ ਦੋ ਦਿਨ ਪਹਿਲਾਂ ਸ਼ੇਵ ਕਰੀ ਹੋਣ ਕਰਕੇ ਉਸਦੀ ਦਾੜੀ ਦੇ ਵਾਲ ਕੰਢਿਆਂ ਵਾਂਗ ਉੱਗ ਆਏ ਸਨ। ਚੁੱਭਦੇ ਵਾਲਾਂ ਦੀ ਰਗੜ ਨਾਲ ਪਲਾਂ ਵਿਚ ਹੀ ਗੌਡੀਵਾ ਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ। ਰਾਜਦੂਤ ਦਾ ਨਸ਼ਾ ਸਿਖਰਾ ਛੋਹ ਰਿਹਾ ਸੀ। ਗੌਡੀਵਾ ਦੀ ਢੂਹੀ ਨੂੰ ਜਕੜਦੀਆਂ ਉਸਦੀਆਂ ਬਾਹਾਂ ਦੀ ਗਰਿਫਤ ਢਿੱਲੀ ਪੈ ਗਈ ਸੀ। ਗੌਡੀਵਾ ਨੇ ਰਾਜਦੂਤ ਦੇ ਕੰਨ ਵਿਚ ਕਈ ਫੂਕਾਂ ਮਾਰੀਆਂ ਸਨ। ਕੋਈ ਹਿੱਲ-ਜੁੱਲ ਨਹੀਂ ਸੀ ਹੋਈ। ਗੌਡੀਵਾ ਨੂੰ ਉਸਦੇ ਸ਼ਰਾਬੀ ਹੋਣ ਦਾ ਨਿਸਚਾ ਹੋ ਗਿਆ ਸੀ।ਗੌਡੀਵਾ ਮੱਲਕ ਦੇਣੇ ਉੱਠੀ ਸੀ ਤੇ ਆਹੀਸਤਾ-ਆਹੀਸਤਾ ਆਪਣੇ ਕੱਪੜੇ ਅਤੇ ਸੈਂਡਲ ਚੁੱਕ ਕੇ ਕਮਰੇ ਵਿਚੋਂ ਬਾਹਰ ਨਿਕਲ ਗਈ ਸੀ। ਧੀਰੇ-ਧੀਰੇ ਬਿਨਾਂ ਖੜਕਾ ਕੀਤਿਆਂ ਉਹ ਪੌੜੀਆਂ ਉਤਰੀ ਤੇ ਫਟੀ ਲਿਗਾਰੀ ਲਾਹ ਕੇ ਲੌਂਗ ਡਰੈੱਸ ਪਹਿਨਦੀ ਹੋਈ ਬਹਾਰ ਨਿਕਲ ਗਈ ਸੀ।
ਨੰਗੇ ਪੈਰੀ ਵਿਲੇ 'ਚੋਂ ਭੱਜਦੀ ਹੋਈ ਗੌਡੀਵਾ ਸੈਂਕਡਰੀ ਸੜਕ ਤੱਕ ਪਹੁੰਚ ਗਈ ਸੀ। ਇਤਫਾਕਨ ਉਥੇ 'ਲੇਅਬਾਏ' ਹੋਣ ਕਰਕੇ ਇਕ ਟਰੱਕ ਖੜਾ ਸੀ। ਗੌਡੀਵਾ ਨੇ ਟਰੱਕ ਡਰਾਇਵਰ ਦੀ ਮਿੰਨਤ ਕਰਕੇ ਉਸ ਤੋਂ ਲਿਫਟ ਮੰਗੀ ਸੀ ਤੇ ਕਵੈਂਟਰੀ ਪਹੁੰਚ ਗਈ ਸੀ।
ਅਗਲੇ ਦਿਨ ਗੌਡੀਵਾ ਨੂੰ ਸ਼ੈਰਨ ਦਾ ਫੋਨ ਆਇਆ ਸੀ ਕਿ ਉਸਨੇ ਗੌਡੀਵਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਕਰਾਰਨਾਮਾ ਤੋੜਣ ਅਤੇ ਧੋਖਾ ਧੜੀ ਕਰਨ ਕਰਕੇ ਸ਼ੈਰਨ ਨੇ ਗੌਡੀਵਾ ਨੂੰ ਕਾਫੀ ਭਲਾ ਬੁਰਾ ਵੀ ਕਿਹਾ ਸੀ।ਗੌਡੀਵਾ ਨੇ ਆਪਣੀ ਸਫਾਈ ਦੇਣੀ ਚਾਹੀ ਸੀ, ਪਰ ਸ਼ੈਰਨ ਨੇ ਉਸਦੀ ਇਕ ਨਹੀਂ ਸੀ ਸੁਣੀ।
ਉਸ ਤੋਂ ਉਪਰੰਤ ਗੌਡੀਵਾ ਨੇ ਕਈ ਹੋਰ ਏਜੰਸੀਆਂ ਨਾਲ ਸੰਪਰਕ ਕਰਨਾ ਚਾਹਿਆ ਸੀ ਪਰ ਕਿਸੇ ਨੇ ਵੀ ਉਸਦੀ ਬਾਂਹ ਨਹੀਂ ਸੀ ਫੜੀ।ਸਭ ਨੂੰ ਸ਼ੈਰਨ ਨੇ ਖਬਰਦਾਰ ਕਰ ਦਿੱਤਾ ਸੀ।ਹੌਲੀ-ਹੌਲੀ ਗੌਡੀਵਾ ਨੇ ਇਸ ਧੰਦੇ ਦਾ ਖਿਆਲ ਵੀ ਤਿਆਗ ਦਿੱਤਾ ਸੀ।ਪਰ ਉਸ ਤੋਂ ਆਪਣੀਆਂ ਆਦਤਾਂ ਤੋਂ ਛੁਟਕਾਰਾ ਨਹੀਂ ਸੀ ਪਾ ਹੋਇਆ। ਮਹਿੰਗੇ ਰੈਸਟੋਰੈਂਟਾਂ ਵਿਚ ਖਾਣੇ ਖਾਣੇ, ਵਧੀਆ ਸ਼ਰਾਬਾਂ ਅਤੇ ਸਿਗਰਟਾਂ ਦਾ ਸੇਵਨ। ਨਿੱਤ ਨਵੀਆਂ ਪੁਸ਼ਾਕਾਂ। ਕੀਮਤੀ ਨਜ਼ਰਾਨੇ ਲੈਣ ਦਾ ਚਸਕਾ ਗੌਡੀਵਾ ਨੂੰ ਟਿਕਣ ਨਹੀਂ ਸੀ ਦਿੰਦਾ।ਕਈ ਹਫਤੇ ਘਰੇ ਬੇਜ਼ਾਰ ਬੈਠੀ ਰਹਿਣ ਬਾਅਦ ਇਕ ਦਿਨ ਗੌਡੀਵਾ ਦੇ ਮਨ ਵਿਚ ਵਿਚਾਰ ਆਇਆ ਸੀ ਕਿ ਕਿਉਂ ਨਾ ਉਹ ਨਾਇਟ ਕਲੱਬ ਜਾ ਆਵੇ। ਗੌਡੀਵਾ ਨੂੰ ਨੱਚਣ ਦਾ ਬਹੁਤ ਸ਼ੌਂਕ ਸੀ। ਜਦੋਂ ਕਦੇ ਉਹ ਉਦਾਸ, ਪਰੇਸ਼ਾਨ ਜਾਂ ਬੋਰ ਹੋ ਰਹੀ ਹੁੰਦੀ ਤਾਂ ਉਹ ਨੱਚਣ ਲੱਗ ਜਾਇਆ ਕਰਦੀ ਸੀ।
ਕਵੈਂਟਰੀ ਦੇ ਨਾਇਟ ਕਲੱਬ ਵਿਚ ਜਾ ਕੇ ਉਹ ਸਭ ਤੋਂ ਬੇਖਬਰ ਹੋ ਕੇ ਖੁੱਲ੍ਹ ਕੇ ਦੋ ਤਿੰਨ ਘੰਟੇ ਨੱਚੀ ਸੀ।ਇਕ ਹੀ ਰਾਤ ਵਿਚ ਅਨੇਕਾਂ ਚੋਬਰ ਉਸਦੇ ਦਿਵਾਨੇ ਬਣ ਗਏ ਸਨ । ਕਈਆਂ ਨੇ ਉਸਨੂੰ ਮੁਫਤ ਸ਼ਰਾਬ ਵੀ ਪਿਲਾਈ ਸੀ ਤੇ ਸਿਗਰਟਾਂ ਵੀ ਖਰੀਦ ਕੇ ਦਿੱਤੀਆਂ ਸਨ।ਇਉਂ ਗੌਡੀਵਾ ਨੇ ਹਰ ਸਪਤਾਹ ਅੰਤ ਕਲੱਬਾਂ ਵਿਚ ਜਾ ਕੇ ਰਾਤਾਂ ਬਿਤਾਉਣੀਆਂ ਆਰੰਭ ਦਿੱਤੀਆਂ ਸਨ। ਆਪਣੀ ਸੇਜ਼ ਦਾ ਸ਼ਿੰਗਾਰ ਬਣਾਉਣ ਲਈ ਮਰਦ ਗੌਡੀਵਾ ਉੱਤੇ ਚਾਈਂ-ਚਾਈਂ ਨਾਵਾਂ ਖਰਚਦੇ। ਲੇਕਿਨ ਗੌਡੀਵਾ ਉਨ੍ਹਾਂ ਦਾ ਖਰਚਾ ਕਰਵਾ ਕੇ ਐਸ਼ ਕਰਦੀ ਤੇ ਉੱਡਣੀ ਕਬੂਤਰੀ ਵਾਂਗ ਉੱਡ ਜਾਂਦੀ। ਕਿਸੇ ਦੇ ਹੱਥ ਨਾ ਆਉਂਦੀ। ਕਈ ਕਲੱਬਾਂ ਵਾਲੇ ਗੌਡੀਵਾ ਨੂੰ ਮੁਫਤ ਦਾਖਲਾ ਦੇ ਦਿੰਦੇ ਕਿਉਂਕਿ ਗੌਡੀਵਾ ਨਾਲ ਨੱਚਣ ਦੇ ਮਾਰੇ ਕਈ ਗੱਭਰੂ ਕਲੱਬਾਂ ਵਿਚ ਆਉਂਦੇ ਤੇ ਖਰਚਾ ਕਰਦੇ।ਇੰਝ ਨਾਚ ਅਤੇ ਨਸ਼ਿਆਂ ਵਿਚ ਗਲਤਾਨ ਹੋ ਕੇ ਗੌਡੀਵਾ ਦੇ ਦਿਨ ਲੰਘ ਰਹੇ ਸਨ।
ਕਦੇ ਗੌਡੀਵਾ ਨੇ ਆਪਣੇ ਪਤੀ ਲਿਉਨਰਡ ਨੂੰ ਪੁੱਛਿਆ ਨਹੀਂ ਸੀ ਕਿ ਉਹ ਕੀ ਕਰਦਾ ਹੈ ਤੇ ਕਿਥੇ ਜਾਂਦਾ ਹੈ ਅਤੇ ਨਾ ਹੀ ਕਦੇ ਲਿਉਨਰਡ ਨੇ ਗੌਡੀਵਾ ਤੋਂ ਉਸਦੀਆਂ ਗਤੀਵਿਧੀਆਂ ਦੀ ਪੜਤਾਲ ਕੀਤੀ ਸੀ। ਇਕ ਅਣਕਰਿਆ ਜਿਹਾ ਸਮਝੌਤਾ ਸੀ ਦੋਨਾਂ ਵਿਚਾਲੇ।
ਲਿਉਨਰਡ ਢਿਲਕਦੀ ਪੈਂਟ ਨੂੰ ਲੱਕ ਉੱਤੇ ਖਿੱਚਦਾ ਬਾਹਰ ਜਾਣ ਲੱਗਿਆ, "ਚੰਗਾ ਮੈਂ ਜੌਬਸੈਂਟਰ ਸਾਇਨ ਕਰਨ ਚੱਲਿਆਂ। ਪੰਦਰਾਂ ਵੀਹਾਂ ਮਿੰਟਾਂ ਤੱਕ ਆਉਂ।"
"ਠਹਿਰ ਪਹਿਲਾਂ ਮੇਰੀ ਇਕ ਗੱਲ ਸੁਣ ਜਾ। ਕੱਲ੍ਹ ਮੈਨੂੰ ਨਾਇਟ ਕਲੱਬ ਵਿਚ ਇਕ ਏਸ਼ੀਅਨ ਬਿਜ਼ਨਸਮੈਨ ਮਿਲਿਆ ਸੀ।ਉਸਦਾ ਬ੍ਰਮਿੰਘਮ ਵਿਚ ਕੋਈ ਨਾਇਟ ਕਲੱਬ ਹੈ। ਮੈਨੂੰ ਉਸਦੀ ਮਿਉਜ਼ਿਕ ਦੇ ਖੜ੍ਹਕੇ ਵਿਚ ਪੂਰੀ ਗੱਲ ਤਾਂ ਸਮਝ ਨਹੀਂ ਆਈ। ਸ਼ਾਇਦ ਉਹ ਮੈਨੂੰ ਆਪਣੇ ਕਲੱਬ ਵਿਚ ਡਾਂਸਰ ਰੱਖਣਾ ਚਾਹੁੰਦਾ ਹੈ।ਮੈਂ ਉਸਨੂੰ ਆਪਣਾ ਨੰਬਰ ਦੇ ਦਿੱਤਾ ਸੀ। ਉਹ ਅੱਜ ਫੋਨ ਕਰੇਗਾ। ਮੈਂ ਕੀ ਜੁਆਬ ਦੇਵਾਂ ਉਹਨੂੰ?"
"ਸੱਦ ਲਵੀਂ ਗੱਲ ਕਰਕੇ ਦੇਖਾਂਗੇ। ਕਿਤੇ ਮੁਫਤ 'ਚ ਹੀ ਨਾ ਮਾਂਝਣ ਨੂੰ ਫਿਰਦਾ ਹੋਵੇ।"ਲਿਉਨਰਡ ਬਾਹਰ ਚੱਲਾ ਗਿਆ। ਗੌਡੀਵਾ ਸੈਟੀ ਤੋਂ ਉੱਠੀ ਤੇ ਨਹਾਉਣ ਚਲੀ ਗਈ।
ਜਦੋਂ ਗੌਡੀਵਾ ਨਹਾ ਕੇ ਬਾਹਰ ਨਿਕਲੀ ਤਾਂ ਉਸਦੇ ਫੋਨ ਦੀ ਘੰਟੀ ਵੱਜ ਰਹੀ ਸੀ।ਗੌਡੀਵਾ ਨੇ ਫੋਨ ਚੁੱਕਿਆ ਤਾਂ ਇਹ ਉਸੇ ਰਾਤ ਵਾਲੇ ਏਸ਼ੀਅਨ ਦਾ ਫੋਨ ਸੀ। ਗੌਡੀਵਾ ਨੇ ਉਸਨੂੰ ਆਪਣਾ ਪਤਾ ਲਿਖਾ ਕੇ ਘਰ ਬੁਲਾ ਲਿਆ।
ਪੌਣੇ ਘੰਟੇ ਬਾਅਦ ਜਦ ਲਿਉਨਰਡ ਨੇ ਆ ਕੇ ਘਰ ਦਾ ਦਰਵਾਜ਼ਾ ਬੰਦ ਕੀਤਾਂ ਤਾਂ ਨਾਲ ਹੀ ਕਿਸੇ ਨੇ ਦਸਤਕ ਕਰ ਦਿੱਤੀ।ਲਿਉਨਰਡ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਸਾਢੇ ਕੁ ਪੰਜ ਫੁੱਟ ਦਾ ਏਸ਼ੀਅਨ ਹੱਥ ਵਿਚ ਛੋਟਾ ਜਿਹਾ ਬਰੀਫ ਕੇਸ ਲਈ ਗੂਚੀ ਦਾ ਸੂਟ ਪਾਈ ਖੜ੍ਹਾ ਸੀ। ਉਸਨੂੰ ਦੂਰੋਂ ਦੇਖ ਕੇ ਗੌਡੀਵਾ ਆ ਗਈ।
"ਆਉ ਆਉ ਅੰਦਰ ਆ ਜਾਉ।" ਉਹ ਏਸ਼ੀਅਨ ਗੱਭਰੂ ਅੰਦਰ ਦਾਖਿਲ ਹੋ ਗਿਆ।
"ਕੀ ਨਾਮ ਦੱਸਿਆ ਸੀ ਤੁਸੀਂ ਆਪਣਾ?"
"ਰਾਜ।"
"ਹਾਂ ਰਾਜ।… ਲਿਉ ਇਹ ਉਹੀ ਕਲੱਬ ਵਾਲੇ ਨੇ ਜਿਨ੍ਹਾਂ ਬਾਰੇ ਮੈਂ ਤੈਨੂੰ ਦੱਸਿਆ ਸੀ।" ਗੌਡੀਵਾ ਨੇ ਰਾਜ ਦਾ ਆਪਣੇ ਪਤੀ ਲਿਉਨਰਡ ਨਾਲ ਤੁਆਰਫ ਕਰਵਾਇਆ ਸੀ।
"ਉਹ ਅੱਛਾ ਅੱਛਾ। ਆਉ ਭਾਜੀ ਤਸ਼ਰੀਫ ਰੱਖੋ।"ਲਿਉਨਰਡ ਨੇ ਰਾਜ ਨੂੰ ਸੈਟੀ ਉੱਤੇ ਬੈਠਾ ਦਿੱਤਾ ਤੇ ਆਪ ਇਕ ਗੱਤੇ ਦੇ ਡੱਬੇ ਉੱਤੇ ਬੈਠ ਗਿਆ ਸੀ।
"ਤੁਹਾਨੂੰ ਪੀਣ ਲਈ ਕੁਝ ਲਿਆਵਾਂ?" ਗੌਡੀਵਾ ਨੇ ਸਲੀਕੇ ਨਾਲ ਗਿੱਲੇ ਵਾਲਾਂ ਦੀਆਂ ਲਟਾਂ ਨੂੰ ਮੁੱਖੜੇ ਤੋਂ ਹਟਾਉਂਦਿਆਂ ਕਿਹਾ।
ਰਾਜ ਨੇ ਬੜੀ ਹਲੀਮੀ ਨਾਲ ਜੁਆਬ ਦਿੱਤਾ, "ਜੀ ਨਹੀਂ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ।"
"ਚੰਗਾ ਹੋਇਆ ਤੁਸੀਂ ਨਾਂਹ ਕਰ ਦਿੱਤੀ। ਸਾਡੇ ਘਰੇ ਤਾਂ ਤੁਹਾਨੂੰ ਪਿਲਾਉਣ ਲਈ ਕੁਝ ਹੈ ਵੀ ਨਹੀਂ ਸੀ।"ਲਿਉਨਰਡ ਆਪ ਗੱਲ ਕਰਕੇ ਆਪ ਹੀ ਹੱਸਣ ਲੱਗ ਪਿਆ ਸੀ।
ਗੌਡੀਵਾ ਨੇ ਉਸ ਨੂੰ ਅੱਖਾਂ ਨਾਲ ਘੂਰ ਕੇ ਚੁੱਪ ਕਰਵਾਇਆ ਤੇ ਆਪ ਰਾਜ ਕੋਲ ਜਾ ਕੇ ਸੈਟੀ ਦੇ ਫਟੇ ਹੋਏ ਸਥਾਨ ਨੂੰ ਕੱਜਣ ਲਈ ਉਸ ਉੱਤੇ ਬੈਠ ਗਈ।
ਰਾਜ ਨੇ ਗੌਡੀਵਾ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ, "ਤੁਸੀਂ ਡਾਂਸ ਬਹੁਤ ਸੋਹਣਾ ਕਰਦੇ ਹੋ।ਕਿਤੋਂ ਸਿੱਖਿਆ ਵੀ ਹੈ ਜਾਂ…?"
"ਜੀ ਸ਼ੁਕਰੀਆ, ਸਿੱਖਿਆ ਤਾਂ ਨਹੀਂ। ਬਸ ਐਵੇਂ ਹੀ ਟੀਵੀ ਤੋਂ ਦੇਖ ਕੇ ਜਾਂ ਦੂਜੇ ਲੋਕਾਂ ਨੂੰ ਨੱਚਦੇ ਦੇਖ ਕੇ ਸਿੱਖ ਗਈ ਆਂ। ਮੈਨੂੰ ਨੱਚਣ ਦਾ ਬਚਪਨ ਤੋਂ ਹੀ ਬਹੁਤ ਸ਼ੌਂਕ ਹੈ।ਘਰੇ ਵੀ ਜਦੋਂ ਵਿਹਲੀ ਹੋਵੇ। ਨੱਚਦੀ ਰਹਿੰਦੀ ਹਾਂ।"
"ਤੇ ਤੁਸੀਂ ਵਿਹਲੇ ਕਦੋਂ ਹੁੰਦੇ ਹੋ?"
"ਹਰ ਵੇਲੇ।" ਹੱਸਦੀ ਹੋਈ ਗੌਡੀਵਾ ਨਾਲ ਰਾਜ ਵੀ ਮੁਸਕੁਰਾਇਆ ਸੀ।
"ਆਹੋ ਭਾਜੀ, ਸੈਲਸਾ ਤੇ ਕੌਨਟੈਂਪਰੇਰੀ ਵਿਚ ਤਾਂ ਇਹਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਵਿਹਲੀ ਤਾਂ ਜੀ ਇਹ ਉਦੋਂ ਹੁੰਦੀ ਐ, ਜਦੋਂ ਮੈਨੂੰ ਉਂਗਲਾਂ 'ਤੇ ਨਾ ਨਚਾ ਰਹੀ ਹੋਵੇ।"
ਰਾਜ ਨੂੰ ਲਿਉਨਰਡ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ, ਜੋ ਉਸਦੇ ਵਿਵਹਾਰ ਤੋਂ ਸਾਫ ਝਲਕਦੀ ਸੀ।
ਗੌਡੀਵਾ ਨੇ ਅੱਖਾਂ ਨਾਲ ਲਿਉਨਰਡ ਨੂੰ ਘੂਰਿਆ, "ਚੁੱਪ ਵੀ ਕਰ ਜਾਇਆ ਕਰ ਕਦੇ।"
"ਮੈਂ ਆਪ ਵੀ ਟੈਂਗੋ ਬਹੁਤ ਸੋਹਣਾ ਕਰ ਲੈਨਾਂ। ਪਰ ਕੀ ਕਰੀਏ ਟੈਂਗੋ ਇਕੱਲੇ ਨਹੀਂ ਕਰ ਸਕਦੇ। ਉਹਦੇ ਲਈ ਡਾਂਸ ਪਾਰਟਨਰ ਚਾਹੀਦਾ ਹੁੰਦੈ। ਕਹਿੰਦੇ ਹੁੰਦੇ ਹਨ ਨਾ 'ਯੂ ਨੀਡ ਟੂਅ ਟੂ ਬੀ ਟੈਂਗੋ'। ਬਹਿਰਹਾਲ, ਕੰਮ ਦੀ ਗੱਲ ਵੱਲ ਆਈਏ। ਮੇਰਾ ਸਟਰਿਪਟੀਜ਼ ਕਲੱਬ ਹੈ। ਵੈਸੇ ਤਾਂ ਮੇਰੇ ਕੋਲ ੨੫-੩੦ ਡਾਂਸਰਾਂ ਹਨ। ਪਰ ਤੁਹਾਡੀ ਗੱਲ ਹੋਰ ਹੈ। ਬਹੁਤ ਗਜ਼ਬ ਦਾ ਨੱਚਦੇ ਹੋ ਤੁਸੀਂ। ਰਾਤ ਅੰਗ ਅੰਗ ਥਿਰਕਦਾ ਮੈਂ ਦੇਖਿਆ ਤੁਹਾਡਾ।"
"ਮਾਫ ਕਰਨਾ ਮੈਂ ਗਲਤ ਸਮਝੀ ਸੀ। ਮੈਨੂੰ ਨਹੀਂ ਪਤਾ ਸੀ ਕਿ ਤੁਹਾਡਾ ਸਟਰਿਪਟੀਜ਼ ਕਲੱਬ ਹੈ। ਮੈਂ ਨਿਰਵਸਤਰ ਹੋ ਕੇ ਡਾਂਸ ਨਹੀਂ ਕਰ ਸਕਦੀ।"
"ਸੋਚ ਲੈ ਉੱਥੇ ਕੁੜੀਆਂ ਇਕ ਇਕ ਰਾਤ ਦਾ ਦੋ ਦੋ ਤਿੰਨ ਤਿੰਨ ਹਜ਼ਾਰ ਬਣਾਉਂਦੀਆਂ ਹਨ। ਮਹਿੰਗੇ ਮਹਿੰਗੇ ਹੋਟਲਾਂ ਵਿਚ ਰੱਖਦੇ ਹਾਂ ਅਸੀਂ ਉਹਨਾਂ ਨੂੰ। ਬਾਕੀ ਤੇਰੀ ਮਰਜ਼ੀ ਐ, ਫੁੱਲਾਂ ਦਾ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ ਬਥੇਰੇ।"
"ਨਹੀਂ ਜੀ ਸੌਰੀ।"
"ਚਲੋ ਕੋਈ ਗੱਲ ਨਹੀਂ। ਆਹ ਮੇਰਾ ਕਾਰਡ ਰੱਖ ਲਓ। ਮਨ ਬਦਲ ਜਾਵੇ ਤਾਂ ਫੋਨ ਕਰ ਲੈਣਾ।"
ਗੌਡੀਵਾ ਨੇ ਕਾਰਡ ਫੜ੍ਹ ਲਿਆ। ਕਾਰਡ 'ਤੇ ਲਿਖਿਆ ਸੀ, "ਰਾਜ ਮੈਨਿਜ਼ੀਂਗ ਡਰਾਇਕਟਰ। ਦੀ ਹੈਵਨ- ਜੈਂਟਲਮੈਨ'ਸ ਕਲੱਬ।… ਠੀਕ ਹੈ ਮੈਂ ਸੋਚਾਂਗੀ। ਅਗਰ ਮੈਂ ਤੁਹਾਨੂੰ ਫੋਨ ਕਰਾਂ ਤੇ ਮਿਸ ਕਾਲ ਮਾਰ ਦੇਵਾਂ ਤੁਸੀਂ ਮੈਨੂੰ ਵਾਪਿਸ ਫੋਨ ਕਰ ਲਵੋਗੇ। ਮੇਰੇ ਫੋਨ ਵਿਚ ਕਰੈਡਿਟ ਨਹੀਂ ਹੈ।"
ਗੌਡੀਵਾ ਰਾਜ ਦੇ ਸਾਹਮਣੇ ਗਰੀਬੜੀ ਜਿਹੀ ਬਣੀ ਬੈਠੀ ਸੀ।ਰਾਜ ਨੇ ਬਰੀਫ ਕੇਸ ਵਿਚੋਂ ਲੈਪਟੌਪ ਕੱਢਿਆ ਤੇ ਉਸ ਦੇ ਕੀਅਪੈੱਡ ਉੱਪਰ ਕੁਝ ਟਾਇਪ ਕੀਤਾ, "ਕੀ ਨੰਬਰ ਹੈ ਤੁਹਾਡਾ ਤੇ ਕਿਹੜਾ ਨੈੱਟਵਰਕ ਹੈ?"
ਗੌਡੀਵਾ ਨੇ ਦੱਸ ਦਿੱਤਾ। ਅਗਲੇ ਹੀ ਪਲ ਗੌਡੀਵਾ ਨੂੰ ਉਸ ਦੀ ਮੋਬਾਇਲ ਕੰਪਨੀ ਤੋਂ ਟੈਕਸਟ ਆ ਗਿਆ।ਤੁਹਾਡਾ ੫੦ ਪੌਂਡ ਦਾ ਕਰੈਡਿਟ ਸਫਲਤਾਪੂਰਚਕ ਜਮਾ ਹੋ ਗਿਆ ਹੈ।ਗੌਡੀਵਾ ਅਚੰਭਿਤ ਹੋ ਗਈ ਸੀ, "ਇਹ ਕੀ?"
"ਹਾਂ ਮੈਂ ਹੀ ਹੁਣੇ ਇੰਟਰਨੈੱਟ ਰਾਹੀਂ ਤੁਹਾਡਾ ਫੋਨ ਟੌਪਅੱਪ ਕੀਤਾ ਹੈ। ਐਸ਼ ਕਰੋ। -ਹੁਣ ਮੈਂ ਤੁਹਾਡੇ ਤੋਂ ਇਜ਼ਾਜਤ ਚਾਹੁੰਦਾ ਹਾਂ। ਸੀ ਯਾਅ!" ਆਖ ਕੇ ਰਾਜ ਉਥੋਂ ਉੱਠ ਖੜਾ ਹੋਇਆ ।
"ਮੈਂ ਇਹਨਾਂ ਨੂੰ ਗੱਡੀ ਤੱਕ ਛੱਡ ਕੇ ਆਉਂਦਾ ਹਾਂ।" ਲਿਉਨਰਡੁ ਰਾਜ ਦੇ ਨਾਲ ਹੀ ਬਾਹਰ ਨਿਕਲ ਗਿਆ।
"ਭਾਜੀ ਤੁਸੀਂ ਚਿੰਤਾ ਨਾ ਕਰੋ। ਇਹਦੀ ਮੋਟੀ ਅਕਲ ਐ। ਜਨਾਨੀ ਦੀ ਤਾਂ ਉਂਅ ਵੀ ਗਿੱਚੀ 'ਚ ਮਤ ਹੁੰਦੀ ਐ। ਮੈਂ ਆਪੇ ਇਹਨੂੰ ਮਨਾ ਲਊਂ। ਭਲਾ ਥੋੜ੍ਹੇ ਸਟਰਿਪੀ 'ਚ ਤਾਂ ਦੂਜਾ ਮਾਲ ਵੀ ਵਿਕਦਾ ਹੋਣੈ?"
"ਤੈਨੂੰ ਕੀ ਚਾਹੀਦਾ?" ਰਾਜ ਨੇ ਕਹਿਰੀ ਅੱਖ ਨਾਲ ਲਿਉਨਰਡ ਵੱਲ ਦੇਖਿਆ।
ਲਿਉਨਰਡ ਨੇ ਨੱਕ ਰਾਹੀਂ ਸਾਹ ਖਿੱਚ ਕੇ ਅੰਦਰ ਨੂੰ ਸੁੜਾਕਾ ਮਾਰਿਆ, "ਚਿੱਟਾ!"
ਰਾਜ ਨੇ ਕਾਰ ਦਾ ਬੂਟ ਖੋਲ੍ਹ ਕੇ ਇਕ ਬੈਗ ਵਿਚੋਂ ਛੋਟਾ ਜਿਹਾ ਚਿੱਟੇ ਰੰਗ ਦੇ ਪਾਉਡਰ ਵਾਲਾ ਪੈਕਟ ਕੱਢ ਕੇ ਲਿਉਨਰਡ ਨੂੰ ਦੇ ਦਿੱਤਾ, "ਬੁੱਲ੍ਹੇ ਲੁੱਟ। ਇਹ ਤੈਨੂੰ ਗਿਫਟ। ਆਪਣੀ ਤੀਵੀਂ ਨੂੰ ਮਨਾ ਲਵੀਂ ਐਸ਼ ਕਰੇਂਗਾ।"
"ਥੈਂਕਿਉ ਭਾਜੀ, ਇਹ ਤਾਂ ਘੱਟੋ ਘੱਟ ਹਜ਼ਾਰ ਪੌਂਡ ਦਾ ਮਾਲ ਹੋਊ। ਇਹਦੇ ਨਾਲ ਤਾਂ ਮੈਂ ਸਾਰੇ ਮਹੱਲੇ ਵਿਚ ਲਾਇਨਾਂ ਲਾ ਲਊ। ਬਸ ਸਮਝੋ ਈਵਾ ਤੁਹਾਡੇ ਕਲੱਬ ਦੀ ਪੱਕੀ ਡਾਂਸਰ ਐ। ਮੇਰੇ 'ਤੇ ਇੰਝ ਈ ਕ੍ਰਿਪਾ ਕਰੀ ਰੱਖਣਾ।"
"ਡੌਂਟ ਵਰੀ।" ਰਾਜ ਆਪਣੀ ਪ੍ਰਾਇਵੇਟ ਨੰਬਰ ਵਾਲੀ ਲੈਕਸਿਸ ਕਾਰ ਵਿਚ ਬੈਠ ਕੇ ਚਲਾ ਗਿਆ।
ਲਿਉਨਰਡ ਦਾ ਧਰਤੀ 'ਤੇ ਪੱਬ ਨਹੀਂ ਸੀ ਲੱਗਦਾ। ਦਰ ਵੜ੍ਹਦਿਆਂ ਹੀ ਲਿਉਨਰਡ ਨੇ ਪੈਕਟ ਵਿਚੋਂ ਚੁੱਟਕੀ ਪਾਉਡਰ ਦੀ ਮੇਜ਼ ਉੱਤੇ ਰੱਖੀ ਤੇ ਕਾਰਡ ਨਾਲ ਕੁੱਟ ਕੁੱਟ ਕੇ ਉਸਦੀਆਂ ਡਲੀਆਂ ਨੂੰ ਭੋਰਨ ਲੱਗ ਪਿਆ।ਜਦੋਂ ਪਾਉਡਰ ਦਾ ਕਿਣਕਾ ਕਿਣਕਾ ਹੋ ਗਿਆ ਤਾਂ ਉਸਨੂੰ ਦੋ ਬਰਾਬਰ ਭਾਗਾਂ ਵਿਚ ਵੰਡ ਕੇ ਲਿਉਨਰਡ ਨੇ ਖੇਤ ਦੀਆਂ ਵੱਟਾਂ ਪਾਉਣ ਵਾਂਗ ਦੋ ਲੰਮੀਆਂ ਲੰਮੀਆਂ ਲਾਇਨਾਂ ਬਣਾ ਲਈਆਂ।ਜੇਬ ਵਿਚੋਂ ਦੱਸਾਂ ਦਾ ਨੋਟ ਕੱਢ ਕੇ ਉਸਨੂੰ ਵੱਟਿਆ ਤੇ ਬੱਤੀ ਬਣਾ ਕੇ ਇਕ ਲੰਮਾ ਸਾਹ ਲੈ ਕੇ ਛੱਡਿਆ।ਫਿਰ ਨੋਟ ਦੀ ਵੱਟੀ ਹੋਈ ਭੂਕਣੀ ਨੱਕ ਦੇ ਇਕ ਸੂਰਾਖ ਨਾਲ ਲਾਈ ਤੇ ਕੋਕੇਨ ਦੀ ਲਾਇਨ ਦੇ ਇਕ ਸਿਰੇ ਤੋਂ ਸ਼ੁਰੂ ਹੋ ਕੇ ਨੱਕ ਰਾਹੀਂ ਅੰਦਰ ਸਾਹ ਖਿਚਦਾ ਹੋਇਆ ਅਖੀਰ ਤੱਕ ਪਹੁੰਚ ਗਿਆ। ਸਾਰਾ ਪਾਉਡਰ ਲਿਉਨਰਡ ਦੇ ਨੱਕ ਰਾਹੀਂ ਅੰਦਰ ਚਲਿਆ ਗਿਆ। ਫਿਰ ਉਹਨੇ ਇਸੇ ਪ੍ਰਕਾਰ ਨੋਟ ਦੀ ਨਲਕੀ ਦੂਜੇ ਨੱਕ ਦੇ ਸੁਰਾਖ ਨਾਲ ਲਾਈ ਤੇ ਦੂਜੀ ਲਾਇਨ ਵੀ ਸੈਕਿੰਟਾਂ ਵਿਚ ਉਸ ਦੇ ਅੰਦਰ ਚਲੀ ਗਈ। ਗੌਡੀਵਾ ਭਾਵੇਂ ਇਹ ਕੁਝ ਪਹਿਲੀ ਵਾਰ ਨਹੀਂ ਸੀ ਦੇਖ ਰਹੀ ਪਰ ਫੇਰ ਵੀ ਉਸ ਨੂੰ ਹੈਰਤ ਹੋ ਰਹੀ ਸੀ।ਲਿਉਨਰਡ ਕੋਲ ਕੋਕੇਨ ਦੀ ਐਨੀ ਜ਼ਿਆਦਾ ਮਿਕਦਾਰ ਦੇਖ ਕੇ।
"ਕਿੰਨੇ ਪੌਂਡ ਬਰਬਾਦ ਕੀਤੇ ਨੇ ਇਹਦੇ ਤੇ?"
"ਰਾਜ ਭਾਜੀ, ਫਰੀ ਦੇ ਕੇ ਗਿਐ। ਮੈਨੂੰ ਤਾਂ ਸਾਲਾ ਪਾਗਲ ਜਿਹਾ ਲੱਗਦੈ। ਮੈਂ ਤਾਂ ਕਹਿਨਾਂ ਇਹਨੂੰ ਜਿਨ੍ਹਾਂ ਲੁੱਟ ਸਕਦੇ ਹਾਂ ਲੁੱਟ ਲਈਏ।ਇਹ ਏਸ਼ੀਅਨ ਆਪਣੀਆਂ ਕੰਟਰੀਆਂ 'ਚੋਂ ਬਥੇਰਾ ਕਾਲਾ ਧਨ ਇਧਰ ਨੂੰ ਕੱਢਦੇ ਆ।ਇਹਨਾਂ ਦੀਆਂ ਜੁੱਤੀਆਂ ਆਪਾਂ ਇਹਨਾਂ ਦੇ ਸਿਰ ਹੀ ਮਾਰੀਏ।"
"ਪਰ ਮੈਥੋਂ ਨ੍ਹੀਂ ਲੀੜੇ ਲਾਹ ਕੇ ਨ੍ਹੀਂ ਨੱਚ ਹੋਣਾ।"
"ਨਾ ਤੇਰੀ ਕੀ ਮਹਿੰਦੀ ਲਹਿੰਦੀ ਐ।ਕੁਸ਼ ਨ੍ਹੀਂ ਹੁੰਦਾ। ਨੱਚਦੀ ਤਾਂ ਤੂੰ ਆਮ ਹੀ ਹੈਂ ਇਹ ਸਮਝ ਲਵੀਂ ਤੈਨੂੰ ਨੰਗੀ ਨੂੰ ਕੋਈ ਨਹੀਂ ਦੇਖ ਰਿਹਾ। ਇਕ ਦੋ ਦਿਨ ਸੰਗ ਜਿਹੀ ਲੱਗੂ। ਫੇਰ ਆਪੇ ਝਾਕਾ ਖੁੱਲ੍ਹ ਜਾਊ।… ਪਹਿਲਾਂ ਲਾਇਨ ਲਾ ਇਕ ਦੇਖੀਂ ਵਰੋਲੇ ਆਂਗੂੰ ਘੁੰਮਦੀ ਫਿਰੇਂਗੀ।
"ਨਾ ਬਈ, ਮੈਨੂੰ ਤਾਂ ਤੂੰ ਦੂਰ ਹੀ ਰੱਖ ਅਜਿਹੇ ਨਸ਼ਿਆਂ ਤੋਂ।" ਗੌਡੀਵਾਂ ਨੇ ਆਪਣੇ ਸਿੱਲੇ ਵਾਲਾਂ ਨੂੰ ਮਰੋੜ ਕੇ ਉਨ੍ਹਾਂ ਵਿਚੋਂ ਪਾਣੀ ਨਿਚੋੜਿਆ।
ਲਿਉਨਰਡ ਨੇ ਗੌਡੀਵਾ ਵੱਲ ਧਿਆਨ ਨਾਲ ਦੇਖਿਆ, "ਜਦੋਂ ਦੀ ਤੂੰ ਏਸਕੌਰਟਿੰਗ ਏਜੰਸੀ ਵਿਚ ਲੱਗੀ ਏਂ। ਦਿਨੋਂ ਦਿਨ ਬੰਬ ਬਣਦੀ ਜਾ ਰਹੀ ਹੈਂ। ਕੀ ਖਾਨੀ ਏਂ ਨਿੱਤ ਨਿਖਰਦੀ ਜਾਨੀ ਏਂ?"
"ਹੱਟ ਸੁਨੱਖੀ ਤਾਂ ਮੈਂ ਪਹਿਲਾਂ ਹੀ ਬਥੇਰੀ ਸੀ। ਤੂੰ ਹੀ ਨ੍ਹੀਂ ਕਦੇ ਚੱਜ ਨਾਲ ਦੇਖਿਆ।"
"ਲਿਆ ਫੇਰ ਅੱਜ ਦੇਖੀਏ।" ਲਿਉਨਰਡ ਨੇ ਗੌਡੀਵਾ ਕੋਲ ਜਾ ਕੇ ਉਸਦੇ ਬੁੱਲ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਕ ਸੰਖੇਪ ਜਿਹਾ ਚੁੰਮਣ ਦੇ ਕੇ ਗੌਡੀਵਾ ਨੇ ਆਪਣੇ ਲਬ੍ਹ ਚੁੱਕ ਲਏ, "ਬਸ ਬਹੁਤ ਹੋ ਗਿਆ। ਤੇਰੇ ਕੋਲੋਂ ਮਰਵਾਨਾ ਦਾ ਬਹੁਤ ਮੁਸ਼ਕ ਆ ਰਿਹਾ ਹੈ।"
"ਹਾਂ ਹੁਣ ਤੈਨੂੰ ਮੇਰੇ ਕੋਲੋਂ ਮੁਸਕ ਆਉਣ ਲੱਗ ਪਿਆ। ਉਸ ਪਾਕੀ ਰਾਜ ਦੇ ਤਾਂ ਪੱਟਾਂ ਨਾਲ ਪੱਟ ਜੋੜ ਜੋੜ ਬੈਠਦੀ ਸੀ।"
"ਬਕਵਾਸ ਨਾ ਕਰ।" ਗੌਡੀਵਾ ਨੇ ਲਿਉਨਰਡ ਨੂੰ ਦਬਕਾਇਆ।
ਲਿਉਨਰਡ ਨੂੰ ਗੁੱਸਾ ਚੜ੍ਹ ਗਿਆ 'ਤੇ ਉਸ ਨੇ ਗੌਡੀਵਾ ਦੇ ਜਬਾੜਿਆਂ 'ਤੇ ਇਕ ਘਸੁੰਨ ਜੜ੍ਹ ਦਿੱਤਾ। ਗੌਡੀਵਾ ਸੈਟੀ ਉੱਤੇ ਡਿੱਗ ਪਈ।ਲਿਉਨਰਡ ਨੇ ਹਰਖ ਵਿਚ ਥੱਪੜ ਲੱਤਾਂ ਅਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਗੌਡੀਵਾ ਦੇ ਬੁੱਲ੍ਹਾਂ ਵਿਚੋਂ ਖੂਨ ਨਿਕਲਣ ਲੱਗ ਪਿਆ, "ਮੈਂ ਪੁਲਿਸ ਨੂੰ ਫੋਨ ਕਰਦੀ ਆਂ।"
ਪੁਲਿਸ ਦਾ ਨਾਮ ਸੁਣ ਕੇ ਲਿਉਨਰਡ ਨੇ ਮੇਜ਼ ਤੋਂ ਕੋਕੇਨ ਵਾਲਾ ਪੈਕਟ ਚੁੱਕਿਆ ਤੇ ਬਾਹਰ ਭੱਜ ਗਿਆ।ਗੌਡੀਵਾ ਰੋਂਦੀ ਹੋਈ ਉੱਠੀ ਅਤੇ ਉਸਨੇ ਆਪਣੇ ਚਿਹਰੇ ਉੱਤੇ ਪਏ ਨੀਲ ਅਤੇ ਬੁੱਲ੍ਹਾਂ ਵਿਚੋਂ ਨਿਕਲਦੇ ਖੂਨ ਨੂੰ ਦੇਖਿਆ। ਕੋਲ ਡਿੱਗੇ ਪਏ ਕਿਸੇ ਪੁਰਾਣੇ ਕਰੌਨੀਕਲ ਅਖਬਾਰ (ਮੁਫਤ ਘਰਾਂ ਵਿਚ ਸਿੱਟੇ ਜਾਂਦੇ) ਦਾ ਕਾਗਜ਼ ਫਾੜ੍ਹ ਕੇ ਆਪਣੇ ਵਹਿੰਦੇ ਖੂਨ ਨੂੰ ਰੋਕਣਾ ਚਾਹਿਆ। ਗੌਡੀਵਾ ਦੇ ਹੋਠਾਂ ਦਾ ਖੂਨ ਸੋਖ ਸੋਖ ਕੇ ਕਾਗਜ਼ ਲਹੂ ਨਾਲ ਲੱਥ ਪੱਥ ਹੁੰਦੇ ਗਏ। ਜਦੋਂ ਖੂਨ ਕਾਫੀ ਹੱਦ ਤੱਕ ਥਮ ਗਿਆ ਤਾਂ ਗੌਡੀਵਾ ਨੇ ਪਾਣੀ ਦੇ ਛਿੱਟੇ ਮਾਰ ਕੇ ਆਪਣਾ ਹੰਝੂਆਂ ਨਾਲ ਲਿਬੜਿਆ ਮੂੰਹ ਧੋਤਾ।
ਬੈਠਕ ਵਿਚ ਆ ਕੇ ਗੌਡੀਵਾ ਆਪਣੀ ਜ਼ਿੰਦਗੀ ਦੇ ਵਧ ਰਹੇ ਮਸਲਿਆਂ ਬਾਰੇ ਸੋਚਣ ਲੱਗ ਪਈ। ਉਸਨੂੰ ਆਪਣੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਗੌਡੀਵਾ ਆਪਣੀ ਹਿਯਾਤੀ ਤੋਂ ਇਸ ਕਦਰ ਤੰਗ ਆ ਗਈ ਕਿ ਉਸਨੂੰ ਲੱਗਿਆ ਕਿ ਉਹ ਮਰ ਜਾਵੇ, ਤਦ ਹੀ ਦੁੱਖਾਂ ਤੋਂ ਛੁਟਕਾਰਾ ਮਿਲ ਸਕੇਗਾ।
ਹਾਂ ਆਤਮਹੱਤਿਆ ਬਿਨਾ ਹੋਰ ਕੋਈ ਰਸਤਾ ਨਹੀਂ ਹੈ। ਮਰਨ ਦਾ ਨਿਸਚਾ ਕਰਕੇ ਗੌਡੀਵਾ ਉੱਠੀ ਤੇ ਉਸਨੇ ਰਸੋਈ ਵਿਚ ਜਾ ਕੇ ਸਿਰ ਦਰਦ ਦੀਆਂ ਗੋਲੀਆਂ ਦੀ ਸ਼ੀਸ਼ੀ ਚੁੱਕ ਲਈ। ਸਾਰੀ ਸ਼ੀਸ਼ੀ ਖਾਲੀ ਸੀ।ਗੌਡੀਵਾ ਨੇ ਖਿੱਝ ਕੇ ਸ਼ੀਸ਼ੀ ਫਰਸ਼ ਉੱਤੇ ਸਿੱਟ ਦਿੱਤੀ, "ਮੇਰੀ ਕਿਸਮਤ ਵਿਚ ਤਾਂ ਮੌਤ ਵੀ ਨਹੀਂ ਹੈ।"
ਅੱਥਰੂ ਵਹਾਉਂਦੀ ਹੋਈ ਉਹ ਬੈਠਕ ਵਿਚ ਆ ਕੇ ਸੈਟੀ 'ਤੇ ਬੈਠ ਗਈ। ਅਚਾਨਕ ਉਸਦੀ ਨਿਗਾਹ ਸਾਹਮਣੇ ਪਏ ਰਾਜ ਦੇ ਕਾਰਡ ਉੱਤੇ ਪੈ ਗਈ। ਉਸਨੇ ਬਿਨਾ ਕੁਝ ਸੋਚਿਆਂ ਰਾਜ ਨੂੰ ਫੋਨ ਲਾ ਲਿਆ।
"ਰਾਜ ਜੀ, ਮੈਂ ਤੁਹਾਡੇ ਲਈ ਕੰਮ ਕਰਨ ਲਈ ਤਿਆਰ ਹਾਂ। ਤੁਸੀਂ ਬੇਸ਼ੱਕ ਮੈਨੂੰ ਅੱਜ ਹੀ ਆ ਕੇ ਲੈ ਜਾਉ। ਮੈਂ ਹੁਣ ਇਥੇ ਰਹਿਣਾ ਨਹੀਂ ਚਾਹੁੰਦੀ। ਤੁਸੀਂ ਮੇਰਾ ਬ੍ਰਮਿੰਘਮ ਵਿਚ ਰਹਿਣ ਦਾ ਹੀ ਕੋਈ ਪ੍ਰਬੰਧ ਕਰ ਦੇਣਾ।"
"ਠੀਕ ਹੈ, ਮੈਂ ਕੌਵਨਟਰੀ ਵਿਚ ਹੀ ਹਾਂ। ਤੁਸੀਂ ਤਿਆਰ ਰਹੋ ਮੈਂ ਦੋ ਘੰਟੇ ਵਿਚ ਆ ਕੇ ਤੁਹਾਨੂੰ ਚੁੱਕਦਾ ਹਾਂ।"
ਰਾਜ ਦੀ ਰਸ ਭਿੰਨੀ ਅਵਾਜ਼ ਸੁਣ ਕੇ ਗੌਡੀਵਾ ਨੂੰ ਚਾਅ ਚੜ੍ਹ ਗਿਆ। ਉਹ ਆਪਣੇ ਦੁੱਖ ਅਤੇ ਪੀੜਾਂ ਭੁੱਲ ਗਈ ਤੇ ਵਾਲ ਵਾਹ ਕੇ ਤਿਆਰ ਹੋਣ ਲੱਗ ਪਈ। ਡੇਢ ਘੰਟੇ ਬਾਅਦ ਰਾਜ ਆਇਆ ਤਾਂ ਗੌਡੀਵਾ ਦੀ ਹਾਲਤ ਦੇਖ ਕੇ ਹੈਰਾਨ ਹੋ ਗਿਆ। ਗੌਡੀਵਾ ਨੇ ਭਾਵੇਂ ਮੇਅਕਪ ਅਤੇ ਫਾਊਂਡੇਸ਼ਨ ਵਿਚ ਆਪਣੇ ਜ਼ਖਮ ਲੁਕਾਉਣੇ ਚਾਹੇ ਸਨ। ਪਰ ਫਿਰ ਵੀ ਸੱਟਾਂ ਉੱਤੇ ਆਈ ਸੋਜ ਪ੍ਰਤੱਖ ਨਜ਼ਰ ਆ ਰਹੀ ਸੀ।
"ਕੁਝ ਦੇਰ ਪਹਿਲਾਂ ਤਾਂ ਮੈਂ ਤੁਹਾਨੂੰ ਚੰਗੇ ਭਲੇ ਛੱਡ ਕੇ ਗਿਆ ਸੀ। ਤੁਹਾਨੂੰ ਇਹ ਕੀ ਹੋਇਐ?"
"ਰਾਜ ਜੀ ਕੁਝ ਨਾ ਪੁੱਛੋ।ਇਹ ਇਕ ਲੰਮੀ ਕਹਾਣੀ ਹੈ।" ਬਿਨਾ ਦੱਸਿਆਂ ਗੌਡੀਵਾ ਦਾ ਦਰਦ ਰਾਜ ਸਾਹਮਣੇ ਉੱਘੜ ਆਇਆ।
"ਚਲੋਂ ਤੁਹਾਨੂੰ ਡਾਕਟਰੀ ਮਦਦ ਦੀ ਲੋੜ੍ਹ ਹੈ, ਮੈਂ ਤੁਹਾਨੂੰ ਫੌਰਨ ਹਸਪਤਾਲ ਲੈ ਕੇ ਚਲਦਾ ਹਾਂ। ਪਰ ਇਹ ਸਭ ਕੀਤਾ ਕਿਸ ਨੇ?"
"ਤੁਹਾਡੇ ਜਾਣ ਬਾਅਦ ਮੇਰਾ, ਮੇਰੇ ਪਤੀ ਲਿਉ ਨਾਲ ਝਗੜਾ ਹੋ ਗਿਆ। ਮੈਂ ਹਸਪਤਾਲ ਨਹੀਂ ਜਾਣਾ ਚਾਹੁੰਦੀ ਗੱਲ ਵੱਧ ਜਾਵੇਗੀ। ਉਸ ਪੁਲਸ ਨੂੰ ਸੂਚਿਤ ਕਰ ਦੇਣਗੇ।"
"ਜਿਵੇਂ ਤੁਹਾਡੀ ਇੱਛਾ ਮੇਰੇ ਕੋਲ ਗੱਡੀ ਵਿਚ ਫਰਸਟ ਏਡ ਕਿੱਟ ਹੈ। ਲਿਆਉ ਮੈਂ ਤੁਹਾਡਾ ਮੁਢਲਾ ਉਪਚਾਰ ਕਰ ਦੇਵਾਂ ਤਾਂ ਕੇ ਸੋਜ਼ ਵਧਣ ਦੀ ਬਜਾਏ ਘਟ ਜਾਵੇ।"
ਰਾਜ ਨੇ ਗੌਡੀਵਾ ਦੇ ਜ਼ਖਮਾਂ ਉੱਤੇ ਕੋਈ ਕ੍ਰੀਮ ਲਗਾ ਕੇ ਇਕ ਗੋਲੀ ਅਤੇ ਇਕ ਕੈਪਸੂਲ ਗੌਡੀਵਾ ਨੂੰ ਖੁਆ ਦਿੱਤਾ।
ਗੌਡੀਵਾ ਰਾਜ ਨਾਲ ਗੱਡੀ ਵਿਚ ਬੈਠ ਕੇ ਕਵੈਂਟਰੀ ਤੋਂ ਬ੍ਰਮਿੰਘਮ ਆ ਗਈ।ਰਾਜ ਨੇ ਉਸਨੂੰ ਆਰਜ਼ੀ ਤੌਰ ਉੱਤੇ ਹੋਟਲ ਵਿਚ ਠਹਿਰਾ ਦਿੱਤਾ। ਦੋ ਤਿੰਨ ਦਿਨ ਅਰਾਮ ਕਰਨ ਬਾਅਦ ਗੌਡੀਵਾ ਨੌ-ਬਰ-ਨੌ ਹੋ ਗਈ। ਉਸਦੇ ਜ਼ਖਮ ਵੀ ਗਾਇਬ ਹੋ ਗਏ। ਇਸ ਅਰਸੇ ਦੌਰਾਨ ਰਾਜ ਭਾਵੇਂ ਨਿੱਜੀ ਤੌਰ ਉੱਤੇ ਤਾਂ ਉਸਨੂੰ ਨਹੀਂ ਸੀ ਮਿਲਿਆ। ਲੇਕਿਨ ਫੋਨ ਉੱਤੇ ਉਸਦੀ ਰਾਜ ਨਾਲ ਦਿਨ ਵਿਚ ਕਈ ਕਈ ਮਰਤਬਾ ਗੱਲ ਜ਼ਰੂਰ ਹੁੰਦੀ ਰਹਿੰਦੀ।ਉਹ ਰਾਜ ਦੀ ਮਿੱਠੀ ਬੋਲੀ, ਦਰਿਆਦਿਲੀ ਅਤੇ ਵੜੱਪਨ ਦੀ ਕਾਇਲ ਹੁੰਦੀ ਚਲੀ ਗਈ। ਰਾਜ ਦਾ ਕਲੱਬ ਕੇਵਲ ਸਪਤਾਹ ਅੰਤ ਉੱਤੇ ਹੀ ਖੁੱਲ੍ਹਦਾ ਸੀ ਤੇ ਬਾਕੀ ਦਿਨ ਬੰਦ ਰਹਿੰਦਾ ਸੀ। ਵੀਰਵਾਰ ਨੂੰ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਤੇ ਉਹ ਜ਼ਸ਼ਨ ਮਨਾਉਣ ਕਲੱਬਾਂ ਨੂੰ ਆਉਂਦੇ। ਸ਼ੁਕਰਵਾਰ ਕੰਮ ਉੱਤੇ ਹਫਤੇ ਦਾ ਆਖਰੀ ਦਿਨ ਹੋਣ ਕਰਕੇ ਰੌਣਕਾਂ ਲੱਗਦੀਆਂ। ਸ਼ਨੀਚਰਵਾਰ ਤੇ ਐਤਵਾਰ ਤਾਂ ਇੰਗਲੈਂਡ ਵਿਚ ਹੁੰਦੇ ਹੀ ਮਸਤੀ ਦੇ ਦਿਨ ਹਨ।
ਸੋਮਵਾਰ ਦੀ ਸ਼ਾਮ ਨੂੰ ਕਲੱਬ ਭਾਵੇਂ ਬੰਦ ਰਹਿਣਾ ਸੀ, ਪਰ ਉਸ ਦਿਨ ਰਾਜ ਨੇ ਕੁਝ ਨਵੀਆਂ ਕੁੜੀਆਂ ਦੀਆਂ ਔਡੀਸ਼ਨਾਂ ਲੈਣੀਆਂ ਸਨ। ਉਸ ਨੇ ਗੌਡੀਵਾ ਨੂੰ ਵੀ ਸੱਦ ਲਿਆ।
ਗੌਡੀਵਾ ਨਿਯਤ ਸਮੇਂ ਉੱਤੇ ਰਾਜ ਕੋਲ ਜਾ ਕੇ ਬੈਠ ਗਈ।ਰਾਜ ਦੇ ਨਾਲ ਵਾਲੀ ਕੁਰਸੀ ਉੱਤੇ ਉਸਦੇ ਕਲੱਬ ਦੀ ਮੈਨੇਜਰ ਅੰਗਰੇਜ਼ ਕੁੜੀ ਜੂਲੀ ਵੀ ਬੈਠੀ ਸੀ। ਸਾਹਮਣੇ ਛੋਟੀ ਜਿਹੀ ਸਟੇਜ ਸੀ, ਜਿਸਦੇ ਵਿਚਾਲੇ ਸਟੀਲ ਦਾ ਇਕ ਖੰਭਾ ਲੱਗਿਆ ਸੀ। ਪੌਲਿਸ਼ ਤੇ ਰਸ਼ੀਅਨ ਕੁੜੀਆਂ ਵਾਰੀ-ਵਾਰੀ ਆਉਂਦੀਆਂ ਤੇ ਖੰਭੇ ਨਾਲ ਘੈਸਰ ਕੇ ਕਾਮ ਉਕਸਾਊ ਨ੍ਰਿਤ ਕਰਦੀਆਂ ਹੋਈਆਂ ਰਫਤਾ-ਰਫਤਾ ਕੱਪੜੇ ਉਤਾਰਦੀਆਂ ਜਾਂਦੀਆਂ।ਗੌਡੀਵਾ ਗੌਹ ਨਾਲ ਉਹਨਾਂ ਦੀਆਂ ਮੁਦਰਾਵਾਂ ਅਤੇ ਐਕਸਨ ਦੇਖ ਕੇ ਯਾਦ ਕਰਦੀ ਜਾਂਦੀ। ਰਾਜ ਜੂਲੀ ਨਾਲ ਮਸ਼ਵਰਾ ਕਰਕੇ ਹਰ ਕੁੜੀ ਬਾਰੇ ਕੁਝ ਨਾ ਕੁਝ ਆਪਣੀ ਫਾਇਲ ਵਿਚ ਲਿਖੀ ਜਾਂਦਾ।
ਇਕ ਅਣਜਾਣ ਜਿਹੀ ਯੂਰਪੀਅਨ ਕੁੜੀ ਨੇ ਨ੍ਰਿਤ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਰਾਜ ਨੇ ਵਿਚੋਂ ਹੀ ਰੋਕ ਦਿੱਤਾ। ਜੂਲੀ ਨੇ ਰਾਜ ਨੂੰ ਦੱਸਿਆ ਕਿ ਉਹ ਲੜਕੀ ਰੂਮਾਨੀਆ ਦੀ ਹੈ।
ਰਾਜ ਉਸ ਲੜਕੀ ਨੂੰ ਉਸਦੀ ਭਾਸ਼ਾ ਵਿਚ ਮੁਖਾਤਿਬ ਹੋਇਆ, "ਵੋਰਵੈਸਕ ਏਜ਼ਲਿਕਾ?" (ਅੰਗਰੇਜ਼ੀ ਬੋਲਦੀ ਹੈਂ?)
"ਨੂਅ।" (ਨਹੀਂ)
"ਰੋਮਾਨਿਸਟੇ?" (ਰੋਮਾਨੀਅਨ?)
"ਡਾਅ।" (ਹਾਂ।)
"ਸੈਲਿਉਟੀ ਬੂਨਾ" (ਹੈਲੋ)
"ਸੈਲਿਉਟੀ।"
"ਕੰਮ ਵਾ ਨੂਮਟੀ?" (ਤੇਰਾ ਨਾਮ ਕੀ ਹੈ?)
"ਮਾ ਨਿਉਮਸਕ ਬਿਅੰਕਾ?" (ਮੇਰਾ ਨਾਮ ਬਿਅੰਕਾ ਹੈ।)
"ਸੀਅ ਮਾਈ ਫਾਸਟੀ?" (ਤੇਰਾ ਕੀ ਹਾਲ ਹੈ?)
"ਮੁਲਤੁਮੀਸਾਕ, ਵਾਈਨ।" (ਠੀਕ ਠਾਕ ਸ਼ੁਕਰੀਆ)
"ਡੀ ਉਨਡੇ ਸਿਨਟਟੀ?" (ਤੂੰ ਕਿਥੋਂ ਆਈ ਹੈਂ?)
"ਸਿੰਟ ਡਿਨ ਯੂਰਪਾ। ਸਿੰਟ ਕੂ ਪਰeਨਟਨੁਲ ਮੀਉ। ਸਿੰਟ ਇਖੀ ਇਨ ਵੈਕਾਨਤਾ।" (ਮੈਂ ਯੂਰਪ ਤੋਂ ਆਈ ਹਾਂ।ਮੈਂ ਆਪਣੇ ਮਰਦ ਮਿੱਤਰ ਨਾਲ ਇਥੇ ਛੁਟੀਆਂ ਬਿਤਾਉਣ ਆਈ ਹਾਂ।)
"ਲਾ ਰਿਵਡਾਰੇ। ਪੀਅ ਕੁਰਿੰਡ।" (ਰੱਬ ਰਾਖਾ। ਫੇਰ ਮਿਲਾਂਦੇ ਹਾਂ।)
ਜਦੋਂ ਔਡੀਸ਼ਨ ਖਤਮ ਹੋ ਗਈ ਤਾਂ ਰਾਜ ਨੇ ਗੌਡੀਵਾ ਨੂੰ ਬਾਰ ਉੱਤੇ ਲਿਜਾ ਕੇ ਮਨ ਪਸੰਦ ਸ਼ਰਾਬ ਲੈ ਲਈ ਕਿਹਾ। ਗੌਡੀਵਾ ਨੇ ਸਨੇਕਬਾਇਟ ਦਾ ਪਾਇੰਟ ਲੈ ਲਿਆ।ਰਾਜ ਨੂੰ ਬਾਰ 'ਤੇ ਖੜ੍ਹੇ ਨੂੰ ਪਿਛਿਉਂ ਦੀ ਇਕ ਸੋਹਣੀ ਸੁਨੱਖੀ ਅਰਧ ਨਗਨ ਪੌਲਿਸ਼ ਕੁੜੀ ਨੇ ਆ ਕੇ ਜੱਫੀ ਪਾਈ 'ਤੇ ਉਸਦੀ ਗੱਲ੍ਹ ਚੁੰਮ ਲਿੱਤੀ, "ਹੇ ਰਾਜੂ।"
ਰਾਜ ਉਸ ਨਾਲ ਪੌਲਿਸ਼ ਬੋਲਣ ਲੱਗ ਪਿਆ, "ਜਕਸੀਮਾਰਸ਼, ਐਡੀਟਾ" (ਅਦਿਤਾ ਤੇਰਾ ਕੀ ਹਾਲ ਹੈ)
"ਡੌਬਰ ਯੋਏ, ਡੱਬ ਯਾਅ… ਡੱਬ ਯਾ।" (ਠੀਕ ਆ… ਬਹੁਤ ਵਧੀਆ…ਚੜਦੀ ਕਲਾ)
ਬੈਲਜ਼ੀਅਮ ਰਹੀ ਹੋਣ ਕਰਕੇ ਉਹ ਕੁੜੀ ਫਲਾਮਿਸ਼ ਵੀ ਬੋਲਦੀ ਸੀ। ਰਾਜ ਫਲਾਮਿਸ਼ ਵਿਚ ਉਸਨੂੰ ਪੁੱਛਣ ਲੱਗ ਪਿਆ, "ਹਾਓ ਕਾਨ ਆਈ ਹੈਲਪਨ, ਬੀਅਰਚੇ?" (ਤੇਰੀ ਕਿਵੇਂ ਮਦਦ ਕਰਾਂ, ਬੀਅਰ ਪਿਵੇਂਗੀ?)
"ਡੰਕਯੂ। ਜੇ ਡੀ ਐਨ ਕੋਕ, ਅਸਲਵਲੀਵ।" (ਸ਼ੁਕਰੀਆ, ਕ੍ਰਿਪਾ ਕਰਕੇ ਜੈਕਡੈਨੀਅਲ ਵਿਸਕੀ ਵਿਚ ਕੋਕ ਪਾ ਕੇ ਦੇ ਦਿਉ।)
"ਸੈਮ ਡਬਲ ਜੇ ਡੀ ਐਂਡ ਕੋਕ ਔਨ ਦਾ ਰੌਕਸ ਫਾਰ ਦੀ ਲੇਡੀ।" ਰਾਜ ਦੀ ਬਾਰ 'ਤੇ ਕੰਮ ਕਰਦੀ ਕੁੜੀ ਸੈਮ ਨੇ ਬਰਫ ਪਾ ਕੇ ਜੈਕ ਡੈਨੀਅਲ ਵਿਸਕੀ ਉਸ ਕੁੜੀ ਨੂੰ ਦੇ ਦਿੱਤੀ ਸੀ।
"ਬਨਿਜ਼ੋਰ ਰਾਜ।"
"ਬੋਨਜ਼ੋਰਅਰ।" ਰਾਜ ਨੇ ਇਕ ਫਰੈਂਚ ਕੁੜੀ ਨੂੰ ਚੁੰਮਿਆ ਸੀ।
"ਤੂੰ ਐਨੀਆਂ ਜ਼ੁਬਾਨਾਂ ਕਿਵੇਂ ਬੋਲ ਲੈਂਦਾ ਹੈਂ?" ਗੌਡੀਵਾ ਨੇ ਰਾਜ ਨੂੰ ਚਕ੍ਰਿਤ ਹੋ ਕੇ ਪੁੱਛਿਆ।
"ਬਿਜ਼ਨਿਸ ਕਰਨ ਲਈ ਬਹੁਤ ਕੁਝ ਸਿੱਖਣਾ ਪੈਂਦਾ ਹੈ। ਤੈਨੂੰ ਵੀ ਕੁਝ ਸਿਖਾਉਂਦੇ ਹਾਂ।" ਰਾਜ ਮੁਸਕੁਰਾਇਆ।
ਰਾਜ ਨੇ ਆਪਣੀ ਮੈਨੇਜੇਰ ਜੂਲੀ ਨੂੰ ਬੁਲਾਕੇ ਸਮਝਾ ਦਿੱਤਾ ਕਿ ਉਹ ਗੌਡੀਵਾ ਨੂੰ ਨ੍ਰਿਤ ਸਿਖਲਾਈ ਦੇਣੀ ਆਰੰਭ ਦੇਵੇ। ਗੌਡੀਵਾ ਨੇ ਉਸੇ ਹੀ ਦਿਨ ਤੋਂ ਖੰਭੇ ਨਾਲ ਝੂਟ ਕੇ ਨੱਚਣਾ ਸਿੱਖਣਾ ਸ਼ੁਰੂ ਕਰ ਦਿੱਤਾ। ਜੂਲੀ ਨੇ ਗੌਡੀਵਾ ਨੂੰ ਨਾਚ ਤੋਂ ਇਲਾਵਾ ਧੰਦੇ ਨਾਲ ਜੁੜੇ ਸਭ ਦਾਅ ਪੇਚ ਸਿਖਾ ਦਿੱਤੇ। ਕਦੋਂ ਕਦੋਂ ਅਤੇ ਕਿਵੇਂ ਕੱਪੜੇ ਉਤਾਰਨੇ। ਗਾਹਕਾਂ ਨਾਲ ਕਿਵੇਂ ਕੀ ਗੱਲ ਕਰਨੀ ਅਤੇ ਕਿਵੇਂ ਉਹਨਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੀਆਂ ਜੇਬਾਂ ਹਲਕੀਆਂ ਕਰਨੀਆਂ ਆਦਿ। ਕੁਝ ਹੀ ਦਿਨਾਂ ਵਿਚ ਗੌਡੀਵਾ ਨਾ ਕੇਵਲ ਵਧੀਆ ਨ੍ਰਿਤ ਕਰਨ ਲੱਗ ਪਈ ਬਲਕਿ ਕਲੱਬ ਦੀ ਧੜਕਣ ਬਣ ਗਈ।ਉਸਦੀ ਮਕਬੂਲੀਅਤ ਬੰਨ੍ਹੇ ਚੰਨ੍ਹੇ ਫੈਲ ਗਈ।ਕਲੱਬ ਦੇ ਗਾਹਕਾਂ ਦੀ ਗਿਣਤੀ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾਣ ਲੱਗਿਆ।ਜਿਸਦੇ ਫਲਸਰੂਪ ਗੌਡੀਵਾ ਨੂੰ ਵਧੀਆ ਆਮਦਨ ਹੋਣ ਲੱਗ ਪਈ। ਦੂਸਰੀਆਂ ਲੜਕੀਆਂ ਦੇ ਮੁਕਾਬਲੇ ਗੌਡੀਵਾ ਵੱਧ ਕਮਾਈ ਕਰਦੀ।ਰਾਜ ਘੱਟ ਵੱਧ ਹੀ ਕਲੱਬ ਵਿਚ ਆਉਂਦਾ। ਕਲੱਬ ਦੇ ਸਾਰੇ ਕੰਮਾਂ ਦੀ ਨਿਗਰਾਨੀ ਜੂਲੀ ਹੀ ਰੱਖਦੀ। ਰਾਜ ਨੇ ਗੌਡੀਵਾ ਨੂੰ ਇਕ ਮਕਾਨ ਕਿਰਾਏ ਉੱਤੇ ਲੈ ਦਿੱਤਾ, ਜਿਸਦਾ ਕਿਰਾਇਆ ਰਾਜ ਹੀ ਦਿੰਦਾ। ਉਸ ਘਰ ਵਿਚ ਗੌਡੀਵਾ ਨਾਲ ਕਲੱਬ ਵਿਚ ਕੰਮ ਕਰਨ ਵਾਲੀਆਂ ਕੁਝ ਹੋਰ ਵੀ ਕੁੜੀਆਂ ਸਨ।
ਇਕ ਦਿਹਾੜੇ ਗੌਡੀਵਾ ਆਪਣੇ ਨਾਚ ਦਾ ਪ੍ਰਦਰਸ਼ਨ ਕਰਨ ਬਾਅਦ ਗਾਹਕਾਂ ਵਿਚ ਵਿਚਰ ਰਹੀ ਸੀ ਕਿ ਇਕ ਗਾਹਕ ਨੇ ਪਿਛੇ ਦੀ ਆ ਕੇ ਅਚਾਨਕ ਗੌਡੀਵਾ ਦੇ ਮੂੰਹ ਉੱਤੇ ਧੱਪੜ ਮਾਰ ਦਿੱਤਾ, "ਹਰਾਮਦੀਏ ਮੈਨੂੰ ਤਾਂ ਬੜੀ ਸੱਚੀ ਸੁੱਚੀ ਬਣ ਕੇ ਦਿਖਾਉਂਦੀ ਸੀ। ਹੁਣ ਆਹ ਕਰਤੂਤਾਂ ਕਰਦੀ ਫਿਰਦੀ ਹੈ? ਕਿਥੇ ਗਈ ਤੇਰੀ ਸ਼ਰਾਫਤ?"
ਗੌਡੀਵਾ ਨੇ ਝੂੰਜਲਾ ਕੇ ਉਸ ਗਾਹਕ ਵੱਲ ਦੇਖਿਆ। ਇਹ ਉਸਦੇ ਸਕੂਲ ਦਾ ਸਹਿਪਾਠੀ ਅਤੇ ਉਸਦੇ ਪਤੀ ਲਿਉਨਰਡ ਦਾ ਮਿੱਤਰ ਥੌਮਸ (ਟੌਮ ਛੋਟਾ ਨਾਮ) ਸੀ। ਗੌਡੀਵਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
"ਟੌਮ?"
"ਸ਼ੁਕਰ ਐ ਤੈਂ ਪਹਿਚਾਣ ਲਿਆ।"
ਇਤਫਾਕਨ ਉਸ ਦਿਨ ਰਾਜ ਕਲੱਬ ਵਿਚ ਹਾਜ਼ਰ ਸੀ ਤੇ ਇਹ ਦ੍ਰਿਸ਼ ਦਫਤਰ ਵਿਚ ਬੈਠੇ ਨੇ ਉਹਨੇ ਸਰਵੇਲੈਂਸ ਕੈਮਰਿਆਂ ਰਾਹੀਂ ਦੇਖ ਲਿਆ ਸੀ। ਗੌਡੀਵਾ ਦੇ ਥੱਪੜ ਪੈਣਸਾਰ ਉਹ ਭੱਜਿਆ ਆਇਆ ਤੇ ਵਾਕੀ ਟਾਕੀ ਰਾਹੀਂ ਉਸਨੇ ਸਕਿਉਰਟੀ ਨੂੰ ਸੂਚਿਤ ਕਰ ਦਿੱਤਾ। ਰਾਜ ਨੇ ਗੌਡੀਵਾ ਨੂੰ ਬਾਂਹੋ ਫੜ ਕੇ ਆਪਣੇ ਪਿਛੇ ਲਕੋ ਲਿਆ ਤੇ ਥੌਮਸ ਨੂੰ ਗਲਮੇ ਤੋਂ ਪਕੜ ਕੇ ਖਿਚਦਾ ਹੋਇਆ ਕਲੱਬ ਤੋਂ ਬਾਹਰ ਲਿਜਾਣ ਲੱਗਿਆ। ਐਨੇ ਨੂੰ ਬਾਊਂਸਰ ਆ ਗਏ ਤੇ ਉਹਨਾਂ ਨੇ ਲੱਤਾਂ ਬਾਹਾਂ ਤੋਂ ਚੁੱਕ ਕੇ ਥੌਲਸ ਨੂੰ ਕਲੱਬ ਦੇ ਬਾਹਰ ਸਿੱਟ ਦਿੱਤਾ।
ਰਾਜ ਅਰਧ ਨਗਨ ਗੌਡੀਵਾ ਨੂੰ ਆਪਣੇ ਨਾਲ ਦਫਤਰ ਵਿਚ ਲੈ ਗਿਆ। ਨਾ ਰਾਜ ਨੇ ਥੌਮਸ ਬਾਰੇ ਕੁਝ ਪੁੱਛਿਆ ਤੇ ਨਾ ਹੀ ਗੌਡੀਵਾ ਨੇ ਕੁਝ ਦੱਸਣਾ ਉਚਿਤ ਸਮਝਿਆ। ਕਾਫੀ ਦੇਰ ਤੱਕ ਉਹ ਦੋਨੋਂ ਖਾਮੋਸ਼ ਬੈਠੇ ਰਹੇ।ਅਚਾਨਕ ਗੌਡੀਵਾ ਬੋਲੀ, "ਰਾਜ ਮੈਂ ਜਾਵਾਂ ਕੰਮ ਦਾ ਵਕਤ ਹੈ।"
"ਨਹੀਂ ਤੂੰ ਬੈਠ। ਮੇਰਾ ਚਿੱਤ ਕਰਦੈ। ਮੈਂ ਤੈਨੂੰ ਦੇਖੀ ਜਾਵਾਂ। ਗੌਡਾਇਵਾ, ਤੇਰੇ ਤੋਂ ਕੋਈ ਉਹਲਾ ਨਹੀਂ ਹੈ। ਮੇਰੇ ਲਈ ਕਿੰਨੀਆਂ ਕੁੜੀਆਂ ਕੰਮ ਕਰ ਰਹੀਆਂ ਹਨ। ਪਤਾ ਨਹੀਂ ਕਿੰਨੀਆਂ ਆਈਆਂ ਤੇ ਕਿੰਨੀਆਂ ਗਈਆਂ। ਹਰ ਕੁੜੀ ਮੇਰੇ ਨਾਲ ਸੌਣਾ ਆਪਣਾ ਸੁਭਾਗ ਸਮਝਦੀ ਹੈ। ਮੈਂ ਜੀਹਨੂੰ ਮਰਜੀ ਬਾਹੋਂ ਫੜ੍ਹ ਕੇ ਭੋਗ ਲਵਾ। ਮੈਨੂੰ ਜੁਆਬ ਦੇਣ ਦੀ ਕਿਸੇ ਦੀ ਹਿੰਮਤ ਨਹੀਂ ਹੈ। ਪਰ ਤੂੰ ਪਹਿਲੀ ਲੜਕੀ ਹੈਂ ਜਿਸ ਉੱਤੇ ਮੇਰਾ ਦਿਲ ਆ ਗਿਆ ਹੈ।ਤੈਨੂੰ ਦੇਖ ਕੇ ਮੇਰਾ ਚਿੱਤ ਕਰਦੈ, ਮੈਂ ਤੈਨੂੰ ਬੁੱਕਲ ਵਿਚ ਲੁਕਾ ਲਵਾਂ। ਤੈਨੂੰ ਮੇਰੇ ਤੋਂ ਸਿਵਾਏ ਕੋਈ ਹੋਰ ਨਾ ਦੇਖੇ। ਮੈਨੂੰ ਤੇਰੇ ਨਾਲ ਪਿਆਰ ਹੋ ਗਿਐ ਗੌਡਾਇਵਾ, ਹਾਂ ਪਿਆਰ।"
ਰਾਜ ਦੇ ਮੁਖਾਰਬਿੰਦ 'ਚੋਂ ਫੁੱਲਾਂ ਵਾਂਗੂੰ ਕਿਰਦੇ ਇਹ ਵਚਨ ਸੁਣ ਕੇ ਗੌਡਾਇਵਾ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਈ।ਉਹਦੀਆਂ ਅੱਖਾਂ ਸੁਪਨਿਆਂ ਦੇ ਕਸੀਦੇ ਕੱਢਣ ਲੱਗ ਪਈਆਂ, "ਰਾਜ ਇਹ ਤਾਂ ਤੁਹਾਡੀ ਜਰਾਨਿਵਾਜ਼ੀ ਹੈ, ਵਰਨਾ ਮੇਰੀ ਨਾਚੀਜ ਦੀ ਕੀ ਹੈਸੀਅਤ ਹੈ।"
"ਗੌਡਾਇਵਾ, ਅੱਜ ਤੋਂ ਤੂੰ ਕਲੱਬ ਵਿਚ ਡਾਂਸ ਨਹੀਂ ਕਰੇਂਗੀ। ਤੈਨੂੰ ਜ਼ਰੂਰਤ ਦੀ ਹਰ ਚੀਜ਼ ਤੇ ਖਰਚਾ ਮੈਂ ਦੇਵਾਂਗਾ। ਹੁਣ ਤੋਂ ਬਾਅਦ ਤੂੰ ਸਿਰਫ ਮੇਰੇ ਲਈ ਹੀ ਨੱਚਿਆ ਕਰੇਂਗੀ। ਮੇਰਾ ਹਾਰਬੋਨ ਵਿਚ ਇਕ ਫਲੈਟ ਹੈ, ਅੱਜ ਤੋਂ ਉਹ ਤੈਨੂੰ ਤੋਹਫੇ ਵਿਚ ਦਿੱਤਾ। ਤੂੰ ਉਥੇ ਰਿਹਾ ਕਰੇਂਗੀ।" ਰਾਜ ਨੇ ਮੇਜ਼ ਦੇ ਡਰਾਅ ਵਿਚੋਂ ਚਾਬੀਆਂ ਦਾ ਗੁੱਛਾ ਕੱਢ ਕੇ ਗੌਡਾਇਵਾ ਦੇ ਮੂਹਰੇ ਸਿੱਟ ਦਿੱਤਾ।
ਗੌਡੀਵਾ ਨੇ ਝੱਟ-ਪੱਟ ਚਾਬੀਆਂ ਚੁੱਕ ਲਈਆਂ, "ਸੱਚ, ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹੈ।"
"ਅੱਛਾ ਇਹ ਗੱਲ ਐ ਤਾਂ ਕੱਪੜੇ ਪਹਿਨ ਤੇ ਮੇਰੇ ਨਾਲ ਚੱਲ। ਤੈਨੂੰ ਹੁਣੇ ਯਕੀਨ ਦਿਵਾ ਦਿੰਦੇ ਹਾਂ।"
ਗੌਡੀਵਾ ਡਰੈਸਿੰਗਰੂਮ ਵਿਚ ਗਈ ਤੇ ਤਿਆਰ ਹੋ ਕੇ ਆ ਗਈ।ਰਾਜ ਉਹਦੀ ਕਮਰ ਵਿਚ ਬਾਂਹ ਪਾ ਕੇ ਉਸਨੂੰ ਨਾਲ ਲੈ ਤੁਰਿਆ।
ਫਲੈਟ ਪਹੁੰਚ ਕੇ ਰਾਜ ਜਦੋਂ ਰਾਜ ਦਰਵਾਜਾ ਖੋਲ੍ਹਣ ਲੱਗਿਆ ਤਾਂ ਗੌਡੀਵਾ ਨੇ ਆਪਣੇ ਪੈਰਾਂ ਵਿਚੋਂ ਪਹਿਨੇ ਹੋਏ ਪੈਨਸਲਹੀਲ ਉੱਚੀ ਅੱਡੀ ਦੇ ਸੈਂਡਲ ਉਤਾਰ ਕੇ ਹੱਥ ਵਿਚ ਫੜ੍ਹ ਲਏ।
"ਇਹ ਕੀ ਗੌਡਾਇਵਾ ਜੁੱਤੀਆਂ ਕਿਉਂ ਲਾਹ ਲਈਆਂ?"
"ਵਸਤੂ ਸ਼ਾਸ਼ਤਰ ਅਤੇ ਯਹੋਵਾ ਵਿਟਨਸ ਵਾਲੇ ਕਹਿੰਦੇ ਹਨ ਕੇ ਪਹਿਲੀ ਵਾਰੀ ਗ੍ਰਹਿ ਪ੍ਰਵੇਸ਼ ਕਰਦੇ ਸਮੇਂ ਜ਼ਮੀਨ ਨਾਲ ਤੁਹਾਡੇ ਜਿੰਨੇ ਵੱਧ ਤੋਂ ਵੱਧ ਜਿਸਮ ਦੇ ਹਿੱਸੇ ਦਾ ਸਪਰਸ਼ ਹੋਵੇ। ਉਹ ਘਰ ਤੁਹਾਡੇ ਲਈ ਉਹਨਾਂ ਹੀ ਭਾਗਾਂ ਭਰਿਆ ਹੁੰਦਾ ਹੈ।"
"ਜੇ ਇਹ ਗੱਲ ਇਹ ਤਾਂ ਤੇਰਾ ਸਾਰਾ ਬਦਨ ਇਸ ਫਲੈਟ ਦੇ ਫਰਸ਼ ਨੂੰ ਇਕੱਠਿਆਂ ਛੂਹੇਗਾ।" ਰਾਜ ਨੇ ਗੌਡੀਵਾ ਨੂੰ ਆਪਣੀਆਂ ਬਾਹਾਂ 'ਤੇ ਚੁੱਕ ਲਿਆ।ਗੌਡੀਵਾ ਨੇ ਰਾਜ ਦੇ ਗਲ੍ਹੇ ਨੂੰ ਬਾਹਾਂ ਦੀ ਕਰਿੰਗੜੀ ਪਾ ਲਈ। ਰਾਜ ਗੌਡੀਵਾ ਨੂੰ ਚੱਕੀ ਫਲੈਟ ਵਿਚ ਦਾਖਿਲ ਹੋਇਆ। ਇਹ ਤੇਰਾ ਲਿਵਿੰਗਰੂਮ ਤੇ ਗੈਸਟਰੂਮ ਹੈ।"
ਗੌਡੀਵਾ ਨੇ ਖੂਬਸੂਰਤ ਪੇਟਿੰਗਾਂ ਨਾਲ ਸਜੀਆਂ ਦਿਵਾਰਾਂ, ਵੱਡੀ ਪਲਾਜ਼ਮਾਂ ਸਕਰੀਨ ਵਾਲਾ ਟੈਲੀਵਿਜ਼ਨ, ਇਟੈਲੀਅਨ ਫਰਨੀਚਰ, ਅਰਬੀ ਰੱਗ, ਝੂਮਰ ਤੇ ਸਜਾਵਟ ਦੀਆਂ ਅਨੇਕਾਂ ਵਸਤਾਂ ਨਾਲ ਸਜਿਆ ਕਮਰਾ ਦੇਖ ਕੇ ਆਪਣੇ ਹੱਥਾਂ ਵਿਚ ਫੜ੍ਹੇ ਹੋਏ ਸੈਂਡਲ ਰਾਜ ਦੀ ਪਿੱਠ ਪਿੱਛੇ ਹੇਠਾਂ ਸੁੱਟ ਦਿੱਤੇ। ਰਾਜ ਨੇ ਅੱਗੇ ਜਾ ਕੇ ਦਰਵਾਜ਼ੇ ਨੂੰ ਲੱਤ ਮਾਰੀ, "ਇਹ ਕਿਚਨ ਹੈ।"
ਵੱਡੀ ਫਰਿਜ਼-ਫਰੀਜਰ, ਗੈਸ ਕੁੱਕਰ, ਬਿਲਟ ਇੰਨ ਮਾਇਕਰੋਵੇਵ, ਬਾਰਬੀਕਿਉ ਯੂਨਿਟ ਅਤੇ ਚਾਇਨਸ ਕਰੌਕਰੀ ਸੈਟ ਨਾਲ ਨੱਕੋ-ਨੱਕ ਭਰੀ ਰਸੋਈ ਦੇਖ ਕੇ ਗੌਡੀਵਾ ਨੇ ਆਪਣੇ ਹੱਥਾਂ ਵਿਚ ਪਹਿਨੇ ਹੋਏ ਕੰਗਨ ਗੁੱਟਾਂ 'ਚੋਂ ਉਤਾਰ ਕੇ ਜ਼ਮੀਨ ਉੱਤੇ ਸਿੱਟ ਦਿੱਤੇ। ਰਾਜ ਅਗਲੇ ਕਮਰੇ ਵੱਲ ਵਧਿਆ। ਗੌਡੀਵਾ ਨੇ ਹੱਥ ਨਾਲ ਹੈਂਡਲ ਘੁੰਮਾ ਕੇ ਦਰਵਾਜ਼ਾ ਖੋਲ੍ਹਿਆ।
"ਇਹ ਸੇਲਰ ਹੈ ਵਾਧੂ ਸਮਾਨ ਅਤੇ ਕਪੜੇ ਰੱਖਣ ਲਈ।" ਰਾਜ ਨੇ ਜ਼ਮੀਨ ਉੱਤੇ ਲੱਗੇ ਇਕ ਬਟਨ ਨੂੰ ਪੈਰ ਨਾਲ ਦਬਾਇਆ। ਸਟੋਰ ਦੀਆਂ ਦੋਨੋਂ ਕੰਧਾਂ ਦੀਆਂ ਅਲਮਾਰੀਆਂ ਘੁੰਮ ਕੇ ਅੰਦਰ ਵੜ੍ਹ ਗਈਆਂ ਤੇ ਉਨ੍ਹਾਂ ਦੀ ਜਗ੍ਹਾ ਕੱਪੜੇ ਟੰਗਣ ਦੀ ਰੇਲ ਵਾਲੀਆਂ ਦੋ ਨਵੀਆਂ ਅਲਮਾਰੀਆਂ ਪ੍ਰਗਟ ਹੋ ਗਈਆਂ।ਗੌਡੀਵਾ ਨੇ ਆਪਣੀ ਹਿੱਕ ਤੋਂ ਜਿੱਪ ਦੇ ਕੁੰਡੇ ਨੂੰ ਫੜਿਆ ਤੇ ਹੌਲੀ ਹੌਲੀ ਜਿੱਪ ਨੂੰ ਖੋਲ੍ਹਦੀ ਹੋਈ ਧੁੰਨੀ ਤੱਕ ਲੈ ਗਈ।ਇਕ ਇਕ ਕਰਕੇ ਪਹਿਨੇ ਹੋਏ ਲਿਬਾਸ ਵਿਚੋਂ ਆਪਣੀਆਂ ਬਾਹਾਂ ਕੱਢੀਆਂ ਤੇ ਰਾਜ ਦੇ ਸਹਿਯੋਗ ਨਾਲ ਪੁਸ਼ਾਕ ਉਤਾਰ ਕੇ ਆਪਣੇ ਪੱਟਾਂ ਕੋਲ ਇਕੱਠੀ ਕਰ ਦਿੱਤੀ। ਰਾਜ ਦੇ ਗਲ੍ਹ ਨੂੰ ਪਹਿਲਾਂ ਦੀ ਤਰ੍ਹਾਂ ਬਾਹਾਂ ਵਿਚ ਨੂੜ ਕੇ ਦੋਨਾਂ ਟੰਗਾਂ ਨੂੰ ਛਟਪਟਾਇਆ ਤੇ ਗੌਡੀਵਾ ਦਾ ਚੋਗਾ ਖਿਸਕ ਕੇ ਹੇਠਾਂ ਡਿੱਗ ਪਿਆ।ਰਾਜ ਨੇ ਗੌਡੀਵਾ ਨੂੰ ਹੋਰ ਮਜ਼ਬੂਤੀ ਨਾਲ ਆਪਣੀਆਂ ਬਾਹਾਂ ਵਿਚ ਘੁੱਟ ਲਿਆ। ਅਗਲੇ ਕਮਰੇ ਵਿਚ ਵੜਦਿਆਂ ਰਾਜ ਬੋਲਿਆ, "ਇਹ ਬਾਥਰੂਮ ਹੈ।"
ਵੱਡਾ ਸਾਰਾ ਸਾਰਾ ਬਾਥਟੱਬ, ਵਾਸ਼ਵੇਸਨ, ਜਕੂਜ਼ੀ, ਆਦਮ ਕੱਦ ਸ਼ੀਸ਼ਾ, ਸਟੈਂਡਿੰਗ ਸ਼ਾਵਰ, ਸੰਗਮਰਮਰੀ ਫਰਸ਼ ਅਤੇ ਛੋਟੀਆਂ ਛੋਟੀਆਂ ਲਾਇਟਾਂ ਨਾਲ ਜਗਮਗ-ਜਗਮਗ ਕਰਦੀ ਗੌਡੀਵਾ ਨੇ ਛੱਤ ਦੇਖੀ ਤੇ ਆਪਣੀ ਢੂਹੀ ਪਿਛੇ ਹੱਥ ਲਿਜਾ ਜੇ ਹੁੱਕ ਖੋਲ੍ਹੀ ਤੇ ਛਾਤੀ ਤੋਂ ਬਰੇਜ਼ੀਅਰ ਦਾ ਰੱਗ ਭਰ ਕੇ ਬਰਾ ਹੇਠਾਂ ਸੁੱਟ ਦਿੱਤੀ। ਗੁਸਲਖਾਨੇ ਦੇ ਦੂਜੇ ਦਰਵਾਜ਼ੇ ਰਾਹੀਂ ਉਹ ਹੋਰ ਕਮਰੇ ਵਿਚ ਦਾਖਿਲ ਹੋਏ, "ਇਹ ਬੈੱਡਰੂਮ ਹੈ।"
ਵੱਡਾ ਕਿੰਗ ਸਾਇਜ਼ ਪਲੰਘ, ਕੰਧ 'ਤੇ ਲੱਗਿਆ ਟੀਵੀ, ਮਿਉਜ਼ਿਕ ਸਿਸਟਮ ਡੀ ਵੀ ਡੀ ਪਲੈਅਰ, ਰਾਜ ਦੀਆਂ ਫੋਟੋਆਂ ਦੇ ਵੱਡੇ ਵੱਡੇ ਪੋਸਟਰ ਅਲਾਰਮ ਕਲਾਕ, ਲੈਂਪ ਤੇ ਹੋਰ ਕਿੰਨਾ ਕੁਝ। ਗੌਡੀਵਾ ਨੇ ਵਾਲਾ ਨੂੰ ਬੰਨ੍ਹਿਆ ਰੀਬਨ ਖੋਲ੍ਹ ਕੇ ਆਪਣੀ ਪੌਨੀਟੇਲ ਨਾਲ ਸਮੇਟੇ ਵਾਲ ਅਜ਼ਾਦ ਕਰ ਦਿੱਤੇ ਤੇ ਰੀਬਨ ਖਿਲਾਅ ਵਿਚ ਉੱਡਾ ਕੇ ਹੇਠਾਂ ਸੁੱਟ ਦਿੱਤਾ।
"ਕਿਵੇਂ ਲੱਗਿਆ ਫਲੈਟ?" ਰਾਜ ਮੁਸਕੁਰਾਇਆ।
"ਬਹੁਤ ਵਧੀਆ। ਬਹੁਤ ਬਹੁਤ ਹੀ ਵਧੀਆ। ਮੈਂ ਤਾਂ ਅਜਿਹੀ ਜਗ੍ਹਾ 'ਤੇ ਰਹਿਣ ਦਾ ਕਦੇ ਤਸੱਵਰ ਵੀ ਨਹੀਂ ਸੀ ਕਰ ਸਕਦੀ।"
"ਤੇ ਮੈਂ ਕਿਵੇਂ ਲੱਗਿਆਂ?"
"ਤੁਸੀਂ ਤਾਂ ਮੇਰੀ ਜਾਨ ਹੋ।" ਗੌਡੀਵਾ ਨੇ ਮੂੰਹ ਅੱਗੇ ਵਧਾ ਕੇ ਰਾਜ ਦੀ ਗੱਲ੍ਹ ਚੁੰਮ ਲਿੱਤੀ।
ਰਾਜ ਉਸਨੂੰ ਬਿਸਤਰੇ 'ਤੇ ਲਿਟਾਉਣ ਲੱਗਾ ਤਾਂ ਗੌਡੀਵਾ ਨੇ ਰਾਜ ਦੀ ਗਰਦਨ ਨੂੰ ਫੜਦੀ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ, "ਊਂ ਹੂੰ! ਭੁੰਝੇ।"
ਰਾਜ ਨੇ ਆਹਿਸਤਾ ਆਹੀਸਤਾ ਗੌਡੀਵਾ ਨੂੰ ਫਰਸ਼ ਉੱਤੇ ਰੱਖ ਦਿੱਤਾ। ਗੌਡੀਵਾ ਭੰਬੀਰੀ ਵਾਂਗ ਘੁੰਮਦੀ ਹੋਈ ਲਪੇਟੇ ਖਾਹ ਕੇ ਰਾਜ ਦੇ ਕਦਮਾਂ ਤੋਂ ਦੂਰ ਚਲੀ ਗਈ।ਰਾਜ ਦੀਆਂ ਅੱਖਾਂ ਵਿਚ ਖੁਮਾਰ ਤੈਰਨ ਲੱਗਿਆ, "ਗੌਡਾਇਵਾ, ਰੋਮੈਂਟਿਕ ਡੇਟ ਦੀ ਤੇਰੀ ਕੀ ਪ੍ਰੀਭਾਸ਼ਾ ਹੈ?"
"ਆਂ… ਬਰਫ ਦੀਆਂ ਡਲੀਆਂ 'ਤੇ ਪਈ ਸ਼ੈਮਪੇਨ। ਮੱਧਮ ਮੱਧਮ ਵਜਦਾ ਜੈਜ਼ ਸੰਗੀਤ। ਵੈਲਟਜ਼ ਹੋਵੇ ਤਾਂ ਸਭ ਤੋਂ ਵਧੀਆ, ਜਿਸ ਵਿਚ ਵਾਇਲਨ ਵਜਦੀ ਵੱਖਰੀ ਸੁਣਾਈ ਦੇਵੇ। ਹਨੇਰੇ ਨਾਲ ਲੜਨ ਲਈ ਖੂਸ਼ਬੂਦਾਰ ਮੋਮਬੱਤੀਆਂ ਦਾ ਹਲਕਾ ਹਲਕਾ ਚਾਨਣ ਹੋਵੇ। ਸੋਹਣੇ ਸੁਨੱਖੇ ਗੱਭਰੂ ਦੇ ਗਲ੍ਹ ਬਾਹਾਂ ਪਾ ਕੇ ਹੌਲੀ ਹੌਲੀ ਬਾਲਰੂਮ ਡਾਂਸ ਕਰ ਰਹੀ ਹੋਵਾਂ ਤੇ ਅਚਨਚੇਤ ਉਹ ਮੇਰੇ ਹੋਂਠਾਂ ਨਾਲ ਆਪਣੇ ਬੁੱਲ੍ਹਾਂ ਦੇ ਜਿੰਦਰੇ ਲਾ ਦੇਵੇ। ਸਰੂਰ ਵਿਚ ਮੇਰੀਆਂ ਅੱਖਾਂ ਮੁੰਦੀਆਂ ਜਾਣ ਤੇ ਮਧਹੋਸ਼ ਹੋ ਜਾਵਾਂ। ਮੈਨੂੰ ਆਪਣੇ ਆਪ ਦੀ ਵੀ ਸੁੱਧ-ਬੁੱਧ ਨਾ ਰਹੇ।"
ਰਾਜ ਨੇ ਗੌਡੀਵਾ ਦਾ ਵਾਲਾਂ ਵਾਲਾ ਰੀਬਨ ਚੁੱਕਿਆ ਤੇ ਉਸਦੀਆਂ ਅੱਖਾਂ ਉੱਤੇ ਪੱਟੀ ਦੀ ਤਰ੍ਹਾਂ ਬੰਨ੍ਹ ਦਿੱਤਾ, "ਜਿੰਨਾ ਚਿਰ ਮੈਂ ਨਾ ਕਹਾਂ। ਇਹਨੂੰ ਖੋਲ੍ਹੀ ਨਾ।"
ਰਾਜ ਉੱਥੋਂ ਕੁਝ ਸਮੇਂ ਲਈ ਅਲੋਪ ਹੋ ਗਿਆ। ਗੌਡੀਵਾ ਨੇ ਉਸਦਾ ਹੁਕਮ ਵਜਾਉਂਦਿਆਂ ਰੀਬਨ ਵਿਚੋਂ ਬਾਹਰ ਝਾਕਣ ਦਾ ਕੋਈ ਵੀ ਯਤਨ ਨਾ ਕੀਤਾ। ਕੁਝ ਦੇਰ ਬਾਅਦ ਗੌਡੀਵਾ ਨੂੰ ਰਾਜ ਦੇ ਕਦਮਾਂ ਦੀ ਆਹਟ ਅਤੇ ਕੁਝ ਖੜਕਾ ਹੁੰਦਾ ਸੁਣਾਈ ਦਿੱਤਾ, "ਰਾਜ ਤੁਸੀਂ ਕੀ ਕਰ ਰਹੇ ਹੋ।"
"ਤਿਆਰ ਏ ਗੌਡਾਇਵਾ? ਤੈਨੂੰ ਸਰਪਰਾਇਜ਼ ਦੇ ਰਿਹਾ ਹਾਂ।"
ਰਾਜ ਨੇ ਅੱਖਾਂ ਤੋਂ ਪੱਟੀ ਖੋਲ੍ਹੀ ਤਾਂ ਗੌਡੀਵਾ ਦੇ ਸਾਹਮਣੇ ਸਾਰਾ ਕਮਰਾ ਇਤਰੀ ਮੋਮਬੱਤੀਆਂ ਨਾਲ ਰੋਸ਼ਨ ਹੋਇਆ ਪਿਆ ਸੀ। ਰਾਜ ਨੇ ਰਿਮੋਟ ਕੰਟਰੋਲ ਦਾ ਬਟਨ ਦੱਬ ਕੇ ਹਲਕਾ ਹਲਕਾ ਰੋਮਾਂਚਕ ਸੰਗੀਤ ਵਜਾ ਦਿੱਤਾ। ਸ਼ੈਮਪੇਨ ਦੀ ਬੋਤਲ ਚੁੱਕੀ ਤੇ ਤਾਰ ਨੂੰ ਮਰੋੜਾ ਦੇ ਕੇ ਅੰਗੂਠੇ ਨਾਲ ਡੱਟ ਖੋਲ੍ਹ ਦਿੱਤਾ। ਡੱਟ ਇਕ ਧਮਾਕੇ ਵਰਗੀ ਅਵਾਜ਼ ਕਰਕੇ ਛੱਤ ਨਾਲ ਜਾ ਟਕਰਾਇਆ। ਸ਼ੈਮਪੇਨ ਦੁੱਧ ਦੇ ਉਬਾਲੇ ਵਾਂਗ ਬੋਤਲ 'ਚੋਂ ਬਾਹਰ ਡੁੱਲ੍ਹਣ ਲੱਗੀ। ਰਾਜ ਨੇ ਬੋਤਲ ਮੂੰਹ ਨੂੰ ਲਾ ਕੇ ਖੌਲਦੀ ਸ਼ੈਮਪੇਨ ਸ਼ਾਂਤ ਕਰ ਦਿੱਤੀ।ਅੰਡਰ ਵੇਅਰ ਨੂੰ ਲੱਕ ਉੱਤੇ ਖਿਚਦੀ ਹੋਈ, ਗੌਡੀਵਾ ਉੱਠੀ ਤੇ ਰਾਜ ਤੋਂ ਉਸਨੇ ਬੋਤਲ ਖੋਹ ਲਈ, "ਕਹਿੰਦੇ ਨੇ ਝੂਠਾ ਪੀਣ ਨਾਲ ਪਿਆਰ ਵੱਧਦਾ ਹੈ।" ਗੌਡੀਵਾ ਨੇ ਸ਼ੈਮਪੇਨ ਨੂੰ ਲਾ ਕੇ ਪੀਣੀ ਸ਼ੁਰੂ ਕੀਤੀ। ਇਕ ਘੁੱਟ ਉਹ ਆਪ ਭਰਦੀ ਤੇ ਇਕ ਘੁੱਟ ਰਾਜ ਨੂੰ ਪਿਲਉਂਦੀ।ਬੋਤਲ ਖਾਲੀ ਕਰਕੇ ਗੌਡੀਵਾ ਨੇ ਫਰਸ਼ ਉੱਤੇ ਰੱਖ ਦਿੱਤੀ ਤੇ ਬਾਹਾਂ ਰਾਜ ਅੱਗੇ ਫੈਲਾਇਆਂ, "ਸੈਲਸਾ, ਟੈਂਗੋ, ਕਟੈਂਪਰਰੀ ਵੈਲਟਜ਼ ਜਾਂ ਬੌਲਰੂਮ ਡਾਂਸ?"
"ਜੋ ਤੇਰਾ ਦਿਲ ਕਰਦੈ।"
ਦੋਨੋਂ ਧੀਮੀ ਗਤੀ ਦਾ ਨ੍ਰਿਤ ਕਰਨ ਲੱਗੇ।ਨੱਚਦੇ ਨੱਚਦਿਆਂ ਗੌਡੀਵਾ ਨੇ ਸੁਸਤਾ ਕੇ ਰਾਜ ਦੀ ਹਿੱਕ ਉੱਤੇ ਆਪਣਾ ਸਿਰ ਰੱਖ ਦਿੱਤਾ।ਰਾਜ ਨੇ ਇਕ ਹੱਥ ਗੌਡੀਵਾ ਦੇ ਮੌਰਾਂ ਅਤੇ ਇਕ ਨਿਤੰਬਾਂ 'ਤੇ ਪਾ ਕੇ ਗੌਡੀਵਾ ਨੂੰ ਧਰਤੀ ਤੋਂ ਚੁੱਕਿਆ ਤੇ ਪਲੰਘ ਉੱਤੇ ਲਿਟਾ ਲਿਆ। ਰਾਜ ਗੌਡੀਵਾ ਉੱਪਰ ਝੁਕਿਆ ਪਿਆ ਉਸਦੇ ਮਨ-ਮੋਹਣੇ ਚਿਹਰੇ ਨੂੰ ਨਿਹਾਰਨ ਲੱਗਿਆ। ਗੌਡੀਵਾ ਨੇ ਉਸਦੀ ਟਾਈ ਦੀ ਗੱਠ ਖੋਲ੍ਹ ਕੇ ਉਸਦੀ ਕਮੀਜ਼ ਦੇ ਇਕ ਇਕ ਕਰਕੇ ਬਟਨ ਖੋਲ੍ਹਣ ਉਪਰੰਤ ਰਾਜ ਦੀ ਬੈਲਟ ਦੇ ਬੱਕਲ ਨੂੰ ਹੱਥ ਪਾ ਲਿਆ।
ਰਾਜ ਮਲਮਲ ਵਰਗੀ ਗੌਡੀਵਾ ਦੀ ਚਮੜੀ ਉੱਤੇ ਆਪਣੇ ਲਬ੍ਹਾਂ ਨਾਲ ਹਸਤਾਖਰ ਕਰਨ ਲੱਗ ਪਿਆ। ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਪਿਆਰ ਕਰਦੇ ਹੋਏ ਉਹ ਦੋ ਆਲਿੰਗਨਬਧ ਸ਼ਰੀਰ ਇਕ ਦੂਸਰੇ ਵਿਚ ਸਮਾ ਗਏ।…
ਫਿਰ ਇਹ ਸਿਲਸਿਲਾ ਨਿਯਮਬਧ ਅਤੇ ਲਗਾਤਾਰ ਦਿਨ ਪ੍ਰਤੀ ਦਿਨ ਚੱਲਣ ਲੱਗਾ।ਗੌਡੀਵਾ ਨੂੰ ਬਿਨ ਮੰਗਿਆਂ ਦੁਨੀਆਂ ਦੀ ਹਰ ਸ਼ੈਅ ਰਾਜ ਮੁਹੱਈਆ ਕਰ ਦਿੰਦਾ।ਜੇ ਕਦੇ ਮਸਰੂਫੀਅਤ ਦੀ ਵਜ੍ਹਾ ਨਾਲ ਰਾਜ ਦਿਹਾੜੀ ਡੰਗ-ਭੰਨ ਵੀ ਜਾਂਦਾ ਤਾਂ ਗੌਡੀਵਾ ਉਸ ਨਾਲ ਫੋਨ 'ਤੇ ਗੱਲਾਂ ਕਰਕੇ ਚਿੱਤ ਪਰਚਾ ਲੈਂਦੀ। ਫਲੈਟ ਵਿਚ ਲੱਗੇ ਸਕਿਉਰਟੀ ਕੈਮਰਿਆਂ ਦਾ ਸਿੱਧਾ ਸੰਪਰਕ ਰਾਜ ਦੇ ਟੈਲੀਫੂਨ ਉੱਤੇ ਸੀ। ਉਹ ਜਦੋਂ ਚਾਹੇ ਗੌਡੀਵਾ ਨੂੰ ਦੇਖ ਸਕਦਾ ਸੀ। ਰਾਜ ਨੇ ਜਿੱਦਣ ਨਾਲ ਵੀ ਆਉਣਾ ਹੁੰਦਾ ਤਾਂ ਵੀ ਗੌਡੀਵਾ ਨਹਾ ਧੋਹ ਕੇ ਤਿਆਰ ਹੋ ਜਾਂਦੀ ਤੇ ਹਾਰ ਸਿੰਗਾਰ ਕਰਕੇ ਰਾਜ ਨੂੰ ਕੱਪੜੇ ਬਦਲ ਬਦਲ ਕੈਮਰੇ ਮੂਹਰੇ ਖੜ੍ਹ ਕੇ ਪੁੱਛਦੀ, "ਮੈਂ ਕਿਹੋ ਜਿਹੀ ਲੱਗਦੀ ਆਂ ਰਾਜ?"
ਉਹ ਟੈਲੀਫੂਨ ਉੱਤੇ ਹਮੇਸ਼ਾਂ ਵਾਂਗ ਜੁਆਬ ਦਿੰਦੀ, "ਨਿਰੀ ਤਬਾਹੀ!"
ਜਦੋਂ ਰਾਜ ਗੌਡੀਵਾ ਦੀ ਆਗੋਸ਼ ਵਿਚ ਹੁੰਦਾ ਗੌਡੀਵਾ ਨੂੰ ਕੋਈ ਗੱਲ ਨਾ ਅਹੁੜਦੀ। ਉਹ ਉਸਨੂੰ ਰਜ-ਰਜ ਪਿਆਰ ਕਰਨ ਵਿਚ ਮਸਰੂਫ ਰਹਿੰਦੀ। ਪਰ ਜਦ ਰਾਜ ਉਸ ਦੀਆਂ ਅੱਖਾਂ ਤੋਂ ਉਜਲ ਹੁੰਦਾ ਗੌਡੀਵਾ ਦੀ ਰਾਜ ਨਾਲ ਕਰਨ ਵਾਲੀਆਂ ਗੱਲਾਂ ਨਾ ਮੁੱਕਦੀਆਂ। ਉਹ ਰਾਜ ਬਾਰੇ ਆਪਣੀ ਭੈਣ ਨੂੰ ਫੇਸਬੁੱਕ ਉੱਤੇ ਚੈਟਿੰਗ ਕਰਕੇ ਦੱਸਦੀ ਰਹਿੰਦੀ। ਉਸਦੀਆਂ ਤਾਰੀਫਾਂ ਅਤੇ ਕੀਤੇ ਅਹਿਸਾਨਾਂ ਬਾਰੇ ਸੂਚਿਤ ਕਰਦੀ ਰਹਿੰਦੀ।
ਰਾਜ ਆਉਂਦਾ ਕਦੇ ਅੱਧੀ ਰਾਤ ਕਦੇ ਸਾਰੀ ਰਾਤ ਗੌਡੀਵਾ ਨਾਲ ਗੁਜ਼ਾਰਦਾ। ਬੋਤਲ ਸ਼ਰਾਬ ਦੀ ਖਾਲੀ ਕਰਕੇ ਚਲਾ ਜਾਂਦਾ। ਉਸਦੇ ਜਾਣ ਬਾਅਦ ਗੌਡੀਵਾ ਵੀ ਹੌਲੀ ਫੁੱਲ ਹੋਈ ਹੁੰਦੀ। ਰਾਜ ਨੂੰ ਉਹ ਅੰਦਰੋਂ ਬਾਹਰੋਂ ਜਾਣਦੀ ਸੀ। ਪਰ ਉਸਦੀ ਨਿੱਜੀ ਜ਼ਿੰਦਗੀ, ਉਸਦੇ ਪਰਿਵਾਰ ਅਤੇ ਉਸਦੇ ਪਿਛੋਕੜ ਬਾਰੇ ਗੌਡੀਵਾ ਨੂੰ ਕੁਝ ਵੀ ਨਹੀਂ ਸੀ ਪਤਾ। ਨਾ ਹੀ ਉਸਨੇ ਇਸਦੀ ਕਦੇ ਖੋਜ ਕਰਨੀ ਚਾਹੀ ਸੀ ਅਤੇ ਨਾ ਹੀ ਕਦੇ ਰਾਜ ਨੇ ਕੁਝ ਦੱਸਿਆ ਸੀ। ਸ਼ਾਇਦ ਇਹਨਾਂ ਗੱਲਾਂ ਨਾਲ ਗੌਡੀਵਾ ਨੂੰ ਕੋਈ ਸਰੋਕਾਰ ਨਹੀਂ ਸੀ। ਉਹ ਆਪਣੀ ਜ਼ਿੰਦਗੀ ਅਤੇ ਰਾਜ ਦੇ ਸਬੰਧਾਂ ਤੋਂ ਖੁਸ਼ ਸੀ।ਰਾਜ ਬਾਰੇ ਉਹ ਇਹਨਾਂ ਹੀ ਜਾਣਦੀ ਸੀ ਕਿ ਉਹ ਇਕ ਬਹੁਤ ਨੇਕ ਦਿਲ ਅਤੇ ਸਭ ਦੀ ਮਦਦ ਕਰਨ ਵਾਲਾ ਬ੍ਰਿਟਿਸ਼ ਇੰਡੀਅਨ ਹੈ ਤੇ ਜਿਸ ਨੇ ਬਹੁਤ ਘੱਟ ਸਮੇਂ ਵਿਚ ਬਹੁਤ ਧਨ ਅਤੇ ਸ਼ੁਹਰਤ ਕਮਾਈ ਹੈ।ਦੇਖਣ ਨੂੰ ਰਾਜ ਜਿੰਨਾ ਸੁਨੱਖਾ ਲੱਗਦਾ ਸੀ, ਉਸ ਨਾਲੋਂ ਕਿਤੇ ਵੱਧ ਉਸਦਾ ਦਿਲ ਸੋਹਣਾ ਸੀ। ਮਣਾਂ-ਮੂੰਹੀਂ ਸਿਰਮਾਇਆ ਅਤੇ ਵਸੀਲੇ ਹੋਣ ਦੇ ਬਾਵਜੂਦ ਵੀ ਉਹ 'ਪਲੇਅ ਬੋਆਏ' ਅਰਥਾਤ ਅਯਾਸ਼ ਨਹੀਂ ਸੀ।
ਵਪਾਰ ਨੂੰ ਵਿਸਥਾਰਨ ਦੇ ਮਾਮਲੇ ਵਿਚ ਰੁੱਝਿਆ ਹੋਣ ਕਰਕੇ ਇਕ ਮਰਤਬਾ ਰਾਜ ਪੂਰਾ ਹਫਤਾ ਨਾ ਤਾਂ ਕਲੱਬ ਵਿਚ ਗਿਆ ਤੇ ਨਾ ਹੀ ਗੌਡੀਵਾ ਕੋਲ ਆ ਕੇ ਵੜ੍ਹਿਆ।ਉਸਦਾ ਫੋਨ ਵੀ ਅਕਸਰ ਬੰਦ ਹੁੰਦਾ। ਗੌਡੀਵਾ ਉਸਦੇ ਹਿਜਰ ਵਿਚ ਮਰਨ ਵਰਗੀ ਹੋ ਗਈ। ਉਹ ਦਿਨ ਰਾਤ ਫਲੈਟ ਵਿਚ ਪਈ ਤੜਫੀ ਰਹਿੰਦੀ।
ਰਾਜ ਆਇਆ ਤਾਂ ਉਹ ਉੱਡ ਕੇ ਰਾਜ ਦੇ ਗਲ੍ਹ ਨਾਲ ਜਾ ਲੱਗੀ। ਉਸਨੂੰ ਚਿਚੜੀ ਵਾਂਗ ਚਿੰਬੜ ਗਈ। ਖੁਸ਼ੀ ਅਤੇ ਵੇਗ ਵਿਚ ਪਾਗਲ ਹੋਈ ਨੇ ਉਹਨੇ ਰਾਜ ਦੇ ਕੱਪੜੇ ਫਾੜ ਦਿੱਤੇ। ਗੌਡੀਵੇ ਤੋਂ ਆਪਣੀ ਵਾਸਨਾ 'ਤੇ ਕਾਬੂ ਨਾ ਕਰ ਹੋਇਆ ਤੇ ਉਹ ਸਾਰੀ ਰਾਤ ਰਾਜ ਨੂੰ ਦੰਦੀਆਂ ਵੱਢ-ਵੱਢ ਚੂੰਡਦੀ ਰਹੀ।
ਸੁਬ੍ਹਾ ਹੋਈ 'ਤੇ ਰਾਜ ਜਦੋਂ ਉੱਠ ਕੇ ਜਾਣ ਲੱਗਾ ਤਾਂ ਗੌਡੀਵਾ ਨੇ ਉਸਦੇ ਉੱਪਰ ਲੇਟ ਕੇ ਉਸਨੂੰ ਨੂੜ ਲਿਆ, "ਨਹੀਂ ਰਾਜ ਜਾਉ ਨਾ। ਮੇਰਾ 'ਕੱਲੀ ਦਾ ਜੀਅ ਨਹੀਂ ਲੱਗਦਾ। ਮੈਂ ਤੁਹਾਡੇ ਬਿਨਾ ਇਕ ਪਲ ਨਹੀਂ ਰਹਿ ਸਕਦੀ।"
"ਜ਼ਿੱਦ ਨਹੀਂ ਕਰੀਦੀ ਗੋਡਾਇਵਾ। ਮੈਂ ਰਾਤ ਨੂੰ ਫਿਰ ਆ ਜਾਵਾਂਗਾ। ਹੁਣ ਮੈਨੂੰ ਜਾਣਾ ਪੈਣਾ ਹੈ। ਘਰੇ ਮੇਰੀ ਪਤਨੀ ਉਡੀਕ ਰਹੀ ਹੋਵੇਗੀ?" ਰਾਜ ਨੇ ਗੌਡੀਵਾ ਤੋਂ ਆਪਣੇ ਆਪ ਨੂੰ ਛੁਡਾਇਆ।
"ਤੁਸੀਂ ਵਿਆਹੇ ਹੋ?" ਹੈਰਾਨੀ ਨਾਲ ਗੌਡੀਵਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
"ਹਾਂ, ਮੇਰੇ ਦੋ ਬੱਚੇ ਵੀ ਹਨ।"
"ਪਰ ਤੁਸੀਂ ਕਦੇ ਦੱਸਿਆ ਨਹੀਂ।"
"ਤੂੰ ਕਦੇ ਪੁੱਛਿਆ ਨਹੀਂ।"
"ਅੱਛਾ ਮੈਂ ਸਮਝੀ। ਤੁਸੀਂ ਆਪਣੀ ਪਤਨੀ ਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰਵਾ ਲਵੋਂਗੇ।"
"ਕੀ ਅਨਾਬ-ਸ਼ਨਾਬ ਬੱਕੀ ਜਾਂਦੀ ਹੈਂ।ਵਿਆਹ ਕਰਵਾਉਣ ਬਾਰੇ ਮੈਂ ਤੈਨੂੰ ਕਦੋਂ ਕਿਹੈ?"
"ਪਰ ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ।"
"ਹਾਂ ਉਹ ਤਾਂ ਮੈਂ ਹੁਣ ਵੀ ਕਹਿਨਾਂ।ਪਿਆਰ ਕਰਨ ਲਈ ਵਿਆਹ ਕਰਵਾਉਣਾ ਜ਼ਰੂਰੀ ਨਹੀਂ।ਪਿਆਰ ਹੋਰ ਚੀਜ਼ ਹੈ ਤੇ ਵਿਆਹ ਹੋਰ ਚੀਜ਼।"
"ਫਿਰ ਆਪਣੇ ਜਿਸਮਾਨੀ ਤਅਲਕਾਤ? ਮੇਰਾ ਤੁਹਾਡੀ ਜ਼ਿੰਦਗੀ ਵਿਚ ਕੀ ਸਥਾਨ ਹੈ?"
"ਸ਼ਰੀਰਕ ਸਬੰਧ ਅੱਜ ਦੇ ਜ਼ਮਾਨੇ ਵਿਚ ਕਿਤੇ ਕਿੱਡਾ ਕੁ ਵੱਡਾ ਹਊਆ ਹਨ। ਸੈਕਸ ਤਾਂ ਇਕ ਸ਼ਰੀਰਕ ਕਸਰਤ ਹੈ।ਤੂੰ ਮੇਰੀ ਰਖੇਲ ਹੈਂ।"
ਰਖੇਲ ਸ਼ਬਦ ਬੰਬ ਵਾਂਗ ਗੌਡੀਵਾ ਦੇ ਕੰਨਾਂ ਵਿਚ ਫਟਿਆ। ਉਸ ਨੂੰ ਮਹਿਸੂਸ ਹੋਇਆ ਕਿ ਕਾਸ਼ ਰਾਜ ਰਖੇਲ ਦੀ ਬਜਾਏ ਪ੍ਰੇਮਿਕਾ ਹੀ ਆਖ ਦਿੰਦਾ।ਇਕ ਪਲ ਲਈ ਤਾਂ ਉਹ ਖਾਮੋਸ਼ ਹੋ ਕੇ ਸੋਗ ਦੀ ਲਹਿਰ ਵਿਚ ਡੁੱਬ ਗਈ। ਫਿਰ ਉਸਨੇ ਰਾਜ ਵੱਲੋਂ ਉਸ ਉੱਤੇ ਕੀਤੇ ਕਰਮਾਂ ਬਾਰੇ ਸੋਚਿਆ ਤੇ ਆਪਣੀ ਪੁਰਾਣੀ ਜ਼ਿੱਲਤ ਭਰੀ ਜ਼ਿੰਦਗੀ ਨੂੰ ਖਿਆਲਿਆ।ਉਸਦੇ ਮਨ ਨੇ ਦਿਮਾਗ ਤੋਂ ਬਾਗੀ ਹੋ ਕੇ ਰਾਜ ਦੇ ਕੀਤੇ ਨਾਮਕਰਨ ਵਾਲਾ ਰਿਸ਼ਤਾ ਤਤਫੱਟ ਕਬੂਲ ਲਿਆ।
"ਰਾਜ ਤੇਰੀ ਰਖੇਲ ਬਣ ਕੇ ਰਹਿਣ ਵਿਚ ਵੀ ਮੈਂ ਮਾਣ ਮਹਿਸੂਸ ਕਰਦੀ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਤੁਸੀਂ ਮੇਰੇ ਨਾਲ ਕੋਈ ਰਿਸ਼ਤਾ ਤਾਂ ਜੋੜਿਆ ਹੈ। ਤੁਹਾਨੂੰ ਮੇਰੇ ਅਹਿਸਾਸਾਂ ਦੀ ਕਦਰ ਤਾਂ ਹੈ।ਤੁਹਾਡੇ ਮੂੰਹੋਂ ਰਖੇਲ ਸੁਣਨਾ ਵੀ ਬਹੁਤ ਰਸੀਲਾ ਅਤੇ ਰਸਭਿੰਨਾ ਲੱਗਦਾ ਹੈ।"
"ਰਖੇਲ ਦਾ ਤਾਂ ਬੰਦੇ ਤੇ ਘਰਵਾਲੀ ਨਾਲੋਂ ਵੀ ਵੱਧ ਅਧਿਕਾਰ ਅਤੇ ਰੋਹਬ ਹੁੰਦਾ ਹੈ। ਅਮੀਰ, ਰਾਜੇ-ਰਾਣੇ ਹਰਮਾਂ ਵਿਚ ਕਾਮੁਕ ਤ੍ਰਿਪਤੀ ਲਈ ਰਖੇਲਾਂ ਸਦੀਆਂ ਤੋਂ ਰੱਖਦੇ ਆਏ ਹਨ। ਸਾਡੇ ਪਟਿਆਲੇ ਵਾਲੇ ਰਾਜੇ ਦੇ ਤਾਂ ਹਰਮ ਵਿਚ ੩੬੫ ਜਨਾਨੀਆਂ ਸਨ।"
"ਫਿਰ ਤਾਂ ਹਰੇਕ ਦੀ ਸਾਲ ਬਾਅਦ ਬਾਰੀ ਆਉਂਦੀ ਹੋਊ? ਬਾਕੀ ਦਿਨ ਤਾਂ ਪਹਿਰੇਦਾਰ ਜਾਂ ਮੰਤਰੀ ਸੰਤਰੀ ਨਜ਼ਾਰੇ ਲੈਂਦੇ ਹੋਣਗੇ?"
"ਨਹੀਂ ਉਹਨੇ ਮਰਦਾਨਾ ਤਾਕਤ ਵਧਾਉਣ ਲਈ ਡਾਕਟਰ ਵੀ ਸਨ। ਰਖੇਲਾਂ ਦੀ ਛੇਤੀ ਵਾਰੀ ਆ ਜਾਂਦੀ ਹੁੰਦੀ ਸੀ। ਉਹ ਹਰਮ ਦੇ ਪਹਿਰੇ 'ਤੇ ਔਰਤਾਂ, ਹਿਜੜਿਆਂ ਜਾਂ ਨਿਪੁੰਨਸਕਾਂ ਨੂੰ ਰੱਖਦਾ ਹੁੰਦਾ ਸੀ।"
ਗੌਡੀਵਾ ਰਾਜ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਮੋਹ ਕਰਨ ਲੱਗ ਪਈ।ਅਜੀਬ ਕਿਸਮ ਖਿਚ ਗੌਡੀਵਾ ਦੇ ਮਨ ਵਿਚ ਪੈਦਾ ਹੋ ਗਈ। ਉਹ ਬੇਸਬਰੀ ਨਾਲ ਸਾਰਾ ਸਾਰਾ ਦਿਨ ਰਾਤ ਪੈਣ ਦਾ ਇੰਤਜ਼ਾਰ ਕਰਦੀ ਰਹਿੰਦੀ। ਰਾਤ ਦਾ ਨਹੀਂ ਬਲਕਿ ਉਹ ਤਾਂ ਰਾਜ ਦੀ ਉਡੀਕ ਕਰਦੀ।ਰਾਜ ਦਾ ਆਉਣਾ ਗੌਡੀਵਾ ਨੂੰ ਇੰਝ ਲੱਗਦਾ ਜਿਵੇਂ ਕ੍ਰਿਸਮਿਸ ਆ ਗਈ ਹੋਵੇ ਤੇ ਚਿਮਨੀ ਵਿਚ ਆ ਕੇ ਸੈਂਟਾ ਉਸਨੂੰ ਤੋਹਫਿਆਂ ਨਾਲ ਨਿਵਾਜ ਜਾਵੇਗਾ।
ਕਦੋਂ ਇਕ ਸਾਲ ਬੀਤ ਗਿਆ, ਉਸਨੂੰ ਪਤਾ ਹੀ ਨਾ ਚੱਲਿਆ। ਜਿਵੇਂ ਰਾਜ ਉਸਨੂੰ ਅਜੇ ਕੱਲ੍ਹ ਦੀ ਮਿਲਿਆ ਹੋਵੇ।ਗੌਡੀਵਾ ਨੇ ਕਲੰਡਰ 'ਤੇ ਨਿਗਾਹ ਮਾਰੀ ਉਸਨੂੰ ਕੁਝ ਹੋਰ ਵੀ ਯਾਦ ਆਇਆ। ਉਸਦੇ ਮਨਸਟੂਰਲ ਪੀਰੀਅਡਸ (ਮਹਾਂਵਾਰੀ) ਆਇਆ ਦੀ ਤਾਰੀਕ ਲੰਘੀ ਨੂੰ ਪੂਰੇ ਇਕੀ ਦਿਨ ਹੋ ਗਏ ਸਨ। ਉਸਨੇ ਫੌਰਨ ਆਪਣੇ ਜੀ ਪੀ ਦੇ ਐਮਰਜਸੀ ਅਪੋਇੰਟਮੈਂਟ ਬਣਾਈ ਤੇ ਗਰਭ ਟੈਸਟ ਕਰਵਾਇਆ। ਟੈਸਟ ਪੌਜ਼ਿਟਿਵ ਨਿਕਲ ਆਇਆ।ਨਰਸ ਤੋਂ ਆਪਣੇ ਗਰਭਵਤੀ ਹੋਣ ਦੀ ਖਬਰ ਸੁਣ ਕੇ ਉਹ ਅਹਿਸਾਸਹੀਣ ਹੋ ਗਈ।ਸਰਜਰੀ ਤੋਂ ਬਾਹਰ ਆ ਕੇ ਗੌਡੀਵਾ ਨੇ ਆਪਣੇ ਪੇਟ ਉੱਤੇ ਹੱਥ ਫੇਰ ਕੇ ਦੇਖਿਆ।ਉਸਨੂੰ ਸਕੂਨ, ਤ੍ਰਿਪਤੀ, ਸੰਤੁਸ਼ਟੀ ਜਿਹਾ ਕੋਈ ਸੁਖਾਵਾਂ ਅਹਿਸਾਸ ਹੋਇਆ। ਉਹ ਅਹਿਸਾਸ ਜੋ ਕੇਵਲ ਉਸਦੀ ਅਵਸਥਾ ਵਿਚ ਜਾ ਕੇ ਔਰਤ ਹੀ ਕਰ ਸਕਦੀ ਹੈ। ਉਹ ਅਹਿਸਾਸ ਜਿਸਨੂੰ ਮਰਦ ਚਾਹੁੰਦਿਆਂ ਹੋਇਆਂ ਵੀ ਕਦੇ ਮਹਿਸੂਸ ਨਹੀਂ ਕਰ ਸਕਦਾ।ਗੌਡੀਵਾ ਨੇ ਆਪਣੇ ਪੇਟ ਉੱਤੇ ਦੋਨੋਂ ਹੱਥ ਰੱਖ ਲਏ। ਉਸਨੂੰ ਲੱਗਿਆ ਜਿਵੇਂ ਅੰਦਰ ਕੁਝ ਧੜਕ ਰਿਹਾ ਹੋਵਾ ਜਾਂ ਕੋਈ ਅੰਦਰੋਂ 'ਕਿੱਕਾਂ' ਮਾਰ ਰਿਹਾ ਹੋਵੇ। ਉਸਨੇ ਫੌਰਨ ਪਰਸ ਵਿਚੋਂ ਫੋਨ ਕੱਢਿਆ ਤੇ ਰਾਜ ਨੂੰ ਟੈਕਸਟ ਮੈਸਿਜ਼ ਕਰ ਦਿੱਤਾ, "ਵਧਾਈ ਹੋਵੇ ਰਾਜ, ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਮੈਂ ਗਰਵਤੀ ਹਾਂ।"
ਜਿਉਂ ਹੀ ਗੌਡੀਵਾ ਫਲੈਟ ਵਿਚ ਆ ਕੇ ਵੜ੍ਹੀ ਉਸਦੇ ਮਗਰੇ ਹੀ ਰਾਜ ਆ ਗਿਆ। ਰਾਜ ਨੇ ਆਉਂਦੇ ਨੇ ਹੀ ਗੌਡੀਵਾ ਦੇ ਪੱਠੇ ਹੱਥ ਦੀ ਇਕ ਚਪੇੜ ਜੜ ਦਿੱਤੀ ਤੇ ਗੌਡੀਵਾ ਆਪਣਾ ਸੰਤੁਲਨ ਗੁਆ ਕੇ ਫਰਸ਼ ਤੇ ਡਿੱਗ ਪਈ, "ਇਹ ਕੀ ਰਾਜ?"
"ਹਰਾਮਜ਼ਾਦੀਏ ਦੱਲੀਏ, ਮੇਰਾ ਤਲਾਕ ਕਰਵਾਉਣਾ ਚਾਹੁੰਦੀ ਐਂ?"
"ਮੈਂ ਕੀ ਕੀਤੈ?"
"ਆਹ ਮੈਸਿਜ਼ ਤੇਰੇ ਪਿਉ ਨੇ ਕੀਤੈ?"
"ਪਰ… ਪਰ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦੀ ਸੀ।ਆਹ ਦੇਖੋ ਮੇਰਾ ਪਰੈਂਗਨੈਸੀ ਟੈਸਟ ਪੌਜ਼ਿਟਵ ਆਇਆ ਹੈ।" ਗੌਡਾਇਵਾ ਨੇ ਟੈਸਟ ਕਿੱਟ ਰਾਜ ਵੱਲ ਵਧਾਈ।
"ਸਾਲੀ ਖੁਸ਼ਖਬਰੀ ਦੀ।ਵੱਢ ਕੇ ਰੱਖ'ਦੂੰ।ਤੈਨੂੰ ਨਿਆਣੇ ਜੰਮਣ ਨੂੰ ਕੀਹਨੇ ਕਿਹੈ? ਚੱਲ ਸਕਾਟਲੈਂਡ ਚੱਲੀਏ। ਤੇਰਾ ਅਬੋਰਸ਼ਨ ਕਰਵਾ ਦਿੰਨੇ ਆਂ।"
"ਨਾ ਰਾਜ, ਪਲੀਜ਼ ਇਹ ਜ਼ੁਲਮ ਨਾ ਕਰੋ। ਇਹ ਆਪਣੇ ਪਿਆਰ ਦੀ ਨਿਸ਼ਾਨੀ ਹੈ। ਔਰਤ ਮਾਂ ਬਣਨ ਬਾਅਦ ਸੰਪੂਰਨ ਬਣਦੀ ਹੈ।"
"ਮੈਂ ਕੁਝ ਨਹੀਂ ਸੁਣਨਾ। ਉੱਠ ਕੇ ਤੁਰ ਪੈ। ਨਹੀਂ ਮੈਂ ਘੜੀਸ ਕੇ ਲਿਜਾਊਂ।"
"ਰਾਜ, ਮੇਰੀ ਗੱਲ ਤਾਂ ਸੁਣੋ। ਮੈਂ ਇਕੱਲੀ ਇਹ ਬੱਚਾ ਪਾਲ ਲਵਾਂਗੀ। ਤੁਹਾਡੇ ਕਿਰਦਾਰ ਉੱਤੇ ਇਕ ਵੀ ਹਰਫ ਨਹੀਂ ਆਉਣ ਦਿੰਦੀ।"
"ਤੈਥੋਂ ਆਪਣਾ ਆਪ ਤਾਂ ਪਾਲ ਨ੍ਹੀਂ ਹੁੰਦਾ। ਮੇਰੀ ਦੌਲਤ ਨਾਲ ਧੱਲੇ ਦੀਆਂ ਲਾਉਂਦੀ ਦਾ ਤੇਰਾ ਦਿਮਾਗ ਖਰਾਬ ਹੋ ਗਿਐ। ਕੋਈ ਨ੍ਹੀਂ ਹੁਣੇ ਟਿਕਾਣੇ 'ਤੇ ਲਿਆ ਦਿੰਨਾਂ।" ਰਾਜ ਨੇ ਗੌਡੀਵਾ ਨੂੰ ਮੋਢਿਆਂ ਤੋਂ ਫੜ੍ਹਿਆ ਤੇ ਪੰਡ ਚੁੱਕਣ ਵਾਂਡ ਚੁੱਕ ਕੇ ਉਸਨੂੰ ਲੈ ਤੁਰਿਆ।ਗੱਡੀ ਦੀ ਪਿਛਲੀ ਤਾਕੀ ਖੋਲ੍ਹਕੇ ਉਸਨੇ ਕੂੜਾ ਸਿੱਟਣ ਨਿਆਈ ਗੌਡੀਵਾ ਨੂੰ ਪਿਛਲੀ ਸੀਟ ਉੱਤੇ ਸਿੱਟ ਦਿੱਤਾ। ਗੌਡੀਵਾ ਨੇ ਰਾਜ ਦਾ ਇਹ ਵਿਕਰਾਲ ਰੂਪ ਪਹਿਲਾਂ ਕਦੇ ਨਹੀਂ ਸੀ ਦੇਖਿਆ।ਸਾਰਾ ਰਸਤਾ ਉਹ ਰਾਜ ਦੀਆਂ ਮਿੰਨਤਾਂ ਕਰਦੀ ਰਹੀ। ਲੇਕਿਨ ਰਾਜ ਨੇ ਉਸਦੀ ਇਕ ਨਾ ਸੁਣੀ ਤੇ ਰਸਤੇ ਵਿਚੋਂ ਹੀ ਫੋਨ ਕਰਕੇ ਡਾਕਟਰ ਦਾ ਪ੍ਰਬੰਧ ਕਰ ਲਿਆ। ਗੌਡੀਵਾ ਚੱਲਦੀ ਕਾਰ ਵਿਚੋਂ ਛਾਲ ਮਾਰਨ ਦੇ ਮਕਸਦ ਨਾਲ ਕਾਰ ਦੀ ਬਾਰੀ ਖੋਲ੍ਹਣੀ ਚਾਹੀ ਪਰ ਚਾਇਲਡਲੌਕ ਲੱਗਿਆ ਹੋਣ ਕਰਕੇ ਉਹ ਅੰਦਰੋਂ ਨਾ ਖੁੱਲੀ। ਰਾਜ ਉਸਦਾ ਇਰਾਦਾ ਸਮਝ ਗਿਆ। ਉਸਨੇ ਖੱਬੇ ਹੱਥ ਨਾਲ ਕੋਟ ਦੀ ਸੱਜੀ ਜੇਬ ਵਿਚੋਂ ਕੋਈ ਸਪਰੇ ਕੱਢੀ ਤੇ ਗੌਡੀਵਾ ਦੇ ਚਿਹਰੇ ਉੱਤੇ ਛਿੜਕ ਦਿੱਤੀ। ਅਗਲੇ ਹੀ ਪਲ ਗੌਡੀਵਾ ਬੇਹੋਸ਼ ਹੋ ਕੇ ਡਿੱਗ ਪਈ।
ਅਗਲੀ ਸੁਬ੍ਹਾ ਗੌਡੀਵਾ ਜਾਗੀ ਤਾਂ ਉਸਨੇ ਆਪਣੇ ਆਪਨੂੰ ਆਪਣੇ ਫਲੈਟ ਵਿਚ ਬਿਸਤਰੇ 'ਤੇ ਲੇਟੀ ਪਾਇਆ। ਗੌਡੀਵਾ ਨੇ ਉੱਠ ਕੇ ਦੇਖਿਆ ਉਸਦੇ ਕਪੜ੍ਹਿਆਂ ਨੂੰ ਖੂਨ ਲੱਗਿਆ ਹੋਇਆ ਸੀ। ਬਿਸਤਰੇ ਦੇ ਸਿਰਹਾਣੇ ਇਕ ਖਤ ਪਿਆ ਸੀ, ਜੋ ਰਾਜ ਲਿਖ ਕੇ ਉਸ ਲਈ ਛੱਡ ਗਿਆ ਸੀ।ਗੌਡੀਵਾ ਨੇ ਚਿੱਠੀ ਚੁੱਕ ਕੇ ਉਸਦੀ ਇਬਾਰਤ ਪੜ੍ਹੀ, "ਗਰਭਪਾਤ ਹੋ ਗਿਆ ਹੈ। ਇਕ ਦੋ ਦਿਨ ਅਰਾਮ ਕਰੀਂ। ਸਿਰਹਾਣੇ ਪਈਆਂ ਦਵਾਈਆਂ ਯਾਦ ਨਾਲ ਬਿਨ ਨਾਗਾਂ ਖਾਹ ਲਵੀ। ਹੁਣ ਜੋ ਹੋ ਗਿਆ ਸੋ ਹੋ ਗਿਆ। ਅੱਗੇ ਤੋਂ ਆਪਣੀ ਔਕਾਤ ਵਿਚ ਰਹੀਂ। ਮੈਂ ਜੇ ਤੈਨੂੰ ਬਣਾ ਸਕਦਾ ਹਾਂ ਤਾਂ ਢਾਹ ਵੀ ਸਕਦਾ ਹਾਂ।"
ਗੌਡੀਵਾ ਸਾਰਾ ਦਿਨ ਪਲੰਘ 'ਤੇ ਪਈ ਆਪਣੇ ਪੇਟ ਉੱਤੇ ਹੱਥ ਫੇਰ ਫੇਰ ਕੇ ਰੋਂਦੀ ਹੋਈ ਕੁਝ ਸੋਚਦੀ ਰਹੀ। ਦੇਰ ਰਾਤ ਨੂੰ ਉਹ ਆਪਣੇ ਕਮਜ਼ੋਰ ਸ਼ਰੀਰ ਦੀ ਸਾਰੀ ਤਾਕਤ ਲਗਾ ਕੇ ਉੱਠੀ ਤੇ ਉਸਨੇ ਰਸੋਈ ਵਿਚ ਜਾ ਕੇ ਸਿਰ ਦਰਦ ਦੀਆਂ ਕੋਕੋਡਾਮੋਲ ਦੀਆਂ ਗੋਲੀਆਂ ਦੀ ਵੱਡੀ ਸਾਰੀ ਡੱਬੀ ਚੁੱਕੀ ਤੇ ਪੱਤਿਆਂ ਵਿਚੋਂ ਇਕ ਇਕ ਕਰਕੇ ਸਾਰੀਆਂ ਗੋਲੀਆਂ ਕੱਢ ਕੇ ਮਿਕਸਰ ਵਿਚ ਪਾਈਆਂ ਉਹਨਾਂ ਦਾ ਪੀਠ ਕੇ ਪਾਉਡਰ ਬਣਾ ਲਿਆ। ਉਸ ਪਾਉਡਰ ਨੂੰ ਉਸਨੇ ਪਾਣੀ ਦੇ ਅੱਧੇ ਭਰੇ ਜੱਗ ਵਿਚ ਘੋਲਿਆ ਤੇ ਡੀਕ ਲਾ ਕੇ ਪੀਣ ਲੱਗ ਪਈ। ਕੁੜੱਤਣ ਕਾਰਨ ਉਸਨੂੰ ਇਕ ਦੋ ਵਾਰ ਉਲਟੀ ਵੀ ਆਉਣ ਲੱਗੀ। ਪਰ ਉਹ ਰੁਕ ਰੁਕ ਕੇ ਸਾਰਾ ਦਵਾਈ ਵਾਲਾ ਪਾਣੀ ਪੀ ਗਈ।
ਅਗਲੇ ਦਿਨ ਰਾਜ ਗੌਡੀਵਾ ਦਾ ਹਾਲ ਪੁੱਛਣ ਆਇਆ ਤਾਂ ਉਸਦਾ ਭੌਰ ਵਜੂਦ ਵਿਚੋਂ ਕੂਚ ਕਰ ਚੁੱਕਾ ਸੀ। ਗੌਡੀਵਾ ਨੂੰ ਮਰੀ ਪਾ ਕੇ ਰਾਜ ਤੋਂ ਆਪਣੇ ਹੰਝੂ ਨਾ ਰੋਕ ਹੋਏ। ਉਸਨੇ ਪੁਲਿਸ ਅਤੇ ਗੌਡੀਵਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ।
ਹਫਤੇ ਬਾਅਦ ਗੌਡੀਵਾ ਨੂੰ ਸੈਂਡਵੈੱਲ ਵੈਲੀ ਵਿਚ ਦਫਨਾ ਦਿੱਤਾ ਗਿਆ।ਉਸਦੀ ਕਬਰ 'ਤੇ ਸਜੇ ਫੁੱਲ ਦੇਖ ਕੇ ਰਾਜ ਨੂੰ ਲੱਗਦਾ ਜਿਵੇਂ ਗੌਡੀਵਾ ਹੱਸ ਰਹੀ ਹੋਵੇ। ਰਾਜ ਉਸਦਾ ਮਾਤਮ ਮਨਾਉਣ ਗੌਡੀਵਾ ਦੇ ਫਲੈਟ ਵਿਚ ਚਲਿਆ ਗਿਆ। ਫਲੈਟ ਦੀ ਹਰ ਇਕ ਚੀਜ਼ ਗੌਡੀਵਾ ਦੀ ਯਾਦ ਸਮੇਟੀ ਹੋਈ ਸੀ। ਰਾਜ ਦੇ ਹੰਝੂ ਕਿਰਨੇ ਬੰਦ ਨਹੀਂ ਸਨ ਹੋਏ ਕਿ ਫਲੈਟ ਵਿਚ ਗੌਡੀਵਾ ਦੀ ਭੈਣ ਵਿਰੌਨਕਾ ਗੌਡੀਵਾ ਦੀਆਂ ਯਾਦ ਵਜੋਂ ਕੁਝ ਚੀਜ਼ਾਂ ਲੈਣ ਆ ਗਈ। ਰਾਜ ਨਾਲ ਉਹ ਕਿੰਨੀ ਦੇਰ ਗੌਡੀਵਾ ਦੀ ਜ਼ਿੰਦਗੀ ਦੀਆਂ ਯਾਦਾਂ ਤਾਜ਼ੀਆਂ ਕਰਦੀ ਰਹੀ।ਵਿਰੌਨਿਕਾ ਨੇ ਕਈ ਵਾਕ ਅਜਿਹੇ ਬੋਲੇ ਜੋ ਰਾਜ ਨੇ ਗੌਡੀਵਾ ਦੇ ਮੂੰਹੋਂ ਸੁਣੇ ਹੋਏ ਸਨ।
ਰਾਜ ਨੇ ਵਿਰੌਨਿਕਾ ਵੱਲ ਗੌਹ ਨਾਲ ਦੇਖਿਆ। ਬਿਲਕੁਲ ਗੌਡੀਵਾ ਵਾਲਾ ਮੜੰਗਾ, ਇੰਨ-ਬਿੰਨ ਉਹੀ ਨੈਣ ਨਕਸ਼, ਉਹੀ ਅਵਾਜ਼, ਉਨਾ ਕੱਦ ਕਾਠ, ਉਹੋ ਜਿਹੇ ਕੱਕੇ ਵਾਲ, ਜਮਾ ਸਾਹਵੀਆਂ ਭੂਰੀਆਂ ਅੱਖਾਂ।
"ਵਿਰੌਨਿਕਾ ਮੈਨੂੰ ਤੇਰੇ ਵਿਚੋਂ ਗੌਡੀਵਾ ਦੀ ਰੂਹ ਦਿਸਦੀ ਐ।"
"ਰਾਜ ਗੌਡੀਵਾ ਮਰ ਗਈ ਹੈ।" ਵਿਰੌਨਕਾ ਨੇ ਹਟਕੋਰੇ ਲਏ।
"ਵਿਰੌਨਿਕਾ ਕੀ ਤੂੰ ਗੌਡੀਵਾ ਦੀ ਕਮੀ ਪੂਰੀ ਕਰੇਂਗੀ। ਮੈਂ ਤੈਨੂੰ ਉਹਦੇ ਵਾਂਗ ਪਿਆਰ ਕਰੂੰਗਾ।ਬੋਲ ਗੌਡੀਵਾ ਦੀ ਜਗ੍ਹਾ ਲੈ ਕੇ ਮੇਰੀ ਜ਼ਿੰਦਗੀ ਦੇ ਖਲਾਅ ਨੂੰ ਭਰੇਂਗੀ?"
ਮਜਬੂਰ ਵਿਰੌਨਕਾ ਬੋਲੀ, "ਹਾਂ ਰਾਜ ਹਾਂ।"
"ਅੱਜ ਤੋਂ ਤੂੰ ਇਸ ਫਲੇਟ ਵਿਚ ਰਹੇਂਗੀ ਮੇਰੀ ਗੌਡੀਵਾ ਬਣ ਕੇ।" ਰਾਜ ਨੇ ਉੱਠ ਕੇ ਵਿਰੌਨਿਕਾ ਨੂੰ ਕਲਾਵੇ ਵਿਚ ਲੈ ਲਿਆ। ਰਾਜ ਨੂੰ ਉਹੀ ਗੌਡੀਵਾ ਦੇ ਜਿਸਮ ਵਾਲਾ ਵਿਰੌਨਿਕਾ ਵਿਚੋਂ ਸੇਕ ਮਹਿਸੂਸ ਹੋਇਆ ਤੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, "ਗੌਡੀਵਾ ਮਰੀ ਨਹੀਂ, ਗੌਡੀਵਾ ਜਿੰਦਾ ਹੈ। ਗੌਡੀਵਾ ਮੇਰੀਆਂ ਬਾਹਾਂ ਵਿਚ ਹੈ।" ਰਾਜ ਨੇ ਵਾਲਾਂ ਦਾ ਕਲਿਪ ਖੋਲ੍ਹ ਕੇ ਨਵੀਂ ਪੈਦਾ ਹੋਈ ਗੌਡੀਵਾ ਦੇ ਵਾਲ ਖੋਲ੍ਹ ਕੇ ਹੱਥ ਨਾਲ ਖਿਲਾਰ ਦਿੱਤੇ।
****
No comments:
Post a Comment