ਮਰਦ

ਸਾਲ ਖ਼ਤਮ ਹੋਣ ਵਾਲਾ ਸੀ ਤੇ ਮੇਰੀਆਂ ਸਭ ਛੁੱਟੀਆਂ ਜਮ੍ਹਾਂ ਹੋਈਆਂ ਪਈਆਂ ਸਨ। ਮੈਂ ਸਾਰੀਆਂ ਦੀਆਂ ਸਾਰੀਆਂ ਛੁੱਟੀਆਂ ਇਕੱਠੀਆਂ ਹੀ ਲੈ ਲਈਆਂ ਸਨ। ਪੂਰੇ ਤਿੰਨ ਹਫ਼ਤਿਆਂ ਬਾਅਦ ਮੈਂ ਕੰਮ ’ਤੇ ਪਰਤਿਆ ਸੀ। ਟੀ ਬਰੇਕ ਤੱਕ ਤਾਂ ਮੈਂ ਡਟ ਕੇ ਕੰਮ ਕਰਦਾ ਰਿਹਾ ਸੀ। ਮੈਨੂੰ ਫ਼ਿਕਰ ਸੀ ਮਤਾਂ ਕੋਈ ਇਹ ਨਾ ਕਹਿ ਦੇਵੇ, “ਅਜੇ ਅੱਜ ਤਾਂ ਅਇਐਂ। ਰੱਜਿਆ ਨਹੀਂ ਰੈਸਟ ਕਰਕੇ। - ਹੁਣ ਤਾਂ ਹੱਥ ਹਿਲਾ ਲੈ।” ਬਰੇਕ ਦੌਰਾਨ ਕੰਟੀਨ ਵਿੱਚ ਬੈਠੇ ਸਭ ਗੱਪਾਂ-ਸ਼ੱਪਾਂ ਮਾਰਨ ਲੱਗ ਜਾਂਦੇ ਹਨ। ਪਰ ਮੇਰੀ ਆਦਤ ਹੈ, ਮੈਂ ਹਮੇਸ਼ਾਂ ਇੱਕ ਵੱਖਰੇ ਮੇਜ਼ ’ਤੇ ਸਭ ਤੋਂ ਜੁਦਾ ਬੈਠ ਕੇ ਪੜ੍ਹਨ ਲੱਗ ਜਾਂਦਾ ਹਾਂ। ਕੋਈ ਨਾ ਕੋਈ ਕਿਤਾਬ ਸਦਾ ਮੇਰੇ ਥੈਲੇ ਵਿੱਚ ਹੁੰਦੀ ਹੈ। ਉਸ ਦਿਨ ਜਿਹੜੀ ਕਿਤਾਬ ਮੇਰੇ ਹੱਥਾਂ ’ਚ ਸੀ, ਉਹ ਤਾਂ ਮੈਂ ਛੁੱਟੀਆਂ ਤੋਂ ਪਹਿਲਾਂ ਹੀ ਪੜ੍ਹ ਚੁੱਕਿਆ ਸਾਂ। ਮੈਨੂੰ ਨਵੀਂ ਕਿਤਾਬ ਸਵੇਰੇ ਕੰਮ ਉੱਤੇ ਆਉਣ ਲੱਗਿਆਂ ਝੋਲੇ ਵਿੱਚ ਪਾਉਣੀ ਯਾਦ ਨਹੀਂ ਰਹੀ ਸੀ। ਸਮਾਂ ਟਪਾਉਣ ਲਈ ਮੈਂ ਉਹੀ ਕਿਤਾਬ ਦੁਬਾਰਾ ਪੜ੍ਹਨ ਲੱਗ ਗਿਆ ਸੀ। ਥੋੜ੍ਹੀ ਦੇਰ ਬਾਅਦ ਕਿਤਾਬ ਚੋਂ ਉੱਖੜ ਕੇ ਮੇਰੀ ਨਿਗਾਹ ਸਾਹਮਣੇ ਮੇਜ਼ ’ਤੇ ਸੁਸੱਜਿਤ ਨਵੇਂ ਇੰਡੀਅਨ ਚਿਹਰੇ ਉੱਪਰ ਜਾ ਪਈ ਸੀ। ਮੇਰੇ ਲਈ ਉਹ ਬਿਲਕੁਲ ਅਜਨਬੀ ਸੂਰਤ ਸੀ। ਉਸ ਨੇ ਨੀਲੀ ਜ਼ੀਨ ਦੀ ਪੈਂਟ ਸ਼ਰਟ ਪਾਈ ਹੋਈ ਸੀ। ਖੁੱਲ੍ਹੇ ਛੱਡੇ ਵਾਲ ਜੋ ਚੱਜ ਨਾਲ ਵਾਹੇ ਵੀ ਨਹੀਂ ਸਨ। ਸਾਂਵਲਾ ਰੰਗ ਸੋਜ਼-ਏ-ਅਲਮ ਨਾਲ ਹੋਰ ਵੀ ਧੁਆਂਖਿਆ ਹੋਇਆ ਲੱਗਦਾ ਸੀ।
ਬਾਕੀ khfxI ikqfb 'axlwg' ਖਰੀਦ ਕੇ ਪੜ੍ਹੋ। ਇਹ khfxI sMgRih  ਤੁਸੀਂ ਸਾਡੇ ਤੋਂ ਸਿੱਧਾ ਡਾਕ ਰਾਹੀਂ ਮੰਗਵਾ ਸਕਦੇ ਹੋ। ਨਾਵਲ ਖਰੀਦਣ ਲਈ ਸੰਪਰਕ:
00447713038541 (UK) Line, Tango, Vibre, Whatsapp, Telegram
00919915416013 (India) Vibre, Whatsapp
email: balrajssidhu@yahoo.co.uk

ਮਾੜਕੂ ਜਿਹਾ ਸ਼ਰੀਰ ਤੇ ਸੋਗਮਈ ਚਿਹਰਾ ਸੀ। ਸੁੱਜੀਆਂ ਜਿਹੀਆਂ ਅੱਖਾਂ, ਜਿਵੇਂ ਹੁਣੇ ਹੁਣੇ ਸੁੱਤੀ ਉੱਠੀ ਹੁੰਦੀ ਹੈ ਜਾਂ ਥੱਕੀ ਹਾਰੀ ਹੋਵੇ। ਉਹ ਕਾਫ਼ੀ ਖਸਤਾ ਹਾਲਤ ਵਿੱਚ ਸੀ। ਉਸ ਵਕਤ ਉਹ ਮੁਹਤਰਮਾ ਮੈਨੂੰ ਜ਼ਿਆਦਾ ਸੋਹਣੀ ਤਾਂ ਨਹੀਂ ਲੱਗੀ ਸੀ। ਪਰ ਫਿਰ ਵੀ ਜਵਾਨ ਔਰਤ ਹੋਣ ਕਰਕੇ ਮੈਂ ਕੁੱਝ ਦੇਰ ਉਹਨੂੰ ਦੇਖਦਾ ਰਿਹਾ ਸੀ। ਉਹ ਇਕੱਲੀ ਦਿਲਗੀਰ ਹੋਈ ਬੈਠੀ ਸੀ ਤੇ ਕਿਸੇ ਹੋਰ ਨਾਲ ਬੋਲਦੀ-ਚਲਦੀ ਵੀ ਨਹੀਂ ਸੀ। ਮੈਂ ਸਮਝਿਆ ਸੀ ਕਿ ਉਹ ਵੀ ਮੇਰੇ ਵਾਂਗੂੰ ਰੋਜ਼ ਇਕੋ ਮੌਜੂ ’ਤੇ ਹੁੰਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਈ ਹੋਵੇਗੀ। ਇਸੇ ਲਈ ਸਭ ਤੋਂ ਨਵੇਕਲੀ ਹੋ ਕੇ ਬੈਠੀ ਹੈ। ਸਾਡੀ ਫ਼ੈਕਟਰੀ ਵਿੱਚ ਬੰਦੇ ਰਾਜਨੀਤੀ ਤੇ ਬੁੜੀਆਂ ਫਿਲਮਾਂ ਦੀਆਂ ਗੱਲਾਂ ਹੀ ਕਰਦੀਆਂ ਰਹਿੰਦੀਆਂ ਹਨ। ਜਾਂ ਇੱਕ ਦੋ ਬਜ਼ੁਰਗ ਵਿਗੜੀ ਔਲਾਦ ਦੇ ਰੋਣੇ ਰੋਂਦੇ ਰਹਿੰਦੇ ਹਨ। ਬਸ ਹਮੇਸ਼ਾਂ ਇਹ ਘਰਾਟ ਰਾਗ ਹੀ ਚੱਲਦੇ ਰਹਿੰਦੇ ਹਨ। ਸਾਰੀ ਬਰੇਕ ਦੌਰਾਨ ਉਸ ਨੇ ਨਾ ਕੁੱਝ ਖਾਧਾ ਸੀ ਤੇ ਨਾ ਹੀ ਕੁੱਝ ਪੀਤਾ ਸੀ। ਮੈਨੂੰ ਉਹ ਔੜਾਂ ਦੇ ਮਾਰੇ ਰੁੱਖ ਵਰਗੀ ਲੱਗੀ ਸੀ ਮੁਰਝਾਈ ਹੋਈ ਸੁੱਕੀ ਡਾਵਾਂਡੋਲ ਮਰ ਰਹੀ ਉਦਾਸ ਬਹੁਤ ਉਦਾਸ। ਯਾਨੀ ਕੋਈ ਬਹੁਤ ਵੱਡਾ ਦੁੱਖ ਹੋਵੇ ਉਹਨੂੰ। ਬਰੇਕ ਖ਼ਤਮ ਹੋਈ ਸੀ ਤਾਂ ਸਭ ਆਪੋ ਆਪਣੇ ਕੰਮ ’ਤੇ ਲੱਗ ਗਏ ਸਨ। ਪਰ ਮੈਨੂੰ ਭੁਲਾਇਆਂ ਵੀ ਉਹਦਾ ਚੇਤਾ ਨਹੀਂ ਸੀ ਭੁੱਲਦਾ। ਲੰਚ ਬਰੇਕ ਵਿੱਚ ਵੀ ਉਸ ਨੇ ਕਿਸੇ ਪਦਾਰਥ ਨੂੰ ਕੋਈ ਖਾਸ ਮੂੰਹ ਨਹੀਂ ਸੀ ਮਾਰਿਆ। ਮੇਰੇ ਜ਼ਿਹਨ ਦੇ ਅੰਬਰਾਂ ਵਿੱਚ ਉਸ ਦੇ ਖਿਆਲਾਂ ਦੀਆਂ ਸੰਘਣੀਆਂ ਘਟਾਵਾਂ ਹੀ ਛਾਈਆਂ ਹੋਈਆਂ ਸਨ। ਕੌਣ ਹੈ ਉਹ? ਕੀ ਨਾਂ ਹੈ ਉਹਦਾ? ਕਦੋਂ ਲੱਗੀ? ਉਸ ਬਾਰੇ ਜਾਨਣ ਲਈ ਕਿੰਨੇ ਹੀ ਸਵਾਲ ਮੇਰੇ ਅੰਦਰ ਪੈਦਾ ਹੋ ਰਹੇ ਸਨ। ਜੇ ਕੋਲ ਖੜ੍ਹੀ ਹੁੰਦੀ ਤਾਂ ਮੈਂ ਗੱਲਾਂ ਗੱਲਾਂ ’ਚ ਪੁੱਛ- ਪੜਤਾਲ ਕਰ ਸਕਦਾ ਸੀ। ਪਰ ਸਾਡੇ ਕਾਰਖਾਨੇ ਦਾ ਦਸਤੂਰ ਹੀ ਨਿਰਾਲਾ ਸੀ। ਔਰਤਾਂ ਅਤੇ ਮਰਦਾਂ ਦੇ ਕੰਮ ਕਰਨ ਦੀ ਜਗ੍ਹਾ ਵੱਖੋ-ਵੱਖਰੀ ਸੀ। ਕਿਸੇ ਵੇਲੇ ਬੰਦੇ-ਬੁੜੀਆਂ ਇਕੱਠੇ ਕੰਮ ਕਰਿਆ ਕਰਦੇ ਸਨ। ਸਾਡੀ ਕੰਪਨੀ ਦੇ ਪੁਰਾਣੇ ਫਰੰਗੀ ਮਾਲਕਾਂ ਨੇ ਘੱਟ ਉਤਪਾਦਨ ਦੇ ਮਸਲੇ ਦੀ ਜਾਂਚ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਆਦਮੀ ਔਰਤਾਂ ਆਪਸ ਵਿੱਚ ਗੱਲਾਂ ਵੱਧ ਤੇ ਕੰਮ ਘੱਟ ਕਰਦੇ ਸਨ। ਇਸ ਲਈ ਉਹਨਾਂ ਨੇ ਸੰਨ ਸੰਤਾਲੀ ਵੇਲੇ ਭਾਰਤ ਪਾਕ ਦੀ ਵੰਡ ਕਰਨ ਲਈ ਵਿਚਾਲੇ ਸਰਹੱਦ ਖਿੱਚਣ ਵਾਂਗ ਵਿਚਾਲੇ ਲੀਕ ਖਿੱਚ ਦਿੱਤੀ ਸੀ। ਹੁਣ ਵਾਲੇ ਨਵੇਂ ਹਿੰਦੁਸਤਾਨੀ ਮਾਲਕਾਂ ਨੇ ਉਹਨਾਂ ਦੀ ਪਰੰਪਰਾ ਨੂੰ ਤੋੜਿਆ ਨਹੀਂ ਸੀ। ਉਦੋਂ ਦੀ ਹੀ ਇਹ ਮਰਦ-ਔਰਤ ਦੇ ਅੱਡੋ-ਅੱਡ ਕੰਮ ਕਰਨ ਦੀ ਪਿਰਤ ਚਲੀ ਆ ਰਹੀ ਸੀ। ਇੱਕ ਭਾਗ ਤੋਂ ਦੂਜੇ ਨੂੰ ਨਿਖੇੜਨ ਲਈ ਮੋਟੇ ਸ਼ੀਸ਼ੇ ਦੀ ਕੰਧ ਸੀ। ਭਾਵੇਂ ਕੰਧ ਸ਼ੀਸ਼ੇ ਦੀ ਸੀ। ਫਿਰ ਵੀ ਕੰਧ ਤਾਂ ਕੰਧ ਹੀ ਹੁੰਦੀ ਹੈ ਨਾ? ਬਾਕੀ ਉਸ ਸ਼ੀਸ਼ੇ ਨੂੰ ਕਦੇ ਕਿਸੇ ਨੇ ਸਾਫ਼ ਕਰਨ ਦੀ ਸੇਵਾ ਵੀ ਨਹੀਂ ਸੀ ਨਿਭਾਈ। ਮੈਲਾ ਹੋਣ ਉੱਤੇ ਮਹਿਲਾ ਖੇਤਰ ਵਿੱਚ ਝਾਤੀਆਂ ਮਾਰਨ ਲਈ ਹੋਰ ਵੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ। ਮਿੱਟੀ ਘੱਟੇ ਦੇ ਕਣਾਂ ਦੀਆਂ ਤਹਿਆਂ ਜੰਮਣ ਨਾਲ ਸ਼ਕਲਾਂ ਵੀ ਸਾਫ਼ ਨਹੀਂ ਦਿਸਦੀਆਂ ਸਨ। ਸਿਰਫ਼ ਬੁੱਤ ਜਿਹੇ ਹੀ ਨਜ਼ਰ ਆਉਂਦੇ ਸਨ। ਕਦੇ ਕਦਾਈ ਕੋਈ ਚੋਬਰ ਸ਼ੀਸ਼ੇ ਦੇ ਓਨੇ ਕੁ ਹਿੱਸੇ ਨੂੰ ਕੂਹਣੀ ਘਸਾ ਕੇ ਸਾਫ਼ ਕਰ ਦਿੰਦਾ ਸੀ ਜਿੰਨੇ ਨਾਲ ਉਸਨੂੰ ਆਪਣੀ ਮਨਪਸੰਦ ਸੂਰਤ ਦਿਸਦੀ ਹੋ ਜਾਂਦੀ। ਪੁਰਸ਼ ਵਿਭਾਗ ਵਿੱਚ ਪ੍ਰੋਡਕਸ਼ਨ ਦਾ ਭਾਰਾ ਕਾਰਜ ਹੁੰਦਾ ਸੀ ਤੇ ਮਹਿਲਾ ਮੰਡਲ ਤੋਂ ਪੈਕਿੰਗ ਦਾ ਹਲਕਾ ਫੁਲਕਾ ਕੰਮ ਲਿਆ ਜਾਂਦਾ ਸੀ। ਮਰਦ ਮਹਿਕਮੇ ਵਿੱਚ ਇਸਤਰੀ ਨਹੀਂ ਸੀ ਆ ਸਕਦੀ ਤੇ ਇਸ ਤਰ੍ਹਾਂ ਜਨਾਨਖਾਨੇ ਵਿੱਚ ਮਰਦ ਦੇ ਜਾਣ ਦੀ ਮਨਾਹੀ ਸੀ। ਬਹਰਹਾਲ, ਇੱਕ ਅੱਧਖੜ੍ਹ ਜਿਹੀ ਔਰਤ ਬੰਸੋ ਹੀ ਆਲਰਾਊਂਡਰ, ਭਾਵ ਸਾਂਝੀ ਬਿੱਲੀ ਸੀ। ਜਿਹੜੀ ਵਾਧੂ ਅਤੇ ਨਿਕੰਮੀ ਹੋਣ ਕਰਕੇ ਕਦੇ ਉੱਧਰ ਕਦੇ ਇੱਧਰ ਕੰਮ ਕਰਨ ਲਾਈ ਜਾਂਦੀ ਸੀ। ਖੁਸ਼ਕਿਸਮਤੀ ਨਾਲ ਬੰਸੋ ਉਸ ਵਕਤ ਵੀ ਮੇਰੇ ਨਜ਼ਦੀਕ ਹੀ ਕੰਮ ਕਰੀ ਰਹੀ ਸੀ। ਮੈਂ ਬੰਸੋ ਨੂੰ ਪੁੱਛਿਆ ਸੀ, “ਅੰਟੀ, ਔਹ ਕੁੜੀ ਨਵੀਂ ਲੱਗੀ ਆ?” “ਕਿਹੜੀ ਕੌਰਿਆ?” ਬੰਸੋ ਨੂੰ ਮੈਂ ਡੂੰਘੇ ਖਿਆਲਾਂ ਦੀ ਘਾਣੀ ਵਿੱਚੋਂ ਧਸੀ ਹੋਈ ਨੂੰ ਕੱਢਿਆ ਸੀ। ਉਹ ਹਮੇਸ਼ਾਂ ਮੈਨੂੰ ਕੌਰਾ ਕਹਿ ਹੀ ਬੁਲਾਉਂਦੀ ਸੀ। ਮੈਂ ਉਹਨੂੰ ਕਈ ਵਾਰ ਆਪਣਾ ਪੂਰਾ ਨਾਮ ਲੈ ਕੇ ਸੱਦਣ ਦੀ ਤਾਕੀਦ ਕਰ ਚੁੱਕਾ ਸੀ। ਕਿਉਂਕਿ ਮੈਨੂੰ ਭੁਲੇਖਾ ਲੱਗਦਾ ਸੀ ਕਿ ਉਹ ਕੌਰਾ ਕਹਿਣ ਦੀ ਬਜਾਏ ਚੌਰਾ ਕਹਿ ਕੇ ਗਾਲ ਕੱਢਦੀ ਹੈ। ਪਰ ਬੰਸੋ ਦੇ ਗਰਾਮੋਫੋਨ ਦੀ ਤਾਂ ਜਿਵੇਂ ਸੂਈ ਇਸੇ ਰਿਕਾਰਡ ’ਤੇ ਟਿਕੀ ਹੋਈ ਸੀ। ਉਹ ਹਮੇਸ਼ਾਂ ਕੌਰਿਆ ਕੌਰਿਆ ਕਰਕੇ ਮੇਰਾ ਸਿਰ ਖਾਂਦੀ ਰਹਿੰਦੀ ਸੀ। ਜਾਂ ਹੋ ਸਕਦਾ ਹੈ ਉਸ ਨੂੰ ਇਹ ਪੁਕਾਰਨਾ ਸੌਖਾ ਲੱਗਦਾ ਹੋਵੇਗਾ। “ਔਹੀ ਜ਼ੀਨ ਜਿਹੀ ਵਾਲੀ। ਮੈਂ ਸੰਕੇਤ ਸਪਸ਼ਟ ਕਰਿਆ ਸੀ।” “ਅੱਛਾ ਜੱਸੀ! ਆਹੋ ਪਿਛਲੀ ਵੀਕ ਹੀ ਲੱਗੀ ਆ। ਮੈਂ ਈਓਂ ਲਵਾਈ ਆ।” “ਹਾਏ ਜੱਸੀ!” ਉਹਦਾ ਨਾਂ ਸੁਣਦਿਆਂ ਹੀ ਮੇਰੇ ਅੰਦਰੋਂ ਇੱਕ ਲੂਰੀ ਜਿਹੀ ਉੱਠੀ ਸੀ। ਇਹ ਨਾਮ ਉਸ ਨੂੰ ਬਹੁਤ ਫੱਬਦਾ ਸੀ। ਹੈ ਵੀ ਮੇਰਾ ਮਨਭਾੳਂਦਾ ਨਾਉਂ ਸੀ। ਉਹਦੇ ਬਾਰੇ ਥੋੜ੍ਹੀ ਹੋਰ ਤਫ਼ਸੀਲ ਜਾਨਣ ਦੀ ਇੱਛਾ ਨਾਲ ਮੈਂ ਗੱਲ ਅੱਗੇ ਤੋਰੀ ਸੀ, “ਤੁਹਾਡੀ ਰਿਸ਼ਤੇਦਾਰ ਆ?” “ਨਹੀਂ, ਸਾਡੀ ਰੋਡ ’ਤੇ ਰਹਿੰਦੀ ਨੇ। ਉਦਾਂ ਸਾਡੇ ਪਿੰਡਾਂ ਵੱਲ ਦੇ ਹੀ ਨੇ। ਸਾਲ ਹੋ ਗਿਆ ਇਹਨਾਂ ਨੂੰ ਮੂਵ ਹੋਇਆਂ ਨੂੰ। ਪਹਿਲਾਂ ਸੈਲੀ ਓਕ ਰਹਿੰਦੀ ਸੀ। ਹਸਬੈਂਡ ਇਹਦਾ ਬੱਸ ਚਲਾਉਂਦੈ।”

ਬੰਸੋ ਵਿਆਖਿਆ ਕਰੀ ਜਾ ਰਹੀ ਸੀ ਕਿ ਮੈਂ ਉਹਨੂੰ ਵਿੱਚੋਂ ਟੋਕ ਦਿੱਤਾ ਸੀ, “ਅੰਟੀ ਬਸ ਕਰ। ਮੈਂ ਤਾਂ ਊਂ ਈ ਮਾੜੀ ਜਿਹੀ ਗੱਲ ਕਰੀ ਸੀ। ਤੁਸੀਂ ਤਾਂ ਐਵੇਂ ਲੜੀਵਾਰ ਸੀਰੀਅਲ ਹੀ ਸ਼ੁਰੂ ਕਰ ਲਿਆ। ਗਾਫਰ (ਮਾਲਕ) ਮੈਨੂੰ ਕਹੂ ਕੰਮ ਨ੍ਹੀਂ ਕਰਦਾ, ਨਾਲੇ ਤੇਰੇ ਨਾਲ ਔਖਾ ਭਾਰਾ ਹੋਊ।” ਬੰਸੋ ਮੇਰੇ ਵੱਲ ਕੌੜਾ ਜਿਹਾ ਝਾਕ ਕੇ ਚੁੱਪ ਕਰ ਗਈ ਸੀ। ਉਹਦੀ ਖਾਮੋਸ਼ੀ ਤੋਂ ਮੈਨੂੰ ਭੈ ਜਿਹਾ ਆਇਆ ਸੀ। ਜਿਵੇਂ ਉਹਦੀਆਂ ਅੱਖਾਂ ਦੀ ਘੂਰ ਤੱਕਣੀ ਮੈਨੂੰ ਡਾਂਟ ਕੇ ਕਹਿ ਰਹੀ ਸੀ, “ਤੈਂ ਹੀ ਛੇੜਾ ਛੇੜਿਆ ਸੀ। ਮੈਂ ਤਾਂ ’ਰਾਮ ਨਾਲ ਖੜ੍ਹੀ ਆਪਣਾ ਕੰਮ ਕਰਦੀ ਸੀ।” ਫਿਰ ਅਸੀਂ ਦੋਨੋਂ ਬਿਲਕੁਲ ਨਹੀਂ ਸੀ ਬੋਲੇ। ਪਰ ਮੈਂ ਦਿਲ ਵਿੱਚ ਸੋਚ ਰਿਹਾ ਸੀ ਕਿ ਬੰਸੋ ਤੋਂ ਜੱਸੀ ਦੀ ਉਦਾਸੀ ਦਾ ਕਾਰਨ ਪੁੱਛਾਂ। ਮੈਂ ਮਨ ਹੀ ਮਨ ਕਈ ਵਾਕ ਵੀ ਘੜੇ ਸਨ। ਪਰ ਪੁੱਛ ਨਹੀਂ ਸੀ ਸਕਿਆ। ਮੈਨੂੰ ਪਤਾ ਸੀ ਬਈ ਬੰਸੋ ਵਰਗੀ ਜਨਾਨੀ ਨੂੰ ਤਾਂ ਲੈਕਚਰ ਕਰਨ ਲਈ ਬਹਾਨਾ ਤੇ ਸੁਣਨ ਵਾਸਤੇ ਕੋਈ ਨਾ ਕੋਈ ਚਾਹੀਦਾ ਹੀ ਹੁੰਦਾ ਹੈ। ਮਾੜਾ ਜਿਹਾ ਕਹਿਣ ਦੀ ਦੇਰ ਸੀ। ਉਹਨੇ ਆਪੇ ਲੱਗ ਜਾਣਾ ਸੀ ਪੋਤੜੇ ਫਰੋਲਣ। ਦੋ ਤਿੰਨ ਦਿਨ ਲੰਘ ਗਏ ਸਨ। ਪਰ ਜੱਸੀ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ। ਉਹ ਗ਼ਮਗੀਨ, ਗੁੰਮ-ਸੁੰਮ, ਘੁੱਟੀ-ਘੁੱਟੀ ਜਿਹੀ ਰਹਿੰਦੀ ਸੀ। ਜਦ ਮੈਥੋਂ ਇੱਕ ਦਿਨ ਰਹਿ ਨਹੀਂ ਹੋਇਆ ਸੀ ਤਾਂ ਮੈਂ ਬੰਸੋ ਅੰਟੀ ਨਾਲ ਗੱਲ ਛੇੜ ਲਈ ਸੀ, “ਜੱਸੀ ਹਰ ਵੇਲੇ ਉਦਾਸ ਜਿਹੀ ਕਿਉਂ ਰਹਿੰਦੀ ਆ?” “ਫ਼ੈਕਟਰੀ ’ਚ ਹੋਰ ਕੀ ਬੋਲੀਆਂ ਪਾ ਕੇ ਨੱਚੇ? ਗਿੱਧਾ ਪਾਵੇ?” ਬੰਸੋ ਨੇ ਤਾਂ ਮੈਨੂੰ ਜਮਾਂ ਹੀ ਵੱਟ ਤੋਂ ਲਾਹ ਕੇ ਰੱਖ ਦਿੱਤਾ ਸੀ। ਪਰ ਮੈਂ ਗੱਲ ਠੱਪ ਨਹੀਂ ਹੋਣ ਦਿੱਤੀ ਸੀ। “ਨਹੀਂ ਮੇਰਾ ਮਤਲਬ ਕਿਸੇ ਨਾਲ ਬੋਲਦੀ-ਚੱਲਦੀ ਨ੍ਹੀਂ।” “ਉਹਦਾ ਸੁਭਾਅ ਈ ਅਹੇ ਜਿਹੈ। ਨਾਲੇ ਓਪਰੀ ਥਾਂ ਹੈ। ਕਿਸੇ ਨੂੰ ਜਾਣਦੀ-ਬੁੱਝਦੀ ਨਹੀਂ। ਜਦੋਂ ਜਾਨਣ ਲੱਗ’ਗੀ ਆਪੇ ਟਕੇ-ਟਕੇ ਦੀਆਂ ਛੱਡਿਆ ਕਰੂ। - ਪ੍ਰੀਤੋ ਨੂੰ ਨ੍ਹੀਂ ਵੇਹਦਾਂ, ਜਿੱਦਣ ਇੱਥੇ ਨਵੀਂ ਨਵੀਂ ਲੱਗੀ ਸੀ। ਜਾਣੀ ਮੂੰਹ ’ਚ ਜ਼ਬਾਨ ਹੀ ਨਹੀਂ ਸੀ। ਸੌ ਵਾਰ ਬੁਲਾਇਆਂ ਮਸਾਂ ਇੱਕ ਵੇਰਾਂ ਬੋਲਦੀ ਸੀ। ਤੇ ਹੁਣ ਦੇਖਿਐ? ਕਿਵੇਂ ਜ਼ਬਾਨ ਲੁੱਤਰ-ਲੁੱਤਰ ਚੱਲਦੀ ਐ। ਮਜਾਲ ਆ ਜੇ ਬਿੰਦ ਜੀਭ ਅੰਦਰ ਵੜ ’ਜੇ।” ਐਨਾ ਕੁ ਸਲੋਕ ਸੁਣਨ ਮਗਰੋਂ ਮੈਂ ਬੰਸੋ ਨਾਲ ਜੱਸੀ ਬਾਰੇ ਕੋਈ ਹੋਰ ਗੱਲ ਕਰਨ ਦਾ ਹੀਆ ਨਹੀਂ ਸੀ ਕਰ ਸਕਿਆ। ਮੈਨੂੰ ਉਹਦੇ ਕੋਈ ਹੋਰ ਤੋਤਕੜਾ ਸੁਣਾ ਦੇਣ ਦਾ ਖਦਸ਼ਾ ਸੀ। ਥੋੜ੍ਹੇ ਚਿਰ ਮਗਰੋਂ ਮੈਂ ਜੱਸੀ ਨੂੰ ਕੰਮ ਦੇ ਬੋਝ ਕਾਰਨ ਭੁੱਲ-ਭੁਲਾ ਗਿਆ ਸੀ। ਜਿਵੇਂ ਕਿਵੇਂ ਉਹ ਦਿਨ ਗੁਜ਼ਰ ਗਿਆ ਸੀ। ਅਗਲੇ ਦਿਨ ਜੱਸੀ ਨੂੰ ਦੇਖਦਿਆਂ ਹੀ ਮੈਂ ਉਸ ਮੁਤੱਲਕ ਸੋਚਣ ਲੱਗ ਗਿਆ ਸੀ। ਫਿਰ ਉਹੀ ਵਲਵਲੇ ਮੇਰੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਮੈਂ ਜੱਕੋ-ਤੱਕੀ ਵਿੱਚ ਬੰਸੋ ਨੂੰ ਬੁਲਾਉਣ ਲਈ ਤੱਕ ਰਿਹਾ ਸੀ ਕਿ ਐਨੇ ਨੂੰ ਆਪੇ ਹੀ ਬੰਸੋ ਨੇ ਮੇਰੇ ਕੋਲ ਘੁੰਡੀ ਖੋਲ੍ਹ ਦਿੱਤੀ ਸੀ, “ਤੂੰ ਜੱਸੀ ਦੀ ਗੱਲ ਕਰਦਾ ਸੀ ਨਾ?”
ਮੈਂ ਹੁੰਗਾਰਾ ਭਰਨ ਲਈ ਢੁਕਵਾਂ ਸ਼ਬਦ ਖੋਜ ਰਿਹਾ ਸੀ ਕਿ ਬੰਸੋ ਕਹਿੰਦੀ, “ਕਰਮਾਂ ਦੀ ਮਾਰੀ ਜੁਆਕੜੀ ਬਹੁਤ ਈ ਦੁੱਖੀ ਐ?”
ਇਹ ਸੁਣ ਕੇ ਮੈਂ ਜੱਸੀ ਬਾਰੇ ਹੋਰ ਵੀ ਚਿੰਤਤ ਹੋ ਗਿਆ ਸੀ, “ਕੀ ਦੁੱਖ ਐ ਉਹਨੂੰ?” “ਚੰਦਰਾ ਉਹਨੂੰ ਘਰਵਾਲਾ ਸ਼ਰਾਬੀ ਕਬਾਬੀ ਜਿਹਾ ਟੱਕਰ ਗਿਆ ਹੈ। ਪਾਪੀ ਖਾਸਾ ਈ ਕੁੱਟਦਾ, ਮਾਰਦਾ ਹੈ। - ਡੁੱਬੜੀ ਕੱਲ੍ਹ ਮੇਰੇ ਕੋਲ ਬਹੁਤਾ ਹੀ ਰੋਈ।” ਮੈਂ ਗੱਲ ਸੁਣ ਕੇ ਚੁੱਪ ਜਿਹਾ ਹੋ ਗਿਆ ਸੀ। ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਮੈਂ ਕੀ ਆਖਾਂ। ਮੈਂ ਸੋਚਿਆ ਸੀ ਬਿਚਾਰੀ ਇੰਡੀਆ ਤੋਂ ਆਈ ਹੋਣੀ ਹੈ। ਅਕਸਰ ਇੰਡੀਆ ਦੀਆਂ ਕੁੜੀਆਂ ਦੀ ਹੀ ਅਜਿਹੀ ਦੁਰਦਸ਼ਾ ਹੁੰਦੀ ਹੈ। ਵਰਨਾ ਵਲਾਇਤ ਦੀਆਂ ਕੁੜੀਆਂ ਦੀ ਤਾਂ ਕੋਈ ਹਵਾ ਵੱਲ ਨਹੀਂ ਝਾਕ ਸਕਦਾ। ਉਹ ਤਾਂ ਬੰਦੇ ਦੇ ਬਰਾਬਰ ਆਢਾ ਲਾਉਂਦੀਆਂ ਹਨ। ਮੈਨੂੰ ਜੱਸੀ ਉੱਤੇ ਤਰਸ ਆਉਣ ਲੱਗ ਪਿਆ ਸੀ। ਪਰ ਉਸੇ ਦਿਨ ਹੀ ਕੰਟੀਨ ਵਿੱਚ ਮੈਂ ਜੱਸੀ ਨੂੰ ਕਿਸੇ ਮੇਮ ਤੋਂ ਭਾਨ ਮੰਗਦੀ ਸੁਣਿਆ ਸੀ ਤਾਂ ਉਸ ਦੇ ਅੰਗਰੇਜ਼ੀ ਐਕਸੈਂਟ(ਉਚਾਰਣ) ਤੋਂ ਮੈਂ ਫ਼ੌਰਨ ਤਾੜ ਗਿਆ ਸੀ ਕਿ ਜੱਸੀ ਇੰਡੀਆ ਦੀ ਜੰਮਪਲ ਨਹੀਂ। ਸਗੋਂ ਇੱਥੋਂ ਇੰਗਲੈਂਡ ਦੀ ਹੀ ਪੈਦਾਇਸ਼ ਹੈ। ਵਲਾਇਤਣ ਹੋ ਕੇ ਵੀ ਉਹ ਜ਼ਾਲਮ ਪਤੀ ਦਾ ਅਤਿਆਚਾਰ ਸਹਾਰ ਰਹੀ ਸੀ? ਜੱਸੀ ਪ੍ਰਤਿ ਮੇਰੇ ਮਨ ਵਿੱਚਲਾ ਰਹਿਮ ਕਿਸੇ ਹੋਰ ਜਜ਼ਬੇ ਵਿੱਚ ਬਦਲਣ ਲੱਗ ਗਿਆ ਸੀ। ਮੈਨੂੰ ਉੱਠਦੇ, ਬਹਿੰਦੇ, ਸੌਂਦੇ, ਜਾਗਦੇ ਉਹਦੇ ਬਾਰੇ ਸੋਚਣਾ ਚੰਗਾ ਲੱਗਣ ਲੱਗ ਗਿਆ ਸੀ। ਜੱਸੀ ਮੁਤੱਲਕ ਖ਼ਿਆਲ ਕਰਦਿਆਂ ਮੇਰੀਆਂ ਰਗਾਂ ਵਿੱਚ ਦੌੜਦੇ ਖੂਨ ਵਿੱਚ ਗਰਮੀ ਪੈਦਾ ਹੋ ਜਾਂਦੀ ਸੀ ਤੇ ਲਹੂ ਤੇਜ਼ੀ ਨਾਲ ਸ਼ਰੀਰ ਵਿੱਚ ਗਰਦਸ਼ ਕਰ ਜਾਂਦਾ ਸੀ। ਮੈਨੂੰ ਉਸ ਦੇ ਹੱਥ, ਪੈਰ, ਮੂੰਹ, ਜੁੱਤੀਆਂ, ਘੜੀ ਹਰ ਚੀਜ਼ ਸੋਹਣੀ ਲੱਗਦੀ ਸੀ। ਮੈਨੂੰ ਜੱਸੀ ਦਾ ਫ਼ਿਕਰਾਂ ਵਿੱਚ ਸੁੱਕ ਕੇ ਤਵੀਤ ਹੋਇਆ ਸ਼ਰੀਰ ਵੀ ਖੂਬਸੂਰਤ ਲੱਗਣ ਲੱਗ ਪਿਆ ਸੀ। ਉਸ ਦੀਆਂ ਸਭ ਖਾਮੀਆਂ, ਖੂਬੀਆਂ ਬਣ ਕੇ ਨਜ਼ਰ ਆਉਂਦੀਆਂ ਸਨ। ਮੈਂ ਉਹਨੂੰ ਚਾਹੁਣ ਲੱਗ ਪਿਆ ਸੀ। ਮੈਨੂੰ ਜੱਸੀ ਨਾਲ ਉਲਫ਼ਤ ਹੋ ਗਈ ਸੀ ਤੇ ਇਸ ਹਕੀਕਤ ਨੂੰ ਵੀ ਮੈਂ ਝੁਠਲਾ ਨਹੀਂ ਸਕਦਾ ਕੇ ਮੈਨੂੰ ਉਸ ਦੇ ਸ਼ਰੀਰ ਦੀ ਵੀ ਹਵਸ ਸੀ। ਜਿਸ ਘੜੀ ਮੈਂ ਉਸ ਨਾਲ ਸੁੱਤਾ ਹੋਵਾਂ, ਮੈਨੂੰ ਉਸ ਪਲ ਦਾ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਵਧੇਰੇ ਕਰਕੇ ਮੇਰੀਆਂ ਅੱਖਾਂ ਉਸ ਦੇ ਜਿਸਮ ਦੇ ਦੋ ਹਿੱਸਿਆਂ ਤੇ ਹੀ ਇਕਾਗਰ ਹੋਇਆ ਕਰਦੀਆਂ ਸਨ। ਇੱਕ ਤਾਂ ਪਿਛਿਉਂ, ਪਰਾਚੀਨ ਸੁੰਦਰ ਇਮਾਰਤਾਂ ਦੇ ਨਮੂਨਿਆਂ ਵਰਗੇ ਦਿਲਕਸ਼ ਮੌਰਾਂ ਉੱਤੇ ਅਤੇ ਦੂਜਾ ਅੱਗੋਂ ਲਦਾਖ ਦੀਆਂ ਪਹਾੜੀਆਂ ਵਾਂਗ ਕਮਾਲ ਦੀ ਬਨਾਵਟ ਵਾਲੀਆਂ ਛਾਤੀਆਂ ਦੀ ਬਣਤਰ ’ਤੇ। ਚੀਨੀ ਘੋੜੀ ਦੀ ਕਾਠੀ ਵਰਗਾ ਚੁਗਾਠਾ ਸੀ ਰਕਾਨ ਦਾ। ਉਹਦੇ ਸ਼ਰੀਰਕ ਢਾਂਚੇ ਦੀ ਖੂਬਸੂਰਤੀ ਨੂੰ ਅੱਖਰਾਂ ਰਾਹੀ ਨਹੀਂ ਬਿਆਨਿਆ ਜਾ ਸਕਦਾ। ਸਿਰਫ਼ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ ਜਾਂ ਹੱਥਾਂ ਨਾਲ ਮਹਿਸੂਸ ਕਰਿਆ ਜਾਂ ਸਕਦਾ ਹੈ ਜਾਂ ਜਿਸਮਾਂ ਨਾਲ ਮਾਣਿਆ ਜਾ ਸਕਦਾ ਹੈ। ਇਸ ਨੂੰ ਮੇਰਾ ਗੰਦਾ ਦਿਮਾਗ ਜਾਂ ਉਹਦੀ ਸੈਕਸ ਅਪੀਲ, ਕੁੱਝ ਵੀ ਨਾਂ ਦੇ ਲਉ। ਉਂਝ ਮੈਂ ਕਦੇ ਭੁੱਲ-ਭੁਲੇਖੇ ਵੀ ਜੱਸੀ ਦੇ ਗੁੱਟਾਂ ਤੋਂ ਹੇਠਾਂ ਹੱਥਾਂ ਤੇ ਗਰਦਣ ਤੋਂ ਉੱਪਰ ਮੂੰਹ ਦੇ ਸਿਵਾਏ ਉਸ ਦੇ ਜਿਸਮ ਦਾ ਕੋਈ ਹਿੱਸਾ ਅਣਕੱਜਿਆ ਨਹੀਂ ਸੀ ਦੇਖਿਆ। ਸਾਡੇ ਕੰਮ ’ਤੇ ਇੱਕ ਐਫਰੋ ਕੈਰਿਬਿਅਨ ਕੁੜੀ ਸੀ, ਲੀਸਾ। ਉਹ ਅਕਸਰ ਜੱਸੀ ਵਾਲੇ ਬੈਂਚ ਦੇ ਬਰਾਬਰ ਲੱਗੇ ਬੈਂਚ ’ਤੇ ਹੀ ਬੈਠਿਆ ਕਰਦੀ ਸੀ। ਲੀਸਾ ਨੂੰ ਇੱਕ ਅਜੀਬ ਜਿਹੀ ਆਦਤ ਸੀ। ਬੁੱਕ ਵਿੱਚ ਭਾਨ ਖੜਕਾਉਣ ਦੀ ਜਾਂ ਟੌਸ ਕਰਨ ਦੀ। ਸਿੱਕਿਆਂ ਦੀ ਟਣਕਾਰ ਸੁਣਨਾ ਉਹਦਾ ਸ਼ੌਕ ਸੀ। ਪਰ ਲੀਸਾ ਦੇ ਇਸ ਅਵੱਲੇ ਸੌਕ ਤੋਂ ਮੈਨੂੰ ਇੱਕ ਫ਼ਾਇਦਾ ਸੀ। ਮੇਰੀਆਂ ਖੂਬ ਅੱਖਾਂ ਤੱਤੀਆਂ ਹੁੰਦੀਆਂ ਸਨ। ਹਮੇਸ਼ਾਂ ਸਿੱਕੇ ਬੁੜ੍ਹਕਾਉਂਦੀ ਲੀਸਾ ਤੋਂ ਭਾਨ ਡਿੱਗ ਕੇ ਜ਼ਮੀਨ ’ਤੇ ਖਿੱਲਰ ਜਾਂਦੀ ਸੀ। ਜਦੋਂ ਉਹ ਚੁੱਕਣ ਲੱਗਦੀ ਤਾਂ ਮੈਨੂੰ ਉਹਦੇ ਗਲਵੇਂ ’ਤੇ ਚਲੀ ਜਾਂਦੀ। ਕਦੇ ਕਦੇ ਤਾਂ ਮੈਨੂੰ ਲੱਗਦਾ ਸੀ ਲੀਸਾ ਮੈਨੂੰ ਉਕਸਾਉਣ ਦੇ ਮਕਸਦ ਨਾਲ ਜਾਣ-ਬੁੱਝ ਕੇ ਅਜਿਹਾ ਕਰਦੀ ਸੀ। ਖੈਰ, ਜੱਸੀ ਤਾਂ ਕਬੂਤਰਾਂ ਦੇ ਜੋੜੇ ਨੂੰ ਜਾਲੀਦਾਰ ਨਾਇਲੌਨ ਦੇ ਖੁੱਡੇ ’ਚ ਤਾੜ ਕੇ ਮਗਰੋਂ ਖਿੜਕੀ ਵੀ ਜ਼ੀਨ ਦੀ ਪੱਲੀ ਪਾ ਕੇ ਢਕੀ ਰੱਖਦੀ ਸੀ। ਉਹਦੇ ਸਿਆਹ ਚੁੰਝਾਂ ਵਾਲੇ ਬੱਗੇ ਪੰਛੀਆਂ ਦੀ ਮੈਨੂੰ ਝਲਕ ਕਿੱਥੋਂ ਨਸੀਬ ਹੋਣੀ ਸੀ? ਉਹਨਾਂ ਨੂੰ ਹਵਾ ਲੱਗਣ ਦੀ ਵੀ ਗੁੰਜਾਇਸ਼ ਨਹੀਂ ਸੀ। ਜੇ ਜੱਸੀ ਕਦੇ ਪੰਜਾਬੀ ਸੂਟ, ਸਾੜੀ, ਕੋਈ ਵੀ ਅਕਾਰੀ ਗਲਵੇਂ ਵਾਲੀ ਟੀ ਸ਼ਰਟ, ਯੂ ਸ਼ੇਪ ਡੀਪਕੱਟ ਗਲੇ ਵਾਲਾ ਜਾਂ ਆਫ ਦਾ ਸ਼ੋਲਡਰ ਨੈੱਕ ਬਲਾਊਜ਼ ਪਹਿਨਦੀ ਹੁੰਦੀ ਤਾਂ ਸ਼ਾਇਦ ਕੁੱਝ ਹਿੱਸਾ ਨੰਗਾ ਦੇਖਣ ਦਾ ਸੁਭਾਗ ਪ੍ਰਾਪਤ ਹੋ ਸਕਦਾ ਸੀ। ਪਰ ਜੱਸੀ ਦੇ ਤਾਂ ਹਮੇਸ਼ਾਂ ਬੰਦਿਆਂ ਵਰਗੀ ਕਾਲਰਾਂ ਵਾਲੀ ਕਮੀਜ਼ ਹੀ ਪਾਈ ਹੁੰਦੀ ਸੀ ਤੇ ਉਹ ਸਦਾ ਉੱਪਰਲਾ ਬਟਨ ਵੀ ਬੰਦ ਕਰਕੇ ਰੱਖਦੀ ਸੀ। ਕਈ ਮਰਤਬਾ ਮੇਰੇ ਮਨ ਵਿੱਚ ਆਉਂਦਾ ਸੀ ਕਿ ਜੱਸੀ ਤੋਂ ਪੁੱਛਾਂ, “ਭਲੀਏ ਮਾਣਸੇ ਤੈਂ ਕਿਹੜਾ ਬੋਅ ਜਾਂ ਟਾਈ ਲਾਉਣੀ ਐ, ਜਿਹੜਾ ਉੱਤਲਾ ਗੁਦਾਮ ਵੀ ਬੰਦ ਰੱਖਦੀ ਏਂ।” ਪਰ ਕਦੇ ਵੀ ਮੈਂ ਇਹ ਪ੍ਰਸ਼ਨ ਜੱਸੀ ਤੋਂ ਪੁੱਛਣ ਦੀ ਹਿਮਾਕਤ ਨਹੀਂ ਸੀ ਕਰ ਸਕਿਆ। ਜੱਸੀ ਦੀ ਹਿੱਕ ਬਹੁਤੀ ਵੱਡੀ ਵੀ ਨਹੀਂ ਸੀ ਤੇ ਨਾ ਹੀ ਜ਼ਿਆਦਾ ਛੋਟੀ ਸੀ। ਬਸ ਸਧਾਰਨ ਅਕਾਰੀ ਸੀ। ਫਿਰ ਵੀ ਉਹਦੇ ਸਤਨ ਮੈਨੂੰ ਆਕਰਸ਼ਿਤ ਲੱਗਦੇ ਸਨ। ਮੈਂ ਕੰਟੀਨ ਵਿੱਚ ਚੋਰ ਅੱਖ ਨਾਲ ਜੱਸੀ ਨੂੰ ਤਾੜਦਾ ਰਹਿੰਦਾ ਸੀ। ਜੱਸੀ ਮੇਰੇ ਸਿਵਾਏ ਬਾਕੀ ਸਭ ਨੌਜਵਾਨ ਮੁੰਡਿਆਂ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਤੱਕਦੀ ਰਹਿੰਦੀ ਸੀ। ਮੈਂ ਦੇਖ ਦੇਖ ਬਹੁਤ ਖਿੱਝਦਾ ਰਹਿੰਦਾ ਸੀ। ਮੈਨੂੰ ਲੱਗਦਾ ਸੀ ਜਿਵੇਂ ਜੱਸੀ ਵੇਲ ਵਾਂਗੂੰ ਸਹਾਰਾ ਟੋਲਦੀ ਹੋਵੇ। ਜੱਸੀ ਦੀ ਉਸ ਦੇ ਸ਼ੌਹਰ ਨਾਲ ਅਣਬਣ ਤੋਂ ਵੀ ਮੈਂ ਵਾਕਫ਼ ਸੀ। ਇਸ ਤੋਂ ਪਹਿਲਾਂ ਕਿ ਕੋਈ ਹੋਰ ਉਸ ਦਾ ਹਮਦਰਦ ਬਣਦਾ, ਮੈਂ ਉਹਦਾ ਆਸਰਾ ਬਣ ਜਾਣਾ ਲੋਚਦਾ ਸੀ। ਕਈ ਦਿਨਾਂ ਬਾਅਦ ਵੀ ਮੈਂ ਜੱਸੀ ਨਾਲ ਸਾਸਰੀ ਅਕਾਲ, ਹੈਲੋ ਤੇ ਮੌਰਨਿੰਗ ਇਹਨਾਂ ਤਿੰਨਾਂ ਸ਼ਬਦਾਂ ਤੋਂ ਸਿਵਾਏ ਕੋਈ ਹੋਰ ਤਬਾਦਲਾ-ਏ-ਖਿਆਲਾਤ ਨਹੀਂ ਕਰ ਸਕਿਆ ਸੀ। ਉਹ ਕੰਮ ’ਤੇ ਬੰਸੋ ਨਾਲ ਬੰਸੋ ਦੇ ਘਰਵਾਲੇ ਦੀ ਕਾਰ ਵਿੱਚ ਆਉਂਦੀ ਜਾਂਦੀ ਸੀ। ਜੋ ਵਾਕਫ਼ੀਅਤ ਵਧਾਉਣ ਦੇ ਰਾਹ ਵਿੱਚ ਅਹਿਮ ਅੜੀਕਾ ਸੀ। ਮੇਰੇ ਸੀਨੇ ਵਿੱਚ ਜੱਸੀ ਦੇ ਇਸ਼ਕ ਦੇ ਭਾਵੇਂ ਲੱਖਾਂ ਤੁਫਾਨ ਉੱਠਦੇ ਸਨ। ਪਰ ਫੇਰ ਵੀ ਮੈਂ ਕੋਈ ਸਾਰਥਕ ਕਦਮ ਨਹੀਂ ਸੀ ਚੁੱਕ ਸਕਿਆ। ਜੱਸੀ ਵਿਆਹੀ ਹੋਈ ਸੀ ਤੇ ਮੈਂ ਵੀ ਕੁਆਰਾ ਨਹੀਂ ਸਾਂ। ਇਸ ਲਈ ਬਦਨਾਮੀ ਦਾ ਵੀ ਡਰ ਸੀ। ਮੈਂ ਬੜਾ ਔਖਾ ਹੋਇਆ ਪਿਆ ਸੀ। ਹੋਰ ਕਿਸੇ ਤੋਂ ਮਦਦ ਲੈਣੀ ਤਾਂ ਦੂਰ ਦੀ ਗੱਲ, ਮੈਂ ਤਾਂ ਕਿਸੇ ਨਾਲ ਉਹਦੇ ਬਾਰੇ ਜ਼ਿਕਰ ਵੀ ਨਹੀਂ ਕਰ ਸਕਦਾ ਸੀ। ਕਿਸੇ ਕੋਲ ਮੂੰਹ ਹਿਲਾਉਣ ਦਾ ਮਤਲਬ ਖੁਦ ਆਪਣੇ ਲਈ ਆਪਣੀ ਕਬਰ ਪੁੱਟਣਾ ਸੀ। ਜੇ ਕਿਸੇ ਨੂੰ ਇਹ ਪਤਾ ਲੱਗਦਾ ਕਿ ਮੇਰਾ ਜੱਸੀ ’ਤੇ ਦਿਲ ਆਇਆ ਹੋਇਆ ਸੀ। ਮੈਂ ਉਸ ਪਿੱਛੇ ਪਾਗਲ ਸੀ। ਅਗਲੇ ਨੇ ਤਾਂ ਇਹੀ ਕਹਿਣਾ ਸੀ, “ਲੈ ਇਹ ਵੀ ਕੋਈ ਤੀਮੀਂ ਆ, ਕਾਲੀ ਕਲੋਟੀ ਜਿਹੀ। ਕੀ ਦਿਸਿਆ ਤੈਨੂੰ ਇਹਦੇ ਭੂਤਨੀ ਜਿਹੀ ’ਚ?” ਇਹ ਸੋਚ ਵੀ ਜੱਸੀ ਦੀ ਤਰਫ਼ ਵਧਣ ਵਾਲੇ ਮੇਰੇ ਪੈਰ ਬੰਨ੍ਹ ਲੈਂਦੀ ਸੀ। ਪਰ ਫੇਰ ਮੈਨੂੰ ਖ਼ਿਆਲ ਆਉਂਦਾ ਸੀ ਕਿ ਰੰਗ ਤਾਂ ਰੱਬ ਨੇ ਦੋ ਹੀ ਬਣਾਏ ਨੇ, ਇੱਕ ਗੋਰਾ ਤੇ ਇੱਕ ਕਾਲਾ। ਹੁਣ ਨਾ ਤਾਂ ਸਾਰੇ ਹੀ ਗੋਰੇ ਹੋ ਸਕਦੇ ਨੇ ਤੇ ਨਾ ਹੀ ਸਾਰੇ ਲਾਖੇ। ਕੈਸ ਦੀ ਲੈਲਾ ਦਾ ਰੰਗ ਵੀ ਤਾਂ ਪੱਕਾ ਸੀ। ਉਹਨੂੰ ਵੀ ਤਾਂ ਜੱਗ ਨੇ ਮਿਹਣੇ ਮਾਰੇ ਸਨ। ਲੋਕੀ ਕਹਿੰਦੇ ਮੀਆਂ ਮਜਨੂੰ, ਤੇਰੀ ਲੈਲਾ ਰੰਗ ਦੀ ਕਾਲੀ। ਕੀ ਡਿੱਠਾ ਤੈਨੂੰ ਵਿੱਚ ਲੈਲਾ ਦੇ, ਬਣਿਓ ਇਸ਼ਕ ਸਵਾਲੀ। ਮਜਨੂੰ ਅੱਗਿਉਂ ਝੱਟ ਕੁਰਲਾਇਆ, ਗੱਲ ਨਾ ਉਹਨੇ ਟਾਲੀ ਕਾਲਾ ਰੰਗ ਮੁਹੰਮਦ ਰੰਗਿਆ, ਲੈ ਕੇ ਕੰਬਲੀ ਕਾਲੀ ਕੁਰਾਨ ਸ਼ਰੀਫ਼ ਦੇ ਹਰਫ਼ ਵੀ ਕਾਲੇ, ਵਿੱਚ ਸਿਆਹੀ ਰੰਗ ਦੀ ਕਾਲੀ ਮੇਰੀ ਲੈਲਾ ਤੁਸੀਂ ਕੀ ਦੇਖੋਂਗੇ? ਥੋਡੀ ਅੱਖ ਨ੍ਹੀਂ ਦੇਖਣ ਵਾਲੀ ਗੁਲਾਮ ਫ਼ਰੀਦਾ ਜਿੱਥੇ ਅੱਖਾਂ ਲੱਗੀਆਂ, ਉੱਥੇ ਕੀ ਗੋਰੀ? ਕੀ ਕਾਲੀ? ਇਉਂ ਸੂਫੀ ਸ਼ਾਇਰ ਦਾ ਕਲਾਮ ਚੇਤੇ ਆਉਂਦਿਆਂ ਹੀ ਮਨ ਫੇਰ ਬਦਲ ਜਾਂਦਾ ਸੀ। ਸੋਚੀਦਾ ਸੀ ਲੁਕਾਈ ਨੂੰ ਆਪਾਂ ਵੀ ਕਹਿ ਦੇਵਾਂਗੇ। ‘ਦਿਲ ਆਨੇ ਕੀ ਬਾਤ ਹੈ। ਜਬ ਜੋ ਲੱਗ ਜਾਏ ਪਿਆਰਾ। ਦਿਲ ਪੇ ਕਿਸ ਕਾ ਜ਼ੋਰ ਹੈ, ਦਿਲ ਕੇ ਆਗੇ ਹਰ ਕੋਈ ਹਾਰਾ।’ ਵੈਸੇ ਕਾਲੇ ਰੰਗ ਦੀ ਆਪਣੀ ਹੀ ਖੂਬਸੂਰਤੀ ਹੁੰਦੀ ਹੈ। ਪਰ ਜੱਸੀ ਨਾਲ ਕੋਈ ਦਾਹ-ਘਾਹ ਲੱਗਦਾ ਹੀ ਨਹੀਂ ਸੀ। ਸਾਡੀ ਕੰਪਨੀ ਦੀ ਆਰਥਕ ਮੰਦ-ਹਾਲੀ ਕਾਰਨ ਕੰਮ ਦੀ ਤੋਟ ਆ ਗਈ ਸੀ। ਜਿਸ ਸਦਕਾ ਇੱਕ ਦਿਹਾੜੇ ਕਈ ਵਰਕਰਾਂ ਨੂੰ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਸੀ। ਹਟਾਉਣ ਵਾਲਿਆਂ ਵਿੱਚੋਂ ਨਵੇਂ ਅਤੇ ਘੱਟ ਕੰਮ ਕਰਨ ਵਾਲੇ ਸਨ। ਮਾਲਕਾਂ ਨੇ ਛਾਂਟ ਕੇ ਚੰਗੇ ਚੰਗੇ ਤੇ ਪੁਰਾਣੇ ਜਿਹੜੇ ਮੇਰੇ ਵਰਗੇ ਚਿਰ ਤੋਂ ਕੰਮ ਕਰ ਰਹੇ ਸਨ, ਸਿਰਫ਼ ਉਹ ਕਾਮੇ ਹੀ ਰੱਖੇ। ਉਹਨਾਂ ਹਟਾਉਣ ਵਾਲਿਆਂ ਵਿੱਚ ਸੁਭਾਵਿਕ ਹੀ ਜੱਸੀ ਦਾ ਨਾਮ ਵੀ ਹੋਣਾ ਸੀ। ਜਿਸ ਦਿਨ ਇਹ ਸੂਚਨਾ ਸੁਣਾਈ ਗਈ ਸੀ। ਉਹ ਦਿਨ ਹੀ ਹਟਣ ਵਾਲੇ ਕਰਿੰਦਿਆਂ ਲਈ ਕੰਮ ਦਾ ਆਖਰੀ ਦਿਨ ਘੋਸ਼ਤ ਕੀਤਾ ਗਿਆ ਸੀ। ਅਚਾਨਕ ਨੌਕਰੀਆਂ ਖੁੱਸਣ ਨਾਲ ਹੱਟਣ ਵਾਲਿਆਂ ਨੂੰ ਨਿਰਸੰਦੇਹ ਸਦਮਾ ਤਾਂ ਲੱਗਣਾ ਹੀ ਸੀ। ਕਿਸੇ ਨੂੰ ਇਸ ਅਣਹੋਣੀ ਦੇ ਵਾਪਰਨ ਦਾ ਅੰਦੇਸ਼ਾਂ ਵੀ ਨਹੀਂ ਸੀ। ਉਸ ਦਿਨ ਬੰਸੋ ਨਹੀਂ ਸੀ ਆਈ। ਇਸ ਲਈ ਜੱਸੀ ਛੁੱਟੀ ਪਿੱਛੋਂ ਇੱਕਲੀ ਤੁਰੀ ਜਾ ਰਹੀ ਸੀ। ਮੈਂ ਕਾਰ ਉਹਦੇ ਕੋਲ ਕਰਕੇ ਲਿਫ਼ਟ ਦੀ ਪੇਸ਼ਕਸ਼ ਕਰੀ ਸੀ। ਪਰ ਜੱਸੀ ਨੇ ਕੋਈ ਧਿਆਨ ਨਹੀਂ ਦਿੱਤਾ ਸੀ ਤੇ ਰੁੱਕ ਕੇ ਹਾਂ, ਨਾਂਹ ਜਾਂ ਸ਼ੁਕਰੀਆ ਕਹੇ ਬਿਨਾਂ ਹੀ ਇੰਝ ਤੁਰਦੀ ਗਈ ਜਿਵੇਂ ਉਸ ਨੂੰ ਕੁੱਝ ਸੁਣਿਆ ਹੀ ਨਾ ਹੋਵੇ। ਇਸੇ ਤਰ੍ਹਾਂ ਲਿਫ਼ਟ ਦਾ ਨਿਮੰਤਰਣ ਜੱਸੀ ਇੱਕ ਵਾਰ ਪਹਿਲਾਂ ਵੀ ਠੁਕਰਾ ਚੁੱਕੀ ਸੀ। ਉਦੋਂ ਬੰਸੋ ਅੰਟੀ ਬਿਮਾਰ ਸੀ। ਤੇ ਜੱਸੀ ਇਕੱਲੀ ਬੱਸ ਉਤਰ ਕੇ ਫ਼ੈਕਟਰੀ ਨੂੰ ਤੁਰ ਕੇ ਜਾ ਰਹੀ ਸੀ। ਉਹ ਫ਼ੈਕਟਰੀ ਤੋਂ ਕੁੱਝ ਹੀ ਦੂਰ ਸੀ। ਮੈਂ ਤੁਰੀ ਜਾਂਦੀ ਕੋਲ ਕਾਰ ਰੋਕ ਕੇ ਤਾਕੀ ਖੋਲ੍ਹੀ ਸੀ। ਜੱਸੀ ਬੈਠਣ ਦੀ ਬਜਾਏ ਮੇਰਾ ਪ੍ਰਸਤਾਵ ਅਸਵਿਕਾਰ ਕਰਕੇ ਪੈਦਲ ਹੀ ਚੱਲਦੀ ਗਈ ਸੀ। ਓਦਣ ਕਿਉਂਕਿ ਫ਼ੈਕਟਰੀ ਕਰੀਬ ਹੀ ਸੀ। ਇਸ ਲਈ ਮੈਂ ਕੋਈ ਬੁਰਾ ਨਹੀਂ ਸੀ ਮਨਾਇਆ। ਅੱਜ ਤਾਂ ਉਹ ਗੱਲ ਨਹੀਂ ਸੀ। ਸਭ ਤੋਂ ਨੇੜਲਾ ਅੱਡਾ ਵੀ ਇੰਡਸਟਰੀਅਲ ਅਸਟੇਟ ਤੋਂ ਬਾਹਰ ਕੋਈ ਅੱਧੀ ਮੀਲ ਦੂਰੀ ’ਤੇ ਸੀ। ਮੈਂ ਸੋਚਿਆ ਸੀ ਭਲੇ ਦਾ ਜਮਾਨਾ ਹੀ ਨਹੀਂ! ਮੈਨੂੰ ਹਰਖ ਬੜਾ ਆਇਆ ਸੀ। ਜੀਅ ਕਰਦਾ ਸੀ ਕਾਰ ਚੋਂ ਉਤਰ ਕੇ ਉਹਨੂੰ ਦਿਨ ਦਿਹਾੜੇ ਸ਼ਰੇਆਮ ਸੜਕ ਤੇ ਉੱਥੇ ਹੀ ਕੁੱਟਣ ਲੱਗ ਜਾਵਾਂ। ਲਿਫ਼ਟ ਦਿੰਦਾ ਹੀ ਸੀ। ਮੰਗਦਾ ਤਾਂ ਨਹੀਂ ਸੀ। ਇੰਝ ਭੱਜੀ ਜਾਂਦੀ ਸੀ ਜਿਵੇਂ ਕਵਿਤਾ ਸੁਣਾਉਣ ਲੱਗੇ ਘਟੀਆ ਕਵੀ ਤੋਂ ਸਰੋਤੇ ਭੱਜਦੇ ਹੁੰਦੇ ਹਨ। ਪਰ ਗੁੱਸੇ ਦੀ ਬੇਸੁਆਦੀ ਟਾਫੀ ਨੂੰ ਅੰਦਰ ਲੰਘਾ ਕੇ ਮੈਂ ਕਾਰ ਜੱਸੀ ਦੇ ਬਰਾਬਰ ਕਰਕੇ ਨਿਮਰਤਾ ਨਾਲ ਦੁਬਾਰਾ ਬੈਠਣ ਲਈ ਬਿਨੈ ਕੀਤੀ ਸੀ। ਮੈਂ ਚਾਹੁੰਦਾ ਸੀ ਜੱਸੀ ਨਾਲ ਮਾੜੀ ਮੋਟੀ ਜਾਣ ਪਹਿਚਾਣ ਬਣ ਜਾਏ ਤਾਂ ਕਿ ਕਿਤੇ ਜੇ ਰਾਹ ਖਹਿੜੇ ਮਿਲਇਏ ਤਾਂ ਇੱਕ ਦੂਜੇ ਨਾਲ ਫ਼ਤਹਿ-ਫ਼ਤੂਹੀ ਹੀ ਕਰ ਲਿਆ ਕਰਾਂਗੇ। ਹੌਲੀ ਹੌਲੀ ਚਲਾਉਣ ਦੇ ਬਾਵਜੂਦ ਵੀ ਕਾਰ ਪੈਦਲ ਚੱਲਦੀ ਜੱਸੀ ਤੋਂ ਅੱਗੇ ਨਿਕਲ ਗਈ ਸੀ। ਮੈਂ ਸੱਜੇ ਮੋਢੇ ਉੱਤੋਂ ਸੱਜੇ ਪਾਸੇ ਪਿੱਛੇ ਫੁੱਟਪਾਥ ਕੰਨੀ ਧੌਣ ਮੋੜ ਕੇ ਉਸ ਦੇ ਮੂੰਹ ਵੱਲ ਤੱਕਿਆ ਸੀ ਤਾਂ ਦੇਖਿਆ ਸੀ, ਜੱਸੀ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਮੈਂ ਉਤਰ ਕੇ ਉਸ ਨੂੰ ਬੈਠਣ ਲਈ ਮਜਬੂਰ ਕੀਤਾ ਸੀ। ਜੱਸੀ ਆਖੇ ਲੱਗ ਕੇ ਬੈਠ ਗਈ ਸੀ। ਹਾਲਾਂ ਕਿ ਮੇਰੇ ਬਰਾਬਰ ਵਾਲੀ ਸੀਟ ਖਾਲੀ ਹੀ ਸੀ। ਪਰ ਫਿਰ ਵੀ ਉਹ ਪਿਛਲੀ ਸੀਟ ’ਤੇ ਹੀ ਬੈਠੀ ਸੀ। ਮੇਰੇ ਲਈ ਤਾਂ ਉਹਦੇ ਚਰਨ ਕੰਵਲਾਂ ਦਾ ਗੱਡੀ ਵਿਚ ਪੈ ਜਾਣਾ ਹੀ ਖੁਸ਼ਨਸੀਬੀ ਦੀ ਗੱਲ ਸੀ। ਮੈਂ ਗੱਡੀ ਵਿੱਚ ਬੈਠੇ ਨੇ ਜੱਸੀ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਸੀ। ਬਜਾਏ ਕੁੱਝ ਦੱਸਣ ਦੇ ਜੱਸੀ ਨੇ ਹੋਰ ਉੱਚੀ ਉੱਚੀ ਕੜ-ਤੋੜ ਰੋਣਾ ਸ਼ੁਰੂ ਕਰ ਦਿੱਤਾ ਸੀ। ਹੁਬਕੀ ਹੁਬਕੀ ਅੱਥਰੂ ਵਹਾਉਂਦੀ ਨੂੰ ਕਾਫ਼ੀ ਧਰਵਾਸੇ ਦੇਣ ਬਾਅਦ ਚੁੱਪ ਕਰਵਾ ਕੇ ਮੈਂ ਪੂਰੀ ਕਹਾਣੀ ਪੁੱਛਣੀ ਚਾਹੀ ਸੀ। ਉਹਨੇ ਡੁਸਕਦੀ ਹੋਈ ਨੇ ਦੱਸਿਆ ਸੀ ਕਿ ਉਹ ਘਰਵਾਲੇ ਤੋਂ ਬਹੁਤ ਤੰਗ ਸੀ। ਮੈਂ ਸਭ ਮਾਜਰਾ ਜਾਣਦੇ ਹੋਏ ਨੇ ਵੀ ਅਣਜਾਣ ਬਣਨ ਦਾ ਢੌਂਗ ਕਰਿਆ ਸੀ। ਜੱਸੀ ਦੀਆਂ ਅੱਖੀਆਂ ਦੇ ਵਗਦੇ ਨੀਰ ਨੂੰ ਦੇਖ ਕੇ ਮੈਨੂੰ ਇੰਝ ਪ੍ਰਤੀਤ ਹੋਇਆ ਸੀ ਜਿਵੇਂ ਉਹ ਹੰਝੂਆਂ ਰਾਹੀਂ ਕਹਿ ਰਹੀ ਸੀ। ਮੈਂ ਤੇਰੀ ਸ਼ਰਨ ਵਿੱਚ ਆਈ ਹਾਂ ਮੈਨੂੰ ਆਪਣੀਆਂ ਪਨਾਹਾਂ ਵਿੱਚ ਲੈ ਲੈ ਤੇਰੀ ਦਾਸੀ ਬਣ ਕੇ ਰਹੂੰ। ਮੇਰਾ ਬੜਾ ਹੀ ਚਿੱਤ ਕਰਦਾ ਸੀ, ਮੈਂ ਜੱਸੀ ਨੂੰ ਬਾਹਾਂ ਵਿੱਚ ਭਰ ਲਵਾਂ। ਪਿਆਰ ਨਾਲ ਉਹਦੇ ਮੱਥੇ ਨੂੰ ਚੁੰਮਾਂ। ਉਸ ਦਾ ਸਿਰ ਪਲੋਸਣ ਵਾਂਗੂੰ ਉਹਦੇ ਕੇਸਾਂ ਉੱਤੇ ਦੁਲਾਰ ਨਾਲ ਹੱਥ ਫੇਰਾਂ। ਉਹਨੂੰ ਵਰਾਵਾਂ। ਪਰ ਮੈਂ ਕੁੱਝ ਵੀ ਨਹੀਂ ਸੀ ਕਰ ਸਕਿਆ। ਬਸ ਬਿੱਟ-ਬਿੱਟ ਜੱਸੀ ਵੱਲ ਤੱਕਦਾ ਰਿਹਾ ਸੀ। ਜੱਸੀ ਡੁਸਕਦੀ ਹੋਈ ਜ਼ਰਾ ਕੁ ਹੋਰ ਫੁੱਟੀ ਸੀ, “ਤੁਹਾਨੂੰ ਤਾਂ ਪਤਾ ਹੀ ਹੈ ਅੱਜ ਮੇਰੀ ਜੌਬ (ਨੌਕਰੀ) ਚਲੀ ਗਈ ਹੈ।” “ਕੰਮ ਦਾ ਕੀ ਏ ਹੋਰ ਮਿਲ ’ਜੂ।” ਮੈਂ ਪੋਚਾ ਜਿਹਾ ਮਾਰਿਆ ਸੀ। “ਮੈਨੂੰ ਕੰਮ ਦੀ ਸਖ਼ਤ ਲੋੜ ਹੈ। ਬੜੀ ਮੁਸ਼ਕਲ ਨਾਲ ਲੱਭਿਆ ਸੀ ਇਹ ਕੰਮ ਵੀ।”
“ਪਰ ਇਹੋ ਜਿਹੀ ਕੀ ਖ਼ਾਸੀਅਤ ਹੈ ਇਸ ਕੰਮ ਵਿੱਚ? ਮੈਨੂੰ ਤਾਂ ਕੋਈ ਦਿਲਚਸਪੀ ਨਹੀਂ। ਮੈਂ ਤਾਂ ਸਗੋਂ ਬੁਰੀ ਤਰ੍ਹਾਂ ਅੱਕਿਆ ਪਿਆ ਹਾਂ।”
“ਕਿਵੇਂ ਦੱਸਾਂ ਮੇਰੀਆਂ ਬਹੁਤ ਪਰੋਬਲੲਮਸ (ਸਮੱਸਿਆਵਾਂ) ਨੇ। ਮੇਰੇ ਹਸਬੈਂਡ ਦਾ ਮਿਜ਼ਾਜ ਬਹੁਤ ਸ਼ੱਕੀ ਹੈ। ਤਿੰਨ ਘਰ ਬਦਲ ਹਟੇਂ ਹਾਂ ਏਸੇ ਦੁੱਖੋਂ। ਜਿੱਥੇ ਮੈਂ ਪਹਿਲਾਂ ਕੰਮ ਕਰਦੀ ਸੀ ਉੱਥੋਂ ਵੀ ਉਸ ਨੇ ਇਸੇ ਲਈ ਹਟਾਇਆ ਸੀ ਕਿਉਂਕਿ ਉੱਥੇ ਕਈ ਜੰਗ (ਜਵਾਨ) ਮੁੰਡੇ ਕੰਮ ਕਰਦੇ ਸਨ। ਮੈਂ ਦੋ ਮਹੀਨੇ ਵਿਹਲੀ ਘਰੇ ਬੈਠੀ ਰਹੀ ਸੀ। ਮੈਨੂੰ ਮਾਇਗਰੇਨ ਹੋ ਗਈ ਸੀ। ਸਾਰਾ ਦਿਨ ਇਕੱਲੇ ਘਰੇ ਬੈਠੇ ਸੋਚੀ ਜਾਉ, ਘਾੜਾਂ ਘੜੀ ਜਾਉ। ਭਲਾਂ ਰੋ ਰੋ ਬੰਦਾ ਕਿੰਨਾ ਕੁ ਚਿਰ ਦਿਨ ਕਟੀ ਕਰ ਸਕਦੈ? ਮੈਂ ਤਾਂ ਪਾਗਲ ਹੀ ਹੋ ਜਾਣਾ ਸੀ। ਫਿਰ ਮੇਰੇ ਚੰਗੇ ਕਰਮਾਂ ਨੂੰ ਅੰਟੀ ਨੇ ਇੱਥੇ ਲੁਆ ਦਿੱਤਾ ਸੀ। ਉਹ ਇਸ ਲਈ ਰਾਜ਼ੀ ਹੋ ਗਿਆ ਸੀ ਕਿਉਂਕਿ ਇੱਥੇ ਬੰਦੇ ਬੁੜੀਆਂ ਅੱਡੋ-ਅੱਡ ਕੰਮ ਕਰਦੇ ਹਨ ਤੇ ਦੂਸਰਾ ਇੱਥੇ ਜ਼ਿਆਦਾ ਬੰਦੇ ਸਿਆਣੀ ਉਮਰ ਦੇ ਹੀ ਹਨ। ਹੁਣ ਫੇਰ ਪਤਾ ਨਹੀਂ ਕੀ ਬਣੂ!” ਜੱਸੀ ਨੇ ਦਰਦ ਭਰੀ ਆਵਾਜ਼ ਵਿੱਚ ਰਹੱਸ ਦੱਸਿਆ ਸੀ। ਮੈਂ ਜੱਸੀ ਦੀ ਮੁਸ਼ਕਲ ਦਾ ਹੱਲ ਸੋਚਣ ਲੱਗ ਪਿਆ ਸੀ। “ਮੈਂ ਤਾਂ ਕਹਿੰਨੀ ਆਂ ਰੱਬ ਛੇਤੀ ਮੈਨੂੰ ਇਸ ਨਰਕ ਵਿੱਚੋਂ ਚੁੱਕ ਲਵੇ।” ਜੱਸੀ ਨੇ ਅੱਖਾਂ ਵਿੱਚ ਘਸੁੰਨ ਦੇ ਲਏ ਸਨ। ਮੈਂ ਹੌਂਸਲਾ ਦਿੱਤਾ ਸੀ ਤੇ ਮਦਦ ਕਰਨ ਦਾ ਆਸ਼ਵਾਸਨ ਦਿਵਾਉਂਦਿਆਂ ਕਿਹਾ ਸੀ, “ਮੈਨੇਜਰ ਨਾਲ ਮੇਰੀ ਬਥੇਰੀ ਬਣਦੀ ਆ। ਮੈਂ ਗੱਲ ਕਰਾਂਗਾ। ਮੈਂ ਕਹੂੰਗਾ ਚਾਹੇ ਮੇਰੀ ਥਾਂ ਤੁਹਾਨੂੰ ਰੱਖ ਲੈਣ। ਸਭ ਸੋਰਟ ਆਊਟ ਕਰ ਦੂੰ, ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੱਸ ਦਿਉ। ਮੈਂ ਆਥਣੇ ਗੱਲ ਕਰਕੇ ਤੁਹਾਨੂੰ ਦੱਸ ਦਿਆਂਗਾ।”
ਉੱਭੇ ਉੱਭੇ ਸਾਹ ਲੈਂਦੀ ਉਹ ਬੋਲਣ ਲੱਗੀ ਸੀ, “ਜੇ ਇੰਝ ਕਰ ਦੇਵੋਂ ਤਾਂ ਮੈਂ ਤੁਹਾਡਾ ਅਹਿਸਾਨ ਜਿਉਂਦੇ ਜੀਅ ਨਹੀਂ ਭੁੱਲਦੀ। ਸਾਰੀ ਉਮਰ ਤੁਹਾਡੇ ਗੁਣ ਗਾਊਂ।”
ਜੱਸੀ ਨੂੰ ਆਸ ਦਾ ਪਰਛਾਵਾਂ ਤਾਂ ਨਜ਼ਰ ਆਇਆ ਸੀ। ਪਰ ਮੇਰੀ ਪਹੁੰਚ ਤੋਂ ਨਾ-ਵਾਕਫ਼ ਹੋਣ ਕਰਕੇ ਉਹ ਜ਼ਿਆਦਾ ਤਸੱਲੀਬਖਸ਼ ਨਜ਼ਰ ਨਹੀਂ ਸੀ ਆਈ। ਤੇ ਮੈਂ ਡਾਇਰੀ ਕੱਢ ਕੇ ਲਿਖਣ ਲਈ ਤਿਆਰ ਹੀ ਸਾਂ। ਜੱਸੀ ਨੇ ਨੰਬਰ ਨਹੀਂ ਦਿੱਤਾ ਸੀ ਤੇ ਜੁਆਬ ਵਿੱਚ ਮੇਰਾ ਨੰਬਰ ਮੰਗਦਿਆਂ ਆਖਣ ਲੱਗੀ ਸੀ, “ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਉ। ਮੈਂ ਈ ਤੁਹਾਨੂੰ ਫੋਨ ਕਰ ਲਵਾਂਗੀ।”
ਮੈਨੂੰ ਕੋਈ ਇਤਰਾਜ਼ ਨਹੀਂ ਸੀ। ਮੈਂ ਪੈੱਨ ਜੱਸੀ ਦੇ ਹੱਥ ’ਚ ਥਮਾਉਂਦਿਆ ਧੀਰਜ ਸਹਿਤ ਆਪਣੇ ਨੰਬਰ ਦੇ ਹਿੰਦਸੇ ਬੋਲ ਦਿੱਤੇ ਸਨ। ਜੱਸੀ ਨੇ ਹੱਥ ਦੀ ਤਲੀ ਉੱਪਰ ਹੀ ਨੰਬਰ ਲਿਖ ਕੇ ਮੈਨੂੰ ਪੁੱਛਿਆ ਸੀ, “ਤੇ ਤੁਹਾਡਾ ਨਾਮ?” ਇਹ ਸੁਣ ਕੇ ਮੈਨੂੰ ਬੜਾ ਤਅੱਜਬ ਹੋਇਆ ਸੀ। ਜੱਸੀ ਤਿੰਨ ਮਹੀਨੇ ਤੋਂ ਫ਼ੈਕਟਰੀ ਵਿੱਚ ਕੰਮ ਕਰ ਰਹੀ ਸੀ। ਮੈਂ ਉਹਦਾ ਪੂਰਾ ਇਤਿਹਾਸ ਜਾਣਦਾ ਸਾਂ। ਮੈਨੂੰ ਉਹਦਾ ਪਹਿਲੇ ਦਿਨ ਹੀ ਨਾਮ ਪਤਾ ਲੱਗ ਗਿਆ ਸੀ ਤੇ ਉਹਨੂੰ ਅਜੇ ਤੱਕ ਮੇਰੇ ਨਾਂ ਦੀ ਖ਼ਬਰ ਨਹੀਂ ਸੀ। ਮੇਰੇ ਚਿਹਰੇ ਵੱਲ ਦੇਖਦੀ ਹੋਈ ਉਹ ਬੋਲੀ ਸੀ, “ਫੋਨ ਕਰੇ ਤੋਂ ਕੀ ਕਹੂੰਗੀ ਕੀਹਨੂੰ ਮਿਲਣੈ?” ਮੈਨੂੰ ਬੋਲਣ ਦਾ ਮੌਕਾ ਦਿੱਤੇ ਬਿਨਾਂ ਉਹਨੇ ਇੱਕ ਵਾਰ ਫਿਰ ਕਿਹਾ ਸੀ, “ਚੱਲੋ ਸਰਨੇਮ (ਗੋਤ) ਈ ਦੱਸ ਦਿਉ।”
“ਇਹ ਮੇਰਾ ਮੋਬਾਇਲ ਨੰਬਰ ਹੀ ਏ। ਗੋਤ ਦੀ ਜਗ੍ਹਾ ਤਾਂ ਮੈਂ ਸਿੰਘ ਹੀ ਲਿਖਦਾ ਹਾਂ। ਵੈਸੇ ਮੈਨੂੰ ਚਮਕੌਰ ਸਿੰਘ ਕਹਿੰਦੇ ਨੇ।”
ਇਹ ਸੁਣ ਕੇ ਜੱਸੀ ਇੱਕਦਮ ਹੱਸ ਪਈ ਸੀ ਤੇ ਹੱਸਦੀ ਹੱਸਦੀ ਲੋਟ-ਪੋਟ ਹੋ ਗਈ ਸੀ। ਮੈਂ ਉਸ ਦੇ ਇਸ ਤਰ੍ਹਾਂ ਹੱਸਣ ਉੱਤੇ ਅਚੰਭਿਤ ਹੁੰਦਿਆਂ ਸੋਚ ਰਿਹਾ ਸੀ ਕਿ ਇੱਕ ਮਿੰਟ ਪਹਿਲਾਂ ਤਾਂ ਇਹ ਬੂਕਦੀ ਸੀ ਤੇ ਹੁਣ ਦੰਦੀਆਂ ਕੱਢਣ ਲੱਗ ਗਈ ਸੀ। ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੈਂ ਇਹੋ ਜਿਹਾ ਕਿਹੜਾ ਘੈਂਟ ਚੁੱਟਕਲਾ ਸੁਣਾ ਦਿੱਤਾ ਸੀ। ਸਿਰਫ਼ ਨਾਂ ਹੀ ਦੱਸਿਆ ਸੀ। ਸੰਗੀਨ ਹਾਲਾਤ ਅਨੁਕੂਲ ਮੈਂ ਆਪਣਾ ਮੂੰਹ ਜਬਰਦਸਤੀ ਸੰਜ਼ੀਦਾ ਬਣਾਇਆ ਹੋਇਆ ਸੀ। ਮੈਂ ਵੀ ਹੁਣ ਮੁਸਕਰਾ ਕੇ ਜੱਸੀ ਤੋਂ ਉਸ ਦੇ ਹੱਸਣ ਦਾ ਕਾਰਨ ਪੁੱਛਿਆ ਸੀ। “ਤੁਹਾਡਾ… ਨਾਮ… ਬੜਾ… ਫਨੀ (ਮਜ਼ਾਕੀਆ)… ਏ।” ਜੱਸੀ ਨੇ ਮਸਾਂ ਹਾਸਾ ਰੋਕ ਰੋਕ ਵਾਕ ਪੂਰਾ ਕੀਤਾ ਸੀ। “ਉਹ ਕਿਮੇਂ?” ਮੈਂ ਭੋਲੂ ਰਾਮ ਅਜੇ ਵੀ ਗੁਆਚਿਆ ਪਿਆ ਸਾਂ। “ਤੁਹਾਡੇ ਨਾਮ ਵਿੱਚ ਦੋਨੇ ਸ਼ਬਦ ਹੀ ਵਰਤੇ ਜਾਂਦੇ ਨੇ, ਕੌਰ ਵੀ ਤੇ ਸਿੰਘ ਵੀ। ਚਮ-ਕੌਰ-ਸਿੰਘ। ਜੇ ਕੋਈ ਇੱਕਲਾ ਨਾਮ ਹੀ ਲਿਖਿਆ ਹੋਇਆ ਪੜ੍ਹੇ ਤਾਂ ਅਗਲੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਕੁੜੀ ਦਾ ਨਾਮ ਹੈ ਜਾਂ ਮੁੰਡੇ ਦਾ।” ਭਾਵੇਂ ਮੈਨੂੰ ਜੱਸੀ ਦੀ ਗੱਲ ਕੋਈ ਬਹੁਤੀ ਹੱਸੋ-ਹੀਣੀ ਤਾਂ ਨਹੀਂ ਲੱਗੀ ਸੀ। ਪਰ ਫਿਰ ਵੀ ਮੈਂ ਜੱਸੀ ਦੀ ਮੂਰਖਤਾ ਵਿੱਚ ਸ਼ਾਮਲ ਹੋ ਕੇ ਉਹਦਾ ਸਾਥ ਦੇਣ ਲਈ ਉਹਦੇ ਨਾਲ ਹੱਸ ਪਿਆ ਸੀ। ਜੱਸੀ ਨੂੰ ਅੱਡੇ ਉੱਤੇ ਛੱਡ ਕੇ ਮੈਂ ਆਪਣੇ ਘਰੇ ਆ ਗਿਆ ਸੀ।
ਧਰਤੀ ਵਿੱਚ ਉੱਗਿਆ ਹੋਇਆ ਬੂਟਾ ਤਾਂ ਪਾਣੀ ਨਾ ਵੀ ਲਾਈਏ ਫਿਰ ਵੀ ਮੀਂਹ ਦੇ ਆਸਰੇ ਖੜ੍ਹਾ ਰਹਿੰਦਾ ਹੈ। ਜੇ ਬਾਰਿਸ਼ ਵੀ ਨਾ ਪਵੇ ਤਾਂ ਜ਼ਮੀਨ ਦੇ ਸਿੱਲੇਪਨ ਵਿੱਚੋਂ ਹੀ ਆਪਣੇ ਲਈ ਲੋੜੀਂਦਾ ਭੋਜਨ ਹਾਸਲ ਕਰ ਲੈਂਦਾ ਹੈ। ਪਰ ਗਮਲੇ ਵਿੱਚ ਲਗਾਇਆ ਪੌਦਾ ਤਾਂ ਜਿਹੜਾ ਪਾਣੀ ਪਾਇਆ ਜਾਵੇ, ਉਸ ਦੇ ਸਹਾਰੇ ਹੀ ਹੁੰਦਾ ਹੈ। ਜੇ ਉਹਨੂੰ ਪਾਣੀ ਪਾਉਣਾ ਬੰਦ ਕਰ ਦੇਈਏ ਤਾਂ ਕੁਮਲਾਉਣਾ ਸ਼ੁਰੂ ਹੋ ਜਾਂਦਾ ਹੈ ਤੇ ਮੁਰਝਾਉਂਦਾ ਮੁਰਝਾਉਂਦਾ ਇੱਕ ਦਿਨ ਸੁੱਕ- ਸੜ ਕੇ ਮੁੱਕ ਜਾਂਦਾ ਹੈ। ਪਰ ਸੁੱਕਣ ਤੋਂ ਪਹਿਲਾਂ ਜ਼ਿੰਦਗੀ ਲਈ ਪੌਦੇ ਵੀ ਸੰਘਰਸ਼ ਕਰਦੇ ਹਨ। ਗਮਲੇ ਦੇ ਤਲੇ ਦੇ ਐਨ ਵਿਚਲੇ ਫਾਲਤੂ ਪਾਣੀ ਦੇ ਨਿਕਾਸ ਲਈ ਇੱਕ ਮੋਰੀ ਹੁੰਦੀ ਹੈ। ਉਸ ਸੁਰਾਖ਼ ਉੱਤੇ ਇੱਕ ਠੀਕਰੀ ਰੱਖ ਕੇ ਮਿੱਟੀ ਪਾਈ ਜਾਂਦੀ ਹੈ ਤਾਂ ਕਿ ਗਮਲੇ ਦੀ ਮਿੱਟੀ ਹੇਠਾਂ ਨਾ ਕਿਰੇ। ਅਹਾਰ ਦੀ ਤਲਾਸ਼ ਵਿੱਚ ਪੌਦੇ ਦੀਆਂ ਜੜ੍ਹਾਂ ਜਦੋਂ ਗਮਲੇ ਵਿੱਚ ਫੈਲ ਕੇ ਥੱਲੇ ਤੱਕ ਜਾ ਅੱਪੜਦੀਆਂ ਹਨ ਤਾਂ ਕੁੱਝ ਪੌਦਿਆਂ ਦੀਆਂ ਜੜ੍ਹਾਂ ਨੂੰ ਤਾਂ ਉਹ ਠੀਕਰੀ ਰੋਕ ਲੈਂਦੀ ਹੈ ਤੇ ਪੌਦਾ ਮਰ ਜਾਂਦਾ ਹੈ। ਪਰ ਕਈਆਂ ਦੀਆਂ ਜੜ੍ਹਾਂ ਠੀਕਰੀ ਦੇ ਹੇਠੋਂ ਦੀ ਹੋ ਕੇ ਗਲੀ ਰਾਹੀ ਜ਼ਮੀਨ ਤੱਕ ਪਹੁੰਚ ਜਾਂਦੀਆਂ ਹਨ ਤੇ ਪੌਦੇ ਨੂੰ ਖਾਦ-ਖੁਰਾਕ ਮੁਹੱਈਆ ਕਰਨ ਲੱਗ ਜਾਂਦੀਆਂ ਹਨ। ਮੈਨੂੰ ਜੱਸੀ ਦੀਆਂ ਜੜ੍ਹਾਂ ਵੀ ਠੀਕਰੀ ਥੱਲਿਉਂ ਖਿਸਕ ਕੇ ਬਾਹਰ ਆਉਂਦੀਆਂ ਲੱਗੀਆਂ ਸਨ। ਸ਼ਾਮ ਨੂੰ ਮੈਂ ਫੋਨ ਕਰਕੇ ਮੈਨੇਜਰ ਨੂੰ ਪੱਬ ’ਚ ਬੁਲਾ ਲਿਆ ਸੀ ਤੇ ਉਹਦੇ ਨਾਲ ਗੱਲ ਕਰਕੇ ਉਸ ਨੂੰ ਮਨਾ ਲਿਆ ਸੀ। ਨੌ ਵਜੇ ਦੇ ਕਰੀਬ ਮੈਨੂੰ ਜੱਸੀ ਦਾ ਫੋਨ ਆਇਆ ਸੀ। ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਉਹਦੀ ਨੌਕਰੀ ਸੁਰੱਖਿਅਤ ਹੈ ਤੇ ਪਹਿਲਾਂ ਦੀ ਤਰ੍ਹਾਂ ਉਹ ਕੰਮ ਉੱਪਰ ਕੱਲ੍ਹ ਨੂੰ ਆ ਸਕਦੀ ਹੈ। ਖੁਸ਼ਖ਼ਬਰੀ ਸੁਣ ਕੇ ਜੱਸੀ ਖੁਸ਼ੀ ਵਿੱਚ ਝੂਮਦੀ ਹੋਈ ਕਈ ਵਾਰ ਮੇਰਾ ਧੰਨਵਾਦ ਕਰਦੀ ਰਹੀ ਸੀ।
ਜੱਸੀ ਬੰਸੋ ਨਾਲ ਆਇਆ ਜਾਇਆ ਕਰਦੀ ਸੀ। ਬੰਸੋ ਦੇ ਹੱਟ ਜਾਣ ਕਾਰਨ ਹੁਣ ਉਹ ਬੱਸ ’ਤੇ ਆਉਣ ਲੱਗ ਪਈ ਸੀ। ਫ਼ੈਕਟਰੀ ਤੋਂ ਸਾਰੇ ਅੱਡੇ ਦੂਰੀ ਉੱਤੇ ਹੋਣ ਕਰਕੇ ਬਾਕੀ ਰਸਤਾ ਤੁਰ ਕੇ ਹੀ ਆਉਣਾ ਪੈਂਦਾ ਸੀ। ਮੈਨੂੰ ਕਈ ਵਾਰ ਜੱਸੀ ਰਾਹ ਵਿੱਚ ਟੱਕਰ ਜਾਂਦੀ ਸੀ ਤਾਂ ਮੈਂ ਆਪਣੀ ਕਾਰ ਵਿੱਚ ਉਹਨੂੰ ਅੱਡੇ ਤੋਂ ਫ਼ੈਕਟਰੀ ਤੱਕ ਲੈ ਜਾਂਦਾ ਹੁੰਦਾ ਸੀ। ਉਂਝ ਸ਼ਾਮ ਨੂੰ ਫ਼ੈਕਟਰੀ ਤੋਂ ਅੱਡੇ ਤੱਕ ਤਾਂ ਮੈਂ ਤਕਰੀਬਨ ਰੋਜ਼ ਹੀ ਛੱਡਦਾ ਹੁੰਦਾ ਸੀ। ਕਦੇ ਕਦੇ ਜੇ ਜੱਸੀ ਫ਼ਰਮਾਇਸ਼ ਕਰਦੀ ਹੁੰਦੀ ਸੀ ਤਾਂ ਮੈਂ ਉਹਨੂੰ ਉਹਦੇ ਘਰ ਤੱਕ ਵੀ ਛੱਡਣ ਚੱਲਿਆ ਜਾਂਦਾ ਸੀ। ਰਸਤੇ ਵਿੱਚ ਅਸੀਂ ਕਾਰ ਰੋਕ ਕੇ ਗੱਲਾਂ ਕਰਨ ਲੱਗ ਜਾਇਆ ਕਰਦੇ ਸਾਂ। ਇੰਝ ਹੀ ਗੱਲਾਂ ਗੱਲਾਂ ਵਿੱਚ ਇੱਕ ਦਿਨ ਉਹ ਮੇਰੀਆਂ ਤਾਰੀਫ਼ਾਂ ਕਰਨ ਲੱਗ ਪਈ ਸੀ। “ਸਾਰੇ ਤੁਹਾਡੇ ਵਰਗੇ ਕਿਉਂ ਨਹੀਂ ਹੁੰਦੇ?” “ਮੈਂ ਸੱਚੀਂ ਤੈਨੂੰ ਚੰਗਾ ਲੱਗਦਾ ਹਾਂ?” “ਹੋਰ ਕਿਤੇ ਝੂਠੀ। ਤੂੰ ਬਹੁਤ- ਬਹੁਤ- ਬਹੁਤ ਚੰਗਾ ਏਂ।” ਸਿਫ਼ਤ ਸੁਣ ਕੇ ਮੈਂ ਤਾਂ ਫੁੱਲ ਕੇ ਚੌੜਾ ਹੋ ਗਿਆ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਹਦੇ ਨਾਲ ਅੱਗੋਂ ਹੋਰ ਕੀ ਗੱਲ ਕਰਾਂ। ਐਵੇਂ ਆਊਂ-ਗਾਊਂ ਜਿਹਾ ਕਰਦੇ ਤੋਂ ਮੇਰੇ ਮੁੱਖੋਂ ਨਿਕਲ ਗਿਆ ਸੀ, “ਜੱਸੀ ਤੂੰ ਕਦੇ ਸ਼ਰਾਬ ਪੀਤੀ ਏ?” “ਨਹੀਂ ਮੈਂ ਤਾਂ ਕਦੇ ਸ਼ੈਮਪੇਨ ਨੂੰ ਵੀ ਹੱਥ ਨਹੀਂ ਸੀ ਲਾ ਕੇ ਦੇਖਿਆ। ਮੇਰੀਆਂ ਸਭ ਸਹੇਲੀਆਂ ਐਸ਼ਾਂ ਕਰਦੀਆਂ ਰਹੀਆਂ ਤੇ ਮੈਂ ਸ਼ਰੀਫ਼ੀ ਦੇ ਨਕਾਬ ਵਿੱਚ ਆਪਣੇ ਆਪ ਨੂੰ ਲੁਕੋਈ ਰੱਖਿਆ।”
“ਫੇਰ ਤਾਂ ਤੂੰ ਪੂਰੀ ਸੀਤਾ-ਸਵਿਤਰੀ ਏ?” ਮੈਂ ਠਕੋਰਨ ਲਈ ਆਖਿਆ ਸੀ। “ਸਾਊ ਬਣ ਕੇ ਕੀ ਮਿਲਦੈ? - ਛਿੱਤਰ! - ਮੈਂ ਵੀ ਹੁਣ ਮੌਡਰਨ ਬਣਨਾ ਚਾਹੁੰਦੀ ਹਾਂ। ਅਜ਼ਾਦ ਖ਼ਿਆਲਾਂ ਦੀ, ਗੋਰੀਆਂ ਔਰਤਾਂ ਵਾਂਗ…।” ਜੱਸੀ ਨੇ ਇੱਕ ਲੰਬਾ ਸਾਹ ਭਰਿਆ ਸੀ। ਪਹਿਲਾਂ ਤਾਂ ਮੈਂ ਸੋਚਿਆ ਸੀ ਸਿਗਨਲ ਦਿੰਦੀ ਹੈ। ਬੂਰੇ ਖੰਡ ਵਰਗੀ ਨਾਰ ਨੂੰ ਛੇਤੀ ਦੇਣੇ ਚੱਟ ਲਵਾਂ। ਪਰ ਫਿਰ ਮੈਂ ਝਿਜਕ ਗਿਆ ਸੀ ਕਿ ਕਿਤੇ ਗ਼ਲਤ ਸਾਈਨ ਹੀ ਨਾ ਪੜ੍ਹੀ ਜਾਂਦਾ ਹੋਵਾਂ। ਤੱਤਾ ਤੱਤਾ ਖਾ ਕੇ ਕਿਤੇ ਮੂੰਹ ਹੀ ਨਾ ਮਚਾ ਲਵਾਂ। ਨੀਤੀ ਵੀ ਇਹ ਹੀ ਕਹਿੰਦੀ ਹੈ ਬਈ ਸਹਿਜ ਪਕੇ ਸੋ ਮਿੱਠਾ ਹੋਏ। ਜੱਸੀ ਬੈਠੀ ਮੇਰੇ ਵੱਲ ਦੇਖਦੀ ਰਹੀ ਸੀ। ਮੈਂ ਡਰਦਾ ਘੁੱਗੂ ਜਿਹਾ ਬਣਿਆ ਬੈਠਾ ਕਦੇ ਕਾਰ ਸਟਾਰਟ ਕਰ ਲੈਂਦਾ ਸੀ ਤੇ ਕਦੇ ਬੰਦ ਕਰ ਦਿੰਦਾ ਸੀ। “ਜੇ ਤੇਰਾ ਘਰਵਾਲਾ ਐਨਾ ਹੀ ਤੰਗ ਕਰਦੈ ਤਾਂ ਤਲਾਕ ਦੇ ਦੇ ਉਹਨੂੰ।” “ਨਾ ਤਲਾਕ-ਤਲੂਕ ਨਹੀਂ। - ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦਿਜੈ ਬਾਂਹ ਨਾ ਛੋੜੀਏ। ਵਿਆਹ ਕਰਵਾਇਐ ਹੁਣ ਤਾਂ ਉਹ ਹੀ ਮੇਰਾ ਸੁਹਾਗ ਹੈ। ਮਾਪਿਆਂ ਨੇ ਜਿਹੜਾ ਸਹੇੜ ਦਿੱਤਾ- ਜੀਹਦੇ ਲੜ ਲਾ ਦਿੱਤਾ- ਹੁਣ ਤਾਂ ਉਹਦੇ ਨਾਲ ਹੀ ਜ਼ਿੰਦਗੀ ਬਿਤਾਉਣੀ ਹੈ। ਐਨਾ ਕਹਿ ਕੇ ਜੱਸੀ ਨੇ ਮੈਨੂੰ ਚੁੱਪ ਕਰਵਾ ਦਿੱਤਾ ਸੀ ਤੇ ਆਪ ਵੀ ਖ਼ਾਮੋਸ਼ ਹੋ ਗਈ ਸੀ।” ਕਾਮਿਆਂ ਦੀ ਘੱਟ ਸੰਖਿਆ ਕਾਰਨ ਬਟਵਾਰੇ ਦੀ ਦਿਵਾਰ ਫ਼ੈਕਟਰੀ ਵਿਚਾਲਿਉਂ ਚੁੱਕੀ ਗਈ ਸੀ। ਔਰਤਾਂ ਮਰਦ ਸਭ ਇੱਕੋ ਜਗ੍ਹਾ ਕੰਮ ਕਰਨ ਲੱਗ ਪਏ ਸਨ। ਸਾਰਾ ਦਿਨ ਮੈਂ ਤੇ ਜੱਸੀ ਆਪਸ ਵਿੱਚ ਹਾਸਾ ਮਜ਼ਾਕ ਕਰਦੇ ਰਹਿੰਦੇ ਸਾਂ। ਇੰਝ ਸਾਡੀ ਕਾਫ਼ੀ ਨੇੜਤਾ ਵੱਧ ਗਈ ਸੀ। ਹਰ ਦਿਨ ਦਾ ਉੱਗਦਾ ਸੂਰਜ ਸਾਡੀ ਦੋਸਤੀ ਨੂੰ ਹੋਰ ਵੀ ਗੂੜੀ ਕਰ ਜਾਂਦਾ ਸੀ। ਅਸੀਂ ਇੱਕ ਦੂਸਰੇ ਦੇ ਕਾਫ਼ੀ ਕਰੀਬ ਆ ਗਏ ਸੀ। ਇੱਕ ਰੋਜ਼ ਜੱਸੀ ਮੈਨੂੰ ਸਹਿਜ-ਸੁਭਾਅ ਪੁੱਛਣ ਲੱਗੀ ਸੀ, “ਚਮਕੌਰ ਜੀ, ਜੇ ਮੈਂ ਵਾਲ ਕਟਵਾ ਦੇਵਾਂ ਤਾਂ ਸੋਹਣੇ ਲੱਗਣਗੇ? - ਮੈਂ ਕਟਾ ਲਵਾਂ?” ਮੈਂ ਜੱਸੀ ਦੀ ਪਿੱਠ ਨਾਲ ਖਹਿੰਦੇ, ਲੱਕ ਤੱਕ ਲੰਮੇ ਕੇਸਾਂ ਵੱਲ ਦੇਖਿਆ ਸੀ। ਉਹਦੇ ਸਿਆਹ, ਘਣੇ ਅਤੇ ਘੁੰਗਰਾਲੇ ਗੇਸੂ ਐਨਾ ਜ਼ਿਆਦਾ ਫਬਦੇ ਸਨ ਬਈ ਕੋਈ ਵੀ ਟੇਵਾ ਲਾ ਕੇ ਦੱਸ ਸਕਦਾ ਸੀ, ਜੇਕਰ ਉਹਨਾਂ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਤਾਂ ਉਹਨਾਂ ਦੀ ਸੁੰਦਰਤਾ ਨੇ ਪੱਕਾ ਘੱਟਣਾ ਹੈ, ਵਧਣਾ ਨਹੀਂ। ਇਸ ਤੋਂ ਇਲਾਵਾ ਮੈਨੂੰ ਦੇਸੀ ਔਰਤਾਂ ਦਾ ਮੁੰਡਨ ਕਰਵਾਉਣਾ ਬਿਲਕੁਲ ਪਸੰਦ ਨਹੀਂ। ਤਿੰਨ ਸਾਲ ਤੋਂ ਜਦੋਂ ਦਾ ਮੇਰਾ ਵਿਆਹ ਹੋਇਆ ਹੈ। ਮੇਰੀ ਪਤਨੀ ਉਦੋਂ ਦੀ ਹੀ ਵਾਲ ਮੁਨਵਾਉਣ ਨੂੰ ਖਹਿੜੇ ਪਈ ਹੋਈ ਹੈ। ਮੈਂ ਉਸ ਨੂੰ ਹੁਣ ਤੱਕ ਕੇਸ ਕਤਲ ਕਰਨ ਦੀ ਆਗਿਆ ਨਹੀਂ ਦਿੱਤੀ। ਜੱਸੀ ਨੂੰ ਵੀ ਮੈਂ ਜੁਆਬ ਦੇਣਾ ਚਾਹੁੰਦਾ ਸੀ। ਪਰ ਜੱਸੀ ਨੇ ਜਿਸ ਢੰਗ ਨਾਲ ਪੁੱਛਿਆ ਸੀ। ਉਸ ਤੋਂ ਇੰਝ ਲੱਗਦਾ ਸੀ ਜਿਵੇਂ ਉਹਦੀ ਹਜਾਮਤ ਕਰਵਾਉਣ ਦੀ ਬਹੁਤ ਰੀਝ ਹੁੰਦੀ ਹੈ। ਜੇ ਮੈਂ ਮਨ੍ਹਾ ਕਰਦਾ ਤਾਂ ਉਹਦਾ ਦਿਲ ਟੁੱਟ ਜਾਣਾ ਸੀ। ਇਸ ਲਈ ਮੈਂ ਉਹਨੂੰ ਆਖ ਦਿੱਤਾ ਸੀ, “ਦੇਖ ਲੈ ਕਟਵਾਉਣੇ ਨੇ ਤਾਂ ਕਟਾ ਲੈ। ਤੇਰੇ ਨਾ ਸੋਹਣੇ ਲੱਗੇ ਤਾਂ ਹੋਰ ਕੀਹਦੇ ਲੱਗਣਗੇ?” ਅਗਲੇ ਦਿਨ ਜਦੋਂ ਜੱਸੀ ਕੰਮ ’ਤੇ ਆਈ ਸੀ ਤਾਂ ਉਹਦੇ ਵਾਲ ਮੋਢਿਆਂ ਤੱਕ ਛੋਟੇ ਛੋਟੇ ਕਰਵਾਏ ਹੋਏ ਸਨ। ਭਾਵੇਂ ਉਹਦੇ ਵਾਲ ਹੁਣ ਪਹਿਲਾਂ ਜਿੰਨੇ ਤਾਂ ਨਹੀਂ ਜਚਦੇ ਸਨ। ਪਰ ਫੇਰ ਵੀ ਐਵੇਂ ਹੀ ਮੈਂ ਸਾਰਾ ਦਿਨ ਉਹਦੇ ਹੇਅਰ ਸਟਾਇਲ ਅਤੇ ਕਟਿੰਗ ਦੀ ਵਡਿਆਈ ਕਰਦਾ ਰਿਹਾ ਸੀ।

ਮੈਂ ਰੋਜ਼ ਹੀ ਬਦੋਬਦੀ ਜੱਸੀ ਨੂੰ ਉਹਦੇ ਘਰ ਤੱਕ ਛੱਡਣ ਚਲਿਆ ਜਾਂਦਾ ਸੀ। ਪਰ ਉਹ ਘਰ ਤੋਂ ਦੋ ਤਿੰਨ ਸੜਕਾਂ ਉਰੇ ਹੀ ਉਤਰ ਜਾਇਆ ਕਰਦੀ ਸੀ। ਮੈਂ ਜਾਣਦਾ ਸੀ ਕਿ ਜਿੱਥੇ ਉਹ ਉਤਰਦੀ ਸੀ ਉੱਥੋਂ ਉਸ ਦਾ ਘਰ ਕਾਫ਼ੀ ਅੱਗੇ ਸੀ। ਇਉਂ ਇੱਕ ਵਾਰ ਕਿਣਮਿਣ- ਕਿਣਮਿਣ ਕਣੀਆਂ ਵੀ ਪੈ ਰਹੀਆਂ ਸਨ। ਮੈਂ ਸੋਚਿਆ ਸੀ ਜੱਸੀ ਨੂੰ ਧੁਰ ਹੀ ਲਾਹ ਕੇ ਆਊਂ। ਉਹਨੇ ਜਦ ਪਹਿਲਾਂ ਵਾਲੇ ਸਥਾਨ ਉੱਤੇ ਹੀ ਕਾਰ ਰੋਕ ਕੇ ਉਤਰਨ ਬਾਰੇ ਆਖਿਆ ਤਾਂ ਮੈਂ ਫ਼ੌਰਨ ਉਹਦੀ ਗੱਲ ਕੱਟੀ ਸੀ, “ਕੋਈ ਨ੍ਹੀਂ ਮੈਂ ਅੱਗੇ ਦਰਾਂ ਮੂਹਰੇ ਛੱਡ ਕੇ ਆਉਂਨਾਂ।”
“ਨਹੀਂ ਤੁਸੀਂ ਕਿਉਂ ਖੇਚਲ ਕਰਦੇ ਹੋ?” “ਕੋਈ ਨਹੀਂ, ਖੇਚਲ ਵਾਲੀ ਕਿਹੜੀ ਗੱਲ ਏ? ਲੱਗਦਾ ਤਕਲੀਫ਼ ਤਾਂ ਤੁਹਾਨੂੰ ਏ, ਡਰਦੇ ਹੋ ਬਈ ਕਿਤੇ ਚਾਹ ਦੀ ਪਿਆਲੀ ਨਾ ਪਿਉਣੀ ਪੈ ਜੇ।”
“ਇਹ ਕਿੱਦਾਂ ਕਹਿ ਤਾ। ਅਹੇ ਜਿਹੀ ਗੱਲ ਨਹੀਂ। ਚਾਹ ਦਾ ਕੀ ਮਿਹਣਾ ਮਾਰਦੈਂ। ਤੈਨੂੰ ਤਾਂ ਮੈਂ ਦੁੱਧ ’ਚ ਨਲਾ ਦੂੰ।”
ਜੱਸੀ ਨੇ ਇੱਕ ਅਦਾ ਤੇ ਆਪਣੇਪਨ ਜਿਹੇ ਨਾਲ ਕਿਹਾ ਸੀ ਤਾਂ ਮੈਂ ਜੜ੍ਹੋਂ ਹੀ ਹਿੱਲ ਗਿਆ ਸੀ। “ਮੇਰੇ ‘ਇਹਨਾਂ’ ਦੇ ਸਨਕੀ ਸੁਭਾਅ ਦਾ ਤਾਂ ਤੈਨੂੰ ਪਤਾ ਹੀ ਹੈ।” ਐਡੀ ਸੁਨੱਖੀ ਔਰਤ ਦਾ ਮਾਲਕ ਮਸ਼ਕੂਕ ਹੁੰਦਾ ਵੀ ਕਿਵੇਂ ਨਾ? ਮੈਂ ਜੱਸੀ ਦੇ ਆਖੇ ਲੱਗ ਕੇ ਉਸ ਨੂੰ ਉੱਥੇ ਹੀ ਉਤਾਰ ਦਿੱਤਾ ਸੀ। ਮੈਂ ਉਹਦੇ ਲਈ ਕੋਈ ਜਹਾਦ ਖੜ੍ਹਾ ਨਹੀਂ ਸੀ ਕਰਨਾ ਚਾਹੁੰਦਾ। ਮੇਰੇ ਕਾਰਨ ਉਹ ਕਿਸੇ ਬਿਖੜੇ ਵਿੱਚ ਪਵੇ। ਇਹ ਮੈਨੂੰ ਹਰਗਿਜ਼ ਗਵਾਰਾ ਨਹੀਂ ਸੀ। ਦਿਨ ਗੁਜ਼ਰਦੇ ਗਏ ਸਨ ਤੇ ਅਸੀਂ ਆਪਸ ਵਿੱਚ ਹੋਰ ਖੁੱਲ੍ਹਦੇ ਚਲੇ ਗਏ ਸੀ।
ਮੈਂ ਜੱਸੀ ਦੇ ਸ਼ਰੀਰ ’ਤੇ ਨਿੱਤ ਕੋਈ ਨਵਾਂ ਸੱਟ ਦਾ ਨਿਸ਼ਾਨ ਦੇਖਿਆ ਕਰਦਾ ਸੀ। ਕਦੇ ਕੋਈ ਨੱਕ, ਬੁੱਲ੍ਹ ਸੁੱਜਿਆ ਹੋਇਆ ਹੁੰਦਾ ਸੀ ਤੇ ਕਦੇ ਉਂਗਲਾਂ ਉੱਤੇ ਝਰੀਟਾਂ ਹੁੰਦੀਆਂ ਸਨ। ਮੈਂ ਉਸ ਦੇ ਜ਼ਖ਼ਮ ਕੁਰੇਦਣਾ ਨਹੀਂ ਚਾਹੁੰਦਾ ਸੀ। ਇਸ ਲਈ ਕਦੇ ਪੁੱਛਿਆ ਨਹੀਂ ਸੀ। ਇੱਕ ਦਿਨ ਜਦੋਂ ਮੈਂ ਜੱਸੀ ਨੂੰ ਅੱਡੇ ਉੱਤੇ ਲਾਹੁਣ ਲੱਗਿਆ ਤਾਂ ਉਸ ਨੇ ਕੱਫ਼ ਉਤਾਂਹ ਚਾੜ੍ਹ ਕੇ ਮੈਨੂੰ ਆਪਣੀਆਂ ਬਾਹਾਂ ’ਤੇ ਪਈਆਂ ਰਗੜਾਂ ਦਿਖਾਈਆਂ ਸਨ। ਉਹਦੇ ਡੌਲਿਆਂ ਤੱਕ ਲਾਸ਼ਾਂ ਪਈਆਂ ਹੋਈਆਂ ਸਨ। ਮੈਥੋਂ ਰਹਿ ਨਹੀਂ ਸੀ ਹੋਇਆ।
“ਉਹ ਤੇਰੇ ’ਤੇ ਜੂਤ-ਪਤਾਣ ਕਿਉਂ ਕਰਦੈ? ਨਿਆਣਾ-ਨਿਊਣਾ ਨ੍ਹੀਂ ਹੁੰਦਾ?” ਇਹ ਆਖ ਕੇ ਮੈਂ ਉਹਨੂੰ ਕਹਿਣ ਲੱਗਿਆ ਸੀ ਕਿ ਮੇਰਾ ਸਹਿਯੋਗ ਚਾਹੀਦਾ ਹੈ ਤਾਂ ਮੈਂ ਮਦਦ ਲਈ ਹਾਜ਼ਰ ਹਾਂ। ਪਰ ਉਹ ਪਹਿਲਾਂ ਬੋਲ ਪਈ ਸੀ। “ਕਾਹਨੂੰ ਨਿਆਣੇ ਤਾਂ ਦੋ ਲਟੈਣਾਂ ਵਰਗੇ ਮੁੰਡੇ ਜੰਮ ਕੇ ਦਿੱਤੇ ਆ ਮੈਂ। ਮੇਰੇ ਸੱਸ-ਸਹੁਰੇ ਕੋਲ ਰਹਿੰਦੇ ਨੇ।”
ਜੱਸੀ ਦੀ ਗੱਲ ਸੁਣ ਕੇ ਮੈਨੂੰ ਹੱਥੂ ਆ ਗਿਆ ਸੀ। ਦੋ ਪੁੱਤਾਂ ਦੀ ਮਾਂ ਤਾਂ ਉਹ ਲੱਗਦੀ ਹੀ ਨਹੀਂ ਸੀ। ਆਪਣੇ ਆਪ ਨੂੰ ਸਾਂਭ ਕੇ ਮੈਂ ਗੱਲ ਅੱਗੇ ਤੋਰੀ ਸੀ, “ਫੇਰ ਕੀ ਵਜ੍ਹਾ ਹੈ?”
“ਓਦਾਂ ਈ ਸਾਲਾ ਵੈਂਕਰ। ਸਟੂਪਿਡ ਜਿਹਾ ਕੱਲ੍ਹ ਕਹਿੰਦਾ ਅਖੇ ਸਾਗ ਬਣਾ। ਮੈਂ ਜੁਗੜਿਆਂ ਦਾ ਲਿਆਂਦਾ ਹੋਇਐ। ਪਿਆ ਸੁੱਕੀ ਸੜੀ ਜਾਂਦੈ। ਰੋਜ਼ ਈ ਬਿਮਾਰਾਂ ਦਾ ਖਾਣਾ ਮੂੰਗੀ ਦੀ ਦਾਲ ਧਰ ਕੇ ਬੈਠ ਜਾਂਦੀ ਏਂ? ਮੈਂ ਔਖੀ ਸੌਖੀ ਨੇ ਸਾਗ ਰਿੰਨ ਦਿੱਤਾ। ਫੇਰ ਬਣਾ ਸੁਆਰ ਕੇ ਬੋਲਿਆ ਮੱਕੀ ਦੀਆਂ ਰੋਟੀਆਂ ਵੀ ਲਾਹ। ਮੈਂ ਤਾਂ ਝੱਗਾ ਚੁੱਕ ’ਤਾ ਫੇਰ। ਮੈਂ ਕਿਹਾ ਕਣਕ ਦੀਆਂ ਖਾਣੀਆਂ ਖਾਹ ਲੈ। ਨਹੀਂ ਆਪੇ ਹੀ ਪਕਾ ਲੈ। ਬਸ ਚਾੜ੍ਹ ’ਤੀ ਦਰੁਭੜੀ। ਮੇਰਾ ਤਾਂ ਪੋਟਾ ਪੋਟਾ ਦਰਦ ਕਰੀ ਜਾਂਦੈ।” ਜੱਸੀ ਆਪੇ ਆਪਣੇ ਡੌਲੇ ਘੁੱਟਣ ਲੱਗ ਪਈ ਸੀ।
“ਜੱਸੀ ਕੀ ਮਾਰਦਾ ਹੁੰਦਾ ਹੈ ਤੇਰੇ? ਕਾਹਦੇ ਨਾਲ ਕੁੱਟਦੈ ਤੈਨੂੰ?”
“ਪਾਗਲ ਜਿਹਾ ਦੇਖਦਾ ਥੋੜ੍ਹਾ ਹੈ। ਜਾਨਵਰ ਆ ਨਿਰਾ ਜਾਨਵਰ। ਜੋ ਹੱਥ ’ਚ ਆ ਜਾਵੇ ਲੱਤ, ਮੁੱਕੀ, ਜੁੱਤੀ। ਰਾਤ ਤਾਂ ਵੈਕਿਉਮ ਕਲੀਨਰ ਦੀ ਐਕਸਟੈਂਸ਼ਨ ਰੌਡ ਲੈ ਕੇ ਬੇਰਹਿਮੀ ਨਾਲ ਮੇਰਾ ਹੱਡ-ਹੱਡ ਭੰਨ ਸੁੱਟਿਆ।”
“ਤੂੰ ਕਹੇ ਤਾਂ ਮੈਂ ਸੂਤ ਕਰਾਂ। ਸਾਰੇ ਹੱਡ ਪੋਲੇ ਕਰ ਦੇਊਂ। ਇਹ ਵੀ ਕੋਈ ਬਹਾਦਰੀ ਆ। ਜਨਾਨੀਆਂ ਨੂੰ ਕੁੱਟ ਕੇ ਸਾਲੇ ਆਪਣੇ ਆਪ ਨੂੰ ਬਦਮਾਸ਼ ਸਮਝਣ ਲੱਗ ਜਾਂਦੇ ਨੇ। ਨਫ਼ਰਤ ਐ ਮੈਨੂੰ ਇਹੋ ਜਿਹੇ ਬੰਦਿਆਂ ਨਾਲ ਔਰਤ ਤਾਂ ਸੰਵੇਦਨਾਸ਼ੀਲ ਹੁੰਦੀ ਹੈ। ਉਹਨੂੰ ਸਨੇਹ ਦੇਈਦਾ ਹੈ ਜਾਂ?” ਮੈਂ ਚੌੜ ਵਿੱਚ ਆਇਆ ਬੋਲਦਾ ਚਲਿਆ ਗਿਆ ਸੀ।
“ਚੱਲ ਛੱਡ ਪਰ੍ਹਾਂ ਮੈਨੂੰ ਏਨੀ ਹੀ ਖੁਸ਼ੀ ਹੈ ਕਿ ਕੋਈ ਮਰਦ ਤਾਂ ਹੈ ਜੋ ਇਸ ਦੁਨੀਆਂ ਵਿੱਚ ਔਰਤ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਦੈ, ਉਸ ਦੇ ਜਜ਼ਬਿਆਂ ਦੀ ਕਦਰ ਕਰਦਾ ਹੈ। ਮੈਨੂੰ ਖੁਸ਼ੀ ਐ ਕਿ ਅਜਿਹਾ ਕੋਈ ਸ਼ਖ਼ਸ ਮੇਰਾ ਮਹਿਬੂਬ ਹੈ।”
ਐਨਾ ਕਹਿ ਕੇ ਜੱਸੀ ਨੇ ਮੈਨੂੰ ਬਿਆਨੋਂ ਬਾਹਰੀ ਖੁਸ਼ੀ ਪ੍ਰਦਾਨ ਕਰ ਦਿੱਤੀ ਸੀ। ਮੈਨੂੰ ਚਾਅ ਜਿਹਾ ਚੜ੍ਹ ਗਿਆ।
“ਉਹਦੇ ਵੀ ਬਸ ਦੀ ਗੱਲ ਨ੍ਹੀਂ ਜੱਸੀਏ - ਬਹੁਤੀ ਸ਼ਰਾਬ, ਵਿਤੋਂ ਬਾਹਲਾ ਧਨ ਤੇ ਸੋਹਣੀ ਜਨਾਨੀ, ਹਰੇਕ ਨਹੀਂ ਪਚਾ ਸਕਦਾ।”
“ਤੁਸੀਂ ਉਲਾਭਾਂ ਦਿੰਦੇ ਸੀ ਨਾ। ਆ ਜੋ ਅੱਜ ਘਰ ਦਿਖਾਵਾਂ ਤੁਹਾਨੂੰ।”
ਅੰਨ੍ਹਾਂ ਕੀ ਭਾਲੇ? ਦੋ ਅੱਖਾਂ! ਜੱਸੀ ਦੀ ਸੁਲਾਹ ਮਾਰਨ ਦੀ ਦੇਰ ਸੀ। ਮੈਂ ਫੌਰਨ ਉਹਦੇ ਨਾਲ ਤੁਰ ਪਿਆ ਸੀ। ਉਹਦੇ ਘਰ ਪਹੁੰਚ ਕੇ ਮੈਂ ਫਿਰ ਉਹਦੀਆਂ ਸੱਟਾਂ ਤੋਂ ਹੀ ਗੱਲ ਸ਼ੁਰੂ ਕਰੀ ਸੀ। ਜੱਸੀ ਨੇ ਗਲਵੇਂ ਦੇ ਉੱਪਰਲੇ ਦੋ ਬਟਨ ਖੋਲ੍ਹ ਕੇ ਕਾਲਰ ਹੇਠਾਂ ਵੱਲ ਖਿੱਚ ਕੇ ਮੋਢਾ ਦਿਖਾਇਆ ਸੀ। ਕਿੰਨਾ ਚਿਰ ਉਹ ਉਵੇਂ ਕਮੀਜ਼ ਫੜੀ ਮੋਢਾ ਨੰਗਾ ਕਰਕੇ ਬੈਠੀ ਰਹੀ ਸੀ। ਮੈਂ ਦੇਖ ਦੇਖ ਮੂੰਹੋਂ ਲਾਲ੍ਹਾਂ ਸੱਟਦਾ ਰਿਹਾ ਸੀ। ਐਨੇ ਨੂੰ ਬਾਰੀ ਵਿੱਚੋਂ ਜੱਸੀ ਦੀ ਨਿਗਾਹ ਬਾਹਰ ਸੜਕ ਉੱਤੇ ਕਾਰ ਖੜ੍ਹੀ ਕਰ ਰਹੇ ਆਪਣੇ ਘਰਵਾਲੇ ’ਤੇ ਪਈ ਸੀ। ਝੱਟ-ਪੱਟ ਉਹਨੇ ਮੈਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਕੇ ਫ਼ਰਾਰ ਕਰਵਾ ਦਿੱਤਾ ਸੀ। ਜੱਸੀ ਦੀਆਂ ਵੀ ਕਈ ਆਸਾਂ ਅਧੂਰੀਆਂ ਰਹਿ ਗਈਆਂ ਸਨ ਤੇ ਮੇਰੇ ਵੀ ਕਈ ਅਧਮੋਏ ਚਾਅ ਸਹਿਕਦੇ ਰਹਿ ਗਏ। ਮੈਂ ਆਪਣੇ ਆਪ ਨੂੰ ਕੋਸਦਾ ਹੋਇਆ ਪਛਤਾਉਂਦਾ ਰਿਹਾ ਸੀ।
ਉਸ ਤੋਂ ਅਗਲੇ ਦਿਨ ਫਿਰ ਜੱਸੀ ਨੇ ਅੱਡੇ ’ਤੇ ਉਤਰਨ ਦੀ ਬਜਾਏ ਘਰ ਛੱਡਣ ਲਈ ਗੁਜ਼ਾਰਿਸ਼ ਕੀਤੀ ਸੀ। ਮੈਂ ਜੱਸੀ ਨੂੰ ਘਰ ਤੋਂ ਉਰੇ ਉਤਾਰਨ ਲੱਗਾ ਤਾਂ ਉਹ ਮੁਸਕੜੀਏ ਹੱਸਦੀ ਬੋਲੀ ਸੀ, “ਘਰ ਈ ਚੱਲਦੇ ਆਂ।”
“ਨਾ ਬਾਬਾ ਫੇਰ ਪਦੀੜਾਂ ਪੁਆ ਕੇ ਬੈਕ ਡੋਰ ਰਾਹੀਂ ਕੱਢੇਂਗੀ।” ਮੈਂ ਜੱਸੀ ਨੂੰ ਨਿਹੋਰਾ ਮਾਰਿਆ ਸੀ।
“ਅੱਜ ਨਹੀਂ ਉਹ ਕੰਮ ਹੁੰਦਾ।”
“ਜੇ ਹੋਇਆ ਫੇਰ?”
“ਫੇਰ ਸੁਨੱਖਿਆ ਯਾਰਾ ਭਲਾਂ ਜਿੰਦ ਕੱਢ ’ਲੀਂ।”
“ਹੱਛਾ?” ਮੈਂ ਖੁਸ਼ੀ ਵਿੱਚ ਆਫਰਿਆ ਕਾਰ ਦੀ ਸੀਟ ਤੋਂ ਟੱਪ ਕੇ ਬੋਲਿਆ ਸੀ।
“ਹਾਂ, ਅੱਜ ਮੈਂ ਚੈੱਕ ਕਰ ਲਿਆ ਹੈ। ਡਰਾਈਵਰ ਢੋਲਾ ਸ਼ਾਮ ਦੀਆਂ ਸ਼ਿਫਟਾਂ ’ਤੇ ਹੈ। ਰਾਤ ਨੂੰ ਬਾਰਾਂ ਇੱਕ ਵਜੇ ਆਊਗਾ।”
ਉਸ ਦਿਨ ਮੈਂ ਦੁਬਾਰਾ ਫਿਰ ਜੱਸੀ ਨਾਲ ਚਲਿਆ ਗਿਆ ਸੀ। ਉਹ ਮੈਨੂੰ ਸਿੱਧਾ ਆਪਣੀ ਖ਼ੁਆਬਗਾਹ ਵਿੱਚ ਲੈ ਗਈ। ਕੁੱਝ ਦੇਰ ਅਸੀਂ ਇੱਕੋ ਮੰਜੇ ਉੱਤੇ ਨਾਲ ਨਾਲ ਚੁੱਪ-ਚਾਪ ਬੈਠੇ ਰਹੇ ਸਾਂ। ਮੈਂ ਸੋਚਦਾ ਸੀ ਉਹ ਕੋਈ ਗੱਲ ਛੇੜੇ। ਉਹ ਚਾਹੁੰਦੀ ਸੀ ਮੈਂ ਪਹਿਲ ਕਰਾਂ। ਆਖ਼ਰ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਹੀ ਸੀ। ਹਾਰ ਕੇ ਮੈਂ ਹੀ ਖ਼ਾਮੋਸ਼ੀ ਭੰਨਦਿਆਂ ਗੱਲਬਾਤ ਨੂੰ ਵਾਢਾ ਧਰਿਆ ਸੀ, “ਚੱਲ ਦਿਖਾ ਕਿਹੜੀ ਸੱਟ ਆ, ਜਿਹੜੀ ਕੱਲ੍ਹ ਦਿਖਾਉਂਦੀ ਸੀ?”
“ਇੱਕ ਹੋਵੇ ਤਾਂ ਦਿਖਾਵਾਂ।” ਦਰਦੀਲੀ ਜਿਹੀ ਆਵਾਜ਼ ਵਿੱਚ ਆਖ ਕੇ ਜੱਸੀ ਥੋੜ੍ਹਾ ਜਿਹਾ ਮੇਰੇ ਕੋਲ ਨੂੰ ਖਿਸਕੀ ਸੀ। ਇੱਕ ਵਾਰ ਉਹਨੇ ਮੇਰੇ ਚਿਹਰੇ ਨੂੰ ਦੇਖਿਆ ਸੀ ਤੇ ਫੇਰ ਨੀਵੀਂ ਪਾਉਂਦੀ ਹੋਈ ਮੇਰੇ ਵੱਲ ਪਿੱਠ ਕਰਕੇ ਬੈਠ ਗਈ ਸੀ। ਮੈਂ ਵੀ ਥੋੜ੍ਹਾ ਘਿਸੜ ਕੇ ਉਹਦੇ ਨੇੜੇ ਨੂੰ ਹੋਇਆ ਸੀ। ਉਹਨੇ ਇੱਕ ਹੱਥ ਮੋਢੇ ਉੱਪਰ ਦੀ ਪਿੱਛੇ ਕਰਕੇ ਢੂਹੀ ਦੇ ਵਿਚਕਾਰੋਂ ਜਿਹੇ ਚੂੰਡੀ ਭਰ ਕੇ ਆਪਣੀ ਕਮੀਜ਼ ਉਤਾਂਹ ਨੂੰ ਖਿੱਚੀ ਸੀ।
“ਦੇਖ ਆਹ ਦੇਖ ਬੇਕਿਰਕ ਨੇ ਕੀ ਕੀਤੈ?” ਜੱਸੀ ਦੀ ਸਾਰੀ ਕੰਡ ਲਾਸ਼ਾਂ, ਗੂਮੜਾਂ ਅਤੇ ਜ਼ਰਬਾਂ ਨਾਲ ਭਰੀ ਪਈ ਸੀ।
“ਤੂੰ ਵੀ ਏਦਾਂ ਹੀ ਕਰਦਾ ਹੁੰਦਾ ਹੈਂ?”
“ਨਾਂਹ- ਨਾਂਹ, ਮੈਂ ਤਾਂ ਆਪਣੀ ਤੀਮੀਂ ਨੂੰ ਮਾਸ਼ੂਕਾਂ ਵਾਂਗੂੰ ਰੱਖਦਾਂ।”
“ਜੱਸੀ ਮੇਰੀ ਤਾਂ ਤੇਰੇ ਕੋਮਲ ਅੰਗਾਂ ਨੂੰ ਹੱਥ ਲਾਉਣ ਦੀ ਜੁਰਅਤ ਨਹੀਂ ਪੈਂਦੀ। ਡਰਦਾ ਹਾਂ ਕਿਤੇ ਪਤਾਸੇ ਆਂਗੂੰ ਭੁਰ ਹੀ ਨਾ ਜਾਣ। ਉਹ ਤੈਨੂੰ ਕੁੱਟਣ ਦਾ ਜਿਗਰਾ ਕਿਵੇਂ ਕਰ ਲੈਂਦੈ?”
“ਤੇਰੀ ਕਿਹੜਾ ਰੀਸ ਕਰ ਲਊ।” ਜੱਸੀ ਨੇ ਮੈਨੂੰ ਫੂਕ ਛਕਾਈ ਸੀ।
ਸ਼ੇਖੀ ਵਿੱਚ ਆ ਕੇ ਮੈਂ ਉਹਨੂੰ ਉਵੇਂ ਛੱਡ ਕੇ ਦੌੜ ਕੇ ਬਾਹਰ ਆਪਣੀ ਗੱਡੀ ਵਿੱਚੋਂ ਫੱਸਟ ਏਡ ਬੌਕਸ ਲੈਣ ਚੱਲਿਆ ਗਿਆ ਸੀ। ਜਦ ਮੈਂ ਵਾਪਸ ਉਹਦੇ ਕੋਲ ਆਇਆ ਸੀ ਤਾਂ ਉਹ ਡੌਰ- ਭੌਰ ਹੋਈ ਉੱਥੇ ਹੀ ਬੈਠੀ ਸੀ।
“ਕਰ ਢੂਹੀ ਨੰਗੀ - ਮਲ੍ਹਮ ਲਾਵਾਂ।” ਮੈਂ ਬਕਸੇ ਵਿੱਚੋਂ ਲੋੜੀਂਦੀ ਟਿਊਬ ਭਾਲਦਿਆਂ ਕਿਹਾ ਸੀ।
ਜੱਸੀ ਨੇ ਫੇਰ ਆਪਣਾ ਕੁੜਤਾ ਉੱਪਰ ਨੂੰ ਸਰਕਾ ਲਿਆ ਸੀ। ਮੈਂ ਦਵਾਈ ਦਾ ਲੇਪ ਉਹਦੀ ਢੂਹੀ ਉੱਤੇ ਵਿਚਾਲੇ ਜਿਹੇ ਕਰਨ ਲੱਗ ਪਿਆ ਸੀ।
“ਉੱਤੇ ਵੀ ਆ।”
“ਚੰਗਾ ਝੱਗਾ ਹੋਰ ’ਤਾਹਾਂ ਕਰ ਫੇਰ।”
ਜੱਸੀ ਨੇ ਮੂਹਰਿਉਂ ਦੋ ਤਿੰਨ ਗੁਦਾਮ ਖੋਲ੍ਹ ਕੇ ਕਮੀਜ਼ ਨੂੰ ਪਿਛਿਉਂ ਹੋਰ ਉੱਚਾ ਚੁੱਕਿਆ ਸੀ।
“ਬਾਕੀ ਵੀ ਖੋਲ੍ਹ ਲੈ, ਦਵਾਈ ਨਾ ਲੱਗ ਜੇ।” ਮੈਂ ਆਪਣੀ ਅਟੱਲ ਫ਼ਤਿਹ ਨੂੰ ਜਾਣ ਗਿਆ ਸੀ।
“ਠਹਿਰ ਪੂਰਾ ਹੀ ਲਾਹ ਲੈਂਦੀ ਆਂ।”
ਐਨਾ ਕਹਿ ਕੇ ਜੱਸੀ ਨੇ ਜਿਵੇਂ ਧੋਣ ਲਈ ਸਿਰਹਾਣੇ ਤੋਂ ਮੈਲਾ ਗ਼ਿਲਾਫ਼ ਉਤਾਰੀਦਾ ਹੈ, ਉਵੇਂ ਝੱਗਾ ਲਾ ਕੇ ਔਹ ਮਾਰਿਆ ਸੀ। ਮੈਂ ਪੋਲੇ ਹੱਥਾਂ ਨਾਲ ਦਵਾਈ ਮਲਦਾ ਰਿਹਾ ਸੀ, “ਤੁੱਤ-ਤੁਤ-ਤੁੱਤ-ਆਏ ਹਾਏ। ਕਿਵੇਂ ਫਾਹਾ ਵੱਢਿਆ ਪਿਆ ਹੈ। ਐਹੋ ਜਿਹੇ ਨਾਜ਼ਕ ਸ਼ਰੀਰ ’ਤੇ ਤਾਂ ਚੁੰਮਿਆਂ ਨੀਲ ਪੈ ਜਾਵੇ।”
ਜਦੇ ਹੀ ਜੱਸੀ ਨੇ ਮੇਰੇ ਵੱਲ ਮੂੰਹ ਘੁੰਮਾ ਕੇ ਮੇਰੇ ਹੱਥ ਫੜ੍ਹ ਲਏ ਸਨ, “ਬੁੱਧੂਆ ਮੈਨੂੰ ਮਲ੍ਹਮ ਦੀ ਜ਼ਰੂਰਤ ਨਹੀਂ। ਮੈਂ ਤਾਂ ਪ੍ਰਿੰਸੈਸ ਡਾਇਆਨਾ ਵਾਂਗੂੰ ਪਿਆਰ ਦੀ ਭੁੱਖੀ ਹਾਂ। ਤੇਰੇ ਸਾਥ ਲਈ ਤਰਸੀ ਪਈ ਹਾਂ।”
ਮੈਂ ਤਾਂ ਪੌੜੀ ਪੌੜੀ ਚੜ੍ਹਨ ਦਾ ਪ੍ਰੋਗਰਾਮ ਬਣਾਈ ਬੈਠਾ ਸੀ। ਜੱਸੀ ਅਜਿਹੀ ਗੱਲ ਐਨੀ ਛੇਤੀ ਤੇ ਏਨੀ ਬੇਬਾਕੀ ਨਾਲ ਕਹਿ ਜਾਵੇਗੀ ਮੈਨੂੰ ਉਸ ਤੋਂ ਕਤ੍ਹਾ ਹੀ ਇਹ ਉਮੀਦ ਨਹੀਂ ਸੀ। ਮੈਂ ਅੱਖਾਂ ਪਾੜ ਪਾੜ ਜੱਸੀ ਵਿਚਲੀ ਦਬੰਗ ਔਰਤ ਵੱਲ ਝਾਕਦਾ ਰਹਿ ਗਿਆ ਸਾਂ। ਯਾਨੀ ਮੈਨੂੰ ਆਪਣੇ ਕੰਨਾਂ ਨਾਲ ਸੁਣੇ ਉੱਤੇ ਯਕੀਨ ਜਿਹਾ ਨਹੀਂ ਸੀ ਆਇਆ। ਮੈਨੂੰ ਲੱਗਦਾ ਸੀ ਜਿਵੇਂ ਉਦੋਂ ਮੇਰੇ ਕੰਨ ਵੱਜਦੇ ਹੋਣ।
“ਦੇਖਦਾ ਕੀ ਐਂ? ਮਹੂਰਤ ਕਢਵਾਉਣੈ? ਪਿਘਲਾਦੇ ਮੈਨੂੰ ਆਪਣੇ ਕੋਸੇ ਬੁੱਲ੍ਹਾਂ ਨਾਲ ਛੂਹ ਕੇ। ਸਾੜ ਦੇ ਸਾਰੀ ਚਮੜੀ। ਪਾ ਦੇ ਖੌਰੂ। ਪੈ ਜਾਣ ਦੇ ਜਿਹੜੇ ਨੀਲ-ਨੂਲ ਪੈਂਦੇ ਨੇ।”
ਸੱਚੀਂ ਚੋਰ ਨਾਲੋਂ ਪੰਡ ਕਾਹਲੀ ਹੋਈ ਫਿਰਦੀ ਸੀ। ਜ਼ਖ਼ਮਾਂ ਦੀ ਪਰਵਾਹ ਕਰੇ ਬਿਨਾਂ ਜੱਸੀ ਲਪਕ ਕੇ ਮੇਰੇ ਉੱਤੇ ਇੰਝ ਝਪਟ ਪਈ ਜਿਵੇਂ ਸ਼ਿਕਾਰੀ ਕੁੱਤੀ ਸੈਹਾ ਦਬੋਚਦੀ ਹੁੰਦੀ ਹੈ। ਉਹ ਮੈਨੂੰ ਪਲੰਘ ’ਤੇ ਆਪਣੇ ਹੇਠਾਂ ਪਾ ਕੇ ਝੱਲਿਆਂ ਵਾਂਗ ਚੁੰਮਣ ਲੱਗ ਗਈ ਸੀ।
ਮੈਨੂੰ ਤਸੱਲੀ ਹੋ ਗਈ ਸੀ ਕਿ ਮੈਂ ਵਾਕਈ ਹੀ ਉਹ ਵਾਕ ਸੁਣਿਆ ਸੀ। ਉਹ ਮਹਿਜ਼ ਮੇਰਾ ਵਹਿਮ ਨਹੀਂ ਸੀ। ਮੈਂ ਸਮਝਦਾ ਸੀ ਜੱਸੀ ਅੰਗੀਠੀਂ ਵਰਗੀ ਔਰਤ ਹੋਊਗੀ। ਫੂਕਾਂ ਮਾਰੂੰਗਾ, ਤੇਲ ਪਾਊਂਗਾ, ਪਹਿਲਾਂ ਧੂੰਆਂ ਧਾਰ ਹੋਊ ਤਾਂ ਕਿਤੇ ਜਾ ਕੇ ਅੱਗ ਮੱਚੇਗੀ। ਪਰ ਉਹ ਤਾਂ ਬਿਜਲੀ ਦੇ ਹੀਟਰ ਵਰਗੀ ਨਿਕਲੀ ਸੀ। ਪਲੱਗ ਲਾਉਂਦੇ ਸਾਰ ਹੀ ਚੁੱਲਾ ਸੁਰਖ ਹੋ ਗਿਆ ਸੀ।ਮੈਂ ਵੀ ਅਖਾੜੇ ਵਿੱਚ ਕੁੱਦ ਪਿਆ ਸੀ। ਅਸੀਂ ਰੱਜ ਕੇ ਇੱਕ ਦੂਏ ਨੂੰ ਮਾਣਿਆ ਸੀ। ਜੱਸੀ ਦੇ ਪਿੰਡੇ ’ਤੇ ਮੈਂ ਆਪਣੇ ਅੰਗਾਂ ਨਾਲ ਮੁਹੱਬਤ ਦੀ ਇਬਾਰਤ ਦਾ ਇੱਕ ਇੱਕ ਹਰਫ਼ ਘਰੋੜ-ਘਰੋੜ ਲਿਖਦਾ ਰਿਹਾ ਸੀ। ਸਾਡੀਆਂ ਦੋਨੋਂ ਰੂਹਾਂ ਸਰਸ਼ਾਰ ਹੋ ਗਈਆਂ ਸਨ। ਉਹਨੇ ਨਿੰਬੂ ਦਾ ਰਸਾ ਕੱਢਣ ਵਾਂਗ ਮੇਰੀ ਸਾਰੀ ਤਾਕਤ ਨਚੋੜ ਲਈ ਸੀ।
ਜੱਸੀ ਨੂੰ ਛੱਡ ਕੇ ਆਉਣ ਨੂੰ ਨਾ ਹੀ ਮੇਰਾ ਦਿਲ ਕਰਦਾ ਸੀ ਤੇ ਨਾ ਹੀ ਉਸ ਨੇ ਜਾਣ ਦੀ ਇਜਾਜ਼ਤ ਦਿੱਤੀ ਸੀ। ਪਰ ਅਖ਼ੀਰ ਮੈਂ ਗਿਆਰਾਂ ਵਜੇ ਉੱਠ ਕੇ ਆਉਣਾ ਅਕਲਮੰਦੀ ਸਮਝੀ ਸੀ। ਕਿਉਂਕਿ ਉਦੋਂ ਉਹਦਾ ਖ਼ਾਵੰਦ ਕਿਸੇ ਘੜੀ ਵੀ ਆ ਸਕਦਾ ਸੀ।
ਮੇਰੇ ਬਾਹਰ ਆਉਣ ਲੱਗੇ ਦੀ ਬਾਂਹ ਫੜ੍ਹ ਕੇ ਜੱਸੀ ਨੇ ਰੋਕਿਆ ਸੀ, “ਮੈਂ ਆਟਾ ਗੁੰਨਦੀ ਆਂ। ਦੋ ਮਿੰਟ ਲੱਗਣਗੇ ਰੋਟੀ ਖਾਹ ਕੇ ਜਾਇਉ।”
“ਨਹੀਂ ਮੈਂ ਚੱਲਦਾਂ। ਐਵੇਂ ਕਿਉਂ ਰਿਸਕ ਲੈਣਾ ਹੈ?” ਉੱਧਰ ਘਰਵਾਲੀ ਵੀ ਬਣਾਈ ਬੈਠੀ ਹੋਣੀ ਏ।
“ਮੀਟ ਬਣਿਆ ਵਿਐ। - ਮੈਂ ਤਾਂ ਤੇਰੀ ਮਾਰੀ ਸਵੇਰੇ ਅਰਲੀ ਅਰਲੀ (ਸਦੇਹਾਂ) ਉੱਠ ਕੇ ਬਣਾ ਕੇ ਗਈ ਸੀ। ਬਰਬਾਦ ਜਾਊ।”
“ਆਪਣੇ ਹਸਬੈਂਡ ਨੂੰ ਖਵਾਈਂ।”
“ਉਹਨੇ ਮੀਟ ਖਾਹ ਕੇ ਕੀ ਕਰਨਾ ਹੈ? ਲੜਨਾ ਹੀ ਹੈ। -ਵਾਇਅਗਰਾ (ਮਰਦਾਨਾਂ ਤਾਕਤ ਵਧਾਉਣ ਲਈ ਅਮਰੀਕਨ ਦਵਾਈ) ਦੀਆਂ ਗੋਲੀਆਂ ਖੁਆਊਂ ਉਹਨੂੰ ਤਾਂ, ਜਿਹਨਾਂ ਦੀ ਉਹਨੂੰ ਲੋੜ੍ਹ ਐ।”
ਅਸੀਂ ਦੋਹੇਂ ਜ਼ੋਰ-ਜ਼ੋਰ ਦੀ ਹੱਸੇ ਸੀ। ਮੈਂ ਗਲਵੱਕੜੀ ’ਚ ਲੈ ਕੇ ਜੱਸੀ ਨੂੰ ਮੋਹ ਨਾਲ ਇੱਕ ਹੌਟ ਕਿੱਸ (ਗਰਮ ਚੁੰਮਣ) ਦਿੱਤੀ ਸੀ ਤੇ ਆ ਗਿਆ ਸੀ।
ਫਿਰ ਇਹ ਮਰਹਮ-ਪੱਟੀ ਦਾ ਸਿਲਸਿਲਾ ਚੱਲਦਾ ਹੀ ਰਿਹਾ ਸੀ। ਕਦੇ ਜੱਸੀ ਦੇ ਘਰ, ਕਦੇ ਕਿਸੇ ਹੋਟਲ ਜਾਂ ਮੇਰੇ ਕਿਸੇ ਵਾਕਫ਼ ਦੇ ਖ਼ਾਲੀ ਪਏ ਮਕਾਨ ਵਿੱਚ। ਸਾਡੀ ਦੋਸਤੀ ਤਰੱਕੀ ਕਰਕੇ ਇੱਕ ਨਾਜਾਇਜ਼ ਰਿਸ਼ਤਾ ਬਣ ਗਈ ਸੀ। ਬੇਬਾਕ ਜੱਸੀ ਦੇ ਲਬ ਮੇਰੇ ਬੁੱਲ੍ਹਾਂ ਨੂੰ ਛੂਹ ਲੈਂਦੇ ਸਨ। ਬੇਝਿਜਕ ਮੇਰੇ ਹੱਥ ਜੱਸੀ ਦੇ ਲੱਕ ਦੁਆਲੇ ਲਿਪਟ ਜਾਂਦੇ ਸਨ। ਮੈਂ ਜੱਸੀ ਉੱਤੇ ਰੱਜ ਕੇ ਬੱਦਲਾਂ ਵਾਂਗ ਵਰਦਾ ਸੀ ਤੇ ਉਹ ਪਰਨਾਲਿਆਂ ਦੀ ਤਰ੍ਹਾਂ ਦਰਲ-ਦਰਲ ਵਗਦੀ ਸੀ।
ਜੱਸੀ ਹਰ ਵੇਲੇ ਖੁਸ਼ ਰਹਿਣ ਲੱਗ ਪਈ ਸੀ। ਉਹਦੇ ਹੁਸਨ ਦੇ ਹੀਰੇ ਨੂੰ ਮੇਰੇ ਪਿਆਰ ਨੇ ਤਰਾਸ਼ ਦਿੱਤਾ ਸੀ। ਮੈਂ ਉਹਦੇ ’ਤੇ ਨਿੱਤ ਨਵੇਂ ਵਾਰ ਆਉਂਦੇ ਦੇਖਦਾ ਸੀ। ਜੱਸੀ ਉੱਤੋਂ ਵਿਸ਼ਾਦ ਦੀਆਂ ਚਿਪਰਾਂ ਝੜ ਕੇ ਹਰਸ਼ ਦੀ ਪਰਤ ਚੜ੍ਹ ਗਈ ਸੀ। ਉਸ ਵਿੱਚ ਅਚਾਨਕ ਆਏ ਪਰਿਵਰਤਨ ਤੋਂ ਮੈਂ ਹੈਰਾਨ ਵੀ ਸੀ ਤੇ ਆਪਣੇ ਪਿਆਰ ਦੀ ਤਾਸੀਰ ਦੇਖ ਕੇ ਮੈਨੂੰ ਮੁਸੱਰਤ ਵੀ ਹੁੰਦੀ ਸੀ। ਉਹ ਬਹੁਤ ਨਿਖਰ ਆਈ ਸੀ। ਮੇਰੀਆਂ ਨਿਵਾਜ਼ਸ਼ਾਂ ਨਾਲ ਉਹਦੀਆਂ ਅੱਖਾਂ ਹੇਠੋਂ ਕਾਲਖ ਗ਼ਾਇਬ ਹੋ ਗਈ ਸੀ। ਕਾਲਾ ਰੰਗ ਸਾਫ਼ ਹੋ ਗਿਆ ਸੀ। ਭੂਸਲ ਚਿਹਰਾ ਦਗਦਗ ਕਰਨ ਲੱਗ ਗਿਆ ਸੀ। ਦਿਨਾਂ ਵਿੱਚ ਹੀ ਜੱਸੀ ਦੇ ਹੱਡ-ਪਿੰਜਰਾਂ ਵਿੱਚ ਮਾਸ ਭਰ ਕੇ ਜਿਸਮ ਗਦਰਾਇਆ ਗਿਆ ਸੀ। ਢਾਕਾਂ ’ਤੇ ਦੋ ਦੋ ਇੰਚ ਮਾਸ ਚੜ੍ਹ ਗਿਆ ਸੀ। ਉਹਦੇ ਅੰਗ ਲੁੱਸ ਲੁੱਸ ਕਰਨ ਲੱਗ ਪਏ ਸਨ। ਹੁਣ ਉਸ ਦਾ ਬਦਨ ਭਰਵਾਂ ਗੁੰਦਵਾਂ ਬਿਲਕੁਲ ਮੇਰੀ ਪਸੰਦ ਮੁਤਾਬਕ ਬਣ ਗਿਆ ਸੀ। ਜੱਸੀ ਨੂੰ ਦੇਖ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਪਿਆਰ ਇਨਸਾਨ ਨੂੰ ਸਿਰ ਤੋਂ ਪੈਰਾਂ ਤੱਕ ਬਦਲ ਦਿੰਦਾ ਹੈ। ਵਾਲੀ ਫਲਾਸਫੀ ਇੱਕ ਡੂੰਘਾ ਤਰਕ ਹੈ।
ਮੈਂ ਜੱਸੀ ਤੋਂ ਜੁਦਾ ਹੋ ਕੇ ਆਥਣੇ ਜਦੋਂ ਘਰੇ ਆਉਂਦਾ ਤਾਂ ਮੇਰੀ ਤ੍ਰੀਮਤ ਕਦੇ ਦਾਲ, ਕਦੇ ਆਟਾ, ਰੋਜ਼ ਕੁੱਝ ਨਾ ਕੁੱਝ ਮੰਗਦੀ ਰਹਿੰਦੀ ਸੀ। ਪਰ ਜੱਸੀ ਨੇ ਕਦੇ ਕੁੱਝ ਨਹੀਂ ਸੀ ਮੰਗਿਆ। ਸਗੋਂ ਉਸ ਨੇ ਮੈਨੂੰ ਪਿਆਰ ਦੇ ਬਦਲੇ ਦਿੱਤਾ ਸੀ। ਜਾਣਦੇ ਹੋ ਕੀ? ਪਿਆਰ ਹੀ ਪਿਆਰ ਬੇਸ਼ੁਮਾਰ। ਜੱਸੀ ਵੱਲ ਮੇਰਾ ਵਧੇਰੇ ਝੁਕਾਅ ਹੋਣ ਪਾਰੋਂ ਮੇਰੀ ਪਤਨੀ ਨਾਲ ਤੂੰ-ਤੂੰ ਮੈਂ-ਮੈਂ ਹੋਣ ਲੱਗ ਪਈ ਸੀ। ਘਰਵਾਲੀ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ ਕਿਉਂਕਿ ਘਰ ਦੀ ਮੁਰਗੀ ਤਾਂ ਦਾਲ ਬਰੋਬਰ ਹੁੰਦੀ ਹੈ। ਜਦੋਂ ਚਿੱਤ ਕਰੇ ਬੰਦਾ ਝਟਕਾ ਸਕਦਾ ਹੈ।
ਇੱਕ ਦਿਨ ਜੱਸੀ ਨੇ ਦੱਸਿਆ ਕਿ ਉਹਦੀ ਸਾਲਗਿਰ੍ਹਾ ਨੇੜੇ ਆ ਰਹੀ ਹੈ। ਭਾਵੇਂ ਘਰ ਦੇ ਬਿੱਲ ਲਾਲ ਅੱਖਰਾਂ ’ਚ ਆ ਚੁੱਕੇ ਸਨ। ਮੀਟਰ ਕੱਟਣ ਦੀਆਂ ਚਿਤਾਵਨੀਆਂ ਵੀ ਆ ਚੁੱਕੀਆਂ ਸਨ। ਮੇਰੀ ਜੁੱਤੀ ਟੁੱਟੀ ਪਈ ਸੀ। ਲਾਣੇਦਾਰਨੀ ਦੇ ਸਾਰੇ ਸੂਟ ਫਟੇ ਪਏ ਸਨ ਜਾਂ ਬੋਦੇ ਹੋ ਚੁੱਕੇ ਸਨ। ਉਸ ਕੋਲ ਕੋਈ ਚੱਜਦਾ ਪਹਿਨਣ ਲਈ ਕੱਪੜਾ ਨਹੀਂ ਸੀ। ਮੈਂ ਘਰਵਾਲੀ ਨੂੰ ਖਰਚੇ ਲਈ ਕੌਡੀ ਨਹੀਂ ਸੀ ਦਿੱਤੀ। ਪਰ ਮੈਥੋਂ ਜੱਸੀ ਨੂੰ ਸੋਨੇ ਦੀਆਂ ਵਾਲੀਆਂ ਤੇ ਲਹਿੰਗੇ ਦਾ ਨਜ਼ਰਾਨਾ ਖਰੀਦ ਕੇ ਦਿੱਤੇ ਬਿਨਾਂ ਰਹਿ ਨਹੀਂ ਸੀ ਹੋਇਆ। ਵੈਸੇ ਵੀ ਬੀਵੀ ਤਾਂ ਜੂਏ ਦਾ ਉਹ ਮਾਲ ਹੁੰਦੀ ਹੈ ਜਿਸ ਨੂੰ ਤੁਸੀਂ ਜਿੱਤ ਚੁੱਕੇ ਹੁੰਦੇ ਹੋ। ਰਖੇਲ ਚੱਲ ਰਹੀ ਬਾਜ਼ੀ ਵਿੱਚ ਦਾਅ ’ਤੇ ਲੱਗਿਆ ਧਨ, ਜਿਸ ਨੂੰ ਜਿੱਤਣ ਲਈ ਤੁਹਾਨੂੰ ਸੋਚ-ਸਮਝ ਕੇ ਚਾਲਾਂ ਚੱਲਣੀਆਂ ਪੈਂਦੀਆਂ ਹਨ।
ਮੈਂ ਜ਼ਿੰਦਗੀ ਵਿੱਚ ਕੰਮ ਤੋਂ ਕਦੇ ਕੋਈ ਦਿਨ ਨਹੀਂ ਸੀ ਭੰਨਿਆ। ਮਾੜਾ ਮੋਟਾ ਢਿੱਲਾ ਮੱਠਾ ਵੀ ਹੁੰਦਾ ਸੀ, ਤਾਂ ਵੀ ਨੌਕਰੀ ’ਤੇ ਤਾਂ ਜ਼ਰੂਰ ਪਹੁੰਚਦਾ ਸੀ। ਜੱਸੀ ਦੇ ਜਨਮ-ਪੂਰਬ ’ਤੇ ਜਸ਼ਨ ਮਨਾਉਣ ਬਾਰੇ ਸੋਚ ਕੇ ਮੈਂ ਪੂਰਾ ਦਿਨ ਕੰਮ ਤੋਂ ਛੁੱਟੀ ਕਰਨ ਦਾ ਫੈਸਲਾ ਕਰ ਲਿਆ ਸੀ। ਉਂਝ ਵੀ ਉਦਣ ਸ਼ਨੀਚਰਵਾਰ ਹੋਣ ਕਰਕੇ ਅੱਧਾ ਦਿਨ ਹੀ ਲੱਗਣਾ ਸੀ।
ਉਸ ਸ਼ੁਭ ਦਿਹਾੜੇ ਮੈਂ ਜੱਸੀ ਨੇ ਆਫ ਲਾਇੰਸੈਸ ਤੋਂ ਬੋਤਲ ਲਈ ਸੀ ਤੇ ਕਾਰ ਵਿੱਚ ਬੈਠ ਕੇ ਦੋ ਦੋ ਲੰਡੂ ਜਿਹੇ ਲਾਏ ਸਨ। ਫਿਰ ਅਸੀਂ ਖਾਲਸ ਬੀਅਰ ਅਤੇ ਇਕਾਂਤ ਦੀ ਤਲਾਸ਼ ਵਿੱਚ ਘੁੰਮਦੇ ਘੁੰਮਦੇ ਕੰਟਰੀ ਸਾਇਡ(ਪੇਂਡੂ ਇਲਾਕੇ) ਵੱਲ ਨਿਕਲ ਗਏ ਸੀ। ਇੱਕ ਝੀਲ ਦੇ ਕਿਨਾਰੇ ਸਾਨੂੰ ਬੈੱਡ ਐਂਡ ਬਰੈੱਕਫਾਸਟ ਵਿੱਚ ਕਮਰਾ ਮਿਲ ਗਿਆ ਸੀ। ਨਾ ਤਾਂ ਜੱਸੀ ਨੇ ਕਦੇ ਅਜਿਹਾ ਨਜ਼ਾਰੇਦਾਰ ਜਨਮ ਦਿਨ ਮਨਾਇਆ ਸੀ ਤੇ ਨਾ ਮੈਂ ਕਦੇ ਅਜਿਹੇ ਮਜ਼ੇਦਾਰ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਹ ਰੋਜ਼ ਤਾਂ ਸਾਡੀ ਦੋਨਾਂ ਦੀ ਤਾਰੀਖ ਵਿੱਚ ਇੱਕ ਯਾਦਗਾਰੀ ਦਿਨ ਹੋ ਨਿਬੜਿਆ ਸੀ।
ਤਰਕਾਲਾਂ ਨੂੰ ਘਰੇ ਆ ਕੇ ਮੈਂ ਵੀ ਜੱਸੀ ਦੇ ਵਾਂਗੂੰ ਉਵਰਟਾਇਮ ਲੱਗਣ ਦਾ ਰੈਡੀਮੇਡ ਬਹਾਨਾ ਮਾਰ ਦਿੱਤਾ ਸੀ। ਮਸਤੀ ਵਿੱਚ ਗੁੱਟ ਹੋਏ ਨੇ ਮੈਂ ਕੱਪੜੇ ਬਦਲ ਕੇ ਕੁੜਤਾ, ਚਾਦਰਾ ਤੇ ਕੱਢੀ ਜੁੱਤੀ ਪਾ ਲਈ ਸੀ। ਪੰਜਾਬੀ ਪਹਿਰਾਵੇ ਦਾ ਮੈਂ ਗੁਰਦਾਸ ਮਾਨ ਵਾਂਗਰ ਬਚਪਨ ਤੋਂ ਹੀ ਦਿਵਾਨਾ ਹਾਂ। ਪਹਿਲਾਂ ਮੂੰਹ ਨੂੰ ਲੱਗੀ ਹੋਣ ਕਰਕੇ ਮੇਰੀ ਹੋਰ ਪੀਣ ਨੂੰ ਜੀਭ ਲਲ੍ਹਕ ਰਹੀ ਸੀ। ਮੈਂ ਹਮੇਸ਼ਾਂ ਕੋਈ ਨਾ ਕੋਈ ਬੋਤਲ ਤੇ ਦੋ ਚਾਰ ਡੱਬੇ ਫ਼ਰਿੱਜ ਵਿੱਚ ਜਮ੍ਹਾਂ ਰੱਖਦਾ ਹਾਂ ਤਾਂ ਕਿ ਕਿਸੇ ਆਏ ਗਏ ਤੋਂ ਦੁਕਾਨਾਂ ਨੂੰ ਨਾ ਭੱਜਣਾ ਪਵੇ। ਮੈਂ ਫ਼ਰਿੱਜ ਵੱਲ ਜਾਣ ਲਈ ਉੱਠਣ ਹੀ ਲੱਗਿਆ ਸੀ ਕਿ ਮੇਰੀ ਪਤਨੀ ਨਵਜੋਤ ਦੋ ਖਾਲੀ ਗਿਲਾਸ ਅਤੇ ਸਪੈਸ਼ਲ ਬਰੂਅ ਬੀਅਰ ਦੇ ਡੱਬੇ ਲੈ ਕੇ ਆ ਗਈ ਸੀ।
ਮੈਂ ਸੋਚਿਆ ਸੀ ਇੱਕ ਖ਼ਾਲੀ ਗਿਲਾਸ ਉਹ ਮੇਰੇ ਲਈ ਤੇ ਦੂਸਰਾ ਆਪਣੇ ਲਈ ਜੂਸ ਪਾਉਣ ਨੂੰ ਲਿਆਈ ਹੋਵੇਗੀ, “ਖ਼ਾਲੀ ਚੁੱਕ ਲਿਆਂਈ ਏ। ਹੁਣ ਮੁੜ ਕੇ ਕੋਕ ਪਾਉਣ ਜਾਏਂਗੀ। ਪਹਿਲਾਂ ਹੀ ਪਾ ਕੇ ਲਿਆਉਂਦੀ ਥੋਡੀ ਜਨਾਨੀਆਂ ਦੀ ਵੀ ਗਿੱਚੀ ਪਿੱਛੇ ਮੱਤ ਹੁੰਦੀ ਹੈ।”
ਨਵਜੋਤ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਸੀ। ਮੇਰੀ ਨਿਗਾਹ ਝੁੱਕ ਕੇ ਬੀਅਰ ਦੇ ਦੂਜੇ ਡੱਬੇ ਉੱਤੇ ਚਲੀ ਗਈ, “ਦੂਜਾ ਡੱਬਾ ਕੀਹਦੇ ਲਈ ਲਿਆਂਦਾ ਹੈ?”
“ਮੈਂ ਆਪਣੇ ਲਈ।” ਡੱਬੇ ਅਤੇ ਗਿਲਾਸ ਮੇਜ਼ ਉੱਤੇ ਰੱਖ ਕੇ ਨਵਜੋਤ ਮੇਰੇ ਕੋਲ ਬੈਠ ਗਈ ਸੀ।
ਮੈਂ ਸਮਝਿਆ ਸ਼ਾਇਦ ਉਹ ਮਜ਼ਾਕ ਕਰ ਰਹੀ ਸੀ। ਨਵਜੋਤ ਨੇ ਦੋਹਾਂ ਗਿਲਾਸਾਂ ਨੂੰ ਜਦ ਇੱਕ ਡੱਬਾ ਖੋਲ੍ਹ ਕੇ ਬੀਅਰ ਨਾਲ ਭਰ ਲਿਆ ਸੀ ਤਾਂ ਹੈਰਾਨੀ ਨਾਲ ਮੇਰਾ ਮੂੰਹ ਟੱਡਿਆ ਹੀ ਰਹਿ ਗਿਆ ਸੀ। ਵੈਸੇ ਮੈਂ ਵੀ ਨਵੀਨ ਵਿਚਾਰਧਾਰਾ ਵਾਲਾ ਨਵੇਂ ਦੌਰ ਦਾ ਮਰਦ ਹਾਂ। ਮੈਂ ਵੀ ਜ਼ਮਾਨੇ ਦੀ ਚਾਲ ਨਾਲ ਕਦਮ ਮਿਲਾ ਕੇ ਚੱਲਣ ਦਾ ਖ਼ਾਹਸ਼ਮੰਦ ਹਾਂ, ਨਹੀਂ ਤਾਂ ਪੱਛੜ ਜਾਣ ਦਾ ਵੀ ਮੈਨੂੰ ਤੌਖਲਾ ਹੈ। ਮੈਂ ਤਾਂ ਆਪ ਜਨਾਨੀਆਂ ਨੂੰ ਜਾਗਰੁਕ ਹੋਣ ਲਈ ਪ੍ਰਰੇਦਾ ਰਹਿੰਦਾ ਹਾਂ। ਮੈਨੂੰ ਔਰਤਾਂ ਦੇ ਆਧੁਨਿਕ ਲਿਬਾਸ (ਜਿਨ੍ਹਾਂ ਵਿੱਚ ਕੱਪੜੇ ਦੀ ਘੱਟ ਤੋਂ ਘੱਟ ਮਾਤਰਾ ਦਾ ਪ੍ਰਯੋਗ ਕੀਤਾ ਗਿਆ ਹੋਵੇ) ਉਹ ਪਹਿਨੇ ਦੇਖ ਕੇ ਖੁਸ਼ੀ ਮਿਲਦੀ ਹੈ। ਪਰ ਇਹ ਸਭ ਗੈਰ ਔਰਤਾਂ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ। ਕਿਉਂਕਿ ਉਹਨਾਂ ਨਾਲ ਆਪਣਾ ਕੋਈ ਲਾਗਾ-ਦੇਗਾ ਨਹੀਂ ਹੁੰਦਾ। ਉਹਨਾਂ ਨਾਲ ਆਪਣਾ ਵਿਆਹ ਨਹੀਂ ਹੋਇਆ ਹੁੰਦਾ। ਕੋਈ ਅਟੈਚਮੈਂਟ ਨਹੀਂ ਹੁੰਦੀ। ਆਪਦੀ ਜਨਾਨੀ ਨਾਲ ਥੋੜ੍ਹਾ ਇਹੋ ਜਿਹੇ ਸ਼ੁਗਲੇ-ਮੁਗਲੇ ਕਰੇ ਜਾਂਦੇ ਹਨ? ਆਪਣੀ ਤੀਵੀਂ ਲਈ ਤਾਂ ਕੱਟੜ ਖ਼ਿਆਲਾਂ ਦੇ ਧਾਰਨੀ ਦਾ ਰੂਪ ਧਾਰ ਕੇ ਉਸ ਉੱਤੇ ਪਰੰਪਰਾਂਵਾਦੀ ਵਿਚਾਰ ਲਾਗੂ ਕਰੀਦੇ ਹਨ। ਇਸ ਲਈ ਮੈਂ ਤਾਂ ਕਦੇ ਨਵਜੋਤ ਨੂੰ ਸ਼ਰਾਬ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਯਕੀਨਨ ਉਹਦਾ ਪੀਣਾ ਤੇ ਉਹ ਵੀ ਨਾਲ ਬੈਠ ਕੇ ਪੀਣਾ ਮੈਨੂੰ ਬੁਰਾ ਲੱਗਣਾ ਸੀ।
“ਕੀ ਬਕਵਾਸ ਕਰਦੀ ਏਂ?”
“ਤੁਹਾਨੂੰ ਇਹ ਵਿਹੁ ਪੀ ਕੇ ਖੁਸ਼ੀ ਮਿਲਦੀ ਏ ਨਾ- ਤੁਹਾਨੂੰ ਚੰਗਾ ਲੱਗਦਾ ਏ ਨਾ ਕੋਈ ਤੁਹਾਨੂੰ ਪਿਲਾਵੇ। ਤੁਹਾਡੇ ਨਾਲ ਬੈਠ ਕੇ ਪੀਵੇ- ਤੁਹਾਨੂੰ ਜਿਹੜਾ ਪੀਣ ਤੋਂ ਮੋੜੇ ਉਹ ਮਾੜਾ ਲੱਗਦੈ, ਹਨਾ?”
“ਅੱਜ ਤੈਨੂੰ ਹੋ ਕੀ ਗਿਆ? ਕਰ ਕੀ ਰਹੀ ਏਂ?”
“ਉਹੀ ਜੋ ਤੁਸੀਂ ਪਸੰਦ ਕਰਦੇ ਓ।”
ਨਵਜੋਤ ਨੇ ਇੱਕ ਗਿਲਾਸ ਮੇਰੇ ਵੱਲ ਧੱਕ ਦਿੱਤਾ ਸੀ ਤੇ ਦੂਜਾ ਆਪਣੇ ਵੱਲ ਮੇਜ਼ ਉੱਤੇ ਪਿਆ ਪਿਆ ਹੀ ਆਪਣੀ ਤਰਫ਼ ਖਿੱਚ ਲਿਆ ਸੀ।
“ਕ ਕੱਕ…ਕੀ…।” ਮੈਂ ਨਵਜੋਤ ਦੇ ਮੂਹਰਿਉਂ ਖਿੱਚ ਕੇ ਗਿਲਾਸ ਦੂਰ ਪਰ੍ਹੇ ਕਰ ਦਿੱਤਾ ਸੀ। ਮੈਨੂੰ ਡਰ ਸੀ ਕਿ ਕਿਤੇ ਉਹ ਘੁੱਟ ਨਾ ਭਰ ਲਵੇ।
“ਭੋਲੇ ਨਾ ਬਣੋ। ਸਭ ਪਤੈ ਤੁਹਾਡੀਆਂ ਘਤੀਤਾਂ ਦਾ। ਮੈਂ ਆਪਣੇ ਅੱਖੀਂ ਦੇਖਿਆ ਹੈ ਹਾਈ ਸਟਰੀਟ ’ਤੇ ਬਕਾਰਡੀ ਦੀ ਬੋਤਲ ਚੁੱਕੀ ਜਾਂਦੇ ਸੀ।”
ਮੈਨੂੰ ਜਾਪਿਆ ਸੀ ਜਿਵੇਂ ਨਵਜੋਤ ਮੇਰੇ ਮੱਥੇ ਦੀਆਂ ਰੇਖਾਵਾਂ ਪੜ੍ਹ ਕੇ ਬੋਲ ਰਹੀ ਹੋਵੇ।
“ਉਹ ਤਾਂ ਸੁਪਵਾਇਜ਼ਰ ਨੂੰ ਖੁਸ਼ ਕਰਨ ਲਈ ਸੀ।”
“ਸੁਪਰਵਾਇਜ਼ਰ ਕੇ ਸੁਪਰਵਾਇਜ਼ਰਨੀ?” ਨਵਜੋਤ ਮੈਨੂੰ ਪੈਰਾਂ ਚੋਂ ਕੱਢਣਾ ਚਾਹੁੰਦੀ ਸੀ।
ਉਹਦਾ ਟੋਕਣਾ ਮੈਨੂੰ ਚਾਬੁਕ ਦੀ ਸੱਟ ਵਾਂਗ ਦੁੱਖਦਾਈ ਲੱਗਿਆ ਸੀ, “ਜਾੜ੍ਹਾਂ ਕੱਢ ’ਦੂੰ ਜੇ ਜ਼ਿਆਦਾ ਬੱਕ ਬੱਕ ਕਰੀ ਹੈ ਤਾਂ।”
“ਉਹ ਚਿੱਬ-ਖੜੀਬੀ ਜਿਹੀ ਮੁਨੜੀ ਬਾਹਲੀ ਚੰਗੀ ਆ? ਜੀਹਦੇ ਨਾਲ ਗੱਡੀ ’ਚ ਬੈਠੇ ਪੀਂਦੇ ਸੀ। ਨਾ ਤੀਮੀਂ, ਨਾ ਤੀਮੀਂ ਦੀ ਜਾਤ। ਮੇਰੇ ’ਚ ਕੀ ਕਮੀ ਆ? ਮੇਰੇ ਨਾਲ ਬਹਿ ਕੇ ਡੱਫ ਲੋ।”
ਮੈਨੂੰ ਲੱਗਿਆ ਯਾਨੀ ਸੋ ਘੜਾ ਪਾਣੀ ਦਾ ਮੇਰੇ ਸਿਰ ’ਚ ਫੁੱਟ ਗਿਆ ਸੀ। ਪਾਜ ਖੁੱਲ੍ਹ ਜਾਣ ’ਤੇ ਮੈਨੂੰ ਤਰੇਲੀਆਂ ਆਉਣ ਲੱਗ ਗਈਆਂ ਸਨ। ਮੈਂ ਸਮਝ ਗਿਆ ਸੀ ਕਿ ਮੇਰੀ ਸਾਰੀ ਚੋਰੀ ਫੜੀ ਗਈ ਸੀ। ਮੈਂ ਸਿਰ ਤੋਂ ਪੈਰਾਂ ਤੱਕ ਝੂਠਾ ਜਿਹਾ ਹੋ ਗਿਆ ਸੀ।
“ਤੂੰ ਹਾਈ ਸਟਰੀਟ ’ਤੇ ਕੀ ਕਰਨ ਗਈ ਸੀ?” ਮੈਂ ਵੱਟ ਕੇ ਨਵਜੋਤ ਦੇ ਚਾਂਟਾ ਮਾਰਿਆ ਸੀ।
ਉਹਨੇ ਅੱਗੋਂ ਆਕੜ ਕੇ ਅੱਖਾਂ ਕੱਢੀਆਂ ਸਨ, “ਤੁਹਾਨੂੰ ਮੈਂ ਕਦੇ ਪੁੱਛਿਆ ਹੈ, ਕਿੱਥੇ ਹਰਲ ਹਰਲ ਕਰਦੇ ਫਿਰਦੇ ਹੋ?”
ਮੈਂ ਗੁੱਸੇ ਵਿੱਚ ਆ ਕੇ ਪੈਰੋਂ ਲਾਹ ਕੇ ਖੁੱਸੇ ਨੂੰ ਤਿੱਲੇ ਵਾਲੇ ਪਾਸਿਉਂ ਫੜਿਆ ਸੀ ਤੇ ਅੱਡੀ ਨਾਲ ਨਵਜੋਤ ਦੇ ਦੈਂਗੜ ਦੈਂਗੜ ਜੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸਨ। ਮੈਂ ਬਿਲਕੁਲ ਤਰਸ ਨਹੀਂ ਕਰਿਆ ਸੀ, ਉਹਦੇ ਸਿਰ, ਮੂੰਹ ਜਿੱਥੇ ਪੈਂਦੀ ਸੀ ਉੱਥੇ ਪੈਣ ਦੇ।
“ਮੂਹਰੇ ਬੋਲਦੀ ਏ।… ਚੋਰ ਨਾਲੇ ਚਤੁਰ।” ਮੇਰੇ ਅਗਲੇ ਦੰਦ ਸ਼ਿਦੇ ਹੋਣ ਕਾਰਨ ਵੇਗ ਵਿੱਚ ਬੋਲਦੇ ਤੋਂ ਮੇਰੇ ਮੂੰਹੋਂ ਥੁੱਕ ਵੀ ਨਿਕਲ ਕੇ ਨਵਜੋਤ ਦੇ ਉੱਤੇ ਡਿੱਗਦਾ ਰਿਹਾ ਸੀ।
ਚਿਹਰੇ ਦੇ ਬਚਾਉ ਲਈ ਨਵਜੋਤ ਨੇ ਆਪਣੇ ਮੂੰਹ ਅੱਗੇ ਹੱਥ ਰੱਖ ਕੇ ਮੈਨੂੰ ਜੁਆਬ ਦਿੱਤਾ ਸੀ, “ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਜਿਹੜੀਆਂ ਕਰਤੂਤਾਂ ਕਰਦੇ ਫਿਰਦੇ ਓ। ਉਹਨਾਂ ਦਾ ਭਾਂਡਾ ਭੰਨ੍ਹਿਆ ਗਿਐ ਅੱਜ।”
“ਚੁੱਪ ਕਰ ਸਾਲੀ ਜ਼ਬਾਨ ਲੜਾਉਂਦੀ ਆ।” ਮੇਰਾ ਪਾਰਾ ਹੋਰ ਵੀ ਚੜ੍ਹ ਗਿਆ ਸੀ। ਆਵੇਸ਼ ਵਿੱਚ ਆਏ ਨੇ ਮੈਂ ਦੂਜੇ ਵਿਹਲੇ ਹੱਥ ਨਾਲ ਘਸੁੰਨਾਂ ਦੀ ਵਰਖਾ ਵੀ ਚਾਲੂ ਕਰ ਦਿੱਤੀ ਸੀ। ਨਵਜੋਤ ਦੀ ਮੁਰੰਮਤ ਕਰਦੇ ਵਕਤ ਮੇਰਾ ਮੇਜ਼ ਨਾਲ ਗੋਡਾ ਵੱਜ ਕੇ ਗਿਲਾਸ ਮੂਧਾ ਹੋ ਜਾਣ ਸਦਕਾ ਸਾਰੀ ਬੀਅਰ ਡੁੱਲ ਗਈ ਸੀ। ਬੀਅਰ ਦਾ ਨੁਕਸਾਨ ਦੇਖ ਕੇ ਮੈਂ ਨਵਜੋਤ ਦੀ ਖੜਕੈਂਤੀ ਹੋਰ ਤੇਜ਼ ਕਰ ਦਿੱਤੀ ਸੀ।
“ਬੀਰ ਪੀਣੀ ਆ ਇਹਨੇ- ਖੜ੍ਹ ਜਾ, ਪੱਬ ਈ ਖੋਲ੍ਹ ਕੇ ਦਿੰਨਾਂ ਤੈਨੂੰ।”
ਜਿਵੇਂ ਕਿੱਲੇ ’ਤੇ ਬੰਨ੍ਹੀ ਕੋਈ ਗਾਂ ਮੱਝ ਨੂੰ ਕੁੱਟਣ ਲੱਗ ਜਾਈਏ ਤਾਂ ਉਹ ਕਿਸੇ ਪਾਸੇ ਨਹੀਂ ਭੱਜ ਸਕਦੀ। ਇਵੇਂ ਹੀ ਨਵਜੋਤ ਨੂੰ ਮੈਂ ਕਮਰੇ ਦੇ ਖੂੰਜੇ ਵਿੱਚ ਦਿੱਤਾ ਹੋਇਆ ਸੀ। ਉਹ ਕਿਸੇ ਪਾਸੇ ਹਿੱਲ-ਜੁੱਲ ਨਹੀਂ ਸੀ ਸਕਦੀ। ਪੰਜਾਂ ਦਸਾਂ ਮਿੰਟਾਂ ਮਗਰੋਂ ਮੇਰੀ ਬਸ ਹੋ ਗਈ ਤੇ ਮੈਂ ਨਵਜੋਤ ਨੂੰ ਛੱਡ ਕੇ ਸੋਫ਼ੇ ਉੱਤੇ ਬੈਠ ਗਿਆ ਸੀ। ਥੋੜ੍ਹੇ ਚਿਰ ਮਗਰੋਂ ਉਹਦਾ ਵਿਰਲਾਪ ਵੀ ਮੱਠਾ ਪੈ ਗਿਆ ਸੀ।
“ਚੱਲ ਰੋਟੀ ਪਕਾ, ਭੁੱਖ ਲੱਗੀ ਆ। ਆਏ ਨੂੰ ਕੋਈ ਪਾਣੀ ਨ੍ਹੀਂ ਪੁੱਛਣਾ, ਧਾਣੀ ਨ੍ਹੀਂ। ਆਉਂਦੇ ਨਾਲ ਝੱਜੂ ਪਾ ਕੇ ਬਹਿ ’ਜੂ।”
“ਉਸੇ ਆਪਣੀ ਲੱਗਦੀ ਕਾਲੋ ਜਿਹੀ ਤੋਂ ਈ ਲੈ ਲੋ, ਜੀਹਦੇ ਨਾਲ ਰੰਗ-ਰਲੀਆਂ ਮਨਾਉਂਦੇ ਫਿਰਦੇ ਸੀ।” ਛਿੱਤਰ ਖਾਹ ਖਾਹ ਨਵਜੋਤ ਢੀਠ ਬਣੀ ਜਾ ਰਹੀ ਸੀ।
ਇੱਕ ਹੋਰ ਜ਼ੋਰਦਾਰ ਧੋਲ ਜੜਦਿਆਂ ਮੈਂ ਪੁੱਛਿਆ ਸੀ, “ਤੂੰ ਦੱਸ ਕੀ ਕਰਦੀ ਸੀ ਉੱਥੇ?”
“ਅੱਜ ਛੇਤੀ ਕੰਮ ਤੋਂ ਛੁੱਟੀ ਹੋ ਗਈ ਸੀ। ਦੂਈਆਂ ਸਭ ਬੁੜੀਆਂ ਗੁਰਦੁਆਰੇ ਜਾਂਦੀਆਂ ਸੀ। ਮੈਂ ਵੀ ਉਹਨਾਂ ਨਾਲ ਬਿੰਦ ਮੱਥਾ ਟੇਕਣ ਚਲੀ ਗਈ।”
ਨਵਜੋਤ ਨੇ ਬੰਦ ਪਲਕਾਂ ਉੱਤੇ ਦਬਾਅ ਪਾ ਕੇ ਉਂਗਲਾ ਫੇਰੀਆਂ ਸਨ ਤਾਂ ਕਿ ਜੇ ਕੋਈ ਰਹਿੰਦਾ-ਖੂੰਦਾ ਹੰਝੂ ਅੰਦਰ ਬਚਿਆ ਹੋਵੇ ਤਾਂ ਉਹ ਵੀ ਬਾਹਰ ਨਿਕਲ ਆਵੇ। ਮੈਨੂੰ ਕੁੱਝ ਵੀ ਸੁੱਝ ਨਹੀਂ ਸੀ ਰਿਹਾ।
“ਤੀਵੀਆਂ ਨੂੰ ਤਾਂ ਹਰਕਾਈਆਂ ਦੇਣ ਦੀ ਆਦਤ ਈ ਹੁੰਦੀ ਏ। ਲੋਕ ਤਾਂ ਕੁਸ਼ ਨਹੀਂ ਕਹਿੰਦੇ। ਤੇਰੇ ਗਿੱਟੇ ਛਾਂਗ ਦੂੰ ਜੇ ਬਿਨਾਂ ਪੁੱਛੇ ਕਿਤੇ ਹੋਰ ਗਈ ਏਂ। ਸਿੱਧੀ ਘਰ ਤੋਂ ਕੰਮ ’ਤੇ ਅਤੇ ਕੰਮ ਤੋਂ ਘਰ ਆਇਆ ਕਰ।”
ਨਵਜੋਤ ਨੇ ਕੋਈ ਜੁਆਬ ਨਹੀਂ ਸੀ ਦਿੱਤਾ।
“ਸੁਣ ਗਿਆ ਕੁ ਨਹੀਂ? ਮੈਂ ਕੀ ਪੁੱਛਦਾਂ? -ਸੁਣਿਆ ਨ੍ਹੀਂ? -ਕੁੱਤਾ ਭੌਂਕਦਾਂ ਮੈਂ?” ਮੈਂ ਨਵਜੋਤ ਦੇ ਮੋਢੇ ’ਤੇ ਹੱਥ ਰੱਖ ਕੇ ਹੁਝਕਾ ਜਿਹਾ ਮਾਰਿਆ ਸੀ।
ਉਹ ਅਜੇ ਵੀ ਮੇਰੀਆਂ ਅੱਖਾਂ ਵਿੱਚ ਨਫ਼ਰਤ ਨਾਲ ਦੇਖੀ ਜਾ ਰਹੀ ਸੀ। ਬਸ ਫੇਰ ਮੈਂ ਧੱਫਾ, ਹੁੱਜ, ਮੁੱਕੀ, ਚਪੇੜ, ਥੱਪੜ, ਚਾਂਟਾ, ਤਮਾਚਾ, ਘਸੁੰਨ ਮਾਰ ਮਾਰ ਮੈਂ ਉਹਦੀ ਰੇਲ ਬਣਾ ਦਿੱਤੀ ਸੀ। ਨਵਜੋਤ ਜ਼ਾਰੋਜ਼ਾਰ ਰੋਣ ਲੱਗ ਪਈ ਸੀ। ਉਹ ਭੁੰਜੇ ਗੋਡਿਆਂ ਵਿੱਚ ਸਿਰ ਦੇਈ ਬੈਠੀ ਸਿਸਕੀਆਂ ਭਰ ਰਹੀ ਸੀ।
“ਚੱਲ ਕਿਚਨ ’ਚ।” ਨਵਜੋਤ ਦੀ ਗੁੱਤ ਨੂੰ ਗੇੜਾ ਦੇ ਕੇ ਮੈਂ ਉਹਨੂੰ ਰਸੋਈ ਵਿੱਚ ਘੜੀਸ ਕੇ ਸੁੱਟ ਆਇਆ ਸੀ।
ਮੈਂ ਵਾਪਸ ਕਮਰੇ ਵਿੱਚ ਆ ਕੇ ਬੈਠ ਗਿਆ ਸੀ। ਮੇਰੇ ਚਿਹਰੇ ਉੱਤੇ ਕਿਸੇ ਯੁੱਧ ਵਿਜੇਤਾ ਵਾਂਗ ਖੁਸ਼ੀ ਦੇ ਚਿੰਨ ਪ੍ਰਤੱਖ ਦੇਖੇ ਜਾ ਸਕਦੇ ਸਨ। ਨਵਜੋਤ ਖਾਣਾ ਬਣਾਉਣ ਲਈ ਰੋਟੀਆਂ ਵੇਲਣ ਲੱਗ ਗਈ ਸੀ। ਮੈਨੂੰ ਉਹਦੇ ਚੱਕਲੇ ਵੇਲਣੇ ਦੇ ਖੜਕਣ ਦੀ ਆਵਾਜ਼ ਸੁਣ ਰਹੀ ਸੀ। ਮੈਂ ਮੇਜ਼ ’ਤੇ ਲੱਤਾਂ ਰੱਖ ਕੇ ਪ੍ਰਸੰਨਚਿੱਤ ਹੋਇਆ ਮੁੱਛਾਂ ਨੂੰ ਵੱਟਣ ਲੱਗ ਪਿਆ ਸੀ। ਕਿੰਨੀ ਬਖੂਬੀ ਨਾਲ ਮੈਂ ਨਾਜ਼ਕ ਸਥਿਤੀ ’ਤੇ ਕਾਬੂ ਪਾ ਲਿਆ ਸੀ। ਮੈਂ ਜਾਣਦਾ ਸੀ ਨਵਜੋਤ ਜੱਸੀ ਵਰਗਾ ਗ਼ਲਤ ਕਦਮ ਜਾਂ ਕੋਈ ਅਫ਼ਸੋਸਨਾਕ ਹਰਕਤ ਨਹੀਂ ਸੀ ਕਰ ਸਕਦੀ। ਚੂੰਕਿ ਨਵਜੋਤ ਇੰਡੀਆ ਦੀ ਜੰਮੀ, ਪਲੀ ਤੇ ਪਰਵਾਨ ਚੜ੍ਹੀ ਹੈ।
ਮੈਂ ਮੁੱਛਾਂ ਨੂੰ ਮਜ਼ੇ ਨਾਲ ਤਾਅ ਦਿੰਦਾ ਰਿਹਾ ਸੀ। ਔਰਤ ਜਾਤ ’ਤੇ ਤਾਂ ਹੱਥ ਫਿਰਦਾ ਰਹੇ, ਫੇਰ ਈ ਚੰਗਾ ਹੈ। ਦਾਖੂ ਦਾਣਾ ਦਿੱਤੇ ਬਿਨਾਂ ਕਿੱਥੇ ਲੋਟ ਆਉਂਦੀ ਏ ਜਨਾਨੀ। ਚੁੱਪ ਰਹਿੰਦਾ ਤਾਂ ਹੁਣੇ ਈ ਘਰ ਪੱਟਿਆ ਗਿਆ ਸੀ। ਪਾ ਚੱਲੀ ਸੀ ਮੇਰੇ ਉੱਤੇ ਰੋਹਬ।
ਮੈਂ ਵਟੇ ਦੇ ਦੇ ਕੇ ਮੁੱਛਾਂ ਗਾਡਰ ਤੇ ਲੱਗੀ ਸਿਲਿੰਗ-ਫ਼ੈਨ (ਛੱਤ ਵਾਲਾ ਪੱਖਾ) ਟੰਗਣ ਵਾਲੀ ਲੋਹੇ ਦੀ ਕੁੰਡੀ ਵਾਂਗ ਮਰੋੜ ਦਿੱਤੀਆਂ ਸਨ। ਫਿਰ ਮੈਂ ਬਚਦੇ ਬੀਅਰ ਦੇ ਡੱਬੇ ਦੀ ਸੀਲ ਖੋਲ੍ਹੀ ਤੇ ਦਿਨ ਭਰ ਦੇ ਲੁੱਟੇ ਨਜ਼ਾਰਿਆਂ ਨੂੰ ਚੇਤੇ ਕਰਕੇ ਉਹਨਾਂ ਅਨੰਦਮਈ ਪਲਾਂ ਦਾ ਦੁਬਾਰਾ ਸੁਆਦ ਲੈਣ ਲਈ, ਸੱਜਰੀਆਂ ਯਾਦਾਂ ਦੇ ਸਹਿਰਾ ਵਿੱਚ ਗੁਆਚ ਗਿਆ ਸੀ। ਦਿਲ-ਓ-ਦਿਮਾਗ ਉੱਪਰ ਫੇਰ ਨਸ਼ਾ ਜਿਹਾ ਛਾਉਣ ਲੱਗਿਆ ਸੀ।
ਨਵਜੋਤ ਦੇ ਲਿਆ ਕੇ ਰੋਟੀ ਮੇਰੇ ਅੱਗੇ ਰੱਖ ਦਿੱਤੀ ਸੀ। ਉਹ ਦੀਆਂ ਅੱਖਾਂ ਲਾਲ ਸੁਰਖ ਅਤੇ ਸੁੱਜੀਆਂ ਹੋਈਆਂ ਸਨ।
“ਬਹੁਤੀ ਔਖੀ ਆ ਤਾਂ ਛੱਡ ਦੇ ਮੈਨੂੰ। ਨਿਕਲ ਜਾ ਮੇਰੇ ਘਰੋਂ, ਆਪਦੇ ਪੇਕੀਂ ਹੀ ਚਲੀ ਜਾ। ਭੱਜ ਜਾ ਭੱਜ।” ਮੈਂ ਨਵਜੋਤ ਨੂੰ ਦਬਕਾ ਮਾਰਿਆ ਸੀ।
“ਕਿੱਥੇ ਚਲੀ ਜਾਵਾਂ? ਇੱਥੇ ਹੀ ਰਹਿਣੈ। ਜਿਹੋ ਜਿਹੇ ਦੇ ਮਾਪਿਆਂ ਨੇ ਪੱਲੇ ਬੰਨ੍ਹ ਦਿੱਤੈ, ਠੀਕ ਹੈ। ਹੁਣ ਤਾਂ ਰੋ ਕੇ ਰੱਖੋ ਚਾਹੇ ਹੱਸ ਕੇ ਥੋਡੇ ਨਾਲ ਈ ਉਮਰ ਕੱਟਣੀ ਹੈ।”
ਨਵਜੋਤ ਨੇ ਹਾਉਂਕਾ ਲੈ ਕੇ ਕਿਹਾ ਸੀ ਤਾਂ ਉਹ ਮੈਨੂੰ ਇੰਨ-ਬਿੰਨ ਜੱਸੀ ਵਰਗੀ ਲੱਗੀ ਸੀ। ਇਵੇਂ ਹੀ ਕਦੇ ਜੱਸੀ ਕਹਿੰਦੀ ਸੀ। ਨਵਜੋਤ ਦੀ ਗੱਲ ਸੁਣ ਕੇ ਮੈਂ ਪੂਰੀ ਤਰ੍ਹਾਂ ਸਿਰ ਤੋਂ ਪੈਰਾਂ ਤੱਕ ਝੰਜੋੜਿਆ ਗਿਆ ਸੀ। ਮੈਨੂੰ ਲੱਗਿਆ ਸੀ ਜਿਵੇਂ ਹੁਣ ਉਹ ਵੀ ਜੱਸੀ ਵਾਲੇ ਰਾਹ ਅਖਤਿਆਰ ਕਰ ਲਵੇਗੀ। ਮੇਰੀ ਸਾਰੀ ਪੀਤੀ ਲੈ ਗਈ ਸੀ। ਮੈਂ ਨਵਜੋਤ ਮੂਹਰੇ ਸ਼ਰਮਿੰਦਾ ਹੋ ਕੇ ਨੀਵੀਂ ਪਾ ਲਈ ਸੀ ਅਤੇ “ਸੌਰੀ ਜੋਤ” ਕਹਿ ਕੇ ਦਬੇਸੱਟ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਸੀ।

****

1 comment: