ਮੌਤ ਤੋਂ ਜ਼ਿੰਦਗੀ ਵੱਲ

ਅਸਮਾਨ ਗੂੰਗਾ ਹੋ ਗਿਆ ਜਾਪਦਾ ਹੈ। ਜ਼ਮੀਨ ਚੁੱਪ ਹੈ। ਉਹ ਦੋਨੋਂ ਵੀ ਖਾਮੋਸ਼ ਹਨ। ਸਿਰਫ਼ ਭੱਜੀ ਜਾਂਦੀ ਕਾਰ ਦਾ ਖੜਕਾ ਹੋ ਰਿਹਾ ਹੈ। ਸੁੰਨ੍ਹੇ ਮੋਟਰਵੇਅ 'ਤੇ ਸੱਤਰ-ਅੱਸੀ ਮੀਲ ਦੀ ਰਫ਼ਤਾਰ ਨਾਲ ਜੂਲੀ ਹੋਰੀਂ ਹੈਵਨ ਲੇਕ ਵੱਲ ਵੱਧ ਰਹੇ ਹਨ। ਹੈਵਨ ਲੇਕ ਨੂੰ ਅੱਜ ਉਹ ਪਹਿਲੀ ਵਾਰ ਨਹੀਂ ਜਾ ਰਹੇ, ਅੱਗੇ ਵੀ ਕਈ ਦਫਾ ਜਾ ਚੁੱਕੇ ਹਨ। ਅੱਗੇ ਉਹ ਇੱਥੇ ਚਹਿਕਦੇ, ਗੁਟਕਦੇ ਆਉਂਦੇ ਅਤੇ ਸੋਹਿਲੇ ਗਾਉਂਦੇ ਵਾਪਸ ਜਾਂਦੇ। ਪਰ ਅੱਜ ਉਹ ਸ਼ਾਂਤ ਹਨ। ਅਜ਼ੀਬ ਕਿਸਮ ਦੇ ਸੰਨਾਟੇ ਦੀ ਦਿਵਾਰ ਉਸਰੀ ਹੋਈ ਹੈ ਅੱਜ ਉਹਨਾਂ ਦੇ ਵਿੱਚਕਾਰ।
ਛੇ ਮਹੀਨੇ ਪਹਿਲਾਂ ਇਸੇ ਹੈਵਨ ਲੇਕ 'ਤੇ ਘੁੰਮਣ ਆਇਆਂ ਤੋਂ ਜੌਹਨ ਨੇ ਬੀਰ ਆਸਣ ਵਿੱਚ ਗੋਡੇ ਦੇ ਭਾਰ ਹੋ ਕੇ ਉਸ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ, "ਜੂਲ, ਵਿੱਲ ਯੂ ਮੈਰੀ ਮੀ?"
ਜੂਲੀ ਸੁਣ ਕੇ ਦੰਗ ਰਹਿ ਗਈ ਸੀ। ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਉਮੜ ਆਏ ਸਨ। ਜੂਲੀ ਆਪਣੇ ਪ੍ਰੇਮੀ ਦਾ ਪਰਪੋਜ਼ਲ ਭਲਾਂ ਕਿਵੇਂ ਠੁਕਰਾ ਸਕਦੀ ਸੀ? ਬਾਗੋ-ਬਾਗ ਹੋਈ ਉਹ ਇਸ ਬੇਇੰਤਹਾ ਖੁਸ਼ੀ ਨੂੰ ਸਮੇਟਣ ਲਈ ਬਾਹਾਂ ਟੱਡੀ ਬੈਠੇ ਜੌਹਨ ਨਾਲ ਚਿਪਕ ਗਈ ਸੀ, "ਹਾਂ-ਹਾਂ, ਮੇਰੇ ਪ੍ਰੀਤਮ, ਹਾਂ। ਮੈਂ ਜ਼ਰੂਰ-ਬਰ-ਜ਼ਰੂਰ ਵਿਆਹ ਕਰਵਾਉਂਗੀ ਤੇਰੇ ਨਾਲ।" 
ਤੇ ਫੇਰ ਜਲਦ ਹੀ ਉਹਨਾਂ ਦੀ ਸਗਾਈ ਹੋ ਗਈ ਸੀ। ਮੰਗਣੀ ਦੀ ਰਸਮ ਮੌਕੇ ਹੀ ਉਹਨਾਂ ਨੇ ਸ਼ਾਦੀ ਦੀ ਤਾਰੀਖ ਮੁਕਰਰ ਕਰਕੇ ਐਲਾਨ ਕਰ ਦਿੱਤੀ ਸੀ। 
ਉਸ ਸੁਲੱਖਣੀ ਘੜੀ ਲਈ ਉਤਾਵਲੇ ਹੋਏ ਉਹ ਨਿਸਦਿਨ ਕਲੰਡਰ ਦੇਖ ਦੇਖ ਵਕਤ ਲੰਘਾ ਰਹੇ ਹਨ। ਬਿੱਗ ਡੇਅ (ਸ਼ੁਭ ਦਿਹਾੜਾ) ਨੂੰ ਪਹਿਨਣ ਵਾਸਤੇ ਜੂਲੀ ਨੇ ਰਾਣੀਆਂ-ਮਹਾਰਾਣੀਆਂ ਦੇ ਵਸਤਰਾਂ ਵਰਗਾ ਚਿੱਟੇ ਰੰਗ ਦਾ ਸਿਲਕੀ ਸੁਹਾਗ-ਜੋੜਾ ਬਣਾਇਆ ਹੋਇਆ ਹੈ। ਜੌਹਨ ਨੇ ਵੀ ਰੈਕਹਮ ਵਿੱਚੋਂ ਸਿਰੇ ਦਾ ਕਾਲਾ ਕੋਟ ਪੈਂਟ ਖਰੀਦਿਆ ਹੈ। ਵਿਆਹ ਕਿਹੜਾ ਰੋਜ਼-ਰੋਜ਼ ਹੁੰਦੇ ਨੇ? ਇਸ ਲਈ ਉਸ ਪੁਰ-ਮੁਸਰੱਤ ਮੌਕੇ ਨੂੰ ਪੂਰੇ ਜ਼ੋਰ-ਸ਼ੋਰ ਤੇ ਧੂੰਮ-ਧੜੱਕੇ ਨਾਲ ਉਹਨਾਂ ਨੇ ਸਭ ਰਸਮਾਂ ਨਿਭਾਉਣੀਆਂ ਹਨ। ਹੁਣ ਤੱਕ ਉਹਨਾਂ ਨੇ ਵਿਆਹ ਦੀਆਂ ਗਾਲਬਨ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੱਦੇ ਪੱਤਰ ਵੰਡੇ ਜਾ ਚੁੱਕੇ ਹਨ। ਸਾਹੇ ਵਿੱਚ ਅਜੇ ਠੀਕ ਦੋ ਦਿਨ ਬਾਕੀ ਰਹਿੰਦੇ ਹਨ। 
ਘੁੱਟ ਕੇ ਸਟੇਰਿੰਗ-ਵੀਲ ਫੜ੍ਹ੍ਹੀ ਬੈਠੀ ਜੂਲੀ ਉਹ ਗੱਲ ਜਾਨਣ ਲਈ ਕਾਹਲੀ ਹੈ, ਜੋ ਨਾਲ ਬੈਠਾ ਜੌਹਨ ਦੱਸਣ ਲਈ ਹਿੱਚਕਚਾ ਰਿਹਾ ਹੈ। ਜੌਹਨ ਕਿਸੇ ਭਾਰੀ ਉਲਝਣ ਵਿੱਚ ਫੱਸਿਆ ਹੋਇਆ ਪ੍ਰਤੀਤ ਹੁੰਦਾ ਹੈ। ਅਜੇ ਤੱਕ ਭਾਵੇਂ ਉਹ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਫੁੱਟਿਆ। ਪਰ ਜੂਲੀ ਨੇ ਅੱਗੋਂ ਹੀ ਕਿਆਫਾ ਲਾ ਲਿਆ ਹੈ ਕਿ ਜ਼ਰੂਰ ਕੋਈ ਅਣਹੋਣੀ ਹੋਣ ਵਾਲੀ ਹੈ। ਜੂਲੀ ਦਾ ਮੱਥਾ ਤਾਂ ਉਸੇ ਵੇਲੇ ਹੀ ਠਣਕ ਗਿਆ ਸੀ, ਜਦੋਂ ਜੌਹਨ ਨੇ ਅੱਜ ਤੜ੍ਹਕਸਾਰ ਆ ਕੇ ਉਠਾਇਆ ਸੀ। 
"ਮੈਂ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦਾ ਹਾਂ।"
"ਹਾਂ, ਦੱਸ? ਪਾਰਟੀ ਦੇ ਅਰੇਂਜਮੈਂਟ ਬਾਰੇ ਕੁੱਝ ਡਿਸਕੱਸ ਕਰਨਾ ਹੈ?" ਜੂਲੀ ਨੇ ਸੋਚਿਆ ਸੀ ਸ਼ਾਇਦ ਕੋਈ ਵਿਆਹ ਦੀ ਤਿਆਰੀ ਬਾਬਤ ਸਲਾਹ ਮਸ਼ਵਰਾ ਕਰਨਾ ਹੋਊ। 
"ਨਹੀਂ, ਹੋਰ ਇੰਮਪੌਰਟੈਂਟ ਮੁੱਦੇ 'ਤੇ ਗੱਲ ਕਰਨੀ ਹੈ।" ਜੌਹਨ ਦੀਆਂ ਸੁਜੀਆਂ ਅੱਖਾਂ ਤੋਂ ਲੱਗਦਾ ਸੀ ਜਿਵੇਂ ਉਹ ਸਾਰੀ ਰਾਤ ਸੁੱਤਾ ਨਹੀਂ ਸੀ।
"ਏਸ ਵੇਲੇ ਵਿਆਹ ਤੋਂ ਜ਼ਰੂਰੀ ਹੋਰ ਕੀ ਹੋ ਸਕਦਾ ਹੈ? ਖੈਰ, ਬੋਲ ਕੀ ਕਹਿਣਾ ਚਾਹੁੰਦਾ ਹੈਂ?"
"ਇੱਥੇ ਨਹੀਂ।"
"ਫਿਰ ਕਿੱਥੇ?"
"ਹੈਵਨ ਲੇਕ 'ਤੇ।"
"ਪਰ ਮਾਜਰਾ ਕੀ ਏ?"
"ਚੱਲ, ਤੈਨੂੰ ਸਭ ਦੱਸ ਦਿੰਦਾ ਹਾਂ।" ਜੂਲੀ ਨੂੰ ਡੋਲਿਉਂ ਫੜ੍ਹ ਕੇ ਜੌਹਨ ਬਾਹਰ ਨੂੰ ਧੂਹ ਕੇ ਲੈ ਤੁਰਿਆ ਸੀ। 
ਜੂਲੀ ਨੇ ਜੌਹਨ ਨੂੰ ਆਪਣੀ ਕਾਰ ਵਿੱਚ ਨਾਲ ਬੈਠਾ ਕੇ, ਐਕਸਲੇਟਰ ਦੱਬ ਦਿੱਤਾ ਸੀ।
ਹੁਣ ਤੱਕ ਉਹ ਆਪਣੇ ਹੋਮ ਟਾਊਨ ਟੈੱਲਫਰਡ ਤੋਂ ਚੱਲ ਕੇ ਪੂਰੇ ਚਾਲੀ ਮਿੰਟਾਂ ਦਾ ਸਫਰ ਤੈਅ ਕਰ ਚੁੱਕੇ ਹਨ। ਉਹਨਾਂ ਨੂੰ ਆਪਣੀ ਮੰਜ਼ਿਲ ਉੱਤੇ ਪੁਹੰਚਣ ਲਈ ਅਜੇ ਹੋਰ ਵੀਹ ਮਿੰਟ ਦੀ ਡਰਾਇਵ ਬਾਕੀ ਪਈ ਹੈ। ਅਜੇ ਤੱਕ ਜੌਹਨ ਨੇ ਉਹਨੂੰ ਗੱਲ ਦਾ ਕਲੂ (ਸੰਕੇਤ) ਵੀ ਨਹੀਂ ਦਿੱਤਾ। 
ਕਈਆਂ ਦਿਨਾਂ ਤੋਂ ਜੂਲੀ ਦੀ ਅੱਖ ਫਰਕ ਰਹੀ ਸੀ। ਉਂਝ ਉਹ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ਼ ਤਾਂ ਨਹੀਂ ਕਰਦੀ। ਅਜਿਹੀਆਂ ਚੀਜ਼ਾਂ ਵਿੱਚ ਤਾਂ ਏਸ਼ੀਆਈ ਲੋਕਾਂ ਦਾ ਅਕੀਦਾ ਹੁੰਦਾ ਹੈ। ਅੰਗਰੇਜ਼ ਥੋੜ੍ਹਾ ਇਹੋ ਜਿਹੀਆਂ ਚੀਜ਼ਾਂ ਨੂੰ ਮੰਨਦੇ ਹਨ? ਪਰ ਇਸ ਵਕਤ ਜੂਲੀ ਨੂੰ ਯਾਨੀ ਅਖਬਾਰ ਵਿੱਚ ਪੜ੍ਹੀ ਹੋਈ ਭਵਿੱਖਬਾਣੀ ਵੀ ਸੱਚੀ ਹੁੰਦੀ ਜਾ ਰਹੀ ਲੱਗਦੀ ਹੈ। ਉਹਦੇ ਨਾਲ ਕੰਮ ਕਰਦੀ ਇੰਡੀਅਨ ਕੁੜੀ ਰੋਜ਼ ਅਖਬਾਰ ਖੋਲ੍ਹ ਕੇ ਆਪਣਾ ਰਾਸ਼ੀਫਲ ਪੜ੍ਹਦੀ ਹੁੰਦੀ ਸੀ। ਜੂਲੀ ਨੇ ਤਾਂ ਕਦੇ ਰਾਸ਼ੀਫਲ ਵਾਲੇ ਪੰਨੇ ਨੂੰ ਚੱਜ ਨਾਲ ਵੇਖਿਆ ਵੀ ਨਹੀਂ ਸੀ, ਐਂਵੇ ਉਹਦੀ ਸਹੇਲੀ ਪ੍ਰਦੀਪ ਨੇ ਹੀ ਉਹਨੂੰ ਪੁੱਛ ਲਿਆ ਸੀ, "ਜੂਲੀ ਤੇਰਾ ਸਟਾਰ ਸਾਈਨ ਕੀ ਐ?"
"ਸਟਾਰ ਸਾਈਨ?" ਜੂਲੀ ਨੂੰ ਤਾਂ ਐਨਾ ਵੀ ਪਤਾ ਨਹੀਂ ਸੀ ਕਿ ਉਸ ਦੀ ਰਾਸ਼ੀ ਕਿਹੜੀ ਸੀ। ਉਹਨੇ ਪ੍ਰਦੀਪ ਅੱਗੇ ਮੋਢੇ ਹਿਲਾ ਕੇ ਬਿਨਾਂ ਬੋਲਿਆਂ ਪਤਾ ਨਹੀਂ ਵਾਲਾ ਜੁਆਬ ਦੇ ਦਿੱਤਾ ਸੀ।
"ਤੇਰੀ ਡੇਟ ਔਫ ਬਰਥ ਕੀ ਹੈ?"
"ਜਨਮ ਤਾਰੀਖ? ਦੋ ਅਕਤੂਬਰ ਊਨੀ ਸੌ ਸੱਤਰ।"
"ਫੇਰ ਤੂੰ ਲਿਬਰਾ(ਤੁਲਾ) ਹੈਂ।" ਐਨਾ ਆਖ ਕੇ ਪ੍ਰਦੀਪ ਜੂਲੀ ਨੂੰ ਉਹਦੀ ਰਾਸ਼ੀ ਵਿੱਚ ਜੋ ਲਿਖਿਆ ਸੀ, ਪੜ੍ਹ ਕੇ ਸਣਾਉਣ ਲੱਗ ਗਈ ਸੀ, "ਚੌਕਸ ਹੋ ਜਾਉ,  ਭਿਅੰਕਰ ਤੂਫਾਨ ਆਉਣ ਵਾਲਾ ਹੈ। ਇਹ ਆਉਣ ਵਾਲਾ ਮਹੀਨਾ ਤੁਹਾਡੇ ਜੀਵਨ ਵਿੱਚ ਦੁੱਖਾਂ ਦੇ ਬੱਦਲ ਲੈ ਕੇ ਆਵੇਗਾ। ਤੁਸੀਂ ਕਿਸੇ ਅਨਮੋਲ ਚੀਜ਼ ਤੋਂ ਹੱਥ ਧੋਹ ਬੈਠੋਗੇ। ਇਸ ਮਾਹ ਦੀ ਕਰੋਪੀ ਤੋਂ ਤੁਸੀਂ ਸਾਰੀ ਜ਼ਿੰਦਗੀ ਪੀੜ੍ਹਤ ਰਹੋਗੇ।"
"ਪਾਰਡੀਪ, ਮੈਂ ਨਹੀਂ ਯਕੀਨ ਕਰਦੀ ਇਹੋ ਜਿਹੀਆਂ ਗੱਲਾਂ 'ਤੇ। ਜੋਤਿਸ਼-ਵੋਤਿਸ਼, ਭਵਿੱਖਬਾਣੀਆਂ, ਸਭ ਬਕਵਾਸ਼ ਹੁੰਦਾ ਹੈ। ਟੋਟਲੀ ਰੱਬਿਸ਼।"
ਜੂਲੀ ਨੇ ਉਦੋਂ ਉਹ ਸਭ ਗੱਲਾਂ ਇੱਕ ਕੰਨ ਚੋਂ ਪਾ ਕੇ ਦੂਜੇ ਚੋਂ ਕੱਢ ਦਿੱਤੀਆਂ ਸਨ। ਪਰ ਹੁਣ ਜਿਵੇਂ ਇੱਕਦਮ ਉਸਦਾ ਉਹਨਾਂ ਸਭ ਟਿੱਪਣੀਆਂ ਉੱਤੇ ਆਸਥਾ ਬੱਝਦਾ ਜਾ ਰਿਹਾ ਹੈ। ਧਿਆਨ ਨਾਲ ਗੱਡੀ ਚਲਾਉਣੀ ਹੋਣ ਕਰਕੇ ਉਹਨੇ ਝੀਲ 'ਤੇ ਅਪੜ੍ਹਨ ਤੱਕ ਕਿਵੇਂ ਨਾ ਕਿਵੇਂ ਆਪਣੇ ਆਪਨੂੰ ਬੰਨ੍ਹੀ ਰੱਖਿਆ। ਪਰ ਉਸ ਤੋਂ ਹੋਰ ਸਬਰ ਨਾ ਕਰ ਹੋਇਆ। ਝੀਲ ਦੀ ਕਾਰ ਪਾਰਕ ਵਿੱਚ ਗੱਡੀ ਖੜਾਉਂਦਿਆਂ ਹੀ ਉਹ ਕੋਈ ਲੜ੍ਹ-ਸਿਰਾ ਫੜ੍ਹਨ ਲਈ ਗੱਜੀ, "ਆਖਰ ਗੱਲ ਕੀ ਹੈ?"
"ਦੱਸਦਾ ਆਂ ਠਹਿਰ ਜਾ।" ਸਹਿਮਿਆਂ ਹੋਇਆ ਜੌਹਨ ਸੀਮਿਤ ਜਿਹੇ ਸ਼ਬਦਾਂ ਵਿੱਚ ਉੱਤਰ ਦੇ ਕੇ ਚੁੱੱਪ ਕਰ ਗਿਆ ਤੇ ਕਾਫ਼ੀ ਚਿਰ ਤੱਕ ਉਸੇ ਤਰ੍ਹਾਂ ਸੁੰਨਵੱਟਾ ਬਣਿਆਂ ਬੈਠਾ ਰਿਹਾ। ਸ਼ਾਇਦ ਉਹ ਕਿੱਸਾ ਬਿਆਨ ਕਰਨ ਲਈ ਸਹੀ ਲਫ਼ਜ਼ਾਂ ਦੀ ਚੋਣ ਕਰ ਰਿਹਾ ਸੀ।
"ਮੈਂ ਸੁਣ ਰਹੀ ਹਾਂ।" ਜੂਲੀ ਨੇ ਆਪਣਾ ਸਾਰਾ ਧਿਆਨ ਜੌਹਨ ਦੇ ਬੁੱਲ੍ਹਾਂ ਉੱਪਰ ਕੇਂਦਰਤ ਕਰ ਲਿਆ।
"ਮੈਂ ਤੈਨੂੰ ਸਭ ਸੱਚੋ-ਸੱਚ ਦੱਸ ਦੇਣਾ ਚਾਹੁੰਦਾ ਹਾਂ, ਤਾਂ ਕਿ ਕੱਲ੍ਹ ਨੂੰ ਤੂੰ ਇਹ ਨਾ ਕਹੇਂ ਕਿ ਮੈਂ ਤੇਰੇ ਕੋਲੋਂ ਕੋਈ ਲਕੋਅ ਰੱਖਿਆ ਹੈ। ਵਿਆਹ ਤੋਂ ਬਾਅਦ ਮੈਂ ਮਾੜਾ ਜਿਹਾ ਵੀ ਕੋਈ ਦੁੱਖ ਤੇਰੇ ਨੇੜੇ ਨਹੀਂ ਭਟਕਣ ਦੇਣਾ।" ਇਹ ਸ਼ਬਦ-ਲੜੀ ਕਹਿੰਦਾ ਕਹਿੰਦਾ ਜੌਹਨ ਅਚਾਨਕ ਖਾਮੋਸ਼ੀ ਬੋਲਣ ਲੱਗ ਪਿਆ। 
"ਹੁਣ ਕੀ ਬਾਜੇ ਆਲੇ ਡੀਕ ਦੈਂ। ਦੱਸ ਨਾ।" ਜੂਲੀ ਨੇ ਦਹਾੜ ਕੇ ਆਪਣੀ ਖਿੱਝੀ ਆਵਾਜ਼ ਨਾਲ ਬੇਸਵਰਾਪਨ ਪ੍ਰਗਟ ਕਰ ਕੀਤਾ। 
ਜੂਲੀ ਦੇ ਝਿੜਕਣ ਨਾਲ ਜੌਹਨ ਹੋਰ ਵੀ ਖੌਫ਼ਜ਼ਦਾ ਹੋ ਗਿਆ। ਕੁੱਝ ਚਿਰ ਵਾਸਤੇ ਉਹ ਦੋਨੋਂ ਇੱਕ ਦੂਸਰੇ ਵੱਲ ਵਿੱਟ-ਵਿੱਟ ਤੱਕਦੇ ਰਹੇ। ਉੱਡਣ ਦੀ ਕੋਸ਼ਿਸ਼ ਕਰਦੇ ਘਾਇਲ ਪੰਛੀ ਦੇ ਖੰਭਾਂ ਵਾਂਗ ਵਿੱਚ-ਵਿੱਚ ਕਦੇ ਮਾੜੀ ਜਿਹੀ ਜੌਹਨ ਦੇ ਬੁੱਲ੍ਹਾਂ ਵਿੱਚ ਜੁੰਬਸ਼ ਹੋਈ। ਪਰ ਜੂਲੀ ਨੂੰ ਅਲਫਾਜ਼ ਕੋਈ ਵੀ ਸੁਣਾਈ ਨਾ ਦਿੱਤਾ।
ਜੌਹਨ ਦੀ ਘਬਰਾਹਟ ਦੂਰ ਕਰਨ ਲਈ ਜੂਲੀ ਨੇ ਉਹਦੇ ਅੱਗੇ ਝੀਲ ਦੇ ਕਿਨਾਰੇ ਟਹਿਲਣ ਦੀ ਤਜ਼ਵੀਜ਼ ਰੱਖੀ। ਜੋ ਜੌਹਨ ਨੇ ਖਿੜੇ ਮੱਥੇ ਮੰਨ ਲਈ। ਥੋੜ੍ਹੀ ਦੂਰ ਚੱਲਣ ਬਾਅਦ ਜੌਹਨ ਨੇ ਹੌਂਸਲਾ ਇਕੱਠਾ ਕਰਿਆ ਤੇ ਜੱਕੋ-ਤੱਕੀ ਵਿੱਚ ਕਿਹਾ, "ਤੈਨੂੰ-ਤਾਂ-ਪਤੈ-ਮੈਂ-ਬਹੁਤਾ ਸੋਹਣਾ-ਨਹੀਂ ਆਂ।"
ਗੁਬਾਰੇ ਦਾ ਮੂੰਹ ਖੋਲ੍ਹਣ 'ਤੇ ਨਿਕਲਦੀ ਫੂਕ ਵਾਂਗ ਯਕਦਮ ਸਭ ਫਿਕਰ-ਫਾਕੇ  ਜੂਲੀ ਦੇ ਦਿਮਾਗ ਤੋਂ ਲਹਿ ਗਏ। ਉਸਨੂੰ ਜੌਹਨ ਹੀਣ-ਭਾਵਨਾ ਦਾ ਸ਼ਿਕਾਰ ਹੋਇਆ ਲੱਗਿਆ।
"ਓ ਹੋ। -ਪਰ ਮੈਂ ਤੈਨੂੰ ਪਸੰਦ ਕਰਦੀ ਹਾਂ, ਬਾਬਾ ਗੁਰੂ। ਤੂੰ ਮੇਰੇ ਲਈ ਵਿਸ਼ਵ ਦਾ ਸਭ ਤੋਂ ਸੋਹਣਾ ਮਨੁੱਖ ਹੈਂ। ਮੈਂ ਕਿਹਾ ਪਤਾ ਨਹੀਂ ਕਿਹੜੇ ਖੁਫੀਆ ਰਾਜ਼ ਦਾ ਪਰਦਾ ਫਾਸ਼ ਕਰੇਂਗਾ। ਤੂੰ ਤਾਂ ਮੇਰੀ ਜਾਨ ਹੀ ਕੱਢ ਲਈ ਸੀ। ਮੈਂ ਤੈਨੂੰ ਇੱਕ ਗੱਲ ਸਾਫ਼-ਸਾਫ਼ ਦੱਸ ਦਿੰਦੀ ਹਾਂ ਬਈ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਤੇਰੇ ਉੱਤੇ ਕੋਈ ਅਹਿਸਾਨ ਨਹੀਂ ਕਰ ਰਹੀ। ਸਗੋਂ ਮੈਨੂੰ ਵੀ ਬੁਰੀ ਤਰ੍ਹਾਂ ਤੇਰੀ ਲੋੜ੍ਹ ਹੈ। ਤੇਰੇ ਬਿਨਾਂ ਮੈਂ ਅਧੂਰੀ ਤੇ ਇੰਨਸਕਿਉਰ (ਅਸੁਰੱਖਿਅਤ) ਫੀਲ ਕਰਦੀ ਹਾਂ। -ਹਨੀ, ਆਈ ਲਵ ਯੂ ਮੈਡਲੀ ਐਂਡ ਆਈ ਨੀਡ ਯੂ ਬੈਡਲੀ,ਵੈਰੀ ਬੈਡਲੀ। ਅੰਡਰਸਟੈਂਡ?" ਐਨਾ ਕਹਿ ਕੇ ਜੂਲੀ ਨੇ ਜੌਹਨ ਦੇ ਮੁੱਖ ਵੱਲ ਤੱਕਦਿਆਂ ਹਵਾ ਨੂੰ ਚੁੰਮਿਆ। 
ਜੌਹਨ ਪਹਿਲਾਂ ਦੀ ਭਾਂਤੀ ਫਿਕਰਮੰਦ ਹੀ ਰਿਹਾ, "ਨਹੀਂ ਮੈਂ ਕੁੱਝ ਹੋਰ ਦੱਸਣਾ ਚਾਹੁੰਦਾ ਹਾਂ।"
"ਆਈ ਐੱਮ ਲਿਸਨਿੰਗ। ਕੱਢ ਕੀ ਗੋਲਾ ਕਾਕੜਾ ਕੱਢਣੈ? ਕਰ ਲੈ ਢਿੱਡ ਹੌਲਾ।"
ਜੱਕਦੇ-ਜੱਕਦੇ ਜੌਹਨ ਨੇ ਆਪਣੀ ਰਾਮ ਕਹਾਣੀ ਦੱਸਣੀ ਸ਼ੁਰੂ ਕੀਤੀ, "ਜਿਵੇਂ ਤੂੰ ਜਾਣਦੀ ਹੀ ਹੈ ਕਿ ਨਿੱਕੀ ਉਮਰੇ ਹੀ ਮੇਰੇ ਮਾਂ ਬਾਪ ਦਾ ਤਲਾਕ ਹੋ ਗਿਆ ਸੀ। ਉਦੋਂ ਮੈਂ ਬਹੁਤ ਛੋਟਾ ਸੀ। ਉਹਨਾਂ ਨੇ ਇੱਕ ਦੂਸਰੇ ਨੂੰ ਸਦਾ ਲਈ ਛੱਡਣ ਦੇ ਨਾਲ-ਨਾਲ ਮੈਨੂੰ ਵੀ ਤਿਆਗ ਦਿੱਤਾ ਸੀ। ਮੈਂ ਅਨਾਥ-ਆਸ਼ਰਮਾਂ ਵਿੱਚ ਰੁੱਲਦਾ-ਖੁੱਲਦਾ ਵੱਡਾ ਹੋਇਆ ਹਾਂ। ਦੁਲਾਰ ਤੋਂ ਬਿਨਾਂ ਹੀ ਮੇਰਾ ਬਚਪਨ ਬੀਤਿਆ ਸੀ ਤੇ ਫੇਰ ਉਹ ਜਿਹੀ ਹੀ ਮੋਹ-ਹੀਣ ਜਵਾਨੀ ਦੀ ਸ਼ੁਰੂਆਤ ਹੋਈ ਸੀ। ਮੇਰੀ ਕੋਈ ਮਹਿਬੂਬਾ ਨਹੀਂ ਸੀ। ਮੇਰਾ ਦਿਲ ਸਨੇਹ ਲਈ ਤਰਸਦਾ ਸੀ। ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ। ਮੈਨੂੰ ਕਿਸੇ ਬਦਸੂਰਤ ਕੁੜੀ ਦਾ ਵੀ ਸਾਥ ਨਸੀਬ ਨਾ ਹੋਇਆ। ਮੈਂ ਦਿਨ ਰਾਤ ਰੋਂਦਾ ਰਹਿੰਦਾ ਸੀ। ਸਾਰੀ ਦੁਨੀਆਂ ਵਿੱਚ ਇੱਕ ਵੀ ਐਸਾ ਸ਼ਖ਼ਸ ਨਹੀਂ ਸੀ ਜਿਸਨੂੰ ਮੈਂ ਆਪਣਾ ਕਹਿ ਸਕਦਾ। ਤੇ ਫਿਰ ਜਿਸ ਮੁੰਡੇ ਨਾਲ ਮੈਂ ਕਿਰਾਏ ਦਾ ਫਲੈਟ ਸਾਂਝਾ ਲਿਆ ਹੋਇਆ ਸੀ। ਉਹ ਮੇਰਾ ਦੋਸਤ ਬਣ ਗਿਆ ਸੀ। ਅਸੀਂ ਦੋਨੋਂ ਫਲੈਟ-ਮੇਟ ਇੱਕ ਦੂਸਰੇ ਨਾਲ ਦੁੱਖ-ਸੁੱਖ ਕਰਦੇ ਰਹਿੰਦੇ ਸਾਂ। ਉਹ ਬੜ੍ਹਾ ਹੀ ਸਮਝਦਾਰ ਅਤੇ ਸੁਲਝਿਆਂ ਹੋਇਆ ਵਿਅਕਤੀ ਸੀ। ਐਰਿਕ ਸੁਨੱਖਾਂ ਵੀ ਬਹੁਤ ਸੀ। ਉਹ ਵੀ ਮੇਰੇ ਵਾਂਗ ਇਕੱਲੇਪਨ ਅਤੇ ਕਿਸਮਤ ਦਾ ਮਾਰਿਆ ਹੋਇਆ ਸੀ। ਉਹ ਮੇਰੀ ਹਰ ਗੱਲ ਉਚੇਚੇ ਧਿਆਨ ਨਾਲ ਸੁਣਦਾ ਹੁੰਦਾ ਸੀ। ਇਸ ਤਰ੍ਹਾਂ ਇੱਕ ਦਿਨ ਅਸੀਂ ਬੈਠੇ ਕਿਸੇ ਭਾਵੁਕ ਵਿਸ਼ੇ ਤੇ ਵਿਚਾਰ-ਵਟਾਂਦਰਾ ਕਰ ਰਹੇ ਸੀ ਕਿ ਐਰਿਕ ਨੇ ਮੇਰੇ ਕੋਲ ਆ ਕੇ ਮੇਰੇ ਬੁੱਲ੍ਹ ਚੁੰਮਣੇ ਸ਼ੁਰੂ ਕਰ ਦਿੱਤੇ। ਮੇਰੇ ਤਾਂ ਹੱਥਾਂ ਦੇ ਤੋਤੇ ਉੱਡ ਗਏ। ਕੁੱਝ ਨਾ ਸੁੱਝੇ ਕੀ ਕਰਾਂ, ਤੇ ਕੀ ਨਾ। ਜਿਵੇਂ ਮੱਖੀ-ਮੱਛਰ ਤੋੜ੍ਹ ਕੇ ਸੁੱਟੀਦਾ ਹੁੰਦੈ, ਉਵੇਂ ਮੈਂ ਉਹਨੂੰ ਵਾਲਾਂ ਤੋਂ ਫੜ੍ਹ ਕੇ ਪਰ੍ਹਾਂ ਧੱਕਾ ਮਾਰਿਆ।"
 ਜੂਲੀ ਇਕਾਗਰਚਿਤ ਹੋ ਕੇ ਜੌਹਨ ਨੂੰ ਸੁਣਨ ਲੱਗੀ।
"ਆਈ ਲਵ ਯੂ ਜੌਹਨ। ਆਈ ਲਵ ਯੂ। ਕਹਿੰਦਾ ਹੋਇਆ ਐਰਿਕ ਫਿਰ ਮੇਰੇ ਬੁੱਲ੍ਹਾਂ ਨੂੰ ਆ ਚਿੰਬੜਿਆ ਸੀ। ਮੈਂ ਆਪਣੇ ਇੱਕੋ-ਇੱਕ ਹਮਦਰਦ ਨੂੰ ਹੱਥੋਂ ਗੁਆਉਣਾ ਨਹੀਂ ਸੀ ਚਾਹੁੰਦਾ। ਜਦੋਂ ਉਹ ਮੈਨੂੰ ਚੁੰਮ ਰਿਹਾ ਸੀ ਤਾਂ ਮੈਨੂੰ ਵੀ ਅਜ਼ੀਬ ਜਿਹਾ ਸੁਆਦ ਆਇਆ ਸੀ। ਪਹਿਲੀ ਵਾਰ ਕਿਸੇ ਨੇ ਮੈਨੂੰ ਪਿਆਰ ਨਾਲ ਚੁੰਮਿਆ ਸੀ। ਮਜ਼ਾ ਲੈਣ ਲਈ ਮੈਂ ਵੀ ਉਹਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਹੀ ਮੈਨੂੰ ਪਤਾ ਲੱਗਿਆ ਸੀ ਕਿ ਐਰਿਕ ਉਸ ਤੋਂ ਵੀ ਪਹਿਲਾਂ ਦਾ ਗੇਅ (ਸਮਲਿੰਗੀ) ਸੀ। ਤੇ ਫੇਰ ਅਸੀਂ ਜੋ ਕੀਤਾ ਸੀ, ਉਹ ਬਾਅਦ ਵਿੱਚ ਵੀ ਦੋ ਸਾਲ ਤੱਕ ਅਕਸਰ ਕਰਦੇ ਰਹੇ।"
"ਕੀ ਕਰਦੇ ਰਹੇ?" ਜੂਲੀ ਨੇ ਉਹਨੂੰ ਵਿੱਚੋਂ ਟੋਕਿਆ।
"ਉਹ ਹੀ ਜੋ ਗੇਅ ਲੋਕ ਤ੍ਰਿਪਤੀ ਪ੍ਰਾਪਤ ਕਰਨ ਲਈ ਕਰਿਆ ਕਰਦੇ ਨੇ।" ਜੌਹਨ ਨੇ ਨਿਡਰਤਾ ਨਾਲ ਆਤਮ-ਸਵਕ੍ਰਿਤੀ ਕੀਤੀ।
"ਓ ਆਈ ਸੀਅ।" ਜੂਲੀ ਕੰਨੀ ਸੁਣੇ ਹੋਏ ਉੱਪਰ ਯਕੀਨ ਨਹੀਂ ਸੀ ਕਰਨਾ ਚਾਹੁੰਦੀ। ਪਰ ਜੋ ਤਰਕ ਸੀ ਉਸਨੇ ਤਾਂ ਤਰਕ ਹੀ ਰਹਿਣਾ ਸੀ। ਉਸ ਦੇ ਕਬੂਲਣ ਜਾਂ ਨਾ ਕਬੂਲਣ ਨਾਲ ਸਚਾਈ ਤਾਂ ਨਹੀਂ ਸੀ ਬਦਲਣ ਲੱਗੀ। ਜੂਲੀ ਜੌਹਨ ਦੀ ਗੱਲ ਸੁਣ ਕੇ ਪੱਥਰ ਬਣ ਗਈ। ਉਸਨੂੰ ਲੱਗਿਆ ਜਿਵੇਂ ਜੌਹਨ ਨੇ ਬੋਲਾਂ ਦੀ ਬਜਾਏ ਕੋਈ ਧਾਤ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿੱਤੀ ਹੋਵੇ। ਉਹਨੂੰ ਇੱਕ ਅਸਹਿ ਝਟਕਾ ਲੱਗਿਆ। ਉਹ ਤਾਂ ਹੁਣ ਤੱਕ ਇਹ ਭਰਮ ਪਾਲੀ ਬੈਠੀ ਸੀ ਕਿ ਉਹ ਜੌਹਨ ਬਾਬਤ ਹਰ ਨਿੱਕੀ ਤੋਂ ਨਿੱਕੀ ਗੱਲ ਵੀ ਜਾਣਦੀ ਸੀ। ਪਰ ਐਡੀ ਮਹੱਤਵਪੂਰਨ ਜਾਣਕਾਰੀ ਤੋਂ ਵਾਂਝੀ ਰਹੀ ਹੋਣ ਕਰਕੇ ਉਹਦੇ ਵਿਸ਼ਵਾਸ ਦੀ ਡੋਰ ਟੁੱਟ ਗਈ। 
ਜੌਹਨ ਨੇ ਮੁੜ ਹੱਡਬੀਤੀ ਦੱਸਣੀ ਜਾਰੀ ਕੀਤੀ, "ਫੇਰ ਅਚਾਨਕ ਤੂੰ ਮਿਲੀ ਤੇ ਮੈਂ ਮੁਹੱਬਤ ਦੇ ਅਸਲੀ ਅਰਥ ਸਮਝਿਆ। ਵਿਪਰੀਤ ਲਿੰਗ ਦੀ ਮਹੱਤਤਾ ਦਾ ਮੈਨੂੰ ਗਿਆਨ ਹੋਇਆ। ਤੇਰੇ ਵਸਲ ਵਿੱਚ ਮੈਨੂੰ ਇਹ ਦੁਨੀਆਂ ਜੱਨਤ ਲੱਗਣ ਲੱਗ ਪਈ। ਤੇ ਮੈਂ ਆਪਣੇ ਬੋਆਏ ਫਰੈਂਡ(ਮਰਦ ਮਿੱਤਰ) ਤੋਂ ਨਾਤਾ ਤੋੜ੍ਹ ਕੇ ਤੇਰੇ ਇਸ਼ਕ ਵਿੱਚ ਡੁੱਬ ਗਿਆ। ਹੁਣ ਐਰਿਕ ਮੇਰੇ ਲਈ ਤੜਫਿਆ ਪਿਆ ਹੈ। ਉਹ ਮੈਨੂੰ ਡਰਾਉਂਦਾ ਧਮਕਾਉਂਦਾ ਹੈ ਕਿ ਉਹ ਤੈਨੂੰ ਮੇਰੀ ਬੀਤੀ ਜ਼ਿੰਦਗੀ ਬਾਰੇ ਦੱਸ ਦੇਵੇਗਾ। ਉਹ ਸੋਚਦਾ ਹੈ ਕਿ ਇੰਝ ਤੂੰ ਮੈਨੂੰ ਨਫ਼ਰਤ ਕਰਨ ਲੱਗ ਪਵੇਂਗੀ। ਤੇ ਫਿਰ ਮੁੜ ਕੇ ਮੈਨੂੰ ਵਾਪਸ ਉਹਦੇ ਕੋਲ ਪਰਤਣਾ ਪਵੇਗਾ। ਮੈਂ ਹਮਜਿਣਸੀ ਬਣ ਕੇ ਨਹੀਂ ਰਹਿਣਾ ਚਾਹੁੰਦਾ। ਮੈਂ ਵੀ ਨਾਰਮਲ(ਆਮ) ਮਨੁੱਖਾਂ ਵਾਂਗੂੰ ਜ਼ਿੰਦਗੀ ਜੀਣਾ ਚਾਹੁੰਦਾ ਹਾਂ। ਤੇਰੇ ਨਾਲ ਘਰ ਵਸਾਉਣਾ ਚਾਹੁੰਦਾ ਹਾਂ। ਬੱਚੇ ਪੈਦਾ ਕਰਨੇ ਲੋਚਦਾ ਹਾਂ। ਜੂਲੀ ਮੈਨੂੰ ਤੇਰੇ ਪਿਆਰ 'ਤੇ ਭਰੋਸਾ ਹੈ। ਜ਼ਿੰਦਗੀ ਭਰ ਨਿਭਾਏਂਗੀ ਨਾ ਮੇਰਾ ਸਾਥ?" 
"ਹੈਂ- ਬੋਲ ਕੁੱਝ?-ਤੂੰ ਚੁੱਪ ਕਿਉਂ ਹੋ ਗਈ?" ਜੌਹਨ ਨੇ ਮੋਢਿਆਂ ਤੋਂ ਫੜ੍ਹ ਕੇ ਜੂਲੀ ਨੂੰ ਝੰਜੋੜਿਆ।
"ਕੁੱਤਿਆ ਹੱਥ ਨਾ ਲਾ ਮੈਨੂੰ। ਤੇਰੀ ਐਨੀ ਜੁਰਅਤ ਕਿਵੇਂ ਪਈ?" ਜੂਲੀ ਗੁੱਸੇ ਨਾਲ ਅੱਗ ਬਬੂਲਾ ਬਣ ਗਈ।
"ਮੈਂ ਤੇਰੇ ਬਿਨਾਂ ਮਰ ਜੂੰਗਾ। ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੋ ਹੋ ਗਿਐ, ਸੋ ਹੋ ਗਿਐ। ਆ ਹੋਏ ਬੀਤੇ 'ਤੇ ਮਿੱਟੀ ਪਾ ਦੇਇਏ, ਲੈੱਟਸ ਫਾਰਗਿਵ ਐਂਡ ਫਾਰਗੈੱਟ।" ਜੌਹਨ ਉਸ ਅੱਗੇ ਗਿੜਗੜਾਉਂਦਾ ਰਿਹਾ।
"ਮੈਂ ਜੂਠੀਆਂ ਚੀਜ਼ਾਂ ਨੂੰ ਮੂੰਹ ਨਹੀਂ ਲਾਉਂਦੀ। ਥੂ-ਚੱਗਲ।" ਜੂਲੀ ਨੇ ਉਹਦੇ ਮੂੰਹ ਉੱਪਰ ਥੁੱਕ ਕੇ, "ਫੱਕ ਔਫ" ਦੋ ਲਫ਼ਜ਼ਾਂ ਦੀ ਘਟੀਆ ਜਿਹੀ ਗਾਲ ਕੱਢੀ ਤੇ ਜਾ ਕੇ ਗੱਡੀ ਵਿੱਚ ਸਵਾਰ ਹੋ ਗਈ।
ਜੌਹਨ ਵਾਸਤੇ ਪਾਉਣ ਲੱਗ ਪਿਆ, "ਤੈਨੂੰ ਕਿਸੇ ਨੇ ਮੇਰੇ ਜਿੰਨਾ ਪਿਆਰ ਨਹੀਂ ਕਰਨਾ। ਸੋਚ ਲੈ? ਮੌਕਾ ਸਾਂਭ ਲੈ। ਆਪਣੀ ਤੇ ਮੇਰੀ ਜ਼ਿੰਦਗੀ ਤਬਾਹ ਨਾ ਕਰ।"
ਜੂਲੀ ਨੇ ਇੱਕ ਨਾ ਸੁਣੀ। ਉਹ ਉੱਥੋਂ ਗੱਡੀ ਦੌੜਾ ਕੇ ਲੈ ਗਈ। ਜੌਹਨ ਸੱਚ ਬੋਲਣ ਤੇ ਇਮਾਨਦਾਰੀ ਦੀ ਸਜ਼ਾ ਭੁਗਤਦਾ ਉੱਥੇ ਹੀ ਖੜ੍ਹਾ ਰਹਿ ਗਿਆ।  
ਉਸ ਤੋਂ ਬਾਅਦ ਉਹ ਇੱਕ ਦੂਜੇ ਨਾਲੋਂ ਸਦਾ ਲਈ ਟੁੱਟ ਗਏ। ਮੁੜ ਕੇ ਨਾ ਕਦੇ ਜੌਹਨ ਉਹਦੇ ਕੋਲ ਆਇਆ ਤੇ ਨਾ ਕਦੇ ਉਹ ਜੌਹਨ ਵੱਲ ਗਈ। ਜੇਕਰ ਜੌਹਨ ਦੇ ਕਿਸੇ ਹੋਰ ਇਸਤਰੀ ਨਾਲ ਤਅੱਲਕਾਤ ਹੁੰਦੇ ਤਾਂ ਸ਼ਾਇਦ ਜੂਲੀ ਨੂੰ ਐਨਾ ਇਤਰਾਜ਼ ਨਾ ਹੁੰਦਾ ਤੇ ਉਹ ਜੌਹਨ ਨੂੰ ਮਾਫ਼ ਕਰ ਦਿੰਦੀ। ਪਰ ਜੌਹਨ ਦੇ ਕਿਸੇ ਮਰਦ ਨਾਲ ਜਿਣਸੀ ਸੰਬੰਧਾਂ ਨੂੰ ਉਹ ਕਿਵੇਂ ਅੱਖੋ-ਪਰੋਖੇ ਕਰ ਸਕਦੀ ਸੀ। 
ਛੀ!-ਛੀ!! ਕਿੰਨੀ ਬੁਰੀ ਤੇ ਘਟੀਆ ਗੱਲ ਸੀ? ਕੀ ਇੱਜ਼ਤ ਰਹਿਣੀ ਸੀ ਉਸਦੀ ਸਮਾਜ ਵਿੱਚ ਗੇਅ ਮਰਦ ਨਾਲ ਵਿਆਹ ਕਰਵਾਉਣ ਪਿੱਛੋਂ? ਸਭਿਆਚਾਰਕ ਕਦਰਾਂ ਕੀਮਤਾਂ ਤੋਂ ਥੱਲੇ ਡਿੱਗੇ ਹੋਏ ਇਨਸਾਨ ਨਾਲੋਂ ਤਾਂ ਜੂਲੀ ਅਨੁਸਾਰ ਕਿਸੇ ਜਾਨਵਰ ਨਾਲ ਜੀਅ ਰਾਜ਼ੀ ਕਰਨਾ ਕਈ ਗੁਣਾ ਬੇਹਤਰ ਹੈ। ਇਸ ਘਟਨਾ ਦੇ ਫਲਸਰੂਪ ਉਸ ਦੇ ਮਨ ਨੂੰ ਐਨੀ ਠੇਸ ਲੱਗੀ ਕਿ ਉਹਨੂੰ ਪੂਰੀ ਮਰਦ ਜਾਤੀ ਨਾਲ ਨਫ਼ਰਤ ਹੋ ਗਈ।
ਮੰਗਣੀ ਟੁੱਟਣ ਨਾਲ ਜੂਲੀ ਨੂੰ ਰੁਸਵਾਈਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ। ਉਸਦੀ ਬਹੁਤ ਜੱਗ ਹਸਾਈ ਹੋਈ। ਪਰ ਉਹਨੇ ਦੁਨੀਆਂ ਦੀ ਪਰਵਾਹ ਨਾ ਕਰਦਿਆਂ ਆਪਣੀ ਜ਼ਿੰਦਗੀ ਦੀ ਜੰਗ ਨਿਰਵਿਘਨ ਜਾਰੀ ਰੱਖੀ। 
ਅਜੇ ਜੂਲੀ ਪਹਿਲੇ ਹਾਦਸੇ ਨੂੰ ਭੁੱਲੀ ਵੀ ਨਹੀਂ ਸੀ ਕਿ ਥੋੜ੍ਹੇ ਦਿਨਾਂ ਬਾਅਦ ਉਸਨੂੰ ਇੱਕ ਹੋਰ ਮਨਹੂਸ ਖਬਰ ਸੁਣਨੀ ਪੈ ਗਈ। ਜੌਹਨ ਨੇ ਆਤਮਹੱਤਿਆ ਕਰ ਲਈ ਸੀ। ਇਸ ਦਿਲ ਕੰਬਾਊ ਸਮਾਚਾਰ ਨਾਲ ਜੂਲੀ ਨੂੰ ਹੋਰ ਵੀ ਡੂੰਘਾ ਸਦਮਾ ਲੱਗਿਆ। ਉਹਦਾ ਦੁੱਖ ਹੋਰ ਵੀ ਵੱਧ ਗਿਆ ਤੇ ਉਹ ਡਾਢੀ ਪਰੇਸ਼ਾਨ ਰਹਿਣ ਲੱਗੀ। ਉਹ ਜੌਹਨ ਦੀ ਮੌਤ ਲਈ ਆਪਣੇ ਆਪਨੂੰ ਕਸੂਰਵਾਰ ਮੰਨ ਕੇ ਕੰਮਕਾਰ, ਖਾਣਾ-ਪੀਣਾ ਛੱਡ ਕੇ ਦਿਨ ਰਾਤ ਆਪਣੇ ਕਮਰੇ ਵਿੱਚ ਪਈ ਰੋਂਦੀ ਰਹਿੰਦੀ। ਦਿਨਾਂ ਵਿੱਚ ਹੀ ਉਹ ਸੁੱਕ ਕੇ ਤਵੀਤ ਬਣ ਗਈ।
ਇਹ ਰੁਦਨ ਆਖ਼ਰ ਕਿੰਨੇ ਕੁ ਦਿਨ ਚੱਲਦਾ ਰਹਿੰਦਾ? ਹਰ ਚੀਜ਼ ਦੀ ਹੱਦ ਹੁੰਦੀ ਹੈ। ਸਮਾਂ ਬੀਤਣ ਨਾਲ ਜੂਲੀ ਦੀਆਂ ਅੱਖੀਆਂ ਦਾ ਨੀਰ ਵੀ ਮੁੱਕ ਗਿਆ। ਸਨੇਹੀਆਂ ਅਤੇ ਹਿਤੈਸ਼ੀਆਂ ਦੇ ਜ਼ੋਰ ਪਾਉਣ ਸਦਕਾ ਉਹ ਮੁੜ ਆਪਣੀ ਪਹਿਲੀ ਨੌਕਰੀ 'ਤੇ ਜਾਣ ਲੱਗ ਗਈ। ਮਰਿਆਂ ਦੇ ਨਾਲ ਨਹੀਂ ਮਰ ਹੁੰਦਾ ਵਾਲਾ ਸੱਚ ਉਹਨੇ ਆਪਣੇ ਜੀਵਨ ਵਿੱਚ ਢਾਲ ਲਿਆ। ਨਵੇਂ-ਪੁਰਾਣੇ ਮਿੱਤਰ, ਸਹੇਲੀਆਂ ਨਾਲ ਉਹ ਆਪਣਾ ਦਰਦ ਵੰਡਦੀ। ਬੰਦਾ ਬੰਦੇ ਦੀ ਦਾਰੂ ਹੁੰਦੈ।  ਆਖ ਕੇ ਕਈ ਉਹਨੂੰ ਦਿਲਜੋਈ ਦਿੰਦੇ। ਔਖੇ ਵੇਲੇ ਸਭ ਅੰਗਾਂ-ਸਾਕਾਂ ਨੇ ਉਹਨੂੰ ਸਾਥ ਦਿੱਤਾ। ਉਹਦੇ ਗ਼ਮਾਂ ਦਾ ਬੋਝ ਕੁੱਝ ਹਲਕਾ ਹੋਣ ਲੱਗਿਆ। ਉਹਦੀ ਜ਼ਿੰਦਗੀ ਮੁੜ ਆਪਣੀ ਸਧਾਰਨ ਚਾਲ ਪਕੜਨ ਲੱਗੀ।
ਜਲ ਦੇ ਸੋਮੇ ਵਿੱਚੋਂ ਜੇਕਰ ਬਰਤਨ ਭਰ ਪਾਣੀ ਕੱਢ ਲਈਏ ਤਾਂ ਉਥੇ ਵੀ ਖੱਪਾ ਪੈ ਜਾਂਦਾ ਹੈ ਤੇ ਤਤਛਿਨ ਆਸੇ ਪਾਸਿਆਂ ਦਾ ਨੀਰ ਖਲਾਅ ਵੱਲ ਵਹਿ ਕੇ ਉਸ ਪੈ ਚੁੱਕੀ ਕਮੀ ਨੂੰ ਪੂਰਨਾ ਸ਼ੁਰੂ ਕਰ ਦਿੰਦਾ ਹੈ। ਇਹੀ ਸਲੂਕ ਔਰਤ ਨਾਲ ਵੀ ਹੁੰਦਾ ਹੈ। ਜਦੋਂ ਉਹ ਮਰਦ ਵਿਹੂਣੀ ਹੋ ਜਾਂਦੀ ਹੈ। ਇਸ ਮਰਦਪ੍ਰਧਾਨ ਸਮਾਜ ਵਿੱਚ ਜਦੋਂ ਔਰਤ ਇਕੱਲੀ ਹੋ ਜਾਂਦੀ ਹੈ ਤਾਂ ਉਹਦੇ ਪੁਰਾਣੇ ਮਰਦ ਦੀ ਥਾਂ ਭਰਨ ਬਦਲੇ ਹਰ ਮਰਦ ਉਹਦੇ ਦੁਖਾਂਤ ਦਾ ਫ਼ਾਇਦਾ ਉੱਠਾਉਣਾ ਚਾਹੁੰਦਾ ਹੈ। ਆਨੀ-ਬਹਾਨੀ ਔਰਤ ਨਾਲ ਉਹਦੇ ਸੱਖਣੇਪਨ ਨੂੰ ਮਿਟਾਉਣ ਲਈ ਦਾਵੇਦਾਰ ਬਣਦਾ ਹੈ। ਜੂਲੀ ਨੂੰ ਵੀ ਉਹਦੀ ਵਾਕਫ਼ੀਅਤ ਵਾਲਾ ਜਿਹੜਾ ਵੀ ਮਰਦ ਟੱਕਰਦਾ, ਉਹੀ ਹਮਦਰਦੀ ਦੀ ਆੜ ਵਿੱਚ ਇੱਕੋ ਗੱਲ ਆਖਦਾ, "ਐਸ਼ ਕਰੇਂਗੀ, ਮੇਰੀ ਬੁੱਕਲ 'ਚ ਆ ਜਾਹ।"
ਜੂਲੀ ਕਿਹੜਾ ਅੰਨ੍ਹੀ ਸੀ? ਜਿਹੜੀ ਆਦਮੀਆਂ ਦੀ ਬਦਨੀਅਤ ਨੂੰ ਪਹਿਚਾਣ ਨਾ ਸਕਦੀ। ਉਹਨੂੰ ਅਜਿਹੇ ਚਾਲੂ ਮਰਦਾਂ ਦੀਆਂ ਅੱਖਾਂ ਵਿੱਚੋਂ ਛਲਕਦੀ ਵਾਸਨਾ ਅਤੇ ਮੂੰਹਾਂ ਚੋਂ ਚੋਂਦੀਆਂ ਲਾਲਾਂ, ਮੱਖਣੀ 'ਤੇ ਪਏ ਵਾਲ ਵਾਂਗ ਦਿਸ ਜਾਂਦੀਆਂ। ਉਹ ਆਪਣੇ ਤੱਤੇ ਆਸ਼ਿਕਾਂ ਨੂੰ ਦੂਰੋਂ ਹੱਥ ਬੰਨ੍ਹ ਦਿੰਦੀ। 
ਬੇਸ਼ਰਮੀ ਤਾਂ ਆਸ਼ਕੀ ਦਾ ਮੁੱਢਲਾ ਅਸੂਲ ਹੈ। ਨਿਖਸਮੀ ਜਨਾਨੀ ਨੂੰ ਤਾਂ ਲੋਕ ਸ਼ਾਮਲਾਟ ਦੀ ਟਾਹਲੀ ਹੀ ਸਮਝਦੇ ਹਨ। ਕਈ ਢੀਠ ਬੰਦੇ ਜੂਲੀ ਦੇ ਇੰਨਕਾਰ ਕਰਨ ਤੇ ਵੀ ਉਹਦਾ ਖਹਿੜਾ ਨਾ ਛੱਡਦੇ। ਪਹਿਲਾਂ ਤਾਂ ਉਹ ਨਰਮੀ ਅਤੇ ਤਰੀਕੇ ਨਾਲ ਵਰਜਦੀ। ਜੇ ਅਗਲਾ ਬਹੁਤਾ ਹੀ ਭੂਹੇ ਚੜ੍ਹਦਾ ਆਉਂਦਾ ਤਾਂ ਗਾਲੀ-ਗਲੋਚ ਤੇ ਉਤਰ ਆਉਂਦੀ। ਜਦੋਂ ਕਿਸੇ ਨਾਲ ਮਾਮਲਾ ਜ਼ਿਆਦਾ ਹੀ ਵਿਗੜ ਜਾਂਦਾ ਤਾਂ ਉਹ ਠਾਣੇ ਜਾ ਕੇ ਰਿਪੋਰਟ ਲਿਖਾਉਂਦੀ। ਹਰੈਸਮੈਂਟ ਦਾ ਕੇਸ ਕਰਕੇ ਅਗਲੇ ਨੂੰ ਕਚਹਿਰੀ ਵਿੱਚ ਧੂੰਹਦੀ। ਮੈਜੀਸਟਰੇਟ ਜੂਲੀ ਦੇ ਵਿਪੱਖੀ ਖਿਲਾਫ ਇੰਜਕਸ਼ਨ ਲਗਾ ਦਿੰਦਾ। ਦੋਸ਼ੀ ਜੂਲੀ ਤੋਂ ਸੌ ਮੀਟਰ ਵਿਆਸ ਦੇ ਖੇਤਰ ਵਿੱਚ ਪ੍ਰਵੇਸ਼ ਨਾ ਕਰ ਸਕਦਾ। ਉਹ ਇੱਕ ਨਾਲ ਲੜਾਈ ਨਿਬੇੜ ਕੇ ਹੱਟਦੀ ਤਾਂ ਕੋਈ ਹੋਰ ਝਗੜਾ ਛੇੜ ਲੈਂਦਾ। ਇਉਂ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਉਹਦੇ ਵੱਖ-ਵੱਖ ਮਰਦਾਂ ਉੱਤੇ ਕਈ ਕੇਸ ਦਾਇਰ ਹੋ ਗਏ। ਜੂਲੀ ਨੂੰ ਹੋਰ ਲੀਗਲ ਏਡ ਮਿਲਣੀ ਤਾਂ ਬੰਦ ਹੋ ਗਈ, ਪਰ ਦੁੱਖ ਮਿਲਣੇ ਬੰਦ ਨਾ ਹੋਏ। ਉਹ ਕੋਲੋਂ ਖਰਚਾ ਕਰਕੇ ਲੜ੍ਹਨ ਲੱਗੀ। ਫਿਕਰੇਬਾਜ਼ੀ ਤੋਂ ਤਰੱਕੀ ਕਰਕੇ ਮਰਦ ਹੁਣ ਚੁੰਡੀ-ਚੱਪੇ 'ਤੇ ਆ ਗਏ। ਹਰੈਸਮੈਂਟ ਦੇ ਨਾਲ ਉਹ ਅਸੱਲਟ ਦਾ ਆਰੋਪ ਵੀ ਦਰਜ਼ ਕਰਵਾਉਣ ਲੱਗ ਗਈ। ਉਹ ਸਕੇ-ਸੰਬੰਧੀਆਂ ਤੋਂ ਸਹਾਇਤਾ ਲੈ ਕੇ ਮੁਕੱਦਮੇ ਨਿਪਟਾਉਣ ਲੱਗ ਗਈ। ਕੋਈ ਆਖਰ ਕਿੰਨਾ ਕੁ ਚਿਰ ਉਹਦੀ ਮਦਦ ਕਰਦਾ। ਹੌਲੀ-ਹੌਲੀ ਸਭ ਰਿਸ਼ਤੇਦਾਰ ਉਹਦੇ ਤੋਂ ਕੰਨੀ ਕਤਰਾਉਣ ਲੱਗੇ। ਇੱਕ ਇੱਕ ਕਰਕੇ ਸਭ ਉਹਦਾ ਸਾਥ ਛੱਡ ਗਏ।
ਜਦੋਂ ਜੂਲੀ ਦੀ ਆਰਥਿਕ ਹਾਲਤ ਕੱਖੋਂ ਹੌਲੀ ਹੋ ਗਈ ਤਾਂ ਉਹਨੇ ਅਦਾਲਤੀ ਕਾਰਵਾਈਆਂ ਬੰਦ ਕਰ ਦਿੱਤੀਆਂ। ਪਰ ਮਰਦ ਉਹਦੇ ਮਗਰੋਂ ਨਾ ਲਹੇ। ਨਿਰਅੰਤਰ ਮਰਦਾਨਾ ਦਮਨ ਕਾਰਨ ਉਹ ਜ਼ਿੰਦਗੀ ਤੋਂ ਇਸ ਕਦਰ ਅੱਕ ਗਈ ਕਿ ਉਹਦਾ ਜੀਅ ਕਰੇ ਸਭ ਕੁੱਝ ਛੱਡ-ਛੁਡਾ ਕੇ ਜੰਗਲਾਂ, ਪਰਬਤਾਂ ਵਿੱਚ ਜਾ ਵਸੇ। ਕਿਸੇ ਐਸੀ ਜਗ੍ਹਾ ਜਿੱਥੇ ਕੋਈ ਮਰਦ ਨਾ ਹੋਵੇ। ਕਦੇ ਉੁਹ ਨੱਨ ਬਣ ਕੇ ਮਦਰ ਟੈਰੀਸਾ ਵਾਂਗ ਕਿਸੇ ਮਿਸ਼ਨਰੀ ਨਾਲ ਸਦਾ ਲਈ ਜੁੜ ਜਾਣ ਬਾਰੇ ਸੋਚਦੀ। ਉਹਨੂੰ ਹਿਯਾਤੀ ਇੱਕ ਡੂੰਘਾ ਖੂਹ ਲੱਗਦੀ। ਜੂਲੀ ਅੰਦਰੋਂ ਤਾਂ ਪਹਿਲਾਂ ਹੀ ਚੂਰਾ-ਚੂਰਾ ਸੀ। ਪਰ ਪਰਾਏ ਮਰਦਾਂ ਦੀ ਸਤਾਈ ਹੋਈ ਬਾਹਰੋਂ ਵੀ ਤਿੜਕਣੀ ਸ਼ੁਰੂ ਹੋ ਗਈ। ਸਾਰੀ ਦੁਨੀਆਂ ਵਿੱਚ ਕੋਈ ਵੀ ਐਸਾ ਨਹੀਂ ਸੀ, ਜਿਸਨੂੰ ਜੂਲੀ ਆਪਣਾ ਕਹਿ ਸਕਦੀ। ਸਭ ਉਸ ਤੋਂ ਕਿਨਾਰਾ-ਕਸ਼ੀ ਕਰ ਚੁੱਕੇ ਸਨ। 
ਨਾ-ਖੁਦਾ ਹੋ ਜਿਨ ਕਾ, ਉਨ ਕਾ ਖੁਦਾ ਹੋਤਾ ਹੈ। ਜਿਸ ਇੰਨਸਾਨ ਲਈ ਦੁਨੀਆਂ ਵਾਲੇ ਆਪਣੇ ਦਰਵਾਜ਼ੇ ਬੰਦ ਕਰ ਲੈਣ। ਉਸ ਲਈ ਪ੍ਰਮਾਤਮਾ ਆਪਣਾ ਦੁਆਰ ਖੋਲ੍ਹ ਦਿੰਦਾ ਹੈ। ਗ਼ਮਜ਼ਦਾ ਜੂਲੀ ਵੀ ਮਨ ਦੀ ਸ਼ਾਤੀ ਲਈ ਭਟਕਦੀ ਹੋਈ ਇੱਕ ਦਿਨ ਚਰਚ ਵਿੱਚ ਚਲੀ ਗਈ। ਉਹਨੇ ਪਾਦਰੀ ਨੂੰ ਆਪਣੀ ਜੀਵਨੀ ਸੁਣਾ ਕੇ ਮਾਰਗ ਦਰਸ਼ਨ ਕਰਨ ਲਈ ਪੱਛਿਆ, "ਬਹੁਤ ਔਖੀ ਆਂ ਫਾਦਰ, ਕੋਈ ਰਾਹ ਨਹੀਂ ਲੱਭਦਾ। ਦੱਸੋਂ ਮੈਂ ਕੀ ਕਰਾਂ?"
ਪਾਦਰੀ ਗੰਭੀਰਤਾ ਨਾਲ ਕਹਿਣ ਲੱਗਿਆ, "ਅੱਖਾਂ ਖੋਲ੍ਹ ਕੇ ਦੇਖ ਮੇਰੀ ਬੱਚੀ। ਤੈਨੂੰ ਆਪੇ ਰਸਤਾ ਨਜ਼ਰ ਆ ਜਾਊ। ਜ਼ਿੰਦਗੀ ਬੰਦ ਗਲੀ ਨਹੀਂ, ਸਗੋਂ ਇੱਕ ਚੌਂਕ ਹੈ। ਜਿਸ ਦੇ ਵਿਚਾਲੇ ਖੜ੍ਹ ਕੇ ਤੂੰ ਜਿਸ ਦਿਸ਼ਾ ਵਿੱਚ ਦੇਖੇਂਗੀ, ਉਧਰ ਹੀ ਕੋਈ-ਨਾ-ਕੋਈ ਰਸਤਾ ਜਾਂਦਾ ਹੋਊ। ਨੇਤਰ ਮੀਚ ਕੇ ਰੱਖੇਂਗੀ ਤਾਂ ਤੈਨੂੰ ਖਾਕ ਦਿਖਾਈ ਦੇਊ?"
ਪਾਦਰੀ ਦੇ ਉਪਦੇਸ਼ ਨਾਲ ਜੂਲੀ ਦੀਆਂ ਅੱਖਾਂ ਵਿੱਚ ਕੁੱਝ ਕੁ ਚਮਕ ਆਈ, "ਮੈਂ ਚੰਗੀ ਤਰ੍ਹਾਂ ਸਮਝੀ ਨਹੀਂ, ਫਾਦਰ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?"
ਪਾਰਦੀ ਨੇ ਥੋੜ੍ਹਾ ਚੁੱਪ ਹੋ ਕੇ ਸਮਝਾਉਣ ਲਈ ਸਰਲ ਤਰੀਕਾ ਸੋਚਿਆ ਤੇ ਫਿਰ ਬੋਲਿਆ, "ਜੇ ਗੁੜ ਨੰਗਾ ਪਿਆ ਹੋਵੇਗਾ ਭਰਿੰਡ ਤਾਂ ਉਸ ਉੱਪਰ ਆ ਕੇ ਬੈਠਣਗੇ ਹੀ। ਇੱਕ ਨੂੰ ਝੱਲ ਮਾਰੋਂਗੇ, ਦੂਸਰਾ ਆ ਬੈਠੇਗਾ। ਦੂਜੇ ਨੂੰ ਉਡਾਉਗੇ, ਤੀਸਰਾ ਆ ਜਾਵੇਗਾ। ਇਸ ਲਈ ਗੁੜ ਨੂੰ ਢੱਕ ਹੀ ਕਿਉਂ ਨਹੀਂ ਦਿੰਦੇ।"
"ਸ਼ੁਕਰੀਆ ਫਾਦਰ, ਮੈਂ ਸਭ ਸਮਝ ਗਈ। ਮੈਂ ਜਲਦ ਤੋਂ ਜਲਦ ਮਿੱਠੇ ਨੂੰ ਕੱਜਣ ਦਾ ਇੰਤਜ਼ਾਮ ਕਰਦੀ ਹਾਂ।"
ਜੂਲੀ ਖੁਸ਼ੀ-ਖੁਸ਼ੀ ਘਰ ਪਰਤ ਆਈ। ਪਾਦਰੀ ਦੀ ਗੱਲ ਉਸ ਦੇ ਦਿਲ-ਓ-ਦਿਮਾਗ ਵਿੱਚ ਘਰ ਕਰ ਗਈ।
ਐਵੇਂ ਤਾਂ ਨਹੀਂ ਸਿਆਣਿਆਂ ਨੇ ਕਿਹਾ ਕਿ ਇਕੱਲਾ ਤਾਂ ਬਨਾ ਵਿੱਚ ਰੁੱਖ ਵੀ ਨਾ ਹੋਵੇ। ਇਕਲਾਪਾ ਮਨੁੱਖ ਲਈ ਸਰਾਪ ਵਰਗਾ ਹੁੰਦਾ ਹੈ। ਔਰਤ ਲਈ ਤਾਂ ਇੱਕਲਾਪਾ ਝੱਲਣਾ ਹੋਰ ਵੀ ਔਖਾ ਹੈ। ਬਿਨਾਂ ਰਾਖਿਓ ਤਾਂ ਬਾਗ ਵੀ ਨਹੀਂ ਬਚਦੇ। ਫੇਰ ਇਸ ਵਹਿਸ਼ੀ ਦੁਨੀਆਂ ਵਿੱਚ ਤਨਹਾ ਅਤੇ ਨਿਆਸਰੀ ਔਰਤ ਭਲਾਂ ਕਿਵੇਂ ਮਹਿਫੂਜ ਰਹਿ ਸਕਦੀ ਹੈ? ਔਰਤ ਵੀ ਘਰ ਵਰਗੀ ਹੁੰਦੀ ਹੈ।  ਸੁੰਨੇ ਘਰਾਂ ਨੂੰ ਚੋਰ ਉਚੱਕੇ ਪੈ ਜਾਂਦੇ ਹਨ। ਹਰ ਰਾਹ ਜਾਣ ਵਾਲਾ ਜਣਾ-ਖਣਾ ਸੰਨ੍ਹ ਲਾਉਣ ਦੀ ਕਰਦਾ ਹੈ। ਤੇ ਚੋਰਾਂ ਤੋਂ ਬਚਣ ਲਈ ਘਰ ਵਿੱਚ ਕੁੱਤਾ ਪਾਲਿਆ ਜਾਂਦਾ ਹੈ। ਬੀ ਵੇਅਰ ਔਫ ਦਾ ਡਾਗ (ਕੁੱਤੇ ਤੋਂ ਸਾਵਧਾਨ ਰਹੋ) ਦਾ ਵਾਰਨਿੰਗ ਸਾਨਿe (ਚਿਤਾਵਨੀ ਪੱਟਾ) ਲਾਇਆ ਜਾਂਦਾ ਹੈ। ਲੱਲੀ-ਛੱਲੀ ਦੀ ਤਾਂ ਵਾਰਨਿੰਗ ਸਾਇਨ ਦੇਖ ਕੇ ਘਰ ਵੱਲ ਝਾਕਣ ਦੀ ਵੀ ਹਿੰਮਤ ਨਹੀਂ ਪੈਂਦੀ। ਅਗਲਾ ਪਾਸਾ ਵੱਟ ਕੇ ਲੰਘਣ ਦੀ ਕਰਦਾ ਹੈ। ਹਾਂ, ਜੇ ਕੋਈ ਹੰਢਿਆਂ-ਵਰਤਿਆ ਡਾਕੂ ਲੁਟੇਰਾ ਸਾਇਨ ਨੂੰ ਅਣਗੌਲਿਆ ਕਰਕੇ ਅੰਦਰ ਘੁਸਣ ਦੀ ਜੁਰਅਤ ਕਰ ਲਵੇ ਤਾਂ ਰਾਖੀ ਕਰਦਾ ਕੁੱਤਾ ਉਹਦੇ ਨਾਲ ਨਿਪਟ ਲੈਂਦਾ ਹੈ। ਉਹਨੂੰ ਪਾੜ ਕੇ ਰੱਖ ਦਿੰਦਾ ਹੈ ਜਾਂ ਡਰਾ ਕੇ ਭਜਾ ਦਿੰਦਾ ਹੈ। ਕੁੱਤੇ ਬਿਨਾਂ ਖਜਾਨਿਆਂ ਵਾਲੇ ਘਰ ਸੁਰੱਖਿਅਤ ਥੋੜ੍ਹਾ ਰਹਿੰਦੇ ਹਨ। ਜੂਲੀ ਨੂੰ ਵੀ ਰਾਖੀ ਵਾਲਾ ਕੁੱਤਾ ਚਾਹੀਦਾ ਸੀ। ਵਾਰਨਿੰਗ ਸਾਇਨ ਲਾਉਣਾ ਜੋ ਅਵੱਸ਼ਕ ਸੀ। ਲੇਬਲ ਲਾਉਣ ਲਈ ਪਹਿਲਾਂ ਕੁੱਤਾ ਲੱਭਣਾ ਵੀ ਜ਼ਰੂਰੀ ਸੀ। ਲੋੜ੍ਹ ਹੋਣ ਦੇ ਬਾਵਜੂਦ ਵੀ ਕਾਹਲੀ ਵਿੱਚ ਜੂਲੀ ਕੋਈ ਰਖਵਾਲੀ ਦੀ ਬਜਾਏ ਵੱਡਣ ਵਾਲਾ ਕੁੱਤਾ ਨਹੀਂ ਸੀ ਸਹੇੜਨਾ ਚਾਹੁੰਦੀ।
ਸਾਰਾ ਦਿਨ ਉਹਦਾ ਕੰਮ 'ਤੇ ਗੁਜ਼ਰ ਜਾਂਦਾ ਤੇ ਰਾਤ ਸੁੱਤਿਆਂ ਲੰਘ ਜਾਂਦੀ ਜਾਂ ਘੜੀ ਦੀਆਂ ਸੂਈਆਂ ਦੇ ਗੇੜੇ ਗਿਣਦਿਆਂ। ਲੋੜ੍ਹ ਪੂਰੀ ਕਰਨ ਲਈ ਉਹ ਤਲਾਸ਼ ਕਿਹੜੇ ਵੇਲੇ ਕਰਦੀ? 
ਜੂਲੀ ਨਾਲ ਕੰਮ ਕਰਦਾ ਇੱਕ ਗੱਭਰੂ ਰਿਚਅਡ ਉਸ ਉੱਤੇ ਚਿਰਾਂ ਤੋਂ ਮਰਦਾ ਸੀ। ਜੂਲੀ ਨੇ ਹੀ ਕਦੇ ਗੌਰ ਨਹੀਂ ਸੀ ਕਰੀ। ਜੂਲੀ ਨੂੰ ਉਦੋਂ ਜ਼ਰੂਰਤ ਨਹੀਂ ਸੀ। ਉਸ ਕੋਲ ਜੌਹਨ ਸੀ। ਪਰ ਹੁਣ ਤਾਂ ਜ਼ਰੂਰਤ ਸੀ, ਉਹ ਵੀ ਸਖਤ ਜ਼ਰੂਰਤ। ਕੁੱਝ ਦੇਰ ਇਕੱਲੇ ਰਹਿਣ ਮਗਰੋਂ ਜੂਲੀ ਨੂੰ ਵੀ ਬੋਧ ਹੋ ਗਿਆ ਸੀ ਕਿ ਇਸ ਬੇਦਰਦ ਜ਼ਮਾਨੇ ਵਿੱਚ ਦੁੱਖਾਂ ਦਾ ਅਪਾਹਜ ਬਣਾਇਆ ਤਨਹਾ ਜੀਵਨ ਖੁਦ ਆਪਣਾ ਭਾਰ ਚੁੱਕ ਕੇ ਬਹੁਤੀ ਦੂਰ ਨਹੀਂ ਤੁਰ ਸਕਦਾ। ਇਸ ਲਈ ਪਿਆਰ ਦੀ ਬੈਸਾਖੀ ਦੀ ਲੋੜ੍ਹ ਪੈਂਦੀ ਹੈ। ਇਸ ਵਾਸਤੇ ਜੂਲੀ ਨੇ ਰਿਚਅਡ ਦੇ  ਵੱਲ ਮਿੱਤਰਤਾ ਦਾ ਹੱਥ ਵਧਾ ਲਿਆ। ਰਿਚਅਡ ਵੀ ਹੱਥੀਂ ਆਇਆ ਸੁਨਿਹਰੀ ਮੌਕਾ ਅਜਾਈਂ ਨਹੀਂ ਸੀ ਗਵਾਉਣਾ ਚਾਹੁੰਦਾ। ਉਹਦੀ ਮੁੱਦਤਾਂ ਦੀ ਆਰਜੂ ਪੂਰੀ ਹੋ ਰਹੀ ਸੀ। ਉਹਨੇ ਵੀ ਜੂਲੀ ਨੂੰ ਆਪਣੀ ਜ਼ਿੰਦਗੀ ਵਿੱਚ ਦਾਖਲ ਕਰ ਲਿਆ। 
ਰਿਚਅਡ ਭਾਵੇਂ ਉਸਨੂੰ ਪਿਆਰ ਹੀ ਸਮਝਦਾ ਸੀ। ਪਰ ਜੂਲੀ ਨੇ ਸਿਰਫ਼ ਖਾਨਾ-ਪੂਰਤੀ ਲਈ ਕਾਗ਼ਜ਼ੀ ਜਿਹੇ ਸੰਬੰਧ ਹੀ ਰੱਖੇ। ਉਹ ਆਪਣੇ ਆਪਨੂੰ ਰਿਚਅਡ ਦੇ ਜ਼ਿਆਦਾ ਕਰੀਬ ਨਹੀਂ ਸੀ ਹੋਣ ਦਿੰਦੀ।
ਜੂਲੀ ਦਿਲੋਂ ਇਸ਼ਕ ਨਹੀਂ ਕਰਦੀ, ਇਹ ਗੱਲ ਤਾੜਨ ਲੱਗਿਆਂ ਰਿਚਅਡ ਨੂੰ ਬਹੁਤੀ ਦੇਰ ਨਾ ਲੱਗੀ। ਉਹ ਜੂਲੀ ਨੂੰ ਤਨੋਂ, ਮਨੋਂ ਆਪਣੀ ਬਣਾਉਣਾ ਚਾਹੁੰਦਾ ਸੀ। ਰਿਚਅਡ ਇਹ ਬਾਖੂਬ ਜਾਣਦਾ ਸੀ ਕਿ ਪਰਾਈ ਔਰਤ 'ਤੇ ਕਾਬਜ਼ ਰਹਿਣ ਲਈ ਉਹਦੇ ਨਾਲ ਸ਼ਰੀਰਕ ਸੰਬੰਧ ਬਣਾਈ ਰੱਖਣੇ ਜ਼ਰੂਰੀ ਹਨ। ਸ਼ਰੀਰਕ ਸੰਬੰਧ ਬਣਾਉਣ ਲਈ ਔਰਤ ਨੂੰ ਭਾਵੁਕ ਕਰਨਾ ਪੈਂਦਾ ਹੈ। ਭਾਵੁਕ ਕਰਨ ਲਈ ਉਹਦੇ ਨਾਲ ਮਾਨਸਿਕ ਤਅਲਕਾਤ ਬਣਾਉਣੇ ਪੈਂਦੇ ਹਨ। ਮਾਨਸਿਕ ਤਅਲਕਾਤ ਬਣਾਉਣ ਲਈ ਔਰਤ ਨਾਲ ਹਮਵਿਚਾਰ ਹੋਣਾ ਪੈਂਦਾ ਹੈ। ਹਮਵਿਚਾਰ ਹੋਣ ਲਈ। ਥੋੜ੍ਹੀਆਂ ਜਿਹੀਆਂ ਤਨਹਾ ਮਿਲਣੀਆਂ ਵਿੱਚ ਹੀ ਰਿਚਅਡ ਨੇ ਇਹ ਸਭ ਕੁੱਝ ਕਰ ਲਿਆ। ਕਿਉਂਕਿ ਰਿਚਅਡ ਦੀ ਪਰਸਪਰ ਪ੍ਰੇਮ ਸ਼ਕਤੀ ਨੇ ਜੂਲੀ ਦਾ ਪੱਥਰ ਹਿਰਦਾ ਮੋਮ ਬਣਾ ਦਿੱਤਾ ਸੀ।
ਰਿਚਅਡ ਦੇ ਪਿਆਰ ਨੇ ਬਿਨਾਂ ਮੌਤੋਂ ਮਰੀ ਹੋਈ ਜੂਲੀ ਨੂੰ ਮੁੜ ਜ਼ਿੰਦਾ ਕਰ ਦਿੱਤਾ। ਉਹ ਰਿਚਅਡ ਨੂੰ ਵੀ ਜੌਹਨ ਵਾਂਗ ਮੁਹੱਬਤ ਕਰਨ ਲੱਗ ਗਈ। ਜੂਲੀ ਜਿਨ੍ਹਾਂ ਜਜ਼ਬਿਆਂ ਨੂੰ ਨੱਥ ਪਾ ਕੇ ਰੱਖਦੀ ਹੁੰਦੀ ਸੀ। ਉਹਨੇ ਹੁਣ ਉਹ ਬੇਲਗਾਮ ਖੁੱਲ੍ਹੇ ਛੱਡ ਦਿੱਤੇ। ਰਿਚਅਡ ਜੂਲੀ ਨੂੰ ਸਦਾ ਲਈ ਆਪਣੀ ਬਣਾ ਲੈਣਾ ਚਾਹੁੰਦਾ ਸੀ। ਜਦ ਜੂਲੀ ਚੰਗੀ ਤਰ੍ਹਾਂ ਚਾਟ 'ਤੇ ਲੱਗ ਗਈ ਤਾਂ ਇੱਕ ਦਿਨ ਗੱਲੀਂ-ਬਾਤੀਂ ਰਿਚਅਡ ਨੇ ਜੂਲੀ ਨੂੰ ਜੋਹਿਆ, "ਜੂਲੀ ਮੇਰੇ ਨਾਲ ਵਿਆਹ ਕਰਵਾ ਲੈ?"
ਰਿਚਅਡ ਵੱਲੋਂ ਬੇਨਤੀ ਵਾਂਗ ਕਹੇ ਇਸ ਵਾਕ ਨੂੰ ਜੂਲੀ ਨੇ ਆਦੇਸ਼ ਸਮਝ ਕੇ ਸੁਣਿਆ, "ਜਦੋਂ ਕਹੇਂ, ਮੈਂ ਤਿਆਰ ਹਾਂ।" ਜੂਲੀ ਨੇ ਅੱਖ ਮਾਰ ਕੇ ਰਿਚਅਡ ਨੂੰ ਅੰਬਰੀਂ ਚਾੜ੍ਹ ਦਿੱਤਾ। 
ਜਿਹੜੇ ਬੰਦੇ ਨਾਲ ਦਿਲ ਮਿਲਿਆ ਹੋਵੇ ਤੀਵੀਂ ਉਹਦਾ ਹੁਕਮ ਵੀ ਮੰਨ ਲੈਂਦੀ ਹੈ ਤੇ ਜਿਹਦੇ ਨਾਲ ਰੂਹ ਹੀ ਨਾ ਭਿੱਜੇ ਉਹਦੀ ਅਰਜ਼ ਵੀ ਸਵਿਕਾਰ ਨਹੀਂ ਕਰਦੀ। ਰਿਚਅਡ ਨੇ ਜੂਲੀ ਅੰਦਰ ਜੀਵਨ ਜੀਣ ਲਈ ਨਵਾਂ ਜੋਸ਼ ਭਰਿਆ ਸੀ। ਰਿਚਅਡ ਨਾਲ ਤਾਂ ਉਹ ਇੱਕ-ਮਿਕ ਹੋ ਚੁੱਕੀ ਸੀ। ਦਰਅਸਲ ਜੂਲੀ ਵੀ ਛੇਤੀ ਵਿਆਹ ਕਰਵਾ ਕੇ ਪਿਛਲਾ ਸਭ ਕੁੱਝ ਭੁੱਲ ਜਾਣਾ ਚਾਹੁੰਦੀ ਸੀ। 
ਜੂਲੀ ਦੇ ਪਹਿਲਾਂ ਦਾ ਤਿਆਰ ਕੀਤਾ ਸਮਾਨ ਕੰਮ ਆ ਗਿਆ। ਜਿਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋ ਗਈ। ਅੜੀ-ਥੁੜ੍ਹੀ ਚੀਜ਼ ਦਾ ਪ੍ਰਬੰਧ ਉਹਨੇ ਤੇ ਰਿਚਅਡ ਨੇ ਫਟਾਫਟ ਕਰ ਲਿਆ। ਪੂਰੀ ਸ਼ਾਨ-ਓ-ਸ਼ੌਕਤ ਨਾਲ ਉਹ ਪਾਦਰੀ ਦੇ ਰੂ-ਬ-ਰੂ ਪੇਸ਼ ਹੋ ਗਏ। ਰਸਮਾਂ ਨਿਬੇੜਨ ਲਈ ਰਿਚਅਡ ਤੋਂ ਪਾਦਰੀ ਨੇ ਤਸਦੀਕ ਕਰਵਾਈ, "ਰਿਚਅਡ ਕੂਪਰ ਡੂ ਯੂ ਅਕਸੈਪਟ ਜੂਲੀ ਮਾਰਸ਼ ਐਜ਼ ਯੂਅਰ ਲਾਅ ਫੁੱਲ ਬੈਡੱਡ-ਵਾਇਫ।"
"ਆਈ ਡੂ।"
ਜਿਵੇਂ ਜਮਾਨੇ ਦਾ ਦਸਤੂਰ ਹੈ। ਆਈ ਡੂ (ਕਬੂਲ ਹੈ) ਦੋ ਸ਼ਬਦ ਕਹਿਣ ਨਾਲ ਹੀ ਤੀਵੀਂ ਬੰਦੇ ਦੀ ਹੋ ਜਾਂਦੀ ਹੈ। ਬੰਦਾ ਉਹਦੇ ਨਾਲ ਜੋ ਜੀਅ ਚਾਹੇ ਕਰ ਸਕਦਾ ਹੈ। ਬਸ ਇਹ ਦੋ ਬੋਲ ਕਹਿਣ ਨਾਲ ਹੀ ਰਿਚਰਡ ਦਾ ਜੂਲੀ 'ਤੇ ਅਧਿਕਾਰ ਹੋ ਗਿਆ ਸੀ। ਇਸ ਤੋਂ ਪਹਿਲਾਂ ਮਾਮੂਲੀ ਚੁੰਮਣ ਲਈ ਵੀ ਰਿਚਅਡ ਨੂੰ ਜੂਲੀ ਤੋਂ ਪਹਿਲਾਂ ਆਗਿਆ ਲੈਣੀ ਪੈਂਦੀ ਸੀ। ਹੁਣ ਉਹ ਸੈਕਸ ਵੀ ਬਿਨਾਂ ਪੁੱਛਿਆਂ ਆਪਣੀ ਮਰਜ਼ੀ ਨਾਲ ਕਰ ਸਕਦਾ ਸੀ। ਵੈਸੇ ਤਾਂ ਰਿਚਅਡ ਦਾ ਪੱਲਾ ਫੜ੍ਹਨ ਸਾਰ ਹੀ ਜੂਲੀ ਫੁੱਲ ਵਾਂਗੂੰ ਤਰ ਗਈ ਸੀ। ਭੌਰੇ ਉਹਦੇ ਆਸੇ- ਪਾਸਿਉਂ ਮੰਡਰਾਉਣੋਂ ਹੱਟ ਗਏ ਸਨ। ਪਰ ਪਾਦਰੀ ਦੁਆਰਾ ਵਾਰਨਿੰਗ ਸਾਇਨ ਲਗਾਏ ਜਾਣ ਮਗਰੋਂ ਇੱਕੜ-ਦੁੱਕੜ ਰਹਿੰਦੇ ਲੁੱਚੇ, ਲੰਡੇ ਵੀ ਆਪਣੇ ਪੱਤਰੇ ਵਾਚ ਗਏ। ਇਸ ਦਾ ਅੰਦਾਜ਼ਾ ਜੂਲੀ ਰਿਸੈਪਸ਼ਨ ਪਾਰਟੀ ਉੱਤੇ ਆਏ ਹੋਏ ਘੱਟ ਗਿਣਤੀ ਮਹਿਮਾਨਾਂ ਨੂੰ ਦੇਖ ਕੇ ਲਗਾ ਸਕਦਾ ਸੀ।
ਜੂਲੀ ਦੀਆਂ ਸੱਧਰਾਂ ਤੇ ਚਾਅ ਜੋ ਇੱਕ ਵਾਰ ਪਹਿਲਾਂ ਅਧੂਰੇ ਰਹਿ ਗਏ ਸਨ, ਉਹ ਸਭ ਹੁਣ ਪੂਰੇ ਹੋ ਗਏ। ਜੂਲੀ ਨੂੰ ਆਪਣਾ ਵਿਆਹ ਖੁਸ਼ਹਾਲੀ ਭਰੇ ਜੀਵਨ ਦਾ ਬਿਗਲ ਜਾਪਿਆ। ਤੇ ਫਿਰ ਉਹ ਉਸੇ ਦਿਨ ਕਿਸੇ ਟਾਪੂ 'ਤੇ ਹਨੀਮੂਨ ਮਨਾਉਣ ਲਈ ਚਲੇ ਗਏ। 
ਇਸ ਮੁਕਲਾਵੇ ਵਾਲੀ ਰਾਤ ਨੂੰ ਜੋ ਜੋ ਉਹਨਾਂ ਨੇ ਕਰਨਾ ਸੀ, ਭਾਵੇਂ ਉਹ ਉਹਨਾਂ ਲਈ ਨਵਾਂ ਤਾਂ ਨਹੀਂ ਸੀ। ਉਹਨਾਂ ਨੇ ਕਈ ਰੰਗੀਨ ਰਾਤਾਂ ਇਕੱਠਿਆਂ ਬਿਤਾਈਆਂ ਸਨ। ਪਰ ਫੇਰ ਵੀ ਉਹਨਾਂ ਦੀ ਸੁਹਾਗਰਾਤ ਵਿੱਚ ਤਾਜ਼ਗੀ ਸੀ। ਟਾਹਣੀ ਨਾਲ ਲੱਗੇ ਹੁਣੇ-ਹੁਣੇ ਖਿੜੇ ਫੁੱਲਾਂ ਵਰਗਾ ਸੱਜਰਾਪਨ ਅਤੇ ਸੁਗੰਧ ਸੀ। ਹੁਣ ਉਹਨਾਂ ਦੇ ਰਿਸ਼ਤੇ ਤੇ ਸਮਾਜ ਦੀ ਖੁੱਲ੍ਹ ਅਤੇ ਕਾਨੂੰਨ ਦੀ ਮੋਹਰ ਲੱਗੀ ਹੋਈ ਸੀ। ਰਿਚਰਡ ਦੇ ਪਿੰਡੇ ਦੀ ਮਹਿਕ ਨੂੰ ਸੁੰਗਦਿਆਂ ਜੂਲੀ ਦੀਆਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਾ ਰਿਹਾ। ਪਿਆਰ ਨਾਲ ਉਹਨਾਂ ਦੋਹਾਂ ਦੇ ਸ਼ਰੀਰ ਝੰਭੇ ਗਏ। ਜੂਲੀ ਨੂੰ ਇਸ ਰਾਤ ਤੋਂ ਪਹਿਲਾਂ ਜ਼ਿੰਦਗੀ ਕਦੇ ਵੀ ਐਨੀ ਹੁਸੀਨ ਨਹੀਂ ਸੀ ਲੱਗੀ। ਉਹਨੂੰ ਜ਼ਿੰਦਗੀ ਵਿੱਚ ਜੌਹਨ ਕਾਰਨ ਅਸਥਾਈ ਤੌਰ 'ਤੇ ਉਤਪਨ ਹੋਏ ਦੁੱਖਾਂ ਦਾ ਤਾਂ ਚਿੱਤ-ਚੇਤਾ ਵੀ ਨਹੀਂ ਸੀ ਰਿਹਾ। ਕਈ ਵਾਰੀ ਰਾਈ ਜਿੰਨੀ ਖੁਸ਼ੀ ਵੀ ਬੰਦੇ ਨੂੰ ਪਹਾੜ ਜਿੱਡਾ ਦੁੱਖ ਵੀ ਭਲਾਉਣ ਵਿੱਚ ਸਹਾਈ ਹੋ ਨਿਬੜਦੀ ਹੈ। ਹੋਰਾਂ ਲੋਕਾਂ ਵਾਂਗੂੰ ਸ਼ਗਨਾਂ ਵਾਲੀ ਰਾਤ ਉਹਨਾਂ ਨੇ ਵੀ ਅੱਖਾਂ-ਅੱਖਾਂ ਵਿੱਚ ਜਾਗਦਿਆਂ ਹੀ ਕੱਟੀ। ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਿਆ, ਸਮਝਿਆ ਅਤੇ ਭਵਿੱਖ ਦੀ ਯੋਜਨਾਵਾਂ ਬਣਾਈਆਂ। 
ਸਾਰੀ ਰਾਤ ਪਿਆਰ ਦੇ ਸਾਗਰ ਵਿੱਚ ਚੁੱਭੀਆਂ ਲਾਉਣ ਬਾਅਦ ਸਵੇਰੇ ਉੱਠ ਕੇ ਜੂਲੀ ਨੇ ਪਹਿਲਾਂ ਤਾਂ ਰਿਚਰਡ ਵਰਗੇ ਵਧੀਆ ਸ਼ਖ਼ਸ ਨਾਲ ਮਿਲਾਉਣ ਬਦਲੇ, ਰੱਬ ਦਾ ਸ਼ੁਕਰੀਆ ਅਦਾ ਕੀਤਾ। ਕਮਰੇ ਦੇ ਕੋਨੇ ਵਿੱਚ ਪਈ ਈਸਾ ਮਸੀਹ ਦੀ ਮੂਰਤੀ ਅੱਗੇ ਮੋਮਬੱਤੀ ਜਲਾਈ। ਡਰਾ ਵਿੱਚੋਂ ਬਾਈਬਲ ਕੱਢ ਕੇ(ਹੋਟਲ ਦੇ ਹਰ ਕਮਰੇ ਵਿੱਚ ਬਾਈਬਲ ਦੀ ਇੱਕ ਕਾਪੀ ਉਪਲੱਬਧ ਸੀ) ਉਹਨੂੰ ਨਮਸਕਾਰ ਕਰਕੇ ਦੁਬਾਰਾ ਰੱਖਿਆ। ਇਸ ਇੱਕ ਰਾਤ ਨੇ ਹੀ ਉਸਨੂੰ ਰਿਚਰਡ ਸੰਗ ਐਨੀ ਮਜ਼ਬੂਤੀ ਨਾਲ ਬੰਨ੍ਹ ਦਿੱਤਾ ਸੀ ਕਿ ਉਹ ਹੁਣ ਉਸ ਨਾਲੋਂ ਵੱਖ ਹੋਣ ਦਾ ਤਸੱਵਰ ਵੀ ਨਹੀਂ ਸੀ ਕਰ ਸਕਦੀ। 
ਵੱਡੇ ਦਿਨ ਹੋਟਲ ਵਿੱਚ ਨਾਸ਼ਤਾ ਕਰਨ ਉਪਰੰਤ ਉਹ ਸਵੀਮਿੰਗ ਕੋਸਟੀਊਮ(ਤੈਰਾਕੀ ਪੁਸ਼ਾਕ) ਲੈ ਕੇ ਸਮੁੰਦਰੀ ਤਟ ਵੱਲ ਚਲੇ ਗਏ। ਸੂਰਜ ਸਿਖਰ 'ਤੇ ਚਮਕ ਰਿਹਾ ਸੀ। ਕੱਕੀ ਰੇਤ ਉੱਤੇ ਸਨ ਬੇਦ (ਧੁੱਪ ਸੇਕਣ) ਲਈ ਲੇਟ ਕੇ ਦੋਨੋਂ ਰਾਤ ਦੇ ਛੇਤੀ ਮੁੱਕ ਜਾਣ ਕਰਕੇ ਰਹਿ ਗਈਆਂ ਅਧੂਰੀਆਂ ਗੱਲਾਂ ਨਿਬੇੜਣ ਲੱਗ ਗਏ।
ਖੁਸ਼ੀ ਵਿੱਚ ਵਿਭੋਰ ਹੋ ਕੇ ਮਿੱਠੀਆਂ ਪਿਆਰੀਆਂ ਗੱਲਾਂ ਕਰਦਿਆਂ ਉਹਨਾਂ ਨੂੰ ਦੋ ਤਿੰਨ ਘੰਟੇ ਬੀਤ ਗਏ। ਜੂਲੀ ਦੀ ਚਮੜੀ ਤੇਜ਼ ਧੁੱਪ ਨਾ ਸਹਾਰਦੀ ਹੋਈ ਲਾਲ ਹੋ ਕੇ ਜਲਣ ਲੱਗਦੀ ਤਾਂ ਰਿਚਰਡ ਉਹਦੀ ਪਿੱਠ 'ਤੇ ਲੋਸ਼ਨ ਮਲ ਦਿੰਦਾ। ਕਦੇ-ਕਦੇ ਉਹ ਦੋਨੇਂ ਉੱਠ ਕੇ ਸਮੁੰਦਰ 'ਚ ਤਾਰੀਆਂ ਲਾਉਂਦੇ ਤੇ ਕਲੋਲਾਂ ਕਰਦੇ। 
ਜੂਲੀ ਨੂੰ ਤੈਰਨ ਦਾ ਬਚਪਨ ਤੋਂ ਹੀ ਬੜ੍ਹਾ ਸੌਂਕ ਹੈ। ਤਿੰਨ ਸਾਲ ਉਹ ਬੈੱਕ-ਸਟਰੋਕ ਦੀ ਰਾਸ਼ਟਰੀ ਚੈਮਪੀਅਨ ਰਹਿ ਚੁੱਕੀ ਹੈ ਤੇ ਇੱਕ ਵਾਰ ਅੰਤਰ-ਰਾਸ਼ਟਰੀ ਪੱਧਰ ਤੇ ਬਟਰਫਲਾਈ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ। ਪਰ ਰਿਚਅਡ ਤਰਨ ਵਿੱਚ ਅਣਜਾਣ ਹੈ। ਉਹ ਰਿਚਅਡ ਨੂੰ ਤਰਨ ਦੀ ਜਾਚ ਦੱਸਦੀ। ਸ਼ਰੀਰ ਨੂੰ ਪਾਣੀ ਦੀ ਸਤਹ 'ਤੇ ਟਿਕਾਉਣ ਅਤੇ ਤਵਾਜ਼ਨ ਬਣਾਈ ਰੱਖਣ ਦੀ ਵਿਧੀ ਸਿਖਾਉਂਦੀ। ਪਰ ਰਿਚਅਡ ਪਾਣੀ ਉੱਤੇ ਹੱਥਾਂ ਦੀਆਂ ਧਾਪੀਆਂ ਜਿਹੀਆਂ ਮਾਰ ਕੇ ਜਦੋਂ ਨੱਕ-ਮੂੰਹ ਵਿੱਚ ਪਾਣੀ ਪੈ ਜਾਂਦਾ ਤਾਂ ਡਰਦਾ ਹੋਇਆ ਪਾਣੀਉਂ ਬਾਹਰ ਆ ਜਾਂਦਾ। ਜੂਲੀ ਤੈਰਦੀ ਰਹਿੰਦੀ, ਤੈਰਦੀ ਰਹਿੰਦੀ। ਉਹਦਾ ਜੀਅ ਕਰਦਾ ਉਹ ਹੋਰ ਅੱਗੇ ਜਾਵੇ।ਬਹੁਤ ਦੂਰ ਐਨਾ ਅੱਗੇ ਕਿ ਸਮੁੰਦਰ ਦੇ ਬਿਲਕੁਲ ਵਿਚਕਾਰ ਤੇ ਫਿਰ ਉੱਥੇ ਪਹੁੰਚ ਕੇ ਥੱਲੇ ਨੂੰ ਜਾਵੇ, ਐਨਾ ਡੂੰਘਾ ਕਿ ਸਮੁੰਦਰ ਦੇ ਤਲ ਨੂੰ ਹੱਥ ਲਾ ਕੇ ਆਵੇ। ਪਰ ਉਹ ਰਿਚਅਡ ਤੋਂ ਦੂਰ ਵੀ ਨਹੀਂ ਸੀ ਰਹਿਣਾ ਚਾਹੁੰਦੀ। ਇਸ ਲਈ ਕਿਨਾਰੇ ਦੇ ਕਰੀਬ ਹੀ ਰਹਿੰਦੀ।
ਥੱਕ ਟੁੱਟ ਕੇ ਚੂਰ ਹੋਏ ਉਹ ਕੰਢੇ ਤੇ ਅਰਾਮ ਕਰ ਰਹੇ ਸਨ। ਸਾਗਰ ਕੰਢੇ ਬਹੁਤ ਸਾਰੀ ਖਲਕਤ ਸੀ। ਹਰ ਕੋਈ ਨਜ਼ਾਰੇ ਲੁੱਟ ਰਿਹਾ ਸੀ। ਜੂਲੀ ਤੇ ਰਿਚਅਡ ਦੋਨਾਂ ਨੂੰ ਬੜਾ ਮਜ਼ਾ ਆ ਰਿਹਾ ਸੀ। ਕੁੱਝ ਇਲਤੀ ਨਿਆਣਿਆਂ ਨੇ ਸਮੁੰਦਰ ਵਿੱਚੋਂ ਮੱਛੀ ਫੜ੍ਹ ਕੇ ਲਿਆਂਦੀ ਅਤੇ ਜੂਲੀ ਹੋਰਾਂ ਕੋਲ ਰੇਤੇ 'ਤੇ ਸੁੱਟ ਦਿੱਤੀ। ਪਾਣੀ ਤੋਂ ਬਗੈਰ ਮੱਛਲੀ ਤੜਫਣ ਲੱਗੀ। ਜ਼ਮੀਨ ਉੱਤੇ ਬੁੜਕਦੀ ਹੋਈ ਮੱਛੀ ਨੂੰ ਦੇਖ ਕੇ ਬੱਚੇ ਤਾੜੀਆਂ ਮਾਰ-ਮਾਰ ਖੁਸ਼ ਹੁੰਦੇ ਰਹੇ। ਦਰਦ ਨਾਲ ਕਰਾਹ ਰਹੀ ਮੀਨ ਪਾਣੀ ਬਿਨਾਂ ਬੁਰੀ ਤਰ੍ਹਾਂ ਸਹਿਕ ਰਹੀ ਸੀ। ਜੂਲੀ ਨੂੰ ਇਹ ਸਭ ਦੇਖਣਾ ਚੰਗਾ ਨਾ ਲੱਗਿਆ। ਉਹਦੇ ਚਿੱਤ ਵਿੱਚ ਆਇਆ ਕਿ ਉਹ ਉੱਠ ਕੇ ਮੱਛੀ ਨੂੰ ਫੜ੍ਹ ਕੇ ਪਾਣੀ ਵਿੱਚ ਵਾਪਸ ਸੁੱਟ ਦੇਵੇ। ਜਿਉਂ ਹੀ ਚੁੱਕਣ ਲਈ ਜੂਲੀ ਨੇ ਮੱਛੀ ਨੂੰ ਹੱਥ ਪਾਇਆ ਤਾਂ ਉਹ ਸ਼ਾਤ ਹੋ ਚੁੱਕੀ ਸੀ। ਮਰੀ ਹੋਈ ਮੱਛੀ ਨੂੰ ਦੇਖ ਕੇ ਜੂਲੀ, ਰਿਚਅਡ ਅਤੇ ਉਹਨਾਂ ਬੱਚਿਆਂ, ਯਾਨੀ ਕਿ ਸਭਨਾਂ ਨੂੰ ਅਫਸੋਸ ਹੋਇਆ।
ਜੂਲੀ ਵਾਪਸ ਰਿਚਅਡ ਕੋਲ ਆ ਕੇ ਲਾਡ ਪਿਆਰ ਕਰਨ ਲੱਗੀ। ਕਦੇ-ਕਦੇ ਰਿਚਅਡ ਅਤੀਤ ਦੇ ਵਰਕੇ ਫਰੋਲਣ ਲੱਗ ਜਾਂਦਾ। ਪਰ ਜੂਲੀ ਸਭ ਕੁੱਝ ਵਿਸਾਰ ਦੇਣਾ ਚਾਹੁੰਦੀ ਸੀ। ਰਿਚਅਡ ਦਾ ਧਿਆਨ ਹੋਰ ਪਾਸੇ ਰੱਖਣ ਲਈ ਉਹ ਨਾਲ ਜੁੜ ਕੇ ਪਏ ਰਿਚਅਡ ਦੇ ਥੱਲੇ ਘੁੱਸਦੀ ਹੋਈ ਉਹਦੇ ਨਾਲ ਲਾਡ ਪਿਆਰ ਕਰਨ ਲੱਗੀ। ਆਪਣੇ ਅੱਥਰੇ ਲਬਾਂ ਨਾਲ ਟਾਂਕੇ ਮਾਰ ਕੇ ਉਹ ਰਿਚਅਡ ਦੇ ਬੁੱਲ੍ਹਾਂ ਨੂੰ ਸੀਉਂ ਕੇ ਸੀਲ ਕਰ ਦੇਣਾ ਚਾਹੁੰਦੀ ਸੀ। ਚੁੰਮਣ ਡੂੰਘੇ ਹੁੰਦੇ ਜਾ ਰਹੇ ਸਨ।
ਜੌਹਨ ਬਾਰੇ ਜ਼ਿਆਦਾ ਤਫਸੀਲ ਨਾ ਜਾਣਦਾ ਹੋਣ ਕਰਕੇ ਰਿਚਅਡ ਚੁੰਮਣੋਂ ਹੱਟ ਕੇ ਜੂਲੀ ਨੂੰ ਪੁੱਛ ਬੈਠਾ, "ਤੂੰ ਜੋਹਨ ਨੂੰ ਕਾਹਤੋਂ ਛੱਡਿਆ ਸੀ? ਤੇਰਾ ਤਾਂ ਉਹਦੇ ਨਾਲ ਵਿਆਹ ਹੋਣ ਲੱਗਿਆ ਸੀ?" 
"ਉਹ ਗੇ ਗੇਅ ਸੀ!" ਜੂਲੀ ਨੇ ਬੜ੍ਹੀ ਹੀ ਮਾਨਸਿਕ ਕਠਨਾਈ ਝੱਲਦਿਆਂ ਜੁਆਬ ਦਿੱਤਾ।
"ਗੇਅ?" ਹੈਰਾਨੀ ਨਾਲ ਰਿਚਅਡ ਜੂਲੀ ਉੱਪਰੋਂ ਉੱਠ ਕੇ ਖੜ੍ਹਾ ਹੋਇਆ।
ਜੂਲੀ ਨੇ ਉੱਠ ਕੇ ਬੈਠਦੀ ਹੋਈ ਨੇ ਨਜ਼ਰਾਂ ਝੁਕਾ ਲਈਆਂ, "ਹਾਂ, ਗੇਅ।"
ਰਿਚਅਡ ਠਹਾਕਾ ਲਾ ਕੇ ਹੱਸਿਆ, "ਇਸ ਵਿੱਚ ਐਨੀ ਬੁਰਾਈ ਵਾਲੀ ਕਿਹੜੀ ਗੱਲ ਸੀ। ਅੱਜ-ਕੱਲ੍ਹ ਦੇ ਆਧੁਨਿਕ ਸਮਾਜ ਨੇ ਤਾਂ ਹੋਮੋਸੈਕਸੂਐਲਟੀ (ਹਮਜਿਣਸੀ) ਨੂੰ ਸਵਿਕਾਰ ਲਿਆ ਹੈ। ਤੇ ਅਜਿਹੇ ਸੰਬੰਧਾਂ ਨੂੰ ਮਾਣਤਾ ਵੀ ਦੇ ਦਿੱਤੀ ਹੈ। ਕਿਹੜੀ ਦੁਨੀਆਂ ਵਿੱਚ ਰਹਿੰਦੀ ਏਂ ਤੂੰ? ਨਾਓ ਦੀਜ਼ ਡੇਜ਼ ਇੱਟਸ ਕੋਆਇਟ ਏ ਨੌਰਮਲ ਥਿੰਗ। -ਮੈਂ ਵੀ ਤਾਂ ਤੈਨੂੰ ਮਿਲਣ ਤੋਂ ਪਹਿਲਾਂ ਗੇਅ ਹੀ ਸਾਂ।"
ਇਹ ਸੁਣਦਿਆਂ ਹੀ ਜੂਲੀ ਦੇ ਦਿਲ ਉੱਤੇ ਬਿਜਲੀ ਡਿੱਗੀ। ਕੜਾਕੇ ਦੀ ਧੁੱਪ ਜਦੇ ਹੀ ਕਿਧਰੇ ਗੁੰਮ ਹੋ ਗਈ। ਸਾਰਾ ਅਸਮਾਨ ਬੱਦਲਾਂ ਨਾਲ ਘਿਰ ਗਿਆ। ਜੂਲੀ ਨੂੰ ਧਰਤੀ ਅੰਬਰ ਸਭ ਘੁੰਮਦੇ ਨਜ਼ਰ ਆਉਣ ਲੱਗੇ। ਭਾਵੇਂ ਬਾਹਰ ਮੀਂਹ ਅਜੇ ਪੈਣਾ ਸੀ, ਪਰ ਉਹਦੇ ਅੰਦਰ ਤਾਂ ਝੱਖੜ ਝੁੱਲ ਗਏ ਸਨ। ਉਹਦੇ ਕੰਨ ਬਾਂਅ-ਬਾਂਅ ਟੈਂਅ-ਟੈਂਅ ਕਰਨ ਲੱਗ ਪਏ। ਕੁੱਝ ਦੇਰ ਪਹਿਲਾਂ ਜਿਨ੍ਹਾਂ ਸਮੁੰਦਰੀ ਲਹਿਰਾਂ ਦਾ ਸ਼ੋਰ ਸ਼ਾਂ ਸ਼ਾਂ ਦੀ ਆਵਾਜ਼ ਪੈਦਾ ਕਰ ਰਿਹਾ ਸੀ। ਉਹੀ ਹੁਣ ਜੂਲੀ ਨੂੰ ਗੇਅ -ਗੇਅ ਪੁਕਾਰ ਕੇ ਰੌਲਾ ਪਾਉਂਦੀਆਂ ਲੱਗੀਆਂ।  ਉਹਨੂੰ ਬੈਠੀ-ਬੈਠੀ ਨੂੰ ਚੱਕਰ ਆਉਣ ਲੱਗੇ। ਸਾਰੀ ਫਿਜਾ ਨੇ ਡਰਾਉਣਾ ਰੂਪ ਅਖਤਿਆਰ ਕਰ ਲਿਆ ਸੀ। ਉਹਦੇ ਕੰਨਾਂ ਨੂੰ ਹੁਣ ਸਿਰਫ਼ ਇੱਕ ਸ਼ਬਦ ਦੇ ਸਿਵਾਏ ਹੋਰ ਕੁੱਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਹਨੂੰ ਲੱਗਿਆ ਜਿਵੇਂ ਕਾਇਨਾਤ ਦੀ ਹਰ ਸ਼ੈਅ ਗੇਅ ਗੇਅ ਦਾ ਗਾਨ ਕਰਕੇ ਉਸ ਉੱਤੇ ਹੱਸ ਰਹੀ ਹੋਵੇ। ਤੇ ਫਿਰ ਉਸਨੂੰ ਹਰ ਤਰਫੋਂ ਗੇਅ ਗੇਅ ਦੀਆਂ ਅਵਾਜ਼ਾਂ ਮੁਸੱਲਸਲ ਸੁਣਾਈ ਦੇਣ ਲੱਗ ਪਈਆਂ। 
ਜੂਲੀ ਦੇ ਫਿਕਰਮੰਦ ਮੁੱਖੜੇ ਨੂੰ ਦੇਖ ਕੇ ਰਿਚਰਡ ਘਬਰਾ ਗਿਆ। ਜੂਲੀ ਦੇ ਹੱਥੋਂ ਨਿਕਲ ਜਾਣ ਦਾ ਖਦਸਾ ਪੈਦਾ ਹੁੰਦਿਆਂ ਹੀ ਉਹ ਕੰਬ ਗਿਆ। 
ਜੂਲੀ ਨੂੰ ਸਮਾਉਣ ਲਈ ਧਰਤੀ ਵਿਹਲ ਨਹੀਂ ਸੀ ਦੇ ਰਹੀ। ਉਹਦਾ ਕਾਲਜਾ ਮੂੰਹ ਨੂੰ ਆ ਰਿਹਾ ਸੀ। ਰਿਚਅਡ ਤੋਂ ਅਲਖਤ ਆ ਰਹੀ ਸੀ। ਉਹਨੂੰ ਝੱਲ ਉੱਠਿਆ। ਉਹ ਉੱਠ ਕੇ ਸਮੁੰਦਰ ਵੱਲ ਭੱਜੀ। ਉਹਦੇ ਜੀਣ ਲਈ ਕੁੱਝ ਬਚਿਆ ਹੀ ਨਹੀਂ ਸੀ। ਉਹਨੇ ਮਿੱਥ ਲਿਆ ਸੀ ਕਿ ਉਹ ਸਮੁੰਦਰ ਵਿੱਚ ਪਹੁੰਚ ਕੇ ਆਪਣੀ ਕਲਾ ਦਾ ਪ੍ਰਯੋਗ ਨਹੀਂ ਕਰੇਗੀ ਤੇ ਡੁੱਬ ਕੇ ਮਰ ਜਾਵੇਗੀ। ਉਹ ਫਨਾ ਹੋ ਜਾਣਾ ਲੋਚਦੀ ਸੀ। ਮਰਨ ਬਿਨਾਂ ਹੁਣ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। 
ਜਦੋਂ ਲੱਕ ਤੱਕ ਡੂੰਘੇ ਪਾਣੀ ਤੱਕ ਪਹੁੰਚੀ ਤਾਂ ਜੂਲੀ ਉੱਥੇ ਇੰਝ ਰੁੱਕ ਗਈ ਜਿਵੇਂ ਉਸ ਨੂੰ ਕੋਈ ਹੋਰ ਰਾਹ ਦਿੱਸ ਪਿਆ ਹੋਵੇ। ਉਹਦਾ ਅੱਧਾ ਸ਼ਰੀਰ ਪਾਣੀ ਦੇ ਵਿੱਚ ਤੇ ਅੱਧਾ ਬਾਹਰ ਸੀ। ਉਹਨੇ ਉੱਥੇ ਖੜ੍ਹੀ ਨੇ ਕੁੱਝ ਸੋਚਿਆ। ਪਾਣੀ ਦੀਆਂ ਛੱਲਾਂ ਨੂੰ ਧਿਆਨ ਨਾਲ ਦੇਖਿਆ। ਸੱਪਾਂ ਵਾਂਗ ਫੂੰਕਾਰੇ ਮਾਰਦੀ ਹਰ ਉੱਠਦੀ ਹੋਈ ਲਹਿਰ ਉਸਨੂੰ ਡਬੋ ਲੈਣਾ ਚਾਹੁੰਦੀ ਸੀ। ਜੂਲੀ ਨੂੰ ਲੱਗਿਆ ਉਹ ਥੋੜ੍ਹਾ ਜਿਹਾ ਵੀ ਹੋਰ ਅੱਗੇ ਗਈ ਤਾਂ ਉਹ ਮਰ ਜਾਵੇਗੀ। ਉਹ ਆਪਣੀ ਮੌਤ ਨੂੰ ਸਾਹਮਣੇ ਸਾਖਸ਼ਾਤ ਖੜ੍ਹੀ ਦੇਖ ਕੇ ਡਰ ਗਈ। ਅਸਲ ਵਿੱਚ ਉਸਨੂੰ ਜ਼ਿੰਦਗੀ ਨਾਲ ਵੀ ਮੋਹ ਸੀ। 
ਜੂਲੀ ਨੇ ਘੁੰਮ ਕੇ ਪਿੱਛੇ ਦੇਖਿਆ। ਉਹੀ ਬੇਗੁਨਾਹ ਇੰਨਸਾਨ ਰਿਚਅਡ ਜਿਸ ਨੇ ਕਿ ਪਿਛਲੀ ਇੱਕ ਰਾਤ ਵਿੱਚ ਹੀ ਉਸਦੀ ਝੋਲੀ ਖੁਸ਼ੀਆਂ ਦੇ ਖਜਾਨੇ ਨਾਲ ਭਰ ਦਿੱਤੀ ਸੀ,  ਕਿਨਾਰੇ ਉੱਤੇ ਉਵੇਂ ਖੜ੍ਹਾ ਉਸਨੂੰ ਉਡੀਕ ਰਿਹਾ ਸੀ। ਸਾਗਰੋਂ ਬਾਹਰ ਜੂਲੀ ਲਈ ਹੁਸੀਨ ਜ਼ਿੰਦਗੀ ਸੀ ਤੇ ਦੂਜੇ ਪਾਸੇ ਪਾਣੀ ਦੀ ਗੋਦ ਵਿੱਚ ਭਿਆਨਕ ਮੌਤ ਸੀ।  ਰਿਚਅਡ ਨਾਲ ਬਿਤਾਏ ਪ੍ਰੇਮ-ਪਲਾਂ ਦੀਆਂ ਯਾਦਾਂ ਜ਼ਿਹਨ ਵਿੱਚੋਂ ਚੱਲ ਕੇ ਜੂਲੀ ਦੀਆਂ ਅੱਖਾਂ ਅੱਗੇ ਕਿਸੇ ਫਿਲਮ ਦੀ ਰੀਲ ਵਾਗ ਘੁੰਮ ਗਈਆਂ। ਜੂਲੀ ਨੇ ਆਪਣੇ ਮਨ ਵਿੱਚ ਹੁਣੇ-ਹੁਣੇ ਪੈਦਾ ਹੋਈ ਰਿਚਅਡ ਪ੍ਰਤਿ ਨਫ਼ਰਤ ਨੂੰ ਪਹਿਲਾਂ ਦੇ ਪਿਆਰ ਨਾਲ ਤੋਲਿਆ ਤਾਂ ਪਿਆਰ ਦੀ ਮਾਤਰਾ ਜ਼ਿਆਦਾ ਨਿੱਕਲੀ। ਉਸਨੂੰ ਅਹਿਸਾਸ ਹੋਇਆ ਕਿ ਜਿਸ ਗੱਲ ਪਿੱਛੇ ਉਹ ਜਹਾਦ ਖੜ੍ਹਾ ਕਰ ਰਹੀ ਸੀ। ਉਹ ਤਾਂ ਨਿਹਾਇਤ ਹੀ ਮਾਮੂਲੀ ਜਿਹੀ ਤੇ ਭੁਲਾਈ ਜਾਣ ਵਾਲੀ ਗੱਲ ਸੀ। ਪਹਿਲਾਂ ਜੌਹਨ ਨੂੰ ਗੁਆ ਕੇ ਉਹ ਕਿੰਨਾ ਔਖੀ ਹੋਈ ਸੀ, ਇਹ ਉਹ ਭਲੀ-ਭਾਂਤ ਜਾਣਦੀ ਸੀ। ਤੇ ਖੁਦ ਉਸਦੇ ਮਰਨ 'ਤੇ ਰਿਚਅਡ ਦਾ ਜੋ ਹਾਲ ਹੋਣਾ ਸੀ ਇਸਦਾ ਵੀ ਉਸਨੂੰ ਅੰਦਾਜ਼ਾ ਸੀ। ਬੁਰੇ ਅਤੀਤ ਬਦਲੇ ਉਹ ਚੰਗੇ ਭਵਿਖ ਨੂੰ ਠੋਕਰ ਮਾਰਨ ਜਾ ਰਹੀ ਸੀ। 
ਜੂਲੀ ਦੇ ਦਿਮਾਗ ਵਿੱਚ ਫੈਸਲੇ ਲਈ ਕਸ਼ਮਕਸ਼ ਅਜੇ ਚੱਲ ਹੀ ਰਹੀ ਸੀ ਕਿ ਪਿਛਿਉਂ ਜ਼ੋਰ ਦੀ ਛੱਲ ਆਈ ਤੇ ਜੂਲੀ ਦੇ ਪੈਰ ਉਖੜ ਗਏ। ਧੜੱਮ ਕਰਦੀ ਉਹ ਮੂੰਹ ਪਰਨੇ ਪਾਣੀ ਵਿੱਚ ਡਿੱਗੀ। ਪਾਣੀ ਦਾ ਦਬਾਅ ਜ਼ਿਆਦਾ ਹੋਣ ਕਰਕੇ ਜੂਲੀ ਸੰਭਲ ਨਾ ਸਕੀ ਤੇ ਧਾਰਾ ਉਸਨੂੰ ਨਾਲ ਹੀ ਵਹਾ ਕੇ ਲੈ ਗਈ। ਜੂਲੀ ਨੇ ਤਰਨ ਦਾ ਯਤਨ ਕਰਨਾ ਚਾਹਿਆ, ਪਰ ਉਹਦੀ ਪਾਣੀ ਦੀ ਤਾਕਤ ਅੱਗੇ ਕੋਈ ਪੇਸ਼ ਨਾ ਗਈ। ਉਸਨੂੰ ਗੋਤੇ ਖਾਂਦੀ ਨੂੰ ਆਪਣੇ ਡੁੱਬ ਜਾਣ ਦਾ ਯਕੀਨ ਹੋ ਗਿਆ ਸੀ। ਜੂਲੀ ਦਾ ਸਾਹ ਘੁੱਟਿਆ ਜਾ ਰਿਹਾ ਸੀ। ਉਹ ਪਾਣੀ ਵਿੱਚ ਉਵੇਂ ਬਚਣ ਲਈ ਹੱਥ-ਪੈਰ ਮਾਰਦੀ ਹੋਈ ਤੜਫ ਰਹੀ ਸੀ ਜਿਵੇਂ ਜਲ ਤੋਂ ਬਾਹਰ ਉਹ ਮੱਛੀ ਫੁੜਕ-ਫੁੜਕ ਕੇ ਮੋਈ ਸੀ। ਜੂਲੀ ਨੂੰ ਜ਼ਮਦੂਤ ਵੀ ਸਾਫ਼ ਦਿਖਾਈ ਦੇਣ ਲੱਗ ਗਏ ਸਨ। ਮੌਤ ਕਿੰਨੀ ਭਿਆਨਕ ਅਤੇ ਦਰਦਨਾਕ ਹੁੰਦੀ ਹੈ, ਇਹ ਗੱਲ ਸਿਰਫ਼ ਮਰਨ ਵਾਲਾ ਵਿਅਕਤੀ ਹੀ ਜਾਣ ਸਕਦਾ ਹੈ। ਤੇ ਇਸ ਸੱਚ ਨੂੰ ਜੂਲੀ ਨੇ ਵੀ ਮੌਤ ਦੇ ਐਨੇ ਕਰੀਬ ਜਾ ਕੇ ਜਾਣ ਲਿਆ ਸੀ। ਮੌਤ ਦੀ ਕਰੂਪਤਾ ਦੇਖ ਕੇ ਹੀ ਜੂਲੀ ਨੂੰ ਜ਼ਿੰਦਗੀ ਦੀ ਖੂਬਸੂਰਤੀ ਦਾ ਅਹਿਸਾਸ ਹੋਇਆ। ਉਸ ਅੰਦਰ ਜਿਉਣ ਦੀਆਂ ਹਸਰਤਾਂ ਪੈਦਾ ਹੋ ਗਈਆਂ। ਉਸਨੇ ਮਨ ਹੀ ਮਨ ਪ੍ਰਣ ਕਰ ਲਿਆ ਸੀ ਕਿ ਜੇ ਉਹ ਹੁਣ ਬੱਚ ਗਈ ਤਾਂ ਆਪਣੀ ਆਈ ਮੌਤ ਹੀ ਮਰੇਗੀ ਅਤੇ ਮੁੜ ਹਿਯਾਤੀ ਵਿੱਚ ਕਦੇ ਵੀ ਬੁਜ਼ਦਿਲੀ ਅਤੇ ਕਾਇਰਤਾ ਭਰੀ ਆਤਮਘਾਤ ਕਰਨ ਵਾਲੀ  ਹਰਕਤ ਨਹੀਂ ਕਰੇਗੀ। ਮੌਤ ਨਾਲ ਘੋਲ ਕਰਦਿਆਂ ਉਸਨੇ ਪ੍ਰਭੂ ਅੱਗੇ ਆਪਣੇ ਜੀਵਨਦਾਨ ਲਈ ਅਰਦਾਸ ਵੀ ਕੀਤੀ।
ਬਚਣ ਲਈ ਜੂਲੀ ਦੀ ਪਾਣੀ ਨਾਲ ਜਦੋ-ਜਹਿਦ ਜਾਰੀ ਹੀ ਸੀ ਕਿ ਅਚਾਨਕ ਮੌਤ ਦੇ ਫਰਿਸ਼ਤੇ ਉਸ ਦੀਆਂ ਅੱਖਾਂ ਅੱਗੋਂ ਅਲੋਪ ਹੋ ਗਏ। ਸਮੁੰਦਰ ਇੱਕਦਮ ਸ਼ਾਤ ਹੋ ਗਿਆ ਤੇ ਜੂਲੀ ਆਪਣੇ ਸ਼ਰੀਰ ਦਾ ਪਾਣੀ ਵਿੱਚ ਸੰਤੁਲਨ ਬਣਾਉਣ ਵਿੱਚ ਕਾਮਯਾਬ ਹੋ ਗਈ। ਹੱਥਾਂ ਦੇ ਚੱਪੂਆਂ ਅਤੇ ਪੈਰਾਂ ਦੀਆਂ ਛੜਾਂ ਨਾਲ ਪਾਣੀ ਨੂੰ ਪਿੱਛੇ ਹਟਾਉਂਦੀ ਹੋਈ ਜੂਲੀ ਤੈਰ ਕੇ ਨੀਰ ਤੋਂ ਬਾਹਰ ਵੱਲ ਆਉਣ ਲੱਗੀ। ਮਰਿਯਾ ਦੇ ਨਜ਼ਦੀਕ ਆ ਕੇ ਉਸਨੇ ਪੈਰ ਥਲ 'ਤੇ ਟਿਕਾਏ ਤੇ ਸਾਹਿਲ ਦੀ ਤਰਫ਼ ਦੌੜ ਪਈ। ਬੜ੍ਹੀ ਫੁਰਤੀ ਨਾਲ ਉਹ ਮੌਤ ਤੋਂ ਜ਼ਿੰਦਗੀ ਵੱਲ ਭੱਜਦੀ ਹੋਈ ਪਾਣੀਉਂ ਬਾਹਰ ਨਿਕਲ ਕੇ ਮਾਯੂਸ ਖੜ੍ਹੇ ਰਿਚਅਡ ਦੇ ਸੀਨੇ ਨਾਲ ਜਾ ਲੱਗੀ।  

  ****

1 comment:

  1. ਬਹੁਤ ਵਧੀਆ ਭਾਜੀ ਕਈਆਂ ਨੂੰ ਆਪ ਦੀ ਕਹਾਨੀ ਸੇਧ ਦੇਣ ਵਾਲੀ ਹੈ ਜੀ

    ReplyDelete