ਚੰਨੀ

ਨਿਤ ਵਾਂਗ ਹੀ ਚੰਨੀ ਅੱਜ ਵੀ ਵਕਤ ਸਿਰ ਕਾਲਜੋਂ ਪੜ੍ਹ ਕੇ ਆਈ ਸੀ। ਰੋਜ਼ ਦੀ ਤਰ੍ਹਾਂ ਹੀ ਉਹ ਨਹਾਤੀ-ਧੋਤੀ ਸੀ। ਪਹਿਲਾਂ ਵਾਂਗਰ ਹੀ ਉਸ ਨੇ ਕੱਪੜੇ ਬਦਲੇ ਸਨ ਅਤੇ ਰੋਜ਼ਾਨਾ ਦੀ ਭਾਂਤੀ ਹੀ ਉਹ  ਰਸੋਈ  ਵਿੱਚ  ਰੋਟੀ  ਖਾਣ ਬੈਠ ਗਈ  ਸੀ।  ਪਰ ਅੱਜ ਜਦੋਂ ਦੀ ਉਹ ਕਾਲਜੋਂ ਆਈ ਹੈ,  ਸੁਭਾਵਿਕਤਨ ਹੱਸਣ ਖੇਡਣ ਦੀ ਥਾਂ ਦਿਲਗੀਰ ਤੇ ਗੁੰਮ-ਸੁੰਮ ਜਿਹੀ ਹੈ। ਅਜੇ ਤੱਕ ਉਸ ਨੇ ਰੋਟੀ ਦੀ ਪਹਿਲੀ  ਬੁਰਕੀ ਹੀ ਤੋੜੀ ਹੈ  ਤੇ ਉਹ ਵੀ ਮੂੰਹ ਵਿੱਚ ਨਹੀਂ ਪਾਈ।  ਇੰਝ ਲੱਗਦਾ ਹੈ ਜਿਵੇਂ ਕਿਸੇ  ਗਹਿਰੀਆਂ ਸੋਚਾਂ  ਵਿੱਚ  ਡੁੱਬੀ ਹੋਵੇ।  ਉਹ ਐਨੀ  ਲਗਨ ਨਾਲ ਸੋਚ ਰਹੀ ਹੈ ਕਿ ਉਸ ਨੇ ਇੱਕ ਵਾਰ ਵੀ ਅੱਖਾਂ ਨਹੀਂ ਝਮਕੀਆਂ। 

ਚੰਨੀ ਸੋਚ ਰਹੀ ਹੈ ਕਿ ਕੱਲ੍ਹ ਪਤਾ ਨਹੀਂ ਕੀ ਹੋਵੇਗਾ? ਉਸ ਨੂੰ ਤਾਂ ਬਸ ਆਉਣ ਵਾਲੇ ਕੱਲ੍ਹ ਦੀ ਹੀ ਚਿੰਤਾ ਹੈ। ਸਬਰ ਕਰਨਾ ਉਸ ਲਈ ਬਹੁਤ ਕਠਿਨ ਹੋ ਰਿਹਾ ਹੈ। ਸਮੇਂ ਦੀ ਚਾਲ ਜੇ ਉਸ ਦੇ ਹੱਥ-ਬਸ ਹੁੰਦੀ ਤਾਂ ਫਟ  ਉਹ ਕਾਲ-ਚੱਕਰ  ਘੁੰਮਾ ਕੇ ਮਨ ਚਾਹਿਆ ਵਕਤ  ਕਰ ਲੈਂਦੀ। ਅੱਜ ਪੂਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਦਾ ਦਿਲ ਐਨੀ ਰਫ਼ਤਾਰ ਨਾਲ ਧੜਕ ਰਿਹਾ ਹੈ, ਐਨੀ ਤੇਜ਼ ਜਿਵੇਂ ਉਹ ਭੱਜ ਕੇ  ਕੋਈ ਦੌੜ  ਮੁਕਾਬਲਾ  ਜਿੱਤਣਾ  ਚਾਹੁੰਦਾ ਹੋਵੇ।  ਇਸ ਤੀਬਰਤਾ ਤੇ ਗਤੀ ਨਾਲ ਤਾਂ ਉਸ ਦਾ ਇਹ ਦਿਲ ਉਸ ਵੇਲੇ ਵੀ  ਨਹੀਂ ਸੀ  ਧੜਕਿਆ ਜਦੋਂ ਪਰਸੋਂ ਉਸ ਨੂੰ ਕੋਈ ਇੰਗਲੈਂਡ ਦਾ ਮੁੰਡਾ ਦੇਖਣ ਲਈ ਆਇਆ ਸੀ। 

ਚੜ੍ਹਦਾ  ਯੌਵਨ,  ਖੰਡੇ  ਦੀ  ਧਾਰ  ਵਰਗੇ  ਚਹਿਨ ਚੱਕਰ,  ਗੋਰਾ ਨਿਛੋਹ ਰੰਗ, ਪਤਲਾ ਸੋਹਲ ਸ਼ਰੀਰ, ਲੰਬਾ ਕੱਦ,  ਨਖਰਾ, ਫਤੂਰ। ਅਤਿ ਦਰਜ਼ੇ ਦੀ ਸੁੰਦਰ ਨਾਰ ਵਿੱਚ ਪਾਏ ਜਾਣ ਵਾਲੇ ਸਾਰੇ  ਗੁਣ  ਚੰਨੀ ਵਿੱਚ ਮੌਜੂਦ ਹਨ।  ਉਸ  ਦੀ  ਸ਼ਰੀਰਕ  ਬਣਤਰ  ਮੁਤਾਬਕ  ਹਰ ਅੰਗ ਦਾ ਅਕਾਰ, ਉਤਾਰ-ਚੜ੍ਹਾਅ ਸਭ ਕੁੱਝ ਸਹੀ ਅਨੁਪਾਤ ਵਿੱਚ ਹੋਣ ਕਰਕੇ ਉਹ ਹੋਰ ਵੀ  ਦਿਲਕਸ਼ ਲੱਗਦੀ ਹੈ। ਪਰ ਇਸ ਸਾਰੀ ਸੁੰਦਰਤਾ ਦੇ ਬਾਵਜੂਦ ਵੀ   ਖਿੱਚ ਦਾ ਕੇਂਦਰ,  ਉਸ ਦੀਆਂ ਅੱਖਾਂ ਹਨ। ਉਸ ਦੀਆਂ ਅੱਖਾਂ ਹਨ ਤਾਂ ਸਧਾਰਨ। ਪਰ ਕੋਈ ਵਿਸ਼ੇਸ਼ ਸ਼ਕਤੀ ਹੈ, ਜਿਸ ਕਾਰਨ ਉਸ ਦੇ ਚੰਚਲ ਨੈਣਾਂ ਵਿੱਚ ਦੇਖਣ ਵਾਲੇ ਨੂੰ
ਖ਼ੁਮਾਰ ਹਾਸਲ ਹੋਣ ਦਾ ਅਨੁਭਵ ਹੁੰਦਾ ਹੈ। ਉਹ ਅਜੀਬ ਤੇ ਅਮੁੱਕ ਨਸ਼ੇ ਦਾ ਸੋਮਾ ਲੱਗਦੀਆਂ ਹਨ। ਅਨੋਖੀ ਜਿਹੀ ਕਸ਼ਿਸ਼ ਹੈ ਉਹਨਾਂ ਵਿੱਚ। ਅਗਲੇ ਦਾ ਉਸ ਦੀਆਂ ਸਲੋਨੀਆਂ ਅੱਖੀਆਂ ਵਿੱਚ ਅੱਖਾਂ ਪਾ ਕੇ ਦੇਖਦੇ ਰਹਿਣ ਨੂੰ ਹੀ ਜੀਅ ਕਰਦਾ ਰਹਿੰਦਾ ਹੈ।
ਜਵਾਨੀ ਦਾ ਭੁਚਾਲ ਆਉਂਦਿਆਂ ਹੀ ਚੰਨੀ ਦੇ ਹੁਸਨ ਦੀ ਸਿਫ਼ਤ, ਬੰਨ੍ਹ ਤੋੜ ਕੇ ਆਪ ਮੁਹਾਰਾ ਵਗ ਤੁਰਦੇ ਹੜ੍ਹਾਂ  ਦੇ ਪਾਣੀ  ਵਾਂਗ,  ਬੰਨੇ-ਚੰਨੇ ਦੇ  ਪਿੰਡਾਂ  ਤੱਕ  ਅੱਪੜ ਗਈ ਸੀ।  ਜਾਨ-ਲੇਵਾ ਹੁਸਨ ਦੀ ਸਰਮਾਏਦਾਰ ਹੋਣ ਕਰਕੇ ਉਹ ਹਰ ਵਰਗ  ਵਿੱਚ  ਚਰਚਾ ਦਾ  ਵਿਸ਼ਾ ਬਣੀ ਹੋਈ ਸੀ। ਚੰਨੀ ਬਾਖੂਬ  ਜਾਣਦੀ ਸੀ  ਕਿ ਸਿਰਫ਼  ਉਸ ਦੇ  ਆਪਣੇ  ਪਿੰਡ ਦੇ ਹੀ ਨਹੀਂ,  ਸਗੋਂ ਆਲੇ ਦੁਆਲੇ ਦੇ  ਪਿੰਡਾਂ-ਸ਼ਹਿਰਾਂ  ਦੇ  ਮੁੰਡੇ ਵੀ ਉਸ ਦੇ ਰੂਪ ਦੇ  ਕਦਰਦਾਨ ਹਨ। ਹਰ ਵਕਤ ਲੋਕਾਂ ਦੀਆਂ ਲਲਚਾਈਆਂ ਨਜ਼ਰਾਂ ਉਸ ਨੂੰ ਤਾੜਦੀਆਂ ਰਹਿੰਦੀਆਂ।
ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk

ਚੰਨੀ ਦਾ ਪਿਉ ਗੁਲਜਾਰ ਸਿੰਘ ਆਪਣੇ ਵੇਲੇ ਦਾ ਸਿਰ ਕੱਢ ਵੈਲੀ ਸੀ। ਭਾਵੇਂ ਉਮਰ ਦੇ ਲਿਹਾਜ਼ ਨਾਲ ਹੁਣ ਉਸ ਵਿੱਚ ਪਰਿਵਰਤਨ ਆ ਗਿਆ ਸੀ। ਪਰ ਅਜੇ ਤੱਕ ਲੋਕਾਂ ਵਿੱਚ ਉਸ ਦੀ ਦਹਿਸ਼ਤ ਉਸੇ ਤਰ੍ਹਾਂ ਕਾਇਮ ਸੀ। ਹੁਣ ਉਸ ਦੇ ਸਿਆਸੀ ਬੰਦਿਆਂ ਨਾਲ ਤਅੱਲਕਾਤ ਤੇ ਪੁਲਿਸ ਦੇ ਉੱਚੇ ਅਹੁਦੇਦਾਰ ਅਫ਼ਸਰਾਂ ਨਾਲ ਬੈਠਣੀ ਉੱਠਣੀ ਸੀ।  ਗੁਲਜਾਰ ਸਿੰਘ  ਦੇ  ਡਰ ਕਾਰਨ ਕੋਈ ਵੀ ਚੰਨੀ ਨਾਲ ਸਿੱਧੀ ਛੇੜਖਾਨੀ ਕਰਨ ਦੀ ਜੁਰਅਤ ਨਾ ਕਰਦਾ। ਪਰੰਤੂ ਸਭ ਮੁੰਡੇ ਅਸਿੱਧੇ ਤੌਰ 'ਤੇ ਚੰਨੀ ਦਾ ਦਿਲ ਜਿੱਤਣ ਲਈ ਆਪੋ ਆਪਣੀ ਕਿਸਮਤ ਅਜ਼ਮਾਈ ਜ਼ਰੂਰ ਕਰਦੇ।  ਉਸ ਨੂੰ ਘਰ ਤੋਂ ਕਾਲਜ ਤੇ ਫਿਰ ਕਾਲਜੋਂ ਘਰ ਪਰਤ  ਤੱਕ ਦੇ  ਸਫ਼ਰ ਦੌਰਾਨ  ਅਨੇਕਾਂ  ਆਸ਼ਿਕ  ਰਾਹਾਂ ਵਿੱਚ ਪਿਆਰ ਦੀ ਖੈਰਾਤ ਮੰਗਦੇ ਨਜ਼ਰ ਆਉਂਦੇ।  ਚੰਨੀ ਕੋਈ ਐਸੀ-ਵੈਸੀ ਨਹੀਂ ਸੀ ਕਿ ਕਿਸੇ ਐਰੇ-ਗੈਰੇ ਨੱਥੂ ਖੈਰੇ ਨਾਲ ਨਿਹੁੰ ਲਾ  ਲੈਂਦੀ।  ਲੇਕਿਨ ਉਸ  ਨੇ ਦਿਲੋਂ  ਕਿਸੇ  ਦਿਲਾਵਰ ਮੁੰਡੇ ਦੇ ਛੇੜਨ ਦਾ ਕਦੇ ਬੁਰਾ ਵੀ ਨਹੀਂ ਸੀ ਮਨਾਇਆ। ਸਗੋਂ ਜਦੋਂ ਕੋਈ ਚੋਬਰ  ਉਸ  ਨਾਲ  ਇੱਲਤ-ਫਿੱਲਤ ਕਰਦਾ ਤਾਂ ਉਹ ਉਸ ਨੂੰ ਝੂਠੇ ਮਨੋਂ ਝਿੜਕ ਕੇ, ਮਨ ਅੰਦਰ ਖੁਸ਼ੀ ਤੇ ਫ਼ਖਰ ਮਹਿਸੂਸ ਕਰਦੀ ਸੀ। ਉਸਦਾ ਆਪਣੇ ਰੂਪ ਉੱਤੇ ਮਾਣ ਵੱਧ ਜਾਂਦਾ ਸੀ।
ਗਗਨ ਚੰਨੀ ਦੀ ਜ਼ਿੰਦਗੀ ਵਿੱਚ ਪਹਿਲਾ ਸ਼ਖ਼ਸ ਸੀ। ਜਿਸ ਨੂੰ ਉਸ ਦਾ ਸੁਹੱਪਣ ਪ੍ਰਭਾਵਿਤ ਨਹੀਂ ਸੀ ਕਰ ਸਕਿਆ। ਉਹ ਚੰਨੀ ਦੇ ਪਿੰਡ ਦਾ ਸੀ, ਸ਼ਹਿਰ ਵਿੱਚ ਉਸੇ ਨਾਲ ਉਸ ਦੇ ਕਾਲਜ ਵਿੱਚ ਹੀ ਪੜ੍ਹਦਾ ਸੀ ਤੇ ਇਤਫ਼ਾਕ ਨਾਲ ਉਸ ਦਾ ਜਮਾਤੀ ਵੀ ਸੀ।  ਗਗਨ ਨੇ ਚੰਨੀ ਨੂੰ ਕਦੇ ਅੱਖ ਭਰ ਕੇ ਵੀ ਨਹੀਂ ਸੀ ਤੱਕਿਆ।  ਗਗਨ ਬਾਰੇ ਸੋਚ ਕੇ ਚੰਨੀ ਨੂੰ ਆਪਣੀ ਰੂਪ ਦੇ ਜਾਦੂ ਦੇ ਮੁੱਕ ਜਾਣ ਦਾ ਅਹਿਸਾਸ ਹੁੰਦਾ ਸੀ।
ਮੇਰੇ ਉੱਤੇ ਤਾਂ ਸਭ ਮੁੰਡੇ ਮਰਦੇ ਨੇ। ਫੇਰ ਗਗਨ ਕਿਉਂ ਨਹੀਂ ਆਸ਼ਿਕ ਹੁੰਦਾ? ਇਸ ਸੋਚ ਦੀ ਕੁੱਖ ਨੇ ਚੰਨੀ ਦੇ ਦਿਲ ਵਿੱਚ ਗਗਨ ਪ੍ਰਤਿ ਪਿਆਰ ਦੇ ਜਜ਼ਬੇ ਨੂੰ ਜਨਮ ਦੇ ਦਿੱਤਾ ਸੀ। ਉਸ ਦੀਆਂ ਗੋਰੀਆਂ ਬਾਹਾਂ ਗਗਨ ਦੇ ਗਲੇ ਨੂੰ ਸ਼ਿੰਗਾਰਨ ਲਈ ਉਤਾਵਲੀਆਂ ਰਹਿਣ ਲੱਗੀਆਂ ਸਨ। ਹਵਸ ਵਿੱਚ  ਗਲਤਾਨ  ਚੰਨੀ  ਹਰ  ਵੇਲੇ  ਗਗਨ  ਨਾਲ ਪ੍ਰੇਮ-ਪੀਘਾਂ  ਝੂਟਣ ਦੀਆਂ ਵਿਉਂਤਾਂ ਸੋਚਦੀ ਰਹਿੰਦੀ ਸੀ। ਉਹ ਨਿੱਤ ਅਦਾਵਾਂ ਦੇ ਨਸ਼ਤਰ ਤਿੱਖੇ ਕਰਦੀ ਸੀ। ਕਾਲਜ ਵਿੱਚ ਆਪਣੇ ਪਹਿਨੇ ਜਾਣ ਵਾਲੇ  ਕੱਪੜਿਆਂ ਦੀ ਚੋਣ  ਵਧੇਰੇ ਸੁਚੇਤ ਹੋ ਕੇ  ਕਰਦੀ ਸੀ।  ਹੋਰ ਸੋਹਣੀ  ਦਿਖਣ  ਲਈ ਉਚੇਚਾਂ ਬਣ ਸੰਵਰ ਕੇ ਰਹਿੰਦੀ ਸੀ। ਉਸ ਨੇ ਗਗਨ ਨੂੰ ਮੋਹਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਉਹ ਹਰ ਹੀਲੇ ਉਸ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦੀ ਸੀ। ਗਗਨ ਸੀ ਕਿ ਕਿਸੇ ਤਰ੍ਹਾਂ ਵੀ ਉਸ ਉੱਤੇ ਰੀਝਦਾ ਹੀ ਨਹੀਂ ਸੀ । ਉਹ ਅਕਸਰ ਗਗਨ ਨੂੰ ਕੰਨੀਆਂ ਫੜਨ ਦੇ ਮੌਕੇ  ਮੁਹੱਇਆ ਕਰਦੀ ਰਹਿੰਦੀ  ਸੀ।  ਪਰ ਗਗਨ ਅਗਾਂਹ  ਵੱਧਣ  ਦੀ  ਬਜਾਏ ਕੱਟਰੂ ਵਾਂਗੂੰ ਪਿਛਾਂਹ ਨੂੰ ਹਟ ਜਾਂਦਾ ਸੀ।
ਸਹਿਜੇ ਤਿਲਕ ਜਾਣ  ਵਾਲੀ ਸ਼ੈ ਦਾ  ਨਾਂ ਹੀ ਤਾਂ ਮਰਦ ਹੈ।  ਮਰਦਜਾਤ ਦਾ ਧਿਆਨ ਖਿੱਚਣ ਲਈ ਕੰਧ 'ਤੇ ਔਰਤ ਸ਼ਬਦ ਲਿਖਿਆ ਹੋਣਾ ਹੀ ਕਾਫ਼ੀ ਹੈ। ਬਦਸੂਰਤ ਤੋਂ ਬਦਸੂਰਤ, ਕਰੂਪ ਤੋਂ ਕਰੂਪ ਇਸਤਰੀਆਂ  ਵੀ ਮਰਦਾਂ ਨੂੰ  ਉਂਗਲਾਂ 'ਤੇ ਨਚਾ  ਲੈਂਦੀਆਂ ਹਨ।  ਕੀ ਗਗਨ ਮਰਦ ਨਹੀਂ ਸੀ? ਚੰਨੀ ਵੀ ਚੰਦ ਦਾ ਟੁਕੜਾ ਸੀ। ਪਤਾ ਨਹੀਂ, ਗਗਨ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਉਹ ਚੰਨੀ ਵੱਲ ਉੱਕਾ ਗੌਰ  ਨਹੀਂ ਸੀ ਕਰਦਾ।  ਚੰਨੀ ਸੋਚਾਂ ਸੋਚਦੀ  ਦਿਨ  ਰਾਤ ਤੜਫਦੀ ਰਹਿੰਦੀ ਸੀ। ਜਦੋਂ ਚੰਨੀ ਦਾ ਕੋਈ ਤੀਰ ਨਾਕਾਮ ਹੋ ਜਾਂਦਾ ਸੀ ਤਾਂ ਉਹ ਹੋਰ ਮਚਲ ਜਾਂਦੀ ਸੀ। ਪਰ ਚੰਨੀ ਨੇ ਕਦੇ ਹਿੰਮਤ ਦਾ ਦਾਮਨ ਨਹੀਂ ਸੀ ਛੱਡਿਆ।
ਟੀਚਾ ਵਾਜਬ  ਹੋਵੇ,  ਰਸਤਾ  ਸਹੀ  ਹੋਵੇ  ਅਤੇ  ਆਦਮੀ  ਡੱਟ  ਕੇ  ਤੁਰਿਆ  ਜਾਵੇ ਤਾਂ ਕਿਹੜੀ ਮੰਜ਼ਿਲ ਹੈ ਜੋ ਇਨਸਾਨ ਸਰ ਨਹੀਂ ਕਰ ਸਕਦਾ? ਔਰਤ  ਜਦੋਂ  ਆਪਣੀ  ਆਈ  ਤੇ ਆ  ਜਾਵੇ  ਤਾਂ  ਹੇਠਲੀ ਉੱਤੇ ਲਿਆ ਦਿੰਦੀ ਹੈ। ਮੇਨਕਾ ਨੇ ਰਿਗਵੇਦ ਵਾਲੇ ਗਾਇਤ੍ਰੀ-ਮੰਤ੍ਰ ਦੇ ਰਚੇਤਾ ਵਿਸ਼ਵਾਮਿੱਤਰ ਦਾ ਵੀ ਤਪ ਭੰਗ ਕਰ ਦਿੱਤਾ ਸੀ। ਚੰਨੀ ਵਰਗੀ ਜਵਾਨ ਤੇ ਰੱਜ ਕੇ ਸੁਨੱਖੀ ਮੁਟਿਆਰ ਅੱਗੇ  ਗਗਨ  ਵਰਗੇ ਮਮੂਲੀ ਮੁੰਡੇ ਦੀ ਹਸਤੀ ਹੀ ਕੀ ਸੀ? ਚੰਨੀ ਦੇ ਸੱਜਰੇ ਸਾਣ 'ਤੇ  ਲੱਗੇ ਹੁਸਨ ਤੇ ਮਿਹਨਤ ਨੇ ਰੰਗ ਲਿਆਂਦਾ ਸੀ। ਗਗਨ ਵੀ ਉਸ ਦੀ ਖੂਬਸੂਰਤੀ ਦੁਆਰਾ ਬੁਰੀ ਤਰ੍ਹਾਂ ਕੀਲਿਆ ਗਿਆ ਸੀ। ਚੰਨੀ ਅੱਗੇ ਉਸ ਨੇ ਅਜੇ ਪਿਆਰ ਨੂੰ ਸਪਸ਼ਟ ਤੌਰ 'ਤੇ ਤਾਂ ਨਹੀਂ ਸੀ ਸਵਿਕਾਰਿਆ।  ਪਰ ਗੱਲਾਂ ਗੱਲਾਂ ਵਿੱਚ ਸੰਕੇਤ ਦਿੰਦਿਆਂ, ਗਗਨ ਉਹ ਸਭ ਕੁੱਝ ਕਹਿ ਜਾਂਦਾ ਸੀ,  ਜਿਸ ਨੂੰ ਉਸ ਦੇ ਮੁੱਖੋਂ ਸੁਣਨ ਦੀ ਚੰਨੀ ਚਾਹਵਾਨ ਸੀ। ਚੰਨੀ ਦੇ ਕੰਨ ਸ਼ੁਰੂ  ਤੋਂ  ਹੀ  ਤਾਰੀਫ਼  ਸੁਣਨ ਦੇ ਆਦੀ ਸਨ।  ਪਰ ਜੋ ਸਿਫ਼ਤ  ਗਗਨ ਉਸ ਦੀ, ਖਾਸ ਕਰ ਉਸ ਦੇ ਨਸ਼ੀਲੇ ਨੈਣਾਂ ਦੀ ਕਰਦਾ ਸੀ ਉਹ ਸਾਰੇ ਜਹਾਨ ਤੋਂ ਵੱਖਰੀ ਸੀ। 
ਚੰਨੀ ਨੂੰ ਜਦੋਂ ਯਕੀਨ ਹੋ ਗਿਆ ਕਿ ਗਗਨ ਵੀ ਦਿਲ ਦੇ  ਕਿਸੇ ਕੋਨੇ  ਵਿੱਚ  ਉਸ ਪ੍ਰਤਿ  ਪਿਆਰ ਦੀਆਂ ਭਾਵਨਾਵਾਂ ਲੁਕੋਈ ਬੈਠਾ ਹੈ ਤਾਂ ਉਸ  ਦੀ  ਗਗਨ  ਨੂੰ ਅਪਨਾਉਂਣ ਦੀ ਪ੍ਰਬਲ ਕਾਮਨਾ ਹੋਰ ਗਤੀਮਾਨ ਹੋ ਗਈ ਸੀ।
ਦੋਨੋਂ ਉਮਰ ਦੇ ਨਾਜ਼ਕ ਦੌਰ ਵਿੱਚੋਂ  ਵਿਚਰ ਰਹੇ ਸਨ।  ਇੱਕ  ਦੂਸਰੇ ਤੋਂ ਆਪਾਂ ਵਾਰਨ ਲਈ ਤਤਪਰ ਸਨ। ਅੰਦਰੋਂ ਅੰਦਰੀ ਇੱਕ ਦੂਜੇ ਨੂੰ ਅਥਾਹ ਇਸ਼ਕ ਕਰਦੇ ਸਨ। ਪਰ ਪਹਿਲ ਕਰਨ ਤੋਂ ਦੋਨੋਂ  ਹੀ  ਝਿਜਕਦੇ  ਸਨ। ਚੰਨੀ  ਨੂੰ  ਉਸ  ਦਾ ਔਰਤਪੁਣਾ  ਆਪਣੀਆਂ  ਹਸਰਤਾਂ ਜ਼ਾਹਰ ਨਹੀਂ ਕਰਨ ਦਿੰਦਾ ਸੀ ਤੇ ਗਰੀਬ ਗਗਨ ਨੂੰ ਅਮੀਰ ਕੁੜੀ  ਨਾਲ  ਮੁਹੱਬਤ  ਕਰਨ ਦਾ ਸਿੱਟਾ, ਅਰਮਾਨਾਂ ਦੀ ਭਾਫ ਬਾਹਰ ਕੱਢਣ ਤੋਂ ਰੋਕੀ ਰੱਖਦਾ ਸੀ।
ਖਾਮੋਸ਼ੀ ਦੇ ਪੈਰਾਂ 'ਤੇ ਚੱਲਣ ਵਾਲੀ ਮੁਹੱਬਤ ਜਦੋਂ ਨਾਜ਼ਕ ਪ੍ਰਸਥਿਤੀਆਂ ਦੀ ਡਗਰ ਤੋਂ ਲੰਘਦੀ ਹੈ ਤਾਂ ਉਸ ਦਾ ਦਮ ਘੁੱਟਣ ਲੱਗ ਜਾਂਦਾ ਹੈ। ਜੇ ਉਸ ਨੂੰ ਜ਼ਿੰਦਾ ਰਹਿਣ ਲਈ ਅਨਵਾਰੀਯ , ਬੋਲਾਂ ਦੇ ਨਕਲੀ-ਸਾਹ ਸਹੀ ਸਮੇਂ ਨਾ ਮਿਲ ਸਕਣ ਤਾਂ ਮੁਹੱਬਤ ਮਰ ਜਾਂਦੀ ਹੈ। 
ਦੋਨਾਂ ਦੇ ਕਬੂਲਣ ਵੱਲੋਂ ਅੜੀ  ਹੋਈ  ਚੰਨੀ ਅਤੇ ਗਗਨ ਦੀ ਪ੍ਰੀਤ,  ਕਦੋਂ  ਦੀ  ਨਿਊਟਲ(ਰਹਾਓ) ਅਵਸਥਾ ਉੱਪਰ ਖੜ੍ਹੀ ਸੀ।
ਅੱਜ ਆਖ਼ਰੀ ਵਿਹਲੇ ਪੀਰੀਅਡ ਦੌਰਾਨ ਚੰਨੀ ਦੇ ਇੱਕ ਸਹੇਲੀ ਨੇ ਕੰਨ ਵਲੇਲ ਪਾਈ ਕਿ ਗਗਨ ਚਾਹੁੰਦਾ ਹੈ,  ਜੇ ਚੰਨੀ ਅੱਗੇ ਵਧੇ ਤਾਂ ਉਹ ਉਸ ਦੇ ਕਦਮਾਂ  ਵਿੱਚ  ਸਾਰੇ ਜਹਾਨ ਦੀਆਂ ਖੁਸ਼ੀਆਂ ਢੇਰੀ ਕਰ ਦੇਵੇਗਾ।  ਇਹ ਸੁਣਦਿਆਂ ਸਾਰ ਹੀ ਚੰਨੀ ਨੂੰ ਖੰਭ ਲੱਗ ਗਏ ਸਨ। ਉਸ ਨੇ ਆਪਣੀ ਜ਼ਿੱਦ ਦੀ ਚੁੰਨੀ ਸਿਰ  ਤੋਂ ਲਾਹ ਕੇ  ਪੈਰਾਂ  ਹੇਠ ਲਤਾੜੀ ਤੇ ਬਿਨਾਂ ਵਕਤ ਜ਼ਾਇਆ  ਕਰਿਆਂ, ਫ਼ੌਰਨ  ਗਗਨ ਨੂੰ  ਇੱਕ ਪ੍ਰੇਮ-ਪੱਤਰ  ਲਿਖ ਕੇ  ਉਸੇ  ਸਹੇਲੀ ਹੱਥ ਘੱਲ  ਦਿੱਤਾ ਸੀ।  ਪਰ ਛੁੱਟੀ ਮਗਰੋਂ ਜਦੋਂ ਉਹ ਘਰ ਨੂੰ ਆ ਰਹੀ ਸੀ ਤਾਂ ਉਸ ਨੂੰ ਖਿਆਲ ਆਇਆ ਕਿ ਪਹਿਲੀ ਅਪ੍ਰੈਲ ਦਾ ਦਿਨ ਹੋਣ ਕਰਕੇ  ਉਸ ਦੀ ਸਹੇਲੀ ਨੇ ਕਿਤੇ ਮਜ਼ਾਕ  ਹੀ ਨਾ ਕੀਤਾ ਹੋਵੇ। ਗਗਨ ਨੇ ਖੁਦ ਸਿੱਧੀ ਤਰ੍ਹਾਂ ਅਜੇ ਤੱਕ  ਕਦੇ ਅਜਿਹਾ ਵਿਚਾਰ  ਖੁੱਲ੍ਹ ਕੇ  ਉਹਦੇ ਕੋਲ ਪ੍ਰਗਟ ਵੀ ਤਾਂ ਨਹੀਂ ਸੀ ਕੀਤਾ। ਇੱਕਲੀ  ਤਾਰੀਫ਼ ਨੂੰ  ਵੀ  ਮੁਹੱਬਤ  ਦਾ  ਨਾਮ ਤਾਂ ਨਹੀਂ   ਦਿੱਤਾ ਜਾ  ਸਕਦਾ।   ਇਹ ਨਾ ਹੋਵੇ ਸਹੇਲੀ ਦੇ ਬੋਲੇ ਝੂਠ ਕਾਰਨ ਉਸ ਨੂੰ ਸਵੇਰੇ ਕਾਲਜ ਗਈ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਵੇ।  ਗਗਨ  ਕਿਤੇ  ਉਸ ਦੇ ਪਿਆਰ ਨੂੰ  ਠੁਕਰਾ ਨਾ ਦੇਵੇ।  ਜਾਂ ਉਹ ਕਾਸਿਦ ਸਹੇਲੀ ਕਿਧਰੇ ਲੈਟਰ ਕਾਲਜ ਦੇ ਨੋਟਿਸ ਬੋਰਡ ਉੱਤੇ ਹੀ ਨਾ ਚਿਪਕਾ ਦੇਵੇ।  ਜਾਂ ਉਹਦੇ  ਘਰਦਿਆਂ ਨੂੰ ਨਾ ਦੱਸ ਦੇਵੇ।  ਇਸ ਪ੍ਰਕਾਰ ਦੇ ਅਨੇਕਾਂ ਤੌਖਲੇ ਹੁਣ ਚੰਨੀ ਨੂੰ ਤੋੜ ਤੋੜ ਖਾਈ ਜਾ ਰਹੇ ਹਨ।
ਅਪ੍ਰੈਲ ਫੂਲ ਤਾਂ ਬਾਰਾਂ ਵਜੇ ਤੋਂ ਪਹਿਲਾਂ ਹੁੰਦਾ ਹੈ। ਕਿਹੜਾ ਪੁੱਛਦੈ? ਲੋਕੀਂ ਸਾਰਾ ਦਿਨ ਹੀ ਬਣਾਉਂਦੇ ਰਹਿੰਦੇ ਨੇ।ਸ਼ੈਦ ਸਭ ਸੱਚ ਹੋਵੇ। ਸੋਚਾਂ ਦੀ ਬੇੜੀ ਵਿੱਚ ਸਵਾਰ ਹੋਈ ਚੰਨੀ ਕਿਤੇ ਦੀ ਕਿਤੇ ਪਹੁੰਚੀ ਹੋਈ ਸੀ।
ਚੰਨੀ ਦੀ ਮਾਂ ਉਸ ਨੂੰ ਰੋਟੀ ਦੇ ਕੇ ਕੱਪੜੇ  ਧੋਣ ਲੱਗ ਗਈ ਸੀ।  ਕੱਪੜਿਆਂ ਤੇ ਵੱਜਦੀ ਥਾਪੀ ਦੀ ਥਾਪ ਨੇ ਚੰਨੀ  ਨੂੰ ਹਲੂਣ ਦਿੱਤਾ।  ਉਸ ਦਾ ਰੋਟੀ  ਖਾਣ ਨੂੰ ਉੱਕਾ ਹੀ ਜੀਅ ਨਹੀਂ ਸੀ ਕਰਦਾ। ਉਸ  ਨੇ ਮੱਲੋ-ਜ਼ੋਰੀ  ਅੰਗੂਠਿਆਂ ਨਾਲ ਧੱਕ-ਧੱਕ  ਰੋਟੀ ਅੰਦਰ ਸੰਘ ਵਿੱਚ ਸਿੱਟੀ।   ਫਿਰ ਚੰਨੀ ਕਿਤਾਬ ਚੁੱਕ  ਕੇ  ਪੜ੍ਹਨ ਦਾ  ਢੌਂਗ  ਕਰਨ ਲਈ ਬੈਠ ਗਈ।  ਜਿਹੜਾ  ਵਰਕਾ  ਉਸ ਨੇ ਇੱਕ ਵਾਰੀ ਖੋਲ੍ਹ ਲਿਆ ਸੀ, ਉਸੇ ਸਫ਼ੇ ਨੂੰ ਲੈ ਕੇ ਹੀ ਕਿੰਨਾ ਚਿਰ ਬੈਠੀ ਰਹੀ। 
ਉਹ ਹਾਲੇ ਤੱਕ ਇੱਕ ਅੱਖਰ ਵੀ ਪੜ੍ਹ ਨਹੀਂ ਸੀ ਸਕੀ ਕਿ ਪਤਾ ਲੱਗਿਆ ਰਾਤ ਹੋ ਗਈ। ਪੁਸਤਕ ਪਰ੍ਹੇ ਸੁੱਟ ਕੇ ਉਹ ਆਪਣੀ ਮਾਂ  ਨਾਲ  ਰੋਟੀ-ਟੁੱਕ  ਤਿਆਰ ਕਰਨ ਵਿੱਚ ਸਹਿਯੋਗ ਦੇਣ ਗਈ। ਚੰਨੀ ਦੀ ਮਾਂ ਰਸੋਈ ਦਾ ਕੰਮ ਉਹਨੂੰ ਸੰਭਾਲ ਕੇ ਆਪ ਦੁੱਧ ਚੋਣ ਚਲੀ ਗਈ।
ਚੰਨੀ ਦਾ ਪਿਤਾ ਬਾਹਰੋਂ ਅਵਾਰਾਗਰਦੀ ਕਰਕੇ ਆ ਗਿਆ।  ਉਹ  ਆਉਂਦਾ ਹੀ ਸਿੱਧਾ ਧਾਰ ਚੋਂਦੀ ਆਪਣੀ  ਪਤਨੀ ਕੋਲ  ਗਿਆ।  ਗੱਲਾਂ ਕਰਦੇ  ਕਰਦੇ  ਕਦੇ-ਕਦਾਈਂ ਉਹ ਚੰਨੀ ਵੱਲ ਵੀ ਦੇਖ ਲੈਂਦੇ। ਉਹਨਾਂ ਨੇ ਤਕੜਾ ਚਿਰ ਘੁਸਰ-ਮੁਸਰ ਕੀਤੀ। ਲੱਖ ਕੰਨ ਖੜ੍ਹੇ ਕਰਨ 'ਤੇ ਵੀ ਰਸੋਈ ਵਿੱਚੋਂ ਚੰਨੀ ਨੂੰ ਉਹਨਾਂ ਦੀ ਵਾਰਤਾ ਨਹੀਂ ਸੀ ਸੁਣ ਸਕਦੀ। ਇਸ ਯਥਾਰਥ ਨੂੰ ਚੰਨੀ ਨੇ ਸਹਿਜੇ ਹੀ ਕਬੂਲ ਲਿਆ। ਤਦੇ ਹੀ  ਉਹ  ਘਬਰਾਈ ਜਾਂਦੀ ਸੀ।  ਚੰਨੀ  ਨੂੰ  ਉਸ  ਦੇ ਆਪਣੇ ਅੰਦਰ ਦਾ ਪਾਲਾ ਮਾਰ ਰਿਹਾ ਸੀ।
ਪਹਿਲਾਂ ਤਾਂ ਚੰਨੀ ਤੋਂ ਦਾਲ ਥੱਲੇ ਲੱਗ ਗਈ। ਫਿਰ ਜਾਂ ਰੋਟੀ ਕੱਚੀ ਰਹਿ ਜਾਂਦੀ ਜਾਂ ਜਲ ਜਾਂਦੀ। ਕਿਉਂਕਿ ਉਸ ਦਾ ਕੰਮ ਵਿੱਚ  ਜ਼ਰਾ ਵੀ  ਧਿਆਨ ਨਹੀਂ ਸੀ।  ਜਦੋਂ ਉਸ ਦੀ ਮਾਂ ਧਾਰਾਂ ਕੱਢ ਕੇ ਆਈ ਤਾਂ ਉਸ ਨੇ ਚੰਨੀ ਨੂੰ ਹਟਾ ਦਿੱਤਾ ਤੇ ਬਚਦੀਆਂ ਰੋਟੀਆਂ ਆਪ ਲਾਹੁਣ ਲੱਗ ਪਈ। 
"ਬੀਬੀ ਮੈਂ ਪੜ੍ਹ ਲਵਾਂ?"  ਚੰਨੀ ਨੇ ਉੱਥੋਂ ਉੱਠਣ ਦੀ ਇਜਾਜ਼ਤ ਮੰਗੀ। 
"ਛੱਡ ਪਰ੍ਹੇ ਹੁਣ ਪੜ੍ਹਾਈਆਂ, ਬਥੇਰਾਂ ਪੜ੍ਹ 'ਲੀ। ਅੱਜ ਤੋਂ ਬੰਦ ਤੇਰੀਆਂ ਸਾਰੀਆਂ ਪੜ੍ਹਾਈਆਂ।" 
ਉਸ ਦੀ ਮਾਂ ਦੀ ਜ਼ਬਾਨ ਵਿੱਚ ਭਾਵੇਂ ਭੋਰਾ ਵੀ ਗੁੱਸਾ ਨਹੀਂ ਸੀ।  ਪਰ ਫਿਰ ਵੀ ਚੰਨੀ ਦਾ ਸੀਨਾ ਦਹਿਲ ਗਿਆ। ਉਹ ਡਰ ਨਾਲ ਕੰਬਣ ਲੱਗ ਗਈ। ਕਿਤੇ ਗਗਨ ਨੇ ਹੀ ਨਾ ਬਾਪੂ ਨੂੰ ਦੱਸ ਦਿੱਤਾ ਹੋਵੇ। ਭੈਣਾਂ ਦੀ ਓ, ਪਹਿਲੀ ਚੋਰੀ ਪਹਿਲਾ ਫਾਹਾ! ਉਹ ਖੌਫ਼ਜ਼ਦਾ ਹੋਈ ਮਾਂ ਕੋਲ ਹੀ ਚੁੱਲੇ-ਚੌਂਕੇ ਵਿੱਚ ਗੋਡਿਆਂ ਅਤੇ ਠੋਡੀ ਵਿਚਕਾਰ ਬਾਹਾਂ ਰੱਖ ਕੇ ਬੈਠੀ ਰਹੀ। ਯੋਗ ਮੌਕਾ ਦੇਖ ਕੇ ਉਸ ਦੀ ਮਾਂ ਨੇ ਗੱਲ ਤੋਰੀ, "ਉਹ ਜਿਹੜਾ ਮੁੰਡਾਂ…।" 
ਚੰਨੀ ਦਾ ਤਰਾਹ ਨਿਕਲ ਗਿਆ, "ਕਿਹੜਾ ਮੁੰਡਾ?" ਉਹ ਇੱਕਦਮ ਆਪਣਾ ਅੰਜ਼ਾਮ ਜਾਣਨਾ ਚਾਹੁੰਦੀ ਸੀ।
"ਉਹੀ ਵਲਾਇਤੀਆ, ਜਿਹੜਾ ਤੈਨੂੰ ਦੇਖਣ ਆਇਆ ਸੀ।"
"ਕੌਣ?" ਚੰਨੀ ਨੂੰ ਸਿਵਾਏ ਗਗਨ ਅਤੇ ਉਸ ਆਪਣੇ ਹੱਥ ਲਿਖਤ ਖ਼ਤ ਦੇ ਹੋਰ ਕੁੱਝ ਵੀ ਚੇਤੇ ਨਹੀਂ ਸੀ।
"ਕੀ ਸੀ ਭਲਾ ਜਿਹਾ ਨਾਂ ਉਹਦਾ? ਹਾਂ ਸੱਚ ਸੁੱਖ।" ਚੰਨੀ ਦੀ ਮਾਂ ਨੇ ਜੋਗੀਆਂ ਦੇ ਪਟਾਰੀ ਵਿੱਚੋਂ ਸੱਪ ਕੱਢ ਕੇ ਜੁਆਕਾਂ ਨੂੰ ਦਿਖਾਉਣ ਵਾਂਗ ਗੱਲ ਬਿਆਨ ਕਰਨ ਦੀ ਚਾਲ ਬਹੁਤ ਹੀ ਹੌਲੀ ਰੱਖੀ। 
ਏਨਾ  ਕੁ ਜਾਨਣ  ਮਗਰੋਂ ਚੰਨੀ  ਸਮਝ  ਗਈ ਸੀ ਕੀ ਉਸ ਉੱਤੇ ਕਰੋਪੀ ਅਜੇ ਤੱਕ  ਤਾਂ ਨਹੀਂ ਆਈ। ਉਸ ਨੂੰ ਕੁੱਝ ਧਰਵਾਸਾ ਆਇਆ। ਪਲ ਪਲ ਵੱਧਦੀ ਉਤਸੁਕਤਾ ਕਾਰਨ ਉਹ ਖਾਮੋਸ਼ ਤੇ ਅਹਿੱਲ ਬੈਠੀ ਮਾਂ ਤੋਂ ਉਸ ਨਵੀਂ ਸਨਸਨੀਖੇਜ਼ ਖ਼ਬਰ ਦੇ ਨਸ਼ਰ ਹੋਣ ਦਾ ਇੰਤਜ਼ਾਰ ਕਰਦੀ ਰਹੀ। 
"ਉਹਨੇ ਤੈਨੂੰ ਪਸੰਦ ਕਰ ਲਿਆ ਐ। ਅੱਜ ਹੀ ਹਾਂ ਕੀਤੀ ਹੈ। ਆਉਂਦੇ ਐਤਵਾਰ ਦੇ ਅਨੰਦ ਮੰਗਦੇ ਨੇ।  ਤੇਰੇ ਬਾਪੂ ਨੇ ਹਾਮੀ  ਭਰ 'ਤੀ।  ਤੈਨੂੰ ਪਸੰਦ ਐ,  ਨਾ?"  ਉਸ ਦੀ ਮਾਂ ਨੇ ਬਿਨਾਂ ਜੁਆਬ ਦੀ ਉਡੀਕ ਕਰਿਆਂ ਕਹਿਣਾ ਜਾਰੀ ਰੱਖਿਆ, "ਬੜੇ ਹੀ ਬੀਬੇ ਬੰਦੇ ਆ, ਕਹਿੰਦੇ ਸੀ ਦੇਣ ਲੈਣ ਕੁਸ਼ ਨ੍ਹੀਂ ਚਾਹੀਦਾ।  ਚਾਰ ਬੰਦੇ ਆਉਣਗੇ ਬਰਾਤ ਦੇ ਤੇ ਚੁੰਨੀ ਚੜ੍ਹਾ ਕੇ ਹੀ ਕੁੜੀ ਨੂੰ ਲੈਜਾਂ'ਗੇ? ਮੁੰਡਾ ਉਂਅ ਵੀ ਕੁੱਸ਼ ਨ੍ਹੀਂ ਖਾਂਦਾ ਪੀਂਦਾ,  ਨਿਰਾ ਵੈਸ਼ਨੂੰ ਆ ਬਾਹਲੀਓ  ਚੰਗੀ ਐ ਤੇਰੀ  ਕਿਸਮਤ ਰਾਜ ਕਰੇਂਗੀ  ਅਗਲੈਂਡ ਜਾ ਕੇ  ਧਰ ਧਰ ਭੁੱਲੇਂਗੀ।"  ਉਸਦੀ ਮਾਂ ਆਪਣੀਆਂ  ਸਾਰੀਆਂ ਅਧੂਰੀਆਂ ਖ਼ਾਹਸ਼ਾਂ  ਚੰਨੀ ਕੋਲ ਪੂਰੀਆਂ ਹੁੰਦੀਆਂ ਦੇਖ  ਰਹੀ  ਸੀ।  ਉਸ ਨੂੰ ਆਪਣੀ ਜਵਾਨੀ ਵੇਲੇ ਦਾ ਦੇਖਿਆ ਸੁਪਨਾ ਹੁਣ ਕਿਸੇ ਹੋਰ ਰੂਪ ਵਿੱਚ ਸਾਕਾਰ ਹੁੰਦਾ ਪ੍ਰਤੀਤ ਹੋਇਆ।
ਇਹ ਖੁਸ਼ਖ਼ਬਰੀ ਸੀ ਜਾਂ ਦੁੱਖਾਂ ਭਰੇ ਜੀਵਨ ਦੇ ਲੇਖ ਦੀ ਭੂਮਿਕਾ, ਚੰਨੀ ਨੂੰ ਕੁੱਝ ਪਤਾ ਨਹੀਂ ਸੀ। ਉਹ ਤਾਂ ਸਿਰਫ਼  ਐਨਾ ਜਾਣਦੀ ਸੀ ਕਿ ਇਸ ਸਮਾਚਾਰ ਨੇ ਉਸ ਦਾ ਕਾਲਜਾ ਧੂਹ ਕੇ ਬਾਹਰ ਕੱਢ ਲਿਆ ਸੀ।  ਉਸ ਨੂੰ ਜ਼ਿੰਦਗੀ  ਨੇ ਇੱਕ ਇਮਤਿਹਾਨ ਵਿੱਚ ਘਿਰੀ  ਨੂੰ ਦੂਜੀ ਪ੍ਰੀਖਿਆ ਵਿੱਚ ਫਸਾ ਦਿੱਤਾ ਸੀ।    
ਦੁਬਿਧਾ ਵਿੱਚ ਗੜੂੰਦ ਚੰਨੀ ਨੂੰ ਇਸ ਸਕੰਟ ਤੋਂ ਬਚਣ ਦਾ ਕੋਈ ਉਪਾਅ ਨਾ ਸੁੱਝਿਆ। ਲੋਕਲਾਜ ਤੇ  ਅੜਬ  ਪਿਉ  ਦੇ  ਡਰੋਂ ਚੰਨੀ  ਨੇ  ਚੁੱਪਚਾਪ ਹਲਾਤਾਂ ਦਾ  ਸੰਤਾਪ ਹੰਢਾਅ  ਲਿਆ।  ਉਸ  ਦੀ ਮਾਸੂਮ ਮੁਹੱਬਤ ਦੀਆਂ ਕਰੂੰਬਲਾਂ ਫੁੱਟਣ ਤੋਂ ਪਹਿਲਾਂ ਹੀ ਸ਼ਾਦੀ ਨਾਮੀ ਖੁਸ਼ੀ-ਨਾਸ਼ਕ ਤੇ ਸੱਧਰਾਂ ਮਾਰੂ ਦਵਾਈ ਦੀ ਸਪਰੇਅ ਕਰ ਦਿੱਤੀ ਗਈ।  ਸਭ ਕੁੱਝ  ਐਨੀ  ਜਲਦੀ  ਵਾਪਰਿਆ ਕਿ ਉਸ  ਨੂੰ ਕੁੱਝ ਸੋਚਣ ਦਾ ਵੀ ਵਕਤ ਨਹੀਂ ਸੀ ਮਿਲਿਆ।  ਉਸ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਕੀ ਹੋ ਰਿਹਾ ਸੀ। ਗਗਨ ਨੂੰ ਇੱਕ ਵਾਰ ਮਿਲਣਾ ਤੇ ਉਸ ਦੇ ਦਰਸ਼ਨ ਕਰਨੇ ਵੀ  ਨਸੀਬ  ਨਹੀਂ  ਸਨ ਹੋਏ। 
ਡੋਲੀ ਤੁਰਨ ਵੇਲੇ ਤੱਕ  ਚੰਨੀ  ਨੂੰ ਗਗਨ  ਦੀ ਉਡੀਕ ਸੀ।  ਉਹ ਇੱਕ ਆਸ  ਲਾਈ ਬੈਠੀ ਸੀ ਕਿ ਉਹਦੇ ਵਿਆਹ ਬਾਬਤ  ਸੁਣ ਕੇ  ਗਗਨ  ਮਿਰਜਾ ਬਣ  ਕੇ ਆਵੇਗਾ  ਤੇ ਇੱਲ  ਦੇ ਬੋਟ ਚੁੱਕਣ ਵਾਂਗ ਬੇਦਰਦ ਜ਼ਮਾਨੇ ਹੱਥੋਂ ਉਸ ਨੂੰ ਖੋਹ ਕੇ ਕਿਤੇ ਦੂਰ-ਦੁਰਾਡੇ ਲੈ ਜਾਵੇਗਾ। ਅਜਿਹਾ ਨਾ ਹੋਣ ਤੇ ਉਹ ਚੂਰੋ-ਚੂਰ ਹੋ ਗਈ। ਉਹ ਖੁਦ ਆਪ ਮਾਪਿਆਂ ਨਾਲ ਬਗਾਵਤ ਕਰਕੇ ਗਗਨ ਦਾ ਪੱਲਾ ਫੜ੍ਹਨ ਲਈ ਵੀ  ਘਰੋਂ ਨਹੀਂ ਸੀ ਭੱਜ ਸਕਦੀ।  ਕਿਉਂਕਿ ਗਗਨ ਵੱਲੋਂ ਤਪੱਸਵੀਆਂ ਦੇ ਸਰਾਪ ਵਰਗਾ, ਅਸਵਿਕਾਰੇ ਜਾਣਦਾ ਖਦਸਾ, ਦੁਰਕਾਰ ਦੇਣ ਦਾ ਧੜਕਾ ਸੀ। ਚੰਨੀ ਦਾ ਗਗਨ ਨਾਲ ਕੋਈ ਕੌਲ, ਇਕਰਾਰ, ਨਾ ਕੋਈ ਵਾਅਦਾ,  ਕਸਮ ਕੁੱਝ ਵੀ ਨਹੀਂ ਸੀ।  ਉਹਨਾਂ ਨੇ ਤਾਂ ਖੁੱਲ੍ਹ ਕੇ ਮੁਹੱਬਤ ਦਾ ਇਜ਼ਹਾਰ ਵੀ ਨਹੀਂ ਸੀ  ਕੀਤਾ। ਅਜੇ ਸ਼ੋਪ 'ਚੋਂ ਪੂਣੀ  ਵੀ ਨਹੀਂ  ਸੀ ਕੱਤੀ।  ਫਿਰ ਉਹ ਕਿਸ ਬਿਨਾਅ, ਕਿਸ ਭਰੋਸੇ ਨਾਲ ਉਸ ਕੋਲ ਜਾਂਦੀ? 
ਬਹਰਹਾਲ,  ਇਸ ਸਭ ਦੇ ਬਾਵਜੂਦ  ਵੀ ਮਿਲਣੋਂ ਪਹਿਲਾਂ ਹੀ  ਗਗਨ ਤੋਂ  ਵਿਛੜਨ ਕਾਰਨ ਚੰਨੀ ਦੇ ਹਿਰਦੇ ਵਿੱਚੋਂ ਨਹੁੰਆਂ ਤੋਂ ਮਾਸ ਦੇ ਨਿਖੜਨ ਵਰਗੀ ਚੀਸ ਉਤਪੰਨ ਹੁੰਦੀ ਸੀ।
ਚੰਨੀ  ਦਾ  ਪਤੀ  ਸੁੱਖ ਵਿਆਹ ਕਰਵਾ  ਕੇ ਮਸਾਂ ਹਫ਼ਤਾ  ਹੀ ਉਸ ਕੋਲ  ਰਿਹਾ। ਫਿਰ ਵਾਪਸ ਇੰਗਲੈਂਡ ਪਰਤ ਗਿਆ। ਪਰ ਜਿੰਨੇ ਦਿਹਾੜੇ ਉਹਨੇ ਚੰਨੀ ਨਾਲ ਬਤੀਤ ਕੀਤੇ ਓਨੇ ਦਿਨ ਉਹ ਨੈਣਾਂ ਦੀ ਦੋਨਾਲੀ ਨਾਲ ਜ਼ਖ਼ਮੀ ਹੀ ਰਿਹਾ।  ਭਾਵੇਂ ਸੁੱਖ ਕੋਲ ਨਹੀਂ ਸੀ।  ਫਿਰ ਵੀ ਚੰਨੀ ਜਿੰਨਾ ਚਿਰ ਇੰਡੀਆ ਰਹੀ, ਉਹ ਆਪਣੇ ਸੱਸ ਸਾਹੁਰੇ ਕੋਲ ਆਪਣੇ ਸਸੁਰਾਲ ਹੀ ਰਹੀ। ਉਸ ਦੇ ਮਨ ਵਿੱਚ ਐਨੀ ਕੜਵਾਹਟ ਭਰ ਗਈ ਸੀ ਕਿ ਆਪਣੇ  ਪੇਕੇ ਪਿੰਡ ਜਾਣ  ਨੂੰ ਉਸ ਦੀ ਵੱਢੀ ਰੂਹ ਨਾ ਕੀਤੀ। ਉਸ ਨੂੰ ਗਗਨ ਨਾਲ ਟਾਕਰਾ ਹੋ ਜਾਣ ਦਾ ਖੌਫ਼ ਸੀ। ਕਵਾਰੇ ਹੁੰਦਿਆਂ ਸਥਿਤੀ ਹੋਰ ਸੀ। ਉਸ ਨੂੰ ਗਗਨ ਦੇ ਕਦੇ-ਨਾ-ਕਦੇ ਮਿਲ ਜਾਣ ਦੀ ਉਮੀਦ ਤਾਂ ਹੁੰਦੀ ਸੀ। ਸ਼ਾਦੀਸ਼ੁਦਾ ਹੋਣ ਮਗਰੋਂ ਗਗਨ ਉਹਦੀ ਪਹੁੰਚ ਤੋਂ ਐਨੀ ਦੂਰ ਹੋ ਗਿਆ ਸੀ ਕਿ ਉਸ ਦੀ ਚਾਹਤ ਕਰਨਾ ਵੀ ਹੁਣ ਚੰਨੀ ਲਈ ਫਜ਼ੂਲ ਸੀ। ਅਜਿਹੀ ਹਾਲਤ ਵਿੱਚ ਉਹ ਪੇਕੇ ਆਉਂਦੀ ਵੀ, ਤਾਂ ਕਿਸ ਕੋਲ ਆਉਂਦੀ? ਉਸ ਦੇ ਮਾਪੇ ਹੀ ਉਸ ਨੂੰ ਜਾ ਕੇ ਮਿਲ ਆਇਆ ਕਰਦੇ ਸਨ।  
ਵਿਆਹ ਤੋਂ ਬਾਅਦ ਚੰਨੀ ਦੇ ਦਿਨ ਗ਼ਮਗੀਨ ਤੇ ਰਾਤਾਂ ਸੋਗਮਈ ਹੋ ਗਈਆਂ।  ਹਰ ਵੇਲੇ ਹੰਝੂ ਉਸ ਦੀਆਂ ਪਲਕਾਂ ਤੋਂ ਬਾਹਰ ਆਉਣਾ ਉਡੀਕਦੇ ਰਹਿੰਦੇ। ਇੰਗਲੈਂਡ ਆ ਕੇ ਤਾਂ ਉਹ ਵਧੇਰੇ ਉਪਰਾਮ ਰਹਿਣ ਲੱਗੀ। ਹਰ ਸਮੇਂ ਉਹ ਆਪਣੇ ਆਪ ਤੋਂ ਵੀ ਗੁਆਚੀ ਗੁਆਚੀ ਰਹਿੰਦੀ।
ਸੁੱਖ ਨੇ ਸੋਚਿਆ ਸ਼ਾਇਦ ਚੰਨੀ ਨੂੰ ਮਾਤਾ-ਪਿਤਾ ਤੋਂ ਜੁਦਾ ਹੋਣ ਦਾ ਦੁੱਖ ਹੈ। ਵਿਆਹ ਉਪਰੰਤ ਸਾਹੁਰੇ ਘਰ ਆਈ  ਹਰ  ਕੁੜੀ ਦਾ  ਅਕਸਰ  ਇਹ  ਹੀ ਦੁਖਾਂਤ ਹੁੰਦਾ ਹੈ।  ਫਿਰ ਚੰਨੀ ਨੇ ਤਾਂ ਬਾਬਲ ਦਾ ਘਰ ਛੱਡਣ ਦੇ  ਨਾਲ  ਨਾਲ ਆਪਣਾ ਦੇਸ਼ ਵੀ  ਤਿਆਗਿਆ ਸੀ।  ਇਸ ਲਈ ਉਸ ਦਾ ਕੁੱਝ ਉਦਾਸ ਹੋਣਾ ਸੁਭਾਵਕ ਸੀ। ਸੁੱਖ ਨੇ ਸੋਚਿਆ ਰਫਤਾ ਰਫਤਾ ਸਭ ਠੀਕ ਹੋ ਜਾਵੇਗਾ। ਸੁੱਖ ਹਰ ਤਰ੍ਹਾਂ ਨਾਲ ਚੰਨੀ ਨੂੰ ਪਰਚਾਉਂਣ ਦੇ ਉਪਰਾਲੇ ਕਰਦਾ।  ਉਸ ਨੂੰ ਵਲੈਤ ਵਿਚਲੀਆਂ ਦੇਖਣਯੋਗ  ਥਾਵਾਂ  ਦੀ ਸੈਰ ਕਰਵਾਉਂਦਾ।  ਸਿਨਮੇ  ਲਿਜਾਂਦਾ। ਪਾਰਕਾਂ ਵਿੱਚ  ਘੁੰਮਾਉਂਦਾ ਤੇ ਰੇਸਟੋਰੈਂਟਾਂ ਵਿੱਚ ਭੋਜਨ ਕਰਵਾਉਂਦਾ।
ਪਰ ਚੰਨੀ ਸੁੱਖ ਕੋਲ ਦਿਲ ਦੀ ਕੋਈ ਘੁੰਡੀ ਨਾ ਖੋਲ੍ਹਦੀ। ਸੁੱਖ ਦੀ ਕੋਈ ਹਰਕਤ ਉਸ ਨੂੰ ਖੁਸ਼ੀ ਨਾ ਬਖਸ਼ਦੀ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਗਗਨ ਦੇ ਖਿਆਲਾਂ ਨੂੰ ਚੰਨੀ ਆਪਣੇ ਤੋਂ ਵੱਖ ਨਹੀਂ ਸੀ ਕਰ ਸਕੀ। ਉਸ ਦੇ  ਦਿਲ 'ਤੇ  ਗਗਨ ਦੀਆਂ ਯਾਦਾਂ ਦੀ ਅਮਿਟ ਛਾਪ ਉੱਕਰੀ ਗਈ ਸੀ। ਚਾਬੀ ਮੁੱਕਣ 'ਤੇ ਥਹਿੰ ਖੜ੍ਹੀਆਂ ਘੜੀ ਦੀਆਂ ਸੂਈਆਂ ਵਾਂਗ ਚੰਨੀ ਦੀ  ਸੋਚ ਗਗਨ ਉੱਪਰ ਅਟਕ ਕੇ ਰਹਿ ਗਈ ਸੀ। ਗਗਨ ਨੂੰ ਨਾ ਪ੍ਰਾਪਤ ਕਰ ਸਕਣ ਦਾ ਝੋਰਾ ਉਸ ਨੂੰ ਅੰਦਰੋਂ-ਅੰਦਰ ਘੁਣ ਵਾਂਗੂੰ ਖਾਈ ਜਾਂਦਾ।  
ਜਦੋਂ ਚੰਨੀ ਨੂੰ ਖੁਸ਼ ਕਰਨ ਦੇ ਸੁੱਖ ਦੇ ਸਾਰੇ ਯਤਨ ਅਸਫਲ ਹੋ ਗਏ ਤਾਂ ਸੁੱਖ ਦੇ ਮਨ ਵਿੱਚ ਚੰਨੀ ਨੂੰ ਨੌਕਰੀ 'ਤੇ ਲਗਾਉਣ ਦਾ ਵਿਚਾਰ ਆਇਆ।  ਖੁਦ  ਦੀ  ਚੰਗੀ  ਤਨਖ਼ਾਹ ਹੋਣ ਕਰਕੇ ਧਨ- ਦੌਲਤ ਦੀ ਸੁੱਖ ਨੂੰ ਕੋਈ ਲਾਲਸਾ ਨਹੀਂ ਸੀ। ਉਸ ਨੂੰ ਤਾਂ ਚੰਨੀ ਦੇ ਦਿਲ-ਬਹਿਲਾਵੇ ਤੱਕ ਮਤਲਬ ਸੀ। ਚੁਨਾਚਿ ਸੁੱਖ ਨੇ ਘਰ  ਦੇ  ਨਜ਼ਦੀਕ  ਵਿੰਡਮਿੱਲ ਸਨੈਕਸ ਫ਼ੈਕਟਰੀ ਵਿੱਚ ਚੰਨੀ ਨੂੰ ਉਸ ਦੀ ਯੋਗਤਾ ਅਨੁਸਾਰ ਕਸਬ 'ਤੇ ਲਵਾ ਦਿੱਤਾ। 
ਚਾਕਰੀ ਵਿੱਚ ਧਿਆਨ ਵਟਣ ਨਾਲ ਚੰਨੀ ਨੇ ਕੁੱਝ ਰਾਹਤ ਮਹਿਸੂਸ ਕੀਤੀ। ਘਰੇ ਤਾਂ ਸੋਚਾਂ ਦਾ ਕੀੜਾ  ਸਦਾ  ਉਸ ਦੇ  ਦਿਮਾਗ ਨੂੰ  ਚੱਟਦਾ ਰਹਿੰਦਾ ਸੀ।  ਚੰਨੀ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਓਵਰਟਾਈਮ ਲੱਗਦਾ, ਲਾਇਆ ਕਰਦੀ। ਉਸ ਨੇ ਆਪਣਾ ਤਨ ਮਨ ਕੰਮ ਦੀ ਭੱਠੀ ਵਿੱਚ ਝੋਕ ਦਿਤਾ। ਉਹ ਤਾਂ ਚਾਹੁੰਦੀ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਹੋ ਸਕੇ ਉਹ ਕੰਮ ਕਰਦੀ ਰਹੇ ਤਾਂ ਕਿ ਉਸ ਨੂੰ ਘਰ ਤੋਂ ਦੂਰ ਰਹਿਣ ਦਾ  ਮੌਕਾ  ਮਿਲ ਸਕੇ।  ਘਰ ਹਮੇਸ਼ਾਂ ਚੰਨੀ ਨੂੰ ਕੈਦਖਾਨੇ ਸਮਾਨ ਲੱਗਦਾ ਸੀ। ਸਾਰਾ ਦਿਨ ਅੰਦਰ ਤੜੀ ਹੋਈ ਉਹ ਅਜੀਬ ਜਿਹੀ ਘੁਟਨ ਅਤੇ ਹੁੰਮਸ ਦਾ ਸ਼ਿਕਾਰ ਹੋਈ ਰਹਿੰਦੀ ਸੀ। 
ਚੰਨੀ ਨੂੰ ਸੁੱਖ  ਨਾਲ  ਨਾ  ਨਫ਼ਰਤ  ਤੇ ਨਾ ਹੀ  ਪਿਆਰ ਸੀ।  ਜੇ ਕੁੱਝ ਸੀ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਦਾ ਕੋਈ ਬੇਨਾਮ ਜਜ਼ਬਾ ਸੀ। ਚੰਨੀ ਨੇ ਵਿਆਹ ਤਾਂ ਕਰਵਾ ਲਿਆ ਸੀ, ਪਰ ਰਿਸ਼ਤਾ ਦਿਲੋਂ  ਨਹੀਂ  ਸਵਿਕਾਰਿਆ  ਸੀ।  ਉਹਦੇ ਲਈ ਲਾਵਾਂ  ਫੇਰਿਆਂ ਦੀ ਰਸਮ ਦਾ ਚਾਰ ਮਾਮੂਲੀ ਗੇੜਿਆਂ ਤੋਂ  ਵੱਧ  ਕੋਈ  ਮਹੱਤਵ  ਨਹੀਂ ਸੀ। ਜੇ ਸ਼ਰਾਬ ਦੇ ਕੌਲਾਂ ਵਰਗੀਆਂ ਚੰਨੀ ਦੀਆਂ ਅੱਖੀਆਂ ਨੂੰ ਦੇਖ ਕੇ ਮਸਤੀ ਵਿੱਚ ਝੂਮਦਾ ਹੋਇਆ ਸੁੱਖ  ਕਦੇ  ਜਿਸਮਾਨੀ  ਭੁੱਖ  ਮਿਟਾਉਣ  ਦੀ   ਇੱਛਾ  ਜ਼ਾਹਰ  ਕਰਦਾ  ਤਾਂ  ਚੰਨੀ   ਚੁੱਪਚਾਪ ਆਤਮਸਮਰਪਣ ਕਰ ਦਿੰਦੀ। ਚੰਨੀ ਨੇ ਇੱਕ ਦਿਨ ਵੀ ਸਿਰ ਦੁੱਖਣ ਦਾ ਬਹਾਨਾ ਲਗਾ ਕੇ ਸੁੱਖ ਨੂੰ ਤਰਸਾਇਆ ਨਹੀਂ ਸੀ। ਕਦੇ ਮੂਡ ਠੀਕ ਨ੍ਹੀਂ  ਦਾ ਤੀਵੀਂਆਂ ਵਾਲਾ ਚਲਿੱਤਰ ਨਹੀਂ ਕੀਤਾ ਸੀ ਤੇ  ਨਾ ਹੀ  ਕਦੇ  ਕਿਰਿਆ ਦਾ ਮਜ਼ਾ ਲਿਆ ਸੀ।  ਕਾਲੇ ਤਾਜਮਹਿਲ(ਸ਼ਾਹਜਹਾਂ-ਮਹਿਲ) ਵਾਂਗ ਗਗਨ ਦੇ ਪਿਆਰ ਦੀਆਂ ਵੀ ਚੰਨੀ ਦੇ ਦਿਲ ਵਿੱਚ ਨੀਹਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ ਸਨ। ਉਹਨਾਂ ਨੀਹਾਂ ਉੱਤੇ ਕਿਸੇ ਹੋਰ ਦੇ ਇਸ਼ਕ ਦਾ ਮਹੱਲ ਕਿਵੇਂ ਉੱਸਰ ਸਕਦਾ ਸੀ? 
ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜਦੀ ਹੈ। ਇੱਕ ਨਾਲ ਤਾਂ ਚੁੱਟਕੀ ਹੀ ਮਾਰੀ ਜਾ ਸਕਦੀ ਹੈ। ਇੱਕ ਤਰਫ਼ਾ ਪਿਆਰ ਵੀ ਚੁੱਟਕੀ ਵਾਂਗਰ ਹੁੰਦਾ ਹੈ। ਚੁੱਟਕੀ!  ਜਿਸ ਦਾ ਥੋੜ੍ਹਾ ਖੜਕਾ ਹੁੰਦਾ ਹੈ। ਸੁੱਖ ਰੋਜ਼  ਚੁੱਟਕੀਆਂ  ਮਾਰਦਾ  ਮਾਰਦਾ  ਅੱਕ  ਗਿਆ।  ਚੰਨੀ  ਦੇ  ਵਿਵਹਾਰ ਤੋਂ ਸੁੱਖ ਨੇ ਅੰਦਾਜ਼ਾ ਲਾਇਆ ਕਿ ਚੰਨੀ ਉਸ ਨੂੰ ਪਸੰਦ ਨਹੀਂ ਕਰਦੀ, ਕਿਉਂਕਿ ਉਹ ਚੰਨੀ ਦੇ ਮੁਕਾਬਲੇ ਥੋੜ੍ਹਾ ਕੁ ਘੱਟ ਸੁੰਦਰ  ਸੀ।  ਉਸ ਨੂੰ  ਆਪਣੇ  ਚੰਨੀ  ਨਾਲ  ਸੰਬੰਧਾਂ  ਵਿੱਚੋਂ ਲੁਤਫ਼  ਆਉਣੋਂ  ਹੱਟ  ਗਿਆ।  ਉਹ ਅਧਿਕ ਤੋਂ ਅਧਿਕ ਵਕਤ ਚੰਨੀ ਤੋਂ ਦੂਰ ਰਹਿਣ ਦਾ ਪ੍ਰੀਯਾਸ ਕਰਦਾ।  ਬਸ ਕਿਤੇ ਅਣਸਰਦੇ ਹੀ ਲਵੇ ਲੱਗਦਾ।
ਚੰਨੀ ਦੇ ਜੀਵਨ ਵਿੱਚ ਘੁੱਲਦੇ ਜ਼ਹਿਰ ਦੀ ਮਿਕਦਾਰ ਵਿੱਚ ਦਿਨੋਂ ਦਿਨ ਇਜ਼ਾਫਾ ਹੋ ਰਿਹਾ ਸੀ। ਉਹ ਜ਼ਿੰਦਗੀ ਨਾਲੋਂ ਅੰਤਾਂ ਦੀ ਮਾਯੂਸ ਹੋ ਗਈ ਸੀ। ਕਿੰਗ-ਸਾਇਜ਼ ਪਲੰਘ ਉਸ ਨੂੰ ਇੱਕ ਵਿਰਾਨ ਤਪਦਾ ਮਾਰੁਥਲ ਲੱਗਦਾ, ਜਿਸ ਵਿੱਚ ਆਪਣੀ  ਪਿਆਸ ਬੁਝਾਉਂਣ ਲਈ ਉਹ ਸਾਰੀ ਰਾਤ ਗਗਨ… ਗਗਨ… ਪੁਕਾਰਦੀ ਭਟਕਦੀ ਰਹਿੰਦੀ।
ਹਰ ਵੇਲੇ ਫ਼ਿਕਰਾਂ ਵਿੱਚ ਘਿਰੇ ਰਹਿਣ ਦੇ ਫਲਸਰੂਪ ਚੰਨੀ ਦੇ ਚਿਹਰੇ ਦੀ ਚਮਕ ਅਲੋਪ ਹੋ ਗਈ। ਉਸ  ਦਾ  ਹੁਸਨ  ਗ੍ਰਹਿਣਿਆ  ਗਿਆ  ਲੱਗਦਾ।  ਚੰਨੀ  ਕੰਮ 'ਤੇ ਵੀ ਮੌਨ ਧਾਰੀ  ਰੱਖਦੀ।  ਇੱਕ ਦੋ ਜਨਾਨੀਆਂ, ਸੁਪਰਵਾਇਜ਼ਅਰ ਤੇ ਪਰਮਿੰਦਰ ਤੋਂ  ਬਿਨਾਂ ਕਿਸੇ ਹੋਰ ਨਾਲ ਉਹ ਬਿਲਕੁਲ ਨਹੀਂ ਬੋਲਦੀ ਸੀ।
ਦਰਮਿਆਨੇ ਕੱਦ,  ਸਡੌਲ  ਸ਼ਰੀਰ,  ਕਣਕ ਭਿੰਨੇ ਰੰਗ  ਅਤੇ ਤਿੱਖੇ ਨੈਣ-ਨਕਸ਼ਾਂ ਦਾ  ਮਾਲਕ, ਪਰਮਿੰਦਰ ਛੋਟੇ ਹੁੰਦਿਆਂ ਹੀ ਇੰਗਲੈਂਡ ਆ ਗਿਆ ਸੀ। ਉਸ ਦਾ ਸੁਭਾਅ  ਬਹੁਤ   ਮਿਲਣਸਾਰ ਸੀ। ਪਰਮਿੰਦਰ ਦਾ ਗੱਲਬਾਤ ਕਰਨ ਦਾ ਅਨੂਠਾ ਢੰਗ ਹੀ  ਵਧੇਰੇ ਕਰਕੇ  ਲੋਕਾਂ ਨੂੰ ਉਸ ਪ੍ਰਤਿ ਆਕਰਸ਼ਿਕ ਕਰਦਾ ਸੀ।  ਉਹ ਖਾਲਸ ਅੰਗਰੇਜ਼ੀ  ਜਾਂ ਠੇਠ ਪੰਜਾਬੀ ਵਿੱਚ ਹਮੇਸ਼ਾਂ ਚਿਕਨੀਆਂ ਚੋਪੜੀਆਂ  ਗੱਲਾਂ ਮਾਰ ਕੇ ਅਗਲੇ ਦੇ ਢਿੱਡ ਵਿੱਚ ਵੜ੍ਹ ਜਾਂਦਾ।  ਭੂਰੀਆਂ,  ਗੋਰੀਆਂ,  ਕਾਲੀਆਂ, ਸਭ ਜਨਾਨੀਆਂ ਉਸ 'ਤੇ ਮਰਦੀਆਂ ਸਨ। ਜਿੱਥੇ ਕੁੜੀਆਂ ਕੱਤਰੀਆਂ ਉਸ ਨਾਲ ਖੜ੍ਹ ਕੇ, ਖਹਿ ਕੇ ਦਿਲ  ਪਰਚਾਉਂਦੀਆਂ।  ਉੱਥੇ ਅੱਧਖੜ  ਵੀ  ਉਸ ਨਾਲ ਗੱਲੀਂ-ਬਾਤੀਂ ਆਪਣੇ ਠਰਕ ਦੀ ਪੂਰਤੀ ਕਰ ਲਿਆ ਕਰਦੀਆਂ ਸਨ। ਪੰਜਾਬਣਾਂ  ਤਾਂ  ਉਸ  ਨਾਲ ਲੁੱਚੀ ਫਿਕਰੇਬਾਜ਼ੀ ਤੱਕ ਹੀ ਸੀਮਿਤ  ਰਹਿੰਦੀਆਂ।  ਪਰ  ਗੋਰੀਆਂ,  ਕਾਲੀਆਂ   ਉਹਨੂੰ   ਜੱਫੀਆਂ  ਵੀ  ਪਾ   ਲੈਂਦੀਆਂ।   ਉਂਝ ਇੰਡਿਅਨ  ਔਰਤਾਂ  ਤੋਂ  ਉਹ  ਕੁੱਝ  ਝਿਜਕਦਾ  ਹੁੰਦਾ  ਸੀ। ਦਿਲਨਸ਼ੀਂ ਚਿਹਰੇ ਅਤੇ ਮਜ਼ਾਕੀਆ ਗੱਲਾਂ ਦਾ ਸੁਮੇਲ -ਪਰਮਿੰਦਰ, ਪਹਿਲੇ ਦਿਨੋਂ ਹੀ ਚੰਨੀ ਦਾ ਦਿਲ ਟੁੰਬ ਗਿਆ ਸੀ। ਇਸ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਪਰਮਿੰਦਰ ਦੀ ਸ਼ਕਲ ਕਾਫ਼ੀ ਹੱਦ ਤੱਕ ਗਗਨ ਨਾਲ ਮਿਲਦੀ ਸੀ।
ਜੇ ਗਗਨ ਦਾੜੀ ਕੇਸ ਮੁਨਵਾ ਦੇਵੇ ਜਾਂ  ਪਰਮਿੰਦਰ ਰੱਖ  ਲਵੇ ਤਾਂ ਦੋਹੇ  ਹੂ-ਬ-ਹੂ ਇੱਕੋ ਜਿਹੇ ਲੱਗਣਗੇ। ਜਿਵੇਂ ਜੌੜੇ ਭਰਾ ਹੁੰਦੇ ਨੇ। ਪਰਮਿੰਦਰ ਦੇ ਅੱਖਾਂ ਅੱਗੇ ਆਉਂਦਿਆਂ ਹੀ ਚੰਨੀ ਅਜਿਹਾ ਸੋਚਣ ਲੱਗ ਜਾਂਦੀ। ਪਰਮਿੰਦਰ ਦੀ ਚਾਲ-ਢਾਲ, ਬੋਲ-ਬਾਣੀ, ਮਖੌਲ-ਮਸ਼ਕਰੀ, ਹਰ ਸ਼ੋਖੀ, ਹਰ ਆਦਤ, ਚੰਨੀ ਨੂੰ ਗਗਨ ਦੀ ਯਾਦ ਤਾਜ਼ਾ ਕਰਵਾ ਜਾਂਦੀ।
ਸਜ-ਵਿਆਹੀ ਜਨਾਨੀ ਦੇ ਮੁੱਖ 'ਤੇ ਨੂਰ ਦੀ ਬਜਾਏ ਪਿਲੱਤਣ ਦਾ ਹੋਣਾ। ਇਸ ਦਾ ਤਾਂ ਇੱਕ ਹੀ ਮਤਲਬ ਹੋ ਸਕਦਾ ਹੈ! ਤੇ ਪਰਮਿੰਦਰ ਉਸ ਅਰਥ  ਨੂੰ ਜਾਣਦਾ ਹੋਣ  ਕਰਕੇ ਉਸ ਦਾ ਪੂਰਾ ਪੂਰਾ ਲਾਭ ਉਠਾਉਂਣਾ ਚਾਹੁੰਦਾ ਸੀ। ਨੇੜੇ ਤੇੜਿਉਂ ਦੀ ਲੰਘਦਾ  ਕਰਦਾ ਉਹ ਹਮੇਸ਼ਾਂ  ਚੰਨੀ ਨੂੰ ਬੁਲਾ ਕੇ ਅੱਗੇ ਜਾਂਦਾ। 
ਇੱਕ ਦਿਨ ਪਰਮਿੰਦਰ ਨੂੰ  ਚੰਨੀ  ਕੋਲ  ਕੰਮ  ਕਰਨ  ਦਾ  ਅਵਸਰ  ਮਿਲਿਆ।  ਉਸ ਨੇ  ਇਸ ਸੁਨਹਿਰੀ ਮੌਕੇ ਦੀ ਸਹੀ ਵਰਤੋਂ  ਕਰਨ ਲਈ ਚੰਨੀ ਦਾ ਦਿਲ ਫਰੋਲਣਾ ਸ਼ੁਰੂ ਕੀਤਾ, "ਸਿਆਣੇ ਕਹਿੰਦੇ ਹਨ ਖੁਸ਼ੀ ਵੰਡਿਆਂ ਵੱਧ ਜਾਂਦੀ ਹੈ ਤੇ ਦੁੱਖ ਘੱਟ ਜਾਂਦੇ ਹਨ।" 
"ਮੈਨੂੰ ਤਾਂ ਕੋਈ ਦੁੱਖ ਨਹੀਂ।" ਚੰਨੀ ਨੇ ਚਿਹਰੇ 'ਤੇ ਬਨਾਉਟੀ ਮੁਸਕਾਨ ਚਮੇੜਦਿਆਂ ਕਿਹਾ।
"ਚਲੋ ਫਿਰ ਖੁਸ਼ੀ ਹੀ ਸਾਂਝੀ ਕਰ ਲਓ।" ਪਰਮਿੰਦਰ ਨੇ ਮੱਛੀ ਫੜ੍ਹਨ ਲਈ ਕੁੰਡੀ ਸੁੱਟੀ।
ਚੰਨੀ ਨੇ ਗੱਲ ਠੱਪਣ ਲਈ ਲੋੜੀਂਦਾ ਜਿਹਾ ਹੱਸਣਾ ਹੀ ਕਾਫ਼ੀ ਸਮਝਿਆ। 
ਗੁਫ਼ਤਗੂ ਦੀ ਲੜੀ ਟੁੱਟਦੀ ਵੇਖ ਪਰਮਿੰਦਰ ਬੋਲਿਆ, "ਤਾਂ ਫਿਰ ਇੰਡੀਆ ਯਾਦ ਆਉਂਦਾ ਹੋਵੇਗਾ?" 
ਚੰਨੀ ਚੌਂਕ ਗਈ। ਪਰਮਿੰਦਰ ਨੇ ਉਸ ਦੀ ਦੁੱਖਦੀ ਰਗ 'ਤੇ ਹੱਥ ਰੱਖ ਦਿੱਤਾ ਸੀ। ਚੰਨੀ ਪਰਮਿੰਦਰ ਦੀਆਂ ਅੱਖਾਂ ਵਿੱਚ ਝਾਕੀ ਤਾਂ ਉਹਨੂੰ ਪਤਾ ਲੱਗਿਆ ਕਿ ਪਰਮਿੰਦਰ ਦੇ ਵੀ ਸੱਜੇ ਡੇਲੇ ਉੱਤੇ ਤਿਣ ਹੈ। ਇਸ ਤੋਂ ਪਹਿਲਾਂ  ਚੰਨੀ ਅੱਖਾਂ ਵਿੱਚ  ਤਿਲਾਂ ਵਾਲੇ ਦੋ ਮਰਦਾਂ ਨੂੰ ਜਾਣਦੀ ਸੀ ਤੇ ਉਹ ਦੋਨੋਂ ਉਸ  ਦੇ  ਚਹੇਤੇ  ਸਨ।  ਇੱਕ ਤਾਂ  ਗਗਨ,  ਜਿਸ  ਦੀ ਉਹ  ਮੁਰੀਦ ਸੀ ਤੇ ਦੂਜਾ  ਹਿੰਦੀ ਫਿਲਮ ਅਭਿਨੇਤਾ ਸੰਨੀ ਦਿਓਲ, ਜਿਸ ਦੀ ਉਹ ਫ਼ੈਨ(ਪ੍ਰਸ਼ੰਸਕ) ਸੀ।  
ਅੱਜ  ਨੀਝ  ਨਾਲ  ਦੇਖਦਿਆਂ  ਚੰਨੀ  ਨੂੰ  ਪਰਮਿੰਦਰ   ਸੰਨੀ   ਦਿਓਲ  ਵਰਗਾ  ਜਾਪਿਆ।   ਉਹ                                              ਕਨਵੇਅਰ-ਬੈਲਟ 'ਤੇ ਸਾਰਾ ਦਿਨ ਇਕੱਠੇ ਖੜ੍ਹੇ ਗੱਲਾਂ ਕਰਦੇ ਰਹੇ।  ਪਰਮਿੰਦਰ ਸਨੇਹ ਅਤੇ ਹਮਦਰਦੀ ਦੀ ਮਰਹਮ ਲਾਉਂਦਾ ਗਿਆ। ਜ਼ਿੰਦਗੀ ਦੇ ਰੇਗਿਸਤਾਨ  ਵਿੱਚ ਖੜ੍ਹੀ  ਚੰਨੀ ਨੂੰ ਉਹ ਨਖਲਿਸਤਾਨ ਵਾਂਗ ਲੱਗਿਆ। ਜਿੱਥੇ ਚੰਨੀ ਪਰਮਿੰਦਰ ਦੀ ਸੋਹਣੀ ਦਿੱਖ 'ਤੇ ਬੁਰੀ ਤਰ੍ਹਾਂ ਫ਼ਿਦਾ ਸੀ, ਉੱਥੇ ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਵੀ ਮੋਹੀ ਗਈ। ਸ਼ਾਮ ਤੱਕ ਪਰਮਿੰਦਰ ਨੇ ਚੰਨੀ ਛੱਲੀ ਵਾਂਗੂੰ ਦਾਣਾ ਦਾਣਾ ਕਰਕੇ  ਪੂਰੀ  ਉਦੇੜ ਲਈ।  ਚੰਨੀ ਨੇ ਦਿਲ ਖੋਲ੍ਹ ਕੇ ਆਪਣੀ ਸਾਰੀ ਵੇਦਨਾ ਪਰਮਿੰਦਰ ਨੂੰ ਦੱਸੀ। ਰੋਂਦਿਆਂ ਨੂੰ ਹਸਾਉਣਦੀ ਕਲਾ ਵਿੱਚ ਨਿਪੁੰਨ ਪਰਮਿੰਦਰ ਚੰਨੀ ਦੇ ਮਨ ਅੰਦਰ ਖੰਜਰ ਦੀ ਤਰ੍ਹਾਂ ਧੱਸਦਾ ਚਲਾ ਗਿਆ। 
ਪਰਮਿੰਦਰ  ਦੀ  ਆਮਦ  ਨੇ ਚੰਨੀ ਦੇ ਜੀਵਨ  ਵਿੱਚ  ਅਹਿਮ ਤਬਦੀਲੀ  ਲਿਆਂਦੀ । ਹੁਣ ਚੰਨੀ ਨੂੰ ਨੀਂਦ ਵੀ ਆਉਣ  ਲੱਗ ਗਈ  ਸੀ ਤੇ ਸੁਪਨੇ ਵੀ। ਚੰਨੀ ਨੂੰ ਪਰਮਿੰਦਰ ਦਾ ਸਾਥ ਚੰਗਾ-ਚੰਗਾ ਲੱਗਦਾ।  ਪਰਮਿੰਦਰ ਨਾਲ  ਬੋਲ-ਚੱਲ  ਕੇ  ਉਸ ਦੀ ਤਬੀਅਤ ਮਸਰੂਰ  ਹੋ ਜਾਂਦੀ।  ਪਰ ਇੱਕ ਵਿਆਹੀ ਹੋਈ ਮੁਟਿਆਰ ਦਾ ਬਿਗਾਨੇ  ਗੱਭਰੂ ਮੁੰਡੇ  ਨਾਲ  ਹਰ  ਵੇਲੇ ਗੱਲਾਂ ਕਰਦੇ  ਰਹਿਣਾ ਜਾਇਜ਼ ਨਹੀਂ। ਕਿਸੇ ਨੂੰ ਸ਼ੱਕ ਹੋ ਜਾਣ ਦੇ ਨਤੀਜੇ ਤੋਂ ਉਹ ਦੋਵੇਂ ਭਲੀ-ਭਾਂਤ ਜਾਣੂ ਸਨ।  ਇਸ ਲਈ ਉਹਨਾਂ ਫ਼ੈਕਟਰੀ ਤੋਂ ਬਾਹਰ ਮਿਲਣ ਦੀ ਜੁਗਤ ਲੱਭੀ।
ਚੰਨੀ ਨੇ ਸਵੇਰੇ ਸੱਤ ਵਜੇ ਕਲੌਕ-ਇੰਨ (ਕੰਮ 'ਤੇ ਲੱਗਣਾ) ਕਰਨਾ ਹੁੰਦਾ, ਪਰ ਘਰੋਂ ਉਹ ਸਵਾ ਛੇ ਹੀ  ਤੁਰ ਪੈਂਦੀ।  ਰਸਤੇ ਵਿੱਚ  ਪਰਮਿੰਦਰ ਪਹਿਲਾਂ ਹੀ ਉਡੀਕ ਰਿਹਾ ਹੁੰਦਾ।  ਨੁਕਤਾਚੀਨ ਅੱਖਾਂ ਤੋਂ ਪਰ੍ਹੇ,  ਮੁੱਖ ਸੜਕ ਤੇ ਸਥਿਤ ਲੱਵ-ਬਰਡਸ ਪੱਬ ਦੇ  ਪਛਵਾੜੇ ਬਣੀ  ਕਾਰ-ਪਾਰਕ ਵਿੱਚ ਕਾਰ ਖੜ੍ਹੀ ਕਰਕੇ ਉਹ ਅੱਧਾ ਪੌਣਾ ਘੰਟਾ ਕਾਰ ਵਿੱਚੇ ਹੀ ਬੈਠੇ ਰਹਿੰਦੇ। ਦਸੰਬਰ ਮਹੀਨੇ ਵਿੱਚ ਠੰਡ ਪੂਰੇ  ਜੋਬਨ  'ਤੇ ਹੋਣ ਕਰਕੇ  ਫ਼ੌਗ(ਧੁੰਦ)  ਪਈ ਹੁੰਦੀ।  ਫ਼ੌਗ  ਵਿੱਚ  ਕੋਲ  ਖੜ੍ਹਾ ਬੰਦਾ ਦੇਖਣਾ ਵੀ ਮੁਸ਼ਕਲ ਹੁੰਦਾ ਹੈ। ਫੇਰ ਉਹਨਾਂ ਦੀ ਸੜਕ ਤੋਂ ਸੌ ਗਜ਼ ਹੱਟਵੀਂ ਖੜ੍ਹੀ ਸਲੇਟੀ ਰੰਗ ਦੀ ਕੈਵਲੀਅਰ ਕਿਸੇ ਨੂੰ  ਦਿਸਣੀ ਤਾਂ ਬਿਲਕੁਲ  ਹੀ ਅੰਸਭਵ ਸੀ।  ਪੱਬ ਖੁੱਲ੍ਹਣ ਦਾ ਸਮਾਂ ਨਾ ਹੋਣ ਕਰਕੇ ਕੋਈ ਪੁੱਛ ਗਿੱਛ  ਹੋਣ ਦਾ ਵੀ ਖ਼ਤਰਾ  ਨਹੀਂ ਸੀ ਹੁੰਦਾ।  ਕਾਰ ਇੰਜ਼ਣ ਦੇ ਬੰਦ ਹੁੰਦਿਆਂ ਹੀ  ਉਹਨਾਂ ਦੇ  ਮੂੰਹਾਂ ਵਿੱਚੋਂ  ਨਿਕਲਦੀਆਂ ਭਾਫਾਂ ਕਾਰਨ ਸ਼ੀਸ਼ੇ  ਅਪਾਰਦਰਸ਼ੀ ਬਣ ਜਾਂਦੇ ਤੇ ਉਹ ਆਪਣੇ  ਆਪ  ਨੂੰ ਹੋਰ  ਵੀ  ਸੁਰੱਖਿਅਤ  ਮਹਿਸੂਸ ਕਰਦੇ।  ਜੇ ਕਾਰ  ਕਿਸੇ ਨੂੰ ਦਿਸ ਵੀ ਪੈਂਦੀ ਤਾਂ ਦੇਖ  ਕੇ ਅਗਲਾ  ਸਹਿਜੇ ਹੀ  ਅਨੁਮਾਨ ਲਾ  ਸਕਦਾ ਸੀ ਕਿ ਕੋਈ ਰਾਤੀ ਬਹੁਤੀ ਪੀ ਜਾਣ ਕਾਰਨ ਗੱਡੀ ਉੱਥੇ ਹੀ ਛੱਡ ਗਿਆ ਹੋਵੇਗਾ।   
ਰੋਜ਼ ਦੀਆਂ ਖ਼ੁਫ਼ੀਆ ਮੁਲਾਕਾਤਾਂ ਨੇ ਉਹਨਾਂ ਵਿੱਚਲੀ ਦੂਰੀ ਨੂੰ ਘਟਾ ਦਿੱਤਾ। ਉਹ ਇੱਕ ਦੂਜੇ ਦੇ ਕਾਫ਼ੀ ਕਰੀਬ ਆ ਚੁੱਕੇ ਸਨ। ਪਰਮਿੰਦਰ ਪੂਰਣ ਰੁਪ ਵਿੱਚ ਚੰਨੀ ਦਾ ਵਿਸ਼ਵਾਸ ਜਿੱਤ ਚੁੱਕਾ ਸੀ ਤੇ ਚੰਨੀ ਵੀ ਹਰ ਗੱਲ ਉਸ ਨਾਲ ਬੇਝਿਜਕ ਹੋ ਕੇ ਕਰਨ ਲੱਗ ਪਈ ਸੀ। ਇੱਕ ਦਿਨ ਲੋਹਾ ਗਰਮ ਦੇਖ ਕੇ ਪਰਮਿੰਦਰ ਨੇ ਸੱਟ ਮਾਰਨੀ ਚਾਹੀ। ਉਸ ਨੇ ਪਸੈਂਜਰ(ਯਾਤਰੀ) ਸੀਟ 'ਤੇ ਬੈਠੀ ਚੰਨੀ ਨੂੰ ਕਲਾਵੇ ਵਿੱਚ ਲੈ ਲਿਆ।
ਚੰਨੀ ਤ੍ਰਬਕ ਗਈ। ਉਹਨੇ ਤਾਂ ਆਪਣਾ ਗ਼ਮਖਾਰ ਮੰਨ ਕੇ ਪਰਮਿੰਦਰ ਨਾਲ ਦੋਸਤੀ ਕੀਤੀ ਸੀ। ਉਸ ਨੇ ਪਰਮਿੰਦਰ  ਨੂੰ ਧੱਕਾ ਮਾਰ ਕੇ ਆਪਣੇ ਆਪ ਨੂੰ ਅਜ਼ਾਦ ਕਰਵਾਇਆ।  ਉਹ ਉਸ ਦੀ ਨੀਅਤ ਤਾੜ ਗਈ ਸੀ।
"ਪਰਮਿੰਦਰ   ਆਈ  ਐਮ  ਸੌਰੀ।  - ਮੈਂ ਆਪਣੇ  ਹਸਬੈਂਡ ਨਾਲ  ਧੋਖਾ ਨਹੀਂ  ਕਰ ਸਕਦੀ।" ਬੇਚਾਰਗੀ ਦੀ ਮੂਰਤ ਬਣੀ ਬੈਠੀ ਚੰਨੀ ਨੇ ਆਪਣੀ ਬੇਬਸੀ ਦੱਸੀ।
ਹੂੰਂ! ਧੋਖਾ ਨਹੀਂ ਕਰ ਸਕਦੀ, ਵੱਡੀ ਸੁੱਚੀ ਬਣਦੀ ਆ। ਇੱਥੇ ਬੈਠੀ ਕੀ ਕਰਦੀ ਹੈਂ ਫੇਰ ਇਹ ਨ੍ਹੀਂ ਧੋਖਾ? ਪਰਮਿੰਦਰ ਨੇ ਮਨ ਵਿੱਚ ਉਪਜੇ ਇਸ ਵਿਚਾਰ ਨੂੰ ਵਿਅਕਤ ਕਰਨਾ ਮੁਨਾਸਬ ਨਾ ਸਮਝਿਆ।
"ਮੈਥੋਂ ਤੇਰੀਆਂ ਦੂਰੀਆਂ ਝੱਲ ਨਹੀਂ ਹੁੰਦੀਆਂ -ਤੇਰੇ ਬਿਨਾਂ ਮਰ ਜੂੰਗਾ -ਚੰਨੀਏ, ਮੈਂ ਤੈਨੂੰ ਬਹੁਤ ਪਿਆਰ ਕਰਦਾਂ।" ਪਰਮਿੰਦਰ ਨੇ ਚੰਨੀ  ਨੂੰ ਵਡਿਆਉਣ ਦਾ ਯਤਨ ਕਰਿਆ।
"ਜੇ ਤੂੰ ਮੈਨੂੰ ਪਿਆਰ ਕਰਦਾ ਹੈਂ ਤਾਂ ਮੈਂ ਵੀ ਤੈਨੂੰ ਬਹੁਤ ਚਾਹੁੰਨੀ ਹਾਂ। ਪਰ ਜੋ ਤੂੰ ਲੋਚਦੈਂ, ਉਹ ਨ੍ਹੀਂ ਮੈਂ ਕਰ ਸਕਦੀ।" ਚੰਨੀ ਨੇ ਤਰਕ ਦੱਸਿਆ।
"ਐੱਵਰੀਥਿੰਙ ਇਜ਼  ਫੇਅਰ ਇਨ  ਲੱਵ  ਐਂਡ ਵੋਰ  - ਐਵੇਂ  ਜਨਾਨੀਆਂ  ਵਾਲੇ ਖੇਖਣ ਛੱਡ।" ਪਰਮਿੰਦਰ ਨੇ ਪਸਮਾਉਣ ਲਈ ਆਖ਼ਰੀ ਹਥਿਆਰ ਅਜ਼ਮਾਉਣਾ ਚਾਹਿਆ।
"ਨਹੀਂ ਮੈਂ ਨਹੀਂ। ਸੌਰੀ ਮੇਟ।" ਚੰਨੀ ਨੇ ਟਕੇ ਵਰਗਾ ਜੁਆਬ ਦਿੱਤਾ।
"ਲੈ ਜਾਣਗੇ ਜਿਨ੍ਹਾਂ ਨੇ ਦਮ ਖਰਚੇ, ਤੇਰਾ ਕੀ ਐ ਜ਼ੋਰ ਮਿੱਤਰਾ।" ਪਰਮਿੰਦਰ ਨੇ ਕਿਸੇ ਪੁਰਾਤਨ ਲੋਕ ਗੀਤ ਦੀਆਂ ਸਤਰਾਂ ਗਾ ਕੇ ਚੰਨੀ ਨੂੰ ਤਾਨੇ ਭਰੀ ਮਸ਼ਕਰੀ ਕੀਤੀ।
"ਤੂੰ ਸਮਝਦਾ ਕਿਉਂ ਨਹੀਂ।" ਇਸ ਵਾਰ ਚੰਨੀ ਕੁਰਲਾ ਉੱਠੀ।
"ਓ ਕੇ ਬਈ - ਓ ਕੇ।  ਜਿਵੇਂ ਤੇਰੀ ਮਰਜ਼ੀ।" ਪਰਮਿੰਦਰ ਦੇ ਹੱਥ ਖੜ੍ਹੇ ਹੋ ਗਏ। 
ਉਹਨਾਂ ਦਰਮਿਆਨ ਚੁੱਪ ਦਾ ਵਕਫ਼ਾ ਪੈਦਾ ਹੋ ਗਿਆ।  ਕੰਮ ਦਾ ਵਕਤ ਹੋਣ ਵਾਲਾ ਸੀ।  ਕੁੱਝ ਚਿਰ ਖਾਮੋਸ਼ ਰਹਿਣ ਮਗਰੋਂ ਉਹ ਦੋਨੋਂ ਵੱਖੋ-ਵੱਖਰੇ ਰਾਹਾਂ ਤੋਂ ਫ਼ੈਕਟਰੀ ਵੱਲ ਰਵਾਨਾ ਹੋ ਗਏ।
ਉਸ ਤੋਂ ਮਗਰੋਂ ਦੋ  ਤਿੰਨ ਦਿਨ  ਪਰਮਿੰਦਰ ਚੰਨੀ  ਤੋਂ ਨਜ਼ਰਾਂ ਚਰਾਉਂਦਾ ਰਿਹਾ।  ਚੰਨੀ ਉਸ ਨਾਲ ਗੱਲ  ਕਰਨ ਲਈ  ਤਰਲੋ-ਮੱਛੀ ਹੋਈ ਫਿਰਦੀ ਸੀ।  ਚੰਨੀ ਨੂੰ ਪਰੇਸ਼ਾਨੀਆਂ  ਦੀ ਵਲਗਣ ਵਿੱਚੋਂ ਬਾਹਰ ਨਿਕਲਣ ਦਾ ਇਕੋ  ਇੱਕ ਦੁਆਰ ਨਜ਼ਰ ਆਇਆ ਸੀ ਤੇ ਉਹ ਵੀ ਦ੍ਰਿਸ਼ਟੀ ਤੋਂ ਓਝਲ ਹੁੰਦਾ ਜਾ  ਰਿਹਾ ਸੀ।  ਉਸ ਦੇ ਮਨ ਨੂੰ ਪਰਮਿੰਦਰ ਦੇ  ਹੱਥੋਂ  ਨਿਕਲ ਜਾਣ ਦਾ ਖਦਸਾ ਲੱਗਿਆ ਹੋਇਆ ਸੀ।  ਡਰ ਸੀ ਕਿ ਪਰਮਿੰਦਰ ਕਿਤੇ ਮਿਲਣੋਂ, ਦੁੱਖ-ਸੁੱਖ ਕਰਨੋਂ ਸਦਾ ਲਈ ਹਟ ਹੀ ਨਾ ਜਾਵੇ। ਚੰਨੀ  ਉਸ  ਦੀ ਅਡੀਕਟਡ (ਆਦੀ)  ਹੋ ਚੁੱਕੀ ਸੀ। ਆਦਤਨ ਚੰਨੀ ਰੋਜ਼ ਉਸ ਨੂੰ ਕਾਰਪਾਰਕ ਵਿੱਚ ਦੇਖ ਕੇ ਆਉਂਦੀ। ਪਰਮਿੰਦਰ ਦੀ ਕਾਰ ਨਾ ਹੁੰਦੀ। ਉਸ ਨੂੰ ਪਰਮਿੰਦਰ ਦੀ ਤਲਬ ਹੋ ਰਹੀ ਸੀ। ਪਰ ਪਰਮਿੰਦਰ ਚੰਨੀ ਦੇ ਲਾਗੇ ਨਾ ਢੁੱਕਦਾ।
ਇੱਕ ਦਿਨ ਟੀ ਬਰੇਕ ਵਿੱਚ ਚੇਜ਼ਿੰਗਰੂਮ ਵੱਲ ਪਰਮਿੰਦਰ ਨੂੰ ਇਕੱਲਾ ਜਾਂਦਾ ਦੇਖ ਚੰਨੀ ਦੌੜ ਕੇ ਉਸ ਨਾਲ ਰਲੀ। 
"ਹੁਣ ਮਿਲਦਾ ਕਾਹਤੋਂ ਨਈਂ? ਮੈਂ ਨਿੱਤ ਕਾਰਪਾਰਕ ਵਿੱਚ ਦੇਖਦੀ ਹੁੰਦੀ ਹਾਂ।" ਚੰਨੀ ਦੇ ਬੋਲਾਂ ਵਿੱਚ ਮਾਸੂਮੀਅਤ ਸੀ।
"ਬਸ ਜਾਗ  ਨਹੀਂ ਆਈ -ਅਲਾਰਮ ਨਹੀਂ ਚੱਲਿਆ -ਲੇਟ ਹੋ ਗਿਆ ਸੀ -ਮਸਾਂ ਹੀ ਪਹੁੰਚਿਆ ਸੀ ਕੰਮ 'ਤੇ ਵੀ।" ਪਰਮਿੰਦਰ ਨੇ ਘੜੇ-ਘੜਾਏ ਬਹਾਨੇ ਸੁਣਾ ਦਿੱਤੇ।  
"ਪਲੀਜ਼ ਕੱਲ੍ਹ ਨੂੰ ਜ਼ਰੂਰ ਮਿਲੀਂ। ਮੈਂ ਬਹੁਤ ਗੱਲਾਂ ਕਰਨੀਆਂ ਨੇ।" ਚੰਨੀ ਨੇ ਮਿੰਨਤ ਕਰੀ।
ਪਰਮਿੰਦਰ ਨੇ ਬਿਨਾਂ ਕੁੱਝ ਬੋਲਿਆਂ, ਸਿਰ ਹਾਂ ਵਿੱਚ ਹਿਲਾ ਕੇ ਰਜ਼ਾਮੰਦੀ ਦਿੱਤੀ।
"ਪਲੀਜ਼ - ਪਲੀਜ਼ ਹੈਂ। ਮੈਂ ਵੇਟ(ਇੰਤਜ਼ਾਰ) ਕਰੂੰਗੀ।" ਚੰਨੀ ਨੇ ਇੱਕ ਵਾਰ ਫਿਰ ਤਾਕੀਦ ਕੀਤੀ।
ਅਗਲੀ ਸਵੇਰੇ ਪਰਮਿੰਦਰ ਦੀ  ਗੱਡੀ ਖੜ੍ਹੀ  ਦੇਖ ਕੇ ਚੰਨੀ ਦਾ  ਮੁਰਝਾਇਆ  ਚਿਹਰਾ  ਸੱਜਰੇ ਗੁਲਾਬ ਵਾਂਗ ਖਿੜ ਗਿਆ। ਚੰਨੀ ਨੇ ਗੱਡੀ ਵਿੱਚ ਬੈਠ ਕੇ ਪਰਮਿੰਦਰ ਤੋਂ ਹਾਲ-ਚਾਲ ਪੁੱਛਿਆ, ਮੌਸਮ ਬਾਰੇ ਦੋ ਚਾਰ  ਰਸਮੀ ਜਿਹੀਆਂ ਗੱਲਾਂ  ਕੀਤੀਆਂ।  ਫਿਰ  ਯਬਲੀਆਂ ਛੱਡ ਕੇ ਇੱਕਦਮ ਗੰਭੀਰ ਹੁੰਦਿਆਂ ਅਰਥਪੂਰਨ ਤੇ ਸੰਜ਼ੀਦਾ ਗੱਲ ਤੋਰੀ।
"ਮੈਨੂੰ ਇੰਗਲੈਂਡ ਵਿੱਚ ਆ ਕੇ ਜੇ ਕੁੱਝ ਚੰਗਾ ਲੱਗਾ ਹੈ, ਤਾਂ ਉਹ ਤੂੰ ਹੈਂ ਪਰਮਿੰਦਰ।" ਚੰਨੀ ਦੇ ਬੋਲਾਂ ਵਿੱਚ ਤੜਪ ਪ੍ਰਤੱਖ ਸੀ।  
ਪਰਮਿੰਦਰ ਨੇ ਚੰਨੀ ਵੱਲ ਦੇਖਿਆ। ਉਸ ਨੂੰ ਚੰਨੀ ਦਾ ਮੁਖੜਾ ਬਹੁਤ ਹੀ  ਖੂਬਸੂਰਤ ਲੱਗਿਆ, "ਮੇਰਾ ਵੀ ਤੇਰੇ ਬਿਨਾਂ  ਕਿਤੇ  ਹੋਰ ਜੀਅ ਨਹੀਂ ਲੱਗਦਾ।  ਦਿਲ ਕਰਦਾ ਰਹਿੰਦੈ, ਤੈਨੂੰ ਹਰ ਵੇਲੇ ਦੇਖੀ ਜਾਵਾਂ। ਤੇਰੇ ਨਾਲ ਗੱਲਾਂ ਕਰੀ ਜਾਵਾਂ। ਤੇਰੀਆਂ ਸਮੁੰਦਰ ਵਰਗੀਆਂ ਗਹਿਰੀਆਂ ਅੱਖਾਂ ਵਿੱਚ ਟਾਇਟੈਨਿਕ ਜਹਾਜ਼ ਵਾਗੂੰ ਡੁੱਬਿਆ ਰਹਾਂ।" 
ਚੰਨੀ ਨੰੂੰ ਪਰਮਿੰਦਰ ਦੀ ਆਵਾਜ਼ ਕਿਸੇ ਸੁਰੀਲੇ ਸਾਜ਼ ਵਿੱਚੋਂ ਵਰ੍ਹਦੇ ਸੰਗੀਤ ਵਰਗੀ ਲੱਗੀ। ਚੰਨੀ ਨੇ ਪਰਮਿੰਦਰ ਦੇ ਮੋਢੇ ਉੱਤੇ ਸਿਰ ਸਿੱਟਦਿਆਂ ਆਪਣੇ ਸੀਨੇ ਵਿੱਚ ਨਾਜਾਇਜ਼ ਅਸਲੇ ਵਾਂਗ ਲੁਕਾ ਕੇ ਰੱਖਿਆ ਹੋਇਆ ਗੁੱਝਾ ਭੇਤ ਖੋਲਿਆ, "ਜੇ ਤੂੰ ਨਾ ਹੁੰਦਾ ਤਾਂ ਪਰਮਿੰਦਰ ਹੁਣ ਤੱਕ ਤਾਂ ਮੈਂ ਕੁੱਝ ਖਾਹ ਕੇ ਮਰ ਜਾਣਾ ਸੀ।" 
ਪਰਮਿੰਦਰ ਨੇ  ਉਸ  ਦੇ ਮੂੰਹ  'ਤੇ ਹੱਥ  ਰੱਖਦਿਆਂ ਕਿਹਾ, "ਤੈਨੂੰ ਮੇਰੀ  ਸਹੁੰ ਐ, ਜੇ ਮੁੜ ਕੇ ਮਰਨ ਮੁਰਨ ਦੀ ਗੱਲ ਕੀਤੀ ਤਾਂ।"
ਐਨਾ ਕਹਿ ਕੇ ਪਰਮਿੰਦਰ ਨੇ ਚੰਨੀ ਨੂੰ ਜੱਫੀ ਵਿੱਚ ਘੁੱਟ ਲਿਆ। ਚੰਨੀ ਨੂੰ ਬੜਾ ਸਕੂਨ ਆਇਆ। ਉਸ ਨੇ ਆਪਣੇ ਆਪ ਨੂੰ ਜੱਨਤ ਵਿੱਚ ਪਹੁੰਚਿਆ ਮਹਿਸੂਸ ਕੀਤਾ। ਚੰਨੀ ਨੇ ਵੀ ਆਪਣੀਆਂ ਬਾਹਾਂ ਪਰਮਿੰਦਰ ਦੁਆਲੇ ਵਲ੍ਹੀਆਂ।  ਉਹਨੇ  ਪਰਮਿੰਦਰ   ਦੀ   ਹਿੱਕ  ਨਾਲ   ਲੱਗੀ  ਨੇ  ਪੱਬ ਦੀ  ਚਿਮਨੀ  ਵੱਲ ਦੇਖਿਆ।  ਚੰਨੀ ਨੂੰ ਉਭਾਸਰਿਆ ਜਿਵੇਂ ਲੱਵ-ਬਰਡਸ ਦੀ ਵਿਸ਼ਾਲ ਇਮਾਰਤ  ਉਸ ਨੂੰ  ਮੁਖਾਤਬ ਹੋ ਕੇ ਕਹਿ ਰਹੀ ਹੋਵੇ।  ਤੁਸੀਂ ਬੇਖੌਫ਼ ਹੋ ਕੇ ਇਸ਼ਕ ਫ਼ਰਮਾਉ। ਮੇਰੇ ਹੁੰਦਿਆਂ ਤੁਹਾਨੂੰ ਕੋਈ ਨਹੀਂ ਦੇਖ ਸਕਦਾ। ਮੈਂ ਤੁਹਾਡੀ ਪ੍ਰੀਤ ਦਾ ਪਹਿਰੇਦਾਰ ਹਾਂ।
ਐਨੇ ਨੂੰ ਪਰਮਿੰਦਰ ਨੇ ਬਾਹਾਂ ਦੀ ਪਕੜ ਕੁੱਝ ਢਿੱਲੀ ਕੀਤੀ।
"ਨਾਂਹ ਛੱਡ ਨਾ - ਮੈਨੂੰ ਜ਼ੋਰ ਦੀ  ਘੁੱਟ  ਕੇ  ਆਪਣੀਆਂ  ਬਾਹਾਂ  ਵਿੱਚ  ਨੱਪੀ ਰੱਖ।"  ਚੰਨੀ  ਇਸ ਅਨੰਦਮਈ ਸਥਿਤੀ ਦਾ ਰੱਜ ਕੇ ਮਜ਼ਾ ਲੈਣਾ ਚਾਹੁੰਦੀ ਸੀ।
ਪਰਮਿੰਦਰ ਨੇ ਆਪਣੀਆਂ ਬਾਹਾਂ ਦੀ ਜਕੜ ਮਜ਼ਬੂਤ ਕੀਤੀ।
"ਜ਼ੋਰ ਦੀ ਘੁੱਟ!" ਚੰਨੀ ਨੇ ਹੌਲੀ ਜਿਹੀ ਪਰਮਿੰਦਰ ਦੇ ਕੰਨ ਵਿੱਚ ਸਰਗੋਸ਼ੀ ਕੀਤੀ।
ਪਰਮਿੰਦਰ ਨੇ ਜਰਕ ਮਾਰ ਕੇ ਤਾਣ ਨਾਲ ਚੰਨੀ ਦਾ ਜਿਸਮ ਹੋਰ ਘੁੱਟਿਆ।
"ਹੋਰ ਕੱਸ ਕੇ… ਹੋਰ ਦੱਬ ਕੇ… ਹੋਰ… ਹੋਰ… ਹੋਰ… ਹੋਰ।" ਕਈ ਵਾਰ ਚੰਨੀ ਦੇ ਬੁੱਲ੍ਹ ਫਰਕੇ।
ਜਦ ਤੱਕ ਚੰਨੀ ਦੇ ਮੂੰਹੋਂ ਹੋਰ, ਹੋਰ ਦੀਆਂ ਅਵਾਜ਼ਾਂ ਨਿਕਲਣੀਆਂ ਬੰਦ ਨਾ ਹੋਈਆਂ। ਓਨੀ ਦੇਰ ਤੱਕ  ਪਰਮਿੰਦਰ  ਆਪਣੀਆਂ  ਬਾਹਾਂ  ਦੀ  ਗਰਿਫ਼ਤ  ਨੂੰ ਕੱਸਦਾ  ਗਿਆ।  ਜਿਉਂ  ਜਿਉਂ ਉਹ ਗਲਵੱਕੜੀ ਕੱਸਦਾ ਗਿਆ, ਤਿਉਂ ਤਿਉਂ ਚੰਨੀ ਖਿਸਕਾਵੀਂ ਗੰਢ ਵਾਂਗ ਖੁੱਲ੍ਹਦੀ ਚਲੀ ਗਈ। ਰੌਂ ਵਿੱਚ ਵਹਿ ਕੇ ਚੰਨੀ ਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਉਹ ਸਮਾਜ ਦੀ ਖਿੱਚੀ ਮਰਿਯਾਦਾ ਦੀ ਰੇਖਾ ਪਾਰ ਕਰ ਗਈ।
ਭਾਵੇਂ ਹੁਣ ਤੱਕ ਤਾਂ  ਉਹਨਾਂ ਦੇ ਸਾਹ  ਭੱਜ-ਦੌੜ ਬੰਦ ਕਰਕੇ  ਟਿਕਵੀਂ ਚਾਲ ਤੁਰਨ ਲੱਗ ਗਏ ਸਨ । ਪਰ ਫੇਰ ਵੀ ਚੰਨੀ ਨੇ, ਪਰਮਿੰਦਰ ਨੂੰ  ਆਪਣੀਆਂ ਵੀਣੀਆਂ  ਵਿੱਚ ਜਕੜਿਆ ਹੋਇਆ ਸੀ। ਗੋਇਆ ਉਹਨੂੰ ਡਰ ਹੋਵੇ ਕਿ ਜੇ ਉਹਨੇ ਛੱਡਿਆ ਤਾਂ ਮਤੇ ਪਰਮਿੰਦਰ ਕਿਧਰੇ ਨੱਠ ਹੀ ਨਾ ਜਾਵੇ। ਚੰਨੀ ਦਾ ਦਿਲ ਕਰਦਾ ਸੀ ਕਿ ਉਹ ਸਾਰੀ ਉਮਰ ਇਸੇ ਤਰ੍ਹਾਂ ਹੀ ਪਰਮਿੰਦਰ ਦਾ ਭਾਰ ਆਪਣੇ ਮਲੂਕ ਬਦਨ ਉੱਪਰ ਚੁੱਕੀ ਰੱਖੇ। ਪਰਮਿੰਦਰ ਦੇ ਗਰਮ ਸਾਹਾਂ ਦੀ ਟਕੋਰ ਨਾਲ ਅੱਜ ਚੰਨੀ ਦੇ ਸਾਰੇ ਦੁੱਖ ਹੀ ਟੁੱਟ ਗਏ ਸਨ। ਹੰਸਾਂ ਵਰਗੇ ਪਰਮਿੰਦਰ ਨੇ ਚੰਨੀ ਦੇ ਨੈਣਾਂ ਦੇ ਮਾਨਸਰੋਵਰ 'ਚੋਂ ਸਭ ਹੰਝੂ ਰੂਪੀ ਮੋਤੀ ਚੁਗ ਲਏ ਸਨ।
ਪਰਮਿੰਦਰ ਨੇ ਘੜੀ ਦੇਖੀ। ਸੱਤ ਵੱਜਣ ਵਿੱਚ ਤਿੰਨ ਮਿੰਟ ਰਹਿੰਦੇ ਸਨ।  ਚੰਨੀ ਨੇ ਪਿਛਲੀ ਸੀਟ ਤੋਂ ਬੈਗ ਚੁੱਕ ਕੇ ਮੋਢਿਆਂ ਵਿੱਚ ਪਾਇਆ ਤੇ ਫਟਾਫਟ ਕਾਰ ਵਿੱਚੋਂ ਨਿਕਲੀ। ਕਾਹਲੀ ਕਾਹਲੀ ਹੱਥਾਂ ਨਾਲ ਜੂੜਾ ਕਰਦੀ ਫ਼ੈਕਟਰੀ ਵੱਲ ਭੱਜੀ।
ਚੰਨੀ ਅੱਜ ਐਨੀ ਖੁਸ਼ ਸੀ ਕਿ ਉਸ ਦੇ ਬੁੱਲ੍ਹਾਂ ਤੋਂ ਹਾਸੇ ਸਾਂਭੇ ਨਹੀਂ ਸਨ ਜਾਂਦੇ।  ਉਹ ਖੁਸ਼ੀ ਵਿੱਚ ਬਾਵਰੀ ਹੋਈ  ਫਿਰਦੀ ਸੀ।  ਉਸ ਨੂੰ ਦੇਖ ਇੰਝ  ਲਗਦਾ ਸੀ  ਜਿਵੇਂ ਬੁੱਤਕਾਰ ਦੇ ਤਰਾਸ਼ਣ ਤੋਂ ਬਾਅਦ ਬੇਜਾਨ ਪੱਥਰ ਦੀ ਮੂਰਤ ਵਿੱਚ ਜਾਨ ਪੈ ਗਈ ਹੋਵੇ। ਉਹ ਫ਼ੈਕਟਰੀ ਵਿੱਚ ਵੀ ਸਭ ਨਾਲ ਹੱਸਣ ਖੇਡਣ ਤੇ ਟਿੱਚਰਾਂ ਮਖੌਲ ਕਰਨ ਲੱਗ ਗਈ।
ਚੰਨੀ  ਦਾ  ਘਰ  ਫ਼ੈਕਟਰੀ  ਦੇ  ਨਜ਼ਦੀਕ(ਪੈਦਲ ਮਸਾਂ ਪੰਜ  ਮਿੰਟ ਦਾ  ਰਸਤਾ)  ਹੋਣ ਕਾਰਨ ਪਰਮਿੰਦਰ ਨਾਲ ਮਿਲਣੀ ਦਾ ਸੂਰਜ ਜਲਦ ਹੀ ਅਸਤ ਹੋ ਜਾਂਦਾ। ਸ਼ਾਮ ਦੇ ਚਾਰ ਵਜੇ ਫ਼ੈਕਟਰੀ ਬੰਦ ਹੋਣ ਤੋਂ ਲੈ ਕੇ  ਸਵੇਰ ਦੇ ਸੱਤ ਵਜੇ ਫ਼ੈਕਟਰੀ  ਖੁੱਲ੍ਹਣ ਤੱਕ  ਦੇ  ਲਮਹੇ  ਚੰਨੀ  ਨੂੰ ਸਦੀਆਂ ਵਰਗੇ ਲੰਬੇ  ਮਹਿਸੂਸ ਹੁੰਦੇ।  ਬਿਰਹਾ ਦੇ ਪਲਾਂ ਵਿੱਚ ਕੁੱਝ ਕਟੌਤੀ ਕਰਨ ਲਈ ਪਰਮਿੰਦਰ ਦੇ ਕਹਿਣ ਤੇ ਚੰਨੀ ਨੇ ਇਵਨਿੰਗ ਕਲਾਸਾਂ ਵਿੱਚ ਅੰਗਰੇਜ਼ੀ ਸਿੱਖਣ ਲਈ ਦਾਖਲਾ ਲੈ ਲਿਆ। ਇਸ ਤਰ੍ਹਾਂ ਛੇ  ਤੋਂ ਅੱਠ  ਵਜੇ  ਤੱਕ ਰੋਜ਼ ਦੋ ਘੰਟੇ ਹੋਰ  ਉਹਨਾਂ ਨੂੰ  ਆਪਣੇ  ਇਸ਼ਕ  ਦੀ ਤਵਾਰਿਖ਼ ਸਿਰਜਣ ਲਈ ਮਿਲ ਗਏ। ਪੜ੍ਹਾਈ ਦੀ ਆੜ  ਵਿੱਚ ਰੋਜ਼ਾਨਾ ਚੰਨੀ ਨੇ ਮਰਿਆਦਾ ਤੇ ਸਮਾਜੀ ਕਾਨੂੰਨ ਦੀ ਉਲੰਘਣਾ ਕਰਨੀ  ਸ਼ੁਰੂ ਕਰ ਦਿੱਤੀ।  ਪਰਮਿੰਦਰ ਨੇ  ਲੋਲੇ ਪੋਪਿਆਂ ਨਾਲ ਚੰਨੀ ਦਾ ਬਰੇਨ-ਵਾਸ਼ ਕਰਕੇ ਉਸ ਵਿੱਚ ਆਪਣੀ ਉਲਫ਼ਤ ਭਰ ਦਿੱਤੀ।
ਚੰਨੀ ਨੇ ਆਸ਼ਾਵਾਦੀ ਸੋਚ ਅਪਣਾ ਕੇ ਹਰ ਚੀਜ਼ ਦੇ ਨਵੇਂ ਅਰਥ ਲੱਭਣੇ ਸ਼ੁਰੂ ਕਰ ਦਿੱਤੇ।  ਹੁਣ ਉਸ ਨੂੰ ਕਾਇਨਾਤ ਦਾ ਹਰ ਜ਼ਰ੍ਹਾ ਹੁਸੀਨ  ਦਿਸਣ ਲੱਗ ਗਿਆ।  ਉਸ ਦੀ ਜੀਵਨ-ਬਾੜੀ ਵਿੱਚ ਦੁੱਖਾਂ ਦੀਆਂ  ਜ਼ਹਿਰੀਲੀਆਂ ਬੂਟੀਆਂ ਦੀ ਥਾਂ  ਸੁੱਖਾਂ ਦੇ ਫੁੱਲ, ਵੇਲਾਂ, ਬੂਟੇ ਉੱਗ ਆਏ।  ਉਸ ਦੇ ਚਿਹਰੇ ਦੀਆਂ ਲਾਲੀਆਂ ਪਰਤ ਆਈਆਂ। ਮੁੜ ਜ਼ਿੰਦਗੀ ਕਦੇ ਸੁਖਾਵੀਂ ਹੋ ਜਾਏਗੀ? ਇਹ ਗੱਲ ਵੀ ਚੰਨੀ ਦੀ ਸੋਚ ਦੇ  ਦਾਇਰੇ ਤੋਂ  ਬਾਹਰ ਸੀ।  ਪਰ ਪਰਮਿੰਦਰ ਨੇ ਤਾਂ ਇਸ ਨੂੰ ਅਮਲੀ ਰੂਪ ਵਿੱਚ ਕਰ ਦਿਖਾਇਆ ਸੀ। ਸਦਾ ਹੀ ਚੰਨੀ ਨੂੰ ਪਰਮਿੰਦਰ ਦੇ ਇਸ਼ਕ ਦਾ ਹੁਲਾਰਾ ਰਹਿੰਦਾ। 
ਘੜੀ ਟਿਕ ਟਿਕ ਕਰਦੀ ਰਹੀ।… ਚੰਨੀ ਦੇ ਦਿਨ ਤੀਆਂ ਵਾਂਗ ਲੰਘਦੇ ਗਏ।…
ਇੱਕ ਦਿਨ ਫ਼ੈਕਟਰੀ ਵਿੱਚ ਪਰਮਿੰਦਰ ਦੇ ਨੌਕਰੀ  ਤੋਂ ਮਹੀਨੇ ਦੀਆਂ ਛੁੱਟੀਆਂ ਲੈ ਕੇ ਇੰਡੀਆ ਜਾਣ ਦੀ  ਖ਼ਬਰ  ਗਰਮ ਹੋਈ।  ਪਹਿਲਾਂ ਤਾਂ ਚੰਨੀ ਨੂੰ ਸੁਣ ਕੇ ਯਕੀਨ ਹੀ ਨਹੀਂ ਸੀ ਆਇਆ। ਉਹਨੇ ਇਸ ਨੂੰ ਸ਼ੋਸ਼ਾ ਸਮਝਿਆ ਸੀ। ਪਰ ਜਦੋਂ ਅਫ਼ਵਾਹ ਸੱਚ ਸਾਬਤ ਹੋਈ ਤਾਂ ਉਸ ਨੂੰ ਕਾਫੀ ਸ਼ੌਕ(ਧੱਕਾ) ਲੱਗਾ ਕਿਉਂਕਿ ਪਰਮਿੰਦਰ ਨੇ ਉਸ ਕੋਲ ਕਦੇ ਜ਼ਿਕਰ ਨਹੀਂ ਸੀ ਕਰਿਆ। ਫ਼ੈਕਟਰੀ ਮਾਲਕਾਂ ਤੋਂ ਸਿਵਾਏ ਹੋਰ ਕਿਸੇ ਨੂੰ ਵੀ ਪਰਮਿੰਦਰ ਦੇ ਜਾਣ ਦਾ ਅੱਗੋਂ ਪਤਾ ਨਹੀਂ ਸੀ। ਫ਼ੈਕਟਰੀ ਵਿੱਚ ਪਰਮਿੰਦਰ ਨੇ ਜਾਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਦੱਸਿਆ ਤੇ ਉਹ ਕੰਮ ਉੱਤੇ ਉਸ ਦਾ ਆਖ਼ਰੀ ਦਿਨ ਸੀ। ਸਾਰਾ ਦਿਨ ਕੰਮ ਦੇ ਜ਼ੋਰ ਕਾਰਨ ਚੰਨੀ ਨੂੰ ਪਰਮਿੰਦਰ ਤੋਂ ਪੁੱਛਣ ਦਾ ਮੌਕਾ ਨਾ  ਮਿਲ  ਸਕਿਆ।  ਉਸ  ਦਿਨ  ਬਾਰਸ਼ ਹੋਰ ਹੀ ਸੀ। ਚੰਨੀ ਨੇ ਸੋਚਿਆ ਆਥਣੇ  ਲਿਫ਼ਟ ਦੇ ਬਹਾਨੇ ਪਰਮਿੰਦਰ ਨਾਲ ਗੱਲ ਕਰ ਲਵੇਗੀ। ਪਰਮਿੰਦਰ ਹਮੇਸ਼ਾਂ ਫ਼ੈਕਟਰੀ ਦੇ ਮਰਦਾਂ-ਔਰਤਾਂ ਨੂੰ ਆਪਣੀ ਕਾਰ ਵਿੱਚ ਲਿਫ਼ਟ ਦੇ ਦਿਆ ਕਰਦਾ ਹੁੰਦਾ ਸੀ। ਸ਼ਾਮ ਨੂੰ ਛੁੱਟੀ ਹੋਈ  'ਤੇ  ਚੰਨੀ ਪਰਮਿੰਦਰ  ਦੀ ਕਾਰ ਵੱਲ ਵੱਧਣ ਹੀ ਲੱਗੀ ਸੀ ਕਿ ਉਸ ਨੂੰ ਸੁੱਖ ਲੈਣ ਆ ਗਿਆ। ਜਿਸ ਕਰਕੇ ਫਿਰ ਪੁੱਛਣ ਦਾ ਸਬੱਬ ਨਾ ਬਣ ਸਕਿਆ।
ਕਿਉਂ ਇੰਡੀਆ ਗਿਐ? ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਅਜਿਹੇ ਅਨੇਕਾਂ ਪ੍ਰਸ਼ਨ ਚੰਨੀ ਦੇ ਮਨ ਦੀ ਸਲੇਟ 'ਤੇ ਨਿੱਤ ਖੁਣੇ ਜਾਂਦੇ।
ਸ਼ਾਇਦ ਉਸ ਨੂੰ ਕੋਈ ਇਮੈਰਜੈਂਸੀ ਹੋ ਗਈ ਹੋਣੀ ਹੈ। ਜਾਂ ਕਿਸੇ ਰਿਸ਼ਤੇਦਾਰ ਦਾ ਵਿਆਹ ਵਿਊ ਹੋਣੈ। ਇਸ ਤਰ੍ਹਾਂ ਹਰ ਉੱਠਦੇ ਸਵਾਲ ਦਾ ਜਵਾਬ ਵੀ ਚੰਨੀ ਆਪ ਹੀ ਘੜ੍ਹ ਲੈਂਦੀ। 
ਇੱਕ ਪਾਸੇ ਚੰਨੀ ਦੇ ਮਨ ਵਿੱਚ ਪਰਮਿੰਦਰ ਦੇ ਹੇਰਵੇਂ ਕਾਰਨ ਉੱਜੜੇ ਪਿੰਡ ਵਰਗੀ ਵਿਰਾਨਗੀ ਸੀ ਤੇ ਦੂਜੀ  ਤਰਫ਼ ਵਸਲ  ਦੀਆਂ ਘੜੀਆਂ ਦਾ ਇੰਤਜ਼ਾਰ ਸੀ।  ਪਰਮਿੰਦਰ ਦੇ ਦੀਦ ਦੀ ਸਿੱਕ ਵਿੱਚ ਇੱਕ ਇੱਕ ਦਿਨ ਗਿਣ ਕੇ ਪੂਰਾ ਮਹੀਨਾ ਚੰਨੀ ਨੇ ਬੜੀ ਮੁਸ਼ਕਲ ਨਾਲ ਲੰਘਾਇਆ। 
ਜਦੋਂ ਪਰਮਿੰਦਰ ਇੰਡੀਆ ਤੋਂ ਵਾਪਸ ਮੁੜ ਕੇ ਆਇਆ ਤਾਂ ਉਸ ਨੇ ਇੰਡੀਆ ਜਾਣ ਦੇ ਮੰਤਵ ਬਾਰੇ  ਸਪਸ਼ਟੀਕਰਨ  ਦਿੱਤਾ  ਕਿ  ਉਹ  ਵਿਆਹ  ਕਰਵਾ ਆਇਆ ਹੈ।  ਚੰਨੀ ਸਮੇਤ ਸਾਰੀ ਫ਼ੈਕਟਰੀ ਨੇ ਉਸ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।
ਪਰਮਿੰਦਰ ਤੇ ਚੰਨੀ ਫ਼ੈਕਟਰੀ ਵਿੱਚ ਲੋੜੀਂਦੀ ਜਿਹੀ ਗੱਲਬਾਤ ਕਰਦੇ ਤੇ ਸੀਮਿਤ  ਜਿਹਾ ਇੱਕ ਦੂਜੇ ਵੱਲ ਦੇਖਦੇ ਹੁੰਦੇ ਸੀ, ਤਾਂ ਕਿ ਕਿਸੇ ਨੂੰ ਸ਼ੁਬ੍ਹਾ ਨਾ ਹੋਵੇ।  ਅਜਿਹੇ ਵਿਵਹਾਰ ਕਰਕੇ ਹੀ ਉਹ ਦੁਨੀਆਂ ਦੀਆਂ ਪੱਥਰਪਾੜ ਨਜ਼ਰਾਂ ਤੋਂ ਬਚੇ ਹੋਏ ਸਨ। ਕਦੇ ਇਸ਼ਕ ਤੇ ਮੁਸ਼ਕ ਵੀ ਲੁਕੋਇਆਂ ਲੁਕਦੇ ਨੇ? ਮੁਹੱਬਤ ਦੇ ਮਾਮਲੇ ਵਿੱਚ ਭਾਵੇਂ ਉਹ ਬਹੁਤ ਹੀ ਚੁਕੰਨੇ ਸਨ। ਹਰ ਕਦਮ ਫੂਕ ਫੂਕ ਰੱਖਦੇ ਸਨ। ਪਰ ਫਿਰ  ਵੀ ਇੱਕ ਦੋ ਬੁੜੀਆਂ ਨੂੰ ਉਹਨਾਂ ਦੀ ਅਸ਼ਨਾਈ ਦੀ ਭਿਣਕ ਸੀ। ਸਾਥੀ ਵਰਕਰਾਂ ਦਾ ਮੂੰਹ ਮਿੱਠਾ ਕਰਵਾਉਂਣ ਲਈ ਜਦੋਂ ਬਰੇਕ ਵੇਲੇ ਪਰਮਿੰਦਰ ਨੇ ਮਠਿਆਈ ਦਾ ਡੱਬਾ  ਲਿਆ ਕੇ ਕੰਟੀਨ  ਵਿੱਚ ਰੱਖਿਆ ਤਾਂ ਉਹਨਾਂ ਔਰਤਾਂ ਦੀਆਂ  ਨਿਗਾਹਾਂ ਚੰਨੀ ਉੱਤੇ ਹੀ ਕੇਂਦ੍ਰਿਤ ਹੋ ਗਈਆਂ।
ਚੰਨੀ ਨੇ ਮਠਿਆਈ ਸਭ ਨੂੰ ਆਪ ਵੰਡ ਕੇ, ਉਹਨਾਂ ਦੇ  ਦਿਲ ਅੰਦਰ ਫੈਲਦੇ ਸ਼ੱਕ ਦੇ ਜ਼ਹਿਰ ਨੂੰ ਅਸਰਰਹਿਤ ਕਰ ਦਿੱਤਾ। ਚੰਨੀ ਦੇ ਚਿਹਰੇ ਤੋਂ ਕੁੱਝ ਨਾ ਪੜ੍ਹ ਸਕਣ ਕਾਰਨ ਉਹ ਜਨਾਨੀਆਂ ਨਿਮੋਝੂਣੀਆਂ ਜਿਹੀਆਂ ਹੋ ਗਈਆਂ।
ਅਗਲੇ ਦਿਨ ਪੁਰਾਣੇ ਮੁਲਾਕਾਤ ਵਾਲੇ ਸਥਾਨ 'ਤੇ ਪਰਮਿੰਦਰ ਚੰਨੀ ਨੂੰ ਮਿਲਿਆ। ਚੰਨੀ ਉੱਡ ਕੇ ਬੜੇ ਚਾਅ ਨਾਲ ਮਿਲੀ। ਚੰਨੀ ਨੇ ਬਿਨਾਂ ਦੱਸਿਆਂ ਚਲੇ ਜਾਣ ਦਾ ਗਿਲਾ ਕਰਨ ਦੀ ਬਜਾਏ, ਪਰਮਿੰਦਰ ਦੇ ਵਿਆਹ ਕਰਵਾਉਣ ਤੇ ਮੁਸਰੱਤ ਦਾ ਵਿਖਾਵਾ ਕੀਤਾ।
"ਮੇਰੇ ਕਾਰਨ ਤੇਰੀ ਪਤਨੀ ਦੇ ਪਿਆਰ ਵਿੱਚ ਕਮੀ ਨਾ ਆਵੇ। ਉਸ ਨੂੰ ਪੂਰਾ ਪਿਆਰ ਦੇਈਂ ਤਾਂ ਕਿ ਉਸ ਨੂੰ  ਕਦੇ ਸ਼ੱਕ ਨਾ ਹੋਵੇ।"  ਚੰਨੀ ਨੇ ਪਰਮਿੰਦਰ ਦੀ ਗੱਲ੍ਹ ਉੱਤੇ ਠੋਲ੍ਹਾ ਮਾਰਦਿਆਂ ਇੱਕ ਅੱਖ ਦੱਬ ਕੇ ਆਖਿਆ।
ਪਰਮਿੰਦਰ ਸੋਚਦਾ ਸੀ ਗੱਲ ਕਿੱਥੋਂ ਆਰੰਭ ਕਰੇ। ਉਸ ਨੇ ਹੌਂਸਲਾ ਕਰਕੇ ਆਖਣਾ ਸ਼ੁਰੂ ਕੀਤਾ, "ਚੰਨੀ, ਮੈਂ ਇਹੀ ਕਹਿਣਾ ਸੀ ਬਈ ਹੁਣ ਤੱਕ ਆਪਣੀ ਸੋਹਣੀ ਨਿਭੀ ਐ, ਪਰ-ਹੁਣ।…" 
"ਹੂੰ?" ਚੰਨੀ ਨੇ ਮੁੱਕ ਚੁੱਕੀ ਗੱਲ ਦਾ ਹੁੰਗਾਰਾ ਭਰਿਆ ਤੇ ਅਗਲੀ ਲਈ ਬੇਸਬਰੀ ਦਰਸਾਈ।
"ਹੁਣ ਭਲਾਈ ਇਸੇ ਵਿੱਚ ਹੀ ਹੈ - ਕਿ ਆਪਾਂ - ਆਪਣੇ ਅਫ਼ੇਅਰ ਨੂੰ - ਫ਼ੁੱਲਸਟੌਪ ਲਾ ਦਈਏ।" ਪਰਮਿੰਦਰ ਨੇ ਹਿਚਕਿਚਾਹਟ ਨਾਲ ਵਾਕ ਪੂਰਾ ਕੀਤਾ।
"ਪਰ ਕਿਉਂ? - ਨਵੀਂ ਬੰਨੋ ਦੇ ਚਾਅ 'ਚ ਕੀ  ਹੁਣ ਤੇਰਾ ਮੇਰੇ ਤੋਂ ਜੀਅ ਲਹਿ ਗਿਐ?" ਚੰਨੀ ਦਾ ਸਬਰ ਪਿਆਲਾ ਤਿੜਕ ਚੁੱਕਿਆ ਸੀ।
"ਪਹਿਲਾਂ ਗੱਲ ਹੋਰ ਸੀ। ਮੈਂ ਛੜਾ-ਛਾਂਟ ਸੀ। ਹੁਣ ਮੇਰੇ ਸਿਰ 'ਤੇ ਜ਼ਿੰਮੇਵਾਰੀਆਂ ਨੇ। ਮੇਰੇ ਆਪਣੀ ਪਤਨੀ ਪ੍ਰਤਿ ਵੀ ਕੁੱਝ ਫ਼ਰਜ਼ ਬਣਦੇ  ਹਨ - ਤੇਰਾ  ਪਤੀ ਹੈ  ਤੂੰ  ਉਸ  ਨੂੰ  ਪਿਆਰ ਦੇ।  ਮੈਂ…।" ਪਰਮਿੰਦਰ ਨੇ ਆਪਣੇ  ਆਪ  ਨੂੰ ਚੰਨੀ ਦੀਆਂ ਨਜ਼ਰਾਂ ਵਿੱਚ ਦੁਨੀਆਂ ਦਾ ਸਭ ਤੋਂ ਬੇਹਤਰੀਨ ਤੇ ਵਫ਼ਾਦਾਰ ਖ਼ਾਵੰਦ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।
"ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਕਿ ਤੂੰ ਨਿਰੋਲ ਮੇਰਾ ਬਣ ਕੇ ਰਹਿ। ਮੈਂ ਤਾਂ ਸਿਰਫ਼ ਚਾਹੁੰਨੀ ਆਂ ਕਿ ਤੂੰ ਮੇਰੀ ਬੇਰੰਗ ਜ਼ਿੰਦਗੀ ਵਿੱਚ ਆਪਣੇ  ਪਿਆਰ ਦੇ ਰੰਗ ਨਾਲ  ਦੋ ਚਾਰ ਬੁਰਸ਼ ਮਾਰ ਦੇ ਸਿਰਫ਼  ਦੋ ਚਾਰ  ਰੰਗੀਨ  ਸੁਤੰਤਰ  ਲਕੀਰਾਂ ਸਿਰਫ਼  ਦੋ  ਚਾਰ…।"  ਚੰਨੀ  ਨੇ ਲਫ਼ਜ਼ਾਂ ਵਿੱਚ ਆਪਣੀ ਸਾਰੀ ਪੀੜ ਘੋਲ ਕੇ ਕਿਹਾ । 
"ਮੇਰੇ ਘਰੋਂ ਉਹ ਬਹੁਤ ਸੋਹਣੀ ਹੈ। ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਕਿਸੇ  ਕਿਸਮ ਦੇ ਖ਼ਤਰੇ  ਵਿੱਚ  ਨਹੀਂ  ਪਾਉਣਾ  ਚਾਹੁੰਦਾਂ।"  ਪਰਮਿੰਦਰ ਚੰਨੀ ਤੋਂ ਕਿਵੇਂ ਨਾ ਕਿਵੇਂ ਖਹਿੜਾ ਛੁਡਾਉਣਾ ਚਾਹੁੰਦਾ ਸੀ। 
"ਮੈਂ ਵੀ ਤਾਂ ਵਿਆਹੀ ਹਾਂ। ਮੈਨੂੰ ਵੀ ਓਨਾਂ ਹੀ ਰਿਸਕ ਹੈ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਂ ਤੇਰੀ ਆਂ ਪਰਮਿੰਦਰ।"  ਬੇਸਬਰੀ ਤੇ ਬੌਖਲਾਹਟ  ਨਾਲ ਵਾਕ ਪੂਰਾ ਕਰਕੇ ਚੰਨੀ ਫਿਸ ਪਈ।
ਬਦਹਵਾਸੀ  ਵਿੱਚ  ਪਰਮਿੰਦਰ ਤੋਂ ਕਹਿ ਹੋ ਗਿਆ, "ਜਦ ਤੂੰ ਆਪਣੇ ਖਸਮ ਦੀ ਨਹੀਂ ਬਣੀ, ਮੇਰੀ ਕਿੱਥੋਂ ਬਣਜੇਂਗੀ?  ਮੈਂ ਤੇਰੀ ਤਰ੍ਹਾਂ  ਆਪਣੀ  ਜੀਵਨ ਸਾਥਣ ਨਾਲ ਚੀਟਿੰਗ (ਦਗਾ) ਨਹੀਂ ਕਰ ਸਕਦਾ।" 
ਚੰਨੀ ਨੂੰ ਲੱਗਿਆ ਜਿਵੇਂ ਪਰਮਿੰਦਰ ਨੇ ਮੁੱਖੋਂ ਲਫ਼ਜ਼ਾਂ ਦੀ ਬਜਾਏ ਅੱਗ ਉਛੱਲੀ ਹੋਵੇ।
"ਪਰ ਤੂੰ  ਤਾਂ  ਕਹਿੰਦਾ  ਸੀ  ਮੇਰੀਆਂ  ਅੱਖਾਂ  ਤੈਨੂੰ ਬਹੁਤ  ਸ਼ਰਾਬੀ ਲੱਗਦੀਆਂ ਹਨ - ਤੂੰ ਸਾਰੀ ਉਮਰ ਮੇਰੀਆਂ   ਜ਼ੁਲਫ਼ਾਂ  ਵਿੱਚ  ਕੈਦ ਰਹਿਣਾ  ਚਾਹੁੰਦਾ ਹੈਂ- ਮੱਮ  ਮੱਅ ਮਮੈਂ ਤੈਨੂੰ ਆਪਣੀ ਇੱਜ਼ਤ ਲੁੱਟਾਈ ਹੈ।" ਚੰਨੀ ਨੇ ਲੜਖੜਾਉਂਦੀ  ਜ਼ਬਾਨ ਨਾਲ  ਮਸਾਂ ਸ਼ਬਦ  ਇੱਕਠੇ ਕੀਤੇ।  ਚੰਨੀ ਦੀ  ਜ਼ੋਰਦਾਰ  ਭੁੱਬ  ਨਿਕਲ ਗਈ ਤੇ  ਉਹ  ਇੰਝ ਉੱਚੀ  ਉੱਚੀ ਰੋਣ ਲੱਗੀ ਜਿਵੇਂ ਕੋਈ ਬਾਲ ਖਿਡੌਣਾ ਖੋਹੇ ਜਾਣ ਜਾ ਟੁੱਟ ਜਾਣ 'ਤੇ ਰੋਂਦਾ ਹੈ।
"ਚੁੱਪ ਕਰ! ਸਾਲੀਏ, ਤੇਰਾ ਕੀ ਇੰਜਣ ਬਹਿ ਗਿਐ? ਬਈ ਨਵੇਂ ਸਿਰਿਉਂ ਬਨ੍ਹਾਉਂਣਾ ਪਊ।" ਅੱਜ ਪਰਮਿੰਦਰ ਦੇ ਬੁੱਲ੍ਹਾਂ 'ਤੇ ਦਿਲਾਸਿਆਂ ਦੀ ਥਾਂ ਘੂਰ ਸੀ।
ਚੰਨੀ ਦਾ ਕਲਬੂਤ ਝੰਜੋੜਿਆ ਗਿਆ।  ਉਸ ਨੂੰ ਆਪਣਾ ਆਪ ਉਸ ਪਤੰਗ ਦੀ ਭਾਂਤਿ ਲੱਗਿਆ ਜਿਸ ਨੂੰ  ਉੱਡਾਉਣ  ਵਾਲੇ  ਤੋਂ  ਬੇਕਾਬੂ  ਹੁੰਦਿਆਂ  ਵੇਖ ਕਿਸੇ ਹੋਰ ਨੇ ਕਾਟੀ ਪਾ ਕੇ ਆਪਣੀ ਮਲਕੀਅਤ  ਬਣਾਇਆ।  ਦਿਲ  ਪਰਚਾਵੇ ਲਈ  ਉੱਡਾਇਆ, ਤੁਣਕੇ ਮਾਰੇ ਤੇ ਜੀਅ ਭਰਨ 'ਤੇ ਡੋਰ ਤੋੜ ਕੇ ਹਵਾ ਦੇ ਸਹਾਰੇ ਛੱਡ ਦਿੱਤਾ। ਚੰਨੀ ਦੇ ਉੱਥੇ ਹੀ ਹੋਂਠ ਸੀਉਂਤੇ ਗਏ। 
ਵਿਲਕਦੀ, ਅੱਥਰੂ ਪੂੰਝਦੀ ਚੰਨੀ ਕਾਰ ਵਿੱਚੋਂ ਨਿਕਲੀ। ਸੁਪਨਿਆਂ ਦੇ ਸੰਸਾਰ ਚੋਂ ਹਕੀਕਤ ਦੀ ਦੁਨੀਆਂ ਵਿੱਚ ਉਸ ਨੇ ਪਹਿਲੀ ਪਲਾਂਘ ਪੱਟੀ।  ਉਸ ਦੇ ਪੈਰ ਉਸ ਦੇ ਆਪਣੇ ਜਿਸਮ ਦਾ ਭਾਰ ਚੁੱਕਣ ਤੋਂ ਇਨਕਾਰੀ ਸਨ।  ਚੰਨੀ ਨੂੰ ਲੱਗਿਆ ਜਾਣੀ ਪੈਰਾਂ ਵਿੱਚ ਬੇੜੀਆਂ ਪਈਆਂ ਹੋਣ। ਉਹ ਸਿਥਲ ਹੋਈ ਲੱਤਾਂ ਘੜੀਸਦੀ, ਡਿੱਗਦੀ ਢਹਿੰਦੀ ਬੜੀ ਮੁਸ਼ਕਲ ਨਾਲ ਫ਼ੈਕਟਰੀ ਅੱਪੜੀ।   
ਸਾਰਾ ਦਿਨ ਚੰਨੀ ਨੇ  ਪਰਮਿੰਦਰ  ਵੱਲ ਅੱਖ  ਪੱਟ ਕੇ ਵੀ ਨਾ  ਦੇਖਿਆ।  ਸ਼ਾਮ ਨੂੰ ਪਰਮਿੰਦਰ ਨੌਕਰੀ ਤੋਂ ਅਸਤੀਫ਼ਾ ਦੇ ਸਭ ਨੂੰ ਸਦਾ ਲਈ ਅਲਵਿਦਾ  ਕਹਿ ਕੇ ਇਹ ਪੱਜ ਮਾਰ ਗਿਆ ਕਿ ਉਸ ਨੂੰ ਕਿਤੇ ਹੋਰ ਵੱਧ ਤਨਖ਼ਾਹ ਵਾਲਾ ਕੰਮ ਮਿਲ ਗਿਆ ਹੈ।
ਚੰਨੀ ਨੂੰ ਪਰਮਿੰਦਰ ਦੇ ਹਿਜਰ ਦਾ ਅਹਿਸਾਸ ਬਿਲਕੁਲ ਗਗਨ ਦੇ ਵਿਜੋਗ ਵਰਗਾ ਲੱਗਦਾ ਸੀ। ਜਿਸਮ ਦੇ  ਕਿਸੇ  ਅੰਗ ਦੇ  ਵੱਢੇ  ਜਾਣ ਵਰਗੀ  ਉਸ ਦੇ  ਦਿਲ  ਨੂੰ ਖੋਹ ਪੈਂਦੀ ਸੀ। ਜਿਨ੍ਹਾਂ ਖੰਭਾਂ ਉੱਤੇ ਉਹ ਉੱਡੀ ਫਿਰਦੀ ਸੀ। ਉੱਚੀਆਂ ਉੱਚੀਆਂ ਪਰਵਾਜ਼ਾਂ ਭਰਨ ਦੇ ਖ਼ਾਬ ਸਿਰਜੀ ਬੈਠੀ ਸੀ।  ਉਹ  ਝੜ  ਗਏ ਪ੍ਰਤੀਤ ਹੋਏ।  ਚੰਨੀ ਨੇ ਆਪਣੇ ਆਪ ਨੂੰ  ਅਪਾਹਜ  ਹੋਇਆ ਮਹਿਸੂਸ ਕਰਿਆ। ਉਸ ਲਈ ਜ਼ਿੰਦਗੀ ਯਕਦਮ ਫੇਰ ਜਹੰਨਮ ਬਣ ਗਈ।
ਪਰਮਿੰਦਰ ਕੰਮ ਤੋਂ ਜਾ ਚੁੱਕਾ ਸੀ। ਪਰ ਚੰਨੀ ਦੀ ਘੋਰ ਉਦਾਸੀ ਨਹੀਂ ਸੀ ਗਈ, ਬਲਕਿ ਪੈਰ ਗੱਡ ਕੇ ਖੜ੍ਹੋ ਗਈ ਸੀ। ਪਰਮਿੰਦਰ ਦੇ ਜਾਣ ਨਾਲ ਫ਼ੈਕਟਰੀ ਨੂੰ ਕੋਈ ਫ਼ਰਕ ਨਹੀਂ ਸੀ ਪਿਆ। ਯਕੀਨਨ ਪਰਮਿੰਦਰ 'ਤੇ ਵੀ ਕੋਈ ਅਸਰ ਨਹੀਂ ਪਿਆ ਹੋਣਾ। ਲੇਕਿਨ ਚੰਨੀ ਦੀ ਜ਼ਿੰਦਗੀ ਵਿੱਚ ਤਾਂ ਤਰਥੱਲੀ ਮੱਚ ਗਈ ਸੀ।
ਚੰਨੀ ਦੀ ਡਿਊਟੀ ਪ੍ਰੋਡਕਸ਼ਨ ਲਾਇਨ ਤੋਂ ਤਬਦੀਲ ਹੋ ਕੇ ਪੈਕਿੰਗ ਟੇਬਲ 'ਤੇ ਲੱਗ ਗਈ ਸੀ। ਪਰ ਉਸ ਦੀਆਂ ਗਿੱਝੀਆਂ  ਨਜ਼ਰਾਂ  ਘੜੀ-ਮੁੜੀ ਐਂਡ ਔਫ ਦਾ ਲਾਇਨ (ਉਸ ਜਗ੍ਹਾ  ਜਿੱਥੇ ਅਕਸਰ ਪਰਮਿੰਦਰ ਖੜ੍ਹਾ ਕੰਮ ਕਰਦਾ ਹੁੰਦਾ ਸੀ) ਵੱਲ ਚਲੀਆਂ ਜਾਂਦੀਆਂ। ਭਾਵੇਂ ਮੈਨੇਜਮੈਂਟ(ਪ੍ਰਬੰਧਕਾਂ) ਨੇ ਉਸ ਥਾਂ 'ਤੇ ਨਵਾਂ ਚਿਹਰਾ,  ਨਵਾਂ  ਵਜੂਦ  ਖੜ੍ਹਾ ਕਰ ਦਿੱਤਾ ਸੀ। ਪਰ ਚੰਨੀ ਨੂੰ ਉਸ ਸਥਾਨ ਵਿੱਚੋਂ ਅਜੇ ਵੀ ਪਰਮਿੰਦਰ ਦੀ ਹੋਂਦ ਦਾ ਅਹਿਸਾਸ ਹੁੰਦਾ ਤੇ ਉਸ ਦੇ ਜਿਸਮ ਦੀ ਵਾਸ਼ਨਾ ਆਉਂਦੀ ਸੀ।  
ਪਰਮਿੰਦਰ ਦੀ ਜਗ੍ਹਾ ਸਸ਼ੋਬਤ ਮੁੰਡੇ ਦਾ ਨਾਂ ਨਰਿੰਦਰ ਸੀ। ਲੋੜ੍ਹ ਤੋਂ ਜ਼ਿਆਦਾ ਚੰਨੀ ਦੀ ਨਿਗਾਹ ਆਪਣੇ ਵੱਲ ਘੁੰਮਦੀ  ਦੇਖ  ਕੇ  ਨਰਿੰਦਰ ਨੇ  ਸੋਚਿਆ  ਸ਼ਾਇਦ ਚੰਨੀ ਉਸ ਵਿੱਚ ਦਿਲਚਸਪੀ ਲੈ ਰਹੀ ਹੈ। ਇਸ ਲਈ ਉਹ ਪਹਿਲਾਂ ਤਾਂ ਚੰਨੀ ਦੇ ਨੇੜੇ ਤੇੜੇ ਕੱਟੇ ਵੱਛੇ ਬੰਨ੍ਹਣ ਲੱਗ ਗਿਆ ਤੇ ਫੇਰ ਸੁਪਰਵਾਇਜ਼ਅਰ  ਨੰੂੰ ਕਹਿ ਕੇ  ਉਸ  ਨੇ  ਆਪਣੀ  ਬਦਲੀ  ਚੰਨੀ ਕੋਲ ਕਰਵਾ ਲਈ। ਨਰਿੰਦਰ ਨੇ ਨੇੜਤਾ ਹਾਸਲ ਕਰਨ ਲਈ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਉਸ ਨੇ ਗੱਲਾਂ ਰਾਹੀ ਚੰਨੀ ਨੂੰ ਪ੍ਰਭਾਵਿਤ ਕਰਨ ਦਾ ਪੂਰਾ ਜ਼ੋਰ ਲਾਇਆ।  
ਮੰਝਧਾਰ ਵਿੱਚ ਫਸੀ ਚੰਨੀ ਨੂੰ ਨਰਿੰਦਰ ਕਿਨਾਰੇ ਵਰਗਾ ਲੱਗਿਆ। ਉਸ ਸਾਹਿਲ ਵਰਗਾ ਜਿਸ ਤੱਕ ਪਹੁੰਚਣ 'ਤੇ ਹੀ  ਜਾਨ ਸਲਾਮਤੀ ਸੀ।  ਚੰਨੀ ਨੂੰ ਨਰਿੰਦਰ  ਦੀਆਂ ਗੱਲਾਂ ਵਿੱਚੋਂ ਨਿੱਘ ਅਤੇ ਅਪਣੱਤ ਦੀ ਖੁਸ਼ਬੂ  ਆਈ।  ਚੰਨੀ  ਦਾ  ਦਿਲ ਚਾਹੁੰਦਾ  ਸੀ ਕਿ  ਨਰਿੰਦਰ  ਉਸ ਅੱਗੇ ਪ੍ਰੇਮ ਦਾ ਪ੍ਰਸਤਾਵ ਰੱਖੇ ਤੇ ਉਹ ਝੱਟ ਸਵਿਕਾਰ ਲਵੇਗੀ।  ਨਰਿੰਦਰ  ਨੂੰ  ਪ੍ਰਾਪਤ  ਕਰਨ ਲਈ ਉਸ ਦਾ ਦਿਲ ਮਚਲ  ਉੱਠਿਆ।  ਗੱਲਾਂ  ਵਿੱਚ  ਮਸਰੂਫ  ਚੰਨੀ ਤੇ  ਨਰਿੰਦਰ  ਨੂੰ ਤੇਜ਼ੀ ਨਾਲ  ਗੁਜ਼ਰਦੇ ਵਕਤ ਦਾ ਰਤਾ ਵੀ ਗਿਆਨ ਨਾ ਹੋਇਆ ਕਿ ਕਦੋਂ ਚਾਰ ਵੱਜ ਗਏ।
ਫ਼ੈਕਟਰੀ ਵਿੱਚੋਂ ਆਪਣੀ ਸ਼ਿਫਟ ਖ਼ਤਮ ਕਰਕੇ ਘਰੇ ਜਾਂਦੀ ਚੰਨੀ ਨੂੰ ਅੱਜ ਗਗਨ ਵਿਸਰ ਗਿਆ ਸੀ, ਸੁੱਖ ਯਾਦ ਨਹੀਂ ਸੀ ਤੇ ਪਰਮਿੰਦਰ ਨੂੰ ਉਸ ਨੇ ਭੁਲਾ ਦਿੱਤਾ ਸੀ।  ਉਸ ਦੇ ਦਿਮਾਗ ਦੇ ਸੁੰਨੇ ਕੋਨਿਆਂ ਵਿੱਚ ਨਰਿੰਦਰ ਦੇ ਖ਼ਿਆਲ ਹਾਵੀ ਸਨ। ਨਰਿੰਦਰ ਦੁਆਰਾ ਆਪਣੇ ਨੈਣਾਂ ਦੀ ਸਿਫ਼ਤ ਵਿੱਚ ਕਰੀ  ਟਿੱਪਣੀ  ਚੇਤੇ  ਕਰਕੇ  ਚੰਨੀ  ਦਾ ਅੰਗ ਅੰਗ ਮਹਿਕ ਗਿਆ। ਉਸ ਦਾ ਮਨ ਅੰਦਰੋਂ ਨਰਿੰਦਰ ਲਈ ਪਿਆਰ ਨਾਲ ਨੱਕੋ-ਨੱਕ ਭਰ ਗਿਆ।
ਸਾਰੇ  ਇੱਕੋ   ਜਿਹੇ  ਤਾਂ  ਨਹੀਂ ਹੁੰਦੇ। ਚੰਨੀ ਦਾ ਡੋਲਿਆ ਹੋਇਆ ਮਨ  ਤੱਕੜੀ ਦੇ ਭਾਰੇ ਪੱਲੇ ਵਾਂਗ ਨਰਿੰਦਰ ਵੱਲ ਉੱਲਰ ਜਾਣਾ ਚਾਹੁੰਦਾ ਸੀ।
ਨਹੀਂ! ਪਰ ਜੇ  ਇਸ ਨੇ ਵੀ  ਉਸੇ ਤਰ੍ਹਾਂ ਹੀ ਕੀਤਾ।ਫੇਰ?ਜੇ  ਇਸ ਨੇ ਵੀ ਪਰਮਿੰਦਰ ਵਾਂਗੂੰ ਮੈਨੂੰ ਵਰਤ ਕੇ ਮੇਰੀ ਸਾਰ ਨਾ ਪੁੱਛੀ। ਤਾਂ? ਮੈਂ ਕੋਈ ਡੋਰਮੈਟ(ਪਾਇਦਾਨ) ਥੋੜ੍ਹਾ ਹਾਂ, ਜਿਹੜੀ ਹਰੇਕ ਦੇ ਥੱਲੇ ਵਿਛਦੀ ਫਿਰਾਂ? ਤੁਰੰਤ ਹੀ ਚੰਨੀ ਦੇ ਚੌਕਸ ਦਿਮਾਗ ਨੇ ਕਲਪਨਾ ਕਰੀ। ਚੰਨੀ ਨੂੰ ਪੁਨਰਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ। 
ਸੋਚਾਂ ਦੇ ਵਾਵਰੋਲੇ ਵਿੱਚ ਧੂੜ ਦਾ ਕਣ ਬਣੀ ਚੰਨੀ ਘਰੇ ਪਹੁੰਚਣ ਸਾਰ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ। ਸੁੱਖ ਜਦੋਂ ਨੌਕਰੀ ਤੋਂ  ਪਰਤਿਆ  ਤਾਂ ਕਮਰੇ  ਦੀ ਬੱਤੀ ਜਲਾਉਂਦਿਆਂ ਹੀ ਹਨੇਰੇ ਵਿੱਚ ਪਈ ਚੰਨੀ ਨੂੰ ਦੇਖ ਕੇ ਉਸ ਨੂੰ ਚਿੰਤਾ ਹੋਈ। 
"ਚੰਨੀਏ? ਠੀਕ ਏਂ? ਕੁੱਝ ਦੁੱਖਦਾ ਤਾਂ ਨਹੀਂ?"  ਸੁੱਖ ਨੇ  ਚੰਨੀ  ਦੇ  ਕੋਲ  ਮੰਜੇ 'ਤੇ ਬੈਠਦਿਆਂ ਉਸ ਦੇ ਮੱਥੇ 'ਤੇ ਹੱਥ ਰੱਖ ਕੇ ਤਾਪ ਦੇਖਿਆ। ਮੱਥਾ ਠੰਡਾ ਸੀ।
"ਨਹੀਂ। ਠੀਕ ਆਂ।" ਚੰਨੀ ਨੇ ਸੰਖੇਪ ਜਿਹਾ ਉੱਤਰ ਦਿੱਤਾ। 
"ਫਿਰ ਪਈ ਕਿਉਂ ਹੈਂ?" ਸੁੱਖ ਦੀ ਹਮਦਰਦੀ ਦੇ ਬੋਲ ਚੰਨੀ ਦੇ ਸੀਨੇ ਵਿੱਚੋਂ ਵਰਮੇ ਦੀ ਤਰ੍ਹਾਂ ਇੱਕ ਸੁਰਾਖ਼ ਜਿਹਾ ਕਰਕੇ ਦੂਸਰੇ ਪਾਰ ਨਿਕਲ ਗਏ।
"ਓਦਾਂ ਈ ਥੱਕ ਗਈ ਸੀ।"  ਚੰਨੀ ਨੇ ਸੁੱਖ ਤੋਂ ਉਲਟ ਦਿਸ਼ਾ ਵੱਲ ਪਾਸਾ ਪਰਤਿਆ। ਸੁੱਖ ਇਸ਼ਨਾਨ ਕਰਨ  ਚਲਾ  ਗਿਆ।  ਚੰਨੀ  ਬੈੱਡਰੂਮ  ਵਿੱਚ  ਪਈ ਆਪਣੀ ਜ਼ਿੰਦਗੀ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਂਣ ਦਾ ਯਤਨ ਕਰਦੀ ਰਹੀ। 
ਸੁੱਖ ਨੇ ਗੁਸਲਖਾਨੇ ਵਿੱਚੋਂ ਆਵਾਜ਼ ਦਿੱਤੀ, "ਚੰਨੀ?"  
ਚੰਨੀ ਨੇ ਕੋਈ ਉੱਤਰ ਨਾ ਦਿੱਤਾ।  ਉਸ ਨੂੰ ਕੁੱਝ  ਸੁਣਿਆ ਹੀ ਨਹੀਂ ਸੀ। ਉਸ  ਦਾ ਅਚੇਤ ਮਨ ਕਮਰੇ ਚੋਂ ਕੋਹਾਂ ਦੂਰ ਕਿਤੇ ਗੁੰਮਿਆ ਹੋਇਆ ਸੀ।
"ਚੰਨ?" ਸੁੱਖ ਨੇ ਹੋਰ ਉੱਚੀ ਹਾਕ ਮਾਰੀ।
ਇਸ ਵਾਰ ਸੁੱਖ ਦੀ ਅਵਾਜ਼ ਚੰਨੀ ਦੀ ਲੱਗੀ ਲਿਵ ਨੂੰ ਤੋੜਨ ਵਿੱਚ ਸਫਲ ਹੋ ਗਈ, "ਜੀ?" 
"ਚੰਨ ਡਾਰਲਿੰਗ। ਮੈਂ ਟਾਵਲ ਭੁੱਲ ਗਿਆਂ। ਜ਼ਰਾ ਲਿਆ ਕੇ ਦੇਈ।" ਸੁੱਖ ਨੇ ਬੇਨਤੀ ਕੀਤੀ।
"ਹੁਣੇ ਲਿਆਈ।"
ਚੰਨੀ  ਨੇ  ਫੁਰਤੀ  ਨਾਲ  ਅਲਮਾਰੀ  ਵਿੱਚ  ਪਿਆ  ਹੋਇਆ  ਤੌਲੀਆ  ਚੁੱਕਿਆ  ਤਾਂ  ਉਹਦੇ ਹੱਥ ਲਿਬੜੇ ਹੋਏ ਹੋਣ ਕਰਕੇ ਸਫ਼ੈਦ ਤੌਲੀਏ 'ਤੇ ਦਾਗ ਪੈ ਗਏ। ਕੰਮ ਤੋਂ ਹਟਣ ਮਗਰੋਂ ਉਹ ਹੱਥ ਧੋਣੇ ਭੁੱਲ ਗਈ ਸੀ।  ਉਹਨੇ ਤੌਲੀਆ ਮੰਜੇ 'ਤੇ ਰੱਖ ਕੇ ਟਿਸ਼ੂ ਪੇਪਰ ਨਾਲ ਆਪਣੇ ਥਿੰਦੇ ਹੱਥ ਪੂੰਝ ਕੇ ਸਾਫ਼ ਕਰੇ। ਟਿਸ਼ੂ ਕੂੜੇਦਾਨ ਵਿੱਚ ਸੁੱਟਣ ਲੱਗੀ ਉਹ ਟਿਸ਼ੂ ਪੇਪਰ ਦੀ ਤਕਦੀਰ ਬਾਰੇ ਸੋਚਣ ਲੱਗ ਗਈ।  ਉਹਨੂੰ ਕਮਜ਼ੋਰ ਟਿਸ਼ੂ  ਦੀ ਕਿਸਮਤ  ਦੇ ਮੁਕਾਬਲਤਨ ਜਾਨਦਾਰ ਤੌਲੀਏ ਦਾ ਮੁਕੱਦਰ ਸਰੇਸ਼ਟ ਜਾਪਿਆ। ਵਰਤੋਂ ਦੋਨਾਂ ਦੀ ਲਗਭਗ ਇੱਕੋ ਜਿਹੇ ਕਾਰਜਾਂ ਲਈ ਕੀਤੀ ਜਾਂਦੀ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਟਿਸ਼ੂ ਨੂੰ ਇੱਕ ਵਾਰ ਇਸਤੇਮਾਲ ਕਰਕੇ ਸੁੱਟ ਦਿੱਤਾ ਜਾਂਦਾ ਹੈ ਤੇ ਤੌਲੀਏ ਨੂੰ ਕਈ  ਦਫ਼ਾ ਉਪਯੋਗ  ਕੀਤਾ  ਜਾਂਦਾ ਹੈ।  ਜਦੋਂ ਤੌਲੀਆ ਦਾਗੀ ਅਤੇ ਗੰਦਾ ਹੋ ਜਾਂਦਾ ਹੈ ਤਾਂ ਉਸ ਨੂੰ ਪਾਣੀ, ਸਾਬਣ, ਸਰਫ਼, ਸੋਡੇ ਆਦਿ ਪਾ ਕੇ ਧੋਤਾ, ਹੰਘਾਲਿਆ, ਘਚੱਲਿਆ, ਮਲਿਆ, ਥਾਪੜਿਆ ਜਾਂਦਾ ਹੈ। ਮੈਲ-ਮੁਕਤ ਕਰਕੇ ਉਸ ਦੇ ਸਵੱਛ ਰੂਪ ਨੂੰ ਫਿਰ ਤੋਂ ਵਰਤਿਆ ਜਾਂਦਾ ਹੈ ਤੇ ਉਦੋਂ ਤੱਕ ਵਾਰ ਵਾਰ ਸਾਫ਼ ਕਰਕੇ ਹੰਢਾਇਆ ਜਾਂਦਾ ਹੈ ਜਦ ਤੱਕ ਤੌਲੀਆ ਫਟ-ਪਾਟ ਨਹੀਂ ਜਾਂਦਾ। ਸਵੈਯਮ ਇੱਕ ਮੂਰਖਤਾ ਕਰਕੇ ਚੰਨੀ ਵੀ ਤੌਲੀਏ ਤੋਂ ਟਿਸ਼ੂ ਬਣ ਕੇ ਰਹਿ ਗਈ ਸੀ।
ਸੁੱਖ ਦੀ ਹੋਰ ਸੱਦ ਆਉਣ ਤੋਂ ਅੱਗੋਂ ਹੀ ਚੰਨੀ ਨੇ ਤੌਲੀਆ ਚੁੱਕਿਆ ਤੇ ਹਮਾਮ ਵੱਲ ਵਧੀ। ਅੰਦਰੋਂ ਕੁੰਡੀ  ਨਾ  ਲੱਗੀ ਹੋਣ  ਕਰਕੇ  ਗੁਸਲਖਾਨੇ ਦਾ  ਦਰਵਾਜ਼ਾ ਚੰਨੀ ਦੇ ਡੋਰ ਹੈਂਡਲ(ਹੱਥੀ) 'ਤੇ ਹੱਥ ਰੱਖਦਿਆਂ ਹੀ ਖੁੱਲ੍ਹ ਗਿਆ। ਚੰਨੀ ਅੰਦਰ ਦਾਖਲ ਹੋਈ। ਸੁੱਖ ਸਟੈਡਿੰਗ ਬਾਥ-ਟੱਬ ਵਿੱਚ ਅੱਖਾਂ ਮੀਚੀ  ਅਲਫ਼  ਨੰਗਾ ਖੜ੍ਹਾ ਸੀ।   ਫੁਆਰੇ  ਦਾ  ਸਾਰਾ  ਪਾਣੀ  ਸੁੱਖ ਦੇ ਸਿਰ 'ਤੇ  ਡਿੱਗਦਾ ਤੇ ਫਿਰ ਪਾਣੀ ਦੀਆਂ ਘਰਾਲਾਂ ਸੁੱਖ ਦੇ ਜਿਸਮ ਦੇ ਹਰ ਹਿੱਸੇ ਨੂੰ ਗਿੱਲਾ ਕਰਦੀਆਂ ਹੋਈਆਂ ਡਰੇਨ ਵੱਲ ਵਹਿ ਜਾਂਦੀਆਂ। 
ਸੁੱਖ ਦੀ ਪਤਨੀ ਹੋਣ ਕਰਕੇ ਚੰਨੀ ਨੇ ਅਕਸਰ ਉਸ  ਨਾਲ ਵਸਤਰਹੀਣ ਰਾਤਾਂ ਗੁਜ਼ਾਰਈਆਂ ਸਨ ਤੇ ਅਣਗਿਣਤ ਵਾਰ ਉਹਨਾਂ  ਦੇ  ਸ਼ਰੀਰਕ ਸੰਪਰਕ ਹੋਏ ਸਨ।  ਪਰ ਅੱਜ ਤੱਕ ਚੰਨੀ ਨੇ ਕਦੇ ਵੀ ਸੁੱਖ ਦਾ  ਅਣਕੱਜਿਆ  ਜਿਸਮ  ਐਨੀ ਗਹੁ  ਨਾਲ ਨਹੀਂ ਸੀ ਦੇਖਿਆ।  ਗਰਮ ਪਾਣੀ ਪਿੰਡੇ ਤੇ ਪੈਣ ਨਾਲ ਸੁੱਖ ਦੇ  ਸ਼ਰੀਰ ਵਿੱਚੋਂ  ਉੱਠਦੀਆਂ ਭਾਫਾਂ ਵਿੱਚ ਉਹ ਅਰਸ਼ੋਂ ਉਤਰਿਆ ਕੋਈ  ਫ਼ਰਿਸ਼ਤਾ  ਹੀ  ਜਾਪਦਾ  ਸੀ।  ਚੰਨੀ  ਨੇ  ਸੁੱਖ ਦੇ ਹਰ  ਇੱਕ ਅੰਗ ਨੂੰ ਨਿਸ਼ੰਗ ਹੋ ਕੇ ਬੜੀ ਤਸੱਲੀ ਤੇ ਰੀਝ ਨਾਲ ਤੱਕਿਆ। 
ਸੁੱਖ  ਨੇ  ਆਹਿਸਤਾ  ਆਹਿਸਤਾ  ਪਲਕਾਂ  ਖੋਲ੍ਹਦਿਆਂ   ਤੌਲੀਆ  ਫੜਨ   ਲਈ   ਹੱਥ   ਅੱਗੇ ਵਧਾਇਆ। ਚੰਨੀ ਨੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਤੇ ਕੁੱਝ ਕੁ ਪਲਾਂ ਲਈ ਦੋਨਾਂ ਨੇ ਪਲਕਾਂ  ਨਾ  ਝਮਕੀਆਂ।   ਦੋਨੋਂ  ਮੰਤਰ-ਮੁਗਧ ਹੋਏ  ਇੱਕ  ਦੂਜੇ  ਨੂੰ  ਤੱਕਦੇ  ਰਹੇ।  ਯਾਨੀ ਹਿਪਨੋਅਟਾਇਜ਼ ਹੋ ਗਏ ਹੋਣ ਤੇ ਪਰ੍ਹੇ ਦੇਖਣਾ ਉਹਨਾਂ ਦੇ ਬਸ ਤੋਂ ਬਾਹਰ ਦੀ ਗੱਲ ਹੋਵੇ। ਚੰਨੀ ਨੂੰ ਉਸ ਦੀਆਂ ਨਿਗਾਹਾਂ ਵਿੱਚ ਛਲਕਦੀ ਵਾਸਨਾ ਨਜ਼ਰ ਆਈ। ਚੰਨੀ ਨੂੰ ਸੁੱਖ ਦੀ ਇਸ ਪ੍ਰਕਾਰ ਦੀ ਤੱਕਣੀ ਤੋਂ ਲੱਗਿਆ ਕਿ ਜਿਵੇਂ ਸੁੱਖ ਉਸ ਨੂੰ ਕਾਮ ਲਈ ਨਿੰਮਤਰਨ ਕਰ ਰਿਹਾ ਹੋਵੇ। ਚੰਨੀ ਦੇ ਜਿਸਮ ਵਿੱਚ  ਝੁਣਝਣੀ ਫੈਲ ਗਈ।  ਉਸ ਦੇ ਚੁੰਬਕੀ ਅੰਗਾਂ ਨੇ ਉਤੇਜਨਾ ਦੇ ਲੋਹੇ ਨੂੰ ਖਿੱਚ ਕੇ ਫੜ੍ਹ ਲਿਆ। 
ਸੁੱਖ ਨੇ ਉਸਨੂੰ ਡੌਲ੍ਹਿਓ ਪਕੜ ਕੇ ਬਾਥ ਵਿੱਚ ਫੁਹਾਰੇ ਹੇਠ ਖਿੱਚ ਲਿਆ। ਪਾਣੀ ਨਾਲ ਭਿੱਜ ਕੇ ਚੰਨੀ ਦੇ ਕੋਮਲ ਜਿਸਮ ਨਾਲ ਚਿੰਬੜਿਆ ਗੁਲਾਬੀ ਰੰਗ ਦਾ ਸੂਟ, ਸੁੱਖ ਨੂੰ ਆਪਣਾ ਸ਼ਰੀਕ ਜਾਪਿਆ। ਵੇਗ ਵਿੱਚ ਆ ਕੇ ਉਹਨਾਂ ਨੇ ਇੱਕ ਦੂਸਰੇ ਨੂੰ ਬੇਸਬਰੀ ਨਾਲ ਚੁੰਮਣਾ ਸ਼ੁਰੂ ਕਰ ਦਿੱਤਾ। ਸੁੱਖ ਨੇ ਚਾਕਾਂ ਦਰਮਿਆਨ ਹੱਥ ਪਾ ਕੇ ਚੰਨੀ ਦਾ ਜੰਪਰ ਢਾਕਾਂ ਤੋਂ ਉੱਚਾ ਕੀਤਾ। ਚੰਨੀ ਨੇ ਤੀਬਰਗਤੀ ਨਾਲ ਆਪਣੇ  ਸਾਰੇ  ਲੀੜੇ  ਲਾਹ ਕੇ  ਥੱਲੇ ਸੁੱਟ ਦਿੱਤੇ।  ਤੇ ਬਾਥਰੂਮ  ਦੇ ਫ਼ਰਸ਼  ਉੱਤੇ ਹੀ ਉਹ ਇੱਕ ਦੂਸਰੇ ਵਿੱਚ ਆਭੇਦ ਹੋ ਗਏ… ਸੁੱਖ   ਨਾਲ  ਅਲਿੰਗਨਬੱਧ  ਹੋਈ  ਚੰਨੀ ਅੱਜ  ਅਗਲੀਆਂ  ਪਿਛਲੀਆਂ  ਸਾਰੀਆਂ  ਕਸਰਾਂ ਕੱਢ ਲੈਣਾ ਚਾਹੁੰਦੀ ਸੀ। 
ਦੋਨੋਂ ਭੁੰਜੇ ਹੀ ਨਿਢਾਲ ਹੋਏ ਪਏ,  ਛੱਤ ਵੱਲ  ਵੇਖੀ ਜਾ  ਰਹੇ  ਸਨ। ਕੁੱਝ ਸਮੇਂ ਬਾਅਦ ਸੁੱਖ ਨੇ ਪਸਰੀ ਹੋਈ ਚੁੱਪ ਨੂੰ ਤੋੜਦਿਆਂ ਕਿਹਾ, "ਯਾਰ ਅੱਜ ਜਿੰਨਾ ਨ੍ਹੀਂ ਕਦੇ ਇੰਨਜੁਆਏ ਕੀਤਾ।"
"ਚਲੋ ਉੱਠੀਏ।" ਚੰਨੀ ਮੁਸਕੜੀਏ ਹੱਸੀ। 
ਸੁੱਖ ਨੇ ਉੱਠ ਕੇ ਜਾਪਾਨੀ ਡੌਲ ਵਰਗੀ ਚੰਨੀ ਨੂੰ  ਆਪਣੀ ਬੁੱਕਲ ਵਿੱਚ ਚੁੱਕ ਲਿਆ।  ਚੰਨੀ ਦਾ ਤਨ ਮਨ ਤ੍ਰਿਪਤ ਹੋ ਗਿਆ ਸੀ। ਉਹ ਹੌਲੀ ਫੁੱਲ ਹੋਈ ਪਈ ਸੀ। ਸੁੱਖ ਦੀਆਂ ਬਾਹਾਂ ਵਿੱਚ ਚੁੱਕੀ ਹੋਈ ਚੰਨੀ ਕਿਸੇ ਨਿਆਣੇ ਵਾਂਗ ਲੱਗਦੀ ਸੀ। ਸੁੱਖ ਉਸ ਨੂੰ ਲੈ ਕੇ ਬੈੱਡਰੂਮ ਵਿੱਚ ਆ ਗਿਆ ਤੇ ਦੋਨੋਂ ਜਾਣੇ ਬੈੱਡ 'ਤੇ ਡਿੱਗ ਪਏ।
ਚੰਨੀ ਨੂੰ ਪਿਆਰ ਦੀ ਸਮਝ ਹੀ ਅੱਜ ਆਈ ਸੀ। ਹੁਣ ਉਸ ਦੇ ਦਿਲ ਅੰਦਰ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਜਾਗ ਪਈ ਸੀ।  ਚੰਨੀ ਨੂੰ ਆਪਣੀ  ਗ਼ਲਤੀ ਦਾ ਅਹਿਸਾਸ ਹੋ ਗਿਆ ਸੀ  ਕਿ ਕਦੇ ਉਸ ਨੇ ਸੁੱਖ ਨੂੰ ਪਿਆਰ ਕਰਕੇ  ਦੇਖਿਆ  ਹੀ ਨਹੀਂ ਸੀ। ਸੁੱਖ ਦੀ ਬਜਾਏ ਗਗਨ, ਪਰਮਿੰਦਰ ਅਤੇ ਨਰਿੰਦਰ ਤੋਂ ਪਿਆਰ ਲੱਭਦੀ ਰਹੀ ਸੀ। ਇਹ ਸੋਚਦਿਆਂ ਸਾਰ ਚੰਨੀ ਨੂੰ ਆਪਣੀ ਬੇਵਕੂਫ਼ੀ 'ਤੇ ਪਛਤਾਵਾ ਹੋਇਆ।  ਉਹਦੀ ਆਤਮਾ ਮਣ ਮਣ ਭਾਰ ਤਲੇ ਦੱਬੀ ਗਈ।
ਚੰਨੀ ਨੇ ਸੁੱਖ ਦੀਆਂ ਅੱਖਾਂ ਵਿੱਚ ਤੱਕਿਆ, ਚੰਨੀ ਨੂੰ ਸਰੂਰੀ ਜਿਹੀ ਹੋਈ।  ਉਸ ਨੂੰ ਜ਼ਿੰਦਗੀ ਵਿੱਚ ਅੱਜ ਪਹਿਲੀ ਵਾਰ ਕਿਸੇ ਮਰਦ ਦੀਆਂ ਅੱਖਾਂ  ਨਸ਼ੀਲੀਆਂ ਲੱਗੀਆਂ।  ਉਸ ਨੂੰ ਸੁੱਖ ਦੁਨੀਆਂ ਦੇ ਕੁੱਲ ਮਰਦਾਂ ਦੀਆਂ ਖੂਬੀਆਂ ਦਾ ਨਿਚੋੜ ਤੇ ਪਿਆਰ ਦਾ ਮੁਜੱਸਮਾ ਜਾਪਿਆ। ਚੰਨੀ ਕੁੱਝ ਪਲ ਉਸ ਦੀਆਂ ਅੱਖਾਂ ਵਿੱਚ ਤੱਕਦੀ ਰਹੀ ਤੇ ਫੇਰ  ਉਸ ਨੇ ਆਪਣੇ  ਹੱਥ ਨਾਲ ਢੱਕ ਕੇ ਸੁੱਖ ਦੀਆਂ ਪਲਕਾਂ ਬੰਦ ਕਰ ਦਿੱਤੀਆਂ। ਚੰਨੀ ਲਈ ਏਨਾ ਕੁ ਨਸ਼ਾ ਹੀ ਉਸ ਨੂੰ ਕਮ-ਅਜ਼-ਕਮ ਜੀਵਨ ਭਰ ਮਦਹੋਸ਼ ਰੱਖਣ ਲਈ ਕਾਫ਼ੀ ਸੀ। ਨਸ਼ਈ ਹੋਣ ਪਿੱਛੋਂ ਆਪਣੀਆਂ ਅੱਖਾਂ ਵੀ ਮੀਚਦੀ ਹੋਈ ਉਹ ਸੁੱਖ ਦੇ ਧੜ ਨਾਲ ਚਿੰਬੜ ਗਈ।



****

No comments:

Post a Comment