ਫ਼ਰਕ

ਵਕਤ ਕੋਈ ਬਹੁਤਾ ਨਹੀਂ ਸੀ ਹੋਇਆ। ਸ਼ਾਮ ਦੇ ਛੇ ਹੀ ਵੱਜੇ ਸਨ। ਪਰ ਸਿਆਲ ਦੀ ਰੁੱਤ ਹੋਣ ਕਰਕੇ ਹਨੇਰਾ ਤਾਂ ਚਾਰ ਵਜੇ ਤੋਂ ਹੀ ਪਸਰਨਾ ਸ਼ੁਰੂ ਹੋ ਜਾਂਦਾ ਹੈ। ਆਵਾਜਾਈ ਦੇ ਸਾਧਨਾਂ ਦੀ ਰੋਸ਼ਨੀ ਤੇ ਸਟਰੀਟ ਲੈਪਾਂ ਦਾ ਚਾਨਣ, ਦੋਵੇਂ ਖੌਫ਼ਨਾਕ ਹਨੇਰੇ ਨਾਲ ਉਸ ਦੀ ਹਸਤੀ ਮਿਟਾਉਣ ਦੇ ਯਤਨਾਂ ਵਿੱਚ ਦੋ ਦੋ ਹੱਥ ਕਰਕੇ ਆਪਣੀ ਹਾਰ ਸਵਿਕਾਰ ਚੁੱਕੇ ਸਨ। ਫਿਜ਼ਾ ਨੂੰ ਕਾਲੀ-ਕਲੋਟੀ ਕਰਕੇ ਆਪਣੀ ਤਾਕਤ ਦੀ ਧਾਕ ਜਮਾ ਚੁੱਕੇ ਘੁੱਪ ਹਨੇਰੇ ਵਿੱਚ ਟਰੈਫਿਕ ਨੂੰ ਚੀਰਦੀ ਬੱਸ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ। 
ਫਰੀਕੁਐਂਟ ਸਰਵਿਸ ਦੀ ਬੁਲ ਸਟਰੀਟ ਤੋਂ ਰਵਾਨਾ ਹੋਣ ਵਾਲੀ ਅੰਤਿਮ ਬੱਸ ਹੋਣ ਕਰਕੇ, ਇਹ ਦੋ-ਛੱਤੀ ਲਾਰੀ ਯਾਤਰਿਆਂ ਨਾਲ ਉੱਪਰੋਂ ਥੱਲਿਉਂ ਭਰੀ ਪਈ ਸੀ। ਇਸ ਤੋਂ ਬਾਅਦ ਬੱਸ ਸਰਵਿਸ ਘੱਟ ਕੇ ਘੰਟੇ-ਘੰਟੇ ਬਾਅਦ ਹੋ ਜਾਣੀ ਸੀ। ਬੱਸ ਵਿੱਚ ਮੁਰਗੀਖਾਨੇ ਵਰਗਾ ਮਾਹੌਲ ਸੀ। ਕੁਕੜਾਂ ਦੀ ਕੌ-ਕੌ ਵਾਂਗ ਗੱਲਾਂ ਨਾਲ ਸ਼ੋਰ ਪੈਦਾ ਕਰਨ ਵਿੱਚ ਸਭ ਸਵਾਰੀਆਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਸਨ। ਉਹਨਾਂ ਵਿੱਚੋਂ ਜੇ ਕੋਈ ਖਾਮੋਸ਼ ਸੀ ਤਾਂ ਸਿਰਫ, ਨਿਤਾਸ਼ਾ ਵਿਲੀਅਮਸ ਸੀ। ਉਹ ਹੇਠਲੀ ਸਤਹਾ ’ਤੇ ਮਗਰ ਜਿਹੇ ਮੋਟਰ ਦੇ ਪਿਛਲੇ ਚੱਕਿਆਂ ਦੇ ਐਨ ਉੱਤੇ ਬਣੀ, ਉੱਚੀ ਸੀਟ ਮੱਲੀ ਬੈਠੀ ਸੀ। ਬਾਰੀ ਵਾਲੇ ਪਾਸੇ ਬੈਠੀ ਹੋਣ ਕਰਕੇ ਕੁੱਝ ਦੇਰ ਤੋਂ ਉਹ ਸ਼ੀਸੇ ਰਾਹੀ ਬਾਹਰ ਵਾਹਨਾਂ ਦੀ ਯਾਤਾਯਾਤ ਨੂੰ ਦੇਖ ਰਹੀ ਸੀ। ਸੜਕਾਂ ਦੇ ਜਾਲ ਉੱਪਰ ਸੱਪ ਵਾਂਗੂੰ ਮੇਲਦੀ ਹੋਈ, ਚੱਕਰ-ਚੌਕਾਂ(ਰਾਂਊਡ ਅਬਾਊਟ) ਦੀ ਪ੍ਰਕਿਰਮਾ ਕਰਕੇ ਸ਼ਹਿਰੋਂ ਬਾਹਰ ਨਿਕਲਣ ਦਾ ਰਾਹ ਲੱਭਦੀ ਬੱਸ ਦੇ ਝੂਟਿਆਂ ਵਿੱਚੋਂ, ਅੱਜ ਤੀਜੇ ਦਿਨ ਹੀ ਨਿਤਾਸ਼ਾ ਦੀ ਦਿਲਚਸਪੀ ਮਰ ਗਈ ਸੀ।
ਰੋਜ਼ਾਨਾ ਬਰਮਿੰਘਮ ਸਿਟੀ ਸੈਂਟਰ ਕੋਲ ਡਿੱਗਬੱਥ ਨੌਕਰੀ ਕਰਨ ਨਿਤਾਸ਼ਾ ਆਪਣੀ ਕਾਰ ਵਿੱਚ ਆਇਆ ਜਾਇਆ ਕਰਦੀ ਸੀ। ਪਰ ਪਿਛਲੇ ਦੋ ਦਿਨਾਂ ਤੋਂ ਕਾਰ ਖਰਾਬ ਹੋਣ ਕਾਰਨ ਉਸ ਨੂੰ ਬੱਸ ’ਤੇ ਆਉਣਾ ਪੈ ਰਿਹਾ ਸੀ। ਤੇਜ਼ ਰਫਤਾਰ ਕਾਰ ਦੇ ਅਰਾਮਦਾਇਕ ਸਫਰ ਦੀ ਆਦੀ ਹੋਣ ਮਗਰੋਂ ਧੀਮੀ ਚਾਲ ਅਤੇ ਮੁੱਕਣ ’ਚ ਨਾ ਆਉਣ ਵਾਲੀ ਬੱਸ ਯਾਤਰਾ ਨੇ ਉਸ ਨੂੰ ਬੁਰੀ ਤਰ੍ਹਾਂ ਅਕਾ ਦਿੱਤਾ ਸੀ। 
ਆਵਾਜ਼ਾਰ ਹੁੰਦਿਆਂ ਬਾਹਰੋਂ ਧਿਆਨ ਹਟਾ ਕੇ ਨਿਤਾਸ਼ਾ ਨੇ ਸੀਟ ਦੀ ਢੋਅ ਨਾਲ ਟੇਕ ਲਾ ਕੇ ਅੱਖਾਂ ਬੰਦ ਕਰ ਲਈਆਂ। ਥੱਕੀ ਹੋਈ ਹੋਣ ਕਰਕੇ ਢੀਚਕ ਢੀਚਕ ਚੱਲਦੀ ਬੱਸ ਦੇ ਹਲੋਰਿਆਂ ਨਾਲ ਉਸ ਨੂੰ ਨੀਂਦ ਆਉਣ ਲੱਗੀ। ਇੱਕ ਬਹੁਤ ਹੀ ਸੰਖੇਪ ਜਿਹਾ ਢੌਂਕਾ ਲਾ ਕੇ ਉਸ ਨੇ ਅੱਖਾਂ ਖੋਲ੍ਹੀਆਂ ਤੇ ਆਲਸ ਦੂਰ ਕਰਨ ਲਈ ਸਿਰ ਝਟਕਿਆ। ਤੇ ਫਿਰ ਆਪ ਹੀ ਇਹ ਸੋਚ ਅੱਖਾਂ ਮੁੜ ਬੰਦ ਕਰ ਲਈਆਂ
ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk
ਕਿ ਮੈਂ ਕਿਹੜਾ ਕਿਤੇ ਰਾਸਤੇ ਵਿੱਚ ਉੱਤਰਨੈ,  “ਬਈ ਸੁੱਤੀ ਪਈ ਤੋਂ ਅੱਡਾ ਲੰਘ ’ਜੂ। ਧੁਰ ਤਾਂ ਜਾਣੈ। ਬੱਸ ਸਟੇਸ਼ਨ ਤੋਂ ਇੱਕ ਮੀਲ ਈ ਉਰੇ ਉੱਤਰਨਾ ਵਾ,  ਪੂਰਾ ਡੇਢ ਘੰਟਾ ਬੈਠ ਕੇ ਫਾਲਤੂ ਗੁਆਉਣ ਨਾਲੋਂ ਕਿਉਂ ਨਾ ਸੌਂ ਕੇ ਲਾਹਾ ਲਵਾਂ।”
ਇਹ ਨਿਤਾਸ਼ਾ ਦੀ ਬਦਕਿਸਮਤੀ ਸੀ ਕਿ ਵੈਸਟ ਮਿਡਲੈਂਡ ਟਰੈਵਲ ਦੀਆਂ ਬਰਮਿੰਘਮ ਵਿੱਚ ਚੱਲਦੀਆਂ ਤਮਾਮ ਲੋਕਲ ਬੱਸਾਂ ਨਾਲੋਂ ਇਸੇ 79 ਨੰਬਰ ਬੱਸ ਦਾ ਰੂਟ ਹੀ ਸਭ ਤੋਂ ਲੰਮੇਰਾ ਸੀ। ਐਨਾ ਲੰਮਾ ਸਫਰ ਕਿ ਬੰਦਾ ਟਾਊਨ ਸੈਂਟਰ ਤੋਂ ਚੜ੍ਹਦੀ ਜਵਾਨੀ ਵਿੱਚ ਬੈਠੇ ਤਾਂ ਵੁਲ੍ਹਵਰਹੈਪਟਨ ਬੱਸ ਸਟੇਸ਼ਨ ’ਤੇ ਉੱਤਰਨ ਤੱਕ ਬੁੱਢਾ ਹੋ ਜਾਵੇ। 
ਇੱਕ ਜਗ੍ਹਾ ਬੱਸ ਰੁੱਕੀ। ਨਵੀਆਂ ਸਵਾਰੀਆਂ ਚੜ੍ਹੀਆਂ ਤੇ  ਕੁੱਝ ਪੁਰਾਣੀਆਂ ਉੱਤਰੀਆਂ। ਮੁਸਾਫਰਾਂ ਦੇ ਸ਼ੋਰ ਅਤੇ ਪੈਰਾਂ ਦੀਆਂ ਟਾਪਾਂ ਦੇ ਖੜਾਕ ਨਾਲ ਡਰਦੀ ਨੀਂਦਰ ਨਿਤਾਸ਼ਾ ਨੂੰ ਦਗਾ ਦੇ ਕੇ ਭਗੌੜੀ ਹੋ ਗਈ।
ਬੱਸ ਦੁਬਾਰਾ ਤੁਰੀ ਤਾਂ ਨਿਤਾਸ਼ਾ ਫਿਰ ਸੌਣ ਦਾ ਯਤਨ ਕਰਨ ਲੱਗੀ। 
ਉੱਥੋਂ ਚੱਲ ਕੇ ਬੱਸ ਅਜੇ ਗਤੀ ਫੜ੍ਹ ਹੀ ਰਹੀ ਸੀ ਕਿ ਕੋਈ ਹੋਰ ਅੱਡਾ ਆ ਗਿਆ। ਲੋਕਾਂ ਦੇ ਰੌਲ੍ਹੇ-ਗੌਲ੍ਹੇ ਨੇ ਬੱਸ ਸਿਰ ’ਤੇ ਚੁੱਕ ਲਈ ਸੀ। ਨਿਤਾਸ਼ਾ ਨੇ ਪਲਕਾਂ ਖੋਲ੍ਹ ਕੇ ਆਸੇ ਪਾਸੇ ਦੇਖਿਆ। ਇੱਕ ਅੰਗਰੇਜ਼ ਔਰਤ ਤੇ ਉਸ ਦਾ ਅੱਠ ਦਸ ਸਾਲ ਦਾ ਨਿਆਣਾ, ਉਸ ਨਾਲ ਆ ਬੈਠੇ ਸਨ। ਉਹਨਾਂ ਨੂੰ ਔਖੇ ਬੈਠਿਆਂ ਦੇਖ ਕੇ ਨਿਤਾਸ਼ਾ ਇੱਕਠੀ ਜਿਹੀ ਹੋ, ਖਿਸਕ ਕੇ ਬਾਰੀ ਨਾਲ ਲੱਗ ਗਈ।
ਤੁਰੀ ਜਾਂਦੀ ਬੱਸ ’ਚ ਨਿਤਾਸ਼ਾ ਨੇ ਫੇਰ ਸੌਣ ਦੀ ਕੋਸ਼ਿਸ਼ ਵਿੱਚ ਅੱਖਾਂ ਮੀਚੀਆਂ ਤਾਂ ਝੱਟ ਹੀ ਬੱਸ ਫੇਰ ਰੁੱਕ ਗਈ। ਕਿਸੇ ਨੇ ਲਹਿਣਾ ਸੀ। ਇੱਕ ਥਾਂ ਤੋਂ ਚੱਲ ਕੇ ਮੁਸ਼ਕਿਲ ਨਾਲ ਸੌ ਦੋ ਸੌ ਗਜ਼ ਦੀ ਦੂਰੀ ਤਹਿ ਕਰਕੇ ਬੱਸ ਅਗਲੇ ਅੱਡੇ ਉੱਤੇ ਰੁੱਕ ਜਾਂਦੀ। ਫਿਰ ਲਾਰੀ ਜੰਗ ਦੌਰਾਨ ਗੋਡਿਆਂ ਦੇ ਬਲ ਅਤੇ ਕੂਹਣੀਆਂ ਦੇ ਭਾਰ ਰੀਂਗਦੇ ਫੌਜੀਆਂ ਦੀ ਰਫ਼ਤਾਰ ਜਿੰਨੀ ਚਾਲ ਨਾਲ ਰੁੜਦੀ ਤੇ ਅਜੇ ਮਸਾਂ ਗਤੀ ਫੜ੍ਹ ਹੀ ਰਹੀ ਹੁੰਦੀ ਸੀ ਕਿ ਅੱਗੋਂ ਹੋਰ ਕਿਸੇ ਨੇ ਉੱਤਰਨਾ ਜਾਂ ਚੜ੍ਹਨਾ ਹੁੰਦਾ। ਫਿਰ ਖੜ੍ਹ ਜਾਂਦੀ। ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਨਿਤਾਸ਼ਾ ਨੂੰ ਐਨੀ ਨੇੜੇ-ਨੇੜੇ ਅੱਡੇ ਬਣਾਉਣ ਵਾਲਿਆ ਉੱਤੇ ਬਹੁਤ ਖਿਝ ਆਈ।
  ਅਖੀਰ ਨਿਤਾਸ਼ਾ ਨੇ ਸੌਣ ਦਾ ਵਿਚਾਰ ਤਿਆਗ ਦਿੱਤਾ। ਬੱਸ ਹੌਕਲੀ ਫਲਾਈ ਓਵਰ ਤੋਂ ਪਾਰ ਹੈਂਡਸਵਰਥ ਦੇ ਇਲਾਕੇ ਵਿੱਚ ਦਾਖਲ ਹੋ ਗਈ ਸੀ। ਨਿਤਾਸ਼ਾ ਦੇ ਨਾਲ ਦੀ ਸੀਟ ’ਤੇ ਬੈਠੀ ਗੋਰੀ ਦੇ ਬੱਚੇ ਨੇ ਆਪਣੀ ਮਾਂ ਦੀ ਬਾਂਹ ਖਿੱਚ ਕੇ  ਇੱਕ ਆਦਮੀ ਵੱਲ ਉਂਗਲ ਦਾ ਇਸ਼ਾਰਾ ਕਰਦਿਆਂ ਕਿਹਾ, “ਮੰਮ ਮੰਮ, ਔਹ” 
“ਕੀਅ…ਈ?” ਕਿਤਾਬ ਪੜ੍ਹਨ ਵਿੱਚ ਮਸਰੂਫ ਗੋਰੀ ਨੇ ਬੱਚੇ ਵੱਲ ਕੋਈ ਤਵੱਜੋ ਨਾ ਦਿੰਦਿਆਂ ਆਖਿਆ।
“ਮੰਮ ਔਹ ਭਾਈ ਕੋਲ ਨਾਈਫ।” ਬੱਚੇ ਨੇ ਆਪਣੀ ਮਾਂ ਨੂੰ ਸੁਚੇਤ ਅਤੇ ਆਪਣੇ ਡਰ ਤੋਂ ਜਾਣੂ ਕਰਵਾਇਆ। 
“ਕੋਈ ਨ੍ਹੀਂ।” 
ਉਸ ਦੀ ਮਾਂ ਨੇ ਤਾਂ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਪਰ ਜਦੋਂ ਨਿਤਾਸ਼ਾ ਨੇ ਉਸ ਸਿੱਖ ਪੁਰਸ਼ ਵੱਲ ਤੱਕਿਆ ਤਾਂ ਉਸ ਦਾ ਸੰਘ ਵਿੱਚ ਸਾਹ ਹੀ ਅਟਕ ਗਿਆ। ਅੰਮ੍ਰਿਤਧਾਰੀ ਹੋਣ ਕਰਕੇ ਉਸ ਦੀ ਪਹਿਨੀ ਹੋਈ ਖੜਗ ਦੀ ਸੋਨੇ ਰੰਗੀ ਮਿਆਨ ਫਲੋਰਸੈਂਟ (ਪ੍ਰਤੀਦੀਪਤੀ) ਟਿਊਬ ਲਾਇਟਾਂ ਦੇ ਚਾਨਣ ਵਿੱਚ ਅਸਮਾਨੀ ਬਿਜਲੀ ਵਾਂਗੂੰ ਲਿਸ਼ਕ ਰਹੀ ਸੀ।
“ਤੁਹਾਡਾ ਬੱਚਾ ਠੀਕ ਕਹਿੰਦਾ ਹੈ। ਸੱਚੀਂ ਕਟਾਰ ਹੈ ਇਸ ਕੋਲ ਤਾਂ।” ਨਿਤਾਸ਼ਾ ਨੇ ਉਸ ਔਰਤ ਦੇ ਕੰਨ ਕੋਲ ਮੂੰਹ ਕਰਕੇ ਕਿਹਾ।
ਉਸ ਔਰਤ ਨੇ ਕਿਤਾਬ ਤੋਂ ਨਜ਼ਰ ਹਟਾ ਕੇ ਪਹਿਲਾਂ ਨਿਤਾਸ਼ਾ ਵੱਲ ਤੇ ਫਿਰ ਉਸ ਪੰਜਾਬੀ ਦਸਤਾਰਧਾਰੀ ਸਖਸ਼ ਵੱਲ ਦੇਖਿਆ। ਉਸ ਦੇ ਲੱਕ ਦੇ ਸੱਜੇ ਪਾਸੇ ਵਾਕਈ ਹੀ ਛੋਟੀ ਜਿਹੀ ਚੌਹ ਕੁ ਉਂਗਲਾਂ ਦੀ ਕਿਰਪਾਨ ਝੂਲ ਰਹੀ ਸੀ।
“ਦੇਖਣ ਨੂੰ ਵੀ ਬਦਮਾਸ਼ ਜਿਹਾ ਲੱਗਦੈ। ਡਰਾਉਣਾ… ਖਤਰਨਾਕ… ਵਹਿਸ਼ੀ… ਤਾਲੀਬਾਨ…।” ਨਿਤਾਸ਼ਾ ਉਸ ਔਰਤ ਨਾਲ ਖੁੱਲ੍ਹਣਾ ਚਾਹੁੰਦੀ ਸੀ।
“ਅੱਛਾ, ਔਹ ਬੰਦਾ ਕਿਵੇਂ ਦਾ ਲੱਗਦਾ ਹੈ?” ਉਸ ਔਰਤ ਨੇ ਨਿਤਾਸ਼ਾ ਨੂੰ ਕੋਈ ਹੋਰ ਭਾਰਤੀ ਮਨੁੱਖ ਦਿਖਾਇਆ।
“ਮੈਨੂੰ ਤਾਂ ਇਹ ਕਰੀ (ਛੁਰਰੇ) ਖਾਣੇ ਲੋਕ ਉੱਕਾ ਈ ਪਸੰਦ ਨਹੀਂ। ਉਂਝ ਦੇਖਣ ਨੂੰ ਵੀ ਸਭ ਏਸ਼ੀਅਨ ਮੁਸ਼ਟੰਡੇ ਜਿਹੇ ਲੱਗਦੇ ਨੇ।” ਨਿਤਾਸ਼ਾ ਨੇ ਫਿਰ ਕਾਨਾਫੂਸੀ ਕੀਤੀ।
“ਤੇਰੇ ਖਿਆਲਾਤ ਚੋਂ ਨਸਲਵਾਦ ਦੀ ਬੂ ਆਉਂਦੀ ਹੈ। ਤੇਰੇ ਵਰਗੀ ਹੁਸੀਨ ਤੇ ਸੱਭਿਅਕ ਮੁਟਿਆਰ ਨੂੰ ਐਨਾ ਤੰਗ ਨਜ਼ਰੀਆ ਸ਼ੋਭਾ ਨਹੀਂ ਦਿੰਦਾ।” ਉਸ ਔਰਤ ਨੇ ਨਿਤਾਸ਼ਾ ਨੂੰ ਦਰੀ ਵਾਂਗਰ ਝਾੜ ਕੇ ਰੱਖ ਦਿੱਤਾ।
“ਨਹੀਂ ਮੇਰਾ ਮਤਲਬ…।” ਨਿਤਾਸ਼ਾ ਉਸ ਮੂਹਰੇ ਛਿੱਥੀ ਜਿਹੀ ਹੋ ਗਈ ਤੇ ਉਸ ਨੂੰ ਕੋਈ ਗੱਲ ਨਾ ਅਹੁੜੀ।
  “ਵੈਸੇ ਤੈਨੂੰ ਕੀ ਬੁਰਾ ਲੱਗਦਾ ਹੈ ਇਹਨਾਂ ਬਾਰੇ?”
“ਬਹੁਤ ਕੁੱਝ, ਕੀ ਕੀ ਗਿਣਾਵਾਂ?”
“ਜਿਵੇਂ ਕਿ?”
ਉਸ ਪੱਗ ਵਾਲੇ ਜਵਾਨ ’ਤੇ ਨਜ਼ਰਾਂ ਇਕਾਗਰ ਕਰਦਿਆਂ ਨਿਤਾਸ਼ਾ ਬਿਆਨ ਕਰਨ ਲੱਗ ਪਈ, “ਮਸਲਨਇਹ ਲੋਕ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜ਼ਾ ਨਹੀਂ ਦਿੰਦੇ। ਜਨਾਨੀ ਨੂੰ ਦਬਾ ਕੇ ਰੱਖਦੇ ਨੇ, ਜਿਵੇਂ ਕੋਈ ਜ਼ਰਖੇਜ ਗੁਲਾਮ ਹੋਵੇ। ਇਹ ਬੀਵੀ ਨੂੰ  ਨਿਆਣੇ ਜੰਮਣ ਵਾਲੀ ਮਸ਼ੀਨ ਤੇ ਸਾਂਭਣ ਗੋਲਪੁਣੇ ਵਾਲੀ ਕਰਨ ਵਾਲੀ ਨੌਕਰਾਣੀ ਤੋਂ ਵੱਧ ਕੁੱਝ ਨਹੀਂ ਸਮਝਦੇ। ਇਹ ਲੋਕ ਤੀਵੀਂ ਨੂੰ ਬਿਲਕੁਲ ਪਿਆਰ ਨਹੀਂ ਕਰਦੇ, ਬੱਸ ਸੰਭੋਗ ਅਨੰਦ ਲਈ ਹੀ ਇਸਤੇਮਾਲ ਕਰਦੇ ਨੇ। ਇਹ ਚਾਹੁੰਦੇ ਨੇ ਔਰਤ ਇਹਨਾਂ ਦੇ ਜੁਲਮ, ਤਸ਼ੱਦਦ ਅੱਗੇ ਉੱਫ ਤੱਕ ਨਾ ਕਰੇ ਤੇ ਸਦਾ ਅਬਲਾ ਬਣ ਕੇ ਸਹਿੰਦੀ ਰਹੇ। ਇਹ ਔਰਤ ਨਾਲ ਪੈਰ ਦੀ ਜੁੱਤੀ ਨਾਲੋਂ ਬਦਤਰ ਸਲੂਕ ਕਰਦੇ ਨੇ।”
ਉਸ ਔਰਤ ਨੇ ਨਿਤਾਸ਼ਾ ਨੂੰ ਵਿੱਚੋਂ ਟੋਕਦਿਆਂ ਕਿਹਾ, “ਤੇ ਆਪਣੇ ਅੰਗਰੇਜ਼ ਕੀ ਔਰਤ ਨੂੰ ਸਿਰ ਦਾ ਤਾਜ ਬਣਾ ਕੇ ਰੱਖਦੇ ਨੇ। ਚਾਰ ਦਿਨ ਨਾਲ ਸੌਂਅ ਕੇ ਨਜ਼ਾਰੇ ਲੁੱਟਦੇ ਨੇ। ਰੱਬ ਜਿੱਡੇ-ਜਿੱਡੇ ਵਾਅਦੇ ਕਰਦੇ ਆ। ਜਦੋਂ ਜੀਅ ਭਰ ਜਾਵੇ ਜਾਂ ਅਗਲੀ ਗਰਭਵਤੀ ਹੋ ਜਾਵੇ ਤਾਂ ਤਿੱਤਰ ਵਾਂਗ ਉਡਾਰੀ ਮਾਰ ਜਾਂਦੇ ਨੇ। ਆਪੇ ਮਗਰੋਂ ਔਰਤ ਸਾਂਭਦੀ ਰਹੇ ਨਿਆਣੇ ਨੂੰ। ਜਾਣਦੀ ਏ ਪਿਛਲੇ ਦੋ ਸਾਲਾਂ ’ਚ ਹੀ ਇੰਗਲੈਂਡ ਵਿਚਲੀਆਂ ਸਿੰਗਲ ਮਦਰਜ਼ (ਇਕੱਲੀਆਂ ਮਾਵਾਂ) ਦੀ ਗਿਣਤੀ ਦੀ ਦਰ ਵਿੱਚ ਕਿੰਨੇ ਪ੍ਰਤਿਸ਼ਤ ਵਾਧਾ ਹੋਇਐ?”
ਨਿਤਾਸ਼ਾ ਉਸ ਦੇ ਮੂੰਹ ਵੱਲ ਹੀ ਦੇਖਦੀ ਰਹਿ ਗਈ, ਕਿਉਂਕਿ ਉਸ ਦੀ ਆਪਣੀ ਇਸ ਮੌਜੂ ’ਤੇ ਜਾਣਕਾਰੀ ਬਿਲਕੁਲ ਹੀ ਨਾ-ਮਾਤਰ ਸੀ।
“ਮੈਂ ਤੁਹਾਡੇ ਵਿਚਾਰ ਨਾਲ ਵੀ ਸਹਿਮਤ ਹਾਂ। ਮੰਨਦੀ ਹਾਂ ਕੁੱਝ ਆਪਣੀ ਕੌਮ ਦੇ ਇਨਸਾਨ ਵੀ ਕਮੀਨਗੀਆਂ ਕਰ ਜਾਂਦੇ ਹਨ। ਪਰ ਉਸ ਲਈ ਮੈਂ ਫਿਰ ਇਹਨਾਂ ਨੂੰ ਹੀ ਦੋਸ਼ੀ ਠਹਿਰਾਉਂਦੀ ਹਾਂ। ਇੱਕ ਗੰਦੀ ਮੱਛੀ ਸਾਰਾ ਤਲਾਅ ਲਬੇੜ ਦਿੰਦੀ ਹੈ। ਇਹ ਸਾਰਾ ਇਹਨਾਂ ਪੂਰਬੀ ਲੋਕਾਂ ਦੀ ਸੰਗਤ-ਸੋਹਬਤ ਦਾ ਹੀ ਅਸਰ ਹੈ। ਸਭ ਇਹਨਾਂ ਦੀਆਂ ਹੀ ਮਿਹਰਬਾਨੀਆਂ ਦਾ ਨਤੀਜਾ ਹੈ।”
“ਉਹ ਕਿਵੇਂ?” ਉਸ ਨੇ ਜਗਿਆਸਾ ਪ੍ਰਗਟ ਕੀਤੀ।
“ਜਿੰਨੇ ਬੁਰੇ ਕੰਮ ਨੇ। ਉਹ ਸਭ ਇਹ ਲੋਕ ਕਰਦੇ ਨੇ। ਤੁਸੀਂ ਦੇਖਿਆ ਹੋਊ ਕਿਵੇਂ ਆਲੀਸ਼ਾਨ ਘਰ, ਪੌਸ਼ ਕਾਰਾਂ ਲਈ ਫਿਰਦੇ ਹੁੰਦੇ ਨੇ।”
“ਚੋਟੀ ਦੇ ਘਰਾਂ ਜਾਂ ਬੇਹਤਰੀਨ ਕਾਰਾਂ ਦਾ ਇਸ ਨਾਲ ਕੀ ਵਾਸਤਾ?”
“ਸੰਬੰਧ ਹੈ। ਇਹ ਦੋ ਨੰਬਰ ਦੇ ਧੰਦੇ ਕਰਦੇ ਨੇ। ਆਪਣਿਆਂ ਮੁਲਖਾਂ ਚੋ ਨਸ਼ੀਲੀਆਂ ਤੇ ਗੈਰ ਕਾਨੂੰਨੀ ਵਸਤਾਂ ਇੱਥੇ ਸਮਗਲ ਕਰਕੇ ਵੇਚਦੇ ਹਨ। ਤਾਂ ਹੀ ਛੇਤੀ ਅਮੀਰ ਬਣ ਜਾਂਦੇ ਨੇ। ਹੋਰ ਇਹਨਾਂ ਨੂੰ ਨੋਟ ਲਾਟਰੀਆਂ ’ਚ ਥੋੜ੍ਹਾ ਨਿਕਲਦੇ ਨੇ।”
ਉਹ ਔਰਤ ਨਿਤਾਸ਼ਾ ਦੀ ਇਹ ਗੱਲ ਸੁਣ ਕੇ ਹੱਸ ਪਈ। 
“ਨਹੀਂ,  ਇਸ ਤਰ੍ਹਾਂ ਦੀ ਬਿਲਕੁਲ ਕੋਈ ਗੱਲ ਨਹੀਂ। ਸ਼ਾਇਦ ਤੁਹਾਨੂੰ ਇਲਮ ਨਹੀਂ ਇਹ ਤਾਂ ਬੜ੍ਹੇ ਹੀ ਮਿਹਨਤੀ ਲੋਕ ਨੇ। ਹਫਤੇ ਦੇ ਸੱਤੇ ਦਿਨ ਹੀ ਦੱਬ ਕੇ ਕੰਮ ਕਰਦੇ ਹਨ। ਉਹ ਵੀ ਬਾਰਾਂ-ਬਾਰਾਂ ਚੌਦਾਂ-ਚੌਦਾਂ ਘੰਟੇ ਨਿੱਤ ਦੇ। - ਫਿਰ ਇਹ ਲੋਕ ਕੁੱਝ ਕਿਰਸੀ ਵੀ ਹੁੰਦੇ ਨੇ, ਆਪਣੇ ਵਾਂਗੂੰ ਧਨ ਨੂੰ ਅਜਾਈਂ ਨਹੀਂ ਉਡਾਉਂਦੇ। ਸਗੋਂ ਔਖੇ ਵੇਲੇ ਲਈ ਜੋੜ੍ਹਦੇ ਰਹਿੰਦੇ ਨੇ।”
“ਇਹਨਾਂ ਏਸ਼ੀਅਨਾ ਦੀ ਨਵੀਂ ਪੀੜੀ ਜੋ ਇੱਥੇ ਦੀ ਪੈਦਾਇਸ਼ ਹੈ। ਉਹ ਤਾਂ ਕੁੱਝ ਠੀਕ ਹੈ। ਪਰ ਜਿਹੜੇ ਇਹਨਾਂ ਦੇ ਵਡੇਰੇ ਸਮੁੰਦਰ ਪਾਰ ਤੋਂ ਆਏ ਹਨ, ਉਹ ਤਾਂ ਉਜੱਡ ਤੇ ਪਿਛਾਂਹ ਖਿੱਚੂ ਖਿਆਲਾਂ ਦੇ ਮਾਲਕ ਹੁੰਦੇ ਹਨ। ਇੰਗਲੈਂਡ ਵਿੱਚ ਆ ਕੇ ਵੀ ਆਪਣੇ ਪਹਿਰਾਵੇ ਨਹੀਂ ਤਿਆਗਦੇ। ਆਪਣੀ ਬੋਲੀ ਵਿਸਾਰਨ ਨੂੰ ਰਾਜ਼ੀ ਨਹੀਂ ਹੁੰਦੇ। ਇਹਨਾਂ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ, ਸਾਡੀ ਅੰਗਰੇਜ਼ੀ ਭਾਸ਼ਾ ਦੀ ਪਾਣ ਚਾੜ੍ਹਨੀ ਚਾਹੀਦੀ ਹੈ। ਜਦੋਂ ਇਹ ਆਪਸ ਵਿੱਚ ਗੁਫ਼ਤਗੂ ਕਰਦੇ ਹੁੰਦੇ ਆ ਤਾਂ ਇੰਝ ਲਗਦਾ ਹੁੰਦਾ ਹੈ ਜਿਵੇਂ ਗਾਲਾਂ ਕੱਢ ਰਹੇ ਹੁੰਦੇ ਹੋਣ। ਮੈਨੂੰ ਬਹੁਤ ਬੁਰਾ ਲੱਗਦਾ ਹੈ। ਪਤਾ ਨ੍ਹੀਂ ਕੀ ਆਲੂ ਗੱਠੇ ਜਿਹੇ ਵੇਚਦੇ ਹੁੰਦੇ ਆ।” 
  “ਇਹ ਤਾਂ ਆਪਣੀ ਕਮਜ਼ੋਰੀ ਹੈ ਜੇ ਆਪਾਂ ਨੂੰ ਇਹਨਾਂ ਦੀ ਬੋਲੀ ਦੀ ਸਮਝ ਨਹੀਂ ਆਉਂਦੀ। ਇਸ ਦਾ ਹੱਲ ਬਹੁਤ ਆਸਾਨ ਹੈ। ਆਪਾਂ ਜਰਮਨ, ਫਰੈਂਚ, ਇਟੈਲੀਅਨ, ਪੁਰਤਗਾਲੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੀ ਬਜਾਏ ਇਹਨਾਂ ਦੀ ਭਾਸ਼ਾ ਸਿੱਖਣ ਵੱਲ ਧਿਆਨ ਦਈਏ। ਰਹੀ ਗੱਲ ਪਹਿਰਾਵਿਆਂ ਦੀ। ਜੇ ਅਸੀਂ ਕਿਸੇ ਨੂੰ ਮਨਮਰਜ਼ੀ ਦੇ ਕੱਪੜੇ ਪਹਿਨਣ ਦੀ ਖੁੱਲ੍ਹ ਨਹੀਂ ਦੇ ਸਕਦੇ ਤਾਂ ਆਪਣੇ ਦੇਸ਼ ਦੇ ਫਰੀ ਕੰਟਰੀ ਹੋਣ ਦਾ ਢੰਡੋਰਾ ਕਿਉਂ ਪਿੱਟਦੇ ਰਹਿੰਦੇ ਹਾਂ।”
“ਹੋਰ ਨਹੀਂ ਤਾਂ ਕਮ-ਅਜ਼-ਕਮ ਇਹ ਆਪਣੇ ਖਾਣਿਆਂ ਦੇ ਸੁਆਦ ਦਾ ਖਹਿੜਾ ਹੀ ਛੱਡਣ।” ਬੋਲਦੀ-ਬੋਲਦੀ ਨਿਤਾਸ਼ਾ ਨੇ ਆਪਣੇ ਦੰਦ ਕਿਰਚੇ।
“ਫਿਰ ਆਪਣੇ  ਬਰਤਾਨਵੀ ਇੰਗਲਿਸ਼ ਲੋਕ ਅਜਿਹਾ ਕਿਉਂ ਨਹੀਂ ਕਰਦੇ? ਛੁੱਟੀਆਂ ਲਈ ਸਪੇਨ ਜਾਂ ਫਰਾਂਸ ਵਿੱਚ ਜਾ ਕੇ ਵੀ ਉੱਥੋਂ ਦੇ ਖਾਣੇ ਚੱਖਣ ਦੀ ਬਜਾਏ ਫਿਸ਼ ’ਨ ਚਿੱਪਸ ਕਿਉਂ ਭਾਲਦੇ ਰਹਿੰਦੇ ਨੇ?” ਉਸ ਔਰਤ ਨੇ  ਨਿਤਾਸ਼ਾ ਨੂੰ ਵਿਅੰਗ ਨਾਲ ਰੱਲ-ਗੱਡ ਸੁਆਲ ਕੀਤਾ।
“ਨਹੀਂ। ਉਹ ਹੋਰ ਗੱਲ ਆ । ਇਹਨਾਂ ਦੇ ਲਸਣ, ਅਦਰਕਾਂ ਦੀ ਬਦਬੂ ਐਨੀ ਤੀਖਣ ਹੁੰਦੀ ਏ ਕਿ ਸੱਤ ਘਰ ਉਰਿਉਂ ਈ ਸੁੰਘੀ ਜਾ ਸਕਦੀ ਐ।”
“ਉਹ ਤਾਂ ਪੌਸ਼ਟਿਕ ਤੱਤ ਤੇ ਔਸ਼ਧੀਆਂ ਨਾਲ ਭਰਪੂਰ ਪਦਾਰਥ ਹਨ। ਅੱਜ ਕੱਲ ਡਾਕਟਰ ਉਹਨਾਂ ਚੀਜ਼ਾਂ ਦੀ ਖਾਣਿਆਂ ਵਿੱਚ ਵਰਤੋਂ ਲਈ  ਸਿਫਾਰਸ਼ ਕਰਦੇ ਹਨ। ਹੁਣ ਤਾਂ ਆਪਣੇ ਲੋਕ ਵੀ ਉਹਨਾਂ ਦੀਆਂ ਗੋਲੀਆ ਬਣਾ ਕੇ ਇਸਤੇਮਾਲ ਕਰਨ ਲੱਗ ਗਏ ਨੇ। ਭਾਵੇਂ ਬਰਤਾਨਵੀ ਚਿਕਿਤਸਾ ਵਿਗਿਆਨੀਆਂ ਜਾਂ ਸਿਹਤ ਮਾਹਿਰਾਂ ਦੇ ਲੇਖ ਪੜ੍ਹ ਕੇ ਦੇਖ ਲ੍ਹੀਂ। ਕੇਉਅਰ(ਛੁਰੲ) ਮੈਡੀਕਲ ਮੈਗ਼ਜ਼ੀਨ ਪੜ੍ਹਦੀ ਹੁੰਨੀ ਏ?” 
“ਨਹੀਂ।” ਨਿਤਾਸ਼ਾ ਤੋਂ ਆਪਣੀ ਅਣਪੜ੍ਹਤਾ ਗੁੱਝੀ ਨਾ ਰੱਖ ਹੋਈ।
“ਅੱਛਾ, ਕਦੇ ਇੰਡੀਅਨ ਰੈਸਟੋਰੈਂਟ ਵਿੱਚ ਗਈ ਏਂ?”
“ਨਾ ਕਦੇ ਨ੍ਹੀਂ।”
“ਕਦੇ ਜਾ ਕੇ ਦੇਖੀਂ। ਤੈਨੂੰ ਸਭ ਨਾਲੋਂ ਵੱਧ ਆਪਣੇ ਲੋਕ ਹੀ ਦਿਸਣਗੇ।”
ਨਿਤਾਸ਼ਾ ਉਸ ਔਰਤ ਤੋਂ ਆਪਣੀ ਹਾਰ ਬਰਦਾਸ਼ਤ ਨਹੀਂ ਸੀ ਕਰ ਸਕਦੀ। ਇਸ ਲਈ ਹੋਰ ਜ਼ਿੱਦਣ ਲੱਗ ਪਈ, “ਇਹ ਸਾਡੇ ਸਭਿਆਚਾਰ ਵਿੱਚ ਘੁਲਦੇ-ਮਿਲਦੇ ਨਹੀਂ। ਇਹਨਾਂ ਨੂੰ ਸਾਡੀ ਪੱਛਮੀ ਸੱਭਿਅਤਾ ਵਿੱਚ ਜਜ਼ਬ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਰੀਤਾਂ-ਰਿਵਾਜ਼ਾਂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੀਦਾ ਹੈ। ਕੋਈ ਜ਼ਬਰਦਸਤੀ ਨਹੀਂ। ਇਹਨਾਂ ਕੋਲ ਚੋਣ ਹੈ। ਸਾਡੇ ਵਿੱਚ ਰਚਣ-ਮਿਚਣ,  ਨਹੀਂ ਜਿੱਥੋਂ ਆਏ ਨੇ ਉੱਥੇ ਵਾਪਸ ਚਲੇ ਜਾਣ। ਇੱਥੇ ਗੰਦ ਤਾਂ ਨਾ ਪਾਉਣ। ਆਫਟਰ ਆਲ ਵੂਈ ਵਾਂਟ ਟੂ ਕੀਪ ਬ੍ਰਿਟੇਨ ਟਾਈਡੀ, ਡੌਂਟ ਵੂਈ?”
ਅੱਗੋਂ ਉਹ ਔਰਤ ਕੁੱਝ ਨਾ ਬੋਲੀ। ਨਿਤਾਸ਼ਾ ਉਸ ਨੂੰ ਲਾਜਵਾਬ ਹੋਈ ਦੇਖ ਕੇ ਕਾਫੀ ਪ੍ਰਸੰਨ ਹੋਈ। ਨਿਤਾਸ਼ਾ ਨੂੰ ਇੱਕ ਪਲ ਲਈ ਜਾਪਿਆ ਕਿ ਉਸ ਮਗਰੋਂ ਉਹ ਔਰਤ ਵੀ ਆਪਣਾ ਨਜ਼ਰਿਆ ਬਦਲ ਕੇ ਉਸ ਵਾਲੀ ਵਿਚਾਰਧਾਰਾ ਗ੍ਰਹਿਣ ਕਰ ਲਵੇਗੀ। ਨਿਤਾਸ਼ਾ ਨੇ ਉਸ ਔਰਤ ਨੂੰ ਹੋਰ ਪ੍ਰਭਾਵਤ ਕਰਨ ਦੇ ਮਕਸਦ ਨਾਲ ਕਿਹਾ, “ਹੁਣ ਇਸੇ ਆਦਮੀ ਨੂੰ ਈ ਦੇਖ ਲੋ। ਸ਼ਮਸ਼ੀਰ ਲਈ ਫਿਰਦੈ।”
“ਡਰਦੀ ਕਿਉਂ ਏ ਬੇਚਾਰਾ ਤੈਨੂੰ ਕੁੱਝ ਨਹੀਂ ਕਹਿੰਦਾ।” 
“ਡਰਾਂ ਕਿਉਂ ਨਾ। ਇਹੋ ਜਿਹੇ ਸਿਰ -ਫਿਰੇ ਦਰਿੰਦਿਆਂ ਦਾ ਕੀ ਭਰੋਸਾ ਹੈ।”
“ਨਹੀਂ ਇਹ ਅਹਿੰਸਕ ਨਹੀਂ। ਇਹ ਤਾਂ ਇਹਨਾਂ ਦਾ ਮਜ਼ਬ ਇਹਨਾਂ ਨੂੰ ਸ਼ਸ਼ਤਰ ਧਾਰਨ ਕਰਨ ਦੀ ਤਾਕੀਦ ਕਰਦਾ ਹੈ। ਛੇ ਇੰਚ ਦੀ ਭਗਾਉਤੀ ਤਾਂ ਇਹ ਧਾਰਮਿਕ ਭਾਵਨਾ ਸਦਕਾ ਰੱਖਦੇ ਨੇ।” ਉਸ ਔਰਤ ਨੇ ਸਫਾਈ ਦਿੱਤੀ।
“ਕੀ! ਇਹਨਾਂ ਦਾ ਧਰਮ ਹਥਿਆਰ ਰੱਖਣ ਲਈ ਇਹਨਾਂ ਨੂੰ ਉਕਸਾਉਂਦੈ? ਫੇਰ ਤਾਂ ਇਹ ਬੰਦੇ ਬੁੜੀਆਂ ਸਾਰੇ ਹੀ ਖੰਜਰ ਲਈ ਫਿਰਦੇ ਹੋਣੇ ਨੇ।”
  “ਹਾਂ ਇਹ ਸ੍ਰੀ ਸਾਹਿਬ ਤਾਂ ਇਹਨਾਂ ਦੇ ਸ਼ਰੀਰਕ ਅੰਗਾਂ ਵਾਂਗ ਅਨਿੱਖੜਵਾ ਹਿੱਸਾ ਹੈ।” 
“ਇਸ ਦਾ ਅਰਥ ਤਾਂ ਜੁਰਮ ਨੂੰ ਹੱਲਾਸ਼ੇਰੀ ਦੇਣਾ ਨ੍ਹੀਂ।”
“ਨਹੀਂ ਇਹ ਇਸ ਦੀ ਬਿਲਕੁਲ ਦੁਰ ਵਰਤੋਂ ਨਹੀਂ ਕਰਦੇ।”
“ਹੋਰ ਕੀ ਹਥਿਆਰਾਂ ਨਾਲ ਇਹ ਅਮਨ ਦੇ ਪੈਗਾਮ ਵੰਡਦੇ ਫਿਰਦੇ ਨੇ?  ਨਾ ਭਲਾ ਪੁਲਿਸ ਚਾਰਜ ਨ੍ਹੀਂ ਕਰਦੀ?”
“ਨਹੀਂ ਧਾਰਮਿਕ ਮੰਗ ਹੋਣ ਕਰਕੇ ਇੱਥੇ ਇਹਨਾਂ ਨੂੰ ਕੱਪੜਿਆਂ  ਦੇ ਥੱਲਿਉਂ ਦੀ ਅਪ੍ਰਤੱਖ ਰੂਪ ਵਿੱਚ ਪਹਿਨਣ ਦੀ ਪ੍ਰਵਾਨਗੀ ਹੈ। ਆਪਣੇ ਵਤਨ ’ਚ ਤਾਂ ਇਹ ਉੱਤੋਂ ਦੀ ਪਾਉਂਦੇ ਨੇ ਤੇ ਉਹ ਵੀ ਇਹ ਗਿੱਠ ਕੁ ਦੀ ਕਟਾਰ ਨਹੀਂ, ਸਗੋਂ ਵੱਡੀਆਂ ਤੇਗਾਂ। ਕਈ ਤਾਂ ਢਾਈ, ਤਿੰਨ, ਸਾਢੇ ਤਿੰਨ ਤਿੰਨ ਫੁੱਟ ਤੱਕ ਲੰਮੀਆਂ ਤਲਵਾਰਾਂ ਵੀ ਅੰਗ-ਸੰਗ ਰੱਖਦੇ ਨੇ। ਇੱਥੇ ਤਾਂ ਬਸ ਇਹਨਾਂ ਨੂੰ ਰਤਾ ਕੁ ਦੀ ਹੀ ਪਾਉਣ ਦੀ ਇਜਾਜ਼ਤ ਹੈ।” 
“ਤਾਂ ਹੀ ਦੁਨੀਆਂ ’ਚ ਸਭ ਨਾਲੋਂ ਜ਼ਿਆਦਾ ਵੋਏਲੈਂਸ (ਅਹਿੰਸਾ) ਇਹਨਾਂ ਦੇ ਮੁਲਕਾਂ ’ਚ ਹੈ।” 
“ਸੰਸਾਰ ’ਚ ਸਭ ਨਾਲੋਂ ਵਧੇਰੇ ਅਹਿੰਸਕ ਵਾਰਦਾਤਾਂ,  ਵੱਢ-ਟੁੱਕ, ਮਾਰ-ਧਾੜ, ਖੂਨ-ਖਰਾਬਾ, ਕਤਲੋ-ਗਾਰਤ ਤਾਂ ਏਸ਼ੀਆ ਵਿੱਚ ਨਹੀਂ ਬਲਕਿ ਅਮਰੀਕਾ ਵਿੱਚ ਹੈ। ਇਹ ਹਥਿਆਰ ਤਾਂ ਸਵੈ ਬਚਾਓ, ਮਜ਼ਲੂਮਾਂ ਦੀ ਰੱਖਿਆ ਤੇ ਜੁਲਮ ਦੇ ਟਾਕਰੇ, ਅਨਿਆ ਦੇ ਖਿਲਾਫ ਅਵਾਜ਼ ਬੁੰਲਦ ਕਰਨ ਅਤੇ ਜੂਝਣ ਲਈ ਹੀ ਇਹਨਾਂ ਦੇ ਧਾਰਮਿਕ ਆਗੂਆਂ, ਇਹਨਾਂ ਦੇ ਰਹਿਬਰਾਂ ਨੇ ਇਹਨਾਂ ਨੂੰ ਬਖਸ਼ਿਸ਼ ਕਰਕੇ ਸਦਾ ਨਾਲ ਰੱਖਣ ਦਾ ਹੁਕਮ ਦਿੱਤਾ ਹੈ। ਪਰ ਅੱਜ-ਕੱਲ੍ਹ ਤਾਂ ਇਹ ਸਿਰਫ ਇਸ ਨੂੰ ਧਾਰਮਿਕ ਚਿੰਨ ਵਜੋਂ ਹੀ ਧਾਰਨ ਕਰਦੇ ਨੇ।” 
“ਤੁਹਾਨੂੰ ਇਹਨਾਂ ਬਾਰੇ ਐਨਾ ਕੁੱਝ ਕਿਵੇਂ ਪਤਾ ਹੈ? - ਬੜ੍ਹੀ ਤਰਫਦਾਰੀ ਕਰ ਰਹੀ ਏ ਇਹਨਾਂ ਭੂਰੇ ਲੋਕਾਂ ਦੀ।” ਨਿਤਾਸ਼ਾ ਤਿਲਮਿਲਾ ਕੇ ਬੋਲੀ। ਉਹਨੂੰ ਉਸ ਔਰਤ ਉੱਪਰ ਗੁੱਸਾ ਆ ਰਿਹਾ ਸੀ।
“ਕਿਉਂਕਿ ਮੈਂ ਇੱਕ ਹਿੰਦੁਸਤਾਨੀ ਨਾਲ ਵਿਆਹ ਕਰਵਾ ਕੇ ਪਿਛਲੇ ਦਸ ਸਾਲਾਂ ਤੋਂ ਸੁੱਖੀ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹਾਂ।” ਉਸ ਔਰਤ ਨੇ ਉੱਤਰਨ ਲਈ ਉੱਠ ਕੇ ਖੜ੍ਹੀ ਹੁੰਦਿਆਂ ਆਖਿਆ। ਉਸ ਦਾ ਮੁਕਾਮ ਆ ਗਿਆ ਸੀ। ਉਹ ਨਿਤਾਸ਼ਾ ਵੱਲ ਦੇਖ-ਦੇਖ ਅੱਖਾਂ ਵਿੱਚ ਹੱਸਦੀ ਉਤਰ ਗਈ।
ਨਿਤਾਸ਼ਾ ਉਸ ਔਰਤ ਦੇ ਦੋਗਲੇ ਬੱਚੇ ਵੱਲ ਦੇਖ ਕੇ ਬਿਫਰ ਗਈ। ਉਹਨਾਂ ਮਾਂ-ਬੇਟੇ ਦੇ ਅੱਖੋਂ ਪਰੋਖੇ ਹੋਣ ਤੱਕ ਨਿਤਾਸ਼ਾ ਉਹਨਾਂ ਨੂੰ ਨਫਰਤ ਭਰੀਆਂ ਨਿਗਾਹਾਂ ਨਾਲ ਦੇਖਦੀ ਤੇ ਹੌਲੀ-ਹੌਲੀ ਮੂੰਹ ਵਿੱਚ ਗਾਲਾਂ ਕੱਢਦੀ ਰਹੀ। “ਗੱਦਾਰ… ਕੁੱਤੀ… ਬੇਗੈਰਤ… ਕੰਜਰੀ… ਬੇਹਯਾ… ਸਾਲੀ। ਅੰਗਰੇਜ਼ ਮਰ’ਗੇ ਸੀ, ਸ਼ਰਮ ਨਾ ਆਈ ‘ਪਾਕੀਆਂ’ ਦੇ ਨਿਆਣੇ ਜੰਮਦੀ ਨੂੰ।”
ਬੇ-ਮਤਲਬ ਪਿੱਛੇ ਦੇਖਣ ਲੱਗੇ ਉਸ ਪਗੜੀ ਵਾਲੇ ਵਿਅਕਤੀ ਨੇ ਨਿਤਾਸ਼ਾ ਦੇ ਬੁੜਬੁੜ ਕਰਦੇ ਬੁੱਲ੍ਹਾਂ ਨੂੰ ਸਰਸਰੀ ਨਜ਼ਰ ਨਾਲ ਤਾੜ ਲਿਆ। ਉਸ ਨੇ ਦੋ ਤਿੰਨ ਵਾਰ ਧੌਣ ਘੁੰਮਾ ਕੇ ਪਿੱਛੇ ਨਿਤਾਸ਼ਾ ਵੱਲ ਦੇਖਿਆ। ਹਰ ਵਾਰ ਉਹ ਨਿਤਾਸ਼ਾ ਦੀ ਤਰਫ ਤੱਕਣ ਮਗਰੋਂ ਆਦਤਨ ਆਪਣੀ ਕਿਰਪਾਨ ਨੂੰ ਜ਼ਰੂਰ ਟੋਹਦਾ ਤੇ ਗਾਤਰੇ ਨੂੰ ਸੂਤ ਕਰਦਾ।   ਲਾਰੀ ਅੱਧਾ ਸਫਰ ਤਹਿ ਕਰ ਕੁੱਝ ਸਮੇਂ ਲਈ ਵੈਸਟ ਬਰਾਮਿਚ ਅੱਡੇ ’ਤੇ ਰੁਕੀ। ਇੱਥੇ ਬਹੁਤ ਸਾਰੀਆਂ ਸਵਾਰੀਆਂ ਲਹਿ ਗਈਆਂ ਤੇ ਕੇਵਲ ਦਸ ਬਾਰਾਂ ਕੁ ਹੀ ਰਹਿ ਗਈਆਂ ਸਨ। ਬੱਸ ਉੱਥੋਂ ਚੱਲ ਪਈ। ਹੁਣ ਚੜ੍ਹਨ ਵਾਲੀ ਸਵਾਰੀ ਤਾਂ ਕੋਈ ਵਿਰਲੀ ਟਾਵੀਂ ਹੀ ਸੀ। ਸਭ ਉਤਰਨ ਵਾਲੀਆਂ ਹੀ ਰਹਿੰਦੀਆਂ ਸਨ। ਉਸ ਸਿੰਘ ਨੇ ਸਹਿਜ-ਸੁਭਾਅ ਹੀ ਧੌਣ ਘੁੰਮਾ ਕੇ ਪਿੱਛੇ ਤੱਕਿਆ।
ਜਿਹੜਾ ਇੱਧਰ ਨੂੰ ਵਾਰ-ਵਾਰ ਦੇਖ ਰਿਹਾ ਹੈ। ਸ਼ਾਇਦ ਮੈਨੂੰ ਲੁੱਟਣ-ਖੋਹਣ ਨੂੰ ਫਿਰਦਾ ਹੋਣੈ। ਨਿਤਾਸ਼ਾ ਤ੍ਰਭਕ ਗਈ ਤੇ ਉਸ ਨੇ ਸੀਟ ਉੱਤੇ ਆਪਣੇ ਬਰਾਬਰ ਪਿਆ ਪਰਸ ਚੁੱਕ ਕੇ ਬੁੱਕਲ ਵਿੱਚ ਰੱਖ ਲਿਆ। ਉਸ ਨੂੰ ਪਰਸ ਵਿੱਚਲੇ ਧਨ ਦਾ ਫਿਕਰ ਹੋਣ ਲੱਗਿਆ। ਦੋ ਸੌ ਪੌਡ ਕਾਰ ਮਕੈਨਿਕ ਨੂੰ ਦੇਣ ਵਾਲੇ ਤੇ ਢਾਈ ਸੌ ਪੌਂਡ ਤਨਖਾਹ ਦੇ ਮਿਲਾ ਕੇ ਪੂਰੇ ਸਾਢੇ ਚਾਰ ਸੌ ਪੌਂਡ ਪਰਸ ਵਿੱਚ ਸਨ। ਆਮ ਆਦਮੀ ਕੋਲ ਐਨੀ ਰਕਮ ਕੋਈ ਮਾਇਨਾ ਰੱਖਦੀ ਹੈ। ਹੁਣ ਉਸ ਸਿੰਘ ਨੇ ਮੁੜ-ਮੁੜ ਦੋ ਤਿੰਨ ਵਾਰ ਪਿੱਛੇ ਨੂੰ ਦੇਖਿਆ। ਨਿਤਾਸ਼ਾ ਦਾ ਸ਼ੱਕ ਯਕੀਨ ਵਿੱਚ ਤਬਦੀਲ ਹੋ ਗਿਆ। ਤੇ ਉਹ ਹੋਰ ਵੀ ਘਬਰਾ ਗਈ। ਹੱਥਾਂ ਚ ਪਾਈ ਕੀਮਤੀ ਵੈਡਿੰਗ-ਰਿੰਗ (ਵਿਆਹ ਵਾਲੀ ਮੁੰਦੀ) ਤੇ ਗਲੇ ’ਚ ਵੱਡਮੁੱਲੀ ਅਠਾਰਾਂ ਕੈਰਟ ਸੋਨੇ ਦੀ ਚੈਨ ਜੋ ਮਹਿੰਗੀ ਹੋਣ ਨਾਲ ਨਿਤਾਸ਼ਾ ਲਈ ਅਜ਼ੀਜ਼ ਸੀ। ਕਿਉਂਕਿ ਇਹ ਉਸ ਦੀ ਪਰਲੋਕ ਸੁਧਾਰ ਚੁੱਕੀ ਮਾਂ ਦੀ ਆਖਰੀ ਨਿਸ਼ਾਨੀ ਸੀ। ਜੋ ਉਸ ਦੀ ਮਾਂ ਨੇ ਥੋੜ੍ਹੇ ਸਾਲ ਪਹਿਲਾਂ ਉਸ ਦੇ ਇੱਕੀਵੇਂ ਜਨਮ-ਦਿਨ ’ਤੇ ਤੋਹਫੇ ਵੱਜੋਂ ਭੇਂਟ ਕੀਤੀ ਸੀ। 
ਸਭ ਤੋਂ ਪਹਿਲਾਂ ਤਾਂ ਨਿਤਾਸ਼ਾ ਨੇ ਅੱਖ ਬਚਾ ਕੇ ਸੰਗਲੀ ਨੂੰ ਬਲਾਊਜ਼ ਦੇ ਹੇਠਾਂ, ਗਲਮੇ ਦੇ ਅੰਦਰ ਦੀ ਕਰ ਲਿਆ। ਜਿਉਂ-ਜਿਉਂ ਸਵਾਰੀਆਂ ਲਹਿੰਦੀਆਂ ਜਾਂਦੀਆਂ, ਉਹਦਾ ਡਰ ਵਧਦਾ ਜਾਂਦਾ। ਉਹਦਾ ਘਬਰਾਹਟ ਨਾਲ ਦਿਲ ਘੱਟਣ ਲੱਗਿਆ। ਸਾਰਾ ਜਿਸਮ ਪਸੀਨੇ ਨਾਲ ਤਰ ਹੋ ਗਿਆ।
ਬੱਸ ਰੁਕੀ ਤੇ ਚਾਰ ਯਾਤਰੀ ਤਾਂ ਫਟਾਫਟ ਉਤਰ ਗਏ ਅਤੇ ਇੱਕ ਪੰਜਵੀਂ ਬਜ਼ੁਰਗ ਮੇਮ ਹੌਲੀ-ਹੌਲੀ ਦਰਵਾਜ਼ੇ ਵੱਲ ਨੂੰ ਤੁਰਨ ਲੱਗੀ। ਉਹ ਬੁੱਢੜੀ ਔਰਤ ਆਹਿਸਤਾ-ਆਹਿਸਤਾ ਚੱਲ ਰਹੀ ਸੀ ਤੇ ਡਰਾਈਵਰ ਵੀ ਪੂਰੀ ਤਸੱਲੀ ਨਾਲ ਉਸ ਦਾ ਇੰਤਜ਼ਾਰ ਕਰ ਰਿਹਾ ਸੀ।
“ਐਕਸਕਿਯੂਜ਼ ਮੀ ।” ਉਸ ਸਿੱਖ ਨੇ ਉਤਰਨ ਲੱਗੀ ਉਸ ਗੋਰੀ ਨੂੰ ਹਾਕ ਮਾਰੀ। 
ਉਸ ਬੁੜ੍ਹੀ ਔਰਤ ਨੇ ਆਵਾਜ਼ ਸੁਣ ਕੇ ਪਿੱਛੇ ਪਿੱਠ ਘੁੰਮਾ ਕੇ ਤੱਕਿਆ। ਸਿੱਖ ਨੇ ਪੈਰਾਂ ਕੋਲੋ ਲਾਂਘੇ ਵਿੱਚ ਡਿੱਗੀ ਪਈ ਕੋਈ ਚੀਜ਼ ਚੁੱਕੀ ਤੇ ਬਜ਼ੁਰਗ ਔਰਤ ਨੂੰ ਫੜ੍ਹਾਉਣ ਲਈ ਉੱਠਿਆ। ਇਹ ਚੀਜ਼ ਉਸ ਔਰਤ ਦਾ ਪਰਸ ਸੀ ਜੋ ਅਣਗਹਿਲੀ ਨਾਲ ਉਸ ਤੋਂ ਗਿਰ ਗਿਆ ਸੀ।
ਜਿਵੇ ਕਾਂ ਜੁਆਕ ਤੋਂ ਰੋਟੀ ਦਾ ਟੁੱਕ ਖੋਹਦਾ ਹੁੰਦਾ ਹੈ, ਉਵੇਂ ਉਸ ਔਰਤ ਨੇ ਸਿੱਖ ਤੋਂ ਝਭੱਟਾ ਮਾਰ ਕੇ ਆਪਣਾ ਪਰਸ ਫੜ੍ਹ ਲਿਆ ਤੇ ਬਿਨਾਂ ਸ਼ੁਕਰਾਨਾ ਅਦਾ ਕਰਿਆਂ ਸਿੱਖ ਵੱਲ ਪਿੱਠ ਕਰਕੇ ਉੱਤਰਨ ਲਈ ਦਰਵਾਜ਼ੇ ਵੱਲ ਉਲਾਂਘ ਪੱਟੀ। ਸਿੰਘ ਵਾਪਸ ਆਪਣੀ ਸੀਟ ਵੱਲ ਬੈਠਣ ਲਈ ਮੁੜ ਹੀ ਰਿਹਾ ਸੀ ਕਿ ਉਹ ਔਰਤ ਧੀਰੇ-ਧੀਰੇ ਤੁਰਦੀ ਉੱਤਰਨ ਲੱਗੀ ਪੌੜੀ ਵਿੱਚ ਡਿੱਗ ਪਈ। ਉਸ ਤੀਵੀਂ ਨੇ ਉੱਠਣ ਦਾ ਯਤਨ ਕੀਤਾ। ਪਰ ਬਿਰਧ ਹੋਣ ਕਰਕੇ ਜਾਂ ਸ਼ਾਇਦ ਸੱਟ ਲੱਗਣ ਕਰਕੇ ਉਹ ਨਾਕਾਮ ਰਹੀ। 
ਗੋਰਾ ਡਰਾਈਵਰ ਆਪਣੇ ਕੈਬਿਨ ਵਿੱਚ ਬੈਠਾ ਮੁਤਰ-ਮੁਤਰ ਝਾਕਦਾ ਰਿਹਾ। ਜਦ ਸਵਾਰੀਆਂ ਵਿੱਚੋਂ ਉਸ ਔਰਤ ਦੀ ਮਦਦ ਲਈ ਕੋਈ ਨਾ ਉੱਠਿਆ ਤਾਂ ਉਹੀ ਸਿੱਖ ਨੌਜਵਾਨ ਫੇਰ ਭੱਜ ਕੇ ਗਿਆ। ਪਹਿਲਾਂ ਸਿੱਖ ਨੇ ਬਾਂਹ ਤੋਂ ਫੜ੍ਹ ਕੇ ਉਸ ਔਰਤ ਨੂੰ ਉੱਠਾਇਆ ਤੇ ਫਿਰ ਸਹਾਰਾ ਦੇ ਕੇ ਹੇਠਾਂ ਉਤਾਰ ਦਿੱਤਾ। ਉਪਰੰਤ ਉਸ ਦਾ ਖਿਲਰਿਆ ਸਮਾਨ ਸਮੇਟ ਕੇ ਉਸ ਦੇ ਸਪੁਰਦ ਕਰ ਦਿੱਤਾ। 
ਡਰਾਈਵਰ ਨੇ ਪੈਰਾਂ ਵਿੱਚ ਲੱਗੇ ਬਟਨ ’ਤੇ ਅੱਡੀ ਮਾਰ ਕੇ ਦਰਵਾਜ਼ਾ ਬੰਦ ਕੀਤਾ ਤੇ ਬੱਸ ਤੋਰ ਲਈ। ਜਦ ਉਹ ਸਿੱਖ ਵਾਪਸ ਬੈਠਣ ਲਈ ਆ  ਰਿਹਾ ਸੀ ਤਾਂ ਉਸ ਦੇ ਕਦਮਾਂ ਦੀ ਧਮਕ ਨਾਲ ਲਗਦਾ ਸੀ ਜਿਵੇਂ ਸਾਰੀ ਬੱਸ ਵਿੱਚ ਭੂਚਾਲ ਆ ਗਿਆ ਹੁੰਦਾ ਹੈ। ਪਰਤ ਕੇ ਪਹਿਲਾਂ ਵਾਲੀ ਜਗ੍ਹਾ ਦੀ ਬਜਾਏ ਪ੍ਰਥਮ ਸੀਟ ਖਾਲੀ ਹੋਣ ਕਰਕੇ ਉਹ ਉਸ ’ਤੇ ਹੀ ਬੈਠ ਗਿਆ ਸੀ। ਨਿਤਾਸ਼ਾ ਨੂੰ ਉਸ ਦਾ ਚਿਹਰਾ ਹੋਰ ਵੀ ਡਰਾਉਣਾ ਤੇ ਭਿਆਨਕ ਲੱਗਿਆ। ਉਸ ਦੇ ਪੂਰੇ ਛੇ ਫੁੱਟ ਅੰਡਰਟੇਕਰ (ਅਮਰੀਕੀ ਘੋਲੀ) ਵਰਗੇ ਨਰੋਏ ਸ਼ਰੀਰ ਨਾਲ ਨਿਤਾਸ਼ਾ ਨੇ ਆਪਣੇ ਨਾਜੁਕ ਛਮਕ ਜਿਹੇ ਬਦਨ ਦੀ ਤੁਲਨਾ ਕੀਤੀ। ਕਿਸੇ ਤਰ੍ਹਾਂ ਵੀ ਉਹ ਉਸ ਨਾਲ ਝੜਪ ਹੋ ਜਾਣ ਦੀ ਸੂਰਤ ਵਿੱਚ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸੀ। ਲੱਖ ਯਤਨ ਕਰਨ ’ਤੇ ਵੀ ਨਿਤਾਸ਼ਾ ਤੋਂ ਆਪਣੀਆਂ ਲੱਤਾਂ ਦੀ ਕੰਬਣੀ ਰੋਕ ਨਾ ਹੋਈ।
ਭਾਵੇਂ ਹੁਣ ਉਸ ਸਿੱਖ ਦੀ ਨਿਤਾਸ਼ਾ ਨਾਲੋਂ ਦੂਰੀ ਕੁੱਝ ਵੱਧ ਗਈ ਸੀ। ਪਰ ਨਿਤਾਸ਼ਾ ਦੇ ਮਨ ਵਿੱਚ ਉਸ ਦਾ ਸਹਿਮ ਉਸੇ ਤਰ੍ਹਾਂ ਬਣਿਆ ਹੋਇਆ ਸੀ, “ਹਾਂ, ਨਿਤਾਸ਼ਾ ਨੂੰ ਕੁੱਝ ਕੁ ਧਨ ਵੱਲੋਂ ਤਾਂ ਤਸੱਲੀ ਹੋ ਗਈ ਸੀ। ਉਸ ਨੇ ਸੋਚਿਆ, ਜੇ ਲਾਲਚੀ ਹੁੰਦਾ ਤਾਂ ਪਰਸ ਕਿਉਂ ਮੋੜਦਾ? ਚੁੱਪ ਰਹਿੰਦਾ ਤੇ ਬਿਨਾਂ ਕੁੱਝ ਕਰਿਆਂ, ਉਹ ਉਸ ਵਿੱਚਲਾ ਮਾਲ ਹੜ੍ਹਪ ਸਕਦਾ ਸੀ। ਨਹੀਂ, ਇਹਨੂੰ ਮਾਇਆ ਦਾ ਲੋਭ ਨਹੀਂ।”
ਪਰ ਪੈਸੇ-ਧੇਲੇ ਤੋਂ ਬਿਨਾਂ ਇੱਕ ਹੋਰ ਵੀ ਨਾਇਯਾਬ ਵਸਤੂ ਇਸਤਰੀ ਕੋਲ ਹੁੰਦੀ ਹੈ- ਉਹ ਹੈ ਅਸਮਤ। ਇਹ ਸ਼ੈਅ ਹੁਸੀਨ ਨਾਰ ਕੋਲ ਹੋਵੇ ਤਾਂ ਮਾਸ਼ਾਅੱਲਾ ਇਸ ਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਸੇ ਚੀਜ਼ ਦਾ ਖਿਆਲ ਕਰਕੇ ਕੁਦਰਤਨ ਨਿਤਾਸ਼ਾ ਦੀ ਚਿੰਤਾ ਨੇ ਵੱਧਣਾ ਸੀ, “ਮੇਰੇ ਨਾਲ ਮੂੰਹ ਕਾਲਾ ਕਰਨਾ ਚਾਹੁੰਦਾਂ ਹੋਣਾ ਹੈ। ਚਿੱਟੀ ਚਮੜੀ ਨੂੰ ਤਾਂ ਇਹ ਲੋਕ ਮਰ ਕੇ ਪੈਂਦੇ ਨੇ।” 
ਬਲਾਤਕਾਰ ਬਾਰੇ ਸੋਚਦਿਆਂ ਹੀ ਨਿਤਾਸ਼ਾ ਦੇ ਫਿਕਰ ਦੂਣ ਸਵਾਏ ਹੋ ਗਏ। ਅੱਡੇ ਤੋਂ ਘਰ ਤੱਕ ਜਾਣ ਲਈ ਝਨਾਅ ਪਾਰ ਕਰਨ ਸਮਾਨ ਸੁੰਨੀ ਪਾਰਕ ਵਿੱਚ ਦੀ ਲੰਘਣ ਦਾ ਖਿਆਲ ਉਸ ਨੂੰ ਭੈਅਭੀਤ ਕਰ ਗਿਆ। ਉਸ ਦੀ ਕਲਪਨਾ ਵਿੱਚ ਕੁੱਝ ਚਿਰ ਬਾਅਦ ਘਟਨ ਵਾਲਾ ਇੱਕ ਦ੍ਰਿਸ਼ ਉਜਾਗਰ ਹੋਇਆ। 
ਵਿਰਾਨ ਬਾਗ ਵਿੱਚੋਂ ਉਹਨੂੰ ਲੰਘਦੀ ਹੋਈ ਨੂੰ ਦਾੜੀ ਕੇਸਾਂ ਵਾਲਾ, ਭੂਰੇ ਰੰਗ ਦਾ ਵਜੂਦ ਕਾਲਰਾ ਤੋਂ ਧੂਹ ਕੇ ਝਾੜ੍ਹੀਆਂ ਵੱਲ ਲੈ ਜਾਂਦਾ ਹੈ। ਹਨੇਰੀ ਰਾਤ ਵਿੱਚ ਇੱਕ ਦੂਸਰੇ ਦਾ ਸ਼ਰੀਰ ਸਪਸ਼ਟ ਤਾਂ ਦਿਖਾਈ ਨਹੀਂ ਦਿੰਦਾ। ਬਹਰਹਾਲ, ਸਿਰਫ ਬੁੱਤ ਹੀ ਨਜ਼ਰ ਆਉਂਦੇ ਹਨ। ਸਨੱਥਿਆਂ, ਬੁੱਝਿਆਂ ਦੇ ਵਿੱਚਕਾਰ ਲਿਜਾ ਕੇ ਉਹ ਓਪਰਾ ਸਾਬਤ-ਸੂਰਤ ਪੁਤਲਾ ਉਸ ਨੂੰ ਢਾਹ ਕੇ ਉੱਪਰ ਬੈਠ ਜਾਂਦਾ ਹੈ ਤੇ ਦੋ ਖੁਰਦਰੇ ਹੱਥ ਉਸ ਦੇ ਕੋਮਲ ਤਨ ਤੋਂ ਮੁਲਾਇਮ ਵਸਤਰਾਂ ਨੂੰ ਲੀਰੋ-ਲੀਰ ਕਰ ਜਾਂਦੇ ਹਨ। ਫਿਰ ਵਾਸਨਾ ਵਿੱਚ ਗਲਤਾਨ ਦਿਮਾਗੀ ਅਵਸਥਾ ਪ੍ਰਗਟਾਉਂਦੇ ਕਈ ਫਿਕਰੇ ਉਸ ਦੇ ਕੰਨਾਂ ਵਿੱਚ ਧੁੱਸ ਜਾਂਦੇ ਹਨ। ਤੇ ਫਿਰ ਛੁੱਟ ਕੇ ਭੱਜਣ ਲਈ ਉਸ ਦਾ ਮੁਕਾਬਲਾ ਕਰਨ ਦੀ ਜ਼ੱਦੋ-ਜ਼ਹਿਦ ਕਰਦੀ ਉਹ ਉਸ ਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਹੈ।
ਐਨਾ ਚਿਤਵਦਿਆਂ ਹੀ ਨਿਤਾਸ਼ਾ ਧੁਰ ਅੰਦਰ ਤੱਕ ਤੋਂ ਹਿੱਲ ਗਈ। ਇਸ ਨਾ ਕਾਬਿਲ-ਏ-ਬਰਦਾਸ਼ਤ ਅਤੇ ਅਣਸੁਖਾਂਵੇ ਵਾਕੇ ਦੇ ਹੋਣ ਤੋਂ ਪੇਸ਼ਤਰ ਹੀ ਨਿਤਾਸ਼ਾ ਨੇ ਵਿਚਾਰ ਬਣਾ ਲਿਆ ਕਿ ਭਾਵੇ ਵਲ੍ਹ ਹੀ ਪਵੇ ਪਰ ਉਹ ਪਾਰਕ ਦੀ ਬਜਾਏ ਸੜਕੇ-ਸੜਕ ਹੀ ਜਾਵੇਗੀ। ਆਖਰ ਜਾਨ ਹੈ ਤਾਂ ਜਹਾਨ ਹੈ।
ਨਿਤਾਸ਼ਾ ਸੋਚਾਂ ਦੀ ਨਦੀ ਵਿੱਚ ਠਿੱਲ੍ਹ ਗਈ ਅਗਰ ਕੋਈ ਹਮਉਮਰ ਗੋਰਾ ਮੁੰਡਾ ਬੱਸ ਵਿੱਚ ਇਸ ਮੌਕੇ ਬੈਠਾ ਹੁੰਦਾ ਤਾਂ ਮੈਂ ਉਸ ਨਾਲ ਸੈਨਤਬਾਜ਼ੀ ਕਰਕੇ ਉਸ ਨੂੰ ਮਗਰ ਲਾ ਲੈਂਦੀ। ਮੇਰੀਆਂ ਮੁਸਕਾਨਾਂ ਦੇ ਨਿਮੰਤਰਨ ਨੂੰ ਸਵਿਕਾਰ ਕਰਦਾ ਹੋਇਆ ਉਹ ਮੇਰੀ ਸੀਟ ’ਤੇ ਮੇਰੇ ਨਾਲ ਬੈਠ ਕੇ ਗੱਲਾਂ ਮਾਰਨ ਲੱਗ ਪੈਂਦਾ। ਫਿਰ ਅੰਗਰੱਖਿਅਕ ਬਣ ਕੇ ਮੈਨੂੰ ਘਰ ਤੱਕ ਐਸਕੋਰਟ ਕਰਕੇ ਛੱਡਣ ਜਾਂਦਾ। ਘਰ ਕੋਲ ਪਹੁੰਚ ਕੇ ਮੈਂ ਉਸ ਤੋਂ ਖਹਿੜਾ ਛੁਡਾ ਲੈਂਦੀ। 
ਇਹ ਸਕੀਮ ਤਦੇ ਹੀ ਨੇਪਰੇ ਚੜ੍ਹ ਸਕਦੀ ਸੀ ਜੇ ਕੋਈ ਚੋਬਰ ਹੁੰਦਾ। ਪਰ ਹੁਣ ਤਾਂ ਕੁੱਝ ਵੀ ਨਹੀਂ ਸੀ ਹੋ ਸਕਦਾ। ਡਰ ਕੇ ਨਿਤਾਸ਼ਾ ਨੇ ਉਸ ਸਿੱਖ ਵਿਅਕਤੀ ਵੱਲ ਤੱਕਿਆ ਤੇ ਪਛਤਾਵੇ ਦੇ ਸਮੁੰਦਰਾਂ ਵਿੱਚ ਡੁੱਬ ਗਈ। 
ਬੱਸ ਲਗਭਗ ਖਾਲੀ ਹੀ ਹੋਈ ਪਈ ਸੀ। ਡਰਾਈਵਰ, ਨਿਤਾਸ਼ਾ ਅਤੇ ਉਸ ਸਿੱਖ ਤਿੰਨਾਂ ਦੇ ਸਿਵਾਏ ਹੋਰ ਕੋਈ ਚੌਥਾ ਸਖਸ਼ ਨਹੀਂ ਸੀ। ਨਿਤਾਸ਼ਾ ਉਵੇਂ ਹੀ ਘਬਰਾਈ ਬੈਠੀ ਸੀ। ਨਿਤਾਸ਼ਾ ਦੇ ਉਤਰਨ ਵਿੱਚ ਦੋ ਸਟਾਪ ਹੀ ਰਹਿੰਦੇ ਸਨ। ਉਸ ਦੀ ਜਾਨ ਬੁੱਲ੍ਹਾਂ ਪੁਰ ਆਈ ਪਈ ਸੀ। ਜਿਉਂ-ਜਿਉਂ ਉਸ ਦੀ ਬੱਸ ਅੱਡੇ ਵੱਲ ਵੱਧਦੀ ਨਿਤਾਸ਼ਾ ਦਾ ਖੌਫ਼ ਹੋਰ ਜ਼ਿਆਦਾ ਹੁੰਦਾ ਜਾਂਦਾ।
ਅਗਲਾ ਅੱਡਾ ਆਉਣ ਤੋਂ ਪਹਿਲਾਂ ਹੀ ਉਹ ਸਿੱਖ ਉੱਠਿਆ ਤੇ ਬੱਸ ਰੁਕਵਾ ਕੇ ਉਤਰ ਗਿਆ। ਉਸ ਦੇ ਰੁਖਸਤ ਹੁੰਦਿਆਂ ਹੀ ਨਿਤਾਸ਼ਾ ਨੇ ਸੁੱਖ ਦਾ ਸਾਹ ਲਿਆ ਕਿ ਮੁਸੀਬਤ ਟਲੀ। ਨਿਤਾਸ਼ਾ ਦੀਆਂ ਧੜਕਨਾਂ ਦੀ ਰਫ਼ਤਾਰ  ਹੌਲੀ-ਹੌਲੀ ਆਪਣੀ ਸਧਾਰਨ ਗਤੀ ਅਖਤਿਆਰ ਕਰਨ ਲੱਗੀ। ਉਸ ਨੇ ਮਹਾਸੰਕਟ ਤੋਂ ਬਚਣ ਮਗਰੋਂ ਰੱਬ ਦਾ ਸ਼ੁਕਰਾਨਾ ਅਦਾ ਕੀਤਾ।
ਨਿਤਾਸ਼ਾ ਦਾ ਮਰਹਲਾ ਆ ਗਿਆ। ਉਹ ਉਤਰ ਕੇ ਤੇਜ਼ ਕਦਮੀ ਸੜਕ ਦੇ ਕਿਨਾਰੇ ਕਿਨਾਰੇ ਤੁਰਨ ਲੱਗੀ। ਉਸ ਨੇ ਛਾਤੀ ’ਤੇ ਹੱਥ ਰੱਖ ਕੇ ਅਜੇ ਵੀ ਤੇਜ਼ ਧੜਕਦੇ ਸੀਨੇ ਨੂੰ ਮਹਿਸੂਸ ਕਰਕੇ ਆਪਣੇ ਆਪ ਨੂੰ ਹੌਂਸਲਾ ਦਿੱਤਾ। ਉਹ ਤਾਂ ਪਹਿਲਾਂ ਹੀ ਉਤਰ ਗਿਆ ਸੀ, “ਹੁਣ ਮੈਨੂੰ ਕਾਹਦਾ ਖਤਰਾ?” 
ਨਿਤਾਸ਼ਾ ਨੇ ਭੈਅ ਦੂਰ ਕਰਨ ਲਈ ਖੜ੍ਹੋ ਕੇ ਪਿੱਛੇ, ਅੱਗੇ, ਸੱਜੇ, ਖੱਬੇ, ਚਾਰੋ ਪਾਸੇ ਦੇਖਿਆ। ਉੱਥੇ ਬੰਦਾ ਤਾਂ ਦੂਰ ਦੀ ਗੱਲ ਕੋਈ ਚਿੱੜੀ ਜਨੌਰ ਤੱਕ ਨਹੀਂ ਸੀ। ਆਪਣੇ ਵਹਿਮ ਨੂੰ ਕੱਢ ਕੇ, ਉਹ ਫਿਰ ਘਰ ਵੱਲ ਰਵਾਨਾ ਹੋਈ। ਅਜੇ ਉਹ ਕੁੱਝ ਦੂਰ ਹੀ ਗਈ ਸੀ ਕਿ ਐਨੇ ਨੂੰ ਪਹਿਲਾਂ ਕਿਸੇ ਦੇ ਹੱਥ ਨੇ ਪਿਛੀਉਂ ਨਿਤਾਸ਼ਾ ਦੇ  ਦੇ ਮੋਡੇ ਨੂੰ ਛੁਹਿਆ ਤੇ ਫਿਰ ਤੁਰੰਤ ਹੀ ਇੱਕ ਆਵਾਜ਼ ਨੇ ਉਸ ਦੇ ਕੰਨ ਵਿੱਚ ਪਈ, “ਹੇਅ ਯੂ।”
ਨਿਤਾਸ਼ਾ ਨੇ ਪਿੱਛੇ ਭੌਂ ਕੇ ਦੇਖਿਆ। ਇੱਕ ਅੰਗਰੇਜ਼ ਮੁੰਡਾ ਸੀ। ਨਿਤਾਸ਼ਾ ਉਸ ਮੁੰਡੇ ਨੂੰ ਉਸ ਦੀ ਇਸ ਗੁਸਤਾਖੀ ਬਾਰੇ ਝਿੜਕਣ ਹੀ ਲੱਗੀ ਸੀ ਕਿ ਉਹ ਬੋਲਿਆ, “ਜੋ ਕੁੱਝ ਹੈ, ਮੇਰੇ ਹਵਾਲੇ ਕਰ ਦੇ।”
“ਹੈਂਅ?” ਨਿਤਾਸ਼ਾ ਨੇ ਵਾਕ ਦੁਹਰਾੳਣ ਲਈ ਅਰਜ਼ ਕੀਤੀ। ਕਿਉਂਕਿ ਬੋਖਲਾਹਟ ਵਿੱਚ ਉਹ ਸਮਝ ਨਹੀਂ ਸੀ ਸਕੀ। 
“ਕੱਢ ਦੇ ਜੋ ਕੁੱਝ ਵੀ ਹੈਗਾ?”
“ਮਾਫ ਕਰਨਾ?” ਨਿਤਾਸ਼ਾ ਨੂੰ ਉਸ ਦਾ ਕੁੱਝ ਪਤਾ ਨਾ ਲੱਗਿਆ ਕਿ ਉਹ ਕੀ ਕਹਿ ਰਿਹਾ ਸੀ।
ਉਸ ਗੱਭਰੂ ਨੇ ਕੋਟ ਦੀ ਜੇਬ ਚੋਂ ਚਾਕੂ ਕੱਢ ਕੇ ਨਿਤਾਸ਼ਾ ਅੱਗੇ ਕੀਤਾ। ਡੇਢ ਕੁ ਗਿੱਠ ਦੀ ਛੂਰੀ ਦੀ ਨੋਕ ਦੇਖਦਿਆਂ ਹੀ ਨਿਤਾਸ਼ਾ ਨੂੰ ਉਸ ਦੇ ਵਾਕ ਦੀ ਸਮਝ ਆ ਗਈ। ਨਿਤਾਸ਼ਾ ਨੇ ਝੋਲੇ ਚੋਂ ਨੋਟ ਕੱਢ ਕੇ ਉਸ ਦੇ ਹਵਾਲੇ ਕਰ ਦਿੱਤੇ।  ਉਸ ਨੇ ਨਿਤਾਸ਼ਾ ਦਾ ਥੈਲਾ ਧੂਹ ਕੇ ਆਪ ਫਰੋਲਣਾ ਸ਼ੁਰੂ ਕਰ ਦਿੱਤਾ। ਲਿਪਸਟੀਕ, ਸ਼ੀਸ਼ਾ, ਟੀਸ਼ੂ, ਵਾਲ ਵਾਹੁਣ ਵਾਲਾ ਬੁਰਸ਼ ਆਦਿ ਕਈ ਚੀਜ਼ਾਂ ਉਸ ਨੇ ਕੱਢ ਕੇ ਸੜਕ ’ਤੇ ਸੁੱਟ ਦਿੱਤੀਆਂ। ਬਟੂਏ ਦੀਆਂ ਜੇਬਾਂ ਵਿੱਚੋਂ ਪੈਅ ਪੈਕਟ(ਤਨਖਾਹ) ਭਾਲ ਕੇ ਜ਼ਬਤ ਕਰਨ ਪਿੱਛੋਂ ਉਸ ਨੇ ਨਿਤਾਸ਼ਾ ਦੇ ਹੱਥੋਂ ਉਹ ਮੁੰਦਰੀ ਉਤਾਰਨ ਲਈ ਹੱਥ ਪਾਇਆ। ਨਿਤਾਸ਼ਾ ਨੇ ਬਿਨਾਂ ਕਿਸੇ ਉਜ਼ਰ ਛਾਂਪ ਲਾਹੁਣ ਦੇ ਦਿੱਤੀ। 
ਨਿਤਾਸ਼ਾ ਨੇ ਕੱਜ਼ਾਕ ਦੇ ਦੁੱਧਿਆ ਚਿਹਰੇ ਵੱਲ ਦੇਖਿਆਂ। ਉਸ ਲੁਟੇਰੇ ਦੀਆਂ ਬਿੱਲੀਆਂ ਅੱਖਾਂ ਦਾ ਨਿਤਾਸ਼ਾ ਦੇ ਨੀਲੇ ਨੈਣਾਂ ਨਾਲ ਸੁਮੇਲ ਹੋਇਆ। ਨਿਤਾਸ਼ਾ ਨੇ ਨੀਵੀਂ ਪਾ ਲਈ। ਉਸ ਗੋਰੇ ਹਮਲਾਵਰ ਦੀ ਨਜ਼ਰ ਨੇ ਨਿਤਾਸ਼ਾ ਦੀ ਛਾਤੀ ਦਾ ਮੁਆਇਨਾ ਕੀਤਾ। ਉਸ ਨੇ ਨਿਤਾਸ਼ਾ ਦੇ ਉਵਰਕੋਟ ਦੇ ਕਾਲਰਾਂ ਹੇਠੋਂ ਲੁਕੀ ਸੰਗਲੀ ਬਾਹਰ ਖਿੱਚਣੀ ਸ਼ੁਰੂ ਕੀਤੀ।
“ਚ…ਚੱਚ…ਚੈਨ?” ਨਿਤਾਸ਼ਾ ਦੇ ਗੱਲੇ ਚੋਂ ਮਸਾਂ ਹੀ ਇਹ ਸ਼ਬਦ ਨਿਕਲਿਆ। ਅਸਲ ਵਿੱਚ ਤਾਂ ਉਹ ਕਹਿਣਾ ਚਾਹ ਰਹੀ ਸੀ ਕਿ ਕ੍ਰਿਪਾ ਕਰਕੇ ਇਹ ਤਾਂ ਰਹਿਣ ਦਿਉ। ਪਰ ਉਸ ਤੋਂ ਕਹਿ ਨਾ ਹੋਇਆ। ਹਿਰਸੇ ਨੈਣਾਂ ਅਤੇ ਉਸ ਦੇ ਮਾਸੂਮ ਚਿਹਰੇ ਨੇ ਹੀ ਹਾਵ-ਭਾਵ ਪ੍ਰਗਟਾ ਕੇ ਵਾਸਤਾ ਪਾਇਆ। ਪਰ ਡਾਕੂ ਤੇ ਕੋਈ ਅਸਰ ਨਾ ਹੋਇਆ। ਉਸ ਨੇ ਬੇਦਰਦੀ ਨਾਲ ਝੱੜਕਾ ਮਾਰ ਕੇ ਸੰਗਲੀ ਤੋੜ ਲਈ। ਮਗਰੋਂ ਉਸ ਨੇ ਆਪਣਾ ਪੰਜਾਂ ਨਿਤਾਸਾ ਦੀ ਹਿੱਕ ਨਾਲ ਲਾਇਆ ਤੇ ਪੂਰ-ਜ਼ੋਰ ਧੱਕਾ ਮਾਰ ਕੇ ਉਸ ਨੂੰ ਸੁੱਟ ਦਿੱਤਾ ਅਤੇ ਆਪ ਪਾਰਕ ਦੇ ਹਨੇਰੇ ਵਿੱਚ ਅਲੋਪ ਹੋ ਗਿਆ।
ਡਿੱਗੀ ਪਈ ਨਿਤਾਸ਼ਾ ਨੂੰ ਬੱਸ ਵਾਲੀ ਉਸ ਔਰਤ ਦੇ ਕਹੇ ਹੋਏ ਬੋਲ ਚੇਤੇ ਆਏ। “ਇਹ ਸ਼ਸ਼ਤਰ ਤਾਂ ਮਜ਼ਲੂਮਾਂ ਦੀ ਰੱਖਿਆ, ਸਵੈ-ਬਚਾਓ ਤੇ ਜ਼ੁਲਮ ਦੇ ਟਾਕਰੇ ਲਈ ਹੈ।”
ਨਿਤਾਸ਼ਾ ਨੂੰ ਇੱਕ ਪਲ ਲਈ ਉਸ ਸਿੱਖ ਇਨਸਾਨ ਦੀ ਕਮੀ ਰੜਕੀ। ਨਿਤਾਸ਼ਾ ਨੇ ਸੋਚਿਆ ਕਿ ਜੇ ਕਿਤੇ ਉਹ ਆਦਮੀ ਇਸ ਮੁਕਾਮ ’ਤੇ ਉਤਰਿਆ ਹੁੰਦਾ ਤਾਂ ਸ਼ਾਇਦ ਉਹ ਉਸ ਨੂੰ ਮੱਦਦ ਲਈ ਪੁਕਾਰ ਸਕਦੀ। ਨਿਤਾਸ਼ਾ ਨੂੰ ਸਿੱਖ ਮਤ ਅਨੁਸਾਰ ਹਰ ਸਮੇਂ ਸ਼ਸ਼ਤਰਧਾਰ ਹੋ ਕੇ ਤਿਆਰ-ਬਰ-ਤਿਆਰ ਰਹਿਣ ਦੀ ਮਹੱਤਤਾ ਸਾਰਥਕ ਜਾਪਣ ਲੱਗੀ। ਨਿਤਾਸ਼ਾ ਦੇ ਮਨ ਵਿੱਚ ਆਇਆ ਕਿ ਜੇਕਰ ਉਹ ਵੀ ਹਿੰਦੋਸਤਾਨ ਦੀ ਪਾਵਨ ਧਰਤੀ ਉੱਪਰ ਜਨਮੀ ਹੁੰਦੀ ਤੇ ਅੰਮ੍ਰਿਤਪਾਨ ਕਰਕੇ ਉਹ ਵੀ ਸਿੰਘਣੀ ਸੱਜ ਕੇ ਹਥਿਆਰਬੰਧ ਹੁੰਦੀ ਤਾਂ ਅੱਜ ਯਕੀਨਨ ਉਹ ਲੁੱਟਣੋਂ ਬਚ ਜਾਂਦੀ। 
“ਚੱਲ ਡਾਕੇਤ ਕਿਹੜਾ ਕੋਈ ਗੈਰ-ਮੁਲਖੀ ਇਨਸਾਨ ਸੀ। ਮੇਰਾ ਆਪਣਾ ਹਮ-ਨਸਲ ਮਨੁੱਖ ਹੀ ਸੀ। ਹੋ ਸਕਦਾ ਹੈ ਵਿਚਾਰੇ ਦੀ ਕੋਈ ਮਜਬੂਰੀ ਹੋਵੇ? ਮੇਰੀ ਏਨੀ ਸੋਹਣੀ, ਚੰਗੀ ਚੌਖੀ ਤਨਖਾਹ ਵਾਲੀ ਨੌਕਰੀ ਏ। ਮੈਨੂੰ ਕਿਤੇ ਘਾਟਾ ਇਹੋ ਜਿਹੀਆਂ ਚੀਜ਼ਾਂ ਦਾ?” ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਨਿਤਾਸ਼ਾ ਨੇ ਸਬਰ-ਸੰਤੋਖ ਕਰ ਲਿਆ।  
ਸੜਕ ਉੱਪਰ ਕੋਲ ਖਿਲਰੀਆਂ ਚੀਜ਼ਾਂ ਇਕੱਠੀਆਂ ਕਰਕੇ ਪਰਸ ਵਿੱਚ ਪਾਉਂਦੀ ਉਹ ਸੋਚ ਰਹੀ ਸੀ, “ਚੰਗਾ ਹੋਇਆ ਲੁਟੇਰਾ ਅੰਗਰੇਜ਼ ਸੀ। ਵਾਲ-ਵਾਲ ਬਚ ਗਈ। ਧਨ ਤੇ ਗਹਿਣਿਆਂ ਨਾਲ ਈ ਖਹਿੜਾ ਛੁੱਟ ਗਿਆ। ਜੇ ਕੋਈ ਬੇਗਾਨੇ ਫਿਰਕੇ ਜਾਂ ਦੀਨ ਨਾਲ ਸੰਬੰਧਤ(ਏਸ਼ੀਅਨ) ਹੁੰਦਾ ਤਾਂ ਸ਼ਾਇਦ ਅੱਜ ਅਨਰਥ ਹੀ ਹੋ ਜਾਣਾ ਸੀ। ਹੁਣ ਫ਼ਰਕ ਹੈ। ਇਹ ਹਾਦਸਾ ਭੁਲਾਇਆ ਜਾ ਸਕਦਾ ਹੈ।”
ਸੜਕ ਤੋਂ ਉੱਠ ਕੇ ਨਿਤਾਸ਼ਾ ਨੇ ਕੱਪੜੇ ਝਾੜੇ ਤੇ ਆਪਣੇ ਘਰ ਵੱਲ ਇੰਝ ਤੁਰ ਪਈ ਜਿਵੇਂ ਕੁੱਝ ਵਾਪਰਿਆ ਹੀ ਨਹੀਂ ਹੁੰਦਾ। 

****

No comments:

Post a Comment